MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

“ਸਿੱਖ” ਬਣਨ ਵਾਸਤੇ ਅੰਮ੍ਰਿਤ ਛਕਣਾ ਅਤੇ ਕੇਸ ਰੱਖਣੇ ਜ਼ਰੂਰੀ ਨਹੀਂ; ਸ਼ਰਧਾ ਜ਼ਰੂਰੀ ਹੈ- ਠਾਕੁਰ ਦਲੀਪ ਸਿੰਘ

ਸਰੀ, 17 ਅਕਤੂਬਰ (ਹਰਦਮ ਮਾਨ) - “ਸਿੱਖ” ਬਣਨ ਵਾਸਤੇ ਅੰਮ੍ਰਿਤ ਛਕਣਾ ਅਤੇ ਕੇਸਾਧਾਰੀ ਬਣਨਾ ਜ਼ਰੂਰੀ ਨਹੀਂ, ਕੇਵਲ “ਸ਼ਰਧਾ” ਚਾਹੀਦੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੀ, ਮੋਨੇ ਸ਼ਰਧਾਲੂ ਅੰਮ੍ਰਿਤ ਛਕਣ ਤੋਂ ਬਿਨਾਂ “ਸਿੱਖ” ਸਨ ਅਤੇ ਅੱਜ ਵੀ “ਸਿੱਖ” ਹਨ। ਇਸ ਤਰ੍ਹਾਂ ਸਿੱਖਾਂ ਦੀ ਗਿਣਤੀ ਦੋ ਕਰੋੜ ਨਹੀਂ, ਪੰਜਾਹ ਕਰੋੜ ਹੈ। ਉਨ੍ਹਾਂ ਕਿਹਾ ਕਿ ਦਸ਼ਮੇਸ਼ ਜੀ ਸਮੇਂ ਭਾਈ ਘਨੱਈਆ, ਭਾਈ ਨੰਦ ਲਾਲ, ਦੀਵਾਨ ਟੋਡਰ ਮੱਲ, ਮੋਤੀ ਲਾਲ ਮਹਿਰਾ, ਨਬੀ ਖਾਂ, ਗ਼ਨੀ ਖਾਂ ਆਦਿ ਬਿਨਾਂ ਅੰਮ੍ਰਿਤ ਛਕੇ ਤੋਂ ਵੀ ਮਹਾਨ ‘ਸਿੱਖ’ ਸਨ ਅਤੇ ਕਈ ਨਵੇਂ ਸ਼ਰਧਾਲੂ ਵੀ ਬਿਨਾਂ ਅੰਮ੍ਰਿਤ ਛਕੇ ਤੋਂ ਉਸ ਸਮੇਂ “ਸਿੱਖ” ਬਣਦੇ ਸਨ। ਜੇ ਉਸ ਸਮੇਂ ਬਿਨਾਂ ਅੰਮ੍ਰਿਤ ਛਕਣ ਵਾਲੇ, ਕੇਸ ਰਹਿਤ ‘ਮਹਾਨ ਸਿੱਖ’ ਸਨ ਤਾਂ ਅੱਜ ਅੰਮ੍ਰਿਤ ਰਹਿਤ ਮੋਨੇ ਸ਼ਰਧਾਲੂ ‘ਸਿੱਖ’ ਕਿਉਂ ਨਹੀਂ ਹਨ ਅਤੇ ਨਵੇਂ ਸ਼ਰਧਾਲੂ ਬਿਨਾਂ ਅੰਮ੍ਰਿਤ ਛਕਿਆਂ ‘ਸਿੱਖ’ ਕਿਉਂ ਨਹੀਂ ਬਣ ਸਕਦੇ?

ਨਾਮਧਾਰੀ ਮੁਖੀ ਨੇ ਅੱਗੇ ਕਿਹਾ ਕਿ ਦਸ਼ਮੇਸ਼ ਜੀ ਨੇ ਆਪਣੀ ਰਸਨਾ ਤੋਂ ਐਸਾ ਬਚਨ ਕਦੀ ਵੀ ਨਹੀਂ ਕੀਤਾ “ਜੋ ਅੰਮ੍ਰਿਤ ਨਾ ਛਕੇ, ਕੇਸ ਦਾੜ੍ਹੀ ਨਾ ਰੱਖੇ; ਉਹ ਸਿੱਖ ਹੀ ਨਹੀਂ”। ਗੁਰੂ ਜੀ ਨੇ ਤਾਂ ਆਪਣੀ ਬਾਣੀ ਵਿੱਚ ਸਪੱਸ਼ਟ ਲਿਖਿਆ ਹੈ “ਕੇਸ ਧਰੇ ਨ ਮਿਲੇ ਹਰਿ ਪਿਆਰੇ”। ਆਦਿ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਲਿਖਿਆ “ਅੰਮ੍ਰਿਤ ਛਕਣ ਅਤੇ ਕੇਸ ਰੱਖਣ ਤੋਂ ਬਿਨਾਂ “ਸਿੱਖ” ਨਹੀਂ ਹੋ ਸਕਦਾ”। ਫਿਰ ਅਸੀਂ ਅੰਮ੍ਰਿਤਧਾਰੀ ਖਾਲਸੇ, ਕਿਉਂ ਇਸ ਭੁਲੇਖੇ ਵਿੱਚ ਪੈ ਗਏ ਹਾਂ ਕਿ ਸਿਰਫ਼ ਕੇਸ ਰੱਖਣ ਵਾਲਾ ਅੰਮ੍ਰਿਤਧਾਰੀ ਹੀ “ਸਿੱਖ” ਹੋ ਸਕਦਾ ਹੈ?

“ਅੰਮ੍ਰਿਤਧਾਰੀ ਖਾਲਸਿਆਂ” ਨੂੰ ਸਨਿਮਰ ਬੇਨਤੀ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ਵਿੱਚ ਵੀ ਆਪਣੇ ਸਾਰੇ ਸ਼ਰਧਾਲੂ ਸੇਵਕਾਂ ਨੂੰ ਅੰਮ੍ਰਿਤ ਛਕ ਕੇ, ਕੇਸਾਧਾਰੀ ਖਾਲਸਾ ਬਣਨ ਵਾਸਤੇ ਮਜਬੂਰ ਨਹੀਂ ਕੀਤਾ ਤਾਂ ਆਪਾਂ ਕਿਉਂ ਸਾਰਿਆਂ ਨੂੰ ਅੰਮ੍ਰਿਤ ਛਕ ਕੇ, ਕੇਸਾਧਾਰੀ ਬਣਨ ਵਾਸਤੇ ਮਜਬੂਰ ਕਰ ਰਹੇ ਹਾਂ? ਆਪਾਂ ਕਿਉਂ ਕਹਿ ਰਹੇ ਹਾਂ ਕਿ ਕਿ “ਸਿੱਖ” ਬਣਨ ਵਾਸਤੇ ਹਰ ਇੱਕ ਨੂੰ ਅੰਮ੍ਰਿਤ ਛਕਣਾ ਅਤੇ ਕੇਸਾਧਾਰੀ ਬਣਨਾ ਅਤਿਅੰਤ ਜ਼ਰੂਰੀ ਹੈ? ਸਿੱਖ ਬਣਨ ਵਾਸਤੇ ਤਾਂ ਕੇਵਲ “ਸ਼ਰਧਾ” ਚਾਹੀਦੀ ਹੈ “ਸਤਿਗੁਰ ਕੀ ਨਿਤ ਸਰਧਾ ਲਾਗੀ ਮੋ ਕਉ”।

ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਖਾਲਸਿਆਂ ਨੂੰ ਆਪਣੀ ਸੰਕੀਰਣ ਕੱਟੜ ਸੋਚ ਛੱਡ ਕੇ, ਵਿਸ਼ਾਲ ਸੋਚ ਬਣਾ ਕੇ, ਹੋਰਨਾਂ ਪ੍ਰਾਣੀਆਂ ਨੂੰ ਆਪਣੇ ਨਾਲ ਜੋੜਣ ਲਈ ਅੰਮ੍ਰਿਤ-ਰਹਿਤ ਅਤੇ ਕੇਸ-ਰਹਿਤ ਸ਼ਰਧਾਲੂ (ਮੋਨਿਆਂ) ਨੂੰ ਵੀ “ਸਿੱਖ” ਪ੍ਰਵਾਨ ਕਰ ਲੈਣਾ ਚਾਹੀਦਾ ਹੈ, ਜੋ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖੀ ਵਿੱਚ ਪ੍ਰਵਾਨਿਤ ਹੈ। ਇਹ ਵਿਚਾਰਨ ਦੀ ਲੋੜ ਹੈ ਕਿ ਵਰ੍ਹਦੀਆਂ ਗੋਲੀਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਚੁੱਕ ਕੇ ਲਿਜਾਣ ਵਾਲੇ ਗ਼ਨੀ ਖਾਂ, ਨਬੀ ਖਾਂ, ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਵਾਲੇ ਮੋਤੀ ਲਾਲ ਮਹਿਰਾ ਅਤੇ ਕਰੋੜਾਂ ਰੁਪਏ ਦੇ ਫੁੱਲਾਂ ਨਾਲ ਹਰਿਮੰਦਰ ਸਾਹਿਬ ਦੀ ਸੇਵਾ ਕਰਨ ਵਾਲੇ ਕੇ. ਕੇ. ਸ਼ਰਮਾ ਆਦਿ ਸਿੱਖ ਕਿਉਂ ਨਹੀਂ ਹਨ? ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਮੰਨਣ ਵਾਲੇ ਹਰ ਸ਼ਰਧਾਲੂ ਨੂੰ “ਸਿੱਖ” ਪ੍ਰਵਾਨ ਕੀਤਾ ਹੈ “ਸੋ ਸਿਖੁ, ਸਖਾ, ਬੰਧਪੁ ਹੈ ਭਾਈ: ਜਿ ਗੁਰ ਕੇ ਭਾਣੇ ਵਿਚਿ ਆਵੈ” (ਮ.੩)। ਫਿਰ “ਅੰਮ੍ਰਿਤ ਰਹਿਤ ਅਤੇ ਕੇਸ ਰਹਿਤ (ਮੋਨੇ) ‘ਸਿੱਖ’ ਨਹੀਂ” ਦਾ ਪ੍ਰਮਾਣ ਪੱਤਰ ਆਪਾਂ ਕਿਸੇ ਨੂੰ ਕਿਵੇਂ ਦੇ ਸਕਦੇ ਹਾਂ?

ਠਾਕੁਰ ਦਲੀਪ ਸਿੰਘ ਨੇ ਸਪੱਸ਼ਟ ਕੀਤਾ ਕਿ “ਅੰਮ੍ਰਿਤਧਾਰੀ-ਕੇਸਾਧਾਰੀ” ਖਾਲਸਾ ਤਾਂ ਸਤਿਗੁਰੂ ਜੀ ਨੇ ਕੇਵਲ ਇੱਕ ਵਿਸ਼ੇਸ਼ ਕਾਰਜ ਲਈ ਬਣਾਇਆ ਸੀ; ਜੋ “ਗੁਰੂ ਨਾਨਕ ਨਾਮ ਲੇਵਾ” ਸਿੱਖ ਪੰਥ ਦੀ ਇੱਕ ਸ੍ਰੇਸ਼ਟ ਸੰਪਰਦਾ ਹੈ। ਇਸ ਲਈ ਸਾਰੇ ਅੰਮ੍ਰਿਤਧਾਰੀਆਂ ਨੂੰ ਆਪਣੀ ਸੰਕੀਰਣ ਸੋਚ ਤਿਆਗ ਕੇ ਅਤੇ ਵਿਸ਼ਾਲ ਸੋਚ ਅਪਣਾ ਕੇ ਸਾਰੇ “ਗੁਰੂ ਨਾਨਕ ਨਾਮ ਲੇਵਾ” ਨੂੰ ਹਰ ਵਿਸ਼ਵਾਸ ਅਤੇ ਹਰ ਸਰੂਪ ਸਿੱਖ ਪ੍ਰਵਾਨ ਕਰ ਲੈਣਾ ਚਾਹੀਦਾ ਹੈ, ਤਾਂ ਜੋ ਸਾਰੇ ਪਾਸੇ ਸਤਿਗੁਰੂ ਨਾਨਕ ਦੇਵ ਜੀ ਦੀ ਜੈ ਜੈ ਕਾਰ ਹੋ ਸਕੇ।