ਬੀਤ ਇਲਾਕੇ ਦੇ ਪਿੰਡ ਪੰਡੋਰੀ ਵਿਚ ਲਗਾਤਾਰ ਹੋ ਰਹੀ ਨਾਜਾਇਜ਼ ਮਾਈਨਿੰਗ,ਵਿਭਾਗ ਬੇਖਬਰ
ਗੜ੍ਹਸ਼ੰਕਰ, 31 ਦਸੰਬਰ (ਅਸ਼ਵਨੀ ਸ਼ਰਮਾ) ਬੀਤ ਇਲਾਕੇ ਦੇ ਪਿੰਡ ਪੰਡੋਰੀ-ਭਡਿਆਰ ਵਿਚ ਪਿਛਲੇ ਕਰੀਬ ਤਿੰਨ ਹਫਤਿਆਂ ਤੋਂ ਲਗਾਤਾਰ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਮੌਕੇ 'ਤੇ ਜਾ ਕੇ ਇਕੱਤਰ ਜਾਣਕਾਰੀ ਮੁਤਾਬਕ ਪੰਡੋਰੀ ਤੋਂ ਬਾਹਰ ਵਾਰ ਪਿੰਡ ਤੋਂ ਲਹਿੰਦੇ ਪਾਸੇ ਮੈਹਿੰਦਵਾਣੀ ਨੂੰ ਜਾ ਰਹੀ ਸੜਕ 'ਤੇ ਸਾਈਂ ਬਾਬਾ ਮੰਦਰ ਦੇ ਨੇੜੇ ਮੇਨ ਸੜਕ ਤੋਂ ਕਰੀਬ 150 ਫੁੱਟ ਦੂਰੀ ਤੇ ਲਹਿੰਦੇ ਪਾਸੇ ਸ਼ਮਸ਼ਾਨ ਘਾਟ ਦੇ ਪਿਛਲੇ ਪਾਸੇ (ਜੰਗਲ ਨਾਲ) ਵੱਡੇ-ਵੱਡੇ ਪਹਾੜਾਂ ਨੂੰ ਜੇ. ਸੀ. ਬੀ. ਮਸ਼ੀਨ ਨਾਲ ਪੁੱਟ ਕੇ ਪਹਾੜੀ ਹੇਠੋਂ ਚਿੱਟੀ ਰੇਤ ਕੱਢ ਕੇ ਸਪਲਾਈ ਕੀਤੀ ਜਾਂਦੀ ਹੈ। ਮੌਕੇ 'ਤੇ ਕੱਟੀਆਂ ਹੋਈਆਂ ਪਹਾੜੀਆਂ ਦੂਰ ਤੋਂ ਦਿਖਾਈ ਦਿੰਦੀਆਂ ਹਨ ਅਤੇ ਮੌਕੇ 'ਤੇ ਟਰੈਕਟਰ ਟਰਾਲੀਆਂ ਅਤੇ ਟਿੱਪਰਾਂ ਦੇ ਟਾਈਰਾਂ ਦੇ ਨਿਸ਼ਾਨ ਸਾਫ-ਸਾਫ ਦਿਖਾਈ ਦੇ ਰਹੇ ਹਨ।ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਰਾਤ' ਦੇ ਹਨੇਰੇ ਵਿਚ ਜੇ. ਸੀ. ਬੀ. ਨਾਲ ਰੇਤ ਕੱਢੀ ਜਾਂਦੀ ਹੈ ਤੇ ਟਰਾਲੀਆਂ ਟਿੱਪਰ ਭਰਕੇ ਰੇਤ ਕੱਢ ਕੇ ਵੇਚੀ ਜਾ ਰਹੀ ਹੈ। ਇਹ ਧੰਦਾ ਪਿਛਲੇ ਕਰੀਬ ਤਿੰਨ ਹਫਤਿਆਂ ਤੋਂ ਲਗਾਤਾਰ ਰਾਤ ਨੂੰ ਚਲਾਇਆ ਜਾ ਰਿਹਾ ਹੈ ਅਤੇ ਦਿਨ ਵੇਲੇ ਜੇ. ਸੀ. ਬੀ. ਤੇ ਹੋਰ ਵਾਹਨ ਇਥੋਂ ਹਟਾ ਲਏ ਜਾਂਦੇ ਹਨ। ਹਰ ਰੋਜ਼ ਜਿਸ ਥਾਂ ਤੋਂ ਰੇਤ ਵੇਚੀ 'ਜਾ ਰਹੀ ਹੈ ਉਨ੍ਹਾਂ ਟੋਇਆਂ ਨੂੰ ਪੂਰ ਕੇ ਮਾਈਨਿੰਗ ਵਾਲੀ ਜ਼ਮੀਨ ਨੂੰ ਪੱਧਰੀ ਕਰ ਕੇ ਨਿਸ਼ਾਨ ਮਿਟਾ ਦਿੱਤੇ ਜਾਂਦੇ ਹਨ। ਇਸ ਸਬੰਧੀ ਮਾਈਨਿੰਗ ਵਿਭਾਗ ਦੇ ਐੱਸ. ਡੀ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਮੌਕੇ 'ਤੇ ਜਾ ਰਹੇ ਹਨ ਤੇ ਬਣਦੀ ਕਾਰਵਾਈ ਕਰਨਗੇ । ਵਣ ਰੇਂਜ ਅਫਸਰ ਮਨੋਹਰ ਲਾਲ ਨੇ ਵਾਰ ਵਾਰ ਕਰਨ 'ਤੇ ਵੀ ਫੋਨ ਨਹੀਂ ਚੁੱਕਿਆ।