MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਡੇਰਾ ਭਾਈ ਹਰਜੀ ਸਾਹਿਬ ਖੂਖਰੈਣ ਵਿਖੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ

-ਸਿੱਖ ਇਤਿਹਾਸ ਅੰਦਰ ਪੰਜਵੇਂ ਗੁਰੂ ਦੀ ਸ਼ਹਾਦਤ ਇਕ ਕ੍ਰਾਂਤੀਕਾਰੀ ਪੰਨੇ ਵਜੋਂ ਅੰਕਿਤ-ਸੰਤ ਬਾਬਾ ਅਮਰੀਕ ਸਿੰਘ


ਕਪੂਰਥਲਾ, (ਇੰਦਰਜੀਤ) ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਡੇਰਾ ਭਾਈ ਹਰਜੀ ਸਾਹਿਬ ਪਿੰਡ ਖੂਖਰੈਣ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਮਰੀਕ ਸਿੰਘ ਜੀ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਨਾਂ ਵਿੱਚ ਵੱਖ-ਵੱਖ ਕਵੀਸ਼ਰੀ,ਕੀਰਤਨੀ ਜੱਥਿਆਂ ਅਤੇ ਕਥਾ ਵਾਚਕਾਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ ਇਸ ਮੌਕੇ ਤੇ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਅਮਰੀਕ ਸਿੰਘ ਜੀ ਨੇ ਦੱਸਿਆ ਕਿ ਪੰਜਵੇਂ ਪਾਤਸ਼ਾਹ ਦਾ ਸਾਰਾ ਜੀਵਨ ਪਰਉਪਕਾਰ ਤੇ ਉਚੇ ਆਦਰਸ਼ਾਂ ਲਈ ਬਤੀਤ ਹੋਇਆ। ਸਿੱਖ ਇਤਿਹਾਸ ਅੰਦਰ ਪੰਜਵੇਂ ਗੁਰੂ ਦੀ ਸ਼ਹਾਦਤ ਇਕ ਕ੍ਰਾਂਤੀਕਾਰੀ ਪੰਨੇ ਵਜੋਂ ਅੰਕਿਤ ਹੈ, ਜਿਸ ਦੀ ਪ੍ਰੇਰਣਾ ਅੱਜ ਵੀ ਹਰ ਸਿੱਖ ਲਈ ਰਾਹ-ਦਸੇਰਾ ਹੈ। ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣ, ਅਕਾਲ ਪੁਰਖ ਦਾ ਭਾਣਾ ਮੰਨਣ ਅਤੇ ਸਬਰ, ਸੰਤੋਖ ਤੇ ਦ੍ਰਿੜ੍ਹਤਾ ਨਾਲ ਆਪਣੇ ਹੱਕਾਂ ਦੀ ਰਾਖੀ ਕਰ ਸਕਣ ਦਾ ਚੱਜ ਸਿਖਾ ਕੇ ਸਿੱਖੀ ਦੇ ਮਹਿਲ ਦੀਆਂ ਨੀਹਾਂ ਇੰਨੀਆਂ ਪੱਕੀਆਂ ਤੇ ਮਜ਼ਬੂਤ ਕਰ ਦਿੱਤੀਆਂ ਕਿ ਜ਼ੁਲਮ ਦੇ ਝੱਖੜ ਇਸ ਦਾ ਕੁਝ ਨਾ ਵਿਗਾੜ ਸਕੇ। ਇਸ ਪਾਵਨ ਸ਼ਹਾਦਤ ਨੇ ਸਿੱਖ ਮਰਜੀਵੜਿਆਂ ਨੂੰ ਹੱਕ-ਸੱਚ ਖ਼ਾਤਰ ਕੁਰਬਾਨ ਹੋਣ ਦੀ ਅਜਿਹੀ ਜਾਚ ਸਿਖਾਈ ਕਿ ਉਨ੍ਹਾਂ ਨੇ ਸ਼ਹਾਦਤਾਂ ਦੀ ਇਕ ਲੰਮੀ ਲੜੀ ਸਿਰਜ ਦਿੱਤੀ। ਸ਼ਹਾਦਤਾਂ ਦੀ ਇਹ ਲੜੀ ਸਿੱਖ ਇਤਿਹਾਸ ਦਾ ਹਾਸਲ ਹੈ।ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਪਹਿਲੀ ਤੇ ਦੁਨੀਆਂ ਦੇ ਇਤਿਹਾਸ ਵਿਚ ਲਾਸਾਨੀ ਤੇ ਬੇਮਿਸਾਲ ਹੈ। ਉਨ੍ਹਾਂ ਦੀ ਸ਼ਹੀਦੀ ਦੇ ਅਸਲ ਕਾਰਨ ਜਹਾਂਗੀਰ ਬਾਦਸ਼ਾਹ ਦੀ ਧਾਰਮਿਕ ਕੱਟੜਤਾ ਤੇ ਤੰਗਦਿਲੀ ਸੀ। ਪੰਜਵੇਂ ਪਾਤਸ਼ਾਹ ਦੇ ਦਿਨੋਂ-ਦਿਨ ਵਧ ਰਹੇ ਤੇਜ ਪ੍ਰਤਾਪ ਨੂੰ ਬਰਦਾਸ਼ਤ ਕਰਨਾ ਤੁਅੱਸਬੀ ਬਾਦਸ਼ਾਹ ਤੇ ਕੱਟੜਪੰਥੀ ਠੇਕੇਦਾਰਾਂ ਲਈ ਮੁਸ਼ਕਲ ਹੋ ਚੁੱਕਾ ਸੀ। ਪੰਜਵੇਂ ਪਾਤਸ਼ਾਹ ਦੇ ਚੜ੍ਹਦੀ ਕਲਾ, ਬੇਬਾਕ ਬਿਆਨ ਤੇ ਨਿਧੜਕ ਐਲਾਨ ਜਿਥੇ ਉਨ੍ਹਾਂ ਦੇ ਧਰਮ-ਕਰਮ ਦੀ ਵਿਲੱਖਣਤਾ, ਆਚਾਰ-ਸਦਾਚਾਰ ਦਾ ਨਿਆਰਾਪਨ, ਕਥਨੀ-ਕਰਨੀ ਦੀ ਸੁਤੰਤਰਤਾ, ਸੁਭਾਅ ਦੀ ਨਿਰਭੈਤਾ ਅਤੇ ਸਿੱਖ ਲਹਿਰ ਦੇ ਅੱਗੇ ਵਧਣ ਦਾ ਸੂਚਕ ਸੀ, ਉਥੇ ਕਰਮਕਾਂਡੀ ਤੁਅੱਸਬੀ ਸ਼ਕਤੀਆਂ ਨੂੰ ਭਾਰੀ ਚੁਣੌਤੀ ਸੀ। ਗੁਰੂ ਘਰ ਪ੍ਰਤੀ ਸੰਗਤ ਵਿਚ ਵਧ ਰਹੀ ਸ਼ਰਧਾ ਬਾਰੇ ਸੁਨਣਾ ਹਾਕਮਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਸੀ। ਅਸਲ ਵਿਚ ਜਹਾਂਗੀਰ ਮੌਕੇ ਦੀ ਭਾਲ ਵਿਚ ਸੀ ਕਿ ਉਸ ਨੂੰ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ ਤੇ ਸਿੱਖਾਂ ਦੇ ਗੁਰੂ ਅਰਜਨ ਦੇਵ ਜੀ ਨੂੰ ਜਾਂ ਤਾਂ ਮੁਸਲਮਾਨ ਬਣਾ ਦੇਵੇ ਜਾਂ ਸ਼ਹੀਦ ਕਰ ਦੇਵੇ। ਬਾਬਾ ਜੀ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜਨ ਲਈ ਪ੍ਰੇਰਿਆ। ਇਸ ਮੌਕੇ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਛੋਲਿਆਂ ਤੇ ਕੜਾਹ ਪ੍ਰਸ਼ਾਦ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।