Chunjhan Ponche

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

ਰਾਜਨੀਤੀ ਹੁਣ ਪਹਿਲਾਂ ਵਰਗੀ ਨਹੀਂ ਰਹੀ, ਸੰਤਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ- ਨਵਜੋਤ ਕੌਰ ਸਿੱਧੂ
ਜ਼ਰੂਰ ਕਰੋ ਜੀ, ਸੰਤ ਵੀ ਸੋਹਣੀ ਸੇਵਾ ਕਰਦੇ ਐ।

ਪੰਜਾਬ ਕੇਸਰੀ ਗਰੁੱਪ ਨੇ ਤਿੰਨ ਸਾਲਾਂ ‘ਚ 65 ਕਰੋੜ ਤੋਂ ਵੱਧ ਦਾ ਘਪਲਾ ਕੀਤਾ- ਟੈਕਸ ਵਿਭਾਗ
ਬਗ਼ਲ ਮੇਂ ਛੁਰੀ, ਮੂੰਹ ਮੇਂ ਰਾਮ ਰਾਮ।

ਮੋਦੀ ਨੇ ਕੀਤੀ ਸਪੀਕਰ ਓਮ ਬਿਰਲਾ ਦੀ ਤਾਰੀਫ਼- ਇਕ ਖ਼ਬਰ
ਮੇਰੇ ਭੁੱਖ ਨਾ ਕਲੇਜਿਉਂ ਜਾਵੇ, ਮਿੱਤਰਾਂ ਦੇ ਮਿਲਣੇ ਦੀ।

ਇਰਾਨ ਦੇ ਰਾਸ਼ਟਰਪਤੀ ਨੇ ਗੁਆਂਢੀ ਦੇਸ਼ਾਂ ‘ਤੇ ਹਮਲਿਆਂ ਲਈ ਮੰਗੀ ਮੁਆਫ਼ੀ- ਇਕ ਖ਼ਬਰ
ਜੇਠਾ ਮੈਨੂੰ ਮਾਫ਼ ਕਰੀਂ, ਭੁੱਲ ਗਈ ਮੈਂ ਘੁੰਡ ਕੱਢਣਾ।

ਪੰਜਾਬ ਨੇ ਮਾਲੀਆ ਵਿਕਾਸ ਵਿਚ ਦੇਸ਼ ਦੇ ਪਹਿਲੇ ਤਿੰਨ ਸੂਬਿਆਂ ‘ਚ ਨਾਮ ਦਰਜ ਕਰਵਾਇਆ- ਵਿਤ ਮੰਤਰੀ ਚੀਮਾ
ਤੁਹਾਨੂੰ ਕੀ ਮਿਲਦਾ ਵਿਚੋਂ? ਬਾਬਾ ਜੀ ਦਾ ਠੁੱਲੂ।

ਅਮਰੀਕਾ ਨੂੰ ਆਪਣੇ ਫੌਜੀ ਅੱਡੇ ਦੇਣ ਤੋਂ ਸਪੇਨ ਨੇ ਕੀਤੀ ਨਾਂਹ- ਇਕ ਖ਼ਬਰ
ਤੇਰੇ ਲੱਡੂਆਂ ਤੋਂ ਨੀਂਦ ਪਿਆਰੀ, ਸੁੱਤੀ ਨਾ ਜਗਾਈਂ ਮਿੱਤਰਾ।

ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਮੇਰਾ ਕਾਰਜਕਾਲ ਖ਼ਤਮ ਹੋਇਆ- ਨਿਤੀਸ਼ ਕੁਮਾਰ
ਚਾਰੇ ਕੰਨੀਆਂ ਮੇਰੀਆਂ ਵੇਖ ਖਾਲੀ, ਅਸੀਂ ਨਾਲ਼ ਨਹੀਂ ਕੁਝ ਲੈ ਚੱਲੇ।

ਅਮਰੀਕਾ-ਭਾਰਤ ਵਪਾਰ ਸਮਝੌਤੇ ਨੂੰ ਲੈ ਕੇ ਕਰਨਾਲ ਵਿਚ ਭਾਰਤੀ ਕਿਸਾਨ ਯੂਨੀਅਨ ਦੀ ਗਰਜ- ਇਕ ਖ਼ਬਰ
ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ, ਦਾਰੂ ਪੀ ਕੇ ਮਿੱਤਰਾਂ ਨੇ।

ਇਰਾਨ ਦੇ ਉੱਚ ਸੁਰੱਖਿਆ ਅਧਿਕਾਰੀ ਨੇ ਅਮਰੀਕਾ ਨਾਲ਼ ਗੱਲਬਾਤ ਤੋਂ ਕੀਤਾ ਇਨਕਾਰ- ਇਕ ਖ਼ਬਰ
ਲੱਤ ਮਾਰੂੰਗੀ ਪੰਜੇਬਾਂ ਵਾਲ਼ੀ, ਪਰ੍ਹਾਂ ਹੋ ਜਾ ਚੱਟੂ ਵੱਟਿਆ।

ਅਕਾਲੀ ਸਰਕਾਰ ਬਣਨ ‘ਤੇ ਪਿੰਡਾਂ ਨੂੰ ਦਿਤੀਆਂ ਜਾਣਗੀਆਂ ਸ਼ਹਿਰਾਂ ਵਰਗੀਆਂ ਸਹੂਲਤਾਂ- ਸੁਖਬੀਰ ਬਾਦਲ
ਜਿਹੜੇ ਮਿੱਠੀਆਂ ਜ਼ੁਬਾਨਾਂ ਵਾਲ਼ੇ, ਮਤਲਬ ਕੱਢ ਲੈਣਗੇ। 

ਸੌਦਾ ਸਾਧ ਨੂੰ ਬਰੀ ਕਰਨ ਦਾ ਫ਼ੈਸਲਾ ਹੈਰਾਨੀਜਨਕ- ਗਿਆਨੀ ਰਘਬੀਰ ਸਿੰਘ
ਗਿਆਨੀ ਜੀ, ਇਹਦੇ ‘ਚ ਹੈਰਾਨੀ ਵਾਲ਼ੀ ਕਿਹੜੀ ਗੱਲ ਐ?

ਜੰਗ ਦਾ ਸੇਕ ਪਹੁੰਚਿਆ ਭਾਰਤੀ ਰਸੋਈ ਤੱਕ, ਗੈਸ ਸਿਲੰਡਰ ਹੋਇਆ ਮਹਿੰਗਾ- ਇਕ ਖ਼ਬਰ
ਉੱਚਾ ਹੋ ਗਿਆ ਅੰਬਰ ਦਾ ਤਾਰਾ, ਜਲ ਵਿਚ ਰੋਈਆਂ ਮੱਛੀਆਂ।

ਜ਼ਮੀਨੀ ਹਕੀਕਤ ਤੋਂ ਕੋਰਾ ਸੁਖਬੀਰ ਬਾਦਲ ਹਵਾਈ ਕਿਲ੍ਹੇ ਬਣਾ ਰਿਹਾ ਹੈ- ਭਗਵੰਤ ਮਾਨ
ਤੇਰੇ ਨਾਲ ਨਾ ਤਲੰਗਿਆ ਜਾਣਾ, ਛੱਡ ਜਾਏਂ ਟੇਸ਼ਣ ‘ਤੇ। 

ਗੁਰਦੁਆਰਾ ਅੰਬ ਸਾਹਿਬ ਜ਼ਮੀਨ ਘਪਲੇ ਬਾਰੇ ਪੜਤਾਲੀਆ ਕਮੇਟੀ ਦੀ ਮੀਟਿੰਗ ਹੋਈ- ਇਕ ਖ਼ਬਰ
ਇਸ ਮੀਟਿੰਗ ਵਿਚ ਕੰਮ ‘ਤੇ ਮਿੱਟੀ ਪਾਉਣ ਸਬੰਧੀ ਵਿਚਾਰਾਂ ਹੋਈਆਂ।

ਪੰਜਾਬ ਦੀ ਵਿਤੀ ਸਥਿਤੀ ‘ਤੇ ਵ੍ਹਾਈਟ ਪੇਪਰ ਜਾਰੀ ਕਰੇ ਪੰਜਾਬ ਸਰਕਾਰ- ਰਾਜਾ ਵੜਿੰਗ
ਪਤਲੋ ਦੀ ਗਰਦਨ ‘ਤੇ, ਸੱਪ ਫੂਕਰਾਂ ਮਾਰੇ।

ਚੁੰਝਾਂ-ਪ੍ਹੌਂਚੇ - Nirmal Singh Kandhalvi

 02.03.2026

 ਐਪਸਟੀਨ ਨਾਲ਼ ਸਬੰਧਾਂ ਬਾਰੇ ਟਰੰਪ ਤੋਂ ਪੁੱਛੇ ਜਾਣ ਸਵਾਲ- ਹਿਲੇਰੀ ਕਲਿੰਟਨ

ਵੇ ਕੌਣ ਸੀ ਤੇਰੇ ਨਾਲ, ਦੱਸ ਕਿੱਥੇ ਗਿਆ ਸੈਂ।

ਸ਼ੇਖ਼ ਹਸੀਨਾ ਨੇ ਕੀਤੀ ਵਤਨ ਵਾਪਸੀ ਦੀ ਤਿਆਰੀ- ਇਕ ਖ਼ਬਰ

ਲਗਦੈ ਕੋਈ ਖਿਚੜੀ ਪੱਕ ਗਈ ਐ ਅੰਦਰੋ-ਅੰਦਰੀ।

ਆਬਕਾਰੀ ਮਾਮਲੇ ‘ਚ ਕੇਜਰੀਵਾਲ, ਸਿਸੋਦੀਆ ਤੇ 21 ਹੋਰ ਵਿਅਕਤੀ ਬਰੀ- ਇਕ ਖ਼ਬਰ

ਚਲੋ 27 ਦੀਆਂ ਚੋਣਾਂ ਲਈ ਕੁਝ ਮਸਾਲਾ ਤਾਂ ਮਿਲਿਆ ਬਈ

ਸ਼੍ਰੋਮਣੀ ਕਮੇਟੀ ਮੁਕਤ ਕਰਵਾਉਣ ਲਈ ਪੰਥ ਪ੍ਰਸਤ ਧਿਰਾਂ ਇਕ ਮੰਚ ‘ਤੇ ਇਕੱਠੀਆਂ ਹੋਣ- ਗੁਰਵਤਨ ਸਿੰਘ ਮੁਲਤਾਨੀ

ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ।

ਕਰਜ਼ੇ ਦਾ ਵਿਆਜ਼ ਦੇਣ ਲਈ ਕੋਲ ਪੈਸੇ ਨਹੀਂ ਤੇ ਨਵੇਂ ਐਲਾਨਾਂ ਲਈ ਪੈਸਾ ਕਿੱਥੋਂ ਆਵੇਗਾ?- ਰਾਜਾ ਵੜਿੰਗ

ਪੱਲੇ ਨਹੀਂ ਧੇਲਾ, ਤੇ ਕਰਦੀ ਮੇਲਾ ਮੇਲਾ।

‘ਮੇਰੀ ਰਸੋਈ’ ਯੋਜਨਾ ਸਿਰਫ਼ ਇਕ ਚੋਣ ਜੁਮਲਾ- ਮਨੋਰੰਜਨ ਕਾਲੀਆ

ਕਾਲੀਆ ਸਾਹਿਬ ਜ਼ਰਾ ਧਿਆਨ ਕਰੋ ਇਹ ਜੁਮਲਿਆਂ ਦੀ ਪਿਰਤ ਕੀਹਨੇ ਸ਼ੁਰੂ ਕੀਤੀ ਸੀ।

ਹਰਿਆਣਾ ਸਰਕਾਰ ਇਕ ਇਕ ਪੈਸੇ ਦਾ ਹਿਸਾਬ ਰੱਖਦੀ ਹੈ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸੈਣੀ ਸਾਹਿਬ ਜੇ ਤੁਸੀਂ ਹਿਸਾਬ ਨਾ ਵੀ ਰੱਖੋਂ ਤਾਂ ਤੁਹਾਨੂੰ ਪੁੱਛਣਾ ਕੀਹਨੇ ਐਂ!

ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਝਟਕਾ, ਗਰੀਨ ਪਾਰਟੀ ਨੇ ਜਿੱਤੀ ਸੰਸਦੀ ਸੀਟ- ਇਕ ਖ਼ਬਰ

ਕੀਹਨੇ ਖਿੱਚ ਲਈ ਮੇਰੀ ਪਤੰਗ ਵਾਲੀ ਡੋਰ।

ਪਾਸਟਰ ਨਰੂਲਾ ਦਾ ਚਮਤਕਾਰੀ ਇਲਾਜ ਦਾ ਦਾਅਵਾ ਹਾਈ ਕੋਰਟ ‘ਚ ਫ਼ਸਿਆ, ਨੋਟਿਸ ਜਾਰੀ- ਇਕ ਖ਼ਬਰ

ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।

ਪਾਕਿ- ਅਫ਼ਗਾਨਿਸਤਾਨ ਵਿਚਕਾਰ ਖੁੱਲ੍ਹੀ ਜੰਗ ਸ਼ੁਰੂ- ਇਕ ਖ਼ਬਰ

ਸਾਡੀ ਸਰਕਾਰ ਆਉਣ ‘ਤੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਅੱਤਿਵਾਦੀ ਐਲਾਨਿਆ ਜਾਵੇਗਾ- ਸੁਖਬੀਰ ਬਾਦਲ

ਅੱਜ ਮੇਰੇ ਅਮਲੀ ਦੇ, ਫੀਮ ਰਗ਼ਾਂ ਵਿਚ ਬੋਲੇ।

ਅਮਰੀਕੀ ਦਬਾਅ ਹੇਠ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਵਪਾਰ ਸਮਝੌਤਾ- ਰਾਹੁਲ ਗਾਂਧੀ

ਗੱਭਰੂ ਨੇ ਬਾਂਹ ਫੜ ਲਈ, ਮੈਨੂੰ ਕੱਚੀਆਂ ਤ੍ਰੇਲੀਆਂ ਆਈਆਂ।

ਪੰਜਾਬ ‘ਚ ਧਰਮ ਪ੍ਰੀਵਰਤਨ ਹੋ ਰਿਹੈ- ਅਮਿਤ ਸ਼ਾਹ

ਸਿੱਖ ਤਾਂ ਆਟੇ ਦੀ ਤੌਣ ਵਾਂਗ ਨੇ, ਬਾਹਰ ਕਾਂ ਪੈਂਦੇ ਹਨ ਤੇ ਅੰਦਰ ਚੂਹੇ ਟੁੱਕਦੇ ਨੇ

ਭਾਰਤ ਵਿਚ ਹੁਣ ਸਿਮ ਕਾਰਡ ਬਿਨਾਂ ਵਟਸਐਪ ਨਹੀਂ ਚੱਲੇਗਾ- ਇਕ ਖ਼ਬਰ

ਲਉ ਜੀ ਅਗਲਿਆਂ ਨੇ ਬੰਨ੍ਹ ਦਿਤਾ ਗੱਡੇ ਨਾਲ ਕੱਟਾ!

ਖਰੜ ਵਿਚ ਪਹਾੜ ਅਤੇ ਜੰਗਲ ਕੱਟ ਕੇ ਗ਼ੈਰ-ਕਾਨੂੰਨੀ ਪਲਾਟ ਅਤੇ ਫ਼ਾਰਮ ਹਾਊਸ ਵੇਚ ਰਿਹੈ ਭੂ-ਮਾਫ਼ੀਆ- ਇਕ ਖ਼ਬਰ

ਚੋਰਾਂ ਦੇ ਕੱਪੜੇ ਤੇ ਲਾਠੀਆਂ ਦੇ ਗਜ਼।

===========================================================================

ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

24.02.2026

‘ਆਪ’ ਸਰਕਾਰ ਅਫ਼ਸਰਸ਼ਾਹੀ ਦਾ ਕਰ ਰਹੀ ਹੈ ਸਿਆਸੀਕਰਣ- ਸੁਨੀਲ ਜਾਖੜ

ਜਾਖੜ ਸਾਹਿਬ ਜ਼ਰਾ ਉੱਪਰ ਵਲ ਵੀ ਨਜ਼ਰ ਮਾਰ ਲੈਣੀ ਸੀ।

ਏ.ਆਈ. ਦਾ ਪ੍ਰਯੋਗ ਵਧਣ ਕਾਰਨ ਘਟ ਰਹੀਆਂ ਨੇ ਦਾਖ਼ਲਾ ਪੱਧਰ ਦੀਆਂ ਨੌਕਰੀਆਂ- ਇਕ ਰਿਪੋਰਟ

ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ।

ਗਿਆਨੀ ਰਘਬੀਰ ਸਿੰਘ ਨੇ ਬਾਦਲਾਂ ਦੇ ਪਰਖਚੇ ਉਡਾਏ ਤੇ ਸਰਬੱਤ ਖ਼ਾਲਸਾ ਬੁਲਾਉਣ ਦੀ ਗੱਲ ਕੀਤੀ- ਇਕ ਖ਼ਬਰ

ਤਾਲੋਂ ਘੁੱਥੀ ਡੂੰਮਣੀ ਬੋਲੇ ਆਲ ਪਤਾਲ।

ਰੈਲੀਆਂ ਤੇ ਯਾਤਰਾਵਾਂ ਨਾਲ ਨਸ਼ਾ ਖ਼ਤਮ ਨਹੀਂ ਹੋ ਸਕਦਾ- ਰਾਜਾ ਵੜਿੰਗ

ਤੱਤੇ ਪਾਣੀਆਂ ਨਾਲ ਅੱਗਾਂ ਨਹੀਂ ਬੁਝਦੀਆਂ।

27 ਦੀਆਂ ਚੋਣਾਂ ਲਈ ਸਿਆਸੀ ਧਿਰਾਂ ਦੀਆਂ ਲੱਖਾਂ ਪਰਵਾਸੀ ਮਜ਼ਦੂਰਾਂ ਉਤੇ ਨਜ਼ਰਾਂ ਸਵੱਲੀਆਂ- ਇਕ ਖ਼ਬਰ

ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।

ਸੱਤਾ ‘ਚ ਆਉਂਦਿਆਂ ਹੀ ਪੰਜਾਬ ਵਿਚ ਗੈਂਗਸਟਰ ਖ਼ਤਮ ਕਰਾਂਗੇ- ਨਾਇਬ ਸੈਣੀ

ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ।

ਡਾ. ਨਵਜੋਤ ਕੌਰ ਸਿੱਧੂ ਸੰਭਾਲਣਗੇ ਨਵੀਂ ਪਾਰਟੀ ਦੀ ਕਮਾਂਡ- ਇਕ ਖ਼ਬਰ

ਨਾਂ ਦੱਸ ਜਾ ਮੁਟਿਆਰੇ, ਘਰ ਤੇਰਾ ਲੱਭ ਲਾਂਗੇ।                                            

1947 ਦੀ ਵੰਡ ਪਿੱਛੋਂ ਅੱਜ ਵੀ ਦਿੱਲੀ ਵਿਚ ਪੰਜਾਬੀ ਭਾਸ਼ਾ ਨੂੰ ਉਸ ਦਾ ਬਣਦਾ ਹੱਕ ਨਹੀਂ ਮਿਲਿਆ- ਇਕ ਖ਼ਬਰ

ਓ ਭਾਈ, ਜਿੱਥੇ ਰਾਜ- ਭਾਸ਼ਾ ਦਾ ਦਰਜਾ ਮਿਲਿਆ ਹੋਇਐ, ਉੱਥੇ ਆ ਕੇ ਹਾਲ ਦੇਖ ਲੈ।

ਸ਼੍ਰੋਮਣੀ ਕਮੇਟੀ ‘ਚ ਫ਼ੈਲੇ ਭ੍ਰਿਸ਼ਟਾਚਾਰ ਲਈ ਬਾਦਲ ਪਰਵਾਰ ਜ਼ਿੰਮੇਵਾਰ- ਗਿਆਨੀ ਰਘਬੀਰ ਸਿੰਘ

ਬੋਤਲ ਦਾਰੂ ਦੀ, ਜੱਟ ਚਾੜ੍ਹ ਗਿਆ ਖੁੰਢਾਂ ‘ਤੇ ਬਹਿ ਕੇ।

ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਨੂੰ ਟੈਰਿਫ਼ ਦਾ ਲਗਾਇਆ ‘ਕਰੰਟ’- ਇਕ ਖ਼ਬਰ

ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲਾ ਤਿਲਕ ਗਿਆ।

ਸੁਖਬੀਰ ਦੇ ਕਹਿਣ ‘ਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ- ਗਿਆਨੀ ਹਰਪ੍ਰੀਤ ਸਿੰਘ

ਦੇਖੋ ਨੀ ਅਮਲੀ ਵੇਚ ਰਿਹਾ, ਘਰ ਦੇ ਤਵੇ ਪਰਾਤਾਂ।

ਅਕਾਲੀ ਦਲ ਅਤੇ ਭਾਜਪਾ ਵਿਚਕਾਰ ਅਜੇ ਕੋਈ ਚੋਣ ਸਮਝੌਤਾ ਨਹੀਂ- ਇਕ ਖ਼ਬਰ

ਤੇਰੀ ਮੇਰੀ ਇਉਂ ਲੱਗ ਜਾਏ, ਜਿਵੇਂ ਗੁੱਤ ਦੀ ਪਰਾਂਦੇ ਨਾਲ ਯਾਰੀ।

ਸਾਡੀ ਸਰਕਾਰ ਆਉਣ ਤੇ ਅਸੀਂ ਬੁਢਾਪਾ ਪੈਂਨਸ਼ਨ 3100 ਕਰ ਦਿਆਂਗੇ- ਸੁਖਬੀਰ ਬਾਦਲ

ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।

ਯੂਰਪੀ ਦੇਸ਼ ਆਪਣੀ ਰੱਖਿਆ ਲਈ ਖ਼ੁਦਮੁਖਤਿਆਰੀ ਦਾ ਰਾਹ ਚੁਣਨ- ਬਰਤਾਨਵੀ ਪ੍ਰਧਾਨ ਮੰਤਰੀ

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।      (ਗੁਰੂ ਗ੍ਰੰਥ ਸਾਹਿਬ- 474)

ਬੰਗਲਾ ਦੇਸ਼ ਗੁਆਂਢੀ ਦੇਸ਼ਾਂ ਨਾਲ ਸਨਮਾਨਜਨਕ ਰਿਸ਼ਤੇ ਚਾਹੁੰਦਾ ਹੈ- ਪ੍ਰਧਾਨ ਮੰਤਰੀ ਰਹਿਮਾਨ

ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ਼।

===========================================================================

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

16.02.2026

ਰਾਹੁਲ ਗਾਂਧੀ ‘ਤੇ ਭੜਕੀ ਨਵਜੋਤ ਕੌਰ ਸਿੱਧੂ, ਉਸ ਨੂੰ ਪੱਪੂ ਕਿਹਾ- ਇਕ ਖ਼ਬਰ

ਚੁੱਕੀ ਹੋਈ ਲੰਬੜਾਂ ਦੀ, ਗਾਲ਼ ਬਿਨਾਂ ਨਾ ਬੋਲੇ।

ਅਮਰੀਕਾ ਨੇ ਐਚ 1 ਬੀ ਵੀਜ਼ਿਆਂ ਉੱਪਰ ਲਾਈਆਂ ਸਖ਼ਤ ਪਾਬੰਦੀਆਂ- ਇਕ ਖ਼ਬਰ

ਐਵੇਂ ਨਾ ਵੱਢਿਆ ਜਾਈਂ ਵੇ, ਪਿੰਡ ਪਹਿਰਾ ਲਗਦੈ।

ਦਸ ਸਾਲਾਂ ਵਿਚ ਦੇਸ਼ ਭਰ ਦੇ 93000 ਤੋਂ ਵੱਧ ਸਕੂਲਾਂ ਨੂੰ ਲੱਗੇ ਤਾਲੇ- ਇਕ ਸਰਕਾਰੀ ਰਿਪੋਰਟ

ਨਾ ਰਹੇ ਬਾਂਸ, ਨਾ ਵੱਜੇ ਬੰਸਰੀ।

ਨਵੀਂ ਸਿਆਸੀ ਸਟੇਜ ਦੀ ਭਾਲ ਵਿਚ ਨਵਜੋਤ ਸਿੰਘ ਸਿੱਧੂ- ਇਕ ਖ਼ਬਰ

ਚਲ ਉੜ ਜਾ ਰੇ ਪੰਛੀ ਕਿ ਅਬ ਯੇਹ ਦੇਸ਼ ਹੂਆ ਬੇਗਾਨਾ।

ਮੇਰੀ ਟਿੱਪਣੀ ਕਿਸੇ ਜਾਤੀ ਵਿਸ਼ੇਸ਼ ਜਾਂ ਕਿਸੇ ਭਾਈਚਾਰੇ ਵਿਰੁੱਧ ਨਹੀਂ ਸੀ- ਬਾਜਵਾ

ਆਕੜਦੈਂ! ਅਸੀਂ ਸਾਨ੍ਹ ਹੁੰਨੇ ਆਂ! ਹੁਣ ਮੋਕ ਕਿਉਂ ਮਾਰਦੈਂ! ਗਊ ਦਾ ਜਾਇਆ ਜੁ ਹੋਇਆ!

ਰਾਹੁਲ ਤੇ ਕਾਂਗਰਸ ਨੂੰ ਸਿਆਸਤ ਤੋਂ ਹਟਾਉਣ ਦਾ ਸਮਾਂ ਆ ਗਿਆ ਹੈ- ਭਾਜਪਾ

ਗ਼ਲੀਆਂ ਹੋ ਜਾਣ ਸੁੰਞੀਆਂ ਤੇ ਵਿਚ ਮਿਰਜ਼ਾ ਯਾਰ ਫਿਰੇ।

ਐਲ.ਜੀ. ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦਾ ਕਾਰਜਕਾਲ 250 ਦਿਨਾਂ ਲਈ ਵਧਾਉਣਾ ਗੁਰਦੁਆਰਾ ਐਕਟ ਦੀ ਉਲੰਘਣਾ- ਇਕ ਖ਼ਬਰ

ਮਿੱਠੇ ਯਾਰ ਦੇ ਬਰੋਬਰ ਬਹਿ ਕੇ, ਮਿੱਠੇ ਮਿੱਠੇ ਬੇਰ ਚੁਗੀਏ।

ਹਰਨਾਮ ਸਿੰਘ ਧੁੰਮਾ ਵਲੋਂ ਭੂਮੀ ਪੂਜਨ ਦੀ ਸਿੱਖ ਯੂਥ ਫੈਡਰੇਸ਼ਨ ਨੇ ਕੀਤੀ ਨਿਖੇਧੀ- ਇਕ ਖ਼ਬਰ

ਕਰੀ ਜਾਉ ਨਿਖੇਧੀ ਜਿੰਨੀ ਮਰਜ਼ੀ, ਅਗਲਾ ਟਿੱਚ ਕਰ ਕੇ ਨਹੀਂ ਜਾਣਦਾ।

ਅਮਰੀਕਾ ਨੇ ਹਮੇਸ਼ਾ ਸਾਨੂੰ ਇਸਤੇਮਾਲ ਕੀਤਾ- ਪਾਕਿਸਤਾਨ ਰੱਖਿਆ ਮੰਤਰੀ ਖਵਾਜਾ ਆਸਿਫ਼

ਪਾਟੀ ਲੀਰ ਪੁਰਾਣੀ ਵਾਙੂੰ, ਟੰਗ ਗਿਆ ਵਿਚ ਕਿੱਕਰਾਂ

ਕੈਨੇਡਾ ‘ਚ 250 ਕਿਲੋਗ੍ਰਾਮ ਡਰੱਗਜ਼ ਨਾਲ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ- ਇਕ ਖ਼ਬਰ

ਸ਼ਾਬਾਸ਼ ਪੁੱਤਰੋ ਕਰ ਦਿਉ ਪੰਜਾਬ ਦਾ ਨਾਮ ਰੌਸ਼ਨ ਸਾਰੇ ਕੈਨੇਡਾ ‘ਚ।

19 ਫ਼ਰਵਰੀ ਦੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਪੰਥਕ ਮਸਲੇ ਵਿਚਾਰੇ ਜਾਣਗੇ- ਇਕ ਖ਼ਬਰ

ਕਿ ਸ਼੍ਰੋਮਣੀ ਕਮੇਟੀ ਦੀ ਹੋਰ ਕਿਹੜੀ ਕਿਹੜੀ ਜ਼ਮੀਨ ਕੌਡੀਆਂ ਦੇ ਭਾਅ ਵੇਚੀ ਜਾ ਸਕਦੀ ਹੈ।

ਕੈਪਟਨ ਅਮਰਿੰਦਰ ਸਿੰਘ ਲਈ ਕਾਂਗਰਸ ਦੇ ਦਰਵਾਜ਼ੇ ਖੁੱਲ੍ਹੇ- ਭੂਪੇਸ਼ ਪਟੇਲ

ਤੈਨੂੰ ਚੰਦ ਦੇ ਬਹਾਨੇ ਦੇਖਾਂ, ਕੋਠੇ ਉੱਤੇ ਆ ਜਾ ਮਿੱਤਰਾ।

ਸਿੱਖ ਜਥੇ ਦੇ ਬਹਾਨੇ ਪਾਕਿਸਤਾਨ ਗਈ ਹੋਈ ਸਰਬਜੀਤ ਕੌਰ ਹੁਣ ਪੱਕੇ ਤੌਰ ‘ਤੇ ਪਾਕਿਸਤਾਨ ਹੀ ਰਹੇਗੀ- ਇਕ ਖ਼ਬਰ

ਚੁੰਨੀ ਰੰਗ ਦੇ ਲਲਾਰੀਆ ਮੇਰੀ, ਮਿੱਤਰਾਂ ਦੇ ਰੰਗ ਵਰਗੀ।

ਕੇਰਲ ਵਿਧਾਨ ਸਭਾ ਵਿਚ ‘ਵੀ ਬੀ-ਜੀ ਰਾਮ ਜੀ’ ਸਕੀਮ ਵਾਪਸ ਲੈਣ ਦੀ ਮੰਗ ਵਾਲਾ ਮਤਾ ਪੇਸ਼- ਇਕ ਖ਼ਬਰ

ਤੇਰੇ ਖੁਸ਼ਕ ਮੱਕੀ ਦੇ ਦਾਣੇ, ਮਿੱਤਰਾਂ ਨੇ ਨਹੀਉਂ ਚੱਬਣੇ।

ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਭਗਵੰਤ ਮਾਨ ਦੀ ਚੁੱਪੀ ‘ਤੇ ਪਰਗਟ ਸਿੰਘ ਨੇ ਚੁੱਕੇ ਸਵਾਲ- ਇਕ ਖ਼ਬਰ

ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ ਕਿ ਅੱਧੀ ਰਾਤੋਂ ਰਾਤ ਟੱਪ ਗਈ।

==============================================================================

ਚੁੰਝਾਂ-ਪ੍ਹੌਂਚੇ

ਸਰਕਾਰੀ ਸਕੂਲਾਂ ‘ਚ ਭਰੋਸਾ ਕਾਇਮ ਕਰਨਾ ਸਮੇਂ ਦੀ ਮੁੱਖ ਲੋੜ- ਰਾਜਿੰਦਰ ਗੁਪਤਾ

ਅਧਿਆਪਕ, ਸਿਆਸਤਦਾਨ ਅਤੇ ਵੱਡੇ ਅਫ਼ਸਰ ਆਪਣੇ ਬੱਚੇ ਉੱਥੇ ਦਾਖ਼ਲ ਕਰਵਾਉਣ, ਭਰੋਸਾ ਤਾਂ ਸਕੂਲਾਂ ਵਲ ਭੱਜਿਆ ਆਏਗਾ।

ਜਿਨ੍ਹਾਂ ਨੂੰ ਬੱਲਾ ਫੜਨਾ ਨਹੀਂ ਆਉਂਦਾ, ਉਹ ਕ੍ਰਿਕਟ ਐਸੋਸੀਏਸ਼ਨਾਂ ਵਿਚ- ਸੁਪਰੀਮ ਕੋਰਟ

ਸੁਪਰੀਮ ਕੋਰਟ ਜੀ ਕਿੱਥੇ ਛਿੱਕਾ ਮਾਰ ਦਿਤਾ, ਹੁਣ ਬਚ ਕੇ ਰਹਿਓ।

ਕੁਰਬਾਨੀਆਂ ਦੇਣ ‘ਚ ਪੰਜਾਬ ਹਮੇਸ਼ਾ ਮੋਹਰੀ ਰਿਹਾ- ਭਗਵੰਤ ਮਾਨ

ਖਾਣ ਪੀਣ ਨੂੰ ਬਾਂਦਰੀ ਤੇ ਧੌਣ ਭੰਨਾਉਣ ਨੂੰ ਜੁੰਮਾ

‘ਆਪ’ ਅਤੇ ਕਾਂਗਰਸ ਦੋਵੇਂ ਕੇਂਦਰ ਦੇ ਬਜਟ ਦੀ ਮੂਲ ਭਾਵਨਾ ਨੂੰ ਸਮਝਣ ਦੇ ਅਸਮਰੱਥ- ਜਾਖੜ

ਇਸ ਬਜਟ ਦੀ ਮੂਲ ਭਾਵਨਾ ਦੀ ਸਮਝ ਭਾਜਪਾ ‘ਚ ਜਾਣ ਨਾਲ ਹੀ ਆਉਂਦੀ ਹੈ।

ਰਾਹੁਲ ਗਾਂਧੀ ਦੇ ਬਿਆਨ ਉੱਤੇ ਲੋਕ ਸਭਾ ‘ਚ ਹੰਗਾਮਾ- ਇਕ ਖ਼ਬਰ

ਹੰਗਾਮਾ ਹੈ ਕਿਉਂ ਬਰਪਾ, ਕੁਛ ਗ਼ਲਤ ਨਹੀਂ  ਬੋਲਾ ਹੈ।

ਸ੍ਰੀ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਦੀ ਵਰਦੀ ਬਦਲੀ- ਇਕ ਖ਼ਬਰ

ਇਕੱਲੀ ਵਰਦੀ ਨਹੀਂ, ਇਨ੍ਹਾਂ ਦੀ ਬੋਲ-ਬਾਣੀ ਸੁਧਾਰਨ ਲਈ ਸਿਖਲਾਈ ਵੀ ਦੇਵੋ

ਪੰਜਾਬ ਕਾਂਗਰਸ ਸਪਸ਼ਟ ਕਰੇ ਕਿ ਉਹ ਨਸ਼ਾ ਵਿਰੋਧੀ ਮੁਹਿੰਮ ਦੇ ਹੱਕ ਵਿਚ ਹੈ ਜਾਂ ਵਿਰੁੱਧ- ਬਲਤੇਜ ਪੰਨੂੰ

ਦਿਨੇ ਹੱਕ ਵਿਚ ਅਤੇ ਰਾਤ ਨੂੰ ਵਿਰੁੱਧ।

ਕਾਂਗਰਸ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਵਿਖਾਇਆ- ਇਕ ਖ਼ਬਰ

ਨਿੰਮ ਦਾ ਤੂੰ ਮਾਣ ਨਾ ਕਰੀਂ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।

ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਦਸਿਆ ਜਾਖੜ ਨੂੰ ਗ਼ਦਾਰ ਤੇ ਮੌਕਾਪ੍ਰਸਤ- ਇਕ ਖ਼ਬਰ

ਗੱਲ ਕੰਮ ਦੀ ਨਾ ਕਰਦੇ ਕੋਈ, ਰੰਨਾਂ ਵਾਂਗ ਮਿਹਣੇ ਮਾਰਦੇ।

ਭਾਰਤ ਦੇ ਸੰਸਦ ਮੈਂਬਰਾਂ ਦੀ ਜਾਇਦਾਦ ਵਿਚ ਛੜੱਪੇਮਾਰ 110 ਫ਼ੀਸਦੀ ਦਾ ਵਾਧਾ- ਇਕ ਖ਼ਬਰ

ਤੇਲੀ ਕਰੀਏ ਤੇ ਰੁੱਖਾ ਖਾਈਏ, ਇਹ ਨਹੀਂ ਪੁੱਗਦਾ ਸਾਨੂੰ।

ਵਿਰੋਧੀ ਧਿਰ ਦੇ ਹੰਗਾਮੇ ਕਾਰਨ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਨ ਮੁਲਤਵੀ- ਇਕ ਖ਼ਬਰ

ਭਲਾ ਹੋਇਆ ਮੇਰਾ ਚਰਖ਼ਾ ਟੁੱਟਾ, ਜਿੰਦ ਅਜਾਬੋਂ ਛੁੱਟੀ।

ਖਿਲਰੀ ਸਿੱਖ ਲੀਡਰਸ਼ਿੱਪ ਕਾਰਨ ਪੰਥ ਵਿਰੋਧੀ ਪੰਜਾਬ ‘ਤੇ ਰੱਖ ਰਹੇ ਹਨ ਮੈਲ਼ੀ ਅੱਖ- ਇਕ ਖ਼ਬਰ

ਛੜੇ ਜੇਠ ਦੀ ਮੈਂ ਅੱਖ ਵਿਚ ਰੜਕਾਂ, ਕੰਧ ਉੱਤੋਂ ਰਹੇ ਝਾਕਦਾ।

ਭਾਜਪਾ ਯੂਰੀਆ ਥੈਲਿਆਂ ਦਾ ਭਾਰ ਘਟਾ ਕੇ ਕਿਸਾਨਾਂ ਨੂੰ ਲੁੱਟ ਰਹੀ ਹੈ- ਭੂਪਿੰਦਰ ਸਿੰਘ ਹੁੱਡਾ

ਬਾਣੀਆਂ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ।

ਸੀਚੇਵਾਲ ਵਲੋਂ ‘ਚੋਣ ਮੈਨੀਫੈਸਟੋ’ ਨੂੰ ਕਾਨੂੰਨੀ ਮਾਨਤਾ ਦੇਣ ਲਈ ਸੋਧ ਬਿੱਲ ਰਾਜ ਸਭਾ ‘ਚ ਪੇਸ਼- ਇਕ ਖ਼ਬਰ

ਸੀਚੇਵਾਲ ਜੀ ਅੱਖੀਂ ਦੇਖ ਕੇ ਮੱਖੀ ਕਿਸੇ ਨੇ ਨਹੀਂ ਨਿਗ਼ਲਣੀ।

ਸੁਖਬੀਰ ਬਾਦਲ ਦੇ ਪ੍ਰਧਾਨ ਰਹਿੰਦਿਆਂ ਅਕਾਲੀ ਦਲ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ- ਗਿਆਨੀ ਹਰਪ੍ਰੀਤ ਸਿੰਘ

ਕਾਲ਼ੇ ਕੋਲ਼ ਮੰਜਾ ਨਹੀਂ ਡਾਹੁਣਾ, ਲਿਸ਼ਕੇ ਤਾਂ ਪੈ ਜੂ ਬਿਜਲੀ।

===============================================================================

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

26.01.2026

ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਨਾਲੋਂ ਤੋੜਿਆ ਨਾਤਾ- ਇਕ ਖ਼ਬਰ

ਤੇਰੀ ਮੇਰੀ ਨਹੀਂ ਨਿਭਣੀ, ਮੈਂ ਪਤਲੀ ਤੂੰ ਭਾਰਾ।

ਟਰੰਪ ਨੇ ਮੋਦੀ ਨੂੰ ਗਾਜ਼ਾ ਲਈ ‘ਬੋਰਡ ਆਫ਼ ਪੀਸ’ ਵਿਚ ਸ਼ਾਮਲ ਹੋਣ ਲਈ ਦਿਤਾ ਸੱਦਾ- ਇਕ ਖ਼ਬਰ

ਮਿੱਤਰਾ ਸੈਰ ਕਰਾਵਾਂ, ਚੜ੍ਹ ਮੇਰੇ ਬੋਤੇ ‘ਤੇ।

ਗਰੀਨਲੈਂਡ ਉੱਤੇ ਅਮਰੀਕਾ ਦਾ ਕੰਟਰੋਲ ਜ਼ਰੂਰੀ- ਟਰੰਪ

ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ, ਰੋਹੀ ਵਾਲ਼ਾ ਜੰਡ ਵੱਢ ਕੇ।

ਪੰਜਾਬ ਕਾਂਗਰਸ ਦੀ ਪ੍ਰਧਾਨਗੀ ‘ਚ ਕੋਈ ਬਦਲਾਅ ਨਹੀਂ ਹੋਵੇਗਾ- ਕਾਂਗਰਸ ਹਾਈ ਕਮਾਨ

ਜਿਊਣਾ ਮੌੜ ਵੱਢਿਆ ਨਾ ਜਾਵੇ, ਛਵ੍ਹੀਆਂ ਦੇ ਘੁੰਡ ਮੁੜ ਗਏ।

ਫ਼ਰਾਂਸ ਉੱਪਰ 200 ਫ਼ੀਸਦੀ ਟੈਰਿਫ਼ ਲਗਾਵਾਂਗਾ- ਟਰੰਪ

ਕਾਹਨੂੰ ਮਾਰਦੈਂ ਪਤਲਿਆ ਡਾਕੇ, ਔਖੀ ਹੋ ਜੂ ਕੈਦ ਕੱਟਣੀ।

ਅਰਾਵਲੀ ਵਿਚ ਰੋਕ ਦੇ ਬਾਵਜੂਦ ਗ਼ੈਰਕਾਨੂੰਨੀ ਖਣਨ ਜਾਰੀ- ਸੁਪਰੀਮ ਕੋਰਟ

ਅਸਾਂ ਨਿੱਤ ਦੇ ਸ਼ਰਾਬੀ ਰਹਿਣਾ, ਅੱਧ ਵਿਚ ਕੰਧ ਕੱਢ ਲੈ।

ਕੈਨੇਡੀਅਨ ਪ੍ਰਧਾਨ ਮੰਤਰੀ ਦੇ ਬਿਆਨਾਂ ‘ਤੇ ਭੜਕੇ ਟਰੰਪ, ‘ਬੋਰਡ ਆਫ਼ ਪੀਸ’ ਦਾ ਸੱਦਾ ਵਾਪਸ ਲਿਆ- ਇਕ ਖ਼ਬਰ

ਜਦੋਂ ਸੱਚੀਆਂ ਸੁਣਾਈਆਂ ਨੀਂ, ਬੜਾ ਦੁਖ ਲੱਗਿਆ, ਬੜਾ ਦੁਖ ਲੱਗਿਆ।

ਦਲਜੀਤ ਚੀਮਾ 2 ਦਸੰਬਰ 2024 ਦੇ ਫ਼ੈਸਲਿਆਂ ਨੂੰ ਗ਼ਲਤ ਦੱਸਣ ਦੀ ਹਿਮਾਕਤ ਕਰ ਰਿਹੈ- ਗੁਰਜੀਤ ਸਿੰਘ ਤਲਵੰਡੀ, ਤਜਿੰਦਰ ਸਿੰਘ ਪੰਨੂ

ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ।

ਡੈਨਮਾਰਕ ਦੇ ਲੋਕ ਅਮਰੀਕੀ ਸਾਮਾਨ ਦਾ ਕਰ ਰਹੇ ਹਨ ਬਾਈਕਾਟ- ਇਕ ਖ਼ਬਰ

ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।

ਭਾਜਪਾ ਦੀ ਸੀਨੀਅਰ ਲੀਡਰਸ਼ਿੱਪ ਸ੍ਰੀ ਨਾਭ ਕੰਵਲ ਮਜਾਰਾ ਸਾਹਿਬ ਵਿਖੇ ਮੱਥਾ ਟੇਕਣ ਜਾਵੇਗੀ- ਇਕ ਖ਼ਬਰ

ਮੱਥਾ ਟੇਕਣ ਨਹੀਂ, ਬਲ਼ਦੀ ‘ਤੇ ਤੇਲ ਪਾਉਣ ਜਾਵੇਗੀ।

ਟਰੰਪ ਦੀ ਟੈਰਿਫ਼ ਧਮਕੀ ‘ਤੇ ਬਰਤਾਨੀਆ ਦਾ ਸਖ਼ਤ ਵਿਰੋਧ- ਇਕ ਖ਼ਬਰ

ਗੱਲ ਸੋਚ ਕੇ ਕਰੀਂ ਜ਼ੈਲਦਾਰਾ, ਅਸਾਂ ਨਹੀਂ ਕਨੌੜ ਝੱਲਣੀ। 

ਮੈਂ ਕਦੇ ਵੀ ਹਾਈ ਕਮਾਨ ਦੇ ਫ਼ੈਸਲਿਆਂ ਵਿਰੁੱਧ ਨਹੀਂ ਗਿਆ- ਸ਼ਸ਼ੀ ਥਰੂਰ

ਕਾਹਨੂੰ ਮਾਰਦੈਂ ਚੰਦਰਿਆ ਛਮਕਾਂ, ਮੈਂ ਕੱਚ ਦੇ ਗਿਲਾਸ ਵਰਗੀ।

ਸੱਤਾ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਭਾਜਪਾ- ਰਾਹੁਲ ਗਾਂਧੀ

ਪੂਣੀਆਂ ਮੈਂ ਤਿੰਨ ਕੱਤੀਆਂ, ਟੁੱਟ ਪੈਣੇ ਦਾ ਤੇਰ੍ਹਵਾਂ ਗੇੜਾ।

ਕੀ ਪਾਠਾਂ ਦੀਆਂ ਲੜੀਆਂ ਗੁਰਮਤਿ ਅਨੁਸਾਰ ਠੀਕ ਹਨ?- ਗਲੋਬਲ ਸਿੱਖ ਕੌਂਸਲ

ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਦਾਦੂਵਾਲ ਅਤੇ ਝੀਂਡਾ ਵਿਚ ਵਿਵਾਦ ਛਿੜਿਆ- ਇਕ ਖ਼ਬਰ

ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿੱਤਰੂ ਵੜੇਂਵੇਂ ਖਾਣੀ।

======================================================================================

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

20.01.2026

ਪਿੰਡ ਪੱਧਰ ਤੋਂ ਸੰਵਿਧਾਨਕ ਜਾਗਰੂਕਤਾ ਮੁਹਿੰਮ ਸ਼ੁਰੂ ਕਰੇਗੀ ਪੰਜਾਬ ਕਾਂਗਰਸ- ਇਕ ਖ਼ਬਰ

ਕਾਂਗਰਸ ਪ੍ਰਧਾਨ ਲੋਕਾਂ ਨੂੰ ਪਹਾੜੇ ਵੀ ਯਾਦ ਕਰਵਾਉਣਗੇ।  (ਬਾਰਾਂ ਪਾਂਜੇ ਅਠਤਾਲੀ)

ਹਰਿਆਣਾ ਪੰਜਾਬ ਦੇ ਨਾਲ ਖੜ੍ਹਾ- ਨਾਇਬ ਸਿੰਘ ਸੈਣੀ

ਤਾਂ ਹੀ ਨਿੱਤ ਪੰਜਾਬ ਦੇ ਰਾਹ ‘ਚ ਕੰਡੇ ਬੀਜਦੇ ਹੋ, ਤੁਸੀਂ ਤੇ ਤੁਹਾਡੀ ਕੇਂਦਰ ਸਰਕਾਰ!

ਚਰਨਜੀਤ ਸਿੰਘ ਬਰਾੜ ਨੇ ਪੁਨਰ ਸੁਰਜੀਤ ਅਕਾਲੀ ਦਲ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ

ਕੋਹ ਤੁਰੀ ਨਾ ਅਖੇ ਬਾਬਾ ਤ੍ਰਿਹਾਈ।

ਅਕਾਲੀ ਦਲ ਦਿਨੋ ਦਿਨ ਨਿਘਾਰ ਵਲ- ਇਕ ਖ਼ਬਰ

ਕੀਤੀਆਂ ਲੱਧੀ ਦੀਆਂ ਪੇਸ਼ ਦੁੱਲੇ ਦੇ ਆਈਆਂ।

25 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਬਾਹਰ ਆਏ- ਮੋਦੀ

ਜਿਨ੍ਹਾਂ ਦੇ ਘਰ ਪੰਜ ਕਿੱਲੋ ਰਾਸ਼ਨ ਪਿਆ ਹੋਵੇ ਉਹ ਤਾਂ ਆਪੇ ਗ਼ਰੀਬੀ ਰੇਖਾ ਤੋਂ ਬਾਹਰ ਹੋ ਗਏ।

ਸਪੀਕਰ ਸੰਧਵਾਂ ਨੇ ਮਿਲਾਵਟਖੋਰੀ ਛੱਡਣ ਦੀ ਕੀਤੀ ਅਪੀਲ- ਇਕ ਖ਼ਬਰ

ਸੰਧਵਾਂ ਸਾਬ ਵਾਦੜੀਆਂ ਸਜਾਦੜੀਆਂ ਅਪੀਲਾਂ ਨਾਲ ਨਹੀਂ ਛੱਡਵਾਈਆਂ ਜਾਂਦੀਆਂ।  

ਗਰੀਨਲੈਂਡ ਨੂੰ ਅਮਰੀਕਾ ਦੇ ਹੱਥਾਂ ਵਿਚ ਰੱਖਣ ਤੋਂ ਘੱਟ ਕੁਝ ਵੀ ਮੰਨਜ਼ੂਰ ਨਹੀਂ- ਟਰੰਪ

ਇਕ ਰਾਂਝਣ ਮੈਨੂੰ ਲੋੜੀਦਾ, ਨੀਂ ਮਾਏ ਇਕ ਰਾਂਝਣ ਮੈਨੂੰ ਲੋੜੀਦਾ।

ਸਰਬਜੀਤ ਕੌਰ ਦੀ ਭਾਰਤ ਵਾਪਸੀ ਫਿਲਹਾਲ ਟਲ਼ੀ- ਇਕ ਖ਼ਬਰ

ਅਜੇ ਹਨੀਮੂਨ ਪੂਰਾ ਨਹੀ ਹੋਇਆ ਬਈ!

ਐਸ.ਆਈ.ਟੀਮਾਂ ਰਿਕਾਰਡ ਲੈਣ ਲਈ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ ‘ਚ ਪਹੁੰਚੀਆਂ- ਇਕ ਖ਼ਬਰ

ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ?

ਹਰਿਆਣਾ ਪੰਜਾਬ ਦੇ ਨਾਲ ਖੜ੍ਹਾ- ਨਾਇਬ ਸਿੰਘ ਸੈਣੀ

ਤਾਂ ਹੀ ਨਿੱਤ ਪੰਜਾਬ ਦੇ ਰਾਹ ‘ਚ ਕੰਡੇ ਬੀਜਦੇ ਹੋ, ਤੁਸੀਂ ਤੇ ਤੁਹਾਡੀ ਕੇਂਦਰ ਸਰਕਾਰ!

ਚਰਨਜੀਤ ਸਿੰਘ ਬਰਾੜ ਨੇ ਪੁਨਰ ਸੁਰਜੀਤ ਅਕਾਲੀ ਦਲ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ

ਕੋਹ ਤੁਰੀ ਨਾ ਅਖੇ ਬਾਬਾ ਤ੍ਰਿਹਾਈ।

ਬਸਪਾ ਸਾਰੀਆਂ ਚੋਣਾਂ ਇਕੱਲਿਆਂ ਹੀ ਲੜੇਗੀ- ਮਾਇਆਵਤੀ

ਮੇਰੀ ਕੱਤਣੀ ‘ਚ ਪੈਣ ਫ਼ਰਾਟੇ, ਪੂਣੀਆਂ ਦੇ ਸੱਪ ਬਣ ਗਏ।

ਫ਼ਸਲ ਬੀਮਾ ਯੋਜਨਾ ਰਾਹੀਂ ਕਿਸਾਨਾਂ ਦੀ ਸੈਂਕੜੇ ਕਰੋੜ ਰੁਪਇਆਂ ਦੀ ਲੁੱਟ ਕੀਤੀ ਜਾ ਰਹੀ ਹੈ- ਭੂਪਿੰਦਰ ਸਿੰਘ ਹੁੱਡਾ

ਸਾਰੇ ਜੱਟ ਕਰਜ਼ਾਈ ਕੀਤੇ, ਬਾਣੀਆਂ ਨੇ ਅੱਤ ਚੁੱਕ ਲਈ।

ਟਰੰਪ ਵਲੋਂ ਯੂਰਪੀ ਦੇਸ਼ਾਂ ਉੱਪਰ ਨਵੇਂ ਟੈਰਿਫ਼ ਦਾ ਸਖ਼ਤ ਵਿਰੋਧ ਸ਼ੁਰੂ- ਇਕ ਖ਼ਬਰ

ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।

ਧਾਰਮਿਕ ਜੋੜ ਮੇਲਿਆਂ ਵੇਲੇ ਸਿਆਸੀ ਕਾਨਫ਼ਰੰਸਾਂ ਬਾਰੇ ਸਪਸ਼ਟੀਕਰਨ ਦੇਣ ਜਥੇਦਾਰ- ਰਾਜਾ ਵੜਿੰਗ

ਜੇ ਤੁਹਾਡੀ ਕਾਨਫ਼ਰੰਸ ਵੀ ਲਗ ਜਾਂਦੀ ਫੇਰ ਕੀਹਨੇ ਸਪਸ਼ਟੀਕਰਨ ਮੰਗਣਾ ਸੀ? ਹੈ ਨਾ ਰਾਜਾ ਸਾਬ!

=============================================================================

ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

15.01.2026

ਮਨਰੇਗਾ ਕਾਨੂੰਨ ‘ਚ ਬਦਲਾਅ ਵਿਰੁੱਧ ਪੰਜਾਬ ਵਿਚ ਖੇਤ ਮਜ਼ਦੂਰ ਸੜਕਾਂ ‘ਤੇ ਉਤਰੇ- ਇਕ ਖ਼ਬਰ

ਉੱਚਾ ਹੋ ਗਿਆ ਅੰਬਰ ਦਾ ਤਾਰਾ, ਜਲ ਵਿਚ ਰੋਣ ਮੱਛੀਆਂ।

ਸੌਦਾ ਸਾਧ ਨੂੰ ਪੈਰੋਲ ਦੇ ਕੇ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ- ਗਿਆਨੀ ਰਾਮ ਸਿੰਘ

ਸੁੱਤੀ ਪਈ ਦੀ ਜ਼ੰਜੀਰੀ ਛਣਕੇ, ਗੱਭਰੂ ਦਾ ਮਚੇ ਕਾਲਜਾ।

ਟਰੰਪ ਨੇ ਖੁਦ ਨੂੰ ਐਲਾਨਿਆ ਵੈਂਨਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ- ਇਕ ਖ਼ਬਰ

ਜੱਗੇ ਜੱਟ ਦੇ ਕਬੂਤਰ ਚੀਨੇ, ਨਦੀਉਂ ਪਾਰ ਚੁਗਦੇ।

328 ਪਾਵਨ ਸਰੂਪਾਂ ਦੇ ਮਾਮਲੇ ‘ਚ ਅਕਾਲ ਤਖ਼ਤ ਵਲੋਂ ਜਾਂਚ ਵਿਚ ਸਹਿਯੋਗ ਕਰਨ ਦੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼- ਇਕ ਖ਼ਬਰ

ਗੋਰੇ ਰੰਗ ਨੇ ਸਦਾ ਨਹੀਂ ਰਹਿਣਾ, ਭਰ ਭਰ ਵੰਡ ਮੁੱਠੀਆਂ।

ਬਠਿੰਡਾ ਦੀ ਅਦਾਲਤ ਨੇ ਕੰਗਨਾ ਦੀ ਹਾਜ਼ਰੀ ਮੁਆਫ਼ੀ ਅਰਜ਼ੀ ਕੀਤੀ ਰੱਦ- ਇਕ ਖ਼ਬਰ

ਜੁੱਤੀ ਡਿਗ ਪਈ ਸਿਤਾਰਿਆਂ ਵਾਲੀ, ਨਿੱਜ ਤੇਰੇ ਬੋਤੇ ‘ਤੇ ਚੜ੍ਹੀ।

ਮੋਦੀ ਨੇ ਫ਼ੋਨ ਨਹੀਂ ਕੀਤਾ, ਇਸ ਲਈ ਰੁਕਿਆ ਵਪਾਰਕ ਸਮਝੌਤਾ- ਅਮਰੀਕਾ

ਲੱਡੂ ਮੁੱਕ ਗਏ ਯਾਰਾਨੇ ਟੁੱਟ ਗਏ, ਕੱਚੀ ਯਾਰੀ ਲੱਡੂਆਂ ਦੀ।

ਕਾਂਗਰਸ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜੇਗੀ- ਬਘੇਲ, ਵੜਿੰਗ

 ਕੰਨੀ ਨੱਤੀਆਂ ਸੰਧੂਰੀ ਸਿਰ ਸਾਫ਼ਾ, ਉਹ ਮੇਰਾ ਵੀਰ ਕੁੜੀਓ।

ਫਰੀਦਾਬਾਦ ‘ਚ ਐਂਬੂਲੈਂਸ ਅੰਦਰ ਔਰਤ ਨਾਲ ਸਮੂਹਿਕ ਬਲਾਤਕਾਰ- ਪੁਲਿਸ

ਸੁਣਦੇ ਸਾਂ ਕਿ ਐਂਬੂਲੈਂਸਾਂ ਰਾਹੀਂ ਸਮਗਲਿੰਗ ਹੁੰਦੀ ਐ, ਹੁਣ ਬਲਾਤਕਾਰ ਵੀ ਤੌਬਾ, ਤੌਬਾ.....

‘ਜੀ ਰਾਮ ਜੀ’ ਕਾਨੂੰਨ ਵਿਚ ਕੋਈ ਕਮੀ ਨਹੀਂ- ਜਾਖੜ

ਸਉਣ ਦੇ ਅੰਨ੍ਹਿਆਂ ਨੂੰ ਸਭ ਕੁਝ ਹਰਾ ਹਰਾ ਹੀ ਦਿਸਦਾ ਹੈ।

ਬਲਾਤਕਾਰਾਂ ਦੇ ਦੋਸ਼ੀ ਸਾਧ ਨੂੰ ਹਰੇਕ ਤੀਜੇ ਦਿਨ ਪੈਰੋਲ ਕਿਵੇਂ ਮਿਲ ਰਹੀ ਹੈ- ਜਥੇਦਾਰ ਪੰਜੋਲੀ

ਸੱਦੀ ਹੋਈ ਮਿੱਤਰਾਂ ਦੀ, ਨੀ ਮੈਂ ਪੈਰ ਜੁੱਤੀ ਨਾ ਪਾਵਾਂ।

ਸੁਖਬੀਰ ਬਾਦਲ ਸਿਰਫ਼ ਗਿੱਦੜਬਾਹਾ ਤੋਂ ਹੀ ਮੇਰੇ ਨਾਲ ਚੋਣ ਲੜ ਕੇ ਦੇਖ ਲਵੇ-ਰਾਜਾ ਵੜਿੰਗ

ਜੇ ਤੂੰ ਚੁੰਘੀਆਂ ਬੂਰੀਆਂ ਤਾਂ ਵਿਚ ਮੈਦਾਨੇ ਆ। 

ਗਰੀਨਲੈਂਡ ਲੈਣ ਲਈ ਕੁਝ ਵੀ ਕਰਾਂਗੇ- ਟਰੰਪ

ਲਾਈ ਲੱਗ ਨਾ ਹੋਵੇ ਘਰ ਵਾਲ਼ਾ, ਚੰਦਰਾ ਗੁਆਂਢ ਬੁਰਾ।

ਹਾਲੇ ਪਾਕਿ ਸਰਕਾਰ ਦੀ ਦੇਖ ਰੇਖ ਵਿਚ ਹੀ ਰਹੇਗੀ ਸਰਬਜੀਤ ਕੌਰ- ਇਕ ਖ਼ਬਰ

ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

ਪੁਲਿਸ ਪ੍ਰਸ਼ਾਸਨ ਨੂੰ ਨਾ ਸਹਿਯੋਗ ਅਤੇ ਨਾ ਹੀ ਕੋਈ ਰਿਕਾਰਡ ਦਿਤਾ ਜਾਵੇਗਾ- ਸ਼੍ਰੋਮਣੀ ਕਮੇਟੀ

ਮੇਰੀ ਚੱਪਣੀ ਵਗਾਹ ਕੇ ਮਾਰੀ, ਛੜਿਆਂ ਦੇ ਗਈ ਅੱਗ ਨੂੰ।

ਮੋਦੀ ਜੀ ਆਪਣੇ ਗ੍ਰਹਿ ਮੰਤਰੀ ਨੂੰ ਕਾਬੂ ਵਿਚ ਰੱਖੋ- ਮਮਤਾ ਬੈਨਰਜੀ

ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।

----------------------------------------------------------------------------------------------------------------------------------

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

06.01.2026

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰਾਜ ਅਤੇ ਕੇਂਦਰ ‘ਚ ਖਟਾਸ ਪੈਦਾ ਕਰਨ ਦੀ ਕੋਸ਼ਿਸ਼- ਜਾਖੜ

ਜਾਖੜ ਸਾਬ, ਅੱਗੇ ਕਿਹੜਾ ਕੇਂਦਰ ਤੇ ਰਾਜ ਰਲ਼ ਕੇ ਕਿੱਕਲੀ ਪਾਉਂਦੇ ਐ।

ਸਿੱਖ ਚਿੰਤਕ ਪ੍ਰੋ. ਖਿਆਲਾ ਨੇ ਅਕਾਲ ਤਖ਼ਤ ਨੂੰ ਖ਼ਤ ਲਿਖਿਆ ਕਿ ਕੋਹਲੀ ਮਾਮਲੇ ‘ਚ ਸੁਖਬੀਰ ਬਾਦਲ ਦੀ ਜਵਾਬਤਲਬੀ ਕੀਤੀ ਜਾਵੇ- ਇਕ ਖ਼ਬਰ

ਸੋ ਪ੍ਰੋ. ਖਿਆਲਾ ਸਾਬ ਤੁਹਾਡੇ ਮੁਤਾਬਕ ਚੋਰ ਨੂੰ ਮਾਰੋ ਤੇ ਚੋਰ ਦੀ ਮਾਂ ਨੂੰ ਵੀ ਮਾਰੋ

ਮਨਰੇਗਾ ‘ਚ ਬਦਲਾਅ ਵਿਰੁੱਧ ਪੰਜਾਬ ਵਿਧਾਨ ਸਭਾ ‘ਚ ਪਾਸ ਹੋਇਆ ਮਤਾ- ਇਕ ਖ਼ਬਰ

ਸਾਹਿਬਾਂ ਪੜ੍ਹਦੀ ਪੱਟੀਆ ਤੇ ਮਿਰਜ਼ਾ ਪੜ੍ਹੇ ਕੁਰਾਨ।

ਉਧਾਰ ਦਿਤੇ ਪੈਸੇ ਮੰਗੇ ਤਾਂ ਚਲਾ ਦਿਤੀ ਗੋਲ਼ੀ- ਇਕ ਖ਼ਬਰ

ਦੀਨ ਧਰਮ ਦੀ ਸ਼ਰਮ ਨਾ ਕੋਈ, ਦਗ਼ੇਬਾਜ਼ ਹੋ ਗਈ ਦੁਨੀਆਂ।

ਅਮਰੀਕਾ ਨੇ ਵੈਨੇਜ਼ੁਏਲਾ ਉੱਤੇ ਕੀਤਾ ਹਮਲਾ- ਇਕ ਖ਼ਬਰ

ਬੂਹੇ ਆਣ ਲੱਥੀ ਜੰਝ ਖੇੜਿਆਂ ਦੀ, ਅੰਦਰ ਹੀਰ ਦੀਆਂ ਹੋਣ ਤਿਆਰੀਆਂ ਨੀਂ।

ਪੰਜਾਬ ਅੰਦਰ ‘ਜੀ ਰਾਮ ਜੀ’ ਯੋਜਨਾ ਦੇ ਸਮਰਥਨ ‘ਚ ਮੁਹਿੰਮ ਵਿੱਢਾਂਗੇ- ਜਾਖੜ

ਕੁਰਸੀ ਕਾਇਮ ਰੱਖਣ ਲਈ ਤੁਹਾਨੂੰ ਕੁਝ ਕਰਨਾ ਹੀ ਪੈਣਾ ਜਾਖੜ ਸਾਬ।

ਸਿੱਖ ਸੰਸਥਾ ਦੇ ਪ੍ਰਬੰਧਾਂ ‘ਚ ਸਰਕਾਰ ਨੂੰ ਦਖ਼ਲ ਦੇਣ ਦੀ ਇਜਾਜ਼ਤ ਨਹੀਂ ਦਿਆਂਗੇ- ਧਾਮੀ

ਲੱਤ ਮਾਰੂੰਗੀ ਪੰਜੇਬਾਂ ਵਾਲੀ, ਪਰ੍ਹਾਂ ਹੋ ਜਾ ਚੱਟੂ ਵੱਟਿਆ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਮੁਗ਼ਲ ਸ਼ਾਸਕਾਂ ਦੇ ਜ਼ੁਲਮਾਂ ਦਾ ਸੱਚ ਸੁਣ ਕੇ ਯੂ.ਪੀ. ‘ਚ ਮੁਸਲਮਾਨ ਨੌਜਵਾਨਾਂ ਨੇ ਸਿੱਖ ਨੌਜਵਾਨ ਨੂੰ ਕੁੱਟਿਆ- ਇਕ ਖ਼ਬਰ

ਜਦੋਂ ਸੱਚੀਆਂ ਸੁਣਾਈਆਂ ਨੀਂ, ਬੜਾ ਦੁੱਖ ਲੱਗਿਆ ਬੜਾ ਦੁਖ ਲੱਗਿਆ।

ਬਾਦਲ ਪਰਵਾਰ ਦੇ ਆਗਿਆਕਾਰੀ ਬਣੋਗੇ ਤਾਂ ਮੰਜੀ ਸਾਹਿਬ ਤੋਂ ਕਥਾ ਕਰ ਸਕੋਗੇ- ਗਿ.ਅਮਰੀਕ ਸਿੰਘ ਚੰਡੀਗੜ੍ਹ

ਜੇ ਤੂੰ ਖਾਣੀਆਂ ਸੇਵੀਆਂ ਤਾਂ ਮੁੱਛਾਂ ਮੁਨਾ ਕੇ ਆ।

ਆਮ ਆਦਮੀ ਪਾਰਟੀ ਨੇ ਔਰਤਾਂ ਨਾਲ ਕੀਤਾ ਵਾਅਦਾ ਨਹੀਂ ਨਿਭਾਇਆ- ਕਾਂਗਰਸ

ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।

ਮੋਦੀ ਜਲਦ ਦਿਖਾਉਣਗੇ ਕੋਲਕਾਤਾ-ਗੁਹਾਟੀ ਵੰਦੇ ਭਾਰਤ ਸਲੀਪਰ ਟਰੇਨ ਨੂੰ ਹਰੀ ਝੰਡੀ- ਖ਼ਬਰ

ਮੋਦੀ ਸਾਹਿਬ ਕਦੇ ਵਿਚਾਰੇ ਰੇਲ ਮੰਤਰੀ ਨੂੰ ਵੀ ਇਹ ਝੰਡੀ ਫੜ ਕੇ ਦੇਖ ਲੈਣ ਦਿਉ।

ਪੜ੍ਹੇ-ਲਿਖੇ ਲੋਕਾਂ ਦਾ ਦੇਸ਼ ਵਿਰੋਧੀ ਗਤੀ ਵਿਧੀਆਂ ‘ਚ ਸ਼ਾਮਲ ਹੋਣਾ ਚਿੰਤਾਜਨਕ- ਰਾਜਨਾਥ ਸਿੰਘ

ਰਾਜਨਾਥ ਸਿੰਘ ਜੀ ਇਸ ਗੱਲ ਦੀ ਚਿੰਤਾ ਵੀ ਕਰੋ ਕਿ ਪੜ੍ਹੇ ਲਿਖੇ ਲੋਕ ਇਹੋ ਜਿਹੀਆਂ ਗਤੀਵਿਧੀਆਂ ‘ਚ ਕਿਉਂ ਪੈਂਦੇ ਆ।

ਕੋਹਲੀ ਸੁਖਬੀਰ ਦਾ ਚਹੇਤਾ ਹੋਣ ਕਾਰਨ ਹੀ ਸ਼੍ਰੋਮਣੀ ਕਮੇਟੀ ਕਾਨੂੰਨੀ ਕਾਰਵਾਈ ਕਰਨ ਤੋਂ ਭੱਜੀ ਸੀ- ਗਿ.ਹਰਪ੍ਰੀਤ ਸਿੰਘ

ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।                                                                                

ਭਾਜਪਾ ਨੇ ਮਮਤਾ ਬੈਨਰਜੀ ਉੱਤੇ ਅਮਿਤ ਸ਼ਾਹ ਨੂੰ ਧਮਕੀਆਂ ਦੇਣ ਦਾ ਦੋਸ਼ ਲਗਾਇਆ- ਇਕ ਖ਼ਬਰ

ਕਾਹਨੂੰ ਦੇਨੀਂ ਏਂ ਕੁਪੱਤੀਏ ਗਾਲ਼੍ਹਾਂ, ਛੜੇ ਦਾ ਕਿਹੜਾ ਪੁੱਤ ਮਰ ਜੂ।

ਵਿਧਾਨ ਸਭਾ ਦੇ ਸੈਸ਼ਨ ‘ਚੋਂ ਅਕਾਲੀ ਦਲ ਦੀ ਗ਼ੈਰਹਾਜ਼ਰੀ ‘ਜੀ ਰਾਮ ਜੀ’ ਦੇ ਸਮਰਥਨ ਦਾ ਸੰਕੇਤ- ਇਕ ਖ਼ਬਰ

ਵੇ ਮੈਂ ਮਨ ਮਿਲਦੇ ਦੀ ਹੋਈ, ਤੂੰ ਕਿਹੜਾ ਚੰਦ ਮੁੰਡਿਆ।

=======================================================================================

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

30.12.2025

ਨਵਜੋਤ ਕੌਰ ਸਿੱਧੂ ਕਾਰਨ ਹੁਣ ਕਾਂਗਰਸ ਤੋਂ ਬਾਅਦ ਹੁਣ ਭਾਜਪਾ ਵਿਚ ਵੀ ਘਮਸਾਣ- ਇਕ ਖ਼ਬਰ

ਲੱਡੂ ਖਾ ਕੇ ਚੁਬਾਰਿਉਂ ਨਿਕਲੀ, ਮੱਖੀਆਂ ਨੇ ਪੈੜ ਨੱਪ ਲਈ।

ਦਿੱਲੀ ‘ਚ ਹੁਣ ਅਧਿਆਪਕ ਕਰਨਗੇ ਆਵਾਰਾ ਕੁੱਤਿਆਂ ਦੀ ਗਿਣਤੀ- ਇਕ ਖ਼ਬਰ

ਨਾਲ ਲਗਦਿਆਂ ਹੀ ਖੱਸੀ ਵੀ ਕਰਵਾ ਲਉ, ਇਕ ਪੰਥ ਦੋ ਕਾਜ।

ਦਸ ਲੱਖ ਦੀ ਗਰਾਂਟ ਖੁਰਦ –ਬੁਰਦ ਕਰਨ ਵਾਲੇ ਪਾਸਟਰਾਂ ਦੀ ਸ਼ਿਕਾਇਤ ਪਹੁੰਚੀ ਡੀ.ਸੀ.ਪਾਸ- ਇਕ ਖ਼ਬਰ

ਭੁੱਖ ਨੰਗ ਦੀ ਕੋਈ ਪ੍ਰਵਾਹ ਨਾਹੀਂ, ਹੁਕਮ ਹੋਵੇ ਤਾਂ ਦੇਗ਼ਾਂ ਨੂੰ ਚੱਟੀਏ ਜੀ।

328 ਸਰੂਪਾਂ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਨੇ ਆਪ ਹੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਸੀ- ਭਗਵੰਤ ਮਾਨ

ਹੁਣ ਤੂੰ ਮੁਕਰ ਗਈ, ਜੇਠ ਬੋਲੀਆਂ ਮਾਰੇ।

ਤਖ਼ਤਾਂ ਦੇ ਜਥੇਦਾਰ ਸਿੱਖ ਸਿਧਾਂਤਾਂ ਦੇ ਅਨੁਸਾਰ ਹੀ 328 ਸਰੂਪਾਂ ਦੇ ਮਾਮਲੇ ‘ਚ ਫ਼ੈਸਲਾ ਸੁਣਾਉਣ- ਨਿਆਮੀਵਾਲਾ

ਝੋਟਿਆਂ ਵਾਲੇ ਘਰੋਂ ਲੱਸੀ ਭਾਲ਼ਦੇ ਹੋ ਨਿਆਮੀਵਾਲਾ ਜੀ।

ਇਟਲੀ ‘ਚ ਭਾਰਤੀ ਵਿਅਕਤੀ ਕੋਲੋਂ 54 ਕਿੱਲੋ ਡੋਡੇ, ਅਫ਼ੀਮ ਅਤੇ ਨਕਦੀ ਫੜੀ ਗਈ- ਇਕ ਖ਼ਬਰ

ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ।

ਪਰਮਜੀਤ ਸਿੰਘ ਸਰਨਾ ਨੇ ਵੀਰ ਬਾਲ ਦਿਵਸ ਨੂੰ ਬਦਲਣ ਦੀ ਮੰਗ ਦਾ ਕੀਤਾ ਸਮਰਥਨ- ਇਕ ਖ਼ਬਰ

ਦੇਖ ਲਉ ਸਰਨਾ ਸਾਹਿਬ ਆਪਣੇ ਮਾਲਕਾਂ ਦੀ ਕੀਤੀ ਦੇ ਉਲਟ ਜਾ ਰਹੇ ਹੋ!

ਅਮਰੀਕਾ ਨੇ ਫਿਰ ਗ੍ਰੀਨਲੈਂਡ ਨੂੰ ਹਥਿਆਉਣ ਦੀ ਆਪਣੀ ਗੱਲ ਦੁਹਰਾਈ- ਇਕ ਖ਼ਬਰ

ਕੋਈ ਟਿਕ ਕੇ ਬੈਠ ਨਾ ਜਾਵੇ, ਅਸੀਂ ਟਿੰਡ ਵਿਚ ਕਾਨਾ ਪਾਈ ਰੱਖਣਾ।

ਚੌਦਾਂ ਸਾਲ ਬੀਤ ਜਾਣ ਬਾਅਦ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ- ਇਕ ਖ਼ਬਰ

ਕੁੱਤੀ ਚੋਰਾਂ ਨਾਲ਼ ਰਲ਼ੀ ਹੋਈ ਐ ਭਾਈ।

ਅਮਰੀਕਾ ਨੇ ਚੀਨ ਬਾਰੇ ਭਾਰਤ ਨੂੰ ਦਿਤੀ ਚਿਤਾਵਨੀ- ਇਕ ਖ਼ਬਰ

ਨਾ ਜਾਈਂ ਮਸਤਾਂ ਦੇ ਵਿਹੜੇ, ਮਸਤ ਬਣਾ ਦੇਣਗੇ ਬੀਬਾ।

ਟਰੰਪ ਨੇ ਇਕ ਸਾਲ ‘ਚ 2 ਅਰਬ ਡਾਲਰ ਦਾ ਦਾਨ ਲਿਆ ਤੇ ਬਦਲੇ ‘ਚ ਕਰੋੜਾਂ ਦਾ ਲਾਭ ਵੀ ਦਿਤਾ- ਇਕ ਖ਼ਬਰ

ਇਹਨੂੰ ਕਹਿੰਦੇ ਨੇ, ਇਕ ਹੱਥ ਦੇਵੋ ਇਕ ਹੱਥ ਲਉ

ਡੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਨੂੰ ਢਾਉਣ ਦੀ ਬਜਾਇ ਵਿਰਾਸਤੀ ਦਰਜਾ ਦੇ ਕੇ ਅਜਾਇਬ ਘਰ ਬਣਾਉ- ਗੁਰਭਜਨ ਗਿੱਲ

ਗਿੱਲ ਸਾਹਿਬ ਬੁਲਡੋਜ਼ਰਾਂ ਵਾਲਿਆਂ ਦੇ ਖਾਨੇ ਨਹੀਂ ਇਹ ਗੱਲ ਪੈਣੀ।

‘ਵੀਰ ਬਾਲ ਦਿਵਸ’ ਵਿਵਾਦ ‘ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸਰਕਾਰ ਦਾ ਬਚਾਅ- ਇਕ ਖ਼ਬਰ

ਜਿਸ ਦੀ ਖਾਈਏ ਬਾਜਰੀ, ਉਹਦੀ ਭਰੀਏ ਹਾਜ਼ਰੀ।

ਨਵਜੋਤ ਕੌਰ ਸਿੱਧੂ ਨੇ ਹੁਣ ਅਮਿਤ ਸ਼ਾਹ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ, ਭਾਜਪਾ ‘ਚ ਜਾਣ ਦੀ ਚਰਚਾ- ਇਕ ਖ਼ਬਰ

ਨੀ ਮੈਂ ਜਾਣਾ ਜੋਗੀ ਦੇ ਨਾਲ, ਕੰਨੀਂ ਮੁੰਦਰਾਂ ਪਾ ਕੇ।

ਕੀ ਸਿਆਸਤਦਾਨ ਲੋਕਾਂ ਦੀ ਸੇਵਾ ਲਈ ਹੀ ਰਾਜਨੀਤੀ ‘ਚ ਆਉਂਦੇ ਹਨ?- ਇਕ ਸਵਾਲ

ਇਕ ਲਾ ਕੇ ਸੌ ਨੇ ਬਣਾਉਂਦੇ, ਕਹਾਉਂਦੇ ਸੇਵਾਦਾਰ ਲੋਕਾਂ ਦੇ

====================================================================================