ਹਵਾ ਨੂੰ ਬਾਂਸ ਨਾਲ ਰੋਕਣ ਵਾਲ਼ੇ - ਕਹਾਣੀ - ਅਵਤਾਰ ਐਸ. ਸੰਘਾ
ਇਹ 1989 ਦੀ ਗੱਲ ਏ। ਮੈਂ ਪੰਜਾਬ ਦੇ ਇੱਕ ਡਿਗਰੀ ਕਾਲਜ ਵਿੱਚ ਸਲਾਨਾ ਪ੍ਰੀਖਿਆਵਾਂ ਦਾ ਸੈਂਟਰ ਸੁਪਰਡੰਟ ਸਾਂ। ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਹਾਲਾਤ ਖਰਾਬ ਹੋਣ ਕਾਰਨ ਕਾਲਜਾਂ ਦੀਆਂ ਪ੍ਰੀਖਿਆਵਾਂ ਇੱਕ ਮਜ਼ਾਕ ਹੀ ਬਣੀਆਂ ਹੋਈਆਂ ਸਨ। ਨਿਗਰਾਨ ਪ੍ਰੋਫੈਸਰ ਆਪਣਾ ਡੰਗ ਟਪਾ ਰਹੇ ਸਨ ਤੇ ਉਮੀਦਵਾਰ ਇਹਨਾਂ ਨਿਗਰਾਨਾਂ ਨੂੰ ਗਹਿਰੀ ਅੱਖ ਦਿਖਾ ਕੇ ਆਪਣਾ ਮਤਲਬ ਕੱਢੀ ਜਾ ਰਹੇ ਸਨ। ਯੂਨੀਵਰਸਿਟੀਆਂ ਵਾਲੇ ਪ੍ਰੀਖਿਆ ਕੇਂਦਰਾਂ ਵੱਲ ਮਾੜਾ ਮੋਟਾ ਗੇੜਾ ਹੀ ਮਾਰਦੇ ਸਨ।ਉੱਪਰੋਂ ਲੈ ਕੇ ਹੇਠਾਂ ਤੱਕ ਹਰ ਕੋਈ ਬਾਂਸ ਨਾਲ਼ ਹਵਾ ਰੋਕਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ। ਭਾਵੇਂ ਸਰਹੱਦੀ ਜਿਲ੍ਹਿਆਂ ਦਾ ਹਾਲ ਜਿਆਦਾ ਹੀ ਮਾੜਾ ਸੀ, ਬਾਕੀ ਸਾਰਾ ਪੰਜਾਬ ਵੀ ਤਕਰੀਬਨ ਇਹੋ ਜਿਹੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰ ਰਿਹਾ ਸੀ।
ਚਲਾਕ ਅਧਿਆਪਕ ਤਰੀਕੇ ਨਾਲ ਨਿਗਰਾਨ ਤੇ ਸੁਪਰਡੰਟ ਦੀ ਡਿਊਟੀ ਤੋਂ ਬਚ ਜਾਇਆ ਕਰਦੇ ਸਨ। ਸ਼ਰੀਫ ਬੰਦੇ ਜੋਖਮ ਭਰਪੂਰ ਕੰਮਾਂ ਤੇ ਮੱਲੋ ਮੱਲੀ ਲਗਾ ਦਿੱਤੇ ਜਾਂਦੇ ਸਨ। ਇਹ ਸ਼ਰੀਫ ਬੰਦੇ ਬੜੀ ਸਿਆਣਪ ਤੇ ਨਰਮਾਈ ਨਾਲ ਆਪਣੇ ਦਿਨ ਕੱਟੀ ਜਾਇਆ ਕਰਦੇ ਸਨ। ਮੇਰੀ ਡਿਊਟੀ ਯੂਨੀਵਰਸਿਟੀ ਦੇ ਇਸ ਕੰਮ ਲਈ ਇਸ ਕਰਕੇ ਲੱਗੀ ਸੀ ਕਿਉਂਕਿ ਮੇਰਾ ਪ੍ਰਿੰਸੀਪਲ ਬਹੁਤਾ ਮੇਰੇ ਹੱਕ ਵਿੱਚ ਨਹੀਂ ਸੀ ਹੋਇਆ ਕਰਦਾ। ਆਪ ਉਹ ਪਰੇ ਉਰੇ ਹੋ ਜਾਇਆ ਕਰਦਾ ਸੀ ਤੇ ਮੈਨੂੰ ਪਰੇਸ਼ਾਨੀ ਵਿੱਚ ਪਾ ਦਿਆ ਕਰਦਾ ਸੀ। ਮਿਸਾਲ ਦੇ ਤੌਰ ਤੇ ਇੱਕ ਗਣਤੰਤਰ ਦਿਵਸ ਦੀ ਗੱਲ ਸੁਣਾ ਦਿੰਦਾ ਹਾਂ। ਮੈਂ ਕਾਲਜ ਦਾ ਐਨ. ਸੀ. ਸੀ. ਅਫਸਰ ਵੀ ਸਾਂ। ਪੰਜਾਬ ਦੇ ਹਾਲਾਤਾਂ ਦੇ ਮੱਦੇ ਨਜ਼ਰ ਕਾਲਜ ਦੇ ਐਨ. ਸੀ. ਸੀ. ਕੈਡਟਾਂ ਨੇ ਸਿੱਖ ਫੈਡਰੇਸ਼ਨ ਦੀ ਕਾਲ ਤੇ ਗਣਤੰਤਰ ਦਿਵਸ ਦੀ ਪਰੇਡ ਦਾ ਬਾਈਕਾਟ ਕਰ ਦਿੱਤਾ ਸੀ। ਜਦ ਕੈਡਟ ਰਿਹਰਸਲ ਵਿੱਚ ਨਹੀਂ ਗਏ ਤਾਂ ਪੁਲਿਸ ਦਾ ਸਿਪਾਹੀ ਮੇਰੇ ਘਰ ਆ ਗਿਆ। ਕਹਿੰਦਾ: ਤੁਹਾਨੂੰ ਠਾਣੇ ਬੁਲਾਇਆ ਹੈ। ਮੈਂ ਚਲਾ ਗਿਆ। ਐਸ. ਐਚ. ਓ. ਕਹਿੰਦਾ: ਕੈਡਟ ਪਰੇਡ ਦੀ ਰਿਹਰਸਲ ਵਿਚ ਕਿਉਂ ਨਹੀਂ ਆਏ। ਮੈਂ ਕਿਹਾ: 'ਮੈਂ ਬਥੇਰਾ ਜ਼ੋਰ ਲਾਇਆ ਉਹ ਮੰਨੇ ਹੀ ਨਹੀਂ।' ਐਸ. ਐਚ. ਓ. ਕਹਿਣ ਲੱਗਾ, 'ਜੀਪ ਤੇ ਬੈਠੋ ਤੇ ਡੀ. ਐਸ. ਪੀ. ਪਾਸ ਜਾ ਕੇ ਆਪਣਾ ਇਹ ਬਿਆਨ ਦਿਓ।' ਮੈਨੂੰ ਖੁੱਲੀ ਜੀਪ ਤੇ ਬਿਠਾ ਕੇ ਨਹਿਰ ਦੇ ਪਾਸ ਧੁੱਪ ਵਿੱਚ ਲੱਗੇ ਡੀ. ਐਸ. ਪੀ. ਦੇ ਦਫਤਰ ਲੈ ਗਏ। ਮੈਂ ਉੱਥੇ ਜਾ ਕੇ ਵੀ ਇਹੀ ਬਿਆਨ ਦੇ ਦਿੱਤਾ। ਡੀ. ਐਸ. ਪੀ. ਕਹਿਣ ਲੱਗਾ: 'ਨਾਮ ਲਓ, ਕਿਹੜਾ ਕੈਡਟ ਪੈਰ ਖਿੱਚ ਰਿਹਾ ਏ।' ਮੈਂ ਕਿਹਾ 'ਸਾਰੇ ਹੀ ਚੁੱਪ ਖੜੇ ਸਨ।' ਕਹਿੰਦਾ, 'ਜੇ ਤੁਹਾਡਾ ਐਨ. ਸੀ. ਸੀ. ਭੱਤਾ ਬੰਦ ਕਰਵਾ ਦਿਆਂ?' ਮੈਂ ਚੁੱਪ ਰਿਹਾ। ਕੁਝ ਦੇਰ ਬਿਠਾ ਕੇ ਮੈਨੂੰ ਫਿਰ ਥਾਣੇ ਮੇਰੇ ਮੋਟਰਸਾਈਕਲ ਪਾਸ ਛੱਡ ਗਏ। ਮੈਂ ਫਿਰ ਘਰ ਵਾਪਸ ਆ ਗਿਆ। ਇਸ ਵਕਤ ਮੇਰੇ ਕਾਲਜ ਦੇ ਪ੍ਰਿੰਸੀਪਲ ਦੀ ਇਹ ਡਿਊਟੀ ਬਣਦੀ ਸੀ ਕਿ ਮੇਰੇ ਨਾਲ ਠਾਣੇ ਜਾਂਦਾ। ਪ੍ਰਿੰਸੀਪਲ ਆਪ ਸ਼ਹਿਰ ਛੱਡ ਕੇ ਪਰੇ ਉਰੇ ਹੋ ਗਿਆ ਤੇ ਮੈਨੂੰ ਚੱਕਰ ਵਿੱਚ ਪਾ ਗਿਆ। ਮੈਨੂੰ ਖੁੱਲੀ ਜੀਪ ਵਿੱਚ ਬੈਠੇ ਨੂੰ ਦੇਖ ਕੇ ਲੋਕਾਂ ਨੇ ਮੇਰੇ ਬਾਰੇ ਪਤਾ ਨਹੀਂ ਕੀ ਕੀ ਅੰਦਾਜੇ ਲਗਾਏ ਹੋਣਗੇ। ਇਹ ਹਾਲ ਸੀ ਮਾੜੇ ਪ੍ਰਿੰਸੀਪਲਾਂ ਦਾ ਉਸ ਸਮੇਂ। ਜਦ ਮੈਂ ਡਿਊਟੀ ਤੇ ਜਾਣ ਲਈ ਤਿਆਰ ਹੋਇਆ ਤਾਂ ਮੇਰੇ ਕਾਲਜ ਦਾ ਇੱਕ ਕੱਚਾ ਲੈਕਚਰਾਰ ਮੇਰੇ ਨਾਲ ਉਸੇ ਕਾਲਜ ਵਿੱਚ ਪ੍ਰੀਖਿਆ ਕੇਂਦਰ ਵਿੱਚ ਨਿਗਰਾਨ ਦੇ ਤੌਰ ਤੇ ਜਾਣ ਲਈ ਤਿਆਰ ਹੋ ਗਿਆ ਕਿਉਂਕਿ ਉਸਦਾ ਪਿੰਡ ਉਸ ਪਾਸੇ ਪੈਂਦਾ ਸੀ। ਇਸ ਪ੍ਰਕਾਰ ਉਹ ਉਧਰੋਂ ਆਪਣੇ ਘਰੋਂ ਡਿਊਟੀ ਦੇ ਕੇ ਆਪਣਾ ਡੇਢ ਕੁ ਮਹੀਨਾ ਕੱਢਣਾ ਚਾਹੁੰਦਾ ਸੀ ਤੇ ਨਾਲ ਪੈਸੇ ਕਮਾਉਣਾ ਚਾਹੁੰਦਾ ਸੀ। ਮੈਂ ਸੋਚਿਆ ਮੇਰੇ ਨਾਲ ਜਾਣ ਨਾਲ ਉਹ ਮੇਰੇ ਲਈ ਪੰਜਾਬ ਦੇ ਮਾੜੇ ਹਾਲਾਤਾਂ ਵਿੱਚ ਜਸਮਾਨੀ ਤੇ ਨੈਤਿਕ ਦੋਨੋਂ ਸਪੋਰਟਾਂ ਬਣ ਜਾਵੇਗਾ। ਏ. ਕੇ. ਸੰਤਾਲੀ ਦੇ ਸਾਏ ਹੇਠ ਹੋ ਰਹੀਆਂ ਪ੍ਰੀਖਿਆਵਾਂ ਦੌਰਾਨ ਜੇ ਦੋ ਬੰਦੇ ਇਕੱਠੇ ਤੁਰਦੇ ਫਿਰਦੇ ਹੋਣ ਤਾਂ ਕਿਸੇ ਐਰੇ ਗੈਰੇ ਦਾ ਡਰਾਉਣ ਧਮਕਾਉਣ ਦਾ ਥੋੜ੍ਹੇ ਕੀਤੇ ਹੌਸਲਾ ਨਹੀਂ ਸੀ ਪੈਂਦਾ। ਮੇਰੇ ਨਾਲ ਜਾਣ ਵਾਲੇ ਇਸ ਲੈਕਚਰਾਰ ਦਾ ਨਾਮ ਮਨੋਹਰ ਸਿੰਘ ਸੀ।
ਅਸੀਂ 4 ਅਪ੍ਰੈਲ ਨੂੰ ਜਾ ਕੇ ਉਸ ਕਾਲਜ ਵਿੱਚ ਆਪਣੀ ਡਿਊਟੀ ਸੰਭਾਲ ਲਈ। ਵੱਖ ਵੱਖ ਜਮਾਤਾਂ ਦੇ ਪਹਿਲੇ ਦੋ ਤਿੰਨ ਪਰਚੇ ਅੰਗਰੇਜ਼ੀ ਦੇ ਸਨ। ਇਸ ਤੋਂ ਬਾਅਦ ਗਣਿਤ ਦਾ ਪਰਚਾ ਆ ਗਿਆ। ਇਹ ਪਰਚਾ ਖਤਮ ਹੋਣ ਤੋਂ ਬਾਅਦ ਮੈਨੂੰ ਮੇਰੇ ਸਾਥੀ ਪ੍ਰੋਫੈਸਰ ਮਨੋਹਰ ਸਿੰਘ ਨੇ ਦੱਸਿਆ ਕਿ ਕਾਲਜ ਦੇ ਇੱਕ ਉਮੀਦਵਾਰ ਦੇ ਮਾਪਿਆਂ ਨੇ ਉਹਦੇ ਤੱਕ ਇਸ ਪਰਚੇ ਵਿੱਚ ਨਕਲ ਕਰਵਾਉਣ ਲਈ ਪਹੁੰਚ ਕੀਤੀ ਸੀ। ਮਨੋਹਰ ਕਹਿੰਦਾ ਕਿ ਉਸਨੇ ਉਸ ਉਮੀਦਵਾਰ ਦੇ ਮਾਪਿਆਂ ਨੂੰ ਇਹ ਯਕੀਨ ਦੁਆ ਦਿੱਤਾ ਸੀ ਕਿ ਉਹ ਉਸ ਕਮਰੇ ਵਿੱਚ ਆਪਣੀ ਡਿਊਟੀ ਲਗਵਾ ਲਵੇਗਾ ਤੇ ਉਮੀਦਵਾਰ ਜੋ ਚਾਹੇ ਕਰ ਲਵੇ। ਜਦ ਪਰਚਾ ਸ਼ੁਰੂ ਹੋਇਆ, ਉਹ ਕਹਿੰਦਾ, ਉਸਨੇ ਇਸ ਪਰਚੇ ਦੇ ਪੰਜ ਛੇ ਸਵਾਲ ਉਸ ਉਮੀਦਵਾਰ ਦੇ ਮਾਪਿਆਂ ਨੂੰ ਇੱਕ ਚਪੜਾਸੀ ਦੇ ਹੱਥ ਬਾਹਰ ਭੇਜ ਦਿੱਤੇ ਤਾਂ ਕਿ ਉਹ ਇਹ ਸਵਾਲ ਹੱਲ ਕਰਵਾ ਕੇ ਵਾਪਸ ਅੰਦਰ ਭੇਜ ਦੇਣ। ਮਾਪਿਆਂ ਨੇ ਉਸੇ ਕਾਲਜ ਦੇ ਹਿਸਾਬ ਦੇ ਕਾਰਜਕਾਰੀ ਪ੍ਰੋਫੈਸਰ ਮੇਲ੍ਹਰ ਸਿੰਘ ਨਾਲ ਪਹਿਲਾਂ ਹੀ ਗੱਲ ਕੀਤੀ ਹੋਈ ਸੀ ਕਿ ਪ੍ਰਸ਼ਨ ਪੱਤਰ ਬਾਹਰ ਆ ਜਾਵੇਗਾ ਤੇ ਉਹ ਪਰਚਾ ਹੱਲ ਕਰ ਦੇਵੇਗਾ। ਇਸ ਪ੍ਰਕਾਰ ਹੱਲ ਕੀਤੇ ਹੋਏ ਸਵਾਲ ਅੰਦਰ ਭੇਜ ਕੇ ਉਹ ਆਪਣੇ ਲੜਕੇ ਦੀ ਮਦਦ ਕਰਵਾ ਦੇਣਗੇ। ਮਨੋਹਰ ਨੇ ਮੈਨੂੰ ਦੱਸਿਆ ਕਿ ਉਸਨੇ ਸਵਾਲ ਤਾਂ ਬੜੀ ਜਲਦੀ ਬਾਹਰ ਭੇਜ ਦਿੱਤੇ ਸਨ ਪ੍ਰੰਤੂ ਇਹ ਹੱਲ ਹੋ ਕੇ ਵਾਪਸ ਨਹੀਂ ਸੀ ਆਏ । ਅੰਦਰ ਬੈਠਾ ਉਮੀਦਵਾਰ ਤਰਲੋ ਮੱਛੀ ਹੋਈ ਜਾਵੇ ਕਿਉਂਕਿ ਉਹ ਹੱਲ ਕੀਤੇ ਸਵਾਲ ਉਡੀਕ ਰਿਹਾ ਸੀ। ਦੂਜੇ ਪਾਸੇ ਸਮਾਂ ਖੰਭ ਲਗਾ ਕੇ ਉੱਡਦਾ ਜਾ ਰਿਹਾ ਸੀ। ਹੱਲ ਕੀਤੇ ਹੋਏ ਸਵਾਲ ਉਦੋਂ ਤੱਕ ਵੀ ਨਾ ਆਏ ਜਦ ਸਮਾਂ ਖਤਮ ਹੋਣ ਨੂੰ ਅੱਧਾ ਘੰਟਾ ਰਹਿੰਦਾ ਸੀ। ਮਨੋਹਰ ਕਹਿੰਦਾ ਕਿ ਉਹਦਾ ਕੰਮ ਤਾਂ ਉਸ ਲੜਕੇ ਪ੍ਰਤੀ ਨਰਮ ਰਹਿਣਾ ਸੀ। ਨਰਮ ਉਹ ਰਹੀ ਜਾ ਰਿਹਾ ਸੀ। ਜਦ ਲੜਕੇ ਪਾਸ ਕੁਝ ਪਹੁੰਚਿਆ ਹੀ ਨਹੀਂ ਤਾਂ ਮੇਰੀ ਨਰਮਾਈ ਵੀ ਕੀ ਕਰ ਸਕਦੀ ਸੀ? ਜਦ ਉਹਦੇ ਪਾਸ ਹੱਲ ਕੀਤੇ ਸਵਾਲ ਪਹੁੰਚੇ ਹੀ ਨਾ ਤਾਂ ਉਹ ਤਾਂ ਪਰਚਾ ਕਰਨ ਤੋਂ ਸੱਖਣਾ ਰਹਿ ਗਿਆ। ਆਖਰ ਸਮਾਂ ਖਤਮ ਹੋ ਗਿਆ। ਸਭ ਉਮੀਦਵਾਰਾਂ ਤੋਂ ਪਰਚੇ ਲੈ ਲਏ ਗਏ।
ਬਾਹਰ ਮੇਲ੍ਹਰ ਸਿੰਘ ਨੂੰ ਉਸ ਉਮੀਦਵਾਰ ਦੇ ਮਾਪੇ ਪਹਿਲਾਂ ਹੀ ਰੈਡ ਨਾਈਟ ਵਿਸਕੀ ਦੀਆਂ ਦੋ ਬੋਤਲਾਂ ਦੇ ਚੁੱਕੇ ਸਨ ਤਾਂ ਕਿ ਉਹ ਸਵਾਲ ਹੱਲ ਕਰਕੇ ਫੁਰਤੀ ਨਾਲ਼ ਅੰਦਰ ਭੇਜ ਦੇਵੇ। ਜਦ ਪਰਚਾ ਖਤਮ ਹੋਣ ਤੋਂ ਬਾਅਦ ਮੈਂ ਆਪਣੀਆਂ ਉੱਤਰ ਪੱਤਰੀਆਂ ਸੁਪਰਡੰਟ ਪਾਸ ਜਮ੍ਹਾਂ ਕਰਾ ਕੇ ਕੇਂਦਰ ਤੋਂ ਬਾਹਰ ਨਿਕਲਿਆ ਤਾਂ ਮਨੋਹਰ ਮੈਨੂੰ ਉੱਡ ਕੇ ਮਿਲਿਆ ਤੇ ਕਹਿਣ ਲੱਗਾ:
"ਸਰ ਜੀ, ਕੰਮ ਤਾਂ ਨਹੀਂ ਹੋ ਸਕਿਆ ਪਰੰਤੂ ਮਾਲ ਮਿਲ ਚੁੱਕਾ ਹੈ।"
"ਕੀ ਭਾਵ?" ਮੈਂ ਹੈਰਾਨ ਸਾਂ।
"ਸਰ, ਅੰਦਰ ਮੇਰੇ ਕਮਰੇ ਵਿੱਚ ਇੱਕ ਉਮੀਦਵਾਰ 227088 ਸੀ। ਜਿਸ ਦਾ ਨਾਮ ਕਰਨ ਸੀ। ਉਸਨੇ ਬਾਹਰ ਇਸੀ ਕਾਲਜ ਦੇ ਨਵੇਂ ਨਵੇਂ ਪਾਰਟ ਟਾਈਮ ਨਿਯੁਕਤ ਹੋਏ ਪ੍ਰੋਫੈਸਰ ਮੇਲ੍ਹਰ ਸਿੰਘ ਨੂੰ ਪਰਚਾ ਹੱਲ ਕਰਨ ਲਈ ਦੋ ਬੋਤਲਾਂ ਵਿਸਕੀ ਦੀਆਂ ਦਿੱਤੀਆਂ ਹੋਈਆਂ ਸਨ। ਇਹਨਾਂ ਵਿੱਚੋਂ ਇੱਕ ਬੋਤਲ ਮੇਲ੍ਹਰ ਸਿੰਘ ਨੇ ਮੈਨੂੰ ਦੇ ਦਿੱਤੀ ਸੀ ਤਾਂ ਕਿ ਮੈਂ ਅੰਦਰ ਉਸ ਉਮੀਦਵਾਰ ਪ੍ਰਤੀ ਨਰਮ ਰਹਾਂ। ਮੁੰਡੇ ਦਾ ਕੰਮ ਤਾਂ ਨਹੀਂ ਹੋਇਆ ਪਰ ਮਾਲ ਤਾਂ ਮਿਲ ਹੀ ਚੁੱਕਾ ਏ। ਆਓ ਆਪਾਂ ਮੇਲ੍ਹਰ ਸਿੰਘ ਦੇ ਕਮਰੇ ਵਿੱਚ ਚਲੀਏ ਤੇ ਉੱਥੇ ਜਾ ਕੇ ਗਲਾਸੀ ਲਗਾ ਲਈਏ।"
ਮੈਂ ਮਨੋਹਰ ਨੂੰ ਤਾੜਿਆ, "ਪੰਜਾਬ ਦੇ ਹਾਲਾਤ ਅੰਤਾਂ ਦੇ ਖਰਾਬ ਹਨ। ਤੁਸੀਂ ਉਮੀਦਵਾਰਾਂ ਤੋਂ ਸ਼ਰਾਬ ਲੈ ਕੇ ਬੜਾ ਘਟੀਆ ਕੰਮ ਕੀਤਾ ਹੈ। ਇੰਜ ਕਰਕੇ ਤੁਸੀਂ ਇੱਥੇ ਮੇਰਾ ਨਾਮ ਵੀ ਬਦਨਾਮ ਕਰ ਦੇਵੋਗੇ।"
"ਸਰ ਜੀ, ਗੁੱਸਾ ਨਾ ਕਰੋ। ਪ੍ਰਭਾਵ ਤਾਂ ਸਾਰੇ ਪੰਜਾਬ ਦਾ ਖਰਾਬ ਹੋ ਹੀ ਚੁੱਕਾ ਏ। ਨਕਲ ਤਾਂ ਸਾਰੇ ਪਾਸੇ ਆਮ ਚੱਲਦੀ ਏ। ਨਾਲੇ ਮੈਂ ਕਿਹੜੀ ਸਿੱਧੀ ਉਮੀਦਵਾਰ ਤੋਂ ਫੜੀ ਏ। ਮੈਨੂੰ ਤਾਂ ਮੇਲ੍ਹਰ ਨੇ ਪਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਫੜਾ ਦਿੱਤੀ ਸੀ। ਆਓ ਇੱਕ ਇੱਕ ਹਾੜਾ ਲਗਾ ਲੈਦੇ ਹਾਂ। ਫਿਰ ਚਲੇ ਚਲਾਂਗੇ।"
"ਮਨੋਹਰ, ਮੈਂ ਤਾਂ ਪੀਣੀ ਨਹੀਂ, ਤੁਹਾਡੀ ਮਰਜ਼ੀ।"
"ਸਰ, ਮੈਂ ਤੁਹਾਡੇ ਨਾਲ ਸਕੂਟਰ ਤੇ ਜਾਣਾ ਏ। ਮੇਰੇ ਪਾਸ ਤਾਂ ਕੋਈ ਵਾਹਨ ਹੈ ਹੀ ਨਹੀਂ। ਤੁਸੀਂ ਮੈਨੂੰ ਰਸਤੇ ਵਿੱਚੋਂ ਮੇਰੇ ਪਿੰਡ ਉਤਾਰੋਗੇ ਤੇ ਫਿਰ ਆਪਣੇ ਸ਼ਹਿਰ ਨੂੰ ਜਾਓਗੇ। ਚਾਹੋ ਤਾਂ ਅੱਜ ਦੀ ਰਾਤ ਮੇਰੇ ਪਾਸ ਰਹਿ ਲੈਣਾ। ਆਓ ਤਾਂ ਸਹੀ ਦੇਖੀਏ ਮੇਲ੍ਹਰ ਸਿੰਘ ਨੇ ਕੀ ਪ੍ਰਬੰਧ ਕੀਤਾ ਹੋਇਆ ਏ।"
"ਮਨੋਹਰ, ਉਮੀਦਵਾਰ ਦਾ ਕੰਮ ਤਾਂ ਬਣਿਆ ਕੋਈ ਨਹੀਂ। ਮੇਲ੍ਹਰ ਨੇ ਉਸ ਲਈ ਸਵਾਲ ਹੱਲ ਕਰਕੇ ਅੰਦਰ ਕਿਉਂ ਨਹੀਂ ਭੇਜੇ?"
"ਇਸ ਦਾ ਕਾਰਨ ਵੀ ਸੁਣ ਲਓ। ਪਰਚਾ ਕਾਫੀ ਔਖਾ ਸੀ। ਦੂਜੀ ਗੱਲ ਇਹ ਕਿ ਮੇਲ੍ਹਰ ਸਿੰਘ ਵੀ ਹੁਣੇ ਹੁਣੇ ਹਿਸਾਬ ਦੀ ਐਮ. ਏ. ਕਰਕੇ ਆਇਆ ਹੈ। ਉਸਦੀ ਕਾਲਜ ਵਿੱਚ ਇਹ ਪਹਿਲੀ ਪੋਸਟਿੰਗ ਹੈ। ਉਹ ਹੈ ਵੀ ਪਾਰਟ ਟਾਈਮ। ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਪੰਜ ਛੇ ਸਾਲਾਂ ਤੋਂ ਨਕਲ ਤਾਂ ਆਮ ਚੱਲਦੀ ਹੀ ਆ ਰਹੀ ਏ। ਮੇਲ੍ਹਰ ਨੇ ਵੀ ਐਮ. ਏ. ਨਕਲ ਦੇ ਸਿਰ ਤੇ ਹੀ ਕੀਤੀ ਸੀ। ਇੱਕ ਤਾਂ ਮਾਡਰਨ ਗਣਿਤ ਪਾਠ ਕ੍ਰਮਾਂ ਦਾ ਹਿੱਸਾ ਬਣ ਗਿਆ। ਇਹ ਵੈਸੇ ਵੀ ਕਾਫੀ ਔਖਾ ਏ। ਦੂਜੇ ਹੁਣ ਮੇਲ੍ਹਰ ਜਿਹੇ ਅਨੇਕਾਂ ਬੰਦੇ ਨਕਲ ਦੇ ਸਿਰ ਤੇ ਸਿਫਾਰਸ਼ਾਂ ਨਾਲ ਆਮ ਮਹਿਕਮਿਆਂ ਵਿੱਚ ਆਣ ਭਰਤੀ ਹੋਏ ਹਨ। ਇਹ ਲੋਕ ਆਪਣੇ ਖੇਤਰ ਦੇ ਮਾਹਰ ਨਹੀਂ ਹਨ। ਸੁਣਿਆ ਬਾਹਰ ਬੈਠੇ ਮੇਲ੍ਹਰ ਨੇ ਸਵਾਲ ਹੱਲ ਕਰਨ ਲਈ ਸਾਰਾ ਜ਼ੋਰ ਲਗਾਇਆ। ਉਸ ਤੋਂ ਪੰਜਾ ਸਵਾਲਾਂ ਵਿੱਚੋਂ ਇੱਕ ਵੀ ਸਵਾਲ ਹੱਲ ਨਹੀਂ ਹੋ ਸਕਿਆ। ਉਮੀਦਵਾਰਾਂ ਦੇ ਮਾਪੇ ਵੱਡੀਆਂ ਉਮੀਦਾਂ ਨਾਲ ਉਹਨੂੰ ਨਾਲ ਲੈ ਕੇ ਆਏ ਸਨ। ਉਹਨਾਂ ਦੀਆਂ ਸਭ ਆਸਾਂ ਤੇ ਪਾਣੀ ਫਿਰ ਗਿਆ। ਮੇਲ੍ਹਰ ਬੈਠਾ ਬਾਂਸ ਨਾਲ ਹਵਾ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ। ਕਦੀ ਥੁੱਕ ਨਾਲ ਵੀ ਪਕੌੜੇ ਪੱਕਦੇ ਨੇ? ਅਸਲੀ ਖਾੜਕੂ ਪੰਜਾਬ ਦੀ ਲਹਿਰ ਕਿਸੇ ਖਾਸ ਮਕਸਦ ਲਈ ਚਲਾ ਰਹੇ ਹਨ। ਇਸ ਆੜ ਵਿੱਚ ਕਾਫੀ ਨਕਲੀ ਅੱਤਵਾਦੀ ਵੀ ਪੈਦਾ ਹੋ ਗਏ ਹਨ, ਜਿਹੜੇ ਆਪਣਾ ਮਤਲਬ ਕੱਢ ਰਹੇ ਹਨ। ਇਸ ਪ੍ਰਕਾਰ ਪੰਜਾਬ ਦੇ ਬਹੁਤੇ ਮਹਿਕਮਿਆਂ ਵਿੱਚ ਮਾੜੇ ਬੰਦੇ ਭਰਦੀ ਹੋਈ ਜਾ ਰਹੇ ਹਨ। ਇਸ ਪ੍ਰਕਾਰ ਦੀਆਂ ਸਿਫਾਰਸ਼ੀ ਫੀਤੀਆਂ ਲੁਆਣ ਵਾਲੇ ਬੰਦੇ ਪੁਲਿਸ ਵਿੱਚ ਵੀ ਕਾਫੀ ਆ ਗਏ ਹਨ। ਜੇ ਹਾਲਾਤ ਇਸ ਪ੍ਰਕਾਰ ਦੇ ਰਹੇ ਤਾਂ ਆਉਣ ਵਾਲੇ ਚਾਰ ਪੰਜ ਸਾਲਾਂ ਵਿੱਚ ਬਹੁਤੇ ਮਹਿਕਮਿਆਂ ਵਿੱਚ ਕੱਚੇ ਪਿੱਲੇ ਕਰਮਚਾਰੀ ਹੀ ਹੋਇਆ ਕਰਨਗੇ।"
"ਜੇ ਇੰਜ ਸੀ ਤਾਂ ਮੇਲ੍ਹਰ ਸਿੰਘ ਨੇ ਉਮੀਦਵਾਰ ਦੇ ਮਾਂ ਪਿਓ ਤੋਂ ਸ਼ਰਾਬ ਕਿਉਂ ਲਈ?"
"ਸ਼ਰਾਬ ਤਾਂ ਮਾਪਿਆਂ ਨੇ ਉਸਨੂੰ ਇੱਕ ਦਿਨ ਪਹਿਲਾਂ ਹੀ ਫੜਾ ਦਿੱਤੀ ਸੀ।ਉਸਨੇ ਮੈਨੂੰ ਵੀ ਇੱਕ ਬੋਤਲ ਅੱਜ ਸਵੇਰੇ ਹੀ ਦੇ ਦਿੱਤੀ ਸੀ ਖੌਰੇ ਉਹਨੇ ਕੋਈ ਬਹਾਨਾ ਉਸਦੇ ਮਾਪਿਆਂ ਪਾਸ ਮਾਰ ਦਿੱਤਾ ਹੋਊ। ਕਹਿ ਦਿੱਤਾ ਹੋਊ, ਸੁਪਰਡੰਟ ਨੇ ਮਾਲ ਅੰਦਰ ਜਾਂਦੇ ਜਾਂਦੇ ਚਪੜਾਸੀ ਤੋਂ ਬਾਹਰ ਹੀ ਫੜ ਲਿਆ ਹੋਊ। ਹੋਰ ਬਥੇਰੇ ਤਰੀਕੇ ਹੁੰਦੇ ਹਨ ਮਾਪਿਆਂ ਨੂੰ ਤਸੱਲੀ ਦੁਆਂਉਣ ਦੇ। ਇਸ ਸਭ ਕੁਝ ਇੱਕ ਬੰਦੇ ਦੇ ਹੱਥ ਵਿੱਚ ਥੋੜ੍ਹਾ ਏ। ਮਾਲ ਲੈ ਕੇ ਬਾਅਦ ਵਿੱਚ ਜੋ ਮਰਜ਼ੀ ਬੋਲ ਦਿਓ।ਆਓ, ਅਸੀਂ ਉਸਦੇ ਕਮਰੇ ਵਿੱਚ ਚਲਦੇ ਹਾਂ। ਜੇ ਤੁਸੀਂ ਨਹੀਂ ਵੀ ਪੀਂਦੇ ਤਾਂ ਵੀ ਤੁਸੀਂ ਘੰਟਾ ਕੁ ਸਾਡੇ ਪਾਸ ਵੈਸੇ ਹੀ ਬੈਠੇ ਰਿਹੋ। ਕੁਝ ਖਾ ਪੀ ਲੈਣਾ। ਮੈਂ ਦੋ ਕੁ ਹਾੜੇ ਹੀ ਲਗਾਵਾਂਗਾ, ਜ਼ਿਆਦਾ ਨਹੀਂ। ਨਾਲੇ ਮੇਲ੍ਹਰ ਤੋਂ ਅਸਲੀ ਕਹਾਣੀ ਪੁੱਛਾਂਗੇ। ਫਿਰ ਆਪਾਂ ਚਲੇ ਚੱਲਾਂਗੇ।"
ਮੈਂ ਮਨੋਹਰ ਨਾਲ ਮੇਲ੍ਹਰ ਦੇ ਕਮਰੇ ਨੂੰ ਚੱਲ ਪਿਆ। ਰਾਹ ਵਿੱਚ ਮੈਂ ਮਨੋਹਰ ਨੂੰ ਪੁੱਛਿਆ, "ਜਦ ਮੇਲ੍ਹਰ ਸਵਾਲ ਹੱਲ ਹੀ ਨਹੀਂ ਕਰ ਸਕਿਆ ਤਾਂ ਇਹ ਪੜ੍ਹਾਉਂਦਾ ਕਿਵੇਂ ਹੋਊ?"
"ਸਰ ਜੀ, ਬਾਜ਼ਾਰ ਵਿੱਚ ਬਥੇਰੇ ਘਟੀਆ ਨੋਟ ਮਿਲ ਜਾਂਦੇ ਨੇ। ਬਾਕੀ ਵਾਰ ਵਾਰ ਕੋਸ਼ਿਸ਼ ਕਰਨ ਨਾਲ ਬਾਂਦਰ ਵੀ ਬਿਰਖਾਂ ਤੇ ਚੜ੍ਹਨਾ ਸਿੱਖ ਹੀ ਜਾਂਦਾ ਏ। ਨਾਲੇ ਇਸ ਪੇਂਡੂ ਕਾਲਜ ਦੇ ਵਿੱਚ ਵਿਦਿਆਰਥੀ ਕਿੰਨੇ ਕੁ ਗੰਭੀਰ ਹਨ? ਹਰ ਜਮਾਤ ਵਿੱਚ ਚਾਰ ਚਾਰ ਤਾਂ ਵਿਦਿਆਰਥੀ ਹਨ। ਗੱਲ ਨੌਕਰੀ ਲੈਣ ਦੀ ਹੁੰਦੀ ਏ। ਕੰਮ ਕਿਵੇ ਕਰਨਾ ਹੈ ਆਪ ਹੀ ਆ ਜਾਂਦਾ ਹੈ?"
ਜਦ ਕਮਰੇ ਕੋਲ ਪਹੁੰਚੇ ਤਾਂ ਮੇਲ੍ਹਰ ਸਾਨੂੰ ਮਿਲ ਕੇ ਬੜਾ ਖੁਸ਼ ਹੋਇਆ। ਉਸਨੇ ਖਾਣ ਪੀਣ ਦਾ ਸੋਹਣਾ ਪ੍ਰਬੰਧ ਕੀਤਾ ਹੋਇਆ ਸੀ। ਰੈੱਡ ਨਾਈਟ ਦੀ ਬੋਤਲ ਖੋਲ੍ਹ ਕੇ ਮੇਜ਼ ਤੇ ਰੱਖ ਦਿੱਤੀ। ਇੱਕ ਲੜਕਾ ਤਲੇ ਦੋ ਮੁਰਗੇ ਦੇ ਗਿਆ।
"ਪ੍ਰੋਫੈਸਰ ਸਾਹਿਬ, ਬੜੀ ਖੇਚਲ ਕੀਤੀ।" ਮੈਂ ਗੱਲ ਤੋਰੀ।
"ਸਰ, ਤੁਹਾਡੇ ਜਿਹੀ ਮਸ਼ਹੂਰ ਹਸਤੀ ਨੇ ਗਰੀਬ ਦੇ ਘਰ ਚਰਨ ਪਾਏ ਨੇ। ਸ਼ੁਕਰ ਏ! ਛਕੋ, ਸਰ ਜੀ।"
"ਮੇਲ੍ਹਰ, ਮੈਂ ਤਾਂ ਕੋਕ ਹੀ ਪੀਵਾਂਗਾ। ਮਨੋਹਰ ਤੁਹਾਡੇ ਨਾਲ ਕੰਪਨੀ ਕਰੇਗਾ।"
"ਸਰ ਜੀ, ਪਲੀਜ਼ ਇੱਕ ਪੈਗ ਤਾਂ ਲਾਓ।"
"ਮੇਲ੍ਹਰ, ਮੈਂ ਨਹੀਂ ਪੀਂਦਾ। ਮਨੋਹਰ ਪੀ ਲੈਂਦਾ ਹੈ। ਤੁਸੀਂ ਇਹਦੀ ਸੇਵਾ ਕਰੋ।"
"ਸਰ, ਮੈਂ ਕਿਹੜਾ ਪਹਿਲਾਂ ਪੀਂਦਾ ਹੁੰਦਾ ਸੀ। ਜਦ ਪੰਜਾਬ 'ਚ ਸੁਧਾਰ ਲਹਿਰ ਚੱਲੀ ਸੀ ਉਦੋਂ ਮੈਂ 18 ਕੁ ਸਾਲ ਦਾ ਸਾਂ। ਮੇਰੇ ਪਿਤਾ ਜੀ ਕਾਫੀ ਪੀਆ ਕਰਦੇ ਸਨ। ਹੁਣ ਉਹ ਦੁਨੀਆਂ ਵਿੱਚ ਨਹੀਂ ਹਨ। ਮੈਂ ਲਹਿਰ ਦੇ ਪ੍ਰਭਾਵ ਹੇਠ ਇੰਨਾ ਆਇਆ ਕਿ ਇੱਕ ਵਾਰ ਮੈਂ ਆਪਣੇ ਬਾਪ ਦੀਆਂ ਚਾਰੇ ਬੋਤਲਾਂ ਤੋੜ ਦਿੱਤੀਆਂ ਸਨ। ਉਹ ਮੈਨੂੰ 12 ਕੁ ਸਾਲ ਦੀ ਉਮਰ ਤੋਂ ਹੀ ਸ਼ਰਾਬ ਲੈਣ ਭੇਜਿਆ ਕਰਦੇ ਸਨ। ਬਾਅਦ ਵਿੱਚ ਜਦ ਪੰਜਾਬ ਵਿੱਚ ਖਾੜਕੂਆਂ ਨੇ ਸੁਧਾਰ ਲਹਿਰ ਚਲਾਈ ਤਾਂ ਮੈਂ ਉਸ ਤੋਂ ਬੜਾ ਪ੍ਰਭਾਵਿਤ ਹੋ ਗਿਆ ਸਾਂ। ਮੈਂ ਮੀਟ ਤੇ ਸ਼ਰਾਬ ਦੋਨੋਂ ਹੀ ਛੱਡ ਦਿੱਤੇ ਸਨ। ਹੁਣ ਜਾਬ ਤੇ ਲੱਗ ਕੇ ਕਦੀ ਕਦੀ ਦਿਲ ਕਰਨ ਲੱਗ ਪੈਂਦਾ ਏ। ਇੱਕ ਦੋ ਹੋਰ ਬੰਦਿਆਂ ਦੀ ਸੰਗਤ ਵੀ ਐਸੀ ਮਿਲੀ ਹੋਈ ਹੈ ਕਿ ਉਹ ਮੱਲੋ ਮੱਲੀ ਥੋੜ੍ਹੀ ਜਿਹੀ ਪਿਆ ਹੀ ਦਿੰਦੇ ਹਨ। ਇੱਕ ਤਾਂ ਦਫਤਰ ਸੁਪਰਡੰਟ ਤਿਲਕ ਰਾਜ ਏ। ਉਹ ਰੋਜ਼ ਕੋਈ ਨਾ ਕੋਈ ਜੁਗਾੜ ਕਰ ਹੀ ਲੈਂਦਾ ਏ। ਕਾਲਜ ਦੇ ਕਈ ਖਾਂਦੇ ਪੀਂਦੇ ਮੁੰਡੇ ਉਹਦੇ ਨੇੜੇ ਹਨ। ਫਿਰ ਨਾਲ ਮੈਨੂੰ ਵੀ ਖਿੱਚ ਲੈਂਦਾ ਏ।"
"ਮੇਲ੍ਹਰ ਜੀ, ਤੁਸੀਂ ਹਿਸਾਬ ਦੇ ਸਵਾਲ ਅੰਦਰ ਕਿਉਂ ਨਹੀਂ ਪਹੁੰਚਾਏ?"
"ਸਰ ਜੀ, ਕੀ ਦੱਸਾਂ? ਅੱਜ ਕੱਲ ਇੱਕ ਤਾਂ ਮਾਡਰਨ ਮੈਥਮੈਟਿਕਸ ਆ ਗਿਆ ਏ। ਇਹ ਸਾਲਾ ਬਾਹਲਾ ਹੀ ਔਖਾ ਏ। ਬਾਕੀ ਤੁਸੀਂ ਜਾਣਦੇ ਹੀ ਹੋ ਕਿ ਪਿਛਲੇ ਪੰਜ ਛੇ ਸਾਲਾਂ ਤੋਂ ਇਮਤਿਹਾਨ ਕਿਵੇਂ ਹੋ ਰਹੇ ਹਨ। ਮੈਂ ਹਿਸਾਬ ਦੀ ਐਮ. ਏ. ਇਸ ਲਈ ਚੁਣੀ ਸੀ ਕਿ ਇਸ ਨਾਲ ਨੌਕਰੀ ਇੱਕ ਦਮ ਮਿਲ ਜਾਊ। ਇਸ ਵਿੱਚ ਟਿਊਸ਼ਨ ਵੀ ਸੋਹਣੀ ਮਿਲ ਜਾਂਦੀ ਏ। ਜਿਸ ਕਾਲਜ ਵਿੱਚ ਮੈਂ ਐਮ. ਏ. ਕੀਤੀ। ਉੱਥੇ ਮੈਨੂੰ ਦੋਵੇਂ ਸਾਲ ਬਹੁਤੇ ਪਰਚੇ ਹੱਲ ਕੀਤੇ ਕਰਾਏ ਮਿਲ ਗਏ। ਮੈਂ ਤਾਂ ਅੰਦਰ ਬੈਠੇ ਨੇ ਬਸ ਬਾਂਸ ਨਾਲ ਹੀ ਹਵਾ ਰੋਕੀ ਸੀ। ਪਰਚੇ ਤਾਂ ਪੂਰੇ ਦੇ ਪੂਰੇ ਬਾਹਰੋਂ ਹੱਲ ਹੋ ਕੇ ਆ ਗਏ ਸਨ। ਡੈਡ ਦੀ ਉੱਥੇ ਸੋਹਣੀ ਚਲਦੀ ਸੀ। ਡੈਡ ਤਹਿਸੀਲਦਾਰ ਸਨ। ਅਸੀਂ ਰਾਖਵੀਂ ਕੈਟੇਗਰੀ ਵਿੱਚੋਂ ਹਾਂ। ਉਸ ਕਾਲਜ ਦੇ ਦੋ ਪ੍ਰੋਫੈਸਰਾਂ ਨੂੰ ਤਾਂ ਡੈਡ ਨੇ ਹੀ ਜ਼ਮੀਨ ਦੇ ਵਧੀਆ ਪਲਾਟ ਲੈ ਕੇ ਦੇ ਦਿੱਤੇ ਸਨ। ਡੈਡ ਤਾਂ ਸਾਰੀ ਉਮਰ ਲੋਕਾਂ ਦੇ ਹੀ ਕੰਮ ਕਰਵਾਉਂਦੇ ਰਹੇ।'
"ਤੁਸੀਂ ਡੈਡ ਦੀ ਸ਼ਰਾਬ ਦੇ ਲੰਬਾ ਸਮਾਂ ਵਿਰੋਧੀ ਰਹੇ ਜਾਂ ਥੋੜ੍ਹਾ ਸਮਾਂ?"
"ਸਰ ਜੀ, ਜਦ ਕੁ ਮੇਰਾ ਦਿਲ ਪੀਣ ਨੂੰ ਕਰਨ ਲੱਗ ਪਿਆ ਉਦੋਂ ਤੋਂ ਮੈਂ ਡੈਡ ਦਾ ਵਿਰੋਧ ਕਰਨਾ ਬੰਦ ਕਰ ਦਿੱਤਾ। ਪਹਿਲਾਂ ਮੇਰੀ ਹਾਲਤ ਉਸ ਮੱਖੀ ਜਿਹੀ ਸੀ ਜਿਹੜੀ ਮੱਝ ਉੱਪਰ ਬੈਠੀ ਹੋਣ ਕਰਕੇ ਆਪਣੇ ਆਪ ਨੂੰ ਉੱਚੀ ਸਮਝਦੀ ਹੋਵੇ। ਬਾਅਦ ਵਿੱਚ ਮੈਨੂੰ ਮੱਝ ਵੀ ਦਿਖਣੋ ਬੰਦ ਹੋ ਗਈ ਤੇ ਅੱਖੀ ਵੀ। ਮੇਰੇ ਇੱਕ ਦੋ ਸਾਲਾਂ ਵਿੱਚ ਬੜੀ ਤਬਦੀਲੀ ਆ ਗਈ ਸੀ। ਫਿਰ ਤਾਂ ਮੈਂ ਅਕਸਰ ਹੀ ਪੀਣ ਲੱਗ ਪਿਆ ਸਾਂ।"
ਮਨੋਹਰ ਦੋ ਤਿੰਨ ਪੈੱਗ ਲਗਾ ਚੁੱਕਾ ਸੀ। ਉਹਦੇ ਕੋਲ ਆਪਣੀ ਲਈ ਹੋਈ ਬੋਤਲ ਵੀ ਸੀ। ਮੇਰੇ ਕਹਿਣ ਤੇ ਉਹ ਉੱਠ ਖੜ੍ਹਾ ਹੋਇਆ। ਸ਼ਰਾਬੀ ਥੋੜ੍ਹੇ ਕੀਤੇ ਉੱਠਦੇ ਤਾਂ ਨਹੀ ਹੁੰਦੇ ਪਰ ਉਸਦੇ ਮਨ ਵਿੱਚ ਮੇਰੇ ਪ੍ਰਤੀ ਆਦਰ ਵੀ ਸੀ ਤੇ ਮੇਰਾ ਉਸਨੂੰ ਡਰ ਵੀ ਸੀ ਕਿਉਂਕਿ ਉਸਦੀਆਂ ਬਾਕੀ ਨਿਗਰਾਨ ਡਿਊਟੀਆਂ ਮੇਰੇ ਹੱਥ ਵਿੱਚ ਹੀ ਸਨ। ਆਫਟਰ ਆਲ ਮਹੀਨੇ ਕੁ ਲਈ ਮੈਂ ਉਸਦਾ ਬੌਸ ਸਾਂ। ਮੇਲ੍ਹਰ ਸਿੰਘ ਨੇ ਜ਼ੋਰ ਪਾਇਆ ਕਿ ਅਸੀਂ ਕੁਝ ਸਮਾਂ ਹੋਰ ਬੈਠੀਏ। ਮੈਂ ਸੋਫੀ ਸੀ। ਪੂਰਾ ਹੋਸ਼ ਮੰਦ ਸੀ। ਮੈਂ ਜਲਦੀ ਜਲਦੀ ਮਨੋਹਰ ਨੂੰ ਉਥੋਂ ਉਠਾਇਆ ਆਪਣੇ ਸਕੂਟਰ ਤੇ ਬਿਠਾਇਆ ਤੇ ਲਿਜਾ ਕੇ ਉਹਦੇ ਪਿੰਡ ਲਾਹ ਦਿੱਤਾ। ਜਦ ਉਹ ਆਪਣੇ ਘਰ ਅੰਦਰ ਵੜ ਗਿਆ ਤਾਂ ਮੈਂ ਸਕੂਟਰ ਨੂੰ ਕਿੱਕ ਮਾਰ ਕੇ ਅੱਗੇ ਆਪਣੇ ਟਿਕਾਣੇ ਵੱਲ ਨੂੰ ਤੁਰ ਪਿਆ।
ਲੇਖਕ
ਅਵਤਾਰ ਐਸ. ਸੰਘਾ
(ਸਿਡਨੀ ਆਸਟਰੇਲੀਆ)
ਫੋਨ ਨੰਬਰ:- +61 437 641 033
ਘਰ ਦਾ ਜੋਗੀ ਜੋਗੜਾ - ਕਹਾਣੀ - ਅਵਤਾਰ ਐਸ. ਸੰਘਾ
ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਦੇ ਇੱਕ ਹਾਲ ਵਿੱਚ ਗਦਰੀ ਬਾਬਿਆਂ ਦਾ ਮੇਲਾ ਕਰਵਾਇਆ ਜਾ ਰਿਹਾ ਸੀ। ਮੈਨੂੰ ਇਹ ਖਬਰ ਸਰੀ, ਕੈਨੇਡਾ ਵਿਖੇ ਮਿਲੀ। ਖਬਰ ਹੀ ਨਹੀਂ ਬਲਕਿ ਮੇਰੇ ਵਹੱਟਸਅਪ ਤੇ ਇੱਕ ਨਿਉਂਦਾ ਕਾਰਡ ਵੀ ਆ ਗਿਆ। ਮੈਂ ਦੇਖਿਆ ਕਿ ਕਾਰਡ ਤੇ ਦੋ ਨਾਮ ਤਾਂ ਜਾਣੇ ਪਛਾਣੇ ਸਨ ਪ੍ਰਰੰਤੂ ਇਹਨਾਂ ਦੀ ਮੈਨੂੰ ਪੂਰੀ ਯਾਦ ਨਹੀਂ ਸੀ ਆ ਰਹੀ। ਮੈਂ ਸ਼ਾਮ ਨੂੰ ਕਾਰਡ ਦੇ ਨਾਵਾਂ ਬਾਰੇ ਧਿਆਨ ਨਾਲ ਸੋਚ ਹੀ ਰਿਹਾ ਸਾਂ ਕਿ ਫੋਨ ਕਾਲ ਆ ਗਈ।
"ਸਰ ਜੀ, ਸਤਿ ਸ੍ਰੀ ਅਕਾਲ।"
"ਸਤਿ ਸ੍ਰੀ ਅਕਾਲ, ਬੱਲਿਆ। ਮੈਂ ਤੁਹਾਨੂੰ ਪਛਾਣਿਆ ਨਹੀਂ?"
"ਸਰ ਮੈਂ ਸਾਧੜਿਆਂ ਵਾਲਾ ਮਨਜੀਤ ਬੋਲ ਰਿਹਾ ਹਾਂ। ਮੈਂ 1980 ਵਿੱਚ ਤੁਹਾਡਾ ਵਿਦਿਆਰਥੀ ਹੁੰਦਾ ਸੀ। ਤੁਸੀਂ ਉਦੋਂ ਕਾਲਜ ਵਿੱਚ ਨਵੇਂ ਨਵੇਂ ਆਏ ਹੀ ਸੀ। ਮੈਂ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦਾ ਸਰਗਰਮ ਮੈਂਬਰ ਵੀ ਹੁੰਦਾ ਸਾਂ। ਸਾਡਾ ਕਾਲਜ ਲੈਵਲ ਤੇ ਪ੍ਰਧਾਨ ਉਦੋਂ ਜੱਸ ਢਿੱਲੋਂ ਹੋਇਆ ਕਰਦਾ ਸੀ। ਤੁਸੀਂ ਸਾਨੂੰ ਉਸ ਸਾਲ ਅੰਗਰੇਜ਼ੀ ਪੜ੍ਹਾਈ ਸੀ। ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਅੱਜ ਕੱਲ ਕੈਨੇਡਾ ਅਤੇ ਅਮਰੀਕਾ ਦੇ ਦੌਰੇ ਤੇ ਹੋ। 15 ਸਤੰਬਰ ਨੂੰ ਤੁਸੀਂ ਸਾਡੇ ਇਸ ਮੇਲੇ ਤੇ ਜਰੂਰ ਦਰਸ਼ਨ ਦੇਣੇ ਜੀ।"
"ਤੁਸੀਂ ਤਾਂ ਮੇਲੇ ਦੀ ਕਮੇਟੀ ਦੇ ਪ੍ਰਧਾਨ ਹੋ। ਮੈਂ ਤੁਹਾਡਾ ਨਾਮ ਕਾਰਡ ਤੇ ਪੜ੍ਹ ਲਿਆ ਹੈ। ਮੈਨੂੰ ਤੁਹਾਡੀ ਸ਼ਕਲ ਤਾਂ ਯਾਦ ਨਹੀਂ ਆ ਰਹੀ ਪ੍ਰਰੰਤੂ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਵਿਦੇਸ਼ ਵਿੱਚ ਆ ਕੇ ਵੀ ਬੜੀਆਂ ਵੱਡੀਆਂ ਵੱਡੀਆਂ ਮੱਲਾਂ ਮਾਰ ਰਹੇ ਹੋ। ਮੇਲੇ ਆਰਗੇਨਾਇਜ਼ ਕਰ ਰਹੇ ਹੋ। ਮੈਂ 12 ਨੂੰ ਸਾਨਫਰਾਂਸਿਸਕੋ ਹਵਾਈ ਅੱਡੇ ਤੇ ਉਤਰਾਂਗਾ। ਮੇਰੀ ਤੇ ਮੇਰੀ ਘਰਵਾਲੀ ਦੀ ਰਿਹਾਇਸ਼ ਵੀ ਸਨਹੋਜ਼ੇ ਵਿਖੇ ਹੈ। ਇਹ ਸੈਕਰਾਮੈਂਟੋ ਤੋਂ ਬਹੁਤਾ ਦੂਰ ਨਹੀਂ। ਅਸੀਂ ਤੁਹਾਡੀ ਈਵੈਂਟ ਵਿੱਚ ਜ਼ਰੂਰ ਸ਼ਿਰਕਤ ਕਰਾਂਗੇ। ਕਾਰਡ ਭੇਜਣ ਲਈ ਤੇ ਫੋਨ ਕਰਨ ਲਈ ਸ਼ੁਕਰੀਆ।"
ਮੈਂ ਮਨਜੀਤ ਨੂੰ ਯਕੀਨ ਦੁਆ ਦਿੱਤਾ ਕਿ ਅਸੀਂ ਉਹਨਾਂ ਦੇ ਪ੍ਰੋਗਰਾਮ ਵਿੱਚ ਜਰੂਰ ਸ਼ਾਮਿਲ ਹੋਵਾਂਗੇ।
ਨਿਰਧਾਰਤ 15 ਸਤੰਬਰ ਨੂੰ ਦਿੱਤੇ ਹੋਏ ਸਮੇਂ ਮੁਤਾਬਿਕ ਅਸੀਂ ਸੈਕਰਾਮੈਂਟੋ ਦੇ ਉਸ ਹਾਲ ਵਿੱਚ ਪਹੁੰਚ ਗਏ ਜਿੱਥੇ ਮੇਲਾ ਹੋ ਰਿਹਾ ਸੀ। ਜਦ ਜਾ ਕੇ ਮੂਹਰੇ ਚਾਹ ਪਾਣੀ ਪੀਣ ਲੱਗੇ ਮੇਰੀਆਂ ਅੱਖਾਂ ਮਨਜੀਤ ਨੂੰ ਤਲਾਸ਼ ਕਰੀ ਜਾਣ। ਮੈਨੂੰ ਲੱਗਦਾ ਸੀ ਕਿ ਉਹ ਮੋਨਾ ਹੋਵੇਗਾ। ਮੇਲਾ ਸ਼ੁਰੂ ਹੋਣ ਨੂੰ ਅਜੇ ਸਮਾਂ ਸੀ। ਲੋਕ ਆ ਰਹੇ ਸਨ ਤੇ ਚਾਹ ਸਨੈਕਸ ਖਾ ਪੀ ਰਹੇ ਸਨ। ਚਾਰ ਪੰਜ ਮਿੰਟ ਬਾਅਦ ਇੱਕ 60 ਕੁ ਸਾਲ ਦੀ ਉਮਰ ਦਾ ਸਰਦਾਰ ਮੇਰੇ ਵਲ ਨੂੰ ਤੇਜ਼ੀ ਨਾਲ ਆਇਆ।
"ਸਰ ਜੀ, ਸਤਿ ਸ਼੍ਰੀ ਅਕਾਲ। ਮੈਂ ਮਨਜੀਤ ਹਾਂ, ਸਰ ਜੀ।"
"ਉਹ ਰੀਅਲੀ। ਮੈਂ ਤਾਂ ਸਮਝਦਾ ਸੀ ਕਿ ਤੂੰ ਸ਼ਾਇਦ ਮੋਨਾ ਹੋਵੇਂ। ਮੈਨੂੰ ਲੱਗਦਾ ਏ 1980 ਵਿੱਚ ਤੂੰ ਮੋਨਾ ਹੁੰਦਾ ਸੀ।"
"ਹਾਂ, ਸਰ, ਉਦੋਂ ਮੈਂ ਮੋਨਾ ਸਾਂ। ਮੈਂ ਸਮਝਦਾ ਸੀ ਤੁਸੀਂ ਸਰਦਾਰ ਹੋਵੋਗੇ ਪਰ ਤੁਸੀਂ ਮੋਨੇ ਨਿਕਲੇ।"
"ਬੱਲਿਆ, ਮੈਂ ਤਾਂ ਪਹਿਲਾਂ ਵਾਂਗ ਹੀ ਹਾਂ ਪਰ ਤੁਹਾਡੇ ਵਿੱਚ ਬਹੁਤ ਤਬਦੀਲੀ ਏ।ਆਪਣੇ ਇਲਾਕੇ ਦੇ ਲੋਕ ਕੈਲੀਫੋਰਨੀਆ ਵਿੱਚ ਕਾਫੀ ਲੱਗਦੇ ਹਨ?"
"ਸਰ, ਸਾਡੀ ਕਮੇਟੀ ਵਿੱਚ 15 ਮੈਂਬਰ ਤਾਂ ਸ਼ਾਇਦ ਤੁਹਾਡੇ ਪੁਰਾਣੇ ਵਿਦਿਆਰਥੀ ਹੀ ਹੋਣਗੇ। ਸੈਕਰਾਮੈਂਟੋ ਤੇ ਇਸਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਪੰਜਾਬ ਚੋਂ ਸਾਡੇ ਪਿੰਡਾਂ ਦੇ ਬਹੁਤ ਲੋਕ ਰਹਿੰਦੇ ਹਨ। ਯੂਬਾ ਸਿਟੀ ਵਿੱਚ ਵੀ ਆਪਣੇ ਇਲਾਕੇ ਦੇ ਪੰਜਾਬੀਆਂ ਦੀ ਕਾਫੀ ਗਿਣਤੀ ਹੈ। ਸਾਡੇ ਪ੍ਰੋਗਰਾਮ ਦੀ ਤਾਂ ਪ੍ਰਧਾਨਗੀ ਵੀ ਸ. ਸੋਹਣ ਸਿੰਘ ਬਿਲਗਾ ਕਰ ਰਹੇ ਹਨ। ਉਹ ਗਦਰੀ ਬਾਬਿਆਂ ਦੇ ਪਰਿਵਾਰ ਵਿੱਚੋਂ ਹਨ। ਥੋੜ੍ਹੀ ਦੇਰ ਨੂੰ ਉਹ ਝੰਡਾ ਲਹਿਰਾਉਣਗੇ ਤੇ ਫਿਰ ਪ੍ਰੋਗਰਾਮ ਸ਼ੁਰੂ ਹੋ ਜਾਊ। ਸਾਡੀ ਕਮੇਟੀ ਵਿੱਚ ਤਾਂ ਤੁਹਾਡੇ ਪਿੰਡ ਦੇ ਕਈ ਬੰਦੇ ਵੀ ਹਨ।"
"ਮਸਲਨ?"
"ਬਖਤਾਵਰ ਸਿੰਘ ਦਾ ਭੱਜੀ ਤੇ ਉਸ ਦੇ ਲੜਕੇ ਰਿੰਕੂ ਤੇ ਹੈਰੀ। ਸੁਰਜੀਤ ਸਿੰਘ ਦੇ ਪੋਤੇ ਮਿੱਕੀ ਤੇ ਬਰਾਊਨੀ।"
"ਬਖਤਾਵਰ ਤੇ ਸੁਰਜੀਤ ਨੂੰ ਤਾਂ ਮੈਂ ਜਾਣਦਾ ਹਾਂ। ਰਿੰਕੂ, ਹੈਰੀ, ਮਿੱਕੀ ਤੇ ਬਰਾਊਨੀ ਬਾਰੇ ਮੈਨੂੰ ਪਤਾ ਨਹੀਂ।"
"ਸਰ ਜੀ, ਤੁਸੀਂ ਹੁਣ ਮਸ਼ਹੂਰ ਸਾਹਿਤਕਾਰ ਹੀ ਨਹੀਂ ਬਲਕਿ ਲੰਬਾ ਸਮਾਂ ਆਪਣੇ ਇਲਾਕੇ ਦੇ ਕਾਲਜ ਵਿੱਚ ਪ੍ਰੋਫੈਸਰ ਵੀ ਰਹੇ ਹੋ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਤਾਂ ਇਹ ਸਾਰੇ ਮੁੰਡੇ ਵੀ ਜਾਣਦੇ ਹੀ ਹੋਣਗੇ। ਤੁਹਾਨੂੰ ਤਾਂ ਸਾਡਾ ਸਾਰਾ ਇਲਾਕਾ ਜਾਣਦਾ ਏ। ਤੁਹਾਨੂੰ ਤਾਂ ਇੱਥੇ ਕੈਲੀਫੋਰਨੀਆ ਵਿੱਚ ਵੀ ਆਪਣੇ ਇਲਾਕੇ ਦੇ ਸਾਰੇ ਲੋਕ ਜਾਣਦੇ ਹਨ। ਆਓ ਆਪਾਂ ਹਾਲ ਵਲ ਨੂੰ ਚਲੀਏ। ਤੁਹਾਨੂੰ ਅਸੀਂ ਸਨਮਾਨਿਤ ਤਾਂ ਕਰਾਂਗੇ ਹੀ। ਆਓ ਤੁਹਾਨੂੰ ਇਹਨਾਂ ਮੁੰਡਿਆਂ ਨੂੰ ਵੀ ਮਿਲਾ ਦਿਆਂ। ਸ਼ਾਇਦ ਇਹ ਹਾਲ ਦੇ ਪਿਛਲੇ ਪਾਸੇ ਕੁਝ ਪ੍ਰਬੰਧਕੀ ਕੰਮਾਂ ਵਿੱਚ ਲੱਗੇ ਹੋਏ ਹਨ। ਮੈਨੂੰ ਲੱਗਦਾ ਤੁਹਾਨੂੰ ਤਾਂ ਉਹ ਉੱਡ ਕੇ ਮਿਲਣਗੇ।"
ਉਹ ਮੈਨੂੰ ਹਾਲ ਵਲ ਲੈ ਤੁਰਿਆ। ਅਸੀਂ ਅੰਦਰ ਦਾਖਲ ਹੋ ਗਏ।
"ਔਹ, ਪਿੱਛੇ ਇਹ ਮੁੰਡੇ ਖੜ੍ਹੇ ਹਨ। ਆਓ ਉਹਨਾਂ ਕੋਲ ਨੂੰ ਚਲੀਏ। ਬੜੇ ਖੁਸ਼ ਹੋਣਗੇ ਤੁਹਾਨੂੰ ਮਿਲ ਕੇ।"
ਅਸੀਂ ਉਹਨਾਂ ਚੌਹਾਂ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਸਾਂ।
"ਆਓ ਵੀਰੋ, ਪ੍ਰੋਫੈਸਰ ਸਾਹਿਬ ਨੂੰ ਮਿਲੋ।"
ਉਹ ਮੇਰੇ ਵਲ ਦੇਖੀ ਜਾਣ ਪਰ ਬੋਲਣ ਕੁਝ ਨਾ। ਮਨਜੀਤ ਖੜ੍ਹਾ ਹੈਰਾਨ ਹੋਈ ਜਾਵੇ। ਕੁਝ ਦੇਰ ਬਾਅਦ ਉਹਨਾਂ ਵਿੱਚ ਇੱਕ ਬੋਲਿਆ, 'ਜੀ ਕੀ ਤੁਸੀਂ ਸਾਡੇ ਪਿੰਡ ਦੇ ਹੋ? ਪਿੰਡ ਵਿੱਚ ਤੁਹਾਡਾ ਘਰ ਕਿਹੜੇ ਪਾਸੇ ਹੈ?'
"ਕਾਕਾ, ਮੇਰਾ ਘਰ ਪਿੰਡ ਵਿੱਚ ਦਾਖਲ ਹੁੰਦੇ ਸਾਰ ਹੀ ਹੈ। ਮੈਨੂੰ ਉਸ ਪਿੰਡ ਨੂੰ ਛੱਡੇ ਨੂੰ ਕਾਫੀ ਸਮਾਂ ਹੋ ਗਿਆ ਏ। ਵੈਸੇ ਮੈਂ ਤੁਹਾਨੂੰ ਮਾੜਾ ਮਾੜਾ ਜਾਣਦਾ ਹਾਂ। ਤੁਸੀਂ ਦੋਨੋਂ ਸ਼ਾਇਦ ਪੱਕੇ ਆਲਿਆਂ ਦੇ ਟੱਬਰ ਚੋਂ ਹੋ। ਤੁਸੀਂ ਸ਼ਾਇਦ ਲੰਮਿਆਂ ਦੇ ਟੱਬਰ ਚੋਂ ਹੋ?"
"ਤੁਸੀਂ ਤਾਂ ਸਾਡੇ ਬਾਰੇ ਅੰਦਾਜ਼ਾ ਲਗਾ ਲਿਆ ਪਰ ਅਸੀਂ ਸਿਰਫ ਇੰਨਾ ਕੁ ਹੀ ਜਾਣਦੇ ਹਾਂ ਕਿ ਸਾਡੇ ਪਿੰਡ ਦੇ ਫੱੱਕਰਾਂ ਦੇ ਟੱਬਰ ਚੋਂ ਇੱਕ ਆਦਮੀ ਪ੍ਰੋਫੈਸਰ ਹੁੰਦਾ ਸੀ। ਸ਼ਾਇਦ ਤੁਸੀਂ ਓਹੀ ਹੋ।"
"ਤੁਸੀਂ ਸੱਚ ਬੁੱਝਿਆ ਏ। ਤੁਸੀਂ ਦੋਵਾਂ ਟੱਬਰਾਂ ਨੇ ਤਾਂ ਪਿੱਛੇ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਹੋਈਆਂ ਹਨ।"
"ਹਾਂਜੀ, ਸਾਡੀਆਂ ਕੋਠੀਆਂ ਹਨ। ਉਹਨਾਂ ਨੂੰ ਸਾਡੇ ਪੁਰਾਣੇ ਸੀਰੀ ਸੰਭਾਲ ਰਹੇ ਹਨ। ਅਸੀਂ ਤਾਂ ਕਦੀ ਕਦਾਈਂ ਪਿੰਡ ਚੱਕਰ ਮਾਰਦੇ ਹਾਂ।"
"ਕਦੀ ਸਾਹਿਤਕ ਤੇ ਸੱਭਿਆਚਾਰਕ ਕੰਮਾਂ ਨੂੰ ਪ੍ਰਮੋਟ ਨਹੀਂ ਕਰਦੇ?"
"ਅੰਕਲ ਜੀ, ਸਾਹਿਤਕ ਦਾ ਤਾਂ ਪਤਾ ਨਹੀਂ। ਹਾਂ, ਸੱਭਿਆਚਾਰਕ ਕੰਮਾਂ ਦੇ ਵਢਾਵੇ ਲਈ ਜਰੂਰ ਯੋਗਦਾਨ ਪਾਉਂਦੇ ਰਹੀਦਾ ਏ। ਜ਼ਿਆਦਾ ਖੇਡਾਂ ਵਲ ਧਿਆਨ ਦਿੰਦੇ ਹਾਂ ਜਾਂ ਫਿਰ ਗੁਰੂ ਘਰ ਨੂੰ ਪੈਸੇ ਦਿੰਦੇ ਰਹੀਦਾ ਏ। ਸਾਡੇ ਉੱਥੇ ਸਾਹਿਤਕਾਰ ਕੋਈ ਹੈ ਹੀ ਨਹੀਂ। ਨਾਲੇ ਸਾਹਿਤਕਾਰੀ ਨਾਲ ਸਮਾਜ ਨੂੰ ਲਾਭ ਵੀ ਕੀ ਹੁੰਦਾ ਏ? ਖੇਡਾਂ ਨਾਲ ਸਿਹਤ ਬਣਦੀ ਏ, ਸੱਭਿਆਚਾਰਕ ਗਤੀਵਿਧੀਆਂ ਨਾਲ ਮਨ ਪਰਚਾਵਾ ਹੁੰਦਾ ਏ ਤੇ ਗੁਰੂ ਘਰਾਂ ਤੋਂ ਸੁੱਖ ਸ਼ਾਂਤੀ ਮਿਲਦੀ ਰਹਿੰਦੀ ਏ ਤੇ ਜੀਵਨ ਜਾਂਚ ਦੀ ਸੇਧ ਮਿਲਦੀ ਰਹਿੰਦੀ ਹੈ। ਸਾਹਿਤਕਾਰੀ ਤਾਂ ਨਿਰੇ ਖਿਆਲੀ ਪਲਾਓ ਹੁੰਦੇ ਹਨ", ਇੱਕ ਮੁੰਡਾ ਕੁਝ ਖੁੱਲ ਕੇ ਬੋਲਿਆ।
"ਕਾਕਾ, ਨਾਵਲਾਂ, ਕਹਾਣੀਆਂ, ਕਵਿਤਾਵਾਂ ਆਦਿ ਤੋਂ ਸਮਾਜ ਨੂੰ ਕੁਝ ਨਹੀਂ ਮਿਲਦਾ?" ਮੈਥੋਂ ਪੁੱਛ ਹੋ ਗਿਆ।
"ਅੰਕਲ ਇਹ ਜ਼ਿਆਦਾ ਪੜ੍ਹਿਆਂ ਲਿਖਿਆਂ ਦੇ ਕੰਮ ਹਨ। ਸਮਾਜ ਦਾ ਥੋੜ੍ਹਾ ਹਿੱਸਾ ਇਹਨਾਂ ਤੋਂ ਪ੍ਰਭਾਵਿਤ ਹੁੰਦਾ ਏ। ਨਾਲੇ ਇਹਨਾਂ ਨੂੰ ਅੱਜ ਕੱਲ ਪੜ੍ਹਦਾ ਕੌਣ ਏ? ਅੱਜ ਦਾ ਯੁੱਗ ਤਾਂ ਫਿਲਮਾਂ, ਸੋਸ਼ਲ ਮੀਡੀਆ, ਗੀਤ ਸੰਗੀਤ ਤੇ ਕਨਸਰਟਾਂ ਦਾ ਯੁੱਗ ਹੈ। ਰੋਜ਼ ਡੈਸਟੀਨੇਸ਼ਨ ਵੈਡਿੰਗਸ ਹੋ ਰਹੀਆਂ ਹਨ", ਇਹ ਕਹਿ ਕੇ ਉਹ ਮੁੰਡਾ ਬਾਕੀਆਂ ਦੇ ਨਾਲ ਮੇਲੇ ਦੇ ਪ੍ਰਬੰਧਕੀ ਕੰਮ ਵਿੱਚ ਲੱਗ ਗਿਆ।
ਫਿਰ ਮਨਜੀਤ ਕਹਿਣ ਲੱਗਾ, "ਸਰ ਜੀ, ਹੈਰਾਨੀ ਇਹ ਹੈ ਕਿ ਤੁਸੀਂ ਸਾਡੇ ਵਾਸਤੇ ਤਾਂ ਇੱਕ ਚੰਗੇ ਸਾਹਿਤਕਾਰ ਹੋ. ਤੁਹਾਡਾ ਨਾਮ ਅਖਬਾਰਾਂ, ਰਸਾਲਿਆਂ ਵਿੱਚ ਛੱਪਦਾ ਹੀ ਰਹਿੰਦਾ ਏ। ਸਾਡੇ ਲਈ ਰੋਲ ਮਾਡਲ ਹੋ। ਤੁਹਾਡੇ ਪਿੰਡ ਦੇ ਇਹਨਾਂ ਮੁੰਡਿਆਂ ਲਈ ਆਮ ਆਦਮੀ ਹੋ। ਦੀਵੇ ਥੱਲੇ ਹਨੇਰਾ। ਤੁਹਾਨੂੰ ਮਿਲ ਕੇ ਮੁੰਡਿਆਂ ਨੇ ਕੋਈ ਵੀ ਹੈਰਾਨੀ ਜ਼ਾਹਰ ਨਹੀਂ ਕੀਤੀ।"
"ਮਨਜੀਤ ਲੋਕ ਉਹਨੂੰ ਜਲਦੀ ਜਾਨਣ ਲੱਗਦੇ ਹਨ ਜਿਹਦੇ ਹੱਥ ਵਿੱਚ ਤਾਕਤ ਹੋਵੇ, ਜਿਹੜਾ ਪੈਸੇ ਵਿੱਚ ਤਕੜਾ ਹੋਵੇ, ਜਿਹਦੀ ਪਿਛੋਕੜ ਵੱਡੀ ਹੋਵੇ। ਪਿੰਡ ਦੇ ਲੋਕਾਂ ਲਈ ਇੱਕ ਪੁਲਿਸ ਦਾ ਸਿਪਾਹੀ, ਇੱਕ ਪਟਵਾਰੀ, ਇੱਕ ਤਹਿਸੀਲਦਾਰ ਜਾਂ ਬਾਹਰ ਦੇ ਪੈਸੇ ਨਾਲ ਵੱਡੀ ਕੋਠੀ ਦਾ ਮਾਲਕ ਵੱਡੇ ਬੰਦੇ ਹਨ। ਇਹਨਾਂ ਬੰਦਿਆਂ ਦੇ ਮਨ ਵਿੱਚ ਮੇਰੇ ਬਾਰੇ ਪਤਾ ਕੀ ਏ?"
"ਕੀ ਏ?"
"ਇਹ ਸਭ ਸੋਚਦੇ ਹਨ ਕਿ ਮੈਂ ਉਹੀ ਫੱਕਰਾਂ ਦੇ ਟੱਬਰ ਵਿੱਚੋਂ ਹੁਕਮੇ ਦਾ ਤਾਰੀ ਹਾਂ, ਜਿਹੜਾ ਮਿਹਨਤ ਮੁਸ਼ੱਕਤ ਕਰਕੇ ਕਿਸੇ ਵੇਲੇ ਐਮ. ਏ ਤੱਕ ਪੜ੍ਹ ਗਿਆ ਸਾਂ। ਇਹ ਅਮਰੀਕਾ ਕੈਨੇਡਾ ਆਏ ਲੋਕ ਪੰਜਾਬ ਵਿੱਚ ਚੰਗੀ ਨੌਕਰੀ ਨੂੰ ਵੀ ਐਵੇਂ ਵਗਾਰ ਹੀ ਸਮਝਦੇ ਹਨ। ਸਾਹਿਤਕਾਰੀ ਦਾ ਤਾਂ ਮਜ਼ਾਕ ਉਡਾਉਂਦੇ ਹਨ। ਪਿੰਡਾਂ ਵਿੱਚ ਕਈ ਮੁੰਡੇ, ਖਾਸ ਕਰਕੇ ਰਾਖਵੇਂਕਰਨ ਕਰਕੇ ਪਛੜੀਆਂ ਜਾਤਾਂ ਦੇ ਵੱਡੀਆਂ ਨੌਕਰੀਆਂ ਤੇ ਵੀ ਲੱਗ ਜਾਂਦੇ ਹਨ। ਪਿੰਡ ਦੇ ਜਗੀਰੂ ਸੋਚ ਵਾਲੇ ਲੋਕ ਉਹਨਾਂ ਨੂੰ ਫਿਰ ਵੀ ਮੱਛਰਮਾਰਾਂ ਦਾ ਘੁੱਲਾ, ਭੈਂਗਿਆਂ ਦਾ ਭਾਗੀ, ਕੁੜੀਮਾਰਾਂ ਦਾ ਕੈਲੂ, ਬੋਲੇ ਦਾ ਲੱਡੂ, ਚੂੜ੍ਹਿਆਂ ਦਾ ਭਾਗੂ, ਭਜਨੇਕਿਆਂ ਦਾ ਭੀਲਾ ਕਹੀ ਜਾਣਗੇ। ਮੈਂ ਤੈਨੂੰ ਇੱਕ ਬਿਰਤਾਂਤ ਸੁਣਾਉਂਦਾ ਹਾਂ ਜਿਹੜਾ ਮੈਂ ਨਿਰਮਲ ਜੌੜਾ ਦੀ ਪੁਸਤਕ 'ਥਰੀਕਿਆਂ ਵਾਲਾ ਦੇਵ' ਵਿੱਚ ਪੜ੍ਹਿਆ ਸੀ।"
"ਉਹ ਕੀ? ਕੋਈ ਖਾਸ ਗੱਲ ਏ?"
"ਜੌੜੇ ਨੇ ਦੇਵ ਥਰੀਕੇ ਵਾਲੇ ਬਾਰੇ 10-12 ਸਾਲ ਪਹਿਲਾਂ ਇਹ ਪੁਸਤਕ ਲਿਖੀ ਸੀ। ਉਸ ਪੁਸਤਕ ਵਿੱਚ ਜੌੜਾ ਲਿਖਦਾ ਹੈ ਕਿ ਪੁਸਤਕ ਲਿਖਣ ਤੋਂ ਪਹਿਲਾਂ ਉਹ ਦੇਵ ਦੇ ਪਿੰਡ ਥਰੀਕੇ ਉਸ ਦੀ ਘਰਵਾਲੀ ਪ੍ਰੀਤਮ ਕੌਰ ਦੀ ਇੰਟਰਵਿਊ ਲੈਣ ਗਿਆ ਸੀ। ਉਹ ਜਾਨਣਾ ਚਾਹੁੰਦਾ ਸੀ ਕਿ ਇੱਕ ਗੀਤਕਾਰ ਦੀ ਪਤਨੀ ਉਸਦੇ ਬਾਰੇ ਕੀ ਰਾਏ ਰੱਖਦੀ ਹੈ। ਪਿੰਡ ਦੇ ਨੇੜੇ ਜਾ ਕੇ ਉਸਨੇ ਦੋ ਤਿੰਨ ਬੰਦਿਆਂ ਨੂੰ ਪੁੱਛਿਆ ਕਿ ਦੇਵ ਥਰੀਕੇ ਵਾਲੇ ਦਾ ਘਰ ਕਿਹੜੇ ਪਾਸੇ ਏ। ਜਿਹੜਾ ਵੀ ਮਿਲੇ ਇਹੀ ਕਹੀ ਜਾਵੇ ਕਿ ਉਹ ਤਾਂ ਇਸ ਨਾਮ ਦੇ ਬੰਦੇ ਨੂੰ ਜਾਣਦੇ ਹੀ ਨਹੀਂ। ਫਿਰ ਜੌੜਾ ਇੱਕ ਲੜਕੀ ਪਾਸ ਖੜ੍ਹਾ ਹੋ ਗਿਆ। ਇਹ ਲੜਕੀ ਪਾਥੀਆਂ ਪੱਥ ਰਹੀ ਸੀ।
"ਭੈਣ ਜੀ ਕੀ ਤੁਸੀਂ ਹਰਦੇਵ ਸਿੰਘ ਨੂੰ ਜਾਣਦੇ ਹੋ?"
"ਕਿਹੜਾ ਹਰਦੇਵ?"
"ਸ਼ਾਇਦ ਉਹਦਾ ਪੂਰਾ ਨਾਮ ਹਰਦੇਵ ਦਿਲਗੀਰ ਏ।"
"ਮੈਂ ਤਾਂ ਇੱਥੇ ਕਿਸੇ ਦਿਲਗੀਰ ਦੁਲਗੂਰ ਨੂੰ ਨਹੀਂ ਜਾਣਦੀ।"
"ਥਰੀਕੇ ਵਾਲਾ ਦੇਵ।"
"ਅਸੀਂ ਸਾਰੇ ਥਰੀਕੇ ਵਾਲੇ ਹੀ ਤਾਂ ਹਾਂ। ਮੈਨੂੰ ਕੀ ਪਤਾ, ਤੁਸੀਂ ਕਿਹਨੂੰ ਮਿਲਣਾ ਹੈ?"
"ਭੈਣ ਜੀ, ਤੁਹਾਡੇ ਪਿੰਡ ਦਾ ਇੱਕ ਬੰਦਾ ਗੀਤ ਲਿਖਦਾ ਏ। ਉਸਦੇ ਗੀਤ ਬੜੇ ਮਸ਼ਹੂਰ ਨੇ ਤੇ ਰੋਜ਼ ਲਾਊਡ ਸਪੀਕਰਾਂ ਵਿੱਚ ਵੱਜਦੇ ਨੇ।"
"ਗੀਤ! ਗੀਤ ਤਾਂ ਤੀਵੀਆਂ ਵਿਆਹਾਂ ਤੇ ਗਾਉਂਦੀਆਂ ਹੁੰਦੀਆਂ ਹਨ। ਇਹ ਗੀਤਾਂ ਵਾਲਾ ਬੰਦਾ ਕਿਹੜਾ ਹੋਇਆ?"
"ਉਹਦੇ ਲਿਖੇ ਗੀਤ ਕੁਲਦੀਪ ਮਾਣਕ ਅਕਸਰ ਗਾਉਂਦਾ ਏ।"
"ਫਿਰ ਤੂੰ ਇੰਜ ਕਹਿ ਕਿ ਕੁਲਦੀਪ ਮਾਣਕ ਨੂੰ ਮਿਲਣਾ ਏ। ਉਹਨੂੰ ਤਾਂ ਸਭ ਜਾਣਦੇ ਹੀ ਹਨ। ਇਹ ਦੇਵ ਨੂੰ ਵਿੱਚ ਕਿਓਂ ਘਸੋੜੀ ਜਾਂਦਾ ਏਂ?"
"ਭੈਣ ਮੇਰੀਏ, ਜਿਹੜੇ ਗੀਤ ਕੁਲਦੀਪ ਮਾਣਕ ਗਾਉਂਦਾ ਏ। ਉਹਨਾਂ ਨੂੰ ਲਿਖਣ ਵਾਲਾ ਦੇਵ ਏ।"
"ਅੱਛਾ ਲਿਖਦਾ ਕੋਈ ਹੋਰ ਹੁੰਦਾ ਏ ਤੇ ਗਾਉਂਦਾ ਕੋਈ ਹੋਰ? ਮੈਨੂੰ ਤੇਰੀ ਗੱਲ ਮਾੜੀ ਮਾੜੀ ਸਮਝ ਆਈ ਏ। ਕੁਲਦੀਪ ਮਾਣਕ ਸਾਡੇ ਪਿੰਡ ਦੇ ਦਖਾਣਾ ਦੇ ਦੇਵ ਦੇ ਘਰ ਰਹਿੰਦਾ ਏ। ਇਸਦਾ ਮਤਲਬ ਇਹ ਹੈ ਕਿ ਤੂੰ ਦਖਾਣਾ (ਤਰਖਾਣਾ) ਦੇ ਦੇਵ ਨੂੰ ਮਿਲਣਾ ਏ।"
"ਹਾਂਜੀ, ਹਾਂਜੀ, ਭੈਣ ਜੀ। ਮੈਂ ਹੈਰਾਨ ਹਾਂ ਕਿ ਤੁਸੀਂ ਉਸਦੀ ਕਲਾ ਨੂੰ ਜਾਣਦੇ ਹੀ ਨਹੀਂ।"
"ਭਰਾਵਾ, ਮਾਰ ਗੋਲੀ ਕਲਾ ਨੂੰ! ਅਸਲੀ ਬੰਦਾ ਤਾਂ ਮਾਣਕ ਏ। ਤੂੰ ਇੱਥੋਂ ਸੱਜੇ ਪਾਸੇ ਨੂੰ ਜਾਹ, ਫਿਰ ਖੱਬੇ ਪਾਸੇ ਨੂੰ ਮੁੜੀਂ, ਫਿਰ ਇੱਕ ਖੂਹ ਆਊ, ਖੂਹ ਉੱਪਰ ਘਿਰੜੇ ਲੱਗੇ ਹੋਏ ਹਨ, ਇਥੋਂ ਪਹਿਲਾਂ ਲੋਕ ਪਾਣੀ ਭਰਦੇ ਹੁੰਦੇ ਸੀ। ਹੁਣ ਇਹ ਖੂਹ ਉਜੜਿਆ ਜਿਹਾ ਏ ਕਿਉਂਕਿ ਪਾਣੀ ਸਰਕਾਰ ਦੀਆਂ ਟੂਟੀਆਂ ਰਾਹੀਂ ਘਰ ਘਰ ਪਹੁੰਚ ਗਿਆ। ਖੂਹ ਦੇ ਨੇੜੇ ਪੋਹਲੋ ਦੀ ਹੱਟੀ ਏ। ਹੱਟੀ ਵਾਲੇ ਨੂੰ ਕਹੀਂ- 'ਦਖਾਣਾ ਦੇ ਦੇਵ ਦੇ ਘਰ ਜਾਣਾ ਏ।' ਉਹ ਤੈਨੂੰ ਆਪ ਹੀ ਦੱਸ ਦਊ। ਜੌੜਾ ਲਿਖਦਾ ਹੈ ਕਿ ਉਹਨੂੰ ਇਵੇਂ ਮਸ਼ਹੂਰ ਗੀਤਕਾਰ ਦੇਵ ਥਰੀਕੇ ਵਾਲੇ ਦਾ ਘਰ ਲੱਭਿਆ ਸੀ। ਮਨਜੀਤ ਕਹੇਂ ਤਾਂ ਮੈਂ ਇੱਕ ਨਿੱਕੀ ਜਿਹੀ ਹੋਰ ਗੱਲ ਵੀ ਸੁਣਾ ਦਿੰਦਾ ਹਾਂ। ਤੈਨੂੰ ਪਤਾ ਲੱਗ ਜਾਊ ਜਿਹੜੇ ਬੰਦੇ ਦੁਨੀਆਂ ਵਿੱਚ ਮਸ਼ਹੂਰ ਹੋ ਚੁੱਕੇ ਹੁੰਦੇ ਹਨ ਉਹਨਾਂ ਨੂੰ ਉਹਨਾਂ ਦੇ ਗੁਆਂਢ ਵਿੱਚ ਰਹਿੰਦੇ ਲੋਕ ਸਧਾਰਨ ਜਿਹੇ ਬੰਦੇ ਹੀ ਸਮਝਦੇ ਹੁੰਦੇ ਹਨ।"
"ਚਲੋ, ਉਹ ਗੱਲ ਵੀ ਸੁਣਾ ਹੀ ਦਿਓ।"
"ਮੇਰੇ ਕਾਲਜ ਵਿੱਚ ਇੱਕ ਵਾਰ ਅਸੀਂ ਬਸੰਤ ਪੰਚਮੀ ਦਾ ਤਿਉਹਾਰ ਮਨਾਉਣਾ ਸੀ। ਪ੍ਰਿੰਸੀਪਲ ਨੇ ਸਟਾਫ ਦੀ ਮੀਟਿੰਗ ਕੀਤੀ। ਕਹਿੰਦਾ - 'ਪ੍ਰਧਾਨਗੀ ਕਰਨ ਲਈ ਕੌਣ ਬੁਲਾਇਆ ਜਾਵੇ?' ਮੇਰੇ ਤੋਂ ਕਹਿ ਹੋ ਗਿਆ - 'ਇਸ ਵਾਰ ਕੋਈ ਸਾਹਿਤਕਾਰ ਸੱਦ ਲਓ। ਕਹੋ ਤਾਂ ਮੈਂ ਜਸਵੰਤ ਸਿੰਘ ਕੰਵਲ ਨੂੰ ਲਿਆ ਸਕਦਾ ਹਾਂ। ਮੇਰੇ ਸਹੁਰਿਆਂ ਵਲੋਂ ਮੇਰਾ ਥੋੜ੍ਹਾ ਜਿਹਾ ਵਾਕਿਫ ਏ।' ਸਾਹਿਬ ਕਹਿਣ ਲੱਗਾ - 'ਕੱਲ ਜਾਓ ਤੇ ਗੱਲ ਕਰ ਲਓ।' ਮੈਂ ਦੂਜੇ ਦਿਨ ਲੁਧਿਆਣੇ ਤੋਂ ਬੱਸ ਫੜ ਕੇ ਅਜੀਤਵਾਲ ਜਾ ਉਤਰਿਆ। ਉਥੋਂ ਉਦੋਂ ਢੁੱਡੀਕੇ ਨੂੰ ਟੈਂਪੂ ਜਾਂਦੇ ਹੁੰਦੇ ਸਨ। ਮੈਂ ਅਜੀਤਵਾਲ ਇੱਕ ਚਾਹ ਦੇ ਖੋਖੇ ਵਾਲੇ ਨੂੰ ਪੁੱਛਿਆ ਕਿ ਉੱਥੇ ਕੰਵਲ ਸਾਹਿਬ ਕਦੋਂ ਉਤਰਦੇ ਹੁੰਦੇ ਸਨ। ਉਹ ਕਹਿੰਦਾ - 'ਮੈਂ ਤਾਂ ਕਿਸੇ ਕੰਵਲ ਕੁੰਵਲ ਨੂੰ ਨਹੀਂ ਜਾਣਦਾ।' ਫਿਰ ਮੈਂ ਦੋ ਕੁ ਨੂੰ ਹੋਰ ਪੁੱਛਿਆ। ਉਹਨਾਂ ਵਿੱਚੋਂ ਇੱਕ ਬੋਲਿਆ - 'ਕੀ ਤੁਸੀਂ ਢੁੱਡੀਕੇ ਦੇ ਸਰਪੰਚ ਦੀ ਗੱਲ ਕਰਦੇ ਹੋ?' ਮੈਂ ਕਿਹਾ, 'ਯਾਰ, ਉਹ ਸਰਪੰਚ ਹੈ ਜਾਂ ਨਹੀਂ, ਇਹ ਤਾਂ ਮੈਂ ਨਹੀਂ ਜਾਣਦਾ।' ਜਦ ਨੂੰ ਦੂਜਾ ਬੋਲ ਪਿਆ, 'ਉਹ ਕਾਮਰੇਡ। ਇਹ ਕਾਮਰੇਡ ਬਾਰੇ ਪੁੱਛ ਰਿਹਾ ਲੱਗਦਾ ਏ। ਉਹ ਚਿੱਟਕੱਪੜੀਆ ਬੁੜ੍ਹਾ।' ਮੈਂ ਕਿਹਾ, 'ਉਹ ਮਸ਼ਹੂਰ ਨਾਵਲਕਾਰ ਏ।' ਉਹੀ ਫਿਰ ਬੋਲਿਆ, 'ਅਸੀਂ ਉਹਦੀ ਕਿਸੇ ਹੋਰ ਕਲਾਕਾਰੀ ਬਾਰੇ ਤਾਂ ਨਹੀਂ ਜਾਣਦੇ। ਹਾਂ, ਉਹ ਪਿੰਡ ਦਾ ਸਰਪੰਚ ਹੈ। ਇੱਥੇ ਅੱਡੇ ਵਿੱਚ ਲੋਕ ਉਹਨੂੰ ਚਿੱਟਕੱਪੜੀਆ ਸਰਦਾਰ ਕਰਕੇ ਜਾਣਦੇ ਹਨ। ਉਹ ਲੰਬਾ ਜਿਹਾ ਬੁੜ੍ਹਾ ਏ। ਉਹਦੇ ਉਤਰਨ ਦਾ ਪੱਕਾ ਪਤਾ ਨਹੀਂ। ਤੁਸੀਂ ਟੈਂਪੂ ਫੜ ਕੇ ਢੁੱਡੀਕੇ ਪਹੁੰਚ ਜਾਓ। ਉੱਥੇ ਜਾ ਕੇ ਪਤਾ ਕਰੋ।' ਉਦੋਂ ਕੰਵਲ ਦੇ ਵੀਹ ਕੁ ਨਾਵਲ ਬਜ਼ਾਰ ਵਿੱਚ ਆ ਚੁੱਕੇ ਸਨ। ਪਰੰਤੂ ਉਹਨੂੰ ਉਹਦੇ ਪਿੰਡ ਦੇ ਨੇੜੇ ਪੈਂਦੇ ਪਿੰਡ ਦੇ ਬੱਸ ਅੱਡੇ ਤੇ ਕੋਈ ਦੁਕਾਨਦਾਰ ਚੱਜ ਨਾਲ ਜਾਣਦਾ ਤੱਕ ਨਹੀਂ ਸੀ। ਮਨਜੀਤ, ਤੂੰ ਲੋਕਾਂ ਦੀ ਸੋਚ ਦਾ ਅੰਦਾਜ਼ਾ ਲਗਾ ਲੈ।"
"ਸਰ ਜੀ, ਤੁਹਾਡੀ ਗੱਲ ਬਿਲਕੁਲ ਠੀਕ ਏ। ਕੀ ਤੁਸੀਂ ਕੰਵਲ ਨੂੰ ਮਿਲੇ?"
"ਇਹ ਵੀ ਸੁਣ ਲੈ। ਮੈਂ ਢੁੱਡੀਕੇ ਪਿੰਡ ਦੇ ਬਾਹਰਵਾਰ ਜਾ ਕੇ ਇੱਕ ਮੁੰਡੇ ਤੋਂ ਕੰਵਲ ਦਾ ਘਰ ਪੁੱਛਿਆ। ਕਹਿੰਦੇ ਪਿੰਡ ਦੇ ਚੜ੍ਹਦੇ ਪਾਸੇ ਛੱਪੜ ਪਾਸ ਏ।ਮੈਂ ਚਲਾ ਗਿਆ ਜਾ ਕੇ ਦਰਵਾਜ਼ਾ ਖੜਕਾਇਆ। ਅੰਦਰੋਂ ਇੱਕ 30 ਕੁ ਸਾਲ ਦਾ ਬੰਦਾ ਆਇਆ। ਮੈਨੂੰ ਅੰਦਰ ਲੈ ਗਿਆ। ਅਸੀਂ ਸੋਫੇ ਤੇ ਬੈਠ ਗਏ। ਦੋ ਕੁ ਮਿੰਟ ਵਿੱਚ ਇੱਕ 65 ਕੁ ਸਾਲ ਦੀ ਤੀਵੀ ਮੇਰੇ ਸਾਹਮਣੇ ਆ ਕੇ ਬੈਠ ਗਈ।
'ਹਾਂਜੀ, ਵੀਰ ਜੀ, ਕੀ ਕੰਮ ਆਏ ਹੋ ?'
'ਭੈਣ ਜੀ, ਮੈਂ ਦੁਆਬੇ ਦੇ ਕਿਸੇ ਕਾਲਜ ਵਿੱਚ ਪ੍ਰੋਫੈਸਰ ਹਾਂ। ਅਸੀਂ ਇੱਕ ਪ੍ਰੋਗਰਾਮ ਕਰ ਰਹੇ ਹਾਂ। ਅਸੀਂ ਕੰਵਲ ਸਾਹਿਬ ਤੋਂ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਵਾਉਣੀ ਚਾਹੁੰਦੇ ਹਾਂ।'
'ਫਿੱਟੇ ਮੂੰਹ ਤੁਹਾਡੇ ਤੇ ਨਾਲੇ ਤੁਹਾਡੀ ਪੜ੍ਹਾਈ ਦੇ! ਤੁਹਾਨੂੰ ਪ੍ਰਧਾਨਗੀ ਕਰਵਾਉਣ ਲਈ ਕੋਈ ਹੋਰ ਚੰਗਾ ਬੰਦਾ ਨਹੀਂ ਮਿਲਿਆ? ਤੁਸੀਂ ਇਸ ਲੁੱਚੇ ਤੋਂ ਪ੍ਰਧਾਨਗੀ ਕਰਵਾਉਣੀ ਚਾਹੁੰਦੇ ਹੋ?...............।'
ਤੀਵੀਂ ਹੋਰ ਵੀ ਅਵਾ ਤਵਾ ਬੋਲਣ ਵਾਲੀ ਸੀ ਕਿ ਮੈਂ ਉੱਠ ਕੇ ਬਾਹਰ ਨੂੰ ਤੁਰ ਪਿਆ। ਮੈਨੂੰ ਡਰ ਪੈ ਗਿਆ ਕਿ ਉਹ ਉਸ ਮੁੰਡੇ ਨੂੰ ਅੰਦਰ ਸੱਦ ਕੇ ਮੇਰੇ ਚਪੇੜਾਂ ਹੀ ਨਾ ਵਜਵਾ ਦੇਵੇ। ਮੈਂ ਬਾਹਰ ਨਿਕਲ ਆਇਆ।"
"ਸਰ ਜੀ, ਇਹ ਮਾਜਰਾ ਕੀ ਸੀ?"
"ਮਨਜੀਤ, ਇਹ ਕੰਵਲ ਦੀ ਪਹਿਲੀ ਤੀਵੀਂ ਦਾ ਘਰ ਸੀ। ਉਦੋਂ ਉਹ ਇੱਕ ਹੋਰ ਤੀਵੀਂ ਨਾਲ ਰਹਿੰਦਾ ਹੁੰਦਾ ਸੀ। ਜਦ ਕੋਈ ਆਦਮੀ ਆਪਣੀ ਘਰਵਾਲੀ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿੰਦਾ ਹੋਵੇ ਤਾਂ ਘਰਵਾਲੀ ਤਾਂ ਇਸ ਪ੍ਰਕਾਰ ਦਾ ਵਰਤਾਓ ਹੀ ਕਰੇਗੀ।"
"ਜੀ ਸਰ, ਫਿਰ।"
"ਮੈਂ ਬਾਹਰ ਆ ਕੇ ਕੰਵਲ ਦਾ ਦੂਜਾ ਘਰ ਪਤਾ ਕੀਤਾ।ਬੰਦਾ ਕਹਿੰਦਾ-- ਔਹ ਪਿੰਡ ਦੇ ਬਾਹਰਵਾਰ ਉਹਦੀ ਕੋਠੀ ਏ। ਜਦ ਮੈਂ ਕੋਠੀ ਮੂਹਰੇ ਗਿਆ ਤਾਂ ਦੇਖਿਆ ਉੱਥੇ ਤਾਲਾ ਲਟਕ ਰਿਹਾ ਸੀ। ਕੰਵਲ ਕਿਤੇ ਗਿਆ ਹੋਇਆ ਸੀ। ਮੈਂ ਵਾਪਸ ਆਪਣੇ ਸਹੁਰੀਂ ਲੁਧਿਆਣੇ ਆ ਗਿਆ। ਦੂਜੇ ਦਿਨ ਮੈਂ ਫਿਰ ਗਿਆ ਤਾਂ ਕੰਵਲ ਮਿਲ ਪਿਆ ਸੀ। ਉਹ ਆ ਕੇ ਸਾਡੇ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਗਿਆ ਸੀ।"
"ਸਾਹਿਤਕਾਰਾਂ ਦਾ ਵੀ ਅਜੀਬ ਹਾਲ ਏ ਸਰ ਜੀ। ਕਮਾਲ ਹੋ ਗਈ। ਕੰਵਲ ਦੀ ਪਹਿਲੀ ਤੀਵੀਂ ਦੇ ਵਰਤਾਓ ਤੋਂ ਤਾਂ ਮੈਨੂੰ ਹੈਰਾਨੀ ਹੋਈ ਹੀ ਹੈ। ਤੁਹਾਨੂੰ ਤੁਹਾਡੇ ਪਿੰਡ ਦੀ ਦੂਜੀ ਪੁਸ਼ਤ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ। ਤੁਸੀਂ ਸਾਡੇ ਵਾਸਤੇ ਇੱਕ ਮਹੱਤਵਪੂਰਨ ਵਿਅਕਤੀ ਹੋ। ਹੁਣ ਮੈਂ ਸਟੇਜ ਤੇ ਤੁਹਾਡੇ ਬਾਰੇ ਖੁੱਲ ਕੇ ਦੱਸਾਂਗਾ। ਤੁਹਾਨੂੰ ਲੋਕਾਂ ਦੇ ਰੂ-ਬ-ਰੂ ਕਰਵਾਵਾਂਗਾ। ਤੁਹਾਨੂੰ ਸਨਮਾਨਿਤ ਵੀ ਕਰਾਂਗੇ। ਬਸ ਤੁਸੀਂ ਮੇਰੇ ਨਾਲ ਆ ਜਾਓ। ਮੂਹਰੇ ਮੁੱਖ ਮਹਿਮਾਨਾਂ ਨਾਲ ਸੋਫਿਆਂ ਤੇ ਬਿਰਾਜਮਾਨ ਹੋ ਜਾਓ। ਮੈਂ ਇਹਨਾਂ ਛੋਕਰਿਆਂ ਦੇ ਸਾਰੇ ਸ਼ੰਕੇ ਕੱਢ ਦਿਆਂਗਾ।"
"ਮਨਜੀਤ ਤੈਨੂੰ ਇਨਾ ਜ਼ਿਆਦਾ ਮਹਿਸੂਸ ਨਹੀਂ ਕਰਨਾ ਚਾਹੀਦਾ। ਆਮ ਲੋਕ ਸਾਹਮਣੇ ਦਿੱਖ ਰਹੀ, ਬੋਲ ਰਹੀ ਜਾਂ ਅਭਿਨੈ ਕਰ ਰਹੀ ਹਸਤੀ ਤੋਂ ਪ੍ਰਭਾਵਿਤ ਹੋਇਆ ਕਰਦੇ ਹਨ। ਇਹ ਪਿੱਛੇ ਛੁਪੀਆਂ ਹੋਈਆਂ ਹਸਤੀਆਂ ਜਿਵੇਂ ਗੀਤਕਾਰਾਂ, ਨਿਰਦੇਸ਼ਕਾਂ, ਸੰਗੀਤਕਾਰਾਂ ਆਦਿ ਨੂੰ ਘੱਟ ਹੀ ਜਾਣਦੇ ਹੁੰਦੇ ਹਨ। ਚਮਕ ਦਮਕ, ਤਿੱਖੀਆਂ ਸੰਗੀਤ ਮਈ ਧੁਨਾਂ ਤੇ ਆਵਾਜ਼ਾਂ ਹੀ ਇਹਨਾਂ ਲਈ ਸਭ ਕੁਝ ਹੁੰਦੀਆਂ ਹਨ।"
ਮੈਂ ਉਸ ਸੀਟ ਤੇ ਬੈਠ ਗਿਆ ਤੇ ਪ੍ਰੋਗਰਾਮ ਦਾ ਆਨੰਦ ਮਾਨਣ ਲੱਗ ਪਿਆ।
ਅਵਤਾਰ ਐਸ. ਸੰਘਾ
(ਸਿਡਨੀ ਆਸਟਰੇਲੀਆ)
ਫੋਨ ਨੰਬਰ:- +61 437 641 033
ਚਿਰੋਕਣੀ ਰਿਸੈਪਸ਼ਨ ਪਾਰਟੀ - ਕਹਾਣੀ - ਅਵਤਾਰ ਐਸ. ਸੰਘਾ
"ਇਹਨਾਂ ਨੂੰ ਪੁੱਛੋ, ਇਹ ਅੱਜ ਵੀ ਮੋਟਰਸਾਈਕਲ ਤੇ ਆਏ ਹਨ ਜਾਂ.....?" ਟੈਲੀਫੋਨ ਤੇ ਮੈਨੂੰ ਪਾਲਾਂ ਦੀ ਆਵਾਜ਼ ਸੁਣ ਗਈ ਜਿਹੜੀ ਉਸਨੇ ਆਪਣੇ ਘਰ ਵਾਲੇ ਕੁਲਦੀਪ ਨੂੰ ਮੇਰਾ ਫੋਨ ਸੁਣ ਰਹੇ ਨੂੰ ਕਹੀ। ਪਾਲਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਹੀ ਉਹਦਾ ਟੀਚਰ ਹਾਂ, ਜਿਸਦਾ ਮੋਟਰਸਾਈਕਲ ਉਸਦੇ ਬਾਪ ਕਿਰਪਾਲ ਸਿੰਘ ਨੇ ਉਸਨੂੰ ਜਵਾਨੀ ਵਿੱਚ ਕੁਲਦੀਪ ਨਾਲ ਦੌੜ ਗਈ ਨੂੰ ਲੱਭਣ ਵਿੱਚ ਵਰਤਿਆ ਸੀ।
"ਕੁਲਦੀਪ, ਤੇਰੀ ਘਰਵਾਲੀ ਮੇਰੇ ਨਾਲ ਐਵੇਂ ਮੋਟਰਸਾਈਕਲ ਦਾ ਜ਼ਿਕਰ ਕਰਕੇ ਢੁੱਚਰਾਂ ਭੇੜੀ ਜਾਂਦੀ ਏ। ਮੇਰੇ ਮੋਟਰਸਾਈਕਲ ਨੇ ਤਾਂ ਉਦੋਂ ਤੁਹਾਡਾ ਫਾਇਦਾ ਹੀ ਕੀਤਾ ਸੀ। ਤੁਸੀਂ ਭਲੀ ਭਾਂਤ ਲੱਭ ਹੋ ਗਏ ਸੀ। ਰਿਪੋਰਟ ਦਰਜ ਹੋਣੋ ਬਚ ਗਈ ਸੀ। ਨਹੀਂ ਤਾਂ ਪੁਲਿਸ ਨੇ ਤੁਹਾਨੂੰ ਫੜ੍ਹ ਕੇ ਜਲੀਲ ਕਰਨਾ ਸੀ। ਸਾਰੇ ਇਲਾਕੇ ਚ ਬਹੁਤ ਬੇਇਜ਼ਤੀ ਹੋ ਜਾਣੀ ਸੀ। ਜਿਹੜੀ ਕੁੜੀ ਇੱਕ ਵਾਰੀ ਪੁਲਿਸ ਹਿਰਾਸਤ ਵਿੱਚ ਹੋ ਆਵੇ ਉਹਨੂੰ ਤਾਂ ਸਾਡਾ ਸਮਾਜ ਚੱਜ ਨਾਲ ਅਪਣਾਉਂਦਾ ਹੀ ਨਹੀਂ। ਮੁੜ ਘਿੜ ਕੇ ਖੋਤੀ ਫਿਰ ਵੀ ਉਸੇ ਬੋਹੜ ਥੱਲੇ ਆਉਣੀ ਸੀ ਜਿਸ ਥੱਲੇ ਮੇਰੇ ਮੋਟਰਸਾਈਕਲ ਨੇ ਜਲਦੀ ਲੈ ਆਂਦੀ ਸੀ", ਮੈਂ ਕੈਨੇਡਾ ਵਿੱਚ ਸਰੀ ਪਹੁੰਚ ਕੇ ਤੀਜੇ ਕੁ ਦਿਨ ਕੁਲਦੀਪ ਨਾਲ ਫੋਨ ਤੇ ਇਵੇਂ ਗੱਲ ਕੀਤੀ ਸੀ। ਉਸਦਾ ਨੰਬਰ ਮੈਨੂੰ ਸਰੀ ਵਿੱਚ ਹੀ ਰਹਿੰਦੇ ਮੇਰੇ ਇੱਕ ਪੁਰਾਣੇ ਵਿਦਿਆਰਥੀ ਗੁਰੀ ਨੇ ਦਿੱਤਾ ਸੀ।
ਕੁਲਦੀਪ ਤੇ ਪਾਲਾਂ ਡੈਲਟਾ ਵਿਖੇ 40 ਸਾਲ ਤੋਂ ਰਹੇ ਸਨ। ਕੈਨੇਡਾ ਪਹੁੰਚਣ ਤੋਂ ਪਹਿਲਾਂ ਦੀ ਇਹਨਾਂ ਦੀ ਕਹਾਣੀ ਅਜੀਬ ਜਿਹੀ ਹੀ ਸੀ। ਕੁਲਦੀਪ ਮੇਰੇ ਕਸਬੇ ਵਿੱਚ ਟਰੈਵਲ ਏਜੈਂਟ ਹੁੰਦਾ ਸੀ। ਉਹ ਮੇਰਾ ਇਸ ਕਰਕੇ ਵਾਕਫ ਸੀ ਕਿਉਂਕਿ ਉਹ ਕਿਸੇ ਵੇਲੇ ਮੇਰੇ ਨੇੜੇ ਤੇੜੇ ਹੀ ਪੜ੍ਹਦਾ ਹੁੰਦਾ ਸੀ। ਜਦ ਮੈਂ ਚਾਰ ਕੁ ਸਾਲ ਐਮ. ਏ ਤੱਕ ਲਗਾ ਕੇ ਉਸਦੇ ਕਸਬੇ ਦੇ ਇੱਕ ਡਿਗਰੀ ਕਾਲਜ ਵਿੱਚ ਲੈਕਚਰਾਰ ਆ ਲੱਗਾ ਸਾਂ ਉਦੋਂ ਪਾਲਾਂ ਇਸ ਕਾਲਜ ਵਿੱਚ ਮੇਰੀ ਵਿਦਿਆਰਥਣ ਸੀ। ਪਾਲਾਂ ਦਾ ਟੱਬਰ ਮੈਨੂੰ ਜਾਣਦਾ ਹੀ ਸੀ। ਕੁਲਦੀਪ ਦੀ ਵੀ ਮੇਰੇ ਨਾਲ ਹੈਲੋ ਹੈਲੋ ਹੁੰਦੀ ਹੀ ਸੀ। ਉਸਦੀ ਟਰੈਵਲ ਏਜੰਸੀ ਦੇ ਨਾਲ ਲੱਗਦਾ ਇੱਕ ਤਾਬਿਆਦਾਰ ਕਮਰਸ਼ੀਅਲ ਕਾਲਜ ਹੋਇਆ ਕਰਦਾ ਸੀ, ਜਿੱਥੇ ਹਰ ਵਕਤ 15-20 ਲੜਕੇ ਲੜਕੀਆਂ ਟਾਈਪ ਤੇ ਸ਼ਾਰਟਹੈਂਡ ਸਿੱਖਦੇ ਰਹਿੰਦੇ ਸਨ। ਕੁਲਦੀਪ ਦੀ ਹਰ ਸਮੇਂ ਕੋਸ਼ਿਸ਼ ਹੋਇਆ ਕਰਦੀ ਸੀ ਕਿ ਮੌਕਾ ਮਿਲਦੇ ਸਾਰ ਹੀ ਇੱਕਦਮ ਕਿਸੇ ਬਾਹਰਲੇ ਮੁਲਕ ਨੂੰ ਦੌੜ ਜਾਇਆ ਜਾਵੇ। ਟਰੈਵਲ ਏਜੰਸੀ ਦਾ ਕੰਮ ਤਾਂ ਉਹ ਆਪਣੇ ਕਿਸੇ ਅਸਿਸਟੈਂਟ ਨੂੰ ਵੀ ਸੰਭਾਲ ਸਕਦਾ ਸੀ। ਕੁਲਦੀਪ ਦੀ ਘਰ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਥੋੜ੍ਹੀ ਜਿਹੀ ਜ਼ਮੀਨ ਸੀ, ਉਹ ਵੀ ਉੱਪਰ ਨੀਮ ਪਹਾੜੀ ਇਲਾਕੇ ਵਿੱਚ। ਵੈਸੇ ਮੁੰਡਾ ਉਹ ਸਡੌਲ, ਸਮਾਰਟ ਤੇ ਸਿਹਤਮੰਦ ਸੀ। ਉਹਦੀ ਕੋਸ਼ਿਸ਼ ਇਹੀ ਹੁੰਦੀ ਸੀ ਕਿ ਕੋਈ ਬਾਹਰਲੀ ਅਸਾਮੀ ਕਾਬੂ ਕਰਕੇ ਵਿਆਹ ਦੇ ਅਧਾਰ ਤੇ ਇੰਗਲੈਂਡ ਜਾਂ ਕੈਨੇਡਾ ਚਲਾ ਜਾਇਆ ਜਾਵੇ। ਲੜਕੀ ਲੱਭਣ ਲਈ ਉਹ ਨਾਲ ਲੱਗਦੇ ਕਮਰਸ਼ੀਅਲ ਕਾਲਜ ਤੇ ਵੀ ਨਿਗ੍ਹਾ ਰੱਖਦਾ ਹੁੰਦਾ ਸੀ। ਉਦੋਂ ਕੰਪਿਊਟਰ ਅਜੇ ਆਏ ਨਹੀਂ ਸਨ। ਹਰ ਦਸਵੀਂ ਪਾਸ ਕਰ ਗਏ ਬੱਚੇ ਦੀ ਦਿਲਚਸਪੀ ਟਾਈਪ ਤੇ ਸ਼ਾਰਟ ਹੈਂਡ ਸਿੱਖਣ ਦੀ ਹੁੰਦੀ ਸੀ। ਟਾਈਪ ਤੇ ਸ਼ਾਟਹੈਂਡ ਸਿੱਖਦੀਆਂ ਲੜਕੀਆਂ ਵੀ ਹਰ ਸੰਪਰਕ ਵਿੱਚ ਆਉਣ ਵਾਲੇ ਲੜਕੇ ਨੂੰ ਚੰਗੀ ਤਰ੍ਹਾਂ ਨਿਹਾਰਦੀਆਂ ਰਹਿੰਦੀਆਂ ਸਨ। ਕੁਲਦੀਪ ਨੇ ਬੀ. ਏ ਕਰ ਲਈ ਸੀ। ਬਹੁਤੇ ਟਾਈਪ ਸਿੱਖਣ ਵਾਲੇ ਲੜਕੇ ਮੈਟ੍ਰਿਕ ਪਾਸ ਹੀ ਹੋਇਆ ਕਰਦੇ ਸਨ। ਕੁਲਦੀਪ ਲਈ ਨਿੱਤ ਦਿਨ ਦਿਵਾਲੀ ਵਾਂਗ ਹੀ ਸੀ ਕਿਉਂਕਿ ਉਹ ਪੜ੍ਹਿਆ ਵੀ ਵੱਧ ਸੀ ਤੇ ਉਹ ਕਾਰੋਬਾਰ ਵੀ ਐਸਾ ਕਰਦਾ ਸੀ ਜਿਸ ਨਾਲ ਬਾਹਰ ਨੂੰ ਜਾਣ ਦਾ ਆਧਾਰ ਤਿਆਰ ਹੁੰਦਾ ਸੀ। ਸ਼ਹਿਰ ਵਿੱਚ ਦੋ ਕਿੱਤਿਆਂ ਦੇ ਬੰਦੇ ਸਭ ਤੋਂ ਵੱਧ ਟੌਹਰੀ ਹੋਇਆ ਕਰਦੇ ਸਨ-- ਟਰੈਵਲ ਏਜੰਟ ਤੇ ਫੋਟੋਗ੍ਰਾਫਰ। ਤੀਜੇ ਨੰਬਰ ਤੇ ਵੰਗਾਂ ਚੂੜੀਆਂ ਵੇਚਣ ਵਾਲੇ ਵਣਜਾਰੇ ਹੋਇਆ ਕਰਦੇ ਸਨ। ਫਰਕ ਇਹ ਸੀ ਕਿ ਵਣਜਾਰੇ ਪੜ੍ਹੇ ਲਿਖੇ ਬਹੁਤ ਘੱਟ ਸਨ। ਕੁੜੀਆਂ ਦੇ ਪੂਰ ਕਮਰਸ਼ੀਅਲ ਕਾਲਜ ਵਿੱਚ ਆਈ ਜਾਂਦੇ ਸਨ ਤੇ ਜਾਈ ਜਾਂਦੇ ਸਨ। ਮੂਹਰੇ ਕਚਹਿਰੀ ਸੀ। ਉਥੋਂ ਵੀ ਕਈ ਲੋਕ ਆਪਣੇ ਕਾਗਜ਼ ਪੱਤਰ ਟਾਈਪ ਕਰਵਾਉਣ ਲਈ ਕਮਰਸ਼ੀਅਲ ਕਾਲਜ ਹੀ ਆਉਂਦੇ ਸਨ ਕਿਉਂਕਿ ਉਦੋਂ ਫੋਟੋ ਸਟੇਟ ਅਜੇ ਹੋਂਦ ਵਿੱਚ ਨਹੀਂ ਸੀ ਆਇਆ। ਬਹੁਤੇ ਮਾਪੇ ਲੜਕੀਆਂ ਦੀ ਉਚੇਰੀ ਸਿੱਖਿਆ ਤੋਂ ਕੰਨੀ ਕਤਰਾਉਂਦੇ ਸਨ। ਮਾਡਲ ਤੇ ਨਮੂਨੇ ਦੇ ਅੰਗਰੇਜ਼ੀ ਸਕੂਲ ਅਜੇ ਛੋਟੇ ਕਸਬਿਆਂ ਤੱਕ ਨਹੀਂ ਪਹੁੰਚੇ ਸਨ। ਮਾਪਿਆਂ ਦੀ ਕੋਸ਼ਿਸ਼ ਸੀ ਕਿ ਲੜਕੀ ਨੂੰ ਟਾਈਪ ਤੇ ਸ਼ਾਰਟਹੈਂਡ ਦਾ ਕੋਰਸ ਕਰਾ ਕੇ ਕਿਸੇ ਮਹਿਕਮੇ ਵਿੱਚ ਕਲਰਕ ਲਗਾ ਕੇ ਉਹਦਾ ਵਿਆਹ ਕਰਕੇ ਆਪਣੀ ਜਿੰਮੇਵਾਰੀ ਤੋਂ ਮੁਕਤ ਹੋ ਜਾਇਆ ਜਾਵੇ। ਧਿਆਨਪੁਰੀਆਂ ਉਦੈ ਸਿੰਘ ਇਸ ਕਾਲਜ ਦਾ ਮਾਲਕ ਸੀ। ਕੁਲਦੀਪ ਕਦੀ ਕਦੀ ਉਦੈ ਸਿੰਘ ਦੇ ਪਾਸ ਉਸਦੇ ਕਾਲਜ ਵਿੱਚ ਆ ਕੇ ਵੀ ਬੈਠ ਜਾਇਆ ਕਰਦਾ ਸੀ। ਦਿਨ ਵਿੱਚ ਇੱਕ ਦੋ ਵਾਰ ਇਕੱਠੇ ਚਾਹ ਵੀ ਪੀ ਹੀ ਲਿਆ ਕਰਦੇ ਸਨ। ਨਾਲੇ ਕੁਲਦੀਪ ਧਿਆਨ ਰੱਖਦਾ ਸੀ ਕਿ ਕਿਹੜੀ ਕੁੜੀ ਕਿਹੜੇ ਪਿੰਡ ਤੋਂ ਆ ਰਹੀ ਹੁੰਦੀ ਸੀ, ਉਹਦੀ ਬਰਾਦਰੀ ਕੀ ਸੀ ਤੇ ਉਹ ਇਸ ਕੋਰਸ ਤੋਂ ਇਲਾਵਾ ਕਿਸੇ ਕਾਲਜ ਦੇ ਵਿੱਚ ਰੈਗੂਲਰ ਪੜ੍ਹਾਈ ਵੀ ਕਰ ਰਹੀ ਹੁੰਦੀ ਸੀ ਜਾਂ ਨਹੀਂ। ਸਾਰੀਆਂ ਕੁੜੀਆਂ ਨੂੰ ਨਿਹਾਰ ਕੇ ਆਖਰ ਕੁਲਦੀਪ ਇਸ ਸਿੱਟੇ ਤੇ ਪਹੁੰਚਿਆ ਕਿ ਪਾਲਾਂ ਬਾਰੇ ਪੂਰਾ ਪੂਰਾ ਪਤਾ ਲਿਆ ਜਾਵੇ। ਉਦੈ ਸਿੰਘ ਤੋਂ ਉਸਨੇ ਇਸ ਗੱਲ ਦਾ ਲਕੋਅ ਹੀ ਰੱਖਿਆ। ਕਚਹਿਰੀ ਤੋਂ ਇੱਥੇ ਨੂੰ ਆਉਂਦੇ ਹੋਏ ਦੋ ਕੁ ਬੰਦਿਆਂ ਰਾਹੀਂ ਉਸਨੇ ਪਾਲਾਂ ਬਾਰੇ ਪੂਰਾ ਪਤਾ ਕਰ ਲਿਆ। ਕੁਲਦੀਪ ਨੂੰ ਪਤਾ ਲੱਗਾ ਕਿ ਪਾਲਾਂ ਦੀ ਬੜੀ ਭੈਣ ਕੈਨੇਡਾ ਗਈ ਹੋਈ ਸੀ। ਉਸਦਾ ਇੱਕ ਭਰਾ ਸੀ ਜੋ ਉਸਤੋਂ ਛੋਟਾ ਸੀ ਤੇ ਅਜੇ ਸਕੂਲ ਦੇ ਆਖਰੀ ਸਾਲਾਂ ਦੀ ਪੜ੍ਹਾਈ ਕਰ ਰਿਹਾ ਸੀ। ਪਾਲਾਂ ਦਾ ਟੱਬਰ ਰਸਾਲਦਾਰਾਂ ਦਾ ਟੱਬਰ ਕਹਿਲਾਉਂਦਾ ਸੀ। ਪਿਓ ਬਖਤਾਵਰ ਸਿੰਘ ਰਸਾਲਦਾਰ ਸੀ। ਮਾਂ ਪਿਓ ਇੱਕ ਵਾਰ ਆਪਣੀ ਵੱਡੀ ਲੜਕੀ ਪਾਸ ਕੈਨੇਡਾ ਵੀ ਗੇੜਾ ਮਾਰ ਆਏ ਸਨ। ਜੇ ਵਿਚੋਲਾ ਵਿੱਚ ਪਾਇਆ ਜਾਂਦਾ ਤਾਂ ਕੁਲਦੀਪ ਦੀ ਗੱਲ ਨਹੀਂ ਬਣਨੀ ਸੀ ਕਿਉਂਕਿ ਕੁਲਦੀਪ ਰਸਾਲਦਾਰਾਂ ਦੇ ਮੁਕਾਬਲੇ ਸਧਾਰਨ ਪਰਿਵਾਰ ਚੋਂ ਸੀ। ਹਾਂ, ਬਰਾਦਰੀ ਦੋਹਾਂ ਟੱਬਰਾਂ ਦੀ ਜੱਟ ਸਿੱਖ ਹੀ ਸੀ। ਪਾਲਾਂ ਪੂਰੀ ਪੜ੍ਹਾਈ ਉਸੇ ਲੋਕਲ ਕਾਲਜ ਕਰ ਰਹੀ ਸੀ ਜਿੱਥੇ ਮੈਂ ਅੰਗਰੇਜ਼ੀ ਪੜ੍ਹਾਉਂਦਾ ਸਾਂ। ਇੱਕ ਵਾਰ ਕੁਲਦੀਪ ਕਾਲਜ ਵੀ ਆਇਆ ਸੀ।
"ਸਰ ਜੀ, ਸਤਿ ਸ਼੍ਰੀ ਅਕਾਲ।"
"ਸਤਿ ਸ਼੍ਰੀ ਅਕਾਲ, ਕੁਲਦੀਪ?" ਮੈਂ ਪੁੱਛਿਆ "ਕਿਵੇਂ ਆਉਣਾ ਹੋਇਆ"।
"ਸਰ, ਉਹ ਪੱਪੂ ਧਿਆਨਪੁਰੀਆ ਹੈ ਨਾ, ਉਹ ਫੁੱਟਬਾਲਰ। ਉਹਨੂੰ ਮਿਲਣ ਆਇਆ ਸਾਂ। ਮੈਂ ਸੋਚਿਆ ਤੁਹਾਨੂੰ ਵੀ ਸਲਾਮ ਕਰ ਚਲੀਏ।"
"ਹੋਰ ਕਾਲਜ ਕਿਵੇਂ ਚੱਲਦਾ ਏ? ਤੇਰਾ ਇਲਾਕਾ ਤਾਂ ਉਨਾ ਹੀ ਰੌਣਕ ਵਾਲਾ ਏ ਜਿੰਨਾ ਸਾਡਾ ਕਾਲਜ। ਨਾਲ ਕਚਹਿਰੀ ਹੈ, ਨਾਲ ਹੀ ਕਮਰਸ਼ੀਅਲ ਕਾਲਜ ਤੇ ਨਾਲ ਹੀ ਤੇਰੀ ਟਰੈਵਲ ਏਜੰਸੀ।"
"ਸਰ, ਬਸ ਗੁਜ਼ਾਰਾ ਚੱਲ ਰਿਹਾ ਏ। ਸਰ ਜੀ ਆਇਓ ਕਿਤੇ?"
"ਜਰੂਰ ਆਵਾਂਗਾ",ਇਹ ਕਹਿ ਕੇ ਮੈਂ ਆਪਣੀ ਜਮਾਤ ਲੈਣ ਕਮਰੇ ਅੰਦਰ ਚਲਾ ਗਿਆ।
ਜਦ ਕੁਲਦੀਪ ਬਾਅਦ ਵਿੱਚ ਵੀ ਕਾਲਜ ਦੋ ਤਿੰਨ ਗੇੜੇ ਮਾਰ ਗਿਆ ਤਾਂ ਪਤਾ ਲੱਗਾ ਕਿ ਮੈਨੂੰ ਮਿਲ ਕੇ ਉਹ ਪਾਲਾਂ ਤੇ ਇਹ ਪ੍ਰਭਾਵ ਪਾਉਣਾ ਚਾਹੁੰਦਾ ਸੀ ਕਿ ਉਸਦਾ ਟੀਚਰ (ਯਾਨੀ ਮੈਂ) ਉਸਦਾ ਚੰਗਾ ਵਾਕਫ ਸਾਂ। ਵੈਸੇ ਧਿਆਨਪੁਰੀਏ ਪੱਪੂ ਰਾਹੀਂ ਉਹ ਪਾਲਾਂ ਬਾਰੇ ਵੱਧ ਜਾਣਕਾਰੀ ਹਾਸਿਲ ਕਰ ਰਿਹਾ ਸੀ। ਆਖਰ ਜਦ ਕੁਲਦੀਪ ਨੂੰ ਪਤਾ ਲੱਗ ਗਿਆ ਕਿ ਪਾਲਾਂ ਦੀ ਗੱਲ ਹੋਰ ਕਿਤੇ ਨਹੀਂ ਚੱਲਦੀ ਤਾਂ ਉਸ ਨੇ ਉਦੈ ਸਿੰਘ ਰਾਹੀਂ ਪਾਲਾਂ ਨੂੰ ਇੱਕ ਅਰਜ਼ੀ ਟਾਈਪ ਕਰਨ ਨੂੰ ਦਿੱਤੀ। ਪਾਲਾਂ ਨੇ ਟਾਈਪ ਕੀਤੀ ਤਾਂ ਕੁਲਦੀਪ ਵੀ ਪਾਲਾਂ ਦੇ ਨਾਲ ਬੈਠ ਗਿਆ। ਇਸ 10 ਕੁ ਮਿੰਟ ਦੇ ਸਮੇਂ ਦੌਰਾਨ ਦੌਹਾਂ ਦੀਆਂ ਅੱਖਾਂ ਇਵੇਂ ਚਾਰ ਹੋਈਆਂ ਕਿ ਕੁਲਦੀਪ ਨੂੰ ਪਤਾ ਲੱਗ ਗਿਆ ਕਿ ਗੱਲ ਬਣ ਸਕਦੀ ਸੀ। ਕਸਬਾ ਛੋਟਾ ਸੀ। ਗੱਲ ਨੂੰ ਛੁਪਾ ਕੇ ਰੱਖਣਾ ਬੜਾ ਔਖਾ ਸੀ।
-----------------------------
ਇੱਕ ਵੀਕਐਂਡ ਦੀ ਗੱਲ ਏ। ਪਾਲਾਂ ਕੁਲਦੀਪ ਨਾਲ ਦੌੜ ਗਈ ਸੀ। ਪਾਲਾਂ ਦੇ ਪਿਓ ਰਸਾਲਦਾਰ ਬਖਤਾਵਰ ਸਿੰਘ ਲਈ ਜਿਵੇਂ ਅਸਮਾਨ ਫੱਟ ਗਿਆ ਹੋਵੇ। ਉਸ ਨੂੰ ਉਹਨਾਂ ਦਾ ਨੌਕਰ ਟਰੈਕਟਰ ਤੇ ਮੇਰੇ ਪਿੰਡ ਲੈ ਕੇ ਆਇਆ। ਮੈਂ ਉਸਨੂੰ ਦੇਖ ਕੇ ਹੈਰਾਨ ਰਹਿ ਗਿਆ।
"ਸਰ ਜੀ, ਸਾਡੀ ਕੁੜੀ ਪਾਲਾਂ ਲੱਭ ਨਹੀਂ ਰਹੀ। ਸਾਡਾ ਮੋਟਰਸਾਈਕਲ ਮਕੈਨਿਕ ਪਾਸ ਸਰਵਿਸ ਲਈ ਦਿੱਤਾ ਹੋਇਆ ਏ। ਤੁਸੀਂ ਮੈਨੂੰ ਛੇਤੀ ਨਾਲ ਆਪਣਾ ਮੋਟਰਸਾਈਕਲ ਦਿਓ। ਹੋ ਸਕਦਾ ਹੈ ਮੈਨੂੰ ਕੁੜੀ ਨੂੰ ਲੱਭਣ ਲਈ ਛੋਟੀਆਂ ਪਗਡੰਡੀਆਂ ਰਾਹੀਂ ਖੇਤਾਂ ਵਿੱਚ ਟਿਊਬਵੈੱਲ ਦੀਆਂ ਮੋਟਰਾਂ ਤੇ ਜਾਣਾ ਪਵੇ। ਉੱਥੇ ਟੈਕਸੀ ਜਾਂ ਟਰੈਕਟਰ ਕੰਮ ਨਹੀਂ ਕਰਨਗੇ।"
ਮੈਂ ਆਪਣਾ ਬੁਲੱਟ ਮੋਟਰਸਾਈਕਲ ਦੇ ਦਿੱਤਾ। ਬਖਤਾਵਰ ਸਿੰਘ ਨੇ ਉਸ ਪਾਸੇ ਦਾ ਸਾਰਾ ਇਲਾਕਾ ਛਾਂਟ ਮਾਰਿਆ ਜਿੱਥੇ ਉਸਨੂੰ ਕੁੜੀ ਦੇ ਹੋਣ ਦੀ ਸ਼ੱਕ ਸੀ।
ਕੁੜੀ ਮਿਲੀ ਇੱਕ ਟਿਊਬਵੈੱਲ ਦੀ ਮੋਟਰ ਤੋਂ। ਹਾਂ, ਕੁਲਦੀਪ ਪਛਾਣਿਆ ਗਿਆ ਸੀ ਪਰ ਉਹ ਆਪਣੇ ਮੋਟਰਸਾਈਕਲ ਤੇ ਉਨੇ ਸਮੇਂ ਵਿੱਚ ਦੌੜ ਗਿਆ ਸੀ ਜਿੰਨਾ ਚਿਰ ਪਾਲਾਂ ਜਾਣ ਬੁਝ ਕੇ ਆਪਣੇ ਬਾਪ ਨਾਲ ਜਾਣ ਤੋਂ ਆਨਾ ਕਾਨੀ ਕਰਦੀ ਰਹੀ। ਪਾਲਾਂ ਨੇ ਕੁਲਦੀਪ ਨੂੰ ਭੱਜਣ ਦਾ ਪੂਰਾ ਸਮਾਂ ਦੇ ਦਿੱਤਾ ਸੀ। ਘਰ ਲਿਆ ਕੇ ਪਾਲਾਂ ਦੇ ਮਾਪਿਆਂ ਨੇ ਪੁੱਛਗਿੱਛ ਕੀਤੀ। ਉਸਨੇ ਦੱਸ ਦਿੱਤਾ ਕਿ ਉਹ ਕੁਲਦੀਪ ਨਾਲ ਹੀ ਵਿਆਹ ਕਰਵਾਏਗੀ। ਕੈਨੇਡਾ ਜਾਣ ਤੋਂ ਬਾਅਦ ਉਹ ਕੁਲਦੀਪ ਨੂੰ ਹੀ ਉੱਧਰ ਸੱਦੇਗੀ।
"ਕੀ ਉਹ ਮੰਨਦਾ ਏ? ਕੀ ਤੈਨੂੰ ਸਾਡੇ ਮੁਕਾਬਲੇ ਉਹ ਗਰੀਬ ਨਹੀਂ ਲੱਗਦਾ? ਕਦੀ ਉਹਦੀ ਜਾਇਦਾਦ ਦਾ ਵੀ ਪਤਾ ਕੀਤਾ ਏ? ਤੈਨੂੰ ਪਤਾ ਉਸਦਾ ਬਾਪ ਅਨਪੜ੍ਹ ਏ। ਥੋੜ੍ਹੀ ਜਿਹੀ ਜ਼ਮੀਨ ਤੇ ਖੇਤੀ ਕਰਦਾ ਏ। ਦੋ ਭਰਾ ਹਨ ਤੇ ਦੋ ਭੈਣਾਂ। ਤੂੰ ਰਸਾਲਦਾਰਾਂ ਦੀ ਧੀ ਏਂ। ਸਾਰਾ ਸ਼ਹਿਰ ਸਾਡੇ ਨਾਲ ਵਰਤਦਾ ਏ। ਤੈਨੂੰ ਪਤਾ ਏ ਕਿ ਤੇਰੇ ਬਾਪ ਦੀ ਸਰਕਾਰੇ ਦਰਬਾਰੇ ਵੀ ਚੰਗੀ ਚੱਲਦੀ ਏ। ਫੈਸਲਾ ਲੈਣ ਲੱਗੀ ਨੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ। ਦੱਸ ਹੁਣ ਤੂੰ ਕਿੱਥੇ ਖੜ੍ਹੀ ਏਂ", ਮਾਂ ਨੇ ਪਾਲਾਂ ਨੂੰ ਕਾਫੀ ਲਾਹਣਤ ਪਾਈ।
"ਕੋਈ ਗੱਲ ਨਹੀਂ। ਮੈਨੂੰ ਨਾ ਜ਼ਮੀਨ ਦੀ ਜ਼ਰੂਰਤ ਏ ਤੇ ਨਾ ਹੀ ਸ਼ੌਹਰਤ ਦੀ। ਜਦ ਕੋਈ ਕੈਨੇਡਾ ਜਿਹੇ ਦੇਸ਼ ਵਿੱਚ ਪਹੁੰਚ ਜਾਂਦਾ ਏ ਤਾਂ ਉਹ ਆਪ ਹੀ ਬਥੇਰੀ ਜਾਇਦਾਦ ਬਣਾ ਲੈਂਦਾ ਏ। ਮੈਨੂੰ ਲੜਕਾ ਵੀ ਪਸੰਦ ਏ। ਮੈਂ ਉੱਥੇ ਹੀ ਸ਼ਾਦੀ ਕਰਵਾਵਾਂਗੀ"।
ਖੈਰ ਮਾਪੇ ਲੜਕੀ ਨਾਲ ਸਹਿਮਤ ਹੋ ਗਏ। ਕੁਲਦੀਪ ਨੂੰ ਕਾਗਜ਼ ਪੱਤਰ ਤਿਆਰ ਕਰਨ ਦਾ ਖੁਦ ਪਤਾ ਸੀ। ਪਹਿਲਾਂ ਦੋਹਾਂ ਪਰਿਵਾਰਾਂ ਵਿਚਕਾਰ ਰੋਕਾ ਹੋ ਗਿਆ। ਲੜਕੀ ਪਹਿਲਾਂ ਮਾਪਿਆਂ ਨਾਲ ਕੈਨੇਡਾ ਪਹੁੰਚ ਗਈ। ਲੜਕਾ ਛੇ ਕੁ ਮਹੀਨੇ ਬਾਅਦ ਚਲਾ ਗਿਐ।
ਇਸ ਘਟਨਾਕ੍ਰਮ ਦੌਰਾਨ ਮੈਨੂੰ ਮੇਰੇ ਬਾਪ ਵੱਲੋਂ ਕਹੀ ਗਈ ਇੱਕ ਗੱਲ ਤੇ ਹੈਰਾਨੀ ਹੋਈ। ਜਦ ਬਖਤਾਵਰ ਸਿੰਘ ਦਾ ਨੌਕਰ ਆ ਕੇ ਮੇਰਾ ਮੋਟਰਸਾਈਕਲ ਮੋੜ ਗਿਆ ਸੀ ਤਾਂ ਮੈਂ ਪਰਦੇ ਨਾਲ ਆਪਣੇ ਬਾਪ ਨੂੰ ਦੱਸ ਦਿੱਤਾ ਸੀ ਕਿ ਰਸਾਲਦਾਰਾਂ ਦੀ ਕਾਲਜ ਪੜ੍ਹਦੀ ਕੁੜੀ ਕਿਸੇ ਨਾਲ ਦੌੜ ਗਈ ਸੀ ਤੇ ਉਹ ਮੇਰੇ ਮੋਟਰਸਾਈਕਲ ਦੀ ਮਦਦ ਨਾਲ ਕੁੜੀ ਨੂੰ ਲੱਭਣਾ ਚਾਹੁੰਦਾ ਸੀ। ਉਹਨਾਂ ਦਾ ਆਪਣਾ ਮੋਟਰਸਾਈਕਲ ਮੈਕੈਨਿਕ ਪਾਸ ਸੀ। ਮੇਰੇ ਇਸ ਇੰਕਸ਼ਾਫ ਤੇ ਮੇਰਾ ਬਾਪ ਤੁਰੰਤ ਬੋਲਿਆ ਸੀ, "ਤੂੰ ਭੋਲਾ ਏਂ। ਤੈਨੂੰ ਅਸਲੀਅਤ ਦਾ ਪਤਾ ਨਹੀਂ।"
"ਕਿਉਂ? ਕੀ ਗੱਲ ਹੋ ਗਈ, ਪਿਤਾ ਜੀ?" ਮੈਂ ਪੁੱਛ ਬੈਠਾ ਸੀ।
"ਕਾਕਾ ਤੂੰ ਵੀ ਰਸਾਲਦਾਰਾਂ ਦੇ ਟੱਬਰ ਦੇ ਨੇੜੇ ਏਂ। ਉਹ ਤੈਨੂੰ ਕਾਲਜ ਦੇ ਵਿੱਚ ਆ ਕੇ ਮਿਲਦੇ ਵੀ ਰਹਿੰਦੇ ਸਨ। ਤੂੰ ਛੜਾ ਏਂ, ਜਵਾਨ ਏਂ, ਸ਼ਾਦੀ ਦੇ ਕਾਬਲ ਏਂ। ਭੋਲਿਆ ਸਮਝਿਆ ਕਰ ਗੱਲ ਨੂੰ। ਰਸਾਲਦਾਰ ਤੈਥੋਂ ਮੋਟਰਸਾਈਕਲ ਲੈਣ ਨਹੀਂ ਆਇਆ ਸੀ ਉਹ ਇਹ ਦੇਖਣ ਆਇਆ ਸੀ ਕਿ ਤੂੰ ਵੀ ਘਰ ਹੈ ਜਾਂ ਨਹੀਂ। ਉਹਨਾਂ ਦੇ ਹੋਰ ਬਥੇਰੇ ਮੋਟਰਸਾਈਕਲਾਂ ਵਾਲੇ ਮੁਹੱਬਤੀ ਨੇ।"
ਮੈਨੂੰ ਬਾਪ ਦੇ ਇਸ ਕਿਆਫੇ ਤੇ ਹਾਸਾ ਵੀ ਆਇਆ ਸੀ ਤੇ ਹੈਰਾਨੀ ਵੀ ਹੋਈ ਸੀ। ਬਾਅਦ ਵਿੱਚ ਬਾਪ ਨੂੰ ਪਤਾ ਲੱਗ ਗਿਆ ਸੀ ਕਿ ਅਸਲ ਹੀਰੋ ਕੌਣ ਸੀ।
-----------------------------------
ਹੁਣ ਸਰੀ ਪਹੁੰਚ ਕੇ ਮੇਰੇ ਫੋਨ ਨੇ ਕੁਲਦੀਪ ਅਤੇ ਪਾਲਾਂ ਦੇ ਦਿਮਾਗ ਦੇ 40-42 ਸਾਲ ਪੁਰਾਣੇ ਕਵਾੜ ਖੋਲ ਦਿੱਤੇ। ਦੋਹਾਂ ਤੇ ਖੁਸ਼ੀ ਦਾ ਆਲਮ ਛਾ ਗਿਆ। ਮੈਂ ਆਪਣੇ ਪੁਰਾਣੇ ਵਿਦਿਆਰਥੀ ਗੁਰੀ ਪਾਸ ਠਹਿਰਿਆ ਹੋਇਆ ਸਾਂ। ਉਹ ਵੀ ਕੁਲਦੀਪ ਹੋਰਾਂ ਨੂੰ ਜਾਣਦੇ ਹੀ ਸਨ। ਉਹਨਾਂ ਨੇ ਹੀ ਮੈਨੂੰ ਕੁਲਦੀਪ ਹੋਰਾਂ ਦਾ ਫੋਨ ਨੰਬਰ ਮਿਲਾ ਕੇ ਦਿੱਤਾ ਸੀ। ਕੁਲਦੀਪ ਨੇ ਮੈਨੂੰ, ਮੇਰੀ ਘਰਵਾਲੀ ਨੂੰ, ਗੁਰੀ ਨੂੰ ਅਤੇ ਉਸਦੀ ਘਰਵਾਲੀ ਨੂੰ ਸਾਰਿਆਂ ਨੂੰ ਡਾਊਨ ਟਾਊਨ ਇੱਕ ਰੈਸਟੋਰੈਂਟ ਤੇ ਪਹੁੰਚਣ ਦੀ ਤਾਕੀਦ ਕਰ ਦਿੱਤੀ। ਇਸ ਰੈਸਟੋਰੈਂਟ ਤੇ ਸਪੈਸ਼ਲ ਡਿਨਰ ਦਾ ਪ੍ਰਬੰਧ ਕੀਤਾ ਗਿਆ ਸੀ। ਜਸ਼ਨ ਤਕਰੀਬਨ 42 ਸਾਲ ਬਾਅਦ ਹੋ ਰਿਹਾ ਸੀ। ਪਿਛਲੀ ਜ਼ਿੰਦਗੀ ਦੀਆਂ ਯਾਦਾਂ ਤਾਜ਼ਾ ਹੋ ਰਹੀਆਂ ਸਨ। ਕੁਲਦੀਪ ਤੇ ਪਾਲਾਂ ਦੇ ਦੋਨੋਂ ਬੱਚੇ ਯੂਨੀਵਰਸਿਟੀ ਦੀਆਂ ਡਿਗਰੀਆਂ ਕਰ ਚੁੱਕੇ ਸਨ। ਨੌਕਰੀਆਂ ਤੇ ਲੱਗ ਚੁੱਕੇ ਸਨ। ਲੜਕੀ ਵਿਆਹ ਹੋ ਗਈ ਸੀ ਤੇ ਲੜਕਾ ਅਜੇ ਵਿਆਹ ਹੋਣ ਵਾਲਾ ਸੀ।
"ਸਰ ਜੀ, ਹੁਣ ਤੁਸੀਂ ਆਏ ਕਿੱਥੋਂ ਹੋ? ਪੰਜਾਬ ਵਿੱਚੋਂ ਤਾਂ ਰਿਟਾਇਰ ਹੋ ਚੁੱਕੇ ਹੋਵੋਗੇ? ਪਰਿਵਾਰ ਦਾ ਕੀ ਹਾਲ ਏ? ਬੱਚੇ ਕੀ ਕਰਦੇ ਹਨ? ਕੀ ਮੈਡਮ ਵੀ ਨੌਕਰੀ ਕਰਦੇ ਸੀ? ਅਸੀਂ 40-42 ਸਾਲ ਤੁਹਾਡੇ ਨਾਲ ਰਾਬਤਾ ਹੀ ਕਾਇਮ ਨਹੀਂ ਕਰ ਸਕੇ। ਨਾਲੇ ਅਸੀਂ ਸੋਚਦੇ ਹੁੰਦੇ ਸੀ ਕਿ ਤੁਸੀਂ ਵੱਡੇ ਹੋ ਅਸੀਂ ਛੋਟੇ ਹਾਂ। ਤੁਸੀਂ ਪ੍ਰੋਫੈਸਰ ਹੋ ਤੇ ਅਸੀਂ ਇੱਧਰ ਮਜ਼ਦੂਰ ਹਾਂ। ਨਾ ਹੀ ਕਿਸੇ ਹੋਰ ਗਰਾਈਂ ਨੇ ਸਾਨੂੰ ਤੁਹਾਡੇ ਬਾਰੇ ਕਦੀ ਯਾਦ ਕਰਵਾਇਆ ਸੀ। ਸਿਹਤ ਤਾਂ ਤੁਹਾਡੀ ਅਜੇ ਵੀ ਸੋਹਣੀ ਏ", ਕੁਲਦੀਪ ਸਾਡੇ ਨਾਲ ਬੋਲਦਾ ਗਿਆ। ਪਾਲਾਂ ਬਹਿਰਿਆਂ ਨੂੰ ਤਰਾਂ ਤਰਾਂ ਦੇ ਆਰਡਰ ਕਰ ਰਹੀ ਸੀ।
"ਕੁਲਦੀਪ ਅਸੀਂ ਪੰਜਾਬ ਚੋਂ ਨਹੀਂ ਆ ਰਹੇ। ਅਸੀਂ ਸਿਡਨੀ ਰਹਿੰਦੇ ਹਾਂ। ਪੰਜਾਬ ਤੋਂ 25 ਕੁ ਸਾਲ ਪੜ੍ਹਾ ਕੇ ਮੈਂ ਪਰਿਵਾਰ ਸਮੇਤ ਸਿਡਨੀ ਚਲਾ ਗਿਆ ਸੀ। ਉਦੋਂ ਲੜਕੀ ਦੀ ਉੱਚ ਸਿੱਖਿਆ ਦਾ ਸਮਾਂ ਸੀ। ਮੈਂ ਕਾਫੀ ਲੇਟ ਅਰਜੀ ਭੇਜੀ। ਫਿਰ ਵੀ ਮੇਰਾ ਪਰਿਵਾਰ ਸਮੇਤ ਉੱਧਰ ਜਾਣ ਦਾ ਕੰਮ ਬਣ ਗਿਆ ਸੀ। ਮੇਰੀ ਅੰਗਰੇਜੀ ਵਿੱਚ ਕੁਝ ਪ੍ਰਕਾਸ਼ਿਤ ਸਮਗਰੀ ਵੀ ਸੀ। ਖਾਸ ਕਰਕੇ ਚੰਡੀਗੜ੍ਹ ਤੋਂ ਟ੍ਰਿਬਿਊਨ ਵਿੱਚ ਤੇ ਹੈਦਰਾਬਾਦ ਤੋਂ ਵਿਪੁਲਾ ਵਿੱਚ। ਇਹ ਅੱਸੀਵਿਆਂ ਦੀ ਗੱਲ ਏ। ਦਿੱਲੀ ਅੰਬੈਸੀ ਨੇ ਮੇਰਾ ਕੇਸ ਆਨ ਸ਼ੋਰ ਵੀਜ਼ਾ ਪ੍ਰੋਸੈਸਿੰਗ ਦਫਤਰ ਐਡੀਲੇਡ (On Shore Visa Processing Office Adelaide) ਭੇਜ ਦਿੱਤਾ ਸੀ। ਉਥੋਂ ਇਹ ਇੱਕ ਸਾਲ ਵਿੱਚ ਹੀ ਨੇਪਰੇ ਚੜ੍ਹ ਗਿਆ ਸੀ। ਸਿਡਨੀ ਜਾ ਕੇ ਮੈਂ ਹੋਰ ਪੜ੍ਹਾਈ ਵੀ ਕੀਤੀ ਸੀ। ਜਿਸਦੇ ਆਧਾਰ ਤੇ ਉੱਥੇ ਮੈਂ ਕੁਝ ਸਾਲ ਪੜ੍ਹਾਇਆ ਵੀ ਸੀ।"
"ਸੱਚੀ?"
"ਹਾਂ, ਮੈਂ ਛੇ ਸਾਲ ਪੜ੍ਹਾਇਆ। ਹਾਈ ਸਕੂਲਾਂ ਵਿੱਚ ਅੰਗਰੇਜ਼ੀ ਤੇ ਇਤਿਹਾਸ।"
"ਸਰ, ਇਹ ਦੇਸ਼ ਤਾਂ ਭਾਰਤ ਜਿਹੇ ਨਾ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਦੀ ਪੜ੍ਹਾਈ ਨੂੰ ਨੌਕਰੀ ਲਈ ਚੁਣਦੇ ਹੀ ਨਹੀਂ। ਹਾਂ, ਉਸ ਪੜ੍ਹਾਈ ਦੇ ਅਧਾਰ ਤੇ ਅੱਗੇ ਉੱਚ ਪੜ੍ਹਾਈ ਕਰਨ ਲਈ ਕੋਰਸਾਂ ਵਿੱਚ ਦਾਖਲਾ ਜਰੂਰ ਦੇ ਦਿੰਦੇ ਹਨ। ਇਹਦਾ ਮਤਲਬ ਇਹ ਕਿ ਤੁਸੀਂ ਵੀ ਸਿਡਨੀ ਜਾ ਕੇ ਅੱਗੇ ਕੋਈ ਕੋਰਸ ਕੀਤਾ ਹੋਊ।"
"ਮੈਂ ਸੈਕੰਡਰੀ ਲੈਵਲ ਤੱਕ ਪੜ੍ਹਾਉਣ ਲਈ ਗ੍ਰੈਜੂਏਟ ਡਿਪਲੋਮਾ ਇਨ ਐਜੂਕੇਸ਼ਨ ਕੀਤਾ ਸੀ। ਉਥੇ ਦੋ ਪ੍ਰਕਾਰ ਦੇ ਸਕੂਲ ਹਨ। ਇੱਕ ਸਰਕਾਰੀ ਜਿਹੜੇ ਸੱਤਵੀਂ ਤੋਂ ਬਾਰਵੀਂ ਜਮਾਤ ਤੱਕ ਹਨ। ਇਹਨਾਂ ਨੂੰ ਸਕੂਲ ਕਿਹਾ ਜਾਂਦਾ ਏ। ਦੂਜੇ ਵੀ ਸੱਤਵੀਂ ਤੋਂ ਬਾਰਵੀਂ ਤੱਕ ਹੀ ਹਨ। ਪ੍ਰਾਈਵੇਟ ਹਨ। ਇਹਨਾਂ ਨੇ ਆਪਣੇ ਨਾਮ ਨਾਲ ਕਾਲਜ ਲਗਾਇਆ ਹੋਇਆ ਏ। ਅਧਿਆਪਕ ਸਭ ਦੇ ਇੱਕੋ ਜਿਹੇ ਯੋਗ ਹਨ। ਤਨਖਾਹਾਂ ਵੀ ਇੱਕੋ ਜਿਹੀਆਂ ਹਨ। ਮੈਂ ਛੇ ਸਾਲ ਸਿਡਨੀ ਵਿੱਚ ਵੀ ਅੰਗਰੇਜ਼ੀ ਤੇ ਇਤਿਹਾਸ ਇਹਨਾਂ ਸੰਸਥਾਵਾਂ ਵਿੱਚ ਪੜ੍ਹਾਏ।"
"ਅੰਗਰੇਜ਼ੀ, ਉਹ ਵੀ ਗੋਰਿਆਂ ਨੂੰ?" ਕੁਲਦੀਪ ਸੋਚ ਕੇ ਹੈਰਾਨ ਹੋ ਰਿਹਾ ਸੀ।
"ਉਏ ਕੁਲਦੀਪ, ਗੋਰੇ ਬੱਚੇ ਤਾਂ ਆਪਣੀ ਮਾਤਰੀ ਭਾਸ਼ਾ ਵਿੱਚ ਗਲਤੀਆਂ ਹੀ ਬਹੁਤ ਕਰਦੇ ਨੇ। ਉਹ ਵਿਆਕਰਣ ਨੂੰ ਇਵੇਂ ਲੈਂਦੇ ਹਨ ਜਿਵੇਂ ਸਾਡੇ ਬੱਚੇ ਪੰਜਾਬ ਵਿੱਚ ਪੰਜਾਬੀ ਦੀ ਵਿਆਕਰਣ ਨੂੰ ਲੈਂਦੇ ਹਨ। ਅਗਰ ਭਾਰਤੀ ਆਪਣਾ ਲਹਿਜਾ ਮਾੜਾ ਜਿਹਾ ਠੀਕ ਕਰ ਲੈਣ, ਉਹਨਾਂ ਜਿੰਨਾ ਵਧੀਆ ਤਾਂ ਗੋਰੇ ਵੀ ਨਹੀਂ ਪੜ੍ਹਾ ਸਕਦੇ। ਥੋੜ੍ਹੀ ਜਿਹੀ ਗੱਲ ਸਿਰਫ ਲਹਿਜੇ, ਚੀਜ਼ਾਂ ਦੇ ਸਥਾਨਕ ਪ੍ਰਗਟਾਵਿਆਂ (slangs) ਤੇ ਸਥਾਨਕ ਬੋਲੀ ਦੇ ਚੰਦ ਸ਼ਬਦਾਂ (dialects) ਦੀ ਹੁੰਦੀ ਏ। ਜਮਾਤ ਦਾ ਸਾਹਮਣਾ ਕਰਨ ਦਾ ਡਰ ਤਾਂ ਸਾਡਾ ਖਤਮ ਹੀ ਹੋ ਚੁੱਕਾ ਹੁੰਦਾ ਏ। ਜਿਹੜਾ ਬੰਦਾ ਪੰਜਾਬ 'ਚ ਕਾਲਜਾਂ ਵਿੱਚ 25 ਸਾਲ ਠੁੱਕ ਨਾਲ ਪੜ੍ਹਾ ਗਿਆ ਉਹਦੇ ਲਈ ਗੋਰਿਆਂ ਦੇ ਦੇਸ਼ ਵਿੱਚ ਅੱਠਵੀਂ ਦਸਵੀਂ ਨੂੰ ਪੜ੍ਹਾਉਣਾ ਕੀ ਔਖਾ ਏ? ਹਾਂ, ਇੱਕ ਹੋਰ ਮਸਲਾ ਜਰੂਰ ਬਣਦਾ ਹੁੰਦਾ ਏ।"
"ਉਹ ਕੀ?"
"ਵਿਕਸਿਤ ਦੇਸ਼ਾਂ ਵਿੱਚ ਕਲਾਸ ਰੂਮ ਟੈਕਨੋਲੌਜੀ ਜਰੂਰ ਥੋੜ੍ਹੀ ਉੱਚੇ ਦਰਜੇ ਦੀ ਹੁੰਦੀ ਏ। ਬੰਦੇ ਨੂੰ ਓਵਰਹੈਡ ਪ੍ਰਾਜੈਕਟਰ ਚਲਾਉਣਾ ਆਉਣਾ ਚਾਹੀਦਾ ਏ। ਅਧਿਆਪਕ ਨੂੰ ਵੀਡੀਓ ਬਣਾਉਣੀ ਤੇ ਵਰਤਣੀ ਆਉਣੀ ਚਾਹੀਦੀ ਏ। ਅਧਿਆਪਕ ਨੂੰ ਕੁਝ ਕੰਪਿਊਟਰ ਦਾ ਗਿਆਨ ਵੀ ਹੋਣਾ ਚਾਹੀਦਾ ਏ। ਇਹ ਸਭ ਕੁਝ ਮੈਂ ਜਾ ਕੇ ਸਿੱਖ ਲਿਆ ਸੀ। ਡਿਪਲੋਮਾ ਕਰਦੇ ਵੀ ਇਸ ਦੀ ਕੁਝ ਮੁਹਾਰਤ ਹੋ ਗਈ ਸੀ। ਹੁਣ ਆਰਾਮ ਨਾਲ ਪੈਨਸ਼ਨ ਲੈਂਦੇ ਹਾਂ।"
"ਭਾਜੀ ਪੈਨਸ਼ਨ ਤਾਂ ਤੁਹਾਨੂੰ ਪੰਜਾਬ ਦੀ ਵੀ ਮਿਲਦੀ ਹੋਊ?"
"ਕੁਲਦੀਪ, ਪੰਜਾਬ ਦੇ ਪ੍ਰਾਈਵੇਟ ਕਾਲਜਾਂ ਵਿੱਚ ਪੈਨਸ਼ਨ ਸਕੀਮ ਨਹੀਂ ਏ। ਇਹ ਸਿਰਫ ਸਰਕਾਰੀ ਕਾਲਜਾਂ ਵਿੱਚ ਹੀ ਏ। ਘਰਵਾਲੀ ਨੂੰ ਸਕੂਲ ਦੀ ਜਰੂਰ ਮਿਲਦੀ ਏ। ਮੈਨੂੰ ਫੰਡ ਇਕੱਠਾ ਹੀ ਮਿਲ ਗਿਆ ਸੀ।"
ਮੈਂ, ਕੁਲਦੀਪ ਤੇ ਗੁਰੀ ਨੇ ਦੋ ਦੋ ਡਰਿੰਕਾਂ ਲਈਆਂ। ਪਾਲਾਂ ਤੇ ਗੁਰੀ ਦੇ ਘਰਵਾਲੀ ਪ੍ਰੀਤ ਸਾਡੇ ਡਿਨਰ ਨੂੰ ਵਧੀਆ ਤੋਂ ਵਧੀਆ ਬਣਾਉਣ ਵਿੱਚ ਧਿਆਨ ਦੇ ਰਹੀਆਂ ਸਨ। ਮੈਥੋਂ ਉਹਨਾ ਨੂੰ ਕਹਿ ਹੋ ਗਿਆ, "ਭੈਣ ਜੀ, ਤੁਸੀਂ ਵੀ ਆ ਜਾਓ। ਤੁਸੀਂ ਤਾਂ ਅੱਜ ਸਾਡੀ ਆਓ ਭਗਤ ਕਰਨ ਲਈ ਬੜੀ ਮਿਹਨਤ ਕੀਤੀ ਏ। ਅਸੀਂ ਤੁਹਾਡਾ ਧੰਨਵਾਦ ਕਿਵੇਂ ਕਰੀਏ? ਤੁਸੀਂ ਬੱਚਿਆਂ ਬਾਰੇ ਦੱਸੋ ਕੀ ਕਰਦੇ ਨੇ।"
"ਇਹਨਾਂ ਨੂੰ ਪੁੱਛੋ। ਇਹ ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਦੱਸ ਦੇਣਗੇ। ਇਹਨਾਂ ਨੂੰ ਹੀ ਪੁੱਛੋ", ਪਾਲਾਂ ਬੋਲੀ। ਪਾਲਾਂ ਨੇ ਇਹ ਸ਼ਬਦ ਸ਼ੁਰੂ ਵਿੱਚ ਵੀ ਬੋਲੇ ਸਨ ਜਦ ਉਸਨੇ ਮੇਰਾ ਫੋਨ ਕੁਲਦੀਪ ਨੂੰ ਦਿੱਤਾ ਸੀ। 'ਇਹਨਾਂ ਨੂੰ ਪੁੱਛੋ', 'ਇਹਨਾਂ ਨੂੰ ਪੁੱਛੋ'-- ਇਹ ਸ਼ਬਦ ਮੇਰੇ ਦਿਲੋ ਦਿਮਾਗ ਵਿੱਚ ਛਾਏ ਪਏ ਸਨ। ਇਹਨਾਂ ਸ਼ਬਦਾਂ ਨੇ ਮੈਨੂੰ 42 ਸਾਲ ਪਹਿਲਾਂ ਦਾ ਮੇਰਾ ਬੁਲੱਟ ਮੋਟਰਸਾਈਕਲ ਯਾਦ ਕਰਵਾ ਦਿੱਤਾ। ਪਾਲਾਂ ਦੇ ਦਿਮਾਗ ਤੇ ਉਹ ਮੋਟਰਸਾਈਕਲ ਵੀ ਤੇ ਮੈਂ ਮੋਟਰਸਾਈਕਲ ਵਾਲਾ ਵੀ ਹਾਵੀ ਸਾਂ ਜਿਨ੍ਹਾਂ ਨੇ ਉਸਦੇ ਬਾਪ ਨੂੰ ਉਸਨੂੰ ਤੇ ਕੁਲਦੀਪ ਨੂੰ ਲੱਭਣ ਵਿੱਚ ਮਦਦ ਕੀਤੀ ਸੀ।
ਫਿਰ ਅਸੀਂ ਨਸ਼ੇ ਦੀ ਮਾੜੀ ਮਾੜੀ ਲੋਰ ਵਿੱਚ ਆ ਕੇ ਹੋਰ ਗੱਲਾਂ ਵਿੱਚ ਰੁੱਝ ਗਏ। ਮੈਨੂੰ ਇਸ ਜੋੜੇ ਦਾ ਆਪਸ ਵਿੱਚ ਮੇਲ ਕਰਵਾਉਣ ਹਿੱਤ ਮਦਦ ਕਰਨ ਲਈ 42 ਸਾਲ ਬਾਅਦ ਵਿਦੇਸ਼ ਵਿੱਚ ਆ ਕੇ ਮਿਲਣ ਵਾਲੀ ਇਹ ਅਚਨਚੇਤ ਪਾਰਟੀ ਸੀ। ਡਿਨਰ ਕਰਨ ਤੋਂ ਬਾਅਦ ਪਾਲਾਂ ਕਾਰ ਡਰਾਈਵ ਕਰਕੇ ਸਾਨੂੰ ਸਾਡੀ ਰਿਹਾਇਸ਼ ਤੇ (ਗੁਰੀ ਹੋਰਾਂ ਦੇ ਘਰ) ਛੱਡ ਕੇ ਕੁਲਦੀਪ ਨਾਲ ਆਪਣੇ ਘਰ ਚਲੀ ਗਈ। ਵੈਸੇ ਉਹਨਾਂ ਨੇ ਸਾਨੂੰ ਕੁੱਝ ਦਿਨ ਆਪਣੇ ਪਾਸ ਰੱਖਣ ਦਾ ਇਸ਼ਾਰਾ ਵੀ ਕੀਤਾ। ਇਸ ਇਸ਼ਾਰੇ ਦੇ ਜਵਾਬ ਵਿੱਚ ਮੇਰੀ ਜਨਾਨੀ ਨੇ ਉਹਨਾਂ ਨੂੰ ਕਿਹਾ, "ਇਹ ਫੈਸਲਾ ਮੇਰੇ ਹੱਥ ਵੱਸ ਨਹੀਂ। ਇਹ ਇਹਨਾਂ ਨੂੰ ਪੁੱਛੋ।"
ਮੈਂ ਕਿਹਾ, "ਮੈਂ ਸੋਚ ਕੇ ਸੋਫੀ ਹਾਲਤ ਵਿੱਚ ਦੱਸਾਂਗਾ।"
ਚੋਰ ਅੱਖ - ਕਹਾਣੀ - ਅਵਤਾਰ ਐਸ. ਸੰਘਾ
ਆਸਟਰੇਲੀਆ ਵਿੱਚ ਟੈਕਸੀ ਸਟੈਂਡ ਨੂੰ ਟੈਕਸੀ ਰੈਂਕ ਕਹਿੰਦੇ ਹਨ। ਬਹੁਤੇ ਵੱਡੇ ਰੈਂਕ ਦੋ ਕੁ ਵਲ਼ ਖਾਂਦੇ ਹੁੰਦੇ ਹਨ। ਟੈਕਸੀਆਂ ਆ ਆ ਕੇ ਪਿੱਛੇ ਲਗਦੀਆਂ ਰਹਿੰਦੀਆਂ ਹਨ।ਅਗਲੀਆਂ ਅੱਗੇ ਨੂੰ ਤੁਰਦੀਆਂ ਰਹਿੰਦੀਆਂ ਹਨ ਤੇ ਪਿਛਲੀਆਂ ਉਨ੍ਹਾਂ ਦੀ ਥਾਂ ਲੈਂਦੀਆਂ ਰਹਿੰਦੀਆਂ ਹਨ। ਟੈਕਸੀ ਫੜ੍ਹਨ ਤੋਂ ਬਾਅਦ ਡਰਾਇਵਰ ਦਾ ਇਹ ਫਰਜ਼ ਹੈ ਕਿ ਉਹ ਗ੍ਰਾਹਕ/ਮੁਸਾਫਿਰ ਨੂੰ ਉਸਦੇ ਦੱਸੇ ਹੋਏ ਰੂਟ ਮੁਤਾਬਿਕ ਲੈ ਕੇ ਜਾਵੇ। ਇਨ੍ਹਾਂ ਮਹਾਂਗਰਰਾਂ ਵਿੱਚ ਕਈ ਥਾਵਾਂ ਨੂੰ ਦੋ ਤਿੰਨ ਰੂਟ ਵੀ ਜਾਂਦੇ ਹਨ- ਇੱਕ ਤੇਜ਼ ਮੋਟਰਵੇਅ ਵਾਲ਼ਾ, ਦੂਜਾ ਘੱਟ ਤੇਜ਼ ਹਾਈਵੇਅ ਵਾਲਾ ਤੇ ਤੀਜਾ ਉਸਤੋਂ ਵੀ ਘੱਟ ਆਮ ਸੜਕਾਂ ਵਾਲ਼ਾ।
ਸ਼ਨੀਵਾਰ ਦਾ ਦਿਨ ਸੀ। ਸਮਾਂ ਸਵੇਰੇ 9 ਕੁ ਵਜੇ ਦਾ ਸੀ।ਲਾਈਨ ਵਿੱਚ ਲੱਗੀ ਹੋਈ ਕੈੱਨ ਦੀ ਗੱਡੀ ਹੁਣ ਸਭ ਤੋਂ ਮੂਹਰੇ ਪਹੁੰਚ ਗਈ ਸੀ। ਦੋ ਕੁ ਮਿੰਟਾਂ ਵਿੱਚ ਇੱਕ 40 ਕੁ ਸਾਲ ਦੀ ਗੋਰੀ ਉੱਪਰੋਂ ਉਤਰੀ ਤੇ ਕੈੱਨ ਦੀ ਗੱਡੀ ਵਿੱਚ ਬੈਠ ਗਈ।
"ਵਹੇਅਰ ਗੋਇੰਗ ਪਲੀਜ਼?", ਕੈੱਨ ਨੇ ਪੁੱਛਿਆ।
"ਪੈਰਾਮੈਟਾ ਸ਼ਾਪਿੰਗ ਸੈਂਟਰ ਪਲੀਜ਼।"
ਜਾਬ ਚੰਗੀ ਸੀ 50 ਕੁ ਡਾਲਰ ਦੀ ਤਾਂ ਹੈ ਹੀ ਸੀ। ਕੈੱਨ ਨੇ ਮੀਟਰ ਚਲਾਇਆ ਤੇ ਲੈ ਕੇ ਰੈਂਕ ਤੋਂ ਬਾਹਰ ਨਿਕਲ ਗਿਆ। ਬਾਕੀ ਸਵਾਲ ਰੈਂਕ ਦੇ ਅੰਦਰ ਪੁੱਛਣੇ ਕਈ ਵਾਰ ਨੁਕਸਾਨ ਦੇਹ ਵੀ ਸਾਬਿਤ ਹੋ ਜਾਂਦੇ ਹਨ। ਅਗਲਾ ਸਵਾਲ ਪੁੱਛਣਾ ਹੁੰਦਾ ਏ ਸਵਾਰੀ ਮੀਟਰ ਤੇ ਪੈਸਿਆਂ ਦਾ ਭੁਗਤਾਨ ਕਰੇਗੀ ਜਾਂ ਉੱਕਦਾ ਮੁੱਕਦਾ। ਕੈੱਨ ਨੇ ਇਹ ਸਵਾਲ ਪੁੱਛਿਆ ਤੇ ਸਵਾਰੀ ਨੇ ਮੀਟਰ ਚਲਵਾ ਕੇ ਹੀ ਜਾਣਾ ਚਾਹਿਆ।
"ਹਾਈਵੇਅ ਰਾਹੀਂ ਜਾਓਗੇ ਜਾਂ ਮੋਟਰਵੇਅ ਰਾਹੀਂ?" ਕੈੱਨ ਨੇ ਸਵਾਲ ਕੀਤਾ।
"ਮੈਂ ਬਹੁਤ ਕਾਹਲੀ ਵਿੱਚ ਹਾਂ। ਪਲੀਜ਼ ਮੋਟਰਵੇਅ ਰਾਹੀਂ ਚੱਲੋ।"
ਕੈੱਨ ਰੈਂਕ ਚੋਂ ਨਿਕਲ ਕੇ ਪਹਿਲਾਂ 2 ਕੁ ਕਿਲੋਮੀਟਰ ਆਮ ਸੜਕ ਤੇ ਗਿਆ ਤੇ ਫਿਰ ਮੋਟਰਵੇ 4 ਤੇ ਪੈ ਗਿਆ। ਸਵਾਰੀ ਸੋਚਦੀ ਸੀ ਕਿ 10-12 ਮਿੰਟ ਵਿੱਚ ਪੈਰਾਮੈਟਾ ਪਹੁੰਚ ਜਾਵੇਗੀ। ਮੀਟਰ ਆਪਣੀ ਰਫਤਾਰ ਤੇ ਚੱਲੀ ਜਾ ਰਿਹਾ ਸੀ। ਕੈੱਨ ਕਦੀ ਕਦੀ ਚੋਰ ਅੱਖ ਨਾਲ ਉਸ ਵੱਲ ਦੇਖ ਲੈਂਦਾ ਸੀ। ਉਸ ਨੂੰ ਪਤਾ ਸੀ ਕਿ ਭਾੜਾ 50 ਕੁ ਡਾਲਰ ਦਾ ਮਸਾਂ ਸੀ। ਜਦ ਗੱਡੀ ਕੰਬਰਲੈਂਡ ਹਾਈਵੇਅ ਵਾਲਾ ਨਿਕਾਸ (Exit) ਟੱਪੀ ਤਾਂ ਮੂਹਰੇ ਟ੍ਰੈਫਿਕ ਖੜ੍ਹੀ ਹੋਣ ਲੱਗ ਪਈ।
"ਟੂ ਸਲੋਅ! ਵਹੱਟ ਹੈਪਨਡ ?"ਸਵਾਰੀ ਬੋਲੀ।
"ਲਗਦਾ ਏ ਮੂਹਰੇ ਕੁਝ ਹੋ ਗਿਆ ਏ। ਹੋ ਸਕਦਾ ਏ ਐਕਸੀਡੈਂਟ ਹੋ ਗਿਆ ਹੋਵੇ। ਟ੍ਰੈਫਿਕ ਤਾਂ ਪੂਰੀ ਤਰ੍ਹਾਂ ਰੁਕਦੀ ਜਾ ਰਹੀ ਏ।" ਕੈੱਨ ਨੇ ਉਸਨੂੰ ਅੰਗਰੇਜ਼ੀ ਵਿੱਚ ਦੱਸਿਆ।
ਮੀਟਰ ਤੇ ਤਾਂ ਹੁਣੇ 40 ਡਾਲਰ ਬਣ ਗਏ ਹਨ। ਕੀ ਕੀਤਾ ਜਾਵੇ? ਪਿਛਲਾ ਨਿਕਾਸ (Exit) ਹੁਣੇ ਲੰਘਿਆ ਏ। ਅਗਲਾ ਨਿਕਾਸ ਅਜੇ ਦੂਰ ਏ। ਸਵਾਰੀ ਕਾਫੀ ਔਖੀ ਸੀ।
"ਯੂ ਨੌਮੀਨੇਟਡ ਦਾ ਰੂਟ ਆਫ ਮੋਟਰਵਅ। ਮੈਂ ਤਾਂ ਤੁਹਾਨੂੰ ਪੁੱਛਿਆ ਸੀ ਕਿ ਕਿਸ ਰੂਟ ਜਾਣਾ ਚਾਹੋਗੇ। ਜੇਕਰ ਮੈਂ ਹਾਈਵੇਅ ਰਾਹੀਂ ਲੈ ਜਾਂਦਾ ਤਾਂ ਤੁਸੀਂ ਹੁਣ ਤੱਕ ਪਹੁੰਚੇ ਹੋਏ ਹੋਣਾ ਸੀ। ਹੁਣ ਤਾਂ ਟ੍ਰੈਫਿਕ ਤੁਰੂਗੀ ਤਾਂ ਹੀ ਆਪਾਂ ਤੁਰਾਂਗੇ। ਮੀਟਰ ਚੱਲਦਾ ਹੀ ਰਹੇਗਾ।"
ਟ੍ਰੈਫਿਕ ਥੋੜ੍ਹੀ ਜਿਹੀ ਤੁਰੀ। ਮੁਸਾਫਿਰ ਦੇ ਚਿਹਰੇ ਤੇ ਚਮਕ ਆਈ। ਟ੍ਰੈਫਿਕ ਫਿਰ ਖੜ੍ਹ ਗਈ। ਸਵਾਰੀ ਰੋਣਹਾਕੀ ਹੋ ਗਈ। ਕੈੱਨ ਨੇ ਚੋਰ ਅੱਖ ਨਾਲ ਦੇਖਿਆ ਮੀਟਰ ਤੇ 80 ਡਾਲਰ ਹੋ ਗਏ। ਮੂਹਰਲਾ ਨਿਕਾਸ ਅਜੇ 5 ਕਿਲੋਮੀਟਰ ਦੂਰ ਸੀ। ਕੁਝ ਵੀ ਕੀਤਾ ਨਹੀਂ ਜਾ ਸਕਦਾ ਸੀ। ਕਾਨੂੰਨ ਮੁਤਾਬਿਕ ਚੁੱਪ ਕਰਕੇ ਟਰੈਫਿਕ ਦੇ ਚੱਲਣ ਦੀ ਹੀ ਉਡੀਕ ਕਰਨੀ ਪੈਣੀ ਸੀ। ਰੂਟ ਮੁਸਾਫਿਰ ਦਾ ਆਪਣਾ ਚੁਣਿਆ ਹੋਇਆ ਸੀ। ਜੇ ਸਵਾਰੀ ਖੁਦ ਅੱਖਾਂ ਪਾੜ ਪਾੜ ਕੇ ਮੀਟਰ ਵੱਲ ਝਾਕ ਰਹੀ ਸੀ ਤਾਂ ਕੈੱਨ ਚੁਸਤੀ ਤੇ ਚੋਰ ਅੱਖਾਂ ਨਾਲ ਹੀ ਮੀਟਰ ਵੱਲ ਦੇਖਦਾ ਸੀ। ਟੈਕਸੀ ਅੰਦਰ ਲੱਗਾ ਕੈਮਰਾ ਮੁਸਾਫਿਰ ਤੇ ਕੈੱਨ ਦੀਆਂ ਤਸਵੀਰਾਂ ਵੀ ਖਿੱਚੀ ਜਾ ਰਿਹਾ ਸੀ ਤੇ ਆਵਾਜ਼ ਵੀ ਰਿਕਾਰਡ ਕਰੀ ਜਾ ਰਿਹਾ ਸੀ। ਕੈੱਨ ਨੇ ਸੋਚਿਆ ਸਵਾਰੀ ਤੋਂ ਇਹ ਵੀ ਪਤਾ ਕਰ ਲਿਆ ਜਾਵੇ ਕਿ ਉਹਨੇ ਸਪੱਸ਼ਟ ਰੂਪ ਵਿੱਚ ਸ਼ਾਪਿੰਗ ਸੈਂਟਰ ਹੀ ਜਾਣਾ ਏ ਜਾਂ ਨੇੜੇ ਕਿਸੇ ਹੋਰ ਅਦਾਰੇ ਵਿੱਚ ਜਾਂ ਘਰ ਵਿੱਚ। ਇੰਜ ਕਰਨ ਨਾਲ ਸਵਾਰੀ ਝੱਟ ਉਤਰ ਕੇ ਪੈਸੇ ਦਿੱਤੇ ਬਗੈਰ ਤੁਰ ਜਾਣ ਤੇ ਫੜ੍ਹੀ ਵੀ ਜਾ ਸਕਦੀ ਸੀ ਉਸਨੇ ਗੱਲਾਂ ਗੱਲਾਂ ਵਿੱਚ ਪਤਾ ਕਰ ਲਿਆ ਕਿ ਸਵਾਰੀ ਕਿਸ ਗਲੀ ਵਿੱਚ ਕਿਹੜੇ ਨੰਬਰ ਘਰ ਜਾ ਰਹੀ ਸੀ। ਖੈਰ ਸਵਾਰੀ ਓਨੀ ਸ਼ੈਤਾਨ ਤੇ ਚਲਾਕ ਨਹੀਂ ਸੀ। ਸਵਾਰੀ ਤਾਂ ਸਿਰਫ ਹਾਲਾਤ ਤੋਂ ਦੁਖੀ ਸੀ ਕਿਸੇ ਵਿਅਕਤੀ ਵਿਸ਼ੇਸ਼ ਤੋਂ ਨਹੀਂ। ਟ੍ਰੈਫਿਕ ਰੁਕਣਾ ਕੁਦਰਤੀ ਵਰਤਾਰਾ ਸੀ। ਇਹ ਕਿਸੇ ਬੰਦੇ ਦੇ ਕਸੂਰ ਕਰਕੇ ਨਹੀਂ ਸੀ ਵਾਪਰਿਆ।
ਟ੍ਰੈਫਿਕ ਹੁਣ ਹੌਲੀ ਹੌਲੀ ਚੱਲ ਪਈ ਸੀ। ਸਵਾਰੀ ਮਾੜੀ ਮਾੜੀ ਖੁਸ਼ ਲੱਗ ਰਹੀ ਸੀ। ਕੈੱਨ ਨਾ ਬਹੁਤਾ ਖੁਸ਼ ਜਾਹਰ ਹੋ ਰਿਹਾ ਸੀ ਤੇ ਨਾ ਹੀ ਉਦਾਸ। ਦਿਲੋਂ ਉਹ ਖੁਸ਼ ਸੀ ਕਿਉਂਕਿ ਭਾੜਾ ਹੁਣ 100 ਦੇ ਨੇੜੇ ਪਹੁੰਚ ਗਿਆ ਸੀ। ਮੂਹਰੇ ਪੈਰਾਮੈਟਾ ਦਾ ਚਰਚ ਸਟਰੀਟ ਵਾਲਾ ਨਿਕਾਸ ਨੇੜੇ ਹੀ ਸੀ। ਕੈੱਨ ਦੀ ਸੋਚ ਇਵੇਂ ਉਡਾਰੀ ਲਗਾ ਰਹੀ ਸੀ---
ਲੱਗਦਾ ਏ 110 ਤਾਂ ਬਣ ਹੀ ਜਾਣਗੇ। ਜਦੋਂ ਮੈਂ ਪੈਰਾਮੈਟਾ ਦੇ ਰੈਂਕ ਤੇ ਖੜ੍ਹੇ ਡਰਾਇਵਰਾਂ ਨੂੰ ਦੱਸਾਂਗਾ ਕਿ ਧੀਮੀਂ ਟ੍ਰੈਫਿਕ ਨੇ ਕਮਾਲ ਕਰਤੀ, ਉਹ ਤਾਂ ਹੈਰਾਨ ਰਹਿ ਜਾਣਗੇ। 50 ਡਾਲਰ ਵਾਲਾ ਭਾੜਾ 110 ਡਾਲਰ ਬਣ ਗਿਆ ਸੀ। ਉਹ ਵੀ ਉਸ ਦਿਨ ਜਿਹੜਾ ਟੈਕਸੀ ਲਈ ਮਾੜਾ ਮੰਨਿਆ ਜਾਂਦਾ ਏ-- ਸ਼ਨੀਵਾਰ ਦੀ ਸਵੇਰ ਦੀ ਸ਼ਿਫਟ। ਜਾ ਕੇ ਦੇਖਦੇ ਹਾਂ, ਉਹ ਕੀ ਕਹਿੰਦੇ ਹਨ।
ਟੈਕਸੀ ਮੋਟਰਵੇਅ ਤੋਂ ਨਿਕਲ ਕੇ ਬਾਹਰ ਆ ਗਈ। ਪੰਜ ਕੁ ਮਿੰਟ ਵਿੱਚ ਹੀ ਉਹ ਉਸ ਥਾਂ ਤੇ ਪਹੁੰਚ ਗਈ ਜਿੱਥੇ ਮੁਸਾਫਿਰ ਨੇ ਜਾਣਾ ਸੀ। ਚਿੜਚਿੜੇ ਮੂੰਹ ਨਾਲ 110 ਡਾਲਰ ਦੇ ਕੇ ਸਵਾਰੀ ਆਖਰ ਉੱਤਰ ਗਈ। ਕੈੱਨ ਅੰਤਾਂ ਦਾ ਖੁਸ਼ ਸੀ। ਨੇੜੇ ਹੀ ਪੈਰਾਮੈਟਾ ਦਾ ਵੱਡਾ ਟੈਕਸੀ ਰੈਂਕ ਸੀ। ਕੈੱਨ ਨੇ ਗੱਡੀ ਮੋੜੀ ਤੇ ਘੁਮਾ ਕੇ ਰੈਂਕ ਤੇ ਲੱਗੀ ਲਾਈਨ ਦੇ ਪਿੱਛੇ ਲਗਾ ਦਿੱਤੀ। ਉੱਥੇ ਉਹਨੂੰ ਅਚਾਨਕ ਉਸਦੇ ਤਿੰਨ ਚਾਰ ਵਾਕਫ ਡਰਾਇਵਰ ਮਿਲ ਪਏ-- ਹਰਜੀਤ ਉਰਫ ਹੈਰੀ, ਮਲਕੀਤ ਉਰਫ ਮਾਈਕਲ, ਲਾਹੌਰ ਵਾਲਾ ਅਲੀ ਤੇ ਕਰਾਚੀ ਵਾਲਾ ਅਸ਼ਰਫ।
"ਅੱਜ ਇਧਰ ਨੂੰ ਕਿਵੇਂ ਆ ਗਿਆ", ਹੈਰੀ ਨੇ ਕੈੱਨ ਨੂੰ ਪੁੱਛਿਆ।
"ਓਏ ਹੈਰੀ, ਅੱਜ ਤਾਂ ਮਜ਼ਾ ਹੀ ਆ ਗਿਐ। ਬਲੈਕਟਾਊਨ ਤੋਂ ਪੈਰਾਮੈਟਾ 110 ਡਾਲਰ।
"ਕੈੱਨ, ਝੂਠ ਵੀ ਉਨਾ ਕੁ ਬੋਲਣਾ ਚਾਹੀਦਾ ਜਿੰਨਾ ਕੁ ਠੀਕ ਲੱਗੇ। ਤੈਨੂੰ 110 ਡਾਲਰ ਕੌਣ ਦੇ ਗਿਐ?"
"ਹੈਰੀ ਸੌਂਹ ਰੱਬ ਦੀ। ਮੋਟਰਵੇਅ ਤਾਂ ਜਾਮ ਹੀ ਹੋ ਗਿਆ ਸੀ। ਸਵਾਰੀ ਨੇ ਆਪ ਚੁਣਿਆ ਸੀ। ਕਹਿੰਦੀ ਮੋਟਰਵੇਅ ਰਾਹੀਂ ਜਾਣਾ ਏ ਮਿੰਟਾਂ ਸਕਿੰਟਾਂ ਵਿੱਚ, ਹਾਈਵੇਅ ਰਾਹੀਂ ਨਹੀਂ। ਜਦ ਰੱਬ ਦਿੰਦਾ ਏ ਤਾਂ ਛੱਪਰ ਫਾੜ ਕੇ ਦਿੰਦਾ ਏ। ਮੀਟਰ ਤੇ ਬਣਿਆ ਭਾੜਾ ਤਾਂ ਉਸ ਗੋਰੀ ਨੂੰ ਦੇਣਾ ਹੀ ਪੈਣਾ ਸੀ।"
"ਕਮਾਲ ਹੋ ਗਈ, ਕੈੱਨ। ਜੇ ਮੈਂ ਤੈਨੂੰ ਕੱਲ ਐਤਵਾਰ ਦੀ ਮੇਰੇ ਨਾਲ ਵਾਪਰੀ ਸੁਣਾਵਾਂ ਫਿਰ ਤਾਂ ਤੂੰ ਟੱਬਰ ਸਮੇਤ ਧਰਤੀ ਵਿੱਚ ਧੱਸ ਜਾਵੇਂਗਾ।"
"ਕੀ ਵਾਪਰ ਗਿਐ? ਏਅਰਪੋਰਟ ਗਿਆ ਸੀ? ਸਿਟੀ ਗਿਆ ਸੀ?"
"ਨਾ, ਨਾ, ਰੱਬ ਨੇ ਸਿੱਧਾ 500 ਡਾਲਰ ਸੁੱਟ ਦਿੱਤਾ।"
"ਸੱਚ! ਇਹ ਕਿਵੇਂ ਹੋ ਗਿਐ? ਮੈਂ ਤਾਂ ਅੱਜ ਤੱਕ ਸਿਰਫ ਦੋ ਡਰਾਈਵਰ ਦੇਖੇ ਜਿਨ੍ਹਾਂ ਨੂੰ 400 ਦੀ ਜਾਬ ਪਈ ਸੀ। ਤੂੰ ਤਾਂ ਰਿਕਾਰਡ ਹੀ ਤੋੜ ਦਿੱਤਾ। ਹੋਇਆ ਕੀ ਸੀ? ਸੁਣਾ ਤਾਂ ਸਹੀ?"
"ਮੈਂ ਟੈਕਸੀ ਰੈਂਕ ਦੇ ਮੂਹਰਿਓ ਤੀਜੇ ਨੰਬਰ ਤੇ ਸਾਂ। ਦੋ ਗੋਰੀਆਂ ਤੇ ਨਾਲ ਇੱਕ ਛੇ ਕੁ ਸਾਲ ਦਾ ਮੁੰਡਾ। ਮੈਂ ਧਿਆਨ ਨਾਲ ਦੇਖ ਰਿਹਾ ਸਾਂ ਕਿ ਉਹ ਸਭ ਤੋਂ ਮੂਹਰਲੇ ਡਰਾਈਵਰ ਨਾਲ ਕੋਈ ਗਿੱਟਮਿਟ ਕਰ ਰਹੀਆਂ ਸਨ। ਡਰਾਈਵਰ ਨੇ ਉਹਨਾਂ ਨੂੰ ਉਹਨਾਂ ਦਾ ਪਹੁੰਚਣ ਵਾਲਾ ਟਿਕਾਣਾ ਪੁੱਛੇ ਬਗੈਰ ਕੁਝ ਬੋਲਿਆ। ਸ਼ਾਇਦ ਕੋਈ ਭਾਨ ਨਾਲ ਸੰਬੰਧਿਤ ਗੱਲ ਸੀ। ਇਹ ਸੁਣ ਕੇ ਉਹ ਚੁੱਪ ਕਰ ਗਈਆਂ। ਇਹਨਾਂ ਵਿੱਚੋਂ ਇੱਕ ਗੋਰੀ ਆਪਣੀ ਸਿਗਰੇਟ ਮੁਕਾ ਰਹੀ ਸੀ। ਇੰਨੇ ਚਿਰ ਵਿੱਚ ਦੋ ਸਵਾਰੀਆਂ ਉਪਰ ਰੇਲਵੇ ਕਨਕੋਰਸ ਤੋਂ ਉੱਤਰੀਆਂ ਤੇ ਆ ਕੇ ਮੂਹਰਲੀਆਂ ਦੋਹਾਂ ਗੱਡੀਆਂ ਵਿੱਚ ਬੈਠ ਗਈਆਂ। ਇਹ ਗੱਡੀਆਂ ਤੁਰ ਗਈਆਂ। ਵਾਰੀ ਮੇਰੀ ਸੀ। ਗੋਰੀ ਦੀ ਸਿਗਰਟ ਵੀ ਖਤਮ ਹੋ ਗਈ ਸੀ। ਦੋਨੋਂ ਜਣੀਆਂ ਤੇ ਲੜਕਾ ਮੇਰੀ ਗੱਡੀ ਵਿੱਚ ਬੈਠ ਗਏ। ਇੱਕ ਗੋਰੀ ਅੱਧਖੜ ਸੀ ਤੇ ਦੂਜੀ ਉਹਦੀ ਜਵਾਨ ਧੀ। ਮੈਂ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ। ਉਹ ਬੋਲੀ ਬਲਿਊ ਮਾਉਂਟੇਨਜ਼ (Blue Mountains) । ਮੈਂ ਸੁਣ ਕੇ ਚੁੱਪ ਕਰ ਗਿਆ। ਪਹਿਲਾਂ ਗੱਡੀ ਤੋਰੀ ਤੇ ਰੈਂਕ ਤੋਂ ਬਾਹਰ ਕੱਢੀ। ਜਦ ਡਰਾਈਵਰ ਇੱਕ ਵਾਰੀ ਰੈਂਕ ਤੋਂ ਬਾਹਰ ਨਿਕਲ ਜਾਵੇ ਫਿਰ ਸਵਾਰੀ ਕਾਬੂ ਹੋ ਗਈ ਹੁੰਦੀ ਏ। ਇਸ ਹਾਲਤ ਵਿੱਚ ਵਿਚਾਰਾਂ ਦਾ ਕੋਈ ਮਤਭੇਦ ਹੋ ਜਾਵੇ ਤਾਂ ਡਰਾਈਵਰ ਤੇ ਸਵਾਰੀ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਜੇ ਇਹ ਮੱਤਭੇਦ ਰੈਂਕ ਦੇ ਅੰਦਰ ਹੀ ਪੈਦਾ ਹੋ ਜਾਵੇ ਤਾਂ ਸਵਾਰੀ ਇੱਕ ਦਮ ਗੱਡੀ ਚੋਂ ਬਾਹਰ ਨਿਕਲ ਜਾਂਦੀ ਏ ਤੇ ਦੂਜੀ ਗੱਡੀ ਫੜ੍ਹ ਲੈਂਦੀ ਏ।"
"ਨਾਓ ਟੈੱਲ ਮੀ ਵਹੇਅਰ ਯੂ ਆਰ ਗੋਇੰਗ ਟੂ?"
"ਬਲਿਊ ਮਾਉਂਟੇਨਜ਼ (Blue Mountains) " ਅੱਧਖੜ ਗੋਰੀ ਬੋਲੀ।
"ਕੀ ਤੁਹਾਨੂੰ ਪਤਾ ਏ ਕਿ ਨੇਪੀਅਨ ਦਰਿਆ ਤੋਂ ਬਾਅਦ ਦੁੱਗਣਾ ਕਿਰਾਇਆ ਲੱਗੇਗਾ?" ਹੈਰੀ ਕਹਿੰਦਾ ਕਿ ਉਸਨੇ ਪੁੱਛਿਆ।
"ਨਹੀਂ, ਕੌਣ ਕਹਿੰਦਾ?"
"ਜਦ ਗੱਡੀ ਸਿਡਨੀ ਦੇ ਕਿਸੇ ਵੀ ਪਾਸੇ ਸ਼ਹਿਰ ਤੋਂ ਬਾਹਰ ਜਾਂਦੀ ਏ ਤਾਂ ਬਾਹਰਲੇ ਸਫਰ ਦਾ ਭਾੜਾ ਦੁੱਗਣਾ ਹੁੰਦਾ ਏ। ਜੇ ਨਹੀਂ ਯਕੀਨ ਆਉਂਦਾ ਤਾਂ ਔਹ ਗੱਡੀ ਉੱਪਰ ਲਿਖਿਆ ਹੋਇਆ ਨੰਬਰ ਮਿਲਾ ਲਓ ਤੇ ਸਾਡੇ ਦਫਤਰ ਤੋਂ ਪੁੱਛ ਲਓ।"
"ਓ ਕੇ. ਨੋ ਪ੍ਰਾਬਲਮ।"
"ਮੈਂ ਸੋਚਿਆ ਸਵਾਰੀਆਂ ਟਿਕ ਗਈਆਂ ਸਨ," ਹੈਰੀ ਦੱਸਦਾ ਗਿਆ।
"ਟੈਕਸੀ ਮੋਟਰਵੇਅ ਤੇ ਪੈ ਗਈ। ਸਫਰ ਦੀਆਂ ਧੱਜੀਆਂ ਉਡਾਉਂਦੀ ਹੋਈ ਟੈਕਸੀ ਨੇਪੀਅਨ ਦਰਿਆ ਪਾਰ ਕਰ ਗਈ। ਮੀਟਰ ਤੇ 100 ਡਾਲਰ ਬਣ ਗਿਆ। ਮੈਂ ਇਹ 100 ਮੰਗ ਲਿਆ। ਗੋਰੀ ਨੇ ਦੇ ਦਿੱਤਾ", ਹੈਰੀ ਦੱਸਦਾ ਗਿਆ।
"ਹੁਣ ਅੱਗੇ ਸਫਰ ਲੰਬਾ ਵੀ ਸੀ ਤੇ ਪਹਾੜੀ ਵੀ ਸੀ। ਮੀਟਰ ਮੈਂ ਦੁਬਾਰਾ ਚਲਾ ਦਿੱਤਾ ਕਿ ਅਗਲੇ ਭਾੜੇ ਨੂੰ ਦੁਗਣਾ ਕਰਕੇ ਮੰਗਣਾ ਸੌਖਾ ਹੋ ਜਾਵੇ। ਕੀ ਤੁਸੀਂ ਖਾਸ ਬਲਿਊ ਮਾਊਂਟੇਨਜ਼ ਸਟੇਸ਼ਨ ਤੇ ਜਾਣਾ ਹੈ ਜਾਂ ਹੋਰ ਕਿਤੇ," ਹੈਰੀ ਕਹਿੰਦਾ ਮੈਂ ਸਵਾਰੀਆਂ ਦਾ ਆਖਰੀ ਟਿਕਾਣਾ ਜਾਨਣਾ ਚਾਹਿਆ।
"ਅਸੀਂ ਮੈਡਲੋਬਾਥ (Medlow Bath) ਜਾਣਾ ਏ। ਉੱਥੇ ਹੋਟਲ ਵਿੱਚ ਇੱਕ ਵਿਆਹ ਹੈ। ਇਹ ਹੋਟਲ ਮੋਟਰਵੇਅ ਦੇ ਉੱਪਰ ਹੀ ਏ," ਗੋਰੀ ਬੋਲੀ।
ਟੈਕਸੀ ਹਲਕੀਆਂ ਹਲਕੀਆਂ ਪਹਾੜੀਆਂ ਚੋੱ ਲੰਘਦੀ ਗਈ। ਆਖਿਰਕਾਰ ਅਸੀਂ ਮੈਡਲੋਬਾਥ ਹੋਟਲ ਦੇ ਮੂਹਰੇ ਪਹੁੰਚ ਗਏ। ਮੀਟਰ ਤੇ ਭਾੜਾ 150 ਸੀ। ਮੈਂ ਦੁੱਗਣਾ ਕਰਕੇ 300 ਮੰਗਿਆ। ਗੋਰੀ 300 ਦੇ ਕੇ ਬਾਕੀ ਸਵਾਰੀਆਂ ਸਮੇਤ ਗੱਡੀ ਚੋਂ ਉਤਰ ਗਈ। ਮੈਂ ਗੱਡੀ ਵਾਪਸ ਮੋੜੀ ਤੇ ਖੁਸ਼ੀ ਵਿੱਚ ਝੂਮਦਾ ਲਿਓਨੇ (Leonay) ਤੱਕ ਆ ਗਿਆ। ਜਦ ਕੰਪਿਊਟਰ ਦੇਖਿਆ ਤਾਂ ਇਥੋਂ ਹਵਾਈ ਅੱਡੇ ਦੀ ਜਾਬ ਪੈ ਗਈ। ਜਦ ਸਾਈਡ ਤੇ ਨੂੰ ਜਾਬ ਵਾਲੀ ਥਾਂ ਤੇ ਗਿਆ ਤਾਂ ਦੇਖਿਆ ਕਿ ਇੱਕ ਗੋਰਾ ਬਰੀਫਕੇਸ ਲਈ ਖੜ੍ਹਾ ਸੀ। ਮੈਂ ਚੁੱਕਿਆ ਤੇ 160 ਵਿੱਚ ਏਅਰਪੋਰਟ ਜਾ ਕੇ ਲਾਹ ਦਿੱਤਾ। ਫਿਰ ਗੱਡੀ ਏਅਰਪੋਰਟ ਦੇ ਟੈਕਸੀ ਰੈਂਕ ਤੇ ਲਗਾ ਦਿੱਤੀ। ਇੱਕ ਘੰਟਾ ਇੰਤਜ਼ਾਰ ਤੋਂ ਬਾਅਦ ਇੱਕ ਸਿਰਫ 30 ਡਾਲਰ ਦੀ ਜਾਬ ਮਿਲੀ। ਇਹ ਜਾਬ ਕਰਕੇ ਫਿਰ ਆਪਣੇ ਰੈਂਕ ਪੈਰਾਮੈਟਾ ਆ ਗਿਆ। ਜਦ ਬੁੰਦਿਆਂ ਨੂੰ 600 ਡਾਲਰ ਦਾ ਗੱਫਾ ਦੱਸਿਆ ਤਾਂ ਸਾਰੇ ਹੈਰਾਨ ਰਹਿ ਗਏ। ਇਵੇਂ ਹੋਇਆ ਸੀ ਮੇਰੇ ਨਾਲ।"
ਹੈਰੀ ਇਹ ਗੱਲ ਕਰਕੇ ਹਟਿਆ ਹੀ ਸੀ ਕਿ ਉਸਦੀ ਵਾਰੀ ਆ ਗਈ। ਉਹ ਸਵਾਰੀ ਲੈ ਕੇ ਦੌੜ ਗਿਆ। ਕੈੱਨ ਨੂੰ ਹੈਰੀ ਬਾਰੇ ਹੋਰ ਗੱਲ ਕਰਨ ਦਾ ਮੌਕਾ ਮਿਲ ਗਿਆ।
"ਅਲੀ ਜੋ ਹੈਰੀ ਦੱਸ ਕੇ ਗਿਆ ਏ ਕੀ ਇਹ ਸੱਚ ਏ? 600 ਡਾਲਰ ਚਾਰ ਕੁ ਘੰਟਿਆਂ ਵਿੱਚ ਹੀ? ਕੈੱਨ ਨੇ ਅਲੀ ਨਾਲ ਗੱਲ ਕੀਤੀ।
"ਪੈਸੇ ਤਾਂ ਹੈਰੀ ਨੂੰ ਬਣ ਗਏ ਸੀ ਪਰ ਹੋਰ ਜੋ ਕੁਝ ਵਾਪਰਿਆ ਸੀ ਉਹ ਉਸਨੇ ਦੱਸਿਆ ਹੀ ਨਹੀਂ। ਹਰਾਮੀ ਦੀ ਚੰਗੀ ਖਿਚਾਈ ਹੋਈ ਸੀ। ਉਹਦਾ ਤਾਂ ਇਹ ਹਾਲ ਏ ਆਪਣੀਆਂ ਕੱਛ ਵਿੱਚ ਤੇ ਦੂਜੇ ਦੀਆਂ ਹੱਥ ਵਿੱਚ।" ਅਲੀ ਦੱਸਣ ਲਈ ਕਾਹਲਾ ਸੀ।
"ਕੀ ਹੋਇਆ ਸੀ ?"
"ਪਤਾ ਲੱਗਾ ਏ ਕਿ ਹੈਰੀ ਟੈਕਸੀ ਵਿੱਚ ਬੈਠੀ ਗੋਰੀ ਕੁੜੀ ਨਾਲ ਅੱਖ ਮਿਲਾਉਣ ਲੱਗ ਪਿਆ ਸੀ। ਅੱਧਖੜ ਮਾਂ ਮਾੜਾ ਮਾੜਾ ਸੌਣ ਲੱਗ ਪਈ ਸੀ। ਬੱਚਾ ਬਾਹਰ ਪਹਾੜਾਂ ਦਾ ਨਜ਼ਾਰਾ ਦੇਖ ਰਿਹਾ ਸੀ। ਕੁੜੀ ਇਹਦੇ ਵੱਲ ਘੱਟ ਧਿਆਨ ਦੇ ਰਹੀ ਸੀ। ਹੈਰੀ ਉਸ ਵੱਲ ਆਪਣੇ ਮੂਹਰਲੇ ਸ਼ੀਸ਼ੇ ਵਿੱਚ ਦੀ ਦੇਖੀ ਜਾ ਰਿਹਾ ਸੀ। ਉਸ ਸਮੇਂ ਤਾਂ ਕੁੜੀ ਨੇ ਆਪਣੀ ਮਾਂ ਨੂੰ ਕੁਝ ਨਹੀਂ ਦੱਸਿਆ। ਬਾਅਦ ਵਿੱਚ ਘਰ ਜਾ ਕੇ ਲੜਕੀ ਨੇ ਮਾਂ ਨੂੰ ਡਰਾਈਵਰ ਦੇ ਚਾਲਿਆਂ ਬਾਰੇ ਸਭ ਕੁਝ ਦੱਸ ਦਿੱਤਾ। ਟੈਕਸੀ ਦਾ ਨੰਬਰ ਉਸਨੇ ਨੋਟ ਕਰ ਹੀ ਲਿਆ ਸੀ।"
"ਫਿਰ ਕੀ ਹੋਇਆ?"
"ਮਾਂ ਨੇ ਘਰ ਜਾ ਕੇ ਟੈਕਸੀ ਬੇਸ (Taxi Base) ਨੂੰ ਫੋਨ ਮਿਲਾਇਆ ਤੇ ਡਰਾਈਵਰ ਦੀ ਹਰਕਤ ਬਾਰੇ ਸਭ ਕੁਝ ਬਿਆਨ ਕਰ ਦਿੱਤਾ। ਮੂਹਰੇ ਤੈਨੂੰ ਪਤਾ ਹੀ ਹੈ ਕੌਣ ਏ। ਐਂਡਰਿਊ ਰਾਬਿਨਸਨ, ਇਨਫੋਰਸਮੈਂਟ ਅਫਸਰ।"
"ਫਿਰ ਕੀ ਬਣਿਆ?"
"ਉਹਨੇ ਹੈਰੀ ਨੂੰ ਫੋਨ ਮਿਲਾਇਆ। ਇਹਨੂੰ ਕੋਈ ਜਵਾਬ ਨਾ ਆਵੇ। ਹੁਣ ਉਹਨੇ ਇਹਨੂੰ ਦਫਤਰ ਵਿੱਚ ਸੱਦਿਆ ਹੋਇਆ ਏ। ਹੋ ਸਕਦਾ ਚੇਤਾਵਨੀ ਦੇ ਕੇ ਛੱਡ ਦੇਵੇ ਜਾਂ ਕੁਝ ਸ਼ਿਫਟਾਂ ਕੈਂਸਲ ਕਰ ਦੇਵੇ। ਤੈਨੂੰ ਉਹ ਪੂਰੀ ਗੱਲ ਦੱਸ ਕੇ ਨਹੀਂ ਗਿਆ। 600 ਡਾਲਰ ਦੱਸ ਕੇ ਆਪਣਾ ਰੋਅਬ ਝਾੜ ਗਿਐ। ਕੀਤੀ ਕਰਤੂਤ ਦਾ ਕੀ ਬਣਨਾ ਅਜੇ ਪਤਾ ਨਹੀਂ ਬਾਕੀ ਤੂੰ ਦੇਖ ਲੈ ਕੀ ਬਣੂ।"
ਅਲੀ ਨੇ ਸਾਰਾ ਭਾਂਡਾ ਫੋੜ ਦਿੱਤਾ।
"ਅਲੀ, ਤੈਨੂੰ ਪਤਾ ਹੀ ਏ ਇਹ ਦੇਸ਼ ਨੈਤਿਕਤਾ ਅਤੇ ਕਸਟਮਰ ਕੇਅਰ ਤੇ ਕਿੰਨਾ ਜ਼ੋਰ ਪਾਉਂਦੇ ਹਨ ਜਦ ਇਹ ਸਾਨੂੰ ਕੰਮਾਂ ਤੇ ਲਗਾਉਂਦੇ ਹਨ। ਅਸੀਂ ਫਿਰ ਵੀ ਕਰਤੂਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਬਾਂਦਰਾਂ ਨੂੰ ਬਨਾਰਸ ਦੀਆਂ ਟੋਪੀਆਂ। ਅਸੀਂ ਅਰਧ ਵਿਕਸਿਤ ਸਮਾਜ ਚੋਂ ਆਏ ਹਾਂ। ਸਿਡਨੀ ਦਾ ਸਮਾਜ ਪੂਰਨ ਰੂਪ ਵਿੱਚ ਵਿਕਸਿਤ ਹੈ। ਇਹਨਾਂ ਦੇਸ਼ਾਂ ਵਿੱਚ ਦਾਖਲ ਹੁੰਦੇ ਸਾਰ ਅਸੀਂ ਭੰਬੱਤਰ ਜਾਂਦੇ ਹਾਂ। ਸਾਡੇ ਦਿਮਾਗ ਵਿੱਚ ਐਸੇ ਖਿਆਲ ਪਾਏ ਗਏ ਹੁੰਦੇ ਹਨ ਕਿ ਗੋਰੀਆਂ ਜਿਹਦੇ ਨਾਲ ਮਰਜ਼ੀ ਤੁਰ ਪੈਂਦੀਆਂ ਹਨ। ਇਧਰ ਆ ਕੇ ਅਸੀਂ ਕਈ ਭੁਲੇਖਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ। ਕੋਝੀਆਂ ਹਰਕਤਾਂ ਕਰ ਬੈਠਦੇ ਹਾਂ। ਗੋਰੇ ਚੁੱਪ ਚਪੀਤੇ ਵੀ ਸਾਡੇ ਬਾਰੇ ਸਭ ਕੁਝ ਜਾਣਦੇ ਹੁੰਦੇ ਹਨ। ਇਹ ਇੱਕ ਦੋ ਚਤਾਵਨੀਆਂ ਦੇ ਕੇ ਸਾਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਫਿਰ ਕਿਤੇ ਜਾ ਕੇ ਸਾਡੇ ਖਿਲਾਫ ਵੱਡਾ ਐਕਸ਼ਨ ਲੈਂਦੇ ਹਨ।"
"ਕੈੱਨ ਤੂੰ ਠੀਕ ਫਰਮਾਇਆ ਏ। ਤੈਨੂੰ ਪਤਾ ਪਿੱਛੇ ਜਿਹੇ ਦੋ ਡਰਾਈਵਰਾਂ ਦੇ ਖਿਲਾਫ ਵੱਡਾ ਐਕਸ਼ਨ ਹੋਇਆ ਸੀ। ਇੱਕ ਮਿਸਰ ਦਾ ਸੀ ਤੇ ਦੂਜਾ ਬੰਗਲਾਦੇਸ਼ ਦਾ ਸੀ। ਜਦ ਤੁਹਾਡੇ ਖਿਲਾਫ ਕੋਈ ਅਨੁਸ਼ਾਸਨੀ ਕਾਰਵਾਈ ਹੋਈ ਹੁੰਦੀ ਏ ਤਾਂ ਇਸਦਾ ਅਸਰ ਬਹੁਤ ਦੂਰ ਤੱਕ ਪਹੁੰਚਦਾ ਏ। ਕੰਪਿਊਟਰ ਦੇ ਵਿੱਚ ਤੁਹਾਡਾ ਸਾਰਾ ਡਾਟਾ ਇਕਦਮ ਨਿਕਲ ਆਉਂਦਾ ਏ। ਤੁਸੀਂ ਹੋਰ ਥਾਵਾਂ ਤੇ ਜਾ ਕੇ ਵੀ ਨੌਕਰੀ ਨਹੀਂ ਲੱਭ ਸਕਦੇ। ਚੰਗਾ ਹੁਣ ਮੇਰੀ ਵੀ ਵਾਰੀ ਆਉਣ ਲੱਗੀ ਏ ਜੋ ਕੁਝ ਮੈਂ ਤੈਨੂੰ ਹੈਰੀ ਬਾਰੇ ਦੱਸਿਆ ਏ ਨਾ ਇਹ ਉਹਨੂੰ ਪੁੱਛੀ ਤੇ ਨਾ ਹੀ ਇਹ ਕਿਸੇ ਹੋਰ ਨਾਲ ਸਾਂਝਾ ਕਰੀਂ। ਅੱਲਾ, ਖੈਰ ਕਰੇ।"
"ਚੰਗਾ ਅਲੀ! ਅੱਗੇ ਵਾਸਤੇ ਵੀ ਮਿਲਦਾ ਗਿਲਦਾ ਰਿਹਾ ਕਰੀਂ।"
"ਓਕੇ।"
ਚੋਰ ਅੱਖ - ਕਹਾਣੀ - ਅਵਤਾਰ ਐਸ. ਸੰਘਾ
ਸਿਡਨੀ ਵਿੱਚ (ਸ਼ਾਇਦ ਵਿਕਸਿਤ ਦੇਸ਼ਾਂ ਦੇ ਹੋਰ ਮਹਾਂਨਗਰਾਂ ਵਿੱਚ ਵੀ) ਚੋਰ ਅੱਖ ਬੜਾ ਮਹੱਤਵ ਰੱਖਦੀ ਏ। ਤੁਸੀਂ ਇਵੇਂ ਦੇਖੋ ਕਿ ਤੁਹਾਡੇ ਗ੍ਰਾਹਕ ਨੂੰ ਪਤਾ ਹੀ ਨਾ ਲੱਗੇ ਕਿ ਤੁਸੀਂ ਉਸਦੀ ਹਰ ਹਰਕਤ ਦੇਖ ਰਹੇ ਹੋ। ਇੱਕ ਟੈਕਸੀ ਡਰਾਈਵਰ ਟੈਕਸੀ ਦੇ ਮੀਟਰ ਵੱਲ ਵੀ ਇਵੇਂ ਦੇਖੇ ਕਿ ਗ੍ਰਾਹਕ ਨੂੰ ਉਸਦੀ ਦੇਖਣੀ ਦਾ ਪਤਾ ਹੀ ਨਾ ਲੱਗੇ। ਇੱਥੇ ਟੈਕਸੀ ਸਟੈਂਡਾਂ ਨੂੰ ਟੈਕਸੀ ਰੈਂਕ ਕਹਿੰਦੇ ਹਨ। ਇਹ ਰੈਂਕ ਦੋ ਤਿੰਨ ਵਲ ਖਾਂਦੇ ਹੁੰਦੇ ਹਨ। ਟੈਕਸੀਆਂ ਆ ਕੇ ਪਿੱਛੇ ਲੱਗਦੀਆਂ ਰਹਿੰਦੀਆਂ ਹਨ। ਅਗਲੀਆਂ ਅੱਗੇ ਨੂੰ ਤੁਰਦੀਆਂ ਰਹਿੰਦੀਆਂ ਹਨ ਤੇ ਪਿਛਲੀਆਂ ਉਹਨਾਂ ਦੀ ਥਾਂ ਲੈਂਦੀਆਂ ਰਹਿੰਦੀਆਂ ਹਨ। ਮੁਸਾਫਿਰ ਖੱਬਿਓਂ, ਸੱਜਿਓਂ, ਉੱਪਰੋਂ (ਰੇਲਵੇ ਸਟੇਸ਼ਨ ਦੇ ਕਨਕੋਰਸ ਤੋਂ) ਆਈ ਜਾਂਦੇ ਹਨ ਤੇ ਟੈਕਸੀਆਂ ਫੜ੍ਹੀ ਜਾਂਦੇ ਹਨ। ਕਿਸੇ ਮੁਸਾਫਰ ਨੂੰ ਹਾਕ ਮਾਰ ਕੇ ਆਪਣੇ ਵੱਲ ਸੱਦਣਾ ਕਾਨੂੰਨੀ ਜੁਰਮ ਏ। ਅਕਸਰ ਕਸਟਮਰ ਇੰਨੇ ਕੁ ਸੱਭਿਅਕ ਤਾਂ ਹੁੰਦੇ ਹੀ ਹਨ ਕਿ ਉਹ ਮੂਹਰਿਓ ਵਾਰੀ ਵਾਰੀ ਹਰ ਟੈਕਸੀ ਫੜ੍ਹਦੇ ਹਨ। ਟੈਕਸੀ ਫੜ੍ਹਨ ਤੋਂ ਬਾਅਦ ਡਰਾਈਵਰ ਦਾ ਇਹ ਫਰਜ਼ ਹੈ ਕਿ ਉਹ ਕਸਟਮਰ ਨੂੰ ਉਸ ਤੇ ਦੱਸੇ ਹੋਏ ਰੂਟ ਮੁਤਾਬਕ ਲੈ ਕੇ ਜਾਵੇ। ਇਹਨਾਂ ਮਹਾਨਗਰਾਂ ਵਿੱਚ ਕਈ ਥਾਵਾਂ ਨੂੰ ਦੋ ਤਿੰਨ ਰੂਟ ਵੀ ਜਾਂਦੇ ਹਨ। ਇੱਕ ਬਹੁਤ ਤੇਜ਼ ਮੋਟਰਵੇਅ ਵਾਲਾ, ਦੂਜਾ ਘੱਟ ਤੇਜ਼ ਹਾਈਵੇ ਵਾਲਾ ਤੇ ਤੀਜਾ ਉਸ ਤੋਂ ਵੀ ਘੱਟ ਆਮ ਸੜਕਾਂ ਵਾਲਾ।
ਸ਼ਨੀਵਾਰ ਦਾ ਦਿਨ ਸੀ। ਸਮਾਂ ਸਵੇਰੇ 9 ਕੁ ਵਜੇ ਦਾ ਸੀ। ਇਹ ਵਕਤ ਸ਼ਾਂਤ ਹੀ ਹੁੰਦਾ ਏ। ਸਵਾਰੀ ਮੁਸ਼ਕਿਲ ਨਾਲ ਹੀ ਮਿਲਦੀ ਏ। ਕੈੱਨ ਗਿੱਲ ਪੰਜਾਬੀ ਡਰਾਈਵਰ ਸੀ। ਪੂਰਾ ਨਾਮ ਕੁਲਵੰਤ ਗਿੱਲ ਸੀ। ਲਾਈਨ ਵਿੱਚ ਤੀਜੇ ਨੰਬਰ ਤੇ ਸੀ। ਮੂਹਰੇ ਇੱਕ ਗੋਰਾ ਡਰਾਈਵਰ ਸੀ ਤੇ ਇੱਕ ਚੀਨਾ। ਕਤਾਰ ਬੰਨ੍ਹ ਕੇ ਟੈਕਸੀਆਂ ਦੇ ਤੁਰਨ ਦੀ ਪੈਰੇਡ ਨਵੇਂ ਆਏ ਪ੍ਰਵਾਸੀ ਲਈ ਇੱਕ ਅਜੀਬ ਨਜ਼ਾਰਾ ਪੇਸ਼ ਕਰਦੀ ਏ। ਭਾਰਤ ਜਿਹੇ ਅਰਧ ਵਿਕਸਿਤ ਦੇਸ਼ਾਂ ਵਿੱਚ ਟੈਕਸੀ ਡਰਾਈਵਰ ਹੋਣਾ ਇੱਕ ਨੀਵੇਂ ਪੱਧਰ ਦਾ ਕਿੱਤਾ ਸਮਝਿਆ ਜਾਂਦਾ ਏ। ਸਿਡਨੀ ਤੇ ਆਸਟਰੇਲੀਆ ਦੇ ਬਾਕੀ ਸ਼ਹਿਰਾਂ ਵਿੱਚ ਇਹ ਇੱਕ ਸ਼ਾਨਦਾਰ ਕਿੱਤਾ ਏ। ਸਿਡਨੀ ਦਾ ਟੈਕਸੀ ਸਿਸਟਮ ਦੁਨੀਆਂ ਦੇ ਬੇਹਤਰੀਨ ਟੈਕਸੀ ਸਿਸਟਮਾਂ ਵਿੱਚੋ ਇੱਕ ਏ। ਭਾਰਤੀ ਪ੍ਰਵਾਸੀਆਂ ਵਿੱਚੋਂ ਹੀ ਨਹੀਂ, ਬਲਕਿ ਦੂਜੇ ਦੇਸ਼ਾਂ ਦੇ ਪ੍ਰਵਾਸੀਆਂ ਵਿੱਚੋਂ ਵੀ 95% ਲੋਕਾਂ ਨੇ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਪੜਾਅ ਤੇ ਟੈਕਸੀ ਚਲਾਈ ਹੀ ਹੁੰਦੀ ਏ। ਟੈਕਸੀ ਤੱਕ ਪਹੁੰਚਣ ਨੂੰ ਵੀ ਚਾਰ ਕੁ ਸਾਲ ਲੱਗ ਹੀ ਜਾਂਦੇ ਹਨ। ਸ਼ਰਤਾਂ ਹੀ ਕੁਝ ਇਸ ਪ੍ਰਕਾਰ ਦੀਆਂ ਹਨ। ਸੜਕਾਂ ਤੇ ਸ਼ਹਿਰ ਦਾ ਨਾਮੇਨਕਲੇਚਰ ਨਵੇਂ ਆਏ ਵੱਡਿਆਂ ਵੱਡਿਆਂ ਦੀ ਭੂਤਨੀ ਭੁਲਾ ਦਿੰਦਾ ਏ। ਟੈਕਸੀ ਦਾ ਕੰਮ ਘਰ ਤੋਂ ਹੀ ਸ਼ੁਰੂ ਹੋ ਜਾਂਦਾ ਏ। ਜੀ ਪੀ ਐੱਸ ਸਿਸਟਮ ਹੋਣ ਕਰਕੇ ਜਾਬ ਟੈਕਸੀ ਦੇ ਦੁਆਲੇ ਘੁੰਮਦੀ ਰਹਿੰਦੀ ਏ।
ਕੈੱਨ ਦੀ ਗੱਡੀ ਹੁਣ ਸਭ ਤੋਂ ਮੂਹਰੇ ਪਹੁੰਚ ਗਈ ਸੀ। ਦੋ ਕੁ ਮਿੰਟਾਂ ਵਿੱਚ ਇੱਕ 40 ਕੁ ਸਾਲ ਦੀ ਗੋਰੀ ਉੱਪਰੋਂ ਉਤਰੀ ਤੇ ਕੈੱਨ ਦੀ ਗੱਡੀ ਵਿੱਚ ਬੈਠ ਗਈ।
"ਵੇਅਰ ਗੋਇੰਗ ਪਲੀਜ਼?", ਕੈੱਨ ਨੇ ਪੁੱਛਿਆ।
"ਪੈਰਾਮੈਟਾ ਸ਼ਾਪਿੰਗ ਸੈਂਟਰ ਪਲੀਜ਼।"
ਜਾਬ ਚੰਗੀ ਸੀ 50 ਕੁ ਡਾਲਰ ਦੀ ਤਾਂ ਹੈ ਹੀ ਸੀ। ਕੈੱਨ ਨੇ ਮੀਟਰ ਚਲਾਇਆ ਤੇ ਲੈ ਕੇ ਰੈਂਕ ਤੋਂ ਬਾਹਰ ਨਿਕਲ ਗਿਆ। ਬਾਕੀ ਸਵਾਲ ਰੈਂਕ ਦੇ ਅੰਦਰ ਪੁੱਛਣੇ ਕਈ ਵਾਰ ਨੁਕਸਾਨ ਦੇਹ ਵੀ ਸਾਬਿਤ ਹੋ ਜਾਂਦੇ ਹਨ। ਅਗਲਾ ਸਵਾਲ ਪੁੱਛਣਾ ਹੁੰਦਾ ਏ ਸਵਾਰੀ ਮੀਟਰ ਦੇ ਪੈਸਿਆਂ ਦਾ ਭੁਗਤਾਨ ਕਰੇਗੀ ਜਾਂ ਉੱਕਦਾ ਮੁੱਕਦਾ। ਕੈੱਨ ਨੇ ਇਹ ਸਵਾਲ ਪੁੱਛਿਆ ਤੇ ਸਵਾਰੀ ਨੇ ਮੀਟਰ ਚਲਵਾ ਕੇ ਹੀ ਜਾਣਾ ਚਾਹਿਆ।
"ਹਾਈਵੇਅ ਰਾਹੀਂ ਜਾਓਗੇ ਜਾਂ ਮੋਟਰਵੇਅ ਰਾਹੀਂ?" ਕੈੱਨ ਨੇ ਸਵਾਲ ਕੀਤਾ।
"ਮੈਂ ਬਹੁਤ ਕਾਹਲੀ ਵਿੱਚ ਹਾਂ। ਪਲੀਜ਼ ਮੋਟਰਵੇਅ ਰਾਹੀਂ ਚੱਲੋ।"
ਕੈੱਨ ਰੈਂਕ ਚੋਂ ਨਿਕਲ ਕੇ ਪਹਿਲਾਂ 3 ਕੁ ਕਿਲੋਮੀਟਰ ਆਮ ਸੜਕ ਤੇ ਗਿਆ ਤੇ ਫਿਰ ਮੋਟਰਵੇ 4 ਤੇ ਪੈ ਗਿਆ। ਸਵਾਰੀ ਸੋਚਦੀ ਸੀ ਕਿ 10-12 ਮਿੰਟ ਵਿੱਚ ਪੈਰਾਮੈਟਾ ਪਹੁੰਚ ਜਾਵੇਗੀ। ਮੀਟਰ ਆਪਣੀ ਰਫਤਾਰ ਤੇ ਚੱਲੀ ਜਾ ਰਿਹਾ ਸੀ। ਕੈੱਨ ਕਦੀ ਕਦੀ ਚੋਰ ਅੱਖ ਨਾਲ ਉਸ ਵੱਲ ਦੇਖ ਲੈਂਦਾ ਸੀ। ਉਸ ਨੂੰ ਪਤਾ ਸੀ ਕਿ ਭਾੜਾ 50 ਕੁ ਡਾਲਰ ਦਾ ਮਸਾਂ ਸੀ। ਜਦ ਗੱਡੀ ਕੰਬਰਲੈਂਡ ਹਾਈਵੇਅ ਵਾਲਾ ਨਿਕਾਸ (Exit) ਟੱਪੀ ਤਾਂ ਮੂਹਰੇ ਟ੍ਰੈਫਿਕ ਖੜ੍ਹੀ ਹੋਣ ਲੱਗ ਪਈ।
"ਟੂ ਸਲੋਅ! ਵਹੱਟ ਹੈਪਨਡ ?"ਸਵਾਰੀ ਬੋਲੀ।
"ਲਗਦਾ ਏ ਮੂਹਰੇ ਕੁਝ ਹੋ ਗਿਆ ਏ। ਹੋ ਸਕਦਾ ਏ ਐਕਸੀਡੈਂਟ ਹੋ ਗਿਆ ਹੋਵੇ। ਟ੍ਰੈਫਿਕ ਤਾਂ ਪੂਰੀ ਤਰ੍ਹਾਂ ਰੁਕਦੀ ਜਾ ਰਹੀ ਏ।" ਕੈੱਨ ਨੇ ਉਸਨੂੰ ਅੰਗਰੇਜ਼ੀ ਵਿੱਚ ਦੱਸਿਆ।
ਮੀਟਰ ਤੇ ਤਾਂ ਹੁਣੇ 40 ਡਾਲਰ ਬਣ ਗਏ ਹਨ। ਕੀ ਕੀਤਾ ਜਾਵੇ? ਪਿਛਲਾ ਨਿਕਾਸ (Exit) ਹੁਣੇ ਲੰਘਿਆ ਏ। ਅਗਲਾ ਨਿਕਾਸ ਅਜੇ ਦੂਰ ਏ। ਸਵਾਰੀ ਕਾਫੀ ਔਖੀ ਸੀ।
"ਯੂ ਨੌਮੀਨੇਟਡ ਦਾ ਰੂਟ ਆਫ ਮੋਟਰਵਅ। ਮੈਂ ਤਾਂ ਤੁਹਾਨੂੰ ਪੁੱਛਿਆ ਸੀ ਕਿ ਕਿਸ ਰੂਟ ਜਾਣਾ ਚਾਹੋਗੇ। ਜੇਕਰ ਮੈਂ ਹਾਈਵੇਅ ਰਾਹੀਂ ਲੈ ਜਾਂਦਾ ਤਾਂ ਤੁਸੀਂ ਹੁਣ ਤੱਕ ਪਹੁੰਚੇ ਹੋਏ ਹੋਣਾ ਸੀ। ਹੁਣ ਤਾਂ ਟ੍ਰੈਫਿਕ ਤੁਰੂਗੀ ਤਾਂ ਹੀ ਆਪਾਂ ਤੁਰਾਂਗੇ। ਮੀਟਰ ਚੱਲਦਾ ਹੀ ਰਹੇਗਾ।"
ਟ੍ਰੈਫਿਕ ਥੋੜ੍ਹੀ ਜਿਹੀ ਤੁਰੀ। ਮੁਸਾਫਿਰ ਦੇ ਚਿਹਰੇ ਤੇ ਚਮਕ ਆਈ। ਟ੍ਰੈਫਿਕ ਫਿਰ ਖੜ੍ਹ ਗਈ। ਸਵਾਰੀ ਰੋਣਹਾਕੀ ਹੋ ਗਈ। ਕੈੱਨ ਨੇ ਚੋਰ ਅੱਖ ਨਾਲ ਦੇਖਿਆ ਮੀਟਰ ਤੇ 80 ਡਾਲਰ ਹੋ ਗਏ। ਮੂਹਰਲਾ ਨਿਕਾਸ ਅਜੇ 5 ਕਿਲੋਮੀਟਰ ਦੂਰ ਸੀ। ਕੁਝ ਵੀ ਕੀਤਾ ਨਹੀਂ ਜਾ ਸਕਦਾ ਸੀ। ਕਾਨੂੰਨ ਮੁਤਾਬਿਕ ਚੁੱਪ ਕਰਕੇ ਟਰੈਫਿਕ ਦੇ ਚੱਲਣ ਦੀ ਹੀ ਉਡੀਕ ਕਰਨੀ ਪੈਣੀ ਸੀ। ਰੂਟ ਮੁਸਾਫਿਰ ਦਾ ਆਪਣਾ ਚੁਣਿਆ ਹੋਇਆ ਸੀ। ਜੇ ਸਵਾਰੀ ਖੁਦ ਅੱਖਾਂ ਪਾੜ ਪਾੜ ਕੇ ਮੀਟਰ ਵੱਲ ਝਾਕ ਰਹੀ ਸੀ ਤਾਂ ਕੈੱਨ ਚੁਸਤੀ ਤੇ ਚੋਰ ਅੱਖਾਂ ਨਾਲ ਹੀ ਮੀਟਰ ਵੱਲ ਦੇਖਦਾ ਸੀ। ਟੈਕਸੀ ਅੰਦਰ ਲੱਗਾ ਕੈਮਰਾ ਮੁਸਾਫਿਰ ਤੇ ਕੈੱਨ ਦੀਆਂ ਤਸਵੀਰਾਂ ਵੀ ਖਿੱਚੀ ਜਾ ਰਿਹਾ ਸੀ ਤੇ ਆਵਾਜ਼ ਵੀ ਰਿਕਾਰਡ ਕਰੀ ਜਾ ਰਿਹਾ ਸੀ। ਕੈੱਨ ਨੇ ਸੋਚਿਆ ਸਵਾਰੀ ਤੋਂ ਇਹ ਵੀ ਪਤਾ ਕਰ ਲਿਆ ਜਾਵੇ ਕਿ ਉਹਨੇ ਸਪੱਸ਼ਟ ਰੂਪ ਵਿੱਚ ਸ਼ਾਪਿੰਗ ਸੈਂਟਰ ਹੀ ਜਾਣਾ ਏ ਜਾਂ ਨੇੜੇ ਕਿਸੇ ਹੋਰ ਅਦਾਰੇ ਵਿੱਚ ਜਾਂ ਘਰ ਵਿੱਚ। ਇੰਜ ਕਰਨ ਨਾਲ ਸਵਾਰੀ ਝੱਟ ਉਤਰ ਕੇ ਪੈਸੇ ਦਿੱਤੇ ਬਗੈਰ ਤੁਰ ਜਾਣ ਤੇ ਫੜ੍ਹੀ ਵੀ ਜਾ ਸਕਦੀ ਸੀ ਉਸਨੇ ਗੱਲਾਂ ਗੱਲਾਂ ਵਿੱਚ ਪਤਾ ਕਰ ਲਿਆ ਕਿ ਸਵਾਰੀ ਕਿਸ ਗਲੀ ਵਿੱਚ ਕਿਹੜੇ ਨੰਬਰ ਘਰ ਜਾ ਰਹੀ ਸੀ। ਖੈਰ ਸਵਾਰੀ ਓਨੀ ਸ਼ੈਤਾਨ ਤੇ ਚਲਾਕ ਨਹੀਂ ਸੀ। ਸਵਾਰੀ ਤਾਂ ਸਿਰਫ ਹਾਲਾਤ ਤੋਂ ਦੁਖੀ ਸੀ ਕਿਸੇ ਵਿਅਕਤੀ ਵਿਸ਼ੇਸ਼ ਤੋਂ ਨਹੀਂ। ਟ੍ਰੈਫਿਕ ਰੁਕਣਾ ਕੁਦਰਤੀ ਵਰਤਾਰਾ ਸੀ। ਇਹ ਕਿਸੇ ਬੰਦੇ ਦੇ ਕਸੂਰ ਕਰਕੇ ਨਹੀਂ ਸੀ ਵਾਪਰਿਆ।
ਟ੍ਰੈਫਿਕ ਹੁਣ ਹੌਲੀ ਹੌਲੀ ਚੱਲ ਪਈ ਸੀ। ਸਵਾਰੀ ਮਾੜੀ ਮਾੜੀ ਖੁਸ਼ ਲੱਗ ਰਹੀ ਸੀ। ਕੈੱਨ ਨਾ ਬਹੁਤਾ ਖੁਸ਼ ਜਾਹਰ ਹੋ ਰਿਹਾ ਸੀ ਤੇ ਨਾ ਹੀ ਉਦਾਸ। ਦਿਲੋਂ ਉਹ ਖੁਸ਼ੀ ਸੀ ਕਿਉਂਕਿ ਭਾੜਾ ਹੁਣ 100 ਦੇ ਨੇੜੇ ਪਹੁੰਚ ਗਿਆ ਸੀ। ਮੂਹਰੇ ਪੈਰਾਮੈਟਾ ਦਾ ਚਰਚ ਸਟਰੀਟ ਵਾਲਾ ਨਿਕਾਸ ਨੇੜੇ ਹੀ ਸੀ। ਕੈੱਨ ਦੀ ਸੋਚ ਇਵੇਂ ਉਡਾਰੀ ਲਗਾ ਰਹੀ ਸੀ---
ਲੱਗਦਾ ਏ 110 ਤਾਂ ਬਣ ਹੀ ਜਾਣਗੇ। ਜਦੋਂ ਮੈਂ ਪੈਰਾਮੈਟਾ ਦੇ ਰੈਂਕ ਤੇ ਖੜ੍ਹੇ ਡਰਾਇਵਰਾਂ ਨੂੰ ਦੱਸਾਂਗਾ ਕਿ ਧੀਮੀਂ ਟ੍ਰੈਫਿਕ ਨੇ ਕਮਾਲ ਕਰਤੀ, ਉਹ ਤਾਂ ਹੈਰਾਨ ਰਹਿ ਜਾਣਗੇ। 50 ਡਾਲਰ ਵਾਲਾ ਭਾੜਾ 110 ਡਾਲਰ ਬਣ ਗਿਆ ਸੀ। ਉਹ ਵੀ ਉਸ ਦਿਨ ਜਿਹੜਾ ਟੈਕਸੀ ਲਈ ਮਾੜਾ ਮੰਨਿਆ ਜਾਂਦਾ ਏ-- ਸ਼ਨੀਵਾਰ ਦੀ ਸਵੇਰ ਦੀ ਸ਼ਿਫਟ। ਜਾ ਕੇ ਦੇਖਦੇ ਹਾਂ, ਉਹ ਕੀ ਕਹਿੰਦੇ ਹਨ।
ਟੈਕਸੀ ਮੋਟਰਵੇਅ ਤੋਂ ਨਿਕਲ ਕੇ ਬਾਹਰ ਆ ਗਈ। ਪੰਜ ਕੁ ਮਿੰਟ ਵਿੱਚ ਹੀ ਉਹ ਉਸ ਥਾਂ ਤੇ ਪਹੁੰਚ ਗਈ ਜਿੱਥੇ ਮੁਸਾਫਿਰ ਨੇ ਜਾਣਾ ਸੀ। ਚਿੜਚਿੜੇ ਮੂੰਹ ਨਾਲ 110 ਡਾਲਰ ਦੇ ਕੇ ਸਵਾਰੀ ਆਖਰ ਉੱਤਰ ਗਈ। ਕੈੱਨ ਅੰਤਾਂ ਦਾ ਖੁਸ਼ ਸੀ। ਨੇੜੇ ਹੀ ਪੈਰਾਮੈਟਾ ਦਾ ਵੱਡਾ ਟੈਕਸੀ ਰੈਂਕ ਸੀ। ਕੈੱਨ ਨੇ ਗੱਡੀ ਮੋੜੀ ਤੇ ਘੁਮਾ ਕੇ ਰੈਂਕ ਤੇ ਲੱਗੀ ਲਾਈਨ ਦੇ ਪਿੱਛੇ ਲਗਾ ਦਿੱਤੀ। ਉੱਥੇ ਉਹਨੂੰ ਅਚਾਨਕ ਉਸਦੇ ਤਿੰਨ ਚਾਰ ਵਾਕਫ ਡਰਾਇਵਰ ਮਿਲ ਪਏ-- ਹਰਜੀਤ ਉਰਫ ਹੈਰੀ, ਮਲਕੀਤ ਉਰਫ ਮਾਈਕਲ, ਲਾਹੌਰ ਵਾਲਾ ਅਲੀ ਤੇ ਕਰਾਚੀ ਵਾਲਾ ਅਸ਼ਰਫ।
"ਅੱਜ ਇਧਰ ਨੂੰ ਕਿਵੇਂ ਆ ਗਿਆ", ਹੈਰੀ ਨੇ ਕੈੱਨ ਨੂੰ ਪੁੱਛਿਆ।
"ਓਏ ਹੈਰੀ, ਅੱਜ ਤਾਂ ਮਜ਼ਾ ਹੀ ਆ ਗਿਐ। ਬਲੈਕਟਾਊਨ ਤੋਂ ਪੈਰਾਮੈਟਾ 110 ਡਾਲਰ।
"ਕੈੱਨ, ਝੂਠ ਵੀ ਉਨਾ ਕੁ ਬੋਲਣਾ ਚਾਹੀਦਾ ਜਿੰਨਾ ਕੁ ਠੀਕ ਲੱਗੇ। ਤੈਨੂੰ 110 ਡਾਲਰ ਕੌਣ ਦੇ ਗਿਐ?"
"ਹੈਰੀ ਸੌਂਹ ਰੱਬ ਦੀ। ਮੋਟਰਵੇਅ ਤਾਂ ਜਾਮ ਹੀ ਹੋ ਗਿਆ ਸੀ। ਸਵਾਰੀ ਨੇ ਆਪ ਚੁਣਿਆ ਸੀ ਕਹਿੰਦੀ ਮੋਟਰਵੇਅ ਰਾਹੀਂ ਜਾਣਾ ਏ। ਮਿੰਟਾਂ ਸਕਿੰਟਾਂ ਵਿੱਚ ਹਾਈਵੇਅ ਰਾਹੀਂ ਨਹੀਂ। ਜਦ ਰੱਬ ਦਿੰਦਾ ਏ ਤਾਂ ਛੱਪਰ ਫਾੜ ਕੇ ਦਿੰਦਾ ਏ। ਮੀਟਰ ਤੇ ਬਣਿਆ ਭਾੜਾ ਤਾਂ ਉਸ ਗੋਰੀ ਨੂੰ ਦੇਣਾ ਹੀ ਪੈਣਾ ਸੀ।"
"ਕਮਾਲ ਹੋ ਗਈ, ਕੈੱਨ। ਜੇ ਮੈਂ ਤੈਨੂੰ ਕੱਲ ਐਤਵਾਰ ਦੀ ਮੇਰੇ ਨਾਲ ਵਾਪਰੀ ਸੁਣਾਵਾਂ ਫਿਰ ਤਾਂ ਤੂੰ ਟੱਬਰ ਸਮੇਤ ਧਰਤੀ ਵਿੱਚ ਧੱਸ ਜਾਵੇਂਗਾ।"
"ਕੀ ਵਾਪਰ ਗਿਐ? ਏਅਰਪੋਰਟ ਗਿਆ ਸੀ? ਸਿਟੀ ਗਿਆ ਸੀ?"
"ਨਾ, ਨਾ, ਰੱਬ ਨੇ ਸਿੱਧਾ 500 ਡਾਲਰ ਸੁੱਟ ਦਿੱਤਾ।"
"ਸੱਚ! ਇਹ ਕਿਵੇਂ ਹੋ ਗਿਐ? ਮੈਂ ਤਾਂ ਅੱਜ ਤੱਕ ਸਿਰਫ ਦੋ ਡਰਾਈਵਰ ਦੇਖੇ ਜਿਨ੍ਹਾਂ ਨੂੰ 400 ਦੀ ਜਾਬ ਪਈ ਸੀ। ਤੂੰ ਤਾਂ ਰਿਕਾਰਡ ਹੀ ਤੋੜ ਦਿੱਤਾ। ਹੋਇਆ ਕੀ ਸੀ? ਸੁਣਾ ਤਾਂ ਸਹੀ?"
"ਮੈਂ ਟੈਕਸੀ ਰੈਂਕ ਦੇ ਮੂਹਰਿਓ ਤੀਜੇ ਨੰਬਰ ਤੇ ਸਾਂ। ਦੋ ਗੋਰੀਆਂ ਤੇ ਨਾਲ ਇੱਕ ਛੇ ਕੁ ਸਾਲ ਦਾ ਮੁੰਡਾ। ਮੈਂ ਧਿਆਨ ਨਾਲ ਦੇਖ ਰਿਹਾ ਸਾਂ ਕਿ ਉਹ ਸਭ ਤੋਂ ਮੂਹਰਲੇ ਡਰਾਈਵਰ ਨਾਲ ਕੋਈ ਗਿੱਟਮਿਟ ਕਰ ਰਹੀਆਂ ਸਨ। ਡਰਾਈਵਰ ਨੇ ਉਹਨਾਂ ਨੂੰ ਉਹਨਾਂ ਦਾ ਪਹੁੰਚਣ ਵਾਲਾ ਟਿਕਾਣਾ ਪੁੱਛੇ ਬਗੈਰ ਕੁਝ ਬੋਲਿਆ। ਸ਼ਾਇਦ ਕੋਈ ਭਾਨ ਨਾਲ ਸੰਬੰਧਿਤ ਗੱਲ ਸੀ। ਇਹ ਸੁਣ ਕੇ ਉਹ ਚੁੱਪ ਕਰ ਗਈਆਂ। ਇਹਨਾਂ ਵਿੱਚੋਂ ਇੱਕ ਗੋਰੀ ਆਪਣੀ ਸਿਗਰੇਟ ਮੁਕਾ ਰਹੀ ਸੀ। ਇੰਨੇ ਚਿਰ ਵਿੱਚ ਦੋ ਸਵਾਰੀਆਂ ਉਪਰ ਰੇਲਵੇ ਕਨਕੋਰਸ ਤੋਂ ਉੱਤਰੀਆਂ ਤੇ ਆ ਕੇ ਮੂਹਰਲੀਆਂ ਦੋਹਾਂ ਗੱਡੀਆਂ ਵਿੱਚ ਬੈਠ ਗਈਆਂ। ਇਹ ਗੱਡੀਆਂ ਤੁਰ ਗਈਆਂ। ਵਾਰੀ ਮੇਰੀ ਸੀ। ਗੋਰੀ ਦੀ ਸਿਗਰਟ ਵੀ ਖਤਮ ਹੋ ਗਈ ਸੀ। ਦੋਨੋਂ ਜਣੀਆਂ ਤੇ ਲੜਕਾ ਮੇਰੀ ਗੱਡੀ ਵਿੱਚ ਬੈਠ ਗਏ। ਇੱਕ ਗੋਰੀ ਅੱਧਖੜ ਸੀ ਤੇ ਦੂਜੀ ਉਹਦੀ ਜਵਾਨ ਧੀ। ਮੈਂ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ। ਉਹ ਬੋਲੀ ਬਲਿਊ ਮਾਉਂਟੇਨਜ਼ (Blue Mountains) । ਮੈਂ ਸੁਣ ਕੇ ਚੁੱਪ ਕਰ ਗਿਆ। ਪਹਿਲਾਂ ਗੱਡੀ ਤੋਰੀ ਤੇ ਰੈਂਕ ਤੋਂ ਬਾਹਰ ਕੱਢੀ। ਜਦ ਡਰਾਈਵਰ ਇੱਕ ਵਾਰੀ ਰੈਂਕ ਤੋਂ ਬਾਹਰ ਨਿਕਲ ਜਾਵੇ ਫਿਰ ਸਵਾਰੀ ਕਾਬੂ ਹੋ ਗਈ ਹੁੰਦੀ ਏ। ਇਸ ਹਾਲਤ ਵਿੱਚ ਵਿਚਾਰਾਂ ਦਾ ਕੋਈ ਮਤਭੇਦ ਹੋ ਜਾਵੇ ਤਾਂ ਡਰਾਈਵਰ ਤੇ ਸਵਾਰੀ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਜੇ ਇਹ ਮੱਤਭੇਦ ਰੈਂਕ ਦੇ ਅੰਦਰ ਹੀ ਪੈਦਾ ਹੋ ਜਾਵੇ ਤਾਂ ਸਵਾਰੀ ਇੱਕ ਦਮ ਗੱਡੀ ਚੋਂ ਬਾਹਰ ਨਿਕਲ ਜਾਂਦੀ ਏ ਤੇ ਦੂਜੀ ਗੱਡੀ ਫੜ੍ਹ ਲੈਂਦੀ ਏ।"
"ਨਾਓ ਟੈੱਲ ਮੀ ਵਹੇਅਰ ਯੂ ਆਰ ਗੋਇੰਗ ਟੂ?"
"ਬਲਿਊ ਮਾਉਂਟੇਨਜ਼ (Blue Mountains) " ਅੱਧਖੜ ਗੋਰੀ ਬੋਲੀ।
"ਕੀ ਤੁਹਾਨੂੰ ਪਤਾ ਏ ਕਿ ਨੇਪੀਅਨ ਦਰਿਆ ਤੋਂ ਬਾਅਦ ਦੁੱਗਣਾ ਕਿਰਾਇਆ ਲੱਗੇਗਾ?" ਹੈਰੀ ਕਹਿੰਦਾ ਕਿ ਉਸਨੇ ਪੁੱਛਿਆ।
"ਨਹੀਂ, ਕੌਣ ਕਹਿੰਦਾ?"
"ਜਦ ਗੱਡੀ ਸਿਡਨੀ ਦੇ ਕਿਸੇ ਵੀ ਪਾਸੇ ਸ਼ਹਿਰ ਤੋਂ ਬਾਹਰ ਜਾਂਦੀ ਏ ਤਾਂ ਬਾਹਰਲੇ ਸਫਰ ਦਾ ਭਾੜਾ ਦੁੱਗਣਾ ਹੁੰਦਾ ਏ। ਜੇ ਨਹੀਂ ਯਕੀਨ ਆਉਂਦਾ ਤਾਂ ਔਹ ਗੱਡੀ ਉੱਪਰ ਲਿਖਿਆ ਹੋਇਆ ਨੰਬਰ ਮਿਲਾ ਲਓ ਤੇ ਸਾਡੇ ਦਫਤਰ ਤੋਂ ਪੁੱਛ ਲਓ।"
"ਓ ਕੇ. ਨੋ ਪ੍ਰਾਬਲਮ।"
"ਮੈਂ ਸੋਚਿਆ ਸਵਾਰੀਆਂ ਟਿਕ ਗਈਆਂ ਸਨ," ਹੈਰੀ ਦੱਸਦਾ ਗਿਆ।
"ਟੈਕਸੀ ਮੋਟਰਵੇਅ ਤੇ ਪੈ ਗਈ। ਸਫਰ ਦੀਆਂ ਧੱਜੀਆਂ ਉਡਾਉਂਦੀ ਹੋਈ ਟੈਕਸੀ ਨੇਪੀਅਨ ਦਰਿਆ ਪਾਰ ਕਰ ਗਈ। ਮੀਟਰ ਤੇ 100 ਡਾਲਰ ਬਣ ਗਿਆ। ਮੈਂ ਇਹ 100 ਮੰਗ ਲਿਆ। ਗੋਰੀ ਨੇ ਦੇ ਦਿੱਤਾ", ਹੈਰੀ ਦੱਸਦਾ ਗਿਆ।
"ਹੁਣ ਅੱਗੇ ਸਫਰ ਲੰਬਾ ਵੀ ਸੀ ਤੇ ਪਹਾੜੀ ਵੀ ਸੀ। ਮੀਟਰ ਮੈਂ ਦੁਬਾਰਾ ਚਲਾ ਦਿੱਤਾ ਕਿ ਅਗਲੇ ਭਾੜੇ ਨੂੰ ਦੁਗਣਾ ਕਰਕੇ ਮੰਗਣਾ ਸੌਖਾ ਹੋ ਜਾਵੇ। ਕੀ ਤੁਸੀਂ ਖਾਸ ਬਲਿਊ ਮਾਊਂਟੇਨਜ਼ ਸਟੇਸ਼ਨ ਤੇ ਜਾਣਾ ਹੈ ਜਾਂ ਹੋਰ ਕਿਤੇ," ਹੈਰੀ ਕਹਿੰਦਾ ਮੈਂ ਸਵਾਰੀਆਂ ਦਾ ਆਖਰੀ ਟਿਕਾਣਾ ਜਾਨਣਾ ਚਾਹਿਆ।
"ਅਸੀਂ ਮੈਡਲੋਬਾਥ (Medlow Bath) ਜਾਣਾ ਏ। ਉੱਥੇ ਹੋਟਲ ਵਿੱਚ ਇੱਕ ਵਿਆਹ ਹੈ। ਇਹ ਹੋਟਲ ਮੋਟਰਵੇਅ ਦੇ ਉੱਪਰ ਹੀ ਏ," ਗੋਰੀ ਬੋਲੀ।
ਟੈਕਸੀ ਹਲਕੀਆਂ ਹਲਕੀਆਂ ਪਹਾੜੀਆਂ ਚੋੱ ਲੰਘਦੀ ਗਈ। ਆਖਿਰਕਾਰ ਅਸੀਂ ਮੈਡਲੋਬਾਥ ਹੋਟਲ ਦੇ ਮੂਹਰੇ ਪਹੁੰਚ ਗਏ। ਮੀਟਰ ਤੇ ਭਾੜਾ 150 ਸੀ। ਮੈਂ ਦੁੱਗਣਾ ਕਰਕੇ 300 ਮੰਗਿਆ। ਗੋਰੀ 300 ਦੇ ਕੇ ਬਾਕੀ ਸਵਾਰੀਆਂ ਸਮੇਤ ਗੱਡੀ ਚੋਂ ਉਤਰ ਗਈ। ਮੈਂ ਗੱਡੀ ਵਾਪਸ ਮੋੜੀ ਤੇ ਖੁਸ਼ੀ ਵਿੱਚ ਝੂਮਦਾ ਲਿਓਨੇ (Leonay) ਤੱਕ ਆ ਗਿਆ। ਜਦ ਕੰਪਿਊਟਰ ਦੇਖਿਆ ਤਾਂ ਇਥੋਂ ਹਵਾਈ ਅੱਡੇ ਦੀ ਜਾਬ ਪੈ ਗਈ। ਜਦ ਸਾਈਡ ਤੇ ਨੂੰ ਜਾਬ ਵਾਲੀ ਥਾਂ ਤੇ ਗਿਆ ਤਾਂ ਦੇਖਿਆ ਕਿ ਇੱਕ ਗੋਰਾ ਬਰੀਫਕੇਸ ਲਈ ਖੜ੍ਹਾ ਸੀ। ਮੈਂ ਚੁੱਕਿਆ ਤੇ 160 ਵਿੱਚ ਏਅਰਪੋਰਟ ਜਾ ਕੇ ਲਾਹ ਦਿੱਤਾ। ਫਿਰ ਗੱਡੀ ਏਅਰਪੋਰਟ ਦੇ ਟੈਕਸੀ ਰੈਂਕ ਤੇ ਲਗਾ ਦਿੱਤੀ। ਇੱਕ ਘੰਟਾ ਇੰਤਜ਼ਾਰ ਤੋਂ ਬਾਅਦ ਇੱਕ ਸਿਰਫ 30 ਡਾਲਰ ਦੀ ਜਾਬ ਮਿਲੀ। ਇਹ ਜਾਬ ਕਰਕੇ ਫਿਰ ਆਪਣੇ ਰੈਂਕ ਪੈਰਾਮੈਟਾ ਆ ਗਿਆ। ਜਦ ਬੁੰਦਿਆਂ ਨੂੰ 600 ਡਾਲਰ ਦਾ ਗੱਫਾ ਦੱਸਿਆ ਤਾਂ ਸਾਰੇ ਹੈਰਾਨ ਰਹਿ ਗਏ। ਇਵੇਂ ਹੋਇਆ ਸੀ ਮੇਰੇ ਨਾਲ।"
ਹੈਰੀ ਇਹ ਗੱਲ ਕਰਕੇ ਹਟਿਆ ਹੀ ਸੀ ਕਿ ਉਸਦੀ ਵਾਰੀ ਆ ਗਈ। ਉਹ ਸਵਾਰੀ ਲੈ ਕੇ ਦੌੜ ਗਿਆ। ਕੈੱਨ ਨੂੰ ਹੈਰੀ ਬਾਰੇ ਹੋਰ ਗੱਲ ਕਰਨ ਦਾ ਮੌਕਾ ਮਿਲ ਗਿਆ।
"ਅਲੀ ਜੋ ਹੈਰੀ ਦੱਸ ਕੇ ਗਿਆ ਏ ਕੀ ਇਹ ਸੱਚ ਏ? 600 ਡਾਲਰ ਚਾਰ ਕੁ ਘੰਟਿਆਂ ਵਿੱਚ ਹੀ? ਕੈੱਨ ਨੇ ਅਲੀ ਨਾਲ ਗੱਲ ਕੀਤੀ।
"ਪੈਸੇ ਤਾਂ ਹੈਰੀ ਨੂੰ ਬਣ ਗਏ ਸੀ ਪਰ ਹੋਰ ਜੋ ਕੁਝ ਵਾਪਰਿਆ ਸੀ ਉਹ ਉਸਨੇ ਦੱਸਿਆ ਹੀ ਨਹੀਂ। ਹਰਾਮੀ ਦੀ ਚੰਗੀ ਖਿਚਾਈ ਹੋਈ ਸੀ। ਉਹਦਾ ਤਾਂ ਇਹ ਹਾਲ ਏ ਆਪਣੀਆਂ ਕੱਛ ਵਿੱਚ ਤੇ ਦੂਜੇ ਦੀਆਂ ਹੱਥ ਵਿੱਚ।" ਅਲੀ ਦੱਸਣ ਲਈ ਕਾਹਲਾ ਸੀ।
"ਕੀ ਹੋਇਆ ਸੀ ?"
"ਪਤਾ ਲੱਗਾ ਏ ਕਿ ਹੈਰੀ ਟੈਕਸੀ ਵਿੱਚ ਬੈਠੀ ਗੋਰੀ ਕੁੜੀ ਨਾਲ ਅੱਖ ਮਿਲਾਉਣ ਲੱਗ ਪਿਆ ਸੀ। ਅੱਧਖੜ ਮਾਂ ਮਾੜਾ ਮਾੜਾ ਸੌਣ ਲੱਗ ਪਈ ਸੀ। ਬੱਚਾ ਬਾਹਰ ਪਹਾੜਾਂ ਦਾ ਨਜ਼ਾਰਾ ਦੇਖ ਰਿਹਾ ਸੀ। ਕੁੜੀ ਇਹਦੇ ਵੱਲ ਘੱਟ ਧਿਆਨ ਦੇ ਰਹੀ ਸੀ। ਹੈਰੀ ਉਸ ਵੱਲ ਆਪਣੇ ਮੂਹਰਲੇ ਸ਼ੀਸ਼ੇ ਵਿੱਚ ਦੀ ਦੇਖੀ ਜਾ ਰਿਹਾ ਸੀ। ਉਸ ਸਮੇਂ ਤਾਂ ਕੁੜੀ ਨੇ ਆਪਣੀ ਮਾਂ ਨੂੰ ਕੁਝ ਨਹੀਂ ਦੱਸਿਆ। ਬਾਅਦ ਵਿੱਚ ਘਰ ਜਾ ਕੇ ਲੜਕੀ ਨੇ ਮਾਂ ਨੂੰ ਡਰਾਈਵਰ ਦੇ ਚਾਲਿਆਂ ਬਾਰੇ ਸਭ ਕੁਝ ਦੱਸ ਦਿੱਤਾ। ਟੈਕਸੀ ਦਾ ਨੰਬਰ ਉਸਨੇ ਨੋਟ ਕਰ ਹੀ ਲਿਆ ਸੀ।"
"ਫਿਰ ਕੀ ਹੋਇਆ?"
"ਮਾਂ ਨੇ ਘਰ ਜਾ ਕੇ ਟੈਕਸੀ ਬੇਸ (Taxi Base) ਨੂੰ ਫੋਨ ਮਿਲਾਇਆ ਤੇ ਡਰਾਈਵਰ ਦੀ ਹਰਕਤ ਬਾਰੇ ਸਭ ਕੁਝ ਬਿਆਨ ਕਰ ਦਿੱਤਾ। ਮੂਹਰੇ ਤੈਨੂੰ ਪਤਾ ਹੀ ਹੈ ਕੌਣ ਏ। ਐਂਡਰਿਊ ਰਾਬਿਨਸਨ, ਇਨਫੋਰਸਮੈਂਟ ਅਫਸਰ।"
"ਫਿਰ ਕੀ ਬਣਿਆ?"
"ਉਹਨੇ ਹੈਰੀ ਨੂੰ ਫੋਨ ਮਿਲਾਇਆ। ਇਹਨੂੰ ਕੋਈ ਜਵਾਬ ਨਾ ਆਵੇ। ਹੁਣ ਉਹਨੇ ਇਹਨੂੰ ਦਫਤਰ ਵਿੱਚ ਸੱਦਿਆ ਹੋਇਆ ਏ। ਹੋ ਸਕਦਾ ਚੇਤਾਵਨੀ ਦੇ ਕੇ ਛੱਡ ਦੇਵੇ ਜਾਂ ਕੁਝ ਸ਼ਿਫਟਾਂ ਕੈਂਸਲ ਕਰ ਦੇਵੇ। ਤੈਨੂੰ ਉਹ ਪੂਰੀ ਗੱਲ ਦੱਸ ਕੇ ਨਹੀਂ ਗਿਆ। 600 ਡਾਲਰ ਦੱਸ ਕੇ ਆਪਣਾ ਰੋਅਬ ਝਾੜ ਗਿਐ। ਕੀਤੀ ਕਰਤੂਤ ਦਾ ਕੀ ਬਣਨਾ ਅਜੇ ਪਤਾ ਨਹੀਂ ਬਾਕੀ ਤੂੰ ਦੇਖ ਲੈ ਕੀ ਬਣੂ।"
ਅਲੀ ਨੇ ਸਾਰਾ ਭਾਂਡਾ ਫੋੜ ਦਿੱਤਾ।
"ਅਲੀ, ਤੈਨੂੰ ਪਤਾ ਹੀ ਏ ਇਹ ਦੇਸ਼ ਨੈਤਿਕਤਾ ਅਤੇ ਕਸਟਮਰ ਕੇਅਰ ਤੇ ਕਿੰਨਾ ਜ਼ੋਰ ਪਾਉਂਦੇ ਹਨ ਜਦ ਇਹ ਸਾਨੂੰ ਕੰਮਾਂ ਤੇ ਲਗਾਉਂਦੇ ਹਨ। ਅਸੀਂ ਫਿਰ ਵੀ ਕਰਤੂਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਬਾਂਦਰਾਂ ਨੂੰ ਬਨਾਰਸ ਦੀਆਂ ਟੋਪੀਆਂ। ਅਸੀਂ ਅਰਧ ਵਿਕਸਿਤ ਸਮਾਜ ਚੋਂ ਆਏ ਹਾਂ। ਸਿਡਨੀ ਦਾ ਸਮਾਜ ਪੂਰਨ ਰੂਪ ਵਿੱਚ ਵਿਕਸਿਤ ਹੈ। ਇਹਨਾਂ ਦੇਸ਼ਾਂ ਵਿੱਚ ਦਾਖਲ ਹੁੰਦੇ ਸਾਰ ਅਸੀਂ ਭੰਬੱਤਰ ਜਾਂਦੇ ਹਾਂ। ਸਾਡੇ ਦਿਮਾਗ ਵਿੱਚ ਐਸੇ ਖਿਆਲ ਪਾਏ ਗਏ ਹੁੰਦੇ ਹਨ ਕਿ ਗੋਰੀਆਂ ਜਿਹਦੇ ਨਾਲ ਮਰਜ਼ੀ ਤੁਰ ਪੈਂਦੀਆਂ ਹਨ। ਇਧਰ ਆ ਕੇ ਅਸੀਂ ਕਈ ਭੁਲੇਖਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ। ਕੋਝੀਆਂ ਹਰਕਤਾਂ ਕਰ ਬੈਠਦੇ ਹਾਂ। ਗੋਰੇ ਚੁੱਪ ਚਪੀਤੇ ਵੀ ਸਾਡੇ ਬਾਰੇ ਸਭ ਕੁਝ ਜਾਣਦੇ ਹੁੰਦੇ ਹਨ। ਇਹ ਇੱਕ ਦੋ ਚਤਾਵਨੀਆਂ ਦੇ ਕੇ ਸਾਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਫਿਰ ਕਿਤੇ ਜਾ ਕੇ ਸਾਡੇ ਖਿਲਾਫ ਵੱਡਾ ਐਕਸ਼ਨ ਲੈਂਦੇ ਹਨ।"
"ਕੈੱਨ ਤੂੰ ਠੀਕ ਫਰਮਾਇਆ ਏ। ਤੈਨੂੰ ਪਤਾ ਪਿੱਛੇ ਜਿਹੇ ਦੋ ਡਰਾਈਵਰਾਂ ਦੇ ਖਿਲਾਫ ਵੱਡਾ ਐਕਸ਼ਨ ਹੋਇਆ ਸੀ। ਇੱਕ ਮਿਸਰ ਦਾ ਸੀ ਤੇ ਦੂਜਾ ਬੰਗਲਾਦੇਸ਼ ਦਾ ਸੀ। ਜਦ ਤੁਹਾਡੇ ਖਿਲਾਫ ਕੋਈ ਅਨੁਸ਼ਾਸਨੀ ਕਾਰਵਾਈ ਹੋਈ ਹੁੰਦੀ ਏ ਤਾਂ ਇਸਦਾ ਅਸਰ ਬਹੁਤ ਦੂਰ ਤੱਕ ਪਹੁੰਚਦਾ ਏ। ਕੰਪਿਊਟਰ ਦੇ ਵਿੱਚ ਤੁਹਾਡਾ ਸਾਰਾ ਡਾਟਾ ਇਕਦਮ ਨਿਕਲ ਆਉਂਦਾ ਏ। ਤੁਸੀਂ ਹੋਰ ਥਾਵਾਂ ਤੇ ਜਾ ਕੇ ਵੀ ਨੌਕਰੀ ਨਹੀਂ ਲੱਭ ਸਕਦੇ। ਚੰਗਾ ਹੁਣ ਮੇਰੀ ਵੀ ਵਾਰੀ ਆਉਣ ਲੱਗੀ ਏ ਜੋ ਕੁਝ ਮੈਂ ਤੈਨੂੰ ਹੈਰੀ ਬਾਰੇ ਦੱਸਿਆ ਏ ਨਾ ਇਹ ਉਹਨੂੰ ਪੁੱਛੀ ਤੇ ਨਾ ਹੀ ਇਹ ਕਿਸੇ ਹੋਰ ਨਾਲ ਸਾਂਝਾ ਕਰੀਂ। ਅੱਲਾ, ਖੈਰ ਕਰੇ।"
"ਚੰਗਾ ਅਲੀ! ਅੱਗੇ ਵਾਸਤੇ ਵੀ ਮਿਲਦਾ ਗਿਲਦਾ ਰਿਹਾ ਕਰੀਂ।"
"ਓਕੇ।"
ਦੀਸ਼ੋ ਦੀ ਭਰਜਾਈ - ਕਹਾਣੀ - ਅਵਤਾਰ ਐਸ. ਸੰਘਾ
ਦੀਸ਼ੋ ਦੀ ਭਰਜਾਈ ਪੰਜਾਬ ਤੋਂ ਸਿਡਨੀ ਤਿੰਨ ਮਹੀਨੇ ਦੇ ਸੈਲਾਨੀ ਵੀਜ਼ੇ ਤੇ ਆਈ ਸੀ। ਪਰਸੋਂ ਉਸਦਾ ਵਾਪਿਸ ਜਾਣ ਦਾ ਆਖਰੀ ਦਿਨ ਸੀ। ਸਿਡਨੀ ਵਿਚ ਰਹਿੰਦੇ ਸਮੇਂ ਉਸਨੂੰ ਕਾਫੀ ਕੁਝ ਚੰਗਾ ਲਗਾ ਤੇ ਕੁਝ ਕੁ ਚੀਜਾਂ ਮਾੜੀਆਂ ਵੀ ਮਹਿਸੂਸ ਹੋਈਆਂ। ਦੀਸ਼ੋ ਦਾ ਉਹਨੂੰ ਹਰ ਵੀਕ ਐਂਡ ਗੁਰਦੁਆਰੇ ਲਿਜਾਣਾ, ਇਥੋਂ ਦੇ ਵਾਤਾਵਰਣ ਦੀ ਸਫਾਈ ਅਤੇ ਸਵਛਤਾ, ਸਮੁੰਦਰੀ ਕਿਨਾਰਿਆਂ ਅਤੇ ਸਮੁੰਦਰ ਦੀ
ਸੈਰ, ਨੀਲੇ ਪਹਾੜ, ਰੇਲਾਂ, ਬਸਾਂ, ਕਾਰਾਂ ਅਤੇ ਸਮੁੰਦਰੀ ਜਹਾਜ ਵਿਚ ਸੈਰ ਸਪਾਟਾ, ਰੈਸਟੋਰੈਂਟਾਂ ਤੇ ਭੋਜਨ, ਸੁਕੇ ਮੇਵੇ, ਹਰੇ ਮੇਵੇ, ਸਬਜ਼ੀਆਂ, ਜੂਸ, ਆਈਸ ਕ੍ਰੀਮਾਂ, ਸ਼ਾਪਿੰਗ ਸੈਂਟਰ, ਕੰਪਿਊਟਰ ਆਦਿ ਉਸਨੂੰ ਬਹੁਤ ਵਧੀਆ ਲਗੇ ਪਰ ਆਪਣੇ ਬੋਝੇ ਵਿਚ ਪੈਸਿਆਂ ਦੀ ਘਾਟ, ਅੰਗਰੇਜੀ ਵਿਚ ਗਲਬਾਤ ਕਰਨ ਦੀ ਮੁਸ਼ਕਲ, ਆਪਣੇ ਜਿਹੀਆਂ ਸਹੇਲੀਆਂ ਦੀ ਘਾਟ, ਬਚਿਆਂ ਦਾ ਉਹਦੇ ਵਿਚ ਬਹੁਤਾ ਨਾ ਘੁਲਣਾ ਮਿਲਣਾ, ਦੀਸ਼ੋ ਦਾ ਉਹਨੂੰ ਸੀਮਿਤ ਥਾਵਾਂ ਤੇ ਘੁਮਾਉਣਾ, ਦੀਸ਼ੋ ਦੇ ਇਸ ਡਰ ਦੀ ਉਸਨੂੰ ਭਿਣਕ ਕਿ ਉਹ ਕਿਤੇ ਕੁਝ ਅਵਾ ਤਵਾ ਨਾ ਬੋਲ ਦੇਵੇ ਜਿਸ ਨਾਲ ਉਸਨੂੰ ਹੀਣਾ ਮਹਿਸੂਸ ਹੋਣਾ ਪਵੇ ਆਦਿ ਗਲਾਂ ਨੇ ਉਸਦੀ ਭਰਜਾਈ ਦੀ ਹਾਲਤ ਇਵੇਂ ਬਣਾ ਦਿਤੀ ਜਿਵੇਂ ਉਹ ਪਿਛੇ ਰਹਿ ਗਈਆਂ ਕੂੰਜਾਂ ਵਿਚੋਂ ਵਿਛੜ ਕੇ ਕੁਝ ਇਕਲੀ ਇਕਲੀ ਮਹਿਸੂਸ ਕਰ ਰਹੀ ਹੋਵੇ। ਬਾਕੀ ਤੁਹਾਨੂੰ ਪਤਾ ਹੀ ਏ ਕਿ ਨਣਾਨ ਭਰਜਾਈ ਦਾ ਰਿਸ਼ਤਾ ਵੈਸੇ ਵੀ ਬਹੁਤ ਸੁਭਾਵਾਂ ਨਹੀਂ ਹੁੰਦਾ। ਇਸ ਰਿਸ਼ਤੇ ਵਿਚ ਵੀ ਇਵੇਂ ਹੀ ਖਿਚੋਤਾਣ ਤੇ ਤਣਾਅ ਚਲਦਾ ਰਹਿੰਦਾ ਏ ਜਿਵੇਂ ਸਸ ਨੂੰਹ ਤੇ ਦਰਾਣੀ ਜਠਾਣੀ ਦੇ ਰਿਸ਼ਤੇ ਵਿਚ ਚਲਦਾ ਹੁੰਦਾ ਏ।
ਪਰਸੋਂ ਦੀਸ਼ੋ ਦੀ ਭਰਜਾਈ ਦੀ ਵਾਪਸੀ ਉਡਾਣ ਸੀ। ਉਸ ਤੋਂ ਇਕ ਦਿਨ ਪਹਿਲਾਂ ਉਹ ਸ਼ਾਪਿੰਗ ਸੈਂਟਰਾਂ ਤੇ ਖੂਬ ਘੁੰਮੀਆਂ ਫਿਰੀਆਂ। ਉਹਨਾਂ ਨੇ ਕਈ ਪ੍ਰਕਾਰ ਦੇ ਕਪੜੇ ਖਰੀਦੇ, ਪਰਸ ਖਰੀਦੇ, ਜੁਤੀਆਂ ਖਰੀਦੀਆਂ, ਕਾਸਮੈਟਿਕ ਦੀਆਂ ਚੀਜਾਂ ਖਰੀਦੀਆਂ, ਇਥੋਂ ਤਕ ਕਿ ਇਕ ਦੋ ਗਹਿਣੇ ਵੀ ਖਰੀਦੇ। ਉਹ ਇਕ ਦੋ ਐਸੇ ਸਟੋਰਾਂ ਤੇ ਵੀ ਗਈਆਂ ਜਿਹਨਾਂ ਤੇ ਭਾਰੀ ਸੇਲ ਲਗੀ ਹੋਈ ਸੀ। ਇਸ ਆਖਿਰੀ ਸ਼ੌਪਿੰਗ ਵੇਲੇ ਦੀਸ਼ੋ ਨੇ ਇਸ ਗਲ ਦੀ ਉਕੀ ਪਰਵਾਹ ਨਹੀਂ ਕੀਤੀ ਕਿ ਇਹ ਸਟੋਰ ਘਰ ਤੋਂ ਕੁਝ ਦੂਰ ਸਨ। ਅਸੀਂ ਜਾਣਦੇ ਹਾਂ ਕਿ ਸੇਲ ਦੇ ਨਾਂ ਤੇ ਜਨਾਨੀਆਂ ਚਾਮ੍ਹਲ ਜਾਂਦੀਆਂ ਹਨ-- ਨਾ ਉਹ ਦੂਰੀ ਦੇਖਦੀਆਂ ਹਨ, ਨਾ ਖਰਚਾ, ਤੇ ਨਾ ਉਹਨਾਂ ਨੂੰ ਥਕਾਵਟ ਹੁੰਦੀ ਏ। ਕਈ ਵਾਰ ਇੰਜ ਵੀ ਹੁੰਦਾ ਹੈ ਕਿ ਸਟੋਰਾਂ ਦੇ ਬੰਦ ਹੋਣ ਦਾ ਸਮਾਂ ਹੋ ਜਾਂਦਾ ਹੈ ਪਰੰਤੂ ਉਹਨਾਂ ਦੀ ਖਰੀਦੋ ਫਰੋਖਤ ਅਜੇ ਖਤਮ ਨਹੀਂ ਹੋਈ ਹੁੰਦੀ। ਇਸ ਪ੍ਰਕਾਰ ਦੀ ਖਰੀਦੋ ਫਰੋਖਤ ਵੇਲੇ ਅਕਸਰ ਟਾਟ ਦੀਆਂ ਜੁਲੀਆਂ ਨੂੰ ਵੀ ਰੇਸ਼ਮ ਦੇ ਬਖੀਏ ਲਗ ਜਾਂਦੇ ਹਨ। ਭਾਵੇਂ ਬਹੁਤੀ ਹਿੰਮਤ ਨਾ ਹੋਵੇ ਫਿਰ ਵੀ ਦਿਖਾਵੇ ਦੇ ਤੌਰ ਤੇ ਕੁਝ ਨਾ ਕੁਝ ਵਾਧੂ ਖਰੀਦ ਲਿਆ ਜਾਂਦਾ ਹੈ। ਹਾਂ ਭਾਰੀਆਂ ਚੀਜਾਂ ਖਰੀਦਣ ਤੋਂ ਇਸ ਲਈ ਗੁਰੇਜ਼ ਕੀਤਾ ਜਾਂਦਾ ਹੈ ਕਿਉਂਕਿ ਜਹਾਜ ਵਿਚ ਅਸੀਂ ਬਹੁਤਾ ਭਾਰ ਲਿਜਾ ਨਹੀਂ ਸਕਦੇ। ਭਰਜਾਈ ਨੂੰ ਪਤਾ ਸੀ ਕਿ ਉਹ 30 ਕਿਲੋ ਤੋਂ ਵਧ ਭਾਰ ਨਹੀਂ ਲਿਜਾ ਸਕਦੀ ਸੀ। ਉਸਦੀ ਕੋਸ਼ਿਸ਼ ਸੀ ਕਿ ਚੀਜਾਂ ਗਿਣਤੀ ਵਿਚ ਵਧ ਹੋਣ ਤੇ ਭਾਰ ਵਿਚ ਹਲਕੀਆਂ। ਉਹ ਪੰਜਾਬ ਜਾ ਕੇ ਬਹੁਤੇ ਜੀਆਂ ਨੂੰ ਖੁਸ਼ ਕਰਨਾ ਚਾਹੁੰਦੀ ਸੀ- ਸੋਨੂੰ ਲਈ ਅਤਰ ਫਲੇਲਾਂ, ਸ਼ੀਰੀ ਲਈ ਪਰਸ, ਟਿੰਕੂ ਲਈ ਗਲ਼ ਨੂੰ ਲਾਉਣ ਵਾਲੀਆਂ ਦੋ ਬੋਆਂ, ਬੇਬੇ ਲਈ ਬੰਦ ਜੁਤੀ, ਦੋਹਤੀ ਲਈ ਜੀਨ, ਆਪਣੇ ਘਰਵਾਲੇ (ਦੀਸ਼ੋ ਦੇ ਭਰਾ) ਲਈ ਜੈਕਟ ਵਗੈਰਾ ਵਗੈਰਾ। ਬਾਕੀ
ਭਰਜਾਈ ਲਈ ਦੁਖ ਦੀ ਗਲ ਇਹ ਸੀ ਕਿ ਦੀਸ਼ੋ ਉਹਦੇ ਤੇ ਬਹੁਤਾ ਖਰਚ ਨਹੀਂ ਸੀ ਕਰਨਾ ਚਾਹੁੰਦੀ। ਜੇ ਦੀਸ਼ੋ ਉਹਨੂੰ ਉਹਦੇ ਪਸੰਦ ਦੀਆਂ ਚੀਜਾਂ ਪੁਛ ਪੁਛ ਕੇ ਉਹਦੇ ਤੇ ਖਰਚ ਕਰਨ ਨੂੰ ਤਿਆਰ ਹੁੰਦੀ ਤਾਂ ਹੀ ਉਹ ਉਸਦੇ ਅਗੇ ਕੋਈ ਮੰਗ ਵੀ ਰਖ ਸਕਦੀ ਸੀ। ਉਵੇਂ ਤਾਂ ਉਹਨੂੰ ਜਾਂ ਚੁਪ ਹੀ ਰਹਿਣਾ ਪੈਣਾ ਸੀ ਤੇ ਜਾਂ ਫਿਰ ਆਪਣੀ ਮਰਜ਼ੀ ਨਾਲ ਸਟੋਰਾਂ ਤੇ ਘੁੰਮ ਕੇ ਕੁਝ ਸਸਤੀਆਂ ਚੀਜਾਂ ਲਭ ਕੇ ਖਰੀਦਣੀਆਂ ਪੈਣੀਆਂ ਸਨ। ਫਟਾ ਸਾਹ ਨਹੀਂ ਦੇ ਰਿਹਾ ਸੀ, ਇਸਲਈ ਬਾਜੀਗਰ ਛਾਲ ਮਾਰਨ ਤੋਂ ਗੁਰੇਜ਼ ਕਰ ਰਿਹਾ ਸੀ। ਦੀਸ਼ੋ ਨੇ ਤਾਂ ਉਸਨੂੰ ਦੋ ਕੁ ਸੌ ਡਾਲਰ ਦੀਆਂ ਚੀਜਾਂ ਵਸਤਾਂ ਹੀ ਲੈ ਕੇ ਦਿਤੀਆਂ। ਇਸਤੋਂ ਵਧ ਉਹ ਉਸ ਤੇ ਕਿੰਨੇ ਕੁ ਪੈਸੇ ਖਰਚ ਕਰ ਸਕਦੀ ਸੀ, ਉਹ ਵੀ ਡਾਲਰ ਦੇ ਰੂਪ ਵਿਚ? ਕੁਝ ਡਾਲਰ ਉਹਦੇ ਆਪਣੇ ਪਾਸ ਵੀ ਸਨ ਪਰ ਉਹ ਉਹਨਾਂ ਨੂੰ ਬੜਾ ਸੋਚ ਸੋਚ ਕੇ ਖਰਚ ਕਰਦੀ ਸੀ। ਜੀਅ ਤਾਂ ਬਹੁਤ ਕੁਝ ਖਰੀਦਣ ਨੂੰ ਕਰਦਾ ਸੀ ਪਰ ਸਾਧਨ, ਸਮਾਂ ਤੇ ਸਥਾਨ ਘਟ ਸਨ। ਸਥਾਨ ਸਿਰਫ ਇਕ 30 ਕਿਲੋ ਭਾਰ ਸਮੇਟਣ ਵਾਲਾ ਅਟੈਚੀ ਕੇਸ ਤੇ 7 ਕਿਲੋ ਵਾਲਾ ਬੈਗ ਸੀ। ਭਰਜਾਈ ਨੂੰ ਢਾਰਸ ਦਿੰਦੀ ਹੋਈ ਦੀਸ਼ੋ ਕਹਿਣ ਲਗੀ- 'ਭਰਜਾਈ, ਭਾਰ ਤੁਲਵਾਉਣ ਵੇਲੇ ਦੋ ਤਿੰਨ ਆਈਟਮਾਂ ਬੈਗ ਚੋਂ ਬਾਹਰ ਕਢ ਕੇ ਆਪਣੇ ਮੋਢੇ ਤੇ ਜਾਂ ਬਾਹਾਂ ਤੇ ਰਖ ਲਈਦੀਆਂ ਹੁੰਦੀਆ ਨੇ, ਇਕ ਅਧ ਜੈਕਟ ਜਾਂ ਜਰਸੀ ਪਹਿਨ ਲਈਦੀ ਹੁੰਦੀ ਏ। ਜਦ ਭਾਰ ਤੋਲ ਹੋ ਗਿਆ ਤਾਂ ਇਹੀ ਕੁਝ ਮੁੜ ਆਪਣੇ ਹਥਲੇ ਬੈਗ ਵਿਚ ਤੁੰਨ ਦੇਈਦਾ ਹੁੰਦਾ ਏ।'
ਭਰਜਾਈ ਨੇ ਆਪ ਕੀ ਕੁਝ ਖਰੀਦਿਆ ਇਸਦਾ ਦੀਸ਼ੋ ਨੂੰ ਪੂਰਾ ਪੂਰਾ ਪਤਾ ਨਹੀਂ ਸੀ। ਉਹ ਭਾਵੇਂ ਘਟ ਪੜ੍ਹੀ ਲਿਖੀ ਸੀ ਫਿਰ ਵੀ ਉਹ ਖਰੀਦੋ ਫਰੋਖਤ ਸਮੇਂ ਵਡੇ ਵਡੇ ਸਟੋਰਾਂ ਵਿਚ ਖੁਦ ਇਕਲੀ ਚਕਰ ਮਾਰ ਕੇ ਚੰਗੇ ਤੋਂ ਚੰਗਾ ਸਮਾਨ ਲਭ ਲੈਂਦੀ ਸੀ ਤੇ ਕਾਊਂਟਰ ਤੇ ਖੜੀ ਗੋਰੀ ਕੁੜੀ ਨਾਲ ਗਿਟ ਮਿਟ ਕਰਕੇ ਉਸ ਸਮਾਨ ਦੀ ਪੇਮੈਂਟ ਵੀ ਕਰ ਦਿੰਦੀ ਸੀ। ਇੰਜ ਲਗਦਾ ਸੀ ਜਿਵੇਂ ਉਹ ਕੁਝ ਚੀਜ਼ਾਂ ਦੀਸ਼ੋ ਦੀ ਹਾਜਰੀ ਵਿਚ ਨਹੀਂ ਸੀ ਖਰੀਦਣਾ ਚਾਹੁੰਦੀ। ਸ਼ਰੀਕਣੀਆਂ ਵਿਚ ਕਈ ਪ੍ਰਕਾਰ ਦੇ ਨਿਕੇ ਮੋਟੇ ਓਹਲੇ ਵੀ ਤਾਂ ਹੁੰਦੇ ਹੀ ਨੇ। ਇਸ ਪ੍ਰਕਾਰ ਕੁਝ ਆਈਟਮਾਂ ਦੇ ਪੈਸਿਆਂ ਦਾ ਭੁਗਤਾਨ ਉਹਨੇ ਦੀਸ਼ੋ ਦੀ ਹਾਜਰੀ ਵਿਚ ਕੀਤਾ ਤੇ ਕੁਝ ਦਾ ਭੁਗਤਾਨ ਉਹ ਖੁਦ ਇਕਲੀ ਕਰ ਆਈ। ਆਖਰੀ ਦਿਨ ਇਹ ਬਹੁਤਾ ਸਮਾਨ ਪੈਨਰਿਥ ਦੇ ਮਾਇਰ ਅਤੇ ਟਾਰਗਟ ਸਟੋਰਾਂ ਤੋਂ ਖਰੀਦਿਆ ਗਿਆ। ਸ਼ਾਪਿੰਗ ਕਰਕੇ ਦੋਨੋਂ ਜਣੀਆਂ ਆਪਣੇ ਘਰ ਸੈਵਨ ਹਿਲਜ਼ (Seven Hills) ਆ ਗਈਆਂ। ਭਰਜਾਈ ਦੀ ਇਹ ਸਿਡਨੀ ਵਿਚ ਹੁਣ ਆਖਰੀ ਰਾਤ ਸੀ। ਸਵੇਰੇ ਦਸ ਵਜੇ ਉਸਦੀ ਸਿਡਨੀ ਦੇ ਹਵਾਈ ਅਡੇ ਤੋਂ ਸਿੰਘਾਪੁਰ ਜਾਣ ਲਈ ਉਡਾਣ ਸੀ। ਇਸ ਆਖਰੀ ਰਾਤ ਨੂੰ ਉਹਨੂੰ ਇਥੇ ਬਿਤਾਇਆ ਸਮਾਂ ਯਾਦ ਆ ਰਿਹਾ ਸੀ---ਤਿੰਨ ਮਹੀਨੇ ਸੋਹਣੇ ਗੁਜ਼ਰ ਗਏ----- ਕਦੀ ਕਦੀ ਮਨ ਉਦਾਸ ਵੀ ਹੋਇਆ ਪਰ ਸਮਾਂ ਤਾਂ ਪੂਰਾ ਕਰਨਾ ਹੀ ਸੀ--- ਦੀਸ਼ੋ ਬਹੁਤ ਡਾਹਡੀ ਏ -- ਨਿਰੀ ਕੁਤੇ ਦੀ ਪੂਛ------ਪਾਉਂਦੀ ਏ ਦੂਜੇ ਦੇ ਸਿਰ 'ਚ ਮਧਾਣੀ ਚੀਰਾ ਤੇ ਦਸਦੀ ਏ ਝਰੀਟਾਂ------ ਇਹਨੇ ਉਹ ਕੁਝ ਨਹੀਂ ਕੀਤਾ ਜੋ ਇਹਨੂੰ ਕਰਨਾ ਚਾਹੀਦਾ ਸੀ--- ਭਲਾ ਬਾਹਰਲਿਆਂ ਨੂੰ ਕੀ ਫਰਕ ਪੈਂਦਾ?------ ਕਿਰਾਇਆ ਵੀ ਮਸਾਂ ਹੀ ਪੂਰਾ ਹੋਇਆ ਏ------- ਬਾਹਰੋਂ ਤਾਂ ਬੰਦੇ ਨੂੰ ਮਾਲਾ ਮਾਲ ਹੋ ਕੇ ਜਾਣਾ ਚਾਹੀਦਾ ਏ------ ਜੇ ਦੀਸ਼ੋ ਥੋੜ੍ਹਾ ਜਿਹਾ ਹੋਰ ਕਰ ਦਿੰਦੀ ਤਾਂ ਉਥੇ ਸ਼ਰੀਕਣੀਆ ਵਿਚ ਇਹਦੀ ਬਲੇ ਬਲੇ ਹੋ ਜਾਣੀ ਸੀ------ਜਿਹੜੀਆਂ ਚੀਜ਼ਾਂ ਵਸਤਾਂ ਉਥੇ ਹਜ਼ਾਰਾਂ ਦੀਆਂ ਆਉਂਦੀਆਂ ਹਨ ਉਹ ਇਥੇ ਟਕਿਆਂ ਧੇਲਿਆਂ ਦੀਆਂ ਹੀ ਆ ਜਾਂਦੀਆਂ ਨੇ------- ਫਿਰ ਵੀ ਪਤਾ ਨੀਂ ਇਹ ਫੁਟ ਪੈਣੀਆਂ ਕਿਉਂ ਹਥ ਘੁਟਦੀਆਂ ਰਹਿੰਦੀਆਂ ਨੇ------- ਇਹਨੂੰ ਤਾਂ ਇਹਦੇ ਘਰਵਾਲਾ ਵੀ ਕੁਝ ਨਹੀਂ ਕਹਿੰਦਾ---- ਫਿਰ ਵੀ ਸ਼ਾਪਿੰਗ ਸਮੇਂ ਹਥ ਘੁਟੀ ਗਈ----- ਇਹਨੂੰ ਤਾਂ ਚਾਹੀਦਾ ਸੀ ਮੈਨੂੰ ਧੇਲਾ ਖਰਚਣ ਹੀ ਨਾ ਦਿੰਦੀ---- ਸਹੁਰੀ ਚੰਦਰੀ ਦੀ ਚੰਦਰੀ ਹੀ ਰਹੀ---- ਆਪਣੇ ਭਰਾ ਲਈ ਸੋਹਣੀ ਜੈਕਟ ਲੈ ਤੀ----- ਮੈਨੂੰ ਘਟੀਆ ਜਿਹਾ ਸਮਾਨ ਲੈ ਤਾ---ਅੰਗੂਠੀ ਦੇਣ 'ਚ ਵੀ ਕੰਜੂਸੀ ਕਰ ਗਈ----ਅਧੇ ਤੋਲੇ ਤੋਂ ਵੀ ਘਟ ਦੀ ਹੋਊ---- ਪਰਸ ੪੦ ਡਾਲਰ ਦਾ ਹੋਊ ----- ਆਪਣੀ ਧੀ ਨੂੰ ਗੁਚੀ (Gucci) ਅਤੇ ਪਰਾਡਾ (Prada) ਦੇ ਲੈ ਕੇ ਦਿੰਦੀ ਆ -------ਸਾਡੇ ਲਈ ਸੇਲਾਂ--- ਆਪਣਿਆਂ ਲਈ ਮਹਿੰਗੇ ਬਰੈਂਡਡ ਕਪੜਿਆਂ ਦੇ ਸਟੋਰ!!
ਭਰਜਾਈ ਤੜਕੇ ਚਾਰ ਵਜੇ ਉਠ ਕੇ ਘਰ 'ਚ ਤੁਰੀ ਫਿਰੇ। ਉਡਾਣ 10:15 ਤੇ ਸੀ। ਵਾਪਸ ਜਾਣ ਦਾ ਲੋਹੜੇ ਦਾ ਚਾਅ! ਅਟੈਚੀ ਰਾਤ ਹੀ ਤੁਲਵਾ ਕੇ ਦੇਖ ਲਿਆ ਸੀ। ਇਕ ਵਾਰ ਨਹੀਂ, ਕਈ ਵਾਰੀ। ਕਿਤੇ ਵਾਧੂ ਭਾਰ ਨਾ ਹੋਵੇ। ਏਅਰ ਲਾਈਨ ਵਾਲੇ ਤਾਂ ਫੁਟ ਪੈਣੇ ਕਿਲੋ ਦੋ ਕਿਲੋ ਵਾਧੂ ਭਾਰ ਦੇ ਕਿੰਨੇ ਸਾਰੇ ਪੈਸੇ ਮੰਗਣ ਲਗ ਪੈਂਦੇ ਨੇ। ਬੈਗ ਵਿਚ ਦੋ ਛੋਟੇ ਛੋਟੇ ਪਰਸ ਤੁੰਨਣ ਦੀ ਗੁੰਜਾਇਸ਼ ਸੀ । ਉਹ ਵੀ ਤੁੰਨ ਲਏ। ਦੀਸ਼ੋ ਵਲੋਂ ਦਿਤੀ ਅੰਗੂਠੀ ਉਹਨੇ ਉਂਗਲ ਵਿਚ ਪਾ ਲਈ। ਘੜੀ ਵਲ ਵਾਰ ਵਾਰ ਦੇਖੀ ਜਾਵੇ। ਕਦੋਂ ਛੇ ਵਜਣਗੇ ਤੇ ਘਰੋਂ ਤੁਰਾਂਗੇ। ਦੀਸ਼ੋ ਨੇ ਰਾਤ ਕਿਹਾ ਸੀ ਕਿ 6 ਵਜੇ ਚਲਾਂਗੇ।
7 ਵਜੇ ਏਅਰਪੋਰਟ ਤੇ ਪਹੁੰਚ ਜਾਵਾਂਗੇ। ਗੱਡੀ ਪਾਰਕ ਕਰਕੇ ਅੰਦਰ ਜਾਵਾਂਗੇ। ਭਾਰ ਤੁਲਾ ਕੇ ਆਵਾਂਗੇ। ਘਟ ਪੜ੍ਹੀ ਲਿਖੀ ਭਰਜਾਈ ਨੂੰ ਅੰਦਰ ਉਥੋਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਥੋਂ ਤਕ ਹਵਾਈ ਅਡੇ ਦਾ ਸਟਾਫ ਆਗਿਆ ਦੇਵੇ। ਬਾਅਦ ਵਿਚ ਸ਼ਾਇਦ ਉਹਨੂੰ ਕੋਈ ਪੰਜਾਬੀ ਮਿਲ ਪਵੇ। ਉਸਤੋਂ ਪੁਛਦੀ ਗਿਛਦੀ ਉਹ ਇਮੀਗ੍ਰੇਸ਼ਨ ਕਲੀਅਰੈਂਸ ਵੀ ਕਰ ਲਊ। ਸਕਿਊਰਿਟੀ ਚੈਕ ਵੀ ਪਾਰ ਕਰ ਜਾਊ ਤੇ ਉਸ ਗੇਟ ਤੇ ਪਹੁੰਚ ਜਾਊ ਜਿਥੋਂ ਹਵਾਈ ਜਹਾਜ ਚਲਣਾ ਹੈ। ਸਿੰਘਾਪੁਰ ਜਾ ਕੇ ਤਾਂ ਪੰਜਾਬੀ ਬੋਲਣ ਵਾਲੇ ਬਥੇਰੇ ਮਿਲ ਪੈਂਦੇ ਨੇ। ਉਥੇ ਤਾਂ ਕੈਨੇਡਾ ਤੋਂ ਆਏ ਹੋਏ ਪੰਜਾਬੀਆਂ ਦਾ ਹੜ੍ਹ ਆਇਆ ਹੁੰਦਾ ਏ- ਕਿਤੇ ਕੋਈ ਢਾਡੀ ਜਥਾ ਬੈਠਾ ਹੁੰਦਾ ਏ, ਕਿਤੇ ਨਵ ਵਿਆਹਿਆ ਜੋੜਾ ਬੈਠਾ ਹੁੰਦਾ ਏ, ਕਿਤੇ ਬਾਬੇ ਤੇ ਮਾਈਆਂ ਬੈਠੀਆਂ ਹੁੰਦੀਆਂ ਹਨ ਤੇ ਕਿਤੇ ਕੋਈ ਹੋਰ। ਜਦ ਉਹ ਦਿਲੀ ਤੋਂ ਸਿਡਨੀ ਨੂੰ ਆਈ ਸੀ ਤਾਂ ਉਦੋਂ ਵੀ ਉਸਨੂੰ ਸਿੰਘਾਪੁਰ ਬਥੇਰੇ ਪੰਜਾਬੀ ਮਿਲ ਗਏ ਸਨ। ਉਸਨੇ ਉਹਨਾਂ ਪਾਸੋਂ ਆਪਣਾ ਫਾਰਮ ਵੀ ਭਰਵਾਇਆ ਸੀ। ਇਕ ਤੀਵੀਂ ਤਾਂ ਉਸਨੂੰ ਨਿਰੀ ਆਪਣੇ ਜਿਹੀ ਹੀ ਮਿਲ ਗਈ ਸੀ।
ਉਮਰ ਵੀ ਓਨੀ ਕੁ ਹੀ, ਪੜ੍ਹੀ ਲਿਖੀ ਵੀ ਥੋੜ੍ਹੀ ਜਿਹੀ, ਜਹਾਜ 'ਚ ਵੀ ਪਹਿਲੀ ਵਾਰ ਚੜ੍ਹੀ ਸੀ, ਰਹਿਣਾ ਵੀ ਉਹਨੇ ਆਸਟਰੇਲੀਆ ਵਿਚ ਤਿੰਨ ਮਹੀਨੇ ਹੀ ਸੀ- ਦੋ ਮਹੀਨੇ ਸਿਡਨੀ ਵਿਚ ਤੇ ਇਕ ਮਹੀਨਾ ਵੂਲਗੂਲਗੇ। ਉਸਨੇ ਭਰਜਾਈ ਨੂੰ ਆਪਣੇ ਘਰਦਿਆਂ ਦਾ ਫੋਨ ਨੰਬਰ ਵੀ ਦੇ ਦਿਤਾ ਸੀ। ਕਹਿੰਦੀ ਸੀ- 'ਕਦੀ ਕਦੀ ਫੋਨ ਕਰ ਲਿਆ ਕਰੀਂ। ਦਿਲ ਲਗਾ ਰਹੂ। ਸੁਖ ਦੁਖ ਸਾਂਝਾ ਕਰ ਲਿਆ ਕਰਾਂਗੇ।' ਭਰਜਾਈ ਨੇ ਉਸਨੂੰ ਕਿਹਾ ਸੀ 'ਤੂੰ ਮੁੰਡੇ ਬਹੂ ਕੋਲ ਜਾ ਰਹੀ ਏਂ। ਤੈਨੂੰ ਵੀ ਤਾਂ ਬਹੂ ਨਾਲ ਬਿਤਾਏ ਦਿਨ ਸਾਂਝੇ ਕਰਨ ਲਈ ਕੋਈ ਚਾਹੀਦਾ ਈ ਏ। ਨਾਲੇ ਬਾਲ ਬਚਾ ਹੋਣ ਵਾਲਾ ਏ। ਇਸ ਵਾਰ ਕੀ ਲਗਦਾ ਏ? ਕਿਤੇ ਦੂਜੀ ਵੀ ਕੁੜੀ ਹੀ ਨਾ ਹੋ ਜਾਵੇ? ਜੇ ਇੰਜ ਹੋ ਗਿਆ, ਫੇਰ ਕੀ ਕਰੋਗੇ? ਜੇ ਦੁਆਰਾ ਵਿਆਹੁਣਾ ਹੋਇਆ ਤਾਂ ਮੈਨੂੰ ਦਸੀਂ। ਮੇਰੀ ਭੈਣ ਦੀ ਕੁੜੀ ਦੇਖਿਆਂ ਭੁਖ ਲਹਿੰਦੀ ਏ। ਲੰਮੀ ਲੰਝੀ। ਐਤਕੀਂ ਈ ਬੀਆ ਪਾਸ ਕੀਤੀ ਏ। ਹੁਣ ਕੰਪਿਊਟਰ ਕੋਰਸ ਕਰ ਰਹੀ ਏ। ਗੁਆਂਢੀਆਂ ਦੀ ਦੀਪਾਂ ਤੇ ਉਹ ਇਕਠੀਆਂ ਕੋਰਸ ਕਰਨ ਜਾਂਦੀਆਂ ਨੇ। ਦਾਜ ਦੇਵਾਂਗੇ ਮੂੰਹ ਮੰਗਿਆ। ਬਰਾਤ ਭਾਵੇਂ ਪੰਜ ਪਿੰਡ ਲੈ ਆਵੀਂ।' ਭਰਜਾਈ ਮਨ ਹੀ ਮਨ ਉਸਦੇ ਕੁੜੀ ਹੋਣ ਦੀਆਂ ਦੁਆਵਾਂ ਕਰੀ ਜਾਵੇ ਤਾਂ ਕਿ ਉਹਦੀ ਭੈਣ ਦੀ ਕੁੜੀ ਲਈ ਆਸਟਰੇਲੀਆ ਆਉਣ ਦਾ ਰਾਹ ਖੁਲ ਜਾਵੇ। ਫਿਰ ਸੋਚਣ ਲਗੀ ਕਿ ਜੇ ਸਾਨੁੰ ਕੋਈ ਇਕ ਅਧ ਵਾਰ ਮਿਲਾ ਦੇਵੇ ਫਿਰ ਤਾਂ ਗਲ ਹੀ ਕੀ। ਪਰ ਕਿਥੇ ਮਿਲਾਉਂਦੇ ਇਹ ਦੂਜੇ ਦੇਸ਼ਾਂ ਵਿਚ ਰਹਿੰਦੇ ਲੋਕ। ਇਹ ਵਿਹਲ ਹੀ ਨਹੀਂ ਕਢਦੇ। ਜੇ ਕਹੋ ਤਾਂ ਕਹਿਣਗੇ 'ਪੰਜਾਬ ਵਾਲੀਆਂ ਆਦਤਾਂ ਛੱਡੋ। ਤੁਸੀਂ ਤਾਂ ਤੁਰੀਆਂ ਜਾਂਦੀਆਂ ਨਾਲ ਜਾਣਾਂ ਪਛਾਣਾਂ ਕਰ ਲੈਂਦੀਆਂ ਹੋ। ਸਾਡੀ ਬੇਬੇ ਹੁੰਦੀ ਸੀ ਜੇ ਘਰ ਮੋਚੀ ਵੀ ਆ ਜਾਵੇ ਉਸਤੋਂ ਵੀ ਉਸਦੇ ਟਬਰ ਬਾਰੇ ਪੁਛਦੀ ਰਹਿੰਦੀ ਸੀ। ਵਿਆਹ ਸਮੇਂ ਘਰ ਦਰਜੀ ਸਦਣਾ ਮਹੀਨੇ ਭਰ ਲਈ। ਉਸਨੇ ਕਪੜੇ ਸਿਉਂਦੇ ਰਹਿਣਾ। ਉਸਨੂੰ ਉਸਦੇ ਟਬਰ ਬਾਰੇ ਅਵਾ ਤਵਾ ਗਲਾਂ ਪੁਛੀ ਜਾਣੀਆਂ। ਗੁਆਂਢ ਦੀਆਂ ਕੁੜੀਆਂ ਨੇ ਘਰ ਨੁਆਰ ਬੁਣਨ ਆ ਜਾਣਾ। ਉਹਨਾਂ ਨਾਲ ਗਪਾਂ ਮਾਰ ਮਾਰ ਕੇ ਅੰਬਰ ਨੂੰ ਛੇਕ ਕਰ ਦੇਣੇ। ਇਹੀ ਕੁਝ ਤੁਸੀਂ ਇਥੇ ਆ ਕੇ ਭਾਲਦੀਆਂ ਹੋ।'ਸਵੇਰ ਦੇ ਛੇ ਵਜ ਗਏ। ਭਰਜਾਈ ਘਰਦਿਆਂ ਦੇ ਜਾਗਣ ਬਾਰੇ ਚਾਰ ਵਜੇ ਦੀ ਭਿਣਕ ਲੈ ਰਹੀ ਸੀ। ਨਵੇਂ ਨਕੋਰ ਕਪੜੇ ਪਾ ਕੇ ਬੈਠੀ ਸੀ। ਆਵਾਜ਼ ਪੈਣ ਦੀ ਉਡੀਕ ਵਿਚ ਸੀ। ਆਖਰ ਦੀਸ਼ੋ ਨੇ ਪਹਿਲਾਂ ਚਾਹ ਲਈ ਆਵਾਜ਼ ਮਾਰੀ। ਭਰਜਾਈ ਉਠ ਕੇ ਰਸੋਈ ਵਲ ਚਲੀ ਗਈ। ਚਾਹ ਨਾਲ ਨਾਸ਼ਤਾ ਕੀਤਾ। ਦੀਸ਼ੋ ਦੇ ਘਰਵਾਲਾ ਜਸਵੰਤ ਵੀ ਬੈਠਾ ਨਾਸ਼ਤਾ ਕਰ ਰਿਹਾ ਸੀ। ਉਹ ਬੋਲਿਆ, "ਭੈਣ ਜੀ, (ਉਹ ਉਸਨੂੰ ਭਰਜਾਈ ਜਾਂ ਭਾਬੀ ਜੀ ਦੀ ਬਜਾਏ ਭੈਣ ਜੀ ਹੀ ਕਹਿੰਦਾ ਸੀ) ਆਪਣੇ ਕਾਗਜ ਪੱਤਰ ਚੈਕ ਕਰ ਲਓ ਸਮਾਨ ਅਸੀਂ ਗਡੀ ਵਿਚ ਰਖ ਦਿੰਦੇ ਹਾਂ। ਪਾਸਪੋਰਟ , ਟਿਕਟ ਆਦਿ ਚੈਕ ਕਰਨਾ ਤੁਹਾਡਾ ਕੰਮ ਏ।"
"ਵੀਰ ਜੀ ਸਭ ਠੀਕ ਏ। ਬਸ ਤੁਸੀਂ ਹੁਣ ਤੁਰਨ ਦੀ ਤਿਆਰੀ ਕਰੋ। ਸਾਨੂੰ ਉਥੇ ਤਿੰਨ ਕੁ ਘੰਟੇ ਪਹਿਲਾਂ ਤਾਂ ਪਹੁੰਚ ਹੀ ਜਾਣਾ ਚਾਹੀਦਾ ਏ। ਤੁਸੀਂ ਮੈਨੂੰ ਅੰਦਰ ਤਕ ਕਰਕੇ ਆਇਓ। ਸਾਨੂੰ ਇਹਨਾਂ ਦੇਸ਼ਾਂ ਵਿਚ ਕਈ ਕੁਝ ਪਤਾ ਹੀ ਨਹੀਂ ਲਗਦਾ।''
"ਕਾਰ ਵਿਚ ਦੀਸ਼ੋ, ਜਸਵੰਤ ਤੇ ਉਹਨਾਂ ਦੀ ਭਰਜਾਈ ਬੈਠ ਗਏ। ਕਾਰ ਸੈਵਨ ਹਿਲਜ਼ (Seven Hills) ਤੋਂ ਏਅਰਪੋਰਟ ਵਲ ਚਲ ਪਈ। ਭਰਜਾਈ ਸਿਡਨੀ ਦੇ ਆਖਰੀ ਦਰਸ਼ਨ ਕਰ ਰਹੀ ਸੀ। ਉਹ ਸੋਚਦੀ ਸੀ ਮੁੜ ਪਤਾ ਨਹੀਂ ਕਦੇ ਆ ਹੋਣਾ ਏ ਕਿ ਨਹੀਂ। ਗਡੀ ਏਅਰਪੋਰਟ ਤੇ ਪਹੁੰਚ ਗਈ। ਕੋਸ਼ਿਸ਼ ਕਰਨ ਤੋਂ ਬਾਅਦ ਗਡੀ ਲਈ ਪਾਰਕਿੰਗ ਸਪੇਸ ਮਿਲੀ। ਹਵਾਈ ਅਡੇ ਵਲ ਜਾਣ ਲਈ ਲਿਫਟਾਂ ਰਾਂਹੀ ਉਤਰੇ। ਸਮਾਨ ਟਰਾਲੀ ਤੇ ਰਖੀ ਹਵਾਈ ਅਡੇ ਅੰਦਰ ਦਾਖਲ ਹੋ ਗਏ।"ਭਾਬੀ ਜੀ, ਆਪਣੀ ਟਿਕਟ ਦਿਖਾਇਓ, ਤੁਹਾਡਾ ਫਲਾਈਟ ਨੰਬਰ ਦੇਖੀਏ, ਫਿਰ ਬੋਰਡ ਤੇ ਪੜ੍ਹੀਏ ਕਿ ਕਿਸ ਕਾਊਂਟਰ ਤੇ ਤੁਹਾਡਾ ਭਾਰ ਤੋਲਿਆ ਜਾਣਾ ਏ।"ਭਰਜਾਈ ਆਪਣਾ ਪਾਸਪੋਰਟ ਲਭਣ ਲਗ ਪਈ। ਪਰਸ ਦੀ ਇਕ ਪਰਤ ਫਰੋਲੀ , ਦੂਜੀ ਪਰਤ ਫਰੋਲੀ, ਤੀਜੀ ਪਰਤ ਫਰੋਲੀ ਸਾਰਾ ਪਰਸ ਫਰੋਲ ਮਾਰਿਆ। ਜਦ ਦੇਖਿਆ ਤਾਂ ਪਰਸ ਵਿਚ ਪਾਸਪੋਰਟ ਹੈ ਹੀ ਨਹੀਂ ਸੀ।ਸਭ ਦਾ ਰੰਗ ਫਿਕਾ ਪੈ ਗਿਆ। ਭਰਜਾਈ ਨੂੰ ਤਾਂ ਗਸੀ ਪੈਣ ਨੂੰ ਕਰੇ। ਬੈਗ ਵਿਚ ਹਥ ਪਾਇਆ ਉਹ ਵੀ ਫਰੋਲ ਮਾਰਿਆ। ਪਾਸਪੋਰਟ ਕਿਧਰੇ ਵੀ ਨਾ ਮਿਲਿਆ। ਖੀਰ 'ਚ ਸੁਆਹ ਪੈ ਗਈ। ਸਭ ਕੀਤੇ ਕਰਾਏ ਤੇ ਪਾਣੀ ਫਿਰ ਗਿਆ।
ਪੁੱਛਣ ਤੇ ਭਰਜਾਈ ਕਹਿਣ ਲਗੀ, "ਸ਼ਾਇਦ ਘਰ ਦੂਜੇ ਪਰਸ ਵਿਚ ਰਹਿ ਗਿਆ। ਉਹ ਪਰਸ ਮੈਂ ਉਥੇ ਹੀ ਭੁਲ ਆਈ। ਹੁਣ ਅਸੀਂ ਉਹ ਪਰਸ ਘਰੋਂ ਵੀ ਨਹੀਂ ਮੰਗਵਾ ਸਕਦੇ। ਘਰ ਤਾਂ ਅਜ ਕੋਈ ਹੈ ਹੀ ਨਹੀਂ।''
"ਤੁਹਾਨੂੰ ਤਾਂ ਪਤਾ ਹੀ ਏ, ਲਾਡੀ ਤਾਂ ਮੈਲਬੌਰਨ ਗਿਆ ਹੋਇਆ ਏ। ਜੇ ਇਥੇ ਹੁੰਦਾ ਤਾਂ ਲਭ ਕੇ ਫੜਾ ਜਾਂਦਾ। ਅਜੇ ਉਡਾਣ ਵਿਚ ਤਿੰਨ ਘੰਟੇ ਰਹਿੰਦੇ ਹਨ। ਕਹੋ ਤਾਂ ਵਾਪਿਸ ਜਾ ਕੇ ਲੈ ਆਉਂਦੇ ਹਾਂ। ਕੀ ਤੁਹਾਨੂੰ ਯਕੀਨ ਏ ਕਿ ਪਾਸਪੋਰਟ ਘਰ ਹੀ ਰਿਹਾ ਏ? ਤੁਸੀਂ ਕਿਤੇ ਹੋਰ ਤਾਂ ਨਹੀਂ ਸੁਟ ਦਿਤਾ? ਦੋ ਤਿੰਨ ਦਿਨ ਤੋਂ ਤੁਸੀਂ ਸ਼ਾਪਿੰਗ ਲਈ ਭਜੀਆਂ ਫਿਰ ਰਹੀਆਂ ਸੀ। ਦਸੋ ਕਿਵੇਂ ਕਰੀਏ?'' ਜਸਵੰਤ ਸੋਚੀਂ ਪਿਆ ਹੋਇਆ ਸੀ।"ਵੀਰ ਜੀ, ਵਾਪਿਸ ਤਾਂ ਜਾਣਾ ਹੀ ਪੈਣਾ ਏ। ਚਲੋ ਜਾ ਕੇ ਘਰ ਦੇਖ ਲਈਏ। ਜੇ ਮਿਲ ਗਿਆ ਵਾਪਿਸ ਆਉਣ ਦੀ ਕੋਸ਼ਿਸ਼ ਕਰ ਲਵਾਂਗੇ। ਜੇ ਡੇਢ ਘੰਟੇ ਵਿਚ ਵੀ ਵਾਪਸ ਆ ਜਾਈਏ ਤਾਂ ਵੀ ਉਡਾਨ ਫੜਨ ਦੇ ਕੁਝ ਆਸਾਰ ਹੈਗੇ ਆ। ਜੇ ਘਰ ਵੀ ਨਾ ਮਿਲਿਆ ਤਾਂ ਵਡਾ ਮਸਲਾ ਬਣ ਸਕਦਾ ਏ। "ਭਰਜਾਈ ਬੋਤੇ ਵਾਂਗ ਬੁਲ੍ਹ ਸੁਟ ਕੇ ਖੜ੍ਹੀ ਸੋਚੀ ਜਾ ਰਹੀ ਸੀ।''
ਤਿੰਨੇ ਜਾਣੇ ਵਾਪਸ ਘਰ ਵਲ ਚਲ ਪਏ। ਤੇਜੀ ਨਾਲ ਘਰ ਪਹੁੰਚੇ। ਦਰਵਾਜ਼ੇ ਦੀ ਦਹਿਲੀਜ਼ ਟਪਦੇ ਹੀ ਭਰਜਾਈ ਨੇ ਆਪਣੇ ਕਮਰੇ ਦੀ ਫੋਲਾ ਫਾਲੀ ਸ਼ੁਰੂ ਕਰ ਦਿਤੀ। ਦੂਜਾ ਪਰਸ ਦੇਖਿਆ ਤਾਂ ਪਾਸਪੋਰਟ ਉਹਦੇ ਵਿਚ ਵੀ ਨਹੀਂ ਸੀ। ਅਟੈਚੀ ਅਤੇ ਬੈਗ ਫੋਲ ਮਾਰੇ ਪਰ ਪਾਸਪੋਰਟ ਮਿਲਿਆ ਹੀ ਨਾ।
"ਭੈਣ ਜੀ, ਪਹਿਲਾਂ ਤਾਂ ਪੁਲਿਸ ਰਿਪੋਰਟ ਲਿਖਵਾਉਣੀ ਪਊ। ਫਿਰ ਇੰਡੀਅਨ ਕੌਂਸਲੇਟ ਨੂੰ ਪਹੁੰਚ ਕਰਕੇ ਨਵਾਂ ਪਾਸਪੋਰਟ ਬਣਵਾਉਣਾ ਪਊ, ਇਸ ਕੰਮ ਲਈ ਕਈ ਦਿਨ ਲਗ ਸਕਦੇ ਨੇ। ਦੇਸ਼ ਦਾ ਕਾਨੂੰਨ ਬੜਾ ਹੀ ਸਖ਼ਤ ਏ। ਤੁਹਾਡਾ ਵੀਜ਼ਾ ਸਿਰਫ ਪਰਸੋਂ ਤਕ ਏ। ਦੀਸ਼ੋ, ਦਸ ਕੀ ਕਰੀਏ?'', ਜਸਵੰਤ ਸੋਚੀਂ ਪਿਆ ਬੋਲਿਆ।।
"ਮੇਰੀ ਮੰਨੋ ਤਾਂ ਪਹਿਲਾਂ ਉਹਨਾਂ ਸਟੋਰਾਂ ਤੇ ਫੋਨ ਕੀਤੇ ਜਾਣ ਜਿਹਨਾਂ ਤੇ ਅਸੀਂ ਕਲ੍ਹ ਸ਼ਾਪਿੰਗ ਕੀਤੀ ਸੀ।। ਕਈ ਵਾਰ ਗੋਰੇ ਲੋਕ ਗ੍ਰਾਹਕਾਂ ਦੁਆਰਾ ਭੁਲੀ ਚੀਜ਼ ਸਾਂਭ ਕੇ ਵੀ ਰਖ ਲੈਂਦੇ ਨੇ। ਪਾਸਪੋਰਟ ਭਾਰਤੀ ਏ। ਉਸ ਉਪਰ ਸਿਡਨੀ ਦਾ ਨਾ ਕੋਈ ਫੋਨ ਨੰਬਰ ਏ ਤੇ ਨਾ ਕੋਈ ਸਰਨਾਵਾਂ। ਕਲ੍ਹ ਅਸੀਂ ਪੈਨਰਿਥ ਦੇ ਦੋ ਸਟੋਰਾਂ ਤੇ ਗਈਆਂ ਸਾਂ। ਇਕ ਟਾਰਗਟ (Target) ਤੇ ਦੂਜਾ ਮਾਇਰ (Myer)। ਟਾਰਗਟ ਵਿਚ ਅਸੀਂ ਘਟ ਸਮਾਂ ਗੁਜ਼ਾਰਿਆ ਸੀ ਤੇ ਮਾਇਰ ਵਿਚ ਜਿਆਦਾ। ਮਾਇਰ ਵਿਚ ਵਡੀ ਸੇਲ ਲਗੀ ਹੋਈ ਸੀ। ਮੈਂ ਪਹਿਲਾਂ ਟਾਰਗਟ ਨੂੰ ਫੋਨ ਕਰਕੇ ਦੇਖਦੀ ਹਾਂ।
ਦੀਸ਼ੋ ਨੇ ਟਾਰਗਟ ਨੂੰ ਫੋਨ ਕੀਤਾ। ਉਧਰੋਂ ਜਵਾਬ ਆਇਆ ਕਿ ਉਹਨਾਂ ਕੋਲ ਕੋਈ ਗਾਹਕ ਭਾਰਤੀ ਪਾਸਪੋਰਟ ਭੁਲ ਕੇ ਨਹੀਂ ਗਿਆ। ਫਿਰ ਦੀਸ਼ੋ ਨੇ ਮਾਇਰ ਨੂੰ ਫੋਨ ਮਾਰਿਆ। ਅਗਿਓਂ ਆਪਸ਼ਨਾਂ (Options) ਆਈ ਜਾਣ- ਲੇਡੀਜ਼ ਵੇਅਰ= ਇਕ ਨੰਬਰ ਦਬਾਓ, ਚਿਲਡਰਨ ਵੇਅਰ-- ਦੋ ਨੰਬਰ ਦਬਾਓ, ਅਕਸੈਸਰੀਜ਼ (Accessories)-- ਤਿੰਨ ਨੰਬਰ ਦਬਾਓ। ਵਗੈਰਾ ਵਗੈਰਾ! ਪਹਿਲੀਆਂ ਚਾਰ ਆਪਸ਼ਨਾਂ ਤੋਂ ਕੋਈ ਤਸਲੀ ਬਖ਼ਸ਼ ਜਵਾਬ ਨਾ ਮਿਲਿਆ। ਆਖਰ ਅਕਸੈਸਰੀਜ਼ ਤੇ ਗੋਰੀ ਵਿਕਰੇਤਾ ਨਾਲ ਗਲ ਹੋਈ-"ਅਸੀਂ ਕਲ੍ਹ ਤੁਹਾਡੇ ਸਟੋਰ ਚੋਂ ਸ਼ਾਪਿੰਗ ਕੀਤੀ ਸੀ। ਪੈਸਿਆਂ ਦਾ ਭੁਗਤਾਨ ਕਰਨ ਸਮੇਂ ਅਸੀਂ ਤੁਹਾਡੇ ਕਾਊਂਟਰ ਤੇ ਇਕ ਇੰਡੀਅਨ ਪਾਸਪੋਰਟ ਛਡ ਗਏ ਸੀ।''
ਗੋਰੀ ਵਿਕਰੇਤਾ ਬੋਲੀ, "ਪਲੀਜ਼ ਲੈਟ ਮੀ ਹੈਵ ਆ ਲੁਕ।''
ਉਸਨੇ ਲੋਕਾਂ ਦੀਆਂ ਭੁਲੀਆਂ ਆਈਟਮਾਂ ਤੇ ਨਜ਼ਰ ਮਾਰ ਕੇ ਕਿਹਾ, "ਇਜ਼ ਇਟ ਡਵਿੰਡਾਜ਼ (ਦਵਿੰਦਰ ਦਾ) ਪਾਸਪੋਰਟ?''
"ਓਹ, ਯੈਸ। ਥੈਂਕ ਗਾਡ। ਦਿਸ ਇਜ਼ ਦਾ ਵਨ। ਵੀ ਆਰ ਕਮਿੰਗ ਟੂ ਕਲੈਕਟ ਇਟ'', ਦੀਸ਼ੋ ਦੀ ਖੁਸ਼ੀ ਦੀ ਕੋਈ ਹਦ ਨਾ ਰਹੀ।
ਜਦ ਗੋਰੀ ਵਿਕਰੇਤਾ ਨੇ 'ਡਵਿੰਡਾ' (ਦਵਿੰਦਰ) ਸ਼ਬਦ ਬੋਲਿਆ ਤਾਂ ਤਿੰਨਾਂ ਦੇ ਚਿਹਰੇ ਖਿੜ ਗਏ। ਪਾਸਪੋਰਟ ਮਿਲ ਗਿਆ ਸੀ ਪਰੰਤੂ ਹੁਣ ਫਲਾਈਟ ਫੜਨ ਜੋਗਾ ਸਮਾਂ ਨਹੀਂ ਸੀ। ਉਸੇ ਵੇਲੇ ਤਿੰਨੇ ਜਾਣੇ ਪੈਨਰਿਥ ਨੂੰ ਚਲ ਪਏ। ਪਹੁੰਚ ਕੇ ਪਾਸਪੋਰਟ ਲਿਆ।। ਇਸਦੇ ਵਿਚ ਹੀ ਟਿਕਟ ਸੀ। ਸਟੋਰ ਵਾਲੀ ਗੋਰੀ ਦਾ ਕੋਟਿਨ ਕੋਟਿ ਧੰਨਵਾਦ ਕੀਤਾ। ਵਾਧੂ ਪੈਸੇ ਖਰਚ ਕਰਕੇ ਦੂਜੇ ਦਿਨ ਦੀ ਟਿਕਟ ਈਮੇਲ ਰਾਂਹੀ ਪੰਜਾਬ ਤੋਂ ਉਸੇ ਏਜੰਟ ਤੋਂ ਮੰਗਵਾਈ ਜਿਸਤੋਂ ਪਹਿਲਾਂ ਟਿਕਟ ਲਈ ਸੀ।
ਭਰਜਾਈ ਨੇ ਸਿਡਨੀ ਵਿਚ ਇਕ ਹੋਰ ਰਾਤ ਦੁਖਦਾਇਕ ਖੁਸ਼ੀ ਨਾਲ ਕਟੀ।
ਸਵੇਰੇ ਹਵਾਈ ਅਡੇ ਨੂੰ ਤੁਰਨ ਵੇਲੇ ਉਸਨੇ ਦੋ ਵਾਰ ਆਪਣਾ ਪਾਸਪੋਰਟ ਤੇ ਟਿਕਟ ਚੈਕ ਕੀਤੇ। ਜਸਵੰਤ ਨੂੰ ਵੀ ਦਿਖਾਏ। ਤਿੰਨੇ ਜਣੇ ਦੁਆਰਾ ਸਮੇਂ ਸਿਰ ਏਅਰਪੋਰਟ ਤੇ ਪਹੁੰਚੇ।
ਆਖਰ ਭਰਜਾਈ ਨੂੰ ਵਾਪਸ ਪੰਜਾਬ ਜਾਣ ਲਈ ਜਹਾਜ ਨਸੀਬ ਹੋ ਹੀ ਗਿਆ।
ਕਹਾਣੀ - ਅਜੇ ਤੱਕ ਲਾਵਾਂ ਨਹੀਂ ਹੋਈਆਂ - ਅਵਤਾਰ ਐਸ. ਸੰਘਾ
ਕੈਨੇਡਾ ਵਿੱਚ ਸਰੀ ਵਿਖੇ ਮੈਨੂੰ ਤੇ ਮੇਰੀ ਬੀਵੀ ਨੂੰ ਮੇਰੇ ਇੱਕ ਪੁਰਾਣੇ ਵਿਦਿਆਰਥੀ ਨੇ ਆਪਣੇ ਘਰ ਸ਼ਾਮ ਦੇ ਖਾਣੇ ਤੇ ਬੁਲਾਇਆ ਸੀ। ਮੇਰੀ ਬੀਵੀ ਤਾਂ ਮੇਰੇ ਇਸ ਵਿਦਿਆਰਥੀ ਦੀ ਬੀਵੀ ਤੇ ਬੱਚਿਆਂ ਨਾਲ ਘੁਲ ਮਿਲ ਗਈ। ਮੈਨੂੰ ਮੇਰਾ ਇਹ ਵਿਦਿਆਰਥੀ ਆਪਣੇ ਖੁੱਲ੍ਹੇ ਡੁੱਲ੍ਹੇ ਘਰ ਦੇ ਪਿਛਲੇ ਵਿਹੜੇ ਵਿੱਚ ਬਿਠਾ ਕੇ ਮੇਰੀ ਆਓ ਭਗਤ ਦਾ ਪ੍ਰਬੰਧ ਕਰਨ ਲੱਗ ਪਿਆ। ਮੇਰਾ ਇਹ ਵਿਦਿਆਰਥੀ ਖਾਣ ਪੀਣ ਦਾ ਖਾਸਾ ਹੀ ਸ਼ੌਕੀਨ ਸੀ ਤੇ ਖਾ ਪੀ ਕੇ ਰਿਕਾਰਡ ਪਲੇਅਰ ਤੇ ਗੀਤ ਲਗਾ ਕੇ ਸੁਣਿਆ ਕਰਦਾ ਸੀ। ਇੱਥੋਂ ਤੱਕ ਉਹ ਆਪਣੇ ਘਰ ਦੇ ਪਿਛਲੇ ਕਮਰੇ ਵਿੱਚ ਇੱਕ ਤੂੰਬੀ ਵੀ ਰੱਖਿਆ ਕਰਦਾ ਸੀ। ਇੱਕ ਦੋ ਪੈੱਗ ਲਗਾ ਕੇ ਮਸਤੀ ਵਿੱਚ ਆ ਕੇ ਤੂੰਬੀ ਵਜਾ ਕੇ ਕਿਸੇ ਪੰਜਾਬੀ ਗਾਣੇ ਦੀ ਹੇਕ੍ਹ ਵੀ ਲਗਾ ਦਿਆ ਕਰਦਾ ਸੀ। ਥੋੜ੍ਹੀ ਦੇਰ ਵਿੱਚ ਦੋ ਪ੍ਰਕਾਰ ਦੀ ਵਿਸਕੀ ਦੀਆਂ ਬੋਤਲਾਂ ਮੇਜ਼ ਤੇ ਲਿਆ ਧਰੀਆਂ -- ਜਾਨੀ ਵਾਕਰ ਬਲੈਕ ਲੈਵਲ ਤੇ ਕੈਨੇਡੀਅਨ ਕਲੱਬ ਬ੍ਰਾਂਡ। ਮੈਂ ਬਹੁਤ ਘੱਟ ਪੀਂਦਾ ਸਾਂ ਤੇ ਉਹ ਚੋਖੀ ਪੀ ਲੈਂਦਾ ਸੀ। ਇੱਕ ਇੱਕ ਪੈੱਗ ਲੈ ਕੇ ਨਵੀਆਂ ਪੁਰਾਣੀਆਂ ਗੱਲਾਂ ਚੱਲ ਪਈਆਂ।
"ਜਗਜੀਤ, ਤੁਸੀਂ ਕਿਹੜੇ ਸਾਲਾਂ ਵਿੱਚ ਕਾਲਜ ਪੜ੍ਹਦੇ ਹੁੰਦੇ ਸੀ?"
"ਸਰ ਜੀ, ਤੁਹਾਨੂੰ ਯਾਦ ਨਹੀਂ? ਕਮਾਲ ਹੈ!"
"ਸਮਾਂ ਬਹੁਤ ਬੀਤ ਗਿਆ। ਮੈਂ ਹੁਣ 70 ਦਾ ਹਾਂ। ਮੈਨੂੰ ਸੇਵਾ ਮੁਕਤ ਹੋਏ ਨੂੰ ਵੀ 10 ਸਾਲ ਹੋ ਗਏ। 35 ਸਾਲ ਮੈਂ ਕਾਲਜ ਵਿੱਚ ਪੜ੍ਹਾਇਆ ਸੀ। ਯਾਦ ਥੋੜ੍ਹਾ ਰਹਿੰਦਾ ਕਿਹੜਾ ਵਿਦਿਆਰਥੀ ਕਿਸ ਸਾਲ ਸਾਡਾ ਵਿਦਿਆਰਥੀ ਸੀ।"
"ਸਰ, ਮੈਂ ਸੰਨ 82 ਵਿੱਚ ਬੀ. ਏ. ਕੀਤੀ ਸੀ। ਇੱਕ ਗੱਲ ਹੋਰ ਵੀ ਏ ਅਸੀਂ ਜਮਾਤਾਂ ਵੀ ਘੱਟ ਹੀ ਲਗਾਇਆ ਕਰਦੇ ਸਾਂ। ਫੁੱਟਬਾਲ ਦੇ ਪਲੇਅਰ ਸਾਂ। ਸਾਡਾ ਬਹੁਤਾ ਵਾਸਤਾ ਡੀ.ਪੀ.ਈ. ਸਾਹਿਬ ਨਾਲ ਹੋਇਆ ਕਰਦਾ ਸੀ। ਡੀ.ਪੀ.ਈ. ਸਾਹਿਬ ਸਾਡੇ ਲੈਕਚਰ ਪੂਰੇ ਕਰਵਾ ਦਿਆ ਕਰਦੇ ਸਨ। ਉਹ ਤੁਹਾਨੂੰ ਸੈਸ਼ਨ ਦੇ ਸ਼ੁਰੂ ਵਿੱਚ ਹੀ ਕਹਿ ਦਿਆ ਕਰਦੇ ਸਨ ਕਿ ਖਿਡਾਰੀਆਂ ਦਾ ਖਿਆਲ ਰੱਖਿਓ। ਤੁਸੀਂ ਸਾਨੂੰ ਅੰਗਰੇਜ਼ੀ ਪੜਾਉਂਦੇ ਹੁੰਦੇ ਸੀ। ਤੁਸੀਂ ਵੈਸੇ ਵੀ ਬੜੇ ਫਿਰਾਖਦਿਲ ਸੀ। ਦੂਜਾ ਸਮਾਂ ਤੁਹਾਥੋਂ ਕੰਮ ਲੈਣ ਦਾ ਸਲਾਨਾ ਇਮਤਿਹਾਨ ਵੇਲੇ ਹੁੰਦਾ ਸੀ। ਇਮਤਿਹਾਨ ਤੋਂ ਮਹੀਨਾ ਕੁ ਪਹਿਲਾਂ ਤੁਸੀਂ ਸਾਨੂੰ ਸਵਾਲਾਂ ਦਾ ਐਸਾ ਗੈੱਸ ਲਗਾ ਕੇ ਦਿਆ ਕਰਦੇ ਸੀ ਕਿ ਤੁਹਾਡੇ ਦੱਸੇ ਸਵਾਲ ਅਕਸਰ ਪਰਚੇ ਵਿੱਚ ਆ ਹੀ ਜਾਇਆ ਕਰਦੇ ਸਨ। ਤੁਸੀਂ ਨਕਲ ਕਰਵਾਉਣ ਦੇ ਖਿਲਾਫ ਹੋਇਆ ਕਰਦੇ ਸੀ। ਅਸੀਂ ਤੁਹਾਡੇ ਦੱਸੇ ਸਵਾਲਾਂ ਦੇ ਜਵਾਬ ਅਕਸਰ ਅੰਦਰ ਲੈ ਜਾਇਆ ਕਰਦੇ ਸਾਂ। ਉਹਨਾਂ ਸਾਲਾਂ ਵਿੱਚ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਸਨ। ਪੰਜਾਬ ਵਿੱਚ ਖਾੜਕੂ ਲਹਿਰ ਚੱਲ ਰਹੀ ਸੀ। ਸਟਾਫ ਡਰਦਾ ਡਰਦਾ ਇਮਤਿਹਾਨਾਂ ਵਿੱਚ ਡਿਊਟੀ ਦਿੰਦਾ ਸੀ। ਭਾਵੇਂ ਅਸਲੀ ਖਾੜਕੂ ਨਕਲ ਦੇ ਖਿਲਾਫ ਸਨ ਫਿਰ ਵੀ ਆਮ ਜਿਹੇ ਮੁੰਡੇ ਵੀ ਸਟਾਫ ਲਈ ਡਰ ਦਾ ਕਾਰਨ ਬਣ ਹੀ ਜਾਂਦੇ ਸਨ। ਇਸ ਲਈ ਇਮਤਿਹਾਨਾਂ ਵਿੱਚ ਬਹੁਤੀ ਸਖਤੀ ਨਹੀਂ ਸੀ ਹੁੰਦੀ। ਕੁਝ ਤਾਂ ਨਕਲ ਵੱਜ ਜਾਂਦੀ ਸੀ ਤੇ ਕੁਝ ਅੰਦਰ ਆ ਕੇ ਸਾਡੇ ਡੀ.ਪੀ.ਈ. ਸਾਹਿਬ ਮਦਦ ਕਰਵਾ ਜਾਇਆ ਕਰਦੇ ਸਨ। ਡੀ.ਪੀ.ਈ. ਸਾਹਿਬ ਉਦੋਂ ਆਪਣੇ ਦੂਰ ਪੈਂਦੇ ਪਿੰਡ ਨਕੋਦਰ ਪਾਸ ਨਹੀਂ ਜਾਇਆ ਕਰਦੇ ਸਨ। ਉਦੋਂ ਉਹ ਛੜੇ ਹੀ ਸਨ ਤੇ ਕਾਲਜ ਦੇ ਨੇੜੇ ਹੀ ਕਮਰਾ ਕਿਰਾਏ ਤੇ ਲੈ ਕੇ ਰਹਿੰਦੇ ਹੁੰਦੇ ਸਨ। ਦੇਰ ਸ਼ਾਮ ਤੱਕ ਉਹ ਸਾਨੂੰ ਖਿਡਾਉਂਦੇ ਰਹਿੰਦੇ ਸਨ। ਉਹਨਾਂ ਸਾਲਾਂ ਵਿੱਚ ਸਾਡੀ ਟੀਮ ਇੱਕ ਵਾਰ ਇੰਟਰਵਰਸਿਟੀ ਚੈਂਪੀਅਨ ਵੀ ਬਣੀ ਸੀ।"
"ਹਾਂ ਹੁਣ ਮੈਨੂੰ ਉਹ ਸਾਲ ਯਾਦ ਆ ਗਿਆ। ਉਦੋਂ ਫੁੱਟਬਾਲ ਵਿੱਚ ਸਾਡੇ ਕਾਲਜ ਦਾ ਸੱਚ ਮੁੱਚ ਹੀ ਬੜਾ ਵੱਡਾ ਨਾਮ ਸੀ। ਫੁਟਬਾਲ ਵਿੱਚ ਹੀ ਨਹੀਂ ਉਦੋਂ ਤਾਂ ਸਾਡੇ ਤਿੰਨ ਚਾਰ ਵਿਦਿਆਰਥੀਆਂ ਨੇ ਭਾਰ ਚੁੱਕਣ ਵਿੱਚ, ਕਬੱਡੀ ਵਿੱਚ ਤੇ ਇੱਕ ਕਰਾਸ ਕੰਟਰੀ ਰੇਸ ਵਿੱਚ ਵੀ ਚੰਗਾ ਨਾਮਣਾ ਖੱਟਿਆ ਸੀ।"
"ਸਰ, ਮੈਨੂੰ ਲੱਗਦਾ ਤੁਹਾਨੂੰ ਗੇਜਾ ਦੇ ਸੰਤੋਖ ਯਾਦ ਆ ਗਏ। ਉਹਨਾਂ ਦੇ ਨਾਮ ਕਾਲਜ ਦੇ ਸਨਮਾਨ ਬੋਰਡ ਤੇ ਵੀ ਲਿਖੇ ਹੋਏ ਹਨ।"
"ਹਾਂ, ਇਹ ਨਾਮ ਮੈਂ ਹੀ ਤਾਂ ਲਿਖਵਾਏ ਸਨ। ਪ੍ਰਿੰਸੀਪਲ ਨੇ ਸਨਮਾਨ ਬੋਰਡ ਨੂੰ ਪੂਰਾ ਕਰਵਾਉਣ ਦੀ ਡਿਊਟੀ ਮੇਰੀ ਹੀ ਲਗਾਈ ਸੀ। ਮੈਂ ਕਾਲਜ ਦਾ ਐਨ.ਸੀ.ਸੀ. ਅਫਸਰ ਸਾਂ। ਸਾਡਾ ਇੱਕ ਐਨ.ਸੀ.ਸੀ. ਦਾ ਕੈਡਟ ਦਿੱਲੀ ਰਿਪਬਲਿਕ ਡੇਅ ਪੈਰੇਡ ਲਈ ਵੀ ਚੁਣਿਆ ਗਿਆ ਸੀ। ਉਸਦਾ ਨਾਮ ਸੰਜੀਵ ਸੀ। ਉਹ ਕਾਲਜ ਵਿੱਚ ਐਨ.ਸੀ.ਸੀ. ਦਾ ਸਾਰਜੈਂਟ ਵੀ ਹੁੰਦਾ ਸੀ। ਮੈਂ ਉਸਦਾ ਨਾਮ ਵੀ ਸਨਮਾਨ ਬੋਰਡ ਤੇ ਲਿਖਵਾਇਆ ਸੀ। ਇਸ ਦੇ ਨਾਲ ਹੀ ਅਥਲੈਟਿਕਸ ਵਾਲਿਆਂ ਦਾ ਵੀ ਤੇ ਫੁੱਟਬਾਲ ਦੇ ਖਿਡਾਰੀਆਂ ਦਾ ਵੀ। ਹੋਰ ਵੀਕਐਂਡ ਕਿਵੇਂ ਬੀਤਿਆ?"
"ਸਰ, ਮੇਰਾ ਮਿੱਤਰ ਇੱਕ ਗੋਰਾ ਸਾਈਮਨ ਏ। ਉਹਦੇ ਨਾਲ ਗੱਡੀ ਵਿੱਚ ਵਿਸਲਰ ਸ਼ਹਿਰ ਵੱਲ ਗਿਆ ਸਾਂ। ਨਾਲ ਉਸਦੀ ਗਰਲਫਰੈਂਡ ਤੇ ਇੱਕ ਬੱਚਾ ਵੀ ਸਨ। ਮੈਂ ਗੱਡੀ ਚਲਾਈ। ਉੱਥੇ ਜਾ ਕੇ ਲੰਚ ਕੀਤਾ ਸੀ। ਫਿਰ ਗੰਡੋਲਾ (Gondola) ਤੇ ਚੜ੍ਹਕੇ ਪਹਾੜਾਂ ਦੇ ਸਿਖਰ ਤੱਕ ਸੈਰ ਕਰਨ ਗਏ। ਹੁਣ ਦੋ ਹਫਤਿਆਂ ਤੱਕ ਸਾਈਮਨ ਤੇ ਉਸ ਦੀ ਗਰਲਫਰੈਂਡ ਕੈਥਰੀਨ ਦਾ ਵਿਆਹ ਏ। ਵਿਆਹ ਵਿੱਚ ਵੀ ਹਿੱਸਾ ਲਵਾਂਗੇ।"
"ਵਿਆਹ ਅਜੇ ਹੋਇਆ ਹੀ ਨਹੀਂ? ਇਹ ਬੱਚਾ ਕਿਵੇਂ ਹੋ ਗਿਆ?" ਮੈਂ ਹੈਰਾਨੀ ਜ਼ਾਹਿਰ ਕੀਤੀ।
"ਸਰ, ਜੋ ਕੁਝ ਤੁਹਾਨੂੰ ਹੈਰਾਨ ਕਰ ਰਿਹਾ ਏ ਇਹ ਕੁਝ ਇੱਥੇ ਆਮ ਵਰਤਾਰਾ ਏ। ਗੋਰੇ ਲੰਬਾ ਸਮਾਂ ਦੋਸਤੀ ਪਾ ਕੇ ਲੰਘਾ ਦਿੰਦੇ ਹਨ। ਇਸ ਸਮੇਂ ਦੌਰਾਨ ਕਈਆਂ ਦੇ ਤਾਂ ਬੱਚੇ ਵੀ ਹੋ ਜਾਂਦੇ ਹਨ। ਫਿਰ ਕਿਤੇ ਜਾ ਕੇ ਵਿਆਹ ਦੀ ਰਸਮ ਕਰਦੇ ਹਨ। ਹੁਣ ਤਾਂ ਸਾਡੇ ਦੇਸ਼ਾਂ ਦੇ ਮੁੰਡੇ ਕੁੜੀਆਂ ਵੀ ਇੱਥੇ ਲੰਬਾ ਸਮਾਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗ ਪਏ ਹਨ। ਇਹ ਵੱਖਰੀ ਗੱਲ ਹੈ ਕਿ ਇਹ ਬੱਚਾ ਪੈਦਾ ਕਰਨ ਤੋਂ ਗੁਰੇਜ਼ ਕਰਦੇ ਹਨ। ਇਨ੍ਹਾਂ ਦੇ ਮਨ ਵਿੱਚ ਸਮਾਜ ਅਤੇ ਧਰਮ ਦਾ ਮਾੜਾ ਮੋਟਾ ਡਰ ਭੈਅ ਅਜੇ ਵੀ ਹੈ।"
"ਜਗਜੀਤ, ਮੈਨੂੰ ਤਾਂ ਲੱਗਦਾ ਏ ਕਿ ਵਿਆਹ ਵਾਲੀ ਸੰਸਥਾ ਨੂੰ ਖਤਰਾ ਪੈਦਾ ਹੋਣ ਲੱਗ ਪਿਆ ਏ। ਅੱਜ ਦੇ ਯੁੱਗ ਦੇ ਇਸ ਰੁਝਾਨ ਨੇ ਰਿਸ਼ਤਿਆਂ ਦੀ ਟੁੱਟ ਭੱਜ ਵਧਾਉਣ ਹਿੱਤ ਚੋਖੀ ਮਾੜੀ ਭੂਮਿਕਾ ਨਿਭਾਈ ਏ। ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟਰੇਲੀਆ ਜਿਹੇ ਦੇਸ਼ਾਂ ਵਿੱਚ ਕਾਫੀ ਲੋਕ ਐਸੇ ਹਨ ਜੋ ਵਿਆਹ ਕਰਵਾਉਂਦੇ ਹੀ ਨਹੀਂ। ਕੁਝ ਐਸੇ ਹਨ ਜੋ ਮਾਂ ਬਾਪ ਪਹਿਲਾਂ ਬਣ ਜਾਂਦੇ ਹਨ ਤੇ ਵਿਆਹ ਬਾਅਦ ਵਿੱਚ ਕਰਵਾਉਂਦੇ ਹਨ। ਐਸੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਜਿਨਾਂ ਦੇ ਤਲਾਕ ਤੇ ਟੁੱਟ ਭੱਜ ਹੋ ਜਾਂਦੀ ਏ। ਕੀ ਇਹ ਸਭ ਕੁਝ ਧਾਰਮਿਕ ਬੰਧਨ ਦੀ ਘਾਟ ਕਰਕੇ ਨਹੀਂ ਹੋ ਰਿਹਾ?"
"ਸਰ, ਗੱਲ ਤੁਹਾਡੀ ਠੀਕ ਲੱਗਦੀ ਏ। ਕੋਈ ਵੀ ਸਿਸਟਮ ਮਾਣ ਮਰਿਆਦਾ ਤੋਂ ਬਗੈਰ ਠੀਕ ਤਰ੍ਹਾਂ ਨਹੀਂ ਚੱਲ ਸਕਦਾ। ਇਸ ਦਾ ਕਾਰਨ ਸਮਾਜ ਦਾ ਵੱਡੇ ਪੱਧਰ ਤੇ ਸ਼ਹਿਰੀਕਰਨ ਵੀ ਹੈ। ਪਹਿਲੇ ਸਮਿਆਂ ਵਿੱਚ ਪਿੰਡ ਇੱਕ ਖੂਬਸੂਰਤ ਤੇ ਸਚਿਆਰੀ ਇਕਾਈ ਹੋਇਆ ਕਰਦੀ ਸੀ। ਕਈ ਪਿੰਡਾਂ ਵਿੱਚ ਤਾਂ ਸਾਰੇ ਪਿੰਡ ਦਾ ਗੋਤ ਵੀ ਇੱਕ ਹੀ ਹੋਇਆ ਕਰਦਾ ਸੀ। ਪਿੰਡ ਦੇ ਸਾਰੇ ਲੋਕ ਭੈਣ ਭਰਾ ਹੋਇਆ ਕਰਦੇ ਸਨ। ਆਪਸ ਵਿੱਚ ਸ਼ਾਦੀ ਕਰਨ ਬਾਰੇ ਸੋਚਣਾ ਹੀ ਘਟੀਆ ਸੀ। ਦੂਜੇ ਪਿੰਡਾਂ ਤੱਕ ਸੰਬੰਧ ਕਾਇਮ ਕਰਨ ਲਈ ਲੋਕਾਂ ਪਾਸ ਨਾ ਤਾਂ ਸਾਧਨ ਸਨ ਤੇ ਨਾ ਹੀ ਦਲੇਰੀ। ਪਿੰਡਾਂ ਵਿੱਚ ਲੋਕ ਇੱਕ ਦੂਜੇ ਤੋਂ ਡਰਦੇ ਵੀ ਸਨ। ਪਿੰਡ ਵਿੱਚ ਮੁਹਤਬਰਾਂ ਦੀ ਚਲਦੀ ਵੀ ਬਹੁਤ ਸੀ। ਹਰਿਆਣੇ ਵਿੱਚ ਹੁਣ ਤੱਕ ਖੇਪ ਪੰਚਾਇਤਾਂ ਦਾ ਪੂਰਾ ਰੋਅਬ ਦਾਅਬ ਏ। ਜਦ ਹੁਣ ਵੱਡੇ ਵੱਡੇ ਸ਼ਹਿਰ ਵਿਕਸਿਤ ਹੋ ਗਏ ਹਨ ਤਾਂ ਇਹਨਾਂ ਵਿੱਚ ਵਣ ਵਣ ਦੀ ਲੱਕੜੀ ਇਕੱਠੀ ਹੋ ਗਈ ਏ ਕਿਸੇ ਨੂੰ ਕੋਈ ਪਤਾ ਹੀ ਨਹੀਂ ਕੋਈ ਕਿੱਥੋਂ ਆਇਆ ਏ। ਬੇਗਾਨਗੀ ਜੀਵਨ ਦਾ ਧੁਰਾ ਬਣ ਗਈ ਏ। ਸ਼ਹਿਰੀਕਰਨ ਨੇ ਇੱਕ ਹੋਰ ਪ੍ਰਵਿਰਤੀ ਨੂੰ ਵੀ ਜਨਮ ਦਿੱਤਾ ਏ। ਜੇ ਕਿਸੇ ਦੀ ਮਾੜੀ ਹਰਕਤ ਕਾਰਨ ਵੱਡੇ ਸ਼ਹਿਰ ਦੇ ਇੱਕ ਇਲਾਕੇ ਵਿੱਚ ਕੁਝ ਬੇਇਜ਼ਤੀ ਹੋ ਜਾਵੇ ਤਾਂ ਉਹ ਆਪਣੀ ਰਿਹਾਇਸ਼ ਸ਼ਹਿਰ ਦੇ ਦੂਜੇ ਦੂਰ ਦੁਰਾਡੇ ਪਾਸੇ ਜਾ ਕੇ ਬਣਾ ਲੈਂਦਾ ਹੈ। ਜੇ ਦਿੱਲੀ ਵਿੱਚ ਕੋਈ ਸ਼ਾਲੀਮਾਰ ਬਾਗ ਛੱਡ ਕੇ ਪੱਛਮ ਵਿਹਾਰ ਚਲਾ ਜਾਵੇ ਤਾਂ ਕਿਸੇ ਨੂੰ ਉਸਦੇ ਪਹਿਲੇ ਜੀਵਨ ਦਾ ਕੁਝ ਵੀ ਪਤਾ ਨਹੀਂ ਲੱਗਦਾ। ਮੈਂ ਤੁਹਾਨੂੰ ਪੰਜਾਬ 'ਚ ਸਾਡੇ ਇਲਾਕੇ ਦੀ ਇੱਕ ਸੱਚੀ ਘਟਨਾ ਬਿਆਨ ਕਰਦਾ ਹਾਂ।"
"ਰੀਅਲੀ? ਖਾਸ ਕੀ ਵਾਪਰ ਗਿਐ?"
"ਇੱਥੇ ਅਮਰੀਕਾ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਇੱਕ ਰੇਸ਼ਮ ਸਿੰਘ ਨਾਮਕ ਅੱਧਖੜ ਤੋਂ ਵੀ ਜਿਆਦਾ ਉਮਰ ਦਾ ਬੰਦਾ ਏ। ਹੁਣ ਤੋਂ 25 ਕੁ ਸਾਲ ਪਹਿਲਾਂ ਉਹ ਅਮਰੀਕਾ ਨੂੰ ਆ ਗਿਆ ਸੀ। ਕਾਫੀ ਸਾਲ ਪੱਕਾ ਨਹੀਂ ਹੋ ਸਕਿਆ। ਪਿੱਛੇ ਮਾਂ ਪਿਓ ਕਾਫੀ ਉਮਰ ਦੇ ਹੋ ਗਏ। ਉਹ ਵਿਆਹ ਦੀ ਦੁਹਾਈ ਦੇਈ ਜਾਣ। ਮੰਗਣੀ ਕਰਵਾਉਣ ਲਈ ਮੰਨ ਗਿਆ। ਫੋਟੋ ਤੇ ਪਿੰਡ ਵਿੱਚ ਮੰਗਣੀ ਕਰ ਦਿੱਤੀ। ਇਸ ਮੰਗਣੀ ਵਿੱਚ ਧਰਮ ਦੀ ਸ਼ਮੂਲੀਅਤ ਹੈ ਹੀ ਨਹੀਂ ਸੀ। ਜਦ ਕਿਤੇ ਰੇਸ਼ਮ ਸਿੰਘ ਪੱਕਾ ਹੋਇਆ। ਕੁਝ ਸਮਾਂ ਗਰੀਨ ਕਾਰਡ ਨੂੰ ਲੱਗ ਗਿਐ। ਪੱਕਾ ਹੋਣ ਤੇ ਘਰਵਾਲੀ ਅਮਰੀਕਾ ਮੰਗਵਾ ਲਈ। ਖਰਚਾ ਚੰਗਾ ਹੋ ਗਿਐ। ਵਿਆਹ ਤੋਂ ਬਗੈਰ ਹੀ ਦੰਪਤੀ ਇਕੱਠੇ ਰਹਿੰਦੇ ਰਹੇ। ਹੁਣ ਉਹਨਾਂ ਦਾ 10 ਕੁ ਸਾਲ ਦਾ ਇੱਕ ਲੜਕਾ ਹੈ। ਕਦੀ ਲਾਵਾਂ ਲੈਣ ਲਈ ਸਮਾਂ ਨਾ ਮਿਲਿਆ, ਕਦੀ ਲਾਵਾਂ ਲੈਣ ਲਈ ਪੰਜਾਬ ਨਾ ਜਾ ਹੋਇਆ, ਕਦੀ ਪੈਸਿਆਂ ਦੀ ਥੁੜ੍ਹ ਰਹੀ, ਕਦੀ ਪੱਕਾ ਹੋਣ ਲਈ ਸਮਾਂ ਲੱਗ ਗਿਐ। ਉਹਨੂੰ ਹੁਣ ਪੁੱਛੋ, 'ਰੇਸ਼ਮ ਸਿਹਾਂ, ਲਾਵਾਂ ਤਾਂ ਲੈ ਲੈਣੀਆਂ ਸੀ। ਹੁਣ ਤਾਂ ਟੂ ਮੱਚ ਹੋ ਗਿਐ।' ਉਹ ਜਵਾਬ ਵਿੱਚ ਕਹੂ, 'ਕਾਮਰੇਡਾਂ ਨੂੰ ਕੀ ਫਰਕ ਪੈਂਦਾ? ਸੰਬੰਧ ਠੀਕ ਚੱਲ ਰਹੇ ਹਨ। ਜੇ ਲਾਵਾਂ ਨਾ ਵੀ ਲਈਏ ਤਾਂ ਕੀ ਹੋ ਜਾਊ?"
"ਉਸ ਦਾ ਇਹ ਉੱਤਰ ਸੁਣ ਕੇ ਅਸੀਂ ਸੋਚਾਂ ਵਿੱਚ ਪੈ ਜਾਂਦੇ ਹਾਂ। ਮਨ ਵਿੱਚ ਆਉਂਦਾ ਏ: ਲਾਵਾਂ ਸੰਬੰਧਾਂ ਨੂੰ ਪਕੇਰਾ ਦੇ ਪਵਿੱਤਰ ਕਰਦੀਆਂ ਹਨ। ਮਰਿਆਦਾ ਤੇ ਧਾਰਮਿਕ ਬੰਧਨ ਸਮਾਜਿਕ ਸੰਬੰਧਾਂ ਦਾ ਧੁਰਾ ਹਨ।"
"ਕੀ ਰੇਸ਼ਮ ਸਿੰਘ ਠੀਕ ਕਰ ਰਿਹਾ ਏ?" ਮੈਂ ਬੇਬਾਕੀ ਨਾਲ ਪੁੱਛਿਆ।
"ਮੈਨੂੰ ਲੱਗਦਾ ਏ ਨਹੀਂ", ਇਹ ਕਹਿ ਕੇ ਉਹ ਚੁੱਪ ਕਰ ਗਿਐ ਤੇ ਫਿਰ ਕੁਝ ਸੋਚ ਕੇ ਬੋਲਿਆ, "ਅਸੀਂ ਸਮਾਜਿਕ ਪ੍ਰਾਣੀ ਹਾਂ। ਸਾਡੇ ਸੰਬੰਧ ਤਾਂ ਪੱਕੇ ਹੁੰਦੇ ਹਨ ਜੇ ਉਹਨਾਂ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੋਵੇ। ਸਮਾਜ ਦਾ ਵੱਡਾ ਹਿੱਸਾ ਅਨਪੜ੍ਹ ਤੇ ਅਰਧ ਪੜ੍ਹਿਆ ਲਿਖਿਆ ਹੁੰਦਾ ਏ। ਇੱਹ ਵੱਡਾ ਹਿੱਸਾ ਧਰਮ ਤੇ ਰੱਬ ਦੇ ਡਰ ਭੈਅ ਵਿੱਚ ਰਹਿੰਦਾ ਹੋਇਆ ਹੀ ਸਦਾਚਾਰੀ ਤੇ ਸੱਚਾ ਸੁੱਚਾ ਬਣਦਾ ਹੈ। ਕਾਨੂੰਨ ਨਾਲੋਂ ਸਮਾਜਿਕ ਮਾਨਤਾ ਜਿਆਦਾ ਮਹੱਤਵ ਰੱਖਦੀ ਹੈ। ਕਿਸੇ ਵੀ ਖਿੱਤੇ ਦੇ ਕਾਨੂੰਨ ਉਥੋਂ ਦੇ ਰਸਮਾਂ ਰਿਵਾਜ਼ਾਂ ਨੂੰ ਦੇਖ ਕੇ ਉਹਨਾਂ ਮੁਤਾਬਕ ਬਣਾਏ ਜਾਂਦੇ ਹਨ। ਰੇਸ਼ਮ ਨੂੰ ਚਾਹੀਦਾ ਹੈ ਕਿ ਲਾਵਾਂ ਜਰੂਰ ਲੈ ਲਵੇ। ਦੇਰ ਆਏ ਦਰੁਸਤ ਆਏ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ।" ਉਸ ਦੇ ਵਿਚਾਰ ਸੁਣ ਕੇ ਮੈਂ ਚੁੱਪ ਹੋ ਗਿਆ।
ਹਰਿਆਣੇ ਵਾਲਾ ਹਰੀਸ਼ ਕਟਾਰੀਆ -ਅਵਤਾਰ ਐਸ. ਸੰਘਾ
ਇਹ ਘਟਨਾ ਮਾਰਚ 1974 ਦੀ ਸੱਚੀ ਘਟਨਾ ਏ ਪਰ ਪਾਤਰ ਕਾਲਪਨਿਕ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ ਨੰਬਰ ਦੋ ਦੇ ਬਲਾਕ ਚਾਰ ਦੇ ਡੌਰਮੇਟਰੀ ਕਮਰੇ ਵਿੱਚੋਂ ਹਰ ਰੋਜ਼ ਦੁਪਹਿਰ ਜਿਹੇ ਨੂੰ ਰਿਕਾਰਡ ਪਲੇਅਰ ਤੇ ਇੱਕ ਗੀਤ ਅਕਸਰ ਘੰਟਾ ਕੁ ਵੱਜਦਾ ਰਹਿੰਦਾ ਸੀ। ਗੀਤ ਦੇ ਬੋਲ ਤੁਹਾਡੇ ਸਭ ਦੇ ਸੁਣੇ ਹੋਏ ਹਨ:-
ਹਮ ਤੁਮ ਇੱਕ ਕਮਰੇ ਮੇ ਬੰਦ ਹੋਂ
ਔਰ ਚਾਬੀ ਖੋਹ ਜਾਏ!
ਉਹਨਾਂ ਦਿਨਾਂ ਵਿੱਚ ਰਾਜ ਕਪੂਰ ਦੀ ਫਿਲਮ 'ਬਾਬੀ' ਚੰਡੀਗੜ੍ਹ ਦੇ ਕੇ. ਸੀ. ਥੀਏਟਰ ਵਿੱਚ ਛੇ ਮਹੀਨੇ ਲੱਗੀ ਰਹੀ ਸੀ। ਫਿਲਮ ਦਾ ਇਹ ਗੀਤ ਭਾਵੇਂ ਹਲਕਾ ਫੁਲਕਾ ਹੈ, ਫਿਰ ਵੀ ਕਾਫੀ ਮਸ਼ਹੂਰ ਹੋ ਗਿਆ ਸੀ, ਖਾਸ ਕਰਕੇ ਜਵਾਨ ਤਬਕੇ ਵਿੱਚ। ਉਸ ਜ਼ਮਾਨੇ ਵਿੱਚ ਨਾ ਤਾਂ ਅਜੇ ਕੰਪਿਊਟਰ ਵਿਕਸਿਤ ਹੋਇਆ ਸੀ ਤੇ ਨਾ ਹੀ ਮੋਬਾਇਲ ਫੋਨ। ਮਨੋਰੰਜਨ ਦੇ ਸਾਧਨ ਰੇਡੀਓ, ਟੀਵੀ ਤੇ ਰਿਕਾਰਡ ਪਲੇਅਰ ਹੀ ਹੋਇਆ ਕਰਦੇ ਸਨ। ਜਿਹੜੇ ਲੋਕ ਘਰੋਂ ਕੁਝ ਆਰਥਿਕ ਤੌਰ ਤੇ ਚੰਗੇ ਹੋਇਆ ਕਰਦੇ ਸਨ ਉਹ ਟੇਪ ਰਿਕਾਰਡਾਂ ਵੀ ਖਰੀਦਣ ਲੱਗ ਪਏ ਸਨ। ਹਰੀਸ਼ ਕਟਾਰੀਆ ਆਪਣੇ ਸ਼ਹਿਰ ਗੁੜਗਾਉਂ ਗਿਆ ਤੇ ਉੱਥੋਂ ਰਿਕਾਰਡ ਪਲੇਅਰ ਚੁੱਕ ਲਿਆਇਆ। ਬਾਹਰ ਡੌਰਮੇਟਰੀ ਦੀ ਬਾਲਕੋਨੀ ਵਿੱਚ ਇਹ ਗੀਤ ਉੱਚੀ ਉੱਚੀ ਵਜਾਉਣ ਦਾ ਮਕਸਦ ਸੀ- ਸਾਹਮਣੇ ਓਪਨ ਏਅਰ ਵਿੱਚ ਚੱਲ ਰਹੀ ਬਲਵੰਤ ਗਾਰਗੀ ਦੀ ਨਾਟਕ ਦੀ ਰਿਹਰਸਲ ਨੂੰ ਡਿਸਟਰਬ ਕਰਨਾ। ਇਸ ਰਿਹਰਸਲ ਦੀ ਪਰੇਸ਼ਾਨੀ ਮੈਨੂੰ ਤਾਂ ਹਰੀਸ਼ ਤੋਂ ਵੀ ਜਿਆਦਾ ਸੀ ਕਿਉਂਕਿ ਮੈਂ ਬਲਾਕ ਤਿੰਨ ਦੇ 37 ਨੰਬਰ ਕਮਰੇ ਵਿੱਚ ਥੀਏਟਰ ਦੇ ਬਿਲਕੁਲ ਨੇੜੇ ਸਾਂ। ਸਾਡੇ ਐਮ. ਏ. ਦੇ ਸਲਾਨਾ ਇਮਤਿਹਾਨ ਸਿਰ ਤੇ ਸਨ ਤੇ ਗਾਰਗੀ ਦੀ ਰਿਹਰਸਲ ਸਾਡੇ ਵਾਸਤੇ ਬੜੀ ਪਰੇਸ਼ਾਨੀ ਖੜ੍ਹੀ ਕਰ ਰਹੀ ਸੀ। ਥੀਏਟਰ ਓਪਨ ਏਅਰ ਹੋਣ ਕਰਕੇ ਅਦਾਕਾਰਾਂ ਦੀਆਂ ਆਵਾਜ਼ਾਂ ਦੂਰ ਦੂਰ ਤੱਕ ਗੂੰਜਦੀਆਂ ਸਨ।
"ਹਰੀਸ਼, ਤੁਹਾਡਾ ਰਿਕਾਰਡ ਪਲੇਅਰ ਕੀ ਕਰਾਮਾਤ ਕਰੂ?" ਮੈਂ ਕੈਂਟੀਨ ਵਿੱਚ ਬੈਠੇ ਹਰੀਸ਼ ਨਾਲ ਉਸ ਦਾ ਮਨਸੂਬਾ ਜਾਨਣ ਦੀ ਗੱਲ ਕੀਤੀ।
"ਯਾਰ, ਗਾਰਗੀ ਨੇ ਸਾਡੇ ਹੋਸਟਲ ਦੇ ਬਲਾਕ ਤਿੰਨ ਅਤੇ ਚਾਰ ਵਾਸਤੇ ਅੰਤਾਂ ਦੀ ਪਰੇਸ਼ਾਨੀ ਖੜ੍ਹੀ ਕੀਤੀ ਹੋਈ ਏ। ਸਾਡਾ ਡੌਰਮੇਟਰੀ ਬਿਲਕੁਲ ਸਾਹਮਣੇ ਹੈ। ਕੀ ਤੁਸੀਂ ਵੀ ਉੱਥੇ ਕਿਤੇ ਹੀ ਰਹਿੰਦੇ ਹੋ?"
"ਹਾਂ, ਮੈਂ ਤਾਂ ਥੀਏਟਰ ਦੇ ਬਿਲਕੁਲ ਨੇੜੇ ਹਾਂ, ਬਲਾਕ 3 ਦੇ 37 ਨੰਬਰ ਕਮਰੇ ਵਿੱਚ। ਮੇਰੇ ਕਮਰੇ ਅਤੇ ਥਇਏਟਰ ਵਿਚਕਾਰ ਇੱਕ ਛੋਟੀ ਜਿਹੀ ਸੜਕ ਏ ਤੇ ਇੱਕ ਵੇਲਾਂ ਨਾਲ ਗੁੰਦੀ ਹੋਈ ਕੰਡਿਆਲੀ ਵਾੜ। ਮੈਂ ਤਾਂ ਆਪਣੀ ਬਾਲਕੋਨੀ ਵਿੱਚ ਬੈਠ ਕੇ ਪੜ੍ਹ ਹੀ ਨਹੀਂ ਸਕਦਾ। ਤੁਹਾਡਾ ਰਿਕਾਰਡ ਪਲੇਅਰ ਕੀ ਕਰਿਸ਼ਮਾ ਕਰੂ?"
"ਇਹ ਲੋਕ ਉਦੋਂ ਤੱਕ ਠੀਕ ਨਹੀਂ ਹੁੰਦੇ ਜਦ ਤੱਕ ਇਹਨਾਂ ਨੂੰ ਤੰਗ ਨਾ ਕਰੋ। ਅਸੀਂ ਉੱਚੀ ਉੱਚੀ ਬੋਲ ਕੇ ਬਥੇਰਾ ਕਹਿ ਲਿਆ ਕਿ ਰਿਹਰਸਲ ਬੰਦ ਕਰੇ। ਸਾਡੇ ਬਲਾਕ ਵਿੱਚ ਇੱਕ ਦਸੂਹੇ ਦਾ ਅਵਿਨਾਸ਼ ਏ। ਸਾਰੀ ਯੂਨੀਵਰਸਿਟੀ ਉਸਨੂੰ ਮਾਮਾ ਸੱਦਦੀ ਏ। ਉਸ ਨੇ ਲੁਕ ਕੇ ਚਾਂਗਰਾ ਵੀ ਮਾਰੀਆਂ ਤੇ ਉੱਚੀ ਉੱਚੀ ਗਾਰਗੀ ਨੂੰ ਗਾਲਾਂ ਵੀ ਕੱਢੀਆਂ। ਗਾਰਗੀ ਫਿਰ ਵੀ ਬਾਜ਼ ਨਹੀਂ ਆਇਆ। ਮੈਂ ਤੈਨੂੰ ਇੱਕ ਦਿਨ ਦੀ ਗੱਲ ਦੱਸਾਂ ਅਸੀਂ ਚਾਰ ਜਣੇ ਸ਼ਾਮ ਚਾਰ ਕੁ ਵਜੇ ਥਇਏਟਰ ਦੇ ਕੋਲੋਂ ਮੇਨ ਸੜਕ ਵੱਲ ਨੂੰ ਜਾ ਰਹੇ ਸਾਂ। ਗਾਰਗੀ ਕਾਰ ਤੇ ਸਾਡੇ ਪਿੱਛੋਂ ਆਇਆ। ਸੜਕ ਕੁਝ ਭੀੜੀ ਸੀ ਤੇ ਦੂਜੀ ਗੱਲ ਇਹ ਕਿ ਮਾਮਾ ਉਹਨੂੰ ਤੰਗ ਕਰਨਾ ਚਾਹੁੰਦਾ ਸੀ। ਕਾਰ ਦਾ ਹਾਰਨ ਵਜਾਈ ਗਿਆ। ਮਾਮਾ ਪਰੇ ਹਟਿਆ ਹੀ ਨਾ। ਫਿਰ ਹੌਲੀ ਹੌਲੀ ਮਾਮੇ ਨੇ ਮਸਾ ਉੱਨਾ ਰਾਹ ਦਿੱਤਾ ਜਿੰਨੇ ਚੋਂ ਕਾਰ ਮੁਸ਼ਕਿਲ ਨਾਲ ਲੰਘ ਸਕਦੀ ਸੀ। ਗਾਰਗੀ ਮਾਮੇ ਦੇ ਨੇੜੇ ਕਾਰ ਖੜ੍ਹੀ ਕਰਕੇ ਕਹਿਣ ਲੱਗਾ, 'ਕਾਕਾ, ਮੈਨੂੰ ਕਾਰ ਚਲਾਉਂਦੇ ਨੂੰ 20 ਸਾਲ ਹੋ ਗਏ ਮੇਰਾ ਕਦੀ ਐਕਸੀਡੈਂਟ ਨਹੀਂ ਹੋਇਆ।' ਮਾਮੇ ਤੋਂ ਵੀ ਬੋਲਣ ਤੋਂ ਰਿਹਾ ਨਾ ਗਿਆ। ਕਹਿੰਦਾ, 'ਮੈਨੂੰ ਵੀ ਪੈਦਲ ਤੁਰਦੇ ਨੂੰ ਇੰਨੇ ਕੁ ਸਾਲ ਹੀ ਹੋ ਗਏ ਮੇਰਾ ਵੀ ਕਦੀ ਐਕਸੀਡੈਂਟ ਨਹੀਂ ਹੋਇਆ।' ਗਾਰਗੀ ਨਿਰੁੱਤਰ ਅੱਗੇ ਆਪਣੇ ਕੁਆਟਰ ਵੱਲ ਨੂੰ ਚਲਾ ਗਿਆ। ਜਦ ਉਹ ਰਿਹਰਸਲ ਸ਼ੁਰੂ ਕਰਦਾ ਏ ਮੈਂ ਉਸੇ ਵੇਲੇ ਰਿਕਾਰਡ ਪਲੇਅਰ ਲਗਾ ਕੇ ਆਵਾਜ਼ ਉੱਚੀ ਕਰ ਦਿੰਦਾ ਹਾਂ। ਉਹਦੇ ਕਿਰਦਾਰਾਂ ਦੇ ਮੂੰਹ ਉਦੋਂ ਦੇਖਣ ਵਾਲੇ ਹੁੰਦੇ ਹਨ। ਉਹ ਆਪ ਵੀ ਪੂਰੀ ਤਰ੍ਹਾਂ ਦੁਖੀ ਹੋ ਜਾਂਦਾ ਏ।"
"ਹੁਣ ਉਹ ਕੀ ਕਰੂ?"
"ਪਤਾ ਲੱਗਾ ਹੈ ਉਸਨੇ ਸਾਡੇ ਹੋਸਟਲ ਦੇ ਵਾਰਡਨ ਪਾਸ ਮੇਰੀ ਸ਼ਿਕਾਇਤ ਕੀਤੀ ਹੈ। ਮੈਨੂੰ ਵਾਰਡਨ ਦਾ ਸੁਨੇਹਾ ਮਿਲਿਆ ਹੈ ਕਿ ਮੈਂ ਉਸਨੂੰ ਅੱਜ ਸ਼ਾਮ ਨੂੰ ਮਿਲਾਂ।"
"ਵਾਰਡਨ ਕੀ ਕਰੂ?"
"ਮੈਨੂੰ ਇਹੀ ਕਹੂ ਕਿ ਮੈਂ ਗਾਰਗੀ ਨੂੰ ਤੰਗ ਨਾ ਕਰਾਂ।"
"ਫਿਰ ਤੂੰ ਕੀ ਜਵਾਬ ਦਿਊਂ?"
"ਮੈਂ ਦੱਸੂੰ ਕਿ ਸਾਨੂੰ ਰਿਹਰਸਲ ਕਿਵੇਂ ਪਰੇਸ਼ਾਨ ਕਰ ਰਹੀ ਏ।"
"ਗੱਲ ਮੁੱਕੂ ਕਿੱਥੇ? ਅਸਲ ਉਹਦੀ ਵੀ ਤਾਂ ਯੂਨੀਵਰਸਿਟੀ ਵਿੱਚ ਬਥੇਰੀ ਚੱਲਦੀ ਏ। ਸਾਲਾ ਬਾਹਰਲੀ ਮੇਮ ਨਾਲ ਵਿਆਹ ਕਰਾਈ ਫਿਰਦਾ ਏ। ਸ਼ਾਮ ਨੂੰ ਮੇਮ ਬਾਈਸਾਈਕਲ ਤੇ ਮੁੰਡੇ ਨੂੰ ਬਿਠਾ ਕੇ ਤੇਰੇ ਕਮਰੇ ਕੋਲੋਂ ਗਾਂਧੀ ਭਵਨ ਵੱਲ ਨੂੰ ਜਾਂਦੀ ਹੁੰਦੀ ਏ।"
"ਹਰੀਸ਼, ਤੂੰ ਤਾਂ ਹੁਣ ਮਜੇ ਲੈਣ ਲੱਗ ਪਿਆ ਏਂ। ਬਾਕੀ ਆਪਾਂ ਫਿਰ ਵਿਚਾਰ ਕਰ ਲਵਾਂਗੇ। ਪਹਿਲਾਂ ਗੱਲ ਸ਼ੁਰੂ ਤਾਂ ਹੋਣ ਦਿਓ।"
ਹਰੀਸ਼ ਨੂੰ ਦੂਜੇ ਦਿਨ ਵਾਰਡਨ ਦਾ ਸੁਨੇਹਾ ਆ ਗਿਆ। ਉਹ ਵਾਰਡਨ ਨੂੰ ਉਸਦੇ ਦਫ਼ਤਰ ਮਿਲਣ ਗਿਆ।
"ਹਰੀਸ਼, ਮਸਲਾ ਕੀ ਏ? ਤੁਹਾਡਾ ਗੀਤ ਸੰਗੀਤ ਇੰਨਾ ਉੱਚੀ ਕਿਉਂ ਵੱਜਦਾ ਏ?"
"ਸਰ, ਤੁਸੀਂ ਜਾਣਦੇ ਹੀ ਹੋ ਕਿ ਸਾਡੇ ਸਾਲਾਨਾ ਇਮਤਿਹਾਨ ਸਿਰ ਤੇ ਹਨ। ਇੰਡੀਅਨ ਥੀਏਟਰ ਹੋਸਟਲ ਦੇ ਦੋ ਬਲਾਕਾਂ ਨੂੰ ਅੰਤ ਦਾ ਪਰੇਸ਼ਾਨ ਕਰਦਾ ਏ। ਬਲਾਕ ਤਿੰਨ ਦੇ ਪੂਰਬ ਵੱਲ ਦੇ ਪਾਸੇ ਨੂੰ ਤੇ ਬਲਾਕ ਚਾਰ ਦੇ ਦੱਖਣ ਵੱਲ ਦੇ ਪਾਸੇ ਨੂੰ। ਤੁਸੀਂ ਜਾਣਦੇ ਹੀ ਹੋ ਕਿ ਓਪਨ ਏਅਰ ਥੀਏਟਰ ਵਿੱਚ ਆਵਾਜ਼ਾਂ ਗੂੰਜਦੀਆਂ ਹੀ ਹਨ। ਅਸੀਂ ਜ਼ੋਰ ਜ਼ੋਰ ਕੇ ਬੋਲ ਕੇ ਗਾਰਗੀ ਪਾਸ ਆਪਣੇ ਰੋਸ ਪਹੁੰਚਾਏ ਪਰੰਤੂ ਉਸ ਤੇ ਕੋਈ ਅਸਰ ਨਾ ਪਿਆ। ਜਦ ਕੋਈ ਪੇਸ਼ ਨਾ ਗਈ ਤਾਂ ਮੈਂ ਘਰੋਂ ਆਪਣਾ ਰਿਕਾਰਡ ਪਲੇਅਰ ਚੁੱਕ ਲਿਆਇਆ। ਸਪੀਕਰ ਉੱਚਾ ਕਰਕੇ ਮੈਂ ਗੀਤ ਲਗਾ ਦਿੱਤੇ। ਫਿਰ ਗਾਰਗੀ ਪਿੱਟਿਆ। ਤੁਸੀਂ ਦੱਸੋ, ਸਰ, ਅਸੀਂ ਕੀ ਕਰੀਏ?"
"ਹਰੀਸ਼, ਗਾਰਗੀ ਸਾਹਿਬ ਨੇ ਇੱਛਾ ਪ੍ਰਗਟ ਕੀਤੀ ਹੈ ਕਿ ਤੁਹਾਡੇ ਵਿੱਚੋਂ 4-5 ਵਿਦਿਆਰਥੀ ਜਾ ਕੇ ਉਸ ਨੂੰ ਮਿਲੋ।"
"ਠੀਕ ਹੈ, ਸਰ। ਅਸੀਂ ਅੱਜ ਸਲਾਹ ਕਰ ਲੈਂਦੇ ਹਾਂ। ਮਿਲਣ ਦਾ ਸਮਾਂ ਤੁਸੀਂ ਸਾਨੂੰ ਲੈ ਦਿਓ।"
"ਠੀਕ ਹੈ, ਹਰੀਸ਼।"
ਦੂਜੇ ਦਿਨ ਬਾਅਦ ਦੁਪਹਿਰ ਦਾ ਸਮਾਂ ਲੈ ਲਿਆ ਗਿਆ। ਅਸਾਂ ਮੁੰਡਿਆਂ ਨੇ ਸ਼ਾਮ ਨੂੰ ਹਰੀਸ਼ ਦੇ ਕਮਰੇ ਵਿੱਚ ਮੀਟਿੰਗ ਕੀਤੀ। 20 ਕੁ ਮੁੰਡੇ ਇਕੱਠੇ ਹੋਏ। ਪੰਜ ਮੁੰਡੇ ਚੁਣ ਲਏ ਗਏ:- ਹਰੀਸ਼ ਖੁਦ (ਕੈਮੀਕਲ ਇੰਜੀਨੀਅਰਿੰਗ ਦਾ), ਮੈਂ (ਅੰਗਰੇਜ਼ੀ ਦੀ ਐਮ. ਏ. ਦਾ), ਬਲਰਾਜ (ਪੰਜਾਬੀ ਦੀ ਐਮ. ਏ. ਦਾ), ਸੂਦ (ਇਤਿਹਾਸ ਦਾ), ਵਰਿਆਮ (ਕਾਨੂੰਨ ਦਾ)।
ਅਸੀਂ ਨਿਸ਼ਚਿਤ ਸਮੇਂ ਮੁਤਾਬਿਕ ਤਿੰਨ ਵਜੇ ਜਾ ਕੇ ਥੀਏਟਰ ਦਾ ਬੂਹਾ ਖੜਕਾ ਦਿੱਤਾ। ਗਾਰਗੀ ਸਾਹਿਬ ਸਾਨੂੰ ਬਹੁਤ ਵਧੀਆ ਮਿਲੇ।
"ਆਓ, ਯੰਗ ਮੈੱਨ, ਪਹਿਲਾਂ ਤੁਹਾਨੂੰ ਅੰਦਰੋਂ ਥਇਏਟਰ ਦਿਖਾ ਦਿਆਂ। ਬਾਅਦ ਵਿੱਚ ਬੈਠਦੇ ਹਾਂ।"
"ਜੀ ਸਰ", ਅਸੀਂ ਸਿਰ ਹਿਲਾਏ।
"ਆਹ ਫੁੱਟਲਾਈਟਸ ਹਨ, ਆਹ ਥਰੱਸਟ ਸਟੇਜ ਏ, ਸੀਟਿੰਗ ਸਕੇਅਰ ਅਤੇ ਪੌਲੀਗੋਨਲ ਸ਼ਕਲ ਦੀ ਏ, ਕਲਾਕਾਰ ਏਜਲਜ ਰਾਹੀਂ ਦਾਖਲ ਹੁੰਦੇ ਹਨ, ਆਹ ਲਾਈਟ ਸੰਗੀਤ ਲਈ ਆਰਕੈਸਟਰਾ ਹੈ ਵਗੈਰਾ ਵਗੈਰਾ। ਇਹ ਸਾਡੀ ਚੱਲ ਰਹੀ ਰਿਹਰਸਲ ਏ। ਨਾਟਕ 'ਹਯਾ ਬਦਨ' ਹੈ। ਡਾਇਰੈਕਟਰ ਸਾਹਿਬਾ ਬੰਬਈ ਤੋਂ ਆਏ ਹੋਏ ਹਨ।"
ਅਸੀਂ ਸਭ ਨੂੰ ਮਿਲਦੇ ਗਏ ਤੇ ਹੱਥ ਜੋੜਦੇ ਗਏ। ਫਿਰ ਗਾਰਗੀ ਸਾਨੂੰ ਥੀਏਟਰ ਤੋਂ ਬਾਹਰ ਮੂਹਰੇ ਲੈ ਗਿਆ। ਕੁਰਸੀਆਂ ਉੱਥੇ ਲਗਵਾ ਦਿੱਤੀਆਂ ਗਈਆਂ। ਸਾਨੂੰ ਬੈਠਣ ਲਈ ਇਸ਼ਾਰਾ ਕੀਤਾ। ਅਸੀਂ ਬੈਠ ਗਏ। ਚਾਹ ਆ ਗਈ।
"ਵੀਰ ਜੀ, ਚਾਹ ਪੀਓ।"
"ਥੈਂਕਸ ਸਰ", ਹਰੀਸ਼ ਨੇ ਆਵਾਜ਼ ਕੱਢੇ ਬਗੈਰ ਸਾਹ ਵਿੱਚ ਹੀ ਕਿਹਾ।
"ਤੁਸੀਂ ਕਾਹਦੀ ਪੜ੍ਹਾਈ ਕਰਦੇ ਹੋ?"
"ਕੈਮੀਕਲ ਇੰਜੀਨੀਅਰਿੰਗ, ਸਰ।"
"ਕੀ ਨਿਊਕਲੀਅਰ ਇੰਜੀਨੀਅਰਿੰਗ ਦਾ ਚੈਪਟਰ ਕਵਰ ਕਰ ਚੁੱਕੇ ਹੋ?"
"ਨਹੀਂ ਸਰ ,ਇਹ ਅਗਲੇ ਸਾਲ ਦੇ ਸਿਲੇਬਸ ਵਿੱਚ ਏ।"
"ਤੁਹਾਡਾ ਕੀ ਨਾਮ ਏ, ਵੀਰੇ?"
"ਸਰ, ਅਵਤਾਰ", ਮੈਂ ਕਿਹਾ।
"ਕਾਹਦੀ ਪੜ੍ਹਾਈ ਕਰਦੇ ਹੋ?"
"ਇੰਗਲਿਸ਼, ਸਰ।"
"ਸ਼ੇਕਸਪੀਅਰ ਦੀ ਕਿਹੜੀ ਟਰੈਜਡੀ ਪੜ੍ਹੀ ਏ?"
"ਸਰ, ਹੈਮਲਟ।"
"ਇਸ ਨਾਟਕ ਦੀ ਕੋਈ ਮਸ਼ਹੂਰ ਸਤਰ?"
"ਫਰੇਲਟੀ, ਦਾਈ ਨੇਮ ਇਜ਼ ਵੋਮੇਨ! (ਢਰੳਲਿਟੇ, ਟਹੇ ਨੳਮੲ ਸਿ ਾਂੋਮੳਨ!)"
"ਕੀ ਭਾਵ?"
"ਐ ਇਸਤਰੀ, ਤੂੰ ਚੰਚਲ ਵੀ ਏਂ ਤੇ ਕਮਜ਼ਾਤ ਵੀ ਏਂ।"
"ਵੈਰੀ ਗੁੱਡ!"
"ਕੀ ਇੰਜ ਕਹਿ ਕੇ ਸ਼ੇਕਸਪੀਅਰ ਇਸਤਰੀ ਜਾਤੀ ਨੂੰ ਭੰਡਦਾ ਏ?"
"ਨਹੀਂ ਸਰ! ਇਹ ਸ਼ਬਦ ਨਾਟਕਕਾਰ ਦਾ ਮੂੰਹ ਬੋਲਦਾ ਪਾਤਰ (ਮੁੋਟਹਪਇਚੲ) ਨਹੀਂ ਬੋਲਦਾ, ਹੈਮਲਟ ਬੋਲਦਾ ਏ। ਹੈਮਲਟ ਵੀ ਉਸ ਸਮੇਂ ਬੋਲਦਾ ਏ ਜਦ ਉਹ ਬਾਹਰਲੇ ਦੇਸ਼ ਤੋਂ ਆਪਣੇ ਦੇਸ਼ ਡੈਨਮਾਰਕ ਪਹੁੰਚਦਾ ਏ। ਉਹ ਦੇਖਦਾ ਏ ਕਿ ਉਸਦੀ ਮਾਂ ਉਸਦੇ ਪਿਓ ਨੂੰ ਧੋਖਾ ਦੇ ਕੇ ਉਹਦੇ ਚਾਚੇ ਨਾਲ ਰਹਿਣ ਲੱਗ ਪਈ ਏ। ਉਸ ਦੇ ਪਿਓ ਨੂੰ ਉਸਦੀ ਮਾਂ ਨੇ ਕਤਲ ਕਰਵਾ ਦਿੱਤਾ ਹੈ। ਰਾਜਗੱਦੀ ਤੇ ਹੁਣ ਉਸਦਾ ਚਾਚਾ ਕਲੌਡੀਅਸ ਬੈਠ ਗਿਆ ਏ। ਦੂਜੀ ਮਾੜੀ ਘਟਨਾ ਇਹ ਵਾਪਰਦੀ ਏ ਕਿ ਉਸਦੀ ਪ੍ਰੇਮਿਕਾ ਓਫੀਲੀਆ ਉਸਨੂੰ ਧੋਖਾ ਦੇ ਗਈ। ਇਹਨਾਂ ਦੋਹਾਂ ਔਰਤਾਂ ਦੇ ਵਰਤਾਰੇ ਨੂੰ ਦੇਖ ਕੇ ਹੈਮਲੇਟ ਸਟੇਜ ਤੇ ਇਕੱਲਾ ਹੀ ਇਹ ਡਾਇਲਾਗ ਬੋਲਦਾ ਏ।"
"ਕਿਆ ਬਾਤ ਏ। ਡੰਨ ਵੈੱਲ! ਨਾਟਕ ਬੜੀ ਬਰੀਕੀ ਨਾਲ ਪੜ੍ਹਿਆ ਲੱਗਦਾ ਏ।"
"ਸਰ, ਮੈਂ ਵੀ ਤੁਹਾਨੂੰ ਕੁਝ ਪੁੱਛਾਂ?" ਮੈਥੋਂ ਕਹਿ ਹੋ ਗਿਆ।
"ਜਰੂਰ ਪੁੱਛੋ। ਤੁਹਾਡਾ ਸਵਾਲ ਨਾਟਕ ਕਲਾ ਬਾਰੇ ਹੈ?"
"ਨਹੀਂ ਸਰ! ਮੈਨੂੰ ਅਮਰੀਕਾ ਦੇ ਨਾਟਕਕਾਰ ਓ, ਨੀਲ (ੌ'ਂੲਲਿ) ਦੇ ਨਾਟਕ ਆਈਸਮੈਨ ਕਮਥ (ੀਚੲਮੳਨ ਛੋਮੲਟਹ) ਦੀ ਟੈਕਸਟ ਚਾਹੀਦੀ ਏ। ਇਹ ਨਾਟਕ ਸਾਡੇ ਸਿਲੇਬਸ ਦਾ ਹਿੱਸਾ ਏ। ਮੇਰੀ ਟੀਚਰ ਡਾ: ਮੁਖਰਜੀ ਕਹਿੰਦੀ ਸੀ ਕਿ ਜੇ ਇਸ ਨਾਟਕ ਦੀ ਟੈਕਸਟ ਬਾਜ਼ਾਰ ਵਿੱਚ ਨਹੀਂ ਮਿਲਦੀ ਤਾਂ ਗਾਰਗੀ ਪਾਸ ਜਾਇਓ। ਉਹਨਾਂ ਪਾਸ ਕੁਝ ਕਾਪੀਆਂ ਹਨ। ਉਹ ਤੁਹਾਨੂੰ ਦੇ ਦੇਣਗੇ। ਅੱਜ ਦੀ ਇਸ ਮਿਲਣੀ ਦਾ ਮੈਂ ਫਾਇਦਾ ਉਠਾਉਣਾ ਚਾਹਿਆ। ਮੈਂ ਸੋਚਿਆ -- ਇੱਕ ਪੰਥ ਦੋ ਕਾਜ ਹੋ ਜਾਊ।"
"ਵੀਰ ਜੀ, ਨਾਟਕ ਦੀ ਟੈਕਸਟ ਮੇਰੇ ਪਾਸ ਹੈ। ਮੈਂ ਕੱਲ ਨੂੰ ਘਰੋਂ ਲੈ ਆਵਾਂਗਾ। ਤੁਸੀਂ ਸ਼ਾਮ ਨੂੰ ਆ ਕੇ ਲੈ ਜਾਇਓ।"
"ਸਰ, ਮੈਂ ਉਸ ਟੈਕਸਟ ਦੀ 4-5 ਦਿਨ ਵਿੱਚ ਫੋਟੋ ਕਾਪੀ ਕਰਵਾ ਲਵਾਂਗਾ। ਫਿਰ ਮੈਂ ਅਸਲੀ ਪਰਤ ਤੁਹਾਨੂੰ ਮੋੜ ਦੇਵਾਂਗਾ।"
"ਡੌਂਟ ਵਰੀ, ਮਾਈ ਫਰੈਂਡ। ਮੇਰੇ ਪਾਸ ਕਈ ਕਾਪੀਆਂ ਹਨ। ਯੂ ਕੈਨ ਕੀਪ ਇੱਟ।"
"ਥੈਂਕਸ ਸਰ।"
"ਵੀਰ ਜੀ, ਤੁਸੀਂ ਕਾਹਦੀ ਪੜ੍ਹਾਈ ਕਰ ਰਹੇ ਹੋ?" ਗਾਰਗੀ ਨੇ ਬਲਰਾਜ ਵੱਲ ਦੇਖਦੇ ਹੋਏ ਪੁੱਛਿਆ।
"ਸਰ, ਮੈਂ ਪੰਜਾਬੀ ਦੀ ਐਮ. ਏ. ਕਰ ਰਿਹਾ ਹਾਂ। ਐਮ. ਏ. ਵਿੱਚ ਕੋਈ ਡੀਸਰਟੇਸ਼ਨ (ਥੀਸਿਸ) ਵੀ ਲਿਖਿਆ ਏ?"
"ਸਰ, ਪਿਛਲੇ ਹਫਤੇ ਦੇ ਵਿੱਚ ਹੀ ਖਤਮ ਹੋਇਆ ਏ। ਦੋ ਕੁ ਦਿਨ ਵਿੱਚ ਜਮ੍ਹਾਂ ਕਰਵਾ ਦਿਆਂਗਾ। ਡਾ: ਤਿਵਾੜੀ ਦੀ ਦੇਖ ਰੇਖ ਹੇਠ ਕੰਮ ਕੀਤਾ ਏ।"
"ਕਾਹਦੇ ਬਾਰੇ ਏ?"
"ਸ਼ਿਵ ਬਟਾਲਵੀ ਬਾਰੇ।"
"ਕਿਆ ਬਾਤ ਏ। ਉਹ ਤਾਂ ਮੇਰਾ ਮਿੱਤਰ ਸੀ।"
"ਸਰ, ਬਹੁਤ ਛੇਤੀ ਪੂਰਾ ਹੋ ਗਿਆ, ਬਿਰਹੁ ਦਾ ਸੁਲਤਾਨ। ਪਿਛਲੇ ਸਾਲ ਮਈ ਦੇ ਪਹਿਲੇ ਹਫਤੇ ਹੀ ਤਾਂ ਪੂਰਾ ਹੋਇਆ ਏ, ਸਾਡੇ ਸਾਹਮਣੇ। ਹੁਣ ਮੇਰਾ ਐਮ. ਏ. ਦੂਜਾ ਸਾਲ ਏ।"
"ਫਿਰ ਤਾਂ ਸ਼ਿਵ ਨੂੰ ਤਾਜ਼ਾ ਤਾਜ਼ਾ ਪੜ੍ਹ ਕੇ ਹਟੇ ਹੋ?"
"ਜੀ ਸਰ।"
"ਤੁਸੀਂ ਪੰਜਾਬ ਵਿੱਚ ਕਿਸ ਇਲਾਕੇ ਤੋਂ ਹੋ?"
"ਸਰ, ਮੈਂ ਵੀ ਬਟਾਲਾ ਦਾ ਹੀ ਹਾਂ। ਮੈਂ ਤਾਂ ਸ਼ਿਵ ਦੇ ਪਰਿਵਾਰ ਨੂੰ ਵੀ ਜਾਣਦਾ ਹਾਂ। ਲੂਣਾ ਦੇ ਪੁਰਸਕਾਰ ਮਿਲਣ ਤੋਂ ਬਾਅਦ ਇੰਗਲੈਂਡ ਗਿਆ ਸੀ। ਉੱਥੇ ਪ੍ਰਸ਼ੰਸਕਾਂ ਨੇ ਸਿਰ ਤੇ ਚੁੱਕ ਲਿਆ। ਆ ਕੇ ਫਿਰ ਬਿਮਾਰ ਜਿਹਾ ਹੀ ਰਿਹਾ। 36 ਕੁ ਸਾਲ ਦੀ ਉਮਰ ਵਿੱਚ ਹੀ ਪੂਰਾ ਹੋ ਗਿਆ।"
"ਸ਼ਿਵ ਦੀਆਂ ਕੁਝ ਖਾਸ ਸਤਰਾਂ?"
"ਇਸ ਧਰਤੀ ਦੀ ਹਰ ਨਾਰੀ ਹੀ ਲੂਣਾ ਹੈ।
ਹਰ ਨਾਰੀ ਦਾ ਨਰ ਹੀ ਸੂਹਜ ਵਿਹੂਣਾ ਹੈ।
ਹਰ ਨਾਰੀ ਦਾ ਬੁੱਤ ਮੁਹੱਬਤੋਂ ਊਣਾ ਹੈ।
ਪਿਆਰ ਘਾਟ ਦਾ ਹਰ ਵਿਹੜੇ ਵਿੱਚ ਟੂਣਾ ਹੈ।
ਸਰ ਇੱਕ ਹੋਰ ਸੁਣੋ--"
"ਆਉਣ ਦਿਓ।"
"ਇਸ ਧਰਤੀ ਤੇ ਜੋ ਕੁਝ ਸੋਹਣਾ ਹੈ,
ਉਸਦੇ ਪਿੱਛੇ ਨਾਰ ਅਵੱਸ਼ ਹੈ।
ਜੋ ਕੁਝ ਕਿਸੇ ਮਹਾਨ ਹੈ ਰਚਿਆ,
ਉਸ ਵਿੱਚ ਨਾਰੀ ਦਾ ਹੀ ਹੱਥ ਹੈ।
ਨਾਰੀ ਆਪੇ ਨਰਾਇਣ ਹੈ,
ਹਰ ਮੱਥੇ ਦੀ ਤੀਜੀ ਅੱਖ ਹੈ।
ਨਾਰੀ ਧਰਤੀ ਦੀ ਕਵਿਤਾ ਹੈ,
ਕੁੱਲ ਭਵਿੱਖ ਨਾਰੀ ਦੇ ਵੱਸ ਹੈ।"
"ਬਹੁਤ ਖੂਬ, ਬਲਰਾਜ। ਤੁਹਾਨੂੰ ਤਾਂ ਸ਼ਿਵ ਜ਼ੁਬਾਨੀ ਯਾਦ ਹੈ। ਬੜਾ ਅੱਛਾ ਅਧਿਐਨ ਹੈ।"
ਇਵੇਂ ਹੀ ਗਾਰਗੀ ਨੇ ਇਤਿਹਾਸ ਤੇ ਕਾਨੂੰਨ ਨਾਲ ਸੰਬੰਧਿਤ ਦੂਜੇ ਦੋ ਸਾਥੀਆਂ ਨਾਲ ਥੋੜ੍ਹੀ ਜਿਹੀ ਸਾਂਝ ਪਾਈ। ਅੰਤ ਵਿੱਚ ਉਹ ਬੋਲਿਆ, "ਸਾਥੀਓ, ਤੁਹਾਡੀ ਮੰਗ ਜਾਇਜ਼ ਹੈ। ਮੇਰੀ ਇੱਕ ਨਿੱਕੀ ਜਿਹੀ ਮਜਬੂਰੀ ਵੀ ਹੈ। ਨਾਟਕ 'ਹਯਾ ਬਦਨ' ਦੀ ਤਿਆਰੀ ਚੱਲ ਰਹੀ ਏ। ਖਰਚਾ ਵੀ ਕਾਫੀ ਆ ਚੁੱਕਾ ਹੈ। ਮੂਹਰਲੇ ਐਤਵਾਰ ਨੂੰ ਅਸਾਂ ਨੇ ਇਹ ਖਿਡਵਾਉਣਾ ਹੈ। ਸਿਰਫ ਤਿੰਨ ਦਿਨ ਦੀ ਤਿਆਰੀ ਹੋਰ ਏ। ਤੁਹਾਨੂੰ ਪੰਜਾਂ ਨੂੰ ਮੈਂ 10-10 ਰੁਪਏ ਵਾਲੀਆਂ ਪੰਜ ਟਿਕਟਾਂ ਮੁਫਤ ਦਿੰਦਾ ਹਾਂ। ਐਤਵਾਰ ਨੂੰ ਆ ਕੇ ਨਾਟਕ ਦੇਖ ਜਾਇਓ। ਇਸ ਤੋਂ ਬਾਅਦ ਰਿਹਰਸਲ ਬੰਦ।"
"ਸਰ, ਟਿਕਟਾਂ ਤਾਂ ਬਾਕੀ ਹੋਰ 10-15 ਲੜਕੇ ਵੀ ਮੰਗਣਗੇ। ਖਾਸ ਕਰਕੇ ਹੋਰ ਜਿਹੜੇ ਔਹ ਜਾਂ ਸਾਹਮਣੇ ਕਮਰਿਆਂ ਵਿੱਚ ਰਹਿੰਦੇ ਹਨ। ਉਹਨਾਂ ਦਾ ਕੀ ਹੋਊ?" ਹਰੀਸ਼ ਬੋਲਿਆ।
"ਹਰੀਸ਼, ਮੇਰੇ ਪਾਸ ਪੰਜ ਸੀਟਾਂ ਹੀ ਖਾਲੀ ਹਨ। ਤੁਸੀਂ ਆਪਣੀ ਐਡਜਸਟਮੈਂਟ ਆਪ ਕਰੋ। ਸਲਾਹ ਕਰ ਲਿਓ, ਕੋਈ ਪੰਜ ਆ ਜਾਇਓ।"
"ਓਕੇ, ਸਰ। ਧੰਨਵਾਦ।"
ਇਸ ਤੋਂ ਬਾਅਦ ਅਸੀਂ ਆ ਗਏ। ਸਾਡੇ ਨਾਲ ਦੇ ਹੋਰ ਕਮਰਿਆਂ ਵਾਲਿਆਂ ਨੇ ਕੋਈ ਖੌਰੂ ਨਹੀਂ ਪਾਇਆ। ਇਵੇਂ ਮਸਲਾ ਹੱਲ ਹੋ ਗਿਆ।"
ਸਾਲ ਕੁ ਬਾਅਦ ਗਾਰਗੀ ਦੀ ਸਵੈ ਜੀਵਨੀ 'ਨੰਗੀ ਧੁੱਪ' (ਠਹੲ ਂੳਕੲਦ ਠਰੳਿਨਗਲੲ) ਦੇ ਨਾਮ ਥੱਲੇ ਛਪੀ। ਮੈਂ ਭੱਜ ਕੇ ਯੂਨੀਵਰਸਲ ਬੁੱਕ ਡੀਪੂ ਤੋਂ ਖਰੀਦੀ। ਜਦ ਪੜ੍ਹ ਕੇ ਦੇਖੀ ਤਾਂ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ। ਪੁਸਤਕ ਦਾ ਇੱਕ ਕਾਂਡ ਹੋਸਟਲ ਦੇ ਉਨ੍ਹਾਂ ਮੁੰਡਿਆਂ ਬਾਰੇ ਹੈ ਜਿਹੜੇ ਗਾਰਗੀ ਨੂੰ ਪਰੇਸ਼ਾਨ ਕਰਿਆ ਕਰਦੇ ਸਨ, ਯੂਨੀਵਰਸਿਟੀ ਨੂੰ ਆਉਂਦੀਆਂ ਜਾਂਦੀਆਂ ਲੜਕੀਆਂ ਤੇ ਰਿਮਾਰਕਸ ਕੱਸਿਆ ਕਰਦੇ ਸਨ, ਹੋਸਟਲ ਦੀਆਂ ਬਾਲਕੋਨੀਆਂ ਤੇ ਖੜ੍ਹ ਕੇ ਬੱਕਰੇ ਬੁਲਾਇਆ ਕਰਦੇ ਸਨ। ਜਵਾਨ ਖੂਨ ਕਿਵੇਂ ਖੋਲਦਾ ਹੈ -- ਗਾਰਗੀ ਨੇ ਇਸ ਕਾਂਡ ਵਿੱਚ ਇਸ ਵਰਤਾਰੇ ਦੀ ਸੋਹਣੀ ਤਸਵੀਰ ਖਿੱਚੀ ਹੈ।
ਮੈਂ ਦੋ ਕੁ ਸਾਲ ਬਾਅਦ ਯੂਨੀਵਰਸਿਟੀ ਗਿਆ। ਪਤਾ ਲੱਗਾ ਹਰੀਸ਼ ਅਜੇ ਵੀ ਉੱਥੇ ਹੀ ਸੀ। ਡਿਗਰੀ ਕਰਨ ਤੋਂ ਬਾਅਦ ਉਹ ਕੋਈ ਹੋਰ ਕੋਰਸ ਕਰਨ ਲੱਗ ਪਿਆ ਸੀ। ਕੰਟੀਨ ਤੋਂ ਉਸਦਾ ਕਮਰਾ ਨੰਬਰ ਪਤਾ ਕੀਤਾ। ਮੈਂ ਜਾ ਦਰਵਾਜ਼ਾ ਖੜਕਾਇਆ।
"ਕਿਆ ਬਾਤ ਹੈ ਬਈ! ਕਮਾਲ ਹੋ ਗਈ।" ਹਰੀਸ਼ ਜੱਫੀ ਪਾ ਕੇ ਮਿਲਿਆ।
"ਹੁਣ ਤਾਂ ਬੜਾ ਸ਼ਾਂਤ ਵਾਤਾਵਰਣ ਏ", ਮੈਂ ਕਿਹਾ।
"ਹਰੀਸ਼ ਆਪਣੀ ਉਦੋਂ ਦੀ ਮਿਹਨਤ ਦਾ ਹੁਣ ਤੱਕ ਅਸਰ ਚੱਲਦਾ ਆ ਰਿਹਾ ਏ। ਗਾਰਗੀ ਵੈਸੇ ਲਿਖਾਰੀ ਮਾੜਾ ਨਹੀਂ। ਲਿਖਦਾ ਕਮਾਲ ਦਾ ਏ।"
"ਤੂੰ ਕਿੰਨਾ ਕੁ ਪੜ੍ਹਿਆ ਏ?"
"ਮੈਂ ਤਾਂ ਸ਼ੌਂਕ ਸ਼ੌਂਕ ਵਿੱਚ ਤਕਰੀਬਨ ਸਾਰਾ ਹੀ ਪੜ੍ਹ ਮਾਰਿਆ। ਮੈਂ ਇੱਕ ਕਾਲਜ ਵਿੱਚ ਲੈਕਚਰਾਰ ਹਾਂ। ਅੰਗਰੇਜ਼ੀ ਪੜਾਉਂਦੇ ਪੜਾਉਂਦੇ ਕਈ ਵਾਰ ਪੰਜਾਬੀ ਦੀਆਂ ਲਿਖਤਾਂ ਨਾਲ ਵੀ ਤੁਲਨਾ ਕਰ ਦਿਆ ਕਰਦਾ ਹਾਂ। ਉਸ ਕਾਲਜ ਦੀ ਲਾਈਬਰੇਰੀ ਵਿੱਚ ਗਾਰਗੀ ਦੀਆਂ ਸਾਰੀਆਂ ਪੁਸਤਕਾਂ ਹਨ।"
"ਮਸਲਨ?"
" 'ਨਿੰਮ ਦੇ ਪੱਤੇ', 'ਕੌਡੀਆਂ ਵਾਲਾ ਸੱਪ', 'ਹੁਸੀਨ ਚਿਹਰੇ', 'ਪੱਤਣ ਦੀ ਬੇੜੀ' ਤੇ ਹੋਰ ਨਾਟਕ '--।"
"ਬਸ ਦੋਸਤ ਮੈਂ ਇੰਨੀ ਗੂੜ੍ਹੀ ਪੰਜਾਬੀ ਨਹੀਂ ਜਾਣਦਾ। ਹਾਂ, ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹੀ ਜ਼ਰੂਰ ਹੈ।" ਹਰੀਸ਼ ਬੋਲਿਆ।
"ਹਰੀਸ਼, ਗਾਰਗੀ ਦੇ ਲਿਖਾਰੀਆਂ ਦੇ ਸ਼ਬਦੀ ਰੇਖਾ ਚਿੱਤਰ ਬਹੁਤ ਸੋਹਣੇ ਹਨ। ਉਹ ਸੇਖੋਂ ਨੂੰ ਕਾਲਜ ਦਾ ਵਾਇਸ ਚਾਂਸਲਰ ਕਹਿੰਦਾ ਹੈ, ਅਜੀਤ ਕੌਰ ਨੂੰ ਕਾੜ੍ਹਨੀ ਕਹਿੰਦਾ ਹੈ, ਸ਼ਿਵ ਬਟਾਲਵੀ ਨੂੰ ਕੌਡੀਆਂ ਵਾਲਾ ਸੱਪ ਕਹਿੰਦਾ ਹੈ । ਬੜੇ ਸੋਹਣੇ ਤੇ ਸਰਲ ਹਨ। ਪੜ੍ਹ ਕੇ ਦੇਖੀਂ।"
"ਜ਼ਰੂਰ ਕੋਸ਼ਿਸ਼ ਕਰਾਂਗਾ। ਮਿਲਦਾ ਰਿਹਾ ਕਰ।"
"ਮੈਂ ਦੋ ਕੁ ਮਹੀਨਿਆਂ ਬਾਅਦ ਫਿਰ ਚੱਕਰ ਮਾਰਾਂਗਾ। ਚੰਗਾ ਫਿਰ।"
"ਤੇਰਾ ਮੈਨੂੰ ਲੱਭਣ ਲਈ ਧੰਨਵਾਦ!"
ਫਿਰ ਮੈਂ ਉਸ ਤੋਂ ਛੁੱਟੀ ਲਈ ਤੇ ਆਪਣੇ ਅੰਗਰੇਜ਼ੀ ਵਿਭਾਗ ਦੇ ਦਰਸ਼ਨ ਕਰਨ ਚਲਾ ਗਿਆ।
ਆਖਰੀ ਜਿੱਤ - ਕਹਾਣੀ - ਅਵਤਾਰ ਐਸ. ਸੰਘਾ
ਹਰਭਗਵਾਨ ਸਿੰਘ ਤੇ ਆਗਿਆਕਾਰ ਸਿੰਘ ਆਪਸ ਵਿੱਚ ਸਾਢੂ ਸਾਢੂ ਸਨ। ਹਰਭਗਵਾਨ ਖੇਤੀਬਾੜੀ ਯੂਨੀਵਰਸਿਟੀ ਤੋਂ 1972 ਵਿੱਚ ਪਲਾਂਟ ਪੈਥੌਲੋਜੀ ਵਿੱਚ ਐਮ. ਐਸ. ਸੀ. ਦੀ ਪੜ੍ਹਾਈ ਕਰਨ ਉਪਰੰਤ ਉੱਥੇ ਹੀ ਲੈਕਚਰਾਰ ਲੱਗ ਗਿਆ ਸੀ। ਆਗਿਆਕਾਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਮ ਏ ਅਰਥ ਸ਼ਾਸਤਰ ਸੀ ਤੇ ਲਾਗੇ ਦੇ ਇੱਕ ਕਾਲਜ ਵਿੱਚ ਲੈਕਚਰਾਰ ਲੱਗ ਗਿਆ ਸੀ। ਦੋਨੋਂ ਦੁਆਬੇ ਵਿੱਚ ਇੱਕ ਚੰਗੇ ਘਰ ਵਿਆਹੇ ਹੋਏ ਸਨ। ਦੋਹਾਂ ਦੀਆਂ ਘਰਵਾਲੀਆਂ ਹਾਈ ਸਕੂਲਾਂ ਵਿੱਚ ਸਾਇੰਸ ਅਧਿਆਪਕਾਂਵਾਂ ਸਨ। 1973 ਦੇ ਕਰੀਬ ਆਸਟਰੇਲੀਆ ਦੀ ਵਾਈਟ ਆਸਟਰੇਲੀਆ ਪਾਲਿਸੀ ਪੂਰੀ ਤਰ੍ਹਾਂ ਖਤਮ ਹੋ ਗਈ ਸੀ ਤੇ ਦੁਨੀਆਂ ਦੇ ਬਾਕੀ ਦੇਸ਼ਾਂ ਤੋਂ ਇਧਰ ਨੂੰ ਵੀ ਮਾੜਾ ਮਾੜਾ ਪ੍ਰਵਾਸ ਸ਼ੁਰੂ ਹੋ ਗਿਆ ਸੀ। ਵੱਧ ਪ੍ਰਵਾਸ ਸਹੀ ਮਾਅਨਿਆਂ ਵਿੱਚ 1991 ਤੋਂ ਬਾਅਦ ਸ਼ੁਰੂ ਹੋਇਆ ਸੀ। 1992 ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਕਾਫੀ ਲੋਕ ਆਸਟਰੇਲੀਆ ਪਹੁੰਚ ਗਏ ਸਨ। ਬਹੁਤੇ ਪੜ੍ਹੇ ਲਿਖੇ ਉਦੋਂ ਸ਼ਾਇਦ 126 ਇੰਡੀਪੈਂਡੈਂਟ ਕੈਵੇਗਰੀ ਵਿੱਚ ਪੁਆਇੰਟ ਸਿਸਟਮ ਦੇ ਆਧਾਰ ਤੇ ਆਏ ਸਨ। ਹਰਭਗਵਾਨ ਵੀ ਇਸ ਸਾਲ ਹੀ ਪਰਿਵਾਰ ਸਮੇਤ ਸਿਡਨੀ ਪਹੁੰਚ ਗਿਆ ਸੀ। ਆਗਿਆਕਾਰ ਨੇ ਕਦੋਂ ਪਿੱਛੇ ਰਹਿਣਾ ਸੀ? ਆਫਟਰ ਆਲ ਉਹ ਹਰਭਗਵਾਨ ਦਾ ਸਾਢੂ ਸੀ। ਉਸ ਨੇ ਅਰਜ਼ੀ ਪਾਈ ਉਹ ਵੀ ਪਰਿਵਾਰ ਸਮੇਤ ਸਿਡਨੀ ਪਹੁੰਚ ਗਿਆ। ਸਾਢੂ ਆਪਸ ਵਿੱਚ ਘੱਟ ਹੀ ਬੋਲਦੇ ਹੁੰਦੇ ਸਨ। ਹਾਂ, ਭੈਣਾਂ ਇੱਕ ਦੂਜੀ ਨੂੰ ਗੁਰਦੁਆਰੇ ਅਕਸਰ ਮਿਲ ਲੈਂਦੀਆਂ ਸਨ। ਓਪਰਾ ਮੇਲ ਮਿਲਾਪ ਸੀ। ਅੰਦਰਲੀ ਗੱਲ ਸਾਢੂ ਤਾਂ ਕਦੀ ਕਰਦੇ ਹੀ ਨਹੀਂ। ਸਰਕਾਰ ਪ੍ਰਵਾਸੀ ਨੂੰ ਆਸਟਰੇਲੀਆ ਵਿੱਚ ਪਹੁੰਚਦੇ ਸਾਰ ਸੋਸ਼ਲ ਸਿਕਿਉਰਟੀ ਦੇ ਕੁਝ ਪੈਸੇ ਦੇ ਦਿੰਦੀ ਸੀ। ਇਹਨਾਂ ਨਾਲ ਛੋਟੇ ਘਰ ਦਾ ਕਿਰਾਇਆ ਤੇ ਰੋਟੀ ਦਾ ਖਰਚਾ ਪੂਰਾ ਹੋ ਜਾਂਦਾ ਸੀ। ਬਾਕੀ ਗੁਰੂ ਘਰ ਵਿੱਚ ਲੰਗਰ ਤਾਂ ਅਤੁੱਟ ਚੱਲਦਾ ਹੀ ਸੀ। ਦੋਹਾਂ ਸਾਢੂਆਂ ਤੇ ਭੈਣਾਂ ਨੇ ਸ਼ੁਰੂ ਵਿੱਚ ਕੋਈ ਨੌਕਰੀ ਲੈਣ ਲਈ ਹੱਥ ਪੈਰ ਮਾਰੇ ਪਰ ਚੱਜ ਨਾਲ ਗਲ ਨਾ ਬਣੀ। ਫਿਰ ਦੋਹਾਂ ਟੱਬਰਾਂ ਨੇ ਪੰਜਾਬ ਤੋਂ ਸਿਡਨੀ ਆਏ ਬਾਕੀ ਪੜ੍ਹੇ ਲਿਖੇ ਪ੍ਰਵਾਸੀਆਂ ਬਾਰੇ ਪਤਾ ਕੀਤਾ। ਉਹਨਾਂ ਵਿੱਚੋਂ ਕਈ ਗ੍ਰਿਫਤ ਸ਼ਹਿਰ ਵਿੱਚ ਜਾ ਕੇ ਫਲ ਸਬਜ਼ੀਆਂ ਤੋੜਨ ਦਾ ਕੰਮ ਕਰਨ ਲੱਗ ਪਏ ਸਨ। ਉਹਨਾਂ ਨਾਲ ਰਾਬਤਾ ਕਾਇਮ ਕਰਕੇ ਹਰਭਗਵਾਨ ਤਾਂ ਪਰਿਵਾਰ ਸਮੇਤ ਗ੍ਰਿਫਤ ਸ਼ਹਿਰ ਚਲਾ ਗਿਆ ਤੇ ਆਗਿਆਕਾਰ ਵੂਲਗੂਲਗਾ ਪਹੁੰਚ ਗਿਆ। ਪੰਜ ਛੇ ਮਹੀਨੇ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਇਹਨਾਂ ਕੋਲ ਗੁਜ਼ਾਰੇ ਜੋਗੇ ਪੈਸੇ ਹੋਣੇ ਸ਼ੁਰੂ ਹੋ ਗਏ। ਫਿਰ ਇਹਨਾਂ ਦੇ ਸਿਡਨੀ ਵੱਲ ਨੂੰ ਆਉਣ ਲਈ ਅੰਗ ਫਰਕਣ ਲੱਗ ਪਏ। ਹਰਭਗਵਾਨ ਨੇ ਰੇਲਵੇ ਵਿੱਚ ਸਟੇਸ਼ਨ ਅਟੈਂਡੈਂਟ ਲਈ ਅਰਜ਼ੀ ਪਾਈ ਕੰਮ ਆਸਾਨੀ ਨਾਲ ਬਣ ਗਿਐ ਤੇ ਉਹ ਇਸ ਜਾਬ ਤੇ ਲੱਗ ਗਿਆ। ਬੱਚੇ ਸਕੂਲਾਂ ਵਿੱਚ ਦਾਖਲ ਕਰਾ ਦਿੱਤੇ ਤੇ ਜ਼ਿੰਦਗੀ ਦੀ ਗੱਡੀ ਸੋਹਣੀ ਰਿੜ੍ਹ ਪਈ। ਸਕੂਲਾਂ ਵਿੱਚ ਪੀ ਆਰ ਪਰਿਵਾਰਾਂ ਦੇ ਬੱਚਿਆਂ ਦੀ ਫੀਸ ਨਹੀਂ ਸੀ। ਆਗਿਆਕਾਰ ਤੇ ਉਸਦੀ ਘਰਵਾਲੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸਨੇ ਸਿਕਿਉਰਟੀ ਦਾ ਕੋਰਸ ਕੀਤਾ ਤੇ ਉਹ ਏਅਰਪੋਰਟ ਤੇ ਸਿਕਿਉਰਟੀ ਗਾਰਡ ਲੱਗ ਗਿਆ। ਉਸ ਦੀ ਘਰਵਾਲੀ ਪਰਮਦੀਪ ਕੌਰ ਡਾਕਖਾਨੇ ਵਿੱਚ ਮੇਲ ਸੌਰਟਰ (mail sorter) ਲੱਗ ਗਈ। ਹਰਭਗਵਾਨ ਦੀ ਘਰਵਾਲੀ ਗੁਰਮੀਤ ਕੌਰ ਰੇਲਵੇ ਵਿੱਚ ਸਟੇਸ਼ਨ ਅਟੈਂਡੈਂਟ ਚੁਣੀ ਗਈ ਸੀ।
ਹੁਣ ਦੋਹਾਂ ਪਰਿਵਾਰਾਂ ਦਾ ਰੋਜ਼ ਦਾ ਕੰਮ ਇੱਕ ਦੂਜੇ ਬਾਰੇ ਸੂਹਾਂ ਲੈਣਾ ਸੀ। ਦੌੜ ਇਹ ਲੱਗੀ ਰਹਿੰਦੀ ਸੀ ਕਿ ਅੱਗੇ ਕੌਣ ਨਿਕਲਦਾ ਏ। ਦੋਹਾਂ ਪਰਿਵਾਰਾਂ ਦੇ ਚਾਰ ਹੀ ਪਰੋਢ ਜੀਆਂ ਦਾ ਸਾਰਾ ਜ਼ੋਰ ਵਧੀਆ ਤੋਂ ਵਧੀਆ ਰੈਜ਼ੂਮੇ ਤਿਆਰ ਕਰਨ ਤੇ ਲੱਗਾ ਰਹਿੰਦਾ ਸੀ। ਆਪਣੇ ਤੋਂ ਪਹਿਲਾਂ ਇਹਨਾਂ ਜਾਬਾਂ ਤੇ ਕੰਮ ਕਰਦੇ ਕਰਮਚਾਰੀਆਂ ਦੀ ਸਲਾਹ ਲੈਣੀ ਇਹਨਾਂ ਦਾ ਦੂਜਾ ਕੰਮ ਸੀ। ਯੂਨਿਟਾਂ ਰੂਪੀ ਛੋਟੇ ਘਰ ਦੋਹਾਂ ਪਰਿਵਾਰਾਂ ਨੇ ਨੌਕਰੀਆਂ ਮਿਲਦੇ ਸਾਰ ਹੀ ਖਰੀਦ ਲਏ ਸਨ। ਪੇਅ ਸਲਿਪ ਭਾਵੇਂ ਮਿੱਟੀ ਦੀ ਹੀ ਕਿਉਂ ਨਾ ਹੋਵੇ, ਕਰਜ਼ਾ ਲੈਣ ਵਿੱਚ ਜਾਦੂ ਦਾ ਕੰਮ ਕਰਦੀ ਏ। ਚੌਹਾਂ ਜੀਆਂ ਦਾ ਹੀ ਸ਼ਿਫਟ ਵਰਕ ਸੀ। ਬੱਚੇ ਤਾਂ ਆਏ ਹੀ ਕੁਝ ਵੱਡੇ ਹੋ ਕੇ ਸਨ। ਉਹ ਖੁਦ ਹੀ ਤਿਆਰ ਹੋ ਕੇ ਸਕੂਲਾਂ ਨੂੰ ਚਲੇ ਜਾਇਆ ਕਰਦੇ ਸਨ। ਬੱਚਿਆਂ ਦੀ ਚੋਣਵੇਂ ਸਕੂਲਾਂ ਵਿੱਚ ਜਾਣ ਦੀ ਉਮਰ ਪਹਿਲਾਂ ਹੀ ਲੰਘ ਚੁੱਕੀ ਸੀ। ਵੈਸੇ ਵੀ ਜੇ ਲੋਕ ਲੇਟ ਉਮਰ ਵਿੱਚ ਬਾਹਰ ਨੂੰ ਆਉਂਦੇ ਹਨ ਤਾਂ ਉਹਨਾਂ ਲਈ ਇਥੋਂ ਦੇ ਸਰਕਾਰੀ ਸਕੂਲ ਵੀ ਭਾਰਤ ਦੇ ਸਭ ਕਿਸਮ ਦੇ ਸਕੂਲਾਂ ਤੋਂ ਉੱਪਰ ਲੱਗਦੇ ਰਹਿੰਦੇ ਹਨ। ਭਾਰਤੀ ਅਕਸਰ ਇਹੀ ਦੇਖਦੇ ਹਨ ਕਿ ਬੱਚਾ ਅੰਗਰੇਜ਼ੀ ਕਿੱਥੇ ਵੱਧ ਬੋਲਦਾ ਏ। ਜਦ ਬੱਚੇ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਆ ਗਏ ਤਾਂ ਪੜ੍ਹਾਈ ਦੇ ਮਿਆਰ ਵੱਲ ਪੰਜਾਬੀ ਘੱਟ ਹੀ ਧਿਆਨ ਹੀ ਦਿੰਦੇ ਹਨ ।ਪੰਜਾਬੀਆਂ ਲਈ ਪਟਰ ਪਟਰ ਅੰਗਰੇਜ਼ੀ ਬੋਲਣਾ ਹੀ ਸਭ ਤੋਂ ਵੱਡਾ ਸਟੈਂਡਰਡ ਹੈ। ਹਰਭਗਵਾਨ ਦੇ ਮੁੰਡੇ ਜਸਰਾਜ ਦਾ ਨਾਮ ਹੁਣ ਜੇਸਨ ਚਲਦਾ ਸੀ। ਕੁੜੀ ਜਸਕਿਰਨ ਕੌਰ ਦਾ ਗੋਰਿਆਂ ਜਿਹਾ ਨਾਮ ਜੈਸੀਕਾ ਚਲਦਾ ਸੀ। ਆਗਿਆਕਾਰ ਦੀ ਲੜਕੀ ਕੁਲਵਿੰਦਰ ਦਾ ਛੋਟਾ ਨਾਮ ਕਾਇਲੀ ਤੇ ਮੁੰਡੇ ਹਰਪ੍ਰੀਤ ਦਾ ਛੋਟਾ ਨਾਮ ਹੈਰੀ ਚੱਲਦਾ ਸੀ।
ਆਗਿਆਕਾਰ ਦੀ ਹਰ ਸਮੇਂ ਇਹੀ ਕੋਸ਼ਿਸ਼ ਸੀ ਕਿ ਰੇਲਵੇ ਦੇ ਸਟੇਸ਼ਨ ਅਟੈਂਡੈਂਟ ਦੀ ਜਾਬ ਤੱਕ ਪਹੁੰਚੇ। ਗਾਰਡ ਤੱਕ ਪਹੁੰਚਣਾ ਅਜੇ ਦੂਰ ਦੀ ਗੱਲ ਲੱਗਦੀ ਸੀ। ਦੋ ਕੁ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਉਹ ਇਹ ਜਾਬ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ। ਹਰਭਗਵਾਨ ਉਸ ਤੋਂ ਅੱਗੇ ਹੀ ਰਹਿਣਾ ਚਾਹੁੰਦਾ ਸੀ। ਉਸਨੇ ਗਾਰਡ ਦੀ ਜਾਬ ਦੀ ਦੋ ਕੁ ਵਾਰ ਕੋਸ਼ਿਸ਼ ਕੀਤੀ। ਆਖਰ ਉਹ ਬਣ ਗਿਆ। ਆਗਿਆਕਾਰ ਹੁਣ ਗਾਰਡ ਬਣਨ ਲਈ ਤਰਲੋ ਮੱਛੀ ਸੀ ਤੇ ਹਰਭਗਵਾਨ ਟਰੇਨ ਡਰਾਈਵਰ ਬਣਨ ਲਈ ਲੂਹਰੀਆਂ ਲੈਂਦਾ ਸੀ। ਇਹ ਕਸ਼ਮਕਸ਼ ਦੋ ਤਿੰਨ ਸਾਲ ਚਲਦੀ ਰਹੀ। ਪਰਮਦੀਪ ਡਾਕਖਾਨੇ ਤੋਂ ਛੁਟਕਾਰਾ ਪਾ ਕੇ ਰੇਲਵੇ ਵਿੱਚ ਸਟੇਸ਼ਨ ਅਟੈਂਡੈਂਟ ਬਣ ਕੇ ਓਵਰ ਟਾਈਮ ਲਗਾਉਣ ਨੂੰ ਝੂਰਦੀ ਸੀ ਤੇ ਗੁਰਮੀਤ ਤਾਂ ਹੁਣ ਤਕਰੀਬਨ ਟ੍ਰੇਨ ਗਾਰਡ ਬਣਨ ਹੀ ਵਾਲੀ ਸੀ।
ਉੱਧਰ ਬੱਚਿਆਂ ਦੀ ਖਿੱਚ ਹੈਚ. ਐਸ. ਸੀ. ਦੀਆਂ ਪ੍ਰੀਖਿਆਵਾਂ ਵਿੱਚੋਂ ਚੰਗੇ ਤੋਂ ਚੰਗੇ ਨੰਬਰ ਲੈਣ ਦੀ ਦੌੜ ਵੀ ਚੱਲ ਰਹੀ ਸੀ। ਇਹਨਾਂ ਦਾ ਡਾਕਟਰੀ ਦੀ ਪੜ੍ਹਾਈ ਵੱਲ ਜਾਣਾ ਤਾਂ ਮੁਸ਼ਕਿਲ ਸੀ। ਕਿਉਂਕਿ ਇਹਨਾਂ ਦਾ ਆਧਾਰ ਓਨਾਂ ਮਜਬੂਤ ਨਹੀਂ ਸੀ। ਹਰਭਗਵਾਨ ਦੀ ਲੜਕੀ ਫਾਰਮੇਸੀ ਤੱਕ ਪਹੁੰਚ ਗਈ। ਲੜਕਾ ਅਜੇ ਹੈਚ. ਐਸ. ਸੀ. ਵਿੱਚ ਹੀ ਸੀ। ਆਗਿਆਕਾਰ ਦਾ ਲੜਕਾ ਬਿਜਨਸ ਦੀ ਡਿਗਰੀ ਕਰਨ ਲੱਗ ਪਿਆ ਸੀ। ਉਹ ਵੀ ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ। ਉਸਨੂੰ ਹਰ ਵੇਲੇ ਇਹ ਤੌਖਲਾ ਸੀ ਕਿ ਹਰਭਗਵਾਨ ਦੀ ਕੁੜੀ ਫਾਰਮੇਸੀ ਵਿੱਚ ਚਲੀ ਗਈ। ਉਹ ਵੀ ਸਿਡਨੀ ਯੂਨੀਵਰਸਿਟੀ ਵਿੱਚ। ਸਿਡਨੀ ਯੂਨੀਵਰਸਿਟੀ ਚੰਗੀਆਂ ਵਿੱਚ ਗਿਣੀ ਜਾਂਦੀ ਸੀ ਤੇ ਵੈਸਟਰਨ ਸਿਡਨੀ ਕੁਝ ਮਾੜੀਆਂ ਵਿੱਚ। ਆਗਿਆਕਾਰ ਦੀ ਕੋਸ਼ਿਸ਼ ਸੀ ਕਿ ਉਸਦੀ ਲੜਕੀ ਸਿਡਨੀ ਯੂਨੀਵਰਸਿਟੀ ਵਿੱਚ ਜਾਵੇ ਜਾਂ ਫਿਰ ਯੂ. ਟੀ. ਐਸ ਵਿੱਚ। ਹਰਭਗਵਾਨ ਵੀ ਹਰ ਸਮੇਂ ਆਪਣੇ ਲੜਕੇ ਲਈ ਯੂ. ਟੀ. ਐਸ ਦੀ ਕਲਪਨਾ ਕਰਕੇ ਰੱਖਦਾ ਸੀ। ਹੋ ਗਿਆ ਦੋਹਾਂ ਲਈ ਮਾੜਾ। ਦੋਹਾਂ ਦੇ ਦੋਨੋਂ ਛੋਟੇ ਬੱਚੇ ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ ਹੀ ਦਾਖਲਾ ਲੈਣ ਦੇ ਯੋਗ ਹੋ ਸਕੇ। ਇਹ ਮੈਨੂੰ ਯਾਦ ਨਹੀਂ ਉਹਨਾਂ ਨੇ ਕੀ ਕੀ ਕੋਰਸ ਕੀਤੇ ਸਨ। ਖੈਰ ਚਾਰੇ ਬੱਚੇ ਡਿਗਰੀਆਂ ਪ੍ਰਾਪਤ ਕਰਕੇ ਸੋਹਣੀਆਂ ਨੌਕਰੀਆਂ ਤੇ ਲੱਗ ਗਏ। ਜਸਰਾਜ ਉਰਫ ਜੇਸਨ ਨੇ ਇਟੈਲੀਅਨ ਨਾਲ ਵਿਆਹ ਕਰਵਾ ਲਿਆ। ਕਾਇਲੀ ਇੱਕ ਗੋਰੇ ਨਾਲ ਰਹਿਣ ਲਈ ਜ਼ਿਦ ਕਰ ਗਈ। ਵਿਆਹਾਂ ਵਾਸਤੇ ਦੋਹਾਂ ਸਾਢੂਆਂ ਨੂੰ ਆਪਣੀ ਹਾਰ ਮੰਨਣੀ ਪਈ। ਦੋਹਾਂ ਦੀ ਇੱਛਾ ਸੀ ਕਿ ਬੱਚੇ ਆਪਣੀ ਜਾਤ ਬਰਾਦਰੀ ਵਿੱਚ ਚੰਗੇ ਪਰਿਵਾਰਾਂ ਨਾਲ ਆਪਣਾ ਰਿਸ਼ਤਾ ਗੰਢਣ। ਪ੍ਰੰਤੂ ਇੱਥੇ ਇਹ ਦੋਨੋਂ ਕਾਮਯਾਬ ਨਾ ਹੋ ਸਕੇ।
ਹੁਣ ਦੋਵਾਂ ਸਾਢੂਆਂ ਦੀਆਂ ਉਮਰਾਂ 70 ਦੇ ਕਰੀਬ ਹੋ ਗਈਆਂ ਸਨ। ਜਾਬਾਂ ਚੋਂ ਦੋਨੋਂ ਸੇਵਾ ਮੁਕਤ ਹੀ ਨਾ ਹੋਣ। ਸੋਚੀ ਜਾਣ ਜਿਹੜਾ ਸੇਵਾ ਮੁਕਤ ਹੋਊ ਉਹ ਹਾਰਿਆ ਹੋਇਆ ਸਮਝਿਆ ਜਾਊ ਜਾਂ ਇਹ ਕਹੋ ਕਿ ਡਾਲਰਾਂ ਦੀ ਘਾਟ ਦੋਹਾਂ ਤੋਂ ਹੀ ਨਹੀਂ ਸਹਾਰੀ ਜਾਂਦੀ ਸੀ। ਕੁਝ ਸਾਲ ਪਹਿਲਾਂ ਮੇਰੇ ਕੈਨੇਡਾ ਜਾਣ ਤੋਂ ਪਹਿਲਾਂ ਦੋਹਾਂ ਪਾਸ ਸੋਹਣੇ ਘਰ ਸਨ। ਹਰਭਗਵਾਨ ਪਾਸ 5 ਕਮਰਿਆਂ ਵਾਲਾ ਘਰ ਕੁਏਕਰਜ ਹਿੱਲ ਵਿੱਚ ਸੀ। ਉਸਨੇ ਦੋ ਕੁ ਘਰ ਹੋਰ ਲੈ ਕੇ ਕਿਰਾਏ ਤੇ ਵੀ ਦਿੱਤੇ ਹੋਏ ਸਨ। ਉਹ ਅਜੇ ਬੈਲਾ ਵਿਸਟਾ (Bella Vista) ਵੱਲ ਨੂੰ ਵਧਣਾ ਚਾਹੁੰਦਾ ਸੀ। ਆਗਿਆਕਾਰ ਅਜੇ ਪਲੰਪਟਨ (Plumpton) ਵਿੱਚ ਪੰਜ ਕਮਰਿਆਂ ਦੇ ਘਰ ਵਿੱਚ ਰਹਿੰਦਾ ਸੀ। ਉਹ ਝੂਰਦਾ ਤਾਂ ਬੌਖਮ ਹਿਲ (Baulkham) ਵਿੱਚ ਵੱਡਾ ਘਰ ਲੈਣ ਬਾਰੇ ਸੀ। ਪਰ ਸਫਲ ਨਹੀਂ ਸੀ ਹੋ ਰਿਹਾ। ਉਸ ਨੇ ਵੈਸੇ ਇੱਕ ਦੋ ਕਮਰਾ ਘਰ ਲੈ ਕੇ ਕਿਰਾਏ ਤੇ ਦਿੱਤਾ ਹੋਇਆ ਸੀ। ਦੋਨੋਂ ਸਾਢੂਆਂ ਦੀ ਕੋਸ਼ਿਸ਼ ਹੁੰਦੀ ਸੀ ਕਿ ਨਵਾਂ ਖਰੀਦਿਆ ਘਰ ਚਾਰ ਕੁ ਸਾਲ ਬਾਅਦ ਵੇਚ ਕੇ ਉਸ ਵਿੱਚੋਂ ਕੁਝ ਨਫਾ ਕਮਾ ਕੇ ਅੱਗੇ ਹੋਰ ਇੱਕ ਘਰ ਲੈ ਲਿਆ ਜਾਵੇ ਤੇ ਉਹ ਕਿਰਾਏ ਤੇ ਦੇ ਦਿੱਤਾ ਜਾਵੇ। ਘਰਾਂ ਨੂੰ ਵੇਚ ਵੇਚ ਕੇ ਹਰ ਭਗਵਾਨ ਤਾਂ ਬੈਲਾ ਵਿਸਟਾ ਵਿੱਚ ਕਾਫੀ ਸ਼ਾਹੀ ਘਰ ਲੈਣ ਵਿੱਚ ਕਾਮਯਾਬ ਹੋ ਗਿਆ ਸੀ। ਪ੍ਰੰਤੂ ਆਗਿਆਕਾਰ ਪਲੰਪਟਨ ਤੋਂ ਅੱਗੇ ਨਾ ਵਧ ਸਕਿਆ। ਇਸ ਤੋਂ ਬਾਅਦ ਮੇਰਾ ਇਹਨਾਂ ਪਰਿਵਾਰਾਂ ਨਾਲ ਕਾਫੀ ਲੰਬਾ ਸਮਾਂ ਨਾਤਾ ਟੁੱਟਿਆ ਰਿਹਾ ਕਿਉਂਕਿ ਮੈਂ ਦੂਸਰੇ ਦੇਸ਼ ਚਲਾ ਗਿਆ ਸਾਂ।
--------------------------------------------
ਪਿਛਲੇ ਸਾਲ ਵਿਸਾਖੀ ਦੇ ਮੇਲੇ ਤੇ ਲੋਕਾਂ ਦਾ ਕਾਫੀ ਇਕੱਠ ਸੀ। ਮੈਂ ਵੀ ਮੇਲੇ ਵਿੱਚ ਗਿਆ ਹੋਇਆ ਸਾਂ।
"ਅੰਕਲ ਜੀ, ਸਤਿ ਸ੍ਰੀ ਅਕਾਲ!"
"ਸਤਿ ਸ੍ਰੀ ਅਕਾਲ, ਬੇਟੇ! ਤੂੰ ਤਾਂ ਹਰਭਗਵਾਨ ਦਾ ਲੜਕਾ ਲੱਗਦਾ ਏਂ। ਕਾਫੀ ਵੱਡਾ ਹੋ ਗਿਆ। ਮੈਂ ਵੱਧ ਧਿਆਨ ਲਗਾ ਕੇ ਪਛਾਣਿਆ ਏ ਤੈਨੂੰ।"
"ਅੰਕਲ, ਮੈਂ ਜਸਰਾਜ ਹਾਂ। ਤੁਸੀਂ ਕਿਸੇ ਵੇਲੇ ਸਾਡੇ ਘਰ ਆਉਂਦੇ ਹੁੰਦੇ ਸੀ। ਉਦੋਂ ਮੈਂ 12 ਕੁ ਸਾਲ ਦਾ ਸਾਂ।"
"ਹਾਂ, ਬੇਟੇ। ਮੰਮ ਡੈਡ ਦਾ ਕੀ ਹਾਲ ਏ?"
"ਅੰਕਲ ਡੈਡ ਤਾਂ ਪੂਰੇ ਹੋ ਗਏ ਸਨ। ਮੰਮੀ ਜੀ ਠੀਕ ਹਨ।"
"ਸੱਚੀਂ?"
"ਜੀ ਹਾਂ, ਕਿਡਨੀਆਂ ਦੇ ਮਰੀਜ਼ ਸਨ। ਸਾਲ ਕੁ ਡਾਇਲਾਈਸਸ ਤੇ ਰਹੇ ਤੇ ਫਿਰ ਪੂਰੇ ਹੋ ਗਏ। ਮਾਸੜ ਜੀ ਉਹਨਾਂ ਤੋਂ ਦੋ ਸਾਲ ਪਹਿਲਾਂ ਪੂਰੇ ਹੋ ਗਏ ਸਨ।"
"ਬੇਟੇ, ਤੂੰ ਤਾਂ ਹੈਰਾਨ ਕਰਨ ਵਾਲੀ ਜਾਣਕਾਰੀ ਦੇ ਦਿੱਤੀ। ਮੈਂ ਤਾਂ ਸੱਤ ਸਾਲ ਬਾਅਦ ਕੈਨੇਡਾ ਤੋਂ ਮੁੜਿਆ ਹਾਂ। ਇਹ ਸਭ ਕੁਝ ਮੇਰੇ ਪਿੱਛੇ ਵਾਪਰ ਗਿਐ। ਬਹੁਤ ਮਾੜਾ ਹੋਇਆ। ਦੋਹਾਂ ਦੀ ਉਮਰ ਮਸਾ 75 ਕੁ ਸਾਲ ਹੀ ਸੀ। ਤੇਰੇ ਮਾਸੜ ਨੂੰ ਕੀ ਹੋ ਗਿਆ ਸੀ?"
"ਮਾਸੜ ਤਾਂ 70 ਦਾ ਸੀ ਤੇ ਡੈਡ 72 ਦਾ। ਮਾਸੜ ਨੂੰ ਦਿਲ ਦਾ ਦੌਰਾ ਪਿਆ ਸੀ।"
"ਤੁਹਾਡੇ ਪਿੰਡ ਵਾਲੇ ਬਜ਼ੁਰਗ?"
"ਬਾਬਾ ਜੀ ਅਜੇ ਵੀ ਠੀਕ ਹਨ। 91 ਸਾਲ ਦੇ ਹਨ। ਦਾਦੀ ਪੂਰੀ ਹੋ ਗਈ ਸੀ।"
"ਕਦੀ ਮਿਲਣ ਵੀ ਗਏ ਹੋ?"
"ਛੇ ਸਾਲ ਪਹਿਲਾਂ ਗਏ ਸਾਂ।"
"ਤੁਸੀਂ ਜਾਂ ਤੁਹਾਡੇ ਮਾਸੜ ਦਾ ਟੱਬਰ ਵੀ?"
"ਸਾਰਿਆਂ ਨੇ ਜਾਣਾ ਸੀ। ਕਿਉਂਕਿ ਨਾਨਕਿਆਂ ਵਿੱਚ ਵਿਆਹ ਸੀ।"
"ਕਿਹਦਾ?"
"ਸਾਡੇ ਘਰ ਮਾਮੇ ਦੇ ਲੜਕੇ ਦਾ।"
"ਉੱਥੇ ਕਿਵੇਂ ਰਿਹਾ?"
"ਦਾਦਾ ਜੀ ਤਾਂ ਡੈਡੀ ਨੂੰ ਮਿਲਣ ਲੱਗੇ ਫੁੱਟ ਫੁੱਟ ਕੇ ਰੋ ਪਏ ਸੀ। ਬਾਕੀ ਸਭ ਤਾਂ ਠੀਕ ਰਿਹਾ ਸੀ। ਪਰ ਡੈਡ ਤੇ ਮਾਸੜ ਉੱਥੇ ਵੀ ਚੰਗਾ ਜਲੂਸ ਕੱਢ ਕੇ ਆਏ ਸਨ। ਉਦੋਂ ਸਿਹਤ ਦੋਹਾਂ ਦੀ ਠੀਕ ਸੀ।"
"ਕੀ ਹੋ ਗਿਆ ਸੀ?"
"ਵਿਆਹ ਤੇ ਗਾਣੇ ਵਾਲੀ ਆਈ ਹੋਈ ਸੀ। ਮਾਸੜ ਨੇ ਪੰਗਾ ਲੈ ਲਿਆ ਸਾਡੇ ਨਾਲ। ਦੋ ਕੁ ਵਾਰ 100 100 ਦੇ ਨੋਟ ਗਾਣੇ ਵਾਲੀ ਵੱਲ ਨੂੰ ਕਰ ਦਿੱਤੇ। ਡੈਡੀ ਨੇ ਜੋਸ਼ ਵਿੱਚ ਆ ਕੇ ਪੰਜ-ਪੰਜ ਸੌ ਦੇ ਨੋਟਾਂ ਦੀ ਥੱਦੀ ਗਾਣੇ ਵਾਲੀ ਵੱਲ ਨੂੰ ਸੁੱਟ ਦਿੱਤੀ। ਗਾਣੇ ਵਾਲੀ ਕਦੀ ਇੱਧਰ ਨੂੰ ਨੋਟ ਚੁੱਕਣ ਦੌੜੇ ਤੇ ਕਦੀ ਉੱਧਰ ਨੂੰ। ਪੀਤੀ ਦੋਹਾਂ ਦੀ ਬਥੇਰੀ ਸੀ। ਡੈਡੀ ਤੋਂ ਕਹਿ ਹੋ ਗਿਆ 'ਨਿੱਤਰ ਉਏ ਮੈਦਾਨ ਵਿੱਚ ਭੂਤਨੀ ਦਿਆ।' ਮਾਸੜ ਡੈਡੀ ਵੱਲ ਨੂੰ ਵਧਿਆ। ਲੋਕਾਂ ਨੇ ਦੋਹਾਂ ਨੂੰ ਫੜ ਲਿਆ। ਹੱਥੋ ਪਾਈ ਮਸਾਂ ਮਸਾਂ ਬਚੀ। ਮਾਮੇ ਦੇ ਮੁੰਡੇ ਭਿੰਦੇ ਨੇ ਬਹੁਤ ਵਧੀਆ ਰੋਲ ਅਦਾ ਕੀਤਾ। ਪੰਡਾਲ ਵਿੱਚ ਦਬੀੜਾਂ ਲੱਗ ਗਈਆਂ। ਕੁਰਸੀਆਂ ਉਲਟ ਦੀਆਂ ਫਿਰਨ। ਗਲਾਸੀਆਂ ਤੇ ਸੋਢੇ ਦੀਆਂ ਬੋਤਲਾਂ ਕੀਚਰਾਂ ਕੀਚਰਾਂ ਹੋ ਗਈਆਂ।"
"ਫਿਰ ਤਾਂ ਬਹੁਤ ਮਾੜੀ ਹੋਈ ਬੇਟੇ। ਰੁੱਖੇ ਰੁੱਖੇ ਤਾਂ ਪਹਿਲਾਂ ਵੀ ਰਹਿੰਦੇ ਹੁੰਦੇ ਸੀ। ਪਰ ਕਦੀ ਹੱਥੋ ਪਾਈ ਤੱਕ ਗੱਲ ਨਹੀਂ ਸੀ ਪਹੁੰਚੀ। ਫਿਰ ਸਿਡਨੀ ਵਾਪਸ ਆ ਕੇ ਠੀਕ ਰਹੇ?"
"ਇੱਥੇ ਤਾਂ ਠੀਕ ਸਨ। ਜਦ ਬਿਮਾਰ ਹੋਏ ਉਦੋਂ ਵੀ ਟੱਬਰ ਘੱਟ ਹੀ ਮਿਲੇ। ਆਣਾ ਜਾਣਾ ਘੱਟ ਹੀ ਸੀ। ਨਾਲੇ ਮਾਸੜ ਤਾਂ ਅਚਾਨਕ ਹੀ ਪੂਰਾ ਹੋ ਗਿਆ ਸੀ। ਹਾਂ, ਮੰਮੀ ਤੇ ਅਸੀਂ ਕਦੀ ਕਦੀ ਗੁਰਦੁਆਰੇ ਮਿਲਦੇ ਰਹਿੰਦੇ ਸਾਂ।"
"ਕ੍ਰੀਮੇਸ਼ਨ (Cremation) ਵੇਲੇ?"
"ਸਿੱਧੇ ਕ੍ਰੀਮੇਸ਼ਨ ਗਰਾਊਂਡ ਗਏ ਸਾਂ। ਘਰੇ ਨਹੀਂ ਗਏ। ਕ੍ਰੀਮੇਸ਼ਨ ਵੇਲੇ ਵੀ ਜਿੱਤ ਸਾਡੀ ਹੀ ਹੋਈ ਸੀ।"
"ਦਾਗਾਂ ਵੇਲੇ ਜਿੱਤ? ਇਸ ਦਾ ਕੀ ਮਤਲਬ?"
"ਸਾਡੀ ਤੇ ਮਾਸੜ ਜੀ ਦੀ ਤਕਰੀਬਨ 35 ਸਾਲ ਤੋਂ ਦੌੜ ਲੱਗੀ ਹੋਈ ਸੀ। ਕਦੀ ਕਦੀ ਉਹ ਸਮਝਣ ਉਹ ਜਿੱਤ ਗਏ ਅਸੀਂ ਹਾਰ ਗਏ ਤੇ ਕਦੀ ਅਸੀਂ ਸਮਝੀਏ ਅਸੀਂ ਜਿੱਤ ਗਏ ਤੇ ਉਹ ਹਾਰ ਗਏ। ਬਾਹਰ ਨੂੰ ਦੌੜਨ ਵੇਲੇ ਵੀ, ਇਸ ਦੇਸ਼ ਵਿੱਚ ਸੈਟ ਹੋਣ ਵੇਲੇ ਵੀ, ਗ੍ਰਿਫਤ ਤੋਂ ਸਿਡਨੀ ਵੱਲ ਨੂੰ ਦੌੜਨ ਵੇਲੇ ਵੀ, ਨੌਕਰੀਆਂ ਲੱਭਣ ਵੇਲੇ ਵੀ, ਘਰ ਖਰੀਦਣ ਵੇਲੇ ਵੀ, ਵੱਡੇ ਘਰ ਬਣਾਉਣ ਵੇਲੇ ਵੀ, ਮਾੜੇ ਰਿਹਾਇਸ਼ੀ ਇਲਾਕਿਆਂ ਤੋਂ ਚੰਗੇ ਰਿਹਾਇਸ਼ੀ ਇਲਾਕਿਆਂ ਵੱਲ ਨੂੰ ਦੌੜਨ ਵੇਲੇ ਵੀ, ਬੱਚਿਆਂ ਦੀ ਪੜ੍ਹਾਈ ਵੇਲੇ ਵੀ, ਬੱਚਿਆਂ ਨੂੰ ਸੈੱਟ ਕਰਨ ਵੇਲੇ ਵੀ, ਪੰਜਾਬ ਦੇ ਗੇੜੇ ਮਾਰਨ ਵੇਲੇ ਵੀ, ਦੁਨੀਆਂ ਦਾ ਟੂਰ ਲਗਾਉਣ ਵੇਲੇ ਵੀ, ਕਾਰਾਂ ਖਰੀਦਣ ਵੇਲੇ ਵੀ, ਦੂਰ ਮੰਜਲੇ ਵਿਆਹਾਂ (destination weddings) ਦੀ ਰਿਸੈਪਸ਼ਨ ਕਰਨ ਵੇਲੇ ਵੀ ਤੇ ਹੋਰ ਵੀ ਅਨੇਕਾਂ ਵਾਰੀ। ਜੇ ਉਹ ਜਸਲੀਨ ਦੀ destination wedding ਲਈ ਮਸਾਂ ਫਿਜ਼ੀ ਗਏ ਤਾਂ ਅਸੀਂ ਮੇਰੇ ਵਿਆਹ ਤੇ ਇਟਲੀ ਗਏ ਸਾਂ।"
"ਬੇਟੇ, ਬਾਕੀ ਤਾਂ ਸਭ ਠੀਕ ਏ। ਆਹ ਮੌਤ ਸਮੇਂ ਦਾਗ ਦੇਣ ਵੇਲੇ ਤੁਹਾਡੀ ਜਿੱਤ ਦਾ ਮਤਲਬ ਮੈਂ ਨਹੀਂ ਸਮਝਿਆ?"
"ਅੰਕਲ, ਤੁਸੀਂ ਦੱਸੋ ਅੱਜ ਕੱਲ ਕਿਹੜਾ ਪੰਜਾਬੀ ਟੁੱਟੇ ਜਿਹੇ ਸ਼ਮਸ਼ਾਨ ਘਾਟ ਵਿੱਚ ਮੁਰਦੇ ਨੂੰ ਫੂਕਦਾ ਏ। ਅਸੀਂ ਆਪਣੇ ਡੈਡ ਦੇ ਦਾਗ ਕੈਸਲਬਰੁਕ ਦੇ ਕ੍ਰੀਮੇਟੋਰੀਅਮ (crematorium) ਵਿੱਚ ਦਿੱਤੇ। ਇਸ ਸ਼ਮਸ਼ਾਨ ਘਾਟ ਨੂੰ ਦੇਖ ਕੇ ਬੰਦੇ ਦੀ ਭੁੱਖ ਲਹਿੰਦੀ ਏ। ਇਹ ਸਵਰਗਾਂ ਦਾ ਬਾਗ (Garden of Eden) ਲੱਗਦਾ ਏ। ਫੁੱਲਾਂ ਦੀਆਂ ਕਿਆਰੀਆਂ ਨਾਲ ਭਰਿਆ ਪਿਆ ਏ ਸਾਰਾ ਖੁੱਲਾ ਡੁੱਲਾ ਇਲਾਕਾ (No parking problem)। ਕਾਮੇ ਹਰ ਸਮੇਂ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਹੀ ਰਹਿੰਦੇ ਹਨ। ਡੈਡ ਦੇ ਦਾਗਾਂ ਦੀ ਲਾਈਵ ਸਟਰੀਮਿੰਗ ਵੀ ਚੱਲੀ ਸੀ। ਵੀਡੀਓ ਵਾਲੇ ਚੰਗੇ ਪੈਸੇ ਲੈ ਗਏ ਸਨ। ਦੂਜੇ ਪਾਸੇ ਮਾਸੜ ਦਾ ਸੁਣ ਲਓ। ਦਾਗ ਪਲੰਪਟਨ (Plumpton) ਤੋਂ ਪਰ੍ਹੇ ਕਿਤੇ ਟੁੱਟੇ ਜਿਹੇ ਸ਼ਮਸ਼ਾਨ ਘਾਟ ਵਿੱਚ ਦਿੱਤੇ। ਕਹਿੰਦੇ ਕ੍ਰੀਮੇਟੋਰੀਅਮ ਵੀ ਪੁਰਾਣਾ ਜਿਹਾ ਸੀ। ਬੈਠਣ ਲਈ ਹਾਲ ਵੀ ਘਟੀਆ ਜਿਹਾ। ਹੋਰ ਤਾਂ ਹੋਰ ਸਾਲਿਆਂ ਤੋਂ ਲਾਈਵ ਸਟਰੀਮਿੰਗ ਵੀ ਨਹੀਂ ਕਰਵਾ ਹੋਈ। ਉਦਾਂ ਦੇ ਸ਼ਮਸ਼ਾਨ ਤੋਂ ਤਾਂ ਬੰਦਾ ਨਰਕਾਂ ਨੂੰ ਹੀ ਜਾਊ, ਅੰਕਲ ਜੀ। ਅਸੀਂ ਡੈਡ ਦਾ ਘਰ ਠਾਠ ਨਾਲ ਭੋਗ ਪਾਇਆ। ਮਾਸੜ ਦਾ ਕੰਮ ਗੁਰਦੁਆਰੇ ਹੀ ਨਿਬੇੜ ਆਏ। ਆਖਰਕਾਰ ਵੀ ਸਾਡੀ ਹੀ ਜਿੱਤ ਹੋਈ।ਸਾਡੇ ਘਰ ਇਸ ਜਿੱਤ ਦੀਆਂ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਹਨ।"
ਮੈਂ ਮੁੰਡੇ ਦਾ ਆਖਰੀ ਜਿੱਤ ਵਾਲਾ ਵਿਚਾਰ ਸੁਣ ਕੇ ਹੈਰਾਨ ਰਹਿ ਗਿਆ। ਸਾਡੇ ਸੱਭਿਆਚਾਰ ਵਿੱਚ ਸਾਢੂ ਜਿਹੇ ਰਿਸ਼ਤੇ ਕਈ ਐਸੇ ਹਨ ਜਿਹੜੇ ਕਦਮ ਕਦਮ ਤੇ ਜਿੱਤ ਹਾਰ ਤਲਾਸ਼ ਦੇ ਰਹਿੰਦੇ ਹਨ। ਵਾਹਿਗੁਰੂ! ਵਾਹਿਗੁਰੂ!! ਟੇਢੀ ਲੱਕੜੀ ਨੂੰ ਸ਼ਾਇਦ ਅੱਗ ਹੀ ਸਿੱਧਾ ਕਰਦੀ ਏ!!
(ਬੇਈ) ਮਾਨ ਸਾਹਿਬ - ਅਵਤਾਰ ਐਸ. ਸੰਘਾ
(ਪਾਤਰ ਪ੍ਰਧਾਨ ਕਹਾਣੀ)
ਭਾਰਤ ਵਿੱਚ ਚਲ ਰਹੇ ਕਿਸਾਨ ਅੰਦੋਲਨ ਨੂੰ ਅਸਫਲ ਕਰਨ ਲਈ ਕਈ ਪ੍ਰਕਾਰ ਦੇ ਸਰਕਾਰੀ ਵਿਅਕਤੀਆਂ ਨੇ ਵਿਚੋਲਗਿਰੀ ਕਰਨ ਦੀ ਕੋਸ਼ਿਸ਼ ਕੀਤੀ। ਸਿਆਸੀ ਪਾਰਟੀਆਂ ਨੇ ਵੀ ਆਪਣੇ ਨੰਬਰ ਬਣਾਉਣ ਲਈਸਾਰਾ ਜ਼ੋਰ ਲਗਾਇਆ। ਕੁਝ ਹੋਰ ਸਰਕਾਰੀ ਵਿਅਕਤੀ ਵੀ ਸਨ ਜਿਨ੍ਹਾਂ ਨੇ ਕਿਸਾਨਾ ਨੂੰ ਮੂਰਖ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਕਿਸਾਨ ਇੰਨੇ ਜ਼ਿਆਦਾ ਨਿਰਪੱਖ ਰਹੇ ਕਿ ਉਨ੍ਹਾਂ ਨੇ ਇਨ੍ਹਾਂ ਸਿਆਸੀ ਬੰਦਿਆਂ ਨੂੰ ਘਾਹ ਨਹੀਂ ਪਾਇਆ ਤੇ ਇਨ੍ਹਾਂ ਨੂੰ ਸਰਕਾਰ ਦੇ ਕੌਲੀ ਚੱਟ ਕਹਿ ਕੇ ਦਿਰਕਾਰ ਦਿੱਤਾ। ਇਨ੍ਹਾਂ ਕੌਲੀ ਚੱਟਾਂ ਤੋਂ ਮੈਨੂੰ ਪੰਜਾਬ ਵਿੱਚ ਆਪਣੇ ਇਲਾਕੇ ਦੇ ਇੱਕ ਕਾਲਜ ਦਾ ਕੌਲੀ ਚੱਟ ਯਾਦ ਆ ਗਿਆ।
ਨਾਮ ਸੀ ਉਸਦਾ ਕਸ਼ਮੀਰਾ ਸਿੰਘ ਮਾਨ (ਜਾਅਲੀ ਨਾਮ) ਪਰ ਬਹੁਤੇ ਬੰਦੇ ਉਸਨੂੰ ਉਸਦੀ ਪਿੱਠ ਪਿੱਛੇ ਬੇਈਮਾਨ ਸਾਹਿਬ ਹੀ ਕਹਿ ਕੇ ਬੁਲਾਇਆ ਕਰਦੇ ਸਨ। ਜੇ ਉਸਨੂੰ '(ਬੇਈ)ਮਾਨ ਸਾਹਿਬ' ਲਿਖ ਲਿਆ ਜਾਵੇ ਤਾਂ ਵੱਧ ਢੁੱਕਵਾਂ ਹੋਵੇਗਾ। ਇੰਜ ਲਿਖਣ ਨਾਲ਼ ਉਸਦੇ ਉਸਨੂੰ ਚਾਹੁਣ ਵਾਲ਼ਿਆਂ ਅਤੇ ਨਾ ਚਾਹੁਣ ਵਾਲ਼ਿਆਂ ਦੋਹਾਂ ਦੀ ਤਸੱਲੀ ਹੋ ਜਾਵੇਗੀ। ਚਾਹੁਣ ਵਾਲ਼ੇ ਮਾਨ ਸਾਹਿਬ ਕਹੀ ਜਾਣ ਤੇ ਨਾ ਚਾਹੁਣ ਵਾਲ਼ੇ ਬੇਈਮਾਨ ਸਾਹਿਬ। ਮਾਨ ਸਾਹਿਬ ਸਰਦਾਰ ਸਨ ਪਰ ਉਹ ਸਿੱਖੀ ਵਿੱਚ ਵੀ ਓਨੇ ਪੱਕੇ ਨਹੀਂ ਸਨ। ਉਹ ਘੁੰਮਚੱਕਰ ਸਨ। ਜਿੱਥੋਂ ਕੋਈ ਕੰਮ ਹੋ ਜਾਵੇ ਉੱਥੇ ਦੇ ਹੀ ਬਣ ਜਾਂਦੇ ਸਨ। ਇੱਕ ਵਾਰ ਉਹਨਾਂ ਨੇ ਇੱਕ ਡੇਰੇ ਦੇ ਸਾਧ ਨੂੰ ਕਾਲਜ ਵਿੱਚ ਲਿਆਉਣ ਦੀ ਸਿਫਾਰਿਸ਼ ਕਰ ਦਿੱਤੀ। ਕਹਿਣ ਲੱਗੇ "ਬੱਚਿਆਂ ਨੂੰ ਇਨਾਮ ਸਾਧ ਤੋਂ ਦੁਆ ਲਓ। ਕਾਲਜ ਨੂੰ ਚੰਗੇ ਪੈਸੇ ਦੇ ਜਾਊ। ਗੱਲ ਮੈਂ ਕਰ ਲੈਂਦਾ ਹਾਂ। ਮੇਰੀ ਉਹਦੇ ਤੱਕ ਚੰਗੀ ਪਹੁੰਚ ਏ।" ਪ੍ਰਿੰਸੀਪਲ ਨਾ ਮੰਨਿਆ। ਉਹ ਨਹੀਂ ਸੀ ਚਾਹੁੰਦਾ ਕਿ ਖਾਲਸਾ ਕਾਲਜ ਵਿੱਚ ਇੱਕ ਡੇਰੇ ਦਾ ਸਾਧ ਸੱਦਿਆ ਜਾਵੇ।
ਪੇਸ਼ੇ ਵਜੋਂ ਮਾਨ ਸਾਹਿਬ ਕਾਲਜ ਵਿੱਚ ਅਕਾਉਂਟਸ ਕਲਰਕ ਸਨ। ਉਹਨਾਂ ਨੇ ਦੋ ਪ੍ਰਿੰਸੀਪਲਾਂ ਨਾਲ਼ ਕੰਮ ਕੀਤਾ। ਪਹਿਲੇ ਪ੍ਰਿਸੀਪਲ ਨਾਲ਼ ਉਹਨਾਂ ਦੀ ਬਹੁਤੀ ਬਣਦੀ ਹੁੰਦੀ ਸੀ। ਜਦ ਦੂਜਾ ਪ੍ਰਿੰਸੀਪਲ ਆਇਆ ਤਾਂ ਉਹ ਛੇ ਕੁ ਮਹੀਨਿਆਂ ਬਾਅਦ ਕਹਿਣ ਲੱਗਾ,"ਮਾਨ ਚੋਰ ਪ੍ਰਿੰਸੀਪਲ ਨਾਲ਼ ਚੋਰ ਏ ਤੇ ਸਾਧ ਪ੍ਰਿੰਸੀਪਲ ਨਾਲ਼ ਸਾਧ!" ਦੂਜਾ ਪ੍ਰਿੰਸੀਪਲ ਚਿੱਟੀ ਚਾਦਰ ਲੈ ਕੇ ਆਇਆ ਸੀ ਤੇ ਤੇ ਉਹ ਚਿੱਟੀ ਲੈ ਕੇ ਹੀ ਜਾਣਾ ਚਾਹੁੰਦਾ ਸੀ। ਪਹਿਲੇ ਪ੍ਰਿੰਸੀਪਲ ਵੇਲੇ ਕਾਲਜ ਦੀਆਂ ਕਈ ਚੀਜਾਂ ਪ੍ਰਿੰਸੀਪਲ ਦੇ ਘਰੋਂ ਮਿਲਦੀਆਂ ਸਨ। ਕਾਲਜ ਲਈ ਖਰੀਦਿਆ ਗਿਆ ਟੀ.ਵੀ ਸੈੱਟ ਪ੍ਰਿੰਸੀਪਲ ਦੇ ਘਰੋਂ ਮਿਲਿਆ। ਕਾਲਜ ਲਈ ਖਰੀਦੇ ਗਏ ਦਸ ਕੰਪਿਊਟਰ ਸੈੱਟਾਂ ਵਿੱਚੋਂ ਇੱਕ ਪ੍ਰਿੰਸੀਪਲ ਦੇ ਘਰੋਂ ਮਿਲਿਆ ਤੇ ਦੂਜਾ ਮਾਨ ਸਾਹਿਬ ਦੇ ਘਰੋਂ ਮਿਲਿਆ ਸੀ। ਮਾਨ ਸਾਹਿਬ ਅਕਾਊਂਟੈਂਟ ਪਤਾ ਨਹੀਂ ਕਿਵੇਂ ਅਖਵਾਉਂਦੇ ਸਨ। ਵੈਸੇ ਉਹ ਅਕਾਊਂਟਸ ਕਲਰਕ ਸਨ। ਕੋਈ ਪਤਾ ਨਹੀਂ ਉਹਨਾਂ ਦੀ ਯੋਗਤਾ ਕੀ ਸੀ। ਪਿਛਲੇ ਕਾਫੀ ਸਮੇਂ ਤੋਂ ਉਹ ਚੱਲਦੇ ਆ ਰਹੇ ਸਨ। ਪੱਕੇ ਉਹ ਹੋ ਹੀ ਚੁੱਕੇ ਸਨ। ੳਹਨਾਂ ਦੀ ਇੱਕ ਖਾਸੀਅਤ ਇਹ ਸੀ ਕਿ ਸਟਾਫ ਨੂੰ ਤਨਖਾਹ ਦੇਣ ਵੇਲੇ ਉਹ ਬੜਾ ਤੰਗ ਕਰਦੇ ਹੁੰਦੇ ਸਨ। ਜਾਣ ਬੁੱਝ ਕੇ ਚੈੱਕ ਤਿਆਰ ਕਰਨ ਵਿੱਚ ਦੇਰੀ ਕਰੀ ਜਾਣਗੇ। ਜਾਣ ਬੁੱਝ ਕੇ ਯੂਟੀਲਾਈਜੇਸ਼ਨ ਸਰਟੀਫਿਕੇਟ (Utilization Certificate) ਬਣਾਉਣ ਵਿੱਚ ਦੇਰੀ ਕਰੀ ਜਾਣਗੇ।ਇਸਦੇ ਅਧਾਰ ਤੇ ਯੂ.ਜੀ.ਸੀ. ਤੋਂ ਗ੍ਰਾਂਟ ਮਿਲਣੀ ਹੁੰਦੀ ਸੀ। ਜਦ ਚੈੱਕ ਬਣ ਗਏ ਫਿਰ ਪ੍ਰਧਾਨ ਦੇ ਦਸਤਖਤ ਕਰਵਾਉਣ ਵਿੱਚ ਦੇਰੀ ਕਰੀ ਜਾਣਗੇ। ਕਹਿਣਗੇ, "ਅੱਜ ਪ੍ਰਧਾਨ ਸਾਹਿਬ ਚੰਡੀਗੜ੍ਹ ਗਏ ਹਨ, ਅੱਜ ਉਹ ਐਮ.ਐਲ.ਏ. ਸਾਹਿਬ ਦੇ ਚੋਣ ਪ੍ਰਚਾਰ ਵਿੱਚ ਮਸ਼ਰੂਫ ਹਨ, ਅੱਜ ਉਹ ਬਿਮਾਰ ਹਨ ਵਗੈਰਾ ਵਗੈਰਾ।" ਜਦ ਚੈੱਕ ਤਿਆਰ ਹੋ ਵੀ ਜਾਣ ਤਾਂ ਉਹ ਆਪ ਇੱਕ ਦੋ ਦਿਨ ਲਈ ਕਾਲਜ ਤੋਂ ਛੁੱਟੀ ਕਰ ਲੈਣਗੇ ਜਾਂ ਡਿਊਟੀ ਪਾ ਕੇ ਕਾਲਜ ਦੇ ਕਿਸੇ ਕੰਮ ਚਲੇ ਜਾਣਗੇ। ਮਕਸਦ ਹੁੰਦਾ ਸੀ ਸਟਾਫ ਨੂੰ ਤੰਗ ਕੀਤਾ ਜਾਵੇ। ਜੇ ਕੋਈ ਜਾ ਕੇ ਪੁੱਛ ਲਵੇ ਕਿ ਤਨਖਾਹ ਕਦੋਂ ਮਿਲ ਰਹੀ ਏ ਤਾਂ ਕਹਿਣਗੇ---- 'ਅਜੇ ਕਿੱਥੇ ਜੀ? ਅਜੇ ਤਾਂ ਕਾਗਜ ਪੱਤਰ ਤਿਆਰ ਹੋ ਰਹੇ ਨੇ। ਅਜੇ ਇੰਤਜਾਰ ਕਰੋ।' ਬਸ ਉਹਨਾਂ ਦੀ ਆਦਤ ਸੀ ਦੂਜੇ ਨੂੰ ਤੰਗ ਕਰਕੇ ਵਿੱਚੋਂ ਮਜਾ (malicious pleasure) ਲੈਣਾ। ਬੱਕਰੀ ਨੇ ਦੁੱਧ ਦੇਣਾ ਪਰ ਦੇਣਾ ਮੀਕਣਾਂ ਪਾ ਕੇ।
ਮਾਨ ਸਾਹਿਬ ਦਾ ਲੜਕਾ ਵੀ ਕਾਲਜ ਵਿੱਚ ਹੀ ਪੜ੍ਹਦਾ ਸੀ। ਬੀ.ਏ. ਭਾਗ ਪਹਿਲਾ ਉਹ ਬੜੀ ਜਲਦੀ ਪਾਸ ਕਰ ਗਿਆ। ਉਸ ਸਮੇਂ ਪਹਿਲਾ ਪ੍ਰਿੰਸੀਪਲ ਸੀ। ਲੜਕੇ ਨੂੰ ਪਰਚੇ ਦਿੰਦੇ ਨੂੰ ਮੌਜਾਂ ਲੱਗੀਆਂ ਰਹੀਆਂ। ਕਈ ਸਵਾਲ ਬਾਹਰੋਂ ਹੀ ਨਹੀਂ, ਬਲਕਿ ਪ੍ਰਿੰਸੀਪਲ ਦੇ ਦਫਤਰ ਵਿੱਚੋਂ ਹੀ ਹੱਲ ਹੋ ਕੇ ਅੰਦਰ ਚਲੇ ਗਏ। ਜਦ ਲੜਕਾ ਬੀ.ਏ. ਭਾਗ ਦੂਜਾ ਵਿੱਚ ਹੋਇਆ ਤਾਂ ਪਹਿਲਾ ਪ੍ਰਿੰਸੀਪਲ ਸੇਵਾਮੁਕਤ ਹੋ ਚੁੱਕਾ ਸੀ ਤੇ ਦੂਜਾ ਆ ਚੁੱਕਾ ਸੀ। ਦੂਜੇ ਨੇ ਆ ਕੇ ਪੂਰੀ ਸਖਤੀ ਕਰ ਦਿੱਤੀ ਸੀ। ਮਾਨ ਸਾਹਿਬ ਨੇ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਲੜਕੇ ਦੀ ਇਮਤਿਹਾਨ ਵਿੱਚ ਮਦਦ ਕਰਵਾ ਲਈ ਜਾਵੇ ਪਰ ਗੱਲ ਬਣਦੀ ਨਾ ਦਿਖਾਈ ਦਿੱਤੀ। ਪਰਚੇ ਲੈਣ ਲਈ ਸੁਪਡੈਂਟ ਵੀ ਸਖਤ ਆ ਗਿਆ। ਪ੍ਰੀਖਿਆ ਕੇਂਦਰ ਤੇ ਠੀਕਰੀ ਪਹਿਰਾ ਲਗ ਗਿਐ। ਮਾਨ ਸਾਹਿਬ ਦਾ ਲੜਕਾ ਫੇਲ੍ਹ ਹੋ ਗਿਐ। ਲੜਕੇ ਨੂੰ ਕੈਨੇਡਾ ਭੇਜਣ ਲਈ ਕੋਈ ਲੜਕੀ ਲੱਭੀ ਜਾ ਰਹੀ ਸੀ। ਪ੍ਰੀਖਿਆ ਦਾ ਨਤੀਜਾ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਲੜਕੀ ਲੱਭ ਆਈ। ਝੱਟ ਮੰਗਣੀ ਕਰਕੇ ਮੁੰਡੇ ਨੂੰ ਵਿਆਹ ਦੇ ਅਧਾਰ ਤੇ ਬਾਹਰ ਭੇਜ ਦਿੱਤਾ ਗਿਆ।
ਜੇ ਲੜਕਾ ਬਾਹਰ ਨਾ ਜਾਂਦਾ ਤਾਂ ਮੁੰਡਾ ਮਾਨ ਸਾਹਿਬ ਲਈ ਸਿਰਦਰਦੀ ਬਣ ਜਾਣਾ ਸੀ। ਲੋਕਾਂ ਨੇ ਕਹਿਣਾ ਸੀ ਕਿ ਮਾਨ ਆਪ ਕਾਲਜ ਵਿੱਚ ਕਰਮਚਾਰੀ ਹੁੰਦਾ ਹੋਇਆ ਵੀ ਮੁੰਡੇ ਨੂੰ ਪਾਸ ਨਹੀਂ ਕਰਵਾ ਸਕਿਆ। ਫੇਲ੍ਹ ਹੋਣ ਬਾਰੇ ਚਰਚੇ ਹੋਣੋ ਬਚ ਗਏ। ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਾ। ਬਸ ਇਹੀ ਚਰਚਾ ਸੀ ਕਿ ਲੜਕਾ ਕੈਨੇਡਾ ਚਲਾ ਗਿਐ। ਕੈਨੇਡਾ ਮੂਹਰੇ ਵੈਸੇ ਵੀ ਪਾਸ ਫੇਲ੍ਹ ਦਾ ਕੋਈ ਮਾਇਨਾ ਹੀ ਨਹੀਂ ਏ। ਪੰਜਾਬ ਵਿੱਚੋਂ ਕੈਨੇਡਾ ਚਲੇ ਜਾਣਾ ਤਾਂ ਪੀ. ਐੱਚ. ਡੀ. ਕਰ ਲੈਣ ਨਾਲ਼ੋਂ ਵੀ ਉਪਰ ਸਮਝਿਆ ਜਾਂਦਾ ਏ।
ਕਾਲਜ ਦੇ ਮੁੰਡਿਆਂ ਵਿਚਕਾਰ ਇੱਕ ਲੜਾਈ ਵੀ ਹੋਈ ਸੀ। ਮਾਨ ਸਾਹਿਬ ਨੇ ਵਿੱਚ ਪੈ ਕੇ ਇਸ ਲੜਾਈ ਦਾ ਫੈਸਲਾ ਕਰਵਾ ਦਿੱਤਾ ਸੀ। ਉਸ ਸਮੇਂ ਤੋਂ ਐੱਸ. ਐੱਚ. ਓ. ਸਾਹਿਬ ਮਾਨ ਦੇ ਕੁਝ ਵਾਕਿਫ ਹੋ ਗਏ ਸਨ। ਇਮਤਿਹਾਨਾਂ ਵਿੱਚ ਥੋੜ੍ਹੀ ਬਹੁਤੀ ਪੁਲਿਸ ਵੀ ਡਿਊਟੀ ਦੇਣ ਆਉਂਦੀ ਹੀ ਹੁੰਦੀ ਸੀ। ਇਸ ਪ੍ਰਕਾਰ ਮਾਨ ਸਾਹਿਬ ਦਾ ਥਾਣੇ ਨਾਲ਼ ਮਾੜਾ ਮੋਟਾ ਤਾਲਮੇਲ ਵੀ ਬਣਿਆ ਹੀ ਰਹਿੰਦਾ ਸੀ। ਦਫਤਰ ਸੁਪਰਡੰਟ ਇਸ ਪ੍ਰਕਾਰ ਦੇ ਕੰਮਾ ਵਿੱਚ ਘੱਟ ਹੀ ਦਿਲਚਸਪੀ ਲੈਂਦਾ ਸੀ। ਮਾਨ ਪਹਿਲੇ ਪ੍ਰਿੰਸੀਪਲ ਨਾਲ ਮਿਲ ਕੇ ਇਸ ਪ੍ਰਕਾਰ ਦੇ ਕੰਮਾ ਵਿੱਚ ਦਿਲਚਸਪੀ ਲੈਂਦਾ ਹੀ ਰਹਿੰਦਾ ਸੀ। ਪਰਚਿਆਂ ਦੌਰਾਨ ਇੱਕ ਵਾਰ ਮਾਨ ਨੇ ਇੱਕ ਪ੍ਰੋਫੈਸਰ ਲਈ ਵੀ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਸੀ। ਉਹ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਉਂਦਾ ਸੀ। ਉਸਦੀ ਘਰਵਾਲ਼ੀ ਦਾ ਸ਼ਹਿਰ ਵਿੱਚ ਨਿੱਜੀ ਸਕੂਲ ਸੀ। ਉਸਦਾ ਘਰ ਵੀ ਸਕੂਲ ਦੇ ਵਿੱਚ ਹੀ ਸੀ। ਉਸ ਦਿਨ ਪਹਿਲੀ ਅਪ੍ਰੈਲ ਸੀ। ਉਹ ਕਾਲਜ ਤੋਂ ਛੁੱਟੀ ਤੇ ਸੀ। ਜਦ ਸਵੇਰ ਦੇ ਸਾਢੇ ਕੁ ਨੌ ਵੱਜੇ ਤਾਂ ਉਨ੍ਹਾਂ ਦੇ ਸਕੂਲ ਮੂਹਰੇ ਪੁਲਿਸ ਦੀ ਇੱਕ ਜੀਪ ਆ ਖੜ੍ਹੀ ਹੋਈ। ਪ੍ਰੋਫੈਸਰ ਆਪ ਘਰ ਸੀ ਤੇ ਉਸਦੀ ਘਰਵਾਲੀ ਸਕੂਲ ਦੇ ਦਫਤਰ ਵਿੱਚ ਬੈਠੀ ਸੀ। ਐੱਸ. ਐੱਚ. ਓ. ਸਾਹਿਬ ਗੇਟ ਤੇ ਆ ਕੇ ਚਾਰ ਕੁ ਸਿਪਾਹੀਆਂ ਨਾਲ਼ ਅੰਦਰ ਦਾਖਲ ਹੋਏ। ਕਲਾਸ ਰੂਮਾਂ ਮੂਹਰੇ ਖੜ੍ਹੀਆਂ ਅਧਿਆਪਕਾਵਾਂ ਹੈਰਾਨ ਸਨ ਕਿ ਪੁਲਿਸ ਸਕੂਲ ਕਿਓਂ ਆਈ ਸੀ। ਉਹ ਸੋਚ ਰਹੀਆਂ ਸਨ ਕਿ ਸ਼ਾਇਦ ਮੈਡਮ ਪ੍ਰਿੰਸੀਪਲ ਦੇ ਘਰਵਾਲੇ ਨੇ ਕੋਈ ਕੁਤਾਹੀ ਕਰ ਦਿੱਤੀ ਸੀ। ਬੁਲਾਉਣ ਤੇ ਘਰਵਾਲ਼ਾ ਦਫਤਰ 'ਚ ਆ ਗਿਆ। ਜਦ ਉਸਨੇ ਦੇਖਿਆ ਤਾਂ ਮਾਨ ਸਾਹਿਬ ਪੁਲਿਸ ਨਾਲ਼ ਆਏ ਸਨ। ਉਸਨੇ ਐੱਸ. ਐੱਚ. ਓ. ਸਾਹਿਬ ਨੂੰ ਫਤਿਹ ਬੁਲਾਈ ਤੇ ਮਾਨ ਸਾਹਿਬ ਨੂੰ ਕਿਹਾ, "ਕਿਵੇਂ ਆਉਣਾ ਹੋਇਆ, ਮਾਨ ਸਾਹਿਬ?"
"ਮੈਂ ਸੋਚਿਆ, ਸਾਹਿਬ ਨੂੰ ਮਿਲ਼ ਆਈਏ।" ਮਾਨ ਸਾਹਿਬ ਕਹਿਣ ਲੱਗੇ।
"ਪਹਿਲੀ ਅਪ੍ਰੈਲ ਏ। ਮੈਨੂੰ ਲਗਦਾ ਅਪ੍ਰੈਲ ਫੂਲ ਬਣਾਉਣ ਆਏ ਹੋ। ਫਿਰ ਵੀ ਆਦਰ ਨਾਲ਼ ਪੁੱਛਦਾ ਹਾਂ ਕਿ ਕੀ ਸੇਵਾ ਕਰ ਸਕਦਾ ਹਾਂ?"
"ਸਾਹਿਬ ਜੀ, ਪਹਿਲੀ ਅਪ੍ਰੈਲ ਵਾਲੀ ਕੋਈ ਗੱਲ ਨਹੀਂ। ਯੂਨੀਵਰਸਿਟੀ ਨੇ ਤਾਂ ਪਹਿਲੀ ਅਪ੍ਰੈਲ ਨੂੰ ਪਰਚੇ ਸ਼ੁਰੂ ਕਰ ਦਿੱਤੇ। ਤੁਸੀਂ ਇਸਨੂੰ ਬਦਸ਼ਗਨਾ ਸਮਝਦੇ ਹੋ।"
ਸੇਵਾਦਾਰਨੀ ਚਾਹ ਲੈਣ ਚਲੀ ਗਈ।
"ਫਿਰ ਵੀ ਦੱਸੋ ਤਾਂ ਸਹੀ, ਕੀ ਖਿਦਮਤ ਕਰ ਸਕਦਾ ਹਾਂ?"
"ਸੇਵਾ ਵੀ ਦੱਸ ਦਿਆਂਗੇ। ਬਹੁਤਾ ਸੋਚਾਂ 'ਚ ਨਾ ਪਓ।"
"ਅੱਜ ਤਾਂ ਐੱਸ. ਐੱਚ. ਓ. ਸਾਹਿਬ ਦੇ ਦਰਸ਼ਨ ਕਰਾ ਤੇ। ਸੁੱਖ ਤਾਂ ਹੈ?"
"ਸਭ ਸੁੱਖ ਏ। ਬਸ ਤੁਸੀਂ ਸਾਡਾ ਇੱਕ ਛੋਟਾ ਜਿਹਾ ਕੰਮ ਕਰਨਾ ਏ।"
"ਫਰਮਾਓ।"
"ਸਾਹਿਬ ਦੀ ਲੜਕੀ ਡੀ.ਏ.ਵੀ. ਕਾਲਜ ਵਿੱਚ ਬੀ. ਏ. ਆਖਰੀ ਸਾਲ ਵਿੱਚ ਅੰਗਰੇਜ਼ੀ ਦੀ ਕੰਪਾਰਟਮੈਂਟ ਦਾ ਪਰਚਾ ਦੇ ਰਹੀ ਏ। ਅਸੀਂ ਪ੍ਰਸ਼ਨ ਪੱਤਰ ਆਊਟ ਕਰਵਾ ਕੇ ਲੈ ਕੇ ਆਏ ਹਾਂ। ਤੁਸੀਂ ਸਾਨੂੰ ਤਿੰਨ ਪ੍ਰਸ਼ਨਾ ਦੇ ਉੱਤਰ ਅੱਧੇ ਕੁ ਘੰਟੇ ਵਿੱਚ ਤਿਆਰ ਕਰ ਦਿਓ। ਬਸ ਤੁਸੀਂ ਡਟ ਜਾਓ। ਅਸੀਂ ਜਦ ਤੱਕ ਬੈਠੇ ਹਾਂ ਨਾਲੇ ਚਾਹ ਪੀ ਲੈਂਦੇ ਹਾਂ।"
ਪ੍ਰੋਫੈਸਰ ਐਸੇ ਹਾਲਤ ਵਿੱਚ ਫਸਿਆ ਕਿ ਉਹ ਜਵਾਬ ਨਹੀਂ ਦੇ ਸਕਦਾ ਸੀ। ਭਾਵੇਂ ਇਹ ਗੈਰ ਕਾਨੂੰਨੀ ਕੰਮ ਸੀ ਪਰ ਮਾਨ ਨੇ ਹਾਲਾਤ ਐਸੇ ਬਣਾ ਦਿੱਤੇ ਕਿ ਇਹ ਕੰਮ ਉਹਨੂੰ ਕਰਨਾ ਹੀ ਪਿਆ। ਪ੍ਰੋਫੈਸਰ ਨੇ ਅੱਧੇ ਘੰਟੇ ਵਿੱਚ ਅੰਗਰੇਜੀ ਵਿਆਕਰਣ ਦੇ ਇਹ ਸਵਾਲ ਹੱਲ ਕਰ ਦਿੱਤੇ। ਇੰਨੇ ਚਿਰ ਵਿੱਚ ਮਾਨ ਸਾਹਿਬ ਨਹੀਂ, ਬੇਈਮਾਨ ਸਾਹਿਬ, ਤੇ ਪੁਲਿਸ ਚਾਹ ਪੀ ਚੁੱਕੇ ਸਨ। ਉਹ ਪੁਲਿਸ ਪਾਰਟੀ ਨੂੰ ਲੈ ਕੇ ਸ਼ਹਿਰ ਦੇ ਡੀ. ਏ. ਵੀ. ਕਾਲਜ ਵਲ ਚਲੇ ਗਏ।
ਕਾਲਜ ਤੋਂ ਸੇਵਾ ਮੁਕਤ ਹੋ ਕੇ ਮਾਨ ਕੈਨੇਡਾ ਆਪਣੇ ਲੜਕੇ ਪਾਸ ਚਲਾ ਗਿਆ ਸੀ। ਕੈਨੇਡਾ ਵਿੱਚ ਉਦੋਂ ਕੁ ਗੁਰਦਾਸ ਮਾਨ ਦਾ ਸ਼ੋਅ ਸੀ। ਸ਼ੋਅ ਵਾਲਾ ਦਿਨ ਮਾਨ ਲਈ ਉਸਦੇ ਜੀਵਨ ਦਾ ਸਭ ਤੋਂ ਖੁਸ਼ੀ ਵਾਲ਼ਾ ਤੇ ਨਾਲ ਦੀ ਨਾਲ ਸਭ ਤੋਂ ਵੱਧ ਉਦਾਸੀ ਵਾਲਾ ਦਿਨ ਹੋ ਨਿੱਬੜਿਆ। ਖੁਸ਼ੀ ਇਸ ਗੱਲ ਦੀ ਸੀ ਕਿ ਉਸਦਾ ਗੋਤੀ ਇੱਕ ਬਹੁਤ ਵੱਡਾ ਕਲਾਕਾਰ ਸੀ। ਲੋਕ ਵਹੀਰਾਂ ਘੱਤ ਕੇ ਗੁਰਦਾਸ ਮਾਨ ਦੇ ਸ਼ੋਅ ਨੂੰ ਦੇਖਣ ਲਈ ਜਾ ਰਹੇ ਸਨ। ਉਦਾਸੀ ਇਸ ਗੱਲ ਦੀ ਹੋ ਗਈ ਕਿ ਗੁਰਦਾਸ ਮਾਨ ਦੇ ਸ਼ੋਅ ਦੌਰਾਨ ਉਦੋਂ ਸ਼ੋਰ ਮਚ ਗਿਆ ਜਦ ਉਹਨੇ ਭਾਰਤ ਵਾਸਤੇ 'ਇੱਕ ਦੇਸ਼ ਇੱਕ ਭਾਸ਼ਾ' ਦਾ ਮੁੱਦਾ ਉਲਾਰ ਦਿੱਤਾ। ਦਰਸ਼ਕਾਂ ਨੇ ਉਹਨੂੰ ਪੰਜਾਬੀ ਦਾ ਗਦਾਰ ਕਹਿ ਕੇ ਭੰਡ ਦਿੱਤਾ। ਗੁਰਦਾਸ ਮਾਨ ਨੇ ਗੁੱਸੇ ਵਿੱਚ ਆ ਕੇ ਕਿਸੇ ਵਾਸਤੇ ਚੰਦ ਐਸੇ ਸ਼ਬਦ ਵਰਤ ਦਿੱਤੇ ਜਿਹੜੇ ਇੱਕ ਗੰਦਾ ਪ੍ਰਗਟਾਵਾ (expletive) ਸਨ।ਸ਼ਾਇਦ ਉਸ ਦਿਨ ਤੋਂ ਲੈ ਕੇ ਅੱਜ ਤੱਕ ਗੁਰਦਾਸ ਮਾਨ ਪੰਜਾਬੀਆਂ ਵਿੱਚ ਮੁੜ ਉਹ ਸ਼ਾਖ ਕਾਇਮ ਨਹੀਂ ਕਰ ਸਕੇ ਜਿਹੜੀ ਉਸਦੀ ਪਿਛਲੇ ਤਿੰਨ ਦਹਾਕਿਆਂ ਤੋਂ ਕਾਇਮ ਸੀ। ਸਾਡਾ ਮਾਨ ਵੀ ਸ਼ੋਅ ਵਿੱਚ ਮਚੇ ਹੱਲੇ ਤੋਂ ਬਹੁਤ ਉਦਾਸ ਹੋਇਆ ਸੀ।
ਕੈਨੇਡਾ ਵਿੱਚ ਰਹਿੰਦੇ ਹੋਏ ਮਾਨ ਦੇ ਤਿੰਨ ਕੁ ਸਾਲ ਠੀਕ ਬੀਤੇ ਕਿਉਂਕਿ ਉਸਦੀ ਘਰਵਾਲ਼ੀ ਉਸਦੇ ਨਾਲ ਸੀ। ਕੁਝ ਪੈਸੇ ਵੀ ਉਸ ਪਾਸ ਸਨ ਜਿਹੜੇ ਕਿ ਉਸਨੂੰ ਨੌਕਰੀ ਤੋਂ ਫੰਡ ਦੇ ਰੂਪ ਵਿੱਚ ਮਿਲੇ ਸਨ। ਪ੍ਰਾਈਵੇਟ ਕਾਲਜਾਂ ਵਿੱਚ ਪੈਨਸ਼ਨ ਦਾ ਪ੍ਰਾਵਧਾਨ ਨਹੀਂ ਸੀ। ਫੰਡ ਦੇ ਪੈਸੇ ਜਦ ਡਾਲਰਾਂ ਵਿੱਚ ਤਬਦੀਲ ਹੋਏ ਤਾਂ ਇਹ ਬਹੁਤ ਘਟ ਗਏ। ਲੜਕਾ ਉਸਨੂੰ ਖਰਚ ਨਹੀਂ ਦਿੰਦਾ ਸੀ ਕਿਉਂਕਿ ਉਹ ਸਹੁਰਿਆਂ ਦੇ ਪ੍ਰਭਾਵ ਥੱਲੇ ਜਿਆਦਾ ਸੀ ਤੇ ਆਪਣੀ ਘਰਵਾਲ਼ੀ ਦੀ ਵੱਧ ਸੁਣਦਾ ਸੀ। ਸਰਕਾਰ ਦੀਆਂ ਸਹੂਲਤਾਂ ਮਾਨ ਨੂੰ ਅਜੇ ਕਈ ਸਾਲਾਂ ਬਾਅਦ ਮਿਲਣੀਆਂ ਸ਼ੁਰੂ ਹੋਣੀਆਂ ਸਨ। ਲੜਕਾ ਮਾ ਪਿਓ ਨੂੰ ਆਪਣੇ ਨਾਲ਼ ਰੱਖਣ ਤੋਂ ਇਨਕਾਰੀ ਸੀ। ਇਸ ਲਈ ਮਾਨ ਤੇ ਉਸਦੀ ਘਰਵਾਲ਼ੀ ਇੱਕ ਬੇਸਮੈਂਟ ਵਿੱਚ ਅੱਡ ਰਹਿੰਦੇ ਸਨ। ਮਾਨ ਨੂੰ ਸਿਆਣੀ ਉਮਰ ਵਿੱਚ ਵੀ ਕੰਮ ਕਰਨਾ ਪੈਂਦਾ ਸੀ ਕਿਉਂਕਿ ਉਹ ਸਰਕਾਰੀ ਭੱਤੇ ਤੋਂ ਵਾਂਝਾ ਸੀ। ਥੋੜ੍ਹੀ ਦੇਰ ਬਾਅਦ ਉਸਦੀ ਘਰਵਾਲ਼ੀ ਪੂਰੀ ਹੋ ਗਈ। ਹੁਣ ਮਾਨ ਇਕੱਲਾ ਰਹਿ ਗਿਆ।
ਤੁਸੀਂ ਸੋਚੋ ਇੱਕ ਇਕੱਲਾ ਬੁੱਢਾ ਬੰਦਾ ਬੇਸਮੈਂਟ ਵਿੱਚ ਰਹੇ, ਉਹਨੂੰ ਸਰਕਾਰ ਤੋਂ ਕੋਈ ਪੈਸਾ ਮਿਲੇ ਨਾ ਤੇ ਉਸਦਾ ਆਪਣਾ ਮੁੰਡਾ ਉਸਦੀ ਬਾਤ ਨਾ ਪੁੱਛੇ ਤਾਂ ਉਸਦਾ ਕੀ ਹਾਲ਼ ਹੋਵੇਗਾ? ਆਪਣੀ ਮਾੜੀ ਸੋਚ ਦਾ ਖਾਮਿਆਜਾ ਮਾਨ ਨੇ ਇਸ ਮਨੁੱਖੀ ਜਨਮ ਵਿੱਚ ਹੀ ਭੁਗਤ ਲਿਆ!!