Ujagar Singh

ਪ੍ਰਵੇਸ਼ ਸ਼ਰਮਾ ਦੀ ਸਵੈ-ਜੀਵਨੀ ‘ਇਹ ਜ਼ਿੰਦਗੀ ਦਾ ਕਾਰਵਾਂ’ : ਪ੍ਰੇਰਨਾ ਸ੍ਰੋਤ - ਉਜਾਗਰ ਸਿੰਘ

ਪ੍ਰਵੇਸ਼ ਸ਼ਰਮਾ ਪੰਜਾਬੀ, ਹਿੰਦੀ, ਅੰਗਰੇਜ਼ੀ, ਸੰਸਕਿ੍ਰਤ ਅਤੇ ਉਰਦੂ ਭਾਸ਼ਾਵਾਂ ਦਾ ਭਾਸ਼ਾਵਾਂ  ਵਿਦਵਾਨ ਹੈ। ਇਸ ਤੋਂ ਇਲਾਵਾ ਉਹ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਦਾ ਵਿਅੰਗਕਾਰ ਲੇਖਕ ਹੈ। ਉਹ ਅਨੁਵਾਦਕ ਵੀ ਕਮਾਲ ਦਾ ਹੈ, ਉਸ ਦਾ ਕੀਤਾ ਅਨੁਵਾਦ ਮੌਲਿਕ ਰਚਨਾ ਹੀ ਹੁੰਦਾ ਹੈ।  ਉਹ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰ ਵਿਭਾਗ ਦਾ ਸੇਵਾ ਮੁਕਤ ਸੀਨੀਅਰ ਅਧਿਕਾਰੀ ਹੈ। ਇਸ ਵਿਭਾਗ ਵਿੱਚ ਜਾਣ ਤੋਂ ਪਹਿਲਾਂ ਉਹ ਬੈਂਕ ਅਤੇ ਲੜਕੀਆਂ ਦੇ ਇੱਕ ਦਿਹਾਤੀ ਪ੍ਰਾਈਵੇਟ ਕਾਲਜ ਵਿੱਚ ਅੰਗਰੇਜ਼ੀ ਦਾ ਲੈਕਚਰਾਰ ਅਤੇ ਪਿ੍ਰੰਸੀਪਲ ਵੀ ਰਿਹਾ ਹੈ। ਉਸ ਦੀ ਸਵੈ-ਜੀਵਨੀ ਬੜੀ ਦਿਲਚਸਪ ਅਤੇ ਜ਼ਿੰਦਗੀ ਦੀ ਜਦੋਜਹਿਦ ਦਾ ਦਸਤਾਵੇਜ ਹੈ। ਐਮ.ਏ.ਕਰਕੇ ਬੇਰੋਜ਼ਗਾਰੀ ਦੀ ਮਾਰ ਤੋਂ ਬਚਣ ਲਈ ਚੌਕੀਦਾਰ ਦੀ ਨੌਕਰੀ ਲਈ ਵੀ ਅਰਜ਼ੀ ਦਿੰਦਾ ਹੈ ਪ੍ਰੰਤੂ ਉਥੇ ਵੀ ਨਮੋਸ਼ੀ ਮਿਲਦੀ ਹੈ।  ਚਪੜਾਸੀ ਦੀ ਨੌਕਰੀ ਕਰਨ ਦਾ ਮੰਤਵ ਆਪਣੀ ਪੜ੍ਹਨ ਦੀ ਪ੍ਰਵਿਰਤੀ ਨੂੰ ਪੱਠੇ ਪਾਉਣ ਲਈ ਅਰਜ਼ੀ ਦਿੱਤੀ ਗਈ ਕਿਉਂਕਿ ਦਿਨ ਨੂੰ ਪੜ੍ਹਾਈ ਕਰਿਆ ਕਰੇਗਾ। ਕਮਾਲ ਦੀ ਸੋਚ ਹੈ ਪ੍ਰਵੇਸ਼ ਸ਼ਰਮਾ ਦੀ, ਉਸ ਦਾ ਭਾਵ ਇਸ ਛੋਟੀ ਨੌਕਰੀ ਦਾ ਮਹੱਤਵ ਵਧਾਉਣਾ ਸੀ, ਨੌਕਰੀ ਕੋਈ ਵੱਡੀ ਛੋਟੀ ਨਹੀਂ ਹੁੰਦੀ, ਇਨਸਾਨ ਦੀ ਮਾਨਸਿਕਤਾ ਤੇ ਸੋਚ ਅਜਿਹੀ ਹੋ ਸਕਦੀ ਹੈ। ਭਰਿਸ਼ਟਾਚਾਰ ਦੀ ਪ੍ਰਵਿਰਤੀ ਦਾ ਪਾਜ ਐਡਹਾਕ ਬੈਂਕ ਦੀ ਨੌਕਰੀ ਲਈ ਮੈਨੇਜਰ ਨੂੰ ਇਕ ਮਹੀਨੇ ਦੀ ਤਨਖ਼ਾਹ ਦੇ ਕੇ ਉਘਾੜਿਆ ਹੈ। ਇਹ ਸਵੈ-ਜੀਵਨੀ ਆਮ ਸਵੈ-ਜੀਵਨੀਆਂ ਵਰਗੀ ਨਹੀਂ ਸਗੋਂ ਵਿਲੱਖਣ ਕਿਸਮ ਦੀ ਹੈ। ਇਸ ਵਿੱਚ ਉਸ ਨੇ ਆਪਣੇ ਜੀਵਨ ਦੇ ਸਾਰੇ ਰੰਗਾਂ ਨੂੰ ਬਾਖ਼ੂਬੀ ਵਰਣਨ ਕੀਤਾ ਹੈ, ਕੋਈ ਵੀ ਰੰਗ ਫਿੱਕਾ ਨਹੀਂ ਪੈਣ ਦਿੱਤਾ। ਆਮ ਤੌਰ ‘ਤੇ ਲੋਕ ਸਵੈ-ਜੀਵਨੀ ਲਿਖਣ ਲੱਗਿਆਂ ਸਿਰਫ ਆਪਣੀਆਂ ਪ੍ਰਾਪਤੀਆਂ ਦਾ ਹੀ ਜ਼ਿਕਰ ਕਰਦੇ ਹਨ ਪ੍ਰੰਤੂ ਪ੍ਰਵੇਸ਼ ਸ਼ਰਮਾ ਨੇ ਆਪਣੀਆਂ ਊਣਤਾਈਆਂ ਅਤੇ ਅਸਫਲਤਾਵਾਂ ਨੂੰ ਵੀ ਬੇਬਾਕੀ ਨਾਲ ਲਿਖਿਆ ਹੈ। ਉਸ ਨੇ ਆਪਣੀ ਕੋਈ ਵੀ ਗੱਲ ਲੁਕਾਈ ਨਹੀਂ ਸਗੋਂ ਫਿਰ ਉਸ ਨੂੰ ਦਰੁਸਤ ਕਰਿਆ ਹੈ। ਪਾਠਕ ਇਕ ਵਾਰ ਪੜ੍ਹਨਾ ਸ਼ੁਰੂ ਕਰਕੇ ਪੂਰੀ ਸਵੈ-ਜੀਵਨੀ ਪੜ੍ਹਨ ਤੋਂ ਬਿਨਾ ਰਹਿ ਨਹੀਂ ਸਕਦੇ ਕਿਉਂਕਿ ਲਘੂ ਲੇਖਾਂ ਦੀ ਲੜੀ ਨਾਲ ਲੜੀ ਜੁੜਦੀ ਜਾਂਦੀ ਹੈ। ਹਰ ਚੈਪਟਰ ਇਕ ਦੂਜੇ ਤੋਂ ਵਧੇਰੇ ਦਿਲਚਸਪੀ ਵਾਲਾ ਹੁੰਦਾ ਹੈ। ਇਸ ਸਵੈ-ਜੀਵਨੀ ਵਿੱਚ ਉਸ ਨੇ ਪ੍ਰਾਇਮਰੀ ਸਕੂਲ ਤੋਂ ਲੈ ਜ਼ਿੰਦਗੀ ਵਿੱਚ ਵਿਚਰਦਿਆਂ ਹਰ ਮੌਕੇ ਆਪਣੇ ਰਾਹ ਵਿੱਚ ਆਈਆਂ ਵੰਗਾਰਾਂ ਦੇ ਦਿਲਚਸਪ ਪਹਿਲੂ ਲਿਖਦਿਆਂ ਕੋਈ ਝਿਜਕ ਮਹਿਸੂਸ ਨਹੀਂ ਕੀਤੀ। ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਜਿਹੜੇ ਤਜ਼ਰਬੇ ਹਾਸਲ ਕੀਤੇ ਉਹ ਲਾਜਵਾਬ ਹਨ। ਪ੍ਰਵੇਸ਼ ਐਨਾ ਭੋਲਾ ਸੀ ਕਿ ਯੂਨੀਵਰਸਿਟੀ ਦੀ ਜਮਾਤਣ ਨੂੰ ਭੈਣ ਜੀ ਕਹਿਕੇ ਸ਼ਰਮਿੰਦਾ ਹੋਣਾ ਪਿਆ। ਪ੍ਰਵੇਸ਼ ਦੀ ਸਵੈ-ਜੀਵਨੀ ਵਰਤਮਾਨ ਸਮੇਂ ਵਿੱਚ ਕੁੜੀਆਂ ਮੁੰਡਿਆਂ ਦੀ ਬੋਲਚਾਲ ਦੀ ਸ਼ਬਦਾਵਲੀ ਪੁਰਾਣੇ ਮਾਡਲਾਂ ਨੂੰ ਅਚੰਭਿਤ ਕਰਦੀ ਹੈ। ਰੈਗਿੰਗ ਦੀ ਪ੍ਰਵਿਰਤੀ ਨਵੇਂ ਪੜ੍ਹਾਕੂਆਂ ਲਈ ਆਫ਼ਤ ਬਣ ਜਾਂਦੀ ਹੈ ਪ੍ਰੰਤੂ ਪ੍ਰਵੇਸ਼ ਸ਼ਰਮਾ ਵਰਗਾ ਬੁੱਧੀਜੀਵੀ ਵਿਦਿਆਰਥੀ ਅਜਿਹੇ ਮਕੜਜਾਲ ਵਿੱਚੋਂ ਵੀ ਬਾਖ਼ੂਬੀ ਨਿਕਲ ਜਾਂਦਾ ਹੈ। ਦਫ਼ਤਰਾਂ ਦੀ ਕਾਰਗੁਜ਼ਾਰੀ, ਆਪਸੀ ਖਹਿਬਾਜ਼ੀ, ਚੁਸਕੀਆਂ, ਚੋਹਲ ਮੋਹਲ, ਨੋਕ ਝੋਕ ਅਤੇ ਦਫ਼ਤਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਵਿਵਹਾਰ ਦੇ ਆਪਸੀ ਸੰਬੰਧਾਂ ਨੂੰ ਬੜੇ ਸੁਚੱਜੇ ਦਿ੍ਰਸ਼ਟਾਂਤਿਕ ਢੰਗ ਨਾਲ ਲਿਖਿਆ ਗਿਆ ਹੈ। ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਪ੍ਰਵੇਸ਼ ਸ਼ਰਮਾ ਨਾਲ ਨਹੀਂ ਸਗੋਂ ਤੁਹਾਡੇ ਨਾਲ ਵਾਪਰਦਾ, ਤੁਸੀਂ ਸਭ ਕੁਝ ਆਪ ਵੇਖ ਰਹੇ ਹੋ। ਦਫ਼ਤਰਾਂ ਵਿੱਚ ਸਦਭਾਵਨਾ ਦਾ ਮਾਹੌਲ ਬਣਾਉਣ ਅਤੇ ਦਫ਼ਤਰੀ ਕਾਰਜ਼ਕੁਸ਼ਲਤਾ ਨੂੰ ਸਹਿਜਤਾ ਨਾਲ ਵਧਾਉਣ ਲਈ ਕਿਹੜੇ ਢੰਗ ਵਰਤਣੇ ਚਾਹੀਦੇ ਹਨ,ਉਨ੍ਹਾਂ ਬਾਰੇ ਵੀ ਲਿਖਿਆ ਹੈ। ਇਹ ਵੀ ਪ੍ਰੇਰਨਾ ਮਿਲਦੀ ਹੈ ਕਿ ਜੇਕਰ ਅਸੀਂ ਸਾਥੀ ਮੁਲਾਜ਼ਮਾ ਦਾ ਸਤਿਕਾਰ ਕਰਾਂਗੇ ਤਾਂ ਹੀ ਸਾਨੂੰ ਸਤਿਕਾਰ ਮਿਲੇਗਾ। ਇਕ ਹੋਰ ਗੱਲ ਬਾਕੀ ਜੀਵਨੀਆਂ ਨਾਲੋਂ ਇਹ ਵੱਖਰੀ ਹੈ ਕਿ ਪ੍ਰਵੇਸ਼ ਸ਼ਰਮਾ ਦਾ ਜਿਹੜੇ ਵੀ ਵਿਅਕਤੀਆਂ ਨਾਲ ਵਾਹ ਪਿਆ ਹੈ, ਉਨ੍ਹਾਂ ਦੇ ਰੇਖਾ ਚਿਤਰ ਲਿਖਕੇ, ਉਨ੍ਹਾਂ ਤੋਂ ਕੁਝ ਸਿਖਣ ਅਤੇ ਕੁਝ ਗ਼ਲਤੀਆਂ ਦੂਰ ਕਰਨ ਦਾ ਉਤਸ਼ਾਹ ਮਿਲੇਗਾ। ਮੇਰਾ ਖਿਆਲ ਹੈ ਕਿ ਉਨ੍ਹਾਂ ਨੇ ਇਹ ਰੇਖਾ ਚਿਤਰ ਲਿਖਿਦਿਆਂ ਮਹਿਸੂਸ ਕੀਤਾ ਹੋਵੇਗਾ ਕਿ ਇਨ੍ਹਾਂ ਨੂੰ ਪੜ੍ਹਕੇ ਪਾਠਕ ਆਪੋ ਆਪਣੇ ਵਿਵਹਾਰ ਵਿੱਚ ਤਬਦੀਲੀ ਲਿਆ ਸਕਣਗੇ। ਹੋ ਸਕਦਾ ਉਨ੍ਹਾਂ ਅਚੇਤ ਮਨ ਹੀ ਅਜਿਹੇ ਰੇਖਾ ਚਿਤਰ ਲਿਖੇ ਹੋਣ, ਪਰ ਗੱਲਾਂ ਸੱਚੀਆਂ ਤੇ ਖ਼ਰੀਆਂ ਹਨ। ਪ੍ਰਵੇਸ਼ ਸਰਮਾ ਦੇ ਪਿਤਾ ਦੀ ਹਰ ਤੀਜੇ ਦਿਨ ਬਦਲੀ ਇਮਾਨਦਾਰ ਮੁਲਾਜ਼ਮਾ ਦੀ ਤ੍ਰਾਸਦੀ ਬਾਰੇ ਜਾਣਕਾਰੀ ਦਾ ਪ੍ਰਗਟਾਵਾ ਕਰਦੀ ਹੈ। ਸਕੂਲਾਂ ਵਿੱਚ ਨਕਲ ਦੀ ਪ੍ਰਵਿਰਤੀ ਦਾ ਵੀ ਪਾਜ ਖੋਲਿ੍ਹਆ ਹੈ। ਭਾਗਵੰਤੀ ਪਟਵਾਰਨ ਅਤੇ ਗੌਰਾਂ ਦੇ ਟਿਪੀਕਲ ਕਿਰਦਾਰ ਪੁਰਾਣੇ ਸਮੇਂ ਵਿੱਚ ਦਿਹਾਤੀ ਇਸਤਰੀਆਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਮਮਤਾ ਦੇ ਇਸ਼ਕ ਦੀ ਦਲੇਰੀ ਦਾ ਮਿਰਜ਼ਾ ਸਾਹਿਬਾਂ ਦੇ ਇਸ਼ਕ ਨਾਲ ਤੁਲਨਾ ਕਰਕੇ ਪ੍ਰਵੇਸ਼ ਸ਼ਰਮਾ ਨੇ ਮਮਤਾ ਦੇ ਕਰੈਕਟਰ ਨੂੰ ਚਮਕਾ ਦਿੱਤਾ ਹੈ। ਖ਼ਚਰਾ ਬੁੜ੍ਹਾ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਬਜ਼ੁਰਗਾਂ ਦਾ ਇਕ ਪਾਤਰ ਹੈ। ‘ਮੁਹੱਬਤ ਦਾ ਕਲ-ਕਲ ਵਹਿੰਦਾ ਚਸ਼ਮਾ-ਸ਼ਤੀਸ਼’ ਵਿੱਚ ਪ੍ਰਵੇਸ਼ ਸ਼ਰਮਾ ਨੇ ਦੋਸਤੀ ਦੇ ਸਹੀ ਅਰਥ ਲਿਖ ਦਿੱਤੇ ਹਨ। ਸਤ ਨਰਾਇਣ ਦੀ ਕਥਾ ਕਰਵਾਉਣ ਵਾਲੀ ਗੱਲ ਬਾਕਮਾਲ ਢੰਗ ਨਾਲ ਲਿਖੀ ਹੈ। ਹੋਸਟਲ ਦੀ ਜ਼ਿੰਦਗੀ ਅਤੇ ਮਹਿੰਦਰ ਸਿੰਘ ਵਰਗੇ ਦੋਸਤਾਂ ਦਾ ਵਰਿ੍ਹਆਂ ਬਾਅਦ ਆ ਕੇ ਅਚਾਨਕ ਮਿਲਣ ਦਾ ਮਾਣ ਦੋਸਤੀ ਨੂੰ ਹੋਰ ਪੀਢੀ ਕਰਦਾ ਹੈ। ਸਿਰਲੇਖ ਵੇਖਦਿਆਂ ਹੀ ਪੜ੍ਹਨ ਦੀ ਦਿਲਚਸਪੀ ਪੈਦਾ ਕਰਨ ਦਾ ਵਲ ਸ਼ਰਮਾ ਜੀ ਕੋਲ ਬਾਖ਼ੂਬੀ ਹੈ। ਕੱਚ ਦਾ ਜ਼ੇਵਰ ਗੱਲ ਤਾਂ ਨਿਗਾਹ ਕਮਜ਼ੋਰ ਹੋਣ ਤੋਂ ਬਾਅਦ ਐਨਕ ਲਗਾਉਣ ਦੀ ਹੈ, ਪ੍ਰੰਤੂ ਸਿਰਲੇਖ ਪਾਠਕ ਨੂੰ ਪੁਸਤਕ ਪੜ੍ਹਨ ਲਈ ਮਜ਼ਬੂਰ ਕਰ ਦਿੰਦਾ ਹੈ।  ਭਰਿਸ਼ਟ ਲੋਕਾਂ ਨੂੰ ਸੀ.ਬੀ.ਆਈ. ਦਾ ਨਾਮ ਹੀ ਡਰਾ ਦਿੰਦਾ ਹੈ। ਇਸ ਸਵੈ-ਜੀਵਨੀ ਦਾ ਲਗਪਗ ਸਾਰੇ ਹੀ ਪਾਤਰ ਬਹੁਤ ਹੀ ਦਿਲਚਸਪ ਅਤੇ ਆਪੋ ਆਪਣੇ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਹਨ। ਪ੍ਰਵੇਸ਼ ਸ਼ਰਮਾ ਨੂੰ ਨੌਕਰੀ ਦੌਰਾਨ ਮੀਡੀਆ ਨਾਲ ਸੰਬੰਧਤ ਕੰਮ ਵੀ ਕਰਨਾ ਪਿਆ। ਹਾਲਾਂ ਕਿ ਉਹ ਆਪ ਆਲ ਇੰਡੀਆ ਰੇਡੀਓ ਦਾ ਪ੍ਰਤੀਨਿਧ ਰਿਹਾ ਹੈ, ਇਸ ਕਰਕੇ ਉਸ ਨੂੰ ਮੀਡੀਆ ਦੇ ਕੰਮ ਦੀ ਪੂਰੀ ਜਾਣਕਾਰੀ ਸੀ ਪ੍ਰੰਤੂ ਉਸ ਦੇ ਲੇਖ ਪੜ੍ਹਨ ਤੋਂ ਆਮ ਪਾਠਕ ਨੂੰ ਪਤਾ ਲਗਦਾ ਹੈ ਕਿ ਮੀਡੀਆ ਦਾ ਕੰਮ ਜੋਖ਼ਮ ਭਰਿਆ ਹੈ ਕਿਉਂਕਿ ਮੀਡੀਆ ਕਰਮੀ ਆਪਣੇ ਆਪ ਨੂੰ ਆਮ ਪਰਜਾ ਤੋਂ ਉਤਮ ਸਮਝਦੇ ਹਨ। ਮੈਨੂੰ ਪ੍ਰਵੇਸ਼ ਸ਼ਰਮਾ ਦੀ ਇਹ ਸਾਹਿਤਕ ਸਵੈ-ਜੀਵਨ ਲਗਦੀ ਹੈ ਕਿਉਂਕਿ ਉਸ ਦੀ ਸ਼ਬਦਾਵਲੀ ਨੇ ਸਾਹਿਤਕ ਪਿਉਂਦ ਦਿੱਤੀ ਹੋਈ ਹੈ।

ਸਾਬਕਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072  
ujagarsingh48@yahoo.com                                                                               

24 ਜੂਨ ਨੂੰ ਭੋਗ 'ਤੇ ਵਿਸ਼ੇਸ਼ : ਯਾਦਾਂ ਦੇ ਝਰੋਖੇ 'ਚੋਂ ਵਿਛੜੇ ਸੱਜਣ : ਸੁਰਿੰਦਰ ਮੋਹਨ ਸਿੰਘ - ਉਜਾਗਰ ਸਿੰਘ

ਰੰਗਲੇ ਸੱਜਣਾ ਦੇ ਵਿਛੜ ਜਾਣ ਤੋਂ ਬਾਅਦ ਉਸ ਦੀਆਂ ਯਾਦਾਂ ਦੀ ਪਟਾਰੀ ਹੀ ਸਰਮਾਇਆ ਬਣਕੇ ਰਹਿ ਜਾਂਦੀ ਹੈ। ਅਸੀਂ ਸੁਰਿੰਦਰ ਮੋਹਨ ਸਿੰਘ ਦੇ ਦੋਸਤ ਮਿੱਤਰ ਉਸ ਦੇ ਠਹਾਕਿਆਂ ਅਤੇ ਨੋਕ-ਝੋਕ ਤੋਂ ਵਾਂਝੇ ਹੋ ਗਏ ਹਾਂ। ਉਸ ਦੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਣ ਨਾਲ ਦੋਸਤਾਂ ਮਿੱਤਰਾਂ ਦੀਆਂ ਮਹਿਫਲਾਂ ਬੇਰੰਗ ਹੋ ਗਈਆਂ ਹਨ ਕਿਉਂਕਿ ਉਨ੍ਹਾਂ ਵਿੱਚ ਰੰਗਾਂ ਦੀ ਖ਼ੁਸ਼ਬੂ ਫੈਲਾਉਣ ਵਾਲਾ ਦੋਸਤ ਅਣਦੱਸੇ ਪੈਂਡੇ 'ਤੇ ਚਲਾ ਗਿਆ ਹੈ। ਉਹ ਬਹੁਤ ਬੇਬਾਕ ਸੀ, ਆਪਣੀ ਗੱਲ ਕਹਿ ਦਿੰਦੇ ਸਨ ਭਾਵੇਂ ਕਿਸੇ ਗਿੱਟੇ ਤੇ ਗੋਡੇ ਲੱਗੇ। ਰੰਗਲੇ ਸੱਜਣ ਦੇ ਤੁਰ ਜਾਣ 'ਤੇ ਅੱਜ 1974 ਦੇ ਉਹ ਦਿਨ ਯਾਦ ਆ ਰਹੇ ਹਨ, ਜਦੋਂ ਸਾਰੇ ਦੋਸਤ ਮਿੱਤਰ ਸਿਆਸੀ ਚੁੰਝ ਚਰਚਾ ਸਿਵਲ ਸਕੱਤਰੇਤ ਦੇ ਗਲਿਆਰਿਆਂ ਵਿੱਚ ਕਰਦੇ ਹੁੰਦੇ ਸੀ। ਚੰਡੀਗੜ੍ਹ 22 ਸੈਕਟਰ ਦਾ 'ਰਾਈਟਰ ਕਾਰਨਰ' ਜਿਥੇ ਸਾਹਿਤਕ ਸੱਜਣਾਂ ਵਿਚ ਘਿਰੇ ਸੁਰਿੰਦਰ ਮੋਹਨ ਸਿੰਘ ਚਟਕਾਰੇ ਲਾ ਕੇ ਸਾਹਿਤਕਾਰਾਂ ਦੀਆਂ ਰਚਨਾਵਾਂ ਬਾਰੇ ਵਿਅੰਗਾਤਮਿਕ ਚਟਕਾਰੇ ਲਾਉਂਦੇ ਹੁੰਦੇ ਸਨ। ਸੁਰਿੰਦਰ ਮੋਹਨ ਸਿੰਘ ਅਕਾਲੀ/ਸਿੱਖ ਸਿਆਸਤ ਦਾ ਚਲਦਾ ਫਿਰਦਾ ਸ਼ਬਦ ਕੋਸ਼/ਵਿਸ਼ਵ ਕੋਸ਼ ਸੀ। ਉਹ ਸਿੱਖ ਖਾਸ ਤੌਰ 'ਤੇ ਅਕਾਲੀ ਸਿਆਸਤ ਦੀਆਂ ਬਾਰੀਕੀਆਂ ਤੋਂ ਭਲੀ ਭਾਂਤ ਜਾਣੂੰ ਸੀ। ਉਹ ਸਿੱਖ ਧਰਮ ਨੂੰ ਪ੍ਰਣਾਏ ਹੋਏ ਸਨ। ਅਕਾਲੀ/ਸਿੱਖ ਸਿਆਸਤ ਦੀਆਂ ਇਤਿਹਾਸਕ ਘਟਨਾਵਾਂ ਅਤੇ ਉਨ੍ਹਾਂ ਵਿੱਚ ਕਿਹੜੇ ਨੇਤਾਵਾਂ ਦਾ ਕੀ ਯੋਗਦਾਨ ਸੀ। ਇਥੋਂ ਤੱਕ ਉਨ੍ਹਾਂ ਮੀਟਿੰਗਾਂ ਵਿੱਚ ਕਿਹੜੀ ਚੁੰਝ ਚਰਚਾ ਹੁੰਦੀ ਸੀ, ਉਸ ਬਾਰੇ ਵੀ ਉਸ ਕੋਲ ਜਾਣਕਾਰੀ ਦਾ ਭੰਡਾਰ ਸੀ। ਇਹ ਸਾਰਾ ਕੁਝ ਉਸ ਦੇ ਪੋਟਿਆਂ 'ਤੇ ਸੀ। ਸੁਰਿੰਦਰ ਮੋਹਨ ਸਿੰਘ ਦਾ ਜਨਮ 27 ਸਤੰਬਰ 1945 ਨੂੰ ਲਾਹੌਰ ਵਿਖੇ ਪਿਤਾ ਜਸਵੰਤ ਸਿੰਘ ਅਤੇ ਮਾਤਾ ਜਸਵੰਤ ਕੌਰ ਦੇ ਘਰ ਹੋਇਆ।  ਉਸ ਦੇ ਮਾਤਾ ਪਿਤਾ ਧਾਰਮਿਕ ਰੁਚੀ ਦੇ ਮਾਲਕ ਸਨ। ਗੁਰੂ ਘਰ ਦੇ ਸ਼ਰਧਾਲੂ ਸਨ ਅਤੇ ਉਹ ਸਿੱਖ ਧਰਮ ਦੀਆਂ ਧਾਰਮਿਕ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਰਹਿੰਦੇ ਸਨ। ਇਸ ਲਈ ਸਿੱਖੀ ਸੋਚ ਦੀ ਗੁੜ੍ਹਤੀ ਉਸ ਨੂੰ ਪਰਿਵਾਰ ਵਿੱਚੋਂ ਹੀ ਮਿਲੀ ਸੀ। ਪਰਵਾਰ ਲਾਹੌਰ ਤੋਂ ਆ ਕੇ ਲੁਧਿਆਣਾ ਵਸ ਗਿਆ। ਸੁਰਿੰਦਰ ਮੋਹਨ ਸਿੰਘ ਦਾ ਅਕਾਲੀ ਸਿਆਸਤਦਾਨ ਸੁਰਜਨ ਸਿੰਘ ਠੇਕੇਦਾਰ ਲੁਧਿਆਣਾ ਵਾਲਿਆਂ ਨਾਲ ਗੂੜ੍ਹਾ ਪ੍ਰੇਮ ਸੀ। ਬਸੰਤ ਸਿੰਘ ਖਾਲਸਾ ਅਤੇ ਕੈਪਟਨ ਕੰਵਲਜੀਤ ਸਿੰਘ ਦੇ ਵੀ ਉਹ ਨਜ਼ਦੀਕੀ ਰਹੇ ਸਨ।
ਉਹ 27 ਸਤੰਬਰ 1967 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਚੰਡੀਗੜ੍ਹ ਵਿਖੇ ਅਨੁਵਾਦਕ ਪੰਜਾਬੀ ਭਰਤੀ ਹੋ ਗਿਆ। 1974 ਵਿੱਚ ਉਨ੍ਹਾਂ ਦੀ ਨਿਬੰਧਕਾਰ ਪੰਜਾਬੀ ਦੀ ਤਰੱਕੀ ਹੋ ਗਈ। ਉਸ ਦੇ ਨਿਬੰਧਕਾਰ ਬਣਨ ਤੋਂ ਦੋ ਮਹੀਨੇ ਬਾਅਦ ਮੇਰੀ ਵੀ ਪੰਜਾਬੀ ਸ਼ੈਕਸ਼ਨ ਵਿੱਚ ਨਿਬੰਧਕਾਰ ਪੰਜਾਬੀ ਦੀ ਚੋਣ ਹੋ ਗਈ। ਸੁਖਪਾਲਵੀਰ ਸਿੰਘ ਹਸਰਤ ਪੀ.ਆਰ.ਓ ਪੰਜਾਬੀ ਤੋਂ ਬਿਨਾ ਸੁਰਿੰਦਰ ਮੋਹਨ ਸਿੰਘ ਹੀ ਸਭ ਤੋਂ ਪੁਰਾਣਾ ਸ਼ਾਖਾ ਵਿੱਚ ਕਰਮਚਾਰੀ ਸੀ। ਉਹ ਅਨੁਵਾਦ ਕਰਨ ਵਿੱਚ ਮਾਹਿਰ ਸੀ। ਉਹ ਜਦੋਂ ਅਨੁਵਾਦਕਾਂ ਦੀਆਂ ਗ਼ਲਤੀਆਂ ਕੱਢਦਾ ਸੀ ਤਾਂ ਹਮੇਸ਼ਾ ਵਿਅੰਗ ਨਾਲ ਕਟਾਕਸ਼ ਕਰਦਾ ਸੀ। ਭਾਵ ਗ਼ਲਤੀ ਟਕੋਰ ਮਾਰ ਕੇ ਸਮਝਾ ਵੀ ਦਿੰਦਾ ਸੀ ਤੇ ਨਾਲ ਹੀ ਸਿੱਖਣ ਦੀ ਪ੍ਰੇਰਨਾ ਦਿੰਦਾ ਸੀ। ਪੰਜਾਬੀ ਸ਼ਾਖਾ ਵਿੱਚ ਹਮੇਸ਼ਾ ਹਾਸੇ ਖਿਲਰਦੇ ਅਤੇ ਠਹਾਕੇ ਵਜਦੇ ਰਹਿੰਦੇ ਸਨ। ਪੰਜਾਬੀ, ਹਿੰਦੀ ਅਤੇ ਉਰਦੂ ਤਿੰਨੋ ਸ਼ਾਖਾਵਾਂ ਪੰਜਾਬ ਸਿਵਲ ਸਕੱਤਰੇਤ ਦੇ ਇਕੋ ਹਾਲ ਵਿੱਚ ਪੰਜਵੀਂ ਮੰਜ਼ਲ ਦੇ ਕੋਨੇ ਵਿੱਚ ਹੁੰਦੀਆਂ ਸਨ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਖੇਤ ਦਾ ਅਖ਼ੀਰਲਾ ਕਿਆਰਾ ਸੁੱਕਾ ਰਹਿ ਜਾਂਦਾ ਹੈ ਪ੍ਰੰਤੂ ਇਹ ਕੋਨੇ ਦਾ ਕਿਆਰਾ ਖ਼ੁਸ਼ੀਆਂ ਅਤੇ ਹਾਸੇ ਠੱਠੇ ਦਾ ਕੇਂਦਰ ਬਿੰਦੂ ਹੁੰਦਾ ਸੀ। ਸੁਰਿੰਦਰ ਮੋਹਨ ਸਿੰਘ ਦੇ ਜਾਣ ਨਾਲ ਉਸ ਸਮੇਂ ਦੀਆਂ ਯਾਦਾਂ ਤਾਜ਼ਾ ਹੋ ਕੇ ਖਾਮੇਸ਼ ਹੋ ਗਈਆਂ ਹਨ।
ਪੰਜਾਬ ਸਿਵਲ ਸਕੱਤਰੇਤ ਵਿੱਚ ਨੌਕਰੀ ਕਰਦਿਆਂ ਉਸ ਦਾ ਤਾਲਮੇਲ ਅਕਾਲੀ/ਸਿੱਖ ਸਿਆਸਤਦਾਨਾ ਨਾਲ ਵਧੇਰੇ ਹੋਣ ਲੱਗ ਪਿਆ। ਅਕਾਲੀ ਪਰਵਾਰਿਕ ਪਿਛੋਕੜ ਹੋਣ ਕਰਕੇ ਉਸ ਨੂੰ ਸਿਆਸਤਦਾਨਾਂ ਨੂੰ ਨੇੜੇ ਤੋਂ ਜਾਨਣ ਦਾ ਮੌਕਾ ਮਿਲ ਗਿਆ। 1977 ਵਿੱਚ ਉਸ ਦੀ ਇਸ਼ਤਿਹਾਰ ਸ਼ਾਖਾ ਵਿੱਚ ਕਾਪੀ ਰਾਈਟਰ ਦੀ ਤਰੱਕੀ ਹੋ ਗਈ। 1978 ਵਿੱਚ ਉਹ ਸਹਾਇਕ ਲੋਕ ਸੰਪਰਕ ਅਧਿਕਾਰੀ ਬਣ ਗਏ। ਪ੍ਰੰਤੂ ਉਸ ਦੀ ਤਰੱਕੀ ਲੋਕ ਸੰਪਰਕ ਅਧਿਕਾਰੀ ਦੀ ਨਿਬੰਧਕਾਰਾਂ ਵਿੱਚੋਂ ਹੋਈ ਸੀ। ਫਿਰ ਉਹ ਡਿਪਟੀ ਡਾਇਰੈਕਟਰ ਬਣ ਗਏ। ਉਹ ਪਟਿਆਲਾ, ਅਤੇ ਫਤਿਹਗੜ੍ਹ ਸਾਹਿਬ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਵੀ ਰਹੇ। ਬਦਲੀਆਂ ਦੇ ਚੱਕਰ ਵਿੱਚੋਂ ਨਿਕਲਣ ਲਈ ਉਹ ਚੰਡੀਗੜ੍ਹ ਪ੍ਰਸ਼ਾਸ਼ਨ ਵਿੱਚ ਲੋਕ ਸੰਪਰਕ ਅਧਿਕਾਰੀ ਤੇ ਤੌਰ ਤੇ ਡੈਪੂਟੇਸ਼ਨ 'ਤੇ ਚਲੇ ਗਏ। ਉਨ੍ਹਾਂ ਨੇ ਸਿਰੀ ਰਾਮ ਅਰਸ਼ ਨਾਲ ਸਾਂਝੇ ਤੌਰ 'ਤੇ ਇਕ ਪੁਸਤਕ 'ਯਾਦਾਂ ਵਿੱਚ ਇਤਿਹਾਸ' ਵੀ ਸੰਪਾਦਿਤ ਕੀਤੀ ਸੀ। ਬਤੌਰ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਦੀ ਮਹੱਤਵਪੂਰਨ ਸ਼ਾਖਾ ਪ੍ਰੈਸ ਦੇ ਡਿਪਟੀ ਡਾਇਰੈਕਟਰ ਦੇ ਫਰਜ ਨਿਭਾਉਂਦੇ ਹੋਏ ਉਹ 2003 ਵਿੱਚ ਸੇਵਾ ਮੁਕਤ ਹੋ ਗਏ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਥੋੜ੍ਹਾਂ ਸਮਾਂ ਲੋਕ ਸਭਾ ਚੋਣ ਲਈ ਅਕਾਲੀ ਉਮੀਦਵਾਰ ਕੈਪਟਨ ਕੰਵਲਜੀਤ ਸਿੰਘ ਦੀ ਪਟਿਆਲਾ ਤੋਂ ਚੋਣ ਸਮੇਂ ਮੀਡੀਆ ਦਾ ਕੰਮ ਵੇਖਦੇ ਰਹੇ ਪ੍ਰੰਤੂ ਫਿਰ ਸਿਆਸੀ ਜ਼ੋਰ ਪੈਣ 'ਤੇ ਉਹ ਕਾਂਗਰਸੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੀ ਚੋਣ ਸਮੇਂ ਮੀਡੀਆ ਦਾ ਕੰਮ ਕਰਦੇ ਰਹੇ।  ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਕੈਨੇਡਾ, ਆਸਟਰੇਲੀਆ ਅਤੇ ਪਾਕਿਸਤਾਨ ਦਾ ਖੂਬ ਸੈਰ ਸਪਾਟਾ ਕੀਤਾ।
1976 ਵਿੱਚ ਉਨ੍ਹਾਂ ਦਾ ਵਿਆਹ ਸੁਰਿੰਦਰ ਕੌਰ ਨਾਲ ਹੋ ਗਿਆ। ਉਨ੍ਹਾਂ ਦੀ ਪਤਨੀ ਸਾਇੰਸ ਅਧਿਆਪਕਾ ਸਨ।  ਉਨ੍ਹਾਂ ਦੇ ਦੋ ਲੜਕੇ  ਜਸਮੋਹਨ ਸਿੰਘ ਕੈਨੇਡਾ ਅਤੇ ਕੁਸ਼ਲ ਮੋਹਨ ਸਿੰਘ ਆਸਟਰੇਲੀਆ ਰਹਿੰਦੇ ਹਨ। ਸੁਰਿੰਦਰ ਮੋਹਨ ਸਿੰਘ ਸੰਖੇਪ ਘਾਤਕ ਬਿਮਾਰੀ ਲੱਗ ਗਈ। ਬਿਹਤਰੀਨ ਇਲਾਜ ਦੇ ਮੱਦੇ ਨਜ਼ਰ ਉਹ ਆਪਣੇ ਸਪੁੱਤਰ ਕੋਲ ਪਤਨੀ ਸਮੇਤ ਆਸਟਰੇਲੀਆ ਚਲੇ ਗਏ। ਆਸਟਰੇਲੀਆ ਜਾਣ ਤੋਂ ਪਹਿਲਾਂ ਅਸੀਂ ਉਸ ਦੇ ਪੁਰਾਣੇ ਸਾਥੀ ਮਿਲਣ ਗਏ ਤਾਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਉਹ ਆਸਟਰੇਲੀਆ ਵਿਖੇ 29 ਸਤੰਬਰ 2022 ਨੂੰ ਸਵਰਗ ਸਿਧਾਰ ਗਏ ਸਨ। ਉਨ੍ਹਾਂ ਦੀ ਮਿੱਠੀ ਤੇ ਨਿਘੀ ਯਾਦ ਵਿੱਚ ਉਨ੍ਹਾਂ ਦੇ ਪਰਵਾਰ ਵੱਲੋਂ ਆਸਟਰੇਲੀਆ ਅਤੇ ਕੈਨੇਡਾ ਤੋਂ ਆ ਕੇ 24 ਜੂਨ 2023 ਨੂੰ ਗੁਰਦੁਆਰਾ ਸ਼੍ਰੀ ਕਲਗੀਧਰ ਫੇਜ-4 ਐਸ.ਏ.ਐਸ ਨਗਰ ਮੋਹਾਲੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਉਪਰੰਤ ਦੁਪਹਿਰ 12-00 ਵਜੇ ਤੋਂ 1-00 ਵਜੇ ਤੱਕ ਕੀਰਤਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਰੰਗਲੇ ਸੱਜਣ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਜਾਣਗੇ।

ਤਸਵੀਰ: ਸੁਰਿੰਦਰ ਮੋਹਨ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
 ujagarsingh48@yahoo.com

ਸੁਰਜੀਤ ਟੋਰਾਂਟੋ ਦਾ ਸੰਪਾਦਿਤ ਕਾਵਿ ਸੰਗ੍ਰਹਿ '#ਲਵੈਂਡਰ' ਸਾਹਿਤਕ ਫੁੱਲਾਂ ਦਾ ਗੁਲਦਸਤਾ - ਉਜਾਗਰ ਸਿੰਘ

ਸੁਰਜੀਤ ਟੋਰਾਂਟੋ ਨੇ #ਲਵੈਂਡਰ ਕਾਵਿ ਸੰਗ੍ਰਹਿ (ਕੈਨੇਡਾ ਦੀ ਚੋਣਵੀਂ ਪੰਜਾਬੀ ਕਵਿਤਾ) ਸੰਪਾਦਿਤ ਕੀਤੀ ਹੈ, ਜਿਸ ਵਿੱਚ ਪੰਜਾਬੀ ਮੂਲ ਰੂਪ ਦੇ 44 ਕਵੀਆਂ/ਕਵਿਤਰੀਆਂ ਦੀਆਂ ਪ੍ਰਕਾਸ਼ਤ ਕੀਤੀਆਂ ਕਵਿਤਾਵਾਂ ਦੀ ਖ਼ੁਸ਼ਬੋ ਫ਼ਿਜ਼ਾ ਨੂੰ ਸੁਗੰਧਤ ਕਰ ਰਹੀ ਹੈ। ਸੁਰਜੀਤ ਸਮੇਤ 44 ਕਵੀ/ਕਵਿਤਰੀਆਂ ਭਾਵੇਂ ਕੈਨੇਡਾ ਵਿੱਚ ਰਹਿ ਰਹੇ ਹਨ ਪ੍ਰੰਤੂ ਉਹ ਮਾਨਸਿਕ ਤੌਰ 'ਤੇ ਆਪਣੀ ਮਾਤ ਭੂਮੀ ਪੰਜਾਬ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਹੋਏ ਹਨ। ਪੰਜਾਬ ਵਿੱਚ ਕੋਈ ਵੀ ਚੰਗੀ ਜਾਂ ਮੰਦੀ ਘਟਨਾ ਵਾਪਰਦੀ ਹੈ ਤਾਂ ਇਨ੍ਹਾਂ ਮੂਲ ਰੂਪ ਪੰਜਾਬੀ ਕੈਨੇਡੀਅਨ ਕਵੀਆਂ/ਕਵਿਤਰੀਆਂ ਦੇ ਕਲੇਜੇ ਚੀਸ ਪੈਂਦੀ ਹੈ। ਫਿਰ ਇਹ ਆਪੋ ਆਪਣੀਆਂ ਕਲਮਾਂ ਚੁੱਕ ਕੇ ਆਪਣੀ ਚੀਸ ਦੀਆਂ ਪ੍ਰਤੀਕ੍ਰਿਆਵਾਂ ਕਵਿਤਾਵਾਂ ਦੇ ਰੂਪ ਵਿੱਚ ਪ੍ਰਗਟਾਉਂਦੇ ਹਨ। ਸੁਰਜੀਤ ਟੋਰਾਂਟੋ ਪੰਜਾਬ ਦੀ ਪੀੜ ਨਾਲ ਬਾਵਸਤਾ ਰਹਿੰਦੀ ਹੈ, ਉਹ ਲਗਪਗ ਹਰ ਸਾਲ ਆਪਣੀ ਮਾਤ ਭੂਮੀ ਨੂੰ ਨਤਮਸਤਕ ਹੁੰਦੀ ਹੈ। ਇਸ ਲਈ ਉਸ ਨੇ ਪੰਜਾਬੀ ਕਵੀਆਂ/ਕਵਿਤਰੀਆਂ ਦੀਆਂ ਭਾਵਨਾਵਾਂ ਵਿੱਚ ਲਪੇਟੀਆਂ ਬਿਹਤਰੀਨ ਕਵਿਤਾਵਾਂ ਨੂੰ ਇਕੱਤਰ ਕਰਕੇ ਇਕ ਕਾਵਿ ਸੰਗ੍ਰਹਿ ਦਾ ਰੂਪ ਦਿੱਤਾ ਹੈ। ਸੁਰਜੀਤ ਟੋਰਾਂਟੋ ਇਕ ਸੂਝਵਾਨ, ਵਿਸਮਾਦੀ, ਸੰਵੇਦਨਸ਼ੀਲ ਅਤੇ ਪ੍ਰਕ੍ਰਿਤੀ ਦੀ ਕਵਿਤਰੀ ਅਤੇ ਲੇਖਕਾ ਹੈ, ਉਸ ਨੇ ਇੱਕ ਸਾਲ ਦੀ ਸਖ਼ਤ ਮਿਹਨਤ ਤੇ ਦਿਲਚਸਪੀ ਨਾਲ ਕੈਨੇਡੀਅਨ ਪੰਜਾਬੀਆਂ ਦੀ ਕਵਿਤਾਵਾਂ ਦਾ ਪਾਠ ਕਰਦਿਆਂ ਉਨ੍ਹਾਂ ਵਿੱਚੋਂ ਆਪਣੀ ਪਸੰਦ ਦੀਆਂ ਕਵਿਤਾਵਾਂ ਨੂੰ ਇਸ ਕਾਵਿ ਸੰਗ੍ਰਹਿ ਵਿੱਚ ਸ਼ਾਮਲ ਕਰਕੇ ਲਾਜਵਾਬ ਕੰਮ ਕੀਤਾ ਹੈ। ਕਵੀਆਂ ਅਤੇ ਕਵਿਤਾਵਾਂ ਦੀ ਚੋਣ ਕਰਨੀ ਜ਼ੋਖ਼ਮ ਭਰਿਆ ਕੰਮ ਹੁੰਦਾ ਹੈ। ਇਕ ਕਵੀ/ਕਵਿਤਰੀ ਲਈ ਹਰ ਕਵਿਤਾ ਬਿਹਤਰੀਨ ਹੁੰਦੀ ਹੈ ਪ੍ਰੰਤੂ ਉਨ੍ਹਾਂ ਵਿੱਚੋਂ ਚੋਣ ਕਰਨਾ ਕਠਨ ਕਾਰਜ ਹੁੰਦਾ ਹੈ। ਸੁਰਜੀਤ ਟੋਰਾਂਟੋ ਨੇ ਇਹ ਕਠਨ ਤਪੱਸਿਆ ਕਰਕੇ ਪ੍ਰਸੰਸਾਯੋਗ ਕੰਮ ਕੀਤਾ ਹੈ। ਉਨ੍ਹਾਂ ਇਸ ਕਾਵਿ ਸੰਗ੍ਰਹਿ ਵਿੱਚ ਸਥਾਪਤ, ਨੌਜਵਾਨ ਅਤੇ ਇਸਤਰੀ ਕਵਿਤਰੀਆਂ ਨੂੰ ਸ਼ਾਮਲ ਕਰਕੇ ਵੱਖਰੇ-ਵੱਖਰੇ ਰੰਗਾਂ ਦੇ ਸਾਹਿਤਕ ਫੁੱਲਾਂ ਦਾ ਅਜਿਹਾ ਗੁਲਦਸਤਾ ਬਣਾਇਆ ਹੈ, ਜਿਹੜਾ ਖ਼ੂਬਸੂਰਤ ਬਹੁਰੰਗੀ ਖ਼ੁਸ਼ਬੋ ਦੀਆਂ ਛਹਿਬਰਾਂ ਨਾਲ ਸੁਗੰਧਤ ਕਰ ਰਿਹਾ ਹੈ। ਇਸ ਕਾਵਿ ਸੰਗ੍ਰਹਿ ਦੀ ਸਾਹਿਤਕ ਸੁਗੰਧ ਸਮੁੱਚੇ ਸੰਸਾਰ ਦੇ ਪੰਜਾਬੀਆਂ ਨੂੰ ਸੰਗੰਧਤ ਕਰ ਰਹੀ ਹੈ। ਇਹ ਕਾਵਿ ਸੰਗ੍ਰਹਿ ਸੁਰਜੀਤ ਦੀ ਸਾਹਿਤਕ ਸੋਚ ਦੀ ਖ਼ੁਸ਼ਬੋ ਦੇ ਕਲਾਤਮਿਕ ਦ੍ਰਿਸ਼ਟੀਕੋਣ ਦੀ ਜਾਣਕਾਰੀ ਦਿੰਦਾ ਹੈ। ਸੰਪਾਦਕ ਦਾ ਇਹ ਉਦਮ ਸਾਬਤ ਕਰਦਾ ਹੈ ਕਿ ਪੰਜਾਬੀ ਭਾਵੇਂ ਕਿਸੇ ਵੀ ਦੇਸ਼ ਵਿੱਚ ਕਾਰਜਸ਼ੀਲ ਹਨ ਪ੍ਰੰਤੂ ਆਤਮਿਕ ਤੌਰ 'ਤੇ ਉਹ ਪੰਜਾਬ ਦੀ ਮਿੱਟੀ ਦੀ ਮਹਿਕ ਵਿੱਚ ਵਿਚਰ ਰਹੇ ਹਨ। ਅਜਿਹੇ ਉਦਮਾ ਅਤੇ ਪਰਵਾਸੀ ਕਵੀਆਂ/ਕਵਿਤਰੀਆਂ ਦੀਆਂ ਕਲਮਾਂ ਦੀ ਕਰਾਮਾਤ ਸਦਕਾ ਪੰਜਾਬੀ ਮਾਂ ਬੋਲੀ ਹਮੇਸ਼ਾ ਇਸੇ ਤਰ੍ਹਾਂ ਸੰਸਾਰ ਵਿੱਚ ਆਪਣਾ ਬੋਲਬਾਲਾ ਕਾਇਮ ਰੱਖੇਗੀ। ਇਸ ਕਾਵਿ ਸੰਗ੍ਰਹਿ ਵਿੱਚ ਖੁਲ੍ਹੀਆਂ ਅਤੇ ਛੰਦ ਬੱਧ ਦੋਵੇਂ ਕਿਸਮ ਦੀਆਂ ਕਵਿਤਾਵਾਂ ਹਨ। ਇਹ ਕਵਿਤਾਵਾਂ ਸਮੇਂ ਅਤੇ ਪ੍ਰਸਥਿਤੀਆਂ ਦੀ ਤਬਦੀਲੀ ਦੀਆਂ ਪ੍ਰਤੀਕ ਹਨ ਅਤੇ ਇਨ੍ਹਾਂ ਦੇ ਆਪੋ ਆਪਣੇ ਰੰਗ ਸਤਰੰਗੀ ਪੀਂਘ ਦੀ ਤਰ੍ਹਾਂ ਮਨੁੱਖਤਾ ਦੇ ਦਿਲਾਂ ਨੂੰ ਮਨਮੋਹਕ ਦ੍ਰਿਸ਼ ਨਾਲ ਆਕਰਸ਼ਿਤ ਕਰਦੇ ਹਨ। ਕਈ ਕਵਿਤਾਵਾਂ ਭਾਵਨਾਵਾਂ ਵਿੱਚ ਲਪੇਟੀਆਂ ਹੋਈਆਂ ਸਿੰਬਾਲਿਕ ਹਨ, ਜੋ ਬਿੰਬਾਂ ਨਾਲ ਪਿਆਰ ਦੀਆਂ ਪੀਂਘਾਂ ਝੂਟਦੀਆਂ ਨਜ਼ਰ ਆ ਰਹੀਆਂ ਹਨ, ਉਹ ਕਵਿਤਾਵਾਂ ਪਰਵਾਸ ਦੀ ਜ਼ਿੰਦਗੀ ਸਮੇਂ ਅਤੇ ਸਥਾਨ ਦੀ ਪ੍ਰਤੀਨਿਧਤਾ ਕਰਦੀਆਂ ਹਨ। ਪਰਵਾਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਹੜੀਆਂ ਤਬਦੀਲੀਆਂ ਆਈਆਂ ਹਨ, ਉਨ੍ਹਾਂ ਤਬਦੀਲੀਆਂ ਨੂੰ ਦੋਵੇਂ ਸਥਾਨਾ 'ਤੇ ਕਿਸ ਨਿਗਾਹ ਨਾਲ ਵੇਖਿਆ ਜਾਂਦਾ ਹੈ, ਕਵਿਤਾਵਾਂ ਦੇ ਵਿਸ਼ੇ ਹਨ। ਸੁਰਜੀਤ ਨੇ ਕਾਵਿ ਸੰਗ੍ਰਹਿ ਵਿੱਚ ਕਵਿਤਾਵਾਂ ਸ਼ਾਮਲ ਕਰਦਿਆਂ ਬਹੁਤ ਹੀ ਸੰਜੀਦਗੀ ਨਾਲ ਚੋਣ ਕੀਤੀ ਹੈ। ਕਵਿਤਾਵਾਂ ਦਰਸਾਉਂਦੀਆਂ ਹਨ ਕਿ ਪੰਜਾਬ ਅਤੇ ਪਰਵਾਸ ਦੀ ਪ੍ਰਣਾਲੀ ਅਤੇ ਕਾਨੂੰਨਾ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ, ਉਸ ਅੰਤਰ ਦਾ ਦੋਵੇਂ ਸਥਾਨਾ 'ਤੇ ਕੀ ਪ੍ਰਭਾਵ ਪੈਂਦਾ ਹੈ। ਜਦੋਂ ਪਰਵਾਸ ਸ਼ੁਰੂ ਹੋਇਆ ਅਤੇ ਹੁਣ ਕਿਸ ਸੰਧਰਵ ਵਿੱਚ ਲਿਆ ਜਾਂਦਾ ਹੈ। ਕਵਿਤਾਵਾਂ ਵਿੱਚ ਪਰਵਾਸ ਦੀ ਚੀਸ ਅਤੇ ਖ਼ੁਸ਼ੀ ਦੋਵੇਂ ਮਿਲਦੇ ਹਨ। ਆਸ਼ਾ ਤੇ ਨਿਰਾਸ਼ਾ ਦੋਵੇਂ ਵਿਦਮਾਨ ਹਨ। ਪਰਵਾਸ ਵਿੱਚ ਸੱਧਰਾਂ ਦੇ ਮਰ ਜਾਣ ਦਾ ਸੰਤਾਪ ਵੀ ਹੈ। ਪ੍ਰੰਤੂ ਨਾਲ ਹੀ ਤੰਗੀਆਂ ਤਰੁਸ਼ੀਆਂ ਦਾ ਮੁਕਾਬਲਾ ਕਰਕੇ ਸਫਲਤਾ ਦਾ ਸਿਹਰਾ ਵੀ ਬੱਝਦਾ ਹੈ। ਪਰਿਵਾਰਿਕ ਰਿਸ਼ਤਿਆਂ, ਇਸਤਰੀ ਦੀ ਗ਼ੁਲਾਮੀ, ਅਨੇਕਾਂ ਗੁਰੂ ਘਰ ਹੋਣ ਦੇ ਬਾਵਜੂਦ ਜਾਤ ਪਾਤ ਦਾ ਬਰਕਰਾਰ ਰਹਿਣਾ ਅਤੇ ਪੰਜਾਬ ਦੀ ਤ੍ਰਾਸਦੀ ਕਵਿਤਾਵਾਂ ਵਿੱਚੋਂ ਝਲਕਦੀ ਹੋਈ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ। ਕਵਿਤਾਵਾਂ ਇਨਸਾਨ ਨੂੰ ਅੰਤਰ ਝਾਤ ਮਾਰਨ 'ਤੇ ਜ਼ੋਰ ਦਿੰਦੀਆਂ ਹਨ ਤਾਂ ਜੋ  ਖ਼ੁਸ਼ੀ ਪ੍ਰਾਪਤ ਕੀਤੀ ਜਾ ਸਕੇ, ਖ਼ੁਸ਼ੀ ਕਿਸੇ ਵੀ ਚੀਜ਼ ਵਿੱਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਕੁਝ ਕਵਿਤਾਵਾਂ ਇਸਤਰੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ, ਜਿਵੇਂ ਇਸਤਰੀ ਦਾ ਹਰ ਰੋਣ ਧੋਣ ਬਰਦਾਸ਼ਤ ਕੀਤਾ ਜਾ ਸਕਦਾ ਪ੍ਰੰਤੂ ਔਰਤ ਦੇ ਪਿਆਰ ਨੂੰ ਅਣਡਿਠ ਕਰਨਾ ਝੱਲਿਆ ਨਹੀਂ ਜਾ ਸਕਦਾ ਕਿਉਂਕਿ ਔਰਤ ਖ਼ੁਸੀਆਂ ਅਤੇ ਖੇੜਿਆਂ ਦੀ ਪ੍ਰਤੀਕ ਹੁੰਦੀ ਹੈ। ਔਰਤ ਸ਼ਕਤੀਵਾਨ ਹੈ, ਉਸ ਨੂੰ ਆਪਣੀ ਛੁਪੀ ਸ਼ਕਤੀ ਦੀ ਪਛਾਣ ਕਰਨੀ ਚਾਹੀਦੀ ਹੈ। ਬੇਇਨਸਾਫ਼ੀ, ਜ਼ਾਲਮਾਂ ਤੇ ਲੁਟੇਰਿਆਂ ਵਿਰੁੱਧ, ਮਨੁੱਖਤਾ ਲਈ ਮੋਹ, ਹੱਕ ਸੱਚ 'ਤੇ ਪਹਿਰਾ, ਇਨਕਲਾਬੀ ਸੋਚ, ਸਵੱਛ ਵਾਤਾਵਰਨ, ਕਿਸਾਨਾ ਨਾਲ ਹਮਦਰਦੀ ਅਤੇ ਸੰਗੀਤ ਦੀ ਚਾਸ਼ਣੀ ਵਰਗੇ ਵਿਸ਼ਿਆਂ ਨਾਲ ਲਬਰੇਜ਼ ਕਵਿਤਾਵਾਂ ਮਨੁੱਖੀ ਮਨਾਂ ਵਿੱਚ ਸੰਵੇਦਨਾ ਪੈਦਾ ਕਰਦੀਆਂ ਹਨ। ਗੰਧਲੀ ਸਿਆਸਤ, ਬਲਾਤਕਾਰ ਅਤੇ ਨਸ਼ਿਆਂ ਦੇ ਖ਼ਤਰਨਾਕ ਸਿੱਟਿਆਂ ਬਾਰੇ ਚਿੰਤਾ ਪ੍ਰਗਟ ਕਰਦੀਆਂ ਹਨ। ਗੁਰੂ ਦੀ ਵਿਚਾਰਧਾਰ 'ਤੇ ਪਹਿਰਾ ਦੇਣ, ਵਿਰਾਸਤ ਦੀ ਸੰਭਾਲ, ਸ਼ਾਂਤੀ ਦੀ ਪੁਕਾਰ ਅਤੇ ਪੰਜਾਬੀ ਬੋਲੀ ਨੂੰ ਅਪਨਾਉਣ ਦੀ ਪ੍ਰੇਰਨਾ ਦੇ ਰਹੀਆਂ ਹਨ। ਹਿੰਦ ਪਾਕਿ ਦੀ ਵੰਡ ਦੀ ਹੂਕ ਪਾਉਂਦੀਆਂ ਕਵਿਤਾਵਾਂ ਵੀ ਹਨ। ਪਰਵਾਸ ਵਿੱਚ ਪੰਜਾਬੀ ਜਾਂਦੇ ਵੀ ਤਰੱਦਦ ਕਰਕੇ ਹਨ ਪ੍ਰੰਤੂ ਉਥੇ ਜਾ ਕੇ ਜਦੋਜਹਿਦ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਪਿਛਲਾ ਵਿਰਾਸਤ ਦਾ ਹੇਜ ਵੀ ਤੰਗ ਕਰਦਾ ਰਹਿੰਦਾ ਹੈ। ਇਨਸਾਨ ਬ੍ਰਾਂਡਡ ਉਲਝਣਾ ਵਿੱਚ ਫਸਿਆ ਰਹਿੰਦਾ ਹੈ, ਮੂਲ ਨਿਵਾਸੀ ਕੈਨੇਡੀਅਨ ਦਾ ਦਰਦ ਅਤੇ ਪੰਜਾਬ ਵਿੱਚ ਇਸਤਰੀਆਂ ਦੀ ਦੁਰਦਸ਼ਾ ਤੇ ਕੁਦਰਤ ਨਾਲ ਕੀਟਨਾਸ਼ਕ ਦਵਾਈਆਂ ਰਾਹੀਂ ਕੀਤੇ ਜਾਂਦੇ ਖਿਲਵਾੜ ਬਾਰੇ ਕਵਿਤਾਵਾਂ ਹਨ, ਜੋ ਪਾਠਕ ਨੂੰ ਕੁਰੇਦਦੀਆਂ ਹਨ। ਬੁੱਧ ਦਾ ਨਿਰਵਾਣ ਬੁੱਧ ਲਈ ਸ਼ਾਂਤੀ ਤਾਂ ਦੇ ਸਕਦਾ ਪ੍ਰੰਤੂ ਔਰਤ ਲਈ ਦੁੱਖਦਾਈ ਹੈ। ਕੁਝ ਕਵੀਆਂ/ਕਵਿਤਰੀਆਂ ਨੇ ਪੰਜਾਬ ਵਿੱਚ ਗ਼ਰੀਬ ਅਮੀਰ ਦੇ ਪਾੜੇ ਵਿੱਚ ਜ਼ਮੀਨ ਅਸਮਾਨ ਦੇ ਅੰਤਰ ਬਾਰੇ ਕਵਿਤਾਵਾਂ ਲਿਖਦਿਆਂ ਗ਼ਰੀਬਾਂ ਦੀ ਦਾਸਤਾਂ ਬਿਆਨ ਕੀਤੀ ਹੈ। ਜ਼ਿੰਦਗੀ ਵਿੱਚ ਬਚਪਨ, ਜਵਾਨੀ ਅਤੇ ਬੁਢਾਪੇ ਦੇ ਰੰਗਾਂ ਨੂੰ ਵੀ ਦਰਸਾਇਆ ਹੈ। ਆਪਣਿਆਂ ਦਾ ਵਿਗਾਨਿਆਂ ਦੀ ਤਰ੍ਹਾਂ ਵਿਵਹਾਰ ਤਕਲੀਫ ਦਿੰਦਾ ਹੈ। ਹਓਮੈ ਇਕ ਨਾ ਇਕ ਦਿਨ ਟੁੱਟ ਜਾਂਦੀ ਹੈ, ਆਸਾਂ ਦੇ ਸਿਰ ਜੀਵਨ ਬਸਰ ਹੁੰਦਾ ਹੈ ਪ੍ਰੰਤੂ ਉਹ ਕਦੀਂ ਪੂਰੀਆਂ ਨਹੀਂ ਹੁੰਦੀਆਂ। ਇਸ ਪੁਸਤਕ ਦੀਆਂ ਕਵਿਤਾਵਾਂ ਪਿਆਰ ਮੁਹੱਬਤ ਦੇ ਗੀਤ ਗਾਉਂਦੀਆਂ ਹੋਈਆਂ ਨਫ਼ਰਤਾਂ ਦੀਆਂ ਕੰਧਾਂ ਤੋੜਨ ਦੀ ਪੁਰਜ਼ੋਰ ਹਮਾਇਤ ਕਰਦੀਆਂ ਹਨ। ਮਨੁੱਖ ਦੀ ਇਸਤਰੀ ਦੇ ਸਰੀਰਕ ਖਿੱਚ ਦੀ ਪ੍ਰਵਿਰਤੀ  ਦਾ ਪਾਜ ਉਘੇੜਦੀ ਸੀਰਤ ਦੀ ਕਦਰ ਕਰਨ ਨੂੰ ਤਰਜ਼ੀਹ ਦੇਣ ਦੀ ਵਕਾਲਤ ਕੀਤੀ ਗਈ ਹੈ। ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ। ਪੰਜਾਬੀਆਂ ਦੇ ਅੱਸੀਵਿਆਂ ਵਿੱਚ ਹੋਏ ਮਾਨਵਤਾ ਦੇ ਘਾਣ ਬਾਰੇ ਦੁੱਖਦਾਇਕ ਸਮੇਂ ਦੀ ਤ੍ਰਾਸਦੀ ਦਾ ਜ਼ਿਕਰ ਕਰਦੀਆਂ ਹੋਈਆਂ ਵਰਤਮਾਨ ਜ਼ਿੰਦਗੀ ਨੂੰ ਮਾਨਣ ਦੀ ਪੁਰਜ਼ੋਰ ਤਾਕੀਦ ਕਰਦੀਆਂ ਹਨ। ਮਾਨਵਤਾ ਦੇ ਹੱਕਾਂ 'ਤੇ ਪਹਿਰਾ ਦਿੰਦੀਆਂ ਹਨ। ਮਨੁੱਖ ਮੁਖੌਟੇ ਪਾਈ ਫਿਰਦਾ ਹੈ, ਭਾਵ ਦੂਹਰੀ ਜ਼ਿੰਦਗੀ ਜਿਓ ਰਿਹਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਇਕ ਹੋਰ ਵੱਖਰੀ ਗੱਲ ਹੈ ਕਿ ਸੰਪਾਦਕ ਨੇ ਸੰਪਾਦਨਾ ਕਰਦਿਆਂ ਪੁਸਤਕ ਵਿੱਚ ਸ਼ਾਮਲ ਕਵੀਆਂ/ਕਵਿਤਰੀਆਂ ਬਾਰੇ ਵੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੈ। ਇਹ ਜਾਣਕਾਰੀ ਉਨ੍ਹਾਂ ਦੇ ਸਮੁੱਚੇ ਯੋਗਦਾਨ ਦਾ ਸਾਰੰਸ਼ ਹੈ।
166 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ। ਅਲੋਪ ਹੋ ਰਹੇ ਚੇਟਕਾਂ ਦਾ ਦੁੱਖ, ਪਰਵਾਸ ਦੀਆਂ ਪਰੰਪਰਾਵਾਂ, ਨਿਯਮਾ ਅਤੇ ਦੋਸਤੀਆਂ ਦੀ ਪ੍ਰਸੰਸਾ ਕੀਤੀ ਗਈ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
 ujagarsingh48@yahoo.com

'ਪੀਲੂ ਦਾ ਮਿਰਜਾ ਸਾਹਿਬਾਂ ਤੇ ਹੋਰ ਰਚਨਾ' ਪੁਸਤਕ ਰੋਮਾਂਸਵਾਦ ਅਤੇ ਅਧਿਆਤਮਵਾਦ ਦਾ ਸੁਮੇਲ - ਉਜਾਗਰ ਸਿੰਘ

ਪੀਲੂ ਮਿਰਜਾ ਸਾਹਿਬਾਂ ਦਾ ਕਿੱਸਾ ਲਿਖਣ ਵਾਲਾ ਪਹਿਲਾ ਸ਼ਾਇਰ ਗਿਣਿਆਂ ਜਾਂਦਾ ਹੈ। ਪੀਲੂ ਨੇ ਮਿਰਜਾ ਸਾਹਿਬਾਂ ਦੇ ਰੋਮਾਂਸ ਦਾ ਕਿੱਸਾ ਲਿਖਿਆ। ਪੀਲੂ ਦੇ ਨਾਮ 'ਤੇ ਇਸ਼ਕ ਹਕੀਕੀ ਭਾਵ ਅਧਿਆਤਮਕ ਰਚਨਾ ਵੀ ਉਪਲਭਧ ਹੈ। ਇਸ ਲਈ ਸਾਹਿਤਕਾਰਾਂ ਤੇ ਪੜਚੋਲਕਾਰਾਂ ਵਿੱਚ ਵਿਚਾਰਾਂ ਦੇ ਵਖਰੇਵੇਂ ਹਨ ਹਨ ਕਿ ਪੀਲੂ ਇਕ ਜਾਂ ਦੋ ਸਨ। ਡਾ.ਭਗਵੰਤ ਸਿੰਘ ਅਤੇ ਡਾ.ਰਾਮਿੰਦਰ ਕੌਰ ਨੇ ਚਰਚਾ ਅਧੀਨ ਪੁਸਤਕ ਵਿੱਚ ਉਦਾਹਰਨਾ ਦੇ ਕੇ ਤੱਥਾਂ ਨਾਲ ਸਾਬਤ ਕੀਤਾ ਹੈ ਕਿ ਪੀਲੂ ਇਕ ਹੀ ਸੀ। ਜਵਾਨੀ ਵਿੱਚ ਉਸ ਨੇ ਮਿਰਜਾ ਸਾਹਿਬਾਂ ਦੇ ਇਸ਼ਕ ਦਾ ਰੋਮਾਂਟਿਕ ਕਿੱਸਾ ਲਿਖਿਆ ਸੀ। ਜਦੋਂ ਉਹ ਉਮਰ ਦਰਾਜ ਭਾਵ ਬਜ਼ੁਰਗ ਹੋ ਗਏ ਤਾਂ ਉਨ੍ਹਾਂ ਇਸ਼ਕ ਹਕੀਕੀ ਦੀ ਰਚਨਾ ਕੀਤੀ ਹੈ। ਲੇਖਕਾਂ ਨੇ ਇਸ ਪੁਸਤਕ ਨੂੰ ਪੰਜ ਭਾਗਾਂ 'ਪੀਲੂ ਅਤੇ ਮਿਰਜਾ ਸਾਹਿਬਾਂ ਦੀ ਗਾਥਾ', ਕਿੱਸਾ ਕਲਾ', 'ਰਸ ਵਿਧਾਨ', 'ਮੂਲ ਪਾਠ' ਅਤੇ ਅੰਤਿਕਾਵਾਂ ਵਿੱਚ ਵੰਡਿਆ ਹੈ। ਵੈਸੇ ਤਾਂ ਸਾਰੇ ਭਾਗਾਂ ਦੀ ਲੜੀ ਆਪਸ ਵਿੱਚ ਜੁੜਦੀ ਹੈ ਪ੍ਰੰਤੂ ਫਿਰ ਵੀ ਪੰਜ ਭਾਗ ਬਣਾਏ ਹਨ।
ਪੀਲੂ ਅਤੇ ਮਿਰਜਾ ਸਾਹਿਬਾਂ ਦੀ ਗਾਥਾ: ਲੇਖਕਾਂ ਅਨੁਸਾਰ ਪੀਲੂ ਪਹਿਲਾ ਪੰਜਾਬੀ ਦਾ ਵੱਡਾ ਸ਼ਾਇਰ ਹੈ, ਜਿਸ ਨੇ ਇਹ ਗਾਥਾ ਲਿਖੀ। ਪੀਲੂ ਦੀ ਇਹ ਗਾਥਾ ਇਤਨੀ ਪ੍ਰਵਾਨ ਹੋਈ ਕਿ ਅੱਜ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਗਾਈ ਜਾਂਦੀ ਹੈ। ਪੰਜਾਬ ਦੀ ਇਸ ਪ੍ਰਸਿੱਧ ਲੋਕ ਗਾਥਾ ਦਾ ਅੰਤ ਦੁੱਖ ਭਰਿਆ ਹੈ। ਇਹ ਗਾਥਾ ਪੰਜਾਬੀਆਂ ਦੇ ਲੋਕ ਮਨਾਂ ਵਿੱਚ ਡੂੰਘੀ ਸਮਾਈ ਹੋਈ ਹੈ। ਲੋਕਾਂ ਵਿੱਚ ਮਿਰਜਾ ਬਹਾਦਰ ਸੂਰਮੇ ਆਸ਼ਕ ਵਜੋਂ ਨਿਵਾਸ ਕਰਦਾ ਹੈ। ਭਾਵ ਉਹ ਲੋਕ ਨਾਇਕ ਬਣ ਗਿਆ। ਮਿਰਜਾ ਜੱਟ ਮਾਨਸਿਕਤਾ ਦਾ ਪ੍ਰਤੀਕ ਹੈ। ਲੇਖਕਾਂ ਅਨੁਸਾਰ ਪੀਲੂ ਦੇ ਜਨਮ ਸਥਾਨ ਬਾਰੇ ਪ੍ਰਮਾਣੀਕ ਸਬੂਤ ਨਹੀਂ ਮਿਲਦੇ ਪ੍ਰੰਤੂ ਤਰਨਤਾਰਨ ਦੇ ਨੇੜੇ ਇਕ ਖੂਹ ਹੈ, ਜਿਸ ਨੂੰ ਅੱਜ ਵੀ 'ਪੀਲੂ ਦਾ ਖੂਹ' ਕਹਿੰਦੇ ਹਨ। ਇਸ ਕਰਕੇ ਸਾਹਿਤਕਾਰਾਂ ਨੇ ਅਨੁਮਨ ਲਗਾਇਆ ਹੈ ਕਿ ਪੀਲੂ ਦਾ ਪਿੰਡ ਵੀ ਤਰਨਤਾਰਨ ਦੇ ਨਜ਼ਦੀਕ ਵੈਰੋਵਾਲ ਹੀ ਹੋਵੇਗਾ। ਪੀਲੂ ਆਪਣੀ ਉਮਰ ਦੇ ਆਖ਼ਰੀ ਸਮੇਂ ਸਾਂਦਲਬਾਰ ਦੇ ਇਲਾਕੇ ਵਿੱਚ ਬੰਦਗੀ ਕਰਦਿਆਂ ਸਵਰਗ ਸਿਧਾਰ ਗਿਆ। ਉਸ ਦੇ ਸਮੇਂ ਬਾਰੇ ਵੀ ਵਿਦਵਾਨ ਇਕਮਤ ਨਹੀਂ ਹਨ। ਭਾਈ ਗੁਰਦਾਸ (1551-1637)  ਅਤੇ ਇਸ ਤੋਂ ਬਾਅਦ ਦਾ ਕਹਿੰਦੇ ਹਨ ਪ੍ਰੰਤੂ ਮੰਨਿਆਂ ਜਾ ਰਿਹਾ ਹੈ ਪ੍ਰੇਮ ਗਾਥਾ ਵਾਪਰਨ ਦਾ ਸਮਾਂ ਅਕਬਰ ਰਾਜ ਕਾਲ ਦਾ ਸੀ। ਪੀਲੂ ਅਨੁਸਾਰ ਸਾਹਿਬਾਂ ਖੀਵੇ ਖ਼ਾਨ ਦੇ ਘਰ ਜਨਮੀ ਅਤੇ ਮਿਰਜਾ ਦਾਨਾਬਾਦ ਵੰਝਲ ਦੇ ਘਰ ਕਰੜੇ ਵਾਰ ਵਿੱਚ ਜਨਮਿਆਂ ਸੀ। ਮਿਰਜਾ ਆਪਣੇ ਨਾਨਕੇ ਪੜ੍ਹਨ ਲਈ ਸਿਆਲੀਂ ਗਿਆ ਹੋਇਆ ਸੀ, ਜਿਥੇ ਮਸੀਤੇ ਪੜ੍ਹਦਿਆਂ ਸਾਹਿਬਾਂ ਨਾਲ ਮੁਹੱਬਤ ਹੋ ਗਈ। ਜਦੋਂ ਉਨ੍ਹਾਂ ਦਾ ਇਸ਼ਕ ਜੱਗ ਜ਼ਾਹਰ ਹੋ ਗਿਆ ਤਾਂ ਮਿਰਜੇ ਨੂੰ ਦਾਨਾਬਾਦ ਭੇਜ ਦਿੱਤਾ। ਓਧਰ ਸਾਹਿਬਾਂ ਦੇ ਮਾਪਿਆਂ ਨੇ ਉਸ ਦਾ ਵਿਆਹ  ਰੱਖ ਦਿੱਤਾ। ਸਾਹਿਬਾ ਨੇ ਕਰਮੂ ਬ੍ਰਾਹਮਣ ਹੱਥ ਮਿਰਜੇ ਨੂੰ ਸਨੇਹਾ ਦੇ ਕੇ ਬੁਲਾ ਲਿਆ। ਓਧਰ ਮਿਰਜੇ ਦੀ ਭੈਣ ਦਾ ਵਿਆਹ ਸੀ ਪ੍ਰੰਤੂ ਮਿਰਜੇ ਨੇ ਆਪਣੀ ਮਹਿਬੂਬ ਨੂੰ ਪਹਿਲ ਦਿੱਤੀ। ਮਿਰਜਾ ਸਾਹਿਬਾਂ ਨੂੰ ਭਜਾ ਕੇ ਲੈ ਗਿਆ। ਰਸਤੇ ਵਿੱਚ ਆਰਾਮ ਕਰਨ ਲੱਗਿਆ ਤਾਂ ਚੰਦੜ ਆ ਗਏ ਤੇ ਸਾਹਿਬਾਂ ਦੋ ਪੁੜਾਂ ਵਿੱਚ ਫਸ ਗਈ । ਇਕ ਪਾਸੇ ਭਰਾ ਦੂਜੇ ਪਾਸੇ ਆਸ਼ਕ। ਅਖੀਰ ਸਾਹਿਬਾਂ ਨੇ ਮਿਰਜੇ ਦੇ ਤੀਰ ਜੰਡ 'ਤੇ ਟੰਗ ਦਿੱਤੇ। ਚੰਦੜਾਂ ਨੇ ਮਿਰਜਾ ਮਾਰ ਦਿੱਤਾ। ਪੀਲੂ ਤੇ ਹਾਫਿਜ ਬਰਖੁਰਦਾਰ ਦੇ ਘਟਨਾਵਾਂ ਬਾਰੇ ਵਿਚਾਰ ਨਹੀਂ ਮਿਲਦੇ। ਲੇਖਕਾਂ ਨੇ ਦਸਮ ਗ੍ਰੰਥ, ਰਿਚਰਡ ਟੈਂਪਲ ਅਤੇ ਸਵਿਨਟਰਨ ਦੇ ਮਿਰਜਾ ਸਾਹਿਬਾਂ ਦੀ ਗਾਥਾ ਬਾਰੇ ਵਿਚਾਰ ਵੀ ਦਿੱਤੇ ਹਨ।
ਕਿੱਸਾ ਕਲਾ: ਲੇਖਕਾਂ ਨੇ ਲਿਖਿਆ ਹੈ ਕਿ ਪੀਲੂ ਦੀ ਕਿੱਸਾ ਕਲਾ ਦੀ ਪ੍ਰਸੰਸਾ ਉਸ ਦੇ ਸਮਕਾਲੀ ਕਿੱਸਾਕਾਰਾਂ ਨੇ ਬਾਖ਼ੂਬੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਪੀਲੂ ਦਾ ਮਿਰਜਾ ਸਰਵ ਪ੍ਰਵਾਨ ਸੀ। ਪੀਲੂ ਦੇ ਕਿੱਸੇ ਬਾਰੇ ਬਰਖ਼ੁਰਦਾਰ ਕਵੀ ਲਿਖਦਾ ਹੈ:
ਯਾਰੋ ਪੀਲੂ ਨਾਲ ਬਰਾਬਰੀ ਸ਼ਇਰ ਭੁਲ ਕਰੇਨ,
ਜਿਹਨੂੰ ਪੰਜਾਂ ਪੀਰਾਂ ਦੀ ਥਾਪਨਾ ਕੰਧੀਂ ਦਸਤ ਧਰੇਨ।
ਅਹਿਮਦਯਾਰ ਪੀਲੂ ਦੀ ਕੱਲਾ ਕਲਾ ਬਾਰੇ ਲਿਖਦਾ ਹੈ:
ਪੀਲੂ ਨਾਲ ਨਾ ਰੀਸ ਕਿਸੇ ਉਸ ਦੀ ਸੋਜ਼ ਅਲਹਿਦੀ,
ਮਸਤ ਨਿਗਾਹ ਕੀਤੀ ਉਸ ਪਾਸੇ ਕਿਸੇ ਫ਼ਕੀਰ ਵਲੀ ਦੀ।
ਪੀਲੂ ਨੇ ਸ਼ਿੰਗਾਰ ਤੇ ਬੀਰ ਰਸ ਨੂੰ ਇਸ ਰੁਮਾਂਟਿਕ ਕਥਾ ਵਿੱਚ ਇਕੱਠਾ ਕਰਕੇ ਨਵੀਂ ਪ੍ਰਥਾ ਕਾਇਮ ਕਰਨ ਦਾ ਯਤਨ ਕੀਤਾ ਹੈ। ਪੀਲੂ ਮਿਰਜੇ ਦੀ ਮੌਤ ਦਾ ਕਾਰਨ ਹੋਣੀ ਨੂੰ ਮੰਨਦਾ ਹੈ:
ਮਿਰਜਿਆ ਐਡ ਪੈਗੰਬਰ ਮਰ ਗਏ ਤੂੰ ਕਿਹਦਾ ਪਾਣੀ ਹਾਰ।
ਪੀਲੂ ਦਾ ਪਾਤਰ ਚਿਤਰਣ ਬਹੁਤ ਸੁਚੱਜਾ ਹੈ। ਉਸ ਨੇ ਪਾਤਰਾਂ ਨੂੰ ਆਦਰਸ਼ਕ ਰੰਗ ਨਹੀਂ ਦਿੱਤਾ। ਮਾਂ, ਮਾਂ ਵਾਂਗ, ਭੈਣ, ਭੈਣਾਂ ਵਾਂਗ ਅਤੇ ਪਿਓ, ਪਿਓ ਵਾਂਗ ਜਦੋਂ ਉਹ ਮਿਰਜੇ ਨੂੰ ਵਰਜਦਾ ਕਹਿੰਦਾ ਹੈ:
ਚੜ੍ਹਦੇ ਮਿਰਜੇ ਖ਼ਾਨ ਨੂੰ ਵੰਝਲ ਦਿੰਦਾ ਮੱਤ,
ਭੱਠ ਰੰਨਾ ਦੀ ਦੋਸਤੀ ਖੁਰੀਂ ਜਿਨ੍ਹਾਂ ਦੀ ਮੱਤ।
ਹੱਸ ਕੇ ਲਾਉਂਦੀਆਂ ਯਾਰੀਆਂ ਰੋ ਕੇ ਦਿੰਦੀਆਂ ਦੱਸ,
ਜਿਸ ਘਰ ਲਾਈ ਦੋਸਤੀ ਮੂਲ ਨਾ ਘੱਤੇ ਲੱਤ।
ਮਿਰਜੇ ਦੀ ਮਾਂ ਬਾਰੇ ਪੀਲੂ ਲਿਖਦਾ ਹੈ:
ਚੜ੍ਹਦੇ ਮਿਰਜੇ ਖ਼ਾਨ ਨੂੰ ਮੱਤਾਂ ਦੇਵੇ ਮਾਂ,
ਬੁਰੇ ਸਿਆਲਾਂ ਦੇ ਮਾਮਲੇ ਬੁਰੀ ਸਿਆਲਾਂ ਦੀ ਰਾਹ।
ਮਿਰਜਾ ਬੱਕੀ ਦੀ ਪ੍ਰਸੰਸਾ ਕਰਦਾ ਹੈ, ਉਸ ਦਾ ਘੁਮੰਡ ਵੀ ਪ੍ਰਗਟ ਹੁੰਦਾ ਹੈ
ਬੱਕੀ ਤੋਂ ਡਰਨ ਫਰਿਸ਼ਤੇ  ਮੈਥੋਂ ਡਰੇ ਖੁਦਾ,
ਚੁਭੇ ਵਿੱਚ ਪਤਾਲ ਉਡ ਕੇ ਚੜ੍ਹੇ ਅਕਾਸ਼।
ਮਿਰਜਾ ਮਾਰਿਆ ਮਲਕੁਲ ਮੌਤ ਨੇ ਕੁਝ ਮਾਰਿਆ ਗੁਮਾਨ।
ਵਿੱਚ ਕਬਰਾਂ ਦੇ ਖਪ ਗਿਆ ਮਿਰਜਾ ਸੋਹਣਾ ਜਵਾਨ।
ਪੀਲੂ ਨੇ ਅਲੰਕਾਰ ਅਤੇ ਰੂਪਕ, ਕਵਿਤਾ ਦੇ ਗਹਿਣਿਆਂ ਦੀ ਤਰ੍ਹਾਂ ਵਰਤੇ ਹਨ:
ਮਿਰਜਾ ਫੁੱਲ ਗੁਲਾਬ ਦਾ ਮੇਰੀ ਝੋਲੀ ਟੁੱਟ ਪਿਆ।
ਧਰਤੀ ਤਾਂਬਾ ਹੋ ਗਈ ਸਿਆਹੀ ਫਿਰੀ ਅਸਮਾਨ।
ਵਲ ਵਲ ਵੱਢ ਦਿਆਂ ਸੂਰਮੇ ਜਿਉਂ ਖੇਤੀਂ ਪੈਣ ਗੜੇ।
ਰਸ ਵਿਧਾਨ:
ਰਸ ਵਿਧਾਨ ਵੀ ਪੀਲੂ ਦਾ ਕਮਾਲ ਦਾ ਹੈ। ਉਸ ਨੇ ਸ਼ਿੰਗਾਰ ਰਸ, ਬੀਰ ਰਸ, ਕਰੁਣਾ ਰਸ ਅਤੇ ਹਾਸ ਰਸ ਦੀ ਵਰਤੋਂ ਕੀਤੀ ਹੈ। ਸ਼ਿੰਗਾਰ ਰਸ ਸੁਚੱਜੇ ਢੰਗ ਨਾਲ ਵਰਤਿਆ ਹੈ:
ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ,
ਗਜ ਗਜ ਲੰਮੀਆਂ ਮੀਢੀਆਂ ਰੰਗ ਜੋ ਗੋਰਾ ਸੀ।
ਪੀਲੂ ਦਾ ਬੀਰ ਰਸ ਲੂੰ ਕੰਡੇ ਖੜ੍ਹੇ ਕਰ ਦਿੰਦਾ ਹੈ:
ਕੋਈ ਦੀਹਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ,
ਕਟਕ ਭਿੜਾ ਦਿਆਂ ਅੰਬਰੀਂ ਮੈਥੋਂ ਭੀ ਰਾਠ ਡਰੇ।
ਸਿਰ ਸਿਆਲਾਂ ਦੇ ਵੱਢ ਕੇ ਸੁਟਾਂਗਾ ਵਿੱਚ ਰੜੇ।
ਪੀਲੂ ਭਾਵੇਂ ਮਝੈਲ ਸੀ ਪ੍ਰੰਤੂ ਉਸ ਦੀ ਭਾਸ਼ਾ ਠੇਠ ਪੰਜਾਬੀ ਹੈ। ਪੀਲੂ ਦੇ ਕਿੱਸੇ ਵਿੱਚ ਅਸ਼ਲੀਲਤਾ ਨਹੀਂ ਹੈ।
ਮੂਲ ਪਾਠ:ਕਿੱਸਾ ਮਿਰਜਾ ਸਾਹਿਬਾਂ
ਚੌਥੇ ਭਾਗ  ਵਿੱਚ ਪੀਲੂ ਦੁਆਰਾ ਲਿਖਿਆ ਕਿੱਸਾ ਮਿਰਜਾ ਸਾਹਿਬਾਂ ਦਾ ਪੂਰਾ ਪਾਠ ਦਿੱਤਾ ਗਿਆ ਹੈ। ਪੀਲੂ ਦਾ ਕਿੱਸਾ ਲਿਖਤ ਰੂਪ ਵਿੱਚ ਨਹੀਂ ਮਿਲਦਾ ਪ੍ਰੰਤੂ ਜੋ ਮਿਲਦਾ ਹੈ, ਉਹ ਅੰਗਰੇਜ਼ ਰਿਚਰਡ ਟੈਂਪਲ ਦੁਆਰਾ'ਦਾ ਲੀਜੈਂਡਜ਼ ਆਫ਼ ਪੰਜਾਬ' ਵਿੱਚ ਪ੍ਰਕਾਸ਼ਤ ਕੀਤਾ ਮਿਲਦਾ ਹੈ। ਇਹ ਕਿੱਸਾ ਰਿਚਰਡ ਟੈਂਪਲ ਨੇ ਕਿਸੇ ਜਲੰਧਰ ਦੇ ਮੁਸਲਮਾਨ ਤੋਂ ਸੁਣਿਆਂ ਅਤੇ ਫਿਰ ਉਸ ਤੋਂ ਸੁਣ ਕੇ ਲਿਖਿਆ ਹੈ। ਇਹ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਪ੍ਰਕਾਸ਼ਤ ਹੋਇਆ ਹੈ। ਦੋਵੇਂ ਲੇਖਕਾਂ ਦੀ ਖੋਜ ਨੇ ਇਹ ਸਿੱਟਾ ਕੱਢਿਆ ਹੈ ਕਿ ਇਹ ਕਿੱਸਾ ਵੀ ਮੁਕੰਮਲ ਨਹੀਂ ਹੈ। ਮੂਲ ਪਾਠ ਵਾਲੇ ਭਾਗ ਵਿੱਚ ਖੋਜੀ ਵਿਦਿਆਰਥੀਆਂ ਲਈ ਡਾ.ਭਗਵੰਤ ਸਿੰਘ ਅਤੇ ਡਾ.ਰਮਿੰਦਰ ਕੋਰ ਨੇ ਪੀਲੂ ਸ਼ਾਇਰ ਦਾ ਹੀ ਦਿੱਤਾ ਹੈ ਪ੍ਰੰਤੂ ਅੰਤਿਕਾਵਾਂ ਵਾਲੇ ਭਾਗ ਵਿੱਚ ਛੇ ਅੰਤਿਕਾਵਾਂ ਹਨ। ਅੰਤਿਕਾ-1 ਵਿੱਚ ਪੀਲੂ ਦੇ ਕਿੱਸੇ ਵਿਚੇ ਜਿਹੜੇ ਮਿਥਿਹਾਸਕ/ਇਤਿਹਾਸਕ ਹਵਾਲੇ ਮਿਲਦੇ ਹਨ, ਪਾਠਕਾਂ ਦੀ ਸਹੂਲਤ ਲਈ ਉਨ੍ਹਾਂ 18 ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਅੰਤਿਕਾ-2 ਵਿੱਚ 'ਲੀਜੈਂਡਜ਼ ਆਫ਼ ਪੰਜਾਬ ਵਿਚਲਾ ਪਾਠ' ਅੰਤਿਕਾ-3 ਵਿੱਚ ਮਿਰਜਾ-ਸਾਹਿਬਾਂ ਕ੍ਰਿਤ ਹਾਫ਼ਿਜ ਬਰਖ਼ੁਰਦਾਰ, ਅੰਤਿਕਾ-4 ਵਿੱਚ 'ਦਸਮ ਗ੍ਰੰਥ' ਵਿਚਲੇ ਮਿਰਜਾ ਸਾਹਿਬਾਂ ਦੇ ਸ਼ਲੋਕ, ਅੰਤਿਕਾ-5 ਵਿੱਚ ਲੋਕ ਗੀਤਾਂ ਵਿੱਚ ਮਿਰਜਾ-ਸਾਹਿਬਾਂ ਦੀ ਗਾਥਾ ਅਤੇ ਅੰਤਿਕਾ-6 ਵਿੱਚ ਮਿਰਜਾ ਰਚਿਤ ਚਤਰ ਸਿੰਘ ਦਿੱਤਾ ਗਿਆ ਹੈ। ਪੁਸਤਕ ਦੇ ਅਖ਼ੀਰ ਵਿੱਚ ਸਹਾਇਕ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਇਨ੍ਹਾਂ ਸਾਰੇ ਤੱਥਾਂ ਕਰਕੇ ਇਹ ਹਵਾਲਾ ਪੁਸਤਕ ਖੋਜ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦਵਾਨਾ ਲਈ ਸਾਰਥਿਕ ਸਾਬਤ ਹੋਵੇਗੀ।
ਮਾਲਵਾ ਰਿਸਰਚ ਸੈਂਟਰ ਪਟਿਆਲਾ ਨੇ 120 ਪੰਨਿਆਂ, 250 ਰੁਪਏ ਕੀਮਤ ਵਾਲੀ ਇਹ ਪੁਸਤਕ ਯੁਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ ਐਸ.ਏ.ਐਸ.ਨਗਰ ਮੋਹਾਲੀ ਤੋਂ ਪ੍ਰਕਾਸ਼ਤ ਕਰਵਾਈ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
   ujagarsingh48@yahoo.com

‘ਨਕਸਲਵਾੜੀ ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲੋਕ ਹਿਤਾਂ ਦੀ ਪਹਿਰੇਦਾਰ - ਉਜਾਗਰ ਸਿੰਘ

ਡਾ.ਮੇਘਾ ਸਿੰਘ ਸੰਜੀਦਾ, ਸਾਹਿਤਕਾਰ, ਪੱਤਰਕਾਰ ਅਤੇ ਜੁਝਾਰੂ ਇਨਕਲਾਬੀ ਯੋਧਾ ਹੈ।  ‘ਨਕਸਲਵਾੜੀ ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲਿਖਕੇ ਉਹ ਖੱਬੇ-ਪੱਖੀ ਵਿਚਾਧਾਰਾ ਦਾ ਪਹਿਰੇਦਾਰ ਬਣਕੇ ਉਭਰਿਆ ਹੈ। ਭਾਵੇਂ ਉਸ ਦੀਆਂ ਪਹਿਲੀਆਂ 14 ਪੁਸਤਕਾਂ ਵੀ ਖੱਬੇ-ਪੱਖ ਸੋਚ ਦੀਆਂ ਲਖਾਇਕ ਹਨ। ਇਸ ਪੁਸਤਕ ਵਿੱਚੋਂ ਡਾ.ਮੇਘਾ ਸਿੰਘ ਦੀ ਖੱਬੇ-ਪੱਖੀ ਸੋਚ ਅਤੇ ਖੱਬੇ-ਪੱਖੀ ਪੱਤਰਕਾਰੀ ਦੀ ਪ੍ਰਤੀਬੱਧਤਾ ਅਤੇ ਬਚਨਬੱਧਵਾ ਦਾ ਪ੍ਰਗਟਾਵਾ ਹੁੰਦਾ ਹੈ। ਡਾ. ਮੇਘਾ ਸਿੰਘ ਦੀ ਦੀ ਖੋਜ ਕਰਨ ਸੰਬੰਧੀ ਦਿ੍ਰੜ੍ਹਤਾ , ਕਿਹਨਤ ਅਤੇ ਲਗਨ ਨੂੰ ਸਲਾਮ ਕਰਨਾ ਬਣਦਾ ਹੈ ਕਿ ਉਨ੍ਹਾਂ ਨੇ ਅਨੇਕਾਂ ਪੁਸਤਕਾਂ ਪੜ੍ਹਕੇ ਇਹ ਖੋਜ ਕਾਰਜ ਮੁਕੰਮਲ ਕੀਤਾ ਹੈ। ਉਨ੍ਹਾਂ ਇਸ ਪੁਸਤਕ ਵਿੱਚ ਖੋਜ ਕਰਕੇ ਤੱਥਾਂ ‘ਤੇ ਅਧਾਰਤ ਜਾਣਕਾਰੀ ਦਿੱਤੀ ਹੈ, ਜਿਸ ਤੋਂ ਮਹਿਸੂਸ ਹੁੰਦਾ ਹੈ ਕਿ ਇਹ ਪੱਤਰਕਾਰੀ ਦੇ ਵਿਦਿਆਰਥੀਆਂ ਲਈ ਹਵਾਲਾ ਪੁਸਤਕ ਬਣ ਗਈ ਹੈ। ਪੱਤਰਕਾਰੀ ਦੇ ਖੋਜੀ ਵਿਦਿਆਰਥੀਆਂ ਅਤੇ ਵਿਦਵਾਨਾ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ। ਡਾ.ਮੇਘਾ ਸਿੰਘ ਨੇ ਇਸ ਪੁਸਤਕ ਨੂੰ ਚਾਰ ਭਾਗਾਂ, (ੳ) ਪੱਤਰਕਾਰ, ਪੰਜਾਬੀ ਪੱਤਰਕਾਰੀ ਅਤੇ ਖੱਬੇ-ਪੱਖੀ ਸੁਰ ਵਾਲੀ ਪੰਜਾਬੀ ਪੱਤਰਕਾਰੀ, (ਅ) ਨਕਸਲਵਾੜੀ ਲਹਿਰ/ਖੱਬੇ-ਪੱਖੀ ਪੰਜਾਬੀ ਪੱਤਰਕਾਰੀ ਦੀ ਵਿਰਾਸਤ, (ੲ) ਸੁਤੰਤਰਤਾ ਉਪਰੰਤ ਨਕਸਲਵਾੜੀ ਲਹਿਰ ਦੀ ਸ਼ੁਰੂਆਤ ਤੱਕ ਦੀ ਖੱਬੇ-ਪੱਖੀ ਪੰਜਾਬੀ ਪੱਤਰਕਾਰੀ ਅਤੇ (ਸ) ਨਕਸਲਵਾੜੀ ਲਹਿਰ ਤੋਂ ਪ੍ਰਭਾਵਤ ਪੰਜਾਬੀ ਪੱਤਰਕਾਰੀ ਵਿੱਚ ਵੰਡਿਆ ਹੈ। ਪੁਸਤਕ ਦਾ ਪਹਿਲਾ ਅਧਿਆਇ:
 ਪੱਤਰਕਾਰ, ਪੰਜਾਬੀ ਪੱਤਰਕਾਰੀ ਅਤੇ ਖੱਬੇ-ਪੱਖੀ ਸੁਰ ਵਾਲੀ ਪੰਜਾਬੀ ਪੱਤਰਕਾਰੀ
  ਇਸ ਅਧਿਆਇ ਨੂੰ ਅੱਗੇ ਪੰਜ ਭਾਗਾਂ ਵਿੱਚ ਵੰਡਿਆ ਹੈ।
ੳ ‘ਪੱਤਰਕਾਰੀ: ਪਰਿਭਾਸ਼ਾ, ਸਰੂਪ ਅਤੇ ਉਦੇਸ਼’ ਵਿੱਚ ਪੱਤਰਕਾਰੀ ਦੀ ਸ਼ੁਰੂਆਤ ਸਤਾਰਵੀਂ ਸਦੀ ਵਿੱਚ ਹੋਈ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਪੱਤਰਕਾਰੀ ਬਾਰੇ ਅਮੈਰਿਕਨ ਐਨਸਾਈਕਲੋਪੀਡੀਆ, ਐਨਸਾੲਕਲੋਪੀਡੀਆ ਆਫ਼ ਬਿ੍ਰਟੈਨਿਕਾ ਅਤੇ ਹੋਰ ਭਾਰਤੀ ਅਤੇ ਪਰਵਾਸੀ ਪ੍ਰਸਿੱਧ ਵਿਅਕਤੀਆਂ ਦੀਆਂ ਉਦਾਹਰਨਾ ਦੇ ਪੱਤਰਕਾਰੀ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਪੱਤਰਕਾਰੀ ਖ਼ਬਰਾਂ ਇਕੱਤਰ ਕਰਨਾ, ਭਖਦੇ ਮਸਲਿਆਂ ਬਾਰੇ ਸਮਗਰੀ ਪੇਸ਼ ਕਰਨਾ, ਸੂਚਨਾਵਾਂ ਸੰਕਲਤ ਕਰਨੀਆਂ, ਸੂਚਨਾ ਦਾ ਸੰਚਾਰ ਕਰਨਾ ਅਤੇ ਫਿਰ ਇਨ੍ਹਾਂ ਨੂੰ ਅਖ਼ਬਾਰਾਂ ਵਿੱਚ ਪ੍ਰਕਾਸ਼ਤ/ਬ੍ਰਾਡਕਾਸਟ/ਟੈਲੀਕਾਸਟ ਹੋਣ ਲਈ ਭੇਜਣਾ ਹੁੰਦਾ ਹੈ। ਪੱਤਰਕਾਰੀ ਦਾ ਉਦੇਸ਼ ਲੋਕ ਹਿੱਤਾਂ ‘ਤੇ ਪਹਿਰਾ ਦੇਣਾ ਹੁੰਦਾ ਹੈ। ਡਾ.ਮੇਘਾ ਸਿੰਘ ਨੇ ਦੱਸਿਆ ਹੈ ਕਿ ਜਰਮਨੀ ਦੇ ਵਿਅਕਤੀ ਜੌਹਨ ਗੁਟਨਬਰਗ ਨੇ 1440 ਈਸਵੀ ਵਿੱਚ ਧਾਤ ਦੇ ਟਾਈਪ ਵਾਲਾ ਛਾਪਾਖਾਨਾਂ ਬਣਾਇਆ ਸੀ। ਉਸ ਤੋਂ ਬਾਅਦ ਅਖ਼ਬਾਰ ਅਤੇ ਪੁਸਤਕਾਂ ਪ੍ਰਕਾਸ਼ਤ ਹੋਣ ਲੱਗੀਆਂ।
Êਅ ਪੱਤਰਕਾਰੀ ਦਾ ਪ੍ਰਾਰੰਭ:
ਪ੍ਰੈਸ ਕਮਿਸ਼ਨ ਦੀ ਰਿਪੋੋੋਰਟ ਅਨੁਸਾਰ ਪੰਜਾਬੀ ਦਾ ਪਹਿਲਾ ਪੱਤਰ 1850-60 ਈਸਵੀ ਦੇ ਵਿਚਕਾਰ ਲੁਧਿਆਣਾ ਦੇ ਮਿਸ਼ਨਰੀਆਂ ਨੇ ਪ੍ਰਕਾਸ਼ਤ ਕੀਤਾ। ਪ੍ਰੋ.ਪ੍ਰੀਤਮ ਸਿੰਘ ਅਨੁਸਾਰ ਇਸ ਦਾ ਨਾਮ ‘ਚੁਪੱਤਰੀਆ’ ਸੀ। 1856 ਵਿੱਚ ‘ਲਾਹੌਰ ਕਰਾਨੀਕਾਲ’ ਦੇ ਮਾਲਕਾਂ ਨੇ ਲੁਧਿਆਣਾ ਤੋਂ ਪੰਜਾਬੀ ਦਾ ਗੁਰਮੁਖੀ ਅਤੇ ਫਾਰਸੀ ਦਾ ਸਾਂਝਾ ਪੰਜਾਬੀ ਪੱਤਰ ਜਾਰੀ ਕੀਤਾ। 1838 ਵਿੱਚ ਪਟਿਆਲਾ ਤੋਂ ‘ਜਗਤ ਪ੍ਰਕਾਸ਼ ਦਰਸ਼’ ਪੇਪਰ ਨਿਕਲਿਆ। ਭਾਵ ਪੰਜਾਬੀ ਪੱਤਰਕਾਰੀ ਦਾ ਆਰੰਭ 19ਵੀਂ ਸਦੀ ਵਿੱਚ ਇਸਾਈ ਮਿਸ਼ਨਰੀਆਂ ਨੇ ਕੀਤਾ।
ੲ ਪੰਜਾਬੀ ਪੱਤਰਕਾਰੀ ਦਾ ਆਗਾਜ਼ ਤੇ ਵਿਕਾਸ:
 1 ਮਾਰਚ 1867 ‘ਅਖ਼ਬਾਰ ਸ੍ਰੀ ਦਰਬਾਰ ਸਾਹਿਬ, ਨੂਰ ਅਫ਼ਸਾਂ-1872, ਹਿੰਦੀ ਗੁਰਮੁਖੀ ਸਾਂਝਾ ‘ਸੁਕਬਿ ਸੰਬੋਧਨੀ’-1875, ‘ਅਖ਼ਬਾਰ ਕਾਵਯ ਚੰਦ੍ਰੋਦਯ’-1876, ਪਹਿਲਾ ਸ਼ੁਧ ਪੰਜਾਬੀ ਪੱਤਰ ‘ਅਕਾਲ ਪ੍ਰਕਾਸ਼’-1876, ‘ਗੁਰਮੁਖੀ ਅਖ਼ਬਾਰ’-1880, ਆਦਿ ਸਨ। ਉਨੀਵੀਂ ਸਦੀ ਦੇ ਅੰਤ ਤੱਕ ਪੰਜਾਬੀ ਭਾਸ਼ਾ ਦੇ ਦੋ ਦਰਜਨ ਅਖ਼ਬਾਰ ਪ੍ਰਕਾਸ਼ਤ ਹੋਣੇ ਸ਼ੁਰੂ ਹੋ ਗਏ ਸਨ, ਇਨ੍ਹਾਂ ਵਿੱਚੋਂ ਬਹੁਤੇ ਸਿੱਖ ਧਰਮ ਨਾਲ ਸੰਬੰਧਤ ਅਤੇ ਸਮਾਜ ਸੁਧਾਰਕ ਅਖ਼ਬਾਰ ਸਨ। ਜਿਨ੍ਹਾਂ ਵਿੱਚੋਂ ਬਹੁਤੇ ਬੰਦ ਹੋ ਗਏ ਕੁਝ ਕੁ ਪ੍ਰਸਿੱਧ ‘ਪੰਜਾਬ ਦਰਪਣ’ (1885) ‘ਖਾਲਸਾ ਅਖ਼ਬਾਰ’ (1886), ‘ਸਿੰਘ ਸਭਾ ਗਜਟ’ (1890), ਨਿਗੁਣਿਆਰਾ’ (1892), ਅਤੇ ‘ਖਾਲਸਾ ਸਮਾਚਾ’ (1899) ਵਰਨਣਯੋਗ ਹਨ। 1900 ਤੋਂ  1947 ਤੱਕ ਦੇ ਸਮੇਂ ਨੂੰ ਪੰਜਾਬੀ ਪੱਤਰਕਾਰੀ ਦਾ ਵਿਕਾਸ ਕਾਲ ਮੰਨਿਆਂ ਜਾ ਸਕਦਾ ਹੈ। ਇਸ ਸਮੇਂ ਦੌਰਾਨ  ਲਗਪਗ 300 ਪੱਤਰ ਜ਼ਾਰੀ ਹੋਏ, ਜਿਨ੍ਹਾਂ ਵਿੱਚ ਲਗਪਗ 27 ਰੋਜ਼ਾਨਾ, 122 ਸਪਤਾਹਿਕ, 7 ਪੰਦਰਾਂ ਰੋਜ਼ਾ, 130 ਮਾਸਕ ਅਤੇ ਦਰਜਨ ਦੇ ਕਰੀਬ ਤਿਮਾਹੀ, ਛਿਮਾਹੀ ਤੇ ਸਾਲਾਨਾ ਸਨ।
ਸ ਖੱਬੇ ਪੱਖੀ ਪੱਤਰਕਾਰੀ
1947 ਤੋਂ ਬਾਅਦ ਖੱਬੇ ਪੱਖੀ ਪੱਤਰਕਾਰੀ ਕਦੇ ਤੇਜ਼ ਕਦੇ ਮੱਠੀ ਚਾਲ ਨਿਰੰਤਰ ਵਿਕਾਸ ਕਰਦੀ ਰਹੀ। ਖੱਬੇ ਪੱਖੀ ਪੱਤਰਕਾਰੀ ਦਾ ਆਰੰਭ (1789-91)  ਫਰਾਂਸ ਦੀ ਨੈਸ਼ਨਲ ਅਸੈਂਬਲੀ ਦੀ ਮੀਟਿੰਗ ਵਿੱਚ ਹੋਇਆ। 1842 ਵਿੱਚ  ਮੋਸੈਸ ਹੈਸ ਦੇ ਅਗਾਂਹਵਧੂ ਵਿਚਾਰਾਂ ਵਾਲੇ ਅਖ਼ਬਾਰ ‘ਰਾਈਨਿਸ਼ੇ ਜ਼ੀਤੁੰਗ’ ਲਈ ਲਿਖਣ ਨਾਲ ਸ਼ੁਰੂ ਹੋਇਆ। ਫਿਰ ਕਾਰਲ ਮਾਰਕਸ 10 ਮਹੀਨੇ ਬਾਅਦ ਇਸ ਅਖ਼ਬਾਰ ਦਾ ਸੰਪਾਦਕ ਬਣ ਗਿਆ। ਮਾਰਕਸ ਤੋਂ ਬਾਅਦ ਲੈਨਿਨ ਨੇ ਇਸ ਸਿਧਾਂਤ ਨੂੰ ਹੋਰ ਵਧੇਰੇ ਸ਼ਪਸ਼ਟ ਕਰਦਿਆਂ ਲੋਕ ਹਿਤਾਂ ਲਈ ਖੱਬੇ ਪੱਖੀ ਪੱਤਰਕਾਰੀ ਨੂੰ ਅਹਿਮੀਅਤ ਦਿੱਤੀ।
Êਹ ਪੰਜਾਬੀ ਵਿੱਚ ਖੱਬੇ-ਪੱਖੀ ਪੱਤਰਕਾਰੀ
1900 ਤੋਂ 1909 ਤੱਕ ਚਲੀ ਕਿਸਾਨ ਲਹਿਰ, 1910 ਤੋਂ 1917-18 ਤੱਕ ਚਲੀ ਗਦਰ ਲਹਿਰ ਅਤੇ ਜੱਲਿਆਂ ਵਾਲੇ ਬਾਗ ਦੇ ਸਾਕੇ ਨੇ ਪੰਜਾਬੀ ਪੱਤਰਕਾਰੀ ਵਿੱਚ ਜੁਝਾਰੂ ਅਤੇ ਇਨਕਲਾਬੀ ਸੁਰ ਦੇ ਬੀਜ ਬੀਜੇ। 1926 ਵਿੱਚ ਕਿਰਤੀ ਲਹਿਰ, ਰਿਆਸਤੀ ਰਾਜਿਆਂ ਵਿਰੁੱਧ ਉਠੀ ਲੋਕ ਲਹਿਰ, ਨੌਜਵਾਨ ਭਾਰਤ ਸਭਾਂ ਅਧੀਨ ਖਾੜਕੂ ਲਹਿਰ ਅਤੇ 1935-36 ਵਿੱਚ ਕਮਿਊਨਿਸਟ ਪਾਰਟੀ ਦੇ ਹੋਂਦ ਵਿੱਚ ਆਉਣ ਨਾਲ ਖੱਬੇ-ਪੱਖੀ ਪੱਤਰਕਾਰੀ ਵਿੱਚ ਨਿਖ਼ਾਰ ਆਇਆ। ਪੰਜਾਬੀ ਵਿੱਚ ਖੱਬੇ-ਪੱਖੀ ਪੱਤਰਕਾਰੀ ਦਾ ਮੁੱਢ ਸਮਾਜਵਾਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਹੋਇਆ।
ਨਕਸਲਵਾੜੀ ਲਹਿਰ/ਖੱਬੇ-ਪੱਖੀ ਪੰਜਾਬੀ ਪੱਤਰਕਾਰੀ ਦੀ ਵਿਰਾਸਤ:
 ਇਸ ਅਧਿਆਇ ਨੂੰ  ਡਾ.ਮੇਘਾ ਸਿੰਘ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ।
Êੳ ਖੱਬੇ ਪੱਖੀ ਪੰਜਾਬੀ ਪੱਤਰਕਾਰ:ਪ੍ਰਸਥਿਤੀਆਂ, ਆਗਾਜ਼ ਤੇ ਵਿਕਾਸ
ਉਨੀਵੀਂ ਸਦੀ  ਦੇ ਅਖ਼ੀਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ਾਂ ਨੇ ਪੰਜਾਬੀ ਕਿਸਾਨਾ ਨੂੰ ਦਬਾਉਣਾ ਸ਼ੁਰੂ ਕੀਤਾ, ਜਿਵੇਂ ਨਹਿਰੀ ਪਾਣੀ ਦਾ ਮਾਲੀਆ ਵਧਾਉਣਾ, 1900 ਦਾ ਭੋਂ ਬਦਲੀ ਐਕਟ, 1904 ਦਾ ਪੰਜਾਬ ਮਿਆਦ ਐਕਟ, 1904 ਦਾ ਜਾਇਦਾਦ ਬਦਲੀ ਐਕਟ ਅਤੇ 1905 ਦਾ ਪੰਜਾਬ ਹੱਕ ਸੁਫ਼ਾ ਐਕਟ ਆਦਿ ਫ਼ੈਸਲਿਆਂ ਨੇ ਕਿਸਾਨਂ ਵਿੱਚ ਅੰਗਰੇਜ਼ਾਂ ਵਿਰੁੱਧ ਨਫਰਤ ਪੈਦਾ ਕਰ ਦਿੱਤੀ। ਅਜੀਤ ਸਿੰਘ ਦੀ ਅਗਵਾਈ ਵਿੱਚ ਕਿਸਾਨੀ ਲਹਿਰ ਹੋਂਦ ਵਿੱਚ ਆਈ। ਕਿਸਾਨੀ ਲਹਿਰ ਸਮੇਂ ‘ਪੰਜਾਬੀ’ ਅਤੇ 1909-10 ਵਿੱਚ‘ਸੁਦੇਸ਼ ਸੇਵਕ’ ਮਾਸਕ ਅਤੇ 1912 ਵਿੱਚ ‘ਸਨਸਾਰ’ ਪੱਤਰ ਅੰਗਰੇਜ਼ੀ ਰਾਜ ਵਿਰੁੱਧ ਸ਼ੁਰੂ ਹੋਏ। ਫਿਰ ਗਦਰ ਪਾਰਟੀ ਹੋਂਦ ਵਿੱਚ ਆਈ। 1913 ਵਿੱਚ ‘ਗਦਰ’ ਸਪਤਾਹਕ ਪੇਪਰ ਸ਼ੁਰੂ ਹੋਇਆ।
ਅ ਅੰਗਰੇਜ਼ੀ ਰਾਜ ਵਿਰੁੱਧ ਬਾਗ਼ੀ ਪੰਜਾਬੀ ਪੱਤਰਕਾਰੀ (ਰੂਸੀ ਇਨਕਲਾਬ ਤੱਕ)
ਅੰਗਰੇਜ਼ੀ ਰਾਜ ਵਿਰੁੱਧ ਬਗ਼ਾਬਤੀ ਸੁਰਾਂ ਵਾਲੇ ਸਾਰੇ ਅਖ਼ਬਾਰ ਪਰਵਾਸ ਵਿੱਚ ਹੀ ਸ਼ੁਰੂ ਕੀਤੇ ਗਏ ਕਿਉਂਕਿ ਚੇਤੰਨ ਲੋਕ ਪਰਵਾਸ ਵਿੱਚ ਪਹੁੰਚ ਕੇ ਪਰਵਾਸ ਅਤੇ ਭਾਰਤ ਵਿੱਚ ਹੋ ਰਹੀਆਂ ਨਸਲੀ ਅਤੇ ਹੋਰ ਜ਼ਿਆਦਤੀਆਂ ਬਾਰੇ ਜਾਗਰੂਕ ਹੋ ਗਏ ਸਨ। ਸਦੇਸ ਮਾਸਕ ਕੈਨੇਡਾ ਤੋਂ 1909-10 ਵਿੱਚ ਬਾਬੂ ਹਰਨਾਮ ਸਿੰਘ ਕਾਹਰੀ, ਸਨਸਾਰ ਸੰਸਾਰ ਕੈਨੇਡਾ ਤੋਂ 1912 ਵਿੱਚ ਕਰਤਾਰ ਸਿੰਘ ਹੁੰਦਲ, ਗ਼ਦਰ ਹਿੰਦੁਸਤਾਨ ਗ਼ਦਰ ਅਮਰੀਕਾ ਤੋਂ 1913 ਵਿੱਚ ਲਾਲਾ ਹਰਦਿਆਲ ਅਤੇ ਯੁਗਾਂਤਰ 1917 ਭਗਵਾਨ ਸਿੰਘ ਅਤੇ ਪ੍ਰੀਤਮ ਸਿੰਘ ਚਲਾਉਂਦੇ ਸਨ।
ੲ ਰੂਸੀ ਇਨਕਲਾਬ ਤੋਂ ਪ੍ਰਭਾਵਤ 1947 ਈਸਵੀ ਤੱਕ ਦੀ ਖੱਬੀ ਸੁਰ ਵਾਲੀ ਪੰਜਾਬੀ ਪੱਤਰਕਾਰੀ
1917 ਦੇ ਰੂਸੀ ਇਨਕਲਾਬ ਤੋਂ ਬਾਅਦ ਸਮੁੱਚੇ ਸੰਸਾਰ ਵਿੱਚ ਜਾਗ੍ਰਤੀ ਪੈਦਾ ਹੋਈ। ਭਾਰਤ ਦੇ ਲੋਕ ਵੀ ਆਜ਼ਾਦੀ ਦੀ ਪ੍ਰਾਪਤੀ ਲਈ ਲਾਮਬੰਦ ਹੋਣੇ ਸ਼ੁਰੂ ਹੋ ਗਏ। ਇਸ ਸਮੇਂ ਦੌਰਾਨ  ਬਹੁਤ ਸਾਰੇ ਗ਼ਦਰੀ ਭਾਰਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ। 1923 ਵਿੱਚ ਜਲੰਧਰ ਤੋਂ ਦੇਸ਼ ਸੇਵਕ ਸਪਤਾਹਿਕ, 1926 ਵਿੱਚ ਜਲੰਧਰ ਤੋਂ ਕਿਰਤੀ, 1927 ਵਿੱਚ ਗ਼ਦਰ ਢੰਡੋਰਾ ਪੰਦਰਵਾੜਾ, 1930 ਇੰਡੀਆ ਐਂਡ ਕੈਨੇਡਾ, 1931 ਪੰਜਾਬੀ ਸ਼ੇਰ ਸਪਤਾਹਿਕ, 1931 ਮਜ਼ਦੂਰ ਕਿਸਾਨ ਪੰਦਰਵਾੜਾ, 1934  ਕਮਿਊਨਿਸਟ ਅਤੇ ਬਾਲਸ਼ਵਿਕ, 1934 ਕਿ੍ਰਸਾਨ ਸਪਤਾਹਕ, 1930-35 ਪ੍ਰਭਾਤ ਮਾਸਕ, 1935 ਲਾਲ ਢੰਡੋਰਾ ਮਾਸਕ, 1933 ਪ੍ਰੀਤਲੜੀ, 1937 ਦੁਖੀ ਦੁਨੀਆਂ, 1938 ਕਿਰਤੀ ਲਹਿਰ, 1938 ਚਿੰਗਾੜੀ ਮਾਸਕ, 1924 ਫੁਲਵਾੜੀ ਮਾਸਕ, 1939 ਐਲਾਨ-ਏ-ਜੰਗ ਪੰਦਰਵਾੜਾ, 1940 ਇਨਕਲਾਬੀ ਮਜ਼ਦੂਰ, 1940 ਰੇਲਵੇ ਵਰਕਰ, 1940 ਜੁਗ ਪਲਟਾਊ ਸਪਤਾਹਕ, 1940 ਲਾਲ ਝੰਡਾ ਮਾਸਕ ਪ੍ਰਕਾਸ਼ਤ ਹੋਣੇ ਸ਼ੁਰੂ ਹੋ ਗਏ। ਇਹ ਸਾਰੇ ਅਖ਼ਬਾਰਾਂ ਨੇ ਖੱਬੇ-ਪੱਖੀ ਇਕਲਾਬੀ ਸੁਰ ਵਾਲੀ ਸੋਚ ‘ਤੇ ਰੂਸੀ ਇਨਕਲਾਬ ਤੋਂ ਪ੍ਰਭਾਵਤ ਹੋ ਕੇ ਪਹਿਰਾ ਦਿੱਤਾ।
ਸੁਤੰਤਰਤਾ ਉਪਰੰਤ ਨਕਸਲਵਾੜੀ ਲਹਿਰ ਦੀ ਸ਼ੁਰੂਆਤ ਤੱਕ ਦੀ ਖੱਬੇ-ਪੱਖੀ ਪੰਜਾਬੀ ਪੱਤਰਕਾਰੀ
ਇਸ ਤੀਜੇ ਅਧਿਆਇ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ
ੳ ‘ਆਜ਼ਾਦੀ ਉਪਰੰਤ ਨਕਸਲਵਾੜੀ ਲਹਿਰ ਦੀ ਸ਼ੁਰੂਆਤ ਤੱਕ ਦੀ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’:
15 ਅਗਸਤ 1947 ਨੂੰ ਹੋਈ ਦੇਸ਼ ਦੀ ਵੰਡ ਹੋਣ ਕਰਕੇ ਇਕ ਕਰੋੜ ਤੋਂ ਵੱਧ ਪੰਜਾਬੀ-ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੇ ਇਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ 10 ਲੱਖ ਤੋਂ ਵੱਧ ਪੰਜਾਬੀ ਮਾਰੇ ਗਏ, 20-25 ਲੱਖ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ। ਲੱਖਾਂ ਮਾਵਾਂ ਧੀਆਂ ਬੇਪਤ ਹੋਈਆਂ। ਇਸ ਨਾਲ ਪੰਜਾਬੀਆਂ ਦੀ ਆਰਥਿਕਤਾ ਲੜਖੜਾ ਗਈ। ਸਮਾਜਕ ਤੇ ਸਿਆਸੀ ਹਾਲਤ ਤਰਸਯੋਗ ਬਣ ਗਈ। ਜਿਹੜੇ ਪੰਜਾਬੀ ਸਿੱਖ ਆਜ਼ਾਦੀ ਲਈ ਮੋਰਚੇ ਲਗਾਉਂਦੇ ਸਨ, ਉਨ੍ਹਾਂ ਨੂੰ ਪੰਜਾਬੀ ਸੂਬੇ ਲਈ ਮੋਰਚੇ ਲਾਉਣੇ ਪਏ। 1966 ਵਿੱਚ ਲੰਗੜਾ ਪੰਜਾਬੀ ਸੂਬਾ ਮਿਲਿਆ।  ਭਾਖੜਾ ਹੈਡ ਵਰਕਸ ਅਤੇ ਦਰਿਆਈ ਪਾਣੀਆਂ ਦਾ ਕੰਟਰੋਲ ਕੇਂਦਰ ਨ ਆਪਣੇ ਕੋਲ ਰੱਖ ਲਿਆ। ਵੰਡ ਦਾ ਪੱਤਰਕਾਰੀ ਤੇ ਅਸਰ ਪਿਆ ਕਿਉਂਕਿ ਪਹਿਲਾਂ ਪੱਤਰਕਾਰੀ ਦਾ ਕੇਂਦਰ ਲਾਹੌਰ ਸੀ। ਪੱਤਰਕਾਰੀ ਵੀ ਹਿੰਦੂ- ਸਿੱਖ ਵਿੱਚ ਵੰਡੀ ਗਈ।
ਅ ‘ਇਸ ਸਮੇਂ ਦੌਰਾਨ ਪੰਜਾਬ ਵਿੱਚ ਖੱਬੇ ਪੱਖੀ ਚੱਲੀਆਂ ਲੋਕ ਲਹਿਰਾਂ’
Êਪੰਜਾਬੀ ਸੂਬੇ ਦੀ ਲਹਿਰ ਚਲੀ ਜਿਸ ਨੂੰ ਦਬਾਉਣ ਲਈ ਪਰਤਾਪ ਸਿੰਘ ਕੈਰੋਂ ਅਤੇ ਕੇਂਦਰ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਇਹ ਮੰਗ ਲੋਕ ਲਹਿਰ ਬਣ ਗਈ। ਫਿਰ ਪੈਪਸੂ ਸਟੇਟ ਮੁਜ਼ਾਰਾ ਲਹਿਰ ਜ਼ਮੀਨੀ ਸੁਧਾਰਾਂ ਲਈ ਚਲ ਪਈ। ਇਸ ਲਹਿਰ ਦੀ ਅਗਵਾਈ ਲਾਲ ਪਾਰਟੀ ਨੇ ਕੀਤੀ। ਕੈਰੋਂ ਨੇ ‘ਖ਼ੁਸ਼ਹੈਸੀਅਤ ਟੈਕਸ’ ਲਾ ਦਿੱਤਾ ਜਿਸ ਵਿਰੁੱਧ ਲਹਿਰ ਚਲਾਈ ਗਈ। ਪੰਜਾਬ ਦੀਆਂ ਕਮਿਊਨਿਸਟ ਧਿਰਾਂ ਨੇ ਬੇਆਬਾਦ ਜ਼ਮੀਨ ਨੂੰ ਆਬਾਦ ਕਰਨ ਲਈ ਰੋਜ਼ੀ ਰੋਟੀ ਕਮਾਉਣ ਵਾਲ ਕਿਸਾਨਾ ਨੂੰ ਸਰਕਾਰ ਵੱਲੋਂ ਬੇਦਖ਼ਲ ਕਰਨ ਵਿਰੁੱਧ ਮੋਰਚਾ ਲਾਇਆ ਗਿਆ।
ੲ ‘ਇਸ ਸਮੇਂ ਦੀਆਂ ਖੱਬੇ-ਪੱਖੀ ਲਹਿਰਾਂ ਤੋਂ ਪ੍ਰਭਾਵਤ ਪੰਜਾਬੀ ਖੱਬੀ ਪੱਤਰਕਾਰੀ’
1947 ਤੋਂ ਬਾਅਦ ਖੱਬੇ-ਪੱਖੀ ਪੱਤਰਕਾਰੀ ਵਿੱਚ ਮਹੱਤਵਪੂਰਨ ਤਬਦੀਲੀ ਆਈ। ਇਸ ਸਮੇਂ ਹੇਠ ਲਿਖੇ ਪੇਪਰਾਂ ਦਾ ਯੋਗਦਾਨ ਵਰਣਨਯੋਗ ਰਿਹਾ:
ਫੁਲਵਾੜੀ: (ਮਾਸਕ) ਹੀਰਾ ਸਿੰਘ ਦਰਦ ਦੇ ਰਿਹਾ ਹੋਣ ਤੇ ਮੁੜ 1948 ਪ੍ਰਕਾਸ਼ਤ ਹੋਣਾ ਸ਼ੁਰੂ ਹੋ ਗਿਆ। ਇਹ ਅਖ਼ਬਾਰ ਲਾਲ ਪਾਰਟੀ ਦਾ ਬੁਲਾਰਾ ਬਣ ਗਿਆ। ਸਿਆਸੀ ਲੇਖ ਪ੍ਰਕਾਸ਼ਤ ਕੀਤੇ। ਪ੍ਰੀਤਲੜੀ (ਮਾਸਕ) ਭਾਵੇਂ 1933 ਤੋਂ ਛਪਦਾ ਸੀ ਪ੍ਰੰਤੂ ਇਸ ਸਮੇਂ ਦੌਰਾਨ ਧਾਰਮਿਕ ਕੱਟੜਤਾ, ਫਿਰਕਾਪ੍ਰਸਤੀ ਦੇ ਵਿਰੁੱਧ ਅਤੇ ਅਗਾਂਹਵਧੂ ਸੋਚ ਦਾ ਪ੍ਰਤੀਕ ਬਣਿਆਂ।  ਲਲਕਾਰ(ਸਪਤਾਹਿਕ) ਜਰਨੈਲ ਸਿੰਘ ਅਰਸ਼ੀ ਨੇ ਕੱਢਿਆ। ਮਜ਼ਦੂਰਾਂ, ਗ਼ਰੀਬ ਵਰਗਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਵਕਾਲਤ ਕਰਦਾ ਰਿਹਾ। ਸਾਡਾ ਜੁੱਗ(ਮਾਸਕ )1949:ਇਹ ਅਖ਼ਬਾਰ ਦੇਵ ਰਾਜ ਚਾਨਣ ਦੀ ਸੰਪਾਦਕੀ ਵਿੱਚ ਮੁੱਖ ਤੌਰ ‘ਤੇ ਕਮਿਊਨਿਸਟ ਵਿਚਾਰਧਾਰਾ ਦਾ ਪ੍ਰਚਾਰ ਕਰਦਾ ਰਿਹਾ।
ਨਵੇਂ ਰਾਹ (ਸਪਤਾਹਿਕ) 1949, ਨਵਾਂ ਜੁੱਗ (ਮਾਸਕ) 1949, ਲਾਲ ਸਵੇਰਾ (ਸਪਤਾਹਿਕ) 1950 ਪਰਵਾਨਾਂ (ਸਪਤਾਹਿਕ) 1951, ਲੋਕ ਯੁੱਗ (ਸਪਤਾਹਿਕ) 1951, ਸੋਵੀਅਤ ਯੂਨੀਅਨ ਸਮਾਚਾਰ ਤੇ ਵਿਚਾਰ (ਮਾਸਕ) 1952, ਪੰਜਾਬੀ ਜਨਤਾ (ਸਪਤਾਹਿਕ) 1955, ਨਵਾਂ ਜ਼ਮਾਨਾ (ਰੋਜ਼ਾਨਾ) 1956, ਕਿਸਾਨ ਲਹਿਰ (ਮਾਸਕ) 1958, ਲੋਕ ਯੁੱਗ (ਸਪਤਾਹਿਕ) 1960, ਏਕਤਾ (ਸਪਤਾਹਿਕ) 1964, ਦੇਸ਼ ਭਗਤ ਯਾਦਾਂ (ਮਾਸਕ) 1964, ਲੋਕ ਲਹਿਰ (ਸਪਤਾਹਿਕ) 1964, ਪਾਰਟੀ ਜੀਵਨ (ਮਾਸਕ) 1967, ਲਲਕਾਰ (ਮਾਸਕ) 1969 ਅਤੇ ਖੇਤ ਮਜ਼ਦੂਰ ਏਕਤਾ (ਮਾਸਕ) 1967 ਸਾਰੇ ਅਖ਼ਾਰਾਂ ਦਾ ਮੁੱਖ ਮੁੱਦਾ ਗ਼ਰੀਬਾਂ, ਮਜ਼ਦੂਰਾਂ, ਕਿਸਾਨਾਂ ਅਤੇ ਆਮ ਜਨਤਾ ਦੇ ਹੱਕਾਂ ‘ਤੇ ਪਹਿਰਾ ਦੇਣਾ ਸੀ, ਜਿਸ ਨੂੰ ਉਹ ਆਪੋ ਆਪਣੀ ਸਮਰੱਥਾ ਅਨੁਸਾਰ ਨਿਭਾਉਂਦੇ ਰਹੇ।
ਨਕਸਲਵਾੜੀ ਲਹਿਰ ਤੋਂ ਪ੍ਰਭਾਵਤ ਪੰਜਾਬੀ ਪੱਤਰਕਾਰੀ
 ਇਸ ਚੌਥੇ ਅਧਿਆਇ ਨੂੰ ਲੇਖਕ ਨੇ  ਚਾਰ ਭਾਗਾਂ ਵਿੱਚ ਵੰਡਿਆ ਹੈ। ਪਹਿਲਾ ਅਧਿਆਇ
ੳ ‘ਨਕਸਲਵਾੜੀ ਲਹਿਰ:ਪਿਛੋਕੜ ਅਤੇ ਸੰਖੇਪ ਇਤਿਹਾਸ’
1817 ਦੇ ਰੂਸ ਦੇ ਇਨਕਲਾਬ ਤੋਂ ਬਾਅਦ ਕਮਿਊਨਿਸਟ ਪਾਰਟੀ ਹੋਂਦ ਵਿੱਚ ਆਈ। ਨਕਸਲਵਾੜੀ ਲਹਿਰ 1967 ਵਿੱਚ ਦਾਰਜÇਲੰਗ ਜਿਲ੍ਹੇ ਦੇ ਪਿੰਡ ਨਕਸਲਵਾੜੀ ਵਿਖੇ ਸੰਘਰਸ਼ ਕਰ ਰਹੇ ਛੋਟੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੁਲਿਸ ਦਰਮਿਆਨ ਟਕਰਾਓ ਹੋਣ ਕਰਕੇ 11 ਵਿਅਕਤੀ ਮਾਰੇ ਗਏ ਅਤੇ ਅਨੇਕਾਂ ਜ਼ਖ਼ਮੀ ਹੋਏ। ਇਕ ਕਿਸਮ ਨਾਲ ਨਕਸਲਵਾੜੀ ਲਹਿਰ ਦਾ ਇਹ ਆਗਾਜ਼ ਸੀ।
ਅ ਪੰਜਾਬ ਵਿੱਚ ਨਕਸਲਵਾੜੀ ਲਹਿਰ ਦੀ ਸ਼ੁਰੂਆਤ
ਪੰਜਾਬ ਵਿੱਚ ਕਮਿਊਨਿਸਟ ਸੁਚੇਤ ਨੇਤਾਵਾਂ ਨੇ ਪੱਛਵੀਂ ਬੰਗਾਲ ਤੋਂ ਪ੍ਰਭਾਵਤ ਹੋ ਕੇ ਲੋਕ ਪੱਖੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਪ੍ਰੰਤੂ 1971 ਵਿੱਓ ਨਕਸਲੀ ਲਹਿਰ ਦੇ ਤਿੰਨ ਗਰੁਪ ਕੰਮ ਕਰਨ ਲੱਗ ਪਏ ਅਤੇ 1972 ਵਿੱਚ ਇਸ ਦਾ ਪ੍ਰਭਾਵ ਸਾਹਮਣੇ ਆਇਆ।
ੲ ਨਕਸਲਵਾੜੀ ਲਹਿਰ ਤੋਂ ਪ੍ਰਭਾਵਤ ਪੰਜਾਬੀ ਪੱਤਰਕਾਰੀ
 ਪੰਜਾਬ ਵਿੱਚ ਇਸ ਲਹਿਰ ਦੇ ਪ੍ਰਭਾਵ ਹੇਠ 100 ਦੇ ਲਗਪਗ ਪੇਪਰ ਪ੍ਰਕਾਸ਼ਤ ਹੋਏ। ਇਨ੍ਹਾਂ ਪੇਪਰਾਂ ਦੇ ਪ੍ਰਕਾਸ਼ਤ ਹੋਣ ਨਾਲ ਪੰਜਾਬ ਵਿੱਚ ਨਕਸਲਵਾੜੀ ਲਹਿਰ ਦਾ ਪ੍ਰਭਾਵ ਸ਼ਪਸ਼ਟ ਤੌਰ ‘ਤੇ ਵੇਖਣ ਨੂੰ ਮਿਲਿਆ। ਸਾਹਿਤਕ  ਪੱਤਰਕਾਰੀ ਵੀ ਸਿਖ਼ਰਾਂ ਤੇ ਪਹੁੰਚ ਗਈ, ਇਕ ਕਿਸਮ ਨਾਲ ਪੰਜਾਬੀ ਪੱਤਰਕਾਰੀ ਵਿੱਚ ਇਨਕਲਾਬੀ ਤਬਦੀਲੀ ਆਈ।
 ਸ ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਦੀ ਨਕਸਲਵਾੜੀ ਲਹਿਰ ਤੋਂ ਪ੍ਰਭਾਵਤ ਪੰਜਾਬੀ ਪੱਤਰਕਾਰੀ
ਐਮਰਜੈਂਸੀ ਦੌਰਾਨ ਜੇਲ੍ਹਾਂ ਵਿੱਚ ਬੰਦ ਕਮਿਊਨਿਸਟ ਨੇਤਾਵਾਂ ਨੇ ਜੇਲ੍ਹਾਂ ਵਿੱਚੋਂ ਬਾਹਰ ਆ ਕੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ। 2020 ਤੱਕ ਕਮਿਊਨਿਸਟ ਪੰਜਾਬੀਆਂ ਦੇ ਦੋ ਦਰਜਨ ਗਰੁਪ ਬਣ ਕੇ ਸਰਗਰਮ ਹੋ ਗਏ। ਇਸ ਸਮੇਂ ਦੌਰਾਨ ਪਹਿਲਾਂ ਪ੍ਰਕਾਸ਼ਤ ਹੋ ਰਹੇ ਕੁਝ ਅਖ਼ਬਾਰ ਬੰਦ ਹੋ ਗਏ ਅਤੇ ਕੁਝ ਨਵੇਂ ਸ਼ੁਰੂ ਹੋ ਗਏ। ਲਗਪਗ 80 ਅਖ਼ਬਾਰ ਪ੍ਰਕਾਸ਼ਤ ਹੁੰਦੇ ਰਹੇ।
 251 ਪੰਨਿਆਂ, 320 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਸਮਾਜ ਸੇਵਾ ਨੂੰ ਪ੍ਰਣਾਇਆ : ਭਗਵਾਨ ਦਾਸ ਗੁਪਤਾ - ਉਜਾਗਰ  ਸਿੰਘ

ਭਗਵਾਨ ਦਾਸ ਗੁਪਤਾ ਇਕ ਅਜਿਹਾ ਵਿਅਕਤੀ ਹੈ, ਜਿਸ ਨੂੰ ਹਰ ਸਮੇਂ ਸਮਾਜ ਸੇਵਾ ਦਾ ਭੂਤ ਸਵਾਰ ਹੋਇਆ ਰਹਿੰਦਾ ਹੈ। ਸਮਾਜ ਸੇਵਾ ਨਾਲ ਸੰਬੰਧਤ ਹਰ ਰੋਜ਼ ਹੀ ਅਖ਼ਬਾਰਾਂ ਵਿੱਚ ਭਗਵਾਨ ਦਾਸ ਗੁਪਤਾ ਦੀਆਂ ਖ਼ਬਰਾਂ ਪ੍ਰਕਾਸ਼ਤ ਹੋਈਆਂ ਹੁੰਦੀਆਂ ਹਨ। ਇਤਨੀਆਂ ਖ਼ਬਰਾਂ ਤਾਂ ਕਿਸੇ ਸਿਆਸਤਦਾਨ ਦੀਆਂ ਵੀ ਪ੍ਰਕਾਸ਼ਤ ਨਹੀਂ ਹੁੰਦੀਆਂ। ਇਨ੍ਹਾਂ ਖ਼ਬਰਾਂ ਤੋਂ ਉਸ ਦੀ ਸਮਾਜ ਸੇਵਾ ਬਾਰੇ ਬਚਨਵੱਧਤਾ ਦਾ ਪਤਾ ਲਗਦਾ ਹੈ। ਉਸ ਦਾ ਲੋਕ ਸੰਪਰਕ ਦਾ ਤਾਣਾ ਬਾਣਾ ਕਾਫੀ ਮਜ਼ਬੂਤ ਹੋਵੇਗਾ। ਇਉਂ ਮਹਿਸੂਸ ਹੋ ਰਿਹਾ ਹੈ ਕਿ ਚੋਣ ਲੜਨ ਦੀ ਇੱਛਾ ਉਸ ਦੇ ਮਨ ਵਿੱਚ ਤੁਣਕੇ ਮਾਰ ਰਹੀ ਹੈ। ਉਨ੍ਹਾਂ ਦੀਆਂ ਸਰਗਰਮੀਆਂ ਤੋਂ ਪਹਿਲਾਂ ਪਟਿਆਲਾ ਵਿਖੇ ਪ੍ਰਾਣ ਸਭਰਵਾਲ ਦਾ ਲੋਕ ਸੰਪਰਕ ਸਭ ਤੋਂ ਮਜ਼ਬੂਤ ਗਿਣਿਆਂ ਜਾਂਦਾ ਸੀ। ਉਸ ਦੀਆਂ ਸਰਗਰਮੀਆਂ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਉਹ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਸਮਾਂ ਕਿਵੇਂ ਕੱਢਦਾ ਹੋਵੇਗਾ। ਭਗਵਾਨ ਦਾਸ ਗੁਪਤਾ ਬਹੁਤ ਸਾਰੀਆਂ ਸਮਾਜਿਕ, ਸਭਿਆਚਾਰਿਕ, ਸਾਹਿਤਕ, ਕਲਾ, ਮਨੋਰੰਜਨ, ਸਵੈ-ਇੱਛਤ, ਆਰਥਿਕ ਅਤੇ ਫਿਲਮੀ ਸੰਸਥਾਵਾਂ ਦੇ ਪ੍ਰਧਾਨ/ਚੇਅਰਮੈਨ/ਮੈਂਬਰ ਹਨ। ਇਨ੍ਹਾਂ ਸੰਸਥਾਵਾਂ ਦੀਆਂ ਸਰਗਰਮੀਆਂ ਵਿੱਚ ਉਹ ਮੋਹਰੀ ਦੀ ਭੂਮਿਕਾ ਨਿਭਾਉਂਦਾ ਹੈ। ਇਹ ਸੰਸਥਾਵਾਂ ਉਨ੍ਹਾਂ ਨੂੰ ਸਨਮਾਨਤ ਕਰਦੀਆਂ ਰਹਿੰਦੀਆਂ ਹਨ। ਇਤਨੇ ਮੋਮੈਂਟੋ ਅਤੇ ਤੋਹਫ਼ੇ ਭਗਵਾਨ ਦਾਸ ਗੁਪਤਾ ਦੇ ਡਰਾਇੰਗ ਰੂਮ ਦੀ ਸ਼ੋਭਾ ਵਧਾ ਰਹੇ ਹੋਣਗੇ। ਉਸ ਨੂੰ ਬਚਪਨ ਵਿੱਚ ਹੀ ਸਮਾਜ ਸੇਵਾ ਦੀ ਪ੍ਰਵਿਰਤੀ ਆਪਣੇ ਮਾਤਾ ਪਿਤਾ ਤੋਂ ਵਿਰਸੇ ਵਿੱਚੋਂ ਹੀ ਮਿਲੀ ਹੈ ਪ੍ਰੰਤੂ ਇਸ ਪ੍ਰਵਿਰਤੀ ਨੂੰ ਉਤਸ਼ਾਹ ਪਿੰਡ ਦੇ ਪ੍ਰਸਿੱਧ ਸਮਾਜ ਸੇਵਕ ਮਰਹੂਮ ਕਰਤਾਰ ਸਿੰਘ ਧਾਲੀਵਾਲ ਤੋਂ ਪ੍ਰੇਰਤ ਹੋ ਕੇ ਮਿਲਿਆ। ਸਮਾਜ ਸੇਵਾ ਨੂੰ ਭਗਵਾਨ ਦਾਸ ਗੁਪਤਾ ਆਪਣੀ ਪੁਸ਼ਤੈਨੀ ਜ਼ਿੰਮੇਵਾਰੀ ਸਮਝਦਾ ਹੈ। ਕਈ ਵਾਰ ਤਾਂ ਭਗਵਾਨ ਦਾਸ ਗੁਪਤਾ ਦੀ ਮਸ਼ਰੂਫੀਅਤ ਵੇਖ ਕੇ ਸੋਚਣ ਲਈ ਮਜ਼ਬੂਰ ਹੋ ਜਾਈਦਾ ਹੈ ਕਿ ਉਹ ਆਪਣੇ ਕਾਰੋਬਾਰ ਅਤੇ ਪਰਿਵਾਰਿਕ ਜ਼ਰੂਰਤਾਂ ਲਈ ਸਮਾਂ ਕਿਵੇਂ ਕੱਢਦਾ ਹੋਵੇਗਾ?
ਉਨ੍ਹਾਂ ਸਰਕਾਰੀ ਉਦਯੋਗਿਕ ਸੰਸਥਾ ਪਟਿਆਲਾ ਤੋਂ ਡਰਾਫਟਸਮੈਨ ਸਿਵਲ ਦਾ ਡਿਪਲੋਮਾ ਪਾਸ ਕੀਤਾ। ਉਸ ਤੋਂ ਬਾਅਦ ਉਸ ਨੇ ਹਾਰਲਿਕਸ ਫੈਕਟਰੀ ਨਾਭਾ ਵਿਖੇ ਇਕ ਸਾਲ ਜੂਨੀਅਰ ਡਰਾਫ਼ਟਸਮੈਨ ਦੀ ਨੌਕਰੀ ਕੀਤੀ। ਇਥੇ ਵੀ ਦਿਲ ਨਾ ਲੱਗਿਆ, ਉਸ ਨੇ ਜ਼ਿੰਦਗੀ ਵਿੱਚ ਸੈਟਲ ਹੋਣ ਲਈ ਬੜੇ ਪਾਪੜ ਵੇਲੇ। ਫਿਰ ਉਹ 1981 ਵਿੱਚ ਭਾਰਤੀ ਫ਼ੌਜ ਦੀ ਥਲ ਸੈਨਾ ਦੇ ਸਿਗਨਲ ਕੋਰ ਵਿੱਚ ਵਾਇਰਲੈਸ ਅਪ੍ਰੇਟਰ ਭਰਤੀ ਹੋ ਗਿਆ। ਘੁੰਮਣ ਫਿਰਨ ਵਾਲਾ ਆਜ਼ਾਦ ਪੰਛੀ ਭਗਵਾਨ ਦਾਸ ਗੁਪਤਾ ਲਈ ਫ਼ੌਜ ਦੀ ਅਨੁਸ਼ਾਸਨ ਵਾਲੀ ਨੌਕਰੀ ਵਿੱਚ ਰਹਿਣਾ ਔਖਾ ਹੋ ਗਿਆ, ਕਿਉਂਕਿ ਇਕ ਥਾਂ ਟਿਕ ਕੇ ਬੈਠਣਾ ਉਸ ਲਈ ਪਿੰਜਰੇ ਵਿੱਚ ਕੈਦ ਹੋਣ ਦੇ ਬਰਾਬਰ ਸੀ। ਉਥੇ ਵੀ ਉਸ ਨੇ 5 ਕੁ ਮਹੀਨੇ ਨੌਕਰੀ ਕੀਤੀ। ਇਸ ਲਈ ਉਹ ਫ਼ੌਜ ਦੀ ਨੌਕਰੀ ਨੂੰ ਤਿਲਾਂਜ਼ਲੀ ਦੇ ਕੇ ਵਾਪਸ ਆਪਣੇ ਪਿੰਡ ਮੰਡੌਰ ਆ ਗਿਆ। ਆਪਣੇ ਪਿੰਡ ਵਿੱਚ ਰਹਿੰਦਾ ਹੋਇਆ ਉਹ ਖੇਡ ਟੂਰਨਾਮੈਂਟਾਂ, ਸਭਿਆਚਾਰਿਕ ਪ੍ਰੋਗਰਾਮਾ, ਭਲਵਾਨਾ ਦੀਆਂ ਕੁਸ਼ਤੀਆਂ ਦੇ ਅਖਾੜਿਆਂ ਅਤੇ ਹੋਰ ਸਰਗਰਮੀਆਂ ਵਿੱਚ ਦਿਲਚਸਪੀ ਲੈਂਦਾ ਰਿਹਾ ਹੈ। ਇਨ੍ਹਾਂ ਸਮਾਗਮਾ ਵਿੱਚ ਉਹ ਪਾਣੀ ਪਿਲਾਉਣ ਦੀ ਸੇਵਾ ਨਿਭਾਉਂਦਾ ਰਿਹਾ ਹੈ। ਪਟਿਆਲਾ ਆਉਣ ਤੋਂ ਪਹਿਲਾਂ ਉਹ ਰਖੜਾ ਤੋਂ ਪੱਤਰਕਾਰੀ ਵੀ ਕਰਦਾ ਰਿਹਾ। ਜਦੋਂ ਉਹ ਟਿਕ ਕੇ ਕੰਮ ਨਾ ਕਰ ਸਕਿਆ ਤਾਂ ਉਸ ਦੇ ਮਾਪਿਆਂ ਨੇ 15 ਦਸੰਬਰ 1985 ਨੂੰ ਪ੍ਰੇਮ ਲਤਾ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹ ਕੇ ਗ੍ਰਹਿਸਤੀ ਦੇ ਪਿੰਜਰੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਹ ਪਟਿਆਲਾ ਸ਼ਹਿਰ ਵਿੱਚ ਆ ਕੇ ਵਸ ਗਿਆ। ਪਟਿਆਲਾ ਸ਼ਹਿਰ ਵਿੱਚ ਆ ਕੇ ਉਸ ਨੇ ਇਨ੍ਹਾਂ ਖੇਤਰਾਂ ਦੀਆਂ ਸਰਗਰਮੀਆਂ ਨੂੰ ਜ਼ਾਰੀ ਰੱਖਿਆ ਹੋਇਆ ਹੈ। ਉਨ੍ਹਾਂ ਸਤੰਬਰ 2011 ਵਿੱਚ ਆਪਣੇ ਸਹਿਯੋਗੀਆਂ ਨਾਲ ਰਲਕੇ ਡਰੀਮਜ਼ ਆਫ਼ ਸ਼ੋਸ਼ਲ ਟਰੈਂਡਜ਼ (ਦੋਸਤ) ਨਾਮ ਦੀ ਸੰਸਥਾ ਸਥਾਪਤ ਕੀਤੀ। ਇਸ ਸੰਸਥਾ ਰਾਹੀਂ ਸਰਦੀ ਦੇ ਮੌਸਮ ਵਿੱਚ ਗ਼ਰੀਬ ਲੋਕਾਂ ਨੂੰ ਰਜਾਈਆਂ ਵੰਡਣੀਆਂ, ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਫ ਸੁਥਰਾ ਪਾਣੀ ਦੇਣ ਲਈ ਆਰ.ਓ ਲਗਵਾਣੇ, ਛਾਂ-ਦਾਰ ਰੱਖ, ਮੈਡੀਸਨ ਅਤੇ ਫਲਦਾਰ ਪੌਦੇ ਲਗਵਾਣ ਦੀ ਸੇਵਾ ਕਰਦਾ ਰਿਹਾ। ਇਸੇ ਤਰ੍ਹਾਂ ਪਿੰਗਲਾ ਆਸ਼ਰਮ, ਬਿਰਧ ਆਸ਼ਰਮ, ਅਤੇ ਅਨਾਥ ਆਸ਼ਰਮਾਂ ਵਿੱਚ ਫਲ ਫਰੂਟ ਅਤੇ ਅਨਾਜ ਆਦਿ ਦਿੱਤੇ। ਗ਼ਰੀਬ ਲੋਕਾਂ ਨੂੰ ਰਾਸ਼ਣ ਵੰਡਿਆ। ਖ਼ੂਨ ਦਾਨ ਅਤੇ ਮੈਡੀਕਲ ਕੈਂਪ ਲਗਵਾਏ। ਨਸ਼ਿਆ ਵਿਰੁਧ ਜਾਗ੍ਰਤੀ ਮੁਹਿੰਮ ਚਲਾਈ ਗਈ।  ਅੰਗਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਸਮੇਂ ਭਗਵਾਨ ਦਾਸ ਗੁਪਤਾ ਰੋਟਰੀ ਕਲੱਬ ਮਿਡ ਟਾਊਨ ਪਟਿਆਲਾ ਦੇ ਪ੍ਰਧਾਨ, ਇੰਟਰਨੈਸ਼ਨਲ ਲੋਕ ਗਾਇਕ ਮੰਚ ਪੰਜਾਬ ਦੇ ਚੇਅਰਮੈਨ, ਇੰਡੀਅਨ ਰੈਡ ਕਰਾਸ ਸੋਸਾਇਟੀ ਪਟਿਆਲਾ ਅਤੇ ਰਾਸ਼ਟਰੀਆ ਕਵੀ ਸੰਗਮ ਪੰਜਾਬ ਦੇ ਸਰਪ੍ਰਸਤ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨਾਲ ਮਿਲਕੇ ਸਮਾਜ ਸੇਵਾ ਦਾ ਕਾਰਜ ਕਰ ਰਹੇ ਹਨ।  ਉਹ ਪਟਿਆਲਾ ਪੁਲਿਸ ਦੇ ਟ੍ਰੈਫਿਕ ਵਿੰਗ ਵਿੱਚ ਟ੍ਰੈਫਿਕ ਮਾਰਸ਼ਲ, ਕਮਿਊਨਿਟੀ ਰਿਸੋਰਸ ਸੈਂਟਰ, ਪੁਲਿਸ ਸਾਂਝ ਕੇਂਦਰ ਤਿ੍ਰਪੜੀ ਦੇ ਮੈਂਬਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ।  ਉਨ੍ਹਾਂ ਨੂੰ 1997 ਵਿੱਚ ਨਹਿਰੂ ਯੁਵਕ ਕੇਂਦਰ ਪਟਿਆਲਾ ਅਤੇ 26 ਜਨਵਰੀ 2015 ਵਿੱਚ ਪੰਜਾਬ ਸਰਕਾਰ ਵਲੋਂ ਸਨਮਾਨਤ ਕੀਤਾ ਗਿਆ ਹੈ। ਉਸ ਨੂੰ ਸਨਮਾਨ ਕਰਨ ਵਾਲਿਆਂ ਦੀ ਸੂਚੀ ਲੰਬੀ ਹੈ।
  ਭਗਵਾਨ ਦਾਸ ਗੁਪਤਾ ਦਾ ਜਨਮ 6  ਸਤੰਬਰ 1960 ਨੂੰ ਪਟਿਆਲਾ ਜਿਲ੍ਹੇ ਦੇ ਪਿੰਡ ਮੰਡੌਰ ਵਿਖੇ ਦੇ ਪਿਤਾ ਰਾਮ ਲਾਲ ਗੁਪਤਾ ਅਤੇ ਮਾਤਾ ਸੀਤਾ ਦੇਵੀ ਦੀ ਕੁਖੋਂ ਹੋਇਆ। ਉਸ ਨੂੰ ਪੰਜਵੀਂ ਤੱਕ ਦੀ ਪੜ੍ਹਾਈ ਕਰਨ ਲਈ ਪੰਜ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਨੌਹਰਾ, ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਨ ਪਟਿਆਲਾ, ਬੀ.ਐਨ.ਖਾਲਸਾ ਸਕੂਲ ਸਰਹੰਦ ਰੋਡ ਪਟਿਆਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੰਡੌਰ ਵਿੱਚ ਜਾਣਾ ਪਿਆ। ਉਸ ਤੋਂ ਬਾਅਦ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਮੰਡੌਰ ਤੋਂ ਪਹਿਲੇ ਦਰਜੇ ਵਿੱਚ ਪਾਸ ਕੀਤੀ।  ਉਸ ਦੇ ਤਿੰਨ ਬੱਚੇ ਹਨ। ਦੋ ਲੜਕੀਆਂ ਸਨੀ ਗੁਪਤਾ ਸਰਕਾਰੀ ਹਾਈ ਸਕੂਲ ਵਿੱਚ ਮੁੱਖ ਅਧਿਆਪਕਾ, ਇੰਜੀਨੀਅਰ ਪਲਵੀ ਗੁਪਤਾ ਭਾਰਤੀ ਸੰਚਾਰ ਨਿਗਮ ਵਿੱਚ ਜੇ.ਟੀ.ਓ, ਲੜਕਾ ਪੁਸ਼ਪਿੰਦਰ ਗੁਪਤਾ ਮਾਲ ਪਟਵਾਰੀ ਅਤੇ ਨੂੰਹ ਨਿਸ਼ੂਕਾ ਗੁਪਤਾ ਸਾਇੰਸ ਅਧਿਆਪਕਾ ਹਨ।

       ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ    
       ਮੋਬਾਈਲ-94178 13072
        ujagarsingh48@yahoo.com

ਪੰਜਾਬ: ਬੜ੍ਹਕ ਨਾ ਮੜਕ : ਪੰਜਾਬ ਦੀ ਤ੍ਰਾਸਦੀ ਦੀ ਰੜਕ - ਉਜਾਗਰ ਸਿੰਘ

ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਪੰਜਾਬ:ਬੜ੍ਹਕ ਨਾ ਮੜਕ’ ਦਬੰਗ ਤੇ ਦਲੇਰ ਪੱਤਰਕਾਰੀ ਦਾ ਵਿਲੱਖਣ ਦਸਤਾਵੇਜ਼ ਹੈ। ਇਕ ਕਿਸਮ ਨਾਲ ਉਨ੍ਹਾਂ ਇਸ ਪੁਸਤਕ ਵਿਚਲੇ 44 ਲਘੂ ਲੇਖਾਂ ਵਿੱਚ ਵਰਤਮਾਨ ਪੰਜਾਬ ਦੀ ਤਸਵੀਰ ਖਿਚਕੇ ਪਾਠਕਾਂ ਨੂੰ ਜਾਗਰੂਕ ਕੀਤਾ ਹੈ। ਇਸ ਪੁਸਤਕ ਦੇ ਸਾਰੇ ਲੇਖਾਂ ਦੇ ਵਿਸ਼ਿਆਂ ਅਨੁਸਾਰ ਢੁਕਵਾਂ ਨਾਮ ਹੈ। ਭਾਵ ਪੰਜਾਬ ਸਰਕਾਰਾਂ ਦੀ ਬੇਰੁੱਖੀ ਕਰਕੇ ਆਰਥਿਕ ਤੌਰ ‘ਤੇ ਖੋਖਲਾ ਹੋ ਗਿਆ ਹੈ। ਨਿਰਪੱਖ ਪੱਤਰਕਾਰੀ ਜੋਖ਼ਮ ਭਰਿਆ ਕਿੱਤਾ ਹੈ। ਕੋਈ ਵੀ ਸਿਆਸਤਦਾਨ, ਅਧਿਕਾਰੀ ਅਤੇ ਕਰਮਚਾਰੀ ਆਪਣੀ ਅਸਫਲਤਾ ਲੋਕਾਂ ਸਾਹਮਣੇ ਆਉਣ ਨਹੀਂ ਦੇਣਾ ਚਾਹੁੰਦਾ। ਲੇਖਕ ਨੇ ਅਖ਼ਬਾਰਾਂ ਲਈ ਲਿਖੇ ਆਪਣੇ ਲੇਖਾਂ ਦੀ ਇਹ ਪੁਸਤਕ ਪ੍ਰਕਾਸ਼ਤ ਕਰਕੇ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਪੁਸਤਕ ਰੂਪ ਦੇ ਕੇ ਆਪਣਾ ਮਨ ਹੌਲਾ ਕਰ ਲਿਆ ਹੈ, ਸੱਚੇ ਸੁੱਚੇ ਲੇਖਕ ਜੇਕਰ ਲੋਕ ਹਿਤਾਂ ‘ਤੇ ਪਹਿਰਾ ਨਾ ਦੇਣ ਤਾਂ ਉਨ੍ਹਾਂ ਨੂੰ ਮਾਨਸਿਕ ਤਕਲੀਫ਼ ਝੱਲਣੀ ਪੈਂਦੀ ਹੈ। ਉਨ੍ਹਾਂ ਦੇ ਲੇਖ ਵੱਖ-ਵੱਖ ਸਮਿਆਂ ਵਿੱਚ ਵਾਪਰੀਆਂ ਘਟਨਾਵਾਂ ਅਤੇ ਚਲੰਤ ਮਸਲਿਆਂ ਬਾਰੇ ਹਨ। ਸਮੇਂ ਦੇ ਸੱਚ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਚੋਣਵੇਂ ਲੇਖਕ ਹੀ ਕਰਦੇ ਹਨ। ਕਮਲਜੀਤ ਸਿੰਘ ਬਨਵੈਤ ਦੀ ਇਕ ਹੋਰ ਖ਼ੂਬੀ ਹੈ, ਉਹ ਆਪਣੇ ਲੇਖਾਂ ਵਿੱਚ ਤੱਥਾਂ ‘ਤੇ ਅਧਾਰਤ ਲਿਖਦਾ ਹੈ। ਤੱਥਾਂ ਦੇ ਸੋਮੇਂ ਵੀ ਉਹ ਨਾਲ ਲਿਖਦਾ ਹੈ, ਜਿਸ ਕਰਕੇ ਲੇਖਾਂ ਦੀ ਸਾਰਥਿਕਤਾ ਬਣ ਜਾਂਦੀ ਹੈ। ਪੰਜਾਬ ਵਿੱਚ ਬੰਦੀ ਸਿੰਘਾਂ ਵਾਲੇ ਲੇਖ ਵਿੱਚ ਲਗਪਗ ਸਾਰੇ ਉਨ੍ਹਾਂ ਬੰਦੀ ਸਿੰਘਾਂ ਬਾਰੇ ਸੰਖੇਪ ਵਿੱਚ ਪ੍ਰੰਤੂ ਸਹੀ ਜਾਣਕਾਰੀ ਦਿੱਤੀ ਹੈ। ਲੇਖਕ ਨੇ ਇਨ੍ਹਾਂ ਲੇਖਾਂ ਵਿੱਚ ਕੋਈ ਅਜਿਹਾ ਪੱਖ ਨਹੀਂ ਛੱਡਿਆ ਜਿਸ ਦਾ ਪ੍ਰਭਾਵ ਪੰਜਾਬ ਦੀ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਹਾਲਤ ਨੂੰ ਪ੍ਰਭਾਵਤ ਕਰਦਾ ਹੋਵੇ। ਪੰਜਾਬ ਦੇ ਕੁਝ ਅਜਿਹੇ ਸਿਆਸੀ ਪਰਿਵਾਰ ਹਨ, ਜਿਹੜੇ ਸਿਆਸਤ ਦੇ ਆਪਣਾ ਜੱਦੀ ਅਧਿਕਾਰ ਸਮਝਦੇ ਹਨ, ਉਨ੍ਹਾਂ ਬਾਰੇ ਲੇਖਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਿਵੇਂ ਪੁਸ਼ਤ ਦਰ ਪੁਸ਼ਤ ਆਪਣੀ ਪ੍ਰਭੁਸਤਾ ਬਣਾਈ ਬੈਠੇ ਹਨ। ਮਿਆਰੀ ਸਿਖਿਆ ਦੇ ਦਮਗਜ਼ੇ ਮਾਰਨ ਵਾਲੀਆਂ ਸਰਕਾਰਾਂ ਦੇ ਸਬੂਤਾਂ ਨਾਲ ਪਾਜ ਉਘੇੜ ਦਿੱਤੇ ਹਨ। ਸਿਹਤ ਸੇਵਾਵਾਂ ਬਾਰੇ ਕਮਾਲ ਦੀ ਜਾਣਕਾਰੀ ਉਪਲਭਧ ਕਰਵਾਈ ਹੈ ਕਿ ਕਿਤਨੀਆਂ ਸਿਹਤ  ਸੰਸਥਾਵਾਂ ਬੰਦ ਹੋਣ ਦੇ ਕਿਨਾਰੇ ਹਨ ਅਤੇ ਕਿਤਨਾ ਸਟਾਫ ਘੱਟ ਹੈ।  ਮੁਹੱਲਾ ਕਲਿਨਕਾਂ ਦੇ ਪ੍ਰਚਾਰ ‘ਤੇ 30 ਕਰੋੜ ਰੁਪਿਆ ਖ਼ਰਚ ਦਿੱਤਾ ਹੈ ਪ੍ਰੰਤੂ ਦਵਾਈਆਂ ਤੇ ਘੱਟ ਖ਼ਰਚਿਆ ਹੈ। ਅਧਿਕਾਰੀਆਂ ਨੂੰ ਧਮਕਾਉਣ ਲਈ ਸੁਖਬੀਰ ਸਿੰਘ ਬਾਦਲ ਦੀ ਲਾਲ ਡਾਇਰੀ ਅਤੇ ਹੋਰ ਸਿਆਸਤਦਾਨਾਂ ਦੀਆਂ ਚਾਲਾਂ ਨੂੰ ਵੀ ਦਰਸਾਇਆ ਹੈ। ਕਾਂਗਰਸ ਪਾਰਟੀ ਦੇ ਨੇਤਾ ਕਿਵੇਂ ਸਿਆਸੀ ਤਾਕਤ ਹੜੱਪਣ ਲਈ ਬਿੱਲੀਆਂ ਵਾਂਗ ਲੜਦੇ ਹਨ।  ਭਗਵੰਤ ਸਿੰਘ ਮਾਨ ਦੀ ਭਰਿਸ਼ਟਾਚਾਰ ਵਿਰੁੱਧ ਮੁਹਿੰਮ ਦੀ ਪ੍ਰਸੰਸਾ ਕੀਤੀ ਹੈ ਕਿ ਉਹ ਇਸ ਖੇਤਰ ਵਿੱਚ ਅਜੇ ਤੱਕ ਚੰਗਾ ਕੰਮ ਕਰ ਰਿਹਾ ਹੈ। ਮਾਪਿਆਂ ਦੀ ਅਣਵੇਖੀ, ਮਾਰ ਕੁਟਾਈ ਅਤੇ ਬਿਰਧ ਅਸ਼ਰਮਾ ਵਿੱਚ ਭੇਜਣ ਦੀ ਤ੍ਰਾਸਦੀ ਦਿਲ ਨੂੰ ਹਲੂਣਦੀ ਹੈ। ਆਮ ਆਦਮੀ ਪਾਰਟੀ ਦੇ ਨਵੇਂ ਵਿਧਾਨਕਾਰਾਂ ਬਾਰੇ ਵੀ ਲਿਖਿਆ ਹੈ ਕਿ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਅਤੇ ਫਰਜਾਂ ਬਾਰੇ ਜਾਣਕਾਰੀ ਹੀ ਨਹੀਂ। ਝੋਨੇ ਦੀ ਸਿੱਧੀ ਬਿਜਾਈ ਦੇ ਭਗਵੰਤ ਮਾਨ ਸਰਕਾਰ ਦੇ ਦਮਗਜ਼ਿਆਂ ਦੀ ਪੋਲ ਖੋਲ੍ਹੀ ਹੈ। ਕਰਜ਼ੇ ਦੇ ਸਹਾਰੇ ਚਲ ਰਹੀ ਪੰਜਾਬ ਸਰਕਾਰ ਦੀਆਂ ਬੜ੍ਹਕਾਂ ਖੋਖਲੀਆਂ ਸਾਬਤ ਹੋ ਰਹੀਆਂ ਹਨ। ਜੀ.ਡੀ.ਪੀ. 55 ਫ਼ੀ ਸਦੀ ਤੋਂ ਵੱਧਕੇ 60 ਫ਼ੀ ਸਦੀ ਤੱਕ ਪਹੁੰਚਣ ਦੀ ਉਮੀਦ ਹੈ, ਫਿਰ ਸਰਕਾਰ ਨੂੰ ਕਰਜ਼ਾ ਵੀ ਨਹੀਂ ਮਿਲ ਸਕਣਾ। ਹੁਣ ਪੰਜਾਬ ਦੇ ਬਜਟ ਦਾ 15 ਫ਼ੀ ਸਦੀ ਵਿਆਜ ਮੋੜਨ ਤੇ ਖ਼ਰਚ ਹੋ ਰਿਹਾ ਹੈ। ਅਧਿਕਾਰੀਆਂ ਅਤੇ ਸਰਕਾਰ ਵਿੱਚ ਤਾਲਮੇਲ ਨਹੀਂ ਹੈ। ਆਈ.ਏ.ਐਸ.‘ਤੇ ਪੀ.ਸੀ.ਐਸ. ਸਰਕਾਰ ਤੋਂ ਅੱਖੇ ਹਨ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਾਂਗਰਸ ਜੋੜੋ ਤੱਕ ਸੀਮਤ ਹੋ ਗਈ। ਪੰਜਾਬ ਦੇ ਸੰਸਦ ਅਤੇ ਵਿਧਾਨ ਸਭਾ ਦੇ ਮੈਂਬਰਾਂ ਦੀ ਕਾਰਗੁਜ਼ਾਰੀ ਤੇ ਵੀ ਕਿੰਤੂ ਪ੍ਰੰਤੂ ਕੀਤਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾ ਨਹੀਂ ਰਹੇ। ਉਨ੍ਹਾਂ ਨੇ ਸੰਸਦੀ ਪ੍ਰਣਾਲੀ ਦੀ ਮਰਿਆਦਾ ਵੀ ਕਾਇਮ ਨਹੀਂ ਰੱਖੀ, ਦੂਸ਼ਣਬਾਜ਼ੀ ਕਰਦੇ ਰਹੇ। 2022 ਦੇ ਸਾਲ ਬਾਰੇ ਲਿਖਦਿਆਂ ਬਨਵੈਤ ਨੇ ਦੱਸਿਆ ਹੈ ਕਿ ਕੁਝ ਦਿਗਜ਼ ਨੇਤਾਵਾਂ ਦੀ ਕਿਸਮਤ ਲੁੜਕ ਗਈ ਅਤੇ ਸਾਧਾਰਨ ਲੋਕ ਚੋਣਾਂ ਜਿੱਤ ਗਏ ਤੇ ਉਨ੍ਹਾਂ ਦੀ ਕਿਸਮਤ ਚਮਕ ਗਈ। ਆਇਆ ਰਾਮ ਤੇ ਗਿਆ ਰਾਮ ਸਿਆਸੀ ਤਾਕਤ ਦੀ ਭੁੱਖ ਕਰਕੇ ਭਾਰੂ ਰਿਹਾ। ਦੇਸ਼ ਵਿੱਚ ਸਿਆਸੀ ਪਾਰਟੀਆਂ ਵੋਟਾਂ ਵਟੋਰਨ ਲਈ ਔਰਤਾਂ ਨੂੰ 33 ਫ਼ੀ ਸਦੀ ਰਾਖ਼ਵਾਂ ਦੇ ਹੱਕ ਦੇਣ ਦੀ ਗੱਲ ਕਰਦੀਆਂ ਹਨ ਪ੍ਰੰਤੂ ਅਮਲੀ ਤੌਰ ‘ਤੇ ਨਹੀਂ। ਪੰਜਾਬ ਵਿੱਚ ਪ੍ਰਬੰਧਕੀ ਪ੍ਰਣਾਲੀ ਵਿੱਚ ਇਸਤਰੀਆਂ ਨੂੰ ਬਰਾਬਰ ਦੇ ਹੱਕ ਪ੍ਰਾਪਤ ਹਨ। ਬਾ-ਮੁਲਾਹਿਜ਼ਾ ਹੁਸ਼ਿਆਰ ਸਿਰਲੇਖ ਵਾਲੇ ਲੇਖ ਵਿੱਚ ਪੰਜਾਬ ਵਿੱਚ 1978 ਤੋਂ ਸ਼ੁਰੂ ਹੋਈਆਂ ਫ਼ਿਰਕੂ ਘਟਨਾਵਾਂ ਤੋਂ ਬਾਅਦ ਹੁਣ ਠਾਕੁਰਪੁਰ ਚਰਚ ਦੀ ਭੰਨ ਤੋੜ ਦੀ ਘਟਨਾ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੰਜਾਬੀਆਂ ਨੂੰ ਅਜਿਹੀਆਂ ਫ਼ਿਰਕੂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਰੇਤ ਮਾਫ਼ੀਏ ‘ਤੇ ਨਕੇਲ ਨਹੀਂ ਕਸ ਸਕੀ। ਸਰਹੱਦੀ ਖੇਤਰ ਵਿੱਚ ਮਾਈਨਿੰਗ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣੀ ਹੋਈ ਹੈ। ਦੇਸ਼ ਵਿੱਚ ਖ਼ੁਦਕਸ਼ੀਆਂ ਦਾ ਰੁਝਾਨ ਵੱਧ ਰਿਹਾ ਹੈ। 2020 ਦੇ ਮੁਕਾਬਲੇ 2021 ਵਿੱਚ 7.2 ਫ਼ੀ ਸਦੀ ਵਾਧਾ ਹੋਇਆ ਹੈ, ਜੋ ਚਿੰਤਾ ਵਿਸ਼ਾ ਹੈ। ਬਾਦਲ ਪਰਿਵਾਰ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਵੀ ਅਕਾਲੀ ਦਲ ਤੋਂ ਪਰਿਵਾਰਿਕ ਕਬਜ਼ਾ ਛੱਡਣਾ ਨਹੀਂ ਚਾਹੁੰਦੀ। ਸੈਕੰਡ ਰੈਂਕ ਲੀਡਰਸ਼ਿਪ ਨੂੰ ਉਭਰਨ ਹੀ ਨਹੀਂ ਦਿੰਦਾ। ਦੇਸ਼ ਵਿੱਚ ਹਿਰਾਸਤੀ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇਸ਼ ਵਿੱਚੋਂ ਤੀਜੇ ਸਥਾਨ ‘ਤੇ ਹੈ। ਪਿਛਲੇ ਦੋ ਸਾਲਾਂ ਵਿੱਚ 225 ਹਿਰਾਸਤੀ ਮੌਤਾਂ ਹੋਈਆਂ ਹਨ। ਭਗਵੰਤ ਮਾਨ ਦੀ ਸਰਕਾਰ ਦੇ ਰਾਹ ਵਿੱਚ ਔਕੜਾਂ ਪਹਾੜ ਬਣਕੇ ਖੜ੍ਹੀਆਂ ਹਨ, ਰਾਜਪਾਲ ਨੇ ਨਸ਼ਿਆਂ ਦੇ ਮੁੱਦੇ ‘ਤੇ ਆੜੇ ਹੱਥੀਂ ਲਿਆ ਹੈ। ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਉਪ ਕੁਲਪਤੀ ਦਾ ਮਸਲਾ ਲਟਕਦਾ ਆ ਰਿਹਾ ਹੈ। ਐਡਵੋਕੇਟ ਜਨਰਲ ਵਾਰ ਵਾਰ ਸਾਥ ਛੱਡ ਰਹੇ ਹਨ। ਆਪਣਿਆਂ ਵੱਲੋਂ ਮੁਸੀਬਤਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ।  ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕਾਂ ਨੂੰ ਤਜ਼ਰਬਾ ਨਾ ਹੋਣ ਕਰਕੇ ਮੁੱਖ ਮੰਤਰੀ ਨੂੰ ਉਨ੍ਹਾਂ ਨੂੰ ਸਿਖਿਆ ਦੇਣ ਲਈ ਮੀਟਿੰਗਾਂ ਕਰਨੀਆਂ ਪਈਆਂ। ਹਸਪਤਾਲਾਂ ਵਿੱਚ ਦਵਾਈਆਂ, ਡਾਕਟਰ ਅਤੇ ਹੋਰ ਅਮਲੇ ਦੀ ਘਾਟ ਹੈ। ਬਹੁਤੀਆਂ 50 ਫ਼ੀ ਸਦੀ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ। ਮੁਹੱਲਾ ਕਲਿਨਕਾਂ ਲਈ ਹਸਪਤਾਲਾਂ ਵਿੱਚੋਂ ਡਾਕਟਰ ਬਦਲ ਕੇ ਭੇਜ ਦਿੱਤੇ ਹਨ। ਹਸਪਤਾਲ ਖਾਲ੍ਹੀ ਹੋ ਗਏ। ਮਹਿੰਗਾਈ, ਮਹਿੰਗੀਆਂ ਦਵਾਈਆਂ ਕਰਕੇ ਪੰਜਾਬੀ ਮਨੋਰੋਗੀ ਬਣ ਰਹੇ ਹਨ। ਹਸਪਤਾਲਾਂ ਵਿੱਚ ਮਨੋਰੋਗੀ ਡਾਕਟਰ ਨਹੀਂ ਹਨ। ਐਲਾਨ ਜ਼ਿਆਦਾ ਜ਼ਮੀਨੀ ਪੱਧਰ ਤੇ ਕੰਮ ਉਤਨਾ ਨਹੀਂ ਹੋ ਰਿਹਾ। ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਅਤੇ ਜਵਾਹਰਕੇ ਪਿੰਡ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਪੜਤਾਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀਆਂ ਦੋ ਸਰਕਾਰਾਂ ਦੀ ਤਰ੍ਹਾਂ ਤਣ ਪੱਤਣ ਨਹੀਂ ਲਾ ਸਕੀ। ਕੈਪਟਨ ਅਮਰਿੰਦਰ ਸਿੰਘ ਅਤੇ ਪਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਦੇ ਵਾਅਦੇ ਵਫਾ ਨਾ ਹੋ ਸਕਣ ਕਰਕੇ ਉਹ ਸਰਕਾਰਾਂ ਬਣਾਉਣ ਤੋਂ ਹੱਥ ਧੋ ਬੈਠੇ ਹਨ। ਇਸ਼ਾਰਾ ਆਮ ਆਦਮੀ ਦੀ ਸਰਕਾਰ ਵਲ ਸਾਫ ਹੈ।  ਭਗਵੰਤ ਮਾਨ ਦੀ ਸਰਕਾਰ ਵੱਲੋਂ ਰਾਜ ਸਭਾ ਦੇ ਬਣਾਏ 7 ਮੈਂਬਰ ਆਪਣੀ ਕਾਰਗੁਜ਼ਾਰੀ ਵਿਖਾਉਣ ਵਿੱਚ ਅਸਫਲ ਰਹੇ ਹਨ।  ਉਚੇਰੀ ਸਿਖਿਆ ਲਈ 31 ਯੂਨੀਵਰਸਿਟੀਆਂ 350 ਕਾਲਜ ਹੋਣ ਦੇ ਬਾਵਜੂਦ ਯੋਗ ਵਿਦਿਆ ਨਹੀਂ ਮਿਲ ਰਹੀ ਕਿਉਂਕਿ ਅਧਿਆਪਕਾਂ ਦੀ ਘਾਟ ਹੈ।  ਮਿਠੱੀਆਂ ਮਿਰਚਾਂ ਵਾਲੇ ਲੇਖ ਵਿੱਚ ਦਰਸਾਇਆ ਗਿਆ ਹੈ ਕਿ ਰਾਜਪਾਲ, ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਦੇ ਸਮਾਗਮਾ ਵਿੱਚ ਮੁੱਖ ਮੰਤਰੀ ਗਏ ਨਹੀਂ, ਜਿਹੜੇ ਮੰਤਰੀ ਸ਼ਾਮਲ ਹੋਏ ਉਹ ਸਹੀ ਢੰਗ ਨਾਲ ਪੰਜਾਬ ਦੇ ਹਿਤਾਂ ਤੇ ਪਹਿਰਾ ਨਹੀਂ ਦੇ ਸਕੇ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦਾ ਹਾਸਾ ਗੁਮ ਗਿਆ ਹੈ। ਪੰਜਾਬ ਆਰਥਿਕ ਮੰਦਹਾਲੀ, ਵਿਧਾਨਕਾਰਾਂ ਅਤੇ ਮੰਤਰੀਆਂ ਦੀ ਕਾਰਗੁਜ਼ਾਰੀ ਅਤੇ ਮੰਤਰੀ ਮੰਡਲ ਦੇ ਫੇਰ ਬਦਲ ਦਾ ਅਹਿਸਾਸ ਮੁੱਖ ਮੰਤਰੀ ਨੂੰ ਸਤਾ ਰਿਹਾ ਹੈ। ਲੇਖਕ ਨੇ ਪੰਜਾਬ ਦੇ ਹੁਣ ਤੱਕ ਦੇ ਸਾਰੇ ਮੁੱਖ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਕੇ ਦੱਸਿਆ ਹੈ ਕਿ ਉਹ ਕਿੰਨੇ ਸਫਲ ਤੇ ਅਸਫਲ ਹੋਏ ਹਨ।  ਕਈ ਲੇਖਾਂ ਵਿੱਚ ਦੁਹਰਓ ਹੈ। ਨਵੀਂ ਵਿਧਾਨ ਸਭਾ ਦੀ ਉਸਾਰੀ ਲਈ ਹਰਿਆਣਾ ਦੀ ਤਰ੍ਹਾਂ ਜ਼ਮੀਨ ਦੀ ਮੰਗ ਗ਼ਲਤ ਹੈ। ਢਾਈ ਸੌ ਪੰਜਾਬ ਨਿਤ ਜਹਾਜ਼ ਚੜ੍ਹਨ ਵਾਲੇ ਲੇਖ ਵਿੱਚ ਬੇਰੋਜ਼ਗਾਰੀ ਕਰਕੇ ਬਾਹਰ ਜਾ ਰਹੇ ਵਿਦਿਆਰਥੀਆਂ ਖਾਸ ਤੌਰ ‘ਤੇ 71 ਫ਼ੀ ਸਦੀ ਦਾ ਗ਼ੈਰ ਕਾਨੂੰਨੀ ਢੰਗ ਨਾਲ ਜਾਣਾ ਦੱਸਿਆ ਗਿਆ ਹੈ।  ਬਜ਼ੁਰਗਾਂ ਦੀਆਂ ਪੈਨਸ਼ਨਾ ਦੀ ਦੁਰਵਰਤੋਂ ਤੱਥਾਂ ਸਹਿਤ ਦੱਸਿਆ ਗਿਆ ਹੈ ਕਿ ਕਿਵੇਂ ਬਾਬੂਆਂ ਨੇ ਵੀ ਚਲਦੀ ਗੰਗਾ ਵਿੱਚ ਹੱਥ ਰੰਗ ਲਏ ਹਨ। ਸਰਕਾਰਾਂ ਪੈਨਸ਼ਨਾ ਵਿੱਚ ਵਾਧੇ ਲਈ ਲਾਰੇ ਲਾਉਂਦੇ ਰਹੇ ਹਨ। ਜੰਗ ਅਜੇ ਮੁੱਕੀ ਨਹੀਂ ਲੇਖ ਵਿੱਚ ਸਾਰੀਆਂ ਸਰਕਾਰਾਂ ਵੱਲੋਂ ਭਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਖੋਖਲੇ ਹੋ ਗਏ ਹਨ। ਪੰਜਾਬ ਵਿੱਚ ਹੋ ਰਹੇ ਸੜਕੀ ਹਾਦਸੇ ਅਨੇਕਾਂ ਜਾਨਾ ਦੀ ਆਹੂਤੀ ਲੈ ਰਹੇ ਹਨ। ਸਰਕਾਰਾਂ ਵਲੋਂ ਕੋਈ ਸਾਰਥਿਕ ਕਦਮ ਨਾ ਚੁੱਕਣ ਕਰਕੇ ਹਾਲਾਤ ਖ਼ਤਰਨਾਕ ਹੋ ਗਏ ਹਨ।
140 ਪੰਨਿਆਂ, 250 ਰੁਪਏ ਕੀਮਤ ਵਾਲੀ ਇਹ ਪੁਸਤਕ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
    ਮੋਬਾਈਲ-94178 13072
   ujagarsingh48@yahoo.com

ਮੁਫ਼ਤਖ਼ੋਰੇ ਬਣਾਉਣਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰ - ਉਜਾਗਰ ਸਿੰਘ

ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਨੇ ਵੋਟਾਂ ਵਟੋਰਨ ਦੇ ਇਰਾਦੇ ਨਾਲ ਲੋਕ ਲੁਭਾਊ ਸਕੀਮਾ ਸ਼ੁਰੂ ਕਰਕੇ ਪੰਜਾਬੀਆਂ ਨੂੰ ਮੁਫ਼ਤਖ਼ੋਰੇ ਤੇ ਮੰਗਤੇ ਬਣਾ ਰਹੀਆਂ ਹਨ। ਇਕ ਕਿਸਮ ਨਾਲ ਪੰਜਾਬੀਆਂ ਨੂੰ ਮੁਫ਼ਤਖ਼ੋਰੇ ਬਣਾਕੇ ਉਨ੍ਹਾਂ ਦੀ ਅਣਖ਼ ਨੂੰ ਵੰਗਾਰਿਆ ਜਾ ਰਿਹਾ ਹੈ। ਅਣਖ਼, ਗੌਰਵ, ਮਿਹਨਤੀ ਪ੍ਰਵਿਰਤੀ, ਫ਼ਰਾਖਦਿਲੀ, ਬਹਾਦਰੀ, ਨਿਡਰਤਾ, ਕਿਰਤ ਕਰਨਾ, ਵੰਡ ਛਕਣਾ ਅਤੇ ਦਲੇਰੀ ਪੰਜਾਬੀਆਂ ਦੇ ਅਜਿਹੇ ਗੁਣ ਹਨ, ਜਿਨ੍ਹਾਂ ਕਰਕੇ ਸੰਸਾਰ ਵਿੱਚ ਉਨ੍ਹਾਂ ਦੀ ਕਦਰ ਕੀਤੀ ਜਾ ਰਹੀ ਹੈ। ਇਨ੍ਹਾਂ ਗੁਣਾ ਕਰਕੇ ਦੁਨੀਆਂ ਪੰਜਾਬੀਆਂ/ਸਿੱਖਾਂ  'ਤੇ ਮਾਣ ਕਰ ਰਹੀ ਹੈ। ਕਰੋਨਾ ਦੇ ਦੌਰਾਨ ਸੰਸਾਰ ਭਰ ਵਿੱਚ ਪੰਜਾਬੀਆਂ/ਸਿੱਖਾਂ ਨੇ ਲੋੜਬੰਦਾਂ ਨੂੰ ਲੰਗਰ ਲਗਾਕੇ ਭੋਜਨ ਛਕਾਇਆ ਹੈ, ਜਿਸ ਦੀ ਹਰ ਖੇਤਰ ਤੇ ਦੇਸ਼ ਵਿੱਚੋਂ ਪ੍ਰਸੰਸਾ ਕੀਤੀ ਗਈ ਹੈ। ਪੰਜਾਬੀਆਂ/ਸਿੱਖਾਂ ਨੇ ਕਰੋਨਾਂ ਦੌਰਾਨ ਸੰਸਾਰ ਵਿੱਚ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ। ਪ੍ਰੰਤੂ ਬਹੁਤ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਨੇ ਪੰਜਾਬੀਆਂ ਨੂੰ ਮੁਫ਼ਤਖ਼ੋਰੇ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਹੁਣ ਤੱਕ ਪੰਜਾਬ ਸਰਕਾਰ ਕਿਸਾਨਾ ਨੂੰ 2 ਲੱਖ ਕਰੋੜ ਰੁਪਏ ਦੀ ਮੁਫ਼ਤ ਬਿਜਲੀ ਸਬਸਿਡੀ ਦੇ ਰੂਪ ਵਿੱਚ ਦੇ ਚੁੱਕੀ ਹੈ। ਇਤਨੀ ਰਕਮ ਨਾਲ 10,000 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ 30 ਥਰਮਲ ਪਲਾਂਟ ਲਗਾਏ ਜਾ ਸਕਦੇ ਸਨ। ਪੰਜਾਬ ਸਿਰ ਇਸ ਸਮੇਂ ਕੁਲ ਕਰਜ਼ੇ ਦਾ ਦੋ ਤਿਹਾਈ ਸਬਸਿਡੀ ਦੇ ਰੂਪ ਵਿੱਚ ਦਿੱਤਾ ਜਾ ਚੁੱਕਾ ਹੈ। ਲੋਕ ਲੁਭਾਊ ਸਕੀਮਾ ਦਾ ਸਾਰਾ ਭਾਰ ਟੈਕਸ ਦੇਣ ਵਾਲੇ ਲੋਕਾਂ ਤੇ ਪਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਦਾ ਕੀ ਕਸੂਰ ਹੈ, ਜਿਹੜੇ ਇਨ੍ਹਾਂ ਲੋਕ ਲਾਭਾਊ ਸਕੀਮਾ ਦਾ ਭਾਰ ਉਠਾ ਰਹੇ ਹਨ? ਪੰਜਾਬ ਸਰਕਾਰ ਦੇ ਬਜਟ ਦਾ 53 ਫ਼ੀ ਸਦੀ ਕਰਜ਼ੇ ਦਾ ਵਿਆਜ ਵਾਪਸ ਕਰਨ ਲਈ ਖ਼ਰਚਿਆ ਜਾ ਰਿਹਾ ਹੈ। ਪੰਜਾਬ ਸਿਰ ਕਰਜ਼ੇ ਦੇ ਬੋਝ ਕਰਕੇ ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਪਿਛਲੇ 10 ਸਾਲਾਂ ਤੋਂ ਇਕ ਪੈਸਾ ਵੀ ਖ਼ਰਚ ਨਹੀਂ ਕਰ ਰਹੀ। ਕੇਂਦਰ ਦੀਆਂ ਸਕੀਮਾ ਰਾਹੀਂ ਬੁਤਾ ਸਾਰਿਆ ਜਾ ਰਿਹਾ ਹੈ। ਪੰਜਾਬ ਦੀ ਇਸ ਤੋਂ ਵੱਡੀ ਤਰਾਸਦੀ ਕੀ ਹੋਵੇਗੀ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਸੀ, ਉਨ੍ਹਾਂ ਨਾਮ ਜਪੋ, ਕ੍ਰਿਤ ਕਰੋ ਤੇ ਵੰਡ ਛਕੋ ਦਾ ਸਿਧਾਂਤ ਦਿੱਤਾ ਸੀ। ਵੈਲਫੇਅਰ ਰਾਜ ਦਾ ਸੰਕਲਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੇ ਦਿੱਤਾ ਸੀ। ਵਰਤਮਾਨ ਸਰਕਾਰਾਂ ਉਨ੍ਹਾਂ ਦੇ ਵੈਲਫੇਅਰ ਰਾਜ ਦੀ ਥਾਂ ਲੋਕਾਂ ਨੂੰ ਮੁਫ਼ਤਖ਼ੋਰੇ ਬਣਾਉਣ ਲੱਗ ਪਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਕ੍ਰਿਤ ਕਰਨ ਲਈ ਕਿਹਾ ਸੀ ਪ੍ਰੰਤੂ ਸਰਕਾਰਾਂ ਨੇ ਲੋਕਾਈ ਨੂੰ ਕ੍ਰਿਤ ਕਰਨ ਦੀ ਥਾਂ ਵਿਹਲੇ ਬੈਠ ਕੇ ਖਾਣ ਦਾ ਸੰਕਲਪ ਵੋਟਾਂ ਲੈਣ ਲਈ ਦੇ ਦਿੱਤਾ ਹੈ। ਸੋਚਣ ਵਾਲੀ ਗੱਲ ਹੈ ਕਿ ਅਸੀਂ ਆਪੋ ਆਪਣੇ ਪਰਿਵਾਰਾਂ ਨੂੰ ਪਾਲਣ ਲਈ ਕੰਮ ਕਰਕੇ ਪੈਸੇ ਇਕੱਠੇ ਕਰਦੇ ਹਾਂ ਤੇ ਫਿਰ ਉਨ੍ਹਾਂ ਨੂੰ ਖ਼ਰਚਦੇ ਹਾਂ। ਜੇਕਰ ਅਸੀਂ ਕਮਾਵਾਂਗੇ ਨਹੀਂ ਤਾਂ ਗੁਜ਼ਾਰਾ ਕਿਵੇਂ ਹੋਵੇਗਾ। ਪਰਵਾਰ ਕਿਵੇਂ ਪਲਣਗੇ? ਬਿਲਕੁਲ ਇਹ ਹੀ ਫਾਰਮੂਲਾ ਸਰਕਾਰਾਂ ਤੇ ਲਾਗੂ ਹੁੰਦਾ ਹੈ। ਜੇਕਰ ਸਰਕਾਰ ਦੀ ਆਮਦਨ ਨਹੀਂ ਹੋਵੇਗੀ ਤਾਂ ਉਹ ਖ਼ਰਚਾ ਕਿਥੋਂ ਕਰਨਗੇ? ਸਰਕਾਰਾਂ ਲੋਕਾਈ ਨੂੰ ਮੁਫਤ ਵਿੱਚ ਬਿਜਲੀ, ਪਾਣੀ, ਆਟਾ ਦਾਲਾਂ, ਇਸਤਰੀਆਂ ਨੂੰ ਬੱਸਾਂ ਵਿੱਚ ਮੁਫ਼ਤ ਸਫਰ ਦੀ ਸਹੂਲਤ ਆਦਿ ਦੇ ਰਹੀਆਂ ਹਨ।  ਸਰਕਾਰ ਦੇ ਖ਼ਰਚੇ ਕਰਨ ਲਈ ਜਦੋਂ ਆਮਦਨ ਨਹੀਂ ਤਾਂ ਸਰਕਾਰ ਕਰਜ਼ਾ ਹੀ ਲਵੇਗੀ। ਕਰਜ਼ਾ ਕਿਤਨੀ ਦੇਰ ਤੱਕ ਲਿਆ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਆਪਣੀਆਂ ਬਹੁਤੀਆਂ ਇਮਾਰਤਾਂ ਗਹਿਣੇ ਕਰ ਦਿੱਤੀਆਂ ਹਨ। ਤਿੰਨ ਲੱਖ ਕਰੋੜ ਰੁਪਏ ਤੋਂ ਵਧੇਰੇ ਕਰਜ਼ਾ ਸਰਕਾਰ ਦੇ ਸਿਰ ਚੜ੍ਹ ਗਿਆ ਹੈ। ਇਹ ਲੋਕ ਲੁਭਾਊ ਸਕੀਮਾ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰ ਰਹੀਆਂ ਅਤੇ ਮਾਨਸਿਕ ਗ਼ੁਲਾਮੀ ਵੱਲ ਧੱਕ ਰਹੀਆਂ ਹਨ। ਸਰਕਾਰਾਂ ਲੋਕਾਂ ਨੂੰ ਆਪਣੇ ਪਿੱਠੂ ਬਣਾ ਰਹੀਆਂ ਹਨ। ਕ੍ਰਿਤੀ ਪੰਜਾਬੀਆਂ ਨੂੰ ਆਪਣੇ 'ਤੇ ਨਿਰਭਰ ਕਰ ਰਹੀਆਂ ਹਨ ਤਾਂ ਜੋ ਲੋਕਾਈ ਉਨ੍ਹਾਂ ਦੀਆਂ ਮਨਮਰਜ਼ੀਆਂ ਵਿਰੁੱਧ ਬੋਲ ਨਾ ਸਕਣ। ਪਿੰਡਾਂ ਵਿੱਚ ਕਿਸਾਨਾ ਨੂੰ ਫਸਲਾਂ ਦੀ ਪੈਦਾਵਾਰ ਲਈ ਪੰਜਾਬ ਦੇ ਮਜ਼ਦੂਰ ਨਹੀਂ ਮਿਲ ਰਹੇ। ਪੰਜਾਬੀ ਮਜ਼ਦੂਰਾਂ ਨੂੰ ਮਜ਼ਦੂਰੀ ਕਰਨ ਦੀ ਲੋੜ ਨਹੀਂ ਕਿਉਂਕਿ ਸਰਕਾਰ ਸਭ ਕੁਝ ਮੁਫ਼ਤ ਦਿੰਦੀ ਹੈ। ਉਹ ਘਰ ਬੈਠੇ ਖਾਂਦੇ ਹਨ। ਇਸ ਕਰਕੇ ਦੂਜੇ ਰਾਜਾਂ ਬਿਹਾਰ, ਉਤਰ ਪ੍ਰਦੇਸ਼ ਦੇ ਮਜ਼ਦੂਰ ਆ ਕੇ ਕੰਮ ਕਰਦੇ ਹਨ। ਸਰਕਾਰਾਂ ਨੂੰ ਪੰਜਾਬ ਦੀ ਅਣਖ ਅਤੇ ਸਵੈਮਾਣਤਾ ਬਰਕਰਾਰ ਰੱਖਣ ਲਈ ਲੋਕ ਲੁਭਾਊ ਸਕੀਮਾ ਬੰਦ ਕਰਨੀਆਂ ਚਾਹੀਦੀਆਂ ਹਨ। ਇਹ ਨਾ ਹੋਵੇ ਕਿ ਸਰਕਾਰ ਨੂੰ ਬੈਂਕਾਂ ਵੀ ਕਰਜ਼ਾ ਦੇਣਾ ਬੰਦ ਕਰ ਦੇਣ। ਸਭ ਤੋਂ ਪਹਿਲਾਂ ਸ਼੍ਰੀਮਤੀ ਰਾਜਿੰਦਰ ਕੌਰ ਭੱਠਲ ਨੇ ਜਨਵਰੀ 1997 ਵਿੱਚ 7 ਏਕੜ ਤੱਕ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਖੇਤੀਬਾੜੀ ਲਈ ਬਿਜਲੀ ਮੁਫ਼ਤ ਅਤੇ ਬਾਕੀ ਸਾਰੇ ਕਿਸਾਨਾਂ ਨੂੰ 50 ਰੁਪਏ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਨਾਲ ਸਹੂਲਤ ਦੇਣ ਦਾ ਐਲਾਨ ਕੀਤਾ ਸੀ।  ਉਸ ਤੋਂ ਬਾਅਦ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਰਵਰੀ 1997 ਵਿੱਚ ਸਾਰੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਫੈਸਲਾ ਕਰ ਦਿੱਤਾ। ਵੱਡੇ ਕਿਸਾਨ ਜਿਹੜੇ ਬਿਲ ਦੇ ਸਕਦੇ ਹਨ, ਉਨ੍ਹਾਂ ਦੀ ਬਿਜਲੀ ਵੀ ਮੁਆਫ਼ ਕਰ ਦਿੱਤੀ। 2002 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਕਿਸਾਨਾ ਨੂੰ ਮੁਫ਼ਤ ਬਿਜਲੀ ਦੇਣੀ ਬੰਦ ਕਰ ਦਿੱਤੀ। 2005 ਤੱਕ ਇਹ ਫੈਸਲਾ ਲਾਗੂ ਰਿਹਾ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ 'ਤੇ ਪੰਜਾਬ ਦੇ ਕਾਂਗਰਸੀਆਂ ਦਾ ਦਬਾਅ ਪਿਆ, ਜਿਸ ਕਰਕੇ ਉਸ ਨੇ ਫਿਰ ਦੁਬਾਰਾ ਪਰਕਾਸ਼ ਸਿੰਘ ਬਾਦਲ ਵਾਲਾ ਮੁਫ਼ਤ ਬਿਜਲੀ ਦੇਣ ਦਾ ਫ਼ੈਸਲਾ ਲਾਗੂ ਕਰ ਦਿੱਤਾ। ਉਸ ਤੋਂ ਬਾਅਦ ਹੁਣ ਤੱਕ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ। ਇਕ ਪਾਸੇ ਸਰਕਾਰ ਕਣਕ ਝੋਨੇ ਦੀ ਥਾਂ ਬਦਲਵੀਂਆਂ ਫਸਲਾਂ ਬੀਜਣ ਲਈ ਕਹਿ ਰਹੀ ਹੈ, ਕਿਉਂਕਿ ਜ਼ਮੀਨਦੋਜ਼ ਪਾਣੀ ਪੱਧਰ ਹਰ ਸਾਲ ਨੀਵਾਂ ਹੋ ਰਿਹਾ ਹੈ। ਟਿਊਬਵੈਲਾਂ ਦੇ ਬੋਰ ਡੂੰਘੇ ਕਰਨੇ ਪੈ ਰਹੇ ਹਨ। ਕਿਸਾਨਾ ਤੇ ਵਾਧੂ ਦਾ ਖ਼ਰਚਾ ਪੈ ਰਿਹਾ ਹੈ। ਦੂਜੇ ਪਾਸੇ ਸਰਕਾਰ ਝੋਨੇ ਦੀ ਕਾਸ਼ਤ ਲਈ ਮੁਫ਼ਤ ਬਿਜਲੀ ਦੇ ਕੇ ਅਸਿਧੇ ਢੰਗ ਨਾਲ ਝੋਨੇ ਦੀ ਕਾਸ਼ਤ ਨੂੰ ਪ੍ਰਤੋਸ਼ਾਹਤ ਕਰ ਰਹੀ ਹੈ। ਜੇਕਰ ਮੁਲ ਦਾ ਪਾਣੀ ਹੋਵੇਗਾ ਤਾਂ ਕਿਸਾਨ ਸੋਚ ਸਮਝ ਕੇ ਧਰਤੀ ਵਿੱਚੋਂ ਪਾਣੀ ਕੱਢੇਗਾ। ਕਿਸਾਨਾਂ ਨੂੰ ਵੀ ਇਸ ਦਾ ਨੁਕਸਾਨ ਹੋ ਰਿਹਾ ਹੈ। ਬਹੁਤਾ ਪਾਣੀ ਨਿਕਲਣ ਅਤੇ ਲਗਾਤਾਰ ਮੋਟਰਾਂ ਦੇ ਚਲਣ ਨਾਲ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਅਤੇ ਬੋਰ ਬੰਦ ਹੋ ਰਹੇ ਹਨ। ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ ਸਮਬਰਸੀਵਲ ਬੋਰ 'ਤੇ ਖ਼ਰਚਾ ਜ਼ਿਆਦਾ ਹੋਣ ਕਰਕੇ ਮਹਿੰਗਾ ਹੋ ਗਿਆ ਹੈ। ਜੇਕਰ ਝੋਨੇ ਤੋਂ ਕਿਸਾਨ ਦੀ ਆਮਦਨ ਵੱਧਦੀ ਹੈ ਤਾਂ ਨਾਲ ਹੀ ਖ਼ਰਚਾ ਵੀ ਵੱਧ ਰਿਹਾ ਹੈ। ਇਸੇ ਤਰ੍ਹਾਂ 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ 60 ਸਾਲ ਤੋਂ ਉਪਰ ਇਸਤਰੀਆਂ ਅਤੇ 65 ਸਾਲ ਤੋਂ ਉਪਰ ਮਰਦਾਂ ਦਾ ਬੱਸਾਂ ਵਿੱਚ ਸਫਰ ਕਰਨਾ ਮੁਫ਼ਤ ਕਰ ਦਿੱਤਾ। ਗੱਲ ਏਥੇ ਹੀ ਖ਼ਤਮ ਨਹੀਂ ਹੋਈ ਕੈਪਟਨ ਅਮਰਿੰਦਰ ਸਿੰਘ ਨੇ 2017 ਵਿੱਚ ਸਾਰੀਆਂ ਇਸਤਰੀਆਂ ਨੂੰ  ਬੱਸਾਂ ਵਿੱਚ ਮੁਫਤ ਸਫਰ ਕਰਨ ਦੀ ਸਹੂਲਤ ਦੇ ਦਿੱਤੀ। ਇਸ ਸਮੇਂ ਪੰਜਾਬ ਰੋਡਵੇਜ ਅਤੇ ਪੈਪਸੂ ਰੋਡਵੇਜ਼ ਦਾ ਦੀਵਾਲਾ ਨਿਕਲਣ ਵਾਲਾ ਹੈ। ਅਮਲੇ ਨੂੰ ਤਨਖਾਹਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਪੈਨਸ਼ਨਾ ਅਤੇ ਮੈਡੀਕਲ ਖਰਚੇ ਦੇਣ ਵਿੱਚ ਮੁਸ਼ਕਲ ਆ ਰਹੀ ਹੈ। ਉਹ ਧਰਨੇ ਅਤੇ ਮੁਜ਼ਾਹਰੇ ਕਰ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਸਮਾਜ ਦੇ ਅਨੁਸੂਚਿਤ ਅਤੇ ਪਛੜੀਆਂ ਸ਼੍ਰੇਣੀਆਂ ਦੇ ਪਰਿਵਾਰਾਂ ਨੂੰ ਮੁਫ਼ਤ ਆਟਾ ਦਾਲ ਦੇਣਾ ਸ਼ੁਰੂ ਕਰ ਦਿੱਤਾ। 2007 ਵਿੱਚ ਕੇਂਂਦਰ ਸਰਕਾਰ ਦੇ ਫੂਡ ਸਕਿਉਰਿਟੀ ਐਕਟ ਵਿੱਚ ਮਰਜ ਕਰਕੇ ਆਟਾ ਦਾਲ ਦੇਣੀ ਜਾਰੀ ਰੱਖੀ। ਨਹਿਰੀ ਪਾਣੀ ਵੀ ਮੁਫ਼ਤ ਮਿਲ ਰਿਹਾ ਹੈ। ਬਾਦਲ ਸਾਹਿਬ ਨੇ ਤਾਂ ਸਰਕਾਰ ਤੇ ਆਪਣਾ ਕਬਜ਼ਾ ਬਣਾਈ ਰੱਖਣ ਲਈ  100 ਵਰਗ ਗਜ਼ ਦੇ ਰਿਹਾਇਸ਼ੀ ਮਕਾਨਾ ਵਾਲਿਆਂ ਨੂੰ ਪੀਣ ਵਾਲਾ ਪਾਣੀ ਵੀ ਮੁਫ਼ਤ ਦੇਣਾ ਸ਼ੁਰੂ ਕਰ ਦਿੱਤਾ। ਏਥੇ ਹੀ ਗੱਲ ਖ਼ਤਮ ਨਹੀਂ ਹੁੰਦੀ, ਉਨ੍ਹਾਂ ਕੇਂਦਰ ਸਰਕਾਰ ਦੀ ਮਦਦ ਨਾਲ 'ਮੁੱਖ ਮੰਤਰੀ ਤੀਰਥ ਯਾਤਰਾ' ਸਕੀਮ ਸ਼ੁਰੂ ਕਰ ਦਿੱਤੀ। ਇਸ ਸਕੀਮ ਅਧੀਨ ਪੰਜਾਬੀਆਂ ਨੂੰ ਮੁਫ਼ਤ ਵਿੱਚ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਤੀਰਥ ਸਥਾਨਾ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਦੇ ਖ਼ਰਚੇ 'ਤੇ ਲਿਜਾਇਆ ਜਾਂਦਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 2017 ਵਿੱਚ ਇਹ ਸਕੀਮ ਬੰਦ ਕਰ ਦਿੱਤੀ। ਆਮ ਆਦਮੀ ਪਾਰਟੀ ਨੇ ਤਾਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਮੁਫ਼ਤ ਦੀਆਂ ਗਰੰਟੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਗਰੰਟੀਆਂ ਵਿੱਚ ਜੁਲਾਈ 2022 ਤੋਂ ਹਰ ਪਰਿਵਾਰ ਦੀ ਪ੍ਰਤੀ ਮਹੀਨਾ 300 ਯੂਨਿਟ ਤੱਕ ਦੀ ਬਿਜਲੀ ਮੁਆਫ਼ ਕਰ ਦਿੱਤੀ। ਇਸ ਤੋਂ ਪਹਿਲਾਂ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੇ ਪਰਿਵਾਰਾਂ ਨੂੰ 300 ਯੂਨਿਟ ਤੱਕ ਪਹਿਲਾਂ ਹੀ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਸੀ। ਬਿਜਲੀ ਨਿਗਮ ਘਾਟੇ ਵਿੱਚ ਜਾ ਰਿਹਾ ਹੈ। ਲੋਕਾਂ ਨੂੰ ਮੁਫ਼ਤ ਵਿੱਚ ਬਿਜਲੀ ਦਿੱਤੀ ਜਾ ਰਹੀ ਹੈ। ਸਰਕਾਰ ਦੀਆਂ ਮੁਫ਼ਤ ਵਾਲੀਆਂ ਲੋਕ ਭਲਾਈ ਸਕੀਮਾਂ ਕਰਕੇ ਪੰਜਾਬ ਦੀ ਆਰਥਿਕਤਾ ਤਬਾਹ ਹੋ ਗਈ ਹੈ। ਕਿਸੇ ਵੀ ਸਮੇਂ ਸਰਕਾਰ ਦੀਵਾਲੀਅਪਣ ਘੋਸ਼ਿਤ ਕਰਨ ਲਈ ਮਜ਼ਬੂਰ ਹੋ ਸਕਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
   ujagarsingh48@yahoo.com

ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ - ਉਜਾਗਰ ਸਿੰਘ

ਇੱਕ ਪਾਸੇ ਪੰਜਾਬੀ ਕੈਨੇਡਾ ਦੀ ਫੈਡਰਲ ਅਤੇ ਸੂਬਿਆਂ ਦੀਆਂ ਸਰਕਾਰਾਂ ਵਿੱਚ ਮੰਤਰੀਆਂ ਦੇ ਅਹੁਦੇ ਪ੍ਰਾਪਤ ਕਰਕੇ ਸਫਲਤਾ ਦੇ ਝੰਡੇ ਗੱਡ ਰਹੇ ਹਨ, ਦੂਜੇ ਪਾਸੇ ਕੁਝ ਕਾਲੀਆਂ ਭੇਡਾਂ ਵਹੀਕਲ ਚੋਰੀਆਂ, ਨਸ਼ਿਆਂ ਅਤੇ ਗ਼ੈਰ ਸਮਾਜੀ ਕਾਰਵਾਈਆਂ ਕਰਕੇ ਬਦਨਾਮੀ ਖੱਟ ਰਹੇ ਹਨ। ਇਸ ਤੋਂ ਇਲਾਵਾ ਕੁਝ ਪੰਜਾਬੀ ਬਾਗਾਂ, ਖੇਤੀਬਾੜੀ, ਟਰਾਂਸਪੋਰਟ, ਹੋਟਲ ਕਾਰੋਬਾਰ ਅਤੇ ਆਈ.ਟੀ.ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। ਪੰਜਾਬੀਆਂ ਨੇ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਗ਼ੈਰ ਕਾਨੂੰਨੀ ਕਾਰਵਾਈਆਂ ਕਰਨ ਵਾਲੇ ਮੁੱਠੀ ਭਰ ਪੰਜਾਬੀ ਨਾਮਣਾ ਖੱਟਣ ਵਾਲੇ ਪੰਜਾਬੀਆਂ ਦੀ ਸਫਲਤਾ 'ਤੇ ਸਵਾਲੀਆ ਚਿੰਨ੍ਹ ਲਗਾਉਣ ਦੀ ਕਸਰ ਨਹੀਂ ਛੱਡ ਰਹੇ। ਜੇਕਰ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਸ਼ਰਾਰਤੀ ਅਨਸਰ ਆਪਣੀਆਂ ਕਾਰਵਾਈਆਂ ਤੋਂ ਬਾਜ ਨਾ ਆਏ ਤਾਂ ਹੋ ਸਕਦਾ ਭਵਿਖ ਵਿੱਚ ਪੰਜਾਬੀਆਂ ਨੂੰ ਕੈਨੇਡਾ ਵਿੱਚ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣ ਲੱਗ ਪਵੇ। ਪੰਜਾਬ ਦੀ ਨੌਜਵਾਨੀ ਪਿਛਲੇ 20 ਸਾਲਾਂ ਤੋਂ ਆਪਣੇ ਸੁਨਹਿਰੇ ਭਵਿਖ ਦੇ ਸਪਨੇ ਸਿਰਜ ਕੇ ਵਹੀਰਾਂ ਘੱਤ ਕੇ ਪਰਵਾਸ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਲਈ ਜਾ ਰਹੀ ਹੈ। ਇਕੱਲੇ ਕੈਨੇਡਾ ਵਿੱਚ ਹਰ ਸਾਲ ਲਗਪਗ ਇਕ ਲੱਖ ਵਿਦਿਆਰਥੀ ਪੜ੍ਹਾਈ ਲਈ ਜਾਂਦੇ ਹਨ। ਪੜ੍ਹਾਈ ਤਾਂ ਉਨ੍ਹਾਂ ਦਾ ਬਹਾਨਾ ਹੁੰਦੀ ਹੈ, ਅਸਲ ਵਿੱਚ ਉਹ ਕੈਨੇਡਾ ਵਿੱਚ ਸੈਟਲ ਹੋਣ ਲਈ ਜਾਂਦੇ ਹਨ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਦੀ ਸਹੂਲਤ ਦੇ ਨਿਯਮਾਂ ਵਿੱਚ ਢਿਲ ਦੇਣ ਕਰਕੇ ਹੋਰ ਬਹੁਤ ਸਾਰੇ ਪੰਜਾਬੀ ਕੈਨੇਡਾ ਨੂੰ ਜਾ ਰਹੇ ਹਨ। 2021ਦੀ ਜਨਗਣਨਾ ਅਨੁਸਾਰ ਕੈਨੇਡਾ ਵਿੱਚ 10 ਲੱਖ ਪੰਜਾਬੀ ਆਪਣੇ ਕਾਰੋਬਾਰ ਕਰ ਰਹੇ ਹਨ। ਜਦੋਂ ਵਿਦਿਆਰਥੀਆਂ ਦੇ ਪੜ੍ਹਾਈ ਲਈ ਵੀਜੇ ਲਗਦੇ ਹਨ ਤਾਂ ਪਰਿਵਾਰ ਜਸ਼ਨ ਮਨਾਉਂਦੇ ਹਨ। ਪ੍ਰੰਤੂ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚੋਂ ਖ਼ਬਰਾਂ ਆ ਰਹੀਆਂ ਹਨ ਕਿ ਵਿਦਿਆਰਥੀ ਹੁਲੜਬਾਜੀਆਂ ਕਰਦੇ ਹਨ। ਉਥੋਂ ਦੇ ਕਾਨੂੰਨਾਂ ਦੀਆਂ ਉਲੰਘਣਾਵਾਂ ਕਰਦੇ ਹਨ। ਇਸ ਤੋਂ ਵਧੇਰੇ ਚਿੰਤਾਜਨਕ ਗੱਲ ਹੈ ਕਿ ਟਰਾਂਟੋ ਪੁਲਿਸ ਨੇ ਗੱਡੀਆਂ ਦੀਆਂ ਚੋਰੀਆਂ ਦੀ ਪੜਤਾਲ ਕਰਵਾਉਣ ਲਈ ਨਜ਼ਦੀਕ ਦੇ ਸ਼ਹਿਰਾਂ ਨਾਲ ਇਕ ਸਾਂਝੀ ਪੜਤਾਲ ਕਮੇਟੀ ਬਣਾਈ ਗਈ। ਇਸ ਪ੍ਰਾਜੈਕਟ ਦਾ ਨਾਮ 'ਪ੍ਰੋਜੈਕਟ ਸਟੈਲੀਓਨ' ਰੱਖਿਆ ਗਿਆ। ਇਹ ਪੜਤਾਲ ਨਵੰਬਰ 2022 ਵਿੱਚ ਸ਼ੁਰੂ ਕੀਤੀ ਗਈ ਸੀ। ਜਦੋਂ ਪੁਲਿਸ ਕੋਲ ਸਾਰੇ ਸਬੂਤ ਆ ਗਏ ਤਾਂ ਪੜਤਾਲ ਮੁਕੰਮਲ ਕਰਨ ਤੋਂ ਬਾਅਦ ਟਰਾਂਟੋ ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਗੱਡੀਆਂ ਦੇ 119 ਚੋਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ 27 ਮਿਲੀਅਨ ਡਾਲਰ ਦੀ ਕੀਮਤ ਦੀਆਂ 556 ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ 119 ਵਿਅਕਤੀਆਂ ਨੂੰ 314 ਚਾਰਜ ਕੀਤਾ ਗਿਆ ਹੈ। ਪੰਜਾਬੀਆਂ ਲਈ ਸ਼ਰਮ ਦੀ ਗੱਲ ਹੈ ਕਿ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ 119 ਵਿਅਕਤੀਆਂ ਵਿੱਚ 60-70 ਪੰਜਾਬੀ ਸ਼ਾਮਲ ਹਨ। ਇਹ ਵਿਅਕਤੀ ਪੜ੍ਹੇ ਲਿਖੇ ਤਕਨੀਕੀ ਮਾਹਿਰ ਹਨ, ਜਿਹੜੇ ਗੱਡੀਆਂ ਚੋਰੀ ਕਰਨ ਲਈ ਬਹੁਤ ਹੀ ਆਧੁਨਿਕ ਢੰਗ ਦੀ ਤਕਨੀਕ ਵਰਤਦੇ ਸਨ। ਇਨ੍ਹਾਂ ਬਰਾਮਦ ਕੀਤੀਆਂ ਗੱਡੀਆਂ ਵਿੱਚ ਹਾਂਡਾ ਸੀ.ਆਰ.-ਵੀ.ਐਸ. ਅਤੇ ਫੋਰਡ ਐਫ਼-150 ਟਰੱਕ ਵੀ ਸ਼ਾਮਲ ਹਨ। ਉਹ ਇਨ੍ਹਾਂ ਗੱਡੀਆਂ ਨੂੰ ਚੋਰੀ ਕਰਕੇ ਸਮੁੰਦਰੀ ਰਸਤੇ ਵਿਦੇਸ਼ਾਂ ਵਿੱਚ ਭੇਜ ਕੇ ਲਗਪਗ ਦੁਗਣੀ ਕੀਮਤ 'ਤੇ ਵੇਚ ਦੇ ਸਨ। 100 ਤੋਂ ਵੱਧ ਗੱਡੀਆਂ ਉਹ ਵੀ ਪਕੜੀਆਂ ਗਈਆਂ ਹਨ, ਜਿਹੜੀਆਂ ਬਾਹਰ ਭੇਜਣ ਦੀ ਤਿਆਰੀ ਵਿੱਚ ਸਨ। ਸਮੁੱਚੇ ਕੈਨੇਡਾ ਵਿੱਚ ਵਹੀਕਲ ਚੋਰੀਆਂ ਦੇ ਕੇਸ ਬਹੁਤ ਜ਼ਿਆਦਾ ਗਿਣਤੀ ਵਿੱਚ ਵਧ ਰਹੇ ਹਨ। ਇਕੱਲੇ ਮੌਂਟਰੀਅਲ ਵਿੱਚ 2022 ਵਿੱਚ 9591 ਵਹੀਕਲ ਚੋਰੀ ਹੋਈਆਂ ਸਨ। 'ਇੰਸ਼ੋਰੈਂਸ ਬੋਰਡ ਆਡ ਕੈਨੇਡਾ' ਅਨੁਸਾਰ 2018 ਵਿੱਚ ਚੋਰੀ ਹੋਈਆਂ ਗੱਡੀਆਂ ਦੇ ਮਾਲਕਾਂ ਨੂੰ 111 ਮਿਲੀਅਨ ਡਾਲਰ ਮੁਆਵਜਾ ਦਿੱਤਾ ਗਿਆ ਸੀ ਜਦੋਂ ਕਿ 2022 ਦੇ ਪਹਿਲੇ 9 ਮਹੀਨਿਆਂ ਵਿੱਚ 269 ਮਿਲੀਅਨ ਡਾਲਰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਕਰੋਨਾ ਦੌਰਾਨ ਕਾਰੋਬਾਰਾਂ ਦੇ ਠੱਪ ਹੋਣ ਕਰਕੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ।  ਚੋਰੀ ਦੀਆਂ ਗੱਡੀਆਂ ਸਮੁੰਦਰੀ ਰਸਤੇ ਮਿਡਲ ਈਸਟ ਨੂੰ ਭੇਜੀਆਂ ਜਾਂਦੀਆਂ ਹਨ।  ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ  ਸਮੁੰਦਰੀ ਪੋਰਟਾਂ  ਰਾਹੀਂ ਭੇਜੀਆਂ ਜਾਣ ਵਾਲੀਆਂ ਸਾਰੀਆਂ ਗ਼ੈਰ ਕਾਨੂੰਨੀ ਕਾਰਵਾਈਆਂ ਦੀ ਨਿਗਰਾਨੀ ਕਰਦੀ ਹੈ। ਕੈਨੇਡਾ ਦੇ ਕਾਨੂੰਨ ਬੜੇ ਭੋਲੇ ਭਾਲੇ ਲੋਕਾਂ ਵਰਗੇ ਹਨ। ਜਦੋਂ ਕੋਈ ਚੋਰੀ ਕੀਤੀ ਵਸਤੂ ਜਾਂ ਗੱਡੀ ਕਨਟੇਨਰ ਵਿੱਚ ਪਹੁੰਚ ਜਾਂਦੀ ਹੈ ਤਾਂ ਪੁਲਿਸ ਉਸ 'ਤੇ ਕੋਈ ਕਾਰਵਾਈ ਨਹੀਂ ਕਰ ਸਕਦੀ। ਕੈਨੇਡਾ ਵਿੱਚ ਸਭ ਤੋਂ ਵੱਧ ਚੋਰੀਆਂ ਟਰਾਂਟੋ ਅਤੇ ਉਸ ਦੇ ਆਲੇ ਦੁਆਲੇ ਅਤੇ ਸਮੁੰਦਰੀ ਪੋਰਟਾਂ ਦੇ ਨਜ਼ਦੀਕ ਦੇ ਇਲਾਕਿਆਂ ਵਿੱਚੋਂ ਕਰਦੇ ਹਨ। ਕਿਉਂਕਿ ਤੁਰੰਤ ਚੋਰ ਇਨ੍ਹਾਂ ਗੱਡੀਆਂ ਨੂੰ ਕਨਟੇਨਰਾਂ ਵਿੱਚ ਵਾੜ ਦਿੰਦੇ ਹਨ। ਇਕੱਲੇ ਮੌਂਟਰੀਅਲ ਦੀ ਪੋਰਟ 30 ਕਿਲੋਮੀਟਰ ਦੇ ਇਲਾਕੇ ਵਿੱਚ ਹੈ, ਜਿਥੋਂ ਹਰ ਸਾਲ 1.5 ਮਿਲੀਅਨ ਕਨਟੇਨਰ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਕਨਟੇਨਰ ਚੋਰੀ ਦੀਆਂ ਗੱਡੀਆਂ ਮਿਡਲ ਈਸਟ, ਪਾਕਿਸਤਾਨ, ਘਾਨਾ, ਇਟਲੀ ਅਤੇ ਨਾਈਜੇਰੀਆ ਆਦਿ ਦੇਸ਼ਾਂ ਵਿੱਚ ਲਿਜਾਕੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਇਹ ਗੱਡੀਆਂ ਵੇਚਦੇ ਹਨ। ਕਿਸੇ ਸਮੇਂ ਪੰਜਾਬੀਆਂ ਨੇ ਕੈਨੇਡਾ ਵਿੱਚ ਜਾ ਕੇ ਉਥੇ ਲੱਕੜ ਦੇ ਆਰਿਆਂ ਵਿੱਚ ਕੰਮ ਕਰਕੇ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਸੀ ਅਤੇ ਆਪਣੇ ਪਰਿਵਾਰ ਪਾਲੇ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਪੰਜਾਬੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕਰਕੇ ਨਾਮਣਾ ਖੱਟਿਆ ਸੀ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅੱਜ ਦਿਨ ਕੁਝ ਕੁ ਕਾਲੀਆਂ ਭੇਡਾਂ ਸਮੁੱਚੇ  ਪੰਜਾਬੀਆਂ ਦਾ ਕੈਨੇਡਾ ਵਿੱਚ ਨਾਮ ਬਦਨਾਮ ਕਰ ਰਹੀਆਂ ਹਨ। ਪਿਛਲੇ ਕਈ ਸਾਲਾਂ ਤੋਂ ਪੰਜਾਬੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਹੈ। ਇਸ ਹਾਲਤ ਵਿੱਚੋਂ ਨਿਕਲਣ ਦੀ ਕੋਈ ਆਸ ਵੀ ਬੱਝ ਨਹੀਂ ਰਹੀ। ਇਸ ਲਈ ਮਾਪਿਆਂ ਨੇ ਆਪਣੇ ਜਿਗਰ ਦੇ ਟੁਕੜੇ ਬੱਚਿਆਂ ਦੇ ਭਵਿਖ ਨੂੰ ਬਚਾਉਣ ਲਈ ਉਨ੍ਹਾਂ ਨੂੰ ਪਰਵਾਸ ਵਿੱਚ ਪੜ੍ਹਾਈ ਦੇ ਬਹਾਨੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜੀਲੈਂਡ ਆਦਿ ਦੇਸ਼ਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਸੀ। ਇਥੋਂ ਤੱਕ ਕਿ ਖਾਂਦੇ ਪੀਂਦੇ ਸਮਰੱਥ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲੱਗ ਪਏ ਹਨ। ਪ੍ਰੰਤੂ ਪਰਨਾਲਾ ਉਥੇ ਦਾ ਉਥੇ ਵੀ ਉਹੋ ਹੈ। ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਬੁੱਧੂ ਦੀ ਕਹਾਵਤ ਅਨੁਸਾਰ ਚਲਦੇ ਹਨ। ਪਿਆਰੇ ਨੌਜਵਾਨੋ/ਵਿਦਿਆਰਥੀਓ/ਪੰਜਾਬੀਓ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਦਾਗ਼ ਨਾ ਲਗਾਓ। ਗੁਰੂਆਂ ਪੀਰਾਂ ਦੀ ਪਵਿਤਰ ਧਰਤੀ ਦੇ ਜਾਇਓ ਪਰਵਾਸ ਵਿੱਚ ਜਾ ਕੇ ਪੰਜਾਬੀਅਤ ਦਾ ਝੰਡਾ ਬਰਦਾਰ ਬਣਨ ਦੀ ਥਾਂ ਉਨ੍ਹਾਂ ਦੇ ਅਕਸ ਦਾਗ਼ਦਾਰ ਨਾ ਕਰੋ। ਕੁਝ ਸਾਲ ਪਹਿਲਾਂ ਕੈਨੇਡਾ ਵਿੱਚ ਪੰਜਾਬੀਆਂ ਦੀਆਂ ਨਸ਼ਿਆਂ ਦੇ ਵਿਓਪਾਰ ਨਾਲ ਸੰਬਧਤ ਖ਼ਬਰਾਂ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਸੀ। ਜਿਹੜੇ ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਸ਼ਰਮਿੰਦਰੀ ਮਹਿਸੂਸ ਹੋ ਰਹੀ ਹੈ।
ਸੰਸਾਰ ਦੇ ਸਾਰੇ ਦੇਸ਼ਾਂ ਨਾਲੋਂ ਕੈਨੇਡਾ ਵਿੱਚ ਪੰਜਾਬੀ ਜ਼ਿਆਦਾ ਹਨ, ਕਿਉਂਕਿ ਕੈਨੇਡਾ ਦੀਆਂ ਸਰਕਾਰਾਂ ਦੀਆਂ ਨੀਤੀਆਂ ਪੰਜਾਬੀ ਨੂੰ ਉਥੇ ਵਸਣ ਵਿੱਚ ਸਹਾਈ ਹੋ ਰਹੀਆਂ ਹਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਜਿਹੜੇ ਕੁਝ ਪੰਜਾਬੀਆਂ ਦੇ ਮਾਪੇ ਪੰਜਾਬ ਵਿੱਚ ਆਪ ਬੱਚਿਆਂ ਨੂੰ ਸੰਭਾਲ ਨਹੀਂ ਸਕੇ, ਉਹ ਉਨ੍ਹਾਂ ਨੂੰ ਪਰਵਾਸ ਵਿੱਚ ਭੇਜ ਕੇ ਸੁਧਰ ਜਾਣ ਦੇ ਸਪਨੇ ਸਿਰਜ ਰਹੇ ਹਨ। ਪ੍ਰੰਤੂ ਇਹ ਬਿਗੜੇ ਬੱਚੇ ਸਮੁੱਚੇ ਪੰਜਾਬੀਆਂ ਦੇ ਵਿਵਹਾਰ 'ਤੇ ਸਵਾਲੀਆ ਚਿੰਨ੍ਹ ਲਗਾ ਰਹੇ ਹਨ। ਅਜਿਹੇ ਪਰਿਵਾਰਾਂ ਦੇ ਬੱਚੇ ਬਾਹਰ ਜਾ ਕੇ ਵੀ ਮਿਹਨਤ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਪੰਜਾਬ ਵਿੱਚ ਆਪਣੇ ਮਾਪਿਆਂ ਦੇ ਸਿਰ 'ਤੇ ਮੌਜਾਂ ਮਾਣਦਿਆਂ ਗ਼ੈਰ ਸਮਾਜਿਕ ਗਤੀਵਿਧੀਆਂ ਕੀਤੀਆਂ ਹਨ। ਗੱਡੀਆਂ ਦੀਆਂ ਚੋਰੀਆਂ ਕਰਨ ਲਈ ਪਕੜੇ ਗਏ ਪੰਜਾਬੀਆਂ ਵਿੱਚ ਬਹੁਤੇ ਵਿਦਿਆਰਥੀ ਹਨ, ਜਿਹੜੇ ਪ੍ਰੋਫੈਸ਼ਨਲ ਚੋਰਾਂ ਦੇ ਝਾਂਸੇ ਵਿੱਚ ਆ ਕੇ ਜ਼ਿੰਦਗੀ ਵਿੱਚ ਸਫਲ ਹੋਣ ਲਈ ਸ਼ਾਰਟ ਕੱਟ ਮਾਰਕੇ ਸਫਲਤਾ ਪ੍ਰਾਪਤ ਕਰਨੀ ਚਾਹੁੰਦੇ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਕੁਝ ਨੇ ਗੱਡੀਆਂ ਚੋਰੀ ਕਰਨ ਦੀ ਥਾਂ ਗੱਡੀਆਂ ਵਿੱਚੋਂ ਸੌਖੇ ਤਰੀਕੇ ਨਾਲ ਉਨ੍ਹਾਂ ਦੇ ਮਹਿੰਗੇ ਹਿੱਸੇ ਪੁਰਜੇ ਖਾਸ ਤੌਰ 'ਤੇ ਕੈਟਾਲੀਟਿਕ ਕਨਵਰਟਰ ਚੋਰੀ ਕਰਨੇ ਸ਼ੁਰੂ ਕਰ ਦਿੱਤੇਹਨ। ਪੁਲਿਸ ਨੇ ਚੋਰਾਂ ਕੋਲੋਂ ਅਜਿਹੇ 300 ਪੁਰਜੇ ਬਰਾਮਦ ਕੀਤੇ ਹਨ। ਜੇਕਰ ਪੰਜਾਬੀਆਂ ਨੇ ਕੈਨੇਡਾ ਦੇ ਕਾਨੂੰਨਾ ਦੀ ਪਾਲਣਾ ਨਹੀਂ ਕਰਨੀ ਤਾਂ ਉਨ੍ਹਾਂ ਨੂੰ ਉਥੇ ਜਾਣਾ ਹੀ ਨਹੀਂ ਚਾਹੀਦਾ। ਜੇ ਉਥੇ ਜਾਣਾ ਹੈ ਤਾਂ ਉਸ ਦੇਸ਼ ਦੇ ਨਿਯਮਾ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਨੂੰ ਕਿਹੜਾ ਕੈਨੇਡਾ ਸਰਕਾਰ ਆਪ ਸੱਦਾ ਦਿੰਦੀ ਹੈ। ਉਹ ਤਾਂ ਖ਼ੁਦ ਆਪਣੇ ਸੁਨਹਿਰੇ ਭਵਿਖ ਲਈ ਪਰਵਾਸ ਵਿੱਚ ਜਾਂਦੇ ਹਨ ਪ੍ਰੰਤੂ ਜਲਦੀ ਅਮੀਰ ਬਣਨ ਲਈ ਗ਼ੈਰ ਕਾਨੂੰਨੀ ਸਾਧਨਾ ਦੀ ਵਰਤੋਂ ਕਰਕੇ, ਉਹ ਆਪਣਾ ਭਵਿਖ ਖੁਦ ਗੰਧਲਾ ਕਰ ਲੈਂਦੇ ਹਨ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕੈਨੇਡਾ ਦੀ ਪੁਲਿਸ ਐਵੇਂ ਨਹੀਂ ਕਿਸੇ ਦੋਸ਼ੀ ਨੂੰ ਪਕੜਦੀ, ਸੂਚਨਾ ਮਿਲਣ ਤੋਂ ਬਾਅਦ ਪੂਰੀ ਨਿਗਾਹ ਰੱਖਦੀ ਹੈ, ਜਦੋਂ ਉਨ੍ਹਾਂ ਕੋਲ ਪੂਰੇ ਸਬੂਤ ਹੁੰਦੇ ਹਨ ਫਿਰ ਉਨ੍ਹਾਂ ਨੂੰ ਪਕੜਦੀ ਹੈ। ਇਨ੍ਹਾਂ ਸਾਰਿਆਂ ਨੂੰ ਪੁਲਿਸ ਨੇ ਚਾਰਜ ਵੀ ਕਰ ਦਿੱਤਾ ਹੈ। ਪੁਲਿਸ ਕੋਲ ਭਾਵੇਂ ਸਬੂਤ ਹੁੰਦੇ ਹਨ ਪ੍ਰੰਤੂ ਜਿਤਨੀ ਦੇਰ ਸਜਾ ਨਹੀਂ ਹੋ ਜਾਂਦੀ, ਉਨ੍ਹਾਂ ਨੂੰ ਸ਼ੱਕੀ ਹੀ ਕਿਹਾ ਜਾਂਦਾ ਹੈ। ਇਹ ਲੋਕ ਆਪਣਾ ਨੁਕਸਾਨ ਤਾਂ ਕਰਨਗੇ ਹੀ ਪ੍ਰੰਤੂ ਜਿਹੜੇ ਪੰਜਾਬੀ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਸ਼ੱਕੀ ਨਿਗਾਹ ਨਾਲ ਵੇਖਿਆ ਜਾਵੇਗਾ। ਹੋ ਸਕਦਾ ਕੈਨੇਡਾ ਸਰਕਾਰ ਪਰਵਾਸ ਵਿੱਚ ਸੈਟਲ ਹੋਣ ਲਈ ਕਾਨੂੰਨ ਹੋਰ ਸਖ਼ਤ ਕਰ ਦੇਵੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
   ujagarsingh48@yahoo.com

ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ - ਉਜਾਗਰ ਸਿੰਘ

ਸੁਰਜੀਤ ਪੰਜਾਬੀ ਕਾਵਿ ਜਗਤ ਵਿੱਚ ਸਥਾਪਤ ਕਵਿਤਰੀ ਹੈ। ਉਸ ਦੀਆਂ ਹੁਣ ਤੱਕ 9 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਕਾਵਿ ਸੰਗ੍ਰਹਿ ‘ਸ਼ਿਕਸਤ’, ‘ਹੇ ਸਖ਼ੀ’ (ਲੰਮੀ ਕਵਿਤਾ) ‘ਵਿਸਮਾਦ’ ਅਤੇ ‘ਲਵੈਂਡਰ (ਸੰਪਾਦਿਤ)’, ਇਕ ਕਹਾਣੀ ਸੰਗ੍ਰਹਿ ‘ਪਾਰਲੇ-ਪੁਲ’, ਇਕ ਸਾਹਿਤ ਸਮੀਖਿਆ ‘ਪਰਵਾਸੀ ਪੰਜਾਬੀ ਸਾਹਿਤ (ਸ਼ਬਦ ਤੇ ਸੰਵਾਦ)’ ਅਤੇ ਦੋ ਸੰਪਾਦਿਤ ਪੁਸਤਕ ‘ਕੂੰਜਾਂ’ ਅਤੇ ‘ਧਰਤ ਪਰਾਈ ਆਪਣੇ ਲੋਕ’ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ‘ਸ਼ਿਕਸਤ’ ਕਾਵਿ ਸੰਗ੍ਰਹਿ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ਤ ਹੋਇਆ ਹੈ। ਚਰਚਾ ਅਧੀਨ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਉਸ ਦੀ 10ਵੀਂ ਪੁਸਤਕ ਹੈ।  ਸੁਰਜੀਤ ਦਾ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੈ, ਉਸ ਨੇ ਸੰਸਾਰ ਦੇ ਕਈ ਦੇਸ਼ਾਂ ਦੀ ਯਾਤਰਾ ਕਰਦਿਆਂ ਜ਼ਿੰਦਗੀ ਦੇ ਕਈ ਰੰਗ ਵੇਖੇ ਅਤੇ ਮਾਣੇ ਹਨ। ਇਸ ਕਰਕੇ ਉਸ ਦੇ ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦੇ ਰੰਗ ਵੀ ਵੰਨ-ਸਵੰਨੇ ਹਨ। ਇਸ ਪੁਸਤਕ ਦੀਆਂ ਕਵਿਤਾਵਾਂ ਕੁਦਰਤ ਅਤੇ ਇਸ ਦੇ ਅਨੇਕਾਂ ਰਹੱਸਾਂ ਨੂੰ ਸਮਝਣ ਵਾਲੀਆਂ ਅਤੇ ਜ਼ਿੰਦਗੀ ਜਿਓਣ ਅਤੇ ਇਸ ਨੂੰ ਮਾਨਣ ਦੀ ਉਮੀਦ ਜਗਾਉਂਦੀਆਂ ਹਨ। ਇਹ ਕਵਿਤਾਵਾਂ ਗ਼ਰੀਬਾਂ-ਮਜ਼ਦੂਰਾਂ ਅਤੇ ਜਦੋਜਹਿਦ ਕਰਨ ਵਾਲੇ ਹੋਰ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹਨ। ਉਸ ਦੀਆਂ ਲਗਪਗ ਸਾਰੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਕਈ ਵਾਰ ਕਵੀ/ਕਵਿਤਰੀ ਜਦੋਂ ਕਵਿਤਾ ਲਿਖਦੀ ਹੈ ਤਾਂ ਉਸ ਨੂੰ ਆਪ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਸ ਮੰਤਵ ਲਈ ਅਤੇ ਕਿੳਂੁ ਕਵਿਤਾ ਲਿਖ ਰਹੀ ਹੈ। ਇਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਆਦਿਕਾ ਦੇ ਰੂਪ ਵਿੱਚ ‘ਤੇਰੀ ਰੰਗਸ਼ਾਲਾ’ ਇਕ ਕਿਸਮ ਨਾਲ ਜ਼ਿੰਦਗੀ ਦਾ ਨਚੋੜ ਹੈ, ਜਿਸ ਵਿੱਚ ਕਵਿਤਰੀ ਦੱਸਦੀ ਹੈ ਕਿ ਇਨਸਾਨ ਸੰਸਾਰ ਰੂਪੀ ਭਵਸਾਗਰ ਵਿੱਚ ਵਿਚਰਦਿਆਂ ਆਨੰਦ ਮਾਣਦਾ ਹੈ ਪ੍ਰੰਤੂ ਅਸਲ ਵਿੱਚ ਉਹ ਇਛਾਵਾਂ ਦੀ ਪੂਰਤੀ ਅਤੇ ਪ੍ਰਾਪਤੀਆਂ ਲਈ ਕਾਗਤ ਦੀ ਬੇੜੀ ਭਾਵ ਖਿਆਲੀ ਪਲਾਓ ਬਣਾਉਂਦਾ ਹੋਇਆ ਜਦੋਜਹਿਦ ਕਰਦਾ ਰਹਿੰਦਾ ਹੈ। ਉਸ ਦੀਆਂ ਕਵਿਤਾਵਾਂ ਇਹ ਵੀ ਦੱਸਦੀਆਂ ਹਨ ਕਿ ਸਰੀਰ ਅਤੇ ਚੇਤਨਾ ਆਪੋ ਆਪਣੇ ਕਾਰਜ ਕਰਦੇ ਰਹਿੰਦੇ ਹਨ, ਸਰੀਰ ਤੇ ਚੇਤਨਾ ਕਦੀਂ ਵੀ ਇਕ ਥਾਂ ਨਹੀਂ ਹੁੰਦੇ। ਇਨਸਾਨ ਖਿਆਲੀ ਦੁਨੀਆਂ ਵਿੱਚ ਸਕੀਮਾ ਬਣਾਉਂਦਾ ਭੁਲੇਖਿਆਂ ਵਿੱਚ ਉਲਝਿਆ ਰਹਿੰਦਾ ਹੈ। ਇਹ ਮਨ ਦੀ ਭਟਕਣਾ ਉਸ ਦੀਆਂ ਕਵਿਤਾਵਾਂ ਦਾ ਸ਼ਿੰਗਾਰ ਹੈ। ਮਨੁੱਖ ਆਪਣੇ ਅੰਤਹਕਰਨ ਦੀ ਨਾ ਤਾਂ ਆਵਾਜ਼ ਸੁਣਦਾ ਹੈ ਅਤੇ ਨਾ ਹੀ ਆਪਣੇ ਅੰਦਰ ਝਾਤੀ ਮਾਰਦਾ ਹੈ। ਅਜਿਹੀਆਂ ਲਗਪਗ ਅੱਧੀ ਦਰਜਨ ਕਵਿਤਾਵਾਂ ਆਪੇ ਨੂੰ ਪਛਾਨਣ ਸੰਬੰਧੀ ਹਨ। ਸੁਰਜੀਤ ਦੀਆਂ ਕਵਿਤਾਵਾਂ ਬੰਧਨਾ ਵਿੱਚ ਬੱਝਕੇ ਕੇ ਵਹਿਮਾ ਭਰਮਾ ਵਿੱਚ ਪੈਣ ਨਹੀਂ ਦਿੰਦੀਆਂ। ‘ਕੁੜੀ ਤੇ ਕਵਿਤਾ’ ਦਰਸਾਉਂਦੀ ਹੈ ਕਿ ਜਿਵੇਂ ਕੁੜੀ ਆਪਣੀ ਦਿੱਖ ਨੂੰ ਬਣਾ ਸਵਾਰਕੇ ਰੱਖਦੀ ਹੈ, ਉਸੇ ਤਰ੍ਹਾਂ ਕਵਿਤਾ ਇਨਸਾਨ ਦੀ ਜ਼ਿੰਦਗੀ ਨੂੰ ਨਿਹਾਰਦੀ ਹੈ। ਸੁਰਜੀਤ ਕਵਿਤਾਵਾਂ ਰਾਹੀਂ ਸਮਾਜ, ਕੁਦਰਤ ਅਤੇ ਕੁਦਰਤ ਦੀ ਕਾਇਨਾਤ ਨਾਲ ਸੰਵਾਦ ਕਰਦੀ ਹੈ। ਜਦੋਂ ਇਸ ਕਾਇਨਾਤ ਵਿੱਚ ਪੰਛੀ, ਪੰਖੇਰੂ ਆਨੰਦ ਮਾਣ ਸਕਦੇ ਹਨ ਤਾਂ ਇਨਸਾਨ ਕਿਉਂ ਉਦਾਸੀ ਦੇ ਆਲਮ ਵਿੱਚ ਹੈ? ਇਨਸਾਨ ਨੂੰ ਪੰਛੀਆਂ ਤੋਂ ਸਿਖਿਆ ਲੈਣੀ ਬਣਦੀ ਹੈ। ਜਿਵੇਂ ਆਪਣੀ ਪਸੰਦ ਦੀ ਚਾਹ ਦੀ ਘੁੱਟ ਸਕੂਨ ਦਿੰਦੀ ਹੈ, ਉਸੇ ਤਰ੍ਹਾਂ ਆਪਣੀਆਂ ਸ਼ਰਤਾਂ ਤੇ ਜੀਵਿਆ ਜੀਵਨ ਅਤੇ ਫਿਰ ਮਾਣਿਆਂ ਆਨੰਦ/ਸਕੂਨ ਦਿੰਦਾ ਹੈ। ਜਿਵੇਂ ‘ਕੁਕਨੂਸ’ ਹਰ ਰੋਜ਼ ਮਰਦੀ ਤੇ ਫਿਰ ਰਾਖ ‘ਚੋਂ ਉਠ ਖੜ੍ਹਦੀ ਅਤੇ ਆਪਣੇ ਜੀਵਨ ਨੂੰ ਬਾਖ਼ੂਬੀ ਮਾਣਦੀ, ਹਰ ਰੋਜ਼ ਉਸ ਲਈ ਨਵਾਂ ਦਿਨ ਨਵੀਂ ਊਰਜਾ ਲੈ ਕੇ ਆਉਂਦਾ, ਇਸ ਪ੍ਰਕਾਰ ਇਨਸਾਨ ਨੂੰ ਵੀ ਉਸੇ ਤਰਜ ‘ਤੇ ਆਪਣਾ ਜੀਵਨ ਜਿਓਣਾ ਚਾਹੀਦਾ ਹੈ। ਸੁਰਜੀਤ ਦਾ ਸਾਹਿਤਕ ਸੁਭਾਅ ਸਮਾਜਿਕ ਜ਼ਿੰਦਗੀ ਵਿੱਚ ਸ਼ੋਸ਼ਲ ਮੀਡੀਆ ਦੀ ਗ਼ੁਲਾਮੀ ਤੋਂ ਖ਼ਫ਼ਾ ਹੈ ਕਿਉਂਕਿ ਘਰਾਂ ਤੇ ਪਰਿਵਾਰਾਂ ਵਿੱਚ ਦੁੱਖ ਸੁੱਖ ਸਾਂਝੇ ਕਰਨ ਦਾ ਵਕਤ ਨਹੀਂ, ਇਸ ਕਰਕੇ ਘਰਾਂ ਵਿੱਚ ਸਭ ਸੁੱਖ ਸਹੂਲਤਾਂ ਦੇ ਹੁੰਦਿਆਂ ਸੁੰਦਿਆਂ ਖਾਮੋਸ਼ੀ ਦਾ ਪਰਵਾਹ ਹੈ। ਸ਼ੋਸ਼ਲ ਮੀਡੀਆ ਦੀ ਵਰਤੋਂ ਮਾਨਸਿਕ ਬਿਮਾਰੀ ਹੈ। ਉਸ ਦੀਆਂ ਕਵਿਤਾਵਾਂ ਔਰਤ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦੀਆਂ ਹਨ ਕਿਉਂਕਿ ਸਮਾਜ ਔਰਤ ਦੀ ਤਰੱਕੀ ਨੂੰ ਵੀ ਬਰਦਾਸ਼ਤ ਨਹੀਂ ਕਰਦਾ। ਉਸ ਬਾਰੇ ਊਲ ਜਲੂਲ ਗੱਲਾਂ ਕਰਦਾ ਹੈ। ਕਵਿਤਰੀ ਲੜਕੀਆਂ ਨੂੰ ਸਲਾਹ ਵੀ ਦਿੰਦੀ ਹੈ ਕਿ ਉਹ ਦਲੇਰੀ ਨਾਲ ਹਰ ਮੁਸ਼ਕਲ ਦਾ ਮੁਕਾਬਲਾ ਕਰਦੀਆਂ ਹੋਈਆਂ ਜ਼ਿੰਦਗੀ ਨੂੰ ਮਾਨਣ ਦੀ ਕੋਸ਼ਿਸ਼ ਕਰਨ, ਸੜ ਕੇ ਮਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਔਰਤ ਨੂੰ ਜਿਸਮ ਦੀ ਖੇਡ ਖੇਡਣ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।  ਔਰਤ ਪੁਲਾੜ ਤੇ ਜਾ ਸਕਦੀ ਹੈ, ਜੰਗਾਂ ਲੜ ਸਕਦੀ ਹੈ, ਇਥੋਂ ਤੱਕ ਕਿ ਤਵਾਰੀਖ ਬਦਲ ਸਕਦੀ ਹੈ। ਫਿਰ ਵੀ ਔਰਤ ਨੂੰ ਜ਼ਿੰਦਗੀ ਭਰ ਇਮਤਿਹਾਨਾ ਵਿੱਚੋਂ ਕਿਉਂ ਲੰਘਣਾ ਪੈਂਦਾ ਹੈ? ਔਰਤ ਬਾਰੇ ਮਰਦਾਂ ਨੂੰ ਸਲਾਹ ਦਿੰਦੀ ਹੋਈ ‘ਤੁਰਨਾ ਅਸਾਂ, ਹੁਣ ਨਾਲ ਨਾਲ’ ਕਵਿਤਾ ਵਿੱਚ ਲਿਖਦੀ ਹੈ-
ਤੂੰ ਔਰਤ ਨੂੰ ਘੁੰਗਰੂ ਪੁਆ ਨਚਾਉਣਾ ਛੱਡ ਦੇ,
 ਹੁਣ ਉਸਦੀ ਦੇਹ ਨੂੰ ਨੰਗਾ ਦਿਖਾਉਣਾ ਛੱਡ ਦੇ।
ਛੇੜ-ਛਾੜ ਵਾਲਾ ਕੰਮ ਹੈ ਘਿਨਾਉਣਾ, ਛੱਡ ਦੇ,
ਇੱਜ਼ਤਾਂ ਰੋਲ਼ ਕੰਜਕਾਂ ਨੂੰ ਇਉਂ ਰੁਆਉਣਾ ਛੱਡ ਦੇ।
 ਕਵਿਤਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਹੋਈ ਉਨ੍ਹਾਂ ਨੂੰ ਕਵਿਤਾ ਦਾ ਰੂਪ ਦਿੰਦੀ ਹੈ। ਉਹ ਮਰਦ ਅਤੇ ਔਰਤ ਨੂੰ ਇਕ ਦੂਜੇ ਦੇ ਪੂਰਕ ਸਮਝਦੀ ਹੈ। ਅੰਤਰਰਾਸ਼ਟਰੀ ਵਿਦਿਆਰਥਣਾਂ ਦੇ ਦਰਦ ਨੂੰ ਮਹਿਸੂਸ ਕਰਨ ਵਾਲੀਆਂ ਕਵਿਤਾਵਾਂ ਵੀ ਇਸ ਕਾਵਿ ਸੰਗ੍ਰਹਿ ਦਾ ਹਿੱਸਾ ਹਨ। ਪਰਵਾਸ ਵਿੱਚ ਨਫ਼ਰਤ ਦੀ ਰਾਜਨੀਤੀ ਹੋ ਰਹੀ ਹੈ। ਪਰਵਾਸ ਵਿੱਚ ਜਾਣ ਤੇ ਪੰਜਾਬ ਦੇ ਪਿੰਡਾਂ ਵਿੱਚ ਘਰਾਂ ਦੀ ਬੈਰਾਨਗੀ ਦੀ ਹੂਕ ਵੀ ਮਿਲਦੀ ਹੈ। ਲੋਕ ਹਰ ਸੁੱਖ ਦਾ ਆਨੰਦ ਮਾਣਦੇ ਹੋਏ ਵੀ ਭਟਕਦੇ ਰਹਿੰਦੇ ਹਨ। ਸਮੁੰਦਰਾਂ ਦੀਆਂ ਲਹਿਰਾਂ ਲੋਕਾਈ ਨੂੰ ਜਾਗ੍ਰਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਪ੍ਰੰਤੂ ਸੰਤੁਸ਼ਟੀ ਫਿਰ ਵੀ ਨਹੀਂ ਮਿਲਦੀ। ਇਨਸਾਨ ਦੇ ਅੰਦਰ ਹੀ ਸਭ ਕੁਝ ਹੈ, ਬਾਹਰ ਭਟਕਣ ਦੀ ਲੋੜ ਨਹੀਂ। ਇਸ ਲਈ ਇਨਸਾਨ ਨੂੰ ਆਪਣੀ ਪਛਾਣ ਕਰ ਲੈਣੀ ਚਾਹੀਦੀ ਹੈ। ਪਰਮਾਤਮਾ ਨੇ ਇਨਸਾਨ ਨੂੰ ਚਾਨਣ ਦੀ ਲੋਅ ਲੱਭਕੇ ਵਰਤਣ ਲਈ ਭੇਜਿਆ ਹੈ। ਇਨਸਾਨ ਲੋਅ ਦੀ ਭਾਲ ਉਦਾਸੀਆਂ ਕਰਕੇ ਜੰਗਲਾਂ ਵਿੱਚ ਲੱਭਦਾ ਹੈ। ਇਹ ਲੋਅ ਸਾਡੇ ਅੰਦਰ ਹੈ ਪ੍ਰੰਤੂ ਅਸੀਂ ਮੱਥੇ ‘ਚੋਂ ਸੂਰਜ ਉਗਮਦਾ ਭਾਲਦੇ ਹਾਂ, ਇਸ ਲੋਅ ਦੀ ਵਰਤੋਂ ਨਫਰਤ ਫੈਲਾਉਣ ਲਈ ਕਰ ਰਹੇ ਹਾਂ। ਇਹ ਕਾਇਨਾਤ ਜੰਗਲ, ਬੇਲੇ, ਧਰਤ, ਅਸਮਾਨ ਵਿਸ਼ਾਲ ਅਤੇ ਅਨੰਤ ਹਨ, ਜੋ ਇਕ ਨਿਯਮਤ ਕਾਨੂੰਨ ਅਨੁਸਾਰ ਚਲਦੀ ਹੈ। ਇਸ ਨੂੰ ਸਮਝਣ ਨਾਲ ਸੰਪੂਰਨਤਾ ਪ੍ਰਾਪਤ ਹੁੰਦੀ ਹੈ। ਜ਼ਿੰਦਗੀ ਵਿੱਚ ਅਨੇਕਾਂ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਪ੍ਰੰਤੂ ਲੋਕਾਈ ਨੂੰ ਅਡੋਲ ਰਹਿਣਾ ਚਾਹੀਦਾ ਹੈ। ਪਰਵਾਸ ਵਿੱਚ ਧਾਰਮਿਕ ਕੱਟੜਤਾ ਕਰਕੇ ਮਾਸੂਮ ਬੱਚਿਆਂ ਨਾਲ ਹੋਈਆਂ ਜ਼ਾਲਮਾਨਾ ਹਰਕਤਾਂ ਕਵਿਤਰੀ ਦੇ ਸੋਹਲ ਮਨ ਨੂੰ ਵਲੂੰਧਰਦੀਆਂ ਹਨ। ਧਾਰਮਿਕ ਕੱਟੜਤਾ ਸਕੂਲ ਵਿੱਚ ਹੋਈ ਤ੍ਰਾਸਦੀ ਨੂੰ ਕਾਵਿ ਰੂਪ ਦੇਣ ਲਈ ਮਜ਼ਬੂਰ ਕਰਦੀ ਹੈ। ਉਸ ਦੀ ਕਵਿਤਾ ਇਹ ਵੀ ਯਾਦ ਕਰਾਉਂਦੀ ਹੈ ਕਿ ਸਾਡੀ ਵਿਰਾਸਤ ਗੁਰੂਆਂ ਦੀ ਵਿਚਾਰਧਾਰਾ ਹੈ ਪ੍ਰੰਤੂ ਅਸੀਂ ਉਸ ਤੋਂ ਬੇਮੁੱਖ ਹੋਏ ਬੈਠੇ ਹਾਂ। ਵਿਚਾਰਧਾਰਾ ਦੇ ਚਾਨਣ ਦੇ ਹੁੰਦਿਆਂ ਹਨ੍ਹੇਰੇ ਵਿੱਚ ਹੱਥ ਮਾਰ ਰਹੇ ਹਾਂ। ਸਦੀਆਂ ਤੋਂ ਮਨੁੱਖ ਹੀ ਮਨੁੱਖਤਾ ਦਾ ਘਾਣ ਕਰਦਾ ਆ ਰਿਹਾ ਹੈ। ਸੀਰੀਆ ਵਿੱਚ ਹੋਏ ਨਰਸੰਘਾਰ ਨੇ ਵੀ ਕਵਿਤਰੀ ਨੂੰ ਪ੍ਰਭਾਵਤ ਕੀਤਾ ਹੈ। ਉਹ ਇਹ ਵੀ ਲਿਖਦੀ ਹੈ ਕਿ ਲੋਕ ਵਾਅਦੇ ਕਰਦੇ ਹਨ ਜੋ ਕਦੇ ਵਫ਼ਾ ਨਹੀਂ ਹੁੰਦੇ। ਚੁੱਪ/ਖ਼ਾਮੋਸ਼ੀ ਬਾਰੇ ਵੀ ਕਵਿਤਰੀ ਨੇ ਕੁਝ ਕਵਿਤਾਵਾਂ ਲਿਖੀਆਂ ਹਨ। ‘ਆਦਮ ਤੇ ਹਵਾ ਦਾ ਸੰਵਾਦ’ ਸਿੰਬਾਲਿਕ ਕਵਿਤਾ ਹੈ, ਜਿਸ ਵਿੱਚ ਆਦਮ ਅਤੇ ਹਵਾ ਦਾ ਸੰਵਾਦ ਵਿਖਾਇਆ ਹੈ, ਅਸਲ ਵਿੱਚ ਇਹ ਸੰਵਾਦ ਇਨਸਾਨ ਦੀ ਆਪਸੀ ਵਿਚਾਰ ਚਰਚਾ ਹੈ। ‘ਆਪਣਾ ਆਪਣਾ ਹੱਕ’ ਕਵਿਤਾ ਵਿੱਚ ਇਨਸਾਨ ਨੂੰ ਆਪਣੇ ਹੱਕਾਂ ਦੀ ਗੱਲ ਕਰਦਿਆਂ ਜਾਨਵਰਾਂ ਦੇ ਹੱਕਾਂ ਦਾ ਵੀ ਧਿਆਨ ਰੱਖਣ ਦੀ ਤਾਕੀਦ ਹੈ। ਕਵਿਤਰੀ ਮਾਪਿਆਂ ਦੀ ਅਣਗਹਿਲੀ ਬਾਰੇ ਚਿੰਤਾ ਜ਼ਾਹਰ ਕਰਦੀ ਹੈ। ਲੋਕਾਂ ਵਿੱਚ ਝੂਠ ਦਾ ਬੋਲਬਾਲਾ ਹੈ। ਆਧੁਨਿਕਤਾ ਦੇ ਆਉਣ ਨਾਲ ਵਿਰਾਸਤੀ ਵਸਤਾਂ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ। ਚਮਚਾਗਿਰੀ ਭਾਰੂ ਹੈ। ‘ਸੰਕਟ ਕਾਲ ਦੀ ਕਵਿਤਾ’ ਵਿੱਚ ਕਵਿਤਰੀ ਨੇ ਦੱਸਿਆ ਹੈ ਕਿ ਵਿਕਸਤ ਸਮੇਂ ਵਿੱਚ ਟੈਕਸ ਭਰਨ, ਭੀਖ ਮੰਗਣ ਅਤੇ ਬੇਹੋਸ਼ੀ ਦੀ ਸਪਰੇਅ ਕਰਕੇ ਠੱਗੀ ਮਾਰਨ ਦੇ ਨਵੇਂ ਤਰੀਕੇ ਆ ਗਏ ਹਨ, ਇਨ੍ਹਾਂ ਤੋਂ ਬਚਣ ਦੀ ਲੋੜ ਹੈ। ‘ਵੈਂਟੀਲੇਟਰ ਤੇ ਜੀਊਂਦੀ ਸਦੀ’ ਸਿਰਲੇਖ ਅਧੀਨ ਕਰੋਨਾ ਕਾਲ ਵਿੱਚ ਦਹਿਸ਼ਤ ਦੇ ਮਾਹੌਲ ਅਤੇ ਰਿਸ਼ਤਿਆਂ ਦੀ ਬੇਕਦਰੀ ਕਾਰਨ ਲੋਕਾਂ ਦਾ ਖ਼ੂਨ ਸਫ਼ੈਦ ਹੋ ਗਿਆ। ਆਪਣੇ ਹੀ ਅਪਣਿਆਂ ਤੋਂ ਕਿਨਾਰਾ ਕਰਨ ਲੱਗੇ। ਲੋਕ ਇਤਨੇ ਬੇਪ੍ਰਵਾਹ ਹੋ ਗਏ ਹਨ ਕਿ ਵਾਤਾਵਰਨ ਨੂੰ ਗੰਧਲਾ ਕਰ ਰਹੇ ਹਨ, ਇਮਾਰਤਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ, ਜ਼ਮੀਨ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਕਰ ਦਿੱਤਾ ਅਤੇ ਕਰੋਨਾ ਕਾਲ ਵਿੱਚ ਲਾਲਚ ਤੇ ਫਰੇਬ ਵੱਧ ਗਿਆ। ਪਾਣੀ ਦੀ ਘਾਟ ਵੀ ਕਵਿਤਰੀ ਨੂੰ ਸਤਾਉਂਦੀ ਹੈ। ਨੈਤਿਕਤਾ ਪਰ ਲਾ ਕੇ ਉਡ ਗਈ ਸੀ। ‘ਕਿਸਾਨੀ ਕਾਵਿ’ ਕਿਸਾਨ ਅੰਦੋਲਨ ਨਾਲ ਸੰਬੰਧਤ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਕਵਿਤਰੀ ਨੇ ਅਣਸੁਖਾਵੇਂ ਹਾਲਾਤ, ਗਰਮੀ, ਸਰਦੀ, ਪੁਲਿਸ ਦੀਆਂ ਬੁਛਾੜਾਂ ਅਤੇ ਕੰਡਿਆਲੀਆਂ ਤਾਰਾਂ ਦਾ ਮੁਕਾਬਲਾ ਕਰਨ ਵਾਲੀਆਂ ਵੀਰਾਂਗਣਾ, ਕਿਸਾਨਾ ਅਤੇ ਹਰ ਵਰਗ ਦੇ ਲੋਕਾਂ ਦੇ ਪਾਏ ਯੋਗਦਾਨ ਦੇ ਸੋਹਲੇ ਗਾਏ ਹਨ। ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਡੋਲੇ ਨਹੀਂ ਅਤੇ ਸਾਰਾ ਅੰਦੋਲਨ ਸ਼ਾਂਤਮਈ ਰਹਿੰਦਿਆਂ ਧਰਮ ਨਿਰਪੱਖ ਵਿਚਾਰਧਾਰਾ ਦਾ ਹਾਮੀ ਬਣਿਆਂ ਰਿਹਾ। ਭਾਈਚਾਰਕ ਸਦਭਾਵਨਾ ਵਿੱਚ ਵਾਧਾ ਹੋਇਆ। ਕਵਿਤਰੀ ਨੇ ਬਾਖ਼ੂਬੀ ਸਾਰਾ ਦਿ੍ਰਸ਼ ਪੇਸ਼ ਕੀਤਾ ਹੈ। ਅਖ਼ੀਰ ਵਿੱਚ ਅੰਤਿਕਾ ‘ਤੇਰੀ ਰੰਗਸ਼ਾਲਾ 2’ ਕਵਿਤਾ ਵਿੱਚ ਪੰਜਾਬ ਦੀ ਤ੍ਰਾਸਦੀ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਨਿਰਾਸ਼ਾ, ਬੇਆਸ ਅਤੇ ਉਦਾਸੀ ਦਾ ਆਲਮ ਹੈ ਕਵਿਤਰੀ ਨੇ ਪੰਜਾਬ ਦਾ ਸੁਨਹਿਰਾ ਭਵਿਖ ਹੋਣ ਦੀ ਕਾਮਨਾ ਕੀਤੀ ਹੈ।
 165 ਪੰਨਿਆਂ, 58 ਕਵਿਤਾਵਾਂ, 300 ਰੁਪਏ ਕੀਮਤ ਅਤੇ ਸਚਿਤਰ ਰੰਗਦਾਰ ਸੁੰਦਰ ਮੁੱਖ ਕਵਰ ਵਾਲੀ ਪੁਸਤਕ ਸ਼ਬਦਲੋਕ  ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
     ujagarsingh480yahoo.com