ਰਿਸ਼ਤਿਆਂ ਦੀ ਮਹਿਕ : ਸੀਤੋ ਮਾਸੀ - ਰਵੇਲ ਸਿੰਘ
ਕੁੱਝ ਦਿਨਾਂ ਤੋਂ ਸਾਡੇ ਗੁਆਂਢ ਨਵੇਂ ਬਣੇ ਘਰ ਵਿੱਚ ਇੱਕ ਪਰਿਵਾਰ ਆਇਆ ਹੈ। ਜੋ ਦੂਰ ਨੇੜਿਊਂ ਸਾਡਾ ਰਿਸ਼ਤੇ ਦਾਰ ਹੈ ,ਪਰ ਉਹ ਰਿਸ਼ਤੇਦਾਰ ਹੋਣ ਦੇ ਨਾਲ ਇੱਕ ਵਧੀਆ ਗੁਆਂਢ ਵੀ ਹੈ।
ਘਰ ਦਾ ਮੁਖੀ ਸਾਬਕਾ ਫੌਜੀ ਹੈ ਤੇ ਫੌਜ ਵਿੱਚੋਂ ਸੇਵਾ ਮੁਕਤ ਹੋਣ ਪਿੱਛੋਂ ਫਿਰ ਹੁਣ ਕਿਤੇ ਨੌਕਰੀ ਕਰ ਰਿਹਾ ਹੈ।
ਫੌਜੀ ਹੋਣ ਕਰਕੇ ਸਫਾਈ ਪਸੰਦ, ਹੈ ,ਈਮਾਨ ਦਾਰ ਹੈ, ਤੇ ਕਿਸੇ ਕੋਲੋਂ ਕੰਮ ਕਰਵਾਉਣ ਦੀ ਥਾਂ ਉਹ ਆਪ ਹੱਥੀਂ ਕੰਮ ਕਰਨ ਨੂੰ ਪਹਿਲ ਦੇਂਦਾ ਹੈ।
ਉਸ ਦਾ ਪਛੋਕੜ ਹਿੰਦ ਪਾਕ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ ਨਾਲ ਹੈ।
ਤਿੰਨਾਂ ਭਰਾਵਾਂ ਵਿੱਚੋਂ ਉਹ ਸੱਭ ਤੋਂ ਵੱਡਾ ਹੈ। ਛੋਟੇ ਦੋਵੇਂ ਆਪਣੇ ਪਿੰਡ ਰਹਿਕੇ ਕਿਰਸਾਨੀ ਕਰਦੇ ਹਨ।
ਨੌਕਰੀ ਦੇ ਸਿਲਸਲੇ ਵਿੱਚ ਉਹ ਕਿਰਾਏ ਦੇ ਘਰਾਂ ਵਿੱਚ ਹੀ ਰਿਹਾ ,ਉਸ ਦੀ ਤਨਖਾਹ ਦਾ ਬਹੁਤਾ ਹਿੱਸਾ ਕਿਰਾਏ ਵਿੱਚ ਹੀ ਜਾਂਦਾ ਰਿਹਾ,ਬਾਕੀ ਬਚਦਾ ਘਰ ਦੇ ਖਰਚਿਆਂ ਤੇ ਬੱਚਿਆਂ ਦੀ ਪੜ੍ਹਾਈ ਵਿੱਚ ਖਰਚਿਆ ਜਾਣ ਕਰਕੇ ਮਹਿੰਗਾਈ ਦੇ ਇਸ ,ਲੱਕ ਤੋੜ ,ਦੌਰ ਵਿੱਚ ਉਸ ਲਈ ਆਪਣਾ ਘਰ ਖਰੀਦਨਾ ਮੁਸ਼ਕਲ ਸੀ।
ਏਨਾ ਸ਼ੁਕਰ ਸੀ ਕਿ ਉਸ ਦੀ ਇੱਕ ਪੁੱਤਰ ਤੇ ਇੱਕ ਧੀ ਦੀ ਛੋਟੀ ਸੰਤਾਨ ਹੈ,ਜਿਸ ਵਿੱਚੋਂ ਬੇਟੇ ਨੂੰ ਪੜ੍ਹਾ ਲਿਖਾ ਕੇ ਫਿਰ ਵੱਡਾ ਖਰਚ ਕਰ ਕੇ ਉਸ ਨੂੰ ਉਚੇਰੀ ਪੜ੍ਹਾਈ ਕਰਨ ਲਈ ਵਿਦੇਸ਼ ਭੇਜਿਆ ਹੈ।ਇੱਕ ਹਸ ਮੁਖੀ ਧੀ ਯੂਨੀਵਰਸਟੀ ਵਿੱਚ ਪੜ੍ਹ ਰਹੀ ਹੈ।
ਇਨ੍ਹਾਂ ਹਾਲਾਤਾਂ ਵਿੱਚ ਆਪਣਾ ਘਰ ਲੈ ਕੇ ਕਿਰਾਏ ਦੇ ਘਰਾਂ ਤੋਂ ਜਾਨ ਛਡਾਉਣੀ ਉਸ ਲਈ ਸੌਖਾ ਕੰਮ ਨਹੀਂ ਸੀ। ਪਰ ਵਾਰ ਵਾਰ ਟਿੰਡ ਫੂੜ੍ਹੀ ਚੁੱਕ ਕੇ ਘਰ ਬਦਲ ਬਦਲ ਕੇ ਹੁਣ ਉਹ ਜਿਵੇਂ ਤੰਗ ਆ ਚੁਕਾ ਸੀ ਤੇ ਕਾਫੀ ਸਮੇਂ ਤੋਂ ਉਹ ਕਿਸੇ ਘਰ ਖਰੀਦਣ ਦੀ ਭਾਲ ਵਿੱਚ ਸੀ।ਤੇ ਆਖਰ ਉਸ ਨੂੰ ਕੁਝ ਆਸਾਨ ਸ਼ਰਤਾਂ ਤੇ ਇਹ ਘਰ ਪਸੰਦ ਆ ਹੀ ਗਿਆ,ਭਾਵ ਬਿਆਨਾ ਕਰਨ ਤੇ ਘਰ ਦਾ ਕਬਜਾ ਮਿਲ ਗਿਆ,ਤੇ ਹੁਣ ਕੁਝ ਦਿਨਾਂ ਤੋਂ ਉਹ ਸਾਡੇ ਘਰ ਦੇ ਨਾਲ ਇਸ ਨਵੇਂ ਬਣੇ ਘਰ ਵਿੱਚ ਰਹਿ ਰਹੇ ਹਨ।
ਇਸ ਪ੍ਰਿਵਾਰ ਦੀ ਸੱਭ ਤੋਂ ਵਡੇਰੀ ਉਮਰ ਦੀ ਘਰ ਦੇ ਮੁਖੀ ਦੀ ਮਾਂ ਜੋ ਇਸ ਰਿਸ਼ਤੇ ਵਿੱਚੋਂ ਮੇਰੀ ਭੈਣ ਦੀ ਸੱਸ ਹੋਣ ਕਰਕੇ ਮੇਰੀ ਮਾਸੀ ਲਗਦੀ ਹੈ। ਉਮਰ ਵਿੱਚ ਅੱਸੀਵੇਂ ਤੋਂ ਉਪਰ ਟੱਪ ਚੁਕੀ ਹੈ ਬੜੇ ਹੀ ਸਰਲ ਤੇ ਸਿੱਧੇ ਸੁਭਾ ਵਾਲੀ ਹੈ।
ਉਸ ਦਾ ਪਤੀ ਜੋ ਪੇਂਡੂ ਛੋਟਾ ਕਿਸਾਨ ਸੀ, ਜੋ ਅਚਾਨਕ ਸੱਟ ਲੱਗਣ ਉਸ ਦਾ ਸਦਾ ਲਈ ਸਾਥ ਛੱਡ ਗਿਆ, ਬੜੀ ਮੇਹਣਤ ਮੁਸ਼ੱਕਤ ਕਰਕੇ ਉਸ ਨੇ ਤਿੰਨ ਪੁੱਤਰਾਂ ਤੇ ਇੱਕ ਧੀ ਚਾਰ ਜੀਆਂ ਦਾ ਪ੍ਰਿਵਾਰ ਪਾਲਿਆ,ਇੱਕ ਸਾਬਕਾ ਫੌਜੀ ਹੈ ਜਿਸ ਕੋਲ ਉਹ ਰਹਿ ਰਹੀ ਹੈ,ਦੂਜੇ ਦੋਵੇਂ ਪਿੰਡ ਵਿੱਚ ਕਿਰਸਾਣੀ ਕਰਦੇ ਹਨ।
ਮਾਸੀ ਭਾਗਾਂ ਵਾਲੀ ਹੈ ਜੋ ਪੋਤੇ ਪੋਤੀਆਂ ਵਾਲੀ ਹੈ।
ਭਾਂਵੇਂ ਉਸ ਦੀ ਪੂਰੀ ਸੇਵਾ ਸੰਭਾਲ ਏਥੇ ਹੁੰਦੀ ਹੈ ਫਿਰ ਵੀ ਉਸ ਦਾ ਮਨ ਆਪਣੇ ਪਿਛੋਕੜਲੇ ਪਿੰਡ ਜਾਣ ਨੂੰ ਅਹੁਲਦਾ ਹੀ ਰਹਿੰਦਾ ਹੈ, ਆਖਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਕੌਣ ਨਹੀਂ ਚਾਹੁੰਦਾ, ਮਾਸੀ ਨੇ ਤਾਂ ਆਪਣੀ ਉਮਰ ਦਾ ਬਹੁਤਾ ਦੁੱਖ ਸੁੱਖ ਮਾਣਦੇ ਜਿਸ ਖੁਲ੍ਹੇ ਡੁਲ੍ਹੇ ਪੇਂਡੂ ਮਾਹੌਲ ਵਿੱਚ ਗੁਜਾਰਿਆ ਹੋਵੇ ਉਹ ਉਸ ਨੂੰ ਕਿਵੇਂ ਭੁੱਲ ਸਕਦਾ ਹੈ।
ਸ਼ੂਗਰ ਦੇ ਨਾਮੁਰਾਦ ਰੋਗ ਕਾਰਣ ਉਹ ਅੱਖਾਂ ਦੀ ਜੋਤ ਸਦਾ ਵਾਸਤੇ ਗੁਆ ਚੁਕੀ ਹੈ।ਸਾਰਾ ਦਿਨ ਮੂੰਹ ਸਿਰ ਲਪੇਟੀ ਮੰਜੇ ਤੇ ਪਈ ਰਹਿੰਦੀ ਹੈ। ਕਦੇ ਕਦੇ ਆਪ ਮੁਹਾਰੀ ਗੱਲਾਂ ਕਰਦੀ ਰਹਿੰਦੀ ਹੈ।
ਅੱਖਾਂ ਦੀ ਜੋਤ ਚਲੀ ਜਾਣ ਕਰਕੇ ਵੇਖ ਤਾਂ ਨਹੀਂ ਸਕਦੀ ਪਰ ਸੁਣਨ ਤੇ ਬੋਲਣ ਸ਼ਕਤੀ ਤੇ ਆਏ ਗਏ ਦੀ ਬਿੜਕ ਰੱਖਣ ਵਿੱਚ ਉਹ ਵਿੱਚ ਪੂਰੀ ਤਾਕ ਹੈ।
ਮੈਂ ਕਦੇ ਕਦੇ, ਉਸ ਕੋਲ ਜਾ ਬੈਠਦਾ ਹਾਂ।ਹੁਣ ਉਹ ਮੇਰੀ ਆਵਾਜ਼ ਪਛਾਣਦੀ ਹੈ।ਜਦੋਂ ਮੈਂ ਉਸ ਨੂੰ ਮਾਸੀ ਕਹਿ ਕੇ ਬੁਲਾਉਂਦਾਂ ਹਾਂ ਤਾਂ ਉਹ ਲੰਮਾ ਘੁੰਡ ਕਰ ਕੇ ਮੇਰੇ ਵੱਲ ਪਿੱਠ ਕਰ ਲੈਂਦੀ ਹਾਂ, ਜਦੋਂ ਮੈਂ ਉਸ ਨੂੰ ਕਹਿੰਦਾਂ ਹਾਂ ਕਿ ਮਾਸੀ ਮੈਂ ਤਾਂ ਤੇਰੇ ਪੁੱਤਰਾਂ ਵਰਗਾ ਹਾਂ ਮੈਥੋਂ ਘੁੰਡ ਨਾ ਕਰਿਆ ਕਰ।ਉਹ ਕਹਿੰਦੀ ਹੈ ਮੈਨੂੰ ਸ਼ਰਮ ਆਉਂਦੀ ਹੈ । ਮੇਰੇ ਬੋਲਾਂ ਤੋਂ ਉਹ ਮੇਰੀ ਉਮਰ ਦਾ ਕਿਆਫਾ ਲਾ ਲੈਂਦੀ ਹੈ।ਪਰ ਹੁਣ ਉਹ ਮੇਰੇ ਨਾਲ ਜਿਵੇਂ ਘੁਲ ਮਿਲ ਗਈ ਜਾਪਦੀ ਹੈ।ਮੇਰੇ ਨਾਲ ਮਖੌਲ ਮਸ਼ਖਰੀ ਵੀ ਕਰ ਲੈਂਦੀ ਹੈ ।ਕਦੇ ਪੁੱਛੇ ਗੀ ਤੇਰੀ ਘਰ ਵਾਲੀ ਕਿੱਥੇ ਹੈ ਕੀ ਕਰਦੀ ਹੈ,ਜਦ ਮੈਂ ਆਪਣੀ ਘਰ ਵਾਲੀ ਨੂੰ ਉਸ ਬਾਰੇ ਦੱਸਦਾ ਹਾਂ ਤਾਂ ਉਹ ਵੀ ਕੁੱਝ ਪਲ ਉਸ ਕੋਲ ਬੈਠ ਕੇ ਉਸ ਨਾਲ ਗੱਲਾਂ ਬਾਤਾਂ ਕਰ ਆਉਂਦੀ ਹੈ।
ਇੱਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਮੇਰੇ ਸਾਮਣੇ ,ਮੰਜੇ ਤੇ ਬੈਠੀ ਘੁੰਡ ਕੱਢ ਕੇ ਗਿੱਧਾ ਪਾਉਂਦੀ,ਉਹ ,ਘੁੰਡ ਕੱਢ ਲੈ ਪੱਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ, ਗੀਤ ਗਾ ਰਹੀ ਸੀ।ਉਸ ਦੇ ਕੋਲ ਬੈਠੇ ਘਰ ਦੇ ਜੀਅ ਉਸ ਵੱਲ ਵੇਖ ਕੇ ਹੱਸ ਰਹੇ ਸਨ।
ਇੱਕ ਦਿਨ ਉਸ ਨੂੰ ਜਦੋਂ ਉਸ ਦਾ ਨਾਂ ਤਾਂ ਉਹ ਝੱਟ ਬੋਲ ਉੱਠੀ , ਸੀਤੋ, ਮੈਂ ਕਿਹਾ ਮਾਸੀ ਪੂਰਾ ਨਾਂ ਦੱਸ ,ਸੁਰਜੀਤ.ਕਹਿਕੇ ਉਹ ਫਿਰ ਝੱਟ ਪੱਟ ਚੁੱਪ ਹੋ ਗਈ।
ਉਸ ਨੂੰ ਵੇਖ ਕੇ ਮੈਨੂੰ ਕਈ ਵਾਰ ਮੇਰੀ ਸੱਕੀ ਮਾਸੀ ਕਿਸ਼ਨੋ ਯਾਦ ਆ ਜਾਂਦੀ ਹੈ, ਜੋ ਉਮਰ ਵਿੱਚ ਮੈਥੋਂ ਦੋ ਮਹੀਨੇ ਵੱਡੀ ਸੀ।
ਬਹੁਤਾ ਸਮਾ ਨਾਨਕੇ ਘਰ ਰਹਿਣ ਕਰਕੇ ਅਸੀਂ ਦੋਵੇਂ ਇਕੱਠੇ ਖੇਡਿਆ ਕਰਦੇ ਸਾਂ।ਉਸ ਦਾ ਵਿਆਹ ਹੁੰਦਾ ਵੀ ਮੈਂ ਵੇਖਿਆ ਸੀ।
ਮੈਨੂੰ ਯਾਦ ਹੈ ਕਿ ਇੱਕ ਵੇਰਾਂ ਜਦੋਂ ਉਹ ਸਹੁਰੇ ਘਰ ਜਾਣੀ ਸੀ ਤਾਂ ਮੈਂ ਸਾਈਕਲ ਤੇ ਉਸ ਦੇ ਸਹੁਰੇ ਘਰ ਛੱਡਨ ਲਈ ਗਿਆ ਸਾਂ ਤਾਂ ਉਸ ਦਾ ਦੁਪੱਟਾ ਸੇਰੇ ਸਾਈਕਲ ਦੀ ਚੇਨ ਵਿੱਚ ਫਸ ਗਿਆ ਸੀ ਜੇ ਖਰਾਬ ਹੋ ਜਾਣ ਕਰਕੇ ਉਸ ਨੂੰ ਨਵਾਂ ਦੁਪੱਟਾ ਲੈ ਕੇ ਸਹੁਰੇ ਘਰ ਜਾਣਾ ਪਿਆ ਸੀ।
ਗੋਲ ਮਟੋਲ ਹੋਣ ਕਰਕੇ ਉਹ ਮੈਨੂੰ ਮਖੌਲ ਨਾਲ ਗ੍ਹੋਲੂ ਕਹਿਕੇ ਛੇੜਿਆ ਕਰਦੀ ਸੀ.ਤੇ ਮੈਂ ਵੀ ਉਸ ਨੂੰ ,ਮਾਸੀ ਢੀਂਗਰ ਫਾਸੀ, ਕਹਿ ਕੇ ਜਾਂ ਮਾਸੀ ਲੰਮੀ ਬੜੀ ਨਿਕੰਮੀ ਕਹਿ ਕੇ ਵਾਰੀ ਦਾ ਵੱਟਾ ਲਾਹ ਲਿਆ ਕਰਦਾ ਸਾਂ।ਮੇਰੇ ਨਾਨਕਿਆਂ ਦੇ ਕੱਦ ਕਾਠ ਲੰਮੇ ਕਾਠ ਦੇ ਹੋਂਣ ਕਰਕੇ ਉਨ੍ਹਾਂ ਦੀ ਅੱਲ ,ਲੰਮਿਆਂ ਦਾ ਘਰ ਪੈ ਗਈ ਸੀ।
ਮਾਸੀ ਫੌਜੀ ਨਾਲ ਵਿਆਹੀ ਜਾਣ ਕਰਕੇ ਉਸ ਨੂੰ ਫੋਜਣ ਮਾਸੀ ਕਰਕੇ ਵੀ ਹੱਸ ਖੇਡ ਲਿਆ ਕਰਦੇ ਸਾਂ।
ਹੁਣ ਮਾਸੀ ਕਿਸ਼ਨੋ ਵੱਡੇ ਪੜ੍ਹ ਲਿਖੇ ਪ੍ਰਿਵਾਰ ਵਾਲੀ ਹੋ ਕੇ ਚਿਰੋਕਣੀ ਇਸ ਫਾਨੀ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਕਹਿ ਚੁੱਕੀ ਹੈ,ਪਰ ਉਸ ਨਾਲ ਬਿਤਾਏ ਬਚਪਣ ਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਦੀਆਂ ਰੰਗ ਬਰੰਗੀਆਂ ਲੀਰਾਂ ਦੀ ਪਟਾਰੀ ਜਦੋਂ ਕਿਤੇ ਆਪ ਮੁਹਾਰੀ ਖੁਲ੍ਹ ਕੇ ਖਿਲਰ ਜਾਂਦੀ ਹੈ ਤਾਂ ਸਮੇਟਣੀ ਬੜੀ ਔਖੀ ਹੋ ਜਾਂਦੀ ਹੈ।
ਸਮੇਂ ਦੇ ਫੇਰ ਬਾਰੇ ਕੁੱਝ ਕਹਿਣਾ ਔਖਾ ਹੈ,ਪਰ ਜਦ ਕਿਤੇ ਵਿਦੇਸ਼ ਪਰਤਣ ਦਾ ਜੇ ਮੁੜ ਮੌਕਾ ਮਿਲ ਗਿਆ ਤਾਂ ਜਿੱਥੇ ਵੀ ਜਾਂਵਾਂ, ਜਿੱਥੇ ਵੀ ਹੋਵਾਂ,ਜਿਸ ਹਾਲ ਵਿੱਚ ਹੋਵਾਂ , ਅਤੀਤ ਦੇ ਪਰਛਾਂਵਿਆਂ ਵਿੱਚੋਂ ਮਾਸੀ ਸੀਤੋ ਵਰਗੇ ਰਿਸ਼ਤਿਆਂ ਦੀ ਮਹਿਕ ਜਰੂਰ ਆਉਂਦੀ ਰਹੇਗੀ।
, ਇਹ ਰਿਸ਼ਤੇ,ਇਹ ਰਸਤੇ, ਇਹ ਮਹਿਕਾਂ ਤੇ ਪਗਡੰਡੀਆਂ।
ਜਿੱਥੇ ਵੀ ਤੁਰ ਜਾਈਏ,ਇਹ ਕਦੇ ਨਾ ਜਾਣੀਆਂ ਵੰਡੀਆਂ ।
ਰਵੇਲ ਸਿੰਘ
ਫੋਨ 9056016184
ਹੁਣ ਮੈਂ ਬੁਢਾਪਾ ਮਾਣ ਰਿਹਾ ਹਾਂ - ਰਵੇਲ ਸਿੰਘ
ਜੀ ਹਾਂ ਹੁਣ ਮੈਂ ਬੁਢਾਪਾ ਮਾਣ ਰਿਹਾ ਹਾਂ,ਤੇ ਉਮਰ ਦੇ ਪਚਾਸੀਵੇਂ ਗੇੜ ਨੂੰ ਪਾਰ ਕਰਨ ਵਾਲਾ ਹਾਂ। ਚੌਂਤੀ ਸਾਲ ਦੀ ਸਰਕਾਰੀ ਨੌਕਰੀ ਦੀ ਪੈਨਸ਼ਨ ਮੇਰੇ ਇਸ ਬੁਢਾਪੇ ਦੀ ਉਮਰ ਦੀ ਡੰਗੋਰੀ ਬਣੀ ਹੋਈ ਹੈ ਜੋ ਮੇਰੇ ਆਖਰੀ ਸਾਹਾਂ ਤੀਕ ਮੇਰਾ ਸਾਥ ਨਿਭਾਏਗੀ।
ਸਿਰਫ ਮੇਰਾ ਹੀ ਨਹੀਂ ਸਗੋਂ ਮੇਰੇ ਪਿੱਛੋਂ ਇਹ ਮੇਰੀ ਜੀਵਣ ਸਾਥਣ ਦਾ ਵੀ ਇਹ ਸਾਥ ਦਵੇਗੀ।
ਇਹ ਮੇਰੀ ਖੁਸ਼ਕਿਸਮਤੀ ਹੈ ਕਿ ਬੁਢੇਪਾ ਸ਼ੁਰੂ ਹੋਣ ਨਾਲ ਰੋਜੀ ਰੋਟੀ ਖਾਤਰ ਗਏ ਵਿਦੇਸ਼ੀ ਦੋਹਵਾਂ ਆਗਿਆਕਾਰ ਪੁੱਤਰਾਂ ਨੇ ਮੈਨੂੰ ਛੇਤੀ ਹੀ ਆਪਣੋ ਕੋਲ ਰਹਿਣ ਲਈ ਬੁਲਾ ਲਿਆ।
ਮੇਰੇ ਲਈ ਇਹ ਗੱਲ ਵੀ ਬੜੇ ਮਾਨ ਵਾਲੀ ਹੈ ਕਿ ਉਨ੍ਹਾਂ ਮੇਰੀ ਪੈਨਸ਼ਨ ਦੀ ਕਦੇ ਝਾਕ ਨਹੀਂ ਕੀਤੀ।
ਜਿੰਦਗੀ ਦੇ ਕਈ ਕਈ ਉਤਾਰ ਚ੍ਹੜਾ ,ਦੁੱਖ,ਸੁੱਖ, ਖੁਸ਼ੀਆਂ ਗਮੀਆਂ ,ਸਫਲਤਾਵਾਂ,ਅਸਫਲਤਾਂਵਾਂ ਤੇ ਉੱਬੜ ਖੁੱਬੜ ਰਾਹਵਾਂ ਵਾਲਾ ਪੰਧ ਕਰਦੇ ਹੁਣ ਬੁਢੇਪੇ ਦੀ ਗੁਫਾ ਵਿੱਚੋਂ ਲੰਘ ਰਿਹਾ ਹਾਂ।
ਦੂਸਰਿਆਂ ਤੇ ਗਿਲੇ ਸ਼ਿਕਵੇ ਕਰਨ ਦੀ ਥਾਂ ਉਨ੍ਹਾਂ ਨੂੰ ਦੋਰੋਂ ਹੀ ਫਤਿਹ ਬੁਲਾ ਛੱਡਦਾ ਹਾਂ।ਜਿੰਦਗੀ ਦੀ ਦੌੜ ਵਿੱਚ ਜੋ ਮੈਥੋਂ ਅੱਗੇ ਲੰਘ ਗਏ ਮੈਂ ਉਨ੍ਹਾਂ ਦਾ ਵੀ ਸ਼ੁਕਰ ਗੁਜਾਰ ਹਾਂ,ਜੋ ਮੈਥੋਂ ਪਿੱਛੇ ਰਹਿ ਗਏ ,ਉਨ੍ਹਾਂ ਦਾ ਵੀ ਕਿਉਂ ਜੋ ਮੈਂ ਉਨਾਂ ਸਭਨਾਂ ਤੋਂ ਕੁੱਝ ਨਾ ਕੁਝ ਸਿੱਖਿਆ ਹੈ।
ਸਮੇਂ ਦੇ ਪਰਛਾਂਵੇ ਕਦੇ ਵੀ ਇਕ ਥਾਂ ਨਹੀਂ ਟਿਕਦੇ ,ਇਹ ਮੋਸਮਾਂ ਵਾਂਗ ਬਦਲਦੇ ਰਹਿੰਦੇ ਹਨ ਜਿੰਦਗੀ ਵੀ ਤਾਂ ਇਨ੍ਹਾਂ ਵਾਂਗ ਹੀ ਹੈ,ਜੇ ਬੁਢੇਪਾ ਆ ਗਿਆ ਤਾਂ ਕਿਹੜੀ ਅਣਹੋਣੀ ਹੋਈ,ਇਸ ਨੇ ਆਉਣਾ ਹੀ ਸੀ, ਜੇ ਆਇਆ ਹੈ ਤਾਂ ਇਸ ਨੂੰ ਖਿੜੇ ਮੱਥੇ ਜੀ ਆਇਆਂ ਕਹਿ ਕੇ ਇਸ ਨੂੰ ਹਰ ਹਾਲ ਵਿੱਚ ਰਹਿ ਕੇ ਮਾਣਈਏ,ਜੇ ਹੋਰ ਆ ਕੇ ਆਪਣੀ ਵਾਰੀ ਦੇ ਕੇ ਚਲੇ ਗਏ ਤਾਂ ਇਹ ਵੀ ਆਇਆ ਤਾਂ ਆਖਰ ਜਾਣ ਵਾਸਤੇ ਹੀ ਹੈ।
“ਬੀਤੇ ਦੇ ਪਰਛਾਂਵੇਂ ਫੜਿਆਂ, ਕੁਝ ਨਹੀਂ ਹੋਣਾ।
ਤੁਰ ਗਿਆਂ ਦੇ ਸਿਰਨਾਂਵੇ ਪੜ੍ਹਿਆਂ,ਕੁੱਝ ਨਹੀਂ ਹੋਣਾਂ।“
ਭਾਂਵੇਂ ਮੈਂ ਕੋਈ ਉਚੇਰੀ ਪੜ੍ਹਾਈ ਕਰਕੇ ਕੋਈ ਡਿਗਰੀ ਆਦ ਤਾਂ ਹਾਸਲ ਨਹੀਂ ਕੀਤੀ ਪਰ ਕਲਮ ਦੀ ਸਾਂਝ ਮੇਰੇ ਨਾਲ ਖਵਰੇ ਧੁਰ ਤੋਂ ਚਲੀ ਆ ਰਹੀ ਹੈ। ਦਰਮਿਆਨੇ ਦਰਜੇ ਦੇ ਕਈ ਅਹੁਦਿਆਂ ਤੇ ਰਹਿ ਕੇ ਕਈ ਛੋਟੇ ਵੱਡੇ ਅਧਿਕਾਰੀਆਂ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਸਮਾ ਬਿਤਾ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਾਣਨ ਤੇ ਸਮਝਣ ਦਾ ਯਤਨ ਕੀਤਾ ਹੈ। ਜੋ ਹੁਣ ਵੀ ਇਸ ਦਾ ਬਹੁਤ ਕੁੱਝ ਬੁਢਾਪੇ ਦੇ ਸਮੇਂ ਵਿੱਚ ਮੇਰੀਆਂ ਲਿਖਤਾਂ ਦਾ ਹਿੱਸਾ ਬਣ ਕੇ ਰਹਿ ਗਿਆ ਹੈ ।ਮੈਂ ਦੇਸ਼ ਵਿਦੇਸ਼ ਰਹਿ ਕੇ ਉਥੋਂ ਦੀ ਬੋਲੀ ਨੂੰ ਸਿੱਖਿਆ ਤੇ ਸਮਝਿਆ ਵੀ ਹੈ ਪਰ ਆਪਣੀ ਮਾਂ ਬੋਲੀ ਤੇ ਪੰਜਾਬੀ ਸਾਹਿਤ ਨੂੰ ਪੜ੍ਹਨ ਨੂੰ ਪਹਿਲ ਦੇਂਦਾ ਹਾਂ ਤੇ ਮਾਂ ਬੋਲੀ ਨੂੰ ਪਿਆਰ ਕਰਦਾ ਹਾਂ।
ਬੁਢੇਪੇ ਦੀ ਇਸ ਉਮਰ ਵਿੱਚ ਹੋਣ ਤੇ ਵੀ ਮੈਂ ਆਪਣੇ ਆਪ ਨੂੰ ਇੱਕ ਸਿਖਾਂਦਰੂ ਸਮਝਦਾ ਹਾਂ,ਬੀਤੇ ਅਤੇ ਬੀਤ ਰਹੇ ਸਮੇਂ ਦੇ ਹਰ ਪਲ ਤੇ ਹਰ ਛੋਟੀ ਮੋਟੀ ਘਟਨਾ ਤੋਂ ਮੈਂ ਕੁੱਝ ਸਿੱਖਣ ਦੀ ਕੋਸ਼ਸ਼ ਕਰਦਾ ਆਇਆ ਹਾਂ। ਕਲਮ ਤੋਂ ਕੰਪਿਊਟਰ ਤੀਕ ਅਨੇਕਾਂ ਜਾਣਕਾਰੀਆਂ ਤੀਕ ਪਹੁੰਚਣਾ ਮੇਰੇ ਇਸ ਸਿਖਾਂਦਰੂ ਸੁਭਾਅ ਦਾ ਹੀ ਸਿੱਟਾ ਕਿਹਾ ਜਾ ਸਕਦਾ ਹੈ । ਹਰ ਕਿਸੇ ਕੋਲ ਕੁੱਝ ਨਾ ਕੁੱਝ ਸਿੱਖਣ ਲਈ ਹੁੰਦਾ ਹੈ,ਜਰਾ ਸਿੱਖਣ ਦੀ ਭਾਵਣਾ ਹੋਣੀ ਚਾਹੀਦੀ ਹੈ। ਇਹ ਗੱਲ ਮੈਂ ਇਸ ਬੁਢੇਪੇ ਦੇ ਸਮੇਂ ਵਿੱਚ ਵੀ ਮੈਂ ਵੱਸ ਲਗਦਿਆਂ ਨਹੀਂ ਭੁੱਲਦਾ।
ਪਤਾ ਨਹੀਂ ਕਿਉਂ ਹੁਣ ਇਸ ਉਮਰੇ ਮੈਨੂੰ ਛੋਟੇ ਛੋਟੇ ਬਾਲ ਬੜੇ ਪਿਆਰੇ ਲਗਦੇ ਹਨ.ਇਨ੍ਹਾਂ ਨਾਲ ਗੱਲਾਂ ਕਰਦਿਆਂ ,ਇਨ੍ਹਾਂ ਦੀ ਮਾਸੂਮੀਅਤ ਵਿੱਚੇਂ ਮੈਨੂੰ ਬਹੁਤ ਕੁਝ ਸਿੱਖਂਣ ਨੂੰ ਮਿਲਦਾ ਹੈ।ਇਨ੍ਹਾਂ ਵਿੱਚ ਘਿਰਿਆ ਮੈਂ ਕਈ ਉਨ੍ਹਾਂ ਵਰਗਾ ਹੀ ਹੋ ਜਾਂਦਾ ਹਾਂ ਤੇ ਕਈ ਵਾਰ ਸੋਚਦਾ ਹਾਂ ਕਿ ਕਦੇ ਮੈਂ ਵੀ ਇਨਾਂ ਵਾਂਗ ਹੁੰਦਾ ਹੋਵਾਂਗਾ ਤੇ ਕਦੇ ਇਹ ਵੀ ਮੇਰੇ ਵਾਂਗ ਹੋ ਜਾਣਗੇ।ਬਾਲ ਭਾਂਵੇਂ ਆਪਣੇ ਹੋਣ ਭਾਂਵੇਂ ਬੇਗਾਨੇ ਜਾਂ ਓਪਰੇ ਮੈਂ ਉਨ੍ਹਾਂ ਨਾਲ ਗੱਲਾਂ ਕਰਨ ਦਾ ਕੋਈ ਨਾ ਕੋਈ ਬਹਾਨਾ ਢੂੰਡ ਹੀ ਲੈਂਦਾ ਹਾਂ,ਉਨ੍ਹਾਂ ਦੀਆਂ ਓਪਰੀਆਂ ਤੱਕਣੀਆਂ ਮਾਸੂਮ ਮੁਸਕਾਨਾਂ ਵਿੱਚ ਬਦਲਦੀਆਂ ਵੇਖ ਕੇ ਮੈਨੂੰ ਅਜੀਬ ਖੁਸ਼ੀ ਮਿਲਦੀ ਹੈ।ਓਦੋਂ ਮੈਂ ਆਪਣਾ ਬੁਢੇਪਾ ਭੁੱਲ ਬੈਠਦਾ ਹਾਂ।
ਜੀਵਣ ਦੇ ਕੌੜੇ ਤਲਖ ਤਜਰਬਿਆਂ ਦੀ ਪੰਡ ਸਿਰ ਤੇ ਚੁੱਕੀ ਫਿਰਦਿਆਂ ਹੁਣ ਬੁਢੇਪੇ ਨੇ ਆਣ ਦਸਤਕ ਦਿੱਤੀ ਹੈ।ਸੋਚਦਾ ਹਾਂ,ਇਸ ਰੁਝੇਵਿਆਂ ਭਰੀ ਦੌੜ ਭੱਜ ਦੀ ਦੁਨੀਆ ਵਿੱਚ ਜਿੱਥੇ ਕਿਸੇ ਨੂੰ ਕਿਸੇ ਕੋਲ ਬੈਠਣ ਦਾ ਸਮਾ ਨਹੀਂ ਕੌਂਣ ਸੁਣੇਗਾ, ਜਿੰਦਗੀ ਦੇ ਤੜੇ ਤਜਰਬਿਆਂ ਦੀ ਗੱਲ ਸੁਣਨ ਲਈ ਕਿਸ ਕੋਲ ਵਿਹਲ ਹੈ।,ਜੇ ਬੁਢੇਪਾ ਆਇਆ ਹੈ ਤਾਂ ਇਸ ਨੂੰ ਜੀ ਆਇਆ ਕਹਿ ਕੇ ਇਸ ਨੂੰ ਮਾਣ,ਕੀ ਪਤਾ ਕਦੋਂ ਤੇ ਕਿਸ ਹਾਲ ਵਿੱਚ ਇਹ ਅੰਤ ਦੀ ਘੜੀ ਵਿੱਚ ਅਲੋਪ ਹੋ ਜਾਵੇ। ਪਰ ਜਦ ਤੀਕ ਹੋ ਸਕੇ ਕੁੱਝ ਨਾ ਕੁੱਝ ਕਰਿਆ ਕਰ।ਕਿਉਂ ਜੋ ਕੁੱਝ ਕਰਦੇ ਰਹਿਣਾ ਹੀ ਤਾਂ ਜਿੰਦਗੀ ਹੈ।ਜੇ ਬਚਪਣ ,ਜੁਆਨੀ ,ਦੇ ਹਰ ਹਿੱਸੇ ਨੂੰ ਹਰ ਹਾਲ ਮਾਣਿਆ ਹੈ ਤਾਂ ਬੁਢੇਪੇ ਦੇ ਇਸ ਸਮੇਂ ਨੂੰ ਮਾਣਨ ਤੋਂ ਵੀ ਨਾ ਖੁੰਝੀਂ।ਛਿਂਣ ਛਿਣ ਪਲ ਰੇਤ ਦੀ ਸੁੱਠੀ ਵਾਂਗਰ ਕਿਰ ਰਿਹਾ ਹੈ, ਕੌਂਣ ਕਦੋਂ ਤੇ ਕਿਵੇਂ ਤੇ ਕਿੱਥੇ ਇਹ ਮੁੱਠੀ ਖਾਲੀ ਹੱਥ ਦੀ ਤਲੀ ਬਣ ਕੇ ਖੁਲ੍ਹ ਜਾਵੇ,ਤੇ ਇਹ ਬੁਢੇਪਾ ਵੀ ਜੀਵਣ ਦੀ ਅੰਤਮ ਘੜੀ ਤੋੰ ਵਾਰਿਆ ਜਾਵੇ ਪਰ ਹਾਲ ਦੀ ਘੜੀ ਇਨ੍ਹਾਂ ਬੁਢੇਪੇ ਦੇ ਪਲਾਂ ਨੂੰ ਜਿੰਨਾ ਮਾਣਿਆ ਜਾਵੇ ਓਨਾ ਹੀ ਇਹ ਲਾਹੇ ਵੰਦ ਹੈ।
ਜੀਵਣ ਦੀ ਇਹ ਲਿਖਤ ਅਧੂਰੀ ਛੱਡ ਜਾਵਾਂਗਾ।
ਇਹ ਦੁਨੀਆਂ, ਪੂਰੀ ਦੀ ਪੂਰੀ ਛੱਡ ਜਾਵਾਂਗਾ ।
ਰਵੇਲ ਸਿੰਘ
ਫੋਨ 9056016184
ਰਿਸ਼ਤਿਆਂ ਦੀ ਮਹਿਕ : ਮੇਰੀ ਪਲੇਠੀ ਦੀ ਧੀ - ਰਵੇਲ ਸਿੰਘ
ਮੇਰੀ ਮਾਂ ਕਿਹਾ ਕਰਦੀ ਸੀ,ਸੋਈ ਨਾਰ ਸੁਲੱਖਣੀ ਜਿਸ ਪਹਿਲਾਂ ਜੰਮੀ ਲੱਛਮੀ, ਉਸ ਦੀ ਇਹ ਗੱਲ ਉਸ ਦਿਨ ਸੱਚ ਸਾਬਤ ਹੇਈ ਜਿਸ ਦਿਨ ਮੇਰੇ ਘਰ ਪਲੇਠੀ ਦੀ ਧੀ ਨੇ ਜਨਮ ਲਿਆ , ਓਸੇ ਦਿਨ ਹੀ ਮੇਰੀ ਨੌਕਰੀ ਵੀ ਲੱਗੀ ,ਉਹ ਵੀ ਪਟਵਾਰੀ ਦੀ ,ਉਨ੍ਹੀਂ ਦਿਨੀਂ ਪਟਵਾਰੀ ਦੀ ਨੌਕਰੀ ਕੋਈ ਛੇਟੀ ਮੋਟੀ ਨੌਕਰੀ ਲਹੀਂ ਸੀ ਹੁੰਦੀ, ਪਟਵਾਰ ਦਾ ਕੋਰਸ ਕਰਕੇ ਮੈਂ ਕਾਫੀ ਸਮਾਂ ਵਿਹਲਾ ਰਿਹਾ । ਸਮਾ ਟਪਾਉਂਣ ਲਈ ਕਿਸੇ ਹੋਰ ਨੋਕਰੀ ਲਈ ਵੀ ਮੈਂ ਬਥੇਰੇ ਹੱਥ ਪੈਰ ਮਾਰੇ ਪਰ ਕਿਤੇ ਗੱਲ ਨਹੀਂ ਬਣੀ ।
ਬਾਪੂ ਨੂੰ ਮੇਰੇ ਵਿਆਹ ਦਾ ਬੜਾ ਚਾਅ ਸੀ। ਉਸ ਨੇ ਵੀ ਮੇਰਾ ਵਿਆਹ ਕਰਕੇ ਆਪਣਾ ਚਾਅ ਪੂਰਾ ਕਰ ਹੀ ਲਿਆ । ਉਸ ਦੀ ਸੁਲੱਗ ਸੁੱਘੜ ਨੋਂਹ ਨੇ ਸਾਡੇ ਸਾਂਝੇ ਘਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਮਿਹਂਣਤ ਮੁਸ਼ੱਕਤ ਕਰ ਕੇ ਘਰ ਬਾਹਰ ਦੇ ਹਰ ਕੰਮ ਵਿੱਚ ਭਰਪੂਰ ਯੋਗ ਦਾਨ ਪਾ ਕੇ ਘਰ ਨੂੰ ਬਣਾਇਆ ਸੁੰਵਾਰਿਆ । ਵੱਡੇ ਗੁਰਮੁਖ ਘਰ ਵਿੱਚੋਂ ਸੀ, ਮੇਰੀ ਜੀਵਣ ਸਾਥਣ, ਉਹ ਸਕੂਲ ਤਾਂ ਨਹੀਂ ਗਈ,ਪਰ ਗੁਜਾਰੇ ਜੋਗੀ ਗੁਰਮੁਖੀ ਉਹ ਪਿੰਡ ਦੇ ਗੁਰਦੁਆਰੇ ਦੇ ਭਾਈ ਜੀ ਕੋਲੋਂ ਹੀ ਪੜ੍ਹੀ, ਮਾੜੇ ਮੋਟੇ ਹਸਤਾਖਰ ਉਹ ਖਿੱਚ ਧੂਹ ਕੇ ਕਰ ਹੀ ਲੈਂਦੀ ਹੈ।
ਤੇ ਫਿਰ ਥੋੜ੍ਹੇ ਸਮੇਂ ਵਿੱਚ, ਗੋਰੇ ਚਿੱਟੇ ਰੰਗ ਦੀ ਨਰਗਸੀ ਰੰਗ ਦੀਆਂ ਅੱਖਾਂ ਵਾਲੀ ਠੰਡੇ ਮਿੱਠੇ ਸਹਿਜ ਸੁਭਾ ਵਾਲੀ ਮੇਰੀ ਇਸ ਪਲੇਠੀ ਦੀ ਧੀ ਨੇ ਮੇਰੇ ਘਰ ਜਨਮ ਲਿਆ ਜਿਸ ਦੇ ਇਸ ਸੁਭਾ ਨਾਲ ਮਿਲਦਾ ਜੁਲਦਾ ਨਾਂ ,ਸੀਤਲ, ਉਸ ਦੀ ਦਾਦੀ ਭਾਵ ਮੇਰੀ ਕਰਮਾਂ ਵਾਲੀ ਮਾਂ ਨੇ ਹੀ ਰੱਖਿਆ ਸੀ।
ਪੜਦਾਦੀ ਪੋਤੇ ਦੀ ਆਸ ਲਾਈ ਬੈਠੀ ਸੀ,ਪਰ ਘਰ ਵਿੱਚ ਆਈ ਉਸ ਦੀ ਤੀਜੀ ਪੀੜ੍ਹੀ ਦੀ ਨਵ ਜੰਮੀ ਬੱਚੀ ਨੂੰ ਵੇਖ ਕੇ ਉਹ ਵੀ ਖੁਸ਼ ਤਾਂ ਹੋਈ ,ਪਰ ਉਸ ਨੂੰ ਆਪਣੋ ਜੀਉਂਦੇ ਜੀਅ ਪੋਤਾ ਵੇਖਣ ਦੀ ਬੜੀ ਰੀਝ ਸੀ।
ਮੈਨੂੰ ਯਾਦ ਹੈ, ਜਦੋਂ ਮੇਰੇ ਘਰ ਵ਼ਡਾ ਬੇਟਾ ਹੋਣ ਵਾਲਾ ਸੀ ਤਾਂ ਮਰੀ ਇਹ ਦਾਦੀ ਪੋਤੇ ਦੀ ਆਸ ਲਾਈ ਬੈਠੀ ਸੀ,ਉਹ ਆਪਣੇ ਸਰ੍ਹਾਣੇ ਚਾਂਦੀ ਦਾ ਦੁੱਪੜ ਰੁਪੱਈਆ ਰੱਖ ਕੇ ਸੌਂਦੀ ਹੁੰਦੀ ਸੀ। ਜਿਸ ਦਿਨ ਉਹ ਹੋਇਆ ਤਾਂ ਉਮਰ ਵਡੇਰੀ ਹੋਣ ਕਰਕੇ ਉਹ ਮੰਜੇ ਤੇ ਪਈ ਹੋਈ ਪੋਤਾ ਵੇਖਂਣ ਨੂੰ ਤਰਲੇ ਲੈਂਦੀ ਸੀ,ਇੱਕ ਦਿਨ ਜਦੋਂ ਉਸ ਨੂੰ ਪੋਤੇ ਨੂੰ ਵਿਖਾਉਂਣ ਲਈ ਉਸ ਅੱਗੇ ਕੀਤਾ ਤਾਂ ਉਸ ਨੇ ਬੜੇ ਪਿਆਰ ਨਾਲ ਉਸ ਵੱਲ ਵੇਖਦੇ ਉਹੋ ਚਾਂਦੀ ਦਾ ਦੁੱਪੜ ਰੁੱਪਈਆ ਉਸ ਦੇ ਹੱਥ ਵਿੱਚ ਫੜਾ ਦਿੱਤਾ।
ਉਸੇ ਰਾਤ ਹੀ ਜਿਵੇਂ ਉਸ ਦੀ ਆਖਰੀ ਰੀਝ ਪੂਰੀ ਹੋ ਗਈ ਹੋਵੇ ,ਉਹ ਸਦਾ ਲਈ ਅੱਖਾਂ ਮੀਟ ਗਈ । ਹੁਣ ਜਦੋਂ ਕਿਤੇ ਮੈਨੂੰ ਦਾਦੀ ਦੀ ਇਹ ਗੱਲ ਯਾਦ ਆਉਂਦੀ ਹੈ ਤਾਂ ਕੁਦਰਤ ਦੇ ਇਸ ਵਰਤਾਰੇ ਤੇ ਬੜੀ ਹੈਰਾਨਗੀ ਹੁੰਦੀ ਹੈ।
ਸਮੇਂ ਦੇ ਨਾਲ ਨਾਲ ਹੌਲੀ ਹੌਲੀ ਮੇਰਾ ਪ੍ਰਿਵਾਰ ਤਿੰਨ ਧੀਆਂ ਤੇ ਦੋ ਬੇਟਿਆਂ ਦਾ ਬਂਣ ਗਿਆ । ਅੱਜ ਤੋਂ ਪੰਜ ਦਹਾਕੇ ਪਹਿਲਾਂ ਜਦੋਂ ਅਜੇ ਧੀਆਂ ਨੂੰ ਪੜ੍ਹਾਉਣ ਦਾ ਬਹੁਤਾ ਜੋਰ ਨਹੀਂ ਸੀ, ਘਰ ਦੇ ਕੰਮ ਕਾਜ ਕਰਨ ਦੇ ਨਾਲ ਨਾਲ ਉਸ ਨੇ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਤੇ ਘਰ ਦੇ ਕੰਮ ਧੰਦੇ ਵਿੱਚ ਮਾਂ ਦਾ ਹੱਥ ਵਟਾਉਂਦੀ ਰਹੀ।
ਉਸ ਦੀਆਂ ਬਹੁਤੀਆਂ ਆਦਤਾਂ ਮਾਂ ਵਰਗੀਆਂ ਹਨ।
ਫਿਰ ਥੋੜ੍ਹੇ ਸਮੇਂ ਪਿੱਛੋਂ ਯੋਗ ਵਰ ਵੇਖ ਕੇ ਉਸ ਦੇ ਹੱਥ ਪੀਲੇ ਕਰ ਕੇ ਉਸ ਨੂੰ ਸਹੁਰੇ ਘਰ ਤੋਰਿਆ । ਸਹੁਰਾ ਘਰ ਵੀ ਮੇਰੇ ਪ੍ਰਿਵਾਰ ਵਾਂਗ ਵੱਡੇ ਸਾਂਝੇ ਪ੍ਰਿਵਾਰ ਵਾਲਾ ਸੀ। ਉਸ ਨੇ ਛੇਤੀ ਹੀ ਓਥਾ ਜਾ ਕੇ ਆਪਣੇ ਸੁਚੱਜੇ ਹੱਥਾਂ ਅਤੇ ਮਿੱਠ ਬੋਲੜੇ ਸੁਭਾ ਕਰਕੇ ਆਪਣੀ ਥਾਂ ਬਣਾ ਲਈ। ਕੁੱਝ ਸਮੇਂ ਪਿੱਛੋਂ ਉਸ ਦੇ ਸਹੁਰੇ ਘਰ ਦੇ ਜੀਆਂ ਨੇ ਮਿਲ ਬੈਠ ਕੇ ਘਰ ਜਾਇਦਾਦ ਜਮੀਨ ਭਾਂਡੇ ਦੀ ਆਪਸੀ ਵੰਡ ਕਰ ਲਈ ਤੇ ਕੁਝ ਸਮੇਂ ਤੋੰ ਹੁਣ ਉਹ ਆਪਣਾ ਹਿੱਸੇ ਆਉਂਦਾ ਪਰਾਣਾ ਘਰ ਵੇਚ ਵੱਟ ਕੇ ਨਵਾਂ ਕੋਠੀ ਨੁਮਾ ਘਰ ਬਣਾ ਕੇ ਉਸ ਵਿੱਚ ਰਹਿ ਰਹੀ ਹੈ।
ਉਸ ਦਾ ਦੋ ਧੀਆਂ ਤੇ ਇੱਕ ਪੁੱਤਰ ਦਾ ਛੋਟਾ ਪ੍ਰਿਵਾਰ ਹੈ, ਧੀਆਂ ਵਿਆਹ ਵਰ ਕੇ ਆਪਣੇ ਘਰੀਂ ਸੁੱਖੀ ਸਾਂਦੀ ਰਹਿ ਰਹੀਆਂ ਹਨ। ਪੁੱਤਰ ਵੀ ਚੰਗਾ ਪੜ੍ਹ ਲਿਖ ਕੇ ਵਧੀਆ ਨੌਕਰੀ ਤੇ ਲੱਗਾ ਹੋਇਆ ਹੈ ।
ਮੇਰੀ ਹਰ ਹਾਲ ਵਿੱਚ ਖੁਸ਼ ਰਹਿਣੀ ਪਲੇਠੀ ਦੀ ਧੀ, ਉਹ ਜਦੋਂ ਵੀ ਮੈਨੂੰ ਮਿਲਣ ਆਵੇ ਜਾਂ ਜਦੋਂ ਵੀ ਮੈਂ ਉਸ ਨੂੰ ਮਿਲਣ ਜਾਂਵਾਂ ਉਹ ਮੇਰੇ ਨਾਲ ਬਿਨਾਂ ਕਿਸੇ ਨਾਲ ਕਿਸੇ ਕਿਸਮ ਦਾ ਕੇਈ ਗਿਲਾ ਸਿਕਵਾ ਕੀਤੇ ਖਿੜੇ ਮੱਥੇ ਮਿਲਦੀ ਹੈ।
ਉਸ ਦਾ ਸਬਰ ਸੰਤੋਖ ਵਾਲੇ ਖੁਸ਼ ਰਹਿਣੇ ਮਿਲਾਪੜੇ ਸੁਭਾਅ ਕਰਕੇ ਆਂਢ ਗੁਆਂਢ ਵਿੱਚ ਜਾਣੀ ਜਾਂਦੀ ਹੈ । ਜਦੋੰ ਕਿਤੇ ਘਰ ਵਿੱਚ ਧੀਆਂ ਦੀ ਗੱਲ ਚਲਦੀ ਹੈ ਤਾਂ ਮੇਰੀ ਇਸ ਪਲੇਠੀ ਦੀ ਧੀ,ਸੀਤਲ, ਦਾ ਨਾਂ ਸੱਭ ਦੀ ਜੁਬਾਨ ਤੇ ਪਹਿਲਾਂ ਆਉਂਦਾ ਹੈ ।
(ਰਿਸ਼ਤਿਆਂ ਦੀ ਮਹਿਕ) ਮੇਰੀ ਵੱਡੀ ਭੈਣ - ਰਵੇਲ ਸਿੰਘ
ਦੇਸ਼ ਦੀ ਵੰਡ ਵੇਲੇ ਮੈਂ ਮਸਾਂ ਨੌਂ ਦਸ ਵਰ੍ਹਿਆਂ ਦਾ ਹੋਵਾਂਗਾ,ਚੌਥੀ ਸ਼੍ਰੇਣੀ ਵਿੱਚ ਪੜ੍ਹਦਾ ਸਾਂ।ਪਲੇਠੀ ਦੀ ਮੇਰੀ ਵੱਡੀ ਭੈਣ ਰਵੇਲੋ ਮੈਥੋਂ ਦੋ ਵਰ੍ਹੇ ਵੱਡੀ ਸੀ, ਉਦੋਂ ਧੀਆਂ ਨੂੰ ਪੜ੍ਹਾਏ ਜਾਣ ਦਾ ਸਮਾਂ ਨਹੀਂ ਸੀ।। ਦਾਦੀ ਬਾਪੂ, ਬੇਬੇ , ਤੇ ਦੋ ਭੈਣ ਭਰਾ ਅਸੀਂ ਓਦੋਂ ਪ੍ਰਿਵਾਰ ਦੇ ਪੰਜ ਜੀਅ ਹੀ ਸਾਂ। ਅਸੀਂ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਾਂ।
ਦਾਦੀ ਜਵਾਨੀ ਵੇਲੇ ਹੀ ਵਿਧਵਾ ਹੋ ਗਈ ਸੀ।ਮੇਰੇ ਦਾਦਾ ਜੀ 1914 ਦੀ ਵਿਸ਼ਵ ਜੰਗ ਵਿੱਚ ਸ਼ਹੀਦ ਹੋ ਜਾਣ ਕਰਕੇ ਦਾਦੀ ਨੂੰ ਪੈਨਸ਼ਨ ਦੇ ਇਲਾਵਾ ਜੰਗੀ ਇਨਾਮ ਵੀ ਮਿਲਿਆ ਹੋਇਆ ਸੀ।
ਬਾਪੂ ਵੀ ਦੂਜੇ ਵਿਸ਼ਵ ਯੁੱਧ ਵਿੱਚ ਫੌਜ ਵਿੱਚ ਸੀ, ਦੋ ਸਾਲ ਫੌਜ ਦੀ ਨੌਕਰੀ ਕਰਕੇ ਅੱਖਾਂ ਦੇ ਬੋਰਡ ਕਰਕੇ ਪੈਨਸ਼ਨ ਲੈ ਕੇ ਘਰ ਆ ਗਿਆ ।
ਫਿਰ ਦੂਜੀ ਵਾਰ ਲਾਹੌਰ (ਹਰਬੰਸ ਪੁਰਾ) ਆਰਡੀਨੈਂਸ ਡਿਪੂ ਵਿੱਚ ਬਤੌਰ ਡਰਾਈਵਰ ਨੌਕਰੀ ਕਰਨ ਲਗ ਪਿਆ। ਸਾਰਾ ਪ੍ਰਿਵਾਰ ਸੁੱਖੀਂ ਸਾਂਦੀ ਵੱਸ ਰਿਹਾ ਸੀ।
ਭਾਂਵੇਂ ਦਾਦੀ ਮੈਨੂੰ ਬਹੁਤ ਪਿਆਰ ਕਰਦੀ ਸੀ,ਪਰ ਭੈਣ ਤਾਂ ਮੇਰੇ ਸਾਹੀਂ ਜੀਂਉਂਦੀ ਸੀ।
ਜਦੋਂ ਕਦੇ ਕਿਸੇ ਮਾੜੀ ਮੋਟੀ ਗੱਲੇ ਬੇਬੇ ਮੈਨੂੰ ਝਿੜਕਦੀ ਤਾਂ ਦਾਦੀ ਤਾਂ ਕਿਤੇ ਰਹੀ, ਭੈਣ ਹੀ ਮੈਨੂੰ ਬਚਾਉਂਦੀ, ਏਨਾ ਹੀ ਨਹੀਂ ਸਗੋਂ ਇਕ ਵੇਰਾਂ ਕੀ ਹੋਇਆ, ਗਲੀ ਵਿੱਚ ਕਿਸੇ ਛੋਟੀ ਮੋਟੀ ਗੱਲੇ ਮੇਰੀ ਲੜਾਈ ਇਕ ਅੱਥਰੇ ਮੁੰਡੇ ਨਾਲ ਹੋ ਗਈ।ਉਹ ਮੈਥੋਂ ਤਗੜਾ ਸੀ ਇਹ ਵੇਖ ਕੇ ਭੈਣ ਗਲੀ ਵਿੱਚ ਆਈ ਤੇ ਕੜਕ ਕੇ ਬੋਲੀ, ,ਖਬਰਦਾਰ ਜੇ ਮੇਰੇ ਭਰਾ ਨੂੰ ਹੱਥ ਲਾਇਆ ਤਾਂ, ਹੱਥ ਵੱਢ ਦਿਆਂਗੀ, ਉਹ ਵੀ ਅੱਗੋਂ ਕਿਹੜਾ ਘੱਟ ਸੀ ਜਦੋਂ ਉਸ ਨੇ ਮੈਨੂੰ ਮਾਰਣ ਲਈ ਹੱਥ ਚੁਕਿਆ ਤਾਂ ਭੈਣ ਕੋਲ ਕੋਈ ਹੋਰ ਹੱਥਿਆਰ ਤਾਂ ਨਹੀਂ ਸੀ, ਉਸ ਨੇ ਉਸ ਦਾ ਹੱਥ ਮਰੋੜ ਕੇ ਮੂੰਹ ਤੇ ਐਸਾ ਜੋਰ ਦਾ ਥੱਪੜ ਜੜਿਆ ਕਿ ਉਸ ਨੂੰ ਭੱਜਦੇ ਹੋਏ ਨੂੰ ਰਾਹ ਨਾ ਲੱਭਿਆ।
ਮੈਂ ਖੜਾ ਭੈਣ ਦੀ ਦਲੇਰੀ ਅਤੇ ਉਸ ਨੂੰ ਜਾਨ ਛੁਡਾ ਕੇ ਦੌੜੇ ਜਾਂਦੇ ਵੱਲ ਘੂਰ ਘੂਰ ਕੇ ਦੇਖੀ ਜਾ ਰਿਹਾ ਸਾਂ।
ਮੇਰੀ ਇਹ ਵੱਡੀ ਭੈਣ ਜਿੰਦਗੀ ਭਰ ਹਰ ਔਖੇ ਸੌਖੀ ਘੜੀ ਵਿੱਚ ਹਰ ਸਮੇਂ ਮੇਰਾ ਸਾਥ ਦੇਂਦੀ ਰਹੀ।
1947 ਦੀ ਦੇਸ਼ ਦੇ ਉਜਾੜੇ ਵਾਲੀ ਵੰਡ ਦੀ ਤ੍ਰਾਸਦੀ ਜਿਨ੍ਹਾਂ ਨੇ ਵੇਖੀ ਸੁਣੀ ਜਾਂ ਸਿਰ ਤੇ ਝੱਲੀ , ਇਹ ਉਹ ਹੀ ਜਾਣਦੇ ਸਮਝਦੇ ਹਨ।
ਮੈਂ ਤੇ ਮੇਰਾ ਪ੍ਰਿਵਾਰ ਇਹ ਸੱਭ ਕੁਝ ਹੰਡਾਉਣ ਵਾਲਾ ਵੀ ਉਨ੍ਹਾਂ ਵਿੱਚੋਂ ਇੱਕ ਹੈ।
ਬਾਪੂ ਦੇਸ਼ ਦੇ ਹਾਲਾਤ ਵੇਖ ਕੇ ਨੌਕਰੀ ਛੱਡ ਕੇ ਘਰ ਆ ਗਿਆ ਸੀ।
ਡੱਬੀ ਵਾਂਗ ਭਰਿਆ ਭਰਾਇਆ ਘਰ ਛੱਡ ਕੇ ਜਦੋਂ ਅੱਧੀ ਰਾਤ ਨੂੰ ਤਾਰਿਆਂ ਦੀ ਛਾਂਵੇਂ, ਆਪਣੇ ਪਿੰਡ ਦੇ ਲੋਕਾਂ ਦੇ ਕਾਫਿਲੇ ਨਾਲ ਦੋਵੇਂ ਭੈਣ ਭਰਾ ਨੰਗੇ ਪੈਰੀਂ ਜਦੋਂ ਸਹਿਮੇ ਹੋਏ ਦਾਦੀ,ਬੇਬੇ ਦੀ ਉੰਗਲ ਫੜੀ ਅਣ ਕਿਆਸੀਆਂ ਰਾਹਾਂ ਤੇ ਦੇਸ਼ ਦੀ ਨਵੀਂ ਬਣੀ ਹੱਦ ਪਾਰ ਕਰਨ ਲਈ ਤੁਰੇ ਜਾ ਰਹੇ ਸਾਂ ਤਾਂ ਮੇਰੀ ਵੱਡੀ ਭੈਣ ਮੇਰੇ ਨੰਗੇ ਤੇ ਸੁੱਜੇ ਹੇਏ ਪੈਰਾਂ ਤੇ ਸਹਿਮੇ ਹੋਏ ਮਾਸੂਮ ਚੇਹਰੇ ਵੱਲ ਵਾਰ ਵਾਰ ਤਰਸ ਭਰੀਆਂ ਨਜ਼ਰਾਂ ਨਾਲ ਵੇਖਦੀ ਜਾ ਰਹੀ ਸੀ,ਉਸ ਨੂੰ ਆਪਣੇ ਨਾਲੋਂ ਮੇਰਾ ਖਿਆਲ ਬਹੁਤਾ ਆ ਰਿਹਾ ਸੀ,ਪਰ ਉਸ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ।
ਸਾਨੂੰ ਇਉਂ ਲੱਗ ਰਿਹਾ ਸੀ ਜਿਵੇਂ ਕਿਸੇ ਹਨੇਰੀ , ਅਣਜਾਣ ਦੁਨੀਆ ਵੱਲ ਜਾ ਰਹੇ ਹੋਈਏ।
ਦੇਸ਼ ਦੀ ਨਵੀਂ ਬਣੀ ਹੱਦ ਤੀਕ ਪੁੱਜਣ ਤੱਕ ਦੇ ਭਿਆਨਕ ,ਕੋਝੇ , ਦਰਦ ਨਾਕ ਦਿਲ ਕੰਬਾਊ ਦ੍ਰਿਸ਼ ਜਦੋਂ ਆਪਣਿਆਂ ਦਾ ਲਹੂ ਚਿੱਟਾ ਹੋ ਗਿਆ ਬਹੁਤ ਕੁਝ, ਜੋ ਵੇਖਿਆ, ਇਸ ਬਾਰੇ ਪਹਿਲਾਂ ਵੀ ਮੈਂ ਆੱਪਣੇ ਲੇਖਾਂ ਵਿੱਚ ਲਿਖ ਚੁਕਾ ਹਾਂ ਏਥੇ ਮੈਂ ਆਪਣੀ ਵੱਡੀ ਭੈਣ ਬਾਰੇ ਹੀ ਲਿਖਣ ਦਾ ਯਤਨ ਕਰਾਂਗਾ।
ਬਸ ਏਥੋਂ ਹੀ ਸ਼ੁਰੂ ਹੁੰਦਾ ਹੈ ਲਗ ਪਗ ਇਕ ਦਹਾਕੇ ਦਾ ਸਮਾਂ ਟੱਪਰੀ ਵਾਸਾਂ ਵਾਂਗ, ਗੁਰਬਤ, ਮੰਦਹਾਲੀ, ਤੇ ਮੁਸੀਬਤਾਂ, ਵੇਖਣ ਦਾ, ਇਕ ਹੋਰ ਕਿ ਇਸ ਦੇ ਨਾਲ ਸਾਡਾ ਪ੍ਰਿਵਾਰ ਹੁਣ ਪੰਜਾਂ ਜੀਆਂ ਤੋਂ ਵਧ ਕੇ ਦੱਸਾਂ ਜੀਆਂ ਦਾ ਛੇ ਭੈਣਾਂ , ਤਿੰਨ ਭਰਾਂਵਾਂ ਦੇ ਹੋ ਚੁਕਾ ਸੀ। ਪਹਿਲੇ ਲੋਕ ਬਹੁਤੇ ਬੱਚੇ ਹੋਣਾ ਨਿਰਾ ਰੱਬ ਦੀ ਦਾਤ ਹੀ ਸਮਝਦੇ ਸਨ। ਹੁਣ ਦੇ ਜ਼ਮਾਨੇ ਵਿੱਚ ਪ੍ਰਿਵਾਰ ਨਿਯੋਜਨ ਦੇ ਕਈ ਤਰ੍ਹਾਂ ਦੀਆਂ ਵਿਧੀਆਂ ਰਾਹੀਂ ਵਧ ਰਹੀ ਹੈ। ਇਸੇ ਤਰ੍ਹਾਂ ਹੀ ਪੁੱਤਾਂ ਵਾਂਗ ਧੀਆਂ ਨੂੰ ਬ੍ਰਾਬਰ ਸਮਝ ਕੇ ਪੜ੍ਹਾਉਣ ਦੇ ਉਪਰਾਲੇ ਹੋ ਰਹੇ ਹਨ ।
ਖੈਰ ਕੁਝ ਥਾਂਵਾ ਤੇ ਫਿਰਦੇ ਫਿਰਾਂਦੇ ਅਸਾਂ ਜਿਲਾ ਹੁਸ਼ਿਆਰ ਪੁਰ ਦੇ ਇੱਕ ਛੋਟੇ ਜਿਹੇ ਪਿੰਡ ਜੋ ਸਾਲਮ ਹੀ ਮੁਸਲਿਮ ਭਰਾਂਵਾਂ ਦਾ ਸੀ, ਜੋ ਇੱਥੋਂ ਹਿਜਰਤ ਕਰ ਕੇ ਨਵੇਂ ਬਣੇ ਪਾਕਸਤਾਨ ਵਿੱਚ ਚਲੇ ਜਾਣ ਕਰਕੇ ਉੱਜੜ ਕੇ ਬੇਆਬਾਦ ਖਾਲੀ ਪਿਆ ਸੀ ਜਾ ਡੇਰੇ ਲਾਏ।
ਕੱਚੇ ਕੋਠੇ ਢਾਰੇ, ਲਿੱਪ ਪੋਚ ਕੇ ਸਿਰ ਕੇ ਸਿਰ ਢੱਕਣ ਜੋਗੇ ਕਰ ਲਏ,ਕਮਾਦ,ਝੋਨੇ ਦੀ ਫਸਲ ਦੇ ਖੇਤ ਪਿੰਡ ਨੇ ਕਮੇਟੀ ਬਣਾ ਕੇ ਵੰਡ ਲਏ,ਆਵਾਰਾ ਫਿਰਦੇ ਪਸ਼ੂ ਬੈਲ, ਗਾਂਵਾਂ, ਮੱਝਾਂ, ਬੱਕਰੀਆਂ, ਕਾਬੂ ਕਰਕੇ ਲੋੜ ਅਨੁਸਾਰ ਆਪੋ ਆਪਣੇ ਘਰਾਂ ਵਿੱਚ ਰੱਖ ਲਏ।
ਕੁੱਝ ਦਿਨ ਮੈਂ ਵੀ ਮਾਲ ਡੰਗਰ ਚਾਰੇ, ਇਕ ਦਿਨ ਇਹ ਮੇਰੀ ਵੱਡੀ ਭੈਣ ਕਹਿਣ ਲੱਗੀ, ਡੰਗਰ ਚਾਰਣ ਦਾ ਕੰਮ ਮੈਂ ਕਰਿਆ ਕਰਾਂਗੀ, ਤੁਸੀਂ ਮੇਰੇ ਵੀਰ ਨੂੰ ਪੜ੍ਹਨੇ ਪਾ ਦਿਓ।
ਨੇੜੇ ਕੋਈ ਸਕੂਲ ਨਾ ਹੋਣ ਕਰਕੇ ਮੈਨੂੰ ਨਾਨਕੇ ਪਿੰਡ ਪੜ੍ਹਨ ਲਈ ਭੇਜ ਦਿਤਾ ਗਿਆ।ਜਿਥੇ ਰਹਿਕੇ ਮੈਂ ਪੜ੍ਹਾਈ ਕਰਨ ਉਪ੍ਰੰਤ ਪਟਵਾਰੀ ਦਾ ਕੋਰਸ ਕਰਕੇ ਪਟਵਾਰੀ ਦੀ ਨੌਕਰੀ ਤੇ ਲੱਗ ਗਿਆ।
ਉਹ ਮੈਨੂੰ ਹਾਸੇ ਨਾਲ ਕਿਹਾ ਕਰਦੀ ਸੀ, ਵੇਖੀਂ ਭਰਾ ਮੁੱਠੀ ਗਰਮ ਕਰਾਉਣ ਤੋਂ ਬਚੀਂ, ਬਰਕਤ ਸਦਾ ਨੇਕ ਕਮਾਈ ਵਿੱਚ ਹੀ ਹੁੰਦੀ ਹੈ।
ਉਸ ਦਾ ਵਿਆਹ ਵੀ ਅਨੋਖਾ ਵਿਆਹ ਸੀ, ਜਿਸਦਾ ਜਿਕਰ ਫਿਰ ਕਿਤੇ ਕਰਨ ਦਾ ਯਤਨ ਕਰਾਂਗਾ। ਲੰਮੀ ਉਮਰ ਭੋਗ ਕੇ ਆਪਣੇ , ਮਿਹਣਤੀ , ਮਿਲਣ ਸਾਰ, ਸੁਭਾਅ ਕਰਕੇ ਇਕ ਸਫਲ ਤੇ ਚੰਗੇ ਪੜ੍ਹੇ ਲਿਖੇ ਬਾਗ ਪ੍ਰਿਵਾਰ ਵਾਲੀ ਹੋ ਕੇ ਭਾਂਵੇ ਹੁਣ ਉਹ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਤਾਂ ਕਹਿ ਗਈ ਹੈ ਪਰ ਯਾਦਾਂ ਦੇ ਝਰੋਖੇ ਚੋਂ ਜਦ ਕਦੀ ਮੇਰੀ ਇਸ ਵੱਡੀ ਭੈਣ ਦੀ ਯਾਦ ਆਉਂਦੀ ਹੈ ਤਾਂ ਮੇਰੀ ਇਸ ਵੱਡੀ ਭੈਣ, ਦੇ ਮੋਹ ਭਿੱਜੇ ਭੈਣ ਭਰਾ ਦੇ ਇਸ ਪਵਿੱਤ੍ਰ ਰਿਸ਼ਤੇ ਦੀ ਮਹਿਕ ਵਿੱਚ ਗੁਆਚਾ ਆਪਾ ਭੁਲਾ ਬੈਠਦਾ ਹਾਂ।
ਰਵੇਲ ਸਿੰਘ
ਕਾਦਰ ਯਾਰ -----ਬਨਾਮ ---- ਕਿੱਸਾ ਪੂਰਨ ਭਗਤ - ਰਵੇਲ ਸਿੰਘ ਇਟਲੀ
ਪੜ੍ਹਿਆ ਕਿੱਸਾ ਲਿਖਿਆ, ਪੂਰਨ ਭਗਤ ਦਾ,
ਸੁਹਣੇ ਸ਼ਾਇਰ, ਮੀਆਂ,
ਕਾਦਰ ਯਾਰ ਦਾ।
ਅੰਧ ਵਿਸ਼ਵਾਸ਼ੀ ਦਾ ਵੀ ਵੇਖੋ ਕਿੰਨਾ ਜੋਰ ਸੀ,
ਭੋਰੇ ਦੇ ਵਿੱਚ ਪਾਇਆ,ਪੁੱਤਰ ਜੰਮਦਿਆਂ,
ਕਿੰਨਾ ਪੱਥਰ ਦਿਲ ਸੀ,
ਪਿਉ ਸਲਵਾਨ ਦਾ।
ਆਖੇ ਲੱਗ ਕੇ ਪਿੱਛੇ, ਵਹਿਮੀਂ ਪੰਡਤਾਂ,
ਪੁੱਤਰ ਪਾਇਆ ਅੰਦਰ ਘੋਰ ਮੁਸੀਬਤਾਂ,
ਰਾਣੀ ਇੱਛਰਾਂ ਜਾਇਆ,
ਪਹਿਲੀ ਵਾਰ ਦਾ।
ਮੋਹ ਮਮਤਾ ਦੀ ਮੂਰਤ,ਰਾਣੀ ਇੱਛਰਾਂ,
ਰੋ ਰੋ ਨੀਰ ਸੁਕਾਇਆ,ਅੱਖਾਂ,ਅੰਨ੍ਹੀਆਂ,
ਪੁੱਤਰ ਦਾ ਇਹ ਦੁੱਖ,
ਨਾ ਜਾਵੇ ਝੱਲਿਆ।
ਬਾਰ੍ਹਾਂ ਵਰ੍ਹੇ ਬਿਤਾ ਕੇ ਅੰਦਰ ਭੋਰਿਆਂ,
ਮਾਂ ਸੀ ਝੱਲੀ ਹੋਈ ਝੁਰਦੇ ਝੋਰਿਆਂ.
ਲੂਣਾਂ ਦਾ ਕਿਰਦਾਰ,
ਤੂੰ ਸੀ ਚਿੱਤਰਿਆ।
ਕਿੱਦਾਂ ਦੱਸੀ ਪੂਰਨ ਦੀ ਤੂੰ ਸਾਬਤੀ,
ਜੋ ਸੀ ਕੂੜ ਕਹਾਣੀ,ਸੱਚੀ ਆਖਦੀ,
ਦਿੱਤੀਆਂ ਸਖਤ ਸਜਾਵਾਂ,
ਪੁੱਠਾ ਲਟਕਿਆ।
ਲੈ ਗਿਆ ਯੋਗੀ ਨਾਲ ਖੂਹੋਂ ਕੱਢ ਕੇ,
ਪਰਖਾਂ ਅੰਦਰ ਪਾਇਆ ਸਭ ਕੁੱਝ ਛੱਡ ਕੇ,
ਖਾਕੋਂ ਨੂਰ ਬਣਾਇਆ,
ਪੁਤਲਾ ਖਾਕ ਦਾ।
ਮੋਹ ਨਾ ਸੱਕੀ ਉਸ ਨੂੰ,ਰਾਣੀ ਸੁੰਦਰਾਂ,
ਸਾਧੂ ਆਪ ਬਣਾਇਆ,ਪਾ ਕੇ ਮੁੰਦਰਾਂ,
ਚੇਲਾ ਸੀ ਜਦ ਬਣਿਆ,
ਜੋਗੀ ਨਾਥ ਦਾ।
ਰੰਗ ਬਰੰਗਾ ਗੁੰਦਿਆ ਸੁਹਣਾ ਹਾਰ ਤੂੰ,
ਮਾਂ ਬੋਲੀ ਗਲ਼ ਪਾਇਆ ਖੂਬ ਸ਼ਿੰਗਾਰ ਤੂੰ,
ਤੂੰ ਪੰਜਾਬੀ ਮਾਂ ਦੀ,
ਕਦਰ ਪਛਾਣਦਾ।
ਸਜਦੇ ਕਰਾਂ ਹਜਾਰ ਤੇਰੀ ਕਲਮ ਨੂੰ,
ਕਿੱਸੇ ਦੇ ਫਨਕਾਰ ਮੈਂ,ਤੇਰੇ ਹੁਨਰ ਨੂੰ,
ਤੂੰ ਸਾਹਿਤ ਦਾ ਹੀਰਾ,
ਅਜਬ ਕਮਾਲ ਦਾ।
ਪੜ੍ਹਿਆ ਕਿੱਸਾ ਲਿਖਿਆ,
ਪੂਰਨ ਭਗਤ ਦਾ,
ਸੁਹਣੇ ਸ਼ਾਇਰ ਮੀਆਂ,
ਕਾਦਰ ਯਾਰ ਦਾ।
))))))))))))))))))
ਰਵੇਲ ਸਿੰਘ ਇਟਲੀ
ਠੀਕਰੀਆਂ - ਰਵੇਲ ਸਿੰਘ ਇਟਲੀ
ਅੱਜ ਜਦੋਂ ਗਮਲਿਆਂ ਵਿੱਚ ਕੁੱਝ ਫੁੱਲ ਬੂਟੇ ਲਾ ਰਿਹਾ ਸਾਂ ਤਾਂ ਗਮਲਿਆਂ ਵਿੱਚੋਂ ਪਾਣੀ ਦੇ ਨਿਕਾਸ ਲਈ ਇਨ੍ਹਾਂ ਹੇਠ ਕੀਤੇ ਗਏ ਛੇਦਾਂ ਉੱਤੇ ਰੱਖਣ ਲਈ ਕੁਝ ਠੀਕਰੀਆਂ ਭਾਲ ਰਿਹਾ ਸਾਂ।ਪਰ ਠੀਕਰੀਆਂ ਦੀ ਥਾਂ ਪੱਥਰ ਦੀਆਂ ਟਾਇਲਾਂ ਦੇ ਛੋਟੇ ਮੋਟੇ ਟੁੱਕੜੇ, ਰੋੜੇ ਸੀਮੈਂਟ ਜਾਂ ਇੱਟਾਂ ਦੇ ਰੋੜੇ ਹੀ ਮਿਲ ਰਹੇ ਸਨ। ਕਦੇ ਸਮੇਂ ਸਨ ਜਦੋਂ, ਆਮ ਵਰਤੋਂ ਲਈ ਮਿੱਟੀ ਦੇ ਭਾਂਡੇ,ਕੁਨਾਲੀਆਂ(ਮਿੱਟੀ ਦੀਆਂ ਪਰਾਤਾਂ)ਪਿਆਲੇ, ਕਾੜ੍ਹਨੀਆਂ, ਛਕਾਲੇ ,ਹਾਂਡੀਆਂ,ਤੌੜੀਆਂ,ਚਾਟੀਆਂ, ਮੱਟ, ਮੱਟੀਆਂ, ਘੜੇ, ਗਾਗਰਾਂ, ਝੱਜਰੀਆਂ, ਸੁਰਾਹੀਆਂ, ਦੇਗਾਂ, ਚੱਪਨੀਆਂ, ਕੂੰਡੇ, ਝਾਂਵੇਂ,ਦੀਵੇ, ਬੁਘਣੀਆਂ, ਖਿਡਾਉਣੇ,ਤੇ ਹੋਰ ਵੀ ਕਈ ਚੀਜਾਂ ਵਸਤੂਆਂ ਜੋ ਚੀਕਣੀ ਮਿੱਟੀ ਤੋਂ ਬੜੀ ਕਰੜੀ ਮਿਹਣਤ ਨਾਲ ਤਿਆਰ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਤਿਆਰ ਕਰਦੇ ਕਿਸੇ ਕਾਰੀਗਰ ਦੇ ਦੋਵੇਂ ਪੈਰਾਂ ਦੇ ਤਾਲ ਮੇਲ ਨਾਲ ਘੁਮਾਏ ਜਾਂਦੇ ਚੱਕ ਅਤੇ ਹੱਥਾਂ ਦੇ ਹੁਨਰ ਦਾ ਕਮਾਲ ਹੀ ਕਿਹਾ ਜਾ ਸਕਦਾ ਹੈ।
ਫਿਰ ਇਨ੍ਹਾਂ ਨੂੰ ਬੜੇ ਤਰੀਕੇ ਨਾਲ ਲੱਕੜ ,ਲੱਕੜੀ ਜਾਂ ਕੋਈ ਸਾਧਣਾਂ ਅੱਗ ਦੇ ਸੇਕ ਨਾਲ ਪਕਾਇਆ ਜਾਂਦਾ ਸੀ। ਇਸ ਪਕਾਏ ਜਾਣ ਵਾਲੇ ਥਾਂ ਨੂੰ ਆਵੀ ਕਿਹਾ ਜਾਂਦਾ ਸੀ।ਇਹ ਕੰਮ ਆਮ ਤੌਰ ਤੇ ਘੁਮਿਆਰ ਲੋਕ ਕਰਿਆ ਕਰਦੇ ਸਨ।
ਉਨ੍ਹਾਂ ਸਮਿਆਂ ਵਿੱਚ ਇਨ੍ਹਾਂ ਮਿੱਟੀ ਦੇ ਭਾਂਡਿਆਂ ਦੀ ਭੰਨ ਤੋੜ ਹੋ ਜਾਣ ਕਰਕੇ ਠੀਕਰੀਆਂ ਆਮ ਹੀ ਮਿਲ ਜਾਂਦੀਆਂ ਸਨ।
ਠੀਕਰੀ,ਠੀਕਰ,ਠੀਕਰਾ,ਬੱਬਰ, ਜਾਂ ਬੱਬਰੀ, ਸਭਨਾਂ ਨੂੰ ਕਿਸੇ ਮਿੱਟੀ ਦੇ ਕਿਸੇ ਭਾਂਡੇ ਦੇ ਟੁੱਟੇ ਨਿੱਕੇ ਵੱਡੇ ਟੁਕੜੇ ਨੂੰ ਹੀ ਕਿਹਾ ਜਾਂਦਾ ਹੈ।
ਠੀਕਰੀਆਂ ਬਾਰੇ ਇੱਕ ਬੜੀ ਰੌਚਕ ਗੱਲ ਜੋ ਮੈਂ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ਉਹ ਇਹ ਕਿ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੇ ਬੋਲ ਬਾਲੇ ਬੜੇ ਅਜੀਬ ਤੇ ਹਸਾਉਣੇ ਤੇ ਚੁਟਕਲਿਆਂ ਵਰਗੇ ਵੀ ਹੁੰਦੇ ਹਨ, ਇਹ ਰੁੱਪਈਆਂ ਨੂੰ ਠੀਕਰੀਆਂ ਹੀ ਕਹਿੰਦੇ ਹਨ।
ਮੱਸਾ ਰੰਘੜ ਜਦੋਂ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਬੇਅਦਬੀ ਦਾ ਕੁਕਰਮ ਕਰ ਰਿਹਾ ਸੀ ਤਾਂ ਉਸ ਨੂੰ ਸੋਧਣ ਲਈ, ਭਾਈ ਸੁੱਖਾ ਸਿੰਘ,ਮਹਿਤਾਬ ਸਿੰਘ ਨਾਂ ਦੇ ਦੋ ਸਿੰਘ ਮੁਗਲਈ ਭੇਸ ਜਦੋਂ
ਮਾਮਲਾ ਤਾਰਣ ਦੇ ਬਹਾਨੇ ਉਸ ਕੋਲ ਗਏ ਤਾਂ ਉਨ੍ਹਾਂ ਬੋਰੀਆਂ ਵਿੱਚ ਮਾਇਆ ਦੀ ਥਾਂ ਠੀਕਰੀਆਂ ਹੀ ਭਰੀਆਂ ਹੋਈਆਂ ਸਨ।
ਠੀਕਰੀਆਂ ਬਾਰੇ ਸਿੱਖ ਇਤਹਾਸ ਵਿੱਚ ਇੱਕ ਹੋਰ ਕਥਾ ਵੀ,ਸੁਣਨ ਵਿੱਚ ਆਉਂਦੀ ਹੈ, ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਿ ਗੋਬਿੰਦ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਕਾਬਲ ਘੋੜੇ ਖ੍ਰੀਦਣ ਲਈ ਭੇਜਿਆ ਸੀ, ਉਸ ਵੇਲੇ ਦੀ ਘਟਨਾ ਵਿੱਚ ਵੀ ਠੀਕਰੀਆਂ ਦਾ ਜਿਕਰ ਆਉਂਦਾ ਹੈ।
ਹੋ ਸਕਦਾ ਹੈ , ਕਿ ਸਮਿਆਂ ਦੇ ਗੇੜ ਨਾਲ ਕਿਸੇ ਕਾਰਣ ਖਵਰੇ ਉਸ ਧਰਤੀ ਤੇ ਬਹੁਤੀਆਂ ਠੀਕਰੀਆਂ ਹੋਣ ਕਰਕੇ ਹੀ ਕਈ ਪਿੰਡਾਂ ਦੇ ਨਾਂ ਵੀ ਠੀਕਰੀ ਵਾਲ ਜਾਂ ਠੀਕਰੀ ਵਾਲਾ ਹੀ ਰੱਖੇ ਗਏ ਹੋਣ।
ਇਸੇ ਤਰ੍ਹਾਂ ਹੀ ਪਿੰਡਾਂ ਥਾਂਵਾਂ ਰਾਤ ਵੇਲੇ ਦੇ ਪਹਿਰੇ ਦਾ ਨਾਂ ਵੀ ਠੀਕਰੀ ਪਹਿਰਾ ਕਰਕੇ ਲਿਆ ਜਾਂਦਾ ਹੈ।
ਜਦੋਂ ਪਿੰਡ ਦੀ ਰਾਖੀ ਲਈ ਜਦੋਂ ਇਕ ਥਾਂ ਇਕੱਠੇ ਹੁੰਦੇ ਸਨ ਤਾਂ ਪਹਿਲਾ ਬੰਦੇ ਨੂੰ ਹੱਥ ਵਿੱਚ ਠੀਕਰੀ ਲੈ ਕੇ ਪਿੰਡ ਦੇ ਦੁਆਲੇ ਫੇਰਾ ਮਾਰ ਕੇ ਹੱਥਲੀ ਠੀਕਰੀ ਦੂਜੇ ਵਾਰੀ ਵਾਲੇ ਬੰਦੇ ਦੇ ਹੱਥ ਫੜਾ ਦਿੰਦਾ ਸੀ।ਇਸ ਤਰ੍ਹਾਂ ਇਸ ਪਹਿਰੇ ਦਾ ਨਾਂ ਠੀਕਰੀ ਪਹਿਰਾ ਹੀ ਪੈ ਗਿਆ ਜਾਪਦਾ ਹੈ ,ਜੋ ਹੁਣ ਤੀਕ ਚਲਿਆ ਆ ਰਿਹਾ ਹੈ।
ਸਮੇਂ ਦਾ ਪ੍ਰਿਵਰਤਣ ਹਮੇਸ਼ਾਂ ਆਪਣੇ ਰੰਗ ਵਿਖਾਂਦਾ ਆਇਆ ਹੈ ਤੇ ਵਿਖਾਂਦਾ ਰਹੇਗਾ। ਘਰ ਦੀ ਵਰਤੋਂ ਵਿੱਚ ਆਉਣ ਵਾਲੇ ਭਾਂਡੇ ਹੁਣ ਮਿੱਟੀ ਦੇ ਬਣੇ ਭਾਂਡਿਆਂ ਦੀ ਥਾਂ ਪਿੱਤਲ.ਤਾਂਬੇ,ਕੈਂਹ (ਕਾਂਸੀ) ਐਲੋਮੀਨੀਅਮ ਤੋਂ ਹੁੰਦੀ ਹੋਈ ਹੁਣ ਸਟੀਲ,ਪਲਾਸਟਿਕ ਕੱਚ ਆਦਿ ਵਿੱਚ ਪਹੁੰਚ ਗਈ ਹੈ।
ਲੋਕ ਧੜਾ ਧੜ ਪਿੱਤਲ ਦੇ ਭਾਂਡੇ ਬਾਜਾਰ ਸਸਤੇ ਭਾਅ ਦੇ ਕੇ ਹੁਣ ਸਟੀਲ ਆਦਿ ਬਣੇ ਬਰਤਨ ਵਰਤਣਾ ਪਸੰਦ ਕਰਨ ਲੱਗ ਪਏ ਹਨ। ਪਰ ਨਾਲੋ ਨਾਲ ਹਰ ਘਰ ਵਿੱਚ ਫਰਿਜ ਹੁੰਦੇ ਹੋਏ ਵੀ ਮਿੱਟੀ ਦੇ ਘੜੇ ਸੁਰਾਹੀਆਂ,ਝਜਰੀਆਂ ਦੇ ਠੰਡੇ ਪਾਣੀ ਲੂੰ ਤਰਜੀਹ ਦੇਣ ਲੱਗ ਪਏ ਹਨ।
ਨਵੀਆਂ ਨਵੀਆਂ ਕਿਸਮਾਂ ਬੜੀ ਸੁੰਦਰ ਦਿੱਖ ਵਾਲੇ ਇਹ ਮਿੱਟੀ ਦੇ ਭਾਂਡੇ ਸੜਕਾਂ ਦੇ ਕੰਢੇ ਜਾਂ ਦੁਕਾਨਾਂ ਵਿੱਚ ਖਾਸ ਕਰ ਗਰਮੀਆਂ ਦੇ ਮੌਸਮ ਵਿੱਚ ਆਮ ਵੇਖਣ ਨੂੰ ਮਿਲਦੇ ਹਨ।
ਘਰਾਂ ਵਿੱਚ ਲਿਆਉਣ ਤੇ ਵਰਤੋਂ ਕਰਦਿਆਂ ਇਨ੍ਹਾਂ ਦੀ ਟੁੱਟ ਭੱਜ ਵੀ ਨਾਲੋ ਨਾਲ ਹੁੰਦੀ ਹੀ ਰਹਿਣੀ ਹੈ ਤੇ ਹੁਣ ਠੀਕਰੀਆਂ ਵੀ ਕਿਤੇ ਨਾ ਕਿਤੇ ਮਿਲ ਹੀ ਜਾਇਆ ਕਰਨਗੀਆਂ।
ਵੈਸੇ ਠੀਕਰੀ ਵੇਖਣ ਨੂੰ ਤਾਂ ਭਾਂਵੇਂ ਨਿਗੂਣੀ ਜਿਹੀ ਸ਼ੈਅ ਲਗਦੀ ਹੈ,ਪਰ ਲੋੜ ਪੈਣ ਤਾਂ ਜਿਵੇਂ ਸਿਆਣੇ ਕਹਿੰਦੇ ਨੇ ਕਿ ਕੱਖ ਦੀ ਵੀ ਕੀਮਤ ਵੀ ਹੁੰਦੀ ਹੈ, ਇਹ ਤਾਂ ਫਿਰ ਹੋਈ ਠੀਕਰੀ ਜਾਂ ਠੀਕਰੀਆਂ,ਜੋ ਕਿਸੇ ਭਾਂਡੇ ਦੀ ਉਮਰ ਬੀਤ ਜਾਣ ਤੇ ਵੀ ਛੋਟੇ ਮੋਟੇ ਟੁਕੜਿਆਂ ਵਿੱਚ ਠੀਕਰੀ ਜਾਂ ਠੀਕਰੀਆਂ ਹੋ ਕੇ ਵੀ ਮਨੁੱਖ ਦੇ ਕੰਮ ਆਉਂਦੀਆਂ ਹਨ।
ਰਵੇਲ ਸਿੰਘ ਇਟਲੀ
ਟੌਫੀਆਂ ਵਾਲਾ ਭਾਪਾ - ਰਵੇਲ ਸਿੰਘ ਇਟਲੀ
ਚੌਦਾਂ ਸਾਲ ਦੇ ਲੰਮੇ ਸਮੇਂ ਪਿੱਛੇਂ ਵਿਦੇਸ਼ ਵਿੱਚ ਆਪਣਿਆਂ ਬੱਚਿਆਂ ਕੋਲ ਰਹਿਕੇ ਜਦੋਂ ਉਹ ਆਪਣੇ ਪਿੰਡ ਪਰਤਿਆ ਤਾਂ ਉਸ ਦੇ ਸਾਦ ਮੁਰਾਦੇ ਪਿੰਡ ਤੇ ਹਰ ਪੱਖੋਂ ਬਹੁਤ ਨਿਖਾਰ ਆਇਆ ਹੈ।
ਕੱਚਿਆਂ ਕੋਠਿਆਂ ਤੇ ਢਾਰਿਆਂ ਦੀ ਥਾਂ ਹੁਣ ਉੱਚੀਆਂ ਉੱਚੀਆਂ ਦੋ ਦੋ ਤਿੰਨ ਮੰਜ਼ਲਾਂ ਵਾਲੀਆਂ ਕੋਠੀਆਂ ਨੇ ਲੈ ਲਈ ਹੈ। ਵੇਖਾ ਵੇਖੀ ਹੋਰ ਵੀ ਧੜਾ ਧੜ ਨਵੇਂ ਨਵੇਂ ਨਮੂਨਿਆਂ ਦੇ ਘਰ ਬਣਾਏ ਜਾ ਰਹੇ ਹਨ।
ਜਿੱਥੇ ਕਦੇ ਪਿੰਡ ਦੇ ਗੜ੍ਹੇ ਹੁੰਦੇ ਸਨ, ਉੱਥੇ ਹਰ ਕਿਸਮ ਦੀਆਂ ਦੁਕਾਨਾਂ ਬਣ ਗਈਆਂ ਹਨ,ਜੋ ਹੁਣ ਮਾੜੇ ਮੋਟੇ ਬਾਜਾਰ ਵਰਗੀਆਂ ਲਗਦੀਆਂ ਹਨ। ਪਿੰਡ ਵਿੱਚ ਬੜੇ ਆਲੀ ਸ਼ਾਨ ਬਣੇ ਗੁਰਦੁਵਾਰੇ ਤੇ ਅਰਸ਼ਾਂ ਨੂੰ ਛੁਹੰਦਾ ਝੂਲਦਾ ਨਿਸ਼ਾਨ ਸਾਹਿਬ, ਇਸ ਦੇ ਇਲਾਵਾ ਮੰਦਰ,ਧਰਮ ਸ਼ਾਲਾ, ਤੇ ਈਸਾਈ ਧਰਮ ਦਾ ਗਿਰਜਾ ਵੀ ਬਣ ਗਿਆ ਹੈ।
ਜਦੋਂ ਉਹ ਵਿਦੇਸ਼ ਗਿਆ ਸੀ ਓਦੋਂ ਪਿੰਡ ਦਾ ਕੋਈ ਟਾਂਵਾਂ ਟਾਂਵਾਂ ਬੰਦਾ ਹੀ ਵਿਦੇਸ਼ ਗਿਆ ਸੀ ,ਪਰ ਹੁਣ ਤਾਂ ਤਕਰੀਬਨ ਹਰ ਘਰ ਵਿੱਚੋਂ ਕੋਈ ਨਾ ਕੋਈ ਜੀਅ ਵਿਦੇਸ਼ ਚਲਾ ਗਿਆ ਹੈ।
ਜਿਸ ਕਰਕੇ ਉਸ ਦਾ ਪਿੰਡ ਹੁਣ ਹਰ ਪੱਖੋਂ ਚੜ੍ਹਦੀਆਂ ਕਲਾਂ ਵਿੱਚ ਜਾ ਹੈ।
ਦੇਸ਼ ਦੀ ਵੰਡ ਵੇਲੇ ਮੁਸਲਮਾਨ ਭਰਾ ਪਾਕਿਸਤਾਨ ਹਿਜਰਤ ਕਰ ਤੇ ਚਲੇ ਗਏ ਪਰ ਉਨ੍ਹਾਂ ਦੇ ਕਿਸੇ ਵੇਲੇ ਦੇ ਇੱਸ ਪਿੰਡ ਦੇ ਚੜ੍ਹਦੇ ਉੱਤਰ ਵੱਲ ਇਕ ਵੱਡਾ ਕਬਰਸਤਾਨ ਸੀ ਜੋ ਹੁਣ ਵੀ ਹੈ। ਚੱਕ ਬੰਦੀ ਵੇਲੇ ਈਸਾਈ ਬਿਰਾਦਰੀ ਲਈ ਇਸ ਦੇ ਨਾਲ ਦਾ ਕੁਝ ਹਿੱਸਾ ਵੱਖਰਾ ਕਰ ਦਿੱਤਾ ਗਿਆ।ਬਾਕੀ ਦਾ ਵਕਫ ਬੋਰਡ ਦੇ ਕੰਟਰੋਲ ਹੇਠ ਆ ਜਾਣ ਕਰਕੇ ਲੋੜ ਵੰਦ ਲੋਕਾਂ ਨੂੰ ਲੀਜ਼ ਤੇ ਦੇ ਦਿੱਤਾ ਗਿਆ।
ਪਰ ਪਿੰਡ ਦੇ ਨਾਲ ਲਗਦੀਆਂ ਫਕੀਰਾਂ ਦੇ ਦੋ ਮਜਾਰ ਹਨ ਜੇ ਪਿੰਡ ਲੋਕਾਂ ਦੀ ਆਸਥਾ ਕਰ ਕੇ ਜਿਉਂ ਦੇ ਤਿਉਂ ਬਣੇ ਆ ਰਹੇ ਹਨ।ਜਿਨਾਂ ਤੇ ਹਰ ਵੀਰ ਵਾਰ ਨੂੰ ਲੋਕ ਆਪੋ ਆਪਣੀਆਂ ਮੰਨਤਾਂ ਮੰਨਦੇ ਹਨ, ਚਰਾਗ ਬਾਲਦੇ ਨਿਆਜ਼ ਚੜ੍ਹਾਉਂਦੇ ਹਨ।
ਇਨ੍ਹਾਂ ਵਿੱਚ ਕੁਝ ਐਸੇ ਨੌਜੁਆਨ ਵੀ ਹਨ ਜੋ ਹੁਣ ਇਥੇ ਮੰਨਤਾਂ ਮੰਨ ਕੇ ਹੁਣ ਅਮੀਰ ਦੇਸ਼ਾਂ ਵਿੱਚ ਚਲੇ ਗਏ ਹਨ, ਜਿਨ੍ਹਾਂ ਦੀ ਆਸਥਾ ਇਨ੍ਹਾਂ ਮਜਾਰਾਂ ਨਾਲ ਜੁੜੀ ਹੋਈ ਹੈ,ਜੋ ਇਨ੍ਹਾਂ ਦੀ ਸੁਹਣੀ ਦਿੱਖ ਬਣਾਉਣ ਵਾਸਤੇ ਅਤੇ ਹੋਰ ਰੌਣਕਾਂ ਵਧਾਉਣ ਵਾਸਤੇ ਬਾਹਰੋਂ ਇਨ੍ਹਾਂ ਨਮਿੱਤ ਪੈਸੇ ਭੇਜਦੇ ਰਹਿੰਦੇ ਹਨ ਤੇ ਆਪ ਵੀ ਇਨਾਂ ਰੌਣਕਾਂ ਭਰੇ ਮਾਹੌਲ ਦੇ ਨਜਾਰੇ ਵੇਖਣ ਲਈ ਆਉਂਦੇ ਜਾਂਦੇ ਰਹਿੰਦੇ ਹਨ।
ਉਨ੍ਹਾਂ ਨੇ ਰਲ਼ ਮਿਲ ਕੇ ਕੁਝ ਨੌ ਜਵਾਨਾਂ ਦੀ ਕਮੇਟੀ ਵੀ ਬਣਾਈ ਹੋਈ ਹੈ।ਜੋ ਇਨ੍ਹਾਂ ਦੇ ਭੇਜੇ ਹੋਏ ਪੈਸਿਆਂ ਨਾਲ ਤੇ ਹੋਰ ਸ਼ਰਧਾਲੂਆਂ ਦੇ ਦਿੱਤੇ ਦਾਨ ਨਾਲ ਇਨ੍ਹਾਂ ਦੋ ਮਜਾਰਾਂ ਦੇ ਨਾਲ ਖੁਲ੍ਹੇ ਕਮਰੇ ਅਤੇ ਕਿਸੇ ਮੁਸਲਮਾਨ ਪੀਰ ਫਕੀਰ ਦੀ ਦਰਗਾਹ ਵਰਗਾ ਉੱਚਾ ਹਰੇ ਰੰਗ ਦਾ ਗੁੰਬਦ ਵੀ ਬਣਵਾਇਆ ਹੋਇਆ ਹੈ,ਜਿੱਥੇ ਹਰ ਸਾਲ ਭੰਡਾਰਾ ਲਗਦਾ ਹੈ,ਦੂਰੋਂ ਦੂਰੋਂ ਕੱਵਾਲ ਆਉਂਦੇ ਹਨ। ਮੇਲੇ ਵਰਗਾ ਰੌਣਕਾਂ ਦਾ ਮਾਹੌਲ ਬਣ ਜਾਂਦਾ ਹੈ।
ਇਸ ਦੇ ਨਾਲ ਇਸ ਦੇ ਨਾਲ ਹੀ ਇੱਕ ਐਨ.ਆਰ ਆਈ, ਦੀ ਲਗ ਪਗ ਏਕੜ ਕੁ ਭੂਮੀ ਹੈ ਜੋ ਲਗ ਪਗ ਸਾਰਾ ਸਾਲ ਹੀ ਖਾਲੀ ਪਈ ਰਹਿੰਦੀ ਹੈ ਉਸ ਵਿੱਚ ਕਬੱਡੀ , ਤੇ ਕੁਸ਼ਤੀਆਂ ਹੁੰਦੀਆਂ ਹਨ।ਦੂਰ ਦੁਰਾਡਿਉਂ ਨਾਮੀ ਕਬੱਡੀ ਖਿਡਾਰੀ , ਤੇ ਪਹਿਲਵਾਨ ਆ ਕੇ ਆਪੋ ਆਪਣੀਆਂ ਕਬੱਡੀ ਤੇ ਕੁਸ਼ਤੀਆਂ ਦੇ ਕਰਤਬ ਵਿਖਾਉਂਦੇ ਹਨ।
ਇਸ ਮੇਲੇ ਦੇ ਖਾਤਮੇ ਤੇ ਕਬੱਡੀ ,ਕੁਸ਼ਤੀਆਂ ਵਾਲੀ ਅਖਾੜੇ ਵਾਲੀ ਜ਼ਮੀਨ ਪਹਿਲਾਂ ਵਾਂਗ ਫਿਰ ਖਾਲੀ ਹੋ ਜਾਂਦੀ ਹੈ,ਜਿਸ ਵਿੱਚ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਪੈ ਜਾਣ ਕਰਕੇ ਛੋਟੇ ਛੋਟੇ ਬੱਚੇ ਜਿਨ੍ਹਾਂ ਵਿੱਚ ਲਗ ਪਗ ਹਰ ਜਾਤ ਧਰਮ ਦੇ ਬੱਚੇ ਨੱਚਦੇ ਟੱਪਦੇ ਖੇਡ ਗਰਾਉਂਡ ਬਣਾ ਕੇ ਖੇਡਦੇ ਹਨ।
ਹੋਰ ਤਾਂ ਹੋਰ ਇਸ ਦੇ ਨਾਲ ਲਗਦੇ ਗੁੱਜਰ ਬਿਰਾਦਰੀ ਦੇ ਡੇਰਿਆਂ ਦੇ ਬੱਚੇ ਵੀ ਸ਼ਾਮਿਲ ਹੁੰਦੇ ਹਨ, ਵਿਦੇਸ਼ੋਂ ਆਏ ਇੱਕ ਵਡੇਰੀ ਉਮਰ ਦੇ ਸ਼ਖਸ ਦੇ ਖੇਤ ਵੀ ਇਸ ਜਗ੍ਹਾ ਦੇ ਨਾਲ ਹੀ ਲਗਦੇ ਹਨ, ਉਹ ਜਦੋਂ ਦਾ ਕੁਝ ਸਮੇਂ ਤੋਂ ਆਪਣੇ ਪਿੰਡ ਆਇਆ ਹੋਇਆ ਤੇ ਜਦੋਂ ਆਪਣੇ ਖੇਤਾਂ ਵੱਲ ਫੇਰਾ ਮਾਰਣ ਜਾਂਦਾ ਹੈ ਤਾਂ ਉਹ ਉਨ੍ਹਾਂ ਨੂੰ ਖੇਡਦੇ ਵੇਖਣ ਲਈ ਉਥੇ ਕਿੰਨਾ ਕਿੰਨਾ ਚਿਰ ਖਲੋ ਕੇ ਵੇਖਦਾ ਰਹਿੰਦਾ ਹੈ।ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ।ਕਿਉਂਜੋ ਵਿਦੇਸ਼ ਰਹਿੰਦਿਆਂ ਓਥੇ ਉਸ ਨੇ ਬੱਚਿਆਂ ਨੂੰ ਖੁਸ਼ ਰੱਖਣ ਵਾਲੇ ਕਈ ਤਿਓਹਾਰ ਵੇਖੇ ਹਨ।
ਜਦੋਂ ਉਹ ਜਾਂਦਾ ਹੈ ਤਾਂ ਬੱਚੇ ਬੜੇ ਪਿਆਰ ਨਾਲ, ਜਦੋਂ ਭਾਪਾ ਪੈਰੀਂ ਪਏ ਕਹਿੰਦੇ ਹੋਏ ਜਦੋਂ ਉਸ ਨੂੰ ਵਾਰੀ ਵਾਰੀ ਆ ਕੇ ਮੱਥੇ ਟੇਕਦੇ ਹਨ ਤਾਂ ਉਹ ਵੀ ਅਸ਼ੀਰ ਵਾਦਾਂ ਦੀ ਝੜੀ ਤਾਂ ਲਾ ਹੀ ਦੇਂਦਾ ਹੈ, ਪਰ ਜਦੋਂ ਜੇਠ ਹਾੜ ਦੀਆਂ ਧੁੱਪਾਂ ਦੀਆਂ ਸ਼ਾਮਾਂ ਨੂੰ ਮਿੱਟੀ ਘੱਟੇ ਨਾਲ ਲਿੱਬੜੇ,ਮੁੜ੍ਹਕੇ ਦੀ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਨੂੰ ਖੇਡਦੇ ਵੇਖ ਕੇ ਸੋਚਦਾ ਕਿ ਇਨ੍ਹਾਂ ਵਿੱਚੋਂ ਵੀ ਇਕ ਨਾ ਇਕ ਦਿਨ ਕੋਈ ਨਾ ਕੋਈ ਜ਼ਰੂਰ ਕੋਈ ਵਧੀਆ ਖਿਲਾੜੀ ਬਣ ਕੇ ਉੱਭਰੇ ਗਾ।
ਇਕ ਦਿਨ ਰੋਜ਼ ਵਾਂਗ ਇਹ ਦਸ ਯਾਰਾਂ ਬੱਚਿਆਂ ਦੀ ਟੋਲੀ ਜਦੋਂ ਸਾਉਣ ਮਹੀਨੇ ਵਰਖਾ ਹੋ ਰਹੀ ਸੀ ਤੇ ਸਾਰੇ ਜਲ ਥਲ ਹੋ ਗਿਆ ਸੀ,ਗਲੀਆਂ ਵਿੱਚ ਵਗਦੇ ਬਰਸਾਤ ਦੇ ਪਾਣੀ ਵਿੱਚ ਨੱਚਦੇ ਟੱਪਦੇ, ਕਲੋਲਾਂ ਕਰਦੇ ਉਸ ਦੇ ਗੇਟ ਅੱਗਿਉਂ ਲੰਘ ਰਹੇ ਸਨ ਤਾਂ ਉਹ ਉਨ੍ਹਾਂ ਦੀ ਰੌਲੀ ਸੁਣ ਕੇ ਆਪਣਾ ਗੇਟ ਖੋਲ੍ਹ ਕੇ ਉਨ੍ਹਾਂ ਵੱਲ ਵੇਖ ਰਿਹਾ ਸੀ ਤਾਂ ਉਨ੍ਹਾਂ ਝੱਟ ਉਸ ਨੂੰ ਪਛਾਣ ਲਿਆ ਕੇ ਅੱਗੇ ਵਾਂਗ ਉਸ ਨੂੰ ਵਾਰੀ ਵਾਰੀ ਮੱਥਾ ਟੇਕ ਕੇ ਜਾਣ ਲੱਗੇ ਤਾਂ ਉਹ ਉਨ੍ਹਾਂ ਨੂੰ ਕਹਿਣ ਲੱਗਾ ਕਿ ਇਥੇ ਹੀ ਠਹਿਰੋ ਜ਼ਰਾ ਮੈਂ ਤੁਹਾਡੇ ਖਾਣ ਨੂੰ ਹੁਣੇ ਲੈ ਕੇ ਆਇਆਂ, ਉਹ ਅੰਦਰ ਗਿਆ ਤੇ ਬਾਹਰੋਂ ਲਿਆਂਦੀਆਂ ਟਾਫੀਆਂ ਦਾ ਪੈਕਟ ਫੜੀ ਬਾਹਰ ਆਇਆ ਤੇ ਸਾਰਿਆਂ ਨੂੰ ਦੋ ਦੋ ਟਾਫੀਆਂ ਖਾਣ ਲਈ ਦਿੱਤੀਆਂ, ਬੱਚੇ ਖੁਸ਼ ਹੋ ਕੇ ਟਾਫੀਆਂ ਖਾਂਦੇ ਨੱਚਦੇ ਟੱਪਦੇ ਕਦਾੜੀਆਂ ਮਾਰਦੇ ਇਕ ਦੂਜੇ ਦੇ ਅੱਗੇ ਪਿੱਛੇ ਦੌੜਦੇ ਅਗਲੀ ਗਲੀ ਮੁੜ ਗਏ।
ਹੁਣ ਉਹ ਜਦੋਂ ਉਸ ਗਲੀ ਵਿੱਚੋਂ ਮੌਜਾਂ ਮਸਤੀਆਂ ਕਰਦੇ ਲੰਘਦੇ ਹਨ ਤਾਂ ਬਾਹਰੋਂ ਹੀ ਉਸ ਦੇ ਘਰ ਦੀ ਬੈੱਲ ਵਜਾ ਕੇ ਭਾਪਾ ਪੈਰ ਪਏ ਕਹਿੰਦੇ ਬੂਹੇ ਅੱਗੇ ਰੁਕ ਜਾਂਦੇ ਹਨ,ਭਾਪਾ ਉਨ੍ਹਾਂ ਦਾ ਮਤਲਬ ਸਮਝ ਜਾਂਦਾ ਹੈ ਤੇ ਅੰਦਰੋਂ ਟਾਫੀਆਂ ਲੈ ਕੇ ਹਾਜ਼ਰ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਵੰਡਣ ਲੱਗ ਜਾਂਦਾ ਹੈ।ਇਸੇ ਤਰ੍ਹਾਂ ਜਦੋਂ ਵੀ ਬੱਚੇ ਉਸ ਦੀ ਗਲੀ ਵਿੱਚੋਂ ਜਦੋਂ ਵੀ ਲੰਘਣ,ਉਹ ਉਨ੍ਹਾਂ ਨੂੰ ਟਾਫੀਆਂ ਵੰਡਣੋਂ ਨਹੀਂ ਖੁੰਝਦਾ,ਇਸ ਤਰ੍ਹਾਂ ਹੁਣ ਉਹ ਇਨ੍ਹਾਂ ਬੱਚਿਆਂ ਵਿੱਚ ,ਟੌਫੀਆਂ ਵਾਲਾ ਭਾਪਾ, ਕਰਕੇ ਜਾਣਿਆ ਜਾਂਦਾ ਹੈ।
ਹੁਣ ਜਦੋਂ ਵੀ ਉਹ ਆਪਣੇ ਖੇਤਾਂ ਵੱਲ ਫੇਰਾ ਮਾਰਣ ਜਾਂਦਾ ਹੈ ਤਾਂ ਗਰਾਉਂਡ ਵਿੱਚ ਸਾਰੇ ਬੱਚੇ ਵਾਰੀ ਵਾਰੀ ਆ ਕੇ ਉਸ ਨੂੰ ਜਦੋਂ ਮੱਥੇ ਟੇਕਦੇ ਹਨ ਤਾਂ ਉਹ ਬੜੇ ਲਾਡ ਪਿਆਰ ਨਾਲ ਉਨਾਂ ਦੇ ਮਿੱਟੀ ਘੱਟੇ ਤੇ ਮੁੜ੍ਹਕੇ ਨਾਲ ਲਿਬੜੇ ਮੂੰਹ ਮੱਥੇ ਚੁੰਮਦਾ ਤੇ ਅਸੀਸਾਂ ਦੇਂਦਾ ਆਪਣੇ ਖੇਤਾਂ ਵੱਲੋਂ ਫੇਰਾ ਮਾਰ ਕੇ ਜਦੋਂ ਘਰ ਆ ਕੇ ਆਰਾਮ ਕਰਦਾ ਹੈ ਤਾਂ ਸ਼ਾਮਾਂ ਨੂੰ ਉਨ੍ਹਾਂ ਦੇ ਆ ਕੇ ਗੇਟ ਦੀ ਬੈੱਲ ਖੜਕਾਉਣ ਦੀ ਬਿੜਕ ਵੀ ਰੱਖਦਾ ਹੈ ਕਿ ਬੱਚੇ ਕਦੋਂ ਆਉਣ ਅਤੇ ਕਦੋਂ ਉਹ ਉਨ੍ਹਾਂ ਨੂੰ ਟਾਫੀਆਂ ਵੰਡੇ।
ਭਾਂਵੇਂ ਸਾਰਾ ਪਿੰਡ ਉਸ ਦਾ ਸਤਿਕਾਰ ਕਰਦਾ ਹੈ ਪਰ ਬੱਚਿਆਂ ਦਾ ਪਿਆਰ ਟਾਫੀਆਂ ਵਾਲੇ ਭਾਪੇ ਲਈ ਉਸ ਦੇ ਪਿੰਡ ਆਉਣ ਤੇ ਉਸ ਨੂੰ ਬਹੁਤ ਅਰਥ ਭਰਪੂਰ ਤੇ ਬਹੁ ਮੁੱਲਾ ਜਾਪਦਾ ਹੈ।
ਇਹ ਸੋਚ ਕੇ ਉਸ ਦਾ ਮਨ ਮੁੜ ਵਿਦੇਸ਼ ਜਾਣ ਨਹੀਂ ਕਰਦਾ,ਪਰ ਸਮੇਂ ਦੀ ਚਾਲ ਦਾ ਕੀ ਪਤਾ ਉਹ ਟਾਫੀਆਂ ਵਾਲੇ ਭਾਪੇ ਨੂੰ ਕਿੱਧਰ ਨੂੰ ਲੈ ਤੁਰੇ ਪਰ ਹਾਲ ਦੀ ਘੜੀ ਉਹ ਆਪਣੇ ਪਿੰਡ ਦੇ ਲੋਕਾਂ ਨਾਲ ਖਾਸ ਕਰ ਕੇ ਇਨ੍ਹਾਂ ਫੁੱਲਾਂ ਵਰਗੇ ਹਾਸੇ ਖੇੜੇ,
ਅੱਠਖੇਲੀਆਂ , ਬਚਪਨ ਦੀਆਂ ਮਹਿਕਾਂ ,ਸੁਗੰਧੀਆਂ ਵੰਡਦੇ, ਪਿਆਰੇ ਪਿਆਰੇ ਬੱਚਿਆਂ ਵਿੱਚ ਰਹਿ ਕੇ ਬਹੁਤ ਖੁਸ਼ ਹੈ।
ਵਾਰਿਸ ਸ਼ਾਹ ਨੂੰ ਯਾਦ ਕਰਦਿਆਂ - ਰਵੇਲ ਸਿੰਘ ਇਟਲੀ
ਕਿੱਸੇ ਹੀਰ ਦੇ ਲਿਖੇ ਨੇ ਹੋਰ ਕਈਆਂ,
ਵਾਰਿਸ ਸ਼ਾਹ ਦੇ ਲਿਖੇ ਦੀ ਰੀਸ ਕੋਈ ਨਾ।
ਕਿੱਸੇ ਪਿਆਰ ਦੇ ਲਿਖੇ ਨੇ ਬਹੁਤ ਸ਼ਾਇਰਾਂ,
ਵਾਰਿਸ ਸ਼ਾਹ ਦੇ ਵਿਸ਼ੇ ਦੀ ਰੀਸ ਕੋਈ ਨਾ।
ਜਿਵੇਂ ਹਿਜਰ ਦੇ ਗੰਮਾਂ ਦੀ ਬਾਤ ਪਾਈ,
ਵਾਰਸ ਸ਼ਾਹ ਦੇ ਹਿੱਸੇ ਦੀ ਰੀਸ ਕੋਈ ਨਾ।
ਹੂਕ ਵੰਝਲੀ ਦੀ, ਕੂਕੀ ਬੇਲਿਆਂ ਵਿੱਚ,
ਜ਼ਖਮ ਹਿਜਰ ਦੇ ਰਿਸੇ ਦੀ ਰੀਸ ਕੇਈ ਨਾ।
ਮੰਗੂ ਚਾਰਨੇ, ਇਸ਼ਕ ਦੀ ਕੈਦ ਅੰਦਰ,
ਸਮੇ ਕੈਦ ਦੇ ਮਿਥੇ ਦੀ ਰੀਸ ਕੋਈ ਨਾ।
ਕਿਵੇਂ ਕੈਦੋ ,ਕਲਹਿਣੇ, ਦੀ ਗੱਲ ਕੀਤੀ,
ਕੰਡੇ ਰਾਹਾਂ,ਚ ਵਿਛੇ ਦੀ ਰੀਸ ਕੋਈ ਨਾ।
ਕੋਝੀ ਵੰਡ ਭਰਾਂਵਾ ਸੀ, ਕਿਵੇਂ ਕੀਤੀ,
ਬੰਜਰ ਖੇਤ ਦੇ ਕਿੱਤੇ ਦੀ ਰੀਸ ਕੋਈ ਨਾ।
ਕਿਵੇਂ ਹੀਰ ਤੇ ਰਾਂਝੇ ਦੀ, ਕਥਾ ਛੇੜੀ,
ਇਸ਼ਕ,ਰੋਗ,ਵਿੱਚ ਹਿਸੇ ਦੀ ਰੀਸ ਕੋਈ ਨਾ।
ਪੱਟ ਚੀਰ ਕੇ ,ਹੀਰ ਲਈ ਮਾਸ ਭੁੰਨੇ,
ਚੱਕੀ ਪਿਆਰ ਦੀ ਪਿਸੇ ਦੀ ਰੀਸ ਕੋਈ ਨਾ।
ਵਾਰਿਸ ਸ਼ਾਹ ਵੀ ਆਪ ਸੀ ਪਿਆਰ ਰੇਗੀ,
,ਭਾਗ ਭਰੀ, ਦੇ ਪਿੱਛੇ ਦੀ ਰੀਸ ਕੋਈ ਨਾ।
ਹੀਰ ਅਮਰ ਹੋ ਗਈ ਵਾਰਿਸ ਸ਼ਾਹ ਕਰਕੇ,
ਰਾਂਝੇ ਇਸ਼ਕ ਵਿੱਚ, ਵਿਛੇ ਦੀ ਰੀਸ ਕੋਈ ਨਾ।
ਉਸ ਨੇ ਰੂਹ, ਕਲਬੂਤ, ਦੀ ਕਥਾ ਛੇੜੀ,
ਰੱਬੀ ਰੰਗ ਵਿੱਚ, ਲਿਖੇ ਦੀ ਰੀਸ ਕੋਈ ਨਾ।
ਉਸ ਨੇ ਦਰਦ ਫਿਰਾਕ ਦੀ ਜੰਗ ਵਿਢੀ,
ਅਜਬ ਬਾਨ੍ਹਣੂੰ ਕਿਲੇ ਦੀ ਰੀਸ ਕੋਈ ਨਾ।
ਵਾਰਿਸ ਸ਼ਾਹ ਦੀ ਕਲਮ ਦਾ ਹੁਨਰ ਡਾਢਾ,
ਉਸਦੀ ਸੁਰਤ,ਵਿੱਚ ਟਿਕੇ ਦੀ ਰੀਸ ਕੋਈ ਨਾ।
ਮਿਲਦਾ ਮਾਨ ਸਨਮਾਨ ਹੈ ਸ਼ਾਇਰਾਂ ਨੂੰ,
ਵਾਰਿਸ ਸ਼ਾਹ ਨੂੰ ਮਿਲੇ ਦੀ ਰੀਸ ਕੋਈ ਨਾ।
ਨਗਮਾ ਸਦਾ ਅਧੂਰਾ ਹੁੰਦਾ - ਰਵੇਲ ਸਿੰਘ
ਨਗਮਾ ਸਦਾ ਅਧੂਰਾ ਹੁੰਦਾ, ਰਬਾਬ ਬਿਣ।
ਚਲਦੇ ਨਾ ਕਾਰੋਬਾਰ, ਕੀਤੇ ਹਿਸਾਬ ਬਿਣ।
ਮੋਸਮ ਨਹੀਂ ਸਜਦੇ, ਮਹਿਕਾਂ ਸ਼ਬਾਬ ਬਿਣ ।
ਕਿਸ ਕੰਮ ਦੇ ਨੇ ਦੇਸ਼ ਰਾਵੀ ਚਨਾਬ ਬਿਣ।
ਬਣਦੀ ਨਹੀਂ ਸੈਨਾ, ਹਾਕਮ ਨਵਾਬ ਬਿਣ।
ਸਜਦੇ ਨਹੀਂ ਨੇ ਸੂਰਮੇ, ਦਿਤੇ ਖਿਤਾਬ ਬਿਣ।
ਸੁਹੰਦੀ ਨਹੀਂ ਮਹਿਫਲ ਸ਼ਾਇਰ ਆਦਾਬ ਬਿਣ।
ਕਲਮਾਂ ਦਾ ਮੁੱਲ ਕਾਹਦਾ, ਹੁੰਦਾ ਕਤਾਬ ਬਿਣ।
ਬਣਦਾ ਨਹੀਂ ਖਿਆਲ, ਸੁੰਦਰ ਖਵਾਬ ਬਿਣ ।
ਕਿਸ ਕੰਮ ਹੈ ਇਹ ਭਾਰਤ,ਰੰਗਲੇ ਪੰਜਾਬ ਬਿਣ।
ਖੋਹਵੋ ਨਾ ਇਸਦਾ ਪਾਣੀ ਬੰਜਰ ਹੈ ਆਬ ਬਿਣ।
Pl ਇੱਕ ਮਾਈ ਰੱਬ ਰਜਾਈ - ਰਵੇਲ ਸਿੰਘ
ਕੁਝ ਦਿਨ ਹੋਏ ਇਕ ਨੇੜਲੇ ਸੰਬੰਧੀ ਦੇ ਅਕਾਲ ਚਲਾਣੇ ਤੇ ਉਸ ਦੀ ਮਾਤਮ ਪੁਰਸੀ ਤੇ ਸਸਕਾਰ ਲਈ ਜਾਣ ਦਾ ਮੌਕਾ ਮਿਲਿਆ। ਸਸਕਾਰ ਕਰਨ ਤੋਂ ਬਾਅਦ ਹੋਰ ਤਾਂ ਉਸ ਦੀ ਅੰਤਮ ਅਰਦਾਸ ਲਈ ਗੁਰਦੁਆਰੇ ਚਲੇ ਗਏ, ਪਰ ਆਪਣੀ ਉਮਰ ਅਤੇ ਜ਼ਿਆਦਾ ਦੇਰ ਬੈਠਣ ਜਾਂ ਖਲੋਣ ਦੀ ਮਜਬੂਰੀ ਕਾਰਣ ਮਾਰਗ ਵਾਲੇ ਘਰ ਹੀ ਆਉਣਾ ਠੀਕ ਸਮਝਿਆ।ਉੱਥੇ ਘਰ ਵਿੱਚ ਹੋਰ ਵੀ ਕਈ ਲੋਕ ਬੈਠੇ ਕੁਝ ਗੱਲਾਂ ਬਾਤਾਂ ਕਰ ਰਹੇ ਸਨ।ਇਨ੍ਹਾਂ ਵਿੱਚ ਇੱਕ ਬਿਰਧ ਮਾਈ ਜੋ ਬਹੁਤ ਹੀ ਧਾਰਮਕ ਵਿਚਾਰਾਂ ਵਾਲੀ ਵੀ ਕੁਰਸੀ ਤੇ ਬੈਠੀ ਹੋਈ ਗੱਲਾਂ ਬਾਤਾਂ ਕਰ ਰਹੀ ਸੀ, ਜੋ ਮੇਰੀ ਖਿੱਚ ਦਾ ਕਾਰਣ ਬਣੀ ਹੋਈ ਸੀ।
ਪਚਾਸੀ ਕੁ ਸਾਲ ਦੀ ਉਮਰ ਦੀ ਅਮ੍ਰਿਤ ਧਾਰੀ ਇੱਕ ਮਾਈ ਕਨਕ ਵੰਨਾ ਰੰਗ,ਅੱਖਾਂ ਵਿੱਚ ਇਕ ਖਾਸ ਚਮਕ,ਸਿਰ ਦੇ ਕੇਸਰੀ ਦੁਪੱਟਾ,ਗੱਲ ਗੱਲ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ, ਅਤੇ ਇਸ ਮਾਈ ਦਾ ਗੱਲੇ ਗੱਲੇ ਇਹ ਕਹਿਣਾ ਕਿ ਬਾਜਾਂ ਵਾਲੇ ਨੇ ਮੈਨੂੰ ਹੱਥ ਦੇ ਕੇ ਬਚਾ ਲਿਆ ਕਹਿਣ ਦਾ ਉਸ ਦਾ ਮਨ ਮੋਹਣਾ ਅੰਦਾਜ਼ ਵੇਖ ਕੇ ਉੱਸ ਦੇ ਬੋਲ ਜਿਵੇਂ ਮਨ ਨੂੰ ਟੁੰਬ ਗਏ। ਇੱਥੇ ਬੈਠੇ ਮੇਰਾ ਉਸ ਨਾਲ ਕੁਝ ਗੱਲ ਬਾਤ ਕਰਨ ਦਾ ਜੀਅ ਕਰਦਾ ਸੀ।
ਮੈਂ ਉਸ ਨੂੰ ਕਿਹਾ ਕਿ ਮਾਤਾ ਜੀ ਮੇਰੇ ਤੁਹਾਡੀਆਂ ਗੱਲਾਂ ਸੁਣਨ ਲਈ ਮਨ ਕਰਦਾ ਹੈ, ਉਹ ਬੋਲੀ ਜੀਅ ਸਦਕੇ ਵੀਰ ਜੀ, ਤੇ ਮੈਂ ਆਪਣੀ ਕੁਰਸੀ ਉਸ ਦੇ ਕੋਲ ਸਰਕਾ ਕੇ ਉਸ ਦੀਆਂ ਜੀਵਣ ਦੀਆਂ ਕਈ ਆਪ ਬੀਤੀਆਂ ਸੁਣਨ ਲਈ ਬੈਠ ਗਿਆ। ਵਡੇਰੀ ਉਮਰ ਦੇ ਨਾਲ ਉਸ ਨੂੰ ਕੋਈ ਗੱਲ ਕਰਨ ਤੋਂ ਪਹਿਲਾਂ ਕੁੱਝ ਠਹਿਰਾ ਤਾਂ ਆਉਂਦਾ ਸੀ ਪਰ ਫਿਰ ਵੀ ਉਸ ਦੇ ਬੋਲਾਂ ਵਿੱਚ ਮਿੱਠਾਸ ਤੇ ਬੜਾ ਅਨੋਖਾ ਧਰਵਾਸ ਸੀ। ਅਕਾਲ ਪੁਰਖ ਦੇ ਵਿਸ਼ਵਾਸ ਵਿੱਚ, ਅਤੇ ਪੂਰੀ ਤਰ੍ਹਾਂ ਧਾਰਮਕ ਰੰਗ ਵਿੱਚ ਰੰਗਿਆ ਹੋਣਾ ਉਸ ਪਾਸ ਬੈਠਣ ਤੇ ਹੋਰ ਸੁਣਨ ਨੂੰ ਮਨ ਕਰਦਾ ਹੈ।ਉਸ ਦਾ ਗੁਰਬਾਣੀ ਅਤੇ ਦੱਸਾਂ ਗੁਰੂ ਸਾਹਿਬਾਨ ਤੇ ਅਥਾਹ ਵਿਸ਼ਵਾਸ਼ ਹੈ।
ਇਸ ਦਾ ਪਛੋਕੜ ਪਿੰਡ ਜਲਾਲਾ ਬਾਦ ਹੈ।ਹਾਲਾਤ ਨੇ ਉਸ ਨੂੰ 84 ਦੇ ਸਿਖ ਨਸਲ ਕੁਸ਼ੀ ਦੇ ਦੁਖਾਂਤ ਵਿੱਚੋ ਬਚ ਨਿਕਲਣ ਦਾ ਮੌਕਾ ਬਖਸ਼ਿਆ ਉਹ ਇਨ੍ਹਾਂ ਕਾਲੇ ਦਿਨਾਂ ਦੀ ਯਾਦ ਨੂੰ ਗਰੂ ਸਦਕਾ ਬਚ ਨਿਕਲਣ ਲਈ ਕਹਿੰਦੀ ਹੈ ਜ਼ਾਲਮਾਂ ਨੇ ਘੱਟ ਨਹੀਂ ਕੀਤੀ ਪਰ ਦਸਮ ਪਾਤਸ਼ਾਹ ਬਾਜਾਂ ਵਾਲੇ ਨੁੰ ਹਰ ਥਾਂ ਹੱਥ ਦੇ ਕੇ ਬਚਾ ਲਿਆ। ਉਹ ਪੰਝੀ ਸਾਲ ਤੋਂ ਅਡੋਲ ਵਿਧਵਾ ਜੀਵਣ ਬਤੀਤ ਕਰ ਰਹੀ ਹੈ, ਦੋ ਪੁਤਰ ਹਨ, ਇਕ ਕੈਨੇਡਾ ਵਿੱਚ ਹੈ।ਦੂਸਰਾ ਜੋ ਇੰਲੈਂਡ ਚਲਿਆ ਗਿਆ ਸੀ ਜੋ ਹੁਣ ਇਸੇ ਸ਼ਹਿਰ ਆ ਵੱਸਿਆ ਹੈ ਅਤੇ ਹੁਣ ਉਹ ਉਸ ਕੋਲ ਰਹਿ ਰਹੀ ਹੈ।
ਉਸ ਨੇ ਦੱਸਿਆ ਕਿ ਇਕ ਵੇਰਾਂ ਉਸ ਦੀ ਨੂੰਹ ਬੀਮਾਰ ਹੋ ਗਈ। ਬਾਕੀ ਪ੍ਰਿਵਾਰ ਤਾਂ ਉਸ ਦੇ ਦੁਵਾ ਦਾਰੂ ਦੇ ਇਲਾਜ ਲਈ ਜੁੱਟ ਗਿਆ,ਪਰ ਉਹ ਆਪਣੇ ਕਮਰੇ ਵਿੱਚ ਬੈਠ ਕੇ ਉਸ ਦੀ ਸਲਾਮਤੀ ਲਈ ਬਾਣੀ ਦਾ ਪਾਠ ਅਤੇ ਬਾਜਾਂ ਵਾਲੇ ਪਿਤਾ ਪਾਸ ਅਰਦਾਸਾਂ ਕਰਦੀ ਰਹੀ ਉਸ ਨੇ ਮਿਹਰ ਕੀਤੀ ਉਸ ਨੂੰ ਬਚਾ ਲਿਆ।
ਉਹ ਕੁਝ ਸਮਾਂ ਆਪਣੇ ਪੁੱਤਰ ਕੋਲ ਕੈਨੇਡਾ (ਸਰੀ) ਵਿੱਚ ਵੀ ਰਹਿ ਆਈ ਹੈ।ਉਸ ਨੇ ਦੱਸਿਆ ਕਿ ਓਥੇ ਨੇੜਲੇ ਗੁਰਦੁਆਰੇ ਵਿੱਚ ਉਹ ਨੇਮ ਨਾਲ ਚਲੀ ਜਾਂਦੀ ਤੇ ਲਗਾਤਾਰ ਸੱਤ ਸੱਤ ਘੰਟੇ ਲੰਗਰ ਵਿਚ ਸੰਗਤ ਦੇ ਜੂਠੇ ਬਰਤਣ ਮਾਂਜਣ ਦੀ ਸੇਵਾ ਕਰਦੀ।ਇਕ ਦਿਨ ਗੁਰਦੁਆਰੇ ਦੀ ਕਮੇਟੀ ਦੇ ਪ੍ਰਬੰਧਕ ਉਸ ਨੂੰ ਸੇਵਾ ਕਰਦੀ ਨੂੰ ਵੇਖ ਕੇ ਕਹਿਣ ਲੱਗੇ ਮਾਤਾ ਤੂੰ ਸੇਵਾ ਬੜੇ ਪ੍ਰੇਮ ਨਾਲ ਕਰਦੀ ਤੂੰ ਦੱਸ ਤੈਨੂੰ ਕਿੰਨੀ ਤਨ ਖਾਹ,ਦਈਏ ਮੈਂ ਉਨ੍ਹਾਂ ਨੂੰ ਕਿਹਾ ਇਹ ਸੇਵਾ ਮੈਂ ਨਹੀ ਕਰਦੀ ਸਗੋਂ ਮੈਥੋਂ ਬਾਜਾਂ ਵਾਲਾ ਦਸ਼ਮੇਸ਼ ਪਿਤਾ ਮੇਰੇ ਸਿਰ ਤੇ ਆਪਣਾ ਹੱਥ ਆਪ ਧਰ ਕੇ ਲੈ ਰਿਹਾ ਹੈ। ਉਸ ਦੀ ਇਹ ਬਖਸ਼ਸ਼ ਹੀ ਮੇਰੇ ਲਈ ਵੱਡਾ ਸੇਵਾ ਫਲ਼ ਹੈ।ਮੈਨੂੰ ਹੋਰ ਕੀ ਚਾਹੀਦਾ ਹੈ। ਉਹ ਮੇਰੀ ਇਹ ਗੱਲ ਸੁਣ ਕੇ ਨਿਰਉੱਤਰ ਜਿਹੇ ਹੋ ਗਏ।
ਉਹ ਕੋਈ ਧਰਮ ਪ੍ਰਚਾਰਕ ਜਾਂ ਕਿਸੇ ਧਾਰਮਕ ਡੇਰੇ ਨਾਲ ਵੀ ਸੰਬਧਿਤ ਨਹੀਂ ਸੀ। ਉਸ ਨੇ ਮੈਨੂੰ ਇਹ ਦੱਸ ਕੈ ਹੈਰਾਨ ਨਹੀਂ ਸਗੋਂ ਪ੍ਰਭਾਵਤ ਵੀ ਕਰ ਦਿੱਤਾ ਕਿ ਹੁਣ ਤੀਕ ਉਹ ਨੌਂ ਵਾਰ ਅਤੇ ਲਗ ਪਗ ਦੱਸ ਵਾਰ ਹੇਮ ਕੁੰਡ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਦੀ ਪੈਦਲ ਯਾਤ੍ਰਾ ਕਰ ਚੁਕੀ ਹੈ ਅਤੇ ਹਰ ਦੁੱਖ ਸੁੱਖ ਵੇਲੇ ਗੁਰਬਾਣੀ ਤੇ ਵਿਸ਼ਵਾਸ਼ ਕਰਦੀ ਆਪਣੇ ਕੰਮ ਕਾਜ ਵਿੱਚ ਰੁੱਝੀ ਰਹਿੰਦੀ ਹੈ।
ਉਹ ਕਹਿੰਦੀ ਹੈ ਮੈਥੋਂ ਕਿੰਨੀ ਵੱਡੀ ਭੁੱਲ ਹੋਈ ਮੈਂ ਇਨੀਆਂ ਯਾਤ੍ਰਾ ਕੀਤੀਆਂ ਪਰ ਗੁਰੂ ਰਾਮ ਦਾਸ ਦੇ ਸੱਚ ਖੰਡ ਦੇ ਦਰਸ਼ਨ ਕਰਨ ਤੋਂ ਹੁਣ ਤੱਕ ਵਾਂਝੀ ਰਹਿ ਗਈ ਇਸ ਕਾਰਜ ਲਈ ਮੈਂ ਹਰ ਵੇਲੇ ਗੁਰੂ ਰਾਮਦਸ ਦੇ ਚਰਨ ਕਮਲਾਂ ਵਿੱਚ ਜੋਦੜੀ ਕੀਤੀ ਤੇ ਉਨ੍ਹਾਂ ਮੇਰੀ ਸੁਣ ਲਈ,ਅਤੇ ਮੈਂ ਇਹ ਪੈਦਲ ਯਾਤ੍ਰਾ ਵੀ ਕਰ ਲਈ।ਉਹ ਕਹਿਣ ਲੱਗੀ ਕਿ ਅਰਦਾਸ ਜੇ ਤਨੋਂ ਮਨੋਂ ਕੀਤੀ ਜਾਵੇ ਤੇ ਗੁਰੂ ਪਾਤਸ਼ਾਹ ਬਿਰਥੀ ਨਹੀਂ ਜਾਣ ਦਿੰਦੇ,ਉਹ ਜ਼ਰੂਰ ਪੂਰੀ ਹੁੰਦੀ ਹੈ
ਗੱਲਾਂ ਕਰਦਿਆਂ ਕਾਫੀ ਸਮਾ ਹੋ ਚੁਕਿਆ ਸੀ ,ਘਰ ਵਾਪਸ ਆਉਣਾ ਵੀ ਜ਼ਰੂਰੀ ਸੀ। ਉਸ ਮਾਈ ਰੱਬ ਰਜਾਈ ਦਾ ਗੁਰੂ ਸਾਹਿਬਾਂ ਤੇ ਅਥਾਹ ਵਿਸ਼ਵਾਸ਼ ਵੇਖ ਕੇ ਆਦਰ ਤੇ ਸਤਿਕਾਰ ਨਾਲ ਮੇਰਾ ਮਸਤਕ ਆਪ ਮੁਹਾਰਾ ਝੁੱਕ ਗਿਆ ਤੇ ਪਤਾ ਹੀ ਨਾ ਲੱਗਾ ਕਦੋਂ ਮੇਰੇ ਦੋਵੇਂ ਹੱਥ ਜੁੜੇ ਉਸ ਦੇ ਪਵਿਤਰ ਪੈਰਾਂ ਦੀ ਛੋਹ ਪ੍ਰਾਪਤ ਕਰ ਗਏ, ਉਹ ਬੜੇ ਅਦਬ ਸਤਿਕਾਰ ਨਾ ਬੋਲੀ ,ਔਖੀ ਸੌਖੀ ਵੇਲੇ ਉਸ ਅੱਗੇ ਅਰਦਾਸ ਅਤੇ ਉਸਦਾ ਸ਼ੁਕਰਾਨਾ ਕਰਿਆ ਕਰੋ।ਉਸ ਅੱਗੇ ਫੈਲਾਈ ਝੋਲੀ ਉਹ ਕਦੇ ਖਾਲੀ ਨਹੀਂ ਮੋੜਦਾ।
ਸੁਣਦੇ ਸਾਂ ਮਾਈਆਂ ਰੱਬ ਰਜਾਈਆਂ ਹੁੰਦੀਆਂ ਹਨ ਪਰ ਇਸ ਮਾਈ ਰੱਬ ਰਜਾਈ ਨੂੰ ਵੇਖ ਕੇ ਮੇਰਾ ਵਿਸ਼ਵਾਸ ਇਸ ਬਾਰੇ ਹੋਰ ਪੱਕਾ ਹੋ ਗਿਆ।