Ujagar Singh

ਜਨੂੰਨੀ ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ - ਉਜਾਗਰ ਸਿੰਘ

ਪਟਿਆਲਾ ਜਿਲ੍ਹੇ ਦੇ ਹਰਪਾਲਪੁਰ ਪਿੰਡ ਵਿਚੋਂ ਪੜ੍ਹਾਈ ਲਈ ਲੁਧਿਆਣਾ ਜਾਣ ਨਾਲ ਰਵੀ ਕੁਮਾਰ ਸ਼ਰਮਾ ਦੀ ਸੋਚ ਹੀ ਬਦਲ ਗਈ। ਦਿਹਾਤੀ ਇਲਾਕੇ ਵਿੱਚ ਰਹਿਣ ਨਾਲ ਖੂਹ ਦਾ ਡੱਡੂ ਬਣਕੇ ਰਹਿਣ ਦੀ ਆਦਤ ਬਣ ਜਾਣੀ ਸੀ ਪ੍ਰੰਤੂ ਸ਼ਹਿਰੀ ਜ਼ਿੰਦਗੀ ਨੇ ਹੋਸ਼ ਅਤੇ ਜੋਸ਼ ਵਿਚ ਵਾਧਾ ਕਰ ਦਿੱਤਾ। ਲੁਧਿਆਣਾ ਜਿਲ੍ਹਾ ਖਾਸ ਤੌਰ ਲੁਧਿਆਣਾ ਸ਼ਹਿਰ ਸੁਤੰਤਰਤਾ ਸੰਗਰਾਮੀਆਂ ਦੀਆਂ ਸਰਗਰਮੀਆਂ ਦਾ ਕੇਂਦਰੀ ਬਿੰਦੂ ਸੀ। ਰਵੀ ਕੁਮਾਰ ਦੇ ਅੱਲ੍ਹੜ੍ਹ ਦਿਮਾਗ਼ ‘ਤੇ ਦੇਸ਼ ਦੀ ਆਜ਼ਾਦੀ ਦਾ ਭੂਤ ਅਜਿਹਾ ਸਵਾਰ ਹੋ ਗਿਆ, ਜਿਸਨੇ ਮੁੜਕੇ ਪਿੱਛੇ ਨਹੀਂ ਵੇਖਿਆ। ਉਨ੍ਹਾਂ 8ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਹਰਪਾਲਪੁਰ ਤੋਂ ਹੀ ਕੀਤੀ ਸੀ। ਸਕੂਲ ਵਿਚ ਪੜ੍ਹਦਿਆਂ ਹੀ ਉਨ੍ਹਾਂ ਦੇਸ਼ ਦੀ ਆਜ਼ਾਦੀ ਦੇ ਪ੍ਰੋਗਰਾਮਾ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। 1937 ਵਿਚ ਉਨ੍ਹਾਂ  ਆਰੀਆ ਸਕੂਲ ਲੁਧਿਆਣਾ ਤੋਂ ਦਸਵੀਂ ਪਾਸ ਕਰਨ ਤੋਂ ਤੁਰੰਤ ਬਾਅਦ ਉਹ ਫ਼ੌਜ ਵਿਚ ਭਰਤੀ ਹੋ ਗਏ। ਉਨ੍ਹਾਂ ਨੇ ਫ਼ੌਜ ਵਿਚ ਹੀ ਅਕਾਊਂਟਸ ਦੀ ਸਿਖਿਆ ਪ੍ਰਾਪਤ ਕੀਤੀ ਅਤੇ ਉਹ ਲੇਖਾ ਅਧਿਕਾਰੀ ਦੇ ਅਹੁਦੇ ‘ਤੇ ਤਾਇਨਾਤ ਹੋ ਗਏ। ਉਨ੍ਹਾਂ ਫ਼ੌਜ ਦੀ ਨੌਕਰੀ ਨੂੰ ਅੰਗਰੇਜ਼ ਸਰਕਾਰ ਦੀ ਗ਼ੁਲਾਮੀ ਮਹਿਸੂਸ ਕੀਤਾ ਕਿਉਂਕਿ ਲੁਧਿਆਣਾ ਵਿਖੇ ਆਜ਼ਾਦੀ ਸੰਗਰਾਮ ਵਿੱਚ ਕੁੱਦਣ ਦੀ ਲੱਗੀ ਜਾਗ ਨੇ ਫਿਰ ਉਬਾਲਾ ਖਾਧਾ ਅਤੇ ਫ਼ੌਜ ਵਿਚੋਂ ਨਾਮ ਕਟਾਕੇ ਵਾਪਸ ਹਰਪਾਲਪੁਰ ਆਪਣੇ ਪਿੰਡ ਆ ਗਏ। ਫਿਰ ਉਹ ਨਨਿਓਲਾ ਪਿੰਡ ਚਲੇ ਗਏ, ਜਿਥੇ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਐਮ ਬੀ ਬੀ ਐਸ ਡਾਕਟਰ ਸੀ। ਉਨ੍ਹਾਂ ਦੀ ਡਾਕਟਰੀ ਦੀ ਕਲਿਨਕ ਵਿੱਚ ਕੰਪਾਊਡਰ ਦਾ ਕੰਮ ਕਰਨ ਲੱਗ ਗਏ। ਉਥੇ ਰਹਿਕੇ ਉਨ੍ਹਾਂ ਡਾਕਟਰੀ ਦਾ ਕੰਮ ਸਿੱਖ ਲਿਆ ਅਤੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ ਦੁਕਾਨ ਆਪਣੇ ਪਿੰਡ ਖੋਲ੍ਹ ਲਈ। ਪ੍ਰੰਤੂ ਦੇਸ਼ ਭਗਤੀ ਦੀ ਜਿਹੜੀ ਚਿਣਗ ਲੱਗੀ ਸੀ, ਉਸਨੇ ਉਨ੍ਹਾਂ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ। ਡਾ ਰਵੀ ਕੁਮਾਰ ਸ਼ਰਮਾ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਛੋੜੋ ਮੁਹਿੰਮ ਵਿਚ ਲਾਹੌਰ ਜਾ ਕੇ ਸ਼ਾਮਲ ਹੋ ਗਏ। ਉਥੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਕੇ 1942 ਵਿਚ ਲਾਹੌਰ ਜੇਲ੍ਹ ਵਿਚ ਡੱਕ ਦਿੱਤਾ ਗਿਆ। ਉਹ ਲਗਪਗ ਇਕ ਸਾਲ ਲਾਹੌਰ ਜੇਲ੍ਹ ਵਿਚ ਬੰਦ ਰਹੇ। ਉਸਤੋਂ ਬਾਅਦ ਤਾਂ ਚਲ ਸੋ ਚਲ ਉਹ ਆਜ਼ਾਦੀ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਂਦੇ ਰਹੇ। ਇਸ ਦੌਰਾਨ ਉਨ੍ਹਾਂ ਦਾ ਕਾਂਗਰਸ ਪਾਰਟੀ ਦੇ ਸਿਆਸਤਦਾਨਾ ਨਾਲ ਤਾਲਮੇਲ ਵੱਧ ਗਿਆ। ਡਾਕਟਰੀ ਦੀ ਦੁਕਾਨ ਇਕ ਕਿਸਮ ਨਾਲ ਬੰਦ ਹੀ ਰਹਿੰਦੀ ਸੀ। 1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ ਪੰਜਾਬ ਕਾਂਗਰਸ ਦੀ ਸਿਆਸਤ ਵਿਚ ਸਰਗਰਮ ਹੋ ਗਏ। 1958 ਵਿੱਚ ਉਨ੍ਹਾਂ ਦਾ ਪਰਿਵਾਰ ਪਟਿਆਲਾ ਜਿਲ੍ਹੇ ਦੇ ਕਸਬਾ ਘਨੌਰ ਵਿੱਚ ਆ ਕੇ ਰਹਿਣ ਲੱਗ ਪਿਆ। ਇਥੇ ਹੀ ਉਨ੍ਹਾਂ ਆਪਣੀ ਡਾਕਟਰੀ ਦੀ ਦੁਕਾਨ ਖੋਲ੍ਹ ਲਈ। ਇਹ ਦੁਕਾਨ ਤਾਂ ਇਕ ਕਿਸਮ ਨਾਲ ਦੇਸ਼ ਭਗਤਾਂ ਅਤੇ ਕਾਂਗਰਸੀ ਵਰਕਰਾਂ ਦੇ ਬੈਠਣ ਦਾ ਸਥਾਨ ਬਣ ਗਿਆ। ਉਨ੍ਹਾਂ ਦਿਨਾ ਵਿੱਚ ਪਿੰਡਾਂ ਵਿੱਚ ਮੈਡੀਕਲ ਸਹੂਲਤਾਂ ਦੀ ਘਾਟ ਸੀ। ਇਸ ਕਰਕੇ ਡਾ ਰਵੀ ਕੁਮਾਰ ਸ਼ਰਮਾ ਦੀ ਦੁਕਾਨ ਚੰਗੀ ਚਲ ਪਈ ਕਿਉਂਕਿ ਉਨ੍ਹਾਂ ਨੇ ਆਪਣੀ ਦੁਕਾਨ ਦੇ ਨਾਲ ਹੀ ਸਮਾਜ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕਾਂਗਰਸ ਪਾਰਟੀ ਦੇ ਮੈਂਬਰ ਉਹ ਲੁਧਿਆਣਾ ਵਿਖੇ ਹੀ ਸਕੂਲ ਦੀ ਪੜ੍ਹਾਈ ਮੌਕੇ ਹੀ ਬਣ ਗਏ ਸਨ। ਘਨੌਰ ਦੇ ਇਲਾਕੇ ਵਿਚ ਉਨ੍ਹਾਂ ਦਿਨਾ ਵਿਚ ਡਾਕਟਰੀ ਦੀ ਕੋਈ ਦੁਕਾਨ ਨਹੀਂ ਹੁੰਦੀ ਸੀ। ਉਨ੍ਹਾਂ ਨੇ ਆਲੇ ਦੁਆਲੇ ਦੇ ਪਿੰਡਾਂ ਵਿਚ ਮਰੀਜ਼ਾਂ ਨੂੰ ਦਵਾਈਆਂ ਪਿੰਡਾਂ ਵਿਚ ਆਪ ਜਾ ਕੇ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦਾ ਦਵਾਈਆਂ ਦੇਣ ਦੇ ਨਾਲ ਪਿੰਡਾਂ ਵਿਚ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਬਣਾਉਣ ਦਾ ਮੰਤਵ ਵੀ ਪੂਰਾ ਹੋਣ ਲੱਗ ਪਿਆ। ਸਮਾਜ ਸੇਵਾ ਦੀ ਪ੍ਰਵਿਰਤੀ ਕਰਕੇ ਸਥਾਨਕ ਪ੍ਰਬੰਧ ਵਿਚ ਵੀ ਉਨ੍ਹਾਂ ਦੀ ਤੂਤੀ ਬੋਲਣ ਲੱਗ ਪਈ। ਉਹ ਦਵਾਈਆਂ ਦਾ ਖ਼ਰਚਾ ਮਰੀਜਾਂ ਤੋਂ ਨਾਮਾਤਰ ਹਾੜ੍ਹੀ ਸੌਣੀ ਹੀ ਲੈਂਦੇ ਸਨ। ਉਨ੍ਹਾਂ ਦਿਨਾ ਵਿਚ ਪਟਿਆਲਾ ਰਾਜਿੰਦਰਾ ਹਸਪਤਾਲ ਵਾਲੇ ਡਾਕਟਰ ਜਗਦੀਸ਼ ਸਿੰਘ ਲੋਕਾਂ ਦੇ ਚਹੇਤੇ ਡਾਕਟਰ ਸਨ, ਜਿਹੜੇ ਮਰੀਜ਼ਾਂ ਤੋਂ ਨਾਮਾਤਰ ਪੈਸੇ ਹੀ ਲੈਂਦੇ ਸਨ। ਡਾ ਰਵੀ ਕੁਮਾਰ ਸ਼ਰਮਾ ਦੇ ਉਹ ਵੀ ਪ੍ਰੇਰਨਾ ਸਰੋਤ ਸਨ। ਡਾਕਟਰ ਜਗਦੀਸ਼ ਸਿੰਘ ਪੰਜਾਬ ਸਿਹਤ ਵਿਭਾਗ ਦੇ ਡਾਇਰੈਕਟਰ ਲੱਗ ਗਏ। ਉਨ੍ਹਾਂ ਨੂੰ ਰਵੀ ਕੁਮਾਰ ਸ਼ਰਮਾ ਦੀ ਮਰੀਜ਼ਾਂ ਦੀ ਲਗਨ ਨਾਲ ਸੇਵਾ ਕਰਨ ਅਤੇ ਲਾਲਚੀ ਨਾ ਹੋਣ ਬਾਰੇ ਪੂਰੀ ਜਾਣਕਾਰੀ ਸੀ। ਉਨ੍ਹਾਂ ਰਵੀ ਕੁਮਾਰ ਸ਼ਰਮਾ ਨੂੰ ਫਾਰਮਾਸਿਸਟ ਦੀ ਡਿਗਰੀ ਦੇ ਕੇ ਸਨਮਾਨਤ ਕੀਤਾ। ਉਸ ਤੋਂ ਬਾਅਦ ਉਹ ਡਾਕਟਰ ਰਵੀ ਕੁਮਾਰ ਘਨੌਰ ਦੇ ਨਾਮ ਨਾਲ ਪ੍ਰਸਿੱਧ ਹੋਏ। ਉਨ੍ਹਾਂ ਦੀ ਦੁਕਾਨ ਘਨੌਰ ਦੇ ਇਲਾਕੇ ਦੇ ਕਾਂਗਰਸੀਆਂ ਦੇ ਇਕੱਤਰ ਹੋਣ ਦਾ ਸਥਾਨ ਤਾਂ ਹੁੰਦਾ ਹੀ ਸੀ, ਪ੍ਰੰਤੂ ਲੋਕ ਆਪਣੇ ਨਿੱਜੀ ਕੰਮ ਕਾਰ ਲਈ ਵੀ ਏਥੇ ਰਵੀ ਕੁਮਾਰ ਸ਼ਰਮਾ ਤੋਂ ਮਦਦ ਲੈਣ ਲਈ ਆਉਂਦੇ ਸਨ। ਪਟਿਆਲਾ ਜਿਲ੍ਹੇ ਅਤੇ ਖਾਸ ਤੌਰ ਤੇ ਘਨੌਰ ਦੇ ਇਲਾਕੇ ਦੇ ਵਿਕਾਸ ਕੰਮਾ ਸੰਬੰਧੀ ਉਹ ਹਮੇਸ਼ਾ ਤਤਪਰ ਰਹਿੰਦੇ ਸਨ। ਲੋਕਾਂ ਦੇ ਕੰਮਾ ਲਈ ਉਹ ਪਟਿਆਲਾ, ਚੰਡੀਗੜ੍ਹ ਅਤੇ ਦਿੱਲੀ ਜਾਂਦੇ ਰਹਿੰਦੇ ਸਨ। ਉਹ ਫ਼ਕਰ ਕਿਸਮ ਦੇ ਸਿਆਸਤਦਾਨ ਅਤੇ ਸਮਾਜ ਸੇਵਕ ਸਨ। 1965 ਵਿਚ ਉਹ ਲੋਕ ਸਭਾ ਦੇ ਸਪੀਕਰ ਅਤੇ ਲਾਲ ਬਹਾਦਰ ਸ਼ਾਸ਼ਤਰੀ ਨੂੰ ਇਲਾਕੇ ਦੇ ਵਿਕਾਸ ਲਈ ਵਿਸ਼ੇਸ਼ ਤੌਰ ਤੇ ਮਿਲਣ ਲਈ ਗਏ। ਉਨ੍ਹਾਂ ਦਿਨਾ ਵਿਚ ਕੇਂਦਰੀ ਮੰਤਰੀਆਂ ਨੂੰ ਕਾਂਗਰਸੀਆਂ ਲਈ ਮਿਲਣਾ ਔਖਾ ਨਹੀਂ ਹੁੰਦਾ ਸੀ। ਉਨ੍ਹਾਂ ਦੀ ਲੋਕ ਸੇਵਾ ਦੀ ਪ੍ਰਵਿਰਤੀ ਕਰਕੇ ਪੰਜਾਬ ਦੇ ਸਾਰੇ ਮੁੱਖ ਮੰਤਰੀ, ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਨੂੰ ਸੁਤੰਤਰਤਾ ਸੰਗਰਾਮੀ ਹੋਣ ਕਰਕੇ ਗਿਆਨੀ ਜ਼ੈਲ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਸ੍ਰੀਮਤੀ ਇੰਦਰਾ ਗਾਂਧੀ ਨੇ ਤਾਮਰ ਪੱਤਰ ਦੇ ਕੇ ਸਨਮਾਨਤ ਕੀਤਾ ਸੀ। ਘਨੌਰ ਦੇ ਇਲਾਕੇ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੂੰ 1972 ਵਿੱਚ ਬਲਾਕ ਕਾਂਗਰਸ ਕਮੇਟੀ ਘਨੌਰ ਦਾ ਪ੍ਰਧਾਨ ਬਣਾਇਆ ਗਿਆ। ਇਸ ਅਹੁਦੇ  ‘ਤੇ ਉਹ ਲਗਾਤਾਰ 19 ਸਾਲ 1991 ਤੱਕ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਦੇ ਸੰਬੰਧ ਪੰਜਾਬ ਦੇ ਚੋਟੀ ਦੇ ਕਾਂਗਰਸੀ ਨੇਤਾਵਾਂ ਨਾਲ ਬਣ ਗਏ। ਘਨੌਰ ਹਲਕੇ ਵਿਚ ਕਾਂਗਰਸ ਪਾਰਟੀ ਦਾ ਬੋਲਬਾਲਾ ਬਣਾਉਣ ਵਿਚ ਡਾ ਰਵੀ ਕੁਮਾਰ ਸ਼ਰਮਾ ਦਾ ਯੋਗਦਾਨ ਇਤਿਹਾਸ ਵਿੱਚ ਦਰਜ ਹੋਣ ਕਰਕੇ ਭੁਲਾਇਆ ਨਹੀਂ ਜਾ ਸਕਦਾ।  1991 ਦੀ ਗੱਲ ਹੈ ਕਿ ਘਨੌਰ ਦੇ ਨਜ਼ਦੀਕ ਘਨੌਰੀ ਖੇੜਾ ਪਿੰਡ ਵਿਚ ਗੈਸ ਦੇ ਟੈਂਕਰ ਵਿਚੋਂ ਗੈਸ ਲੀਕ ਹੋ ਗਈ ਅਤੇ ਕਈ ਲੋਕ ਮਾਰੇ ਗਏ ਸਨ ਤਾਂ ਉਨ੍ਹਾਂ ਤੁਰੰਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰ ਬੇਅੰਤ ਸਿੰਘ ਨੂੰ ਫੋਨ ਕਰਕੇ ਪੀੜਤਾਂ ਦੀ ਮਦਦ ਕਰਨ ਦੀ ਤਾਕੀਦ ਕੀਤੀ ਅਤੇ ਉਨ੍ਹਾਂ ਨੂੰ ਮੌਕੇ ਤੇ ਲੈ ਕੇ ਗਏ।
      ਰਵੀ ਚੰਦ ਸ਼ਰਮਾ ਦਾ ਜਨਮ 17 ਮਾਰਚ 1917 ਨੂੰ ਪਟਿਆਲਾ ਜਿਲ੍ਹੇ ਦੇ ਪਿੰਡ ਹਰਪਾਲਪੁਰ ਵਿਖੇ ਪੰਡਿਤ ਹਰਿਵੱਲਭ ਸ਼ਰਮਾ ਦੇ ਘਰ ਹੋਇਆ। ਹਰਪਾਲਪੁਰ ਪਿੰਡ ਦੇ ਵਸਨੀਕ ਪ੍ਰੇਮ ਸਿੰਘ ਪ੍ਰੇਮ ਪੰਜਾਬ ਦੇ ਮੰਤਰੀ ਰਹੇ ਹਨ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪਾਕਿਸਤਾਨ ਤੋਂ ਆ ਕੇ ਪਹਿਲਾਂ ਹਰਪਾਲਪੁਰ ਪਿੰਡ ਵਿਚ ਵਸੇ ਸਨ ਕਿਉਂਕਿ ਉਹ ਪ੍ਰੇਮ ਸਿੰਘ ਪ੍ਰੇਮ ਦੇ ਰਿਸ਼ਤੇਦਾਰ ਸਨ। ਬਾਅਦ ਵਿਚ ਉਹ ਅੰਮਿ੍ਰਤਸਰ ਚਲੇ ਗਏ ਸਨ। ਰਵੀ ਕੁਮਾਰ ਸ਼ਰਮਾ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਨਜ਼ਦੀਕ ਕਸਬਾ ਘਨੌਰ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਦਸਵੀਂ ਤੱਕ ਦੀ ਪੜ੍ਹਾਈ ਲੁਧਿਆਣਾ ਤੋਂ ਕੀਤੀ ਕਿਉਂਕਿ ਪ੍ਰਾਇਮਰੀ ਤੋਂ ਅੱਗੇ ਪੜ੍ਹਾਈ ਕਰਨ ਲਈ ਸਕੂਲ ਨਹੀਂ ਸੀ। ਇਸ ਲਈ ਉਹ ਆਪਣੇ ਵੱਡੇ ਭਰਾ ਕੋਲ ਲੁਧਿਆਣੇ ਪੜ੍ਹਨ ਲਈ ਚਲੇ ਗਏ। ਉਨ੍ਹਾਂ ਦਾ ਵਿਆਹ ਚੰਪਾ ਦੇਵੀ ਨਾਲ ਹੋਇਆ। ਡਾ ਰਵੀ ਕੁਮਾਰ ਸ਼ਰਮਾ ਦੇ ਚਾਰ ਸਪੁੱਤਰ ਅਤੇ ਇਕ ਸਪੁੱਤਰੀ ਹਨ, ਜਿਹੜੇ ਸਾਰੇ ਹੀ ਡਾਕਟਰੀ ਕਿਤੇ ਨਾਲ ਜੁੜੇ ਹੋਏ ਸਨ। ਉਨ੍ਹਾਂ ਦਾ ਵੱਡਾ ਸਪੁੱਤਰ ਰਾਜਿੰਦਰ ਕੁਮਾਰ ਸ਼ਰਮਾ ਜੀ ਏ ਐਮ ਐਸ ਡਾਕਟਰ, ਰਾਜ ਕੁਮਾਰ ਸ਼ਰਮਾ ਫਾਰਮਾਸਿਸਟ, ਰਮੇਸ਼ ਕੁਮਾਰ ਅਤੇ ਸੁਦੇਸ਼ ਕੁਮਾਰ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਸਪੁੱਤਰੀ ਬਿਮਲਾ ਨਿਓਡੇ ਵਿਖੇ ਰਹਿੰਦੇ ਹਨ। ਵੱਡੇ ਤਿੰਨੇ ਲੜਕੇ ਸਵਰਗਵਾਸ ਹੋ ਚੁੱਕੇ ਹਨ। ਡਾ ਸੁਦੇਸ਼ ਕੁਮਾਰ ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਘਨੌਰ ਵਿਖੇ ਡਾਕਟਰੀ ਦੀ ਦੁਕਾਨ ਕਰਦੇ ਹਨ ਅਤੇ ਕਾਂਗਰਸ ਪਾਰਟੀ ਵਿਚ ਸਰਗਰਮ ਹਨ। ਸੁਦੇਸ਼ ਕੁਮਾਰ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹੇ ਹਨ। ਉਨ੍ਹਾਂ ਨੂੰ ਸ੍ਰ ਬੇਅੰਤ ਸਿੰਘਨੇ 1992-93 ਵਿੱਚ ਨੋਟੀਫਾਈਡ ਏਰੀਆ ਕਮੇਟੀ ਘਨੌਰ ਦੇ ਮੈਂਬਰ ਬਣਾਇਆ ਸੀ। ਸੁਦੇਸ਼ ਕੁਮਾਰ ਸ਼ਰਮਾ ਦਾ ਲੜਕਾ ਰਾਹੁਲ ਸ਼ਰਮਾ ਪੰਜਾਬ ਯੂਥ ਕਾਂਗਰਸ ਵਿਚ ਸਰਗਰਮੀ ਨਾਲ ਕੰਮ ਕਰਦਾ ਹੈ। ਡਾ ਰਵੀ ਕੁਮਾਰ ਸ਼ਰਮਾ ਦੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਨਾਲ ਚੰਗੇ ਸੰਬੰਧ ਸਨ। ਇਸ ਲਈ ਜਦੋਂ ਸ੍ਰ ਬੇਅੰਤ ਸਿੰਘ ਦਾ ਪੋਤਰਾ ਰਵਨੀਤ ਸਿੰਘ ਬਿੱਟੂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਲੁਧਿਆਣਾ ਵਿਖੇ ਨਸ਼ਾ ਕੰਟਰੋਲ ਬੋਰਡ ਬਣਾਉਣ ਲਈ ਮਰਨ ਵਰਤ ਰੱਖਿਆ ਸੀ, ਉਸ ਸਮੇਂ ਰਾਹੁਲ ਸ਼ਰਮਾ ਉਨ੍ਹਾਂ ਨਾਲ ਭੁੱਖ ਹੜਤਾਲ ‘ਤੇ ਬੈਠੇ ਸਨ। ਉਹ ਰਵਨੀਤ ਸਿੰਘ ਬਿੱਟੂ ਵਲੋਂ ਨਸ਼ਿਆਂ ਵਿਰੁਧ ਪੰਜਾਬ ਦੇ ਲੋਕਾਂ ਵਿਚ ਜਾਗਿ੍ਰਤੀ ਪੈਦਾ ਕਰਨ ਲਈ ਇਕ ਮਹੀਨੇ ਦੀ ਪਦ ਯਾਤਰਾ ਵਿਚ ਵੀ ਰਾਹੁਲ ਸ਼ਰਮਾ ਸ਼ਾਮਲ ਹੋਏ ਸਨ। ਡਾ ਰਵੀ ਕੁਮਾਰ ਦੀ ਪੋਤਰੀ ਵਨੀਤਾ ਭਾਰਦਵਾਜ਼ ਸ਼ੂਟਿੰਗ ਦੀ ਮਾਹਿਰ ਹੈ ਅਤੇ ਓਲੰਪਿਕ ਖੇਡਣ ਜਾ ਰਹੀ ਹੈ।
 ਡਾ ਰਵੀ ਕੁਮਾਰ ਸ਼ਰਮਾ 14 ਸਤੰਬਰ 1995 ਨੂੰ ਸਵਰਗਵਾਸ ਹੋ ਗਏ।



ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ - ਉਜਾਗਰ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਅਨੇਕਾਂ ਨਾਨਕ ਨਾਮ ਲੇਵਾ ਸੰਸਥਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਚਿਰ ਸਥਾਈ ਬਣਾਈ ਰੱਖਣ ਲਈ ਆਪੋ ਆਪਣੇ ਢੰਗ ਤਰੀਕਿਆਂ ਨਾਲ ਸਮਾਗਮ ਆਯੋਜਤ ਕਰਕੇ ਆਪਣੀ ਸ਼ਰਧਾ ਦੇ ਫੁਲ ਭੇਂਟ ਕੀਤੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਦੇ ਜਾਣ ਲਈ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਦੇ ਸਹਿਯੋਗ ਨਾਲ ‘ਕਰਤਾਰਪੁਰ ਲਾਂਘਾ’ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਖੋਲਿ੍ਹਆ ਗਿਆ। ਸਾਰੇ ਸੰਸਾਰ ਵਿਚ ਜਿਥੇ ਵੀ ਗੁਰੂ ਨਾਨਕ ਨਾਮ ਲੇਵਾ ਵਸਦੇ ਹਨ, ਉਨ੍ਹਾਂ ਵੱੱਲੋਂ ਵੀ ਉਥੇ ਪ੍ਰਕਾਸ਼ ਪੁਰਬ ਮਨਾਇਆ ਗਿਆ। ਜਿਤਨੇ ਵੀ ਪ੍ਰੋਗਰਾਮ ਅਤੇ ਸਮਾਗਮ ਹੋਏ, ਉਨ੍ਹਾਂ ਸਾਰਿਆਂ ਦੀ ਆਪੋ ਆਪਣੀ ਮਹੱਤਤਾ ਹੈ। ਬਹੁਤਿਆਂ ਖਾਸ ਤੌਰ ਤੇ ਸਰਕਾਰਾਂ ਨੇ ਤਾਂ ਕਾਰਵਾਈਆਂ ਪਾ ਕੇ ਵਾਹਵਾ ਸ਼ਾਹਵਾ ਖੱਟਣ ਦੇ ਉਪਰਾਲੇ ਕੀਤੇ ਹਨ, ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸੰਸਾਰ ਵਿਚ ਫ਼ੈਲਾਉਣ ਅਰਥਾਤ ਲੋਕਾਂ ਨੂੰ ਉਸ ਵਿਚਾਰਧਾਰਾ ਦੀ ਜਾਣਕਾਰੀ ਦੇਣ ਦਾ ਇਕੋ ਇਕ ਸਾਧਨ ਸ਼ਬਦ ਹੁੰਦੇ ਹਨ, ਜੋ ਪੁਸਤਕਾਂ ਦੇ ਰੂਪ ਪ੍ਰਕਾਸ਼ਤ ਹੋਣੇ ਚਾਹੀਦੇ ਹਨ। ਪੁਸਤਕਾਂ ਇਤਿਹਾਸ ਦਾ ਹਿੱਸਾ ਬਣਦੀਆਂ ਹਨ। ਪੰਜਾਬ ਦੇ ਸਿੱਖ ਵਿਦਵਾਨਾ ਦੀ ਜਿੰੰਮੇਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸੌਖੇ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਦੀ  ਬਣਦੀ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਸਿੱਖ ਵਿਦਵਾਨ ਸੌਖੀ ਸ਼ਬਦਾਵਲੀ ਵਿਚ ਪੰਜਾਬੀਆਂ ਨੂੰ ਹੀ ਜਾਣੂ ਨਹੀਂ ਕਰਵਾ ਸਕੇ। ਹੋਰ ਭਾਸ਼ਾਵਾਂ ਜਾਨਣ ਵਾਲੇ ਲੋਕਾਂ ਤੱਕ ਪਹੁੰਚਾਉਣਾ ਤਾਂ ਦੂਰ ਦੀ ਗੱਲ ਹੈ। ਇਹ ਵੀ ਸ਼ੁਭ ਸੰਕੇਤ ਹਨ ਕਿ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਬਹੁਤ ਸਾਰੇ ਵਿਦਵਾਨਾ ਨੇ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਸਨ। ਪ੍ਰੰਤੂ ਕੁਝ ਕੁ ਅਖੌਤੀ ਵਿਦਵਾਨਾ ਦੀ ਹਓਮੈ ਨੇ ਆਪਣੀ ਵਿਦਵਾਨੀ ਦਾ ਰੋਹਬ  ਪਾਉਣ ਲਈ ਔਖੀ ਸ਼ਬਦਾਵਲੀ ਨੂੰ ਤਰਜੀਹ ਦਿੱਤੀ ਹੈ।  ਡਾ ਰਤਨ ਸਿੰਘ ਜੱਗੀ ਦੀ  ‘ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ’ ਪੁਸਤਕ ਨਵੇਕਲੀ ਕਿਸਮ ਦੀ ਹੈ, ਜਿਸ ਵਿਚ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਮਾਣਿਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਪ੍ਰਥਾ ਤੇ ਰਾਗ-ਕ੍ਰਮ ਅਨੁਸਾਰ ਸੰਕਲਿਤ ਕਰਕੇ ਸਰਲ ਸ਼ਬਦਾਂ ਵਿਚ ਆਮ ਸਾਧਰਨ ਲੋਕਾਂ ਦੇ ਸਮਝ ਵਿਚ ਅਉਣ ਵਾਲੇ ਅਰਥ ਕੀਤੇ ਹਨ।  ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 20 ਰਾਗਾਂ ਵਿਚ ਹੈ। ਜਪੁਜੀ ਸਾਹਿਬ, ਚਉਪਦੇ, ਅਸਟਪਦੀਆਂ,  ਪਹਰੇ, ਸਲੋਕ, ਵਾਰਾਂ, ਪਉੜੀਆਂ, ਛੰਤ, ਅਲਾਹਣੀਆਂ, ਕੁਚਜੀ-ਸੁਚਜੀ, ਪਦੇ ਅਤੇ ਸੋਲਹੇ, ਜਿਨ੍ਹਾਂ ਦੀ ਗਿਣਤੀ 958 ਬਣਦੀ ਹੈ, ਦੀ ਵਿਆਖਿਆ ਭਾਵ ਅਰਥ ਅਜਿਹੇ ਢੰਗ ਨਾਲ ਕੀਤੇ ਗਏ ਹਨ ਤਾਂ ਜੋ ਆਮ ਪਾਠਕ ਦੇ ਸਮਝ ਵਿਚ ਆ ਸਕਣ। 556 ਪੰਨਿਆਂ ਵਾਲੀ ਵੱਡ ਅਕਾਰੀ ਅਤੇ ਰੂਹ ਨੂੰ ਸਕੂਨ ਦੇਣ ਵਾਲੀ ਇਹ ਅਧਿਆਤਮਵਾਦ ਵਿਚ ਪਰੁਚੀ ਇਹ ਪੁਸਤਕ, ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਵਿਭਾਗ, ਉਚੇਰੀ ਸਿਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਤ ਕਰਵਾਈ ਹੈ। ਪੰਜਾਬ ਸਰਕਾਰ ਦੇ ਇਸ ਉਦਮ ਦੀ ਪ੍ਰਸੰਸਾ ਕਰਨੀ ਬਣਦੀ ਹੈ। ਇਸ ਪੁਸਤਕ ਦੀ ਕੀਮਤ 1930 ਰੁਪਏ ਰੱਖੀ ਗਈ ਹੈ। ਇਹ ਸਹੀ ਅਰਥਾਂ ਵਿਚ ਪੰਜਾਬ ਸਰਕਾਰ ਅਤੇ ਡਾ ਰਤਨ ਸਿੰਘ ਜੱਗੀ ਵੱਲੋਂ ਸੱਚੀ ਸੁੱਚੀ ਸ਼ਰਧਾਂਜ਼ਲੀ ਹੈ। ਇਹ ਕੰਮ ਕਿਸੇ ਇਕ ਵਿਅਕਤੀ ਲਈ ਇਕ ਨਿਸਚਤ ਸਮੇਂ ਵਿਚ ਮੁਕੰਮਲ ਕਰਨਾ ਅਸੰਭਵ ਅਤੇ ਅਤਿਅੰਤ ਕਠਨ ਸੀ। ਪ੍ਰੰਤੂ ਡਾ ਰਤਨ ਸਿੰਘ ਜੱਗੀ ਅਤੇ ਉਨ੍ਹਾਂ ਦੀ ਅਰਧਾਂਗਣੀ ਡਾ ਗੁਰਸ਼ਰਨ ਕੌਰ ਜੱਗੀ ਦੀ ਦਿ੍ਰੜ੍ਹਤਾ, ਸੂਝ, ਲਗਨ ਅਤੇ ਪ੍ਰਤੀਬੱਧਤਾ ਨੇ  ਇਹ ਸੰਭਵ ਕਰਕੇ ਵਿਖਾਇਆ ਹੈ। ਅਜਿਹਾ ਵੱਡਾ ਅਤੇ ਵਿਦਵਤਾ ਵਾਲਾ ਕੰਮ ਇਕ ਧਰਮ ਅਤੇ ਭਾਸ਼ਾ ਦੀ ਜਾਣਕਾਰੀ ਰੱਖਣ ਵਾਲਾ ਵਿਅਕਤੀ ਨਹੀਂ ਕਰ ਸਕਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਜਾਬੀ, ਪਾਲੀ, ਸੰਸਕਿ੍ਰਤ, ਬ੍ਰਜ, ਫਾਰਸੀ ਅਤੇ ਉਰਦੂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ। ਡਾ ਰਤਨ ਸੰਘ ਜੱਗੀ ਅਤੇ ਇਸ ਕੰਮ ਵਿਚ ਉਨ੍ਹਾਂ ਨਾਲ ਸਹਾਇਕ ਦੇ ਤੌਰ ਤੇ ਕੰਮ ਕਰਨ ਵਾਲੇ ਡਾ ਗੁਰਸ਼ਰਨ ਕੌਰ ਜੱਗੀ ਦੋਵੇਂ ਹੀ ਪੰਜਾਬੀ, ਹਿੰਦੀ, ਸੰਸਕਿ੍ਰਤ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਮਾਹਿਰ ਹਨ। ਸੰਸਾਰ ਦੇ ਬਾਕੀ ਧਰਮਾ ਦਾ ਵੀ ਉਨ੍ਹਾਂ ਨੇ ਅਧਿਐਨ ਕੀਤਾ ਹੋਇਆ ਹੈ। ਉਹ ਦੋਵੇਂ ਅਧਿਆਤਮਕਤਾ ਦੇ ਰੰਗ ਵਿਚ ਰੰਗੇ ਹੋਏ ਹਨ, ਜਿਸ ਕਰਕੇ ਭਾਸ਼ਾ ਦੀ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਈ। ਇਸ ਸਮੇਂ ਜਦੋਂ ਸੰਸਾਰ ਵਿਚ ਲੋਕ ਕੁਰਾਹੇ ਪਏ ਹੋਏ ਹਨ। ਸਾਰੇ ਪਾਸੇ ਅੰਧਕਾਰ ਫ਼ੈਲਿਆ ਹੋਇਆ ਹੈ। ਜ਼ਾਤ ਪਾਤ ਦਾ ਬੋਲਬਾਲਾ ਹੈ। ਝੂਠ, ਫ਼ਰੇਬ ਕਰਕੇ ਇਨਸਾਨਾਂ ਵਿਚ ਆਪੋਧਾਪੀ ਫ਼ੈਲੀ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਵੱਲੋਂ ਕਿ੍ਰਤ ਕਰਨ, ਨਾਮ ਜਪਣ ਅਤੇ ਵੰਡ ਛਕੇ ਦੇ ਦਿੱਤੇ ਮਾਰਗ ਦਰਸ਼ਨ ਤੇ ਚਲਣ ਦੀ ਥਾਂ ਲੋਕ ਵਿਹਲੜ ਬਣ ਗਏ ਹਨ। ਨਾਮ ਜਪਣ ਤੋਂ ਵੀ ਮੁਨਕਰ ਹੋ ਗਏ ਹਨ। ਅਜਿਹੇ ਸਮੇਂ ਇਕ ਅਜਿਹੀ ਪੁਸਤਕ ਦੀ ਲੋੜ ਸੀ, ਜਿਸਨੂੰ ਪੜ੍ਹਕੇ ਗੁਰੂ ਦੀ ਦਿੱਤੀ ਨਸੀਅਤ ਉਪਰ ਪਹਿਰਾ ਦੇ ਸਕਣ। ਪ੍ਰੰਤੂ ਇਸ ਪੁਸਤਕ ਦੀ ਕੀਮਤ ਬਹੁਤ ਜ਼ਿਆਦਾ ਰੱਖੀ ਗਈ ਹੈ। ਪੰਜਾਬ ਸਰਕਾਰ ਨੂੰ ਅਜਿਹੀਆਂ ਪੁਸਤਕਾਂ ਨਾ ਮਾਤਰ ਮੁੱਲ ਉਪਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਡਾ ਰਤਨ ਸਿੰਘ ਜੱਗੀ ਵਰਗੇ ਵਿਦਵਾਨ ਦੀ ਮਿਹਨਤ ਦਾ ਲਾਭ ਉਠਾਇਆ ਜਾ ਸਕੇ ਅਤੇ ਗੁਰੂ ਦੀ ਵਿਚਾਰਧਾਰਾ ਆਮ ਲੋਕਾਂ ਵਿਚ ਪਹੁੰਚ ਸਕੇ। ਇਸ ਪੁਸਤਕ ਦੇ ਆਕਾਰ ਅਤੇ ਕੀਤੇ ਕੰਮ ਨੂੰ ਵੇਖਕੇ ਡਾ ਰਤਨ ਸਿੰਘ ਜੱਗੀ ਦੀ ਘਾਲਣਾ ਅੱਗੇ ਸਿਰ ਝੁਕ ਜਾਂਦਾ ਹੈ ਕਿ ਗੁਰੂ ਨੇ ਇਤਨੀ ਵੱਡੀ ਉਮਰ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਇਸ ਪੁਸਤਕ ਨੂੰ ਲਿਖਣ ਦੀ ਅਥਾਹ ਸਮਰੱਥਾ ਬਖ਼ਸ਼ੀ ਹੈ। ਂਡਾ ਰਤਨ ਸਿੰਘ ਜੱਗੀ ਨੇ ਬੜੀ ਸਰਲ ਭਾਸ਼ਾ ਵਿਚ ਅਰਥ ਕੀਤੇ ਹਨ, ਜਿਹੜੇ ਆਮ ਪਾਠਕ ਦੇ ਸਮਝ ਵਿਚ ਆ ਜਾਂਦੇ ਹਨ। ਉਦਾਹਰਣ ਲਈ  ਸਿਰੀ ਰਾਗੁ ਵਿਚ ਪੁਸਤਕ ਦੇ ਪੰਨਾ 79 ‘ਤੇ ਸਲੋਕ ਹੈ-
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ॥
ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ॥
ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ॥
ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ॥
ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦ ਪਛਾਣ॥4॥
  ਇਸਦੇ ਅਰਥ ਇਸ ਪ੍ਰਕਾਰ ਹਨ-ਹੇ ਵਣਜਾਰੇ ਮਿਤਰ! ਉਮਰ ਦੇ ਚੌਥੇ ਪਹਿਰ ਵਿਚ (ਜੀਵ) ਬਿਰਧ ਹੋ ਜਾਂਦਾ ਹੈ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਹੇ ਵਣਜਾਰੇ ਮਿਤਰ! ਅੱਖਾਂ ਅਗੇ ਹਨੇਰਾ ਆ ਜਾਣ ਕਾਰਣ ਦਿਸਦਾ ਨਹੀਂ ਅਤੇ ਕੰਨਾਂ ਰਾਹੀਂ ਬੋਲ ਵੀ ਨਹੀਂ ਸੁਣ ਸਕਦਾ। ਅੱਖਾਂ ਤੋਂ ਅੰਨ੍ਹਾ (ਹੋ ਜਾਂਦਾ ਹੈ) ਅਤੇ ਜੀਭ ਰਸ ਮਾਣਨ (ਦੀ ਰੁਚੀ) ਨਹੀਂ ਰਹਿੰਦੀ, ਸ਼ਕਤੀ ਅਤੇ ਪਰਾਕ੍ਰਮ/ ਉਦਮ ਮੁਕ ਜਾਂਦੇ ਹਨ। ਹਿਰਦੇ ਵਿਚ ਗੁਣ ਨਹੀਂ ਹੁੰਦੇ, (ਫਿਰ) ਉਹ ਮਨਮੁਖ ਕਿਵੇਂ ਸੁਖ ਪ੍ਰਾਪਤ ਕਰ ਸਕਦਾ ਹੈ, (ਬਸ) ਆਵਾਗਵਣ ਦੇ ਚੱਕਰ ਵਿਚ (ਪਿਆ ਰਹਿੰਦਾ ਹੈ)। (ਉਮਰ ਰੂਪ) ਖੇਤੀ ਦੇ ਪਕ ਜਾਣ ‘ਤੇ ਕੁੜਕ ਕੇ ਟੁੱਟ ਜਾਂਦਾ ਹੈ (ਭਾਵ ਮਿ੍ਰਤੂ ਹੋ ਜਾਂਦੀ ਹੈ)। (ਸੰਸਾਰ ਵਿਚ) ਜਨਮ ਲੈ ਕੇ ਫਿਰ ਚਲੇ ਜਾਣ ਵਿਚ ਕੋਈ ਮਾਣ ਦੀ ਗੱਲ ਨਹੀਂ ਹੁੰਦੀ। ਨਾਨਕ ਦਾ ਕਥਨ ਹੈ ਕਿ ਹੇ ਪ੍ਰਣੀ! (ਜੀਵਨ ਦੇ) ਚੌਥੇ ਪਹਿਰ ਵਿਚ ਗੁਰੂ ਦੀ ਸਿਖਿਆ ਅਨੁਸਾਰ ਸ਼ਬਦ ਦੀ ਪਛਾਣ ਕਰ।4।
   ਡਾ ਰਤਨ ਸਿੰਘ ਜੱਗੀ ਨੇ ਸਰਲ ਢੰਗ ਨਾਲ ਅਰਥ ਦੱਸੇ ਹਨ। ਇਤਨੇ ਵੱਡੇ ਵਿਦਵਾਨ ਦਾ ਆਮ ਪਾਠਕਾਂ ਦੇ ਪੱਧਰ ਤੇ ਪਹੁੰਚਕੇ ਲਿਖਣਾ ਮੁਸ਼ਕਲ ਹੁੰਦਾ ਹੈ ਪ੍ਰੰਤੂ ਡਾ ਜੱਗੀ ਆਮ ਪਾਠਕ ਦੀ ਨਬਜ਼ ਨੂੰ ਸਮਝਦੇ ਹਨ। ਇਸ ਕਰਕੇ ਉਨ੍ਹਾਂ ਨੇ ਉਨ੍ਹਾਂ ਦੀ ਲੋੜ ਅਨੁਸਾਰ ਸਾਧਨਾ ਕਰਕੇ ਸਫਲਤਾ ਪ੍ਰਾਪਤ ਕੀਤੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ -  ਉਜਾਗਰ ਸਿੰਘ

ਪੰਜਾਬ ਦੀ ਨੌਜਵਾਨੀ ਪਿਛਲੇ 15 ਸਾਲਾਂ ਤੋਂ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਹੈ। ਇਸ ਹਾਲਤ ਵਿੱਚੋਂ ਨਿਕਲਣ ਦੀ ਕੋਈ ਆਸ ਵੀ ਬੱਝ ਨਹੀਂ ਰਹੀ। ਇਸ ਲਈ ਮਾਪਿਆਂ ਨੇ ਆਪਣੇ ਜਿਗਰ ਦੇ ਟਕੜੇ ਬੱਚਿਆਂ ਦੇ ਭਵਿਖ ਨੂੰ ਬਚਾਉਣ ਲਈ ਉਨ੍ਹਾਂ ਨੂੰ ਪਰਵਾਸ ਵਿੱਚ ਪੜ੍ਹਾਈ ਦੇ ਬਹਾਨੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜੀਲੈਂਡ ਆਦਿ ਦੇਸ਼ਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਖਾਂਦੇ ਪੀਂਦੇ ਸਮਰੱਥ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲੱਗ ਪਏ ਹਨ। ਅਲ੍ਹੜ ਉਮਰ ਦੇ ਲੜਕੇ ਅਤੇ ਲੜਕੀਆਂ ਨੂੰ ਵੀ ਬਾਹਰ ਭੇਜਣ ਲੱਗ ਪਏ ਜਦੋਂ ਕਿ ਉਨ੍ਹਾਂ ਨੂੰ ਅਜੇ ਜ਼ਿੰਦਗੀ ਵਿੱਚ ਅਡਜਸਟ ਕਰਨ ਦੀ ਸਮਝ ਹੀ ਨਹੀਂ ਹੁੰਦੀ। ਪਿਆਰੇ ਨੌਜਵਾਨੋ/ਵਿਦਿਆਰਥੀਓ/ਪੰਜਾਬੀਓ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਦਾਗ਼ ਨਾ ਲਗਾਓ। ਗੁਰੂਆਂ ਪੀਰਾਂ ਦੀ ਪਵਿਤਰ ਧਰਤੀ ਦੇ ਜਾਇਓ ਪਰਵਾਸ ਵਿੱਚ ਜਾ ਕੇ ਪੰਜਾਬੀਅਤ ਦਾ ਝੰਡਾ ਬਰਦਾਰ ਕਰਨ ਦੀ ਥਾਂ ਦਾਗ਼ਦਾਰ ਨਾ ਕਰੋ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਸਰਦਾਰੀ ਦੀ ਆਭਾ ਨੂੰ ਹੋਰ ਉਚਾ ਚੁੱਕ ਕੇ ਪੰਜਾਬੀਆਂ ਦਾ ਮਾਣ ਵਧਾਓ। ਸੰਸਾਰ ਤੁਹਾਡੀ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੀ ਵਿਚਾਰਧਾਰਾ ਦੀ ਕਦਰ ਕਰਦਾ ਹੈ। ਇਸ ਵਿਚਾਰਧਾਰਾ ‘ਤੇ ਪਹਿਰਾ ਦੇਣਾ ਤੁਹਾਡਾ ਫ਼ਰਜ਼ ਹੈ ਪ੍ਰੰਤੂ ਫ਼ਰਜ਼ਾਂ ਦੀ ਪਾਲਣਾ ਕਰਨ ਦੀ ਥਾਂ ਉਨ੍ਹਾਂ ਦੀ ਉਲੰਘਣਾ ਕਰ ਰਹੇ ਹੋ। ਪੰਜਾਬੀਆਂ ਦੀਆਂ ਨਸ਼ਿਆਂ ਦੇ ਵਿਓਪਾਰ ਨਾਲ ਸੰਬਧਤ ਖ਼ਬਰਾਂ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਜਿਹੜੇ ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਸ਼ਰਮਿੰਦਰੀ ਮਹਿਸੂਸ ਹੋ ਰਹੀ ਹੈ। ਪੰਜਾਬ ਵਿੱਚ ਬੇਰੋਜ਼ਗਾਰੀ ਅਤੇ ਨਸ਼ਿਆਂ ਦੀ ਦਲਦਲ ਵਿੱਚ ਨੌਜਵਾਨੀ ਦੇ ਫਸ ਜਾਣ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਪਰਵਾਸ ਵਿੱਚ ਭੇਜਣ ਲਈ ਮਜ਼ਬੂਰ ਹਨ। ਇਥੋਂ ਤੱਕ ਕਿ 10+2 ਤੋਂ ਬਾਅਦ ਹੀ ਬੱਚਿਆਂ ਨੂੰ ਅਗਲੇਰੀ ਪੜ੍ਹਾਈ ਦੇ ਬਹਾਨੇ ਪਰਵਾਸ ਵਿੱਚ ਵਸਾਉਣ ਲਈ ਭੇਜ ਰਹੇ ਹਨ। ਸੰਸਾਰ ਦੇ ਸਾਰੇ ਦੇਸ਼ਾਂ ਨਾਲੋਂ ਕੈਨੇਡਾ ਵਿੱਚ ਪੰਜਾਬੀ ਜ਼ਿਆਦਾ ਹਨ, ਕਿਉਂਕਿ ਕੈਨੇਡਾ ਦੀਆਂ ਸਰਕਾਰਾਂ ਦੀਆਂ ਨੀਤੀਆਂ ਪੰਜਾਬੀ ਨੂੰ ਉਥੇ ਵਸਣ ਵਿੱਚ ਸਹਾਈ ਹੋ ਰਹੀਆਂ ਹਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਜਿਹੜੇ ਕੁਝ ਪੰਜਾਬੀਆਂ ਦੇ ਮਾਪੇ ਪੰਜਾਬ ਵਿੱਚ ਆਪ ਨਸ਼ਿਆਂ ਦੇ ਕਾਰੋਬਾਰ ਵਿੱਚ ਗਲਤਾਨ ਹਨ ਅਤੇ ਜੋ ਭਰਿਸ਼ਟਾਚਾਰ ਰਾਹੀਂ ਇਕੱਤਰ ਕੀਤੀ ਕਮਾਈ ਕਰਕੇ ਸਰਦੇ ਪੁਜਦੇ ਬਣ ਗਏ ਹਨ, ਉਹ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜੀ ਜਾ ਰਹੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਕਿਤੇ ਉਨ੍ਹਾਂ ਦੀ ਤਰ੍ਹਾਂ ਬੱਚੇ ਵੀ ਅਜਿਹੇ ਕਾਰੋਬਾਰ ਵਿੱਚ ਨਾ ਪੈ ਜਾਣ ਜਾਂ ਕਿਤੇ ਨਸ਼ਿਆਂ ਵਿਚ ਫਸ ਨਾ ਜਾਣ। ਅਜਿਹੇ ਪਰਿਵਾਰਾਂ ਦੇ ਬੱਚੇ ਬਾਹਰ ਜਾ ਕੇ ਵੀ ਮਿਹਨਤ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਪੰਜਾਬ ਵਿੱਚ ਆਪਣੇ ਮਾਪਿਆਂ ਦੇ ਸਿਰ ‘ਤੇ ਮੌਜਾਂ ਮਾਣਦਿਆਂ ਗ਼ੈਰ ਸਮਾਜਿਕ ਗਤੀਵਿਧੀਆਂ ਕੀਤੀਆਂ ਹਨ। ਪੰਜਾਬ ਵਿੱਚ ਪੈਸੇ ਦੇ ਜ਼ੋਰ ਜਾਂ ਸਿਆਸੀ ਪ੍ਰਭਾਵ ਵਰਤਕੇ ਬਚਦੇ ਰਹੇ ਹਨ। ਪ੍ਰੰਤੂ ਪਰਵਾਸ ਵਿੱਚ ਕਿਸੇ ਤਰ੍ਹਾਂ ਵੀ ਬਚ ਨਹੀਂ ਸਕਦੇ ਕਿਉਂਕਿ ਤੁਸੀਂ ਤਾਂ ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਬੁੱਧੂ ਦੀ ਕਹਾਵਤ ਅਨੁਸਾਰ ਚਲਦੇ ਹੋ।
        ਪਰਵਾਸ ਵਿੱਚ ਕੰਮ ਕੀਤੇ ਬਿਨਾ ਗੁਜ਼ਾਰਾ ਨਹੀਂ। ਉਥੇ ਵਰਕ ਕਲਚਰ ਹੈ। ਮਿਹਨਤ ਕਰਨ ਦੀ ਥਾਂ ਅਲ੍ਹੜ੍ਹ ਉਮਰ ਦੇ ਇਹ ਬੱਚੇ ਸ਼ਾਰਟ ਕੱਟ ਮਾਰਕੇ ਅਮੀਰ ਬਣਨ ਦੇ ਸੁਪਨੇ ਸਿਰਜਣ ਲੱਗ ਜਾਂਦੇ ਹਨ। ਫਿਰ ਉਹ ਗੈਂਗਸਟਰਾਂ ਅਤੇ ਨਸ਼ਿਆਂ ਦੇ ਕਾਰੋਬਾਰੀਆਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ। ਪਿਛੇ ਜਹੇ ਕੈਨੇਡਾ ਦੇ ਟਰਾਂਟੋ ਸ਼ਹਿਰ ਦੇ ਇਲਾਕੇ ਵਿਚ 16 ਸ਼ੱਕੀ ਵਿਅਕਤੀਆਂ ਨੂੰ ਪੁਲਿਸ ਨੇ ਫੜ੍ਹਿਆ ਹੈ ਅਤੇ 140 ਮਾਮਲੇ ਦਰਜ ਕੀਤੇ ਹਨ, ਜਿਹੜੇ ਆਨ ਲਾਈਨ ਸਾਮਾਨ ਦੀ ਡਲਿਵਰੀ ਦਾ ਸਾਮਾਨ ਚੋਰੀ ਕਰਦੇ ਸਨ। ਉਹ ਸਾਰੇ ਹੀ ਪੰਜਾਬੀ ਹਨ, ਉਨ੍ਹਾਂ ਵਿੱਚ ਪਗੜੀਧਾਰੀ ਅਤੇ ਲੰਬੀਆਂ ਦਾੜੀਆਂ ਵਾਲੇ ਅਲੂੰਏਂ ਨੌਜਵਾਨ ਵੀ ਹਨ। ਇਕ ਲੜਕੀ ਵੀ ਹੈ, ਜਿਸਦੀ ਉਮਰ 25 ਸਾਲ ਹੈ। ਹੈਰਾਨੀ ਦੀ ਗੱਲ ਹੈ ਇਕ ਲੜਕਾ ਨਬਾਲਗ ਹੈ। ਅੱਧੇ 25 ਸਾਲ ਤੋਂ ਘੱਟ ਉਮਰ ਦੇ ਹਨ। ਡੇਢ ਮਹੀਨਾ ਜਾਂਚ ਚਲੀ, ਜਿਸ ਵਿੱਚ ਕੈਨੇਡਾ ਦਾ ਡਾਕ ਵਿਭਾਗ ਅਤੇ ਹੋਰ ਖੇਤਰੀ ਅਤੇ ਪ੍ਰਾਂਤਕ  ਪੁਲਿਸ ਦੇ ਅਧਿਕਾਰੀ ਵੀ ਸ਼ਾਮਲ ਸਨ। ਸ਼ੱਕੀ ਵਿਅਕਤੀਆਂ ਕੋਲੋਂ ਚੋਰੀ ਦਾ ਸਾਮਾਨ, ਨਸ਼ੇ ਤੇ ਚੋਰੀ ਕੀਤੇ ਕਰੈਡਿਟ ਕਾਰਡ ਵਗੈਰਾ ਬਰਾਮਦ ਹੋਏ ਹਨ। ਪੁਲਿਸ ਨੂੰ ਮਿਸੀਸਾਗਾ, ਬਰੈਂਪਟਨ ਅਤੇ ਕੈਲੇਡਨ ਤੋਂ ਛੇ ਮਹੀਨੇ ਵਿੱਚ ਡਾਕ ਚੋਰੀ ਦੀਆਂ 100 ਸ਼ਿਕਾਇਤਾਂ ਮਿਲੀਆਂ ਹਨ। ਪੁਲਿਸ ਨੈ ਉਨ੍ਹਾਂ ਨੂੰ ਚਾਰਜ ਕਰ ਦਿੱਤਾ ਹੈ।
     ਇਸ ਤੋਂ ਇਲਾਵਾ ਟਰਾਂਟੋ ਪੁਲਿਸ ਨੇ ਇਕ ਹੋਰ ਕੇਸ ਵਿੱਚ 1000 ਕਿਲੋ ਡਰੱਗ ਪਕੜੀ ਹੈ, ਜਿਸਦੀ ਕੀਮਤ 61 ਮਿਲੀਅਨ ਦੀ ਦੱਸੀ ਜਾਂਦੀ ਹੈ। ਨਵੰਬਰ 2020 ਤੋਂ ਮਈ 2021 ਤੱਕ ਚਲੇ ਇਸ ਓਪ੍ਰੇਸ਼ਨ ਵਿੱਚ 35 ਥਾਵਾਂ ਤੇ ਛਾਪੇ ਮਾਰਕੇ ਇਸ ਡਰੱਗ ਦੀ ਖੇਪ ਪਕੜੀ ਹੈ। ਇਸ ਖੇਪ ਵਿੱਚ 444 ਕਿਲੋ ਕੋਕੀਨ, 182 ਕਿਲੋ ਕਿ੍ਰਸਟਲ, 427 ਕਿਲੋ ਮੇਰੁਆਨਾ ਅਤੇ 300 ਨਸ਼ੀਲੀਆਂ ਗੋਲੀਆਂ ਹਨ। 20 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ 13 ਪੰਜਾਬੀ ਹਨ।  ਗਿ੍ਰਫ਼ਤਾਰ ਹੋਣ ਵਾਲਿਆਂ ਉਪਰ 182 ਚਾਰਜ ਲਗਾਏ ਗਏ ਹਨ। ਇਸ ਕੇਸ ਵਿੱਚ 18 ਵਿਅਕਤੀ ਪੁਲਿਸ ਨੇ ਪਕੜੇ ਹਨ ਜਿਨ੍ਹਾਂ ਵਿਚੋਂ ਅੱਧੇ ਪੰਜਾਬੀ ਹਨ। ਇਕ  ਪੰਜਾਬੀ ਆਪਣੇ ਘਰ ਵਿੱਚ ਹੀ ਸ਼ਰਾਬ ਕੱਢ ਰਿਹਾ ਸੀ, ਉਸਦਾ ਬੁਆਇਲਰ ਫਟ ਗਿਆ ਜਿਸ ਦੇ ਸਿੱਟੇ ਵਜੋਂ ਘਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ। ਜੇਕਰ ਬੁਆਇਲਰ ਨਾ ਫਟਦਾ ਤਾਂ ਪਤਾ ਨਹੀਂ ਲੱਗਣਾ ਸੀ। ਜੇਕਰ ਪੰਜਾਬੀਆਂ ਨੇ ਕੈਨੇਡਾ ਦੇ ਕਾਨੂੰਨਾ ਦੀ ਪਾਲਣਾ ਨਹੀਂ ਕਰਨੀ ਤਾਂ ਉਨ੍ਹਾਂ ਨੂੰ ਉਥੇ ਜਾਣਾ ਹੀ ਨਹੀਂ ਚਾਹੀਦਾ। ਜੇ ਉਥੇ ਜਾਣਾ ਹੈ ਤਾਂ ਉਸ ਦੇਸ਼ ਦੇ ਨਿਯਮਾ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਨੂੰ ਕਿਹੜਾ ਕੈਨੇਡਾ ਸਰਕਾਰ ਆਪ ਸੱਦਾ ਦਿੰਦੀ ਹੈ। ਉਹ ਤਾਂ ਖ਼ੁਦ ਆਪਣੇ ਸੁਨਹਿਰੇ ਭਵਿਖ ਲਈ ਪਰਵਾਸ ਵਿੱਚ ਜਾਂਦੇ ਹਨ ਪ੍ਰੰਤੂ ਜਲਦੀ ਅਮੀਰ ਬਣਨ ਲਈ ਗ਼ੈਰ ਕਾਨੂੰਨੀ ਸਾਧਨਾ ਦੀ ਵਰਤੋਂ ਕਰਕੇ, ਉਹ ਆਪਣਾ ਭਵਿਖ ਖੁਦ ਗੰਧਲਾ ਕਰ ਲੈਂਦੇ ਹਨ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕੈਨੇਡਾ ਦੀ ਪੁਲਿਸ ਐਵੇਂ ਨਹੀਂ ਕਿਸੇ ਦੋਸ਼ੀ ਨੂੰ ਪਕੜਦੀ, ਸੂਚਨਾ ਮਿਲਣ ਤੋਂ ਬਾਅਦ ਪੂਰੀ ਨਿਗਾਹ ਰੱਖਦੀ ਹੈ, ਜਦੋਂ ਉਨ੍ਹਾਂ ਕੋਲ ਪੂਰੇ ਸਬੂਤ ਹੁੰਦੇ ਹਨ ਫਿਰ ਉਨ੍ਹਾਂ ਨੂੰ ਪਕੜਦੀ ਹੈ। ਇਨ੍ਹਾਂ ਸਾਰਿਆਂ ਨੂੰ ਪੁਲਿਸ ਨੇ ਚਾਰਜ ਵੀ ਕਰ ਦਿੱਤਾ ਹੈ। ਪੁਲਿਸ ਕੋਲ ਭਾਵੇਂ ਸਬੂਤ ਹੁੰਦੇ ਹਨ ਪ੍ਰੰਤੂ ਜਿਤਨੀ ਦੇਰ ਸਜਾ ਨਹੀਂ ਹੋ ਜਾਂਦੀ, ਉਨ੍ਹਾਂ ਨੂੰ ਸ਼ੱਕੀ ਹੀ ਕਿਹਾ ਜਾਂਦਾ ਹੈ। ਇਹ ਲੋਕ ਆਪਣਾ ਨੁਕਸਾਨ ਤਾਂ ਕਰਨਗੇ ਹੀ ਪ੍ਰੰਤੂ ਜਿਹੜੇ ਪੰਜਾਬੀ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਸ਼ੱਕੀ ਨਿਗਾਹ ਨਾਲ ਵੇਖਿਆ ਜਾਵੇਗਾ। ਹੋ ਸਕਦਾ ਕੈਨੇਡਾ ਸਰਕਾਰ ਪਰਵਾਸ ਵਿੱਚ ਸੈਟਲ ਹੋਣ ਲਈ ਕਾਨੂੰਨ ਹੋਰ ਸਖ਼ਤ ਕਰ ਦੇਵੇ। ਇਸਤੋਂ ਪਹਿਲਾਂ ਆਮ ਖ਼ਬਰਾਂ ਆਉਂਦੀਆਂ ਰਹੀਆਂ ਹਨ ਕਿ ਪੰਜਾਬੀ ਟਰਾਂਸਪੋਰਟ ਦੇ ਵਿਓਪਾਰ ਵਿੱਚ ਸ਼ਾਮਲ ਲੋਕ ਆਪਣੇ ਹੋਰ ਸਾਮਾਨ ਵਿਚ ਛੁਪਾਕੇ ਨਸ਼ੀਲੀਆਂ ਦਵਾਈਆਂ ਅਤੇ ਹੋਰ ਸਾਮਾਨ ਲਿਆਉਂਦੇ ਵੀ ਪਕੜੇ ਗਏ ਸਨ। ਕੈਨੇਡਾ ਵਿੱਚ ਪੜ੍ਹਨ ਗਏ ਵਿਦਿਆਰਥੀਆਂ ਦੀ ਹੁਲੜਬਾਜ਼ੀ ਅਤੇ ਲੜਾਈ ਝਗੜਿਆਂ ਦੇ ਕੇਸ ਵੀ ਹੁੰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪੰਜਾਬੀਆਂ ਵੱਲੋਂ ਕੀਤੇ ਜਾ ਰਹੇ ਅਨੈਤਿਕ ਕੰਮਾ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਪਰਵਾਸ ਵਿੱਚ ਆਜ਼ਾਦੀ ਦਾ ਭਾਵ ਅਨੈਤਿਕ ਕੰਮਾ ਦੀ ਪ੍ਰਵਾਨਗੀ ਨਹੀਂ। ਆਜ਼ਾਦੀ ਦੇ ਗ਼ਲਤ ਅਰਥ ਕੱਢਕੇ ਐਸ਼ ਆਰਾਮ ਦੀ ਜ਼ਿੰਦਗੀ ਵਿੱਚ ਗਲਤਾਨ ਹੋ ਰਹੇ ਹਨ। ਪੰਜਾਬੀ ਮਾਪਿਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਵਿੱਚ ਵਰਕ ਕਲਚਰ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਆਪਣੀ ਕਮਾਈ ਕਰਕੇ ਆਪਣਾ ਗੁਜ਼ਾਰਾ ਕਰਨ ਲਈ ਵੀ ਤਿਆਰ ਕਰਨਾ ਚਾਹੀਦਾ ਹੈ। ਜੇਕਰ ਅਜੇ ਵੀ ਮਾਪੇ ਨਾ ਸਮਝੇ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਪਰਵਾਸ ਵਿੱਚ ਸਖ਼ਤ ਕਾਨੂੰਨਾ ਦਾ ਸਾਹਮਣਾ ਕਰਦੇ ਹੋਏ ਜੇਲ੍ਹਾਂ ਵਿਚ ਜੀਵਨ ਗੁਜ਼ਾਰਨਾ ਪਵੇਗਾ। ਪੰਜਾਬੀ ਭੈਣੋ ਅਤੇ ਭਰਾਵੋ, ਤੁਹਾਡੇ ਦੇਸ਼ ਦੇ ਲੋਕ ਆਪਣੀ ਮਿਹਨਤ ਕਰਕੇ ਕੈਨੇਡਾ ਦੀ ਫੈਡਰਲ ਸਰਕਾਰ ਵਿਚ ਮੰਤਰੀ, ਰਾਜ ਸਰਕਾਰਾਂ ਵਿੱਚ ਮੰਤਰੀ ਅਤੇ ਹੋਰ ਉਚ ਅਹੁਦਿਆਂ ਤੇ ਬਿਰਾਜਮਾਨ ਹਨ, ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਥਾਂ ਤੁਸੀਂ ਉਨ੍ਹਾਂ ਦੇ ਕਿਰਦਾਰ ਵੀ ਸ਼ੱਕੀ ਬਣਾ ਰਹੇ ਹੋ। ਸੰਭਲ ਜਾਓ, ਜੇ ਨਾ ਸੰਭਲੇ ਤਾਂ ਕੈਨੇਡਾ ਸਰਕਾਰ ਨੇ ਮੱਖਣ ‘ਚੋਂ ਵਾਲ ਦੀ ਤਰ੍ਹਾਂ ਕੱਢ ਕੇ ਵਾਪਸ ਭੇਜ ਦੇਣਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਸੁਭਾਸ਼ ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ - ਉਜਾਗਰ ਸਿੰਘ

ਸੁਭਾਸ਼ ਸ਼ਰਮਾ ਨੂਰ ਦਾ ਪਲੇਠਾ ਕਾਵਿ ਸੰਗ੍ਰਹਿ ‘ਕਿਤਾਬ-ਏ-ਜ਼ਿੰਦਗੀ’ ਮੁਹੱਬਤ ਦੀਆਂ ਬਾਤਾਂ ਪਾ ਰਿਹਾ ਹੈ। ਸ਼ੁਭਾਸ਼ ਸਰਮਾ ਅੰਗਰੇਜ਼ੀ ਦੇ ਸੇਵਾ ਮੁਕਤ ਪ੍ਰੋਫ਼ੈਸਰ ਹਨ। ਪ੍ਰੰਤੂ ਉਨ੍ਹਾਂ ਆਪਣੀ ਇਹ ਪਹਿਲੀ ਪੁਸਤਕ ਹੀ ਹਿੰਦੀ ਵਿਚ ਪ੍ਰਕਾਸ਼ਤ ਕਰਵਾਈ ਹੈ। ਇਸ ਪੁਸਤਕ ਦੇ ਪਹਿਲੇ 52 ਪੰਨਿਆਂ ਵਿਚ 30 ਕਵਿਤਾਵਾਂ ਅਤੇ ਨਜ਼ਮਾ ਅਤੇ 17 ਗ਼ਜ਼ਲਾਂ ਹਨ। ਉਸਤੋਂ ਬਾਅਦ 96 ਪੰਨਿਆਂ ਤੱਕ 79 ਰੁਬਾਈਆਂ ਅਤੇ 53 ਸ਼ੇਅਰ ਹਨ। ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ, ਨਜ਼ਮਾ ਅਤੇ ਰੁਬਾਈਆਂ, ਮੁਹੱਬਤ, ਸਦਭਾਵਨਾ, ਆਪਸੀ ਮਿਲਵਰਤਨ, ਜ਼ਿੰਦਗੀ, ਸੁਖੀ ਜੀਵਨ, ਸ਼ਾਂਤੀ, ਇਸਤਰੀਆਂ, ਪੰਛੀਆਂ, ਬਜ਼ੁਰਗਾਂ ਦਾ ਸਤਿਕਾਰ, ਆਪਸੀ ਪਿਆਰ, ਭਰਿਸ਼ਟਾਚਾਰ, ਮਿਲਵਰਤਨ, ਜ਼ਾਤੀਵਾਦ, ਰਾਜਨੀਤੀ, ਪਾਰਦਰਸ਼ਤਾ, ਗ਼ਰੀਬਾਂ, ਮਜ਼ਲੂਮਾ, ਹਓਮੈ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਮੁੱਢਲੇ ਤੌਰ ‘ਤੇ ਸ਼ੁਭਾਸ਼ ਸ਼ਰਮਾ ਨੂਰ ਇਕ ਬਿਹਤਰੀਨ ਅਧਿਆਪਕ, ਖ਼ੁਸ਼ਮਿਜ਼ਾਜ਼, ਸਲੀਕੇ ਨਾਲ ਵਿਚਰਨ ਵਾਲੇ ਇਨਸਾਨ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਦੇ ਸਰਬਪ੍ਰਮਾਣਤ ਮੰਚ ਸੰਚਾਲਕ ਹਨ। ਇਸ ਪੁਸਤਕ ਵਿਚਲੀਆਂ ਰੁਬਾਈਆਂ ਅਤੇ ਸ਼ੇਅਰ ਆਮ ਤੌਰ ਜਦੋਂ ਉਹ ਮੰਚ ਸੰਚਾਲਨ ਕਰਦੇ ਹਨ ਤਾਂ ਉਨ੍ਹਾਂ ਦੀ ਵਰਤੋਂ ਕਰਦੇ ਹਨ। ਪੁਸਤਕ ਵਿਚਲੀਆਂ ਰਚਨਾਵਾਂ ਵਿਚ ਉਨ੍ਹਾਂ ਦੇ ਵਿਅਕਤਿਵ ਦਾ ਪ੍ਰਗਟਾਵਾ ਹੁੰਦਾ ਹੈ। ਇਨ੍ਹਾਂ ਰਚਨਾਵਾਂ ਨੂੰ ਜੇ ਉਨ੍ਹਾਂ ਦੀ ਰੂਹ ਦੀ ਆਵਾਜ਼ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਉਨ੍ਹਾਂ ਨੇ ਆਪਣੀ ਪਹਿਲੀ ਕਵਿਤਾ ਹੀ ਆਪਣੀ ਧਰਮ ਪਤਨੀ ਨੂੰ ਸਮਰਪਤ ਕੀਤੀ ਹੈ। ਉਨ੍ਹਾਂ ਉਸ ਕਵਿਤਾ ਵਿਚ ਲਿਖਿਅ ਹੈ ਕਿ ਉਸਦੀ ਜ਼ਿੰਦਗੀ ਨੂੰ ਸੁਚੱਜੀ ਬਣਾਉਣ ਵਿਚ ਉਨ੍ਹਾਂ ਦੀ ਪਤਨੀ ਦਾ ਵਿਸ਼ੇਸ਼ ਯੋਗਦਾਨ ਹੈ। ਬਿਹਤਰ ਰਿਸ਼ਤੇ ਬਣਾਉਣ, ਖ਼ੁਸ਼ਹਾਲ ਜੀਵਨ ਬਤੀਤ ਕਰਨ, ਇਨਸਾਨੀਅਤ ਦੀਆਂ ਕਦਰਾਂ ਕੀਮਤ ‘ਤੇ ਪਹਿਰਾ ਦੇਣ, ਸ਼ਾਂਤਮਈ ਵਾਤਾਵਰਨ ਪੈਦਾ ਕਰਨ, ਹਓਮੈ ਤੋਂ ਛੁਟਕਾਰਾ ਪਾਉਣ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਕੁਲ 46 ਕਵਿਤਾਵਾਂ ਅਤੇ 79 ਰੁਬਾਈਆਂ ਵਿਚੋਂ ਅੱਧ ਤੋਂ ਵੱਧ ਮੁਹੱਬਤ ਦੇ ਗੀਤ ਗਾਉਂਦੀਆਂ ਹਨ। ਬਾਕੀ ਦੀਆਂ ਅੱਧੀਆਂ ਰਚਨਾਵਾਂ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੀਆਂ ਹਨ। ਸ਼ਾਇਰੀ ਦਾ ਜ਼ਿਕਰ ਕਰਦਿਆਂ ਉਹ ਲਿਖਦੇ ਹਨ-
                          ਸ਼ਾਇਰੀ ਹੁਸਨ ਕਾ ਅੰਦਾਜ਼ ਹੂਆ ਕਰਤੀ ਹੈ,
                           ਸ਼ਾਇਰੀ ਵਕਤ ਕੀ ਹਮਰਾਜ਼ ਹੂਆ ਕਰਤੀ ਹੈ।
                           ਸ਼ਾਇਰੀ ਸਿਰਫ਼ ਲਫ਼ਾਜ਼ੀ ਨਹੀਂ ਹੋਤੀ, ਏ ਦੋਸਤ!
                            ਸ਼ਾਇਰੀ ਰੂਹ ਕੀ ਆਵਾਜ਼ ਹੂਆ ਕਰਤੀ ਹੈ।
   ਸ਼ੁਭਾਸ਼ ਸ਼ਰਮਾ ਦੀ ਇਹ ਕਵਿਤਾ ਹੀ ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਦਾ ਆਧਾਰ ਹੈ। ਉਹ ਮੁਹੱਬਤ, ਇਸ਼ਕ, ਪਿਆਰ ਅਤੇ ਹੁਸਨ ਨੂੰ ਇਸ਼ਕ ਮਜ਼ਾਜ਼ੀ ਨਹੀਂ ਸਗੋਂ ਇਸ਼ਕ ਹਕੀਕੀ ਮੰਨਦੇ ਹਨ। ਦੁਨੀਆਂ ਇਨਸਾਨ ਦੇ ਚਿਹਰੇ ਮੋਹਰੇ ਦੇ ਮਗਰ ਪਾਗਲ ਹੋਈ ਫਿਰਦੀ ਹੈ। ਦੁਨਿਆਵੀ ਲਾਲਚ ਨੇ ਇਨਸਾਨੀਅਤ ਦੀ ਫਿਤਰਤ ਵਿਚ ਤਬਦੀਲੀ ਲਿਆਕੇ ਇਨਸਾਨ ਨੂੰ ਬੁਰਾਈਆਂ ਵਲ ਧਕੇਲ ਦਿੱਤਾ ਹੈ। ਸਮਾਜ ਵਿਚ ਸੁੱਖ, ਸ਼ਾਂਤੀ ਅਤੇ ਸਦਭਾਵਨਾ ਦਾ ਵਾਤਵਰਨ ਪੈਦਾ ਕਰਨ ਦੇ ਇਰਾਦੇ ਨਾਲ ਸ਼ਾਇਰ ਆਪਣੀ ਇਕ ਰਚਨਾ ਵਿਚ ਲਿਖਦੇ ਹਨ-
                            ਤੁਮਨੇ ਇਸ ਸ਼ਹਿਰ ਕੋ ਸਦੀਓਂ ਸੇ ਨੂਰ ਬਖ਼ਸ਼ਾ ਹੈ,
                            ਇਲਮ ਬਖ਼ਸ਼ਾ ਹੈ ਇਸਕੋ ਸ਼ਾਊਰ ਬਖ਼ਸ਼ਾ ਹੈ।
                            ਤੁਮਨੇ ਇਸ ਸ਼ਹਿਰ ਕੇ ਹਾਥੋਂ ਕੋ ਹਿਨਾ ਬਖ਼ਸ਼ੀ ਹੈ,
                             ਹੁਸਨ ਬਖ਼ਸ਼ਾ ਹੈ ਇਸੇ ਨਾਜ਼-ਅੋ-ਅਦਾ ਬਖ਼ਸ਼ੀ ਹੈ।
   ਸ਼ਾਇਰ ਦਾ ਇਸ ਸ਼ਹਿਰ ਤੋਂ ਭਾਵ ਇਕੱਲੇ ਪਟਿਆਲਾ ਸ਼ਹਿਰ ਬਾਰੇ ਨਹੀਂ ਸਗੋਂ ਸਮੁੱਚੀ ਮਾਨਵਤਾ ਦੀ ਗੱਲ ਕਰ ਰਹੇ ਹਨ। ਸਮੁੱਚੇ ਪੰਜਾਬ/ਦੇਸ਼ ਦੀ ਗੱਲ ਕਰ ਰਹੇ ਹਨ। ਇਸ ਪੁਸਤਕ ਬਾਰੇ ਸ਼ਾਇਰ ਕਹਿੰਦੇ ਹਨ ਕਿ ਇਹ ਪੁਸਤਕ ਮੇਰੀ ਜ਼ਿੰਦਗੀ ਦੇ ਤਜ਼ਰਬਿਆਂ ਦਾ ਸਾਰੰਸ਼ ਹੈ। ਮੇਰੀ ਜ਼ਿੰੰਦਗੀ ਤੋਂ ਉਨ੍ਹਾਂ ਦਾ ਅਰਥ ਹੈ, ਇਨਸਾਨੀਅਤ ਦੀ ਜ਼ਿੰਦਗੀ ਹੈ। ਉਹ ਆਪਣੇ ਨਿੱਜੀ ਤਜ਼ਰਬਿਆਂ ਨੂੰ ਲੋਕਾਈ ਦੇ ਬਣਾਕੇ ਪੇਸ਼ ਕਰਦੇ ਹਨ। ਮਾਨਵਤਾ ਦੁਨਿਆਵੀ ਵਸਤਾਂ ਦੀ ਪ੍ਰਾਪਤੀ ਲਈ ਕਿਸ ਤਰ੍ਹਾਂ ਹਰ ਰੋਜ਼ ਭਟਕਦੀ ਰਹਿੰਦੀ ਹੈ, ਜਦੋਂ ਕਿ ਉਸਨੂੰ ਪਤਾ ਹੈ ਕਿ ਇਹ ਸਭ ਵਸਤਾਂ ਸਥਾਈ ਨਹੀਂ ਹਨ। ਇਸ ਲਈ ਜਿਹੜੀ ਇਹ ਜ਼ਿੰਦਗੀ ਮਿਲੀ ਹੈ, ਇਸਦਾ ਸਦਉਪਯੋਗ ਮਾਨਵਤਾ ਦੀ ਬਿਹਤਰੀ ਲਈ ਕੀਤਾ ਜਾਵੇ। ਇਸ ਨੂੰ ਅਜਾਈਂ ਨਾ ਗੁਆ ਦਿੱਤਾ ਜਾਵੇ। ਵਕਤ ਨੂੰ ਸਾਂਭਣਾ ਹੀ ਇਨਸਾਨੀਅਤ ਦੀ ਮੁੱਢਲੀ ਜ਼ਿੰਮੇਵਾਰੀ ਹੈ।-
               ਮੈਂ ਜੋ ਲਮਹਾ-ਲਮਹਾ ਜੀਆ ਕਭੀ, ਮੈਂ ਜੋ ਕਤਰਾ ਕਤਰਾ ਮਰਾ ਕਭੀ।
               ਮੇਰੀ ਖੁਵਾਹਸ਼ੇਂ, ਮੇਰੀ ਕੋਸ਼ਿਸ਼ੇਂ, ਮੇਰੀ ਸ਼ੋਹਰਤੇਂ, ਮੇਰੀ ਜ਼ਿਲਤੇਂ।
               ਉਨ ਸਭੀ ਪਲੋਂ ਕਾ ਹਿਸਾਬ ਹੈ, ਇਸੇ ਪੜੋ ਜ਼ਰਾ।
     ਸ਼ੁਭਾਸ਼ ਸ਼ਰਮਾ ਇਨਸਾਨ ਨੂੰ ਪੰਛੀਆਂ ਤੋਂ ਪ੍ਰੇਰਨਾ ਲੈਣ ਲਈ ਵੀ ਆਪਣੀਆਂ ਕਵਿਤਾਵਾਂ ਵਿਚ ਕਹਿੰਦਾ ਹੈ। ਪੰਛੀਆਂ ਵਿਚ ਕੋਈ ਵੈਰ ਭਾਵ ਨਹੀਂ ਹੁੰਦਾ, ਉਹ ਸਥਾਈ ਘਰ ਵੀ ਨਹੀਂ ਬਣਾਉਂਦੇ, ਉਨ੍ਹਾਂ ਲਈ ਸਰਹੱਦਾਂ ਦਾ ਕੋਈ ਅਰਥ ਨਹੀਂ, ਕੋਈ ਲਾਲਚ ਨਹੀਂ, ਜੋ ਕੁਝ ਮਿਲ ਗਿਆ ਖਾ ਲਿਆ, ਪੀ ਲਿਆ, ਕੋਈ ਕਬਜ਼ਾ ਨਹੀਂ ਕਰਦੇ, ਫਿਰ ਵੀ ਉਹ ਚਹਿਕਦੇ ਰਹਿੰਦੇ ਹਨ। ਉਨ੍ਹਾਂ ਦੀ ਖ਼ੁਸ਼ੀਆਂ ਭਰੀ ਜ਼ਿੰਦਗੀ ਵੇਖਕੇ ਇਨਸਾਨ ਨੂੰ ਵੀ ਖ਼ੁਸ਼ੀਆਂ ਦਾ ਆਨੰਦ ਮਾਨਣਾ ਚਾਹੀਦਾ ਹੈ। ਲੋਭ, ਮੋਹ ਅਤੇ ਅਹੰਕਾਰ ਦੇ ਚੱਕਰ ਵਿਚੋਂ ਬਾਹਰ ਨਿਕਲਕੇ ਇਨਸਾਨ ਨੂੰ ਪਰਮਾਤਮਾ ਦੀਆਂ ਬਰਕਤਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਪਤਾ ਨਹੀਂ ਉਹ ਇਨ੍ਹਾਂ ਰਹਿਮਤਾਂ ਦਾ ਲਾਭ ਕਿਉਂ ਨਹੀਂ ਉਠਾ ਰਿਹਾ?
           ਪਰਿੰਦੇ ਆਬ-ਅੋ-ਦਾਨਾ ਢੂੰਡਤੇ ਹੈਂ, ਵੋਹ ਬਸ ਮੌਸਮ ਸੁਹਾਨਾ ਢੂੰਢਤੇ ਹੈ।
           ਪਰਿੰਦੋਂ ਕੀ ਸਿਆਸਤ ਬਸ ਯਹੀ ਹੈ, ਵੋਹ ਮਿਲਨੇ ਕਾ ਬਹਾਨਾ ਢੂੰਢਤੇ ਹੈਂ।
           ਸਰਹੱਦੋਂ ਸੇ ਉਨਹੇਂ ਕਿਆ ਲੇਨਾ ਹੈ, ਵੋਹ ਉੜਨੇ ਕਾ ਬਹਾਨਾ ਢੂੰਢਤੇ ਹੈਂ।
           ਸ਼ਜ਼ਰ ਕੀ ਟਹਿਨੀਅਓਂ ਪਰ ਬੈਠੇ-ਬੈਠੇ, ਮੁਹੱਬਤ ਕਾ ਜ਼ਮਾਨਾ ਢੂੰਢਤੇ ਹੈਂ।
           ਜ਼ਮਾਨੇ ਕੀ ਫ਼ਿਜ਼ਾ ਸੇ ਦੂਰ ਉੜਕਰ, ਖ਼ੁਦਾ ਕਾ ਆਸ਼ਿਆਨਾ ਢੂੰਢਤੇ ਹੈ।
           ‘ਨੂਰ’ ਕੁਛ ਸੀਖ਼ ਲੇ ਪਰਿੰਦੋਂ ਸੇ, ਜੋ ਖ਼ੁਸ਼ੀਓਂ ਕਾ ਖ਼ਜਾਨਾ ਢੂੰਢਤੇ ਹੈ।
    ਸ਼ਾਇਰ ਆਪਣੀ ਸ਼ਾਇਰੀ ਵਿਚ ਇਨਸਾਨ ਨੂੰ ਲੜਾਈ ਝਗੜੇ ਛੱਡ ਕੇ ਕੁਰਕਸ਼ੇਤਰ ਦਾ ਯੁਧ ਖ਼ਤਮ ਕਰਨ ਦੀ ਨਸੀਹਤ ਦੇ ਰਿਹਾ ਹੈ। ਸਾਰਾ ਕੁਝ ਇਥੇ ਹੀ ਰਹਿ ਜਾਣਾ ਹੈ। ਆਪਸੀ ਝਗੜੇ, ਖੁੰਦਕਾਂ ਅਤੇ ਦੁਸ਼ਮਣੀਆਂ ਵਿਚੋਂ ਸੁੱਖ ਨਹੀਂ ਸਗੋਂ ਅਸ਼ਾਂਤੀ ਮਿਲਦੀ ਹੈ, ਸ਼ਾਇਰ ਲਿਖਦੇ ਹਨ-
               ਸ਼ਸ਼ਤਰੋਂ ਕੀ ਹੋੜ ਘਟੇ ਜਗ ਮੇਂ, ਸਬ ਦੇਸ਼ ਕੁਟੁੰਬ ਸਮਾਨ ਰਹੇਂ।
              ਸਾਰੀ ਸਿਰਸ਼ਟੀ ਸੰਗੀਤ ਬਨੇ, ਨਵ ਵਰਸ਼ ਨਯਾ ਸੰਦੇਸ਼ ਲਿਏ।
              ਯੂੰ ਖ਼ੂਨ ਵਹਾਨੇ ਕੇ ਬਹਾਨੇ ਬਹੁਤ ਸੀਖੇ,
              ਕੋਈ ਪਿਆਰ ਮੁਹੱਬਤ ਕਾ ਤਰਾਨਾ ਨਹੀਂ ਸੀਖਾ।
              ਹਮ ਖ਼ੁਸ਼ ਹੈਂ ਜਮਾ ਕਰਕੇ ਸਾਮਾਨੇ-ਏ-ਜੰਗ ਲੇਕਿਨ,
               ਹਮਨੇ ਅਭੀ ਜੰਗੋਂ ਕੋ ਮਿਟਾਨਾ ਨਹੀਂ ਸੀਖਾ।
   ਸ਼ੁਭਾਸ਼ ਸ਼ਰਮਾ ਪਰਮਾਤਮਾ ਨੂੰ ਵੀ ਆਪਣੀ ‘ਭਗਵਾਨ ਤੁਮ ਅਸਤੀਫ਼ਾ ਦੇ ਦੋ’ ਦੇ ਸਿਰਲੇਖ ਵਾਲੀ ਕਵਿਤਾ ਵਿਚ ਵਿਅੰਗ ਕਰਦਾ ਲਿਖਦਾ ਹੈ ਕਿ ਇਨਸਾਨੀਅਤ ਤੇਰੇ ਕਾਬੂ ਵਿਚ ਨਹੀਂ ਹੈ। ਰਾਜਨੀਤੀ ‘ਤੇ ਵਿਅੰਗ ਕਰਦੇ ਲਿਖਦੇ ਹਨ, ਆਪਣੀ ਵਿਰਾਸਤ ਸਾਬਤ ਕਰਨ ਲਈ ਸਬੂਤ ਮੰਗੇ ਜਾ ਰਹੇ ਹਨ। ਸਭ ਪਾਸੇ ਆਪੋ ਧਾਪੀ ਪਈ ਹੋਈ ਹੈ। ਤੁਹਾਡੀ ਕੋਈ ਪਰਵਾਹ ਨਹੀਂ ਕਰ ਰਿਹਾ, ਇਸ ਲਈ ਤੁਹਾਨੂੰ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
      ਪੰਜਾਬ ਦੀ ਮਿੱਟੀ ਦੀ ਮਹਿਕ ਦਾ ਜ਼ਿਕਰ ਕਰਦਾ ਸ਼ਾਇਰ ਕਹਿੰਦਾ ਹੈ ਕਿ ਪੰਜਾਬ ਸ਼ਹੀਦਾਂ, ਗੁਰੂਆਂ, ਪੀਰਾਂ, ਸੂਫ਼ੀ ਫ਼ਕੀਰਾਂ, ਧਰਮ ਗ੍ਰੰਥਾ ਦੀ ਪਾਕਿ ਪਵਿਤਰ ਸਰਜ਼ਮੀ ਹੈ। ਇਨਸਾਨ ਆਪਣੀ ਇਸ ਅਮੀਰ ਵਿਰਾਸਤ ਤੋਂ ਸਿੱਖਣ ਤੋਂ ਭੱਜ ਰਿਹਾ ਹੈ। ਚਿੜੀਆਘਰ ਕਵਿਤਾ ਵਿਚ ਚਿੜੀਆਂ ਦੇ ਰਾਹੀਂ ਪਰਜਾਤੰਤਰ ਵਿਚ ਸ਼ਰੀਫ਼ ਮਾਨਵਤਾ ‘ਤੇ ਹੋ ਰਹੇ ਅਤਿਆਚਾਰਾਂ ਦਾ ਜ਼ਿਕਰ ਕਰਦੇ ਸ਼ਾਇਰ ਲਿਖ ਰਹੇ ਹਨ ਕਿ ਤਕੜੇ ਦਾ ਸਤੀਂ ਵੀਹੀਂ ਸੌ ਹੋ ਰਿਹਾ ਹੈ। ਮਾਜ਼ੀ, ਆਜ ਔਰ ਕਲ੍ਹ ਵਿਚ ਸਪੁੱਤਰਾਂ ਵਲੋਂ ਬਜ਼ੁਰਗਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਬਾਰੇ ਲਿਖਦੇ ਹਨ। ਜ਼ਿੰਦਗੀ ਕਵਿਤਾ ਵਿਚ ਸ਼ਾਇਰ ਲਿਖਦੇ ਹਨ ਕਿ ਖ਼ੁਸ਼ੀਆਂ ਭਾਲਣ ਲਈ ਜੰਗਲ , ਗੁਫ਼ਾ ਅਤੇ ਪਹਾੜਾਂ ਵਿਚ ਜਾ ਕੇ ਤਪੱਸਿਆ ਕਰਨ ਦੀ ਲੋੜ ਨਹੀਂ। ਖ਼ੁਸ਼ੀ ਇਨਸਾਨ ਦੇ ਅੰਦਰ ਹੈ। ਇਸ ਲਈ ਉਸਨੂੰ ਆਪਣੇ ਅੰਦਰ ਝਾਕਣਾ ਚਾਹੀਦਾ। ਕਲ ਕਵਿਤਾ ਵਿਚ ਵਰਤਮਾਨ ਨੂੰ ਸਫਲ ਬਣਾਉਣਾ ਜ਼ਰੂਰੀ ਹੈ, ਬੀਤੇ ਅਤੇ ਆਉਣ ਵਾਲੇ ਸਮੇਂ ਬਾਰੇ ਨਹੀਂ ਸੋਚਣਾ ਚਾਹੀਦਾ। ਕਰੋਨਾ ਸਿਰਲੇਖ ਵਾਲੀ ਕਵਿਤਾ ਵਿਚ ਇਨਸਾਨੀਅਤ ਨਾਲ ਹੋ ਰਹੇ ਦੁਖਾਂਤ ਦਾ ਜ਼ਿਕਰ ਕੀਤਾ ਹੈ। ਸ਼ਾਇਰ ਲੋਕਾਂ ਨੂੰ ਆਪਣਾ ਭਵਿਖ ਆਪ ਬਣਾਉਣ ਦੀ ਤਾਕੀਦ ਕਰ ਰਿਹਾ ਹੈ।
             ਖ਼ੁਸ਼ਨਸੀਬੀ ਯੂੰ ਹੀ ਨਹੀਂ ਮਿਲਤੀ, ਯੇ ਬਜ਼ੁਰਗੋਂ ਕੀ ਮਿਹਰਬਾਨੀ ਹੈ।
            ਘਰ ਮੇਂ ਖਿਲਤੇ ਗੁਲਾਬ ਹੋਤੀ ਹੈਂ, ਬੇਟੀਆਂ ਲਾਜਵਾਬ ਹੋਤੀ ਹੈਂ।
    ਸ਼ਾਇਰ ਪਿਆਰ ਮੁਹੱਬਤ ਦੇ ਗੀਤ ਗਾਉਂਦੇ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਮਨੁੱਖੀ ਜੀਵਨ ਇਨਸਾਨ ਲਈ ਪਰਮਾਤਮਾ ਦਾ ਸਭ ਤੋਂ ਵੱਡਾ ਤੋਹਫ਼ਾ ਹੈ। ਇਸ ਲਈ ਇਸਨੂੰ  ਮੁਹੱਬਤ ਨਾਲ ਹੀ ਬਸਰ ਕੀਤਾ ਜਾਵੇ। ਮੁਹੱਬਤ ਨਾਲ ਸੰਬੰਧਤ ਕਵਿਤਾਵਾਂ, ਨਜ਼ਮਾ, ਸ਼ੇਅਰ ਅਤੇ ਰੁਬਾਈਆਂ ਵਿਚੋਂ ਕੁਝ ਸ਼ੇਅਰ ਇਸ ਪ੍ਰਕਾਰ ਹਨ-
          ਸੂਰਤੇ ਸ਼ਮਾ ਪਿਘਲ ਜਾਉਂਗੀ, ਵਕਤ ਕੇ ਸਾਂਚੇ ਮੇਂ ਢਲ ਜਾਉਂਗੀ।
          ਆਪਨੇ ਸੀਨੇ ਸੇ ਲਗਾਕਰ ਦੇਖੋ, ਜ਼ਿੰਦਗੀ ਬਨ ਜਾਉਂਗੀ।
          ਦਿਲ ਕੀ ਨਜ਼ਰੋਂ ਸੇ ਨਿਹਾਰੋ, ਏ ‘ਨੂਰ’, ਜ਼ਲਵਾ-ਏ-ਹੂਰ ਨਜ਼ਰ ਆਉਂਗੀ।
          ਕੋਈ ਕਹਿ ਰਹਾ ਫ਼ਲਸਫ਼ਾ-ਏ-ਮੁਹੱਬਤ, ਵੋਹ ਵਾਈਜ਼ ਕਹੇ ਹੁਸਨ ਫ਼ਾਨੀ ਕੀ ਬਾਤੇਂ।
           ਮੈਨੇ ਏਕ ਤਾਜ ਮਹਲ ਦਿਲ ਮੇਂ ਬਨਾ ਰੱਖਾ ਹੈ,
           ਜਿਸਕੋ ਦੁਨੀਆ ਕੀ ਨਿਗਾਹੋਂ ਸੇ ਛਿਪਾ ਰਖਾ ਹੈ।
            ਤੁਮ ਮੁਹੱਬਤ ਕੇ ਗੀਤ ਗਾਇਆ ਕਰੋ,
             ਔਰ ਨਈ ਨਸਲ ਕੋ ਸੁਨਾਯਾ ਕਰੋ।
             ਯਹਾਂ ਹਰ ਗੁਲ ਕੋ ਮਹਕਨੇ ਕੀ ਅਦਾ ਆਤੀ ਹੈ,
              ਯਹਾਂ ਬੁਲਬੁਲ ਕੋ ਚਹਕਨੇ ਕੀ ਅਦਾ ਆਤੀ ਹੈ।
             ਮੇਰੇ ਮਹਿਬੂਬ! ਮੇਰੇ ਸ਼ਹਿਰ ਕਾ ਆਲਮ ਤੋ ਦੇਖ,
             ਯਹਾਂ ਹਰ ਦਿਲ ਕੋ ਬਹਿਕਨੇ ਕੀ ਅਦਾ ਆਤੀ ਹੈ।
             ਤੁਮਹਾਰੀ ਏਕ ਅਦਾ ਨੇ ਲੂਟ ਲੀ ਮਹਿਫ਼ਲ ਮੇਰੇ ਦਿਲ ਕੀ,
            ਤੁਮਹਾਰੀ ਏਕ ਅਦਾ ਨੇ ਜ਼ਿੰਦਗੀ ਕਾ ਰੁਖ ਬਦਲ ਡਾਲਾ।
             ਵਿਛੜਕਰ ਯਾਰ ਸੇ ਸੋਤਾ ਹੈ ਕੌਨ ਰਾਤੋਂ ਮੇਂ,
             ਜ਼ਮੀਂ ਕਰਵਟ ਬਦਲਤੀ ਹੈ, ਫ਼ਲਕ ਬਸ ਆਹੇਂ ਭਰਤਾ ਹੈ।
             ਜੋ ਇਸ ਦੁਨੀਆ ਕੀ ਏਕ ਔਰਤ ਕੋ ਅਪਨਾ ਨਾ ਬਨਾ ਪਾਯਾ,
               ਉਸੇ ਜ਼ਨਤ ਕੀ ਹੂਰੇਂ ਕਿਸ ਲੀਏ ਆਗੋਸ਼ ਮੇਂ ਲੇਂਗੀ।
                ਏਕ ਲੜਕੀ ਮੁਝੇ ਸਲਾਮ ਲਿਖਕਰ ਭੇਜਤੀ ਹੈ,
                ਕਭੀ ਗੁਮਨਾਮ, ਕਭੀ ਨਾਮ ਲਿਖਕਰ ਭੇਜਤੀ ਹੈ।
                ਕੋਈ ਤੋ ਹੈ ਜੋ ਮੇਰੀ ਆਂਖੋਂ ਸੇ ਸਬ ਦੇਖਤਾ ਹੈ,
                 ਕੋਈ ਤੋ ਹੈ ਜੋ ਕਲਬ-ਅੋ-ਜਿਗਰ ਮੇਂ ਰਹਤਾ ਹੈ।
                 ਸੂਰਤੇ ਸ਼ਮਾਂ ਪਿਘਲ ਜਾਉਂਗੀ, ਵਕਤ ਕੇ ਸਾਂਚੇ ਮੇਂ ਢਲ ਜਾਉਂਗੀ,
                 ਅਪਨੇ ਸੀਨੇ ਸੇ ਲਗਾਕਰ ਦੇਖੋ, ਜ਼ਿੰਦਗੀ ਬਨ ਕੇ ਮਚਲ ਜਾਉਂਗੀ।
     ਇਹ ਸ਼ੁਭਾਸ਼ ਸ਼ਰਮਾ ਨੂਰ ਦੀਆਂ ਮੁਹੱਬਤ ਨਾਲ ਸੰਬੰਧਤ ਕਵਿਤਾਵਾਂ ਦੇ ਸ਼ੇਅਰ ਸਨ। ਉਮੀਦ ਹੈ ਕਿ ਸ਼ੁਭਾਸ਼ ਸ਼ਰਮਾ ਭਵਿਖ ਵਿਚ ਹੋਰ ਨਵੇਂ ਉਤਸ਼ਾਹ ਨਾਲ ਵਧੀਆ ਰਚਨਾਵਾਂ ਲਿਖਕੇ ਪਾਠਕਾਂ ਦੀ ਝੋਲੀ ਵਿਚ ਪਾਉਣਗੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ 94178 13072
ujagarsingh48@yahoo.com

ਦਲੀਪ ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ - ਉਜਾਗਰ ਸਿੰਘ

ਦਲੀਪ ਸਿੰਘ ਵਾਸਨ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗੂੜ੍ਹ ਗਿਆਨ ਰੱਖਣ ਵਾਲਾ ਬਹੁਪੱਖੀ, ਬਹੁਮੰਤਵੀ ਅਤੇ ਸਰਬਕਲਾ ਸੰਪੂਰਨ ਵਿਦਵਾਨ ਇਨਸਾਨ ਹੈ। ਉਨ੍ਹਾਂ ਦੀਆਂ ਰਚਨਾਵਾਂ ਸੱਚਾਈ ਅਤੇ ਸਾਰਥਿਕਤਾ ਦਾ ਪ੍ਰਮਾਣ ਹਨ। ਉਹ ਜਿਹੋ ਜਹੇ ਬਾਹਰੋਂ ਹਨ, ਉਹੋ ਜਹੇ ਹੀ ਅੰਦਰੋਂ ਹਨ। ਕੋਈ ਮੁਲੰਮਾ ਨਹੀਂ। ਸਾਦਾ ਅਤੇ ਸਰਲ ਜੀਵਨ ਬਤੀਤ ਕਰਦੇ ਹਨ। ਕਹਿਣੀ ਤੇ ਕਰਨੀ ਵਿਚ ਕੋਈ ਅੰਤਰ ਨਹੀਂ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਉਹ ਜਿਤਨੇ ਵੱਡੇ ਇਨਸਾਨ ਅਤੇ ਵਿਦਵਾਨ ਹਨ, ਉਤਨੀ ਹੀ ਸਰਲ ਭਾਸ਼ਾ ਅਤੇ ਸ਼ੈਲੀ ਵਿਚ ਜੀਵਨ ਦੀ ਵਿਚਾਰਧਾਰਾ ਨੂੰ ਅਜਿਹੇ ਢੰਗ ਨਾਲ ਲਿਖਦੇ ਹਨ ਕਿ ਉਨ੍ਹਾਂ ਦੇ ਹਰ ਸ਼ਬਦ ਨੂੰ ਪਾਠਕ ਪੱਲੇ ਬੰਨ੍ਹਣ ਦਾ ਪ੍ਰਣ ਕਰ ਲੈਂਦਾ ਹੈ। ਵੈਸੇ ਤਾਂ ਉਨ੍ਹਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਵਿਚ 50 ਤੋਂ ਵੱਧ ਪੁਸਤਕਾਂ ਲਿਖੀਆਂ ਪ੍ਰੰਤੂ ਅੱਜ ਮੈਂ ਉਨ੍ਹਾਂ ਦੀ ਲੇਖਾਂ ਦੀ ਪੁਸਤਕ ‘ਜੀਵਨ ਇਕ ਸੱਚਾਈ’ ਬਾਰੇ ਪਾਠਕਾਂ ਨੂੰ ਜਾਣਕਾਰੀ ਦੇਵਾਂਗਾ। ਇਸ ਪੁਸਤਕ ਵਿਚ ਛੋਟ-ਛੋਟੇ 55 ਲੇਖ ਹਨ ਪ੍ਰੰਤੂ ਹਰ ਲੇਖ ਆਪਣੇ ਆਪ ਵਿਚ ਇਕ ਅਟੱਲ ਸਚਾਈ ਬਾਰੇ ਬਹੁਮੁਲੀ ਮੁਕੰਮਲ ਜਾਣਕਾਰੀ ਦਿੰਦਾ ਹੈ। ਭਾਵੇਂ ਸਰਸਰੀ ਤੌਰ ਤੇ ਪਾਠਕ ਨੂੰ ਇਹ ਨਿੱਕੀਆਂ-ਨਿੱਕੀਆਂ ਗੱਲਾਂ ਬਹੁਤੀਆਂ ਪਸੰਦ ਨਾ ਆਉਣ ਪ੍ਰੰਤੂ ਜੇਕਰ ਤੁਸੀਂ ਉਨ੍ਹਾਂ ਤੇ ਅਮਲ ਕਰੋਗੇ ਤਾਂ ਸਫਲਤਾ ਤੁਹਾਡੇ ਪੈਰ ਚੁੰਮੇਗੀ। ਇਸ ਪੁਸਤਕ ਦਾ ਪਹਿਲਾ ਹੀ ਲੇਖ ‘ਝੂਠ ਦਾ ਦਾਇਰਾ’ ਬੜਾ ਦਿਲਚਸਪ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਜੀਵਨ ਦਾ ਆਧਾਰ ਝੂਠ ਹੈ। ਕੋਈ ਵੀ ਇਨਸਾਨ ਪੂਰਾ ਸੱਚ ਨਹੀਂ ਬੋਲਦਾ। ਜਿਹੜੇ ਸੱਚ ਬੋਲਣ ਦੀ ਨਸੀਹਤ ਦੇ ਰਹੇ ਹੁੰਦੇ ਹਨ, ਉਹ ਵੀ ਝੂਠ ਬੋਲ ਰਹੇ ਹੁੰਦੇ ਹਨ। ਇਹ ਠੀਕ ਹੈ ਕਿ ਝੂਠ ਮੁਸੀਬਤਾਂ ਖੜ੍ਹੀਆਂ ਕਰਦਾ ਹੈ ਕਿਉਂਕਿ ਇਕ ਝੂਠ ਨੂੰ ਛੁਪਾਉਣ ਲਈ ਅਨੇਕ ਝੂਠ ਬੋਲਣੇ ਪੈਂਦੇ ਹਨ। ਝੂਠ ਨਾਲ ਨੁਕਸਾਨ ਹੁੰਦਾ ਹੈ, ਇਸ ਲਈ ਉਹ ਝੂਠ ਦਾ ਦਾਇਰਾ ਘਟਾਉਣ ਦੀ ਗੱਲ ਕਰਦੇ ਹਨ। ਅਗਲੇ ਲੇਖਾਂ ਵਿਚ ਉਹ ਸਲਾਹ ਦਿੰਦੇ ਹਨ ਕਿ ਜ਼ਿੰਦਗੀ ਵਿਚ ਚੰਗੇ ਕੰਮ ਤਾਂ ਜ਼ਰੂਰ ਕਰਨੇ ਚਾਹੀਦੇ ਹਨ ਤਾਂ ਜੋ ਸਮਾਜ ਦਾ ਭਲਾ ਹੋ ਸਕੇ। ਉਹ ਲਿਖਦੇ ਹਨ ਕਿ ਸੁਪਨੇ ਲੈਣੇ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਚੁਣੌਤੀਆਂ ਕਬੂਲ ਕਰਨੀਆਂ ਚਾਹੀਦੀਆਂ ਹਨ ਤਾਂ ਹੀ ਸਫਲਤਾ ਮਿਲੇਗੀ। ਸਰੀਰ ਤੰਦਰੁਸਤ ਰੱਖੋ, ਦਿਲ ਤੇ ਦਿਮਾਗ ਤੇ ਕਾਬੂ ਕਰੋ ਅਤੇ ਕਸਰਤ ਕਰੋ ਤਾਂ ਹੀ ਚੰਗਾ ਸੋਚ ਸਕੋਗੇ। ਆਪਣੇ ਕਈ ਨਿਸ਼ਾਨੇ ਜ਼ਰੂਰ ਨਿਸਚਤ ਕਰੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਜਿਤਨਾ ਵੀ ਨਿਸ਼ਾਨਾ ਪੂਰਾ ਹੋ ਜਾਵੇ ਉਥੇ ਹੀ ਸੰਤੁਸ਼ਟੀ ਕਰੋ। ਚੰਗੀਆਂ ਆਦਤਾਂ ਬਣਾਓ ਤਾਂ ਹੀ ਤੁਹਾਡੀ ਪਛਾਣ ਬਣੇਗੀ। ਤੁਹਾਡੇ ਬੱਚੇ ਵੀ ਤੁਹਾਡੀਆਂ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰਨਗੇ। ਕਿਸੇ ਦੂਜੇ ਵਿਅਕਤੀ ‘ਤੇ ਨਿਰਭਰ ਹੋਣਾ ਮੰਗਤਾ ਬਣਨ ਦੇ ਬਰਾਬਰ ਹੈ। ਉਹ ਡੇਰੇਦਾਰ ਧਾਰਮਿਕ ਵਿਅਕਤੀਆਂ ਨੂੰ ਮੰਗਤੇ ਕਹਿੰਦੇ ਹਨ, ਜਿਹੜੇ ਦੂਜਿਆਂ ਦੀ ਕਮਾਈ ਖਾਂਦੇ ਹਨ। ਚਾਦਰ ਵੇਖਕੇ ਪੈਰ ਪਸਾਰਨ ਦੀ ਨਸੀਹਤ ਦਿੰਦੇ ਹਨ। ਆਪਣੇ ਪੈਰਾਂ ‘ਤੇ ਆਪ ਖੜ੍ਹਨ ਦੀ ਕੋਸ਼ਿਸ਼ ਕਰੋ। ਕਿਸੇ ਨੂੰ ਧੋਖਾ ਨਾ ਦਿਓ, ਜੇਕਰ ਤੁਸੀਂ ਆਪ ਧੋਖਾ ਦਿਓਗੇ  ਤਾਂ ਦੂਜਿਆਂ ਤੋਂ ਵੀ ਧੋਖਾ ਹੀ ਲਵੋਗੇ। ਨਫਰਤ ਨਾ ਕਰੋ ਕਿਉਂਕਿ ਦੂਜੇ ਵੀ ਤੁਹਾਡਾ ਜਵਾਬ ਨਫਰਤ ਨਾਲ ਹੀ ਦੇਣਗੇ। ਬੁਰਾ ਕਰਕੇ ਚੰਗੇ ਦੀ ਆਸ ਰੱਖਣਾ ਮੂਰਖਤਾ ਹੈ। ਕਿਸੇ ਦੀ ਜ਼ਿਆਦਤੀ ਨੂੰ ਬਰਦਾਸ਼ਤ ਨਾ ਕਰੋ ਪ੍ਰੰਤੂ ਜੇ ਕਿਸੇ ਦੀਆਂ ਆਦਤਾਂ ਤੁਹਾਡੇ ਨਾਲ ਨਹੀਂ ਮਿਲਦੀਆਂ ਤਾਂ ਉਨ੍ਹਾਂ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਹੈ। ਬੇਇਨਸਾਫ਼ੀ ਨੂੰ ਸਹਿਣ ਨਾ ਕਰੋ, ਇਨਸਾਫ ਦਿਓ ਅਤੇ ਲਓ। ਅਜਿਹੇ ਕੰਮ ਕਰੋ, ਜਿਨ੍ਹਾਂ ਕਰਕੇ ਸਮਾਜ ਤੁਹਾਨੂੰ ਪ੍ਰਵਾਨ ਕਰੇ। ਸਫਾਈ ਰੱਖੋ, ਤੰਦਰੁਸਤ ਰਹੋ, ਵਿਦਿਆ ਪ੍ਰਾਪਤ ਕਰੋ, ਆਪਣੇ ਗੁਜ਼ਾਰੇ ਦਾ ਆਪ ਪ੍ਰਬੰਧ ਕਰੋ ਅਤੇ 25 ਸਾਲ ਤੋਂ ਪਹਿਲਾਂ ਸ਼ਾਦੀ ਨਾ ਕਰੋ। ਉਨ੍ਹਾਂ ਦੀ ਕਮਾਲ ਇਸ ਗੱਲ ਵਿਚ ਹੈ ਕਿ ਇਹ ਨਸੀਹਤਾਂ ਉਹ ਉਦਾਹਰਨਾ ਦੇ ਕੇ ਕਰਦੇ ਹਨ। ਆਪਣਾ ਨਾਮ ਕਮਾਉਣ ਲਈ ਹਓਮੈ ਦਾ ਸ਼ਿਕਾਰ ਨਾ ਹੋਵੋ। ਸਮਾਜ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੁੰਦਾ ਹੈ। ਇਨਸਾਨੀਅਤ ਦੀ ਬਿਹਤਰੀ ਲਈ ਕੰਮ ਕਰੋ। ਸਵੈ ਮਾਣ ਨਾਲ ਜੀਵਨ ਜਿਓਣਾ ਸਿੱਖੋ। ਹੀਣਤਾ ਦੀ ਭਾਵਨਾ ਨੂੰ ਤਿਲਾਂਜਲੀ ਦਿਓ। ਇਨਸਾਨ ਸਾਰੇ ਬਰਾਬਰ ਹਨ। ਸਾਰੇ ਧਰਮ ਬਰਾਬਰ ਹਨ। ਬਹੁਤਾ ਧਰਮੀ ਬਣਨ ਨਾਲੋਂ ਚੰਗੇ ਨਾਗਰਿਕ ਬਣੋ। ਧਾਰਮਿਕ ਸਥਾਨਾ ਵਿਚ ਸਭ ਅੱਛਾ ਨਹੀਂ। ਧਾਰਮਿਕ ਗ੍ਰੰਥ ਪੜ੍ਹੋ ਪ੍ਰੰਤੂ ਧਾਰਮਿਕ ਵਿਚੋਲਿਆਂ ਤੋਂ ਬਚਕੇ ਰਹੋ ਕਿਉਂਕਿ ਧਾਰਮਿਕ ਸਥਾਨ ਨਿਰਾਸ਼ਾ ਦੂਰ  ਕਰਨ ਦੇ ਬਹਾਨੇ ਲੁੱਟ ਕਰ ਰਹੇ ਹਨ। ਧਰਮੀ ਬਣ ਸਕਦੇ ਹੋ ਬਸ਼ਰਤੇ ਕੱਟੜ ਨਾ ਬਣੋ। ਜੀਵਨ ਸਾਥੀ ਨਾਲ ਰਹਿਣਾ ਸਿੱਖੋ ਫਿਰ ਤੁਹਾਡਾ ਜੀਵਨ ਏਥੇ ਹੀ ਸਵਰਗ ਬਣ ਜਾਵੇਗਾ। ਏਥੇ ਹੀ ਸਵਰਗ ਨਰਕ ਹੈ। ਤੁਹਾਡੇ ਕੰਮਾ ਦਾ ਫਲ ਇਥੇ ਹੀ ਮਿਲ ਜਾਂਦਾ ਹੈ। ਚਿੰਤਾ ਨਾ ਕਰੋ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਸੰਘਰਸ਼ ਦਾ ਨਾਮ ਜ਼ਿੰਦਗੀ ਹੈ। ਚੰਗੇ ਤੇ ਮਾੜੇ ਦਿਨ ਸਥਾਈ ਨਹੀਂ ਹੁੰਦੇ। ਹੌਸਲਾ ਰੱਖੋ ਚੰਗਾ ਅਤੇ ਮਾੜਾ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ। ਰੱਬ ਕੋਲ ਬਹੁਤੀਆਂ ਮੰਗਾਂ ਨਾ ਰੱਖੋ। ਰੱਬ ‘ਤੇ ਵਿਸ਼ਵਾਸ਼ ਕਰੋ, ਉਹ ਤੁਹਾਡੇ ਅੰਦਰ ਹੈ। ਸਬਰ ਸੰਤੋਖ਼ ਦਾ ਪੱਲਾ ਫੜੋ। ਕਾਬਲੀਅਤ ਦਾ ਹਮੇਸ਼ਾ ਮੁੱਲ ਪੈਂਦਾ ਹੈ। ਰੱਬ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਅਮੀਰਾਂ ਨੂੰ ਨੀਂਦ ਨਹੀਂ ਆਉਂਦੀ, ਗ਼ਰੀਬਾਂ ਨੂੰ ਨੀਂਦ ਦੇ ਗੱਫੇ ਮਿਲਦੇ ਹਨ। ਚੋਣ ਤੁਸੀਂ ਕਰਨੀ ਹੈ। ਤਰੱਕੀ ਕਰਨੀ ਚਾਹੀਦੀ ਹੈ ਪ੍ਰੰਤੂ ਕਿਸੇ ਹੋਰ ਦੀ ਕੀਮਤ ‘ਤੇ ਨਹੀਂ। ਕਿਸੇ ਨੂੰ ਨੀਂਵਾਂ ਨਾ ਵਿਖਾਓ। ਆਤਮ ਹੱਤਿਆ ਕਰਨੀ ਰੱਬ ਨੂੰ ਠੋਕਰ ਮਾਰਨ ਬਰਾਬਰ ਹੈ। ਚੁਗਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਚੁਗਲਖ਼ੋਰ ਬਾਰੇ ਚੁਗਲੀ ਸਣਨ ਵਾਲੇ ਵੀ ਜਾਣਦੇ ਹੁੰਦੇ ਹਨ। ਆਪਣੇ ਮਨ ਸਾਫ਼ ਰੱਖੋ, ਵਿਖਾਵਾ ਅੰਦਰੋਂ ਖ਼ੁਸ਼ੀ ਨਹੀਂ ਦਿੰਦਾ। ਗ਼ਮ ਮਨ ਸਾਫ਼ ਰੱਖਣ ਨਾਲ ਦੂਰ ਹੋ ਜਾਂਦੇ ਹਨ। ਜੀਵਨ ਦਾ ਆਨੰਦ ਮਾਣੋ, ਇਹ ਮੁੜਕੇ ਨਹੀਂ ਆਉਣਾ। ਨਸ਼ੇ ਵਕਤੀ ਤੌਰ ਤੇ ਗ਼ਮ ਭੁਲਾ ਦਿੰਦੇ ਹਨ ਪ੍ਰੰਤੂ ਹੋਰ ਗ਼ਮ ਲਾ ਦਿੰਦੇ ਹਨ। ਪੈਸਾ ਜ਼ਿੰਦਗੀ ਬਸਰ ਕਰਨ ਲਈ ਜ਼ਰੂਰੀ ਹੈ ਪ੍ਰੰਤੂ ਭਰਿਸ਼ਟਾਚਾਰ ਨਾਲ ਕੀਤੀ ਕਮਾਈ ਮੁਸੀਬਤਾਂ ਖੜ੍ਹੀਆਂ ਕਰਦੀ ਹੈ। ਨੇਕ ਕਮਾਈ ਸੰਤੁਸ਼ਟੀ ਦਿੰਦੀ ਹੈ। ਲੇਖਕ ਇਸਤਰੀਆਂ ਨੂੰ ਸਲਾਹ ਵੀ ਦਿੰਦਾ ਹੈ ਕਿ ਉਨ੍ਹਾਂ ਨੂੰ ਨੂੰਹਾਂ ਨੂੰ ਆਪਣੀਆਂ ਧੀਆਂ ਦੀ ਤਰ੍ਹਾਂ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਆਪਣਾ ਪੇਕਿਆਂ ਦਾ ਘਰ ਛੱਡਕੇ ਤੁਹਾਡੇ ਘਰ ਨੂੰ ਨਿਹਾਰਨ ਆਉਂਦੀਆਂ ਹਨ। ਬੁਢਾਪੇ ਵਿਚ ਵੀ ਉਸਨੇ ਹੀ ਤੁਹਾਡਾ ਸਾਥ ਦੇਣਾ ਹੈ। ਨੂੰਹਾਂ ਨੂੰ ਵੀ ਸਦਭਾਵਨਾ ਅਤੇ ਪ੍ਰੇਮ ਪਿਆਰ ਨਾਲ ਵਿਚਰਨਾ ਚਾਹੀਦਾ। ਕਦੀ ਵੀ ਹਾਰ ਨੂੰ ਸਵੀਕਾਰ ਨਾ ਕਰੋ ਕਿਉਂਕਿ ਹਾਰ ਕਮਜ਼ੋਰੀ ਅਤੇ ਨਿਰਾਸ਼ਾ ਪੈਦਾ ਕਰਦੀ ਹੈ। ਮੈੈੈਂ ਅਤੇ ਅਸੀਂ ਦਾ ਅੰਤਰ ਦਸਦੇ ਹੋਏ ਵਾਸਨ ਸਾਹਿਬ ਮੁਕਾਬਲਾ ਕਰਨ ਲਈ ਮੈਂ ਨੂੰ ਤਾਕਤਵਰ ਮੰਨਦੇ ਹਨ। ਗ਼ੁਰਬਤ ਦੇ ਕਾਰਨ ਲੱਭੋ, ਫਿਰ ਉਨ੍ਹਾਂ ਨੂੰ ਕਿਵੇਂ ਦੂਰ ਕਰਨਾ ਹੈ? ਗ਼ੁਰਬਤ ਅਰਥਾਤ ਗ਼ਰੀਬੀ ‘ਚੋਂ ਮਿਹਨਤ ਨਾਲ ਬਾਹਰ ਨਿਕਲਣਾ ਚਾਹੀਦਾ ਹੈ। ਉਹ ਇਹ ਵੀ ਲਿਖਦੇ ਹਨ ਕਿ ਇਨਸਾਨ ਬਨਾਉਟੀ ਅਰਥਾਤ ਦੋਗਲਾ ਜੀਵਨ ਬਤੀਤ ਕਰ ਰਿਹਾ ਹੈ। ਬਾਹਰੋਂ ਅੰਦਰੋਂ ਇਕ ਨਹੀਂ ਹੁੰਦਾ। ਕਈ ਵਾਰ ਇਨਸਾਨ ਪੁਰਾਣੀਆਂ ਗੱਲਾਂ ਯਾਦ ਕਰਕੇ ਝੂਰਨ ਲੱਗ ਜਾਂਦਾ ਹੈ। ਪੁਰਾਣੀਆਂ ਖ਼ੁਸ਼ ਕਰਨ ਵਾਲੀਆਂ ਗੱਲਾਂ ਯਾਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਘਰਾਂ ਦੇ ਜ਼ਰੂਰੀ ਕਾਗ਼ਜ਼ਾਤ ਜਿਵੇਂ ਸਰਟੀਫੀਕੇਟ, ਰਾਸ਼ਣ ਕਾਰਡ, ਆਧਾਰ ਕਾਰਡ ਆਦਿ ਖੁਦ ਸੰਭਾਲਕੇ ਕਿਸੇ ਟਿਕਾਣੇ ਤੇ ਰੱਖੋ ਤਾਂ ਜੋ ਲੋੜ ਪੈਣ ਤੇ ਤੁਰੰਤ ਲੱਭੇ ਜਾ ਸਕਣ। ਜਨਮ ਦਿਨ ਮਨਾਉਣ ਸੰਬੰਧੀ ਉਹ ਕਹਿੰਦੇ ਹਨ ਕਿ ਇਸ ਦਿਨ ਇਨਸਾਨ ਨੂੰ ਆਪਣੇ ਅੰਦਰ ਝਾਤੀ ਮਾਰਕੇ ਆਤਮ ਨਿਰੀਖਣ ਕਰਨਾ ਚਾਹੀਦਾ ਕਿ ਅਸੀਂ ਕੀ ਚੰਗਾ ਤੇ ਮਾੜਾ ਕੰਮ ਕਰ ਰਹੇ ਹਾਂ। ਅੱਗੇ ਵਾਸਤੇ ਆਪਣੇ ਆਪ ਨੂੰ ਸੁਧਾਰਨ ਦਾ ਪ੍ਰਬੰਧ ਕਰੋ। ਅਗਲੇ ਸਾਲ ਦਾ ਪ੍ਰੋਗਰਾਮ ਬਣਾ ਲਓ ਕਿ ਕੀ ਕਰਨਾ ਹੈ? ਦਿਮਾਗ਼ ਤੇ ਬਹੁਤਾ ਬੋਝ ਨਾ ਪਾਓ। ਹਰ ਗੱਲ ਤੇ ਤੁਰੰਤ ਰੀਐਕਟ ਨਾ ਕਰੋ। ਸਮੱਸਿਆਵਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਇਨਸਾਨ ਨੂੰ ਉਮਰ ਮੁਤਾਬਕ ਸਮਾਜ ਵਿਚ ਵਿਵਹਾਰ ਅਤੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਹਨ। ਬਟਵਾਰੇ ਦੇ ਦਰਦ ਦਾ ਵੀ ਇਜ਼ਹਾਰ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਸਾਡਾ ਇਤਿਹਾਸ ਸਹੀ ਜਾਣਕਾਰੀ ਨਹੀਂ ਦਿੰਦਾ। ਦਲੀਪ ਸਿੰਘ ਵਾਸਨ ਦਾਨ ਕਰਨ ਨੂੰ ਪਾਪ ਸਮਝਦੇ ਹਨ, ਸਗੋਂ ਕਿਸੇ ਲੋੜਮੰਦ ਦੀ ਮਦਦ ਕਰਨਾ ਪੁੰਨ ਹੁੰਦਾ ਹੈ। ਦਾਨ ਉਪਰ ਵਿਹਲੜ ਪਲਦੇ ਹਨ। ਨੈਤਿਕਤਾ ਖ਼ਤਮ ਹੁੰਦੀ ਜਾ ਰਹੀ ਹੈ। ਦੁਰਘਟਨਾਵਾਂ ਦੇ ਸ਼ਿਕਾਰ ਸੜਕਾਂ ਰੁਲਦੇ ਹਨ, ਲੋਕ ਉਨ੍ਹਾਂ ਦੇ ਕੋਲੋਂ ਲੰਘੀ ਜਾਂਦੇ ਹਨ। ਪ੍ਰੇਮ ਵਿਆਹ ਮਾੜੇ ਨਹੀਂ ਪ੍ਰੰਤੂ ਪ੍ਰੇਮ ਵਿਚ ਅੰਤਰਜ਼ਾਤੀ ਵਿਆਹ ਬਹੁਤੇ ਸਭਿਆਚਾਰ ਦੇ ਵਖਰੇਵੇਂ ਕਰਕੇ ਸਫ਼ਲ ਨਹੀਂ ਹੁੰਦੇ।  ਸਾਡੇ ਸਮਾਜ ਵਿਚ ਪੁੱਤਰ ਨੂੰ ਵਿਰਾਸਤ ਦਾ ਵਾਰਸ ਸਮਝਕੇੇ ਖ਼ੁਸ਼ੀ ਮਨਾਈ ਜਾਂਦੀ ਹੈ ਪ੍ਰੰਤੂ ਬੁਢਾਪੇ ਵਿਚ ਪੁੱਤਰ ਬਜ਼ੁਰਗਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ।  ਲੇਖਕ ਅਨੁਸਾਰ ਲੋਭ, ਕਾਮ, ਕਰੋਧ, ਮੋਹ ਅਤੇ ਹੰਕਾਰ ਬਹੁਤੇ ਹੋਣ ਤਾਂ ਬੁਰੇ ਹਨ ਪ੍ਰੰਤੂ ਇਨ੍ਹਾਂ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਕਾਮ ਉਤਪਤੀ ਦਾ ਸਾਧਨ, ਕ੍ਰੋਧ ਤੋਂ ਅਨੁਸ਼ਾਸ਼ਨ, ਮੋਹ ਤੋਂ ਮੁਹੱਬਤ, ਲੋਭ ਤੋਂ ਮੁਕਾਬਲੇ ਦੀ ਰੁਚੀ ਅਤੇ ਅਹੰਕਾਰ ਤੋਂ ਸਫ਼ਲਤਾ ਪ੍ਰਾਪਤ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਨ੍ਹਾਂ ਦੀ ਮਿਕਦਾਰ ਘਟਾਈ ਵਧਾਈ ਜਾ ਸਕਦੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh48@yahoo.com 

9 ਜੁਲਾਈ ਨੂੰ ਅੰਤਮ ਅਰਦਾਸ ‘ਤੇ ਵਿਸ਼ੇਸ਼ : ਅਲਵਿਦਾ ! ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ - ਉਜਾਗਰ ਸਿੰਘ

ਇਸ ਸੰਸਾਰ ਵਿੱਚ ਅਨੇਕਾਂ ਇਨਸਾਨ ਆਉਂਦੇ ਹਨ ਅਤੇ ਆਪੋ ਆਪਣਾ ਜੀਵਨ ਬਸਰ ਕਰਕੇ ਪਰਿਵਾਰਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਉਪਰੰਤ ਇਸ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਨ। ਇਹ ਇਕ ਸਰਕਲ ਹੈ, ਜਿਹੜਾ ਸਦੀਆਂ ਤੋਂ ਲਗਾਤਾਰ ਚਲਦਾ ਆ ਰਿਹਾ ਹੈ।   ਇਨ੍ਹਾਂ ਵਿੱਚੋਂ ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਸਮਾਜ ਵਿੱਚ ਨਾਮਣਾ ਖੱਟਦੇ ਹੋਏ ਨਵੀਂਆਂ ਪਿ੍ਰਤਾਂ ਪਾ ਜਾਂਦੇ ਹਨ। ਅਜਿਹੇ ਵਿਅਕਤੀਆਂ ਵਿੱਚੋਂ ਡਾ ਰਣਬੀਰ ਸਿੰਘ ਸਰਾਓ ਵੀ ਸਨ, ਜਿਹੜੇ ਆਪਣੀ ਕਾਰਜ਼ਕੁਸ਼ਤਾ, ਦਿਆਨਤਦਾਰੀ ਅਤੇ ਇਮਾਨਦਾਰੀ ਦਾ ਪ੍ਰਤੀਕ ਬਣਕੇ ਸਮਾਜ ਵਿੱਚ ਵਿਚਰੇ ਸਨ। ਉਨ੍ਹਾਂ ਸਿੱਖ ਸਿਧਾਂਤ ਅਤੇ ਮਾਰਕਸ ਦੀ ਥਿਊਰੀ ਦਾ ਡੂੰਘਾ ਅਧਿਐਨ ਕੀਤਾ ਹੋਇਆ ਸੀ। ਉਨ੍ਹਾਂ ਦੀ ਕਾਬਲੀਅਤ ਕਰਕੇ 1994 ਵਿੱਚ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਐਮ ਏ ਅੰਗਰੇਜ਼ੀ ਕਰਨ ਉਪਰੰਤ 1962 ਵਿੱਚ ਮਹਿਜ਼ 22 ਸਾਲ ਦੀ ਉਮਰ ਵਿੱਚ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਅੰਗਰੇਜ਼ੀ ਦੇ ਲੈਕਚਰਾਰ ਨਿਯੁਕਤ ਕੀਤਾ ਗਿਆ। 1963 ਵਿੱਚ  ਉਨ੍ਹਾਂ ਦੀ ਚੋਣ ਪੰਜਾਬ ਸਰਕਾਰ ਵੱਲੋਂ ਵਿਦਿਆ ਵਿਭਾਗ ਵਿੱਚ ਲੈਕਚਰਾਰ ਅੰਗਰੇਜ਼ੀ ਦੀ ਹੋ ਗਈ। ਉਨ੍ਹਾਂ ਨੂੰ ਰਣਬੀਰ ਕਾਲਜ ਸੰਗਰੂਰ ਵਿੱਚ ਨਿਯੁਕਤ ਕੀਤਾ ਗਿਆ। ਉਸਤੋਂ ਬਾਅਦ ਉਹ ਮਹਿੰਦਰਾ ਕਾਲਜ ਵਿੱਚ ਬਦਲ ਕੇ ਆ ਗਏ ਸਨ। ਮਹਿੰਦਰਾ ਕਾਲਜ ਵਿੱਚ ਉਹ ਐਮ ਏ ਅੰਗਰੇਜ਼ੀ ਦੀਆਂ ਪੋਸਟ ਗ੍ਰੈਜੂਏਟ ਕਲਾਸਾਂ ਨੂੰ ਪੜ੍ਹਾਉਂਦੇ ਰਹੇ। ਡਾ ਰਣਬੀਰ ਸਿੰਘ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਦੇ ਵਿਦਵਾਨ ਸਨ। ਅੰਗਰੇਜ਼ੀ ਪੜ੍ਹਾਉਣ ਦਾ ਉਨ੍ਹਾਂ ਦਾ ਢੰਗ ਵਿਲੱਖਣ ਕਿਸਮ ਦਾ ਸੀ। ਉਨ੍ਹਾਂ ਦੇ ਪੜ੍ਹਾਏ ਵਿਦਿਆਰਥੀ ਆਈ ਏ ਐਸ ਵਰਗੇ ਮਹੱਤਵਪੂਰਨ ਅਹੁਦਿਆਂ ਲਈ ਚੁਣੇ ਗਏ ਸਨ। ਉਨ੍ਹਾਂ ਦੇ ਵਿਦਿਆਰਥੀ ਰਾਜਿੰਦਰ ਕੌਰ ਭੱਠਲ ਪੰਜਾਬ ਦੇ ਮੁੱਖ ਮੰਤਰੀ, ਉਜਲ ਦੁਸਾਂਝ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਰਾਜ ਦੇ ਪ੍ਰੀਮੀਅਰ ਅਤੇ ਦੇਸ ਰਾਜ ਹਰਿਆਣਾ ਦੇ ਮੰਤਰੀ ਦੇ ਮੰਤਰੀ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਉਨ੍ਹਾਂ ਦੇ ਦੋਸਤ ਸਨ। ਉਹ ਆਪਣੀ ਸਾਰੀ ਸਰਵਿਸ ਦੌਰਾਨ ਵਿਦਿਆਰਥੀਆਂ ਵਿੱਚ ਵਿਦਿਅਕ ਖੁਸ਼ਬੂਆਂ ਫੈਲਾਉਂਦੇ ਰਹੇ। 20 ਸਾਲ ਮਹਿੰਦਰਾ ਕਾਲਜ ਵਿੱਚ ਪੜ੍ਹਾਉਣ ਤੋਂ ਬਾਅਦ 1993 ਵਿੱਚ ਉਨ੍ਹਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪੀਟੇਟਿਵ ਵਿਭਾਗ (ਆਈ ਏ ਐਸ ਕੋਚਿੰਗ ਸੈਂਟਰ) ਵਿੱਚ ਬਤੌਰ ਪ੍ਰੋਫ਼ੈਸਰ ਅਤੇ ਡਾਇਰੈਕਟਰ ਦੀ ਹੋ ਗਈ। ਜਦੋਂ ਡਾ ਜੋਗਿੰਦਰ ਸਿੰਘ ਪੁਆਰ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਬਣਕੇ ਆਏ ਤਾਂ ਉਨ੍ਹਾਂ ਰਜਿਸਟਰਾਰ ਦੇ ਅਹੁਦੇ ਲਈ ਡਾ ਰਣਬੀਰ ਸਿੰਘ ਵਰਗੇ ਬਿਹਤਰੀਨ ਇਨਸਾਨ ਅਤੇ ਵਿਦਿਆ ਸ਼ਾਸ਼ਤਰੀ ਦੀ ਚੋਣ ਕੀਤੀ। ਉਨ੍ਹਾਂ ਦੇ ਰਜਿਸਟਰਾਰ ਹੁੰਦਿਆਂ ਯੂਨੀਵਰਸਿਟੀ ਵਿਚ ਜ਼ਬਰਦਸਤ ਅੰਦੋਲਨ ਵੀ ਹੋਏ ਪ੍ਰੰਤੂ ਡਾ ਰਣਬੀਰ ਸਿੰਘ ਬਾਰੇ ਕਿਸੇ ਨੇ ਕਦੀਂ ਵੀ ਇਕ ਸ਼ਬਦ ਵੀ ਮਾੜਾ ਨਹੀਂ ਬੋਲਿਆ। ਉਨ੍ਹਾਂ ਨੇ ਨੋਬਲ ਇਨਾਮ ਜੇਤੂ ਟੋਨੀ ਮੌਰੀਸਨ ਦੀ ‘‘ਬੀਲਵਡ’’ ਅਤੇ ਅੰਮਿ੍ਰਤਆ ਸੇਨ ਦੀ ‘‘ਦਾ ਆਈਡੀਆ ਆਫ ਜਸਟਿਸ’’ ਦੋ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਸੀ। ਇਸ ਅਨੁਵਾਦ ਨੂੰ ਪੜ੍ਹਕੇ ਇਹ ਪੁਸਤਕਾਂ ਮੌਲਿਕ ਲਗਦੀਆਂ ਹਨ। ਉਨ੍ਹਾਂ ਦੇ ਲਿਖੇ ਖੋਜ ਪੱਤਰ ਅੰਗਰੇਜ਼ੀ ਦੇ ਵਿਦਿਅਕ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਵੀ ਪ੍ਰਕਾਸ਼ਤ ਹੁੰਦੇ ਰਹੇ ਹਨ। ਉਹ 2001 ਤੋਂ 2004 ਤੱਕ ਫਰਟੇਲਾਈਜ਼ਰ ਐਂਡ ਕੈਮੀਕਲਜ਼ ਟਰਾਵਨਕੋਰ ਲਿਮਿਟਡ ਕੰਪਨੀ ਦੇ ਡਾਇਰੈਕਟਰ ਵੀ ਰਹੇ। ਉਹ ਮਾਲਵਾ ਆਰਟਸ ਸਪੋਰਟਸ ਅਤੇ ਕਲਚਰਲ ਟਰਸਟ ਮਸਕਟ ਦੇ ਤਾਅ ਉਮਰ ਚੇਅਰਮੈਨ ਅਤੇ ‘ਮਿੱਟੀ ਮਾਲਵਾ ਦੀ’ ਮੈਗਜ਼ੀਨ ਦੇ 20 ਸਾਲ ਮੁੱਖ ਸੰਪਾਦਕ ਵੀ ਰਹੇ।  ਡਾ ਰਣਬੀਰ ਸਿੰਘ ਸਰਾਓ, ਇਸ ਫਾਨੀ ਸੰਸਾਰ ਤੋਂ 2 ਜੁਲਾਈ 2021 ਨੂੰ ਅਲਵਿਦਾ ਲੈ ਗਏ। ਉਨ੍ਹਾਂ ਨੇ ਆਪਣੀ 82 ਸਾਲ ਦੀ ਜ਼ਿੰਦਗੀ ਵਿਚ ਕਿਸੇ ਦਾ ਕੁਝ ਵੀ ਬੁਰਾ ਨਹੀਂ ਕੀਤਾ ਹੋਵੇ। ਡਾ ਰਣਬੀਰ ਸਿੰਘ ਸਾਫ਼ ਸੁਥਰਾ ਅਤੇ ਸ਼ਾਂਤਮਈ ਜੀਵਨ ਜਿਓਣ ਵਾਲੇ ਇਨਸਾਨ ਸਨ। ਉਨ੍ਹਾਂ ਦੀ ਜ਼ੁਬਾਨ ਵਿਚੋਂ ਹਮੇਸ਼ਾ ਮਿੱਠਾਸ ਭਰੇ ਸ਼ਬਦ ਹੀ ਨਿਕਲਦੇ ਸਨ। ਅੱਜ ਦੇ ਪਦਾਰਥਵਾਦੀ ਅਤੇ ਆਧੁਨਿਕ ਯੁਗ ਦੇ ਵਿੱਚ ਡਾ ਰਣਬੀਰ ਸਿੰਘ ਵਰਗੇ ਵਿਰਲੇ ਇਨਸਾਨ ਹੀ ਹੁੰਦੇ ਹਨ, ਜਿਹੜੇ ਸਾਰੇ ਵਰਗਾਂ ਵੱਲੋਂ ਸਤਿਕਾਰੇ ਜਾਂਦੇ ਹਨ। ਡਾ ਰਣਬੀਰ ਸਿੰਘ ਸਰਾਓ 1994 ਤੋਂ 2000 ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਦੇ ਅਹੁਦੇ ‘ਤੇ ਆਪਣੇ ਫ਼ਰਜ਼ ਬਾਖ਼ੂਬੀ ਨਿਭਾਉਂਦੇ ਰਹੇ ਹਨ। ਉਨ੍ਹਾਂ ਇਨ੍ਹਾਂ 6 ਸਾਲਾਂ ਵਿੱਚ ਆਪਣੇ ਫ਼ਰਜ਼ ਨਿਯਮਾ ਅਨੁਸਾਰ ਨਿਭਾਏ, ਕਦੀਂ ਵੀ ਕੋਈ ਅਜਿਹਾ ਕੰਮ ਨਹੀਂ ਕੀਤਾ, ਜਿਸ ਨਾਲ ਕੋਈ ਵਾਦਵਿਵਾਦ ਹੋਇਆ ਹੋਵੇ। ਉਹ ਕਾਜਕੁਸ਼ਲਤਾ, ਮਿਹਨਤ, ਲਗਨ, ਨਮਰਤਾ, ਸਹਿਜਤਾ, ਸ਼ਰਾਫ਼ਤ ਅਤੇ ਸ਼ਹਿਨਸ਼ੀਲਤਾ ਦੇ ਮੁਜੱਸਮਾ ਸਨ। ਔਖੇ ਤੋਂ ਔਖੇ, ਗੁੰਝਲਦਾਰ ਅਤੇ ਤਣਾਓ ਦੇ ਹਾਲਾਤ ਵਿੱਚ ਵੀ ਉਨ੍ਹਾਂ ਨੇ ਕਦੀਂ ਕਿਸੇ ਨੂੰ ਉਚਾ ਨਹੀਂ ਬੋਲਿਆ ਅਤੇ ਨਾ ਹੀ ਕਿਸੇ ਨਾਲ ਗੁੱਸੇ ਹੋਏ ਹਨ। ਆਪਣੇ ਸਹਿਯੋਗੀਆਂ ਅਤੇ ਮਾਤਹਿਤਾਂ ਤੋਂ ਕੰਮ ਲੈਣਾ ਉਨ੍ਹਾਂ ਨੂੰ ਆਉਂਦਾ ਸੀ। ਉਨ੍ਹਾਂ ਨੂੰ ਸਾਊ ਸੁਭਾਅ ਵਾਲੇ ਇਨਸਾਨ ਗਿਣਿਆਂ ਜਾਂਦਾ ਸੀ।  ਡਾ ਰਣਬੀਰ ਸਿੰਘ ਸਕੂਲ ਪੱਧਰ ਦੀ ਪੜ੍ਹਾਈ ਤੋਂ ਹੀ ਬਹੁਤ ਹੁਸ਼ਿਆਰ ਵਿਦਿਆਰਥੀ ਸਨ। ਉਹ ਸਕੂਲ ਅਤੇ ਕਾਲਜ ਦੇ ਪਿ੍ਰੰਸੀਪਲ ਅਤੇ ਮੁੱਖ ਅਧਿਆਪਕਾਂ ਦੇ ਚਹੇਤੇ ਵਿਦਿਆਰਥੀ ਸਨ। ਡਾ ਰਣਬੀਰ ਸਿੰਘ ਸਰਾਓ ਸੰਜੀਦਾ, ਮਿਹਨਤੀ ਅਤੇ ਦਿ੍ਰੜ੍ਹ ਇਰਾਦੇ ਵਾਲੇ ਸਨ। ਉਨ੍ਹਾਂ ਨੇ ਪ੍ਰਾਇਮਰੀ ਘੋੜੇਨਾਬ, ਮਿਡਲ ਬਨਬੌਰੀ ਕਲਾਂ ਅਤੇ ਦਸਵੀਂ 1956 ਵਿੱਚ ਖਾਲਸਾ ਹਾਈ ਸਕੂਲ ਮਾਨਸਾ ਤੋਂ ਪਾਸ ਕੀਤੀ। ਕੁਝ ਸਮਾਂ ਉਹ ਰਣਬੀਰ ਕਾਲਜ ਸੰਗਰੂਰ ਵਿਖੇ ਪੜ੍ਹਦੇ ਰਹੇ। ਜਦੋਂ ਉਨ੍ਹਾਂ ਰਣਬੀਰ ਕਾਲਜ ਸੰਗਰੂਰ ਦਾਖਲਾ ਲਿਆ ਤਾਂ ਅੰਗਰੇਜ਼ੀ ਦੇ ਦੋ ਪ੍ਰੋਫ਼ੈਸਰਾਂ ਡਾ ਡੀ ਸੀ ਸ਼ਰਮਾ ਅਤੇ  ਪ੍ਰੋ ਐਸ ਪੀ ਸ਼ਰਮਾ ਨੇ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਦੀ ਪ੍ਰਤਿਭਾ ਦੀ ਪਛਾਣ ਕਰਦਿਆਂ ਰਣਬੀਰ ਸਿੰਘ ਸਰਾਓ ਨੂੰ ਅੰਗਰੇਜ਼ੀ ਦੀ ਐਮ ਏ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦੇ ਪਿਤਾ ਅਤੇ ਤਾਇਆ ਗਿਆਨੀ ਤਪੀਆ ਸਿੰਘ ਦੋਵੇਂ ਧਾਰਮਿਕ ਵਿਅਕਤੀ ਸਨ, ਉਨ੍ਹਾਂ ਰਣਬੀਰ ਸਿੰਘ ਨੂੰ  ਬੀ ਏ ਮੁਕੰਮਲ ਕਰਨ ਲਈ ਖਾਲਸਾ ਕਾਲਜ ਅੰਮਿ੍ਰਤਸਰ ਦਾਖਲ ਕਰਵਾ ਦਿੱਤਾ। 1960 ਵਿੱਚ ਖਾਲਸਾ ਕਾਲਜ ਅੰਮਿ੍ਰਤਸਰ ਤੋਂ ਬੀ ਏ ਆਨਰਜ਼ ਅੰਗਰੇਜ਼ੀ ਦੇ ਵਿਸ਼ੇ ਵਿੱਚ ਕਰਨ ਉਪਰੰਤ ਉਨ੍ਹਾਂ ਨੂੰ ਐਮ ਏ ਅੰਗਰੇਜ਼ੀ ਕਰਨ ਲਈ ਸਰਕਾਰੀ ਕਾਲਜ ਲੁਧਿਆਣਾ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਤੇ ਉਥੋਂ ਹੀ 1962 ਵਿੱਚ ਉਨ੍ਹਾਂ ਐਮ ਏ ਪਾਸ ਕੀਤੀ। ਬੀ ਏ ਅਤੇ ਐਮ ਏ ਵਿੱਚ ਸਵਰਨ ਸਿੰਘ ਬੋਪਾਰਾਇ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਉਨ੍ਹਾਂ ਦੇ ਜਮਾਤੀ ਸਨ। ਫਿਰ ਉਨ੍ਹਾਂ ਅਮਰੀਕਨ ਲਿਟਰੇਚਰ ‘ਤੇ ਪੀ ਐਚ ਡੀ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ ਹਰਜੀਤ ਸਿੰਘ ਦੀ ਅਗਵਾਈ ਵਿੱਚ ਕੀਤੀ।  ਉਨ੍ਹਾਂ ਨੇ ਨੋਬਲ ਇਨਾਮ ਜੇਤੂ ਵਿਲੀਅਮ ਫਾਓਲਕਨਰ ਦੀ ‘‘ ਦੀ ਸਾਊਂਡ ਐਂਡ ਦਾ ਫਰੀ’’ ‘ਤੇ ਡਿਜ਼ਰਟੇਸ਼ਨ ਲਿਖੀ।
        ਇਕ ਦਿਹਾਤੀ ਇਲਾਕੇ ਦੇ ਮੱਧ ਵਰਗੀ ਪਰਿਵਾਰ ਵਿੱਚ ਜਨਮ ਲੈ ਕੇ ਇਤਨਾ ਪ੍ਰਤਿਭਾਸ਼ਾਲੀ ਹੋਣਾ ਉਨ੍ਹਾਂ ਦਾ ਵਿਲੱਖਣ ਗੁਣ ਸੀ। ਉਨ੍ਹਾਂ ਦੀ ਜਨਮ ਭੂਮੀ ਦੇ ਇਲਾਕੇ ਨੂੰ ਪਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ ਪ੍ਰੰਤੂ ਰਣਬੀਰ ਸਿੰਘ ਸਰਾਓ ਦੀ ਪ੍ਰਤਿਭਾ ਕਿਸੇ ਵੀ ਵਿਕਸਤ ਇਲਾਕੇ ਦੇ ਲੋਕਾਂ ਨਾਲੋਂ ਵਧੇਰੀ ਸੀ। ਉਹ ਗੁਣਾ ਦੀ ਗੁਥਲੀ ਸਨ। ਉਨ੍ਹਾਂ ਦਾ ਜਨਮ ਜੀਂਦ ਰਿਆਸਤ ਦੇ ਪਿੰਡ ਲੇਹਲ ਕਲਾਂ ਨੇੜੇ ਲਹਿਰਾ ਗਾਗਾ ਜਿਲ੍ਹਾ ਸੰਗਰੂਰ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਮੇਵਾ ਸਿੰਘ ਦੇ ਘਰ 25 ਫਰਵਰੀ 1940 ਨੂੰ ਹੋਇਆ। ਇਸ ਪਿੰਡ ਦੇ ਨਜ਼ਦੀਕ ਪਿੰਡ ਧਮਧਾਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਸ਼ਹੀਦੀ ਦੇਣ ਲਈ ਜਾਂਦੇ ਹੋਏ ਬਿਰਾਜੇ ਸਨ, ਜਿਸ ਗੁਰੂ ਘਰ ਦਾ ਉਨ੍ਹਾਂ ਦੇ ਜੀਵਨ ‘ਤੇ ਗਹਿਰਾ ਪ੍ਰਭਾਵ ਸੀ। ਉਨ੍ਹਾਂ ਦਾ ਤਿੰਨ ਭਰਾ ਅਤੇ ਤਿੰਨ ਭੈਣਾ ਵਾਲਾ ਪਰਿਵਾਰ ਸੀ। ਪਛੜੇ ਇਲਾਕੇ ਵਿੱਚ ਰਹਿਣ ਵਾਲੇ ਮਾਪਿਆਂ ਨੇ ਉਨ੍ਹਾਂ ਸਾਰੇ ਭੈਣ ਭਰਾਵਾਂ ਨੂੰ ਉਚ ਵਿਦਿਆ ਦਿਵਾਕੇ ਆਪਣੀ ਜ਼ਿੰਮੇਵਾਰੀ ਨਿਭਾਈ ਪ੍ਰੰਤੂ ਡਾ ਰਣਬੀਰ ਸਿੰਘ ਨੇ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੇ ਇਕ ਦੋਸਤ ਨੇ ਦੱਸਿਆ ਕਿ ਡਾ ਰਣਬੀਰ ਇਤਨੇ ਗਿਆਨਵਾਨ ਸਨ ਕਿ ਜੇ ਉਹ ਆਈ ਏ ਐਸ ਦੇ ਮੁਕਾਬਲੇ ਦੇ ਇਮਤਿਹਾਨ ਵਿੱਚ ਬੈਠਦੇ ਤਾਂ ਉਹ ਜ਼ਰੂਰ ਸਫ਼ਲ ਹੁੰਦੇ ਅਤੇ ਇਕ ਚੰਗੇ ਕੁਸ਼ਲ ਪ੍ਰਬੰਧਕ ਹੋ ਸਕਦੇ ਸਨ। ਉਸ ਸਮੇਂ ਅੰਗਰੇਜ਼ੀ ਦੇ ਅਧਿਆਪਕ ਬਣਨਾ ਹੀ ਵੱਡੀ ਗੱਲ ਸਮਝਿਆ ਜਾਂਦਾ ਸੀ।  1966 ਵਿੱਚ ਪੰਜਾਬੀ ਸੂਬਾ ਬਣਨ ‘ਤੇ ਉਨ੍ਹਾਂ ਦੀ ਐਲੋਕੇਸ਼ਨ ਹਰਿਆਣਾ ਦੀ ਹੋ ਗਈ ਕਿਉਂਕਿ ਉਨ੍ਹਾਂ ਦੀ ਜ਼ਮੀਨ ਨੜੈਲ ਪਿੰਡ ਵਿੱਚ ਸੀ, ਜੋ ਹਰਿਆਣਾ ਵਿੱਚ ਆ ਗਿਆ ਸੀ। ਫਿਰ ਉਨ੍ਹਾਂ ਆਪਣੀ ਐਲੋਕੇਸ਼ਨ ਪੰਜਾਬ ਵਿਚ ਤਬਦੀਲ ਕਰਵਾਈ। ਰਣਬੀਰ ਸਿੰਘ ਦਾ ਵਿਆਹ ਸੰਗਰੂਰ ਜਿਲ੍ਹੇ ਦੇ ਜਖੇਪਲ ਪਿੰਡ ਦੀ ਅੰਗਰੇਜ਼ੀ ਦੀ ਲੈਕਚਰਾਰ ਸੁਖਦਰਸ਼ਨ ਕੌਰ ਸਿੱਧੂ ਸਪੁੱਤਰੀ ਸੁੰਤਰਤਾ ਸੰਗਰਾਮੀ ਕੈਪਟਨ ਸੰਤੋਖ ਸਿੰਘ ਨਾਲ 1973 ਵਿੱਚ ਹੋਇਆ। ਡਾ ਰਣਬੀਰ ਸਿੰਘ ਸਰਾਓ ਆਪਣੇ ਪਿੱਛੇ ਪੜ੍ਹਿਆ ਲਿਖਿਆ ਪਰਿਵਾਰ ਪਤਨੀ ਪ੍ਰੋ ਸਖੁਦਰਸ਼ਨ ਕੌਰ ਸਰਾਓ ਜੋ ਵੀ ਅੰਗਰੇਜ਼ੀ ਵਿਸ਼ੇ ਦੇ ਸੇਵਾ ਮੁਕਤ ਪ੍ਰੋਫ਼ੈਸਰ, ਲੜਕਾ ਅਜੈਵੀਰ ਸਿੰਘ ਸਰਾਓ ਖ਼ੁਰਾਕ ਅਤੇ ਸਪਲਾਈ ਵਿਭਾਗ ਵਿੱਚ ਜਾਇੰਟ ਡਾਇਰੈਕਟਰ ਅਤੇ ਲੜਕੀ ਡਾ ਸਿਮਰਤ ਕੌਰ ਧੀਰ ਅਮਰੀਕਾ ਦੇ ਕੈਲੇਫੋਰਨੀਆਂ ਰਾਜ ਦੀ ਸੈਂਡੀਆਗੋ ਯੂਨੀਵਰਸਿਟੀ ਵਿੱਚ ਅੰਗਰੇਜੀ ਦੇ ਪ੍ਰੋਫ਼ੈਸਰ ਹਨ ਉਨ੍ਹਾਂ ਨੂੰ ਛੱਡ ਗਏ ਹਨ।
          ਉਨ੍ਹਾਂ ਦੀ ਯਾਦ ਵਿੱਚ ਅੰਤਮ ਅਰਦਾਸ 9 ਜੁਲਾਈ 2021 ਦਿਨ ਸ਼ੁਕਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਫਾਟਕ ਨੰਬਰ 23 ਪਟਿਆਲਾ ਵਿਖੇ ਦੁਪਹਿਰ 12-00 ਤੋਂ 1-00 ਵਜੇ ਦੇ ਦਰਮਿਆਨ ਹੋਵੇਗੀ।

ਸਾਬਕਾ ਜਿਲਾ੍ਹ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
 ujagarsingh48@yahoo.com

ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ - ਉਜਾਗਰ ਸਿੰਘ

ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਸਿਆਸੀ ਤਾਕਤ ਹਾਸਲ ਕਰਨ ਲਈ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰਕੇ ਲਾਭ ਉਠਾਉਣਾ ਚਾਹੁੰਦੀਆਂ ਹਨ। ਪੰਜਾਬੀ/ ਸਿੱਖ ਸੰਸਾਰ ਵਿੱਚ ਮਿਹਨਤੀ, ਅਣਖ਼ੀ, ਗੈਰਤਮੰਦ ਅਤੇ ਬਹਾਦਰੀ ਕਰਕੇ ਜਾਣੇ ਜਾਂਦੇ ਹਨ। ਪੰਜਾਬ ਦੀ ਪਵਿਤਰ ਧਰਤੀ ਨੂੰ ਗੁਰੂਆਂ ਦੀ ਛੋਹ ਪ੍ਰਾਪਤ ਹੋਣ ਦੇ ਨਾਲ ਪੰਜਾਬੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਵੰਡ ਛੱਕੋ ਅਤੇ ਨਾਮ ਜਪੋ ਦੀ ਵਿਚਾਰਧਾਰਾ ਦਿੱਤੀ ਹੈ। ਪੰਜਾਬੀ/ਸਿੱਖ ਇਸ ਵਿਚਾਰਧਾਰਾ ‘ਤੇ ਪਹਿਰਾ ਦਿੰਦੇ ਹੋਏ, ਦੁਨੀਆਂ ਦੇ ਹਰ ਖੇਤਰ ਵਿੱਚ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਕਰੋਨਾ ਕਾਲ ਵਿੱਚ ਲਾਕ ਡਾਊਨ ਦੌਰਾਨ ਆਪਣੀ ਦਸਾਂ ਨਹੁੰਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢਕੇ ਸੰਸਾਰ ਵਿੱਚ ਲੋੜਵੰਦਾਂ ਨੂੰ ਲੰਗਰ ਛਕਾਏ, ਆਕਸੀਜਨ ਗੈਸ ਸਿੰਲਡਰ ਉਪਲਭਧ ਕਰਵਾਏ, ਇਥੋਂ ਤੱਕ ਕਿ ਜਦੋਂ ਕਰੋਨਾ ਨਾਲ ਮਰਨ ਵਾਲਿਆਂ ਨੂੰ ਪਰਿਵਾਰਿਕ ਮੈਂਬਰਾਂ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੰਜਾਬੀਆਂ/ਸਿੱਖਾਂ ਨੇ ਇਹ ਜ਼ਿੰਮੇਵਾਰੀ ਨਿਭਾਈ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੀ ਜਦੋਂ ਹੱਥ ਖੜ੍ਹੇ ਕਰ ਗਈ ਤਾਂ ਪੰਜਾਬੀ/ਸਿੱਖ ਅੱਗੇ ਆਏ। ਅਰਵਿੰਦ ਕੇਜਰੀਵਾਲ ਅਜੇ ਵੀ ਪੰਜਾਬੀਆਂ/ਸਿੱਖਾਂ ਦੀ ਅਣਖ਼ ਅਤੇ ਫਰਾਕਦਿਲੀ ਨੂੰ ਸਮਝ ਨਹੀਂ ਸਕੇ? ਪੰਜਾਬੀ/ਸਿੱਖ ਤਾਂ ਮੁਫ਼ਤ ਦੇਣ ਵਾਲੇ ਹਨ, ਲੈਣ ਵਾਲੇ ਨਹੀਂ। ਇਹ ਸਿਰਫ਼ ਗੁਰੂ ਤੋਂ ਮੰਗਦੇ ਹਨ, ਹੋਰ ਕਿਸੇ ਤੋਂ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੁਨੀਆਂ ਅਤੇ ਭਾਰਤ ਵਿੱਚ ਇਤਨੇ ਮੰਗਤੇ ਹਨ, ਕਦੀਂ ਕਿਸੇ ਨੇ ਕਈ ਪੰਜਾਬੀ/ਸਿੱਖ ਮੰਗਤਾ ਵੇਖਿਆ ਹੈ? ਸਿਆਸੀ ਪਾਰਟੀਆਂ ਨੂੰ ਪੰਜਾਬੀਆਂ/ਸਿੱਖਾਂ ਦੇ ਇਤਿਹਾਸ ਨੂੰ ਪੜ੍ਹਕੇ ਉਨ੍ਹਾਂ ਦੇ ਗੁਣ ਗ੍ਰਹਿਣ ਕਰਨ ਦੀ ਤਕਲੀਫ਼ ਕਰਨੀ ਬਣਦੀ ਹੈ। ਨਾ ਕਿ ਮੁਫ਼ਤਖ਼ੋਰੇ ਬਣਾਉਣ ਬਾਰੇ ਸੋਚਣਾ ਚਾਹੀਦਾ ਹੈ। ਪੰਜਾਬੀਆਂ/ਸਿੱਖਾਂ ਨੂੰ ਵੀ ਅਜਿਹੀਅ ਲੁਭਾਓ ਚਲਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ। ਐਵੇਂ ਨਾ ਬਿਨਾ ਸੋਚੇ ਸਮਝੇ ਵਕਤੀ ਲਾਭ ਲਈ ਗੁਮਰਾਹ ਹੋ ਜਾਇਓ। ਦੁੱਖ ਇਸ ਗੱਲ ਦਾ ਹੈ ਕਿ ਪੰਥਕ ਕਹਾਉਣ ਵਾਲੀ ਪਾਰਟੀ ਜੋ ਸਿੱਖ ਧਰਮ ਬਾਰੇ ਬਾਖ਼ੂਬੀ ਜਾਣਦੀ ਹੈ, ਉਸਨੇ ਹੀ ਮੰਗਤੇ ਬਣਾਉਣ ਦੀ ਚਾਲ ਸਭ ਤੋਂ ਪਹਿਲਾਂ ਚਲੀ ਸੀ। ਸਿਆਸਤਦਾਨੋ ਵੋਟਾਂ ਵਟੋਰਨ ਲਈ ਪਲਾਹ ਸੋਟੇ ਨਾ ਮਾਰੋ। ਅਸੂਲਾਂ ‘ਤੇ ਅਧਾਰਤ ਸਿਆਸਤ ਕਰੋ। ਕਿਰਤ ਕਰਨ ਦੀ ਵਿਚਾਰਧਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾਬੀਆਂ ਨੂੰ ਦਿੱਤੀ ਸੀ। ਪੰਜਾਬੀ/ਸਿੱਖ ਕਿਰਤ ਕਰਨ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ, ਸਗੋਂ ਉਹ ਤਾਂ ਪਰਵਾਸ ਵਿੱਚ ਜਾ ਕੇ ਵੀ ਸਖਤ ਮਿਹਨਤ ਕਰਕੇ ਮੱਲਾਂ ਮਾਰ ਰਹੇ ਹਨ। ਸਿਆਸੀ ਪਾਰਟੀਆਂ ਪੰਜਾਬੀਆਂ/ਸਿੱਖਾਂ ਨੂੰ ਕਿਰਤ ਕਰਨ ਦੀ ਥਾਂ ਮੁਫ਼ਤਖ਼ੋਰੇ ਬਣਾਉਣ ਲੱਗ ਪਈਆਂ ਹਨ। ਵੋਟਾਂ ਵਟੋਰਨ ਲਈ ਇਹ ਲੋਕ ਲੁਭਾਊ ਸਕੀਮਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰਨ ਵਾਲੀ ਗੱਲ ਹੈ। ਲੋਕ ਲੁਭਾਊ ਸਕੀਮਾ ਦੇ ਐਲਾਨ ਕਰਨ ਵਿੱਚ ਸਾਰੀਆਂ ਪਾਰਟੀਆਂ ਇਕ ਦੂਜੇ ਤੋਂ ਮੋਹਰੀ ਹੋਣ ਲਈ ਲਟਾ ਪੀਂਘ ਹੋਈਆਂ ਪਈਆਂ ਹਨ। ਉਹ ਪੰਜਾਬੀਆਂ/ਸਿੱਖਾਂ ਨੂੰ ਮੂਰਖ਼ ਸਮਝ ਰਹੀਆਂ ਹਨ। ਉਨ੍ਹਾਂ ਨੂੰ ਮੂੰਹ ਦੀ ਖਾਣੀ ਪਵੇਗੀ। ਪੰਜਾਬੀ ਰਾਜ ਭਾਗ ਅਤੇ ਪ੍ਰਬੰਧ ਵਿਚ ਪਾਰਦਰਸ਼ਤਾ ਚਾਹੁੰਦੇ ਹਨ। ਉਹ ਲਾਲਚੀ ਨਹੀਂ। ਉਹ ਖ੍ਰੀਦੇ ਨਹੀਂ ਜਾ ਸਕਦੇ, ਸਗੋਂ ਉਹ ਤਾਂ ਖ੍ਰੀਦਣ ਵਾਲੇ ਹਨ। ਪੰਜਾਬੀ ਸਿਆਸੀ ਪਾਰਟੀਆਂ ਦੀਆਂ ਇਨ੍ਹਾਂ ਚਾਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਉਹ ਤਾਂ ਆਪਣੇ ਆਪ ਨੂੰ ਪਹਿਲਾਂ ਹੀ ਠੱਗੇ ਮਹਿਸੂਸ ਕਰ ਰਹੇ ਹਨ। ਸਿਅਸਤਦਾਨ ਇਕ ਪਾਸੇ ਮੁਫ਼ਤ ਸਹੂਲਤਾਂ ਦੇ ਕੇ ਦੂਜੇ ਪਾਸੇ ਟੈਕਸ ਲਗਾਕੇ ਪੰਜਾਬ ਦੇ ਲੋਕਾਂ ‘ਤੇ ਹੀ ਭਾਰ ਪਾ ਦਿੰਦੇ ਹਨ। ਸਿਆਸਤਦਾਨਾ ਨੇ ਆਪਣੀਆਂ ਜੇਬਾਂ ਵਿੱਚੋਂ ਤਾਂ ਕੁਝ ਦੇਣਾ ਹੀ ਨਹੀਂ ਹੁੰਦਾ। ਪੰਜਾਬ ਦੇ ਬਜਟ ਵਿੱਚੋਂ ਹੀ ਦਿੰਦੇ ਹਨ। ਭਾਵ ਉਹ ਪਰਜਾ ਦੇ ਕੰਨ ਨੂੰ ਸੱਜੇ ਪਾਸਿਓਂ ਫੜਨ ਦੀ ਥਾਂ ਖੱਬੇ ਪਾਸੇ ਤੋਂ ਫੜਕੇ ਟੈਕਸ ਵਟੋਰ ਲੈਂਦੇ ਹਨ।
        ਅਰਵਿੰਦ ਕੇਜ਼ਰੀਵਾਲ ਦੀ ਆਮ ਆਦਮੀ ਪਾਰਟੀ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਵਾਇਤੀ ਕਾਂਗਰਸ, ਅਕਾਲੀ ਦਲ ਅਤੇ ਬੀ ਜੇ ਪੀ ਦੇ ਬਦਲ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਸੀ। ਪੰਜਾਬ ਦੇ ਲੋਕ ਬਦਲ ਵੀ ਚਾਹੁੰਦੇ ਸਨ ਪ੍ਰੰਤੂ ਆਪਣੀਆਂ ਗਲਤੀਆਂ ਕਰਕੇ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਖੁੰਝ ਗਈ। ਵਾਅਦੇ ਉਦੋਂ ਵੀ ਲੰਬੇ ਚੌੜੇ ਕੀਤੇ ਸਨ ਪ੍ਰੰਤੂ ਕਾਂਗਰਸ ਪਾਰਟੀ ਆਪਣੇ ਵਾਅਦਿਆਂ ਨਾਲ ਬਾਜ਼ੀ ਮਾਰ ਗਈ ਸੀ। ਹੁਣ ਫਿਰ ਅਰਵਿੰਦ ਕੇਜਰੀਵਾਲ 10 ਦਿਨਾ ਵਿੱਚ ਦੂਜੀ ਵਾਰ ਪੰਜਾਬ ਵਿੱਚ ਗੇੜਾ ਮਾਰ ਗਏ, ਉਹ ਵੀ ਵੋਟਾਂ ਵਟੋਰਨ ਲਈ ਭਰਮਾਉਣ ਆਏ ਸਨ। ਸਾਢੇ ਚਾਰ ਸਾਲ ਪੰਜਾਬ ਨੂੰ ਮੂੰਹ ਨਹੀਂ ਵਿਖਾਇਆ। ਅੰਮਿ੍ਰਤਸਰ ਵਿਖੇ ਸਿੱਖ ਮੁੱਖ ਮੰਤਰੀ ਦੇਣ ਦਾ ਐਲਾਨ ਕਰਕੇ ਪੰਜਾਬੀਆਂ/ਸਿੱਖਾਂ ਵਿੱਚ ਵੰਡੀਆਂ ਪਾਉਣ ਦੀ ਰਾਜਨੀਤੀ ਕਰ ਗਏ। ਚੰਡੀਗੜ੍ਹ ਆ ਕੇ ਸਾਰੇ ਪੰਜਾਬੀਆਂ ਨੂੰ 300 ਯੁਨਿਟ ਬਿਜਲੀ ਮਾਫ਼ ਕਰਨ ਦਾ ਲਾਰਾ ਲਾ ਗਏ। ਬਿਜਲੀ ਦੇ ਬਕਾਇਆ ਬਿਲਾਂ ਨੂੰ ਮਾਫ਼ ਕਰਨ ਦਾ ਐਲਾਨ ਕਰਕੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਤੁਸੀਂ ਬੇਸ਼ਕ ਬਿਲ ਨਾ ਭਰੋ ਸਾਡੀ ਸਰਕਾਰ ਸਾਰੇ ਬਕਾਇਆ ਮਾਫ ਕਰ ਦੇਵੇਗੀ। ਪੰਜਾਬ ਵਿੱਚ ਸਰਕਾਰ ਬਣਾਉਣ ਦੇ ਖਿਆਲੀ ਪਲਾਓ ਹਨ, ਜੇ ਸਰਕਾਰ ਨਾ ਬਣੀ ਤਾਂ ਏਰੀਅਰ ਕੌਣ ਭਰੇਗਾ, ਜੋ ਜੁਰਮਾਨੇ ਲੱਗ ਕੇ ਬਿਲ ਦੁਗਣੇ ਹੋ ਜਾਣਗੇ। ਮੁੱਖ ਮੰਤਰੀ ਹੋ ਕੇ ਲੋਕਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਗੱਲ ਕਰਦੇ ਹੋ। ਪੰਜਾਬ ਰਾਜ ਬਿਜਲੀ ਬੋਰਡ ਤਾਂ ਪਹਿਲਾਂ ਹੀ ਦਿਵਾਲੀਆ ਹੋਣ ਦੇ ਕਿਨਾਰੇ ਪਹੁੰਚਿਆ ਹੋਇਆ ਹੈ। ਦਿੱਲੀ ਵਿੱਚ ਵੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ 200 ਯੁਨਿਟ ਮਾਫ ਕੀਤੇ ਹੋਏ ਹਨ, ਉਸ ਸਕੀਮ ਦਾ ਲਾਭ ਵੀ ਦਸਰਫ਼ 5 ਫੀ ਸਦੀ ਲੋਕਾਂ ਨੂੰ ਹੀ ਹੁੰਦਾ ਹੈ ਕਿਉਂਕਿ ਜੇ 200 ਤੋਂ ਇਕ ਯੂਨਿਟ ਵੱਧ ਬਿਲ ਆ ਗਿਆ ਤਾਂ ਸਾਰਾ ਬਿਲ ਦੇਣਾ ਪਵੇਗਾ। ਬਹੁਤ ਘੱਟ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੀਆਂ ਲੋੜਾਂ 200 ਨਾਲ ਪੂਰੀਆਂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਹੋਵੇਗਾ। ਪੰਜਾਬ ਵਿੱਚ 200 ਯੁਨਿਟ ਪਹਿਲਾਂ ਹੀ ਬਾਦਲ ਸਰਕਾਰ ਨੇ ਅਨੁਸੂਚਿਤ ਜਾਤੀਆਂ ਅਤੇ ਗ਼ਰੀਬੀ ਰੇਖਾ ਤੋਂਹੇਠਾਂ ਰਹਿਣ ਵਾਲੇ ਲੋਕਾਂ ਦੀ ਮਾਫ ਕੀਤੀ ਹੋਈ ਹੈ। ਪੰਜਾਬ ਦੇ ਲੋਕ ਤਾਂ ਦਿੱਲੀ ਦੇ ਲੋਕਾਂ ਨਾਲੋਂ ਬਿਹਤਰ ਪੋਜੀਸ਼ਨ ਵਿੱਚ ਹਨ। ਉਨ੍ਹਾਂ ਦੀਆਂ ਲੋੜਾਂ ਤਾਂ 500 ਯੁਨਿਟਾਂ ਵੀ ਪੂਰੀਆਂ ਨਹੀਂ ਕਰਦੀਆਂ। ਰਾਜਿੰਦਰ ਕੌਰ ਭੱਠਲ ਜਦੋਂ 1996 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਤਜ਼ਵੀਜ ਬਣਾਈ ਸੀ ਕਿ 5 ਏਕੜ ਜ਼ਮੀਨ ਦੇ ਮਾਲਕ ਕਿਸਾਨਾ ਦੀਆਂ ਮੋਟਰਾਂ ਦੇ ਬਿਜਲੀ ਦੇ ਬਿਲ ਮਾਫ ਕੀਤੇ ਜਾਣਗੇ। ਪਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੇ ਐਲਾਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਸਰਕਾਰ ਆਉਣ ‘ਤੇ ਸਾਰੇ ਕਿਸਾਨਾ ਨੂੰ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਸੀ। ਉਦੋਂ ਵੀ ਕਿਸਾਨਾ ਨੇ ਕਿਹਾ ਸੀ ਕਿ ਸਾਨੂੰ ਬਿਜਲੀ 24 ਘੰਟੇ ਦਿੱਤੀ ਜਾਵੇ ਪ੍ਰੰਤੂ ਮੁਫ਼ਤ ਨਹੀਂ। ਪਰਕਾਸ਼ ਸਿੰਘ ਬਾਦਲ ਨੇ ਤਾਂ ਇਸ ਤੋਂ ਬਾਅਦ ਆਟਾ ਦਾਲ ਦੇਣ ਦਾ ਐਲਾਨ ਵੀ ਕਰ ਦਿੱਤਾ ਸੀ। ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਨੂੰ ਮੁਫ਼ਤ ਸਾਈਕਲ ਦਿੱਤੇ ਗਏ। ਕੈਪਟਨ ਅਮਰਿੰਦਰ ਸਿੰਘ ਜਦੋਂ 2002 ਵਿੱਚ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਮੁਫ਼ਤ ਬਿਜਲੀ ਵਾਪਸ ਲੈਣ ਬਾਰੇ ਵਿਚਾਰ ਵਟਾਂਦਰਾ ਆਪਣੇ ਮੰਤਰੀਆਂ ਨਾਲ ਕੀਤਾ ਸੀ ਪ੍ਰੰਤੂ ਕਾਂਗਰਸ ਹਾਈ ਕਮਾਂਡ ਦੇ ਕਹਿਣ ‘ਤੇ ਉਨ੍ਹਾਂ ਜਾਰੀ ਰਹਿਣ ਦਿੱਤੀ ਪ੍ਰੰਤੂ ਜਦੋਂ 2017 ਦੀ ਚੋਣ ਦਾ ਮੈਨੀਫ਼ੈਸਟੋ ਬਣਾਇਆ ਉਸ ਵਿੱਚ ਹੋਰ ਬਹੁਤ ਚੀਜ਼ਾਂ ਮੁਫ਼ਤ ਦੇਣ ਦੇ ਐਲਾਨ ਕਰ ਦਿੱਤਾ। ਜਿਨ੍ਹਾਂ ਵਿਚ ਖੰਡ, ਮੋਬਾਈਲ, ਕਰਜ਼ੇ ਮਾਫ ਕਰਨ ਦੇ ਵਾਅਦੇ ਆਦਿ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬੱਸਾਂ ਵਿੱਚ ਇਸਤਰੀਆਂ ਦੇ ਸਫਰ ਨੂੰ ਮੁਫ਼ਤ ਕਰ ਦਿੱਤਾ। ਸੋਚਣ ਵਾਲੀ ਗੱਲ ਹੈ ਕਿ ਜੇਕਰ ਇਸੇ ਤਰ੍ਹਾਂ ਮੁਫ਼ਤ ਚੀਜ਼ਾਂ ਦੇਣ ਦੀ ਪ੍ਰਣਾਲੀ ਜ਼ਾਰੀ ਰਹੀ ਤਾਂ ਪੰਜਾਬ ਦਾ ਆਰਥਿਕ ਤੌੌਰ ਤੇ ਦਿਵਾਲਾ ਨਿਕਲ ਜਾਵੇਗਾ। ਸਰਕਾਰ ਦੇ ਇਨ੍ਹਾਂ ਖ਼ਰਚਿਆਂ ਲਈ ਆਮਦਨ ਕਿਥੋਂ ਹੋਵੇਗੀ? ਇਹ ਘਾਟੇ ਪੂਰੇ ਕਰਨ ਲਈ ਆਮ ਲੋਕਾਂ ਤੇ ਹੀ ਬੋਝ ਪਾਇਆ ਜਾਵੇਗਾ। ਪੈਟਰੌਲ ਡੀਜ਼ਲ ‘ਤੇ ਹੋਰ ਸੈਸ ਲਾਕੇ ਲੋਕਾਂ ਦਾ ਕਚੂਮਰ ਕੱਢਿਆ ਜਾਵੇਗਾ। ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਬੰਦ ਹੋਣ ਦੇ ਨੇੜੇ ਪਹੁੰਚ ਗਈਆਂ ਹਨ।
     ਸਿਆਸੀ ਪਾਰਟੀਆਂ ਅਸੂਲਾਂ ਦੀ ਰਾਜਨੀਤੀ ਨਹੀਂ ਕਰ ਰਹੀਆਂ। ਲੋਕਾਂ ਨੂੰ ਅਸਲੀ  ਭਖਦੇ ਨਸ਼ਿਆਂ, ਬੇਰੋਜ਼ਗਾਰੀ, ਮਹਿੰਗਾਈ, ਭਰਿਸ਼ਟਾਚਾਰ, ਗ਼ਰੀਬੀ, ਕਿਸਾਨਾ ਦੀਆਂ ਖ਼ੁਦਕਸ਼ੀਆਂ, ਕਰਜ਼ੇ, ਸਤਲੁਜ ਯਮੁਨਾ Çਲੰਕ ਨਹਿਰ, ਰੇਤ ਮਾਫੀਆ ਅਤੇ ਨਜ਼ਾਇਜ਼ ਸ਼ਰਾਬ ਮਾਫੀਆ ਵਰਗੇ ਮੁਦਿਆਂ ਤੋਂ ਧਿਆਨਾ ਹਟਾਕੇ ਲੋਕ ਲੁਭਾਊ ਐਲਾਨ ਕਰਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਰਵਿੰਦ ਕੇਜਰੀਵਾਲ ‘ਤੇ ਤਾਂ ਵਿਸ਼ਵਾਸ਼ ਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਅੰਨਾ ਹਜ਼ਾਰੇ ਦੀ ਭਰਿਸ਼ਟਾਚਾਰ ਵਿਰੁਧ ਸ਼ੁਰੂ ਕੀਤੀ ਗਈ ਲਹਿਰ ਵਿਚੋਂ ਉਪਜੇ ਸਨ। ਬਾਅਦ ਵਿੱਚ ਉਸਨੂੰ ਹੀ ਭੁੱਲਕੇ ਆਮ ਰਵਾਇਤੀ ਪਾਰਟੀਆਂ ਦੇ ਰਾਹ ਪੈ ਗਏ ਹਨ। ਉਨ੍ਹਾਂ ਨੂੰ ਪੰਜਾਬ ਨਾਲੋਂ ਦਿੱਲੀ ਅਤੇ ਹਰਿਆਣਾ ਦੇ ਹਿਤ ਪਹਿਲਾਂ ਹਨ। ਸਤਲੁਜ ਯਮੁਨਾ Çਲੰਕ ਨਹਿਰ ਦੇ ਪਾਣੀ ਤੋਂ ਦਿੱਲੀ ਨੂੰ ਪਾਣੀ ਲੈਣ ਦੀ ਗੱਲ ਕਰਦੇ ਹਨ। ਪੰਜਾਬ ਵਿੱਚ ਆ ਕੇ ਪੰਜਾਬ ਦੀ ਗੱਲ ਕਰਦੇ  ਹਨ। ਦਿੱਲੀ ਅਤੇ ਹਰਿਆਣਾ ਵਿੱਚ ਜਾ ਕੇ ਪੰਜਾਬ ਦੇ ਹਿੱਤਾਂ ਨੂੰ ਕੁਰਬਾਨ ਕਰ ਜਾਂਦੇ ਹਨ। ਉਹ ਤਾਂ ਕਿਸੇ ਪੰਜਾਬੀ ‘ਤੇ ਵਿਸ਼ਵਾਸ਼ ਹੀ ਨਹੀਂ ਕਰਦੇ। ਸੁੱਚਾ ਸਿੰਘ ਛੋਟੇਪੁਰ, ਹਰਵਿੰਦਰ ਸਿੰਘ ਫੂਲਕਾ, ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁਖਪਾਲ ਸਿੰਘ ਖ਼ਹਿਰਾ, ਗੁਰਪ੍ਰੀਤ ਸਿੰਘ ਘੁਗੀ ਨੇ ਜਦੋਂ ਪੰਜਾਬ ਦੇ ਹਿੱਤਾਂ ਅਤੇ ਪਾਰਦਰਸ਼ਤਾ ਦੀ ਗੱਲ ਕੀਤੀ ਤਾਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਅਪਨਾਉਣਾ ਪਿਆ ਕਿਉਂਕਿ ਕੇਜਰੀਵਾਲ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰਥ ਰਹੇ। ਪੰਜਾਬੀਆਂ/ਸਿੱਖਾਂ ਨੂੰ ਕੇਜਰੀਵਾਲ ਹਰਿਆਣਾ ਅਤੇ ਦਿੱਲੀ ਦੇ ਹਿਤਾਂ ਲਈ ਵਰਤ ਨਹੀਂ ਸਕਦਾ। ਪੰਜਾਬੀਆਂ/ ਸਿੱਖਾਂ ਦੀ ਅਣਖ਼ ਬਰਕਰਾਰ ਰਹੇਗੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਕੰਵਰ ਦੀਪ ਦਾ ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ - ਉਜਾਗਰ ਸਿੰਘ


ਕੰਵਰ ਦੀਪ ਦਾ ਪਲੇਠਾ ਕਾਵਿ ਸੰਗ੍ਰਹਿ ਮਨ ਰੰਗੀਆਂ ਚਿੜੀਆਂ ਦੀਆਂ ਕਵਿਤਾਵਾਂ ਇਨਸਾਨ ਦੀ ਮਾਨਸਿਕਤਾ ਦੇ ਦਵੰਦ ਦਾ ਪ੍ਰਗਟਾਵਾ ਕਰਦੀਆਂ ਹਨ। ਇਸ ਸੰਗ੍ਰਹਿ ਦੀਆਂ ਬਹੁਤੀਆਂ ਨਿੱਕੀਆਂ ਕਵਿਤਾਵਾਂ ਵੱਡੇ ਅਰਥਾਂ ਦੀਆਂ ਲਖਾਇਕ ਹਨ। ਇਨ੍ਹਾਂ ਕਵਿਤਾਵਾਂ ਦੀ ਭਾਵਨਾ ਨੂੰ ਸਮਝਣ ਲਈ ਤੀਖਣ ਬੁੱਧੀ ਦੀ ਲੋੜ ਹੈ। ਹਰ ਕਵਿਤਾ ਅਰਥ ਭਰਪੂਰ ਹੈ।  ਜ਼ਿੰਦਗੀ ਦੇ ਅਰਥ ਸਮਝਾਉਣ ਵਾਲੀ ਕਵੀ ਦੀ ਕਵਿਤਾ ‘ਸਮੇਂ ਦਾ ਅਰਘ’ ਬਹੁਤ ਹੀ ਭਾਵ ਪੂਰਨ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜ਼ਿੰਦਗੀ ਸਾਲਾਂ ਬੱਧੀ ਵੀ ਬੇਅਰਥ ਹੈ, ਜੇਕਰ ਅਸੀਂ ਲੰਮੇ ਸਮੇਂ ਵਿਚੋਂ ਇਕ ਪਲ ਦੀ ਵੀ ਕਦਰ ਨਹੀਂ ਕੀਤੀ। ਸਮਾਂ ਬਹੁਤ ਕੀਮਤੀ ਹੈ ਕਵੀ ਉਸਦੀ ਅਹਿਮੀਅਤ ਨੂੰ ਸਮਝਣ ‘ਤੇ ਜ਼ੋਰ ਦਿੰਦਾ ਹੈ। ਭਾਵ ਸਮਾਂ ਵਿਅਰਥ ਗੁਆਉਣਾ ਨਹੀਂ ਚਾਹੀਦਾ। ਹਰ ਪਲ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਕੰਵਰ ਦੀਪ ਦੀਆਂ ਬਹੁਤੀਆਂ ਕਵਿਤਾਵਾਂ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ। ਜੇਕਰ ਅਸੀਂ ਇਕ ਪਲ ਲਈ ਵੀ ਸੁਚੱਜੇ ਢੰਗ ਨਾਲ ਜ਼ਿੰਦਗੀ ਜੀਅ ਲਈਏ ਅਰਥਾਤ ਸਮਾਜ ਦੇ ਲੇਖੇ ਲਾ ਦਈਏ ਤਾਂ ਵੀ ਉਹ ਪਲ ਵੀ ਅਰਥ ਭਰਪੂਰ ਹੈ। ਇਕ ਕਿਸਮ ਨਾਲ ਕਵੀ ਸਮਾਜ ਦੇ ਤਾਣੇ ਬਾਣੇ ਵਿਚ ਮਨੁੱਖਤਾ ਦੇ ਡਿਗ ਰਹੇ ਮਿਆਰ ਤੇ ਕਿੰਤੂ ਪ੍ਰੰਤੂ ਕਰਦਾ ਹੋਇਆ ਟਕੋਰਾਂ ਮਾਰ ਰਿਹਾ ਹੈ। ਪੂਰੀ ਪੁਸਤਕ ਪੜ੍ਹਨ ਤੋਂ ਬਾਅਦ ਇਹ ਸ਼ਪਸ਼ਟ ਹੁੰਦਾ ਹੈ ਕਿ ਕਵੀ ਨੇ ਸਮਾਜਿਕ ਬਿਮਾਰੀਆਂ ਦੇ ਦਰਦ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਉਨ੍ਹਾਂ ਨੇ ਬਹੁਤੀਆਂ ਲੰਬੀਆਂ ਕਵਿਤਾਵਾਂ ਨਹੀਂ ਲਿਖੀਆਂ ਸਗੋਂ ਬਹੁਤ ਹੀ ਥੋੜ੍ਹੇ ਸ਼ਬਦਾਂ ਵਿਚ ਆਪਣੇ ਮਨ ਦੇ ਭਾਵ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਸੰਕੇਤਕ ਢੰਗ ਨਾਲ ਭਰਿਸ਼ਟਾਚਾਰ, ਹੇਰਾ ਫ਼ੇਰੀ, ਵਿਹੜਪੁਣਾ, ਨੈਤਿਕ ਕਦਰਾਂ ਕੀਮਤਾਂ ਵਿਚ ਗਿਰਾਵਟ  ਆਦਿ ਨੂੰ ਆਪਣੀਆਂ ਕਵਿਤਾਵਾਂ ਦੇ ਮੌਜੂ ਬਣਾਇਆ ਹੈ। ਕੰਵਰ ਦੀਪ ਸੰਵੇਦਨਸ਼ੀਲ ਕਵੀ ਹਨ, ਜਿਹੜੇ ਧੁਰ ਅੰਦਰ ਤੱਕ ਇਨਸਾਨ ਦੀਆਂ ਕਰਤੂਤਾਂ ਨੂੰ ਫਟਕਾਰ ਪਾ ਰਹੇ ਹਨ। ਇਸ ਕਾਵਿ ਸੰਗ੍ਰਹਿ ਦੀ ਪਹਿਲੀ ਹੀ ਕਵਿਤਾ ‘ਜੰਗਲ ‘ਚੋਂ ਲੰਘਦਿਆਂ’ ਸੰਕੇਤਕ ਕਵਿਤਾ ਹੈ, ਜਿਸ ਵਿਚ ਕਵੀ ਵਰਤਮਾਨ ਸਮਾਜ ਦੀ ਤੁਲਨਾ ਜੰਗਲ ਨਾਲ ਕਰ ਰਿਹਾ ਹੈ। ਸਮਾਜ ਨੂੰ ਉਹ ਜੰਗਲ ਕਹਿ ਰਿਹਾ ਹੈ। ਇਸ ਸਮਾਜ ਵਿਚ ਹਰ ਤਰ੍ਹਾਂ ਦੇ ਲੋਕ ਹਨ, ਇਹ ਤੁਹਾਡੀ ਮਾਨਸਿਕਤਾ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜਾ ਰੂਪ ਅਖ਼ਤਿਆਰ ਕਰਨਾ ਚਾਹੁੰਦੇ ਹੋ। ਕਵੀ ਆਪਣੀਆਂ ਕਵਿਤਾਵਾਂ ਵਿਚ ਭਾਸ਼ਾ ਦੀ ਵਰਤੋਂ ਵੀ ਸੰਜਮ ਨਾਲ ਕਰਦਾ ਹੈ, ਪ੍ਰੰਤੂ ਜਿਹੜੀ ਗੱਲ ਉਹ ਕਹਿਣੀ ਚਾਹੁੰਦੇ ਹਨ, ਉਹ ਵੀ ਸੰਕੇਤਾਂ ਵਿਚ ਹੀ ਕਹਿੰਦੇ ਹਨ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਇਨਸਾਨ ਹਰ ਸਮੇਂ ਮਾਨਸਿਕਤਾ ਦੀ ਉਲਝਣ ਵਿਚ ਉਲਝਿਆ ਵਿਖਾਇਆ ਗਿਆ ਹੈ। ਸਾਈਡਪੋਜ਼ ਕਵਿਤਾ ਵਿਚ ਕਵੀ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਲੋਕ ਸਮਾਜ ਵਿਚ ਪਰਿਵਰਤਨ ਲਿਆਉਣਾ ਚਾਹੁੰਦੇ ਹਨ, ਆਮ ਲੋਕ ਉਨ੍ਹਾਂ ਨੂੰ ਸਮਝ ਹੀ ਨਹੀਂ ਰਹੇ। ਇਨਕੋਰ ਸਿਰਲੇਖ ਵਾਲੀ ਕਵਿਤਾ ਵਿਚ ਹਰ ਵਿਅਕਤੀ ਆਪਣੇ ਆਪ ਨੂੰ ਦੂਜੇ ਨਾਲੋਂ ਵੱਡਾ ਸਮਝਦਾ ਹੈ, ਪ੍ਰੰਤੂ ਇਨਸਾਨ ਨਹੀਂ ਸਮਝਦਾ। ਭਾਵ ਇਨਸਾਨ ਹਓਮੈ ਦੇ ਚਕਰ ਵਿਚ ਫਸਿਆ ਫਿਰਦਾ ਹੈ ਪ੍ਰੰਤੂ ਇਨਸਾਨ ਸਾਰੇ ਬਰਾਬਰ ਹੁੰਦੇ ਹਨ। ਕੋਈ ਵੱਡਾ ਛੋਟਾ ਨਹੀਂ। ਬਾਈ ਸਿਆਂ ਸਿਰਲੇਖ ਵਾਲੀ ਕਵਿਤਾ ਦਾ ਭਾਵ ਵੀ ਇਹੋ ਹੈ ਕਿ ਬੰਦਾ ਇਨਸਾਨ ਨਹੀਂ ਬਣ ਸਕਿਆ। ਬੁੱਧ ਬਣਨ ਦੀ ਲੋੜ ਨਹੀਂ, ਗ੍ਰਹਿਸਤ ਵਿਚ ਰਹਿਕੇ ਹੀ ਇਨਸਾਨ ਬਣਿਆਂ ਜਾ ਸਕਦਾ ਹੈ। ਸਮੇਂ ਦੇ ਹਾਣੀ ਕਵਿਤਾ ਵਿਚ ਵੀ ਪੋਟਿਆਂ ਅਤੇ ਘੜੀ ਦੀ ਆਂ ਉਦਾਹਰਣਾ ਦੇ ਕੇ ਸੰਕੇਤਾਂ ਨਾਲ ਇਨਸਾਨੀਅਤ ਦਾ ਪੱਲਾ ਫੜਨ ਦੀ ਪ੍ਰੇਰਨਾ ਦਿੱਤੀ ਹੈ। ਭਾਵ ਪੁਰਾਣੇ ਜ਼ਮਾਨੇ ਭਲੇ ਸਨ, ਜਦੋਂ ਲੋਕ ਨੈਤਿਕਤਾ ਵਾਲਾ ਜੀਵਨ ਬਤੀਤ ਕਰਦੇ ਸਨ। ਰੱਬ ਨਾਲ ਗੱਲਾਂ ਵਿਚ ਵੀ ਲੋਕਾਂ ਦੀ ਪ੍ਰਵਿਰਤੀ ਫ਼ਰਜ਼ਾਂ ਨਾਲੋਂ ਹੱਕਾਂ ਦੀ ਤਰਜ਼ੀਹ ਦਿੰਦੀ ਵਿਖਾਈ ਹੈ, ਪ੍ਰੰਤੂ ਸਾਡੇ ਸਮਾਜ ਵਿਚ ਹੱਕਾਂ ਲਈ ਜ਼ਿਆਦਾ ਰਾਮ ਰੌਲਾ ਹੈ। ਆਧੁਨਿਕਤਾ ਦੇ ਨਾਮ ਤੇ ਇੰਟਰਨੈਟ ਦੀ ਵਰਤੋਂ ਇਤਨੀ ਕੀਤੀ ਜਾ ਰਹੀ ਹੈ ਕਿ ਘਰਾਂ ਦੇ ਕਮਰਿਆਂ ਵਿਚ ਬੈਠੇ ਪਰਿਵਾਰਾਂ ਦੇ ਮੈਂਬਰ ਇਕੱਠੇ ਬੈਠਕੇ ਗੱਲਾਂ ਨਹੀਂ ਕਰਦੇ ਸਗੋਂ ਪਰਵਾਸੀਆਂ ਦੀ ਤਰ੍ਹਾਂ ਫੋਨਾ ਤੇ ਸੰਦੇਸ਼ ਦੇ ਕੇ ਹੀ ਗੱਲਾਂ ਕਰਦੇ ਹਨ। ਇਹ ਕੌਣ ਨੇ? ਕਵਿਤਾ ਵਿਚ ਕਵੀ ਲਿਖਦੇ ਹਨ-
ਘਰੋਂ ਨਿਕਲਣ ਤੋਂ ਪਹਿਲਾਂ  ਮੌਸਮ ਪਰਖਣ ਵਾਲੇ
ਅਸੀਂ
ਵਕਤ ਦੇ ਗ਼ੁਲਾਮ ਬਣ ਗਏ ਹਾਂ।
ਜ਼ਿਹਨ ‘ਚ ਵਧਦੀ ਅਸੁਰੱਖਿਅਤਾ
ਦਿਲਾਂ ਦੀਆਂ ਦੂਰੀਆਂ
ਚਾਰ ਕੰਧਾਂ ਦੇ ਕੈਦੀ ‘ਘਰਾਂ’ ‘ਚ  ਬੈਠੇ ਈ
ਪਰਵਾਸੀ  ਹੋ ਗਏ ਹਾਂ।
  ਕਵੀ ਜੋ ਵੀ ਗੱਲ ਆਪਣੀ ਕਵਿਤਾ ਵਿਚ ਕਹਿਣੀ ਚਾਹੁੰਦੇ ਹਨ, ਸਿੱਧੀ ਸਪਾਟ ਨਹੀਂ ਕਰਦੇ ਸਗੋਂ ਸੰਕੇਤਕ ਸ਼ਬਦਾਂ ਵਿਚ ਕਰਦੇ ਹਨ। ਅਮੀਰ ਗ਼ਰੀਬ ਦੇ ਪਾੜੇ ਦੀ ਗੱਲ ‘ਓਸ ਬੰਦੇ ਦੀਆਂ ਗੱਲਾਂ ਸਿਰਲੇਖ ਵਾਲੀ ਕਵਿਤਾ ਵਿਚ ਅਸਿਧੇ ਢੰਗ ਨਾਲ ਲਿਖਦੇ ਹਨ-
ਓਹਨੂੰ ਥਾਲ-ਸਜੀ ਰੋਟੀ ਖਾਂਦੇ ਨੂੰ, ਆਪਦੇ ਪਿੰਡ ਆਲਾ ‘ਮਾੜਾ’ ਯਾਦ ਆ ਗਿਆ।
ਵੀ ਓਹ ਭੁੱਖਾ ਹੋਊ ਏਸ ਵੇਲੇ,  ਹੱਥੋਂ ਮੂੰਹ ਨੂੰ ਜਾਂਦੀ ਬੁਰਕੀ, ਰੱਖ ਲੰਮਾ ਪੈ ਗਿਆ।
   ਮੈਂ ਜ਼ਿੰਦਾਬਾਦ ਕਵਿਤਾ ਵਿਚ ਸਮਾਜਿਕ ਰਿਸ਼ਤਿਆਂ ਵਿਚ ਆ ਰਹੀ ਗਿਰਾਵਟ ਬਾਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਵਰਜਿਤ ਪਲ ਓਪਰੀ ਨਜ਼ਰ ਨਾਲ ਪੜ੍ਹਨ ਵਾਲੇ ਨੂੰ ਰੁਮਾਂਟਿਕ ਕਵਿਤਾ ਲੱਗੇਗੀ ਪ੍ਰੰਤੂ ਕਵੀ ਨੇ ਇਸ ਵਿਚ ਜ਼ਿੰਦਗੀ ਨੂੰ ਸਹੀ ਲੀਹਾਂ ‘ਤੇ ਲਿਆਕੇ ਇਸਦਾ ਸਦਉਪਯੋਗ ਕਰਨ ਦੀ ਤਾਕੀਦ ਕੀਤੀ ਹੈ। ਹੁੰਗਾਰਾ ਅਤੇ ਅੜੇ ਹੋਏ ਖ਼ਿਆਲ ਕਵਿਤਾਵਾਂ ਵਿਚ  ਕਵੀ ਕਹਿੰਦਾ ਹੈ ਕਿ ਜਦੋਂ ਇਨਸਾਨ ਬੱਚਾ ਹੁੰਦਾ ਹੈ ਤਾਂ ਉਹ ਮਨ ਦਾ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੁੰਦਾ ਹੈ। ਵੱਡਾ ਹੋਕੇ ਸਿਆਣਪ ਦੇ ਕੋਹੜ ਵਿਚ ਗ੍ਰਸਤ ਹੋ ਕੇ ਲਾਭ-ਰਸ ਮਾਨਣ ਲੱਗ ਜਾਂਦਾ ਹੈ। ਭਾਵ ਭਰਿਸ਼ਟ ਹੋ ਜਾਂਦਾ ਹੈ, ਇਸ ਲਈ ਜਵਾਕ ਰਹਿਣਾ ਹੀ ਠੀਕ ਸਮਝਦਾ ਹੈ, ਇਨਸਾਨ ਲਾਲਚ ਤੋਂ ਰਹਿਤ ਹੀ ਚੰਗਾ ਹੈ। ਉਡੀਕਵਾਨ ਜ਼ਿੰਦਗੀ ਦੇ ਵਿਚ ਕਵੀ ਆਸ਼ਾਵਾਦੀ ਹੈ। ਚੰਗੇ ਦੀ ਆਸ ਛੱਡਣੀ ਨਹੀਂ ਚਾਹੀਦੀ, ਆਤਮ ਹੱਤਿਆ ਕਰਨ ਤੋਂ ਰੋਕਦਾ ਹੈ। ਕਵੀ ਆਸ਼ਾਵਾਦੀ ਹੈ, ਇਸ ਲਈ ਭਾਸ਼ਾ ਸੰਕੇਤਕ ਹੀ ਵਰਤਦਾ ਹੈ। ਕਵੀ ਲਿਖਦਾ ਹੈ-
ਬੇ-ਆਸ ਨਾ ਹੋ
ਜ਼ਿੰਦਗੀ ਕਦੋਂ ਵੀ
ਮਿਲ ਸਕਦੀ ਆ।
ਤੂੰ ਬਸ
ਜਿਉਣਾ ਨਾ ਛੱਡੀਂ।
 ਕਵੀ ਆਪਣੀਆਂ ਕਵਿਤਾਵਾਂ ਵਿਚ ਉਸਾਰੂ ਸੋਚ ਨਾਲ ਜ਼ਿੰਦਗੀ ਬਸਰ ਕਰਨ ਲਈ ਕਹਿੰਦਾ ਹੈ। ਜ਼ਿੰਦਗੀ ਵਿਚੋਂ ਕੁੜੱਤਣ ਖ਼ਤਮ ਕਰਕੇ ਆਪਸੀ ਪਿਆਰ ਨਾਲ ਸਮਾਜ ਵਿਚ ਵਿਚਰਨਾ ਬਹੁਤ ਜ਼ਰੂਰੀ ਹੈ। ਜ਼ਿੰਦਗੀ ਖ਼ੂਬਸੂਰਤ ਹੁੰਦੀ ਹੈ, ਉਦਾਸੀ ਜ਼ਿੰਦਗੀ ਨੂੰ ਜਿਓਣ ਨਹੀਂ ਦਿੰਦੀ। ਨੋ ਐਂਟਰੀ ਸਿਰਲੇਖ ਵਾਲੀ ਕਵਿਤਾ ਵਿਚ ਕੰਵਰ ਦੀਪ ਇਹ ਦੱਸਣਾ ਚਾਹੁੰਦੇ ਹਨ ਕਿ ਇਨਸਾਨ ਬੇਸ਼ਕ ਆਪਣੇ ਘਰਾਂ ਦੇ ਦਰਵਾਜੇ ਉਚੇ ਕਰ ਲਵੇ, ਲੋਹੇ ਦੇ ਜਿੰਦਰੇ ਮਾਰ ਲਵੇ ਪ੍ਰੰਤੂ ਦਿਲ ਦੇ ਦਰਵਾਜ਼ੇ ਇਨਸਾਨੀਅਤ ਲਈ ਖੋਲ੍ਹ ਕੇ ਰੱਖੋ। ਆਪਣੀ ਗੱਲ ਦਿਲ ਖੋਲ੍ਹਕੇ ਕਰਨੀ ਚਾਹੀਦੀ ਹੈ, ਕਿਤੇ ਇਹ ਨਾ ਹੋਵੇ ਸਾਊ ਬਣਨ ਲਈ ਅੰਦਰੋ ਅੰਦਰੀ ਘੁਟੀ ਜਾਓ। ਰਿਸ਼ਤੇ ਨਿਭਾਉਣੇ ਸਿੱਖੋ। ਰਿਸ਼ਤਿਆਂ ਦੀ ਗੰਢ ਪੀਡੀ ਕਰੋ। ਕਵੀ ਦੀਆਂ ਕਵਿਤਾਵਾਂ ਜ਼ਿੰਦਗੀ ਦੇ ਸੁਨਹਿਰੀ ਪਲਾਂ ਨੂੰ ਮਾਨਣ ਲਈ ਸੰਗੀਤ, ਸਾਹਿਤ, ਕੁਦਰਤ ਅਤੇ ਵਾਤਾਵਰਨ ਨੂੰ ਅਪਨਾਉਣ ‘ਤੇ ਜ਼ੋਰ ਦਿੰੀਆਂ ਹਨ। ਮਾਨਵਤਾ ਦੀ ਮਹਿਕ ਤੋਂ ਬਿਨਾ ਜ਼ਿੰਦਗੀ ਅਧੂਰੀ ਹੁੰਦੀ ਹੈ। ਚੰਗਾ ਮਾੜਾ ਵੇਖਣਾ ਅਤੇ ਸੋਚਣਾ ਇਨਸਾਨ ਦੇ ਆਪਣੇ ਵਸ ਹੁੰਦਾ ਹੈ। ਇਸ ਲਈ ਉਸਨੂੰ ਬਾਹਰ ਵੇਖਣ ਦੀ ਥਾਂ ਆਪਣੇ ਅੰਦਰ ਝਾਕਣ ਦੀ ਲੋੜ ਹੈ। ਨਿੱਕੀਆਂ ਨਿੱਕੀਆਂ ਘਟਨਾਵਾਂ ਅਤੇ ਗੱਲਾਂ ਬਾਰੇ ਅੰਦੇਸ਼ੇ ਲਾਉਣ ਨਾਲ ਹਰ ਰੋਜ਼ ਮਰਨ ਦੇ ਬਰਾਬਰ ਹੁੰਦਾ ਹੈ। ਜ਼ਿੰਦਗੀ ਮਾਨਣ ਲਈ ਹੁੰਦੀ ਹੈ। ਨਾ ਕਿ ਘੁਟ ਘੁਟਕੇ ਜੀਣ ਲਈ। ਕਵੀ ਦੀਆਂ ਕਵਿਤਾਵਾਂ ਵਿਚ ਖ਼ਾਹਸ਼ਾਂ ਵਧਾਉਣ ਵਾਲਿਆਂ ਵਾਸਤੇ ਮੁਸ਼ਕਲਾਂ ਮੂੰਹ ਅੱਡੀ ਖੜ੍ਹੀਆਂ ਹੁੰਦੀਆਂ ਹਨ। ਇਨਸਾਨ ਨੂੰ ਆਪਣੇ ਕਿੱਤੇ ਨੂੰ ਧੰਦਾ ਨਹੀਂ ਬਣਉਦਾ ਚਾਹੀਦਾ। ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ, ਇਛਾਵਾਂ ਦੀ ਪੂਰਤੀ ਲਈ ਦੌੜ ਨੂੰ ਕਵੀ ਨੇ ਹਲਕੇ ਕੁੱਤੇ ਦੇ ਬਰਾਬਰ ਕਿਹਾ ਹੈ। ਸਵਰਗ ਨਰਕ ਇਕ ਭੁਲੇਖਾ ਹੈ। ਜੋ ਹੈ ਇਸ ਜ਼ਿੰਦਗੀ ਵਿਚ ਹੀ ਹੈ। ਚਾਨਣ ਦੇ ਦੋਖ਼ੀ ਕਵਿਤਾ ਵਿਚ ਕਵੀ ਨੇ ਵਰਤਮਾਨ ਨੂੰ ਮਾਨਣ ਦੀ ਗੱਲ ਕੀਤੀ ਹੈ, ਭਵਿਖ ਕਿਸਨੇ ਵੇਖਿਆ ਹੈ, ਭਾਵ ਅੱਗਾ ਦੌੜ ਪਿੱਛਾ ਚੌੜ ਹੁੰਦਾ ਹੈ। ‘ਆਓ ਮੇਲੀ ਹੋਈਏ’ ਕਵਿਤਾ ਵਿਚ ਇਨਸਾਨ ਤੇ ਵਿਅੰਗ ਕਰਦਿਆਂ ਕਵੀ ਨੇ ਕਿਹਾ ਹੈ ਕਿ ਅਸੀਂ ਜ਼ਿੰਦਗੀ ਦਾ ਮੇਲਾ ਮਾਣਦੇ ਨਹੀਂ, ਸਗੋਂ ਇਸਦੇ ਉਲਟ ਇਨਸਾਨ ਸਾਰੀ ਉਮਰ ਦੁਕਾਨ ਲਾਉਣ ਜੋਗੀ ਥਾਂ ਭਾਲਦਿਆਂ ਮੇਲਾ ਮੁਕਾ ਲੈਂਦੇ ਹਨ। 136 ਪੰਨਿਆਂ ਵਾਲੇ ਇਸ ਕਵਿਤਾ ਸੰਗ੍ਰਹਿ ਵਿਚ 114 ਕਵਿਤਾਵਾਂ, ਕੀਮਤ 175 ਰੁਪਏ ਅਤੇ ਐਟਮਨ ਆਰਟ ਨੇ ਪ੍ਰਕਾਸ਼ਤ ਕੀਤਾ ਹੈ।
   ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਕੰਵਰ ਦੀਪ ਮਾਨਵਤਾ ਦੀਆਂ ਕਦਰਾਂ ਕੀਮਤਾਂ ਦਾ ਪੁਜਾਰੀ ਕਵੀ ਹੈ। ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ ਇਨਸਾਨੀਅਤ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਭਵਿਖ ਵਿਚ ਉਭਰਦੇ ਕਵੀ ਤੋਂ ਨਵੀਂਆਂ ਪਿ੍ਰਤਾਂ ਪਾਉਣ ਦੀ ਉਮੀਦ ਕੀਤੀ ਜਾ ਸਕਦੀ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
   ujagarsingh48@yahoo.com

ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ -  ਉਜਾਗਰ ਸਿੰਘ

ਸੰਸਾਰ ਦੇ ਉਭਰਦੇ ਨੌਜਵਾਨ ਖਿਡਾਰੀਆਂ ਦੇ ਪ੍ਰੇਰਨਾ ਸਰੋਤ ਉਡਣੇ ਸਿੱਖ ਦੇ ਤੌਰ ਤੇ ਜਾਣੇ ਜਾਣ ਵਾਲੇ ਮਿਲਖਾ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਵਾਲੀਵਾਲ ਕੌਮੀ ਖਿਡਾਰਨ ਆਪਣੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ ਦੀ ਮੌਤ ਤੋਂ ਮਹਿਜ਼ 5 ਦਿਨ ਬਾਅਦ ਹੀ ਉਨ੍ਹਾਂ ਕੋਲ ਚਲੇ ਗਏ। ਉਹ ਪਿਛਲੇ ਮਹੀਨੇ ਤੋਂ ਕਰੋਨਾ ਦੀ ਮਹਾਂਮਾਰੀ ਦਾ ਸ਼ਿਕਾਰ ਸਨ। ਅਖ਼ੀਰ ਅੱਜ ਉਹ ਚੰਡੀਗੜ੍ਹ ਵਿਚ ਕਰੋਨਾ ਮਹਾਂਮਾਰੀ ਦੀ ਬਾਜ਼ੀ ਜਿੱਤਣ ਤੋਂ ਬਾਅਦ ਦੇ ਪ੍ਰਭਾਵਾਂ ਕਰਕੇ ਸਵਰਗ ਸਿਧਾਰ ਗਏ। ਜ਼ਿੰਦਗੀ ਵਿੱਚ ਕਦੀਂ ਵੀ ਹਾਰ ਨਾ ਮੰਨਣ ਵਾਲੇ ਉਡਣੇ ਸਿੱਖ ਅਖ਼ੀਰ ਮੌਤ ਦੀ ਬਾਜ਼ੀ ਹਾਰ ਗਏ। ਉਹ 91 ਸਾਲ ਦੇ ਸਨ। ਉਨ੍ਹਾਂ ਦੀ ਸਾਰੀ ਜ਼ਿੰਦਗੀ ਜਦੋਜਹਿਦ ਵਾਲੀ ਰਹੀ। ਉਨ੍ਹਾਂ ਦੇਸ਼ ਦੀ ਵੰਡ ਸਮੇਂ ਫਿਰਕੂ ਫਸਾਦਕਾਰੀਆਂ ਤੋਂ ਵੀ ਭੱਜਕੇ ਹੀ ਆਪਣੀ ਜਾਨ ਬਚਾਈ ਸੀ। ਵੰਡ ਦਾ ਸੰਤਾਪ ਹੰਢਾਉਂਦਿਆਂ ਭਾਰਤ ਵਿਚ ਆ ਕੇ ਅਨੇਕਾ ਦੁਸ਼ਾਵਰੀਆਂ ਦਾ ਸਾਹਮਣਾ ਕੀਤਾ ਪ੍ਰੰਤੂ ਸਫਲਤਾ ਹਮੇਸ਼ਾ ਉਨ੍ਹਾਂ ਦੀ ਮਿਹਨਤ ਅਤੇ ਦਿ੍ਰੜ੍ਹ ਇਰਾਦੇ ਕਰਕੇ ਉਨ੍ਹਾਂ ਦੀ ਝੋਲੀ ਪੈਂਦੀ ਰਹੀ। ਕੋਈ ਵੀ ਰਿਸ਼ਤੇਦਾਰ ਉਨ੍ਹਾਂ ਦਾ ਹੱਥ ਫੜਨ ਨੂੰ ਵੀ ਤਿਆਰ ਨਹੀਂ ਸੀ। ਇਥੋਂ ਤੱਕ ਕਿ ਉਨ੍ਹਾਂ ਦੀ ਭੈਣ ਦੇ ਸਹੁਰਿਆਂ ਨੇ ਦਿੱਲੀ ਵਿਖੇ ਉਨ੍ਹਾਂ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ ਪ੍ਰੰਤੂ ਉਨ੍ਹਾਂ ਨੇ ਹੌਸਲਾ ਨਾ ਹਾਰਿਆ। ਆਮ ਤੌਰ ਤੇ ਸੰਸਾਰ ਵਿਚ ਆਉਣ ਵਾਲਾ ਹਰ ਇਨਸਾਨ ਆਪਣੇ ਸਮਾਜ ਦੀਆਂ ਸਮਾਜਕ ਪਰੰਪਰਾਵਾਂ ਉਪਰ ਚਲਣ ਨੂੰ ਹੀ ਤਰਜ਼ੀਹ ਹੀ ਦਿੰਦਾ ਹੈ ਕਿਉਂਕਿ ਬਚਪਨ ਵਿਚ ਜਿਹੜੀ ਸੋਚ ਅਤੇ ਰਵਾਇਤਾਂ ਆਪਣੇ ਪਰਿਵਾਰ, ਸਮਾਜ, ਆਲੇ ਦੁਆਲੇ ਅਤੇ ਮਾਪਿਆਂ ਤੋਂ ਗ੍ਰਹਿਣ ਕਰਦਾ ਹੈ, ਉਹ ਹੀ ਉਸ ਲਈ ਮਾਰਗ ਦਰਸ਼ਕ ਬਣਦੀਆਂ ਹਨ। ਪ੍ਰੰਤੂ ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਪੁਰਾਤਨ ਰਾਹਾਂ ਉਪਰ ਚਲਣ ਦੀ ਥਾਂ ਆਪਣੀਆਂ ਨਵੀਂਆਂ ਪਗਡੰਡੀਆਂ ਆਪ ਬਣਾਉਂਦੇ ਹਨ। ਉਨ੍ਹਾਂ ਵੱਲੋਂ ਬਣਾਈਆਂ ਉਹ ਪਗਡੰਡੀਆਂ ਸਫਲਤਾ ਦੇ ਰਾਹਾਂ ਵਿਚ ਬਦਲ ਜਾਂਦੀਆਂ ਹਨ। ਅਜਿਹੇ ਇਨਸਾਨ ਆਟੇ ਵਿਚ ਲੂਣ ਦੇ ਬਰਾਬਰ ਹੁੰਦੇ ਹਨ ਕਿਉਂਕਿ ਆਮ ਤੌਰ ਤੇ ਸਮਾਜ ਉਨ੍ਹਾਂ ਦਾ ਸਾਥ ਨਹੀਂ ਦਿੰਦਾ, ਉਹ ਰਸਤੇ ਵਿਚ ਹੀ ਨਿਰਾਸ਼ ਹੋ ਕੇ ਰਸਤਾ ਬਦਲ ਲੈਂਦੇ ਹਨ। ਕਈ ਵਾਰ ਸਮੇਂ ਦੇ ਗੇੜ ਅਤੇ ਹਾਲਾਤ ਉਸਦੇ ਰਾਹ ਵਿਚ ਰੋੜਾ ਵੀ ਬਣਦੇ ਹਨ ਪ੍ਰੰਤੂ ਉਨ੍ਹਾਂ ਵਿਚੋਂ ਮਿਲਖਾ ਸਿੰਘ ਇਕ ਅਜਿਹਾ ਵਿਲੱਖਣ ਇਨਸਾਨ ਸਨ, ਜਿਹੜੇ ਵਕਤ ਦੀਆਂ ਠੋਕਰਾਂ ਦੇ ਬਾਵਜੂਦ ਦ੍ਰਿੜ੍ਹ ਇਰਾਦੇ ਨਾਲ ਆਪਣਾ ਨਿਸ਼ਾਨਾ ਮਿਥ ਕੇ ਚਲਦੇ ਰਹੇ ਅਤੇ ਅਖ਼ੀਰ ਸਫਲਤਾ ਪ੍ਰਾਪਤ ਕੀਤੀ। ਮਿਲਖਾ ਸਿੰਘ ਉਡਣਾ ਸਿੱਖ ਦੇ ਨਾਮ ਨਾਲ ਜਾਣੇ ਜਾਣ ਵਾਲੇ ਸੰਸਾਰ ਪ੍ਰਸਿਧ ਦੌੜਾਕ ਸਨ। ਉਹ 70 ਮੁਲਕਾਂ ਵਿੱਚ ਮੁਕਾਬਲੇ ਦੀਆਂ ਦੌੜਾਂ ਵਿੱਚ ਦੌੜੇ ਹੀ ਨਹੀਂ ਸਗੋਂ ਉਡੇ ਸਨ। ਉਨ੍ਹਾਂ ਨੇ 82 ਵਿਸ਼ੇਸ਼ ਮੁਕਾਬਲਿਆਂ ਵਿੱਚੋਂ 79 ਵਾਰ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੀ ਜਨਮ ਮਿਤੀ ਦਾ ਅਸਲੀ ਵੇਰਵਾ ਪ੍ਰਾਪਤ ਨਹੀਂ ਹੈ ਪ੍ਰੰਤੂ ਫੌਜ ਵਿੱਚ ਭਰਤੀ ਹੋਣ ਸਮੇਂ 20 ਨਵੰਬਰ 1935 ਲਿਖਾਈ ਹੋਈ ਸੀ। ਉਨ੍ਹਾਂ ਦਾ ਜਨਮ ਲਹਿੰਦੇ ਪੰਜਾਬ ਦੇ ਜਿਲ੍ਹਾ ਮੁਜੱਫਰ ਨਗਰ ਵਿੱਚ ਪਿੰਡ ਗੋਬਿੰਦਪੁਰਾ ਵਿਖੇ ਹੋਇਆ ਸੀ। ਉਹ ਪੰਜ ਭਰਾ ਤੇ ਤਿੰਨ ਭੈਣਾਂ ਸਨ। ਉਨ੍ਹਾਂ ਨੂੰ ਪਿੰਡੋਂ ਨੰਗੇ ਪੈਰੀਂ ਹਰ ਰੋਜ 5-6 ਮੀਲ ਪੜ੍ਹਨ ਲਈ ਜਾਣਾ ਪੈਂਦਾ ਸੀ। ਜਦੋਂ ਗਰਮੀਆਂ ਵਿਚ ਪੈਰਾਂ ਨੂੰ ਸੇਕ ਲਗਦਾ ਤਾਂ ਉਹ ਭੱਜ ਲੈਂਦੇ ਸਨ ਅਤੇ ਕੁਝ ਸਮੇਂ ਬਾਅਦ ਕਿਸੇ ਦਰੱਖਤ ਦੀ ਛਾਂ ਵਿਚ ਖੜ੍ਹਕੇ ਪੈਰਾਂ ਨੂੰ ਠੰਡੇ ਕਰਦੇ ਸਨ। ਇਥੋਂ ਹੀ ਉਨ੍ਹਾਂ ਨੂੰ ਦੌੜਨ ਦੀ ਆਦਤ ਪੈ ਗਈ ਜੋ ਕਿ ਉਨ੍ਹਾਂ ਲਈ ਵਰਦਾਨ ਸਾਬਤ ਹੋਈ। ਦੇਸ਼ ਦੀ ਵੰਡ ਸਮੇਂ 1947 ਵਿਚ ਉਹ 8ਵੀਂ ਜਮਾਤ ਵਿਚ ਪੜ੍ਹਦੇ ਸਨ। ਵਟਵਾਰੇ ਸਮੇਂ ਉਨ੍ਹਾਂ ਦੇ ਪਰਿਵਾਰ ਦੇ ਬਹੁਤੇ ਮੈਂਬਰ ਧਾਰਮਿਕ ਫਸਾਦਾਂ ਦਾ ਸ਼ਿਕਾਰ ਹੋਣ ਕਰਕੇ ਉਥੇ ਹੀ ਮਾਰੇ ਗਏ ਸਨ। ਇਥੋਂ ਤੱਕ ਕਿ ਉਨ੍ਹਾਂ ਦੇ ਪਿਤਾ ਨੂੰ ਮਿਲਖਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਇੱਕ ਭੈਣ, ਇੱਕ ਭਰਜਾਈ ਅਤੇ ਇੱਕ ਭਰਾ ਮੱਖਣ ਸਿੰਘ ਫ਼ੌਜ ਵਿਚ ਹੋਣ ਕਰਕੇ ਬਚ ਗਏ ਸਨ। ਫਿਰ ਉਹ ਫਿਰੋਜਪੁਰ ਪੰਜਾਬ ਵਿਚ ਆ ਗਏ। ਫੀਰੋਜਪੁਰ ਵਿਚ ਉਨ੍ਹਾਂ ਨੇ ਕੁਝ ਸਮਾਂ ਫੌਜੀਆਂ ਦੇ ਬੂਟ ਵੀ ਪਾਲਿਸ਼ ਕੀਤੇ। ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਕਿਰਤ ਕਰੋ ਤੇ ਵੰਡ ਛੱਕੋ ਦੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਉਪਰ ਉਹ ਪਹਿਰਾ ਦਿੰਦੇ ਰਹੇ। ਫਿਰ ਉਹ ਦਿੱਲੀ ਆਪਣੀ ਭੈਣ ਕੋਲ ਆ ਗਏ। ਉਨ੍ਹਾਂ ਦਾ ਵੱਡਾ ਭਰਾ ਫੌਜ ਵਿਚ ਸਨ, ਜਿਸ ਕਰਕੇ ਉਹ ਵੀ 1952 ਵਿੱਚ ਫ਼ੌਜ ਵਿੱਚ ਭਰਤੀ ਹੋ ਗਏ। ਉਨ੍ਹਾਂ ਦਾ ਕੱਦ 5 ਫੁਟ 9 ਇੰਚ ਸੀ। ਫੌਜ ਵਿਚ ਉਨ੍ਹਾਂ ਨੂੰ 1953 ਵਿਚ ਦੌੜਨ ਦੇ ਮੁਕਾਬਲਿਆਂ ਦਾ ਪਤਾ ਲੱਗਿਆ ਤੇ ਰਗੰਰੂਟੀ ਕਰਦਿਆਂ ਹੀ ਉਨ੍ਹਾਂ ਨੇ ਕਰਾਸ ਕੰਟਰੀ ਲਗਾਈ ਤੇ ਸਾਥੀਆਂ ਵਿਚੋਂ ਛੇਵੇਂ ਨੰਬਰ ਤੇ ਆਏ। ਮਿਲਖਾ ਸਿੰਘ  400 ਮੀਟਰ ਦੀ ਰੇਸ ਵਿਚ ਆਪਣੀ ਕੰਪਨੀ ਵਿਚੋਂ ਪਹਿਲੇ ਨੰਬਰ ਤੇ ਆਏ, ਇਸ ਤੋਂ ਬਾਅਦ ਉਨ੍ਹਾਂ ਨੂੰ ਦੌੜ ਲਾਉਣ ਦਾ ਉਤਸ਼ਾਹ ਪੈਦਾ ਹੋ ਗਿਆ ਤੇ ਫੌਜ ਵਿਚ ਅਭਿਆਸ ਕਰਨ ਲੱਗ ਪਏ। ਇਸ ਪ੍ਰੈਕਟਿਸ ਕਰਕੇ ਪੂਰੀ ਫੌਜ ਵਿਚੋਂ ਪਹਿਲੇ ਨੰਬਰ ਤੇ ਆਉਣ ਲੱਗ ਪਏ। ਉਨ੍ਹਾਂ ਨੂੰ ਪਹਿਲੀ ਵਾਰ 1956 ਵਿਚ ਮੈਲਬੌਰਨ ਆਸਟਰੇਲੀਆ ਵਿਚ ਹੋਈਆਂ ਓਲੰਪਿਕ ਖੇਡਾਂ ਵਿਚ ਭਾਰਤ ਦੀ ਟੀਮ ਵਿਚ ਸ਼ਾਮਲ ਕਰ ਲਿਆ ਪ੍ਰੰਤੂ ਉਥੇ ਭਾਰਤ ਦੀ ਟੀਮ ਹਾਰ ਗਈ। 1958 ਵਿਚ ਹੋਈਆਂ ਟੋਕੀਓ ਦੀਆਂ ਏਸ਼ੀਆਈ ਖੇਡਾਂ ਵਿਚ ਉਹ ਸਭ ਤੋਂ ਮਜ਼ਬੂਤ ਐਥਲੀਟ ਸਾਬਤ ਹੋਏ। ਫਿਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਜੇਕਰ ਥੋੜ੍ਹੀ ਹੋਰ ਮਿਹਨਤ ਕੀਤੀ ਜਾਵੇ ਤਾਂ ਉਹ ਤਮਗੇ ਜਿੱਤ ਸਕਦੇ ਹਨ। ਇਸ ਕਰਕੇ ਉਨ੍ਹਾਂ ਆਪਣਾ ਅਭਿਆਸ ਦਾ ਸਮਾ ਵਧਾ ਦਿੱਤਾ। ਉਨ੍ਹਾਂ ਨੇ 200 ਮੀਟਰ ਅਤੇ 400 ਮੀਟਰ ਰੇਸ ਦੇ ਏਸ਼ੀਆ ਵਿਚ ਨਵੇਂ ਰਿਕਾਰਡ ਸਥਾਪਤ ਕੀਤੇ। 1958 ਵਿਚ ਹੀ ਕਾਰਡਿਫ ਵਿਖੇ ਕਾਮਨਵੈਲਥ ਖੇਡਾਂ ਸਮੇਂ 400 ਮੀਟਰ ਦੀ ਦੌੜ ਵਿਚ ਉਹ ਪਹਿਲੇ ਨੰਬਰ ਤੇ ਆਏ। ਉਹ 1958 ਤੋਂ 60 ਤੱਕ ਅਨੇਕਾਂ ਦੇਸ਼ਾਂ ਵਿਚ ਮੁਕਾਬਲਿਆਂ ਵਿਚ ਦੌੜਿਆ। ਲਾਹੌਰ ਵਿਖੇ ਹੋਈਆਂ ਇੰਡੋ ਪਾਕਿ ਖੇਡਾਂ ਵਿਚ ਮਿਲਖਾ ਸਿੰਘ ਆਪਣੇ ਸਾਥੀਆਂ ਤੋਂ ਬਹੁਤ ਅੱਗੇ ਨਿਕਲ ਕੇ ਜਿੱਤਿਆ, ਜਿਸ ਕਰਕੇ ਅਨਾਊਂਸਰ ਕਹਿਣ ਲੱਗਾ, ਮਿਲਖਾ ਸਿੰਘ ਦੌੜਿਆ ਨਹੀਂ, ੳੁੱਡਿਆ ਹੈ। ਇਸ ਕਰਕੇ ਹੀ ਉਨ੍ਹਾਂ ਦਾ ਨਾਂ ਉੱਡਣਾ ਸਿੱਖ ਅਰਥਾਤ ਫਲਾਇੰਗ ਸਿੱਖ ਪੈ ਗਿਆ। ੳਨ੍ਹਾਂ ਨੇ ਆਪਣੀ ਜੀਵਨੀ ਲਿਖੀ ਇਸਦਾ ਨਾਂ ਵੀ ਫਲਾਇੰਗ ਸਿੱਖ ਹੀ ਰੱਖਿਆ ਸੀ। 200 ਮੀਟਰ ਤੇ 400 ਮੀਟਰ ਦੇ ਮਿਲਖਾ ਸਿੰਘ ਦੇ ਕੌਮੀ ਰਿਕਾਰਡ ਲਗਪਗ 4 ਦਹਾਕੇ ਕੋਈ ਤੋੜ ਨਹੀਂ ਸਕਿਆ। 1962 ਵਿਚ ਜਕਾਰਤਾ ਦੀਆਂ ਏਸ਼ੀਆਈ ਖੇਡਾਂ ਵਿਚੋਂ 400 ਮੀਟਰ ਤੇ 4 ਰੀਲੇ 400 ਮੀਟਰ ਦੌੜਾਂ ਵਿਚੋਂ ਦੋ ਸੋਨੇ ਦੇ ਤਮਗੇ ਜਿੱਤੇ। 1964 ਦੀਆਂ ਟੋਕੀਓ ਓਲੰਪਿਕ ਤੋਂ ਬਾਅਦ ਉਹ ਸਰਗਰਮ ਦੌੜ ਮੁਕਾਬਲਿਆਂ ਵਿਚੋਂ ਰਿਟਾਇਰ ਹੋ ਗਏ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ੍ਰੀ ਨਾਲ ਸਨਮਾਨਿਆਂ ਸੀ। ਅਮਰੀਕਾ ਦੀ ਇੱਕ ਖੇਡ ਸੰਸਥਾ ਨੇ ਮਿਲਖਾ ਸਿੰਘ ਨੂੰ ਏਸ਼ੀਆ ਦਾ ਸਰਵੋਤਮ ਐਥਲੀਟ ਮੰਨਦਿਆਂ ਹੈਲਮਜ ਟਰਾਫੀ ਦੇ ਕੇ ਸਨਮਾਨਤ ਕੀਤਾ ਸੀ। ਫੌਜ ਦੀ ਨੌਕਰੀ ਤੋਂ ਬਾਅਦ ਉਹ ਸਿੱਖਿਆ ਵਿਭਾਗ ਵਿਚ ਖੇਡ ਵਿੰਗ ਦੇ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ ਤੇ ਵੀ ਰਹੇ। ਮਿਲਖਾ ਸਿੰਘ ਦੇ ਜੱਦੋਜਹਿਦ ਭਰੇ ਜੀਵਨ ਤੇ ਇੱਕ ਫਿਲਮ ‘‘ਭਾਗ ਮਿਲਖਾ ਭਾਗ ’’ ਵੀ ਬਣ ਚੁੱਕੀ ਹੈ, ਜਿਹੜੀ ਨੌਜਵਾਨਾ ਨੂੰ ਪ੍ਰੇਰਨਾਦਾਇਕ ਸਾਬਤ ਹੋ ਰਹੀ ਹੈ। ਉਹਨਾ ਦੀ ਪਤਨੀ ਸ੍ਰੀਮਤੀ ਨਿਰਮਲ ਮਿਲਖਾ ਸਿੰਘ ਕੌਮੀ ਪੱਧਰ ਦੀ ਵਾਲੀਬਾਲ ਖਿਡਾਰਨ ਰਹੀ ਹੈ। ਉਨ੍ਹਾਂ ਦਾ ਲੜਕਾ ਚਿਰੰਜੀਵ ਮਿਲਖਾ ਸਿੰਘ ਗੋਲਫ ਦਾ ਅੰਤਰ ਰਾਸ਼ਟਰੀ ਖਿਡਾਰੀ ਹੈ।

 ਭਾਰਤ ਹਮੇਸ਼ਾ ਖੇਡਾਂ ਦੇ ਖੇਤਰ ਵਿਚ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਭਾਰਤ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ ਕਿਉਂਕਿ ਖੇਡ ਜਗਤ ਦੀ ਆਪਸੀ ਧੜੇਬੰਦੀ ਅਤੇ ਖਿਡਾਰੀਆਂ ਦੀ ਸਹੀ ਪਛਾਣ ਰਸਤੇ ਦਾ ਰੋੜਾ ਬਣਦੀ ਰਹੀ ਹੈ ਪ੍ਰੰਤੂ  ਗੋਲਡ ਕੋਸਟ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ 26 ਸੋਨੇ ਦੇ ਅਤੇ ਕੁਲ 66 ਤਗ਼ਮੇ ਜਿੱਤ ਲਈ ਹਨ, ਜਿਸ ਕਰਕੇ ਭਵਿਖ ਵਿਚ ਆਸ ਦੀ ਕਿਰਨ ਵਿਖਾਈ ਦਿੰਦੀ ਹੈ। ਅਜਿਹੇ ਸਮੇਂ ਵਿਚ ਭਾਰਤੀ ਖਿਡਾਰੀਆਂ ਨੂੰ ਮਿਲਖਾ ਸਿੰਘ ਨੂੰ ਆਪਣਾ ਰੋਲ ਮਾਡਲ ਬਣਾਕੇ ਲਗਨ, ਮਿਹਨਤ ਅਤੇ ਦ੍ਰਿੜ੍ਹਤਾ ਦਾ ਗੁਣ ਗ੍ਰਹਿਣ ਕਰਕੇ ਪ੍ਰੈਕਟਿਸ ਕਰਨੀ ਚਾਹੀਦੀ ਹੈ। ਮਿਲਖਾ ਸਿੰਘ ਆਪਣਾ ਕੈਰੀਅਰ ਬਣਉਣ ਲਈ ਰੇਲ ਗੱਡੀਆਂ ਦੇ ਪਿੱਛੇ ਭੱਜਕੇ ਅਭਿਆਸ ਕਰਦੇ ਰਹੇ ਕਿਉਂਕਿ ਉਹ ਆਪਣੇ ਮਿਥੇ ਨਿਸ਼ਾਨੇ ਤੇ ਪਹੁੰਚਣਾ ਚਾਹੀਦਾ ਹੈ। ਹੁਣ ਤਾਂ ਉਨ੍ਹਾਂ ਲਈ ਸਾਰੇ ਸਾਧਨ ਪ੍ਰਪਤ ਹਨ ਪ੍ਰੰਤੂ ਮਿਲਖਾ ਸਿੰਘ ਬਿਨਾਂ ਅਜਿਹੇ ਸਾਧਨਾ ਦੇ ਸਿਖਰਾਂ ਛੂੰਹਦਾ ਰਿਹਾ ਹੈ। ਨਵੇਂ ਖਿਡਾਰੀ ਉਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਸਫਲਤਾ ਪ੍ਰਾਪਤ ਕਰ ਸਕਦੇ ਹਨ। ੳਹ ਆਪਣੇ ਪਿਛੇ ਸਪੁੱਤਰ ਜੀਵ ਮਿਲਖਾ ਸਿੰਘ ਅਤੇ ਤਿੰਨ ਧੀਆਂ ਛੱਡ ਗਏ ਹਨ।

 

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ - ਉਜਾਗਰ ਸਿੰਘ

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਮੌਕਾਪ੍ਰਸਤੀ ਦਾ ਬਿਹਤਰੀਨ ਨਮੂਨਾ ਹੈ। ਇਹ ਗਠਜੋੜ ਦੋਹਾਂ ਪਾਰਟੀਆਂ ਦੀ ਮਜ਼ਬੂਰੀ ਦੀ ਮੂੰਹ ਬੋਲਦੀ ਤਸਵੀਰ ਵੀ ਪੇਸ਼ ਕਰਦਾ ਹੈ। ਸਿਆਸਤ ਮੌਕਾ ਪ੍ਰਸਤੀ ਦੀ ਖੇਡ ਹੀ ਬਣਕੇ ਰਹਿ ਗਈ ਹੈ। ਵਿਚਾਰਧਾਰਾ ਦੀ ਰਾਜਨੀਤੀ ਤਾਂ ਖੰਭ ਲਾ ਕੇ ਉਡ ਗਈ ਹੈ। ਵੈਸੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ 1996 ਦੀਆਂ ਲੋਕ ਸਭਾ ਚੋਣਾ ਸਮੇਂ ਵੀ ਗਠਜੋੜ ਕੀਤਾ ਸੀ, ਜਿਸਦੇ ਨਤੀਜੇ ਬਹੁਤ ਵਧੀਆ ਨਿਕਲੇ ਸਨ। ਅਕਾਲੀ ਦਲ 8 ਅਤੇ ਬਹੁਜਨ ਸਮਾਜ ਪਾਰਟੀ 3 ਲੋਕ ਸਭਾ ਦੀਆਂ ਸੀਟਾਂ ਜਿੱਤ ਗਏ ਸਨ। ਉਦੋਂ ਕਾਸ਼ੀ ਰਾਮ ਦੀ ਬਹੁਜਨ ਸਮਾਜ ਪਾਰਟੀ ਸੀ, ਇਸ ਸਮੇਂ ਬੀਬੀ ਮਾਇਆ ਵਤੀ ਦੀ ਬਹੁਜਨ ਸਮਾਜ ਪਾਰਟੀ ਹੈ। ਦੋਹਾਂ ਦੀ ਕਾਰਜ਼ਸ਼ੈਲੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਬਹੁਜਨ ਸਮਾਜ ਪਾਰਟੀ ਸ਼ੁਰੂ ਹੀ ਕਾਸ਼ੀ ਰਾਮ ਨੇ ਪੰਜਾਬ ਵਿਚੋਂ ਕੀਤੀ ਸੀ। ਕਾਸ਼ੀ ਰਾਮ ਨੇ ਪਾਰਟੀ ਦਾ ਆਧਾਰ ਮਜ਼ਬੂਤ ਕੀਤਾ ਸੀ ਪ੍ਰੰਤੂ ਮਾਇਆ ਵਤੀ ਤੋਂ ਬਾਅਦ ਪੰਜਾਬ ਵਿਚ ਪਾਰਟੀ ਦਾ ਆਧਾਰ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਅਕਾਲੀ ਦਲ ਵੀ ਉਦੋਂ ਇਕਮੁੱਠ ਸੀ ਪ੍ਰੰਤੂ ਹੁਣ ਖਖੜੀਆਂ ਖਖੜੀਆਂ ਹੋਇਆ ਪਿਆ ਹੈ। 1996 ਵਿਚ ਲੋਕ ਸਭਾ ਦੀਆਂ ਚੋਣਾ ਜਿੱਤਣ ਤੋਂ ਬਾਅਦ ਅਕਾਲੀ ਦਲ ਨੇ 1997 ਵਿਚ ਹਿੰਦੂ ਵਰਗ ਦੀਆਂ ਵੋਟਾਂ ਵਟੋਰਨ ਦੇ ਇਰਾਦੇ ਨਾਲ ਆਪਣੀ ਰਣਨੀਤੀ ਬਦਲਕੇ ਸ਼ਰੋਮਣੀ ਅਕਾਲੀ ਦਲ ਨੇ ਮੋਗਾ ਵਿਖੇ ਕਾਨਫ਼ਰੰਸ ਕਰਕੇ ਪੰਜਾਬੀ ਪਾਰਟੀ ਬਣਾ ਲਈ ਸੀ। ਉਸਤੋਂ ਬਾਅਦ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲੋਂ ਨਾਤਾ ਤੋੜਕੇ 1997 ਦੀਆਂ ਵਿਧਾਨ ਸਭਾ ਚੋਣਾ ਵਿਚ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰ ਲਿਆ ਸੀ। ਉਹ ਭਾਈਵਾਲ ਪਾਰਟੀ ਨਾਲ ਵਿਸ਼ਵਾਸ਼ਘਾਤ ਅਤੇ ਮੌਕਾਪ੍ਰਸਤੀ ਹੀ ਸੀ। ਇਹ ਗਠਜੋੜ ਦੋਹਾਂ ਪਾਰਟੀਆਂ ਲਈ ਸ਼ਾਇਦ ਸੀਟਾਂ ਜਿੱਤਣ ਲਈ ਤਾਂ ਲਾਭਦਾਇਕ ਨਹੀਂ ਹੋਣਾ ਪ੍ਰੰਤੂ ਵੋਟ ਦੀ ਪ੍ਰਤੀਸ਼ਤ ਵਧਾਉਣ ਵਿਚ ਸਹਾਈ ਜ਼ਰੂਰ ਹੋ ਸਕਦਾ ਹੈ। ਕਿਉਂਕਿ ਅਕਾਲੀ ਦਲ ਦੇ ਹੱਥੋਂ ਜ਼ਮੀਨ ਖਿਸਕ ਚੁੱਕੀ ਹੈ। ਜਿਵੇਂ ਕਹਾਵਤ ਹੈ ਕਿ ਡੁਬਦੇ ਨੂੰ ਤਿਣਕੇ ਦਾ ਸਹਾਰਾ ਹੁੰਦਾ ਹੈ। ਬਹੁਜਨ ਸਮਾਜ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਵਿਧਾਨ ਸਭਾ ਦਾ ਮੂੰਹ ਵੇਖਣ ਦੇ ਸਮਰੱਥ ਵੀ ਨਹੀਂ ਹੋਈ। ਉਨ੍ਹਾਂ ਦਾ ਆਪਣਾ ਆਧਾਰ ਵੀ ਖਿਸਕਿਆ ਹੋਇਆ ਹੈ। ਇਸ ਲਈ 2022 ਵਿਚ ਇਸ ਗਠਜੋੜ ਕਰਕੇ ਉਨ੍ਹਾਂ ਦਾ ਦਾਅ ਲਗ ਸਕਦਾ ਹੈ। ਅਕਾਲੀ ਦਲ ਨਾਲੋਂ 1997 ਵਿਚ ਗਠਜੋੜ ਟੁੱਟਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨੇ ਸਿਮਰਨਜੀਤ ਸਿੰਘ ਮਾਨ ਵਾਲੇ ਅਕਾਲੀ ਦਲ ਨਾਲ ਸਮਝੌਤਾ ਕੀਤਾ ਸੀ, ਜਿਹੜਾ ਇਕ ਸਾਂਝਾ ਸਮਾਗਮ ਕਰਨ ਤੋਂ ਬਾਅਦ ਹੀ ਟੁੱਟ ਗਿਆ ਸੀ। ਪੰਜਾਬ ਵਿਚ ਇਕ ਵਾਰ 1985 ਵਿਚ ਅਕਾਲੀ ਦਲ ਦੀ ਇਕੱਲਿਆਂ ਸਰਕਾਰ ਬਣੀ ਸੀ, ਉਸਨੂੰ ਵੀ ਕਾਂਗਰਸ ਪਾਰਟੀ ਦੀ ਅਸਿਧੀ ਸਪੋਰਟ ਸੀ। ਇਸ ਤੋਂ ਬਾਅਦ ਅਤੇ ਪਹਿਲਾਂ ਕਾਂਗਰਸ ਪਾਰਟੀ ਤੋਂ ਬਿਨਾ ਕੋਈ ਵੀ ਪਾਰਟੀ ਆਪਣੇ ਬਲ ਬੂਤੇ ‘ਤੇ ਪੰਜਾਬ ਵਿਚ ਸਰਕਾਰ ਨਹੀਂ ਬਣਾ ਸਕੀ ਅਤੇ ਨਾ ਹੀ ਅੱਗੇ ਨੂੰ ਬਣਨ ਦੀ ਉਮੀਦ ਹੈ। ਇਕ ਗੱਲ ਤਾਂ ਪੱਕੀ ਹੈ ਕਿ ਚੋਣਾ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪ੍ਰੰਤੂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਨੀਂਦ ਉਡ ਗਈ ਲਗਦੀ ਹੈ ਕਿਉਂਕਿ ਉਹ ਇਸ ਗਠਜੋੜ ਨੂੰ ਬੇਅਸੂਲਾ ਸਾਬਤ ਕਰਨ ਦੀ ਕੋਈ ਕਸਰ ਨਹੀਂ ਛੱਡ ਰਹੇ। ਜਿਹੜੀਆਂ 20 ਵਿਧਾਨ ਸਭਾ ਸੀਟਾਂ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਛੱਡੀਆਂ ਹਨ, ਉਨ੍ਹਾਂ ਵਿਚ ਅਕਾਲੀ ਦਲ ਦੇ ਟਿਕਟਾਂ ਲੈਣ ਦੇ ਚਾਹਵਾਨ ਪਿਛਲੇ 5 ਸਾਲਾਂ ਤੋਂ ਸਰਗਰਮ ਸਨ ਪ੍ਰੰਤੂ  ਗਠਜੋੜ ਤੋਂ ਬਾਅਦ ਉਨ੍ਹਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਵਿਚੋਂ ਕੁਝ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਸੰਪਰਕ ਵਿਚ ਹਨ। ਕਿਸੇ ਵਕਤ ਵੀ ਅਕਾਲੀ ਦਲ ਬਾਦਲ ਨੂੰ ਉਹ ਤਿਲਾਂਜ਼ਲੀ ਦੇ ਸਕਦੇ ਹਨ। ਬਹੁਜਨ ਸਮਾਜ ਪਾਰਟੀ ਵਿੱਚ ਹੀ ਬਗਾਬਤ ਹੁੰਦੀ ਲਗਦੀ ਹੈ। ਵੈਸੇ ਗਠਜੋੜ ਦੋਹਾਂ ਪਾਰਟੀਆਂ ਲਈ ਠੁਮਣੇ ਦਾ ਕੰਮ ਕਰੇਗਾ।
      2012 ਦੀਆਂ ਵਿਧਾਨ ਸਭਾ ਦੀਆਂ ਚੋਣਾ ਵਿਚ ਜਦੋਂ ਅਕਾਲੀ ਦਲ ਇਕੱਠਾ ਸੀ ਤਾਂ ਉਨ੍ਹਾਂ ਨੇ 37 ਪ੍ਰਤੀਸ਼ਤ ਵੋਟਾਂ ਲਈਆਂ ਸਨ, ਜਦੋਂ ਕਿ 2017 ਵਿਚ ਇਹ ਪ੍ਰਤੀਸ਼ਤ ਘਟਕੇ 25 ਰਹਿ ਗਈ ਸੀ। 2019 ਦੀਆਂ ਲੋਕ ਸਭਾ ਚੋਣਾ ਵਿਚ ਅਕਾਲੀ ਦਲ ਦੀ ਵੋਟ ਪ੍ਰਤੀਸ਼ਤ ਵਧਕੇ 27 ਹੋ ਗਈ। ਇਸ ਤੋਂ ਲੱਗਦਾ ਹੈ ਕਿ 2022 ਵਿਚ ਇਹ ਜ਼ਰੂਰ ਵਧੇਗੀ ਕਿਉਂਕਿ ਬਹੁਜਨ ਸਮਾਜ ਪਾਰਟੀ ਦੀਆਂ ਵੋਟਾਂ ਪੈਣਗੀਆਂ। ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਨੂੰ 2012 ਦੀਆਂ ਵਿਧਾਨ ਸਭਾ ਚੋਣਾ ਵਿਚ ਭਾਵੇਂ ਕੋਈ ਸੀਟ ਵੀ ਨਹੀਂ ਮਿਲੀ ਸੀ ਅਤੇ ਵੋਟ ਪ੍ਰਤੀਸ਼ਤ ਡੇਢ ਸੀ। ਪ੍ਰਤੂੰ 2017 ਦੀਆਂ ਵਿਧਾਨ ਸਭਾ ਚੋਣਾ ਇਹ ਪ੍ਰਤੀਸ਼ਤਤਾ ਵਧਕੇ 4 ਫ਼ੀ ਸਦੀ ਤੋਂ ਉਪਰ ਹੋ ਗਈ ਸੀ। 2019 ਦੀਆਂ ਲੋਕ ਸਭਾ ਚੋਣਾ ਵਿਚ ਉਨ੍ਹਾਂ ਦੀ ਪ੍ਰਤੀਸ਼ਤਾ ਘਟਕੇ ਸਾਢੇ ਤਿੰਨ ਰਹਿ ਗਈ। ਗਠਜੋੜ ਦੇ ਫੈਸਲੇ ਅਨੁਸਾਰ ਬਹੁਜਨ ਸਮਾਜ ਪਾਰਟੀ ਨੂੰ ਦੁਆਬੇ ਵਿਚੋਂ 8, ਮਾਲਵੇ ‘ਚੋਂ 7 ਅਤੇ ਮਾਝੇ ਵਿਚੋਂ 5 ਸੀਟਾਂ ਲਈਆਂ ਹਨ। ਜੇਕਰ 2017 ਦੀ ਵਿਧਾਨ ਸਭਾ ਦੇ ਇਨ੍ਹਾਂ 20 ਹਲਕਿਆਂ ਵਿਚ ਬਹੁਜਨ ਸਮਾਜ ਪਾਰਟੀ ਨੂੰ ਪੋਲ ਹੋਈਆਂ ਵੋਟਾਂ ਵੇਖੀਆਂ ਜਾਣ ਤਾਂ ਨਿਰਾਸ਼ਾਜਨਕ ਸਥਿਤੀ ਹੈ। ਸਿਰਫ ਫਿਲੌਰ ਵਿਚ 16578 ਵੋਟਾਂ ਪਈਆਂ ਸਨ, ਬਾਕੀ 7 ਹਲਕਿਆਂ ਵਿਚੋਂ  1000 ਤੋਂ ਵੀ ਘੱਟ ਵੋਟਾਂ ਪਈਆਂ ਸਨ। ਸਿਰਫ ਫਗਵਾੜਾ ਤੋਂ 6160 ਅਤੇ ਕਰਤਾਰਪੁਰ ਹਲਕੇ ਵਿਚ 5208 ਵੋਟਾ ਪਈਆਂ ਸਨ। 6 ਹਲਕਿਆਂ ਵਿਚ 5000 ਤੋਂ ਘੱਟ ਅਤੇ 4 ਹਲਕਿਆਂ ਵਿਚ 1500 ਤੋਂ ਵੀ ਘੱਟ ਵੋਟਾ ਪਈਆਂ ਸਨ। ਇਨ੍ਹਾਂ ਵਿਚੋਂ 10 ਹਲਕੇ ਸ਼ਹਿਰੀ ਹਨ ਜਿਥੋਂ ਬੀ ਜੇ ਪੀ ਚੋਣ ਲੜਦੀ ਰਹੀ ਹੈ। ਅਕਾਲੀ ਦਲ ਨੇ ਹਾਰਨ ਵਾਲੀਆਂ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦੇ ਦਿੱਤੀਆਂ ਹਨ। ਇਹ ਫ਼ੈਸਲਾ ਵੀ ਮਾਇਆ ਵਤੀ ਨੇ ਕੀਤਾ ਹੈ। ਪੰਜਾਬ ਇਕਈ ‘ਤੇ ਤਾਂ ਠੋਸਿਆ ਗਿਆ ਹੇ। ਬਹੁਜਨ ਸਮਾਜ ਪਾਰਟੀ ਦਾ ਇਹ ਗਠਜੋੜ ਇਸ ਕਰਕੇ ਸਿਧਾਂਤਕ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਨ੍ਹਾਂ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਅਤੇ ਮੱਧ ਪ੍ਰਦੇਸ਼ ਵਿਚ ਕਾਂਗਰਸ ਨਾਲ ਗਠਜੋੜ ਕੀਤਾ ਹੋਇਆ ਹੈ। ਅਕਾਲੀ ਦਲ ਦੀ ਵੋਟ ਪੈਣ ਕਰਕੇ ਬਹੁਜਨ ਸਮਾਜ ਪਾਰਟੀ ਦੀ ਪ੍ਰਤੀਸ਼ਤਤਾ ਵਧੇਗੀ। ਪੰਜਾਬ ਵਿਚ 33 ਫ਼ੀ ਸਦੀ ਦਲਿਤ ਭਾਈਚਾਰੇ ਦੀਆਂ ਵੋਟਾਂ ਹਨ ਪ੍ਰੰਤੂ ਕਦੀਂ ਵੀ ਸਾਰਾ ਭਾਈਚਾਰਾ ਇਕ ਪਾਸੇ ਨਹੀਂ ਭੁਗਤਿਆ। ਉਹ ਸਾਰੀਆਂ ਪਾਰਟੀਆਂ ਨਾਲ ਜੁੜੇ ਹੋਏ ਹਨ। ਆਮ ਤੌਰ ਤੇ ਅਕਾਲੀ ਦਲ ਰਾਖਵੀਆਂ ਸੀਟਾਂ ਜ਼ਿਆਦਾ ਜਿੱਤਦਾ ਹੈ ਪ੍ਰੰਤੂ ਬਹੁਜਨ ਸਮਾਜ ਪਾਰਟੀ ਨੂੰ 20 ਵਿਚੋਂ ਲਗਪਗ 10 ਰਾਖਵੇਂ ਹਲਕੇ ਦੇ ਦਿੱਤੇ ਹਨ। ਇਸ ਗਠਜੋੜ ‘ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਕਾਰਪੋਰੇਟ ਘਰਾਣੇ ਅਤੇ ਗ਼ਰੀਬ ਮਜ਼ਦੂਰ ਵਰਗ ਦਰਮਿਆਨ ਹੋਇਆ ਹੈ। ਜੋ ਬਾਬੂ ਕਾਸ਼ੀ ਰਾਮ ਦੇ ਸਿਧਾਂਤ ਦੇ ਵਿਰੁੱਧ ਹੈ। ਕਾਸ਼ੀ ਰਾਮ ਤਾਂ ਕਿੰਗ ਮੇਕਰ ਸਾਬਤ ਹੋਇਆ ਸੀ ਪ੍ਰੰਤੂ ਇਹ ਗਠਜੋੜ ਕਿੰਗ ਮੇਕਰ ਤਾਂ ਨਹੀਂ ਪ੍ਰੰਤੂ ਅਕਾਲੀ ਦਲ ਲਈ ਵਿਸਾਖੀਆਂ ਦਾ ਕੰਮ ਜ਼ਰੂਰ ਕਰੇਗਾ। ਸੁਖਬੀਰ ਸਿੰਘ ਬਾਦਲ ਨੇ ਜਿਹੜਾ ਸ਼ਗੂਫ਼ਾ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਛੱਡਿਆ ਹੈ, ਹੋ ਸਕਦਾ ਉਸਦਾ ਕੁਝ ਲਾਭ ਵੀ ਮਿਲ ਜਾਵੇ। ਬਾਬੂ ਕਾਸ਼ੀ ਰਾਮ ਫ਼ਾਊਂਡੇਸ਼ਨ ਅਤੇ ਕਾਸ਼ੀ ਰਾਮ ਦੀ ਭੈਣ ਸਵਰਨ ਕੌਰ ਨੇ ਵੀ ਇਸ ਗਠਜੋੜ ਦਾ ਵਿਰੋਧ ਕੀਤਾ ਹੈ। ਬਹੁਜਨ ਸਮਾਜ ਪਾਰਟੀ ਦਾ ਖਾਤਾ ਤਾਂ ਖੁਲ੍ਹ ਸਕਦਾ ਹੈ ਪ੍ਰੰਤੂ ਬਹੁਤਾ ਲਾਭ ਨਹੀਂ ਹੋਵੇਗਾ ਕਿਉਂਕਿ ਅਕਾਲੀ ਦਲ ਦੀ ਵੋਟ ਵੰਡੀ ਜਾਣੀ ਹੈ। ਬਹੁਜਨ ਪਾਰਟੀ ਦੀ ਵੋਟ ਵੰਡੀ ਨਹੀਂ ਜਾਂਦੀ ਕਿਉਂਕਿ ਉਨ੍ਹਾਂ ਦੇ ਵਰਕਰ ਪੱਕ ਹਨ। ਉਨ੍ਹਾਂ ਦੇ ਲੀਡਰ ਜ਼ਰੂਰ ਰੋੜੇ ਅਟਕਾਉਣਗੇ।
      ਪੰਜਾਬ ਦੇ ਲੋਕ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰਨ ਲੱਗ ਪਏ ਹਨ ਕਿਉਂਕਿ ਬੇਅਦਬੀ ਦੇ ਮਸਲੇ ‘ਤੇ ਉਹ ਇਨਸਾਫ਼ ਨਹੀਂ ਦੇ ਸਕੇ। ਜਿਸ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਵੀ ਨਹੀਂ ਬਣਾ ਸਕਿਆ। ਲੋਕ ਸਭਾ ਦੀਆਂ ਚੋਣਾ ਵਿਚ ਅਕਾਲੀ ਦਲ ਸਿਰਫ ਦੋ ਬਠਿੰਡਾ ਅਤੇ ਫੀਰੋਜਪੁਰ ਦੀਆਂ ਸੀਟਾਂ ਹੀ ਜਿੱਤ ਸਕਿਆ। ਅਕਾਲੀ ਦਲ ਲਗਾਤਾਰ ਗ਼ਲਤੀ ਤੇ ਗ਼ਲਤੀ ਕਰਦਾ ਗਿਆ। ਬੇਅਦਬੀ ਕੇਸ ਵਿਚ ਸੀ ਬੀ ਆਈ ਤੋਂ ਕਲੋਜਰ ਰਿਪੋਰਟ ਦਿਵਾ ਦਿੱਤੀ ਕਿਉਂਕਿ ਬੀਬਾ ਹਰਸਿਮਰਤ ਕੌਰ ਕੇਂਦਰ ਸਰਕਾਰ ਵਿਚ ਮੰਤਰੀ ਸਨ। ਇਥੇ ਹੀ ਬਸ ਨਹੀਂ  ਨਸ਼ਾ ਤਸਕਰੀ ਦੇ ਕੇਸ ਵੀ ਕਿਸੇ ਤਣ ਪੱਤਣ ਨਹੀਂ ਲੱਗਣ ਦਿੱਤੇ। ਇਹ ਗਠਜੋੜ ਕਰਕੇ ਬਹੁਜਨ ਸਮਾਜ ਪਾਰਟੀ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ ਨਾ ਦਿਵਾਉਣ ਵਿਚ ਹਿੱਸੇਦਾਰ ਬਣ ਗਈ ਹੈ ਜਦੋਂ ਕਿ ਹੁਣ ਤੱਕ ਉਹ ਅਕਾਲੀ ਦਲ ਨੂੰ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿੰਮੇਵਾਰ ਠਹਿਰਾ ਰਹੀ ਸੀ। ਅਕਾਲੀ ਦਲ ਨੂੰ ਇਹ ਗਠਜੋੜ ਮਜ਼ਬੂਰੀ ਵਸ ਇਸ ਕਰਕੇ ਕਰਨਾ ਪਿਆ ਕਿਉਂਕਿ ਉਨ੍ਹਾਂ ਦਾ ਨਹੁੰ ਮਾਸ ਦਾ ਰਿਸ਼ਤਾ ਭਾਰਤੀ ਜਨਤਾ ਪਾਰਟੀ ਨਾਲੋਂ ਟੁੱਟ ਗਿਆ ਹੈ, ਨਹੁੰ ਤੇ ਮਾਸ ਦੇ ਵੱਖ਼ਰੇ ਹੋਣ ਨਾਲ ਭਾਰਤੀ ਜਨਤਾ ਪਾਰਟੀ ਦੀ ਵੋਟ ਖਾਸ ਤੌਰ ਤੇ ਸ਼ਹਿਰੀ ਵੋਟ ਉਨ੍ਹਾਂ ਨੂੰ ਨਹੀਂ ਮਿਲੇਗੀ। ਖੇਤੀਬਾੜੀ ਆਰਡੀਨੈਂਸ ਜ਼ਾਰੀ ਕਰਨ ਸਮੇਂ ਇਨ੍ਹਾਂ ਆਰਡੀਨੈਂਸਾਂ ਦੀ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਹਰ ਸੰਭਵ ਸਪੋਰਟ ਕਰਨ ਕਰਕੇ ਦਿਹਾਤੀ ਕਿਸਾਨ ਵੋਟ ਜਿਸਨੂੰ ਅਕਾਲੀ ਦਲ ਦਾ ਆਧਾਰ ਕਿਹਾ ਜਾਂਦਾ ਸੀ, ਉਹ ਵੀ ਦੂਰ ਹੋ ਗਈ। ਭਾਵੇਂ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਗਠਜੋੜ ਨਾਲੋਂ ਨਾਤਾ ਤੋੜ ਲਿਆ ਹੈ ਪ੍ਰੰਤੂ ਪੰਜਾਬ ਦੇ ਕਿਸਾਨ ਅਕਾਲੀ ਦਲ ਨੂੰ ਮੂੰਹ ਨਹੀਂ ਲਾ ਰਹੇ। ਇਨ੍ਹਾਂ ਵੋਟਾਂ ਦੀ ਭਰਪਾਈ ਲਈ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕੀਤਾ ਗਿਆ ਹੈ। ਦੂਜੇ ਸੁਖਦੇਵ ਸਿੰਘ ਢੀਂਡਸਾ ਅਤੇ ਬ੍ਰਹਮਪੁਰਾ ਵਾਲਾ ਅਕਾਲੀ ਦਲ ਵੀ ਉਨ੍ਹਾਂ ਦੀਆਂ ਜੜ੍ਹਾਂ ਵਿਚ ਤੇਲ ਦੇਵੇਗਾ। ਕੁਲ ਮਿਲਾਕੇ ਜੇ ਵੇਖਿਆ ਜਾਵੇ ਤਾਂ ਦੋਹਾਂ ਪਾਰਟੀਆਂ ਲਈ ਇਹ ਸਮਝੌਤਾ ਖਿਆਲੀ ਪਲਾਓ ਬਣਾਕੇ ਸੁੰਡ ਦੀ ਗੱਠੀ ਸਮਝਿਆ ਜਾ ਰਿਹਾ ਹੈ। ਦੋਵੇਂ ਪਾਰਟੀਆਂ ਸਰਕਾਰ ਬਣਾਉਣ ਦੇ ਸਪਨੇ ਲੈ ਰਹੀਆਂ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਕੀ ਦੋਹਾਂ ਪਾਰਟੀਆਂ ਦੇ ਵੋਟਰ ਉਨ੍ਹਾਂ ਦੇ ਸਪਨੇ ਪੂਰੇ ਕਰਨ ਵਿਚ ਸਹਾਈ ਹੋਣਗੇ?
                                                                                                                 
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com