Ujagar Singh

ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅਤੇ ਗੀਤਕਾਰ ਅੰਗਰੇਜ਼ ਮੁੰਡੀ ਕੱਦੋਂ - ਉਜਾਗਰ ਸਿੰਘ

ਸਾਹਿਤਕਾਰਾਂ, ਗੀਤਕਾਰਾਂ, ਲੇਖਕਾਂ, ਕਲਾਕਾਰਾਂ, ਵਕੀਲਾਂ, ਪ੍ਰੋਫੈਸਰਾਂ ਅਤੇ ਪਰਵਾਸੀ
ਭਾਰਤੀਆਂ ਦੀ ਨਰਸਰੀ ਵੱਜੋਂ ਜਾਣੇ ਜਾਂਦੇ ਪਿੰਡ ਕੱਦੋਂ ਦਾ ਜਮਪਲ ਅੰਗਰੇਜ਼ ਮੁੰਡੀ ਕੱਦੋਂ
ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਕਵੀ ਅਤੇ ਗੀਤਕਾਰ ਹੈ। ਜ਼ਿੰਦਗੀ ਦੀ ਜਦੋਜਹਿਦ
ਵਿਚ ਰੋਜ਼ੀ ਰੋਟੀ ਅਤੇ ਸੁਨਹਿਰੇ ਭਵਿਖ ਦੇ ਸਪਨੇ ਲੈ ਕੇ ਉਹ 1981 ਵਿਚ ਅਮਰੀਕਾ ਪਹੁੰਚ
ਗਿਆ, ਜਿਥੇ ਬਚਪਨ ਤੋਂ ਹੀ ਉਸ ਦੇ ਅਲੱੜ੍ਹ ਮਨ ਵਿਚ ਪਨਪਦੀ ਕਵਿਤਾ ਅਤੇ ਗੀਤ ਆਪ
ਮੁਹਾਰੇ ਕਾਗਜ਼ ਦੀ ਕੈਨਵਸ ਤੇ ਉਕਰਨ ਲੱਗੇ। ਪਰਵਾਸ ਦਾ ਵਾਤਾਵਰਨ ਅਤੇ ਕੁਦਰਤੀ
ਨਜ਼ਾਰੇ ਕਵੀਆਂ ਅਤੇ ਗੀਤਕਾਰਾਂ ਲਈ ਬਹੁਤ ਹੀ ਸੁਹਾਵਣੇ ਹੁੰਦੇ ਹਨ ਕਿਉਂਕਿ ਸਾਹਿਤਕਾਰ
ਕੋਮਲ ਭਾਵਨਾਵਾਂ ਵਿਚ ਗੜੁਚ ਹੁੰਦੇ ਹਨ, ਜਿਸ ਕਰਕੇ ਅੰਗਰੇਜ਼ ਦਾ ਕਾਵਿਕ ਮਨ ਵੀ
ਕਲਪਨਾ ਦੀ ਉਡਾਰੀ ਮਾਰਨ ਲੱਗ ਪਿਆ। ਉਸਦੀ ਲੇਖਣੀ ਵਿਚ ਨਿਖ਼ਾਰ ਆਉਣਾ ਸ਼ੁਰੂ ਹੋ
ਗਿਆ। ਅੰਗਰੇਜ਼ ਮੁੰਡੀ ਕੱਦੋਂ ਲਿਖਦਾ ਤਾਂ ਰੁਮਾਂਸਵਾਦੀ ਕਵਿਤਾਵਾਂ ਅਤੇ ਗੀਤ ਹੀ ਹੈ ਪ੍ਰੰਤੂ
ਲਗਪਗ ਉਸਦੀ ਹਰ ਕਵਿਤਾ ਅਤੇ ਗੀਤ ਵਿਚ ਸਮਾਜਿਕ ਸਰੋਕਾਰਾਂ ਦੀ ਝਲਕ ਜ਼ਰੂਰ ਮਿਲਦੀ
ਹੈ। ਸਰਸਰੀ ਤੌਰ ਤੇ ਉਸਦੀ ਕਵਿਤਾ ਅਤੇ ਗੀਤਾਂ ਦਾ ਆਨੰਦ ਮਾਣਦਿਆਂ ਇਹ ਹੀ ਮਹਿਸੂਸ
ਹੁੰਦਾ ਹੈ ਕਿ ਉਹ ਰਮਾਂਟਿਕ ਹੀ ਹੈ ਪ੍ਰੰਤੂ ਉਸਦੇ ਰੁਮਾਂਸਵਾਦ ਨੂੰ ਸਮਾਜਿਕ ਸਰੋਕਾਰਾਂ ਦੀ ਪੁਠ
ਚੜ੍ਹੀ ਹੁੰਦੀ ਹੈ। ਉਸਦੇ ਅਵਚੇਤਨ ਸਾਹਿਤਕ ਮਨ ਵਿਚ ਸਮਾਜਿਕ ਨਾ ਬਰਾਬਰੀ, ਧੋਖੇ,
ਇਨਸਾਨੀ ਰਿਸ਼ਤਿਆਂ ਵਿਚ ਖੋਟ, ਖੁਦਗਰਜ਼ੀ, ਦਗਾ, ਇਸ਼ਕ-ਮੁਸ਼ਕ, ਪਿਆਰ-ਮੁਹੱਬਤ,
ਵਸਲ-ਬਿਰਹਾ ਅਤੇ ਇਨਸਾਨ ਦੇ ਦੁਖਾਂ ਦੀ ਚੀਸ ਮਹਿਸੂਸ ਹੁੰਦੀ ਹੋਈ ਕਵਿਤਾ ਜਾਂ ਗੀਤ ਦਾ
ਰੂਪ ਧਾਰ ਲੈਂਦੀ ਹੈ। ਅੰਗਰੇਜ਼ ਦੇ ਮਨ ਨੂੰ ਜਦੋਂ ਕੋਈ ਘਟਨਾ ਜਾਂ ਚਲੰਤ ਮਸਲਾ ਪ੍ਰਭਾਵਤ
ਕਰਦਾ ਹੈ ਤਾਂ ਇਕ ਵਿਚਾਰ ਉਸਦੇ ਮਨ ਵਿਚ ਉਸਲਵੱਟੇ ਲੈਣ ਲਗਦਾ ਹੈ। ਫਿਰ ਉਹ ਕਲਮ
ਚੁਕਦਾ ਹੈ ਤੇ ਉਸ ਵਿਚਾਰ ਦੇ ਆਲੇ ਦੁਆਲੇ ਆਪਣੀਆਂ ਭਾਵਨਾਵਾਂ ਦਾ ਤਾਣਾ ਬਾਣਾ
ਕਵਿਤਾ ਜਾਂ ਗੀਤ ਦੇ ਰੂਪ ਵਿਚ ਬੁਣਦਾ ਹੈ। ਇਸ ਕਰਕੇ ਵੁਸਦੀਆਂ ਕਵਿਤਾਵਾਂ ਅਤੇ ਗੀਤ
ਵਿਚਾਰਧਾਰਾ ਦੇ ਆਲੇ ਦੁਆਲੇ ਘੁੰਮਦੇ ਹਨ। ਇਨਸਾਨ ਦੀ ਖੁਦਗਰਜ਼ੀ ਅਤੇ ਇਨਸਾਨੀ
ਰਿਸ਼ਤਿਆਂ ਦੀ ਗਿਰਾਵਟ ਬਾਰੇ ਉਸਦੀ ਇਕ ਕਵਿਤਾ ਦੀਆਂ ਦੋ ਸਤਰਾਂ ਇਸ ਤਰ੍ਹਾਂ ਹਨ

ਦੁਨੀਆਂ ਇਹ ਕੈਸੀ ਦੁਨੀਆਂਦਾਰੀ ਏ, ਬਸ ਪੈਸੇ ਨਾਲ ਹੀ ਸਭ ਦੀ ਰਿਸ਼ਤੇਦਾਰੀ ਏ।
ਮਤਲਬ ਤੋਂ ਬਿਨਾ ਕੋਈ ਨਾ ਬੁਲਾਵੇ, ਹੁਣ ਮਤਲਬ ਨਾਲ ਮਤਲਬੀ ਯਾਰੀ ਏ।
ਇਸੇ ਤਰ੍ਹਾਂ ਵਰਤਮਾਨ ਆਧੁਨਿਕਤਾ ਅਤੇ ਖੁਦਗਰਜ਼ ਜ਼ਮਾਨੇ ਵਿਚ ਦੋਸਤਾਂ ਦੀ ਦੋਸਤੀ
ਸਿਰਫ ਪੈਸੇ ਦੀ ਹੀ ਰਹਿ ਗਈ ਹੈ। ਅਮੀਰ ਆਦਮੀ ਨੂੰ ਘੁਮੰਡ ਇਤਨਾ ਹੋ ਜਾਂਦਾ ਹੈ ਕਿ ਉਹ
ਗ਼ਰੀਬ ਨੂੰ ਨਫਰਤ ਕਰਨ ਲੱਗ ਜਾਂਦਾ ਹੈ। ਵੱਡਾ ਬਣਕੇ ਗਰੀਬਾਂ ਨੂੰ ਕੀੜੇ ਮਕੌੜੇ ਹੀ ਸਮਝਦਾ
ਹੈ। ਜੇਕਰ ਕਿਸੇ ਕੋਲ ਪੈਸਾ ਹੈ ਤਾਂ ਸਾਰੇ ਦੋਸਤ ਉਸਦੇ ਨਾਲ ਹਨ ਪ੍ਰੰਤੂ ਜਦੋਂ ਇਨਸਾਨ ਰੋਜ਼ੀ
ਰੋਟੀ ਤੋਂ ਵੀ ਆਤੁਰ ਹੋ ਜਾਂਦਾ ਹੈ ਤਾਂ ਸਾਰੇ ਉਸਦਾ ਸਾਥ ਛੱਡ ਜਾਂਦੇ ਹਨ। ਅੰਗਰੇਜ਼ ਦੀ ਇਕ
ਕਵਿਤਾ ਇਹੋ ਦਰਸਾਉਂਦੀ ਹੈਯਾਰ
ਝੂਠਾ ਬੜਾ ਏ ਫਿਰ ਵੀ, ਉਹਦੇ ‘ਤੇ ਇਤਬਾਰ ਬੜਾ ਏ।
ਨਫਰਤ ਹੈ ਉਹਨੂੰ ਸਾਡੇ ਨਾਲ, ਸਾਨੂੰ ਉਸ ਨਾਲ ਪਿਆਰ ਬੜਾ ਏ।
ਭੁੱਲ ਜਾ ਉਹ ਯਾਦ ਕਰੂਗਾ, ਉਹ ਤਾਂ ਹੁਣ ਸਟਾਰ ਬੜਾ ਏ।
ਰੱਜੇ ਅਕਸਰ ਕਰਦੇ ਨੇ ਨਖ਼ਰੇ, ਭੁੱਖੇ ਨੂੰ ਰੋਟੀ ਤੇ ਆਚਾਰ ਬੜਾ ਏ।
ਇਕ ਹੋਰ ਕਵਿਤਾ ਵਿਚ ਵੀ ਇਹੋ ਰੰਗ ਮਿਲਦਾ ਹੈਹਸਾੳ
ੁਂਦਾ ਤੇ ਰੁਆਉਂਦਾ ਵਕਤ, ਕੱਖੋਂ ਲੱਖ ਬਣਾਉਂਦਾ ਵਕਤ।
ਹਿੰਮਤ ਹੈ ਹਸਦੇ ਪਏ ਹਾਂ, ਪਰ ਉਂਝ ਤਾਂ ਬੜਾ ਰੁਆਉਂਦਾ ਵਕਤ।
ਰਾਤ ਨੂੰ ਸੂਰਜ-ਚਾੜ੍ਹ ਦੇਵੇ, ਤੇ ਦਿਨੇ ਤਾਰੇ ਵਿਖਾਉਂਦਾ ਵਕਤ।
ਰਿਸ਼ਤੇ ਯਾਰ ਆਪਣਿਆਂ ਦੀ, ਪਹਿਚਾਣ ਸਭ ਕਰਾਉਂਦਾ ਵਕਤ।
ਵਕਤ ਜਿਹਾ ਹਕੀਮ ਨਾ ਕੋਈ, ਡੂੰਘੇ ਜ਼ਖ਼ਮ ਭਰਾਉਂਦਾ ਵਕਤ,
ਆਇਆ ਨੀ ਅੰਗਰੇਜ਼ ‘ਤੇ ਵਕਤ ਅਜੇ, ਸੁਣਿਆਂ ਸਭ ਤੇ ਆਉਂਦਾ ਵਕਤ।
ਅੰਗਰੇਜ਼ ਦੇ ਬਹੁਤੇ ਗੀਤ ਰੁਮਾਂਸਵਾਦ ਵਿਚ ਲਬਰੇਜ਼ ਹਨ ਪ੍ਰੰਤੂ ਫਿਰ ਵੀ ਕੁਝ ਕੁ ਗੀਤ
ਸਮਾਜਿਕ ਬੁਰਾਈਆਂ ਦੇ ਵਿਰੁਧ ਹਨ ਕਿਉਂਕਿ ਕੁਦਰਤੀ ਹੈ ਕਿ ਲੇਖਕ ਉਪਰ ਸਮਾਜਿਕ
ਵਾਤਾਵਰਨ ਦਾ ਗਹਿਰਾ ਪ੍ਰਭਾਵ ਪੈਂਦਾ ਹੈ। ਬਚਪਨ ਵਿਚ ਪਿੰਡ ਕੱਦੋਂ ਦੀ ਫਿਜ਼ਾ ਦਾ ਉਸਦੇ
ਬਾਲ ਮਨ ਤੇ ਗਹਿਰਾ ਪ੍ਰਭਾਵ ਪਿਆ। ਉਹ ਇਹ ਵੀ ਮਹਿਸੂਸ ਕਰਦਾ ਹੈ ਕਿ ਇਨਸਾਨ ਨੂੰ
ਸਬਰ ਤੇ ਸੰਤੋਖ ਕਰਦਿਆਂ ਪ੍ਰਮਾਤਮਾ ਦੀ ਰਜ਼ਾ ਵਿਚ ਰਹਿੰਦਿਆਂ ਜੀਵਨ ਬਸਰ ਕਰਨਾ

ਚਾਹੀਦਾ। ਭਾਵ ਜੀਵਨ ਦੀਆਂ ਬਰਕਤਾਂ ਅਤੇ ਕਠਨਾਈਆਂ ਨੂੰ ਬਰਾਬਰ ਸਮਝਣਾ ਚਾਹੀਦਾ
ਹੈ। ਸੰਤੁਸ਼ਟੀ ਸਫਲ ਜੀਵਨ ਦੀ ਕੁੰਜੀ ਹੈ। ਉਸਦੇ ਇਕ ਗੀਤ ਦੇ ਕੁਝ ਬੋਲ ਹਨਨਾ
ਕੋਈ ਯਾਰ ਨਾ ਕੋਈ ਬੇਲੀ, ਨਾ ਕੋਈ ਹਾਣੀ ਨਾ ਕੋਈ ਮੇਲੀ।
ਇਥੇ ਮਿਲਦੇ ਸੱਜਣ ਠੱਗ।
ਜਦ ਕਿਸੇ ਦੀ ਗੁਡੀ ਚੜ੍ਹਦੀ, ਵੇਖਕੇ ਸਾਰੀ ਦੁਨੀਆਂ ਸੜਦੀ।
ਇਥੇ ਯਾਰ ਉਛਾਲਣ ਪੱਗ, ਦੁਨੀਆਂ ਦਾ ਦਸਤੂਰ ਬੁਰਾ ਏ ।
ਹਰ ਇਕ ਦੇ ਬੁਕਲ ਵਿਚ ਛੁਰਾ ਏ, ਚੁਪ ਚਾਪ ਲਗਾਉਂਦੇ ਅੱਗ।
ਵਕਤ ਨਾਲ ਯਾਰੋ ਰਹਿਣਾ ਸਿਖੋ, ਰੱਬ ਦੀ ਰਜ਼ਾ ਵਿਚ ਰਹਿਣਾ ਸਿਖੋ ।
ਇਹ ਅੰਗਰੇਜ਼ ਸੁਣਾਉਂਦਾ ਸੱਚ।
ਅੰਗਰੇਜ਼ ਦਾ ਪਰਿਵਾਰਿਕ ਪਿਛੋਕੜ ਦਿਹਾਤੀ ਹੈ। ਇਸ ਕਰਕੇ ਉਸਦੀ ਬੋਲੀ ਠੇਠ ਪੰਜਾਬੀ
ਅਤੇ ਸ਼ਬਦਾਵਲੀ ਵੀ ਪੂਰੀ ਘਰ ਪਰਿਵਾਰ ਵਿਚ ਬੋਲੀ ਜਾਂਦੀ ਦਿਹਾਤੀ ਹੈ। ਉਹ ਇਹ ਵੀ
ਆਪਣੀਆਂ ਕਵਿਤਾਵਾਂ ਵਿਚ ਲਿਖਦਾ ਹੈ ਕਿ ਇਨਸਾਨੀ ਜੀਵਨ ਵਿਚ ਹਰ ਇੱਛਾ ਪੂਰੀ ਨਹੀਂ
ਹੁੰਦੀ ਪ੍ਰੰਤੂ ਜੋ ਮਿਲ ਗਿਆ ਉਸਦਾ ਹੀ ਆਨੰਦ ਮਾਨਣਾ ਚਾਹੀਦਾ ਹੈ। ਇਨਸਾਨ ਦੇ ਕਿਰਦਾਰ
ਹੀ ਉਸਦੀ ਪੂੰਜੀ ਹੁੰਦੇ ਹਨ। ਜੋ ਕਰੋਗੇ ਉਸਦਾ ਫਲ ਤੁਹਾਨੂੰ ਜ਼ਰੂਰ ਕਿਸੇ ਨਾ ਕਿਸੇ ਰੂਪ ਵਿਚ
ਸਹੀ ਸਮੇਂ ‘ਤੇ ਮਿਲੇਗਾ। ਇਸ ਲਈ ਇਨਸਾਨ ਨੂੰ ਆਪਣੀ ਸੋਚ ਸਹੀ ਰੱਖਣੀ ਚਾਹੀਦੀ ਹੈ।
ਆਪਣੀ ਇਕ ਕਵਿਤਾ ਵਿਚ ਉਹ ਲਿਖਦਾ ਹੈਹਰ
ਖਵਾਹਿਸ਼ ਪੂਰੀ ਨਹੀਂ ਹੁੰਦੀ, ਦੂਰੀ ਜਿਸਮਾ ਦੀ ਦੂਰੀ ਨਹੀਂ ਹੁੰਦੀ।
ਸਾਹਾਂ ‘ਚ ਵਸ ਗਏ ਸੱਜਣਾ ਦੀ, ਸੀਨੇ ਲੱਗਣੀ ਤਸਵੀਰ ਜ਼ਰੂਰੀ ਨਹੀਂ ਹੁੰਦੀ।
ਕਰਮ ਬੰਦੇ ਦੇ ਬੰਦੇ ਨੂੰ ਮਾਰ, ਦਿੰਦੇ ਵੱਟੀ ਸਮੇਂ ਦੀ ਕਦੇ ਘੂਰੀ ਨਹੀਂ ਹੁੰਦੀ।
ਪਿਆਰੀ ਸੋਚ ਵਾਲਾ ਦੋਸਤ ਜੇ ਮਿਲੇ, ਜਾਨ ਦੇਣੀ ਇਸ਼ਕ ‘ਚ ਜ਼ਰੂਰੀ ਨਹੀਂ ਹੁੰਦੀ।
ਸਮਾਜ ਵਿਚ ਬਨਾਵਟੀਪਣ ਦੀ ਬਹੁਤਾਤ ਸਮਾਜਿਕ ਤਾਣੇ ਬਾਣੇ ਨੂੰ ਪਲੀਤ ਕਰ ਰਹੀ ਹੈ।
ਲੋਕ ਅੰਦਰੋਂ ਬਾਹਰੋਂ ਇਕ ਨਹੀਂ ਹਨ। ਕਹਿੰਦੇ ਕੁਝ ਅਤੇ ਕਰਦੇ ਕੁਝ ਹੋਰ ਹਨ। ਉਨ੍ਹਾਂ ਦਾ
ਸਮਾਜਿਕ ਜੀਵਨ ਵਿਚ ਕਿਰਦਾਰ ਹੋਰ ਤਰ੍ਹਾਂ ਦਾ ਹੁੰਦਾ ਹੈੇ, ਜਿਸ ਕਰਕੇ ਸਮਾਜ ਵਿਚ ਆਪਸੀ
ਤਣਾਓ ਵੱਧ ਰਿਹਾ ਹੈ। ਲੋਕ ਮਖੌਟੇ ਪਾਈ ਫਿਰਦੇ ਹਨ। ਭਾਵ ਸੰਸਾਰ ਵਿਖਾਵੇ ਵਿਚ ਵਧੇਰੇ

ਯਕੀਨ ਰੱਖਦਾ ਹੈ। ਵਿਵਹਾਰਿਕ ਤੌਰ ‘ਤੇ ਸਾਰਾ ਕੁ ਉਲਟ-ਪੁਲਟ ਹੁੰਦਾ ਹੈ। ਇਸ ਕਰਕੇ ਇਕ
ਕਵਿਤਾ ਵਿਚ ਲਿਖਦਾ ਹੈਐਨੀ
ਕੁ ਜਾਣ ਪਹਿਚਾਣ ਬੜੀ ਏ, ਬਸ ਦੂਰੋਂ-ਦੂਰੋਂ ਹੀ ਸਲਾਮ ਬੜੀ ਏ।
ਬਕਿਸਮਤੀ ਬਾਰੇ ਰੱਬ ਹੀ ਜਾਣੇ, ਸਾਡੇ ਤੇ ਕਿਉਂ ਮਿਹਰਬਾਨ ਬੜੀ ਏ।
ਅੰਦਰੋਂ ਤਾਂ ਉਹਨੂੰ ਫਿਕਰ ਹੈ ਸਾਡੀ, ਬਾਹਰੋਂ ਬਣਦੀ ਅਣਜਾਣ ਬੜੀ ਏ।
ਆਵਾਜ਼ ਨੂੰ ਸੁਣਦਿਆਂ ਹੀ ਪੁਛੇ ਮਾਂ, ਕਿ ਪੁਤਰੀ ਮੇਰੀ ਪਰੇਸ਼ਾਨ ਬੜੀ ਏ।
ਦਿਸਦੀ ਪੀੜ ਹੈ ਨੈਣਾਂ ਵਿਚ ਉਸਦੇ, ਪਰ ਬੁਲਾਂ ਉਤੇ ਮੁਸਕਾਨ ਬੜੀ ਏ।
ਆਮ ਖਾਸ ਲੋਕਾਂ ਦੀ ਸਮਝੋਂ ਬਾਹਰ, ਸ਼ਾਇਰੀ ਅੰਗਰੇਜ਼ ਦੀ ਆਮ ਬੜੀ ਏ।
ਸਮਾਜਿਕ ਜੀਵਨ ਵਿਚੋਂ ਨੈਤਿਕਤਾ ਖੰਭ ਲਾ ਕੇ ਉਡ ਗਈ ਹੈ। ਧੀ ਭੈਣ ਦੀ ਇਜ਼ਤ ਕਰਨਾ
ਤਾਂ ਵੱਖਰੀ ਗੱਲ ਹੈ ਪ੍ਰੰਤੂ ਬੁਰੀ ਨਿਗਾਹ ਨਾਲ ਵੇਖਣਾ ਆਮ ਹੋ ਗਿਆ ਹੈ। ਸ਼ਰਮ ਹਯਾ ਖੰਭ
ਲਾ ਕੇ ਉਡ ਗਈ ਹੈ। ਜੇਕਰ ਕੋਈ ਕਿਸੇ ਇਸਤਰੀ ਨਾਲ ਦੁਰਵਿਵਹਾਰ ਕਰਦਾ ਹੈ ਤਾਂ ਵੇਖਣ
ਵਾਲੇ ਉਸਨੂੰ ਰੋਕਣ ਦੀ ਬਿਜਾਏ ਤਮਾਸ਼ਬੀਨ ਬਣ ਜਾਂਦੇ ਹਨ। ਇਨਸਾਨ ਦੀ ਜ਼ਮੀਰ ਹੀ ਮਰ
ਚੁੱਕੀ ਹੈ। ਅੰਗਰੇਜ਼ ਸਮਾਜ ਵਿਚ ਆਈ ਇਸ ਗਿਰਾਵਟ ਬਾਰੇ ਵੀ ਕਾਫੀ ਚਿੰਤਤ ਹੈ। ਇਸ
ਲਈ ਉਸਨੇ ਲਿਖਿਆ ਹੈਜ
ੇ ਹੁਸਨ ਦਿੱਤਾ ਏ ਮੈਨੂੰ, ਤਾਂ ਹੁਸਨ ਦੇ ਕਦਰਦਾਨ ਤਾਂ ਦਿੰਦਾ ।
ਦੇਖਣ ਵਾਲੇ ਦੀਆਂ ਅੱਖਾਂ ‘ਚ ਸ਼ਰਮ, ਦਿਲ ਵਿਚ ਸਨਮਾਨ ਤਾਂ ਦਿੰਦਾ।
ਤਮਾਸ਼ਬੀਨ ਖੜ੍ਹੇ ਨੇ ਹਰ ਚੌਰਾਹੇ ‘ਤੇ, ਜ਼ਮੀਰ ਨਾਲ ਭਰੀ ਜਾਨ ਤਾਂ ਦਿੰਦਾ।
ਸੰਘਣੇ ਕਰ ਦਿੰਦਾ ਕੰਡੇ, ਫੁੱਲਾਂ ਨੂੰ ਵਧਦੇ ਹੱਥੀਂ ਜ਼ਖ਼ਮ ਨਿਸ਼ਾਨ ਤਾਂ ਦਿੰਦਾ।
ਭਰੂਣ ਹੱਤਿਆ ਅਤੇ ਇਸਤਰੀਆਂ ਉਪਰ ਹੋ ਰਹੇ ਅਤਿਆਚਾਰਾਂ ਨੇ ਵੀ ਕਵੀ ਨੂੰ ਹਲੂਣਕੇ
ਰੱਖ ਦਿੱਤਾ। ਜਦੋਂ ਕਿ ਹਰ ਮਰਦ ਇਸਤਰੀ ਦੀ ਕੁੱਖ ਵਿਚੋਂ ਪੈਦਾ ਹੁੰਦਾ ਹੈ ਪ੍ਰੰਤੂ ਫਿਰ ਵੀ
ਇਸਤਰੀ ਦਾ ਬੀਜ ਨਾਸ ਕਰਨ ਤੇ ਤੁਲਿਆ ਹੋਇਆ ਹੈ। ਭਰੂਣ ਹੱਤਿਆ ਬਾਰੇ ਅੰਗਰੇਜ਼
ਲਿਖਦਾ ਹੈਜਿਹੜ
ੇ ਕੁੱਖ ‘ਚ ਧੀਆਂ ਕਤਲ ਕਰਵਾਉਣ, ਮਾਪੇ ਨਹੀਂ ਹੁੰਦੇ।

ਜਿਹੜੇ ਬਿਨਾ ਗੱਲੋਂ ਟੁੱਟ ਜਾਣ, ਉਹ ਰਿਸ਼ਤ-ਨਾਤੇ ਨਹੀਂ ਹੁੰਦੇ।
ਕਹਿਣ ਸਿਆਣੇ ਝੂਠ ਦੀਆਂ, ਕਿਤੇ ਕੋਈ ਨੀਂਹਾਂ ਨਹੀਂ ਹੁੰਦੀਆਂ।
ਜੋ ਮਾਪਿਆਂ ਦੀ ਪੱਤ ਰੋਲਦੀਆਂ, ਉਹ ਧੀਆਂ ਨਹੀਂ ਹੁੰਦੀਆਂ।
ਭਰਿਸ਼ਟਾਚਾਰ ਦੀ ਲਾਹਣਤ ਦਫਤਰ੍ਹਾਂ ਵਿਚ ਕਰੋਨਾ ਦੀ ਬਿਮਾਰੀ ਦੀ ਤਰ੍ਹਾਂ ਫੈਲੀ ਹੋਈ ਹੈ
ਜਿਸ ਕਰਕੇ ਆਮ ਲੋਕਾਂ ਨਾਲ ਵਿਤਕਰੇ ਹੋ ਰਹੇ ਹਨ। ਇਸ ਬਾਰੇ ਕਵੀ ਨੇ ਲਿਖਿਆ ਹੈਜਾਗਣ
ੇ ਨੇ ਸਿਤਾਰੇ ਤਾਂ ਕਾਲੀ ਰਾਤ ‘ਚ ਜਾਗਣ,
ਫਾਇਦਾ ਕੀ ਜੇ ਚਾਨਣ ਹੋਣ ਤੋਂ ਬਾਅਦ ਜਾਗਣਗੇ।
ਕਹਿੰਦੇ ਉਦੋਂ ਸਭ ਲਿਖਾਂਗੇ ਜਦੋਂ ਸਾਹਿਬ ਜਾਗ ਪਏ
ਤੇ ਰੁਪਈਆਂ ਦੀ ਥੱਦੀ ਵੇਖਕੇ ਹੀ ਸਾਹਿਬ ਜਾਗਣਗੇ।
ਦੁਨੀਆਂ ਵਿਚ ਅੱਜ ਕਲ੍ਹ ਝੂਠ ਦਾ ਬੋਲ ਬਾਲਾ ਹੈ। ਲੋਕੀ ਝੂਠ ਨੂੰ ਸੱਚ ਬਣਾਉਣ ਲਈ
ਹਜ਼ਾਰ ਵਾਰ ਝੂਠ ਬੋਲਦੇ ਹਨ। ਝੂਠ ਬਾਰੇ ਉਨ੍ਹਾਂ ਲਿਖਿਆ ਹੈਝੂਠ
ਨੂੰ ਝੂਠ ਕਿਹਾ ਤਾਂ ਕਈਆਂ ਨੇ, ਪਰ ਸੱਚ ਦੇ ਕੋਈ ਵੱਲ ਨਹੀਂ ਹੋਇਆ।
ਇਸ਼ਕ ਯਾਰੀ ਵਿਚ ਦੱਸੋ ਕਿਸ ਨਾਲ, ਅੱਜ ਤੱਕ ਕੋਈ ਛੱਲ ਨਹੀਂ ਹੋਇਆ।
ਸੁਰਜੀਤ ਸਿੰਘ ਉਰਫ ਅੰਗਰੇਜ਼ ਮੁੰਡੀ ਕੱਦੋਂ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਕੱਦੋਂ
ਵਿਖੇ ਮਾਤਾ ਨਸੀਬ ਕੌਰ ਅਤੇ ਪਿਤਾ ਵਰਿਆਮ ਸਿੰਘ ਦੇ ਘਰ ਕਿਸਾਨ ਪਰਿਵਾਰ ਵਿਚ
ਹੋਇਆ। ਸੁਰਜੀਤ ਸਿੰਘ ਨੂੰ ਪਿੰਡ ਵਿਚ ਉਸਦੇ ਰਹਿਣ ਸਹਿਣ ਅਤੇ ਵਿਵਹਾਰ ਕਰਕੇ ਅੰਗਰੇਜ਼
ਨਾਮ ਨਾਲ ਬੁਲਾਇਆ ਜਾਂਦਾ ਹੈ। ਇਸ ਲਈ ਉਹ ਆਪਣੀਆਂ ਕਵਿਤਾਵਾਂ ਅਤੇ ਗੀਤ
ਅੰਗਰੇਜ਼ ਮੁੰਡੀ ਕੱਦੋਂ ਦੇ ਨਾਮ ਨਾਲ ਲਿਖਦਾ ਹੈ। ਮੁੱਢਲੀ ਪੜ੍ਹਾਈ ਉਸਨੇ ਪਿੰਡ ਦੇ ਸਕੂਲ ਤੋਂ
ਹੀ ਕੀਤੀ। ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਦੋਰਾਹਾ ਤੋਂ ਪ੍ਰਾਪਤ ਕੀਤੀ। ਬੀ ਏ ਦੀ
ਪੜ੍ਹਾਈ ਕਰਦਿਆਂ ਹੀ ਉਸਨੇ ਪਹਿਲਾਂ ਗੀਤ ਅਤੇ ਫਿਰ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ
ਦਿੱਤੀਆਂ ਸਨ। ਸਾਹਿਤਕ ਮਸ ਤਾਂ ਪਹਿਲਾਂ ਹੀ ਸੀ ਪ੍ਰੰਤੂ ਅਵਤਾਰਜੀਤ ਅਟਵਾਲ ਅਤੇ ਭੱਟੀ
ਭੜੀਵਾਲਾ ਦੇ ਸੰਪਰਕ ਵਿਚ ਆਉਣ ਨਾਲ ਇਹ ਰੁਚੀ ਨਿਖਰਕੇ ਸਾਹਮਣੇ ਆ ਗਈ। ਪਰਵਾਸ
ਵਿਚ ਰਹਿਣ ਕਰਕੇ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ। ਭਵਿਖ ਵਿਚ ਅੰਗਰੇਜ਼ ਮੁੰਡੀ

ਕੱਦੋਂ ਤੋਂ ਹੋਰ ਚੰਗਾ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਤੁਰ ਗਿਆ : ਓਪੇਰੇ ਦਾ ਬਾਦਸ਼ਾਹ ਰੱਬੀ ਬੈਰੋਂਪੁਰੀ -  ਉਜਾਗਰ ਸਿੰਘ

ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੇ ਸੁਮੇਲ ਵਾਲੇ ਗੀਤ ਲਿਖਕੇ ਗਾਉਣ ਅਤੇ ਭੰਗੜੇ ਨੂੰ ਕੱਚੀ ਜ਼ਮੀਨ ਦੇ ਅਖਾੜੇ ਤੋਂ ਸਟੇਜ ਤੇ ਲਿਆਉਣ ਵਾਲਾ ਕੋਰੀਓਗ੍ਰਾਫਰ ਪੁਆਧੀ ਅਖਾੜਿਆਂ ਦੀ ਸ਼ਾਨ ਰੱਬੀ ਬੈਰੋਂਪੁਰੀ ਸੰਖੇਪ ਬਿਮਾਰੀ ਤੋਂ ਬਾਅਦ ਸਵਰਗਵਾਸ ਹੋ ਗਏ। ਉਹ 84 ਸਾਲ ਦੇ ਸਨ। 1957 ਤੋਂ ਪਹਿਲਾਂ ਪਿੰਡਾਂ ਵਿਚ ਭੰਗੜਾ ਕੱਚੇ ਜ਼ਮੀਨੀ ਅਖਾੜਿਆਂ ਵਿਚ ਗੋਲ ਘੇਰੇ ਵਿਚ ਖੜ੍ਹਕੇ ਪਾਇਆ ਜਾਂਦਾ ਸੀ। ਭੰਗੜਾ ਪਾਉਣ ਵਾਲਿਆਂ ਵਿਚ ਕੁੜੀਆਂ ਬਣੇ ਲੜਕੇ ਨਚਾਰਾਂ ਦੇ ਰੂਪ ਵਿਚ ਹੁੰਦੇ ਸਨ। ਉਦੋਂ ਕੁੜੀਆਂ ਨੂੰ ਸਟੇਜਾਂ ਤੇ ਆਉਣ ਦੀ ਇਜ਼ਾਜਤ ਨਹੀ ਹੁੰਦੀ ਸੀ। ਰੱਬੀ ਬੈਰੋਂਪੁਰੀ ਅਜਿਹਾ ਕਲਾਕਾਰ ਸੀ, ਜਿਸਨੇ ‘‘ਰੱਬੀ ਬੈਰੋਂਪੁਰੀ ਭੰਗੜਾ ਪਾਰਟੀ’’ ਬਣਾਕੇ ਭੰਗੜੇ ਨੂੰ ਸਟੇਜ ਬਣਾਕੇ ਉਸ ਉਪਰ ਪਾਉਣ ਦੀ ਰੀਤ ਸ਼ੁਰੂ ਕੀਤੀ। ਉਨ੍ਹਾਂ ਦੀ ਭੰਗੜਾ ਟੀਮ ਦੇ ਮੈਂਬਰ ਸਮਾਜ ਵਿਚ ਉਤੇ ਰੁਤਬਿਆਂ ਤੇ ਪਹੁੰਚੇ, ਜਿਨ੍ਹਾਂ ਵਿਚੋਂ ਇਕ ਪੰਜਾਬ ਦਾ ਮੰਤਰੀ ਵੀ ਬਣਿਆਂ। ਪ੍ਰੰਤੂ ਰੱਬੀ ਭੈਰੋਂਪੁਰੀ ਸਿਰਫ਼ ਭੰਗੜੇ ਨੂੰ ਹੀ ਸਮਰਪਤ ਹੀ ਰਿਹਾ। ਉਨ੍ਹਾਂ ਦਾ ਕੈਰੀਅਰ ਬਣਾਉਣ ਵਿਚ ਡਾ ਮਹਿੰਦਰ ਸਿੰਘ ਰੰਧਾਵਾ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ ਅਤੇ ਰੰਧਾਵਾ ਦੀ ਭਵਿਸ਼ਬਾਣੀ ਵੀ ਸਹੀ ਸਾਬਤ ਹੋਈ। ਇਤਫਾਕ ਇਹ ਹੋਇਆ ਕਿ ਜਦੋਂ ਰੱਬੀ ਬੈਰੋਂਪੁਰੀ ਰੋਪੜ ਜਿਲ੍ਹੇ ਦੇ ਡੀ ਬੀ ਹਾਈ ਸਕੂਲ ਲਾਂਡਰਾਂ ਵਿਚ ਪੜ੍ਹਦੇ ਸਨ ਤਾਂ ਮਹਿੰਦਰ ਸਿੰਘ ਰੰਧਾਵਾ ਇਸ ਸਕੂਲ ਦੇ ਇਕ ਸਮਾਗਮ ਵਿਚ ਆਏ ਸਨ ਤਾਂ ਉਨ੍ਹਾਂ ਰੱਬੀ ਬੈਰੋਂਪੁਰੀ ਦਾ ਗੀਤ ਸੁਣਕੇ ਉਨ੍ਹਾਂ ਦੀ ਦਮਦਾਰ ਅਵਾਜ਼ ਤੋਂ ਉਹ ਕਾਇਲ ਹੋ ਗਏ। ਉਨ੍ਹਾਂ ਰੱਬੀ ਨੂੰ ਸ਼ਾਬਾਸ਼ ਦਿੱਤੀ ਅਤੇ ਹੋਰ ਮਿਹਨਤ ਅਤੇ ਰਿਆਜ਼ ਕਰਨ ਦੀ ਸਲਾਹ ਦਿੰਦਿਆਂ ਅਸ਼ੀਰਵਾਦ ਦਿੱਤਾ ਕਿ ਉਹ ਇਕ ਦਿਨ ਵੱਡਾ ਗਾਇਕ ਬਣੇਗਾ। ਰੱਬੀ ਨੇ ਪੜ੍ਹਾਈ ਦੀ ਥਾਂ ਗਾਇਕੀ ਅਤੇ ਭੰਗੜੇ ਦੇ ਰਿਆਜ਼ ਤੇ ਜ਼ੋਰ ਦੇ ਦਿੱਤਾ। ਪਰਿਵਾਰ ਦੇ ਮੈਂਬਰ ਉਦੋਂ ਗਾਉਣਾ ਅਤੇ ਨੱਚਣਾ ਟੱਪਣਾ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਰੱਬੀ ਨੂੰ ਪੜ੍ਹਾਈ ਵੱਲ ਧਿਆਨ ਦੇਣ ਦੀ ਹਦਾਇਤ ਕੀਤੀ ਪ੍ਰੰਤੂ ਮਹਿੰਦਰ ਸਿੰਘ ਰੰਧਾਵਾ ਦੀ ਹੱਲਾਸ਼ੇਰੀ ਨਾਲ ਰੱਬੀ ਦੇ ਦਿਲ ਵਿਚ ਫਿਲਮੀ ਗੀਤਕਾਰ ਤੇ ਗਾਇਕ ਬਣਨ ਦਾ ਭੂਤ ਸਵਾਰ ਹੋ ਗਿਆ। ਉਹ ਪੜ੍ਹਾਈ ਵਿਚਕਾਰ ਛੱਡਕੇ ਆਪਣਾ ਬੋਰੀਆ ਬਿਸਤਰਾ ਬੰਨ੍ਹਕੇ ਬੰਬਈ ਲਈ ਰੇਲ ਗੱਡੀ ਵਿਚ ਸਵਾਰ ਹੋ ਗਿਆ। ਰੇਲ ਗੱਡੀ ਦਾ ਸਫਰ ਲੰਮਾ ਸੀ ਪ੍ਰੰਤੂ ਕੋਈ ਸੀਟ ਖਾਲੀ ਨਹੀਂ ਸੀ, ਸਗੋਂ ਰੇਲ ਗੱਡੀ ਖਚਾਖਚ ਭਰੀ ਹੋਈ ਸੀ। ਉਸਨੇ ਗੱਡੀ ਵਿਚ ਖੜ੍ਹੇ ਨੇ ਹੀ ਗਾਉਣਾ ਸ਼ੁਰੂ ਕਰ ਦਿੱਤਾ। ਉਸ ਡੱਬੇ ਵਿਚ ਫ਼ੌਜੀ ਸਫਰ ਕਰ ਰਹੇ ਸਨ। ਉਹ ਉਸਦੀ ਗਾਇਕੀ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਉਸਨੂੰ ਆਪਣੇ ਨਾਲ ਬਿਠਾ ਲਿਆ। ਬੰਬਈ ਪਹੁੰਚਕੇ ਉਹ ਮਹਾਂ ਨਗਰੀ ਵਿਚ ਗੁਆਚ ਗਿਆ। ਜਿਸ ਵਿਅਕਤੀ ਕੋਲ ਜਾ ਕੇ ਰਹਿਣ ਲੱਗਿਆ ਉਸਨੇ ਰੱਬੀ ਨੂੰ ਘਰੇਲੂ ਨੌਕਰ ਦੀ ਤਰ੍ਹਾਂ ਵਰਤਣਾ ਸ਼ੁਰੂ ਕਰ ਦਿੱਤਾ। ਉਥੋਂ ਰੱਬੀ ਭੱਜ ਗਿਆ ਅਤੇ ਕਿਸੇ ਲੱਕੜ ਦੇ ਆਰੇ ਵਿਚ ਸ਼ਰਨ ਲਈ। ਅਲੂਏਂ ਗਭਰੂ ਨੂੰ ਲੱਕੜ ਦਾ ਭਾਰਾ ਕੰਮ ਕਰਨਾ ਪਿਆ। ਉਹੀ ਆਰੇ ਵਾਲਾ ਉਸਨੂੰ ਗੁਰਦੁਆਰੇ ਧਾਰਮਿਕ ਗੀਤ ਗਾਉਣ ਲਈ ਲੈ ਗਿਆ। ਉਸਨੂੰ ਬੰਬਈ ਵਿਚ ਰਹਿ ਰਹੇ ਪੰਜਾਬੀਆਂ ਨੇ ਸਹਿਯੋਗ ਦਿੱਤਾ, ਜਿਨ੍ਹਾਂ ਕਰਕੇ ਉਸਦਾ ਹੌਸਲਾ ਗੁਰੂ ਘਰ ਵਿਚ ਧਾਰਮਿਕ ਗੀਤ ਲਿਖਕੇ ਗਾਉਣ ਨਾਲ ਵਧਿਆ। ਬੰਬਈ ਜਾਣ ਨਾਲ ਉਸਨੂੰ ਫਿਲਮ ਨਗਰੀ ਦੇ ਵੱਡੇ ਗਾਇਕਾਂ ਕਲਾਕਾਰਾਂ ਜਿਨ੍ਹਾਂ ਵਿਚ ਮੁਹੰਮਦ ਰਫੀ, ਬਲਰਾਜ ਸਾਹਨੀ, ਸਾਹਿਰ ਲੁਧਿਆਣਵੀ, ਪੀ ਐਲ ਸੂਦਨ, ਦਾਦਾ ਉਸਤਾਦ ਬੀ ਸੀ ਬੇਕਲ, ਸ਼ਰਸ਼ਾਰ ਸੈਲਾਨੀ, ਜਾਨੀ ਬਾਬੂ ਕਵਾਲ, ਮਨੋਹਰ ਦੀਪਕ ਅਤੇ ਕੁਲਦੀਪ ਚਾਂਦ ਨੂੰ ਮਿਲਣ, ਉਨ੍ਹਾਂ ਦੀਆਂ ਪਰਫਾਰਮੈਂਸ ਵੇਖਣ, ਉਨ੍ਹਾਂ ਨਾਲ ਸਟੇਜਾਂ ਸਾਂਝੀਆਂ ਕਰਨ ਅਤੇ ਕੁਝ ਸਿੱਖਣ ਦਾ ਮੌਕਾ ਮਿਲਿਆ। ਮਨੋਹਰ ਦੀਪਕ ਨੇ ਤਾਂ ਰੱਬੀ ਨੂੰ ਆਪਣੀ ਭੰਗੜਾ ਟੀਮ ਵਿਚ ਸ਼ਾਮਲ ਕਰ ਲਿਆ ਸੀ। ਉਸ ਸਮੇਂ ਉਹ ਆਪਣੇ ਆਪ ਨੂੰ ਰੱਬੀ ਰੰਗੀਲਾ ਲਿਖਦਾ ਸੀ। ਬੰਬਈ ਵਿਚ ਦਿਨ ਵੇਲੇ ਉਹ ਕਈ ਫੈਕਟਰੀਆਂ ਵਿਚ ਕੰਮ ਕਰਦਾ ਰਿਹਾ ਅਤੇ ਰਾਤ ਨੂੰ ਸਭਿਅਚਾਰਕ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦਾ ਰਿਹਾ। ਹੰਭ ਹਾਰਕੇ ਜਦੋਂ ਉਸਦੀ ਫਿਲਮ ਜਗਤ ਵਿਚ ਕਿਸੇ ਨੇ ਬਾਂਹ ਨਾ ਫੜੀ ਤਾਂ 1961 ਵਿਚ ਉਹ ਵਾਪਸ ਆਪਣੇ ਪਿੰਡ ਬੈਰੋਂਪੁਰ ਆ ਗਿਆ। ਪਿੰਡ ਵਾਪਸ ਆਉਣ ਤੇ ਪਿਤਾ ਨੇ ਉਸਨੂੰ ਵਿਹਲੜ ਸਮਝਕੇ ਆਪਣੇ ਨਾਲੋਂ ਵੱਖ ਕਰਕੇ ਕਿਹਾ ਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਖੁਦ ਕਮਾਈ ਕਰਕੇ ਕਰੋ। ਉਸਨੇ ਹੌਸਲਾ ਨਾ ਛੱਡਿਆ। ਆਪਣੇ ਦੋਸਤਾਂ ਨਾਲ ਮਿਲਕੇ ਭੰਗੜਾ ਪਾਰਟੀ ਬਣਾ ਲਈ ਅਤੇ ਉਨ੍ਹਾਂ ਨੂੰ ਭੰਗੜੇ ਦੀ ਸਿਖਿਆ ਵੀ ਦਿੱਤੀ। ਰੱਬੀ ਬੈਰੋਂਪੁਰੀ ਦੀ ਅਵਾਜ਼ ਬੜੀ ਦਮਦਾਰ, ਰਸੀਲੀ, ਡੀਲ ਡੌਲ ਮਜ਼ਬੂਤ ਅਤੇ ਸੁਹਣਾ ਸੁਨੱਖਾ ਹੋਣ ਕਰਕੇ ਉਸਦੀਆਂ ਜਲਦੀ ਹੀ ਧੁੰਮਾਂ ਪੈ ਗਈਆਂ। ਭਾਵੇਂ ਉਹ ਸ਼ੁਰੂ ਵਿਚ ਬਿਨਾ ਸਾਜਾਂ ਦੇ ਇਕੱਲੇ ਢੋਲ ਦੀ ਤਾਲ ਤੇ ਗੀਤ ਗਾਉਂਦਾ ਅਤੇ ਉਸਦੇ ਸਾਥੀ ਭੰਗੜਾ ਪਾਉਂਦੇ ਸਨ। ਉਸਦੀ ਲੰਮੀ ਹੇਕ ਵੀ ਬਹੁਤ ਪ੍ਰਸਿੱਧ ਹੋਈ। ਅੱਠ-ਅੱਠ ਘੰਟੇ ਉਹ ਅਖਾੜਿਆਂ ਵਿਚ ਗੀਤ ਗਾਉਂਦਾ ਰਿਹਾ। ਉਨ੍ਹਾਂ ਦਿਨਾ ਵਿਚ ਇਕ ਪਰਫਾਰਮੈਂਸ ਦੇ 15 ਰੁਪਏ ਸੇਵਾ ਫਲ ਮਿਲਦਾ ਸੀ। ਆਪਣੇ ਟਰੁਪ ਨੂੰ ਚਲਾਉਣ ਲਈ ਸਾਰੇ ਰੁਪਏ ਆਪਣੇ ਸਾਥੀਆਂ ਵਿਚ ਵੰਡ ਦਿੰਦਾ ਸੀ। ਉਸਨੇ 27 ਸਾਲ ਲਗਾਤਰ 1987 ਤੱਕ ਗੀਤ ਗਾਏ, ਭੰਗੜੇ ਦੀਆਂ ਧੁੰਮਾਂ ਪਾਈਆਂ ਅਤੇ ਕੋਰੀਓਗ੍ਰਾਫੀ ਕੀਤੀ। ਉਹ ਆਪਣੇ ਪ੍ਰੋਗਰਾਮਾ ਵਿਚ ਹੀਰ ਰਾਂਝਾ, ਸੱਸੀ ਪੁੰਨੂੰ, ਪੂਰਨ ਭਗਤ, ਮਿਰਜਾ ਸਾਹਿਬਾਂ ਅਤੇ ਸੋਹਣੀ ਮਹੀਵਾਲ ਦੀ ਕੋਰੀਓਗ੍ਰਾਫੀ ਕਰਦਾ ਹੁੰਦਾ ਸੀ। ਜਿਥੇ ਵੀ ਉਹ ਅਖਾੜਾ ਲਾਉਂਦਾ ਸੀ, ਉਥੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਗਰਮੀ ਅਤੇ ਸਰਦੀ ਵਿਚ 7-8 ਘੰਟੇ ਬੈਠੇ ਵੇਖਦੇ ਅਤੇ ਸੁਣਦੇ ਰਹਿੰਦੇ ਸਨ। ਇਥੋਂ ਤੱਕ ਕਿ ਪਿੰਡਾਂ ਦੇ ਨੌਜਵਾਨ ਉਨ੍ਹਾਂ ਨਾਲ ਭੰਗੜਾ ਪਾਉਣ ਲੱਗ ਜਾਂਦੇ ਸਨ। ਪਿੰਡਾਂ ਵਿਚ ਭੰਗੜੇ ਨੂੰ ਹਰਮਨ ਪਿਆਰਾ ਬਣਾਉਣ ਵਿਚ ਰੱਬੀ ਬੈਰੋਂਪੁਰੀ ਦਾ ਯੋਗਦਾਨ ਮਹੱਤਵਪੂਰਨ ਹੈ। ਇਸਦੇ ਨਾਲ ਹੀ ਉਨ੍ਹਾਂ ਦਾ ਟਰੁਪ ਦੇਸ਼ ਭਗਤਾਂ ਜਿਨ੍ਹਾਂ ਵਿਚ ਭਗਤ ਸਿੰਘ, ਊਧਮ ਸਿੰਘ ਅਤੇ ਹੋਰਾਂ ਬਾਰੇ ਨਾਟਕ ਵੀ ਕਰਦੇ ਰਹਿੰਦੇ ਸਨ। 1962 ਦੀ ਭਾਰਤ ਚੀਨ ਜੰਗ ਸਮੇਂ ਉਨ੍ਹਾਂ ਦੇ ਟਰੁਪ ਨੇ ਮੁਫਤ ਪ੍ਰੋਗਰਾਮ ਕੀਤੇ ਜਿਨ੍ਹਾਂ ਦੀ ਕਮਾਈ ਦੇਸ ਦੇ ਰੱਖਿਆ ਫੰਡ ਲਈ ਦਾਨ ਕੀਤੀ। ਦੇਸ਼ ਦੀਆਂ ਸਰਹੱਦਾਂ ਤੇ ਵੀ ਉਹ ਪ੍ਰੋਗਰਾਮ ਦਿੰਦੇ ਰਹਿੰਦੇ ਸਨ। ਉਨ੍ਹਾਂ ਦਾ ਟਰੁਪ ਦਿਹਾਤੀ ਇਲਾਕਿਆਂ ਵਿਚ ਇਤਨਾ ਹਰਮਨ ਪਿਆਰਾ ਹੋ ਗਿਆ ਕਿ ਮਹੀਨੇ ਵਿਚ 20-25 ਪ੍ਰੋਗਰਾਮ ਹੁੰਦੇ ਰਹਿੰਦੇ ਸਨ। ਉਨ੍ਹਾਂ ਦੀ ਹਰਮਨ ਪਿਆਰਤਾ ਇਤਨੀ ਵਧ ਗਈ ਕਿ ਕਈ ਵਾਰ ਤਾਂ ਇਕ ਦਿਨ ਵਿਚ 2-2 ਪ੍ਰੋਗਰਾਮ ਕਰਨੇ ਪੈਂਦੇ ਸਨ। ਕਈ ਵਾਰ ਇਕ-ਇਕ ਮਹੀਨਾ ਉਹ ਆਪਣੇ ਘਰ ਹੀ ਨਹੀਂ ਆਉਂਦੇ ਸਨ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਨੇਪਾਲ ਵਿਚ ਵੀ ਉਹ ਪ੍ਰੋਗਰਾਮ ਦੇਣ ਲਈ ਜਾਂਦੇ ਸਨ। ਅਖਾੜਾ ਪਰੰਪਰਾ ਨੂੰ ਜੀਵਤ ਰੱਖਣ ਵਿਚ ਰੱਬੀ ਬੈਰੋਂਪੁਰੀ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਹੈ। ਜਦੋਂ ਭਾਗ ਸਿੰਘ ਨੇ ਉਸਦੀ ਪਰਫਾਰਮੈਂਸ ਵੇਖੀ ਤਾਂ ਉਨ੍ਹਾਂ ਨੇ ਰੱਬੀ ਨੂੰ ਲੋਕ ਸੰਪਰਕ ਵਿਭਾਗ ਵਿਚ ਕਲਾਕਾਰ ਭਰਤੀ ਹੋਣ ਲਈ ਕਿਹਾ ਪ੍ਰੰਤੂ ਰੱਬੀ ਨੇ ਅਜ਼ਾਦ ਤੌਰ ਤੇ ਕੰਮ ਕਰਨ ਨੂੰ ਪਹਿਲ ਦਿੱਤੀ।
      ਰਂਬੀ ਬੈਰੋਂਪੁਰੀ ਦਾ ਜਨਮ ਰੋਪੜ ਜਿਲ੍ਹੇ ਪਿੰਡ ਬੈਰੋਂਪੁਰ ਵਿਚ 6 ਜੂਨ 1937 ਨੂੰ ਮਾਤਾ ਕਰਤਾਰ ਕੌਰ ਅਤੇ ਪਿਤਾ ਤਰਲੋਕ ਸਿੰਘ ਦੇ ਘਰ ਹੋਇਆ। ਇਹ ਪਿੰਡ ਹੁਣ ਮੋਹਾਲੀ ਜਿਲ੍ਹੇ ਵਿਚ ਹੈ। ਉਨ੍ਹਾਂ ਨੇ 8ਵੀਂ ਤੱਕ ਦੀ ਪੜ੍ਹਾਈ ਡੀ ਬੀ ਸਕੂਲ ਲਾਂਡਰਾਂ ਤੋਂ ਹਾਸਲ ਕੀਤੀ। ਬਚਪਨ ਤੋਂ ਹੀ ਆਪਨੂੰ ਕਿੱਸੇ ਪੜ੍ਹਨ ਅਤੇ ਗਾਉਣ ਦਾ ਸ਼ੌਕ ਸੀ। ਇਸ ਸ਼ੌਕ ਕਰਕੇ ਹੀ ਉਹ ਬੈਂਤ ਲਿਖਣ ਲੱਗ ਪਏ। ਉਨ੍ਹਾਂ ਦੀਆਂ ਹੁਣ ਤੱਕ ਕਵਿਤਾ ਦੀਆਂ 2 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। 5 ਸਾਲ ਦੀ ਉਮਰ ਵਿਚ 1942 ਹੀ ਉਨ੍ਹਾਂ ਦਾ ਵਿਆਹ ਬੀਬੀ ਚਰਨ ਕੌਰ ਨਾਲ ਹੋ ਗਿਆ ਪ੍ਰੰਤੂ ਮੁਕਲਾਵਾ 18 ਸਾਲ ਦੀ ਉਮਰ ਵਿਚ 1955 ਵਿਚ ਲਿਆਂਦਾ। ਸ਼ੁਰੂ ਵਿਚ ਸੱਥਾਂ ਵਿਚ ਆਪ ਲੋਕਾਂ ਨੂੰ ਕਿੱਸੇ ਸੁਣਾਇਆ ਕਰਦੇ ਸੀ। ਫਿਰ ਉਨ੍ਹਾਂ ਨੂੰ ਵਿਆਹਾਂ ਵਿਚ ਸਿੱਖਿਆ ਅਤੇ ਸਿਹਰੇ ਪੜ੍ਹਨ ਲਈ ਲਿਜਾਇਆ ਜਾਣ ਲੱਗ ਪਿਆ। ਸਟੇਜ ਤੇ ਗਾਉਣ ਅਤੇ ਭੰਗੜਾ ਪਾਉਣ ਦੀ ਦਲੇਰੀ ਬਚਪਨ ਵਿਚ ਹੀ ਹੋ ਗਈ ਸੀ। ਸਕੂਲ ਦੀਆਂ ਸਭਿਅਚਾਰਕ ਸਰਗਰਮੀਆਂ ਨੇ ਵੀ ਉਨ੍ਹਾਂ ਦੇ ਸ਼ੌਕ ਨੂੰ ਬੂਰ ਪਾਇਆ। ਉਨ੍ਹਾਂ ਦੇ ਤਿੰਨ ਲੜਕੇ ਹਨ। ਅਜੇ ਵੀ 84 ਸਾਲ ਦੀ ਉਮਰ ਵਿਚ ਉਸਦੀ ਗਾਇਕੀ ਦੀ ਬੜਕ ਬਰਕਰਾਰ ਸੀ। ਸੋਟੀ ਦੇ ਸਹਾਰੇ ਤੁਰਨ ਵਾਲਾ ਰੱਬੀ ਬੈਰੋਂਪੁਰੀ ਅਜੇ ਵੀ ਸਮਾਜਕ ਸਮਾਗਮਾਂ ਵਿਚ ਆਪਣੀ ਗਾਇਕੀ ਦੇ ਜ਼ੌਹਰ ਵਿਖਾਉਂਦਾ ਰਹਿੰਦਾ ਸੀ ਕਿਉਂਕਿ ਉਸਦੀ ਆਵਾਜ਼ ਵਿਚ ਦਮ ਸੀ। ਗੀਤ ਗਾਉਣ ਸਮੇਂ ਲੰਮੀ ਹੇਕ ਲਾਉਂਦਾ ਸੀ, ਜਿਸ ਕਰਕੇ ਉਨ੍ਹਾਂ ਨੂੰ ਲੰਮੀ ਹੇਕ ਦਾ ਬਾਦਸ਼ਾਹ ਵੀ ਕਿਹਾ ਜਾ ਸਕਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਸੁਖਦੇਵ ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ - ਉਜਾਗਰ ਸਿੰਘ

ਸੁਖਦੇਵ ਸਿੰਘ ਸ਼ਾਂਤ ਬਹੁਪੱਖੀ ਸਾਹਿਤਕਾਰ ਹੈ। ਉਨ੍ਹਾਂ ਨੇ ਸਾਹਿਤ ਦੀਆਂ ਕਈ ਵਿਧਾਵਾਂ ਵਿਚ ਲਿਖਿਆ ਹੈ। ਉਨ੍ਹਾਂ ਦੀ ਇਹ 11ਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਬੱਚਿਆਂ ਲਈ ਕਾਵਿ ਸੰਗ੍ਰਹਿ, ਦੋ ਬਾਲ ਕਹਾਣੀਆਂ ਦੇ ਸੰਗ੍ਰਹਿ ਅਤੇ ਇਕ ਵਾਰਤਕ ਦੀ ਪੁਸਤਕ ਪ੍ਰਕਾਸ਼ਤ ਹੋ ਚੁਕੀਆਂ ਹਨ। ਇਸ ਪੁਸਤਕ ਵਿਚ 63 ਮਿੰਨੀ ਕਹਾਣੀਆਂ ਹਨ, ਜਿਨ੍ਹਾਂ ਦੇ ਵਿਸ਼ੇ ਗ਼ਰੀਬੀ, ਭੁੱਖਮਰੀ, ਵਹਿਮ ਭਰਮ, ਅੰਧਵਿਸ਼ਵਾਸ਼, ਭਰਿਸ਼ਟਾਚਾਰ, ਬੇਰੋਜ਼ਗਾਰੀ, ਜ਼ਾਤ ਪਾਤ , ਹਾਜ਼ਰੀ ਹੀ ਹਾਜ਼ਰੀ ਅਤੇ ਬੇਈਮਾਨੀ ਹਨ। ਇਹ ਸਾਰੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ। ਰਿਸ਼ਤੇਦਾਰੀ, ਸ਼ਗਨ, ਸਹਾਰਾ, ਵਿਦਾਇਗੀ ਅਤੇ ਰਿਸ਼ਤੇ ਕਾਗਜ਼ ਦੇ ਮਿੰਨੀ ਕਹਾਣੀਆਂ ਸਮਾਜਿਕ ਰਿਸ਼ਤਿਆਂ ਵਿਚ ਆਈ ਗਿਰਾਵਟ ਦੀ ਨਿਸ਼ਾਨੀ ਹਨ। ਰਿਸ਼ਤੇਦਾਰੀ ਕਹਾਣੀ ਵਿਚ ਚਾਰ ਸਾਲ ਦਾ ਬੱਚਾ ਆਪਣੇ ਦਾਦਾ ਦੀ ਉਡੀਕ ਸਿਰਫ਼ ਇਸ ਕਰਕੇ ਕਰਦਾ ਹੈ ਕਿ ਉਹ ਆਉਣਗੇ ਤਾਂ ਉਨ੍ਹਾਂ ਦੇ ਫ਼ੋਨ ਉਪਰ ਗੇਮਾ ਖੇਡੇਗਾ। ਦਾਦਾ ਨਾਲ ਹੋਰ ਕੋਈ ਪਿਆਰ ਅਤੇ ਲਗਾਓ ਨਹੀਂ ਹੈ। ਏਸੇ ਤਰ੍ਹਾਂ ਰਿਸ਼ਤੇ ਕਾਗ਼ਜ਼ ਦੇ ਵਿਚ ਸਪੁਤਰੀ ਆਪਣੀ ਮਾਂ ਦੇ ਸਸਕਾਰ ਅਤੇ ਭੋਗ ‘ਤੇ ਨਹੀਂ ਪਹੁੰਚਦੀ ਪ੍ਰੰਤੂ ਜਦੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਮਾਂ ਨੇ ਆਪਣੀ ਜਾਇਦਾਦ ਵੀ ਵਸੀਅਤ ਵਿਚ ਉਸਦਾ ਹਿੱਸਾ ਲਿਖਿਆ ਹੋਇਆ ਹੈ ਤਾਂ ਉਹ ਆਪਣੀ ਮਾਂ ਦਾ ਅਖ਼ਬਾਰ ਵਿਚ ਇਸ਼ਤਿਹਾਰ ਦੇ ਦਿੰਦੀ ਹੈ ਕਿ ਮਾਂ ਵਰਗਾ ਘਣਛਾਵਾਂ ਬੂਟਾ ਹੋਰ ਕੋਈ ਨਹੀਂ ਹੁੰਦਾ। ਭਾਵ ਇਨਸਾਨ ਵਿਚ ਇਨਸਾਨੀਅਤ ਅਤੇ ਰਿਸ਼ਤਿਆਂ ਦਾ ਨਿੱਘ ਨਹੀਂ ਰਿਹਾ। ਸਿਰਫ ਪੈਸੇ ਨਾਲ ਪਿਆਰ ਹੈ। ਸਹਾਰਾ ਕਹਾਣੀ ਬਜ਼ੁਰਗਾਂ ਨੂੰ ਖਾਂਦੇ ਪੀਂਦੇ ਪਰਿਵਾਰਾਂ ਵੱਲੋਂ ਬਿਰਧ ਘਰਾਂ ਵਿਚ ਭੇਜਣ ਬਾਰੇ ਹੈ ਕਿਉਂਕਿ ਸਾਡੇ ਸਮਾਜ ਦੇ ਸਮਾਜਿਕ ਰਿਸ਼ਤਿਆਂ ਵਿਚ ਗਿਰਾਵਟ ਆ ਇਤਨੀ ਆ ਗਈ ਹੈ ਕਿ ਉਹ ਆਪਣੇ ਮਾਪਿਆਂ ਤੋਂ ਵੀ ਨਾਤਾ ਤੋੜ ਲੈਂਦੇ ਹਨ। ਸ਼ਗਨ ਕਹਾਣੀ ਵਿਚ ਵੀ ਇਨਸਾਨ ਦੀ ਮਾਨਸਿਕਤਾ ਅਤੇ ਗਿਰਾਵਟ ਦੀ ਬਾਤ ਪਾਉਂਦੀ ਹੈ। ਜਦੋਂ ਸ਼ਗਨ ਵਿਚ ਤਾਂ 21 ਰੁਪਏ ਦਿੰਦੇ ਹਨ ਪ੍ਰੰਤੂ ਸਾਰਾ ਟੱਬਰ ਖਾਣਾ ਖਾਣ ਲਈ ਪਹੁੰਚ ਜਾਂਦੇ ਹਨ। ਪਰਵਚਨ ਅਤੇ ਅੰਨ੍ਹੀ ਵਕਾਲਤ ਦੋਵੇਂ ਕਹਾਣੀਆਂ ਧਾਰਮਿਕ ਬਾਬਿਆਂ ਦੇ ਪਦਾਰਥਵਾਦੀ ਹੋਣ ਦਾ ਪ੍ਰਤੱਖ ਪ੍ਰਮਾਣ ਹਨ, ਕਿਉਂਕਿ ਬਾਬੇ ਧਾਰਮਿਕ ਕੰਮ ਕਰਨ ਦੀ ਥਾਂ ਜਾਇਦਾਦਾਂ ਬਣਾਉਣ ਵਿਚ ਮਸਰੂਫ਼ ਹਨ। ਇਨ੍ਹਾਂ ਬਾਬਿਆਂ ਦੇ ਚੁੰਗਲ ਵਿਚ ਫਸੇ ਹੋਏ ਲੋਕ ਵੀ ਬਾਹਰ ਨਿਕਲਣ ਨੂੰ ਤਿਆਰ ਨਹੀਂ ਹਨ। ਧਾਰਮਿਕ ਬਾਬੇ ਵੀ ਹੁਣ ਆਧੁਨਿਕ ਕਿਸਮ ਦੇ ਖਾਦ ਪਦਾਰਥ ਖਾਣ ਨੂੰ ਪਹਿਲ ਦਿੰਦੇ ਹਨ। ਜ਼ਿੰਦਗੀ ਦੀ ਵਾਪਸੀ ਇਸਤਰੀਆਂ ਦੇ ਗਹਿਣਿਆਂ ਨਾਲ ਪਿਆਰ ਦਾ ਪ੍ਰਗਟਾਵਾ ਕਰਦੀ ਹੈ। ਤਰਸ ਨਾਮ ਦੀ ਕਹਾਣੀ ਵੀ ਇਨਸਾਨ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ, ਜਦੋਂ ਇਨਸਾਨ ਗ਼ਰੀਬ ਰਿਕਸ਼ੇ ਵਾਲੇ ਨੂੰ ਉਸਦੀ ਮਿਹਨਤ ਦਾ ਮੁੱਲ ਦੇਣ ਲਈ ਤਿਆਰ ਨਹੀਂ,ਸਗੋਂ ਇਸਤਰੀ ਵੁਲਟਾ ਕਹਿੰਦੀ ਹੈ ਕਿ ਸਰਦੀ ਵਿਚ ਇਹ ਵਿਚਾਰੇ ਨੂੰ ਰਿਕਸ਼ੇ ਨੂੰ ਚਲਾਉਣਾ ਮੁਸ਼ਕਲ ਹੋਵੇਗਾ । ਸਿਖਿਆ ਕਹਾਣੀ ਦਰਸਾਉਂਦੀ ਹੈ ਕਿ ਜਿਹੋ ਜਿਹਾ ਤੁਸੀਂ ਆਪਣੇ ਬੱਚਿਆਂ ਸਾਹਮਣੇ ਵਿਵਹਾਰ ਕਰੋਗੇ, ਉਹੋ ਜਿਹਾ ਹੀ ਬੱਚੇ ਨਕਲ ਕਰਕੇ ਕਰਨਗੇ। ਭਾਵ ਜਿਹੋ ਜਿਹਾ ਬੀਜੋਗੇ, ਉਹੋ ਜਿਹਾ ਹੀ ਵੱਢੋਗੇ। ਲੜਾਈ ਕਹਾਣੀ ਵੀ ਸਾਡੇ ਸਮਾਜ ਵਿਚ ਆਪਣੇ ਆਪ ਨੂੰ ਵੱਡਾ ਵਿਖਾਉਣ ਦੇ ਘੁਮੰਡ ਬਾਰੇ ਜਾਣਕਾਰੀ ਦਿੰਦੀ ਹੈ ਕਿ ਅਸੀਂ ਕਿਸੇ ਇਨਸਾਨ ਨੂੰ ਆਪਣੇ ਨਾਲੋਂ ਵੱਡਾ ਬਣਦੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਮੀਤੋ ਦਾ ਚੰਗੇ ਖਾਂਦੇ ਪੀਂਦੇ ਘਰ ਵਿਚ ਵਿਆਹੇ ਜਾਣ ਤੇ ਵੀ ਖੁੰਦਕ ਹੋ ਜਾਂਦੀ ਹੈ। ਨਜ਼ਰੀਆ, ਮਾਂ ਦੀ ਸਿੱਖਿਆ, ਪੈਮਾਨਾ, ਬੇਈਮਾਨ ਲੋਕ, ਸਟਾਕ ਦੀ ਪੜਤਾਲ ਅਤੇ ਪੁੱਛ ਕਹਾਣੀਆਂ ਭਰਿਸ਼ਟਾਚਾਰ ਦੀ ਬਿਮਾਰੀ ਬਾਰੇ ਹਨ। ਰਿਸ਼ਵਤ ਦੀ ਕਮਾਈ ਬਾਰੇ ਹਰ ਇਕ ਇਨਸਾਨ ਦਾ ਆਪੋ ਆਪਣਾ ਨਜ਼ਰੀਆ ਹੈ। ਪਤਨੀ, ਪਤੀ ਦੇ ਬਿਮਾਰ ਹੋਣ ਨੂੰ ਰਿਸ਼ਵਤ ਲੈਣ ਕਰਕੇ ਪਰਮਾਤਮਾ ਦੀ ਕਰੋਪੀ ਮੰਨਕੇ ਰਿਸ਼ਵਤ ਦੀ ਕਮਾਈ ਨਾ ਲੈਣ ਲਈ ਆਪਣੇ ਪਤੀ ਨੂੰ ਕਹਿੰਦੀ ਹੈ ਪ੍ਰੰਤੂ ਪਤੀ ਕਹਿੰਦਾ ਜੇ ਰਿਸ਼ਵਤ ਦੀ ਕਮਾਈ ਨਾ ਹੁੰਦੀ ਤਾਂ ਇਲਾਜ ਨਹੀਂ ਹੋ ਸਕਣਾ ਸੀ।  ਇਸ ਲਈ ਇਹ ਕੰਮ ਬਾਦਸਤੂਰ ਜ਼ਾਰੀ ਰਹੇਗਾ। ਇਸੇ ਤਰ੍ਹਾਂ ਮਾਂ ਦੀ ਸਿਖਿਆ ਕਹਾਣੀ ਵਿਚ ਬੱਚੇ ਬਾਪ ਨੂੰ ਪਾਪ ਦੀ ਕਮਾਈ ਖਾਣ ਤੋਂ ਇਨਕਾਰ ਕਰਦੇ ਹਨ, ਜੋ ਆਧੁਨਿਕ ਸਮੇਂ ਦੇ ਬੱਚਿਆਂ ਦੀ ਸੋਚ ਵਿਚ ਆਈ ਤਬਦੀਲੀ ਦਾ ਲਖਾਇਕ ਹੈ। ਪੈਮਾਨਾ ਕਹਾਣੀ ਵਿਚ ਸਾਹਿਤਕ ਆਲੋਚਕਾਂ ਦਾ ਸ਼ਰਾਬਾਂ ਪੀ ਕੇ ਘਟੀਆ ਸਾਹਿਤ ਦੀ ਪ੍ਰਸੰਸਾ ਵਿਚ ਲੇਖ ਲਿਖਣੇ ਵੀ ਸਾਹਿਤਕ ਭਰਿਸ਼ਟਾਚਾਰ ਦਾ ਇਕ  ਨਮੂਨਾ ਹੈ। ਜੋੜੀ ਕਹਾਣੀ ਅੱਜ ਦੀ ਨੌਜਵਾਨ ਪੀੜ੍ਹੀ ਦੇ ਵਿਆਹ ਸੰਬੰਧੀ ਵਿਚਾਰਾਂ ਦੀ ਆਧੁਨਿਕਤਾ ਦਾ ਪ੍ਰਤੀਕ ਹੈ। ਤਸਵੀਰਾਂ ਕਹਾਣੀ ਅਖ਼ਬਾਰ ਵਿਚ ਗ਼ਰੀਬ ਬੱਚਿਆਂ ਦੀ ਤਸਵੀਰ ਪ੍ਰਕਾਸ਼ਤ ਹੋਣ ‘ਤੇ ਬੱਚੇ ਆਪਣੇ ਮਾਂ ਬਾਪ ਤੋਂ ਜਾਣਕਾਰੀ ਲੈਣਾ ਚਾਹੁੰਦੇ ਹਨ ਪ੍ਰੰਤੂ ਮਾਂ ਬਾਪ ਬੱਚਿਆਂ ਨੂੰ ਦੱਸਣ ਤੋਂ ਇਨਕਾਰੀ ਹੋ ਰਹੇ ਹਨ। ਇਨਾਮ ਦਾ ਮੁੱਲ ਕਹਾਣੀ ਦਰਸਾਉਂਦੀ ਹੈ ਕਿ ਵਿਓਪਾਰੀਆਂ ਨੂੰ ਇਨਾਮ ਨਾਲ ਕੋਈ ਮਤਲਬ ਸਗੋਂ ਇਨਾਮ ਵਿਚ ਕਿਤਨੀ ਰਕਮ ਮਿਲਣੀ ਹੈ, ਉਸ ਨਾਲ ਪਿਆਰ ਹੈ। ਇਹ ਵਿਓਪਾਰੀਆਂ ਦੀ ਪ੍ਰਵਿਰਤੀ ਦਰਸਾਉਂਦੀ ਹੈ। ਚੀਜ਼ਾਂ ਦਾ ਮੁੱਲ ਦਾ ਭਾਵ ਹਰ ਚੀਜ਼ ਦੀ ਚੋਰੀ ਹੋ ਸਕਦੀ ਹੈ ਪ੍ਰੰਤੂ ਸਿਖਿਆ ਅਜਿਹਾ ਗਹਿਣਾ ਹੈ, ਜਿਹੜਾ ਚੋਰੀ ਨਹੀਂ ਹੋ ਸਕਦਾ। ਬੇਰੋਜ਼ਗਾਰੀ ਕਹਾਣੀ ਨੌਕਰੀ ਮਿਲਣ ਵਾਲਿਆਂ ਦਾ ਬਦਲਿਆ ਨਜ਼ਰੀਆ ਦਰਸਾਉਂਦੀ ਹੈ। ਤਰੱਕੀ ਅਧਿਆਪਕਾਂ ਦੀ ਬੱਚਿਆਂ ਨੂੰ ਪੜ੍ਹਾਉਣ ਵਿਚ ਦਿਲਚਸਪੀ ਨਾ ਹੋਣ ਦਾ ਪ੍ਰਗਟਾਵਾ ਕਰਦੀ ਹੈ ਪ੍ਰੰਤੂ ਜਦੋਂ ਤਰੱਕੀ ਮਿਲਦੀ ਹੈ ਤਾਂ ਖ਼ੁਸ਼ ਹੋ ਜਾਂਦੇ ਹਨ। ਭਾਵ ਫ਼ਰਜ਼ਾਂ ਤੋਂ ਕੋਤਾਹੀ ਕਰ ਰਹੇ ਹਨ। ਸਰਪੰਚੀ ਕਹਾਣੀ ਸਾਡੇ ਪਰਜਾਤੰਤਰ ਵਿਚ ਇਸਤਰੀਆਂ ਦੇ ਰਾਖਵੇਂ ਕਰਨ ਸਮੇਂ ਵੀ ਮਰਦ ਆਪਣੀ ਹਓਮੈ ਛੱਡਣ ਨੂੰ ਤਿਆਰ ਨਹੀਂ। ਇਸਤਰੀਆਂ ਨਾਂ ਦੀਆਂ ਹੀ ਸਰਪੰਚ ਹੁੰਦੀਆਂ ਹਨ। ਉਨ੍ਹਾਂ ਦੇ ਘਰ ਵਾਲੇ ਹੀ ਸਾਰਾ ਕੰਮ ਕਰਦੇ ਹਨ। ਭਾਵ ਭਾਰਤ ਵਿਚ ਇਸਤਰੀ ਆਪਣੇ ਪੈਰਾਂ ਤੇ ਖੜ੍ਹੀ ਨਹੀਂ ਹੋ ਸਕਦੀ। ਨਵਾਂ ਆਦਮੀ ਕਹਾਣੀ ਜਿਸਦੇ ਨਾਮ ‘ਤੇ ਕਹਾਣੀ ਸੰਗ੍ਰਹਿ ਦਾ ਨਾਮ ਰੱਖਿਆ, ਸਮਾਜ ਵਿਚੋਂ ਭਰਿਸ਼ਟਾਚਾਰ ਖ਼ਤਮ ਹੋਣ ਦਾ ਸੰਕੇਤ ਕਰਦੀ ਹੈ। ਕਰੰਸੀ ਕਹਾਣੀ ਡਾਲਰਾਂ ਦੀ ਚਕਾਚੌਂਧ ਦਾ ਪਰਦਾ ਫਾਸ਼ ਕਰਦੀ ਹੈ। ਗੁਰੂ ਦੀ ਸਿਖਿਆ ਵਰਤਮਾਨ ਸਮੇਂ ਵਿਚ ਬੱਚਿਆਂ ਨੂੰ ਪਰਵਾਸ ਵਿਚ ਭੇਜਣ ਲਈ ਕੁੜੀਆਂ ਦੇ ਮੁੱਲ ਪੈ ਰਹੇ ਹਨ, ਅਜਿਹੇ ਮੌਕੇ ਜ਼ਾਤ ਪਾਤ ਨੂੰ ਭੁਲ ਜਾਂਦੇ ਹਨ। ਇਸ ਤੋਂ ਪਹਿਲਾਂ ਉਚੀ ਜ਼ਾਤ ਦੀ ਹਓਮੈ ਦਾ ਸ਼ਿਕਾਰ ਹੁੰਦਾ ਹੈ। ਬੇਅਦਬੀ, ਕਲਾ-ਕਾਰਾ, ਸਾਂਝ, ਬਾਹਰਲਾ ਤੋਹਫ਼ਾ, ਰਾਮ ਬਾਣ, ਵਿਦੇਸ਼ੀ ਭਾਸ਼ਾ, ਆਪਣਾ ਸਾਲ, ਮਾਂ ਬੋਲੀ ਦੀ ਕਰਾਮਾਤ, ਸਵੈਮਾਨ ਦੀ ਰਾਖੀ, ਮਹਿੰਗਾਈ, ਡਿਗਰੀ, ਵਧੀਆ ਜ਼ਿੰਦਗੀ, ਆਦਿ ਕਹਾਣੀਆਂ ਪਰਵਾਸ ਦੀ ਜ਼ਿੰਦਗੀ ਨਾਲ ਸੰਬੰਧਤ ਹਨ। ਪਰਵਾਸ ਵਿਚ ਸਾਡੇ ਲੋਕ ਕਿਸ ਤਰ੍ਹਾਂ ਵਿਚਰਦੇ ਅਤੇ ਭਾਰਤ ਆ ਕੇ ਕਿਹੋ ਜਿਹਾ ਵਿਵਹਾਰ ਕਰਦੇ ਹਨ। ਇਨ੍ਹਾਂ ਕਹਾਣੀਆਂ ਵਿਚ ਉਥੋਂ ਦੀ ਪ੍ਰਣਾਲੀ ਅਤੇ ਚਕਾ ਚੌਂਧ ਬਾਰੇ ਦੱਸਿਆ ਗਿਆ ਹੈ। ਪਰਵਾਸ ਵਿਚ ਸੈਟ ਹੋਣ ਦੇ ਦੁੱਖਾਂ ਦਰਦਾਂ ਅਤੇ ਕੀਰਤਨੀਆਂ ਵੱਲੋਂ ਉਥੇ ਸੈਟ ਹੋਣ ਲਈ ਵਰਤੇ ਜਾਂਦੇ ਹੱਥ ਕੰਡਿਆਂ ਦਾ ਪ੍ਰਗਟਾਵਾ ਵੀ ਹੈ। ਸਬਰ ਕਹਾਣੀ ਦਸਦੀ ਹੈ ਕਿ ਸਬਰ ਵਾਲੇ ਲੋਕ ਕਰੋਨਾ ਦੌਰਾਨ ਲੋਕਾਂ ਵੱਲੋਂ ਬਿਨਾ ਵਜਾਹ ਸਾਮਾਨ ਇਕੱਠਾ ਕਰਨ ਨੂੰ ਚੰਗਾ ਨਹੀਂ ਸਮਝਦੇ ਜਿਸਦੀ ਉਦਾਹਰਣ ਇਕ ਸਾਧਾਰਣ ਕਬਾੜੀਏ ਦੇ ਪਰਿਵਾਰ ਦੇ ਸਬਰ ਬਾਰੇ ਜਾਣਕਾਰੀ ਦਿੰਦੀ ਹੈ। ਕੁਝ ਲੋਕ ਅਜਿਹੇ ਹਾਲਾਤ ਸਾਮਾਨ ਇਕੱਠਾ ਕਰਕੇ ਆਪਣੀ ਘਟੀਆ ਮਾਨਸਿਕਤਾ ਦਾ ਪ੍ਰਦਰਸ਼ਨ ਕਰਦੇ ਹਨ। ਕੋਈ ਹਰਿਆ ਬੂਟਟ ਰਹਿਓ ਰੀ ਕਹਾਣੀ ਵਿਚ ਦੱਸਿਆ ਗਿਆ ਹੈ ਭਰਿਸ਼ਟਾਚਾਰ ਦੇ ਯੁਗ ਵਿਚ ਅਜੇ ਵੀ ਇਮਾਨਦਾਰੀ ਜ਼ਿੰਦਾ ਹੈ ਪ੍ਰੰਤੂ ਇਮਾਨਦਾਰ ਲੋਕਾਂ ਮਗਰ ਦਲਾਲ ਫਿਰਦੇ ਰਹਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਵਰਗਲਾਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਰਹਿਣ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072 

ujagarsingh48@yahoo.com
   

 ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ - ਉਜਾਗਰ ਸਿੰਘ

ਪੰਜਾਬੀ ਖਾਸ ਤੌਰ ‘ਤੇ ਸਿੱਖ ਵਿਰਾਸਤ ਬਹੁਤ ਅਮੀਰ ਹੈ ਪ੍ਰੰਤੂ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀ ਆਪਣੀ ਵਿਰਾਸਤ ‘ਤੇ ਪਹਿਰਾ ਦੇਣ ਵਿਚ ਸੰਜੀਦਾ ਨਹੀਂ ਹਨ। ਅਮਰੀਕ ਸਿੰਘ ਛੀਨਾ ਇਕ ਅਜਿਹੇ ਇਨਸਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਵਿਰਾਸਤ ‘ਤੇ ਪਹਿਰਾ ਦੇਣ ਨੂੰ ਅਰਪਨ ਕਰ ਦਿੱਤੀ। ਜ਼ਿੰਦਗੀ ਪਰਮਾਤਮਾ ਦਾ ਇਨਸਾਨ ਨੂੰ ਦਿੱਤਾ ਇਕ ਵਾਰ ਬਿਹਤਰੀਨ ਤੋਹਫਾ ਹੈ। ਇਸ ਤੋਹਫੇ ਨੂੰ ਉਸਨੇ ਕਿਸ ਤਰ੍ਹਾਂ ਵਰਤਣਾ ਹੈ, ਇਹ ਇਨਸਾਨ ਦਾ ਆਪਣਾ ਫੈਸਲਾ ਹੁੰਦਾ ਹੈ। ਆਮ ਤੌਰ ਤੇ ਇਨਸਾਨ ਆਪਣੀ ਸਾਰੀ ਉਮਰ ਹੀ ਝਗੜਿਆਂ ਝੇੜਿਆਂ, ਦੁਸ਼ਮਣੀਆਂ, ਰੰਜਸ਼ਾਂ, ਲਾਲਸਾਵਾਂ, ਘੁਣਤਰਾਂ, ਚੁੰਜ ਪਹੁੰਚਿਆਂ ਅਤੇ ਖਹਿਬਾਜ਼ੀ ਵਿਚ ਹੀ ਗੁਜ਼ਾਰ ਦਿੰਦਾ ਹੈ। ਚਾਹੀਦਾ ਤਾਂ ਇਹ ਹੈ ਕਿ ਕੁਦਰਤ ਦੀ ਇਸ ਦਾਤ ਦਾ ਸਦਉਪਯੋਗ ਕੀਤਾ ਜਾਵੇ। ਦੋਸਤੀਆਂ ਬਣਾਈਆਂ ਜਾਣ ਅਤੇ ਭਾਈਚਾਰਕ ਸੰਬੰਧਾਂ ਨੂੰ ਵਧਾਇਆ ਜਾਵੇ। ਜ਼ਿੰਦਗੀ ਨੂੰ ਆਨੰਦਮਈ ਢੰਗ ਨਾਲ ਜੀਵਿਆ ਜਾਵੇ। ਅਮਰੀਕ ਸਿੰਘ ਛੀਨਾ ਇਕ ਅਜਿਹਾ ਇਨਸਾਨ ਸੀ, ਜਿਹੜਾ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਹਮੇਸ਼ਾ ਖ਼ੁਸ਼ਮਿਜਾਜ ਰਹਿੰਦਾ ਸੀ। ਦੋਸਤ ਬਣਾਉਣੇ ਅਤੇ ਦੋਸਤੀਆਂ ਨਿਭਾਉਣਾ, ਹਰ ਦੋਸਤ ਦੇ ਦੁੱਖ ਸੁੱਖ ਦਾ ਸਾਥੀ ਬਣਨਾ ਉਸਦਾ ਸ਼ੌਕ ਸੀ। ਹਰ ਵਕਤ ਹਸਦੇ ਰਹਿਣਾ ਅਤੇ ਹਰ ਇਕ ਮਿਲਣ ਵਾਲੇ ਵਿਅਕਤੀ ਨਾਲ ਰਚ ਮਿਚ ਜਾਣਾ, ਇਹੀ ਉਸਦੀ ਜ਼ਿੰਦਗੀ ਦਾ ਨਿਸ਼ਾਨਾ ਸੀ। ਉਸਨੇ ਹਰ ਦੁਖ ਸੁਖ ਵਿਚ ਕਦੇ ਵੀ ਮੱਥੇ ਵੱਟ ਨਹੀਂ ਪਾਇਆ ਸੀ। ਉਹ ਇਕੱਲਾ ਰਹਿਣ ਵਿਚ ਯਕੀਨ ਨਹੀਂ ਰੱਖਦਾ ਸੀ, ਹਮੇਸ਼ਾ ਦੋਸਤਾਂ ਮਿਤਰਾਂ ਦੀ ਮਹਿਫਲ ਵਿਚ ਘਿਰਿਆ ਰਹਿੰਦਾ ਸੀ। ਉਸਦੀ ਦੋਸਤੀ ਦਾ ਦਾਇਰਾ ਵਿਸ਼ਾਲ ਸੀ। ਉਸਦੀ ਦੋਸਤੀ ਦੇ ਦਾਇਰੇ ਵਿਚ ਆਮ ਆਦਮੀ ਅਤੇ ਵੱਡੇ ਤੋਂ ਵੱਡੇ ਵਿਅਕਤੀ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ.ਬੇਅੰਤ ਸਿੰਘ ਅਤੇ ਜਸਦੇਵ ਸਿੰਘ ਸੰਧੂ ਨਾਲ ਉਨ੍ਹਾਂ ਦੇ ਨਿੱਜੀ ਸੰਬੰਧ ਸਨ। ਵੱਡੇ ਤੇ ਛੋਟੇ ਦੋਵੇਂ ਤਰ੍ਹਾਂ ਦੇ ਬੰਦਿਆਂ ਨਾਲ ਦੋਸਤੀ ਦਾ ਭਾਵ ਆਪਣੇ ਵਿਚ ਕੋਈ ਖਾਸ ਗੁਣ ਹੋਣਾ ਹੁੰਦਾ ਹੈ।
       ਪੰਜਾਬ ਅਤੇ ਖਾਸ ਤੌਰ ਤੇ ਪੈਪਸੂ ਦੀ ਵਿਰਾਸਤ ਬੜੀ ਅਮੀਰ ਹੈ। ਅਮਰੀਕ ਸਿੰਘ ਛੀਨਾ ਵਿਰਾਸਤੀ ਕਦਰਾਂ ਕੀਮਤਾਂ ਦੇ ਪਹਿਰੇਦਾਰ ਸਨ। ਪੈਪਸੂ ਦੀ ਰਾਜਧਾਨੀ ਪੰਜਾਬੀ ਵਿਰਾਸਤ ਦਾ ਮੁੱਖ ਕੇਂਦਰ ਪਟਿਆਲਾ ਹੈ। ਪਟਿਆਲਵੀਆਂ ਨੇ ਪੰਜਾਬੀ ਅਤੇ ਪੈਪਸੂ ਦੀਆਂ ਪਰੰਪਰਾਵਾਂ, ਪਹਿਰਾਵਾ, ਸੰਗੀਤ, ਰਹਿਤਲ, ਸਭਿਆਚਾਰ, ਸਭਿਅਤਾ, ਇਮਾਰਤਸਾਜੀ ਅਤੇ ਸਮਾਜ ਸੇਵਾ ਦੀ ਵਿਰਾਸਤ ਉਪਰ ਪਹਿਰਾ ਦਿੱਤਾ ਹੈ। ਪੈਪਸੂ ਦੀ ਵਿਰਾਸਤ ਸਮੁੱਚੇ ਦੇਸ ਦੀ ਵਿਰਾਸਤ ਤੋਂ ਵੱਖਰੀ, ਅਮੀਰ ਅਤੇ ਵਿਲੱਖਣ ਹੈ। ਇਸ ਵਿਰਾਸਤ ਨੂੰ ਬਣਾਉਣ ਅਤੇ ਪ੍ਰਫੁਲਤ ਕਰਨ ਵਿਚ ਸ਼ਾਹੀ ਘਰਾਣੇ ਦੇ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਸੰਸਾਰ ਵਿਚ ਪਟਿਆਲਾ ਸ਼ਾਹੀ ਰਵਾਇਤਾਂ ਅਤੇ ਪ੍ਰਾਹੁਣਚਾਰੀ ਦੀ ਵਿਲੱਖਣ ਪਹਿਚਾਣ ਹੈ। ਪਟਿਆਲਾ ਸ਼ਾਹੀ ਪਰਿਵਾਰ ਦਾ ਨਜ਼ਦੀਕੀ ਰਿਹਾ ਅਮਰੀਕ ਸਿੰਘ ਛੀਨਾ ਇਕ ਅਜਿਹੀ ਵਿਲੱਖਣ ਸ਼ਖ਼ਸ਼ੀਅਤ ਦੇ ਮਾਲਕ ਸਨ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿਚ ਪੁਰਾਤਨ ਵਿਰਾਸਤ ਦੀਆਂ ਪ੍ਰਤੀਕ ਵਸਤਾਂ ਦੀ ਸਾਂਭ ਸੰਭਾਲ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਰਹੇ ਸਨ। ਅਮਰੀਕ ਸਿੰਘ ਛੀਨਾ ਦੀ ਵਿਰਾਸਤ ਵੀ ਕਾਫੀ ਅਮੀਰ ਸੀ।  ਵਿਰਾਸਤੀ ਪੂੰਜੀ ਦੇ ਨਾਲ ਅਮਰੀਕ ਸਿੰਘ ਛੀਨਾ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰਨ ਦਾ ਐਸਾ ਇਤਫਾਕ ਹੋਇਆ ਕਿ ਉਹ ਹਰਫਨ ਮੌਲਾ ਬਣ ਗਿਆ ਅਤੇ ਉਨ੍ਹਾਂ ਦੀ ਸ਼ਖ਼ਸ਼ੀਅਤ ਵਿਚ ਨਿਖ਼ਾਰ ਆ ਗਿਆ। ਉਹ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਅਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਬਣਾਈ ਗਈ ਸਿੱਖ ਫੋਰਮ ਦੇ ਉਹ ਜਨਰਲ ਸਕੱਤਰ ਸਨ। ਅਮਰੀਕ ਸਿੰਘ ਛੀਨਾ ਸਾਰੀ ਉਮਰ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਰਹੇ। ਇਸ ਕਰਕੇ ਉਹ ਗਾਂਧੀ ਪਰਿਵਾਰ ਦੇ ਵੀ ਨੇੜੇ ਹੋ ਗਏ ਸਨ। ਸੰਜੇ ਗਾਂਧੀ ਅਤੇ ਰਾਜੀਵ ਗਾਂਧੀ ਦੀ ਯੂਥ ਬ੍ਰੀਗੇਡ ਦੇ ਉਹ ਮਹੱਤਵਪੂਰਨ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇਨਚਾਰਜ ਰਹੇ ਸਨ। ਉਹ ਪੰਜਾਬ ਯੂਥ ਕਾਂਗਰਸ ਦੇ ਸੰਯੁਕਤ ਸਕੱਤਰ, ਉਪ ਪ੍ਰਧਾਨ, ਜਿਲ੍ਹਾ ਯੂਥ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਅਤੇ ਨੈਸ਼ਨਲ ਕਾਊਂਸਲ ਆਫ ਯੂਥ ਕਾਂਗਰਸ ਦੇ ਮੈਂਬਰ ਵੀ ਸਨ।
    ਜਦੋਂ 1984 ਵਿਚ ਇਨਟੈਕ (ਦਾ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ) ਦਾ ਪੰਜਾਬ ਚੈਪਟਰ ਬਣਾਇਆ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਇਨਟੈਕ ਦੇ ਪੰਜਾਬ ਚੈਪਟਰ ਦੇ ਕਨਵੀਨਰ ਬਣਾਏ ਗਏ ਅਤੇ ਅਮਰੀਕ ਸਿੰਘ ਛੀਨਾ ਕੋ-ਕਨਵੀਨਰ ਬਣਾਇਆ ਗਿਆ। ਜਿਸ ਕਰਕੇ ਉਨ੍ਹਾਂ ਸਮੁੱਚੇ ਪੰਜਾਬ ਦੀਆਂ ਪੁਰਾਤਨ ਥਾਵਾਂ ਦੀ ਵੇਖ ਭਾਲ ਦਾ ਕੰਮ ਸੰਭਾਲਿਆ ਹੋਇਆ ਸੀ। ਉਹ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਵਸ਼ ਪਾਤਰ ਸਨ, ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇਨਟੈਕ ਦੇ ਪਟਿਆਲਾ ਚੈਪਟਰ ਦਾ ਕਨਵੀਨਰ ਬਣਾ ਦਿੱਤਾ। ਇਸ ਤੋਂ ਇਲਾਵਾ ਉਹ ਲੰਮਾ ਸਮਾਂ ਇਨਟੈਕ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਰਹੇ। ਪਟਿਆਲਾ ਚੈਪਟਰ ਦਾ ਕਨਵੀਨਰ ਹੋਣ ਦੇ ਨਾਤੇ ਉਨ੍ਹਾਂ ਦੀ ਜਿੰਮੇਵਾਰੀ ਸੀ ਕਿ ਉਹ ਪਟਿਆਲਾ ਸਥਿਤ ਪੁਰਾਤਨ ਇਮਾਰਤਾਂ ਜਿਨ੍ਹਾਂ ਵਿਚ ਕਿਲ੍ਹਾ ਮੁਬਾਰਕ, ਸ਼ੀਸ਼ ਮਹਿਲ, ਐਨ ਆਈ ਐਸ, ਮਾਈ ਕੀ ਸਰਾਂ, ਬੱਘੀ ਖਾਨਾ, ਬਹਾਦਰਗੜ੍ਹ ਦਾ ਕਿਲਾ੍ਹ, ਬਾਰਾਂਦਰੀ ਬਾਗ, ਪੋਲੋ ਗਰਾਊਂਡ, ਪਟਿਆਲਾ ਅੰਦਰੂਨ ਦੇ ਆਲੇ ਦੁਆਲੇ ਦਰਵਾਜੇ, ਕਾਲੀ ਦੇਵੀ ਦਾ ਮੰਦਰ, ਸਰਕਟ ਹਾਊਸ, ਰਾਜਿੰਦਰਾ ਕੋਠੀ, ਫਰਨ ਹਾਊਸ, ਜਿੰਮ ਖਾਨਾ ਕਲੱਬ ਅਤੇ ਹੋਰ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਦਾ ਕੰਮ ਕਰਨ। ਜਦੋਂ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਕਿਲ੍ਹੇ ਦੀ ਇਮਾਰਤ ਨੂੰ ਸ਼ਹਿਰੀਆਂ ਲਈ ਖ਼ਤਰਨਾਕ ਐਲਾਨ ਕਰਕੇ ਢਾਹੁਣ ਦਾ ਹੁਕਮ ਕਰ ਦਿੱਤਾ ਤਾਂ ਅਮਰੀਕ ਸਿੰਘ ਛੀਨਾ ਨੇ 1993 ਵਿਚ ਹਾਈ ਕੋਰਟ ਵਿਚ ਇਨਟੈਕ ਵੱਲੋਂ ਰਿਟ ਆਪਣੇ ਖ਼ਰਚੇ ਤੇ ਦਾਖਲ ਕਰਕੇ ਕਿਲ੍ਹੇ ਨੂੰ ਢਾਹੁਣ ਤੋਂ ਰੁਕਵਾਇਆ। ਇਸ ਸੰਬੰਧੀ ਉਹ ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਨੂੰ ਵੀ ਕਿਲ੍ਹਾ ਵਿਖਾਉਣ ਲਈ ਲੈ ਕੇ ਆਇਆ ਸੀ। ਪੋਲੋ ਗਰਾਊਂਡ ਵਿਚ ਇਮਾਰਤਾਂ ਬਣਾਉਣ ਤੋਂ ਰੋਕਣ ਲਈ ਵੀ ਉਨ੍ਹਾਂ ਨੇ ਹਾਈ ਕੋਰਟ ਦਾ ਸਹਾਰਾ ਲਿਆ। ਇਥੋਂ ਤੱਕ ਕਿ ਜਦੋਂ ਕਾਰ ਸੇਵਾ ਦੇ ਨਾਂ ਤੇ ਪਟਿਆਲਾ ਸ਼ਹਿਰ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬੀੜ ਮੋਤੀ ਬਾਗ ਸਾਹਿਬ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਕਰਵਾਉਣੀ ਚਾਹੀ ਤਾਂ ਵੀ ਉਸਨੇ ਇਸਦਾ ਡੱਟਕੇ ਵਿਰੋਧ ਕੀਤਾ। ਫਿਰ 1988 ਵਿਚ ਅੰਦਰੂਨ ਸ਼ਹਿਰ ਦੇ ਆਲੇ ਦੁਆਲੇ ਵਾਲੇ ਦਰਵਾਜਿਆਂ ਨੂੰ ਢਾਹੁਣ ਤੋਂ ਰੋਕਿਆ ਤਾਂ ਜੋ ਸ਼ਹਿਰ ਦੀ ਪੁਰਾਤਨ ਦਿਖ ਬਰਕਰਾਰ ਰਹਿ ਸਕੇ। 1988 ਵਿਚ ਹੀ ਉਨ੍ਹਾਂ ਨੇ ਸ਼ੀਸ਼ ਮਹਿਲ ਮੋਤੀ ਬਾਗ ਵਿਚਲੀ ਨੈਸ਼ਨਲ ਹਿਸਟਰੀ ਗੈਲਰੀ ਉਥੋਂ ਹਟਾਉਣ ਤੋਂ ਰੋਕਣ ਲਈ ਰਿਟ ਕਰਕੇ ਸਟੇਅ ਆਰਡਰ ਲਿਆ। ਸਹੀ ਅਰਥਾਂ ਵਿਚ ਅਮਰੀਕ ਸਿੰਘ ਛੀਨਾ ਇਕੱਲਾ ਇਕੱਹਿਰਾ ਹੀ ਇਕ ਸੰਸਥਾ ਜਿਤਨਾ ਕੰਮ ਕਰ ਰਹੇ ਸਨ। ਅਮਰੀਕ ਸਿੰਘ ਛੀਨਾ ਸਰਬਕਲਾਂ ਸੰਪੂਰਨ ਪੜਿ੍ਹਆ ਲਿਖਿਆ ਅਤੇ ਗੁੜਿ੍ਹਆ ਹੋਇਆ ਵਿਅਕਤੀ ਸਨ, ਜਿਹੜੇ ਹਰ ਖੇਤਰ ਦੀ ਬਾਰੀਕੀ ਨਾਲ ਜਾਣਕਾਰੀ ਰੱਖਦੇ ਸਨ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਮਾਹਿਰ ਸਨ। ਉਨ੍ਹਾਂ ਨਾਲ ਕਿਸੇ ਵਿਸ਼ੇ ਉਪਰ ਵਿਚਾਰ ਚਰਚਾ ਕਰ ਲਵੋ, ਹਮੇਸ਼ਾ ਸਾਰਥਕ ਅਤੇ ਉਸਾਰੂ ਵਿਚਾਰ ਪ੍ਰਗਟ ਕਰਦੇ ਸਨ। ਉਨ੍ਹਾਂ ਦੇ ਘਰ ਹਮੇਸ਼ਾ ਲੰਗਰ ਚਲਦਾ ਰਹਿੰਦਾ ਸੀ। ਗ਼ਰੀਬ ਲੜਕੀਆਂ ਦੀ ਪੜ੍ਹਾਈ ਅਤੇ ਵਿਆਹਾਂ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਸਨ। ਕਿਸੇ ਵੀ ਲੋੜਬੰਦ ਨੂੰ ਉਹ ਆਪਣੇ ਘਰੋਂ ਨਿਰਾਸ਼ ਹੋ ਕੇ ਨਹੀਂ ਜਾਣ ਦਿੰਦੇ ਸਨ। ਵਿਦੇਸ਼ਾਂ ਵਿਚੋਂ ਗੋਰਿਆਂ ਦੇ ਡੈਲੀਗੇਸ਼ਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ ਕੋਲ ਆਉਂਦੇ ਰਹਿੰਦੇ ਸਨ, ਉਨ੍ਹਾਂ ਨੂੰ  ਆਪਣੇ ਘਰ ਸਨੌਰ ਵਿਖੇ ‘‘ਸੰਤ ਹਜ਼ਾਰਾ ਸਿੰਘ ਫਾਰਮ’’ ਵਿਚ ਲਿਆਕੇ ਮਹਿਮਾਨ ਨਿਵਾਜੀ ਕਰਦੇ ਸਨ। ਪੰਜਾਬੀ ਸਭਿਆਚਾਰ ਨਾਲ ਵੀ ਉਹ ਪ੍ਰਣਾਇਆ ਹੋਏ ਸਨ। ਹਰ ਡੈਲੀਗੇਸ਼ਨ ਦੀ ਆਮਦ ਮੌਕੇ ਆਪਣੇ ਘਰ ਸਭਿਆਚਾਰਕ ਪ੍ਰੋਗਰਾਮ ਕਰਦੇ ਰਹਿੰਦੇ ਸਨ। ਸੰਗੀਤ ਦੇ ਉਹ ਸ਼ੈਦਾਈ ਸਨ, ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੀ ਲਾਇਬਰੇਰੀ ਵਿਚ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਪੁਸਤਕਾਂ ਅਤੇ ਪੁਰਾਤਨ ਗੀਤ ਅਤੇ ਸੰਗੀਤ ਦੀਆਂ ਕੈਸਟਾਂ ਉਪਲਭਧ ਹੁੰਦੀਆਂ ਸਨ। ਭੰਗੜੇ ਦੇ ਵੀ ਸ਼ੌਕੀਨ ਸਨ। ਉਸ ਵਿਚ ਇਹ ਗੁਣ ਸੀ ਕਿ ਹਰ ਡੈਲੀਗੇਸ਼ਨ ਦੀ ਪ੍ਰਾਹੁਣਚਾਰੀ ਉਹ ਖ਼ੁਦ ਆਪ ਕਰਦੇ ਸਨ। ਉਹ ਖ਼ੂਨ ਦਾਨ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਮੁਫ਼ਤ ਕੈਂਪ ਲਗਾਉਂਦੇ ਸਨ। ਰੋਟੇਰੀਅਨ ਦੇ ਤੌਰ ਤੇ ਅੰਬੈਸਡਰ ਆਫ ਗੁਡਵਿਲ ਦੇ ਤੌਰ ਤੇ ਫਿਨਲੈਂਡ ਅਤੇ ਇੰਗਲੈਂਡ ਵੀ ਗਏ ਸਨ। ਇਸ ਤੋਂ ਇਲਾਵਾ ਅਮਰੀਕਾ, ਕੈਨੇਡਾ, ਇਟਲੀ, ਫਰਾਂਸ ਅਤੇ ਪੱਛਵੀਂ ਜਰਮਨੀ ਦੀ ਯਾਤਰਾ ਵੀ ਕੀਤੀ ਸੀ।
     ਅਮਰੀਕ ਸਿੰਘ ਛੀਨਾ ਦਾ ਜਨਮ 9 ਦਸੰਬਰ 1949 ਨੂੰ ਸੰਤ ਹਜ਼ਾਰਾ ਸਿੰਘ ਅਤੇ ਮਾਤਾ ਇੰਦਰਜੀਤ ਕੌਰ ਦੇ ਘਰ ਲੁਧਿਆਣਾ ਜਿਲ੍ਹੇ ਦੇ ਦੋਰਾਹਾ ਵਿਖੇ ਹੋਇਆ। ਫਿਰ ਇਹ ਪਰਿਵਾਰ ਪਟਿਆਲਾ ਜਿਲ੍ਹੇ ਦੇ ਸਨੌਰ ਕਸਬੇ ਦੇ ਬਾਹਰਵਾਰ ਆਕੇ ਖੇਤਾਂ ਵਿਚ ਵਸ ਗਿਆ ਸੀ। ਬੀ.ਏ.ਤੱਕ ਦੀ ਪੜ੍ਹਾਈ ਮਹਿੰਦਰਾ ਕਾਲਜ ਪਟਿਆਲਾ, ਜਰਨਿਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਾਅ ਦੀ ਡਿਗਰੀ ਦੇਹਰਾਦੂਨ ਤੋਂ ਪਾਸ ਕੀਤੀ। ਅਮਰੀਕ ਸਿੰਘ ਛੀਨਾ ਦੀ 28 ਮਈ 1995 ਨੂੰ ਇਕ ਸੜਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ। ਉਨ੍ਹਾਂ ਦੀ ਪਤਨੀ ਸ੍ਰੀਮਤੀ ਸਤਵੰਤ ਕੌਰ ਛੀਨਾ, ਸਪੁੱਤਰ ਕਰਨਵੀਰ ਸਿੰਘ ਛੀਨਾ, ਨੂੰਹ ਪੁਸ਼ਪਿੰਦਰ ਕੌਰ ਛੀਨਾਂ ਅਤੇ ਸਪੁੱਤਰੀ ਅਨੰਤਬੀਰ ਕੌਰ ਚੀਮਾ ਸੰਤ ਹਜ਼ਾਰਾ ਸਿੰਘ ਅਤੇ ਅਮਰੀਕ ਸਿੰਘ ਛੀਨਾ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ।


 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh480yahoo.com

ਗਿਆਨ ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ ਅਛਰੂ ਸਿੰਘ  - ਉਜਾਗਰ ਸਿੰਘ

ਕਦੀ ਸੁਣਿਆਂ ਜਾਂ ਵੇਖਿਆ ਹੈ ਕਿ ਕਿਸੇ ਵਿਅਕਤੀ ਨੇ ਰੇਤਲੇ ਟਿਬਿਆਂ, ਉਡਦੀਆਂ ਗਰਦਾਂ, ਉਘੜ ਦੁਘੜੇ ਕੱਚੇ ਕਾਹੀਂ ਵਾਲੇ ਪੈਂਡਿਆਂ ਵਿਚੋਂ ਲੰਘਕੇ ਅਤੇ ਬਿਨਾ ਬਿਜਲੀ ਦੇ ਪਿੰਡ ਵਿਚੋਂ ਪੜ੍ਹਕੇ ਮਿਹਨਤ ਨਾਲ ਗਿਆਨ ਪ੍ਰਾਪਤ ਕੀਤਾ ਹੋਵੇ ਅਤੇ ਫਿਰ ਆਪਣੇ ਗਿਆਨ ਦੀ ਰੌਸ਼ਨੀ ਨਾਲ ਚਾਨਣ ਦੀਆਂ ਰਿਸ਼ਮਾਂ ਖਿਲਾਰਕੇ ਵਿਦਿਅਕ ਖੇਤਰ ਵਿਚ ਆਪਣੀ ਕਾਬਲੀਅਤ ਦਾ ਸਿੱਕਾ ਜਮਾਇਆ ਹੋਵੇ। ਮੋਤੀ ਨੂੰ ਲੱਭਣ ਦੀ ਲੋੜ ਨਹੀਂ ਹੁੰਦੀ, ਉਸਦੀ ਚਮਕ ਦਮਕ ਆਪਣੇ ਆਪ ਆਪਣੀ ਅਹਿਮੀਅਤ ਦਰਸਾ ਦਿੰਦੀ ਹੈ। ਅਜਿਹਾ ਹੀ ਇਕ ਮੋਤੀ ਰੇਤਲਿਆਂ ਟਿਬਿਆਂ ਤੇ ਉੜਦੀਆਂ ਧੂੜਾਂ ਅਤੇ ਵਿਦਿਆ ਦੇ ਹਨ੍ਹੇਰਿਆਂ ਵਿਚੋਂ ਆਪਣਾ ਰਸਤਾ ਬਣਾਕੇ ਆਪ ਤਾਂ ਚਮਕਿਆ ਹੀ ਸਗੋਂ ਆਪਣੇ ਅਣਗਿਣਤ ਵਿਦਿਆਰਥੀਆਂ ਵਿਚ ਜ਼ਿੰਦਗੀ ਜਿਓਣ ਦੇ ਗੁਣ ਪੈਦਾ ਕਰਕੇ, ਉਨ੍ਹਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ। ਉਹ ਮਹਾਨ ਵਿਦਵਾਨ ਪ੍ਰੋ ਅਛਰੂ ਸਿੰਘ ਹੈ, ਜਿਹੜਾ ਪੰਜਾਬ ਦੇ ਕਿਸੇ ਸਮੇਂ ਸਭ ਤੋਂ ਪਛੜੇ ਇਲਾਕੇ ਬਠਿੰਡਾ ਜਿਲ੍ਹੇ ਦੇ ਪਹਾੜਾਂ ਜਿਤਨੇ ਰੇਤਲੇ ਟਿਬਿਆਂ ਵਿਚ ਘਿਰੇ ਪਿੰਡ ਉਭਾ ਵਿਚ ਜਨਮ ਲੈ ਕੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੇ ਅੰਗਰੇਜ਼ੀ ਵਿਭਾਗ ਦੇ ਮੁੱਖੀ ਤੋਂ ਸੇਵਾ ਮੁਕਤ ਹੋਏ ਹਨ। ਹੁਣ ਇਹ ਪਿੰਡ ਮਾਨਸਾ ਜਿਲ੍ਹੇ ਵਿਚ ਪੈਂਦਾ ਹੈ। ਉਹ 36 ਸਾਲ ਦਿਹਾਤੀ ਇਲਾਕੇ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਉਂਦੇ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਜਿਸ ਇਲਾਕੇ ਬਾਰੇ ਕਿਹਾ ਜਾਂਦਾ ਸੀ ਕਿ ਇਥੋਂ ਦੇ ਲੋਕਾਂ ਨੂੰ ਸਮਾਜਿਕ ਤਾਣੇ ਬਾਣੇ ਵਿਚ ਵਿਵਹਾਰ ਕਰਨਾ ਹੀ ਨਹੀਂ ਆਉਂਦਾ, ਉਥੋਂ ਦਾ ਜੰਮਿਆ ਪਲਿਆਂ ਅਛਰੂ ਸਿੰਘ ਅੰਗਰੇਜ਼ੀ ਦਾ ਪ੍ਰੋਫੈਸਰ ਬਣਿਆਂ। ਇਥੇ ਹੀ ਬਸ ਨਹੀਂ ਤੁਸੀਂ ਹੈਰਾਨ ਹੋਵੋਗੇ ਕਿ ਉਹ ਮਾਨਸਾ ਕਾਲਜ ਵਿਚ ਸੂਤਰਧਾਰ ਦਾ ਕੰਮ ਕਰਦਾ ਰਿਹਾ। ਉਹ ਕਾਲਜ ਵਿਚ ਹਰਫਨ ਮੌਲਾ ਅਧਿਆਪਕ ਦੇ ਤੌਰ ਤੇ ਵਿਰਦੇ ਰਹੇ। ਯੁਵਕ ਭਲਾਈ, ਸਭਿਆਚਾਰ ਪ੍ਰੋਗਰਾਮਾ, ਐਨ ਐਸ ਐਸ  ਅਤੇ ਭੰਗੜੇ ਦੀ ਟੀਮ ਦੇ ਇਨਚਾਰਜ ਸਨ। ਇਸ ਤੋਂ ਇਲਾਵਾ ਕਾਲਜ ਮੈਗਜ਼ੀਨ ਦੇ ਅੰਗਰੇਜ਼ੀ ਸ਼ੈਕਸ਼ਨ ਦੇ ਸਟਾਫ ਇਨਚਾਰਜ ਰਹੇ। ਖ਼ੂਨ ਦਾਨ ਦੇ ਕੈਂਪ ਆਯੋਜਤ ਕਰਦੇ ਸਨ। ਇਲਾਕੇ ਵਿਚ ਬਾਲਗ ਵਿਦਿਆ ਦਾ ਪ੍ਰੰਬੰਧ ਵੀ ਕਰਦੇ ਸਨ। ਕਹਿਣ ਤੋਂ ਭਾਵ ਕਾਲਜ ਦੇ ਹਰ ਪ੍ਰੋਗਰਾਮ ਨੂੰ ਉਹ ਅਯੋਜਤ ਕਰਦੇ ਸਨ। ਅਸਲ ਵਿਚ ਉਨ੍ਹਾਂ ਇਕ ਸੰਸਥਾ ਜਿਤਨਾ ਕੰਮ ਕੀਤਾ ਹੈ। ਜਿਸ ਇਲਾਕੇ ਦੇ ਲੋਕਾਂ ਬਾਰੇ ਪੰਜਾਬੀਆਂ ਨੂੰ ਹੰਦੇਸ਼ਾ ਸੀ ਕਿ ਉਨ੍ਹਾਂ ਦਾ ਵਿਵਹਾਰ ਉਚ ਪੱਧਰ ਦਾ ਨਹੀਂ, ਉਸ ਇਲਾਕੇ ਦੇ ਵਿਦਵਾਨ ਪ੍ਰੋ ਅਛਰੂ ਸਿੰਘ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਸੇਵਾ ਮੁਕਤੀ ਤੋਂ ਬਾਅਦ ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਵਿਖੇ ਹਿਊਮੈਨਟੀਜ਼ ਦੇ ਪ੍ਰੋਫੈਸਰ ਲੱਗ ਗਏ ਅਤੇ ਸਤ ਸਾਲ ਵਿਦਿਆਰਥੀਆਂ ਨੂੰ ਮਨੁਖੀ ਕਦਰਾਂ ਕੀਮਤਾਂ ਬਾਰੇ ਪੜ੍ਹਾਉਂਦੇ ਰਹੇ। ਭਾਵ ਉਨ੍ਹਾਂ ਨੇ ਆਪਣੇ ਜੀਵਨ ਦੇ 43 ਸਾਲ ਸਾਲ ਵਿਦਿਆ ਵਿਭਾਗ ਨੂੰ ਸਮਰਪਤ ਕੀਤੇ। ਅਛਰੂ ਸਿੰਘ ਦਾ ਜਨਮ ਮੱਧ ਵਰਗੀ ਪਰਿਵਾਰ ਵਿਚ ਸਰਟੀਫੀਕਟਾਂ ਅਨੁਸਾਰ 3 ਮਈ 1948 ਨੂੰ ਹੋਇਆ ਪ੍ਰੰਤੂ ਪਰਿਵਾਰ ਉਨ੍ਹਾਂ ਦੇ ਜਨਮ ਦੀ ਮਿਤੀ 1 ਜਨਵਰੀ 1949 ਦਸ ਰਿਹਾ ਹੈ। ਉਨ੍ਹਾਂ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਖਾਲਸਾ ਹਾਇਰ ਸੈਕੰਡਰੀ ਸਕੂਲ ਮਾਨਸਾ ਤੋਂ ਪ੍ਰਾਪਤ ਕੀਤੀ। ਹਰ ਇਮਤਿਹਾਨ ਵਿਚ ਉਹ ਪਹਿਲੇ ਨੰਬਰ ਤੇ ਆਉਂਦੇ ਰਹੇ। ਉਨ੍ਹਾਂ ਦੇ ਜੀਵਨ ਦੀਆਂ ਕਈ ਗੱਲਾਂ ਵੱਖਰੀਆਂ ਅਤੇ ਵਿਲੱਖਣ ਹਨ। ਉਨ੍ਹਾਂ ਨੇ 1970 ਵਿਚ ਐਮ ਏ ਅੰਗਰੇਜ਼ੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਨਤੀਜੇ ਤੋਂ ਤੁਰੰਤ ਬਾਅਦ 1970 ਵਿਚ ਹੀ ਨਹਿਰੂ ਮੈਮੋਰੀਅਲ ਕਾਲਜ ਵਿਚ ਲੈਕਚਰਾਰ ਅੰਗਰੇਜ਼ੀ ਨੌਕਰੀ ਜਾਇਨ ਕਰ ਲਈ। ਉਨ੍ਹਾਂ ਦੀ ਕਾਬਲੀਅਤ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਥੇ ਵੀ ਉਹ ਹੋਰ ਕਈ ਥਾਵਾਂ ਤੇ ਇੰਟਰਵਿਊ ਲਈ ਗਏ ਹਰ ਥਾਂ ਤੇ ਚੁਣੇ ਗਏ। ਉਨ੍ਹਾਂ ਨੇ ਅਖ਼ੀਰ ਆਪਣੇ ਜੱਦੀ ਇਲਾਕੇ ਵਿਚ ਨੌਕਰੀ ਕਰਕੇ ਵਿਦਿਆਰਥੀਆਂ ਦਾ ਭਵਿਖ ਸੁਨਹਿਰਾ ਬਣਾਉਣ ਦਾ ਫੈਸਲਾ ਕਰਕੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਨੌਕਰੀ ਕਰ ਲਈ।
   ਪ੍ਰੋ ਅਛਰੂ ਸਿੰਘ ਨੇ ਲਗਪਗ 70 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ। ਇਨ੍ਹਾਂ ਵਿਚ ਤਿੰਨ ਦਰਜਨ ਅੰਗਰੇਜ਼ੀ ਦੇ ਮਹਾਨ ਵਿਦਵਾਨਾ ਦੀਆਂ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ, ਤਿੰਨ ਪੰਜਾਬੀ ਦੀਆਂ ਪੁਸਤਕਾਂ ਅੰਗਰੇਜ਼ੀ ਵਿਚ ਅਨੁਵਾਦ ਕੀਤੀਆਂ, ਇਕ ਦਰਜਨ ਅੰਗਰੇਜ਼ੀ ਦੀਆਂ ਪੁਸਤਕਾਂ ਸੰਪਾਦਤ ਕੀਤੀਆਂ, 10 ਪੰਜਾਬੀ ਦੀਆਂ ਮੌਲਿਕ ਪੁਸਤਕਾਂ ਅਤੇ ਦੋ ਹੋਰ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਜਿਨ੍ਹਾਂ ਵਿਚ ਪੰਚਤੰਤਰ ਦੀਆਂ 50 ਚੋਣਵੀਆਂ ਕਹਾਣੀਆਂ ਅਤੇ ਪੁਰਾਤਨ  ਭਾਰਤੀ ਕਥਾ ਕਹਾਣੀਆਂ ਸ਼ਾਮਲ ਹਨ। ਪ੍ਰੋ ਅਛਰੂ ਸਿੰਘ ਦੀਆਂ ਮੌਲਿਕ ਪੁਸਤਕਾਂ ਕੀਟਾ ਆਈ ਰੀਸ ਜੀਵਨੀ, ਜੀਵਨ ਦੇ ਰੰਗ  ਵਿਰਸਾ ਅਤੇ ਸਭਿਆਚਾਰ, ਦੇਖਿਆ ਸੁਣਿਆਂ ਅਤੇ ਹੰਢਾਇਆ, ਸਿੱਖ ਧਰਮ ਅਤੇ ਜੀਵਨ ਦਰਸ਼ਨ, ਜੀਵਨ ਬਾਤਾਂ, ਸ਼ਖਸੀਅਤ ਵਿਕਾਸ, ਕੋਮਲ ਹੁਨਰ, ਮਾਨਵੀ ਕਦਰਾਂ ਕੀਮਤਾਂ  ਅਤੇ ਚਾਨਣ ਭਰੀ ਚੰਗੇਰ ਹਨ। 20 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਿਅਕ ਕਾਨਫਰੰਸਾਂ ਅਤੇ ਸੈਮੀਨਾਰਾਂ ਵਿਚ ਹਿੱਸਾ ਲਿਆ। ਇਸੇ ਤਰ੍ਹਾਂ 30 ਖ਼ੂਨ ਦਾਨ, ਯੂਥ ਲੀਡਰਸ਼ਿਪ,  ਰਾਸ਼ਟਰੀ ਏਕਤਾ ਅਤੇ ਸਮਾਗਮ ਸ਼ਖਸੀਅਤ ਵਿਕਾਸ ਕੈਂਪਾਂ ਦਾ ਆਯੋਜਨ ਕੀਤਾ। 1976 ਵਿਚ ਭਾਰਤ ਸਰਕਾਰ ਦੇ ਯੁਵਕ ਅਤੇ ਸਭਿਆਚਾਰ ਮੰਤਰਾਲੇ ਦੇ ਵੱਖ-ਵੱਖ ਕਲਾਵਾਂ ਅਤੇ ਸਭਿਆਚਾਰਾਂ ਦੀ ਜਾਣਕਾਰੀ ਦੇਣ ਲਈ ਚੰਡੀਗੜ੍ਹ ਵਿਖੇ ਇਕ ਮਹੀਨੇ ਦੇ ਟ੍ਰੇਨਿੰਗ ਕੈਂਪ ਵਿਚ ਹਿੱਸਾ ਲਿਆ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਐਨ ਐਸ ਐਸ ਕੌਂਸਲ ਦੇ ਮੈਂਬਰ,  ਲੈਂਗੂਏਜ਼ ਫੈਕਲਟੀ ਅਤੇ ਬੋਰਡ ਆਫ ਅੰਡਰ ਗ੍ਰੈਜੂਏਟ ਸਟੱਡੀਜ਼ ਇਨ ਇੰਗਲਿਸ਼ ਦੇ ਮੈਂਬਰ ਬਣਾਇਆ ਹੋਇਆ ਸੀ। ਉਨ੍ਹਾਂ ਨੂੰ ਕਈ ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਵਲੋਂ ਮਾਨ ਸਨਮਾਨ ਵੀ ਮਿਲੇ ਹੋਏ ਹਨ ਜਿਨ੍ਹਾਂ ਵਿਚ ਭਾਸ਼ਾ ਵਿਭਾਗ ਪੰਜਾਬ ਦਾ ਗਿਆਨ ਸਾਹਿਤ ਦਾ ਸ਼ਰੋਮਣੀ ਸਾਹਿਤਕਾਰ ਸਨਮਾਨ 2014 ਸਿੱਖ ਧਰਮ ਜੀਵਨ ਅਤੇ ਦਰਸਸ਼ਨ ਪੁਸਤਕ ਲਈ ਐਮ ਐਸ ਰੰਧਾਵਾ ਗਿਆਨ ਸਾਹਿਤ ਪੁਰਸਕਾਰ ਅਤੇ ਆਪਣੀ ਲੜਕੀ ਕਰਾਂਤੀ ਨਾਲ ਸਾਂਝੀ ਪੁਸਤਕ ‘ਕਥਨ ਕੋਸ਼’ ਲਈ ਪਿ੍ਰੰਸੀਪਲ ਤੇਜਾ ਪੁਰਸਕਾਰ ਮਹੱਤਵਪੂਰਨ ਹਨ। ਅੰਤਰਰਾਸ਼ਟਰੀ ਪੱਧਰ ਦੀਆਂ ਪੁਸਤਕਾਂ ਦੇ ਅਨੁਵਾਦ ਲਈ ਵੀ ਕਈ ਸੰਸਥਾਵਾਂ ਨੇ ਸਨਮਾਨ ਕੀਤਾ। ਸਮਾਜ ਸੇਵਾ ਦੀ ਪ੍ਰਵਿਰਤੀ ਕਰਕੇ ਉਨ੍ਹਾਂ ਨੇ ਗ਼ਰੀਬ ਲੜਕੀਆਂ ਦੇ ਵਿਆਹਾਂ ਵਿਚ ਵੱਡਾ ਯੋਗਦਾਨ ਪਾਇਆ ਜਿਸ ਕਰਕੇ ਵੀ ਸਨਮਾਨ ਕੀਤੇ ਗਏ। ਸ਼ਹੀਦ ਭਗਤ ਸਿੰਘ ਕਲਾ ਮੰਚ ਨੇ ਉਨ੍ਹਾਂ ਦੇ ਪਿੰਡ ਉਭਾ ਦਾ ਨਾਮ ਰੌਸ਼ਨ ਕਰਨ ਕਰਕੇ ਸਨਮਾਨ ਕੀਤਾ। ਆਜ਼ਾਦ ਸ਼ੋਸਲ ਵੈਲਫੇਅਰ ਕਲਬ ਮਾਨਸਾ ਨੇ ਪੰਜਾਬ ਰਤਨ ਪੁਰਸਕਾਰ , ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ ਨੇ ਪ੍ਰਾਈਡ ਆਫ ਦਾ ਆਲਮਾ ਮਾਟੇ ਅਵਾਰਡ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਨੇ ਸਰਟੀਫੀਕੇਟ ਆਫ ਆਨਰ, ਮਲਵਈ ਪੰਜਾਬੀ ਸੱਥ ਮੰਡੀ ਕਲਾਂ ਬਠਿੰਡਾ ਨੇ ਭਾਈ ਕਾਹਨ ਸਿੰਘ ਨਾਭਾ ਪੁਰਸਕਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ ਐਸ ਐਸ ਵਿਭਾਗ ਨੇ ਜੀਵਨ ਗੌਰਵ ਪੁਰਸਕਾਰ, ਪੰਜਾਬ ਮੀਡੀਆ ਅਕਾਡਮੀ ਨੇ ਪੰਜਾਬ ਸੇਵਾ ਰਤਨ ਅਵਾਰਡ,  ਗਿਆਨਦੀਪ ਸਾਹਿਤ ਸਾਧਨਾ  ਮੰਚ ਪਟਿਆਲਾ ਨੇ ਸਨਮਾਨ, ਆਰਟ ਕਲੱਬ ਮੰਡੀ  ਗੋਬਿੰਦਗੜ੍ਹ ਨੇ ਕਲਮ ਅਵਾਰਡ ਅਤੇ ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350 ਵੇਂ ਪੁਰਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ  550ਵੇਂ ਪ੍ਰਕਾਸ਼ ਪੁਰਵ ਤੇ ਸਨਮਾਨਤ ਕੀਤਾ। ਉਨ੍ਹਾਂ ਨੇ ਇਕ ਦਰਜਨ ਦੇਸਾਂ ਦਾ ਸੈਰ ਸਪਾਟਾ ਵੀ ਕੀਤਾ, ਜਿਸ ਕਰਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋਇਆ। ਉਨ੍ਹਾਂ ਦੇ ਅਖਬਾਰਾਂ ਵਿਚ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਨੈਤਿਕਤਾ ਦੇ ਵਿਸ਼ਿਆਂ ਤੇ ਲੇਖ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਪ੍ਰੋ ਅਛਰੂ ਸਿੰਘ ਦੇ ਵਿਅਕਤਤਿਵ ਦਾ ਉਨ੍ਹਾਂ ਦੇ ਪੂਰੇ ਪਰਿਵਾਰ ਤੇ ਗਹਿਰਾ ਪ੍ਰਭਾਵ ਪਿਆ ਜਿਸ ਕਰਕੇ ਉਨ੍ਹਾਂ ਲੜਕਾ ਪਿ੍ਰਸੀਪਲ  ਧਰਮਿੰਦਰ ਸਿੰਘ ਉਭਾ ਨੂੰਹ ਪੋਤਰੀ ਸਾਰੇ ਹੀ  ਆਪੋ ਆਪਣੇ ਖੇਤਰ ਵਿਚ ਨਾਮਣਾ ਖੱਟ ਰਹੇ ਹਨ ਅਤੇ ਪੰਜਾਬੀ ਤੇ ਅੰਗਰੇਜ਼ੀ ਦੇ ਲਿਖਾਰੀ ਹਨ। ਪ੍ਰੋ ਅਛਰੂ ਸਿੰਘ ਦੀਆਂ ਰਚਨਾਵਾਂ ਤੇ ਸਾਂਝੇ ਤੌਰ ਪੀ ਐਚ ਡੀ ਅਤੇ ਐਮ ਫਿਲ ਦੀਆਂ ਖੋਜਾਂ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਜ਼ਿੰਦਗੀ ਦੀਆਂ ਪ੍ਰਾਪਤੀਆਂ ਤੇ ਇਕ ਪੁਸਤਕ ਵੀ ਲਿਖੀ ਗਈ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਕੁਦਰਤ, ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ  - ਉਜਾਗਰ ਸਿੰਘ

 ਪੰਜਾਬੀ ਵਿਚ ਸਾਹਿਤ ਦੇ ਸਾਰੇ ਰੂਪਾਂ ਵਿਚ ਵੱਡੀ ਮਾਤਰਾ ਵਿਚ ਲਿਖਿਆ ਜਾ ਰਿਹਾ ਹੈ। ਸਭ ਤੋਂ ਵੱਧ ਕਵਿਤਾ ਲਿਖੀ ਜਾ ਰਹੀ ਹੈ। ਕਵਿਤਾ ਲਿਖਣ ਵਾਲੀਆਂ ਕਵਿਤਰੀਆਂ ਜ਼ਿਆਦਾ ਹਨ। ਕਵਿਤਾ ਮੁਢਲੇ ਤੌਰ ਤੇ ਭਾਵਨਾਵਾਂ ਵਿਚ ਵਹਿਣ ਵਾਲੇ ਇਨਸਾਨ ਹੀ ਲਿਖ ਸਕਦੇ ਹਨ। ਇਸਤਰੀਆਂ ਮਰਦਾਂ ਨਾਲੋਂ ਜ਼ਿਆਦਾ ਭਾਵਨਾਵਾਂ ਦੇ ਵਹਿਣ ਵਿਚ ਵਹਿ ਜਾਂਦੀਆਂ ਹਨ। ਇਸਤਰੀਆਂ ਇਸ ਕਰਕੇ ਹੀ ਕਵਿਤਾ ਦੇ ਖੇਤਰ ਵਿਚ ਮੋਹਰੀ ਹਨ।  ਸ਼ੋਸ਼ਲ ਮੀਡੀਆ ਦੇ ਆਉਣ ਨਾਲ ਕਵੀਆਂ ਅਤੇ ਕਵਿਤਰੀਆਂ ਨੂੰ ਆਪਣੀਆਂ ਭਾਵਨਾਵਾਂ ਪਾਠਕਾਂ ਤੱਕ ਪਹੁੰਚਾਉਣਾ ਸੌਖਾ ਹੋ ਗਿਆ, ਜਿਸ ਕਰਕੇ ਵੱਡੀ ਮਾਤਰਾ ਵਿਚ ਪੰਜਾਬੀ ਵਿਚ ਕਵਿਤਾ ਲਿਖੀ ਜਾ ਰਹੀ ਹੈ। ਆਮ ਤੌਰ ਤੇ ਕਵਿਤਰੀਆਂ ਰੁਮਾਂਟਿਕ ਕਵਿਤਾਵਾਂ ਜ਼ਿਆਦਾ ਲਿਖਦੀਆਂ ਹਨ ਪ੍ਰੰਤੂ ਡਾ ਰੰਜੂ ਇਕ ਅਜਿਹੀ ਕਵਿਤਰੀ ਹੈ, ਜਿਹੜੀ ਕੁਦਰਤ ਦੇ ਕਾਦਰ ਦੀਆਂ ਰਹਿਮਤਾਂ ਨੂੰ ਕਵਿਤਾ ਦਾ ਰੂਪ ਦੇ ਰਹੀ ਹੈ। ਉਹ ਕੁਦਰਤ ਨਾਲ ਇਕ ਮਿਕ ਹੈ। ਉਨ੍ਹਾਂ ਦੀ ਇਹੋ ਵਿਲੱਖਣਤਾ ਹੈ। ਡਾ ਰੰਜੂ ਕਵਿਤਾ ਵਿਚ ਨਵੇਂ ਤਜ਼ਰਬੇ ਕਰ ਰਹੇ ਹਨ। ਉਹ ਕਵਿਤਾ ਭਾਵੇਂ ਕੁਦਰਤ ਦੇ ਕਾਦਰ ਦੀਆਂ ਇਨਸਾਨੀਅਤ ਨੂੰ ਦਿੱਤੀਆਂ ਦਾਤਾਂ ਬਾਰੇ ਲਿਖਦੇ ਹਨ ਪ੍ਰੰਤੂ ਉਨ੍ਹਾਂ ਦੀ ਕਮਾਲ ਇਹ ਹੈ ਕਿ ਉਹ ਇਸ ਢੰਗ ਨਾਲ ਕਵਿਤਾਵਾਂ ਲਿਖਦੇ ਹਨ, ਜਿਹੜੀਆਂ ਇਸਤਰੀਆਂ ਦੀ ਮਾਨਸਿਕਤਾ ਦਾ ਵੀ ਪ੍ਰਗਟਾਵਾ ਕਰਦੀਆਂ ਹਨ। ਭਾਵ ਉਨ੍ਹਾਂ ਦੀਆਂ ਕਵਿਤਾਵਾਂ ਕੁਦਰਤ, ਇਸਤਰੀਆਂ ਨਾਲ ਹੋ ਰਹੇ ਦੁਰਵਿਵਹਾਰ, ਰੁਮਾਂਸਵਾਦ, ਬਿਰਹਾ, ਮਨੁੱਖੀ ਰਿਸ਼ਤਿਆਂ ਵਿਚ ਤ੍ਰੇੜਾਂ, ਜਾਇਦਾਦਾਂ ਦੇ ਝਗੜੇ ਅਤੇ ਪਦਾਰਥਵਾਦ ਦੇ ਸਮਾਜਿਕ ਤਾਣੇ ਬਾਣੇ ਉਪਰ ਗਹਿਰੇ ਪ੍ਰਭਾਵ ਦੇ ਦਰਦ ਦੀ ਤਰਜ਼ਮਾਨੀ ਕਰਦੀਆਂ ਹਨ। ਉਨ੍ਹਾਂ ਨੂੰ ਕਵਿਤਾ ਦੀ ਗੁੜ੍ਹਤੀ ਆਪਣੀ ਵਿਰਾਸਤ ਵਿਚੋਂ ਹੀ ਮਿਲੀ ਕਿਉਂਕਿ ਨਾਨਕੇ ਅਤੇ ਦਾਦਕੇ ਪਰਿਵਾਰ ਪੜ੍ਹੇ ਲਿਖੇ ਸਨ। ਪ੍ਰੀਤਲੜੀ ਮਾਸਕ ਰਸਾਲਾ ਉਨ੍ਹਾਂ ਦੇ ਘਰ ਆਉਂਦਾ ਸੀ। ਉਨ੍ਹਾਂ ਦੇ ਪਿਤਾ ਮਨਮੋਹਨ ਸਿੰਘ ਮਹਿੰਦਰਾ ਕਾਲਜ ਦੇ ਪਿ੍ਰੰਸੀਪਲ ਅਤੇ ਮਾਤਾ ਬਲਜਿੰਦਰ ਕੌਰ ਵੀ ਪੰਜਾਬੀ ਦੇ ਪ੍ਰੋਫ਼ੈਸਰ ਸਨ, ਜਿਸ ਕਰਕੇ ਪੰਜਾਬੀ ਦੀਆਂ ਪੁਸਤਕਾਂ ਪੜ੍ਹਦੇ ਸਨ। ਪਹਿਲੀ ਕਵਿਤਾ ਉਨ੍ਹਾਂ ਮਰਦ ਔਰਤ ਦੇ ਸੰਬੰਧਾਂ ਦੀ ਖਟਾਸ ਬਾਰੇ ਐਮ ਬੀ ਬੀ ਐਸ ਕਰਦਿਆਂ ਹੀ ਲਿਖੀ ਸੀ। 1987 ਤੋਂ ਬਾਅਦ ਉਨ੍ਹਾਂ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ, ਜਿਥੋਂ ਉਨ੍ਹਾਂ ਨੂੰ ਗ਼ਰੀਬ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਇਸਤਰੀ ਦੀ ਦੁੱਖਾਂ ਭਰੀ ਜ਼ਿੰਦਗੀ ਨੂੰ ਨੇੜਿਓਂ ਜਾਨਣ ਦਾ ਇਤਫਾਕ ਹੋਇਆ। 2004 ਤੋਂ ਲਗਾਤਾਰ ਉਨ੍ਹਾਂ ਦੀਆਂ ਕਵਿਤਾਵਾਂ ਪੰਜਾਬੀ ਦੇ ਰਸਾਲਿਆਂ ਅਤੇ ਅਖ਼ਬਾਰਾਂ ਦਾ ਸ਼ਿੰਗਾਰ ਬਣਨ ਲੱਗ ਗਈਆਂ। ਉਨ੍ਹਾਂ ਦੀ ਇਕ ਕਵਿਤਾ ਹੈ, ‘‘ ਅੱਧਾ ਹਰਿਆ ਪੱਤਾ’’ ਜਿਸਨੂੰ ਪੜ੍ਹਕੇ ਆਮ ਪਾਠਕ ਸਹਿਜੇ ਹੀ ਮਹਿਸੂਸ ਕਰੇਗਾ ਕਿ ਇਹ ਕਵਿਤਾ ਕੁਦਰਤ ਨਾਲ ਹੋ ਰਹੇ ਖਿਲਵਾੜ ਬਾਰੇ ਹੈ ਪ੍ਰੰਤੂ ਇਹ ਬਹੁ ਅਰਥੀ ਅਤੇ ਬਹੁਰੰਗੀ ਕਵਿਤਾ ਹੈ। ਜਿਸ ਵਿਚੋਂ ਬਿਰਹਾ ਦਾ ਦਰਦ ਝਲਕਦਾ ਹੈ। ਰੁਮਾਂਸਵਾਦ ਦੀ ਚੀਸ ਪੈਂਦੀ ਹੈ। ਇਨਸਾਨ ਦੇ ਸੰਬੰਧਾਂ ਵਿਚ ਗਿਰਾਵਟ ਦੇ ਆਉਣ ਨਾਲ ਇਨਸਾਨ ਦਾ ਖ਼ੂਨ ਸਫੈਦ ਹੋਣ ਦਾ ਮਹਿਸੂਸ ਹੁੰਦਾ ਹੈ। ਇਸ ਕਵਿਤਾ ਦਾ ਇਕ-ਇਕ ਸ਼ਬਦ ਅਤੇ ਇਕ-ਇਕ ਫਿਕਰਾ ਬਹੁ ਅਰਥਾਂ ਦਾ ਲਖਾਇਕ ਹੈ। ਕਵਿਤਾ ਇਸ ਤਰ੍ਹਾਂ ਹੈ-
ਮੈਂ ਇਕ ਅੱਧ ਹਰਿਆ ਪੱਤਾ, ਪੀਲਾ ਜ਼ਰਦ ਹੋਇਆ ਮੇਰਾ ਖ਼ੂਨ,
 ਅਜੇ ਸ਼ਾਖ਼ ਨਾਲ ਲਮਕਦਾ ਫਿਰਾਂ, ਪੂਰਾ ਟੁੱਟਿਆ ਨਹੀ ਮੇਰਾ ਸੰਬੰਧ,
ਜਦੋਂ ਵੀ ਹਵਾ ਦਾ ਬੁੱਲ੍ਹਾ ਆਵੇ, ਮੇਰੀ ਜਿੰਦ ਵੀ ਕੰਬਦੀ ਜਾਵੇ,
ਜੇ ਟੁੱਟਿਆ ਤਾਂ ਕਿਥੇ ਜਾਵਾਂ, ਹਵਾ-ਹਨੇਰੀ ਨੂੰ ਕੀ ਸਮਝਾਵਾਂ,
ਇਸੇ ਆਸ ‘ਚ ਅਜੇ ਹਾਂ ਜੁੜਿਆ, ਮਤੇ ਫੇਰ ਹਰਾ ਹੋ ਜਾਵਾਂ,
ਸੁਕਣ ਤੋਂ ਪਹਿਲਾਂ, ਟੁੱਟਣ ਤੋਂ ਪਹਿਲਾਂ , ਮੈਂ ਵੀ ਆਪਣੀ ਜਿੰਦ ਜੀਅ ਜਾਵਾਂ।  
     ਡਾ ਰੰਜੂ ਆਪਣੀਆਂ ਕਵਿਤਾਵਾਂ ਵਿਚ ਸਮਾਜਿਕ ਸਰੋਕਾਰਾਂ ਦੇ ਦਰਦ ਨੂੰ ਵੀ ਪ੍ਰਗਟਾਉਂਦੇ ਹਨ। ਪਦਾਰਥਵਾਦੀ ਯੁਗ ਦੇ ਪ੍ਰਭਾਵਾਂ ਨੂੰ ਵੀ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਉਂਦੇ ਹਨ। ਕਦੇ ਮਾਂ ਦੇ ਮਾਧਿਅਮ ਰਾਹੀਂ ਸਮਾਜ ਵਿਚ ਵਾਪਰ ਰਹੇ ਦੁਖਾਂਤ ਬਾਰੇ ਲਿਖਦੇ ਹਨ। ਮਾਂ ਰਾਹੀਂ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਕਵਿਤਾ ਦਾ ਰੂਪ ਦਿੰਦੇ ਹਨ। ਲੜਕੀਆਂ ਨੂੰ ਮਾਵਾਂ ਅਤੇ ਬਾਬੁਲ ਫੁੱਲਾਂ ਦੀ ਤਰ੍ਹਾਂ ਟਹਿਕਦੇ ਰੱਖਦੇ ਹੋਏ ਆਸ ਕਰਦੇ ਹਨ ਕਿ ਇਹ ਲਾਲ ਫੁੱਲ ਸਮਾਜ ਵਿਚ ਖ਼ੁਸ਼ਬੋਆਂ ਖਿਲਾਰਦੇ ਹੋਏ ਹਰ ਇਕ  ਇਨਸਾਨ ਨੂੰ ਮਹਿਕਾਂ ਵੰਡਦੇ ਰਹਿਣ ਪ੍ਰੰਤੂ ਅਜੋਕੇ ਸਮੇਂ ਵਿਚ ਸਾਰਾ ਕੁਝ ਮਾਪਿਆਂ ਦੀਆਂ ਆਸਾਂ ਦੇ ਉਲਟ ਹੋ ਰਿਹਾ ਹੈ। ਤੇਰੇ ਬਿਨ ਮਾਂ ਸਿਰਲੇਖ ਵਾਲੀ ਕਵਿਤਾ ਵਿਚ ਲਿਖਦੇ ਹਨ-
ਤੇਰੇ ਬਿਨਾ ਮਾਂ, ਮੇਰਾ ਹੋਰ ਕੋਈ ਨਾ, ਤੂੰ ਲਵੇਂ ਭਾਵੇਂ ਮੇਰੀ ਸਾਰ ਕੋਈ ਨਾ,
ਜੇ ਮੈਂ ਕਲੀ  ਤਾਂ ਮੇਰਾ ਦੋਸ਼ ਕੋਈ ਨਾ, ਫ਼ਰਜ਼ ਨਿਭਾਉਣੇ ਆਪਣੇ, ਕਸੂਰ ਕੋਈ ਨਾ,
ਭੈੜੇ ਰਿਸ਼ਤਿਆਂ ਦੀ ਮਾਂ ਮੈਨੂੰ ਲੋੜ ਕੋਈ ਨਾ, ਤੂੰ ਫੇਰ ਹੱਥ ਸਿਰ ਤੇ ਅਰਮਾਨ ਕੋਈ ਨਾ,
ਬਾਬਲ ਕਹਿੰਦਾ ਸੀ ਫੁੱਲ, ਮੈਂ ਫੁੱਲ ਕੋਈ ਨਾ,
ਉਹ ਕਹਿੰਦਾ ਸੀ ਲਾਲ, ਪਰ ਮੈਂ ਲਾਲ ਕੋਈ ਨਾ,
     ਖਲਾਅ ਸਿਰਲੇਖ ਵਾਲੀ ਕਵਿਤਾ ਵਿਚ ਵਰਤਮਾਨ ਸਮਾਜ ਦੀ ਤਸਵੀਰ ਖਿਚਕੇ ਰੱਖ ਦਿੱਤੀ ਹੈ। ਇਨਸਾਨ ਦਾ ਦੂਜੇ ਇਨਸਾਨ ਨਾਲ ਜਿਵੇਂ ਕੋਈ ਸੰਬੰਧ ਹੀ ਨਹੀਂ ਹੁੰਦਾ, ਜ਼ਿੰਦਗੀ ਵਿਚ ਖਲਾਅ ਪੈਦਾ ਹੋਇਆ ਪਿਆ ਹੈ। ਇਨਸਾਨ ਸਭ ਕੁਝ ਕੋਲ ਹੁੰਦਿਆਂ ਵੀ ਆਪਣੇ ਆਪ ਨੂੰ ਖਾਲੀ ਖਾਲੀ ਸਮਝਦਾ ਹੈ। ਦੋਸਤਾਂ ਵਿਚ ਦੋਸਤੀ ਦਾ ਨਿੱਘ ਨਹੀਂ ਰਿਹਾ। ਜਿਵੇਂ ਇਨਸਾਨੀਅਤ ‘ਤੇ ਬਿਜਲੀ ਗਿਰਨ ਦੇ ਆਸਾਰ ਬਣੇ ਹੋਏ ਹੋਣ।
ਜਿਵੇਂ ਸਭ ਹੋਕੇ ਵੀ ਕੁਝ ਨਾ ਰਹਿ ਗਿਆ ਹੋਵੇ, ਜਿਵੇਂ ਦੂਰ ਤੱਕ ਆਵਾਜ਼ ਨਾ ਹੋਵੇ,
ਜਿਵੇਂ ਸਿਰਫ ਰਾਤ ਹੀ ਰਾਤ ਹੋਵੇ, ਜਿਵੇਂ ਰਸਤਾ ਕੋਈ ਬਿਨ ਰਾਹਗੀਰ ਦੇ ਹੋਵੇ,
ਜਿਵੇਂ ਘਰ ਹੋਵੇ ਪਰ ਮਕਾਨ ਨਾ ਹੋਵੇ, ਜਿਵੇਂ ਸਿਰ ਮੇਰੇ ਤੇ ਕੋਈ ਛਾਂ ਨਾ ਹੋਵੇ,
ਜਿਵੇਂ ਔਰਤ ਦੀ ਕੋਈ ਹੋਂਦ ਨਾ ਹੋਵੇ, ਜਿਵੇਂ ਮੁਕ ਗਈ ਦਿਲਾਂ ‘ਚੋਂ ਮੁਹੱਬਤ ਹੋਵੇ,
      ਡਾ ਰੰਜੂ ਭਾਵਨਾਵਾਂ ਦੇ ਸਮੁੰਦਰ ਵਿਚ ਗੋਤੇ ਲਾਉਣ ਵਾਲੀ ਕਵਿਤਰੀ ਹਨ। ਪ੍ਰੰਤੂ ਇਨ੍ਹਾਂ ਗੋਤਿਆਂ ਸਮੇਂ ਸਮੁੰਦਰ ਦੀਆਂ ਲਹਿਰਾਂ ਨੂੰ ਗਿਣਦੇ ਨਹੀਂ ਪ੍ਰੰਤੂ ਉਨ੍ਹਾਂ ਦਾ ਟਾਕਰਾ ਕਰਦਿਆਂ, ਉਨ੍ਹਾਂ ਦੀਆਂ ਕਵਿਤਾਵਾਂ ਹਵਾਵਾਂ ਦੇ ਰੁੱਖ ਅਤੇ ਦਰਿਆਵਾਂ ਦੇ ਵਹਿਣ ਬਦਲਣ ਦੀ ਸਮਰੱਥਾ ਰੱਖਦੀਆਂ ਹਨ। ਇਸਤਰੀਆਂ ਨੂੰ ਸਵੈ ਵਿਸ਼ਵਾਸ਼ ਪੈਦਾ ਕਰਕੇ ਆਰਥਿਕ ਅਤੇ ਮਾਨਸਿਕ ਤੌਰ ‘ਤੇ ਆਤਮ ਨਿਰਭਰ ਬਣਨ ਦੀ ਪ੍ਰੇਰਨਾ ਵੀ ਦਿੰਦੀਆਂ ਹਨ। ਕਵਿਤਰੀ ਸਮਾਜ ਨੂੰ ਜਾਇਦਾਦਾਂ ਦੇ ਝਗੜਿਆਂ ਤੋਂ ਉਪਰ ਉਠਕੇ ਇਨਸਾਨੀਅਤ ਦੇ ਹਿਤਾਂ ਤੇ ਪਹਿਰਾ ਦੇਣ ਦੀ ਨਸੀਅਤ ਦੇਵ ਵਾਲੀਆਂ ਕਵਿਤਾਵਾਂ ਲਿਖਦੇ ਹਨ।
ਮੇਰੀ ਹਰ ਕਵਿਤਾ ਲੱਗੇ ਮੈਨੂੰ ਤੀਰਥ ਵਰਗੀ, ਇਹਦਾ ਹਰ ਅੱਖਰ ਮੈਂ ਦੁੱਧ ਨਾਲ ਧੋਇਆ।
ਹਾਂ ਮੈਂ ਉਹੀ ਬਿਰਖ, ਜੀਹਦੀ ਛਾਂ ਲੱਗੇ ਠੰਡੀ, ਇਸਦੇ ਬੀਜ ਨੂੰ ਤੂੰ ਆਪ ਕਦੇ ਸੀ ਬੋਇਆ,
ਮੇਰਿਆਂ  ਪੱਤਿਆਂ ਨੇ ਕਿੰਨੀ ਖੜਖੜ ਵੀ ਲਾਈ,
ਵੇਖ ਲੜਦੀ ਹਾਂ ਕਿਵੇਂ ਇਕੱਲੀ ਹਾਲਾਤਾਂ ਦੇ ਨਾਲ,
  ਡਾ ਰੰਜੂ ਅਜਿਹੀਆਂ ਭਾਵਨਾਤਮਿਕ ਕਵਿਤਾਵਾਂ ਲਿਖਕੇ ਆਪ ਕਵਿਤਾ ਬਣ ਗਈ ਹੈ। ਉਹ ਸੰਸਾਰ ਦੀਆਂ ਸਾਰੀਆਂ ਮਾਂਵਾਂ ਨੂੰ ਨਿਹੋਰੇ ਮਾਰਦੀ ਹੈ ਕਿ ਉਨ੍ਹਾਂ ਦੀਆਂ ਧੀਆਂ ਅਤਿ ਨਾਜ਼ੁਕ ਹਾਲਾਤ ਵਿਚੋਂ ਗੁਜਰਦੀਆਂ ਹੋਈਆਂ ਬੁਲੰਦੀਆਂ ‘ਤੇ ਪਹੁੰਚ ਰਹੀਆਂ ਹਨ ਪ੍ਰੰਤੂ ਮਾਵਾਂ ਸਮਾਜ ਦੀਆਂ ਕੋਝੀਆਂ ਹਰਕਤਾਂ ਅੱਗੇ ਬੇਬਸ ਹੋ ਕੇ ਆਪਣੀਆਂ ਜਾਈਆਂ ‘ਤੇ ਫ਼ਖ਼ਰ ਵੀ ਮਹਿਸੂਸ ਨਹੀਂ ਕਰਦੀਆਂ। ਮਾਨਵਤਾ ਦੇ ਰਿਸ਼ਤੇ ਦਾਗ਼ਦਾਰ ਅਤੇ ਖੋਖਲੇ ਹੋ ਗਏ ਹਨ। ਉਨ੍ਹਾਂ ਵਿਚੋਂ ਇਨਸਾਨੀਅਤ ਗਾਇਬ ਹੋ ਗਈ ਹੈ। ਔਰਤਾਂ ਜਦੋਜਹਿਦ ਕਰਕੇ ਆਪਣਾ ਜੀਵਨ ਸੁਨਹਿਰੀ ਯਾਦਾਂ ਦੇ ਪੰਘੂੜਿਆਂ ਦਾ ਆਨੰਦ ਮਾਣ ਰਹੀਆਂ ਹਨ।
ਸੱਚ ਦੱਸ ਤੈਨੂੰ ਕੀ ਮੇਰੇ ਤੇ ਕਦੇ ਫ਼ਖ਼ਰ ਨਾ ਹੋਇਆ? ਕਿੰਨੇ ਸੁੰਨ ਸਾਨ ਹਨ ਇਹ ਘਰ,
ਕਿੰਨੇ ਖੋਖਲੇ ਹਨ ਸਭ ਰਿਸ਼ਤੇ, ਕਿੰਨੇ ਹਨ੍ਹੇਰੇ ਹਨ ਇਹ ਮਹਿਲ,
ਜਿਧਰੋਂ ਵੀ ਮੇਰਾ ਸੂਰਜ ਲੰਘਿਆ, ਓਧਰੋਂ ਇੱਕ ਇੱਕ ਕਿਰਨ ਫੜੀ ਹੈ।
ਪਿਰੋ ਮੈਂ ਸੂਰਜ ਦੀਆਂ ਕਿਰਨਾ, ਬਣਾਈ ਰਾਤ ਤਾਰਿਆਂ ਦੀ ਲੜੀ ਹੈ।
ਅੱਧੇ ਹਿਜਰ ਦੇ, ਅੱਧੇ ਵਸਲ ਦੇ, ਲੀੜੇ ਪਾ ਕੇ ਲੈ ਲਾਵਾਂ,
ਸੁੰਝਮ-ਸੁੰਝੀ ਦੇਹ ਦੀ ਚਾਦਰ, ਯਾਦਾਂ ਦੀਆਂ ਮੈਂ ਪਾਵਾਂ ਬਾਹਵਾਂ।
   ਮਨੁੱਖਤਾ ਦੀਆਂ ਕਰਤੂਤਾਂ ਉਪਰ ਵਿਅੰਗ ਕਰਦੀ ਕਵਿਤਰੀ ਆਪਣੀਆਂ ਕਵਿਤਾਵਾਂ ਵਿਚ ਲਿਖਦੀ ਹੈ ਕਿ ਇਸ ਜਹਾਨ ਵਿਚ ਲੋਕ ਮਖੌਟੇ ਪਾਈ ਫਿਰਦੇ ਹਨ। ਹਾਥੀ ਦੇ ਦੰਦ ਖਣ ਲਈ ਹੋਰ ਅਤੇ ਵਿਖਾਉਣ ਲਈ ਹੋਰ ਹਨ। ਇਨਸਾਨ ਦੀਆਂ ਮਾੜੀਆਂ ਹਰਕਤਾਂ ਕਰਕੇ ਧਰਤੀ ਲਹੂ ਲੁਹਾਨ ਹੋਈ ਪਈ ਹੈ। ਖ਼ੂਨ ਖ਼ਰਾਬਾ ਹੋ ਰਿਹਾ ਹੈ। ਜਿਤਨੀ ਦੇਰ ਕਿਸੇ ਨੂੰ ਇਸ ਦਹਿਸ਼ਤਗਰਦੀ ਦਾ ਸੇਕ ਨਹੀਂ ਲੱਗਦਾ ਉਤਨੀ ਦੇਰ ਇਨਸਾਨ ਸਿੱਧੇ ਰਸਤੇ ਨਹੀਂ ਪੈ ਸਕਦਾ। ਮੈਨੂੰ ਕੀ ਦੀ ਸੋਚ ਨੇ ਇਨਸਾਨੀਅਤ ਸ਼ਰਮਸਾਰ ਕੀਤੀ ਹੋਈ ਹੈ। ਫ਼ੋਕੇ ਦਿਲਾਸੇ ਅਤੇ ਭਰਵਾਸੇ ਸਮਾਜ ਵਿਚ ਤਬਦੀਲੀ ਨਹੀਂ ਲਿਆ ਸਕਣਗੇ। ਅਜਿਹੇ ਹਾਲਾਤ ਵਿਚ ਕਵਿਤਰੀ ਸਿਰਫ ਪਰਮਾਤਮਾ ਹੀ ਕੁਝ ਕਰਨ ਦੇ ਸਮਰੱਥ ਹੇ। ਉਸਤੇ ਆਸਾਂ ਨਾਲ ਜ਼ਿੰਦਗੀ ਬਸਰ ਹੋ ਰਹੀ ਹੈ।
ਕੀ ਇਹ ਮੇਰਾ ਜਹਾਨ ਹੈ? ਕੀ ਇਹ ਤੇਰਾ ਜਹਾਨ ਹੈ?
ਜਿਥੇ ਸੋਹਣੇ ਚੇਹਰੇ ਪਿਛੇ, ਲੁਕਿਆ ਕੋਈ ਸ਼ੈਤਾਨ ਹੈ।
ਜਿਸਦੀ ਮਾੜੀ ਹਰਕਤ ਹੱਥੋਂ, ਸਾਰੀ ਧਰਤੀ ਲਹੂ-ਲੁਹਾਨ ਹੈ।
ਜੋਗ ਮੇਰੇ ਜਗ ਸਾਰਾ ਰੰਗਿਆ, ਨਸ਼ਰ ਹੋਵੇ, ਮੈਂ ਲੱਖ ਲੁਕਾਵਾਂ।
ਅਨਹਦ-ਨਾਦ ਮੇਰੇ ਹਿਰਦੇ ਬੋਲਣ, ਤੇ ਮੈਂ ਕਿਵੇਂ ਨਾ ਨੱਚਾਂ ਗਾਵਾਂ।
ਜਿਕਰ ਤੇਰਾ ਮੈਨੂੰ ਅਲਾਹ ਵਰਗਾ, ਤੇ ਮੈਂ ਅਲਾਹ ਕਿਵੇਂ ਭੁਲਾਵਾਂ?
ਇਹ ਖ਼ੂਨ-ਖ਼ਰਾਬਾ, ਇਹ ਦਹਿਸ਼ਤ ਦਾ ਨਾਚ,
 ਖ਼ੂਨ ਵਿਚ ਲਿਬੜੇ ਜਿਸਮ ਤੇ ਟੁੱਟੇ ਅੰਗਾਂ ਦਾ ਅੰਬਾਰ।
ਜਦੋਂ ਤੱਕ ਸੇਕ ਨਾ ਲੱਗੇ ਸਭ ਰਹਿਣਗੇ ਪਾਸੇ,
ਤੇ ਸਾਨੂੰ ਦੇਣਗੇ ਫੋਕੇ ਦਿਲਾਸੇ ਤੇ ਝੂਠੇ ਭਰਵਾਸੇ।
ਕੁਦਰਤ ਵੀ ਅੱਜ ਹੈਰਾਨ ਬੜੀ ਹੈ, ਕੀ ਇਨਸਾਨੀਅਤ ਵੀ ਸ਼ਰਮਸ਼ਾਰ ਖੜ੍ਹੀ ਹੈ?
    ਉਮੀਦ ਕੀਤੀ ਜਾ ਸਕਦੀ ਹੈ ਕਿ ਡਾ ਰੰਜੂ ਭਵਿਖ ਵਿਚ ਹੋਰ ਸੁਚਾਰੂ ਅਤੇ ਪਾਏਦਾਰ ਕਵਿਤਾਵਾਂ ਲਿਖਕੇ ਸਮਾਜ ਵਿਚ ਤਬਦੀਲੀ ਲਿਆਉਣ ਦਾ ਯੋਗਦਾਨ ਪਾ ਸਕਣਗੇ। ਉਨ੍ਹਾਂ ਦੀਆਂ ਕਵਿਤਾਵਾਂ ਦੀ ਪੁਸਤਕ ਜਲਦੀ ਹੀ ਸਾਹਿਤਕ ਖੇਤਰ ਵਿਚ ਦਸਤਕ ਦੇਵੇਗੀ।


 ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh480yahoo.com  

ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ -  ਉਜਾਗਰ ਸਿੰਘ

ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਅੰਮਿ੍ਰਤਸਰ ਵਿਖੇ ਇਕ ਪ੍ਰਾਈਵੇਟ ਹਸਤਪਤਾਲ ਵਿਚ ਸਵਰਗਵਾਸ ਹੋ ਗਏ। ਉੲ ਅੰਮਿ੍ਰਤਸਰ ਦੇ ਲੋਕਾਂ ਦੇ ਬਹੁਤ ਹੀ ਹਰਮਨ ਪਿਆਰੇ ਅਤੇ ਪਸੰਦੀਦਾ ਲੋਕ ਸਭਾ ਮੈਂਬਰ ਰਹੇ ਹਨ। ਉਨ੍ਹਾਂ ੂ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਕਿਹਾ ਜਾਂਦਾ ਸੀ। ਪੰਜਾਬ ਦੇ ਅਤਿ ਨਾਜ਼ੁਕ ਦਿਨਾਂ ਵਿਚ ਵੀ ਉਨ੍ਹਾਂ ਦਾ ਸਮਾਜ ਦੇ ਸਾਰੇ ਵਰਗਾਂ ਵੱਲੋਂ ਸਤਿਕਾਰ ਕੀਤਾ ਜਾਂਦਾ ਸੀ। ਰਘੂਨੰਦਨ ਲਾਲ ਭਾਟੀਆ 6 ਵਾਰ ਅੰਮਿ੍ਰਤਸਰ ਤੋਂ ਲੋਕ ਸਭਾ ਦੇ ਮੈਂਬਰ ਰਹੇ ਹਨ। ਉਹ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਵਜਾਰਤ ਵਿਚ ਕੇਂਦਰੀ ਵਿਦੇਸ਼ ਵਿਭਾਗ ਦੇ ਰਾਜ ਮੰਤਰੀ ਰਹੇ ਹਨ। ਉਨ੍ਹਾਂ ਦਾ ਜਨਮ 3 ਜੁਲਾਈ 1921 ਨੂੰ ਅਰੂਰਾ ਮੱਲ ਭਾਟੀਆ ਅਤੇ ਮਾਤਾ ਲਾਲ ਦੇਵੀ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ ਸੀ। ਉਨ੍ਹਾਂ ਨੇ ਮੁੱਢਲੀ ਵਿਦਿਆ ਅੰਮ੍ਰਿਤਸਰ ਤੋਂ ਅਤੇ ਬੀ.ਏ.ਦੀ ਡਿਗਰੀ ਐਚ.ਐਸ.ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਐਲ.ਐਲ.ਬੀ ਦੀ ਡਿਗਰੀ 1940 ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦਾ ਵਿਆਹ ਸਰਲਾ ਦੇਵੀ ਨਾਲ 7 ਮਾਰਚ 1943 ਨੂੰ ਹੋਇਆ। ਉਨ੍ਹਾਂ ਦੇ ਇੱਕ ਲੜਕਾ ਅਤੇ ਇੱਕ ਲੜਕੀ ਹਨ। ਉਹ ਬਚਪਨ ਤੋਂ ਹੀ ਸਿਆਸਤ ਅਤੇ ਅਜ਼ਾਦੀ ਦੀ ਲੜਾਈ ਵਿਚ ਦਿਲਚਸਪੀ ਲੈਣ ਲੱਗ ਪਏ ਸਨ। ਕਾਲਜ ਦੇ ਦਿਨਾਂ ਵਿਚ ਉਹ ਅਜ਼ਾਦੀ ਦੀ ਲੜਾਈ ਵਿਚ ਕਾਫੀ ਸਰਗਰਮ ਰਹੇ। ਵਿਦਿਆਰਥੀ ਯੂਨੀਅਨ ਦੇ ਉਹ ਸਰਗਰਮ ਨੇਤਾ ਸਨ। ਦੇਸ਼ ਦੇ ਅਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਪਾਰਟੀ ਦੀਆਂ ਮੁਹਿੰਮਾ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਜਿਲ੍ਹੇ ਦੀ ਕਾਂਗਰਸ ਪਾਰਟੀ ਦੇ ਸਰਗਰਮ ਲੀਡਰਾਂ ਵਿਚ ਗਿਣਿਆਂ ਜਾਂਦਾ ਸੀ। ਉਹ ਸ਼ਾਂਤ ਸੁਭਾਅ ਦੇ ਸਬਰ ਸੰਤੋਖ ਵਾਲੇ ਲੀਡਰ ਸਨ। ਕਾਂਗਰਸ ਦੀ ਸਿਆਸਤ ਵਿਚ ਉਹ ਪੌੜੀ ਦਰ ਪੌੜੀ ਚੜ੍ਹਦੇ ਰਹੇ ਤੇ ਅਖੀਰ 1982 ਤੋਂ 84 ਤੱਕ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਬਣ ਗਏ। ਉਹ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਲਗਾਤਾਰ 6 ਵਾਰ 1972, 80, 85, 91,96 ਅਤੇ ਲੋਕਸਭਾ ਦੇ ਕਾਂਗਰਸ ਪਾਰਟੀ ਦੇ ਮੈਂਬਰ ਰਹੇ। ਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਹੁੰਦਿਆਂ ਵੀ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਸਤਿਕਾਰ ਤੇ ਮਾਣ ਨਾਲ ਮਿਲਦੇ ਹੀ ਨਹੀਂ ਸਨ ਸਗੋਂ ਚੋਣਾਂ ਸਮੇ ਪਾਰਟੀ ਪੱਧਰ ਤੋਂ ਉਪਰ ਉਠਕੇ ਉਨ੍ਹਾਂ ਦੀ ਮੱਦਦ ਵੀ ਕਰ ਦਿੰਦੇ ਸਨ। ਕਹਿਣ ਤੋਂ ਭਾਵ ਕਿ ਉਹ ਇੱਕ ਧਰਮ ਨਿਰਪੱਖ ਲੀਡਰ ਦੇ ਤੌਰ ਤੇ ਸਰਵ ਪ੍ਰਵਾਣਤ ਸਨ। ਇਥੋਂ ਤੱਕ ਕਿ ਪੰਜਾਬ ਦੇ ਕਾਲੇ ਦਿਨਾ ਵਿਚ ਵੀ ਉਨ੍ਹਾਂ ਦਾ ਪੂਰਾ ਸਤਿਕਾਰ ਤੇ ਮਾਣ ਹੁੰਦਾ ਰਿਹਾ। ਉਨ੍ਹਾਂ ਦਿਨਾ ਵਿਚ ਵੀ ਦੋਹਾਂ ਸਮੁਦਾਏ ਵਿਚ ਤਾਲਮੇਲ ਅਤੇ ਸਦਭਾਵਨਾ ਦਾ ਮਾਹੌਲ ਪੈਦਾ ਕਰਨ ਵਿਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਹ ਨਰਮ ਦਿਲ ਨੇਕ ਇਨਸਾਨ ਹੋਣ ਕਰਕੇ ਹਿੰਦੂਆਂ ਅਤੇ ਸਿਖਾਂ ਵਿਚ ਇੱਕੋ ਜਿੰਨੇ ਹਰਮਨ ਪਿਆਰੇ ਸਨ। ਰਘੂਨੰਦਨ ਲਾਲ ਭਾਟੀਆ ਹਮੇਸ਼ਾ ਹੀ ਕਾਂਗਰਸ ਪਾਰਟੀ ਦੀ ਕੇਂਦਰੀ ਸਿਆਸਤ ਵਿਚ ਹੀ ਵਧੇਰੇ ਸਿਆਸਤ ਕਰਦੇ ਰਹੇ ਭਾਵੇਂ ਪੰਜਾਬ ਨਾਲ ਉਨ੍ਹਾਂ ਨੂੰ ਬਹੁਤ ਪਿਆਰ ਸੀ। ਉਨ੍ਹਾਂ ਨੂੰ 1991 ਵਿਚ ਸਰਵ ਭਾਰਤੀ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ। ਉਹ ਕਾਂਗਰਸ ਪਾਰਟੀ ਦੀ ਪਾਰਲੀਮੈਂਟਰੀ ਪਾਰਟੀ ਦੀ ਕਾਰਜਕਾਰਨੀ ਦੇ 1975 ਤੋਂ 77 ਤੱਕ ਮੈਂਬਰ ਰਹੇ ਸਨ। ਸੰਵਿਧਾਨ ਵਿਚ ਤਰਮੀਮ ਕਰਨ ਵਾਲੀ ਕਮੇਟੀ ਦੇ ਵੀ ਮੈਂਬਰ ਸਨ। ਉਹ 1983 ਵਿਚ ਲੋਕ ਸਭਾ ਦੀ ਪਟੀਸ਼ਨ ਕਮੇਟੀ ਦੇ ਚੇਅਰਮੈਨ ਵੀ ਰਹੇ ਸਨ। ਉਹ ਬਹੁਤ ਸਾਰੀਆਂ ਰਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੁੱਖੀ ਅਤੇ ਮੈਂਬਰ ਰਹੇ ਹਨ। ਉਹ ਕਾਂਗਰਸ ਵਿਚ ਰਹਿੰਦਿਆਂ ਵੀ ਖੱਬੇ ਪੱਖੀ ਲਹਿਰ ਦੇ ਸਮਰਥਕ ਗਿਣੇ ਜਾਂਦੇ ਸਨ। ਇਸ ਤੋ ਇਲਾਵਾ ਫੂਡ ਤੇ ਸਿਵਲ ਸਪਲਾਈ ਦੀ ਲੋਕ ਸਭਾ ਦੀ ਕਮੇਟੀ ਦੇ ਚੇਅਰਮੈਨ ਵੀ ਸਨ। ਉਹ ਪੀ.ਵੀ.ਨਰਮਿਹਾ ਰਾਓ ਪ੍ਰਧਾਨ ਮੰਤਰੀ ਦੀ ਵਜਾਰਤ ਵਿੱਚ 1992 ਤੋਂ 97 ਤੱਕ ਵਿਦੇਸ਼ ਰਾਜ ਮੰਤਰੀ ਰਹੇ। ਇਸ ਅਹੁਦੇ ਰਹਿੰਦਿਆਂ ਉਨ੍ਹਾਂ ਨੇ ਯੂਨਾਈਟਡਨੇਸ਼ਨ ਵਿਚ ਭਾਰਤ ਦੇ ਡੈਲੀਗੇਟ ਵਜੋਂ ਪ੍ਰਤੀਨਿਧਤਾ ਕੀਤੀ, 7ਵੀਂ ਨਾਮ ਸਮਿਟ ਵਿਚ ਵੀ ਦਿੱਲੀ ਵਿਖੇ ਭਾਰਤ ਦੀ ਪ੍ਰਤੀਨਿਧਤਾ ਕੀਤੀ, ਕਾਮਨਵੈਲਥ ਹੈਡਜ਼ ਮੀਟਿੰਗ ਵਿਚ ਦਿੱਲੀ ਵਿਖੇ ਨਵੰਬਰ 1983 ਵਿਚ ਹਿੱਸਾ ਲਿਆ, 6ਵੀਂ ਸਾਰਕ ਸਮਿਟ ਕੋਲੰਬੋ ਵਿਖੇ 1991, ਨਾਨ ਅਲਾਈਂਡ ਦੇਸ਼ਾਂ ਦੀ ਇਕਨਾਮਿਕ ਸਹਿਯੋਗ ਲਈ 5ਵੀਂ ਕੋਆਰਡੀਨੇਸ਼ਨ ਮੀਟਿੰਗ 1986 ਵਿਚ ਹਿੱਸਾ ਲਿਆ, ਇੰਡੀਅਨ ਕੌਂਸਲ ਫਾਰ ਕਲਚਰਲ ਰੀਲੇਸ਼ਨਜ ਦੇ ਮੈਂਬਰ 1983 ਤਂੋ 84, ਇੰਡੀਆ ਬਲਗਾਰੀ ਆਫ ਰੈਡਜ਼ ਸੋਸਾਇਟੀ ਦੇ ਚੇਅਰਮੈਨ 1982 ਤੋਂ 90, ਕੋ ਚੇਅਰਮੈਨ ਆਲ ਇੰਡੀਆ ਪੀਸ ਅਤੇ ਸਾਲੀਡਰਟੀ ਆਰਗੇਨਾਈਜੇਸ਼ਨ 1981-83, ਉਪ ਪ੍ਰਧਾਨ ਫਰੈਂਡਜ਼ ਸੋਵੀਅਤ ਯੂਨੀਅਨ 83-84 ਰਹੇ। 23 ਜੂਨ 2004 ਤੋਂ 10 ਜੁਲਾਈ 2008 ਤੱਕ ਕੇਰਲਾ ਅਤੇ ਉਸਤੋਂ ਬਾਅਦ 10 ਜੁਲਾਈ 2008 ਤੋਂ ਬਿਹਾਰ ਦੇ ਰਾਜਪਾਲ ਰਹੇ।

 ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh480yahoo.com  

ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ ਬੀ ਜੇ ਪੀ ਦੇ ਨੇਤਾਵਾਂ ਦੀ ਸਾਜ਼ਸ਼ ਹੈ? - ਉਜਾਗਰ ਸਿੰਘ

   ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰ ਫ਼ੈਸਲੇ ਬਾਰੇ ਬੀ ਜੇ ਪੀ ਦੇ ਸੀਨੀਅਰ ਨੇਤਾਵਾਂ ਦਾ ਵਿਰੋਧ ਵਿਚ ਕੋਈ ਪ੍ਰਤੀਕਰਮ ਨਾ ਆਉਣਾ, ਕਿਤੇ ਉਨ੍ਹਾਂ ਦੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਫ਼ੇਲ੍ਹ ਕਰਨ ਦੀ ਸ਼ਾਜ਼ਸ਼ ਤਾਂ ਨਹੀਂ? ਆਰ ਐਸ ਐਸ ਦੀ ਚੁੱਪ ਦੇ ਵੀ ਕੋਈ ਮਾਇਨੇ ਹੋ ਸਕਦੇ ਹਨ ਕਿਉਂਕਿ ਆਰ ਐਸ ਐਸ ਨੇ ਹੀ ਨਰਿੰਦਰ ਮੋਦੀ ਦੀ ਐਲ ਕੇ ਅਡਵਾਨੀ ਦੇ ਬਦਲ ਵਜੋਂ ਚੋਣ ਕੀਤੀ ਸੀ। ਉਹ ਆਪਣੀ ਚੋਣ ਨੂੰ ਗ਼ਲਤ ਕਹਿਣ ਤੋਂ ਝਿਜਕਦੀ ਹੈ। ਪੜਚੋਲਕਾਰ ਕਹਿੰਦੇ ਹਨ ਕਿ ਨਰਿੰਦਰ ਮੋਦੀ ਸਿਆਸੀ ਤਾਕਤ ਦੇ ਨਸ਼ੇ ਵਿਚ ਆਰ ਐਸ ਐਸ ਦੀਆਂ ਨਸੀਹਤਾਂ ਨੂੰ ਵੀ ਅਣਡਿਠ ਕਰ ਰਹੇ ਹਨ। ਖਾਸ ਤੌਰ ਤੇ ਤਿੰਨ ਖੇਤੀਬਾੜੀ ਕਾਨੂੰਨਾ ਬਾਰੇ ਗੱਲਬਾਤ ਕਰਕੇ ਹਲ ਕਰਨ ਲਈ ਆਰ ਐਸ ਐਸ ਨੇ ਕਿਹਾ ਸੀ। ਆਮ ਤੌਰ ਤੇ ਜਦੋਂ ਕੋਈ ਪਾਰਟੀ ਭਾਰੀ ਬਹੁਮਤ ਨਾਲ ਰਾਜ ਕਰ ਰਹੀ ਹੁੰਦੀ ਹੈ ਤਾਂ ਉਸ ਕੋਲੋਂ ਸਿਆਸੀ ਤਾਕਤ ਦੇ ਨਸ਼ੇੇ ਵਿਚ ਜਾਣੇ ਅਣਜਾਣੇ ਕਈ ਗ਼ਲਤ ਫ਼ੈਸਲੇ ਹੋ ਜਾਂਦੇ ਹਨ। ਅਜਿਹੇ ਮੌਕਿਆਂ ‘ਤੇ ਪਾਰਟੀ ਵਿਚਲੇ ਸਿਆਣੇ ਨੇਤਾ ਪਾਰਟੀ ਪਲੇਟ ਫਾਰਮ ਜਾਂ ਕਈ ਵਾਰ ਪਬਲਿਕ ਵਿਚ ਵੀ ਗ਼ਲਤ ਫ਼ੈਸਲੇ ਵਿਰੁਧ ਆਵਾਜ਼ ਉਠਾਉਂਦੇ ਹਨ ਤਾਂ ਜੋ ਪਾਰਟੀ ਦਾ ਨੁਕਸਾਨ ਨਾ ਹੋ ਜਾਵੇ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਅਣਡਿਠ ਕਰਕੇ ਮਨਮਰਜ਼ੀ ਦੇ ਨਾਲ ਪਿਛਲੇ 6 ਸਾਲ ਤੋਂ ਫ਼ੈਸਲੇ ਲੈ ਰਹੇ ਹਨ। ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਸੀਨੀਅਰ ਤਾਂ ਕੀ ਜੂਨੀਅਰ ਨੇਤਾ ਵੀ ਕੁਸਕਦਾ ਨਹੀਂ। ਇਸ ਜੋੜੀ ਨੇ ਕੋਈ ਇੱਕ ਫ਼ੈਸਲਾ ਨਹੀਂ ਸਗੋਂ ਅਨੇਕਾਂ ਅਜਿਹੇ ਫ਼ੈਸਲੇ ਲਏ ਹਨ, ਜਿਨ੍ਹਾਂ ਬਾਰੇ ਪਾਰਟੀ ਕੇਡਰ ਭਾਵੇਂ ਬੋਲਦਾ ਤਾਂ ਨਹੀਂ ਪ੍ਰੰਤੂ ਨਿਰਾਸ਼ਾ ਵਿਚ ਹੈ। ਪਬਲਿਕ ਵਿਚ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਹੀ ਬਸ ਨਹੀਂ ਜਿਹੜੇ ਵਿਭਾਗ ਸੰਬੰਧੀ ਫ਼ੈਸਲਾ ਹੁੰਦਾ ਹੈ, ਉਸ ਵਿਭਾਗ ਦੇ ਮੰਤਰੀ ਕੋਲ ਤਾਂ ਫ਼ਾਈਲ ਸਿਰਫ਼ ਦਸਤਖ਼ਤ ਕਰਨ ਲਈ ਭੇਜੀ ਜਾਂਦੀ ਹੈ। ਫ਼ਾਈਲ ਭੇਜਣ ਸਮੇਂ ਉਨ੍ਹਾਂ ਨੂੰ ਸਿਰਫ਼ ਦਸਤਖ਼ਤ ਕਰਨ ਲਈ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਤਾਂ ਉਸ ਤੋਂ ਪਹਿਲਾਂ ਪਤਾ ਵੀ ਨਹੀਂ ਹੁੰਦਾ ਕਿ ਜਿਹੜਾ ਫ਼ੈਸਲਾ ਕਰਨਾ ਹੈ, ਇਸਦੇ ਲੋਕਾਂ ਨੂੰ ਕੀ ਲਾਭ ਅਤੇ ਹਾਨੀ ਹੋ ਸਕਦੀ ਹੈ? ਵਿਭਾਗ ਦੇ ਅਧਿਕਾਰੀਆਂ ਤੋਂ ਗ੍ਰਹਿ ਵਿਭਾਗ ਸਾਰੀ ਕਾਗ਼ਜ਼ੀ ਕਾਰਵਾਈ ਕਰਵਾ ਲੈਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਇਕ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਰਹੇ ਸਾਬਕਾ ਰਾਜ ਮੰਤਰੀ ਸੋਮਪਾਲ ਸ਼ਾਸ਼ਤਰੀ ਨੇ ਟੀ ਵੀ ‘ਤੇ ਇਕ ਇੰਟਵਿਊ ਵਿਚ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਰਤਮਾਨ ਸਰਕਾਰ ਦੇ ਬਹੁਤੇ ਮੰਤਰੀ ਉਨ੍ਹਾਂ ਨਾਲ ਸੰਪਰਕ ਵਿਚ ਹਨ, ਇਹ ਗੱਲ ਉਨ੍ਹਾਂ ਤੋਂ ਹੀ ਪਤਾ ਲੱਗੀ ਹੈ। ਸੀਨੀਅਰ ਨੇਤਾਵਾਂ ਦੀ ਚੁੱਪ ਕਿਸੇ ਮੌਕੇ ਵੀ ਪਾਣੀ ਦੇ ਉਬਾਲ ਵਾਂਗੂੰ ਵਿਸਫੋਟਕ ਬਣ ਸਕਦੀ ਹੈ। ਸਭ ਤੋਂ ਪਹਿਲਾ ਫ਼ੈਸਲਾ ਨੋਟ ਬੰਦੀ ਦਾ ਕੀਤਾ ਸੀ। ਉਸ ਫ਼ੈਸਲੇ ਬਾਰੇ ਵੀ ਸਿਰਫ਼ ਦੋ ਵਿਅਕਤੀਆਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਹੀ ਪਤਾ ਸੀ, ਅਰੁਣ ਜੇਤਲੀ ਨੂੰ ਤਾਂ ਮੌਕੇ ਤੇ ਫ਼ੈਸਲੇ ਬਾਰੇ ਬੁਲਾਕੇ ਦਸ ਦਿੱਤਾ ਸੀ। ਸਾਰੇ ਫ਼ੈਸਲੇ ਅਮਿਤ ਸ਼ਾਹ ਦੀ ਨਿਗਰਾਨੀ ਹੇਠ ਬਣਾਏ ਜਾਂਦੇ ਹਨ, ਵਿਸ਼ਵਾਸ਼ ਪਾਤਰਾਂ ਦਾ ਥਿੰਕ ਟੈਂਕ ਕਰਦਾ ਹੈ। ਆਮ ਤੌਰ ਤੇ ਅਜਿਹੇ ਕੇਸਾਂ ਵਿਚ ਜਦੋਂ ਕਾਨੂੰਨ ਬਣਨ ਲਈ ਲੋਕ ਸਭਾ ਤੇ ਰਾਜ ਸਭਾ ਵਿਚ ਇਹ ਬਿਲ ਆਉਂਦੇ ਹਨ ਤਾਂ ਵਿਰੋਧੀ ਪਾਰਟੀਆਂ ਜਾਂ ਰਾਜ ਕਰ ਰਹੀ ਪਾਰਟੀ ਦੇ ਦਿੱਤੇ ਸੁਝਾਵਾਂ ਅਨੁਸਾਰ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਰਾਜ ਕਰ ਰਹੀ ਪਾਰਟੀ ਦੇ ਨੇਤਾ ਤਾਂ ਸੋਧ ਕਰਨ ਲਈ ਕਹਿਣ ਦੀ ਹਿੰਮਤ ਹੀ ਨਹੀਂ ਰੱਖਦੇ ਵਿਰੋਧੀ ਪਾਰਟੀਆਂ ਦੀ ਤਾਂ ਕੋਈ ਸੁਣਦਾ ਹੀ ਨਹੀਂ ਕਿਉਂਕਿ ਕਿਸੇ ਪਾਰਟੀ ਕੋਲ ਵਿਰੋਧੀ ਧਿਰ ਦਾ ਨੇਤਾ ਬਣਨ ਲਈ ਲੋਕ ਸਭਾ ਮੈਂਬਰਾਂ ਦੀ ਗਿਣਤੀ ਹੈ ਹੀ ਨਹੀਂ, ਜਿਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮਨਮਾਨੀਆਂ ਕਰਦੀ ਹੈ। ਦੋ ਤਿਹਾਈ ਬਹੁਮਤ ਦਾ ਘੁਮੰਡ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਉਪਰਲੀਆਂ ਹਵਾਵਾਂ ਵਿਚ ਉਡਾਈ ਫਿਰਦਾ ਹੈ।
       2014 ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਬਣੀ ਸੀ।  ਉਦੋਂ ਰਾਜਨਾਥ ਸਿੰਘ ਗ੍ਰਹਿ ਮੰਤਰੀ ਸਨ। ਰਾਜਨਾਥ ਸਿੰਘ ਨੂੰ ਭਾਵੇਂ ਆਪਣੀ ਪਾਰਟੀ ਵਿਚ ਸੀਨੀਅਰਿਟੀ ਕਰਕੇ ਗ੍ਰਹਿ ਮੰਤਰੀ ਬਣਾ ਦਿੱਤਾ ਸੀ ਪ੍ਰੰਤੂ ਭਾਰਤੀ ਜਨਤਾ ਪਾਰਟੀ ਦੀ ਧੜੇਬੰਦੀ ਵਿਚ ਉਹ ਐਲ ਕੇ ਅਡਵਾਨੀ ਧੜੇ ਦੇ ਗਿਣੇ ਜਾਂਦੇ ਹਨ। ਉਨ੍ਹਾਂ ਨੂੰ ਸੰਜੀਦਾ ਸਿਆਸਤਦਾਨ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਗ੍ਰਹਿ ਮੰਤਰੀ ਹੁੰਦਿਆਂ ਜੋ ਫ਼ੈਸਲੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕਰਨਾ ਚਾਹੁੰਦੇ ਸਨ, ਉਹ ਕਰ ਨਹੀਂ ਸਕੇ। 2019 ਵਿਚ ਜਦੋਂ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਨਰਿੰਦਰ ਮੋਦੀ ਪਾਰਟੀ ਵਿਚ ਆਪਣਾ ਦਬਦਬਾ ਬਣਾ ਚੁੱਕੇ ਸਨ। ਇਸ ਲਈ ਉਨ੍ਹਾਂ ਆਪਣੇ ਸਭ ਤੋਂ ਵਿਸ਼ਵਾਸ਼ ਪਾਤਰ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਅਤੇ ਰਾਜਨਾਥ ਸਿੰਘ ਨੂੰ ਡਿਫ਼ੈਸ ਮੰਤਰੀ ਬਣਾ ਦਿੱਤਾ। ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਅਮਿਤ ਸ਼ਾਹ ਉਦੋਂ ਵੀ ਉਨ੍ਹਾਂ ਦੇ ਗ੍ਰਹਿ ਰਾਜ ਮੰਤਰੀ ਸਨ। ਹਾਲਾਂ ਕਿ ਰਾਜ ਸਰਕਾਰਾਂ ਵਿਚ ਆਮ ਤੌਰ ਤੇ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਆਪਣੇ ਕੋਲ ਰੱਖਦੇ ਹਨ। ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਸਰਕਾਰ ਨੇ 5 ਬਹੁਤ ਹੀ ਵਾਦ ਵਿਵਾਦ ਵਾਲੇ ਫ਼ੈਸਲੇ ਕੀਤੇ ਹਨ, ਜਿਨ੍ਹਾਂ ਕਰਕੇ ਭਾਰਤੀ ਜਨਤਾ ਪਾਰਟੀ ਦਾ ਅਕਸ ਖ਼ਰਾਾਬ ਹੋਇਆ ਹੈ। ਲੋਕਾਂ ਵਿਚ ਸਰਕਾਰ ਵਿਰੋਧੀ ਭਾਵਨਾ ਪੈਦਾ ਹੋ ਗਈ ਹੈ। ਨੋਟਬੰਦੀ ਤੋਂ ਬਾਅਦ ਨਾਗਰਿਕ ਸੋਧ ਕਾਨੂੰਨ ਬਣਾਇਆ, ਜਿਸ ਨਾਲ ਮੁਸਲਮਾਨ ਸਮੁਦਾਏ ਅਰਥਾਤ ਘੱਟ ਗਿਣਤੀਆਂ ਦੇ ਮਨੁੱਖੀ ਹੱਕਾਂ ਤੇ ਇਕ ਕਿਸਮ ਨਾਲ ਡਾਕਾ ਹੀ ਪੈ ਗਿਆ। ਨਾਗਰਿਕ ਸੋਧ ਬਿਲ ਦੀ ਤਰ੍ਹਾਂ ਹੀ ਕੌਮੀ ਪਾਪੂਲੇਸ਼ਨ ਰਜਿਸਟਰ ਕਾਨੂੰਨ ਬਣਾ ਦਿੱਤਾ। ਇਹ ਕਾਨੂੰਨ ਵੀ ਘੱਟ ਗਿਣਤੀਆਂ ਦੇ ਮਨੁੱਖ਼ੀ ਹੱਕਾਂ ‘ਤੇ ਸਿੱਧਾ ਹਮਲਾ ਹੈ। ਜੰਮੂ ਕਸ਼ਮੀਰ ਵਿਚ ਧਾਰਾ 370 ਨੂੰ ਖ਼ਤਮ ਕਰਕੇ ਇਤਨੀ ਵੱਡੇ ਰਾਜ ਦੇ ਦੋ ਹਿੱਸੇ ਕਰ ਦਿੱਤੇ। ਲਦਾਖ਼ ਨੂੰ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਾ ਦਿੱਤਾ ਗਿਆ। ਇਸ ਫ਼ੈਸਲੇ ਨਾਲ ਵੀ ਰਾਜਾਂ ਦੇ ਅਧਿਕਾਰਾਂ ਨੂੰ ਸੀਮਤ ਕਰ ਦਿੱਤਾ ਗਿਆ। ਮੁਸਲਮਾਨ ਸਮੁਦਾਏ ਦੇ ਧਾਰਮਿਕ ਅਕੀਦਿਆਂ ਵਿਚ ਦਖ਼ਲ ਅੰਦਾਜ਼ੀ ਕਰਕੇ ਤਿੰਨ ਤਲਾਕ  ਨੂੰ ਕਾਨੂੰਨ ਬਣਾਕੇ ਖ਼ਤਮ ਕਰ ਦਿੱਤਾ ਹੈ। ਅੱਤਵਾਦ ਦੀ ਆੜ ਵਿੱਚ ਅੱਤਵਾਦੀ ਸਰਗਰਮੀਆਂ ਨੂੰ ਰੋਕਣ ਲਈ ਕਾਨੂੰਨ ਬਣਾਇਆ, ਜਿਹੜਾ ਮੁਨੱਖੀ ਹੱਕਾਂ ਦੇ ਵਿਰੁਧ ਹੈ। ਇਸ ਕਾਨੂੰਨ ਅਧੀਨ ਪੁਲਿਸ ਕਿਸੇ ਵੀ ਵਿਅਕਤੀ ਨੂੰ ਗਿ੍ਰਫ਼ਤਾਰ ਕਰ ਸਕਦੀ ਹੈ। ਉਸਦੀ ਕਚਹਿਰੀ ਵਿਚ ਸੁਣਵਾਈ ਵੀ ਤਿੰਨ ਸਾਲ ਨਹੀਂ ਹੋ ਸਕਦੀ। ਇਨ੍ਹਾਂ ਤੋਂ ਇਲਾਵਾ ਹੋਰ ਵਾਦ ਵਿਵਾਦ ਵਾਲੇ ਕਾਨੂੰਨਾ ਵਿਚ ਚੀਫ਼ ਆਫ਼ ਆਰਮੀ ਸਟਾਫ਼ ਬਣਾਉਣਾ, ਜਿਸ ਨਾਲ ਫ਼ੌਜ ਦੇ ਅਧਿਕਾਰੀਆਂ ਵਿਚ ਘਬਰਾਹਟ ਪੈਦਾ ਹੋ ਗਈ ਕਿਉਂਕਿ ਆਰਮੀ, ਏਅਰ ਫ਼ੋਰਸ ਅਤੇ ਸਮੁੰਦਰੀ ਫ਼ੌਜ ਦੇ ਮੁੱਖੀ ਆਜ਼ਾਦ ਤੌਰ ਤੇ ਆਪਣੇ ਫ਼ਰਜ਼ ਨਹੀਂ ਨਿਭਾ ਸਕਣਗੇ। ਉਨ੍ਹਾਂ ਉਪਰ ਇਕ ਚੀਫ ਆਫ਼ ਆਰਮੀ ਸਟਾਫ਼ ਬਿਠਾ ਦਿੱਤਾ ਗਿਆ ਹੈ। ਜਾਣੀ ਕਿ ਸਾਰੀ ਤਾਕਤ ਸਰਕਾਰ ਨੇ ਆਪਣੇ ਕੋਲ ਲੈ ਲਈ ਹੈ। ਮੋਟਰ ਵਹੀਕਲ ਕਾਨੂੰਨ ਬਣਾਕੇ ਜੁਰਮਾਨੇ ਬਹੁਤ ਜ਼ਿਆਦਾ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਆਮ ਨਾਗਰਿਕ ਲਈ ਭਰਨਾ ਅਸੰਭਵ ਹੋ ਗਿਆ ਹੈ।  ਬਾਲਕੋਟ ਏਅਰ ਸਟਰਾਈਕ ਫ਼ੋਕੀ ਵਾਹਵਾ ਸ਼ਾਹਵਾ ਲੈਣ ਲਈ ਕੀਤਾ ਗਿਆ, ਜਿਸਦਾ ਮਾੜਾ ਪ੍ਰਭਾਵ ਪਿਆ ਕਿਉਂਕਿ ਪਾਕਿਸਤਾਨ ਫ਼ੌਜ ਨੇ ਤਸਵੀਰਾਂ ਜਾਰੀ ਕਰਕੇ ਇਸ ਸਟਰਾਈਕ ਦਾ ਖ਼ੰਡਨ ਕਰ ਦਿੱਤਾ ਸੀ। ਹੁਣ ਤੱਕ ਦਾ ਸਭ ਤੋਂ ਵੱਡਾ ਵਾਦ ਵਿਵਾਦ ਤਿੰਨ ਖੇਤੀਬਾੜੀ ਕਾਨੂੰਨਾ ਦੇ ਬਣਨ ਨਾਲ ਹੋਇਆ ਹੈ। ਜਿਨ੍ਹਾਂ ਕਿਸਾਨਾ ਵਾਸਤੇ ਇਹ ਕਾਨੂੰਨ ਬਣਾਏ ਗਏ ਹਨ, ਉਹ ਕਿਸਾਨਾਂ ਨੂੰ ਪ੍ਰਵਾਨ ਨਹੀਂ। ਜਦੋਂ ਜਿਨ੍ਹਾਂ ਨੂੰ ਸਰਕਾਰ ਲਾਭ ਦੇਣਾ ਚਾਹੁੰਦੀ ਹੈ, ਉਹ ਇਨ੍ਹਾਂ ਕਾਨੂੰਨਾ ਨੂੰ ਆਪਣੇ ਲਈ ਨੁਕਸਾਨਦਾਇਕ ਕਹਿ ਰਹੇ ਹਨ, ਫਿਰ ਇਹ ਕਾਨੂੰਨ ਰੱਦ ਕਿਉਂ ਨਹੀਂ ਕੀਤੇ ਜਾ ਰਹੇ। ਖੇਤੀਬਾੜੀ ਰਾਜ ਦਾ ਵਿਸ਼ਾ ਹੈ, ਕੇਂਦਰ ਸਰਕਾਰ ਖੇਤੀ ਨਾਲ ਸੰਬੰਧਤ ਕਾਨੂੰਨ ਬਣਾ ਹੀ ਨਹੀਂ ਸਕਦੀ। ਕੇਂਦਰ ਸਰਕਾਰ ਨੇ ਕਮਰਸ ਵਿਭਾਗ ਰਾਹੀਂ ਕਾਨੂੰਨ ਬਣਾ ਦਿੱਤੇ ਜੋ ਬਿਲਕੁਲ ਹੀ ਗ਼ੈਰਕਾਨੂੰਨੀ ਹਨ। ਕਾਮਰਸ ਵਿਭਾਗ ਵਿਓਪਾਰੀਆਂ ਲਈ ਕਾਨੂੰਨ ਬਣਾ ਸਕਦਾ ਹੈ ਪ੍ਰੰਤੂ ਸਰਕਾਰ ਕਹਿ ਰਹੀ ਹੈ ਕਿ ਕਿਸਾਨਾ ਦੀ ਆਮਦਨ ਵਧਾਉਣ ਲਈ ਖੇਤੀਬਾੜੀ ਕਾਨੂੰਨ ਬਣਾਏ ਹਨ। ਸਰਕਾਰ ਨੇ ਕਾਨੂੰਨਾ ਦੇ ਨਾਮ ਵੀ ਖੇਤੀਬਾੜੀ ਨਾਲ ਸੰਬੰਧਤ ਰੱਖੇ ਹਨ। ਇਸ ਲਈ ਸਰਕਾਰ ਇਹ ਨਹੀਂ ਕਹਿ ਸਕਦੀ ਕਿ ਇਹ ਕਾਨੂੰਨ ਵਿਓਪਾਰੀਆਂ ਲਈ ਹਨ। ਵੈਸੇ ਅਸਲ ਵਿਚ ਸਰਕਾਰ ਨੇ ਵਿਓਪਾਰੀਆਂ ਨੂੰ ਲਾਭ ਪਹੁੰਚਾਉਣ ਲਈ ਇਹ ਕਾਨੂੰਨ ਬਣਾਏ ਹਨ, ਜਿਨ੍ਹਾਂ ਨੇ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਭਾਰ ਝੱਲਿਆ ਹੈ। ਖੇਤੀਬਾੜੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ  ਤਿੰਨ ਮਹੀਨੇ ਤੋਂ ਵੱਧ ਸਮੇਂ ਬੈਠੇ ਹਨ। ਸਾਰੇ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਰੁਧ ਲੋਕ ਲਾਮਬੰਦ ਹੋ ਗਏ ਹਨ। ਜਿਤਨੇ ਹੁਣ ਤੱਕ ਭਾਰਤੀ ਜਨਤਾ ਪਾਰਟੀ ਨੇ ਕਾਨੂੰਨ ਬਣਾਏ ਹਨ, ਖੇਤੀਬਾੜੀ ਕਾਨੂੰਨਾਂ ਜਿਤਨਾ ਵਿਰੋਧ ਨਹੀਂ ਹੋਇਆ। ਇਸ ਅੰਦੋਲਨ ਨੂੰ ਭਾਰਤ ਦੇ ਲੋਕਾਂ ਵਿਚ ਸਰਕਾਰ ਵਿਰੁਧ ਜਾਗ੍ਰਤੀ ਪੈਦਾ ਕਰਨ ਵਾਲਾ ਅੰਦੋਲਨ ਗਿਣਿਆਂ ਜਾਂਦਾ ਹੈ। ਇਹ ਸਾਰੇ ਕਾਨੂੰਨ ਵਾਦ ਵਿਵਾਦ ਵਾਲੇ ਹਨ। ਇਨ੍ਹਾਂ ਕਾਨੂੰਨਾ ਦੇ ਹੱਕ ਵਿਚ ਸਿਰਫ ਉਸ ਵਿਭਾਗ ਦਾ ਮੰਤਰੀ ਹੀ ਉਨ੍ਹਾਂ ਨੂੰ ਜ਼ਾਇਜ਼ ਠਹਿਰਾ ਰਹੇ ਹਨ। ਹੋਰ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਐਲ ਕੇ ਅਡਵਾਨੀ ਵਰਗੇ ਸੀਨੀਅਰ ਨੇਤਾ ਚੁਪ ਕਰਕੇ ਤਮਾਸ਼ਾ ਵੇਖ ਰਹੇ ਹਨ। ਉਹ ਅੰਦਰਖਾਤੇ ਸਰਕਾਰ ਦੀ ਬਦਨਾਮੀ ਤੋਂ ਖ਼ੁਸ਼ ਹਨ ਤਾਂ ਜੋ ਪ੍ਰਧਾਨ ਮੰਤਰੀ ਵਿਰੁਧ ਆਵਾਜ਼ ਉਠ ਖੜ੍ਹੇ। ਹੁਣ ਤੇਲ ਵੇਖੋ ਅਤੇ ਤੇਲ ਦੀ ਧਾਰ ਵੇਖੋ, ਊਂਟ ਕਿਸ ਕਰਵਟ ਬੈਠਦਾ ਹੈ। ਸੀਨੀਅਰ ਨੇਤਾਵਾਂ ਦੀ ਕਥਿਤ ਸ਼ਾਜ਼ਸ਼ ਸਿਰੇ ਚੜ੍ਹਦੀ ਹੈ ਜਾਂ ਇਸੇ ਤਰ੍ਹਾ ਸਰਕਾਰ ਡਿਕ ਡੋਲੇ ਖਾਂਦੀ ਪੰਜ ਸਾਲ ਕੱਢ ਜਾਵੇਗੀ।

ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh480yahoo.com

ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ  -  ਉਜਾਗਰ ਸਿੰਘ

ਬੇਅਦਬੀ ਦੇ ਵਿਰੋਧ ਵਿਚ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਅਤੇ ਜ਼ਖ਼ਮੀ ਹੋਏ ਸ਼ਰਧਾਲੂਆਂ ਦੇ ਕੇਸਾਂ ਦੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪੜਤਾਲ ਨੂੰ ਹਾਈ ਕੋਰਟ ਵੱਲੋਂ ਰੱਦ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਪਾਰਟੀ ਵਿਚ ਜਿਹੜੀ ਅੱਗ ਧੁਖਣ ਲੱਗੀ ਸੀ, ਉਹ ਹੁਣ ਭਾਂਬੜ ਬਣਨ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਹਰ ਰੋਜ਼ ਸਰਕਾਰ ਨੂੰ ਆਪਣੇ ਟਵੀਟਾਂ ਨਾਲ ਕਟਹਿਰੇ ਵਿਚ ਖੜ੍ਹਾ ਕਰੀ ਜਾ ਰਿਹਾ ਹੈ। ਇਸ ਸਮੇਂ ਮੰਤਰੀਆਂ, ਸੰਸਦਾਂ ਅਤੇ ਵਿਧਾਨਕਾਰਾਂ ਦੀ ਅਸੰਤੁਸ਼ਟਤਾ ਗੁਰਪ ਮੀਟਿੰਗਾਂ ਦੇ ਸਿਲਸਿਲੇ ਤੋਂ ਸਾਫ਼ ਵਿਖਾਈ ਦੇ ਰਹੀ ਹੈ। ਕੈਪਟਨ ਵਿਰੋਧੀ ਅਤੇ ਸਮਰਥਕ ਦੋ ਧੜੇ ਆਹਮੋ ਸਾਹਮਣੇ ਆ ਗਏ ਹਨ। ਕਾਂਗਰਸ ਹਾਈ ਕਮਾਂਡ ਆਪਣੀ ਚੌਧਰ ਬਣਾਈ ਰੱਖਣ ਲਈ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਹੱਲਾ ਸ਼ੇਰੀ ਦੇ ਕੇ ਇਕ ਦੂਜੇ ਨਾਲ ਸਿੰਗ ਫਸਾਉਣ ਦੀਆਂ ਚਾਲਾਂ ਚਲਦੀ ਰਹੀ ਹੈ, ਤਾਂ ਜੋ ਪੰਜਾਬ ਦੇ ਸਾਰੇ ਧੜਿਆਂ ਦੇ ਨੇਤਾ ਉਨ੍ਹਾਂ ਦੀ ਚਮਚਾਗਿਰੀ ਕਰਦੇ ਰਹਿਣ। ਹੁਣ ਇਹ ਲੜਾਈ ਉਨ੍ਹਾਂ ਲਈ ਗਲੇ ਦੀ ਹੱਡੀ ਬਣ ਗਈ ਹੈ। ਕਾਂਗਰਸ ਦੇਸ਼ ਵਿਚੋਂ ਬਹੁਤ ਕਮਜ਼ੋਰ ਹੋ ਗਈ ਹੈ। ਅਜਿਹੀ ਸਥਿਤੀ ਵਿਚ ਉਹ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੋਈ ਫ਼ੈਸਲਾ ਲੈਣ ਦੇ ਸਮਰੱਥ ਨਹੀਂ ਹੈ। ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਹਿਜ਼ 8 ਮਹੀਨੇ ਬਾਕੀ ਹਨ ਤਾਂ ਘੋੜੇ ਬਦਲਣੇ ਬਹੁਤੇ ਵਾਜਬ ਨਹੀਂ ਰਹਿਣਗੇ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਹਾਈ ਕਮਾਂਡ ਵਿਰੋਧੀ ਸੁਰਾਂ ਨੂੰ ਕਿਸ ਫਾਰਮੂਲੇ ਤਹਿਤ ਸੰਤੁਸ਼ਟ ਕਰੇਗੀ। ਨਵਾਂ ਨੇਤਾ 8 ਮਹੀਨੇ ਦੇ ਸਮੇਂ ਵਿਚ ਕੋਈ ਸਾਰਥਿਕ ਨਤੀਜੇ ਸਾਹਮਣੇ ਨਹੀਂ ਲਿਆ ਸਕੇਗਾ। 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸਦਾ ਖਮਿਆਜਾ ਕਾਂਗਰਸ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ।
      ਪੰਜਾਬ ਦੇ ਕਾਂਗਰਸੀਆਂ ਦੀ ਬਦਕਿਸਮਤੀ ਰਹੀ ਹੈ ਕਿ ਹਰ ਕਾਂਗਰਸੀ, ਵਰਕਰ ਬਣਕੇ ਪਾਰਟੀ ਵਿਚ ਕੰਮ ਕਰਨ ਦੀ ਥਾਂ ਨੇਤਾ ਬਣਨਾ ਚਾਹੁੰਦਾ ਹੈ। ਹੁਣ ਤਾਂ ਸ਼ਾਰਟ ਕੱਟ ਮਾਰਕੇ ਨੇਤਾ ਬਣਨ ਦੀ ਕੋਸ਼ਿਸ ਵਿਚ ਰਹਿੰਦੇ ਹਨ। ਜਿਸ ਕਰਕੇ ਪਾਰਟੀ ਦੀ ਹਾਲਤ ਦਿਨ-ਬਦਿਨ ਨਿਘਰਦੀ ਜਾ ਰਹੀ ਹੈ। ਪਾਰਟੀ ਅਤੇ ਪਾਰਟੀ ਦੀ ਵਿਚਾਧਾਰਾ ਦੀ ਵਫ਼ਦਾਰੀ ਤਾਂ ਪਰ ਲਾ ਕੇ ਉਡ ਗਈ ਹੈ। ਹੁਣ ਤਾਂ ਜਿਥੋਂ ਸਿਆਸੀ ਤਾਕਤ ਮਿਲਦੀ ਹੈ, ਓਧਰ ਨੂੰ ਹੀ ਝੁਕ ਜਾਂਦੇ ਹਨ। ਜੇ ਵਫ਼ਾਦਾਰੀ ਹੈ ਤਾਂ ਧੜੇਬੰਦੀ ਦੀ ਵਫ਼ਦਾਰੀ ਰਹਿ ਗਈ। ਛੋਟੇ-ਛੋਟੇ ਧੜੇ ਬਣ ਗਏ ਹਨ ਜੋ ਇਕ ਦੂਜੇ ਦੀਆਂ ਲੱਤਾਂ ਖਿਚਕੇ ਅੱਗੇ ਆਉਣਾ ਚਾਹੁੰਦੇ ਹਨ। ਉਨ੍ਹਾਂ ਵੱਲੋਂ ਪਾਰਟੀ ਜਾਵੇ ਢੱਠੇ ਖੂਹ ਵਿਚ। ਸਿਆਸੀ ਤਾਕਤ ਲਈ ਬਹੁਤੇ ਤਾਂ ਪਾਰਟੀਆਂ ਬਦਲਣ ਨੂੰ ਵੀ ਮਾੜਾ ਨਹੀਂ ਸਮਝਦੇ। ਉਹ ਤਾਂ ਗਿਰਗਟ ਦੇ ਰੰਗ ਬਦਲਣ ਨਾਲੋਂ ਛੇਤੀ ਰੰਗ ਬਦਲ ਜਾਂਦੇ ਹਨ।
     ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਖ਼ਹਿਬਾਜ਼ੀ ਜਗ ਜ਼ਾਹਰ ਹੈ, ਪ੍ਰੰਤੂ ਕਾਂਗਰਸ ਹਾਈ ਕਮਾਂਡ ਜਿਵੇਂ ਬਿੱਲੀ ਨੂੰ ਵੇਖਕੇ ਕਬੂਤਰ ਅੱਖਾਂ ਮੀਚ ਲੈਂਦਾ ਹੈ, ਉਸੇ ਤਰ੍ਹਾਂ ਕਾਂਗਰਸ ਹਾਈ ਕਮਾਂਡ ਸਭ ਕੁਝ ਜਾਣਦੀ ਹੋਈ ਚੁੱਪ ਕਰਕੇ ਪਾਸਾ ਵੱਟ ਕੇ ਬੈਠੀ ਹੈ। 2017 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਕੈਪਟਨ ਅਮਰਿੰਦਰ ਸਿੰਘ ਦੇ ਨਾਮ ‘ਤੇ ਲੜੀ ਗਈ ਸੀ। ਲੋਕਾਂ ਨੇ ਵੋਟਾਂ ਕਾਂਗਰਸ ਨੂੰ ਨਹੀਂ, ਸਗੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਈਆਂ ਸਨ। ਇਸ ਕਰਕੇ ਉਨ੍ਹਾਂ ਦਾ ਮੁੱਖ ਮੰਤਰੀ ਬਣਨਾ ਕੁਦਰਤੀ ਸੀ। ਕੁਝ ਨੇਤਾ ਉਦੋਂ ਦੇ ਹੀ ਮੁੱਖ ਮੰਤਰੀ ਦੇ ਵਿਰੁਧ ਝੰਡਾ ਚੁਕੀ ਫਿਰਦੇ ਹਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ, ਉਦੋਂ ਤੋਂ ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਉਨ੍ਹਾਂ ਦਾ ਮੁੱਖ ਮੰਤਰੀ ਬਣਨਾ ਹਜ਼ਮ ਨਹੀਂ ਹੋ ਰਿਹਾ। ਵਾਰੋ ਵਾਰੀ ਸੀਨੀਅਰ ਨੇਤਾ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਿਆ ਕਰਦੇ ਰਹਿੰਦੇ ਹਨ। ਇਹ ਉਨ੍ਹਾਂ ਦਾ ਹੱਕ ਵੀ ਹੈ ਪ੍ਰੰਤੂ ਪਾਰਟੀ ਪੱਧਰ ਤੇ ਅਜਿਹੀ ਨਿੰਦਿਆ ਜਾਇਜ਼ ਹੈ। ਅਖ਼ਬਾਰਾਂ ਵਿਚ ਖ਼ਬਰਾਂ ਲਗਾਉਣ ਲਈ ਬਿਆਨਬਾਜ਼ੀ ਕਰਨੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਥਾਂ ਕਮਜ਼ੋਰ ਕਰਨ ਵਿਚ ਸਹਾਈ ਹੁੰਦੀ ਹੈ। ਇਸ ਨਾਲ ਵਿਰੋਧੀ ਪਾਰਟੀਆਂ ਨੂੰ ਵੀ ਮੁੱਦਾ ਮਿਲ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਵੀ ਲੋਕਾਂ ਦੀਆਂ ਉਮੀਦਾਂ ‘ਤੇ ਪੂਰੇ ਨਹੀਂ ਉਤਰ ਸਕੇ। ਇਸ ਵਾਰੀ ਉਹ ਨਤੀਜੇ ਨਹੀਂ ਵਿਖਾ ਸਕੇ ਜਿਹੜੇ 2002 ਵਾਲੀ ਸਰਕਾਰ ਵਿਚ ਵਿਖਾਏ ਸਨ। ਚਾਪਲੂਸੀ ਨੇ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵਿਚ ਤੇਲ ਦਿੱਤਾ ਹੈ। ਕਾਂਗਰਸ ਪਾਰਟੀ ਵਿਚ ਅਜਿਹੇ ਹਾਲਾਤ ਪੈਦਾ ਕਰਨ ਦੀ ਜ਼ਿੰਮੇਵਾਰ ਕੇਂਦਰੀ ਲੀਡਰਸ਼ਿਪ ਹੈ, ਜਿਹੜੀ ਉਨ੍ਹਾਂ ਨੂੰ ਆਪਸ ਵਿਚ ਬਿਠਾਕੇ ਮਸਲੇ ਦਾ ਹਲ ਕਰਵਾਉਣਾ ਨਹੀਂ ਚਾਹੁੰਦੀ। ਕਾਂਗਰਸ ਪਾਰਟੀ ਵਿਚ ਅਨੁਸ਼ਾਸ਼ਨ ਨਾ ਦੀ ਕੋਈ ਚੀਜ਼ ਨਹੀਂ ਹੈ। ਜੇਕਰ ਨੇਤਾ ਲੋਕ ਇਸੇ ਤਰ੍ਹਾਂ ਲੜਦੇ ਰਹੇ ਤਾਂ ਪੰਜਾਬ ਦਾ ਹਾਲ 2022 ਵਿਚ ਦੂਜੇ ਰਾਜਾਂ ਵਾਲਾ ਹੋਵੇਗਾ, ਜਿਥੇ ਸਰਕਾਰ ਬਣਾਉਣੀ ਤਾਂ ਵੱਖਰੀ ਗੱਲ ਹੈ, ਪਾਰਟੀ ਦੀ ਹੋਂਦ ਵੀ ਨਜ਼ਰ ਨਹੀਂ ਆ ਰਹੀ।
       ਜਿਸ ਦਿਨ ਤੋਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਵਿਚ ਮੁੱਖ ਮੰਤਰੀ ਬਣਨ ਦੇ ਸੁਪਨੇ ਸਿਰਜਕੇ ਭਾਰਤੀ ਜਨਤਾ ਪਾਰਟੀ ਨੂੰ ਪਲਟੀ ਮਾਰਕੇ ਕਾਂਗਰਸ ਪਾਰਟੀ ਵਿਚ ਪ੍ਰਿਅੰਕਾ ਗਾਂਧੀ ਦਾ ਸਹਾਰਾ ਲੈ ਕੇ ਸ਼ਾਮਲ ਹੋਏ ਸਨ। ਉਸੇ ਦਿਨ ਤੋਂ ਪੰਜਾਬ ਕਾਂਗਰਸ ਦੇ ਨੇਤਾਵਾਂ ਵਿਚ ਖੁਸਰ ਮੁਸਰ ਸ਼ੁਰੂ ਹੋ ਗਈ ਸੀ। ਕਾਂਗਰਸ ਵਿਚਲੀ ਹਲਚਲ ਇਸ ਕਰਕੇ ਸੀ ਕਿਉਂਕਿ ਮੁੱਖ ਮੰਤਰੀ ਦੇ ਪਹਿਲਾਂ ਹੀ ਬਹੁਤ ਉਮੀਦਵਾਰ ਲਾਈਨ ਵਿਚ ਲੱਗੇ ਹੋਏ ਸਨ। ਦੱਬੀ ਜ਼ੁਬਾਨ ਨਾਲ ਉਹ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਸਨ, ਪ੍ਰੰਤੂ ਖੁਲ੍ਹਕੇ ਬੋਲਦੇ ਨਹੀਂ ਸਨ। ਨਵਜੋਤ ਸਿੰਘ ਸਿੱਧੂ ਨੂੰ ਉਸ ਦਿਨ ਪਤਾ ਹੋਣਾ ਚਾਹੀਦਾ ਸੀ ਕਿ ਉਨ੍ਹਾਂ ਤੋਂ ਪਹਿਲਾਂ ਪ੍ਰਨਾਬ ਮੁਕਰਜੀ ਰਾਹੀਂ ਇਹੋ ਸਬਜ਼ ਬਾਗ ਵੇਖਣ ਦੇ ਸਪਨੇ ਸਿਰਜਕੇ ਆਏ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਹੀ ਲਾਈਨ ਵਿਚ ਲੱਗੇ ਹੋਏ ਹਨ। 100 ਸਾਲ ਪੁਰਾਣੀ ਆਜ਼ਾਦੀ ਸੰਗਰਾਮੀਆਂ ਦੇ ਵਾਰਸਾਂ ਦੀ ਕਾਂਗਰਸ ਪਾਰਟੀ ਦੇ ਪੁਸ਼ਤਾਨੀ ਪਰਿਵਾਰਾਂ ਦੇ ਫਰਜੰਦ  ਕਿਵੇਂ ਉਨ੍ਹਾਂ ਦੇ ਪੈਰ ਲੱਗਣ ਦੇਣਗੇ? ਸ਼ਾਰਟ ਕੱਟ ਰਾਹੀਂ ਮੁੱਖ ਮੰਤਰੀ ਦੀ ਕੁਰਸੀ ਕਾਂਗਰਸ ਪਾਰਟੀ ਦੇ ਕੌਮੀ ਪੱਧਰ ਤੇ ਕਮਜ਼ੋਰ ਹੁੰਦਿਆਂ ਹੱਥਿਆਉਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਵੀ ਹੈ।
       ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕਾਂਗਰਸ ਵਿਚ ਉਨ੍ਹਾਂ ਤੋਂ ਬਹੁਤ ਸੀਨੀਅਰ ਨੇਤਾ ਬੈਠੇ ਹਨ, ਜਿਨ੍ਹਾਂ ਦਾ ਮੁੱਖ ਮੰਤਰੀ ਦੀ ਕੁਰਸੀ ‘ਤੇ ਦਾਅਵਾ ਕਰਨ ਦਾ ਹੱਕ ਬਣਦਾ ਹੈ। ਉਨ੍ਹਾਂ ਨੇਤਾਵਾਂ ਵਿਚ ਪ੍ਰਤਾਪ ਸਿੰਘ ਬਾਜਵਾ, ਬ੍ਰਹਮ ਮਹਿੰਦਰਾ, ਸੁਨੀਲ ਕੁਮਾਰ ਜਾਖੜ, ਲਾਲ ਸਿੰਘ, ਸ਼ਮਸ਼ੇਰ ਸਿੰਘ ਦੂਲੋ, ਮਹਿੰਦਰ ਸਿੰਘ ਕੇ ਪੀ, ਰਵਨੀਤ ਸਿੰਘ ਬਿੱਟੂ ਅਤੇ ਮਨੀਸ਼ ਤਿਵਾੜੀ ਆਦਿ ਦੀ ਲੰਬੀ ਸੂਚੀ ਹੈ। ਨਵਜੋਤ ਸਿੰਘ ਸਿੱਧੂ ਤਾਂ ਅਜੇ ਪੰਜਾਬੀ ਦੀ ਕਹਾਵਤ ਦੀ ਤਰ੍ਹਾਂ, ਕਲ੍ਹ ਦੀ ਭੂਤਨੀ ਸਿਵਿਆਂ ਵਿਚ ਅੱਧ ਵਾਲੀ ਗੱਲ ਹੈ। ਉਨ੍ਹਾਂ ਨੂੰ ਪੌੜੀ ਦਰ ਪੌੜੀ ਚੜ੍ਹਨ ਨੂੰ ਹੀ ਤਰਜ਼ੀਹ ਦੇਣੀ ਬਣਦੀ ਸੀ। ਸਿਆਸਤ ਵਿਚ ਲਚਕੀਲਾਪਣ ਹੋਣਾ ਜ਼ਰੂਰੀ , ਲੱਕੜ ਬਣਕੇ ਕੁਝ ਖੱਟਣਾ ਅਸੰਭਵ ਹੁੰਦਾ ਹੈ। ਸਮੇਂ ਦੀ ਨਜ਼ਾਕਤ ਨੂੰ ਸਮਝਕੇ ਨਵੇਂ ਮਿਲੇ ਵਿਭਾਗ ਰਾਹੀਂ ਆਪਣੀ ਭੱਲ ਬਣਾਉਂਦੇ, ਬਿਜਲੀ ਵਿਭਾਗ ਦਾ ਸੰਬੰਧ ਪੰਜਾਬ ਦੇ ਹਰ ਘਰ ਨਾਲ ਹੈ। ਅਕਾਲੀ ਦਲ ਦੇ ਬਿਜਲੀ ਦੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਨੂੰ ਰੱਦ ਕਰਵਾਕੇ ਪੰਜਾਬ ਦੇ ਲੋਕਾਂ ਦੇ ਮਸੀਹਾ ਬਣ ਸਕਦੇ ਸਨ। ਕਾਂਗਰਸ ਪਾਰਟੀ ਵਿਚ ਥੋੜ੍ਹਾ ਸਮਾਂ ਪਹਿਲਾਂ ਸਰਗਰਮ ਹੋਏ ਪ੍ਰਿਅੰਕਾ ਗਾਂਧੀ, ਸੀਨੀਅਰ ਘਾਗ ਕਾਂਗਰਸੀਆਂ ਤੋਂ ਉਨ੍ਹਾਂ ਨੂੰ ਕਿਵੇਂ ਉਪ ਮੁੱਖ ਮੰਤਰੀ ਦੀ ਕੁਰਸੀ ਦਿਵਾ ਸਕਣਗੇ। ਭਾਵੇਂ ਪ੍ਰਿਅੰਕਾ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਧੀ ਹਨ ਪ੍ਰੰਤੂ ਉਹ ਸੀਨੀਅਰ ਨੇਤਾਵਾਂ ਨੂੰ ਨਰਾਜ਼ ਕਰਕੇ ਕਾਂਗਰਸ ਪਾਰਟੀ ਨੂੰ ਹੋਰ ਕਮਜ਼ੋਰ ਨਹੀਂ ਕਰਨਾ ਚਾਹੁਣਗੇ। ਕਿਉਂਕਿ ਉਨ੍ਹਾਂ ਨੂੰ ਤਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਿਆਂਦਾ ਗਿਆ ਹੈ। ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਸਿਆਸਤ ਪਰਿਵਾਰਿਕ ਵਿਰਸੇ ਵਿਚੋਂ ਮਿਲੀ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਮਰਹੂਮ ਭਗਵੰਤ ਸਿੰਘ ਸਿੱਧੂ ਬੜਾ ਲੰਬਾ ਸਮਾਂ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪਟਿਆਲਾ ਦੇ ਪ੍ਰਧਾਨ ਅਤੇ ਦਰਬਾਰਾ ਸਿੰਘ ਦੀ ਵਜਾਰਤ ਵਿਚ ਪੰਜਾਬ ਦੇ ਐਡਵੋਕੇਟ ਜਨਰਲ ਰਹੇ ਹਨ ਪ੍ਰੰਤੂ ਇਉਂ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਤੋਂ ਸਿਆਸਤ ਦੇ ਗੁਰ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਉਦੋਂ ਉਹ ਕ੍ਰਿਕਟ ਖੇਡਣ ਵਲ ਹੀ ਧਿਆਨ ਲਾਉਂਦੇ ਰਹੇ।
       ਨਵਜੋਤ ਸਿੰਘ ਸਿੱਧੂ ਵਿਚ ਦੋ ਗੁਣ ਅਜਿਹੇ ਹਨ, ਜਿਹੜੇ ਹਰ ਸਿਆਸਤਦਾਨ ਵਿਚ ਬਹੁਤ ਘੱਟ ਮਿਲਦੇ ਹਨ। ਉਹ ਇਮਾਨਦਾਰ ਅਤੇ ਬਿਹਤਰੀਨ  ਬੁਲਾਰੇ ਹਨ ਪ੍ਰੰਤੂ ਉਹ ਜ਼ਿਆਦਾ ਬਿਆਨਬਾਜ਼ੀ ਕਰਕੇ ਕਿਸੇ ਵੀ ਪਾਰਟੀ ਵਿਚ ਉਨ੍ਹਾਂ ਗੁਣਾ ਦਾ ਲਾਭ ਨਹੀਂ ਲੈ ਸਕੇ, ਜਿਤਨਾ ਲਾਭ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ। ਸਿਆਸਤ ਵਿਚ ਸੰਜੀਦਗੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਜਿਸਦੀ ਨਵਜੋਤ ਸਿੰਘ ਸਿੱਧੂ ਵਿਚ ਘਾਟ ਹੈ। ਕੁਰਸੀ ਮਿਲਣਾ ਤਾਂ ਵੱਖਰੀ ਗੱਲ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੰਘ ਸਿੱਧੂ ਕੇਂਦਰੀ ਹਾਈ ਕਮਾਂਡ ਦੇ ਨੇੜੇ ਹਨ।  ਪਿਛਲੇ ਸਵਾ ਚਾਰ ਸਾਲ ਤੋਂ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਕਾਂਗਰਸ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਕਿੰਤੂ ਪ੍ਰੰਤੂ ਕੀਤਾ ਹੈ। ਉਨ੍ਹਾਂ ਵਿਚ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਨਵਜੋਤ ਸਿੰਘ ਸਿੱਧੂ ਵਰਨਣਯੋਗ ਹਨ। ਬੇਅਦਬੀ ਦੇ ਮੁੱਦੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਵੇਖਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਹੜੀ ਗਿਦੜਸਿੰਗੀ ਨਾਲ ਅਰਥਾਤ ਦਾਅ ਪੇਚ ਨਾਲ ਆਪਣਾ ਅਕਸ ਮੁੜ ਸਥਾਪਤ ਕਰਨਗੇ। ਜੇਕਰ ਬੇਅਦਬੀ ਦੇ ਮੁੱਦੇ ਕੋਈ ਸਾਰਥਿਕ ਕਾਰਵਾਈ ਨਾ ਕੀਤੀ ਤਾਂ ਕਾਂਗਰਸ ਦਾ ਭਵਿਖ ਖ਼ਤਰੇ ਵਿਚ ਪੈ ਜਾਵੇਗਾ।
 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ - 9417913072

ਸਿੱਖ ਵਿਰਾਸਤ ਦਾ ਪਹਿਰੇਦਾਰ : ਨਰਪਾਲ ਸਿੰਘ ਸ਼ੇਰਗਿਲ - ਉਜਾਗਰ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਿੱਖ ਕੌਮ ਦੀ 550 ਸਾਲ ਦੀ ਵਿਰਾਸਤ ਬਾਰੇ ਨਰਪਾਲ ਸਿੰਘ ਸ਼ੇਗਰਗਿਲ ਨੇ ਆਪਣੀ ਅਕੀਦਤ ਦੇ ਫੁੱਲ ਭੇਂਟ ਕਰਨ ਲਈ ਇਹ ਵਿਰਾਸਤੀ ਅੰਕ-2020 ਪ੍ਰਕਾਸ਼ਤ ਕੀਤਾ ਹੈ। ਉਹ ਹਮੇਸ਼ਾ ਹੀ ਗੁਰੂ ਸਾਹਿਬਾਨ, ਖਾਲਸਾ ਦੇ ਸਿਰਜਨਾ ਦਿਵਸ ਅਤੇ ਸਿੱਖ ਧਰਮ ਨਾਲ ਸੰਬੰਧਤ ਹੋਰ ਧਾਰਮਿਕ ਅਤੇ ਇਤਿਹਾਸਕ ਸ਼ਤਾਬਦੀਆਂ ਬਾਰੇ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਦੇ ਰਹਿੰਦੇ ਹਨ। ਉਹ ਸਿੱਖ ਸੋਚ, ਕਿਰਦਾਰ ਅਤੇ ਦਸਤਾਰ ਦੀ ਪਵਿਤਰਤਾ ਦੀ ਰਾਖੀ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਨ੍ਹਾਂ ਸ਼ਤਾਬਦੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਆਪਣੀ ਪੁਸਤਕ ਪ੍ਰਕਾਸ਼ਤ ਕਰ ਦਿੰਦੇ ਹਨ। ਸਿੱਖ ਅਤੇ ਸਿੱਖੀ ਨਾਲ ਸੰਬੰਧਤ ਕੋਈ ਵੀ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਘਟਨਾਵਾਂ ਦੇ ਵਾਪਰਨ ਦੇ ਹੰਦੇਸ਼ੇ ਸੰਬੰਧੀ ਉਹ ਅਗਾਊਂ ਆਪਣੀ ਦੂਰਅੰਦੇਸ਼ੀ ਪ੍ਰਵਿਰਤੀ ਹੋਣ ਕਰਕੇ ਸਿੱਖਾਂ ਨੂੰ ਜਾਗ੍ਰਤ ਕਰਨ ਦੇ ਇਰਾਦੇ ਨਾਲ ਸੋਵੀਨੀਅਰ ਪ੍ਰਕਾਸ਼ਤ ਕਰ ਦਿੰਦੇ ਹਨ। ਪਟਿਆਲਾ ਜਿਲ੍ਹੇ ਦੇ ਮਜਾਲ ਖੁਰਦ ਵਿਚ ਜਨਮ ਲੈਣ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੀ  ਵਿਰਾਸਤ ਦੀ ਮਿੱਟੀ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ। ਇੰਗਲੈਂਡ ਉਨ੍ਹਾਂ ਦੀ ਕਰਮ ਭੂਮੀ ਹੈ ਇਸ ਲਈ ਇੰਗਲੈਂਡ ਵਿਚ ਪਿਛਲੇ 55 ਸਾਲ ਤੋਂ ਆਉਂਦੇ ਜਾਂਦੇ ਰਹਿੰਦੇ ਹਨ ਪ੍ਰੰਤੂ ਦੇਸ਼ ਪਿਆਰ ਦੀ ਭਾਵਨਾ ਵਿਚ ਲਬਰੇਜ਼ ਹੋਣ ਕਰਕੇ ਇੰਗਲੈਂਡ ਦੀ ਨਾਗਰਿਕਤਾ ਨਹੀਂ ਲਈ। ਹੱਕ ਅਤੇ ਸੱਚ ਤੇ ਪਹਿਰਾ ਦੇਣ ਲਈ ਬਚਨਵੱਧ ਹਨ। ਨਰਪਾਲ ਸਿੰਘ ਸ਼ੇਰਗਿੱਲ ਨੇ ਆਪਣੀ ਇੰਡੀਅਨਜ਼ ਅਬਰਾਡ ਐਂਡ ਪੰਜਾਬ ਇੰਪੈਕਟ ਦੇ ਵਿਰਾਸਤੀ ਅੰਕ 2020 ਰਾਹੀਂ ਸੰਸਾਰ ਵਿਚ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖਾਂ ਵੱਲੋਂ ਸਿੱਖ ਵਿਰਾਸਤ ‘ਤੇ ਪਹਿਰਾ ਦੇਣ ਦੇ ਗੱਡੇ ਝੰਡਿਆਂ ਦੇ ਦਰਸ਼ਨ ਕਰਵਾ ਦਿੱਤੇ ਹਨ। ਇਸ ਪੁਸਤਕ ਨੂੰ ਪੜ੍ਹਕੇ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖਾਂ ਦੀਆਂ ਬੁਲੰਦੀਆਂ ਤੇ ਨਜ਼ਰਾਂ ਪੈਣ ਨਾਲ ਉਨ੍ਹਾਂ ਦੇ ਸਿਰ ਮਾਣ ਨਾਲ ਉਚੇ ਹੋ ਜਾਂਦੇ ਹਨ। ਹਰ ਸਾਲ ਦੀ ਤਰ੍ਹਾਂ ਉਨ੍ਹਾਂ ਆਪਣੀ ਇਸ ਪੁਸਤਕ ਵਿਚ ਵੀ ਨਵੇਕਲਾ ਕੰਮ ਕੀਤਾ ਹੈ। ਨਰਪਾਲ ਸਿੰਘ ਸ਼ੇਰਗਿੱਲ ਹਮੇਸ਼ਾ ਪੁਰਾਣੀਆਂ ਪਗਡੰਡੀਆਂ ‘ਤੇ ਚਲਣ ਦੀ ਥਾਂ ਨਵੇਂ ਰਾਹ ਬਣਾਕੇ ਚਲਣ ਦਾ ਆਦੀ ਹੈ। ਇਸ ਵਾਰ ਇਸ ਪੁਸਤਕ ਵਿਚ ਪੰਜਾਬੀ ਅਤੇ ਅੰਗਰੇਜ਼ੀ ਵਿਚ ਜਿਹੜੇ ਲੇਖ ਪ੍ਰਕਾਸ਼ਤ ਕੀਤੇ ਹਨ, ਉਨ੍ਹਾਂ ਵਿਚ ਪੰਜਾਬ ਦੀ ਵਿਰਾਸਤ ਦੀਆਂ ਧਰੋਹਰਾਂ ਬਾਰੇ ਅਜਿਹੀ ਜਾਣਕਾਰੀ ਦਿੱਤੀ ਹੈ, ਜਿਹੜੀ ਪਹਿਲਾਂ ਛੁਪੀ ਰਹੀ ਹੈ। ਦਸਤਾਰ ਦੀ ਆਨ ਅਤੇ ਸ਼ਾਨ, ਸਿੱਖੀ ਸਰੂਪ ਕਿਉਂ ਜ਼ਰੂਰੀ, ਸ੍ਰੀ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣਾ ਅਜੋਕੇ ਸਮੇਂ ਲੋੜ ਅਤੇ ਪਵਾਸ ਵਿਚ ਗੁਰੂ ਘਰ ਸਿੱਖਾਂ ਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਸੰਦੇਸ਼ ਦਿੰਦੇ ਹੋਏ ਸਿੱਖਾਂ ਦੀ ਸਰਦਾਰੀ ਦੀ ਪਹਿਚਾਣ ਬਣਾਉਂਦੇ ਹਨ। ਸਿੱਖ ਧਰਮ ਦੇ ਵਿਕਾਸ ਦੀ ਜਦੋਜਹਿਦ ਦਾ ਦਰਸਾਉਣ ਵਾਲਾ ਲੇਖ ਸਾਡੀ ਅੰਤਹਕਰਨ ਦੀ ਆਵਾਜ਼ ਸੁਣਨ ਦਾ ਪ੍ਰਤੀਕ ਵਜੋਂ ਮਹਿਸੂਸ ਕਰਨ ਵਾਲਾ ਹੈ। ਜਿਸ ਕੌਮ ਦਾ ਇਤਿਹਾਸ ਇਤਨੀਆਂ ਕੁਰਬਾਨੀਆਂ ਵਾਲਾ ਹੋਵੇ ਉਸ ਕੌਮ ਨੂੰ ਵਿਰਾਸਤ ‘ਤੇ ਪਹਿਰਾ ਹੀ ਨਹੀਂ ਦੇਣਾ ਚਾਹੀਦਾ ਸਗੋਂ ਹੋਰ ਉਤਸ਼ਾਹ ਨਾਲ ਅਕੀਦਤ ਦੇ ਫੁਲ ਭੇਂਟ ਕਰਨੇ ਚਾਹੀਦੇ ਹਨ। ਇਹ ਸੋਚ ਹੈ ਨਰਪਾਲ ਸਿੰਘ ਸ਼ੇਰਗਿਲ ਦੀ ਜੋ ਇਸ ਪੁਸਤਕ ਵਿਚੋਂ ਸ਼ਪਸ਼ਟ ਹੁੰਦੀ ਹੈ। ਇਸ ਵਿਰਾਸਤੀ ਅੰਕ ਨੂੰ ਆਮ ਪੁਸਤਕ ਨਾ ਸਮਝਿਆ ਜਾਵੇ, ਸਗੋਂ ਇਸ ਦੀ ਸੋਚ ਨੂੰ ਸਮਝਿਆ ਜਾਵੇ। ਸਲਾਮ ਹੈ ਨਰਪਾਲ ਸਿੰਘ ਸ਼ੇਰਗਿਲ ਦੀ ਤੀਖਣ ਬੁੱਧੀ ਵਾਲੀ ਸੋਚ ਨੂੰ। ਅਜਿਹੇ ਕੁਝ ਨੁਕਤੇ ਹਨ ਜਿਨ੍ਹਾਂ ਨੂੰ ਇਸ ਪੁਸਤਕ ਦੇ ਅਹਿਮ ਹਿੱਸੇ ਵਜੋਂ ਵੇਖਿਆ ਜਾ ਸਕਦਾ ਹੈ। ਉਨ੍ਹਾਂ ਉਚ ਕੋਟੀ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਵਰਨਣ ਕਰਕੇ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨੂੰ ਸਾਂਭਣ ਲਈ ਸੁਚੇਤ ਕੀਤਾ ਹੈ। ਪੁਸਤਕ ਦਾ ਬਹੁਰੰਗੀ ਸਚਿਤਰ ਦਿਲਕਸ਼ ਮੁੱਖ ਕਵਰ ਹੀ ਸੂਝਵਾਨ ਪਾਠਕ ਨੂੰ ਇਸ ਵਿਚਲੀ ਸਮਗਰੀ ਬਾਰੇ ਇਸ਼ਾਰੇ ਕਰ ਜਾਂਦਾ ਹੈ। ਨਰਪਾਲ ਸਿੰਘ ਸ਼ੇਰਗਿੱਲ ਦਾ ਸੁਭਾਅ ਹੀ ਨਵੀਆਂ ਪਿ੍ਰਤਾਂ ਪਾਉਣ ਨੂੰ ਤਰਜ਼ੀਹ ਦਿੰਦਾ ਹੈ। ਉਹ ਲਕੀਰ ਦਾ ਫ਼ਕੀਰ ਨਹੀਂ ਬਣਦਾ। ਉਹ ਸਥਾਪਤ ਪਰੰਪਰਾਵਾਂ ਦਾ ਵਿਰੋਧੀ ਵੀ ਨਹੀਂ ਪ੍ਰੰਤੂ ਉਨ੍ਹਾਂ ਨੂੰ ਨਵੇਂ ਢੰਗ ਨਾਲ ਆਧੁਨਿਕਤਾ ਦੇ ਗਿਲਾਫ਼ ਵਿਚ ਲਪੇਟ ਕੇ ਪ੍ਰਗਟਾਉਣ ਵਾਲਾ ਦੂਰ ਅੰਦੇਸ਼ ਵਿਅਕਤੀ ਹੈ। ਉਨ੍ਹਾਂ ਨੇ ਇਸ ਪੁਸਤਕ ਦੇ ਮੁੱਖ ਕਵਰ ‘ਤੇ ਆਜ਼ਾਦੀ ਸੰਗਰਾਮ ਦਾ ਕੈਨੇਡਾ ਅਤੇ ਅਮਰੀਕਾ ਵਿਚ ਮੁੱਢ ਬੰਨ੍ਹਣ ਵਾਲੇ ਮੁਹਿੰਮਕਾਰੀ ਗ਼ਦਰ ਅਖ਼ਬਾਰ ਦੇ ਪਹਿਲੇ ਪੰਨੇ ਦੀ ਤਸਵੀਰ ਲਗਾਕੇ ਪਰਵਾਸ ਵਿਚ ਪੰਜਾਬੀਆਂ ਵੱਲੋਂ ਆਜ਼ਾਦੀ ਸੰਗਰਾਮ ਦੇ ਯੋਗਦਾਨ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸਦੇ ਨਾਲ ਹੀ ਬਾਬਾ ਸੋਹਣ ਸਿੰਘ ਭਕਨਾ ਅਤੇ ਗ਼ਦਰੀ ਬਾਬਿਆਂ ਦੀ ਤਸਵੀਰ ਲਗਾਈ ਹੈ ਤਾਂ ਜੋ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਸਕੇ। ਨਰਪਾਲ ਸਿੰਘ ਸ਼ੇਰਗਿੱਲ ਨੇ ਗ਼ਦਰ ਮੈਮੋਰੀਅਲ ਦਾ ਦੌਰਾ ਕਰਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ, ਜਿਸਦੀ ਤਸਵੀਰ ਵੀ ਮੁੱਖ ਕਵਰ ਤੇ ਲੱਗੀ ਹੋਈ ਹੈ। ਇੰਡੀਅਨ ਬਿ੍ਰਟਿਸ਼ ਸਮੇਂ ਸਿੱਖਾਂ ਵੱਲੋਂ ਫ਼ੌਜ ਵਿਚ ਨੌਕਰੀ ਕਰਦਿਆਂ ਮਾਰੇ ਗਏ ਮਾਅਰਕਿਆਂ ਨੂੰ ਦਰਸਾਉਂਦੀਆਂ ਫ਼ੌਜੀ ਜਵਾਨਾ ਦੀਆਂ ਤਸਵੀਰਾਂ ਵੀ ਉਨ੍ਹਾਂ ਦੀ ਬਹਾਦਰੀ ਦੀਆਂ ਬਾਤਾਂ ਪਾ ਰਹੀਆਂ ਹਨ। ਮਹਾਰਾਜਾ ਦਲੀਪ ਸਿੰਘ ਦੇ ਇੰਗਲੈਂਡ ਵਿਚ ਲਗਾਏ ਬੁੱਤ ਦੀ ਤਸਵੀਰ ਪੰਜਾਬੀਆਂ ਨੂੰ ਝੰਜੋੜਨ ਦਾ ਕੰਮ ਕਰੇਗੀ ਤਾਂ ਜੋ ਅੱਗੋਂ ਤੋਂ ਪੰਜਾਬੀ ਉਸ ਗ਼ਲਤੀ ਨੂੰ ਮੁੜ ਦੁਹਰਾਉਣ ਦੀ ਹਿੰਮਤ ਨਾ ਕਰਨ। ਭੁਪਿੰਦਰ ਸਿੰਘ ਹਾਲੈਂਡ ਸਿੱਖ ਇਤਿਹਾਸਕਾਰ ਆਪਣੀ ਅੰਗਰੇਜ਼ੀ ਵਿਚ ਪੁਸਤਕ ਕੈਪਟਨ ਅਮਰਿੰਦਰ ਸਿੰਘ ਤੋਂ ਜਾਰੀ ਕਰਵਾਉਂਦੇ ਹੋਏ ਵੀ ਮੁੱਖ ਕਵਰ ਦਾ ਹਿੱਸਾ ਹਨ। ਮਹਾਰਾਜਾ ਭੁਪਿੰਦਰ ਸਿੰਘ ਜਦੋਂ ਪ੍ਰੀਵੀ ਕੌਂਸਲ ਦੀ ਮੀਟਿੰਗ ਕਰਨ ਇੰਗਲੈਂਡ ਗਏ ਸਨ, ਉਦੋਂ ਦੀ ਤਸਵੀਰ ਵੀ ਲਗਾਈ ਗਈ ਹੈ ਕਿਉਂਕਿ ਉਹ ਵੀ ਇਤਿਹਾਸਕ ਘਟਨਾ ਸੀ। ਉਹ ਸਾਰੀਆਂ ਰਿਆਸਤਾਂ ਦੀ ਨੁਮਾਇੰਦਗੀ ਕਰ ਰਹੇ ਸਨ। ਇਸ ਸੰਬੰਧੀ ਲੇਖ ਪੁਸਤਕ ਦੇ ਪੰਨਾ ਨੰਬਰ 164-67 ‘ਤੇ ਹੈ। ਉਨ੍ਹਾ ਦੇ ਨਾਲ ਹੀ ਸਿੱਖ ਫ਼ੌਜੀ ਦਾ ਬੁੱਤ ਜੋ ਪਰਵਾਸ ਵਿਚ ਲਗਿਆ ਹੋਇਆ ਹੈ, ਉਹ ਸਿੱਖਾਂ ਦੇ ਯੋਗਦਾਨ ਦੀ ਮੂੰਹ ਬੋਲਦੀ ਤਸਵੀਰ ਦਾ ਸਬੂਤ ਹੈ। ਸਿੱਖ ਧਰਮ ਦੇ ਪੰਜੇ ਤਖ਼ਤਾਂ ਅਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀਆਂ ਤਸਵੀਰਾਂ ਪੰਜਾਬੀ ਵਿਰਾਸਤ ਦੀਆਂ ਅਨਮੋਲ ਧਰੋਹਰਾਂ ਹਨ। ਇਹ ਤਸਵੀਰਾਂ ਇਸ ਕਰਕੇ ਲਗਾਈਆਂ ਗਈਆਂ ਹਨ ਤਾਂ ਜੋ ਸਿੱਖ ਆਪਣੀ ਬੇਸ਼ਕੀਮਤੀ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਮਨੁੱਖੀ ਹੱਕਾਂ ਅਤੇ ਸਰਬਤ ਦੇ ਭਲੇ ਉਪਰ ਪਹਿਰਾ ਦਿੰਦੇ ਰਹਿਣ। ਸਿੱਖ ਧਰਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦਾ ਪਲੜਚਿੜ੍ਹੀ ਵਿਖੇ ਲੱਗਿਆ ਬੁੱਤ ਸਿੱਖਾਂ ਨੂੰ ਆਪਣੀ ਅਣਖ਼ ਨਾਲ ਜ਼ਿੰਦਗੀ ਜਿਓਣ ਦਾ ਸੰਦੇਸ਼ ਦਿੰਦਾ ਹੋਇਆ ਜ਼ੁਲਮ ਦਾ ਟਾਕਰਾ ਕਰਨ ਲਈ ਪ੍ਰੇਰਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਘੋੜ ਸਵਾਰੀ ਵਾਲਾ ਬੁੱਤ ਪੰਜਾਬੀਆਂ ਨੂੰ ਪਰਜਾ ਦੇ ਹਿੱਤਾਂ ‘ਤੇ ਪਹਿਰਾ ਦੇਣ ਵਾਲਾ ਰਾਜ ਸਥਾਪਤ ਕਰਨ ਦੀ ਪ੍ਰੇਰਨਾ ਦੇਣ ਦੇ ਮਕਸਦ ਦੀ ਪੂਰਤੀ ਕਰਦਾ ਹੈ। ਇਸ ਤੋਂ ਇਲਾਵਾ 550 ਪੰਜਾਬੀਆਂ ਦੀਆਂ ਰੰਗਦਾਰ ਤਸਵੀਰਾਂ ਪੁਸਤਕ ਦੇ ਵਿਚ ਲਗਾਈਆਂ ਹਨ, ਜਿਹੜੇ ਆਪੋ ਆਪਣੇ ਖੇਤਰਾਂ ਵਿਚ ਨਾਮਣਾ ਖੱਟ ਰਹੇ ਹਨ। ਇਹ ਤਸਵੀਰਾਂ ਵੀ ਨੌਜਵਾਨ ਪੀੜ੍ਹੀ ਲਈ ਉਤਸ਼ਾਹ ਜਨਕ ਸਾਬਤ ਹੋਣਗੀਆਂ। ਇਹੋ ਜਿਹਾ ਉਦਮ ਚੇਤਨ ਅਤੇ ਤੀਖਣ ਬੁਧੀ ਵਾਲਾ ਨਰਪਾਲ ਸਿੰਘ ਸ਼ੇਰਗਿੱਲ ਵਰਗਾ ਦਲੇਰ ਅਤੇ ਉਤਸ਼ਾਹੀ ਵਿਅਕਤੀ ਹੀ ਕਰ ਸਕਦਾ ਹੈ। ਉਹ ਵੀ ਆਪਣੇ ਖ਼ਰਚੇ ‘ਤੇ 384 ਪੰਨਿਆਂ ਵਾਲੀ ਰੰਗਦਾਰ ਪੁਸਤਕ ਪ੍ਰਕਾਸ਼ਤ ਕਰਕੇ ਆਪਣੀ ਵਿਰਾਸਤ ਨੂੰ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦੇਣ ਦੇ ਇਰਾਦੇ ਨਾਲ ਆਪਣਾ ਘਰ ਫੂਕ ਕੇ ਤਮਾਸ਼ਾ ਵੇਖਦਾ ਹੈ। ਇਸ ਪੁਸਤਕ ਵਿਚ ਪੰਜਾਬੀ ਉਦਮੀਆਂ, ਜਿਨ੍ਹਾਂ ਨੇ ਪ੍ਰਵਾਸ ਵਿਚ ਆਪਣੇ ਕਾਰੋਬਾਰਾਂ ਵਿਚ ਸਫਲਤਾ ਪ੍ਰਾਪਤ ਕਰਕੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ, ਉਨ੍ਹਾਂ ਬਾਰੇ ਵੀ ਦਿੱਤਾ ਗਿਆ ਹੈ। ਉਨ੍ਹਾਂ ਦੇ ਟੈਲੀਫੋਨ ਨੰਬਰ ਅਤੇ ਅਡਰੈਸ ਦਿੱਤੇ ਗਏ ਹਨ। ਸੰਸਾਰ ਵਿਚ ਜਿਤਨੇ ਗੁਰੂ ਘਰ ਹਨ, ਉਨ੍ਹਾਂ ਸਾਰਿਆਂ ਦੇ ਐਡਰੈਸ ਅਤੇ ਟੈਲੀਫੋਨ ਵੀ ਦਿੱਤੇ ਗਏ ਹਨ। ਸਾਰੇ ਦੇਸ਼ਾਂ ਦੇ ਹਾਈ ਕਮਿਸ਼ਨਰਜ਼ ਦੇ ਦਫ਼ਤਰਾਂ ਦੇ ਪਤੇ ਅਤੇ ਟੈਲੀਫੋਨ ਵੀ ਦਿੱਤੇ ਗਏ। ਇਨ੍ਹਾਂ ਦਾ ਭਾਵ ਪੰਜਾਬੀਆਂ ਨੂੰ ਪਰਵਾਸ ਵਿਚ ਕਿਸੇ ਵੀ ਕੰਮ ਲਈ ਕੋਈ ਮੁਸ਼ਕਲ ਪੇਸ਼ ਨਾ ਹੋਵੇ। ਪੰਜਾਬੀ ਦੇ ਸਾਹਿਤਕਾਰਾਂ, ਖਿਡਾਰੀਆਂ, ਆਰਟਿਸਟਾਂ, ਪ੍ਰਵਾਸ ਦੇ ਸਿਆਸਤਦਾਨਾ, ਸਿੱਖ ਧਰਮ ਦੀ ਅਮੀਰ ਵਿਰਾਸਤ ਅਤੇ ਕੁਰਬਾਨੀਆਂ ਬਾਰੇ ਲੇਖ ਦਿੱਤੇ ਗਏ ਹਨ। ਭਵਿਖ ਵਿਚ ਨਰਪਾਲ ਸਿੰਘ ਸ਼ੇਰਗਿਲ ਤੋਂ ਹੋਰ ਵਧੇਰੇ ਉਦਮ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072

 ujagarsingh48@yahoo.com