Chunjhan Ponche

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

26 May 2019

ਵੋਟਾਂ ਦੀ ਗਿਣਤੀ ਤੋਂ ਪਹਿਲਾਂ ਉਮੀਦਵਾਰਾਂ ਦੇ ਸਾਹ ਸੁੱਕੇ- ਇਕ ਖ਼ਬਰ
ਦਿਨੇ ਚੈਨ ਨਾ ਰਾਤ ਨੂੰ ਨੀਂਦਰ, ਜਿੰਦ ਖਾ ਲਈ ਫ਼ਿਕਰਾਂ ਨੇ।

ਬ੍ਰਹਮਪੁਰਾ ਦੇ ਸਿਆਸੀ ਜੀਵਨ ਦਾ ਫ਼ੈਸਲਾ ਕਰਨਗੇ ਚੋਣ ਨਤੀਜੇ- ਇਕ ਖ਼ਬਰ
ਮੈਂ ਤਾਂ ਹੋ ਗਈ ਹਕੀਮ ਜੀ, ਅੱਗੇ ਨਾਲੋਂ ਤੰਗ।

ਵੱਡੀ ਜਿੱਤ ਮਗਰੋਂ ਭਾਜਪਾ ਨੇ ਦਿੱਲੀ ਅਸੈਂਬਲੀ 'ਤੇ ਅੱਖ ਟਿਕਾਈ- ਇਕ ਖ਼ਬਰ
ਤੀਜਾ ਗੇੜਾ ਸੋਹਣੀਏਂ ਤੇਰਾ, ਪਿੰਡ ਦੀ ਫਿਰਨੀ 'ਤੇ।

ਅਕਾਲੀ ਦਲ ਦਾ ਏਨਾ ਮਾੜਾ ਹਾਲ ਪਹਿਲਾਂ ਕਦੇ ਨਹੀਂ ਹੋਇਆ- ਮਨਜੀਤ ਸਿੰਘ ਜੀ.ਕੇ.
ਨੀਂ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।

ਬੇਅਦਬੀਆਂ ਦੇ ਦੋਸ਼ੀਆਂ ਵਲੋਂ ਚੋਣਾਂ ਜਿੱਤ ਕੇ ਭੰਗੜੇ ਪਾਉਣੇ ਸ਼ਰਮਨਾਕ- ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ
ਗੋਰੇ ਰੰਗ 'ਤੇ ਝਰੀਟਾਂ ਵੱਜੀਆਂ, ਬੇਰੀਆਂ ਦੇ ਬੇਰ ਖਾਣੀਏਂ।

ਪੰਜਾਬ 'ਚ ਸਭ ਤੋਂ ਵੱਧ 248ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ- ਇਕ ਖ਼ਬਰ
ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੇ ਭਾਅ ਵਧੇ- ਇਕ ਖ਼ਬਰ
ਇਬਤਦਾਏ ਇਸ਼ਕ ਹੈ ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ।

ਕਾਂਗਰਸ ਨੂੰ ਅਲਵਿਦਾ ਕਹਿਣ 'ਤੇ ਸਿੱਧੂ ਨਾਲ਼ ਖੜ੍ਹਾਂਗੇ- ਸੁਖਪਾਲ ਖਹਿਰਾ
ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ।

ਧਰਮਿੰਦਰ ਨੇ ਜਾਰੀ ਕੀਤਾ ਜਾਖੜ ਦੇ ਨਾਮ ਮੁਹੱਬਤ ਭਰਿਆ ਪੈਗ਼ਾਮ- ਇਕ ਖ਼ਬਰ
ਸਾਡਾ ਬੋਲਿਆ ਚਲਿਆ ਮਾਫ਼ ਕਰਨਾ, ਚੰਦਰੀ ਚੋਣ ਨੇ ਮਾਰ ਲਈ ਮੱਤ ਸਾਡੀ।

ਪੰਜਾਬ ਵਿਚ ਬਾਦਲ ਪਰਵਾਰ ਜਿੱਤਿਆ, ਅਕਾਲੀ ਦਲ ਹਾਰਿਆ- ਸਿਆਸੀ ਮਾਹਰ
ਅੰਨ੍ਹੀ ਕੁੱਤੀ, ਜਲੇਬੀਆਂ ਦੀ ਰਾਖੀ।

ਕਾਂਗਰਸ ਦੀ ਹਾਰ ਲਈ ਮੈਂ ਜ਼ਿੰਮੇਵਾਰ- ਰਾਹੁਲ
ਹੱਥ ਪੁਰਾਣੇ ਖੌਂਸੜੇ, ਬਸੰਤੇ ਹੁਣੀਂ ਆਏ।

ਟਰੀਜ਼ਾ ਮੇਅ ਵਲੋਂ ਬ੍ਰੈਗਜ਼ਿਟ ਕਾਰਨ ਅਸਤੀਫ਼ਾ ਦੇਣ ਦਾ ਐਲਾਨ- ਇਕ ਖ਼ਬਰ
ਪੈਰੀਂ ਝਾਂਜਰਾਂ ਗਲ਼ੀ ਦੇ ਵਿਚ ਗਾਰਾ, ਘਰ ਤੇਰਾ ਦੂਰ ਮਿੱਤਰਾ।

ਸਿੱਧੂ ਦੀ ਵਿਕਟ ਡੇਗਣ ਲਈ ਕੈਪਟਨ ਮਿਲਣਗੇ ਰਾਹੁਲ ਨੂੰ- ਇਕ ਖ਼ਬਰ
ਤੁੰਮਿਆਂ ਦੀ ਵੇਲ ਪੁੱਟ ਕੇ, ਜੱਟਾ ਬੀਜ ਦੇ ਖੇਤ ਵਿਚ ਨਰਮਾ।

ਅਡਵਾਨੀ ਵਲੋਂ ਮੋਦੀ ਤੇ ਸ਼ਾਹ ਨੂੰ ਜਿੱਤ ਦੀ ਵਧਾਈ- ਇਕ ਖ਼ਬਰ
ਤੀਲੀ ਵਾਲ਼ੀ ਖਾਲ਼ ਟੱਪ ਗਈ, ਲੌਂਗ ਵਾਲ਼ੀ ਨੇ ਭਨਾ ਲਏ ਗੋਡੇ।

ਤਿੰਨਾਂ ਰਾਜਾਂ 'ਚੋਂ ਇਕੱਲੇ ਭਗਵੰਤ ਮਾਨ ਨੇ ਹੀ ਰੱਖੀ 'ਆਪ' ਦੀ ਲਾਜ- ਇਕ ਖ਼ਬਰ
ਸਭੇ ਕੰਨ ਪੜਵਾ ਕੇ ਬੈਠ ਜਾਂਦੇ, ਮੁਸ਼ਕਿਲ ਜੋਗ ਦਾ ਤੋੜ ਚੜ੍ਹਾਉਣ ਬੇਟਾ।

ਸੀ.ਪੀ.ਆਈ.(ਐਮ) ਦੇ ਪੱਛਮੀ ਬੰਗਾਲ 'ਚ ਪਹਿਲੀ ਵਾਰੀ ਹੱਥ ਖ਼ਾਲੀ- ਇਕ ਖ਼ਬਰ
ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲ਼ਾ ਤਿਲਕ ਗਿਆ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

21 May 2019

ਬਾਦਲ ਤੇ ਹੋਰ ਵੱਡੇ ਅਕਾਲੀ ਲੀਡਰਾਂ ਵਲੋਂ ਸ੍ਰੀ ਅਕਾਲ ਤਖ਼ਤ 'ਤੇ ਖਾਧੀਆਂ ਸੌਂਹਾਂ ਦਾ ਕੀ ਬਣਿਆਂ?- ਵਿਦੇਸ਼ੀ ਸਿੱਖ
ਜਿੱਧਰ ਗਈਆਂ ਬੇੜੀਆਂ, ਉੱਧਰ ਗਏ ਮਲਾਹ।   

ਮਹਾਂਗੱਠਜੋੜ ਦੇ ਆਗੂਆਂ ਦੀ ਦਿੱਲੀ 'ਚ ਅੱਜ ਮੀਟਿੰਗ-ਇਕ ਖ਼ਬਰ
ਸਾਧ ਦੀ ਭੂਰੀ 'ਤੇ 'ਕੱਠੇ ਹੋਣਗੇ ਸਾਧ ਦੇ ਚੇਲੇ।

ਨੇਤਾ ਨਹੀਂ, ਅਭਿਨੇਤਾ ਹੈ ਮੋਦੀ- ਪ੍ਰਿਅੰਕਾ ਗਾਂਧੀ
ਨਾਇਕ ਨਹੀਂ ਖਲਨਾਇਕ ਹੈ ਤੂ।

ਰਾਜ ਨਹੀਂ ਸੇਵਾ ਦੇ ਨਾਮ 'ਤੇ ਬਾਦਲਾਂ ਨੇ 10ਫ਼ੀ ਸਦੀ ਸੇਵਾ ਤੇ 90ਫ਼ੀ ਸਦੀ ਮੇਵਾ ਖਾਧਾ- ਸਿੱਧੂ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦੇ ਹੱਕ ਮਾਰ ਕੇ।

ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਅਕਾਲੀ-ਭਾਜਪਾ ਗੱਠਜੋੜ ਕਾਮਯਾਬ ਹੋਵੇਗਾ- ਸੁਖਬੀਰ
ਭਾਵੇਂ ਕਿ ਮੇਰੇ ਪਿਤਾ ਸਮਾਨ ਪ੍ਰਕਾਸ਼ ਸਿੰਘ ਬਾਦਲ ਦਾ ਹੁਣ ਰਾਜ ਨਹੀਂ ਵੀ ਹੈ।

ਮੋਦੀ ਨੇ ਪੱਤਰਕਾਰਾਂ ਦੇ ਸਵਾਲਾਂ ਤੋਂ ਟਾਲ਼ਾ ਵੱਟਿਆ- ਇਕ ਖ਼ਬਰ
ਮਰ ਗਈ ਰਾਮਕੁਰੇ, ਡਾਕਦਾਰ ਨਾ ਆਇਆ।

ਅੰਮ੍ਰਿਤਸਰ: ਸਰਕਾਰ ਤੋਂ ਨਿਰਾਸ਼ ਵੋਟਰਾਂ ਨੇ ਵੋਟਾਂ ਪਾਉਣ ਤੋਂ ਪਾਸਾ ਵੱਟਿਆ- ਇਕ ਖ਼ਬਰ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।

ਕੈਪਟਨ ਤੇ ਸਿੱਧੂ ਵਿਚਾਲੇ ਟਕਰਾਅ ਦਾ ਹੱਲ ਹਾਈ ਕਮਾਂਡ ਕਰੇਗੀ- ਇਕ ਖ਼ਬਰ
ਪਾ ਕੇ ਮੁੰਦਰਾਂ ਤੂੰ ਤੋਰ ਦੇ ਫ਼ਕੀਰ ਨੂੰ, ਤੇਰਾ ਕਿਹੜਾ ਮੁੱਲ ਲਗਦਾ।

ਡੇਰਾ ਸਿਰਸਾ ਵਲੋਂ ਐਤਕੀਂ ਸਭ ਨੂੰ ਖ਼ੁਸ਼ ਕਰਨ ਦਾ ਚੋਗਾ- ਇਕ ਖ਼ਬਰ
ਅੱਧੀ ਤੇਰੀ ਆਂ ਮੁਲਾਹਜ਼ੇਦਾਰਾ, ਅੱਧੀ ਆਂ ਗ਼ਰੀਬ ਜੱਟ ਦੀ।

ਗੌਡਸੇ ਨੂੰ 'ਦੇਸ਼ਭਗਤ' ਆਖਣ ਲਈ ਪ੍ਰੱਗਿਆ ਨੂੰ ਮੁਆਫ਼ ਨਹੀਂ ਕਰਾਂਗਾ- ਮੋਦੀ
ਗੁੱਸਾ ਨਾ ਕਰੀਂ ਨੀਂ, ਤੈਨੂੰ ਪਿੱਛੋਂ 'ਵਾਜ ਮਾਰੀ ਆ।

ਮੋਦੀ ਵਾਂਗ ਅਮਰਿੰਦਰ ਵੀ ਗੱਪਾਂ ਮਾਰਨ 'ਚ ਮੋਹਰੀ- ਕੇਜਰੀਵਾਲ
ਪਿਆ ਦੇਸ਼ ਦੇ ਵਿਚ ਸੀ ਬੜਾ ਰੌਲ਼ਾ, ਭੂਤ ਮੰਡਲੀ ਇਕ ਥੀਂ ਚਾਰ ਹੋਈ

ਸਵਿਟਜ਼ਰਲੈਂਡ ਤੋਂ ਮਿਲੀ ਕਾਲ਼ੇ ਧਨ ਬਾਰੇ ਸੂਚਨਾ ਸਾਂਝੀ ਕਰਨ ਤੋਂ ਸਰਕਾਰ ਨੇ ਕੀਤਾ ਇਨਕਾਰ-ਇਕ ਖ਼ਬਰ
ਝੱਗਾ ਚੁੱਕਿਆਂ ਖੁੱਲ੍ਹਣੇ ਭੇਤ ਸਾਰੇ, ਢਿੱਡ ਆਪਣਾ ਹੀ ਨੰਗਾ ਹੋਵਣਾ ਜੀ।

ਸਿੱਧੂ ਬੇਵਕਤੇ ਬਿਆਨਾਂ ਨਾਲ਼ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਹੇ ਹਨ- ਕੈਪਟਨ
ਸੁੱਤੀ ਹੋਈ ਸੋਨ ਚਿੜੀ, ਲੈਣ ਲੱਗੀ ਅੰਗੜਾਈਆਂ।

ਕਈ ਕੇਂਦਰੀ ਮੰਤਰੀਆਂ ਨੇ ਸਰਕਾਰੀ ਬੰਗਲਿਆਂ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ-ਇਕ ਖ਼ਬਰ
ਅੱਜ ਕਲ ਸੁਹਣਿਉਂ ਫ਼ਤੂਰ ਵਿਚ ਰਹਿੰਦੇ ਓ।

ਗ਼ੈਰ- ਭਾਜਪਾ ਸਰਕਾਰ ਬਣਾਉਣ ਲਈ ਕੋਸ਼ਿਸ਼ਾਂ ਜਾਰੀ- ਚੰਦਰ ਬਾਬੂ ਨਾਇਡੂ
ਉਹੀਓ ਮੇਰਾ ਵੀਰ ਕੁੜੀਓ, ਜਿਹੜਾ ਮੂਹਰਲੀ ਗੱਡੀ ਦਾ ਬਾਬੂ।

ਦਿੱਲੀ ਦੇ ਨਾਮਵਰ ਸਿੱਖਾਂ ਸਹਾਰੇ ਦਿੱਲੀ ਗੁਰਦੁਆਰਾ ਕਮੇਟੀ ਆਪਣਾ ਵਕਾਰ ਬਹਾਲ ਕਰਨ ਦੀ ਰੌਂਅ 'ਚ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਲ ਭਾਰੀ ਜੀ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

8 May 2019

* ਦਲ ਖਾਲਸਾ ਵੱਲੋਂ ਚੋਣਾਂ ਤੋਂ ਦੂਰ ਰਹਿਣ ਦਾ ਫ਼ੈਸਲਾ- ਇਕ ਖ਼ਬਰ
# ਰਾਂਝੇ ਆਖਿਆ ਸਿਆਲ ਰਲ ਗਏ ਸਾਰੇ, ਤੇ ਹੀਰ ਵੀ ਛੱਡ ਈਮਾਨ ਚੱਲੀ।


* ਮੋਦੀ ਸਰਕਾਰ ਦੇ ਪੰਜ ਸਾਲਾਂ 'ਚ ਬੈਂਕਿੰਗ ਸਿਸਟਮ ਲੀਰੋ ਲੀਰ ਹੋਇਆ-ਕਾਂਗਰਸ
# ਸਿਆਲਾਂ ਦੇ ਵਿਹੜੇ ਨਿੰਮ ਜੋ, ਉਹਦੇ ਪੱਤ ਗਏ ਕੁਮਲਾਅ।


*  ਲੰਮੇ ਚੋਣ ਪ੍ਚਾਰ ਨੇ ਉਮੀਦਵਾਰਾਂ ਦਾ ਦਮ ਕੱਢਿਆ- ਇਕ ਖਬਰ
# ਅਲਫ਼ ਅਵੱਲੜੀ ਚਾਲ ਇਸ਼ਕ ਦੀ
ਸਾਡੇ ਪਈ ਜਿਗਰ ਨੂੰ ਖਾਂਦੀ।


* ਕੈਪਟਨ ਕੰਵਲਜੀਤ ਸਿੰਘ ਦੀ ਮੌਤ ਬਾਰੇ ਜਾਂਚ ਰਿਪੋਰਟ ਨਸ਼ਰ ਕੀਤੀ ਜਾਵੇ- ਧਰਮਵੀਰ ਗਾਂਧੀ
# ਅਜੇ ਤੀਕ ਨਾ ਜਵਾਬ ਤੇਰਾ ਆਇਆ, ਮੈਂ ਡਾਕੀਏ ਨੂੰ ਰੋਜ਼ ਪੁੱਛਦੀ।


* ਆਪਣੀ ਹੋਂਦ ਲਈ ਭਾਰਤ ਨੂੰ ਖਤਰਾ ਮੰਨਦਾ ਹੈ ਪਾਕਿਸਤਾਨ- ਅਮਰੀਕਨ ਸੂਹੀਆ ਏਜੰਸੀ
# ਨਰਮ ਸਰੀਰਾਂ ਨੂੰ ਪੈ ਗਏ ਮਾਮਲੇ ਭਾਰੀ।


* 'ਪ੍ਰਧਾਨ ਮੰਤਰੀ ਮੋਦੀ' ਨਾਮ ਦੀ ਫਿਲਮ ਹੁਣ ਚੋਣਾਂ ਤੋਂ ਬਾਅਦ ਹੀ ਰੀਲੀਜ਼ ਹੋਵੇਗੀ- ਚੋਣ ਕਮਿਸ਼ਨ
# ਨਹਾਤੀ ਧੋਤੀ ਰਹਿ ਗਈ,
ਉੱਤੇ ਮੱਖੀ ਬਹਿ ਗਈ।


* ਚੋਣਾਂ ਦੇ ਛੇਵੇਂ ਪੜਾਅ 'ਚ 20% ਦਾਗ਼ੀ ਉਮੀਦਵਾਰ ਮੈਦਾਨ 'ਚ- ਇਕ ਖ਼ਬਰ
# ਖਬਰਦਾਰ ਰਹਿਣਾ ਬਈ ਚੌਂਕੀ ਜ਼ਾਲਮਾਂ ਦੀ ਆਈ।


* ਚੋਣ ਪ੍ਚਾਰ 'ਚ ਹਿੱਸਾ ਲੈਣ ਲਈ ਯੂ ਕੇ ਦੇ ਕਾਂਗਰਸੀ ਤੁਰੇ ਪੰਜਾਬ ਨੂੰ- ਇਕ ਖ਼ਬਰ
# ਚੱਲ ਚਲੀਏ ਅਠੌਲੇ ਵਾਲੇ ਮੇਲੇ,
ਹੋਰ ਛੱਡਦੇ ਸਭ ਝਮੇਲੇ।


* ਅਕਾਲੀ ਦਲ ਬਾਦਲ ਨੂੰ ਹਰਾਉਣ ਲਈ ਪੰਥਕ ਜਥੇਬੰਦੀਆਂ ਨੇ ਘੇਰਾ ਤੰਗ ਕੀਤਾ- ਇਕ ਖ਼ਬਰ
# ਮੁੰਡਿਆਂ ਨੇ ਘੇਰ ਲਈ,
ਸ਼ਾਮੇ ਨਿੱਕਲੀ ਸਰੋ੍ਂ ਦਾ ਫੁੱਲ ਬਣ ਕੇ।


* ਦੇਸ਼ 'ਚ ਤੀਜੇ ਮੋਰਚੇ ਦੀ ਸਰਕਾਰ ਬਣੇਗੀ- ਅਰਜਨ ਚੌਟਾਲਾ
# ਛੜਿਆਂ ਨੇ ਲੁੱਟਣੀ ਦਿੱਲੀ,
ਦੁਪਹਿਰੇ ਦੀਵਾ ਬਾਲ਼ ਕੇ।


* ਪੈਸੇ ਲੈ ਕੇ ਨੌਕਰੀਆਂ ਦੇਣ ਦੇ ਫਰਾਡ ਵਿਚ ਸ਼ੋਮਣੀ ਕਮੇਟੀ ਦਾ ਵਧੀਕ ਸਕੱਤਰ ਮੁਅੱਤਲ-ਇਕ ਖ਼ਬਰ
# ਕਾਅਬੇ 'ਚ ਕੁਫ਼ਰ।


* ਰਾਫ਼ਾਲ ਮਾਮਲਾ: ਕੇਂਦਰ ਸਰਕਾਰ ਕੇਸ ਦੀ ਮੁੜ ਸੁਣਵਾਈ ਦੇ ਹੱਕ 'ਚ ਨਹੀਂ- ਇਕ ਖ਼ਬਰ
# ਢੱਕੀ ਰਿਝ ਲੈਣ ਦੇ,
ਕਿਉਂ ਚੁੱਕਦੈਂ ਘੜੇ ਤੋਂ ਕੌਲਾ।


* ਸੰਦੋਆ ਦੀ ਡਿਊਟੀ ਮਨੀਸ਼ ਤਿਵਾੜੀ ਦਾ ਪ੍ਚਾਰ ਕਰਨ ' ਤੇ ਲਾਈ।
# ਫਕਰਦੀਨਾਂ ਉਸ ਸਿਰ ਦਾ ਮੁੱਲ ਕੌਡੀ, ਦਰ ਦਰ ਉੱਤੇ ਜੋ ਸਜਦੇ ਫਿਰੇ ਕਰਦਾ।


* ਸੰਨੀ ਦਿਓਲ ਨੂੰ ਮਿਲਣਾ ' ਦਿੱਲੀ ਦੂਰ' ਵਾਲੀ ਗੱਲ- ਕਾਂਗਰਸ ਬੁਲਾਰਾ
# ਪੈਰੀਂ ਝਾਂਜਰਾਂ ਗਲੀ ਦੇ ਵਿਚ ਗਾਰਾ, ਘਰ ਤੇਰਾ ਦੂਰ ਮਿੱਤਰਾ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

29 April 2019

* ਨਿਆਂ ਪਾਲਿਕਾ ਦੀ ਆਜ਼ਾਦੀ ਖਤਰੇ 'ਚ- ਚੀਫ਼ ਜਸਟਿਸ
# ਬੋਦੀ ਵਾਲਾ ਤਾਰਾ ਚੜ੍ਹਿਆ,
ਘਰ ਘਰ ਹੋਣ ਵੀਚਾਰਾਂ।

* ਚੌਕੀਦਾਰ ਚੋਰ ਹੈ ਕਹਿਣ 'ਤੇ ਰਾਹੁਲ ਗਾਂਧੀ ਨੂੰ ਅਫ਼ਸੋਸ- ਇਕ ਖ਼ਬਰ
# ਚੰਦਰੀ ਸਿਆਸਤ ਕੀ ਦਿਖਾਵੇ ਰੰਗ ਲੋਕੋ, ਲੀਡਰ ਆਪਣਾ ਹੀ ਥੁੱਕਿਆ ਚੱਟਦੇ ਜੀ।

* ਮੋਦੀ ਨੇ ਕੰਮ ਕੀਤੇ, ਰਾਹੁਲ ਤਾਂ ਅਨਾੜੀ ਐ- ਪ੍ਰਕਾਸ਼ ਸਿੰਘ ਬਾਦਲ
# ਉਹਦੇ ਨਾਲ ਕੀ ਬੋਲਣਾ ਜਿਹਨੂੰ ਪੱਗ ਬੰਨ੍ਹਣੀ ਨਾ ਆਵੇ।

* ਅਕਾਲੀ ਦਲ ਤੇ ਕਾਂਗਰਸ ਪਾਰਟੀਆਂ ਦੋ ਪਰ ਨੀਤੀ ਇਕ- ਖਹਿਰਾ
# ਐਵੇਂ ਦੋ ਕਲਬੂਤ ਬਣਾਏ ਕਿ ਤੇਰੀ ਮੇਰੀ ਇਕ ਜਿੰਦੜੀ।

* ਨਾ ਜੀ ਨਾ! ਜਗਮੀਤ ਬਰਾੜ ਤਾਂ ਬੁਲਾਰਾ ਹੀ ਬਹੁਤ ਵਧੀਆ ਐ- ਸੁਖਬੀਰ ਬਾਦਲ
# ਫੁੱਲ ਵੇ ਗੁਲਾਬ ਦਿਆ,
    ਸੀਨੇ ਨਾਲ ਤੈਨੂੰ ਲਾਵਾਂ,
    ਮੇਰੇ ਮਾਹੀਏ ਦੇ ਬਾਗ਼ ਦਿਆ।

* ਔਰਤ ਨੇ ਪਤੀ ਨਾਲ਼ ਮਿਲ ਕੇ ਪ੍ਰੇਮੀ ਦਾ ਕੀਤਾ ਕਤਲ- ਇਕ ਖਬਰ
# " ਘੋਰ ਕੁਲਯੁਗ" ਉਲਟੇ ਬਾਂਸ ਬਰੇਲੀ ਨੂੰ।

* ਚੋਣ ਨਤੀਜਿਆਂ ਦੀ ਉਮੀਦਵਾਰਾਂ ਨੂੰ ਕਰਨਾ ਪਵੇਗੀ ਲੰਮੀ ਉਡੀਕ- ਇਕ ਖਬਰ
# ਤੋੜ ਤੋੜ ਖਾਣ ਹੱਡੀਆਂ,
 ਰੱਤਾ ਪਲੰਘ ਚੰਨਣ ਦੇ ਪਾਵੇ।

* ਕਾਂਗਰਸੀਏ ਦੇਖਦੇ ਰਹਿ ਗਏ ਦਲ ਬਦਲੂ ਘੁਬਾਇਆ ਟਿਕਟ ਲੈ ਗਿਆ- ਇਕ ਖ਼ਬਰ
# ਬੱਗੀ ਤਿੱਤਰੀ ਕਮਾਦੋਂ ਨਿਕਲੀ,
ਉਡਦੀ ਨੂੰ ਬਾਜ਼ ਪੈ ਗਿਆ।

* ਲੋਕ ਕੈਪਟਨ ਸਰਕਾਰ ਨੂੰ ਸਿਖਾਉਣਗੇ ਸਬਕ- ਅਕਾਲੀ ਦਲ ਬਾਦਲ
# ਹੁੰਦੀਆਂ ਨਹੀਂ

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

21 April 2019

* ਨਵਜੋਤ ਸਿੱਧੂ ਖਿਲਾਫ਼ ਕੇਸ ਦਰਜ- ਇਕ ਖ਼ਬਰ
# ਜੀਣਾ ਮੌੜ ਵੱਢਿਆ ਨਾ ਜਾਵੇ,
   ਛਵੀਆਂ ਦੇ ਘੁੰਡ ਮੁੜ ਗਏ।


* ਪਾਕਿਸਤਾਨੀ ਔਰਤਾਂ 'ਤੇ ਡੋਰੇ ਪਾ ਰਹੇ ਹਨ ਚਾਈਨੀਜ਼ ਮਰਦ-ਇਕ ਖ਼ਬਰ
# ਲੱਤ ਮਾਰੂੰਗੀ ਪੰਜੇਬਾਂ ਵਾਲੀ,
ਪਰਾ੍ਂ ਹੋ ਜਾ ਚੱਟੂ ਵੱਟਿਆ।


* ਲਾਮ-ਲਸ਼ਕਰ ਨਾਲ 'ਯੋਧੇ' ਉੱਤਰੇ ਚੋਣ ਮੈਦਾਨ ਵਿਚ- ਇਕ ਖ਼ਬਰ
# ਬੂਹੇ ਆਣ ਲੱਥੀ ਜੰਞ ਖੇੜਿਆਂ ਦੀ,
ਅੰਦਰ ਹੀਰ ਦੀਆਂ ਹੋਣ ਤਿਆਰੀਆਂ ਜੀ।


* ਛੋਟੇਪੁਰ ਦੇ ਮੈਦਾਨ 'ਚ ਉਤਰਦਿਆਂ ਹੀ ਡੋਲਣ ਲੱਗ ਪਈ 'ਆਪ' ਦੀ ਬੇੜੀ- ਇਕ ਖਥਰ
# ਉਸ ਬਲੀ ਸ਼ਹਿਜ਼ਾਦੇ ਦਾ ਤੇਜ਼ ਭਾਰੀ,
ਜਿਸ ਕਿਲੇ੍ ਨੂੰ ਮੋਰਚਾ ਲਾਇਆ ਸੀ।


* ਲੌਂਗੋਵਾਲ ਦੇ ਨਿਜੀ ਸਕੱਤ੍ ਨੇ ਕੀਤੀ ਮਰਯਾਦਾ ਦੀ ਉਲੰਘਣਾ- ਇਕ ਖ਼ਬਰ
# ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ,
ਹੋਵੇ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।


* ਸਾਧਵੀ ਪ੍ੱਗਿਆ ਨੇ ਸ਼ਹੀਦ ਕਰਕਰੇ ਨੂੰ ਕਿਹਾ ਦੇਸ਼ਧੋ੍ਹੀ- ਇਕ ਖ਼ਬਰ
# ਜਿੱਥੇ ਮਰਜ਼ੀ ਨਿਸ਼ਾਨੇ ਲਾ, ਹੁਣ ਤੇਰੇ ਦਿਨ ਬੱਲੀਏ।


* ਜਗਮੀਤ ਬਰਾੜ ਅਕਾਲੀ ਦਲ 'ਚ ਸ਼ਾਮਲ- ਇਕ ਖ਼ਬਰ
# ਮਰਦੀ ਨੇ ਅੱਕ ਚੱਬਿਆ,
ਹਾਰ ਕੇ ਜੇਠ ਨਾਲ਼ ਲਾਈਆਂ।


* ਕਾਂਗਰਸ ਛੱਡ ਪਿ੍ਅੰਕਾ ਚਤੁਰਵੇਦੀ ਸ਼ਿਵ ਸੈਨਾ 'ਚ ਸ਼ਾਮਲ- ਇਕ ਖ਼ਬਰ
# ਘੁੰਡ ਵਿਚ ਅੱਗ ਮਚਦੀ,
ਚੁੰਨੀ ਸਾੜ ਨਾ ਲਈਂ ਮੁਟਿਆਰੇ।


*  ਮਹਾਰਾਜਾ ਸਾਹਿਬ! ਮੈਂ ਸੂਤ ਕਰਾਂਗਾ ਬਾਦਲਾਂਂ ਨੂੰ- ਜਗਮੀਤ ਬਰਾੜ
# ਏਥੇ ਕੋਈ ਨਹੀਂ ਕਿਸੇ ਨੂੰ ਸੂਤ ਕਰਦਾ,
ਸਭ ਰਲ਼ ਕੇ 'ਖੇਡਾਂ' ਖੇਡਦੇ ਨੇ।


* 'ਆਪ' ਤੇ ਪੀ.ਏ.ਪੀ. ਆਗੂ ਕਾਂਗਰਸ 'ਚ ਸ਼ਾਮਲ-ਇਕ ਖਬਰ
# ਰੁੱਤ ਯਾਰੀਆਂ ਲਾਉਣ ਦੀ ਆਈ, ਲੱਕ ਲੱਕ ਹੋ ਗਏ ਬਾਜਰੇ।


* ਪੰਜਾਬ ਦੇ ਲੀਡਰਾਂ ਦੀ ਨੀਅਤ ਖੋਟੀ,
ਖ਼ੁਦਕੁਸ਼ੀਆਂ 'ਤੇ ਸੇਕਦੇ ਨੇ ਰੋਟੀਆਂ।
# ਹੁੰਦੀ ਮੌਤ ਜਦ ਚਿੜੀਆਂ ਨਿਮਾਣੀਆਂ ਦੀ,
ਵਹਿਸ਼ੀ ਹਾਸਾ ਗੰਵਾਰ ਹੱਸਦੇ ਨੇ।


* ਕੈਪਟਨ ਨੇ ਦੋ ਸਾਲਾਂ 'ਚ ਪੰਜਾਬ 'ਚ ਕਿਤੇ ਗੇੜਾ ਨਹੀਂ ਮਾਰਿਆ- ਸੁਖਬੀਰ ਬਾਦਲ
# ਦੁੱਧ ਰਿੜਕੇ ਝਾਂਜਰਾਂ ਵਾਲ਼ੀ
ਕੈਂਠੇ ਵਾਲ਼ਾ ਧਾਰ ਕੱਢਦਾ।


* ਮੋਦੀ ਨੇ ਪੂਰਾ ਕਸ਼ਮੀਰ ਅਨਿਲ ਅੰਬਾਨੀ ਨੂੰ ਸੌਂਪਿਆ- ਰਾਹੁਲ ਗਾਂਧੀ
# ਤੇਰੇ ਅੱਗੇ ਥਾਨ ਸੁੱਟਿਆ,
ਚਾਹੇ ਸੁੱਥਣ ਸੰਵਾ ਲੈ ਚਾਹੇ ਲਹਿੰਗਾ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

24 March 2019

ਮੋਦੀ ਅਤੇ ਜੇਤਲੀ ਅਰਥ ਸ਼ਾਸਤਰ ਤੋਂ ਕੋਰੇ- ਸੁਬਰਾਮਨੀਅਮ ਸੁਆਮੀ
ਓਹਦੇ ਨਾਲ਼ ਕੀ ਬੋਲਣਾ ਜਿਹਨੂੰ ਪੱਗ ਬੰਨ੍ਹਣੀ ਨਾ ਆਵੇ।

ਮਸੂਦ ਮਾਮਲੇ 'ਚ ਚੀਨ ਨੂੰ ਗੰਭੀਰ ਚਿੰਤਨ ਦੀ ਲੋੜ-ਸਾਬਕਾ ਵਿਦੇਸ਼ ਸਕੱਤਰ ਜੈਸ਼ੰਕਰ
ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

ਕਾਂਗਰਸ ਨਾਲ ਮਹਾਂ ਗੱਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਨਿੰਦਣਯੋਗ- ਮੋਦੀ
ਨਾਰ ਬਿਗਾਨੀ ਦੀ, ਬਾਂਹ ਨਾ ਮੂਰਖਾ ਫੜੀਏ।

ਭਾਜਪਾ ਦੋਹਰੇ ਚਰਿੱਤਰ ਦੀ ਹੋਈ ਸ਼ਿਕਾਰ- ਅਖਿਲੇਸ਼
ਲ਼ੱਗੀਆਂ ਦੋਸਤੀਆਂ, ਹੁਣ ਨਹੀਂ ਪੁੱਛਦੀਆਂ ਜ਼ਾਤਾਂ।

ਸ਼ੱਤਰੂਘਨ ਸਿਨਹਾ ਦੀ ਟਿਕਟ ਕੱਟੀ, ਕਾਂਗਰਸ 'ਚ ਜਾਣ ਦੇ ਚਰਚੇ- ਇਕ ਖ਼ਬਰ
ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ, ਡੇਕ ਦਾ ਗੁਮਾਨ ਕਰਦੀ।

ਸਾਡੀ ਅਮਨ ਦੀ ਖ਼ਾਹਿਸ਼ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ-ਪਾਕਿ ਰਾਸ਼ਟਰਪਤੀ
ਲੜ ਜੂੰ ਭਰਿੰਡ ਬਣ ਕੇ, ਮੈਨੂੰ ਨਰਮ ਕੁੜੀ ਨਾ ਜਾਣੀ।

ਟਰੰਪ ਵਲੋਂ ਉੱਤਰੀ ਕੋਰੀਆ ਤੋਂ ਪਾਬੰਦੀਆਂ ਹਟਾਉਣ ਦਾ ਐਲਾਨ- ਇਕ ਖ਼ਬਰ
ਸੁੱਚਿਆਂ ਰੁਮਾਲਾਂ ਨੂੰ, ਲਾ ਦੇ ਧੰਨ ਕੁਰੇ ਗੋਟਾ।

ਅਸੀਂ ਨਹੀਂ ਪਾਰਟੀ ਛੱਡੀ, ਸਾਨੂੰ ਪਾਰਟੀ 'ਚੋਂ ਕੱਢਿਆ ਗਿਆ- ਰਤਨ ਸਿੰਘ ਅਜਨਾਲਾ
ਕਰ ਕੂਚ ਹਜ਼ਾਰਿਓਂ ਛੱਡ ਭਾਈਆਂ, ਟਿੱਲੇ ਬਾਲ ਗੁਦਾਈ ਦੇ ਚੱਲਿਆ ਈ।

ਚੰਡੀਗੜ੍ਹ ਤੋਂ ਬਿਨਾਂ ਹੋਰ ਕਿਤੋਂ ਵੀ ਚੋਣ ਨਹੀਂ ਲੜਾਂਗਾ- ਪਵਨ ਬਾਂਸਲ
ਤੇਰੀ ਮੇਰੀ ਇਕ ਜਿੰਦੜੀ, ਨਿਤ ਸੁਫ਼ਨੇ ਦੇ ਵਿਚ ਮਿਲਦੀ।

ਮੋਦੀ ਨੂੰ ਪੰਜਾਬੀ ਤੇ ਦੱਖਣ ਭਾਰਤੀ ਲੋਕ ਪਸੰਦ ਨਹੀਂ ਕਰਦੇ-ਇਕ ਸਰਵੇਅ
ਟੁੱਟ ਜਾਊਗਾ ਬਲੌਰੀ ਚੂੜਾ, ਮਿੱਤਰਾ ਬਾਂਹ ਛੱਡ ਦੇ।

ਹੇਮਾ ਮਾਲਿਨੀ ਲਈ ਵੋਟ ਮੰਗਣ ਤੇ ਪਰਚਾ ਭਰਵਾਉਣ ਲਈ ਮਥੁਰਾ ਯੋਗੀ ਖੁਦ ਆਉਣਗੇ।
ਪੂਣੀਆਂ ਮੈਂ ਤਿੰਨ ਕੱਤੀਆਂ, ਟੁੱਟ ਪੈਣੇ ਦਾ ਤੇਰ੍ਹਵਾਂ ਗੇੜਾ।

ਪੁਲਿਸ ਦੇ ਦਬਾਅ 'ਚ ਕੇਜਰੀਵਾਲ ਨੂੰ ਰੈਲੀ ਦੀ ਇਜਾਜ਼ਤ ਨਹੀਂ ਮਿਲੀ-ਸੰਜੇ ਸਿੰਘ
ਸਰਵਣ ਵੀਰ ਦੇ ਬਿਨਾਂ, ਮੇਰੀ ਰੁਲ਼ਦੀ ਵਣਾਂ ਵਿਚ ਗੱਠੜੀ।

ਪਰੇਸ਼ ਰਾਵਲ ਵਲੋਂ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ- ਇਕ ਖ਼ਬਰ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।

ਪੰਜਾਬ 'ਚੋਂ ਡੇਰਾ ਸਿਰਸਾ ਦੇ ਪੈਰ ਵੱਡੇ ਪੱਧਰ 'ਤੇ ਉੱਖੜੇ- ਇਕ ਖ਼ਬਰ
ਉਜੜੀਆਂ ਭਰਜਾਈਆਂ, ਵਲੀ ਜਿਹਨਾਂ ਦੇ ਜੇਠ।

ਭਾਜਪਾ ਵਲੋਂ ਉਮਾ ਭਾਰਤੀ ਪਾਰਟੀ ਦੀ ਉੱਪ ਪ੍ਰਧਾਨ ਨਿਯੁਕਤ- ਇਕ ਖ਼ਬਰ
ਮੈਨੂੰ ਸੋਨੇ ਦਾ ਤਵੀਤ ਕਰਾ ਦੇ, ਚਾਂਦੀ ਦਾ ਕੀ ਭਾਰ ਚੁੱਕਣਾ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

19 March 2019

ਬਠਿੰਡਾ ਤੋਂ ਚੋਣ ਲੜਨ ਦਾ ਮਕਸਦ ਸਿਰਫ਼ ਹਰਸਿਮਰਤ ਬਾਦਲ ਨੂੰ ਟੱਕਰ ਦੇਣਾ- ਖਹਿਰਾ
ਮੇਰਾ ਕੰਮ ਨਾ ਗਲ਼ੀ ਦੇ ਵਿਚ ਕੋਈ, ਆਵਾਂ ਜਾਵਾਂ ਤੇਰੇ ਬਦਲੇ।

ਪ੍ਰਿਯੰਕਾ ਗਾਂਧੀ ਪੂਰੇ ਜੋਸ਼ ਨਾਲ਼ ਉੱਤਰੀ ਉੱਤਰ ਪ੍ਰਦੇਸ਼ ਦੇ ਚੋਣ ਮੈਦਾਨ 'ਚ- ਇਕ ਖ਼ਬਰ
ਵੈਰਨ ਮੁੰਡਿਆਂ ਦੀ ਜਿਹੜੀ ਘੁੱਟਵੀਂ ਸੁੱਥਣ ਵਿਚ ਰਹਿੰਦੀ।

ਕੋਲਿਆਂਵਾਲੀ ਨੂੰ ਘੇਰਨ ਲਈ ਵਿਜੀਲੈਂਸ ਟੀਮਾਂ ਨੇ ਖਿੱਚੀ ਤਿਆਰੀ- ਇਕ ਖ਼ਬਰ
ਅੱਗੇ ਤਾਂ ਟੱਪਦਾ ਸੀ ਨੌਂ ਨੌਂ ਕੋਠੇ, ਹੁਣ ਨਹੀਂ ਟਪੀਂਦੀਆਂ ਖਾਈਆਂ।

ਅਕਾਲੀ ਦਲ ਇਕੱਲਿਆਂ ਲੜੇਗਾ ਲੋਕ ਸਭਾ ਚੋਣਾਂ, 'ਆਪ' ਨਾਲ਼ ਗੱਲਬਾਤ ਤੋੜੀ- ਬ੍ਰਹਮਪੁਰਾ
ਘੜਾ ਚੁੱਕ ਲਊਂ ਪੱਟਾਂ 'ਤੇ ਹੱਥ ਧਰ ਕੇ, ਖ਼ਸਮਾਂ ਨੂੰ ਖਾਣ ਕੁੜੀਆਂ।

ਪ੍ਰਧਾਨ ਦੀ ਚੋਣ ਸਮੇਂ ਮੰਦਰ ਬਣਿਆ ਯੁੱਧ ਦਾ ਅਖਾੜਾ- ਇਕ ਖ਼ਬਰ
ਗੁਆਂਢ ਦਾ ਰੂਪ ਨਹੀਂ ਆਉਂਦਾ, ਮੱਤ ਤਾਂ ਆ ਈ ਜਾਂਦੀ ਐ।

ਅਕਾਲੀ ਦਲ ਦੀ ਰੈਲੀ ਮਗਰੋਂ ਸ਼ਰਾਬ ਵਰਤਾਉਣ ਸਬੰਧੀ ਚੋਣ ਕਮਿਸ਼ਨ ਵਲੋਂ ਰਿਪੋਰਟ ਤਲਬ-ਇਕ ਖ਼ਬਰ
ਚੋਣ ਕਮਿਸ਼ਨ ਜੀ ! ਅਕਾਲੀ ਵਿਚਾਰੇ ਤਾਂ ਸਰਕਾਰੀ ਖ਼ਜ਼ਾਨੇ ਦੀ ਮਦਦ ਕਰ ਰਹੇ ਸੀ।

ਮਸੂਦ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ 'ਚ ਚੀਨ ਨੇ ਫਿਰ ਪਾਇਆ ਅੜਿੱਕਾ- ਇਕ ਖ਼ਬਰ
ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ॥

ਸੌਦਾ ਸਾਧ ਦੇ ਹੱਕ 'ਚ ਮੁਜ਼ਾਹਰਾ ਕਰਨ ਵਾਲੇ ਲੌਂਗੋਵਾਲ ਤੋਂ ਮੰਗਿਆ ਅਸਤੀਫ਼ਾ-ਇਕ ਖ਼ਬਰ
ਕਾਦਰਯਾਰ ਕਹਿੰਦਾ ਰਾਜਾ, ਪਿੱਛੇ ਕੀ ਕਰਤੂਤ ਕਰ ਆਇਓਂ ਈ।

ਲੋਕ ਸਭਾ ਚੋਣਾਂ 'ਚ ਸ਼ਰਾਬ ਅਤੇ ਨਕਦੀ ਦੀ ਨਾਜਾਇਜ਼ ਵਰਤੋਂ ਨਹੀਂ ਹੋਣ ਦਿਤੀ ਜਾਵੇਗੀ- ਡੀ.ਸੀ.
ਯਾਨੀ ਕਿ ਜਾਇਜ਼ ਸ਼ਰਾਬ ਠੀਕ ਆ, ਜਿਵੇਂ ਕਿ ਜਗੀਰ ਕੌਰ ਨੂੰ ਟਿਕਟ ਮਿਲਣ ਦੀ ਖ਼ੁਸ਼ੀ 'ਚ।

ਹਾਰ ਮੰਨਣ ਲਈ ਤਿਆਰ ਨਹੀਂ ਬਰਤਾਨੀਆ ਦੀ ਪ੍ਰਧਾਨ ਮੰਤਰੀ ਟਰੀਜ਼ਾ ਮੇਅ- ਇਕ ਖ਼ਬਰ
ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।

ਲੋਕ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਹੋਈਆਂ ਸਰਗਰਮ- ਇਕ ਖ਼ਬਰ
ਰੁੱਤ ਯਾਰੀਆਂ ਲਾਉਣ ਦੀ ਆਈ, ਲੱਕ ਲੱਕ ਹੋ ਗਏ ਬਾਜਰੇ।

ਦਿੱਲੀ ਕਮੇਟੀ 'ਚ ਸੁਧਾਰ ਕਰਨ ਲਈ ਸਿੱਖ ਫੋਰਮ ਨੇ ਸੁਖਬੀਰ ਬਾਦਲ ਨੂੰ ਪੱਤਰ ਲਿਖਿਆ- ਇਕ ਖ਼ਬਰ
ਇਹ ਤਾਂ ਬਈ ਇੰਜ ਐ ਜਿਵੇਂ ਕੋਈ ਇੱਲਾਂ ਨੂੰ ਕਹੇ ਕਿ ਉਹ ਮਾਸ ਖਾਣਾ ਛੱਡ ਦੇਣ।

ਚੋਣਾਂ ਵਿਚ ਸੱਚ ਦੀ ਜਿੱਤ ਹੋਵੇਗੀ, ਮੋਦੀ ਤੇ ਨਫ਼ਰਤ ਦੀ ਹਾਰ ਹੋਵੇਗੀ। ਰਾਹੁਲ ਗਾਂਧੀ
ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨਹੀਂ ਤੇਰੀ ਜ਼ਾਤ ਪੁੱਛਣੀ।

ਵਿਤੀ ਸੰਕਟ ਦੇ ਹੱਲ ਲਈ ਅਕਾਲੀ ਦਲ ਨੇ ਪਾਰਟੀ ਮੈਂਬਰਾਂ ਤੋਂ ਭੇਟਾ ਮੰਗੀ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਲ ਭਾਰੀ ਜੀ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

11 March 2019

ਮਾਰੇ ਗਏ ਦਹਿਸ਼ਤਗ਼ਰਦਾਂ ਦੀ ਗਿਣਤੀ ਬਾਰੇ ਮਾਇਆਵਤੀ ਨੇ ਮੋਦੀ ਨੂੰ ਘੇਰਿਆ-ਇਕ ਖ਼ਬਰ
ਮੈਂ ਅਲਬੇਲਾ ਜੋਗੀ, ਤੇਰੇ ਹਾਥ ਨੂੰ ਆਊਂ ਰੀ ਬੇਬੀ ਤੇਰੇ ਹਾਥ ਨਾ ਆਊਂ।

ਮਾਰੇ ਗਏ ਦਹਿਸ਼ਤਗ਼ਰਦਾਂ ਦੀ ਗਿਣਤੀ ਛੇਤੀ ਪਤਾ ਲੱਗ ਜਾਵੇਗੀ- ਰਾਜਨਾਥ ਸਿੰਘ
ਬਈ ਬੰਦੇ ਭੇਜੇ ਹੋਏ ਐ ਗਿਣਨ ਲਈ, ਥੋੜ੍ਹਾ ਸਬਰ ਕਰੋ।

ਦਿੱਲੀ 'ਚ 'ਆਪ' ਨਾਲ਼ ਗੱਠਜੋੜ ਨਹੀਂ ਕਰੇਗੀ ਕਾਂਗਰਸ- ਸ਼ੀਲ਼ਾ ਦੀਕਸ਼ਿਤ
ਮੈਂ ਮਾਝੇ ਦੀ ਜੱਟੀ, ਗੁਲਾਬੂ ਨਿੱਕਾ ਜਿਹਾ।

ਭਾਰਤ ਦਾ ਤਰਜੀਹੀ ਦਰਜਾ ਰੱਦ ਕਰਨ ਦੇ ਰੌਂਅ ਵਿਚ ਟਰੰਪ- ਇਕ ਖ਼ਬਰ
ਡਰਿਓ ਲੋਕੋ ਡਰਿਓ ਵੇ, ਲੰਬੜਾਂ ਦੀ ਸੇਪ ਨਾ ਕਰਿਓ ਵੇ।

ਦੁਨੀਆ ਵਿਚ 20ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ 'ਚੋਂ 15ਭਾਰਤ ਵਿਚ - ਇਕ ਖ਼ਬਰ
ਯੇਹ ਕਹਾਨੀ ਹੈ ਭਾਰਤ ਮਹਾਨ ਕੀ, ਮਿਹਰਬਾਨੀ ਹੈ 'ਸਵੱਛਤਾ ਅਭਿਆਨ' ਕੀ।

ਕਾਂਗਰਸ ਤੇ ਭਾਜਪਾ ਨਾਲ਼ ਲੜਨ ਲਈ ਤਿਆਰ ਹੈ 'ਆਪ'-ਕੇਜਰੀਵਾਲ
ਤੁਸੀਂ ਨਿਕਲੋ ਵਿਚ ਮੈਦਾਨ ਦੇ, ਅਸੀਂ ਲਏ ਲੰਗੋਟੇ ਕੱਸ।

ਅਪਰਾਧੀ ਬਿਰਤੀ ਵਾਲ਼ੇ ਲੋਕਾਂ ਨੂੰ ਆਸਟ੍ਰੇਲੀਆ ਵੀਜ਼ਾ ਨਹੀਂ ਦੇਵੇਗਾ- ਇਕ ਖ਼ਬਰ
ਯੂ.ਕੇ. ਵਲ ਨੂੰ ਭੇਜ ਦਿਉ ਬਈ, ਦਰਵਾਜ਼ੇ ਖੁੱਲ੍ਹੇ ਈ ਆ।

ਮੋਦੀ ਕੈਮਰੇ ਲਈ ਜਿਊਂਦੇ ਹਨ- ਰਾਹੁਲ
ਮੇਰੀ ਗੱਜਦੇ ਦੀ ਫੋਟੋ ਖਿੱਚ ਕੁੜੀਏ।

ਯੂ.ਪੀ. 'ਚ ਬੀ.ਜੇ.ਪੀ. ਸੰਸਦ ਮੈਂਬਰ ਤੇ ਬੀ.ਜੇ.ਪੀ. ਵਿਧਾਇਕ ਜੁੱਤੀਓ ਜੁੱਤੀ-ਇਕ ਖ਼ਬਰ
ਕੂੰਡੇ ਭੱਜ ਗਏ ਘੋਟਣੇ ਟੁੱਟ ਗਏ, ਤਕੀਏ ਮਲੰਗ ਲੜ ਪਏ।

ਭਾਰਤ ਵਿਚ ਬੇਰੋਜ਼ਗਾਰੀ ਦਰ 7.2ਫ਼ੀ ਸਦੀ ਤਕ ਪਹੁੰਚੀ- ਇਕ ਖ਼ਬਰ
ਛੱਡੋ ਬੇਰੋਜ਼ਗਾਰੀ ਨੂੰ, ਪਹਿਲਾਂ ਪਾਕਿ 'ਚ ਮਾਰੇ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਗਿਣੋ।

ਏਅਰ ਸਟ੍ਰਾਈਕ ਦਾ ਸਬੂਤ ਮੰਗਣ ਵਾਲਿਆਂ ਨੂੰ ਜਹਾਜ਼ ਦੇ ਹੇਠਾਂ ਬੰਨ੍ਹਣਾ ਚਾਹੀਦੈ- ਵੀ.ਕੇ. ਸਿੰਘ
ਬਦੀਆਂ ਨਾ ਕਰ ਵੇ, ਕੈ ਦਿਨ ਦੀ ਜ਼ਿੰਦਗਾਨੀ।

ਰਾਫੇਲ ਦੇ ਸੌਦੇ ਨੂੰ ਲੈ ਕੇ ਮੋਦੀ ਸਰਕਾਰ ਤੋਂ ਦੇਸ਼ ਦੀ ਜਨਤਾ ਦਾ ਵਿਸ਼ਵਾਸ ਉੱਠਿਆ- ਗੋਲਡੀ
ਲੋਟਣ ਪੱਚੀਆਂ ਦੇ, ਚਹੁੰ 'ਚ ਵੇਚ ਗਿਆ ਵੈਲੀ।

ਭਾਜਪਾ ਕੋਲ਼ ਏਨਾ ਪੈਸਾ ਕਿੱਥੋਂ ਆ ਰਿਹੈ- ਮਮਤਾ ਬੈਨਰਜੀ
ਨਾਮ ਦੇਵ ਨੂੰ ਗੁਆਂਢਣ ਪੁੱਛਦੀ, ਕਿੱਥੋਂ ਤੈਂ ਬਣਾਈ ਛੱਪਰੀ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

04 March 2019

ਮੈਂ ਨਾੜੀ ਵੇਖ ਕੇ ਮੰਤਰਾਂ ਨਾਲ਼ ਇਲਾਜ ਕਰ ਸਕਦਾ ਹਾਂ- ਸ਼ਿਵ ਸੈਨਾ ਸੰਸਦ ਮੈਂਬਰ
ਉਜੜੀਆਂ ਭਰਜਾਈਆਂ ਵਲੀ ਜਿਹਨਾਂ ਦੇ ਜੇਠ।

ਅਕਾਲੀ ਦਲ ਨੂੰ ਬਦਨਾਮ ਕਰ ਰਹੀ ਹੈ ਕਾਂਗਰਸ-ਸੁਖਬੀਰ
ਸੱਸ ਮੇਰੀ ਦਾ ਐਡਾ ਜੂੜਾ, ਵਿਚੋਂ ਕਿਰਦੀ ਰੇਤ। ਸੱਸੇ ਕੰਜਰੀਏ, ਸ਼ੀਸ਼ਾ ਲੈ ਕੇ ਦੇਖ।

ਬਿਜਲੀ,ਰੇਤ ਅਤੇ ਸ਼ਰਾਬ ਨੀਤੀ ਵਲ ਧਿਆਨ ਦੇ ਕੇ ਸਰਕਾਰ ਦੀ ਆਰਥਿਕ ਹਾਲਤ ਸੁਧਾਰੀ ਜਾ ਸਕਦੀ ਹੈ- ਚੀਮਾ
ਪਰ ਕਈਆਂ 'ਵਿਚਾਰਿਆਂ' ਦੀ ਆਰਥਿਕ ਹਾਲਤ ਵਿਗੜ ਵੀ ਜਾਣੀ ਐ।

ਕੈਨੇਡਾ ਦੀ ਐਨ.ਡੀ.ਪੀ. ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਬਰਨਬੀ ਜ਼ਿਮਨੀ ਚੋਣ ਜਿੱਤ ਲਈ- ਇਕ ਖ਼ਬਰ
ਮੈਨੂੰ ਵੇਖ ਲੈਣ ਦੇ ਮੁੰਡਾ, ਨੀਂ ਆਹ ਲੈ ਫੜ ਮਾਏਂ ਪੂਣੀਆਂ।

ਸਕੂਲੀ ਬੱਚਿਆਂ ਨੂੰ ਦਿਤੀਆਂ ਜਾਣ ਵਾਲ਼ੀ ਵਰਦੀਆਂ 'ਚ ਘਪਲੇ ਦੇ ਦੋਸ਼-ਇਕ ਖ਼ਬਰ
ਇਹ ਤਾਂ ਕਫ਼ਨਾਂ 'ਚੋਂ ਪੈਸੇ ਖਾ ਜਾਂਦੇ ਐ, ਤੁਸੀਂ ਵਰਦੀਆਂ ਨੂੰ ਰੋਈ ਜਾਂਦੇ ਹੋ। 

ਲੋਕਤਾਂਤ੍ਰਿਕ ਗੱਠਜੋੜ 'ਚੋਂ ਟਕਸਾਲੀ ਅਕਾਲੀ ਹੋਏ ਬਾਹਰ- ਇਕ ਖ਼ਬਰ
ਤੇਰੀ ਮੇਰੀ ਨਹੀਂ ਨਿਭਣੀ, ਮੈਂ ਪਤਲੀ ਤੂੰ ਭਾਰਾ।

ਸੁਖਬੀਰ ਬਾਦਲ ਤੀਸਰੀ ਵਾਰ ਵੀ ਪਰਵਿਲੇਜ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਇਨਕਾਰੀ-ਇਕ ਖ਼ਬਰ
ਜੇਠ ਤੋਂ ਸੰਗ ਲਗਦੀ, ਨੀ ਮੈਂ ਕਿਵੇਂ ਗਿੱਧੇ ਵਿਚ ਆਵਾਂ।

ਸੰਗਮ 'ਚ ਡੁਬਕੀਆਂ ਲਗਾਉਣ ਨਾਲ ਪਾਪ ਨਹੀਂ ਧੋਤੇ ਜਾਣੇ- ਮਾਇਆਵਤੀ
ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ, ਤਾਂ ਮਿਲਦਾ ਡੱਡੂਆਂ ਮੱਛੀਆਂ।

ਦੇਸ਼ ਦੀ ਮਜ਼ਬੂਤੀ ਲਈ ਭਾਜਪਾ ਨੂੰ ਹਰਾਉਣਾ ਜ਼ਰੂਰੀ- ਕੇਜਰੀਵਾਲ
ਬਾਪੂ ਮੈਨੂੰ ਮੱਝ ਲੈ ਦੇ, ਮੈਂ ਜੇਠ ਦੀ ਲੱਸੀ ਨਹੀਂ ਪੀਣੀ।

ਪਾਕਿ ਖ਼ਿਲਾਫ਼ ਸਖ਼ਤ ਕਾਰਵਾਈ ਦੇ ਰੌਂ 'ਚ ਭਾਰਤ- ਟਰੰਪ
ਅੱਗ ਲਾ ਕੇ ਡੱਬੂ ਰੂੜੀਆਂ 'ਤੇ।

ਤਾਨਾਸ਼ਾਹਾਂ ਵਾਂਗੂੰ ਕੰਮ ਕਰ ਰਹੀ ਹੈ ਮੋਦੀ ਸਰਕਾਰ- ਸ਼ਤਰੂਘਨ ਸਿਨਹਾ
ਮੈਂ ਜਿਹੜੀ ਗੱਲੋਂ ਡਰਦੀ ਸੀ, ਅੱਜ ਉਹੀਓ ਭਾਣਾ ਵਰਤ ਗਿਆ।

ਅਮਿਤ ਸ਼ਾਹ ਨੇ ਨੰਗਾ-ਚਿੱਟਾ ਝੂਠ ਬੋਲਿਆ- ਕੈਪਟਨ
ਜੰਗ ਤੇ ਸਿਆਸਤ 'ਚ ਸਭ ਕੁਝ ਚਲਦੈ ਕੈਪਟਨ ਸਾਬ।

ਕਰਤਾਰ ਪੁਰ ਲਾਂਘਾ ਬੰਦ ਕਰਵਾਉਣ ਲਈ ਬਾਦਲਾਂ ਨੇ ਪਾਕਿ ਖ਼ਿਲਾਫ਼ ਮਤਾ ਵਿਧਾਨ ਸਭਾ 'ਚ ਰੱਖਿਆ- ਸਰਨਾ
ਧਰ ਢੋਲ ਹਰਾਮ ਸ਼ੈਤਾਨ ਵਾਲ਼ਾ, ਡੰਕਾ ਵਿਚ ਮੈਦਾਨ ਦੇ ਲਾਇਆ ਈ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

25 Feb. 2019

ਕੈਪਟਨ ਸਾਡੇ ਪਰਵਾਰ ਨੂੰ ਬਦਨਾਮ ਕਰ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ 'ਚ- ਪ੍ਰਕਾਸ਼ ਸਿੰਘ ਬਾਦਲ
ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।

ਪੱਛਮੀ ਪੰਜਾਬ ਦੇ ਸਕੂਲਾਂ 'ਚ ਪੰਜਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਲਾਗੂ ਕਰਨ ਦਾ ਅਦਾਲਤੀ ਫ਼ੈਸਲਾ-ਇਕ ਖ਼ਬਰ
ਕੰਨਾਂ ਦੇ ਵਿਚ ਮਿੱਠਾ ਮਿੱਠਾ, ਦਿੰਦੀ ਏ ਰਸ ਘੋਲ਼ ਪੰਜਾਬੀ।

'ਖ਼ਾਲਸਾ ਏਡ' ਕਸ਼ਮੀਰੀ ਵਿਦਿਆਰਥੀਆਂ ਲਈ ਬਣੀ ਸਹਾਰਾ- ਇਕ ਖ਼ਬਰ
ਗੁਰੂ ਜੀ ਤੇਰੀ ਫੌਜ ਰੰਗਲੀ, ਆਈ ਆ ਮੋਰਚਾ ਜਿੱਤ ਕੇ।

ਮਾਇਆਵਤੀ ਅਤੇ ਅਖ਼ਿਲੇਸ਼ ਵਿਚਕਾਰ ਸੀਟਾਂ ਦੀ ਵੰਡ ਮੁਕੰਮਲ- ਇਕ ਖ਼ਬਰ
ਭੋਂ ਦੇ ਵਿਚੋਂ ਅੱਧ ਸਾਂਭ ਲੈ, ਬਲ਼ਦ ਸਾਂਭ ਲੈ ਨਾਰਾ।

ਕਸ਼ਮੀਰੀ ਵਿਦਿਆਰਥੀਆਂ ਨਾਲ ਹੋ ਰਹੀ ਬਦਸਲੂਕੀ ਬਾਰੇ ਮੋਦੀ ਚੁੱਪ ਕਿਉਂ?- ਉਮਰ ਅਬਦੁੱਲਾ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।

ਡਾ. ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਸੀਟ ਲੜਾਉਣ ਲਈ ਤਿਆਰੀ 'ਚ ਕਾਂਗਰਸ- ਇਕ ਖ਼ਬਰ
ਬੱਗੇ ਬਲਦ ਖਰਾਸੇ ਜਾਣਾ, ਕੋਠੀ 'ਚੋਂ ਲਿਆ ਦੇ ਘੁੰਗਰੂ।

ਸ਼ਰਾਬ ਦੀ ਖਪਤ ਵਾਲ਼ੇ ਮੋਹਰੀ ਰਾਜਾਂ 'ਚ ਪੰਜਾਬ ਵੀ ਸ਼ਾਮਲ- ਇਕ ਖ਼ਬਰ
ਵੈਰੀਆਂ ਦਾ ਖੂਹ ਵਗਦਾ, ਮੈਨੂੰ ਤੇਰੀ ਵੇ ਜਾਨ ਦਾ ਧੋਖਾ।

ਅਕਾਲੀ-ਭਾਜਪਾਈਆਂ ਨੂੰ 'ਸ਼ੋਅਲੇ' ਦੇ ਗੱਬਰ ਸਿੰਘ ਵਾਂਗ ਨਵਜੋਤ ਸਿੱਧੂ ਸੁਪਨੇ 'ਚ ਵੀ ਦਿਸਦੈ- ਜਾਖੜ
ਅਰੇ ਸੁਸਰੋ ਸੋ ਜਾਉ, ਨਹੀਂ ਤੋ ਸਿੱਧੂ ਆ ਜਾਏਗਾ।

ਲੰਬੀ ਤੋਂ ਚੰਡੀਗੜ੍ਹ ਪਹੁੰਚੇ ਵੱਡੇ ਬਾਦਲ ਵਲੋਂ ਗ੍ਰਿਫ਼ਤਾਰੀ ਦੀ ਪੇਸ਼ਕਸ਼- ਇਕ ਖ਼ਬਰ
ਅੰਮ੍ਰਿਤਸਰ 'ਚ ਖੇਡੇ ਡਰਾਮੇ ਤੋਂ ਬਾਅਦ ਇਸ ਦਾ ਦੂਜਾ ਸੀਨ।

ਸ਼੍ਰੋਮਣੀ ਕਮੇਟੀ ਚੋਣਾਂ ਲਈ ਵਿਧਾਨ ਸਭਾ 'ਚ ਮਤਾ ਪਾਸ ਕਰਾਉਣਾ ਫੂਲਕਾ ਦੀ ਹਿੰਮਤ- ਬ੍ਰਹਮਪੁਰਾ
ਬਾਜ਼ੀ ਲੈ ਗਿਆ ਜੀ ਦਾਖੇ ਵਾਲ਼ਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ।

ਜਸਟਿਸ ਰਣਜੀਤ ਸਿੰਘ ਕੇਸ 'ਚ ਹਾਈ ਕੋਰਟ ਵਲੋਂ ਸੁਖਬੀਰ ਅਤੇ ਮਜੀਠੀਆ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ- ਇਕ ਖ਼ਬਰ
ਟੈਮ ਹੋ ਗਿਆ ਬਦਲ ਗਏ ਕਾਂਟੇ, ਗੱਡੀ ਆਉਣੀ ਸ਼ੂੰ ਕਰ ਕੇ।

ਤਖ਼ਤ ਪਟਨਾ ਸਾਹਿਬ ਦਾ 'ਜਥੇਦਾਰ' ਹੀ ਮਹੰਤਸ਼ਾਹੀ ਚਲਾ ਰਿਹਾ ਹੈ- ਹਿਤ
ਟੁੱਟ ਪੈਣੇ ਦਾ ਕੁਲੱਛਣਾ ਬੋਤਾ, ਚੜ੍ਹਦੀ ਨੂੰ ਵੱਢੇ ਦੰਦੀਆਂ।

ਸਮਝੌਤੇ ਤੋਂ ਦੂਜੇ ਦਿਨ ਹੀ ਭਾਜਪਾ-ਸ਼ਿਵ ਸੈਨਾ ਗੱਠਜੋੜ 'ਚ ਦਿਸੀਆਂ ਤਰੇੜਾਂ- ਇਕ ਖ਼ਬਰ
ਕੋਹ ਤੁਰੀ ਨਾ, ਬਾਬਾ ਤ੍ਰਿਹਾਈ।

ਪ੍ਰਕਾਸ਼ ਪੁਰਬ ਸਮਾਗਮਾਂ ਲਈ ਅਕਾਲੀ ਸਾਥ ਦੇਣ- ਕੈਪਟਨ
ਉਹਨਾਂ ਨੂੰ ਪ੍ਰਕਾਸ਼ ਪੁਰਬ ਸੁੱਝਦੈ, ਉਹਨਾਂ ਦੇ ਤਾਂ ਭਾਅ ਦੀ ਬਣੀ ਹੋਈ ਐ।

ਕੇਜਰੀਵਾਲ ਨੇ ਮੋਦੀ ਨੂੰ ਪੂਰਨ ਰਾਜ ਦੇ ਦਰਜੇ ਦਾ ਵਾਅਦਾ ਯਾਦ ਕਰਵਾਇਆ-ਇਕ ਖ਼ਬਰ
ਜਿਧਰ ਗਈਆਂ ਬੇੜੀਆਂ, ਉਧਰ ਗਏ ਮਲਾਹ।