ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
04 Dec. 2018
ਕੈਪਟਨ ਵਲੋਂ ਇਮਰਾਨ ਖ਼ਾਨ ਦਾ ਸੱਦਾ ਅਸਵੀਕਾਰ- ਇਕ ਖ਼ਬਰ
ਵਿਚ ਵੇਲਣੇ ਬਾਂਹ ਅਸਾਡੀ, ਕੀਕਣ ਆਖਾਂ ਛੱਡ ਵੇ ਅੜਿਆ।
ਸਿਆਸੀ ਸੰਕਟ 'ਚ ਘਿਰੇ ਅਕਾਲੀ ਦਲ ਨੂੰ ਕਰਤਾਰ ਪੁਰ ਲਾਂਘੇ 'ਤੇ ਟੇਕ- ਇਕ ਖ਼ਬਰ
ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ, ਵੇ ਅਮਲੀਆ ਦੋਜ਼ਖ਼ੀਆ।
ਪਠਾਨਕੋਟ 'ਚ ਫਿਰ ਦਿਸੇ ਸ਼ੱਕੀ ਬੰਦੇ-ਇਕ ਖ਼ਬਰ
ਮੜ੍ਹ ਦਿਉ ਸਿੱਧੂ ਦੇ ਗ਼ਲ਼ ਇਹ ਵੀ ਕਿ ਉਹੀ ਲੈ ਕੇ ਆਇਐ ਬੰਦੇ ਸਰਹੱਦ ਪਾਰੋਂ।
ਸਾਬਕਾ ਜਥੇਦਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ 'ਚ ਸ਼ਾਮਲ ਕਰਨ ਦੀ ਮੰਗ-ਬੋਨੀ
ਲਿਖਿਆ ਵਿਚ ਕਿਤਾਬ ਕੁਰਾਨ ਦੇ ਜੀ, ਗੁਨਾਹਗ਼ਾਰ ਖ਼ੁਦਾ ਦਾ ਚੋਰ ਹੈ ਜੀ।
ਡੇਰਾ ਬਿਆਸ ਮੁਖੀ ਨੂੰ ਸੁਖਬੀਰ ਬਾਦਲ ਵਲੋਂ ਸਿਰੋਪਾ ਪਾਉਣ ਦਾ ਮਸਲਾ ਭਖਿਆ- ਇਕ ਖ਼ਬਰ
ਰੌਲ਼ਾ ਭਾਈ ਸਿਰੋਪੇ ਦਾ ਨਹੀਂ, ਰਾਅ ਸਿੱਖਾਂ ਦੀਆਂ ਵੋਟਾਂ ਸੁਖਬੀਰ ਬਾਦਲ ਨੂੰ ਪਵਾਉਣ ਦਾ ਐ।
ਕਿੱਥੇ ਗਏ ਪੰਜਾਬ ਦੇ ਸਿਆਸੀ ਪਿੜ 'ਚੋਂ ਖੱਬੇ-ਪੱਖੀ?- ਇਕ ਸਵਾਲ
ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ਼ ਸੇ।
ਬਾਦਲ ਪਰਵਾਰ ਲਈ ਕਮਾਊ ਪੁੱਤ ਸਾਬਤ ਹੋ ਰਿਹੈ ਸ਼੍ਰੋਮਣੀ ਕਮੇਟੀ ਪ੍ਰਧਾਨ-ਇਕ ਖ਼ਬਰ
ਉਹਦੇ ਸਿਰ 'ਤੇ ਕਲਗ਼ੀ ਤੇ ਪੈਰੀਂ ਝਾਂਜਰ, ਨੀਂ ਉਹ ਚੋਗ ਚੁਗੇਂਦਾ ਆਇਆ।
ਕੈਪਟਨ ਅਮਰਿੰਦਰ ਸਿੰਘ ਨੇ ਬੋਲੀ ਭਾਜਪਾ ਦੀ ਬੋਲੀ- ਹਰਪਾਲ ਚੀਮਾ
ਨੀਂ ਉਹ ਲੰਬੜਾਂ ਦਾ ਮੁੰਡਾ, ਬੋਲੀ ਹੋਰ ਬੋਲਦਾ।
ਪਟਰੌਲ ਪੰਪ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ 17 ਡੇਰਾ ਪ੍ਰੇਮੀ ਬਰੀ-ਇਕ ਖ਼ਬਰ
ਅਸਾਂ ਜੇਠ ਨੂੰ ਲੱਸੀ ਨਹੀਂ ਦੇਣੀ, ਦਿਓਰ ਭਾਵੇਂ ਦੁੱਧ ਪੀ ਲਵੇ।
ਅਕਾਲੀ ਆਗੂਆਂ ਨੇ ਕੀ ਖੱਟਿਆ ਕਰਤਾਰ ਪੁਰ ਲਾਂਘੇ ਦੇ ਸਮਾਗਮ 'ਚ ਆ ਕੇ?-ਇਕ ਸਵਾਲ
ਤੂੜੀ ਵਿਚੋਂ ਪੁੱਤ ਜੱਗਿਆ, ਲਿਆ ਤੰਗਲ਼ੀ ਨਸੀਬਾਂ ਨੂੰ ਫਰੋਲੀਏ।
ਕਰਤਾਰ ਪੁਰ ਲਾਂਘਾ ਇਕੱਲੇ ਸਿੱਧੂ ਦੀ ਨਹੀਂ ਬਲਕਿ ਸਾਰਿਆਂ ਦੀ ਮੰਗ-ਵੀ.ਕੇ.ਸਿੰਘ
ਕੱਲ੍ਹ ਤੱਕ ਤਾਂ ਇਹਨਾਂ 'ਸਾਰਿਆਂ' ਨੂੰ ਲਾਂਘੇ ਰਾਹੀਂ ਅੱਤਵਾਦੀ ਆਉਂਦੇ ਦਿਸਦੇ ਸਨ।
ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕਾਲ਼ੇ ਧਨ ਬਾਰੇ ਜਾਣਕਾਰੀ ਦੇਣ ਤੋਂ ਨਾਂਹ- ਇਕ ਖ਼ਬਰ
ਬੋਲਣ ਝੂਠ ਤੇ ਖਾਣ ਹਰਾਮ, ਕਿਆ ਹੋਵੇ ਤਾਸੀਰ।
ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿੱਪ ਅੱਜ ਨੀਂਹ-ਪੱਥਰ ਸਮਾਗਮ 'ਚ ਹੋਵੇਗੀ ਸ਼ਾਮਲ- ਇਕ ਖ਼ਬਰ
ਹੋਰ ਹੁਣ ਤੁਹਾਡੇ ਕੋਲ਼ ਰਾਹ ਵੀ ਕੀ ਹੈ! ਰਲ਼ ਜਾਉ ਦੌੜ ਕੇ।
ਸਿੱਧੂ ਨੂੰ ਗ਼ਦਾਰ ਕਹਿਣ ਬਾਅਦ ਹੁਣ ਬੀਬੀ ਬਾਦਲ ਕਿਸ ਮੂੰਹ ਨਾਲ਼ ਪਾਕਿਸਤਾਨ ਜਾਵੇਗੀ-ਸੁਖਜਿੰਦਰ ਸਿੰਘ ਰੰਧਾਵਾ
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਹਨੀਂ ਰਾਹੀਂ ਵੇ ਮੈਨੂੰ ਤੁਰਨਾ ਪਿਆ।
ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
25 Nov. 2018
ਬਾਲਾਸਰ ਫਾਰਮ ਤੋਂ ਕਿੰਨੂਆਂ ਦੀ ਚੋਰੀ ਨੇ ਬਾਦਲ ਦੇ ਸਾਹ ਸੁਕਾਏ- ਇਕ ਖ਼ਬਰ
ਕਾਸ਼ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਚੋਰੀ ਵੇਲੇ ਵੀ ਤੁਹਾਡੇ ਸਾਹ ਸੁੱਕਦੇ ਬਾਦਲ ਸਾਹਿਬ।
ਅਕਾਲੀ ਦਲ ਦੀ 'ਸਿਆਸਤ' ਦੇ ਗੇੜ 'ਚ ਉਲਝੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ- ਇਕ ਖ਼ਬਰ
ਆਪ ਤੇ ਡੁੱਬਿਉਂ ਬਾਹਮਣਾ, ਜਜਮਾਨ ਵੀ ਗਾਲ਼ੇ।
ਸਾਡੀ ਲੜਾਈ ਪਾਰਟੀ ਨਾਲ਼ ਨਹੀਂ, ਬਾਦਲਾਂ ਨਾਲ਼ ਹੈ- ਬੋਨੀ ਅਜਨਾਲ਼ਾ
ਜੱਗ ਭਾਵੇਂ ਜੋ ਵੀ ਕਹੇ, ਸੱਸ ਪਿੱਟਣੀ ਪੰਜੇਬਾਂ ਪਾ ਕੇ।
ਐੱਸ.ਆਈ.ਟੀ. ਬਾਰੀਕੀ ਨਾਲ਼ ਜਾਂਚ ਕਰ ਰਹੀ ਹੈ ਪਰ ਹੱਥ ਉਹਦੇ ਅਜੇ ਵੀ ਖ਼ਾਲੀ?- ਇਕ ਖ਼ਬਰ
ਜਾਂਚ ਕਿਸੇ ਬਾਹਰਲੀ ਏਜੰਸੀ ਨੂੰ ਦਿਉ, ਦੇਖੋ ਫਿਰ ਹੱਥ ਭਰਦੇ।
ਜੀਜੇ-ਸਾਲੇ ਨੇ ਲਗਾਇਆ ਸਿੱਖ ਪੰਥ ਅਤੇ ਅਕਾਲੀ ਦਲ ਨੂੰ ਧੱਬਾ-ਟਕਸਾਲੀ ਅਕਾਲੀ ਆਗੂ
ਲਾਲ ਸਿੰਘ ਤੇਜ ਸਿੰਘ ਜੀ, ਕਰ ਗਏ ਨੇ ਗ਼ਦਾਰੀ ਭਾਰੀ।
ਜਮਹੂਰੀਅਤ ਲਈ ਖ਼ਤਰਾ ਬਣੀ ਮੋਦੀ ਸਰਕਾਰ- ਮਨਮੋਹਨ ਸਿੰਘ
ਬੋਦੀ ਵਾਲ਼ਾ ਤਾਰਾ ਚੜ੍ਹਿਆ, ਘਰ ਘਰ ਹੋਣ ਵਿਚਾਰਾਂ।
ਬੈਂਕਾਂ ਨਾਲ਼ ਧੋਖਾ ਧੜੀ ਕਰਨ ਵਾਲ਼ੇ ਹੁਣ ਨਹੀਂ ਭੱਜ ਸਕਣਗੇ ਵਿਦੇਸ਼- ਇਕ ਖ਼ਬਰ
ਜੋਤਸ਼ੀ ਦੱਸਿਆ ਕਰਨਗੇ ਕਿ ਬੰਦਾ ਭੱਜਣ ਵਾਲ਼ਾ ਹੈ ਜਾਂ ਨਹੀਂ, ਸ਼ੱਕੀਆਂ ਨੂੰ ਸੰਗਲ ਲਾਏ ਜਾਣਗੇ।
ਕੌਮੀ ਸਿਆਸਤ ਵਿਚ ਚਮਕਣ ਲੱਗਿਆ ਨਵਜੋਤ ਸਿੱਧੂ-ਇਕ ਖ਼ਬਰ
ਤੇਗ਼ਾਂ ਮਾਰਦਾ ਦਲਾਂ ਨੂੰ ਜਾਵੇ ਚੀਰਦਾ, ਗੋਰਿਆਂ ਦੇ ਘਾਣ ਲੱਥ ਗਏ।
ਪਾਕਿਸਤਾਨ ਕਈ ਸਾਲਾਂ ਤੋਂ ਆਪਣੇ ਸਾਧਨਾਂ ਤੋਂ ਬਾਹਰ ਜਾ ਕੇ ਖ਼ਰਚ ਕਰ ਰਿਹੈ- ਇਕ ਰਿਪੋਰਟ
ਆਮਦਨੀ ਅਠੰਨੀ, ਖ਼ਰਚਾ ਰੁਪੱਈਆ, ਥਾ ਥੱਈਆ ਥਾ ਥੱਈਆ।
ਡੇਰਾ ਸਿਰਸਾ ਦੇ ਉਭਾਰ ਲਈ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਜ਼ਿੰਮੇਵਾਰ- ਰਾਮੂਵਾਲੀਆ
ਤੁਸੀਂ ਵਿਚ ਖ਼ੁਦਾ ਦੇ ਖ਼ਾਨਿਆਂ ਦੇ, ਜੀਊਂਦੇ ਨਾਲ਼ ਦਵਾਈਆਂ ਮਾਰਦੇ ਓ।
ਬਾਦਲਾਂ ਨੂੰ ਚੁਰਾਸੀ ਦੇ ਪੀੜਤਾਂ ਦੀ ਯਾਦ ਹੁਣ ਹੀ ਕਿਉਂ ਆਈ- ਸ਼ਿੰਗਾਰਾ ਸਿੰਘ ਭੁੱਲਰ
ਬੰਨੇ ਬੰਨੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।
ਸੁਖਪਾਲ ਖਹਿਰਾ ਹੀ ਪੰਜਾਬ ਦੇ ਹਿਤਾਂ ਦੀ ਰਾਖੀ ਕਰ ਸਕਦਾ ਹੈ- ਕੰਗ ਭਰਾ ਤੇ ਮਾਨ
ਐਪਰ ਇਕ ਸਰਦਾਰ ਅਜੀਬ ਯਾਰੋ, ਜ਼ਖ਼ਮ ਸਾਹਮਣੇ ਮੂੰਹ 'ਤੇ ਖਾਣ ਵਾਲ਼ਾ।
ਬਠਿੰਡਾ ਹਲਕੇ ਤੋਂ 'ਬੀਬਾ ਹਰਸਿਮਰਤ' ਦੀ ਜਗ੍ਹਾ 'ਬਾਬੇ ਬਾਦਲ' ਨੂੰ ਚੋਣ ਲੜਾਉਣ ਦੀ ਚਰਚਾ- ਇਕ ਖ਼ਬਰ
ਬਾਪੂ ਵੇ ਕਲਾ ਮਰੋੜ! ਨੀਂ ਸਿਮਰੋ ਲਾ ਦੇ ਜ਼ੋਰ।
ਸਿਆਸਤ ਤੋਂ ਪ੍ਰੇਰਿਤ ਬਿਆਨ ਦੇ ਕੇ ਅੱਗ ਨਾਲ਼ ਨਾ ਖੇਡੇ ਸੁਖਬੀਰ- ਕੈਪਟਨ
ਫ਼ੈਸ਼ਨ ਨਾ ਕਰ ਨੀਂ, ਤੇਰੀ ਹਾਲੇ ਉਮਰ ਨਿਆਣੀ।
ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜਾਂਗੀ- ਸੁਸ਼ਮਾ ਸਵਰਾਜ
ਜਿੰਨਾ ਨਹਾਤੀ ਓਨਾ ਈ ਪੁੰਨ।
'ਆਪ' ਦੇ ਬਰਾਬਰ ਜਥੇਬੰਦਕ ਢਾਂਚਾ ਖੜ੍ਹਾ ਕਰੇਗਾ ਬਾਗ਼ੀ ਧੜਾ- ਇਕ ਖ਼ਬਰ
ਸੌਂਕਣ ਲਿਆਂਦੀ ਸਿੰਘ ਜੀ, ਤੈਂ ਡਰ ਦੁਨੀਆਂ ਦਾ ਲਾਹ ਕੇ।
ਸਰਕਾਰੀ ਵੋਲਵੋ ਬੱਸ ਨੂੰ ਬਠਿੰਡਾ ਬੱਸ ਸਟੈਂਡ 'ਤੇ ਸੁਖਬੀਰ ਦੀ ਔਰਬਿੱਟ ਨੇ ਲਾਈਆਂ ਬਰੇਕਾਂ- ਇਕ ਖ਼ਬਰ
ਅਸੀਂ ਟੈਂ ਨਹੀਂ ਕਿਸ ਦੀ ਮੰਨਦੇ, ਚਾਚਾ ਸਾਡਾ ਮੁੱਖ ਮੰਤਰੀ।
ਕਾਨੂੰਨ ਦੇ ਹੱਥ ਟਾਈਟਲਰ ਅਤੇ ਸੱਜਣ ਕੁਮਾਰ ਤੱਕ ਵੀ ਪਹੁੰਚਣਗੇ- ਸੁਖਬੀਰ ਬਾਦਲ
ਰੱਬ ਕਰੇ ਇਹ ਹੱਥ ਬਹਿਬਲ ਕਲਾਂ ਤੇ ਕੋਟਕਪੂਰੇ ਗੋਲ਼ੀ ਦਾ ਹੁਕਮ ਦੇਣ ਵਾਲ਼ਿਆਂ ਤੱਕ ਵੀ ਪਹੁੰਚਣ।
ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
18 Nov. 2018
ਸੰਗਰੂਰ ਤੋਂ ਲੋਕ ਸਭਾ ਚੋਣ ਲੜਨਗੇ ਸਿਮਰਨਜੀਤ ਸਿੰਘ ਮਾਨ - ਇਕ ਖ਼ਬਰ
ਘੱਲਿਆ ਸੀ ਮੈਂ ਮਹੀਂ ਖ਼ਰੀਦਣ, ਖ਼ਰੀਦ ਲਿਆਇਆ ਝੋਟਾ, ਖ਼ਸਮਾਂ ਨੂੰ ਖਾਣੇ ਦਾ ਛੱਪੜੀ ਵਿਚ ਖਲੋਤਾ।
ਬੇਅਦਬੀ ਮਾਮਲਿਆਂ 'ਚ ਐਸ.ਆਈ.ਟੀ. ਦੀ ਜਾਂਚ ਤੋਂ ਧਿਆਨ ਹਟਾਉਣ ਦੀਆਂ ਕੋਸ਼ਿਸ਼ਾਂ ਨਾ ਕਰਨ ਬਾਦਲ- ਅਮਰਿੰਦਰ ਸਿੰਘ
ਉਹਨੇ ਤਖਤੋ ਬਖਤੋ ਬੰਨ੍ਹ ਲਈਆਂ, ਪਾ ਲਈਆਂ ਲਾਹੌਰ ਦੇ ਰਾਹ।
ਸਰਕਾਰ ਬਣਨ ਦੇ ਦਸ ਦਿਨਾਂ 'ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਵੇਗਾ- ਰਾਹੁਲ ਗਾਂਧੀ
ਤੈਨੂੰ ਬਾਜਰੇ ਤੋਂ ਘੱਗਰਾ ਸੰਵਾ ਦਊਂ, ਜਿਗਰਾ ਤੂੰ ਰੱਖ ਗੋਰੀਏ।
ਬਾਦਲਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਮੁਸ਼ਕਿਲਾਂ 'ਚ ਘਿਰਿਆ- ਇਕ ਖ਼ਬਰ
ਮਾਉਂ ਹੀਰ ਥੀਂ ਲੋਕ ਕਰਨ ਚੁਗਲੀ, ਤੇਰੀ ਮਲਕੀਏ ਧੀ ਖ਼ਰਾਬ ਹੈ ਨੀਂ।
ਬਾਦਲ ਦੱਸਣ ਕਿ ਗੋਲ਼ੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ- ਜਾਖੜ
ਤੇਰੀ ਤੋੜ ਕੇ ਛੱਡਣਗੇ ਗਾਨੀ, ਵੱਸ ਪੈ ਗਈ ਅੜ੍ਹਬਾਂ ਦੇ।
ਅਰੂਸਾ ਦੇ ਆਲਮ ਅੱਗੇ ਕੇਂਦਰੀ ਗ੍ਰਹਿ ਮੰਤਰਾਲਾ ਖ਼ਾਮੋਸ਼- ਇਕ ਖ਼ਬਰ
ਪੱਤਣੋਂ ਪਾਰ ਲੰਘਣਾ, ਮੈਨੂੰ ਯਾਰ ਉਡੀਕੇ ਖੜ੍ਹ ਕੇ।
ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਲਗਾਈ ਸੀ.ਬੀ.ਆਈ. 'ਤੇ ਪਾਬੰਦੀ- ਇਕ ਖ਼ਬਰ
ਜੱਗ ਭਾਵੇਂ ਨਿੰਦਿਆ ਕਰੇ, ਸੱਸ ਪਿੱਟਣੀ ਪੰਜੇਬਾਂ ਪਾ ਕੇ।
ਪਰਧਾਨ ਮੰਤਰੀ ਅੱਜ ਕਲ ਆਪਣੇ ਭਾਸ਼ਨ ਵਿਚ ਭ੍ਰਿਸ਼ਟਾਚਾਰ ਦਾ ਜ਼ਿਕਰ ਨਹੀਂ ਕਰਦੇ- ਰਾਹੁਲ ਗਾਂਧੀ
ਫੈਸ਼ਨ ਬੇਗੋ ਦੇ, ਮਨ ਮਰਜ਼ੀ ਦੇ ਹੋਣੇ।
ਡਾਕਟਰ ਗਾਂਧੀ ਨੇ ਨਵੇਂ ਤੇ ਖ਼ੁਦ ਮੁਖ਼ਤਾਰ ਪੰਜਾਬ ਦਾ ਹੋਕਾ ਦਿੱਤਾ- ਇਕ ਖ਼ਬਰ
ਫਰਦ ਫ਼ਕੀਰ ਹੋਇਆ ਕੋਈ ਖਾਸਾ, ਮਰਦ ਸਫ਼ਾਈ ਵਾਲ਼ਾ।
ਬਾਦਲ ਜੀ ਤੁਹਾਡੀ ਸਰਕਾਰ ਵੇਲੇ ਮੈਨੂੰ ਵੀ ਸੰਮਨ ਕਰ ਕੇ ਸਰਕਟ ਹਾਊਸ 'ਚ ਪੁੱਛ-ਗਿੱਛ ਕੀਤੀ ਗਈ ਸੀ- ਕੈਪਟਨ
ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ।
ਡੇਰਾ ਬਿਆਸ ਮੁਖੀ ਨੇ ਦਾਦੂਵਾਲ ਨਾਲ ਕੀਤੀ ਵਿਚਾਰ ਚਰਚਾ-ਇਕ ਖ਼ਬਰ
ਖੂਹ ਟੋਭੇ ਤੇਰੀ ਚਰਚਾ ਹੁੰਦੀ, ਚਰਚਾ ਨਾ ਕਰਵਾਈਏ।
ਸ਼੍ਰੋਮਣੀ ਕਮੇਟੀ ਇਜਲਾਸ 'ਚ ਬੀਬੀ ਕਿਰਨਜੋਤ ਕੌਰ ਨੂੰ ਬੋਲਣ ਤੋਂ ਰੋਕਣਾ ਬਾਦਲ ਦਲ ਦਾ ਹੰਕਾਰ- ਸਰਨਾ
ਰੱਬ ਚਾੜ੍ਹ ਪਹਾੜ ਤੋਂ ਡੇਗ ਦਿੰਦਾ, ਕਰੀਏ ਗਰਬ ਨਾ ਵੱਡੇ ਇਕਬਾਲ ਦਾ ਜੀ।
ਭਾਜਪਾ ਤੇ ਆਰ.ਐੱਸ.ਐੱਸ ਘੱਟ ਗਿਣਤੀਆਂ ਨੂੰ ਦਬਾਉਣ ਲਈ ਹਰ ਹੀਲਾ ਵਰਤ ਰਹੀਆਂ ਹਨ-ਭੋਮਾ/ਜੰਮੂ
ਕੰਧਾਂ ਕਾਲ਼ੀਆਂ ਸ਼ਹਿਰ ਹੜਤਾਲ ਹੋਈ, ਧੁੰਦੂਕਾਰ ਜ਼ਮੀਂ ਆਸਮਾਨ ਹੋਇਆ।
ਬੇਅਦਬੀ ਘਟਨਾਵਾਂ: ਬਾਦਲਾਂ 'ਤੇ ਕੇਸ ਦਰਜ ਕਰ ਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ- ਸਿੱਖ ਬੁੱਧੀਜੀਵੀ
ਬੰਨ੍ਹ ਮੁਸ਼ਕਾਂ ਲੈ ਜਾਉ ਛੇਤੀ, ਤੇ ਜਲਦੀ ਕਰੋ ਹਲਾਲ।
ਜਬਰ ਜਨਾਹ ਕਰਨ ਵਾਲੇ ਪਾਦਰੀ ਦਾ ਕੱਟਿਆ ਪ੍ਰਾਈਵੇਟ ਪਾਰਟ- ਇਕ ਖ਼ਬਰ
ਨਾ ਰਹੇ ਬਾਂਸ. ਨਾ ਵੱਜੇ ਬੰਸਰੀ।
ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
14 Nov. 2018
' ਸ਼ਹੀਦ ਭਗਤ ਸਿੰਘ ਦਾ ਨਾਨਕਾ ਪਿੰਡ ਮੋਰਾਂਵਾਲੀ ਸਰਕਾਰੀ ਬੇਰੁਖੀ ਦਾ ਸ਼ਿਕਾਰ - ਇਕ ਖਬਰ
' ਸਰਕਾਰਾਂ ਦਾ ਵਸ ਚੱਲੇ ਤਾਂ ਇਹ ਲੋਕਾਂ ਦੇ ਦਿਲਾਂ 'ਚੋਂ ਹੀ ਸ਼ਹੀਦਾਂ ਨੂੰ ਖਾਰਜ ਕਰ ਦੇਣ।
' ਫੈਜ਼ਾਬਾਦ ਨਾਮ ਹੁਣ ਅਯੁੱਧਿਆ ਹੋਇਆ - ਇਕ ਖਬਰ
' ਇਬਤਦਾਏ ਇਸ਼ਕ ਹੈ ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ।
' ਕਰਨਾਟਕ ਜਿਮਨੀ ਚੋਣਾਂ 'ਚ ਭਾਜਪਾ ਨੂੰ ਵੱਡਾ ਝਟਕਾ - ਇਕ ਖਬਰ
' ਰੋਂਦੀ ਮਾਂ ਸੁੰਦਰ ਦੀ ਖੜ੍ਹ ਕੇ, ਕਿਹੜਾ ਦੇਵੇ ਧੀਰਾਂ।
' ਇਟਲੀ ਵਿਚ ਆਪ ਦਾ ਝਾੜੂ ਖਿਲਰਨ ਲੱਗਾ - ਇਕ ਖਬਰ
' ਮੋਤੀ ਖਿੱਲਰ ਗਏ, ਚੁਗ ਲੈ ਕਬੂਤਰ ਬਣ ਕੇ।
' ਨੋਟਬੰਦੀ ਦੇ ਦੋ ਸਾਲ ਹੋਣ 'ਤੇ ਕਾਂਗਰਸ ਨੇ ਮੋਦੀ ਦੇ ਪੁਤਲੇ ਫੂਕੇ - ਇਕ ਖਬਰ
' ਰੂੜੀ ਉੱਤੇ ਖੜ੍ਹਾ ਕੁੜੇ, ਔਂਤਰਿਆਂ ਦਾ ਛੜਾ ਕੁੜੇ।
' ਕੈਪਟਨ ਸਰਕਾਰ 'ਤੇ ਵਾਅਦਿਆਂ ਤੋਂ ਭੱਜਣ ਦੇ ਦੋਸ਼ ਲਗਾਏ - ਇਕ ਖਬਰ
' ਵੋਹ ਵਾਅਦਾ ਹੀ ਕਿਆ ਜੋ ਵਫ਼ਾ ਹੋ ਗਯਾ।
' ਆਰ. ਬੀ. ਆਈ. 'ਤੇ ਭਾਜਪਾ ਨੇ ਸੁਰ ਬਦਲੀ - ਇਕ ਖਬਰ
' ਬੜ੍ਹਕਾਂ ਮਾਰਦੈਂ! ਸਾਨ੍ਹ ਹੁੰਨੇ ਆਂ। ਹੁਣ ਮੋਕ ਮਾਰਦੈਂ! ਗਊ ਦਾ ਜਾਇਆ ਹੁੰਨਾ।
' ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ - ਭਗਵੰਤ ਮਾਨ
' ਲੋਟਣ ਪੱਚੀਆਂ ਦੇ ਚਹੁੰ 'ਚ ਵੇਚ ਗਿਆ ਵੈਲੀ।
' ਨੋਟਬੰਦੀ ਯੋਜਨਾ ਬਸ 'ਡਕੈਤੀ' ਸੀ - ਨਵਜੋਤ ਸਿੱਧੂ
' ਹਾਏ ਓ ਦਿੱਲੀ ਲੁੱਟੀ, ਦੁਪਹਿਰੇ ਦੀਵਾ ਬਾਲ ਕੇ।
' ਵਿਰੋਧ ਦੀ ਭਿਣਕ ਪੈਂਦਿਆਂ ਹੀ ਹਰਸਿਮਰਤ ਨੇ ਰੂਟ ਬਦਲਿਆ - ਇਕ ਖਬਰ
' ਕੀਤੀਆਂ ਦੁੱਲੇ ਦੀਆਂ ਪੇਸ਼ ਲੱਧੀ ਦੇ ਆਈਆਂ।
' ਚੋਣਵੇਂ ਸਨਅਤਕਾਰਾਂ ਲਈ ਮੋਦੀ ਅਤੇ ਰਮਨ ਕੰਮ ਕਰਦੇ ਹਨ - ਰਾਹੁਲ ਗਾਂਧੀ
' ਮੇਰੇ ਵੀਰ ਨੇ ਲਾਮ ਨੂੰ ਜਾਣਾ ਮਿੱਠੀਆਂ ਪਕਾਵਾਂ ਰੋਟੀਆਂ।
' ਸਰਕਾਰ ਨੇ ਰੋਜ਼ਗਾਰ ਦਫਤਰ ਅੱਠ ਤੋਂ ਅੱਠ ਖੋਲ੍ਹਣ ਦਾ ਫੈਸਲਾ ਵਾਪਸ ਲਿਆ - ਇਕ ਖਬਰ
' ਜਦ ਨੌਕਰੀਆਂ ਹੀ ਨਹੀ ਤਾਂ ਐਵੇਂ ਬਿਜਲੀ ਫੂਕਣੀ ਐ।
' ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ:ਅਕਾਲੀ ਦਲ ਵੱਲੋਂ ਲਿਫਾਫਾ ਕਲਚਰ ਬਦਲਣ ਦੀ ਤਿਆਰੀ - ਇਕ ਖਬਰ
' ਚੱਲੇਗਾ ਲਿਫਾਫਾ ਹੀ ਪਰ ਜ਼ਰਾ ਘੁੰਮ ਕੇ ਆਊ।
ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
04 Nov. 2018
' ਸੁਖਪਾਲ ਖਹਿਰਾ ਅਤੇ ਕੰਵਰ ਸੰਧੂ 'ਆਪ' 'ਚੋਂ ਮੁਅੱਤਲ - ਇਕ ਖ਼ਬਰ
# ਛੱਡ ਦਿਉ ਲੜ ਪਰਦੇਸੀ ਦਾ, ਘਰ ਆਪਣੇ ਮੁੜ ਆਉ।
' ਮੋਦੀ ਦੀਆਂ ਵਿਦੇਸ਼ ਯਾਤਰਾਵਾਂ ਨਾਲ਼ ਕਾਲਾ ਧਨ ਵਾਪਸ ਨਹੀਂ ਆਇਆ - ਕਾਂਗਰਸੀ ਆਗੂ ਆਜ਼ਾਦ
# ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ, ਗਏ ਵਕਤ ਨੂੰ ਕਿਸੇ ਨਾ ਮੋੜਿਆ ਏ।
' ਸੇਖਵਾਂ ਦਾ ਅਕਾਲੀ ਦਲ ਦੇ ਅਹੁੱਦਿਆਂ ਤੋਂ ਅਸਤੀਫਾ ਤੇ ਅਕਾਲੀ ਦਲ ਨੇ ਕੀਤੀ ਉਸ ਦੀ ਛੁੱਟੀ - ਇਕ ਖ਼ਬਰ
' ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।
' ਸ਼੍ਰੋਮਣੀ ਅਕਾਲੀ ਦਲ ਦੀ ਪੁੱਠੀ ਗਿਣਤੀ ਸ਼ੁਰੂ - ਭਗਵੰਤ ਮਾਨ
# ਛੱਜ ਤਾਂ ਬੋਲੇ, ਛੇਕਾਂ ਵਾਲੀ ਛਾਨਣੀ ਵੀ ਬੋਲੀ ਜਾਂਦੀ ਐ।
' ਇਤਿਹਾਸ ਨਾਲ ਛੇੜ-ਛਾੜ ਖਿਲਾਫ ਅਕਾਲੀ ਦਲ ਦਾ ਧਰਨਾ - ਇਕ ਖ਼ਬਰ
# ਸ਼੍ਰੋਮਣੀ ਕਮੇਟੀ ਵਲੋਂ ਛਾਪੀ ਹਿੰਦੀ ਦੀ ਕਿਤਾਬ 'ਚ ਇਤਿਹਾਸ ਨਾਲ ਕੀਤੀ ਛੇੜ-ਛਾੜ ਵੇਲੇ ਇਹ 'ਸੂਰਮੇ' ਕਿੱਥੇ ਸਨ?
' ਬ੍ਰਹਮਪੁਰਾ ਦੀ ਆਪਣੇ ਹਮਾਇਤੀਆਂ ਨਾਲ ਮੀਟਿੰਗ 4 ਨਵੰਬਰ ਨੂੰ ਹੋਵੇਗੀ - ਇਕ ਖ਼ਬਰ
# ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।
' ਅਕਾਲੀਆਂ ਵੱਲੋਂ ਸੋਨੀਆ ਗਾਂਧੀ ਦੀ ਸਰਕਾਰੀ ਰਿਹਾਇਸ਼ ਵਲ ਮਾਰਚ - ਇਕ ਖ਼ਬਰ
# ਇਹ ਮਾਰਚ ਮੋਦੀ ਦੀ ਰਿਹਾਇਸ਼ ਵਲ ਨੂੰ ਕਿਉਂ ਨਹੀਂ ਬਈ?
' ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਣ ਲੱਗੇ ਮੋਦੀ - ਇਕ ਖ਼ਬਰ
# ਮੁੰਡਾ ਭੰਨਦਾ ਕਿਰਕ ਨਹੀਂ ਕਰਦਾ, ਮੇਰੀਆਂ ਬਰੀਕ ਚੂੜੀਆਂ।
' ਰਾਮ ਮੰਦਰ ਭਾਜਪਾ ਲਈ ਚੋਣ ਮੁੱਦਾ ਨਹੀਂ - ਜਾਵੜੇਕਰ
# ਜਾਵੜੇਕਰ ਸਾਹਿਬ ਸੁਧਾ ਲੂਣ ਨਾ ਗੁੰਨ੍ਹਿਆਂ ਕਰੋ।
' ਬਾਗੀ ਅਕਾਲੀ ਨੇਤਾਵਾਂ ਦੇ ਹੱਕ 'ਚ ਨਿੱਤਰੀ ਸਿੱਖ ਸਟੂਡੈਂਟ ਫੇਡਰੇਸ਼ਨ - ਇਕ ਖ਼ਬਰ
# ਚੱਲ ਚੱਲੀਏ ਵਿਸਾਖੀ ਵਾਲੇ ਮੇਲੇ, ਮੁੰਡਾ ਤੇਰਾ ਮੈਂ ਚੁੱਕ ਲਊਂ।
' ਆਰਥਿਕ ਸੰਕਟ 'ਚ ਫਸੇ ਪਾਕਿਸਤਾਨ ਨੂੰ ਚੀਨ ਨੇ ਦਿੱਤਾ ਮਦਦ ਦਾ ਭਰੋਸਾ - ਇਕ ਖ਼ਬਰ
# ਜਿੱਥੋਂ ਮਰਜ਼ੀ ਵੰਙਾਂ ਚੜਵ੍ਾ ਲਈਂ, ਮਿੱਤਰਾਂ ਦਾ ਨਾਂ ਚੱਲਦੈ।
' ਕੁਝ ਵਿਰੋਧੀ ਝੂਠ ਦੀਆਂ ਮਸ਼ੀਨਾਂ, ਏ. ਕੇ. 47 ਵਾਂਗੂੰ ਫਾਇਰ ਕਰਦੇ ਹਨ - ਮੋਦੀ
' ਵਾਹਵਾ ਤੇਰੀ ਚਤੁਰਾਈ, ਤਬੇਲੇ ਦੀ ਬਲ਼ਾਅ ਵਛੇਰੇ ਗਲ਼ ਪਾਈ।
' ਸੱਚ ਬੋਲਣ ਤੋਂ ਪਿਛਾਂਹ ਨਹੀਂ ਹਟਾਂਗਾ - ਬ੍ਰਹਮਪੁਰਾ
# ਵੰਝਲੀ ਰਾਂਝੇ ਦੀ ਹੀਰ ਹੀਰ ਪਈ ਕੂਕੇ।
' ਕੋਰ ਕਮੇਟੀ ਨੇ ਸੁਖਬੀਰ ਦੀ ਪ੍ਰਧਾਨਗੀ 'ਤੇ ਮੋਹਰ ਲਗਾਈ - ਇਕ ਖ਼ਬਰ
# ਕੋਰ ਕਮੇਟੀ ਸਿਆਣੀ ਐ, ਕੋਈ ਕੀਰਤਨ ਸੋਹਿਲਾ ਪੜ੍ਹਨੇ ਵਾਲਾ ਵੀ ਚਾਹੀਦੈ।
' ਅਕਾਲੀ ਦਲ ਸਿੱਖ ਕਤਲੇਆਮ ਖਿਲਾਫ ਦਿੱਲੀ 'ਚ ਧਰਨਾ ਦੇਵੇਗਾ - ਇਕ ਖ਼ਬਰ
# ਯਾਨੀ ਕਿ ਬੇਹੀ ਕੜ੍ਹੀ 'ਚ ਉਬਾਲ ਆਵੇਗਾ।
' ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦਾ ਪਹਿਲੇ ਦਿਨ ਹੀ ਵਿਰੋਧ - ਇਕ ਖਬਰ
' ਬੱਗੀ ਤਿੱਤਰੀ ਕਮਾਦੋਂ ਨਿਕਲੀ, ਉਡਦੀ ਨੂੰ ਬਾਜ਼ ਪੈ ਗਿਆ।
ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
29 Oct. 2018
' ਨਿੱਕੀ ਹੇਲੀ ਨੇ ਟਰੰਪ ਦਾ ਮਜ਼ਾਕ ਉਡਾਇਆ - ਇਕ ਖ਼ਬਰ
- ਲੱਤ ਮਾਰੂੰਗੀ ਪੰਜੇਬਾਂ ਵਾਲੀ, ਪਿਛਾਂਹ ਹੋ ਜਾ ਚੱਟੂ ਵੱਟਿਆ।
' ਪੰਥਕ ਅਸੰਬਲੀ ਵੱਲੋਂ ਬਰਗਾੜੀ ਮੋਰਚੇ ਦੀ ਹਮਾਇਤ - ਇਕ ਖ਼ਬਰ
- ਮੈਂ ਕਿਉਂਕਰ ਜਾਵਾਂ ਕਾਅਬੇ ਨੂੰ, ਦਿਲ ਲੋਚੇ ਤਖਤ ਹਜ਼ਾਰੇ ਨੂੰ।
' ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ਦੀ ਬਰਖਾਸਤਗੀ ਮੰਗੀ - ਇਕ ਖ਼ਬਰ
- ਜਿਉਣਾ ਮੌੜ ਵੱਢਿਆ ਨਾ ਜਾਵੇ, ਛਵੀਆਂ ਦੇ ਘੁੰਡ ਮੁੜ ਗਏ।
' ਸ੍ਰੀ ਅਕਾਲ ਤਖਤ ਦੀ ਭਰੋਸੇਯੋਗਤਾ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਾਂਗੇ- ਗਿਆਨੀ ਹਰਪ੍ਰੀਤ ਸਿੰਘ
- ਸਭੇ ਕੰਨ ਪੜਵਾ ਕੇ ਬੈਠ ਜਾਂਦੇ, ਮੁਸ਼ਕਿਲ ਜੋਗ ਦਾ ਤੋੜ ਚੜਾਣ ਬੇਟਾ।
' ਬ੍ਰਹਮਪੁਰਾ ਨੇ ਸਭ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ - ਇਕ ਖ਼ਬਰ
- ਬਾਰਾਂ ਬਰਸ ਚਰਵਾ ਕੇ ਮੱਝੀਆਂ ਨੂੰ, ਆਖਰ ਵਕਤ ਹੈ ਕੋਰਾ ਜਵਾਬ ਹੋਇਆ।
' ਬਾਦਲ ਪਰਿਵਾਰ ਨੇ ਜਨਤਕ ਸਮਾਰੋਹਾਂ ਤੋਂ ਪਾਸਾ ਵੱਟਿਆ- ਇਕ ਖ਼ਬਰ
- ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।
' ਬਾਗ਼ੀ ਧੜੇ ਦੀਆਂ ਸਖਤ ਸ਼ਰਤਾਂ ਕਾਰਨ 'ਆਪ' ਦੀ ਮੀਟਿੰਗ ਰਹੀ ਬੇਸਿੱਟਾ- ਇਕ ਖ਼ਬਰ
- ਵੀਰਾ ਕੁਝ ਪੁੰਨ ਕਰ ਦੇ, ਘਟਾ ਆਣ ਕੇ ਬਨੇਰੇ ਕੋਲੋਂ ਮੁੜਗੀ।
' ਬ੍ਹਹਮਪੁਰਾ ਦਾ ਅਸਤੀਫ਼ਾ ਪਾਰਟੀ ਲਈ ਨੁਕਸਾਨਦੇਹ - ਸੇਖਵਾਂ
- ਤੇ ਤੁਸੀਂ ਅਜੇ ਵੀ ਕੰਧ 'ਤੇ ਬੈਠੇ ਬਾਦਲਾਂ ਦਾ ਸੱਦਾ-ਪੱਤਰ ਉਡੀਕਦੇ ਹੋ?
' ਨਵੇਂ ਚਿਹਰਿਆਂ ਨੂੰ ਮੌਕਾ ਦੇਣ ਲਈ ਟਕਸਾਲੀ ਆਗੂਆਂ ਨੇ ਅਹੁਦੇ ਛੱਡੇ - ਸੁਖਬੀਰ ਬਾਦਲ
- ਦਾਖੇ ਹੱਥ ਨਾ ਅੱਪੜੇ, ਆਖੇ ਥੂਹ ਕੌੜੀ।
' ਬਾਦਲਾਂ ਨੇ ਹਮੇਸ਼ਾਂ ਹਾਦਸਿਆਂ 'ਤੇ ਸਿਆਸਤ ਕੀਤੀ - ਰਵੀਇੰਦਰ ਸਿੰਘ
- ਨਾਹੁੰਦੀ ਫਿਰੇ ਤੀਰਥਾਂ 'ਤੇ, ਤੇਰੇ ਅੰਦਰੋਂ ਮੈਲ਼ ਨਾ ਜਾਵੇ।
' ਪੰਜਾਬ ' ਚ ਨਵੀਂ ਸਿਆਸੀ ਧਿਰ ਉਭਰਨ ਦੇ ਆਸਾਰ - ਇਕ ਖ਼ਬਰ
- ਸੁੱਚਿਆਂ ਰੁਮਾਲਾਂ ਨੂੰ ਲਾ ਦੇ ਧੰਨ ਕੁਰੇ ਗੋਟਾ।
' ਲਾਭ ਦੇ ਅਹੁਦੇ ਦੇ ਦੋਸ਼ 'ਚੋਂ 'ਆਪ' ਦੇ 27 ਵਿਧਾਇਕ ਬਰੀ- ਇਕ ਖ਼ਬਰ
- ਲੱਡੂ ਵੰਡਦੀ ਗਲ਼ੀ ਦੇ ਵਿਚ ਆਵਾਂ, ਪਹਿਲੀ ਪੇਸ਼ੀ ਯਾਰ ਛੁੱਟਿਆ।
' ਪਾਰਟੀ ਦੇ ਕਹਿਣ 'ਤੇ ਪ੍ਰਧਾਨਗੀ ਦਾ ਅਹੁਦਾ ਛੱਡਣ ਲਈ ਤਿਆਰ ਹਾਂ - ਸੁਖਬੀਰ ਬਾਦਲ
- ਕਿਹੜੀ ਪਾਰਟੀ ਬਈ ?
ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
20 Oct. 2018
' ਢੀਂਡਸਾ ਨੂੰ ਅਕਾਲੀ ਦਲ 'ਚ ਵਾਪਿਸ ਲਿਆਉਣ ਦੇ ਯਤਨ ਅਸਫ਼ਲ - ਇਕ ਖ਼ਬਰ
' ਹਾਜੀ ਲੋਕ ਮੱਕੇ ਵਲ ਜਾਂਦੇ, ਅਸਾਂ ਜਾਣਾ ਤਖ਼ਤ ਹਜ਼ਾਰੇ।
' ਕੈਪਟਨ ਸਰਕਾਰ ਵੀ ਨਿੱਜੀ ਬਿਜਲੀ ਕੰਪਨੀਆਂ ਨਾਲ਼ ਰਲ਼ੀ - ਹਰਪਾਲ ਚੀਮਾ
' ਬੂਰੀ ਮੱਝ ਨੂੰ ਥਾਪੀਆਂ ਦੇਵੇ, ਪਤਲੋ ਦੇ ਹੱਥ ਗੜਵਾ।
' ਬ੍ਰੈਗਜ਼ਿੱਟ ਮਾਮਲੇ 'ਤੇ ਪ੍ਰੀਤੀ ਪਟੇਲ ਵੀ ਟਰੀਜ਼ਾ ਮੇਅ ਦੇ ਵਿਰੋਧੀਆਂ ਨਾਲ ਜੁੜੀ - ਇਕ ਖ਼ਬਰ
' ਲਾ ਕੇ ਦੋਸਤੀਆਂ, ਪਾ ਗਈ ਚੁੱਲ੍ਹੇ ਵਿਚ ਪਾਣੀ।
' ਬਾਦਲਾਂ ਨੇ 'ਆਪਣਿਆਂ' ਨਾਲ਼ ਗੁਪਤ ਮੀਟਿੰਗ ਕੀਤੀ - ਇਕ ਖ਼ਬਰ
' ਜਿਗਰੀ ਯਾਰ ਬਿਨਾਂ, ਕੌਣ ਦਿਲਾਂ ਦਾ ਜਾਨੀ।
' ਮੋਦੀ ਨੇ ਤੇਲ ਉਤਪਾਦਕਾਂ ਤੋਂ ਰਾਹਤ ਮੰਗੀ - ਇਕ ਖ਼ਬਰ
' ਮਈਆ ਜੀ ਤੇਰੇ ਦਰ 'ਤੇ ਮੈਂ, ਬਣ ਕੇ ਸਵਾਲੀ ਆਇਆ।
' ਰਾਫ਼ਾਲ ਸੌਦੇ 'ਤੇ ਸ਼ੱਤਰੂਘਨ ਸਿਨਹਾ ਨੇ ਆਪਣੀ ਸਰਕਾਰ ਘੇਰੀ- ਇਕ ਖ਼ਬਰ
' ਤੇਰੀ ਤੋੜ ਕੇ ਛੱਡਾਂਗੇ ਗਾਨੀ, ਨੀਂ ਸੋਨੇ ਦੇ ਤਵੀਤ ਵਾਲੀਏ।
' ਗੁਜਰਾਤ ਵਿਚ ਔਰਤ ਨੇ ਗ਼ਰੀਬੀ ਦੁਖੋਂ ਪੰਜ ਬੱਚਿਆਂ ਸਮੇਤ ਖੂਹ ਵਿਚ ਛਾਲ਼ ਮਾਰੀ।
' ਅੱਛੇ ਦਿਨਾਂ ਦੀ ਸ਼ੁਰੂਆਤ 'ਆਪਣੇ' ਘਰੋਂ ਹੀ।
' ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਕਾਰਨ ਐਮ.ਏ. ਦੀ ਵਿਦਿਆਰਥਣ ਮੁਅੱਤਲ - ਇਕ ਖ਼ਬਰ
' ਇਸ਼ਕ ਦੇ ਸਾਦਿਕਾਂ ਤਾਲਬਾਂ ਨੂੰ, ਜਾਹਿਲ ਆਖਦੇ ਮਰਜ਼ ਜਨੂੰਨ ਦੀ ਏ।
' ਭਾਰਤ ਦੀ ਮੰਡੀ 'ਤੇ ਕਬਜ਼ਾ ਕਰ ਰਿਹੈ ਅਮਰੀਕਾ - ਮੰਗਤ ਰਾਮ ਪਾਸਲਾ
' ਸਾਉਣ ਮਹੀਨੇ ਲੁੱਟਦੇ ਬਾਣੀਏਂ, ਨਵੀਆਂ ਹੱਟੀਆਂ ਪਾ ਕੇ।
' ਬਰਗਾੜੀ ਮੋਰਚੇ ਵਲ ਵਧਣ ਲੱਗੇ ਬਾਗ਼ੀ ਅਕਾਲੀ ਆਗੂ - ਇਕ ਖ਼ਬਰ
' ਅਸਾਂ ਯਾਰ ਨੂੰ ਮਿਲਣ ਚੰਨਾ ਜਾਣਾ, ਓਹਲੇ ਹੋ ਜਾ ਬੱਦਲਾਂ ਦੇ।
' ਕੈਪਟਨ ਸਰਕਾਰ ਖ਼ਿਲਾਫ਼ ਗਵਰਨਰ ਨੂੰ ਮਿਲਿਆ ਅਕਾਲੀ-ਭਾਜਪਾ ਵਫਦ - ਇਕ ਖ਼ਬਰ
' ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਵੇਦਨ ਭਾਰੀ ਜੀ।
' ਮਾਝੇ ਦੇ ਨਿਰਾਸ਼ ਅਕਾਲੀ ਆਗੂਆਂ ਦੇ ਕਾਫ਼ਲੇ ' ਚ ਵਾਧਾ - ਇਕ ਖ਼ਬਰ
' ਛੱਡ ਮਿੱਤਰਾ ਫੁਲਕਾਰੀ, ਹਾਕਾਂ ਘਰ ਵੱਜੀਆਂ।
' ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅਸਤੀਫ਼ਾ - ਇਕ ਖ਼ਬਰ
' ਚਿੱਠੀ ਆ ਗਈ ਜ਼ੋਰਾਵਰ ਦੀ, ਛੁੱਟਿਆ ਤ੍ਰਿੰਞਣਾ ਦਾ ਕੱਤਣਾ।
' ਹੁਣ ਪੰਜਾਬੀਆਂ ਨੂੰ ਚੰਡੀਗੜ੍ਹ 'ਚੋਂ ਰੁਜ਼ਗਾਰ ਦੇ ਮੌਕਿਆਂ ਤੋਂ ਲਾਂਭੇ ਕਰਨ ਦੀ ਤਿਆਰੀ-ਇਕ ਖ਼ਬਰ
' ਮੁਗ਼ਲਾਂ ਨੇ ਤੇਰਾ ਸਭ ਕੁਝ ਲੁੱਟਿਆ, ਓਏ ਵੱਡਿਆ ਬਹਾਦਰਾ।
' ਬਰਗਾੜੀ ਮੋਰਚਾ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ - ਬੀਰਦਵਿੰਦਰ ਸਿੰਘ
' ਵਾਰਸ ਸ਼ਾਹ ਮੀਆਂ ਇਹਨਾਂ ਆਸ਼ਕਾਂ ਨੂੰ, ਫਿਕਰ ਜ਼ਰਾ ਨਾ ਜਿੰਦ ਗਵਾਵਣੇ ਦਾ।
ਚੁੰਝਾਂ- ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
15 Oct. 2018
' ਮੇਰਾ ਪਰਿਵਾਰ ਲੋਕ ਸਭਾ ਚੋਣਾਂ ਨਹੀਂ ਲੜੇਗਾ- ਢੀਂਡਸਾ
' ਟੁੱਟ ਪੈਣੇ ਦਰਜੀ ਨੇ ਮੇਰੀ ਰੱਖ ਲਈ ਸੁੱਥਣ 'ਚੋਂ ਟਾਕੀ।
' ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਛੇਤੀ- ਤ੍ਰਿਪਤ ਰਾਜਿੰਦਰ ਸਿੰਘ
' ਝੂਠੇ ਵਾਅਦਿਆਂ 'ਤੇ ਕਾਹਦਾ ਯਕੀਨ ਕਰੀਏ, ਬੁੱਲ੍ਹ ਊਠ ਦਾ ਕਦੇ ਵੀ ਡਿਗਣਾ ਨਹੀਂ।
' ਭਾਜਪਾ ਸਾਹਮਣੇ ਸਥਾਪਤੀ ਵਿਰੋਧੀ ਲਹਿਰ ਦੀ ਵੱਡੀ ਚੁਣੌਤੀ- ਭਰਤ ਮਿੱਤਰ ਪ੍ਰਾਚੀ
' ਜੱਟ ਆਉਂਦੈ ਪਰੈਣੀ ਕੱਸੀ, ਨੀਂ ਹੁਣ ਮੈਂ ਕੀ ਕਰਾਂ।
' ਅਮਰੀਕਾ ਉਨ੍ਹਾਂ ਦੇਸ਼ਾਂ ਨਾਲ ਸਿੱਝ ਲਵੇਗਾ ਜਿਹੜੇ ਈਰਾਨ ਤੋਂ ਤੇਲ ਲੈਣਾ ਜਾਰੀ ਰੱਖਣਗੇ - ਟਰੰਪ
' ਛੜੇ ਜੇਠ ਦਾ ਬੋਕ ਟੁੱਟ ਪੈਣਾ, ਬੱਕਰੀ ਨੂੰ ਰਹੇ ਘੂਰਦਾ।
' ਨਿੱਕੀ ਹੇਲੀ ਦੇ ਅਸਤੀਫ਼ੇ ਬਾਅਦ ਟਰੰਪ ਨੇ ਉਹਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹੇ- ਇਕ ਖ਼ਬਰ
' ਵਧ ਗਈ ਵੇਲ ਦੀ ਤਰ੍ਹਾਂ, ਤੇਰੇ ਘੱਗਰਾ ਮੇਚ ਨਾ ਆਵੇ।
' ਐਫ.ਏ.ਟੀ. ਐਫ ਨੇ ਅਜੇ ਵੀ ਪਾਕਿਸਤਾਨ ਦਾ ਨਾਮ 'ਗਰੇਅ' ਲਿਸਟ ਵਿਚ ਰੱਖਿਆ ਹੋਇਐ - ਇਕ ਖ਼ਬਰ
' ਬੰਕਾਂ ਨਾ ਜੁੜੀਆਂ, ਰੰਨ ਅੱਡੀਆਂ ਕੂਚਦੀ ਮਰ ਗਈ।
' ਘੁਟਾਲੇ ਦੇ ਮਾਮਲੇ 'ਚ ਦਿੱਲੀ ਕਮੇਟੀ ਅਤੇ ਵਿਰੋਧੀ ਧਿਰ ਆਹਮੋ ਸਾਹਮਣੇ- ਇਕ ਖ਼ਬਰ
' ਕੂੰਡੇ ਭੱਜ ਗਏ ਘੋਟਣੇ ਟੁੱਟ ਗਏ, ਤਕੀਏ ਮਲੰਗ ਲੜ ਪਏ।
' ਭਾਜਪਾ ਲਈ ਪ੍ਰਚਾਰ ਕਰਨ ਦੇ ਮਾਮਲੇ 'ਤੇ ਦੁਚਿੱਤੀ ਵਿਚ ਹਨ ਰਾਮ ਦੇਵ - ਇਕ ਖ਼ਬਰ
' ਤੇਰੀਆਂ ਦੇਖ ਅਦਾਵਾਂ ਨੀਂ, ਧੋਖਾ ਖਾ ਬੈਠੇ, ਖਾ ਬੈਠੇ।
' ਲੀਡਰਸ਼ਿੱਪ ਦੀ ਭਰੋਸੇਯੋਗਤਾ ਦੇ ਸੰਕਟ 'ਚੋਂ ਗੁਜ਼ਰ ਰਿਹਾ ਹੈ ਪੰਜਾਬ - ਇਕ ਖ਼ਬਰ
' ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
' ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਸੂਬੇ ਦਾ ਹਰੇਕ ਵਰਗ ਦੁਖੀ - ਭੁੱਲੇਵਾਲ ਰਾਠਾਂ
' ਖੁਰਲੀ 'ਤੇ ਬੈਠਾ ਧਰਮੀ ਬਾਬਲ, ਰੋਵੇ ਚੌਂਕੇ ਵਿਚ ਰਾਣੀ ਮਾਂ।
' ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ੇ ਦੀ ਅਫ਼ਵਾਹ ਦਾ ਬਾਜ਼ਾਰ ਗਰਮ - ਇਕ ਖ਼ਬਰ
' ਵੇ ਸੰਭਾਲ ਪੁੰਨਣਾ, ਸੱਸੀ ਦੇ ਦਮ ਚੱਲੇ।
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
01 Oct. 2018
ਗਿਆਨੀ ਗੁਰਮੁਖ ਸਿੰਘ ਨੇ 10 ਸੇਵਾਦਾਰਾਂ ਦੀ ਫੌਜ ਰੱਖ ਕੇ ਗੋਲਕ 'ਤੇ ਹੋਰ ਬੋਝ ਪਾਇਆ- ਇਕ ਖ਼ਬਰ
ਭਰ ਲੈ ਝੋਲ਼ੀਆਂ ਮਿੱਤਰਾ ਕਿ ਲੱਡੂਆਂ ਦਾ ਮੀਂਹ ਵਰ੍ਹਦਾ।
ਅਕਾਲੀ ਲੀਡਰਸ਼ਿੱਪ ਲਗਾਤਾਰ ਹੋ ਰਹੀਆਂ ਹਾਰਾਂ ਦੀ ਪੜਤਾਲ ਕਰੇ- ਪੰਜੋਲੀ
ਮਨ ਕੀ ਆਂਖੇਂ ਖੋਲ੍ਹ ਰੇ ਬਾਬਾ, ਮਨ ਕੀ ਆਂਖੇਂ ਖੋਲ੍ਹ।
ਸ਼੍ਰੋਮਣੀ ਅਕਾਲੀ ਦਲ ਵਲੋਂ ਸਰਕਾਰ ਖ਼ਿਲਾਫ਼ ਸਿਆਸੀ ਜੰਗ ਦਾ ਐਲਾਨ- ਇਕ ਖ਼ਬਰ
ਕਿਤੇ ਭਰਮ ਭੁਲੇਖੇ ਨਾ ਪੈ ਜਾਇਓ, ਮੈਚ ਫਰੈਂਡਲੀ ਅਸਾਂ ਖੇਡਣਾ ਏ।
ਸੁਪਰੀਮ ਕੋਰਟ ਭਾਰਤੀ ਰਾਜਨੀਤੀ ਵਿਚ ਅਪਰਾਧੀਆਂ ਦੀ ਮੌਜੂਦਗੀ ਤੋਂ ਦੁਖੀ-ਇਕ ਖ਼ਬਰ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।
ਅਕਾਲੀ ਦਲ ਅੰਦਰ ਬੈਠੇ ਆਗੂ ਵੀ ਬਾਦਲ ਪਰਵਾਰ ਤੋਂ ਪ੍ਰੇਸ਼ਾਨ- ਟਿਵਾਣਾ, ਗਰੇਵਾਲ
ਉੱਜੜੀਆਂ ਭਰਜਾਈਆਂ ਵਲੀ ਜਿਹਨਾਂ ਦੇ ਜੇਠ।
ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋਏ- ਸੁਖਪਾਲ ਖਹਿਰਾ
ਮਿੱਤਰਾਂ ਨੂੰ ਮਾਰ ਗਿਆ, ਤੇਰਾ ਮੁੜ ਕੇ ਆਉਣ ਦਾ ਲਾਰਾ।
ਮੌਸਮ ਦੀ ਕਰੋਪੀ ਨਾਲ਼ ਪੰਜਾਬ 'ਚ ਕਈ ਜਿਲ੍ਹਿਆਂ 'ਚ ਸੜਕਾਂ ਦੀ ਹੋਈ ਬੁਰੀ ਹਾਲਤ-ਇਕ ਖ਼ਬਰ
ਸੜਕਾਂ ਵਿਚਾਰੀਆਂ ਤਾਂ ਪਹਿਲਾ ਹੀ ਭਾਰ ਚੁੱਕਣ ਜੋਗੀਆਂ ਨਹੀਂ ਤੇ ਉੱਪਰੋਂ ਬਾਰਸ਼ਾਂ ਦਾ ਕਹਿਰ।
ਕੈਪਟਨ ਦੀ ਰੈਲੀ ਤੋਂ ਪਹਿਲਾਂ ਕਾਂਗਰਸੀਆਂ ਵਲੋਂ ਸੋਸ਼ਲ ਮੀਡੀਆ ਰਾਹੀਂ ਨਾਰਾਜ਼ਗੀ ਦਾ ਪ੍ਰਗਟਾਵਾ-ਇਕ ਖ਼ਬਰ
ਘੁੰਡ ਵਿਚ ਕੇਰੇ ਅੱਥਰੂ, ਨਾਂ ਯਾਰ ਦਾ ਲੈਣ ਤੋਂ ਡਰਦੀ।
ਪਹਿਲਾਂ ਪੰਥ ਨੇ ਫਿਰ ਅਕਾਲੀ ਦਲ ਨੇ ਤੇ ਹੁਣ ਸ਼੍ਰੋਮਣੀ ਕਮੇਟੀ ਨੇ ਵੀ ਵਿਸਾਰਿਆ ਜਥੇਦਾਰ- ਇਕ ਖ਼ਬਰ
ਨੀਂ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।
ਅਕਾਲੀ ਦਲ ਦੀ ਰੈਲੀ ਸ਼ਾਹੀ ਮਹਿਲ ਦੀਆਂ ਨੀਹਾਂ ਹਿਲਾ ਦੇਵੇਗੀ- ਇਕ ਖ਼ਬਰ
ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।
ਟਕਸਾਲੀ ਕਾਂਗਰਸੀ ਕਪਤਾਨੀ ਬੇਰੁਖ਼ੀ ਤੋਂ ਔਖੇ- ਇਕ ਖ਼ਬਰ
ਵਿਹੜੇ ਵੜਦਾ ਖੜਕ ਨਹੀਂਉਂ ਕਰਦਾ, ਬਾਬੇ ਗਲ਼ ਟੱਲ ਪਾ ਦਿਉ।
ਕਸ਼ਮੀਰ ਮੁੱਦੇ ਤੋਂ ਬਿਨਾਂ ਭਾਰਤ-ਪਾਕਿ ਗੱਲਬਾਤ ਸੰਭਵ ਨਹੀਂ- ਫ਼ਵਾਦ
ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ।
ਸ਼੍ਰੋਮਣੀ ਕਮੇਟੀ ਨੇ ਭਾਈ ਲਾਲੋ ਜੀ ਨੂੰ ਉਹਨਾਂ ਦੇ ਜਨਮ ਦਿਹਾੜੇ 'ਤੇ ਵਿਸਾਰਿਆ- ਇਕ ਖ਼ਬਰ
ਮਲਕ ਭਾਗੋ ਕਿਉਂ ਮਨਾਉਣਗੇ ਬਈ ਭਾਈ ਲਾਲੋ ਜੀ ਦਾ ਜਨਮ ਦਿਨ!
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
24 Sep. 2018
ਲੋਕ ਕਚਹਿਰੀ ਤੋਂ ਬਾਅਦ ਬਾਦਲਾਂ ਨੂੰ ਹੁਣ ਕਾਨੂੰਨ ਦੀ ਕਚਹਿਰੀ ਵਿਚ ਵੀ ਹਿਸਾਬ ਦੇਣਾ ਪਵੇਗਾ- ਮਨਪ੍ਰੀਤ ਬਾਦਲ
ਰੱਬ ਚਾੜ੍ਹ ਪਹਾੜ ਤੋਂ ਡੇਗ ਦਿੰਦਾ, ਕਰੀਏ ਗਰਬ ਨਾ ਵੱਡੇ ਇਕਬਾਲ ਦਾ ਜੀ।
ਪੰਜਾਬ ਦੇ ਅਸਲ ਮੁੱਦੇ ਮੌਜੂਦਾ ਸਿਆਸੀ ਮਾਹੌਲ 'ਚੋਂ ਗ਼ਾਇਬ-ਇਕ ਖ਼ਬਰ
ਰਾਮਧਨ ਮੁੜ ਮੁੜ ਰਾਤ ਦੇਖੇ, ਦਿਨ ਚੜ੍ਹਨ ਉੱਪਰ ਨਾ ਆਂਵਦਾ ਈ।
ਮੋਦੀ ਸਰਕਾਰ ਨੂੰ ਮਹਿੰਗੀ ਪਵੇਗੀ ਮਹਿੰਗਾਈ, ਮੋਦੀ ਲਈ ਪ੍ਰਚਾਰ ਨਹੀਂ ਕਰਾਂਗਾ- ਰਾਮਦੇਵ
ਹਾਏ ਓਏ ਦਿੱਲੀ ਲੁੱਟੀ, ਦੁਪਹਿਰੇ ਦੀਵਾ ਬਾਲ਼ ਕੇ।
ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਰਿਲਾਇੰਸ ਕੰਪਨੀ ਦਾ ਨਾਂ ਮੋਦੀ ਸਰਕਾਰ ਨੇ ਹੀ ਸੁਝਾਇਆ ਸੀ-ਇਕ ਖ਼ਬਰ
ਜੰਞ ਘੁਮਿਆਰਾਂ ਦੀ, ਵਿਚ ਗਧਾ ਹਿਣਕਦਾ ਆਵੇ।
ਰੈਲੀਆਂ ਵਾਲ਼ੀ 'ਜੰਗ' ਭਖਾਉਣ 'ਚ ਜੁੱਟੇ ਕਾਂਗਰਸੀ ਤੇ ਅਕਾਲੀ- ਇਕ ਖ਼ਬਰ
ਰੈਲੀਆਂ, ਰੈਲੀਆਂ, ਰੈਲੀਆਂ, ਲੋਕਾਂ ਦੀਆਂ ਆਸਾਂ ਮਿੱਟੀ ਵਿਚ ਰੋਲੀਆਂ।
ਕਰਤਾਰ ਪੁਰ ਲਾਂਘੇ ਦੀ ਸਿੱਧੂ ਵਲੋਂ ਗੱਲਬਾਤ ਪਹਿਲ ਬਾਦਲਾਂ ਨੂੰ ਹਜ਼ਮ ਨਹੀਂ ਹੋ ਰਹੀ-ਇਕ ਖ਼ਬਰ
ਵਾਰਸ ਆਸ਼ਕਾਂ ਨੂੰ ਕੌਣ ਕੈਦ ਕਰਦਾ, ਜਿਹਨਾਂ ਬਖ਼ਸ਼ੀਆਂ ਰੱਬ ਆਜ਼ਾਦੀਆਂ ਵੇ।
ਸ਼੍ਰੋਮਣੀ ਕਮੇਟੀ ਦੇ ਸਮਾਗਮ ਵਿਚ ਹਾਸ਼ੀਏ 'ਤੇ ਰਹੇ ਗਿਆਨੀ ਗੁਰਬਚਨ ਸਿੰਘ- ਇਕ ਖ਼ਬਰ
ਅਸਾਂ ਹੁਣ ਤੁਰ ਜਾਣਾ, ਦਿਨ ਰਹਿ ਗਏ ਥੋੜ੍ਹੇ।
ਮਨੋਹਰ ਖੱਟਰ ਪਾਕਿਸਤਾਨ 'ਚ ਆਪਣੇ ਪਿੰਡ ਝੰਗ ਦਾ ਦੌਰਾ ਕਰਨਗੇ- ਇਕ ਖ਼ਬਰ
ਦੌਰਾ ਜੰਮ ਜੰਮ ਕਰੀਂ ਪਰ ਬਾਜਵੇ ਦੀ ਜੱਫੀ ਤੋਂ ਬਚ ਕੇ ਰਹੀਂ ਭਰਾਵਾ।
ਨਾ ਕੋਈ ਅਕਾਲੀ ਦਲ ਦਾ ਪ੍ਰਧਾਨ ਬਣਨ ਨੂੰ ਤਿਆਰ ਤੇ ਨਾ ਕੋਈ ਜਥੇਦਾਰ ਲੱਗਣ ਨੂੰ- ਇਕ ਖ਼ਬਰ
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।
ਦੇਸ਼ ਵਿਰੋਧੀ ਤਾਕਤਾਂ ਪੰਜਾਬ 'ਚ ਹਿੰਸਕ ਸਾਜ਼ਿਸ਼ਾਂ ਰਚ ਰਹੀਆਂ ਹਨ- ਮਜੀਠੀਆ
ਬਿਲਕੁਲ ਠੀਕ ਮਜੀਠੀਆ ਸਾਹਿਬ! ਇਹ ਤਾਕਤਾਂ ਰੈਲੀਆਂ ਵੀ ਕਰ ਰਹੀਆਂ ਹਨ।
ਕਰਤਾਰ ਪੁਰ ਦੇ ਲਾਂਘੇ ਬਾਰੇ ਭਾਰਤ ਸਰਕਾਰ ਨਾਲ਼ ਗੱਲ ਕਰਾਂਗੇ-ਲੌਂਗੋਵਾਲ
ਨਹੀਂ ਭਾਈ, ਯਸੂ ਮਸੀਹ ਦੇ ਦਰਬਾਰ 'ਚ ਅਰਦਾਸ ਕਰਾਈਂ ਜਾ ਕੇ।
ਕੈਪਟਨ ਦੀ ਲੰਬੀ ਰੈਲੀ 'ਤੇ ਕੋਈ ਉਜ਼ਰ ਨਹੀਂ- ਬਾਦਲ
ਕਦੇ ਆ ਵੜ ਵੇਹੜੇ ਮੇਰੇ, ਵੇ ਮੈਂ ਤੈਨੂੰ ਯਾਦ ਕਰਦੀ।
ਡਾ. ਗਾਂਧੀ ਵਲੋਂ ਮੁੜ 'ਝਾੜੂ' ਫੜਨ ਦੇ ਆਸਾਰ- ਇਕ ਖ਼ਬਰ
ਧਾਹਾਂ ਮਾਰਦਾ ਬਸੰਤ ਵਿਚਾਰਾ, ਵੀਰਾਂ ਨਾਲ਼ੋਂ ਵੀਰ ਵਿਛੜੇ।
ਇਕ ਸਰਕਾਰੀ ਐਲੀਮੈਂਟਰੀ ਸਕੂਲ 'ਚ 80 ਬੱਚਿਆਂ ਨੂੰ ਇਕ ਅਧਿਆਪਕਾ ਪੜ੍ਹਾ ਰਹੀ ਹੈ-ਇਕ ਖ਼ਬਰ
ਵਿਦਿਆ ਦਾ ਪੱਧਰ 'ਉੱਚਾ' ਚੁੱਕਿਆ ਜਾ ਰਿਹਾ ਹੈ।
ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਕਰੇ ਰਾਹੁਲ ਗਾਂਧੀ- ਹਰਸਿਮਰਤ ਬਾਦਲ
ਰਾਣੀ ਆਖਦੀ ਰਾਜਾ ਜੀ, ਪੂਰਨ ਨੂੰ ਕਰੋ ਹਲਾਲ।