Dr-Avtar-Singh-Sangha

ਵਿਚਾਰਾ ਵਿਲੀਅਮ : ਨਵੇਂ ਨਵੇਂ ਪ੍ਰਵਾਸੀਆਂ ਨੂੰ ਅਕਸਰ ਪੇਸ਼ ਆਉਂਦੀ ਬੋਲੀ ਦੀ ਸਮੱਸਿਆ ਤੇ ਅਧਾਰਿਤ ਲਘੂ ਨਾਟਕ)


(A mini play based on the language problem quite often faced by the new migrants)
ਅਵਤਾਰ ਐਸ. ਸੰਘਾ

ਸਮਾਂ:- ਵਰਤਮਾਨ
ਸਥਾਨ:- ਪੱਛਮੀ ਸਿਡਨੀ ਵਿੱਚ ਹੰਟਿੰਗਵੁੱਡ (Huntingwood) ਵਿਖੇ ਇੱਕ ਵਰਕਪਲੇਸ (Workplace) ਅਤੇ ਪੰਜਾਬ ਦਾ ਇੱਕ ਪਿੰਡ
ਪਾਤਰ
1. ਸੂਤਰਧਾਰ- ਜੋ ਸਟੇਜ ਦੇ ਪਿੱਛਿਓਂ ਹੀ ਬੋਲਦਾ ਏ
2. ਵਿਲੀਅਮ- 35 ਕੁ ਸਾਲ ਦਾ ਇੱਕ ਗੋਰਾ
3. ਰਿੱਕੀ- 30 ਕੁ ਸਾਲ ਦਾ ਇੱਕ ਪੰਜਾਬੀ ਮੁੰਡਾ
4. ਜੱਟ- 65 ਕੁ ਸਾਲ ਦਾ ਇੱਕ ਪੰਜਾਬੀ ਅਨਪੜ੍ਹ ਕਿਸਾਨ
5. ਘੁੰਨਾ- 60 ਕੁ ਸਾਲ ਦਾ ਇੱਕ ਪੰਜਾਬੀ ਪੇਂਡੂ ਅਮਲੀ
6. ਬੁੱਢੀ- 70 ਕੁ ਸਾਲ ਦੀ ਰਿੱਕੀ ਦੀ ਪੇਂਡੂ ਅਨਪੜ੍ਹ ਮਾਂ
7. ਪਾਲਾ- 30 ਕੁ ਸਾਲ ਦਾ ਸਿਡਨੀ ਵਿੱਚ ਰਿੱਕੀ ਦਾ ਦੋਸਤ
8. ਬੱਚਾ (ਦੋਹਰੇ ਕਿਰਦਾਰ ਵਿੱਚ) - (ੳ) ਕੁੱਤੇ ਦਾ ਮੁਖੌਟਾ ਪਹਿਨੇ ਹੋਏ (ਅ) ਰੋਂਦੇ ਹੋਏ ਬੱਚੇ ਦੇ ਰੋਲ ਵਿੱਚ।
ਕੁੱਝ ਹਦਾਇਤਾਂ
1. ਸੂਤਰਧਾਰ ਪ੍ਰਭਾਵਸ਼ਾਲੀ ਆਵਾਜ਼ ਵਾਲ਼ਾ ਹੋਵੇ
2. ਕੋਈ ਗੋਰੇ ਰੰਗ ਵਾਲ਼ਾ ਪੰਜਾਬੀ ਲੜਕਾ ਵਿਲੀਅਮ ਦਾ ਕਿਰਦਾਰ ਕਰੇ ਤਾਂ ਚੰਗੀ ਗੱਲ ਏ। ਉਸਦਾ ਮੇਕਅੱਪ ਗੋਰਿਆਂ ਜਿਹਾ ਹੋਣਾ ਚਾਹੀਦਾ ਏ।
3. ਘੁੰਨੇ ਅਮਲੀ ਦਾ ਪਹਿਰਾਵਾ ਮੈਲ਼ਾ ਕੁਚੈਲ਼ਾ ਹੋਣਾ ਚਾਹੀਦਾ ਏ।
4. ਪਹਿਲੇ ਕਿਰਦਾਰ ਵਿੱਚ ਬੱਚੇ ਨੇ ਕੁੱਤੇ ਦੇ ਰੂਪ ਵਿੱਚ ਅਮਲੀ ਨੂੰ ਸਿਰਫ ਸੁੰਘਣਾ ਹੀ ਏ, ਉਸਨੂੰ ਭੌਂਕਣ ਦੀ ਜਰੂਰਤ ਨਹੀਂ। ਦੂਜੇ ਰੋਲ ਵਿੱਚ ਉਸਨੇ ਮਖੌਟਾ ਲਾਹ ਕੇ ਪੇਸ਼ ਹੋਣਾ ਏ।
5. ਰਿੱਕੀ ਦੀ ਮਾਂ ਸਟੇਜ ਦੇ ਪਿੱਛਿਓਂ ਵੀ ਆਪਣੇ ਡਾਇਲਾਗ ਬੋਲ ਸਕਦੀ ਏ। ਨਿਰਦੇਸ਼ਕ ਚਾਹੇ ਤਾਂ ਉਹ ਉਸਨੂੰ ਸਟੇਜ ਤੇ ਪੀੜ੍ਹੀ ਡਾਹ ਕੇ ਬੈਠੀ ਨੂੰ ਅਟੇਰਨੇ ਨਾਲ਼ ਸੂਤ ਅਟੇਰਦੀ ਹੋਈ ਵੀ ਦਿਖਾ ਸਕਦਾ ਏ।
6. ਪਾਲਾ ਸਟੇਜ ਦੇ ਪਿੱਛਿਓਂ ਹੀ ਬੋਲ ਸਕਦਾ ਏ।

ਸੂਤਰਧਾਰ- ਮੈਂ ਪੱਛਮੀ ਸਿਡਨੀ ਦੇ ਹੰਟਿੰਗਵੁੱਡ (Huntingwood) ਦੇ ਇੱਕ ਵਰਕਪਲੇਸ ਤੋਂ ਬੋਲ ਰਿਹਾ ਹਾਂ। ਮੇਰੇ ਨਾਲ਼ ਇਸ ਸਮੇਂ ਮੇਰਾ ਇੱਕ ਗੋਰਾ ਵਰਕਮੇਟ (workmate) ਵਿਲੀਅਮ ਵੀ ਮੌਜੂਦ ਏ। ਸਾਡੇ ਨਾਲ਼ ਕੰਮ ਕਰਦਾ ਹੋਇਆ ਵਿਲੀਅਮ ਸਾਥੋਂ ਕਈ ਪੰਜਾਬੀ ਸ਼ਬਦ ਸਿੱਖਦਾ ਰਿਹਾ ਹੈ। ਉਹਨੂੰ ਪੰਜਾਬੀ ਦੇ ਇਹ ਸ਼ਬਦ ਬੋਲ ਬੋਲ ਕੇ ਬੜੀ ਖੁਸ਼ੀ ਹੁੰਦੀ ਏ। ਜਦ ਵੀ ਉਹਨੂੰ ਕੋਈ ਪੰਜਾਬੀ ਮਿਲਦਾ ਏ ਤਾਂ ਉਹ ਲਾਚੜ ਲਾਚੜ ਕੇ ਆਪਣੇ ਸਿੱਖੇ ਹੋਏ ਪੰਜਾਬੀ ਦੇ ਸ਼ਬਦ ਬੋਲ ਬੋਲ ਕੇ ਦੱਸਦਾ ਰਹਿੰਦਾ ਸੀ। ਉਹ 'ਨਮਸਤੇ' ਨੂੰ 'ਨਮਸਟੇ' ਤੇ 'ਸਤਿ ਸ੍ਰੀ ਅਕਾਲ' ਨੂੰ ' ਸਟ ਸੀ ਕਾਲ' ਕਹਿੰਦਾ ਸੀ। ਕਈ ਵਾਰ ਉਹ ਮੈਨੂੰ 'ਅੱਛਾ ਅੱਛਾ' ਦਾ ਮਤਲਬ ਪੁੱਛਦਾ ਹੁੰਦਾ ਸੀ। ਹੁਣ ਤਾਂ ਉਸਨੇ ਪੰਜਾਬੀ ਦੀਆਂ ਕਈ ਗੰਦੀਆਂ ਗਾਲ਼ਾਂ ਵੀ ਸਿੱਖ ਲਈਆਂ ਹਨ। ਇਹ ਗਾਲ਼ਾਂ ਮੈਂ ਤੁਹਾਨੂੰ ਇੱਥੇ ਬੋਲ ਕੇ ਨਹੀਂ ਦੱਸ ਸਕਦਾ। ਇਨ੍ਹਾਂ ਗਾਲ਼ਾਂ ਦੀ ਤੁਸੀਂ ਖੁਦ ਹੀ ਕਲਪਨਾ ਕਰ ਸਕਦੇ ਹੋ। ਆਪਣੇ ਸਿੱਖੇ ਹੋਏ ਸ਼ਬਦਾਂ ਤੋਂ ਪ੍ਰਭਾਵਤ ਹੋ ਕੇ ਵਿਲੀਅਮ ਨੇ ਪੰਜਾਬੀ ਭਾਸ਼ਾ ਸਿੱਖਣ ਦਾ ਮਨ ਬਣਾ ਲਿਆ ਸੀ। ੳਸਨੇ ਇੱਕ ਪੰਜਾਬੀ ਦੇ ਸਕੂਲ ਵਿੱਚ ਦਾਖਲਾ ਲੈ ਲਿਆ ਸੀ। ਫਿਰ ਉਸਨੇ ਇੱਕ ਸੰਸਥਾ ਤੋਂ ਪੰਜਾਬੀ ਵਿੱਚ ਡਿਪਲੋਮਾ ਕਰ ਲਿਆ ਸੀ। ਹੁਣ ਉਹ ਪੰਜਾਬੀ ਯੂਨੀਵਰਸਿਟੀ ਤੋਂ ਪੰਜਾਬੀ ਦੀ ਇੱਕ ਡਿਗਰੀ ਵੀ ਪਾਸ ਕਰ ਰਿਹਾ ਏ।
ਉਸਦਾ ਇੱਕ ਵਰਕਮੇਟ ਰਿੱਕੀ ਉਸਦਾ ਦੋਸਤ ਬਣ ਗਿਆ ਏ। ਪਿਛਲੇ ਮਹੀਨੇ ਵਿਲੀਅਮ ਰਿੱਕੀ ਨਾਲ਼ ਪੰਜਾਬ ਚਲਾ ਗਿਆ। ਪਿੰਡ ਦੇ ਪੰਜਾਬੀ ਮਾਹੌਲ ਵਿੱਚ ਵਿਚਰਦੇ ਹੋਏ ਵਿਲੀਅਮ ਨੂੰ ਕਿਵੇਂ ਮਹਿਸੂਸ ਹੋਇਆ ਆਓ ਦੇਖੀਏ ਇੱਕ ਲਘੂ ਨਾਟਕ ਦੇ ਰੂਪ ਵਿੱਚ।
(ਪਰਦਾ ਉੱਠਦਾ ਹੈ)
(ਸਭ ਤੋਂ ਪਹਿਲਾਂ ਵਿਲੀਅਮ ਪਿੰਡ ਵਿੱਚ ਇੱਕ ਅਨਪੜ੍ਹ ਜੱਟ ਨੂੰ ਮਿਲਦਾ ਏ। ਰਿੱਕੀ ਵੀ ਜੱਟ ਪਾਸ ਹੀ ਖੜ੍ਹਾ ਏ)
ਜੱਟ:- ਕਿੱਦਾਂ ਬੱਲਿਆ? ਕੀ ਹਾਲ ਏ?
ਵਿਲੀਅਮ:- (ਸੋਚ ਵਿੱਚ ਡੁੱਬਿਆ ਹੋਇਆ) ਕਿੱਡਾਂ, ਬੱ-ਲਿ-ਆ? ਰਿੱਕੀ ਇਹ 'ਕਿੱਡਾ ਬੱ-ਲਿ-ਆ' ਕੀ ਹੁੰਡਾ ਏ?
ਰਿੱਕੀ:- ਉਦਾਂ ਤਾਂ ਤੂੰ ਲਾਚੜ ਲਾਚੜ ਕੇ ਕਹਿੰਦਾ ਰਹਿੰਦਾ ਏਂ ਕਿ ਤੈਨੂੰ ਪੰਜਾਬੀ ਬਹੁਤ ਆਉਣ ਲੱਗ ਪਈ ਏ, ਤੈਨੂੰ 'ਕਿੱਦਾਂ ਬੱਲਿਆ' ਦੇ ਮਤਲਬ ਦਾ ਪਤਾ ਹੀ ਨਹੀਂ। 'ਕਿੱਦਾਂ' ਦਾ ਮਤਲਬ ਹੁੰਦਾ ਏ 'ਕਿਸ ਤਰ੍ਹਾਂ' ਜਾਂ 'ਕਿਵੇਂ' ਤੇ 'ਬੱਲਿਆ' ਦਾ ਭਾਵ ਏ 'ਮੱਲ' ਜਾਣੀ ਮੈਨ ਜਾਂ ਬਲੋਕ (bloke)। ਇਵੇਂ ਹੀ 'ਉਦਾਂ' ਨੂੰ ਲਿਖਤੀ ਭਾਸ਼ਾ ਵਿੱਚ 'ਉਸ ਤਰ੍ਹਾਂ' ਵੀ ਲਿਖਿਆ ਜਾਂਦਾ ਏ। ਵਿਲੀਅਮ, ਤੂੰ ਤਾਂ ਏਨਾ ਵੀ ਨਹੀਂ ਸਮਝ ਸਕਿਆ। 'ਕਿੱਦਾਂ' ਨੂੰ ਤਾਂ ਅਕਸਰ 'ਕਿੱਤਰਾਂ' ਵੀ ਕਹਿ ਦਿੱਤਾ ਜਾਂਦਾ ਏ। ਇਵੇਂ ਹੀ 'ਜਿਸ ਤਰ੍ਹਾਂ' ਨੂੰ 'ਜਿੱਦਾਂ' ਜਾਂ 'ਜਿਤਰਾਂ' ਵੀ ਕਹਿ ਦਿੱਤਾ ਜਾਂਦਾ ਏ। 'ਇੱਕ ਵਾਰ' ਨੂੰ 'ਕੇਰਾਂ' ਕਹਿ ਲਿਆ ਜਾਂਦਾ ਏ। ਤੁਸੀਂ ਵੀ ਤਾਂ 'ਨੀਗਰੋ' ਨੂੰ 'ਨਿੱਗਰ' ਤੇ ‘do not’ ਨੂੰ don’t ਕਹਿ ਹੀ ਦਿੰਦੇ ਹੋ, ‘brother’ ਨੂੰ ‘bro’ ਕਹਿ ਦਿੰਦੇ ਹੋ ਤੇ ‘fresh on boat’ ਨੂੰ ‘FOB’ ਕਹਿ ਦਿੰਦੇ ਹੋ।
ਜੱਟ:- ਮੇਰੇ ਪਾਸ ਤੈਨੂੰ ਬਿਠਾਉਣ ਲਈ ਮੰਜਾ ਤਾਂ ਹੈ ਨਹੀਂ, ਆਹ ਏਥੇ ਭੁੰਜੇ ਹੀ ਬੈਠ ਜਾਹ।
ਵਿਲੀਅਮ:- ਰਿੱਕੀ ਡੀਅਰ, ਸ਼ਬਡ 'ਮੰਜਾ' ਟਾਂ ਮੈਂ ਸੁਣਿਆ ਏ। ਆਹ 'ਭੁੰਜੇ' ਕੀ ਹੋਇਆ?
ਰਿੱਕੀ:- ਵਿਲੀਅਮ, ਤੂੰ ਕਹਿੰਦਾ ਏ ਕਿ ਤੈਨੂੰ ਪੰਜਾਬੀ ਬਹੁਤ ਆਉਣੀ ਸ਼ੁਰੂ ਹੋ ਗਈ ਏ। ਤੈਨੂੰ 'ਭੁੰਜੇ' ਸ਼ਬਦ ਦਾ ਮਤਲਬ ਤਾਂ ਪਤਾ ਹੀ ਨਹੀਂ। 'ਭੁੰਜੇ' ਦਾ ਅਰਥ ਹੁੰਦਾ ਏ 'ਥੱਲੇ' ਜਾਣੀ 'ਜਮੀਨ ਤੇ'।
ਜੱਟ:- ਇਸ ਗੋਰੇ ਨੂੰ ਭੁੰਜੇ ਬਿਠਾ, ਦੇਖ ਕਿੰਨਾ ਵਧੀਆ ਰੜਾ ਪੱਟਕ ਥਾਂ ਏ...... ਇੱਟ ਭੜਿੱਟ ਤੇ ਵੱਖੀਆਂ ਫਿੱਟ।
ਵਿਲੀਅਮ:- ਇਹ 'ਸਾਲੇ' ਕੀ ਹੁੰਦਾ ਏ? ਇਹ 'ਰ-ੜਾ ਪਟੱਕ' ਕੀ ਹੁੰਡਾ ਏ? ਵਹੱਟ ਇੱਟ ਭ-ਡਿ-ਟ?
ਰਿੱਕੀ:- ਵਿਲੀਅਮ, ਤੂੰ ਪੰਜਾਬੀ ਦੇ ਥੋੜੇ ਜਿਹੇ ਸ਼ਬਦ ਸਿੱਖ ਕੇ ਚਾਮਲ ਗਿਆ ਸੀ। ਨਾ ਤੂੰ 'ਸਾਲੇ' ਸ਼ਬਦ ਦਾ ਮਤਲਬ ਸਮਝਦਾ ਏ ਤੇ ਨਾ ਹੀ 'ਰੜਾ ਪਟੱਕ' ਦਾ। ਵੈਸੇ ਤਾਂ 'ਸਾਲੇ' ਸ਼ਬਦ ਦਾ ਅਰਥ ਹੁੰਦਾ ਏ brother in law ਪਰ ਜਿਸ ਪ੍ਰਕਾਰ ਇਸ ਸ਼ਬਦ ਨੂੰ ਇਸ ਜ਼ਿੰਮੀਦਾਰ ਨੇ ਵਰਤਿਆ ਏ ਉਸ ਪ੍ਰਕਾਰ ਇਹ ਇੱਕ ਗਾਲ਼ ਬਣ ਜਾਂਦੀ ਏ ਤੇ ਇਸਦਾ ਭਾਵ ਬਣ ਜਾਂਦਾ ਏ - ਡਿੱਕਹੈੱਡ (dickhead), 'ਰੜਾ ਪੱਟਕ' ਦਾ ਮਤਲਬ ਏ 'ਸਾਫ ਸੁਥਰਾ ਥਾਂ'।
ਵਿਲੀਅਮ:- (ਸੋਚਾਂ ਵਿੱਚ ਪਿਆ ਹੋਇਆ)-- ਇਹ ਸ਼ਬਦ ਟਾਂ ਮੈਂ ਨਾ ਕਡੀ ਪੜ੍ਹੇ ਹਨ ਤੇ ਨਾ ਹੀ ਸੁਣੇ ਹਨ। ਬੜੀ ਅਜੀਬ ਕਿਸਮ ਦੀ ਬੋਲੀ ਏ।
ਰਿੱਕੀ:- ਵਿਲੀਅਮ ਹਰ ਬੋਲੀ ਹੀ ਅਜੀਬ ਕਿਸਮ ਦੀ ਹੁੰਦੀ ਏ। ਤੁਹਾਡੀ ਅੰਗਰੇਜ਼ੀ ਵੀ ਸਾਡੇ ਵਾਸਤੇ ਅਜੀਬ ਕਿਸਮ ਦੀ ਹੀ ਬਣ ਜਾਂਦੀ ਏ। ਜਦ ਮੈਂ ਪਹਿਲਾਂ ਪਹਿਲਾਂ ਸਿਡਨੀ ਵਿੱਚ ਗਿਆ ਸੀ ਤਾਂ ਮੈਂ ਵੀ ਅਨੇਕਾਂ ਸ਼ਬਦ ਐਸੇ ਸੁਣੇ ਸਨ ਜਿਹੜੇ ਮੇਰੇ ਵਾਸਤੇ ਨਵੇਂ ਸਨ ਜਿਵੇਂ bloke, dickhead, koori, gouls, possie, wonnable, caboodie, pollie waffle, boogie-woogie, cabernet, sauvingnon, smorgasboard, jeckeroo, jillaroo, pyrography……
ਵਿਲੀਅਮ:- (ਮੱਥੇ ਤੇ ਹੱਥ ਮਾਰਦਾ ਹੋਇਆ)-- ਬੱਸ, ਬੱਸ, ਬੱਸ, ਰਿੱਕੀ ਡੀਅਰ, ਤੂੰ ਤਾਂ ਬੜੇ ਨਵੇਂ ਨਵੇਂ ਸ਼ਬਡ ਯਾਡ ਕੀਟੇ ਹੋਏ ਨੇ।
ਰਿੱਕੀ:- ਵਿਲੀਅਮ, ਤੂੰ ਤਾਂ ਅਜੇ ਇੱਕ ਅਨਪੜ੍ਹ ਜੱਟ ਨੂੰ ਹੀ ਮਿਲਿਆ ਏਂ। ਜੇ ਮੈਂ ਤੈਨੂੰ ਕੱਲ ਨੂੰ ਇੱਕ ਨਿਹੰਗ ਸਿੰਘ ਪਾਸ ਲੈ ਗਿਆ ਫਿਰ ਤੂੰ ਕੀ ਕਰੇਂਗਾ? ਉਹਨੂੰ ਕਿਵੇਂ ਸਮਝਾਏਂਗਾ? ਉਹਦੇ ਬੋਲੇ ਤਾਂ ਤੇਰੇ ਸਿਰ ੳੱਪਰਦੀ ਲੰਘ ਜਾਣਗੇ।
ਵਿਲੀਅਮ:- (ਦਿਮਾਗ ਤੇ ਬੋਝ ਪਾਉਂਦਾ ਹੋਇਆ)-- ਇਹ ਨਿ-ਹੰ-ਗ ਸਿੰਘ ਕੀ ਹੁੰਡਾ ਏ?
ਰਿੱਕੀ:- (ਸਮਝਾਉਂਦਾ ਹੋਇਆ)-- ਜਦ ਤੂੰ 'ਨਿਹੰਗ ਸਿੰਘ' ਦਾ ਮਤਲਬ ਹੀ ਨਹੀਂ ਸਮਝਦਾ ਤੂੰ ਉਹਦੇ ਬੋਲੇ ਕਿਵੇਂ ਸਮਝੇਂਗਾ?
ਵਿਲੀਅਮ:- (ਫਿਰ ਸੋਚਾਂ ਵਿੱਚ ਪਿਆ ਹੋਇਆ)-- ਬੋਲੀ ਤਾਂ ਹੋਈ, ਇਹ 'ਬੋਲੇ' ਕੀ ਹੋਏ?
ਰਿੱਕੀ:- ਫਿੱਟੇ ਮੂੰਹ ਤੇਰੇ। ਮੈਨੂੰ ਤਾਂ ਇੰਝ ਲਗਦਾ ਏ ਕਿ ਤੂੰ ਪੰਜਾਬੀ ਦਾ ਡਿਪਲੋਮਾ ਪਾਸ ਕਰਕੇ ਵੀ ਅਜੇ ਬੋਲੀ ਸਮਝਣ ਦੀ ਪੌੜੀ ਦੇ ਪਹਿਲੇ ਪੌਡੇ ਤੇ ਹੀ ਖੜ੍ਹਾ ਏਂ।
ਵਿਲੀਅਮ:- Do not abuse me, my dear friend ਮੈਂ ਤਾਂ ਯਾਰ 'ਪੌਡੇ' ਸ਼ਬਡ ਵੀ ਪਹਿਲੀ ਵਾਰ ਹੀ ਸੁਣਿਆ ਏ। ਬੋਲੇ! ਪੌਡੇ! ਨਿਹੰਗ!!
ਜੱਟ:- ਰਿੱਕੀ ਬੱਲਿਆ, ਆ, ਇਹਨੂੰ ਮੱਕੀ ਦਾ ਟੁੱਕ ਖੁਆਈਏ ਜਾਂ ਫਿਰ ਘਲਾੜੀ ਤੋਂ ਬਾਟੀ ਵਿੱਚ ਰਸ ਲਿਆ ਕੇ ਇਹਨੂੰ ਪੀਣ ਨੂੰ ਦੇਂਦੇ ਹਾਂ। ਇੱਟ ਭੜਿੱਟ ਤੇ ਵਖੀਆ ਫਿੱਟ। (ਹਾਸੋਹੀਣੀ ਸਥਿਤੀ ਵਿੱਚ ਜਾਟ ਉੱਚੀ ਉੱਚੀ ਹੱਸਦਾ ਹੋਇਆ ਉਹਦੀ ਸਾਂਗ ਲਾਉਂਦਾ ਏ ਤੇ ਨਾਲ਼ੇ ਇੰਝ ਬੋਲਦਾ ਏ)
ਵਿਲੀਅਮ:- (ਡੂੰਘੀ ਸੋਚ ਵਿੱਚ)-- ਮੱ-ਕੀ ਡਾ-ਟੁ-ਕ! ਘੁ-ਲਾ-ਡੀ! ਰਸ! ਬਾ-ਟੀ!! ਇੱਟ ਭ-ੜਿੱ-ਟ!!
ਰਿੱਕੀ:- ਵਿਲੀਅਮ, ਮੱਕੀ ਦਾ ਟੁੱਕ Means golden bread made from maize flour ਘਲਾੜੀ ਨੂੰ ਸ਼ਾਇਦ ਅੰਗਰੇਜ਼ੀ ਵਿੱਚ cider press ਕਹਿੰਦੇ ਨੇ, ਰਸ means sugarcane juice। ਬਾਟੀ is a coarse rustic container.
ਵਿਲੀਅਮ:- ਕੀ ਇਹ ਸ਼ਬਡ ਡਿਕਸ਼ਨਰੀ ਵਿੱਚ ਹੋਣਗੇ? ਬਾਟੀ?
ਰਿੱਕੀ:- 'ਰਸ' ਤਾਂ ਸ਼ਾਇਦ ਹੋਵੇ, 'ਟੁੱਕ' ਬਾਰੇ ਮੈਂ ਕਹਿ ਨਹੀਂ ਸਕਦਾ, ਘਲਾੜੀ ਵੀ ਸ਼ਾਇਦ ਹੋਵੇਗਾ ਹੀ, ਹੋ ਸਕਦਾ ਏ 'ਰਸ' ਦੇ ਵੀ ਕਈ ਅਰਥ ਹੋਣ। ਇੱਟ ਭੜਿੱਟ ਤਾਂ ਜੱਟ ਦਾ ਤਕੀਆ ਕਲਾਮ ਏ।
ਵਿਲੀਅਮ:- ਇਹ ਬਾਟੀ ਕਿਸ ਤਰ੍ਹਾਂ ਡਾ ਬਰਟਨ ਹੁੰਦਾ ਏ? ਟਕੀਆ ਕਲਾਮ।
ਰਿੱਕੀ:- ਹਰਾਮੀਆ, ਬਾਟੀ ਬਾਟੀ ਹੀ ਹੁੰਦੀ ਏ। ਜਦ ਤੂੰ ਉਸਨੂੰ ਦੇਖੇਂਗਾ ਤਾਂ ਹੀ ਤੈਨੂੰ ਉਸਦੀ ਸ਼ਕਲ ਦਾ ਪਤਾ ਲੱਗੂ, 'ਤਕੀਆ ਕਲਾਮ' means pillow word.
ਵਿਲੀਅਮ:- Oh, I see ਬਾਟੀ ਟਾਂ ਹੋਈ, ਇਹ 'ਹ-ਡਾ-ਮੀਂ-ਆਂ' ਕੀ ਹੁੰਡਾ ਏ?
ਰਿੱਕੀ:- ਵਿਲੀਅਮ, ਇਸ ਸ਼ਬਦ ਦਾ ਮਤਲਬ ਹੁੰਦਾ ਏ bastard, ਮੈਂ ਤੈਨੂੰ ਐਵੇਂ ਟਾਂਚ ਕਰਦੇ ਨੇ ਤੇਰੇ ਵਾਸਤੇ ਇਹ ਸ਼ਬਦ ਵਰਤ ਦਿੱਤਾ। Please don’t mind.
ਵਿਲੀਅਮ:- ਭਾਜੀ, ਮੈਂ ਤਾਂ ਸ਼ਬਡ 'ਹਰਾਮਦਾ' ਤੇ ਹਰਾਮਜਾਦਾ' ਸੁਣੇ ਸਨ। ਇਹ, 'ਹ-ਡਾ-ਮੀ-ਆਂ' ਟਾਂ ਇਸਦਾ ਛੋਟਾ ਰੂਪ ਲਗਦਾ ਏ। ਟਾਂਚ? ਟਾਂਚ ਕੀ ਹੁੰਡਾ ਏ?
ਰਿੱਕੀ:- (ਖਿਝ ਕੇ ਬੋਲਿਆ)-- ਭੈਣ ਦਿਆ ਦੀਨਿਆ, 'ਟਾਂਚ' ਸ਼ਬਦ 'ਟਿੱਚਰ ਜਾਂ ਟੌਂਟ (taunt)' ਵਾਸਤੇ ਵਰਤਿਆ ਜਾਂਦਾ ਏ। ਤੂੰ............. ਦੀ ਪੰਜਾਬੀ ਸਿੱਖੀ ਏ, ਕੁੱਤੇ ਦਿਆ ਪੁੱਤਾ?
ਵਿਲੀਅਮ:- ਪੈਨ ਡਿਆ ਡੀਨਿਆ, ਕੁੱਟੇ ਦਿਆ ਪੁੱਟਾ!!
ਰਿੱਕੀ:- ਵਿਲੀਅਮ, ਕਈ ਅੱਖਰ ਤੁਸੀਂ ਖਾ ਜਾਂਦੇ ਹੋ ਤੇ ਕਈ ਪੂਰੇ ਘੋਟ ਘੋਟ ਕੇ ਬੋਲਦੇ ਹੋ।
ਵਿਲੀਅਮ:- For example?
ਰਿੱਕੀ:- ਤੁਸੀਂ ਨਰੇਲਨ (Narellan) ਅਤੇ ਢਿੱਲਨ (Dhillon) ਕਹਿੰਦੇ ਹੋ, ਅਸੀਂ ਇਨ੍ਹਾਂ ਨੂੰ ਨਰੇਲਾ ਅਤੇ ਢਿੱਲੋਂ ਕਹਿੰਦੇ ਹਾਂ।
(ਇੰਨੇ ਨੂੰ ਉੱਥੇ ਘੁੰਨਾ ਅਮਲੀ ਆ ਢੁੱਕਦਾ ਏ)
ਰਿੱਕੀ:- (ਅਮਲੀ ਨੂੰ)-- ਆ ਬਾਈ ਘੁੰਨਿਆਂ, ਅੱਜ ਤਾਂ ਸਵੇਰੇ ਸਵੇਰੇ ਹੀ ਟੱਲੀ ਹੋਇਆ ਫਿਰਦਾ ਏਂ। ਦੇਖੀਂ ਕਿਤੇ ਝੋਕ ਹੀ ਨਾ ਲੱਗ ਜਾਵੇ। ਆਹ ਖੇਸੀ ਕਦੇ ਧੋ ਵੀ ਲਿਆ ਕਰ। ਰਾਤ ਘੁਸਮੁਸੇ ਵਿੱਚ ਚਮਰੋੜੀ ਵਾਲ਼ੇ ਖੂਹ ਵਲ ਨੂੰ ਦੌੜਾ ਜਾ ਰਿਹਾ ਸੀ। ਜੰਗਲ ਪਾਣੀ ਜਾ ਰਿਹਾ ਸੀ ਜਾਂ ਡੋਡੇ ਲੈਣ ਜਾ ਰਿਹਾ ਸੀ? ਕਿੰਨੇ ਛਿੱਲੜ ਖਰਚੇ?
ਵਿਲੀਅਮ:- (ਭੰਬਲਭੂਸੇ ਵਿੱਚ ਪਿਆ ਹੋਇਆ ਤੇ ਰੁਕ ਰੁਕ ਕੇ ਬੋਲਦਾ ਹੋਇਆ
ਟੱ-ਲੀ! ਝੋ-ਕ!! ਖੇ-ਸੀ! ਚ-ਮ-ਰੋ-ੜੀ!! ਘੁਸਮੁਸ!! ਜੰ-ਗ-ਲ ਪਾਣੀ!! ਚਿੱ-ਲ-ਰ!! ਮੈਂ ਪੰਜਾਬੀ ਦਾ ਜਿੰਨਾ ਵੀ ਕੋਰਸ ਕੀਤਾ ਏ ਉਸ ਵਿੱਚ ਇਹ ਸ਼ਬਡ ਟਾਂ ਮੈਂ ਕਡੀ ਪੜ੍ਹੇ ਹੀ ਨਹੀਂ। ਹਾਂ, 'ਖੇ-ਸੀ' ਇੱਕ ਵਾਰ ਜਰੂਰ ਪੜ੍ਹਿਆ ਸੀ। ਮੈਨੂੰ ਪਟਾ ਏ 'ਖੇਸੀ' ਦੀ ਬੁੱਕਲ ਮਾਰਨ ਨਾਲ ਟੰਢ ਨਹੀਂ ਲਗਦੀ।
ਰਿੱਕੀ:- ਤੂੰ ਸ਼ਬਦ 'ਬੁੱਕਲ਼' ਬੜਾ ਵਧੀਆ ਬੋਲਿਆ ਏ। ਮੈਂ ਹੈਰਾਨ ਹਾਂ ਕਿ ਤੈਨੂੰ ਇਸ ਸ਼ਬਦ ਦਾ ਪਤਾ ਏ। ਕੀ ਤੂੰ ਕਦੀ 'ਝੁੰਬ' ਸ਼ਬਦ ਸੁਣਿਆ ਏ?
ਵਿਲੀਅਮ:- ਨਾਹੀ, ਰਿੱਕੀ, ਨੈਵਰ? What is jumb?
ਰਿੱਕੀ:- (ਅਮਲੀ ਵੱਲ ਇਸ਼ਾਰਾ ਕਰਦਾ ਹੋਇਆ)-- ਵਿਲੀਅਮ, ਆਹ ਅਮਲੀ ਘੁੰਨੇ ਨੇ ਝੁੰਬ ਹੀ ਤਾਂ ਮਾਰਿਆ ਹੋਇਆ ਏ। 'ਝੁੰਬ' ਦਾ ਮਤਲਬ ਹੁੰਦਾ ਏ ਖੇਸੀ ਨੂੰ ਸਿਰ ਦੁਆਲ਼ੇ ਨਾਗਵਲ਼ ਵਾਂਗ ਨੁੜਨਾ।
(ਅਮਲੀ ਝੁੰਬ ਨੂੰ ਥੋੜ੍ਹਾ ਹੋਰ ਸੁਆਰ ਲੈਂਦਾ ਏ)
ਵਿਲੀਅਮ:- ਨਾਗਵਲ਼! ਨੂਰਨਾ!! What a beautiful alliteration.
(ਘੁੰਨਾ ਅਮਲੀ ਬੀੜੀ ਸੁਲ਼ਗਾ ਲੈਂਦਾ ਏ)
ਜੱਟ:- ਘੁੰਨਿਆ, ਖੋਤੀ ਚੁੰਘਣੀ ਸ਼ੁਰੂ ਕਰ ਦਿੱਤੀ?
ਵਿਲੀਅਮ:- ਖੋਟੀ ਚੁੰ-ਘ-ਨੀ?
ਜੱਟ:- ਇੱਟ ਭੜਿੱਟ ਤੇ ਵਖੀਆ ਫਿੱਟ! ਇੱਟ ਭੜਿੱਟ ਤੇ ਵਖੀਆ ਫਿੱਟ!! ਮੈਂ ਦੇਖ ਲਿਆ, ਤੈਨੂੰ ਇੱਥੇ ਕੁਝ ਸਮਝ ਨਹੀਂ ਆਉਣਾ। (ਹੱਸਦਾ ਹੋਇਆ ਤੇ ਉੱਚੀ ਦੇਣੀ ਬੋਲਦਾ ਹੋਇਆ ਬਾਹਰ ਚਲਾ ਜਾਂਦਾ ਏ)
ਰਿੱਕੀ:- (ਵਿਲੀਅਮ ਦੇ ਦਿਮਾਗ ਦੀ ਖੜੋਤ ਨੂੰ ਤੋੜਦਾ ਹੋਇਆ) ਭੈਣ ਦਿਆ ....... ਕੁਝ ਪਤਾ ਵੀ ਲੱਗਾ ਕਿ ਐਵੇਂ ਹੀ ਗੂੰਗੀ ਵਾਂਗ ਦੰਦ ਕੱਢੀ ਜਾਨੈਂ?
ਵਿਲੀਅਮ:- What gongi?
ਰਿੱਕੀ:- 'ਗੂੰਗੀ' ਦਾ ਮਤਲਬ ਹੁੰਦਾ ਏ dumb
ਵਿਲੀਅਮ:- ਰਿੱਕੀ ਮੈਂ ਸ਼ਬਡ 'ਗੁੰਗਾ' ਤਾਂ ਇੱਕ ਵਾਰ ਪਰਿਆ ਸੀ ਪਰ 'ਗੁੰਗੀ' ਮੈਂ ਪਹਿਲੀ ਵਾਰ ਸਣਿਆ ਏ।
ਰਿੱਕੀ:- ਵਿਲੀਅਮ, ਛੱਡ ਯਾਰ ਇਸ ਸ਼ਬਦ ਨੂੰ। ਔਹ ਸਾਹਮਣੇ ਗੱਡਾ ਖੜ੍ਹਾ ਦਿਸਦਾ ਏ? ਜਾਹ ਗੱਡੇ ਦਾ ਜਾਤੂ ਧੂਹ ਕੇ ਲਿਆ। ਜੇ ਤੈਥੋਂ ਨਹੀਂ ਧੂਹ ਹੂੰਦਾ ਤਾਂ ਭਾਈਏ ਨੂੰ ਕਹਿ ਕਿ ਤੈਨੂੰ ਜਾਤੂ ਕੱਢ ਕੇ ਦੇਵੇ। ਨਾਲ਼ੇ ਇਹ ਦੱਸ ਕਿ ਗੱਡੇ ਦਾ 'ਊਠਣਾ' ਕੀ ਹੁੰਦਾ ਏ?
ਵਿਲੀਅਮ ਨੇ ਗੱਡਾ ਪਹਿਲੀ ਵਾਰ ਦੇਖਿਆ ਏ ਨੀਵੀਂ ਪਾਉਂਦਾ ਹੋਇਆ:- ਬਾਈ ਏ-ਨੂੂੰੰ। ਧੂ-ਅ ਕੇ,ਜਾਟੂ! ਊ-ਟ-ਨਾ!! ਮੈਂ ਤਾਂ ਇਹ ਸ਼ਬਦ ਵੀ ਪਹਿਲੀ ਵਾਰ ਸੁਨੇ ਹਨ। ਇਹ ਵਹੀਕਲ ਵੀ ਮੈਂ ਪਹਿਲੀ ਵਾਰ ਹੀ ਦੇਖਿਆ ਏ।
ਰਿੱਕੀ:- (ਗਾਲ੍ਹ ਕੱਢ ਕੇ)-- ਸਾਲਿਆ, ਉੱਥੇ ਸਿਡਨੀ ਵਿੱਚ ਮੈਨੂੰ ਕਹਿੰਦਾ ਹੁੰਦਾ ਸੀ ਤੈਨੂੰ scaffolding ਦਾ ਅਰਥ ਨਹੀਂ ਪਤਾ, ਤੈਨੂੰ orthodontist ਦਾ ਅਰਥ ਨਹੀਂ ਪਤਾ, ਤੈਨੂੰ awnings ਦਾ ਅਰਥ ਨਹੀਂ ਪਤਾ, ਤੈਨੂੰ podiatrist ਦਾ ਅਰਥ ਨਹੀਂ ਪਤਾ। ਫਿਰ ਤੂੰ ਨੱਕ ਜਿਹਾ ਚੜ੍ਹਾ ਕੇ ਕਹਿੰਦਾ ਹੁੰਦਾ ਸੀ unbelievable! Must be Asian!! ਤੂੰ ਹੁਣ ਦੱਸ, ਤੈਨੂੰ ਪੰਜਾਬੀ ਸਿੱਖ ਕੇ ਵੀ ਕਿੰਨੀਆਂ ਚੀਜ਼ਾਂ ਦੇ ਅਰਥ ਪਤਾ ਨੇ?
(ਵਿਲੀਅਮ ਬੁੱਤ ਬਣਿਆ ਖੜ੍ਹਾ ਹੈ।) (ਇੰਨੇ ਚਿਰ ਵਿੱਚ ਇੱਕ ਅਵਾਰਾ ਕੁੱਤਾ ਆ ਕੇ ਘੁੰਨੇ ਅਮਲੀ ਨੂੰ ਸੁੰਘਣ ਲੱਗ ਜਾਂਦਾ ਏ ਕਿਉਂਕਿ ਉਸਦੀ ਖੇਸੀ ਤੋਂ ਗੰਦੀ ਬਦਬੂ ਆ ਰਹੀ ਏ)
ਘੁੰਨਾ:- (ਕੁੱਤੇ ਨੂੰ ਤਿੱਖੀ ਝਿੜਕ ਮਾਰਦਾ ਹੋਇਆ)--- ਤੇਰੇ ਕੁਤੀਹੜ ਦੀ...........!
(ਕੁੱਤਾ ਬਾਹਰ ਨੂੰ ਦੌੜ ਜਾਂਦਾ ਏ)
ਵਿਲੀਅਮ:- (ਹੈਰਾਨ ਹੋ ਕੇ)--- ਕੁ-ਤੀ-ਰ!
ਰਿੱਕੀ:- ਕੁਤੀਰ ਨਹੀਂ, ਕੁਤੀਹੜ!
ਵਿਲੀਅਮ:- New word for me!
(ਵਿੱਚ ਹੀ ਰਿੱਕੀ ਦੀ ਬੁੱਢੀ ਮਾਂ ਸਟੇਜ ਅੰਦਰ ਆਉਂਦੀ ਹੋਈ ਜਾਂ ਸਟੇਜ ਦੇ ਪਿੱਛੋਂ ਹੀ ਘਰ ਦੀਆਂ ਕੁੜੀਆਂ ਨੂੰ ਆਵਾਜ਼ ਮਾਰਦੀ ਏ। ਜੇ ਮਾਂ ਅੰਦਰ ਆ ਜਾਵੇ ਤਾਂ ਗੇੜਾ ਕੱਢ ਕੇ ਬਾਹਰ ਚਲੀ ਜਾਵੇ)।
ਮਾਂ:- ਕੁੜੇ ਕੁੜੀਓ! ਕੁੜੇ ਕੁੜੀਓ! ਬਾਹਰੋਂ ਗੋਰਾ ਆਇਆ ਏ। ਦਧੂਨੇ ਚੋਂ ਦੁੱਧ ਕੱਢ ਕੇ ਲਿਆਉ ਇਹਨੂੰ ਪਿਆਣ ਲਈ। ਸਵੇਰੇ ਅਧਰਿੜਕਾ ਵੀ ਪਿਆਵਾਂਗੇ।
ਵਿਲੀਅਮ:- (ਸ਼ਬਦ ਵਿਲੀਅਮ ਦੇ ਸੰਘ ਵਿੱਚ ਹੀ ਅੜ੍ਹ ਜਾਂਦੇ ਹਨ)
ਡ-ਡੂ-ਨਾ! ਅ-ਡ-ਰਿ-ਡ-ਕਾ!!
ਘੁੰਨਾ:- ਬਾਹਰੋਂ ਗਰੇਜ਼ ਆਇਆ ਏ, ਦੁੱਧ ਪਿਆਓ ਗਰੇਜ਼  ਦੇ ਬੱਚੇ ਨੂੰ!! (ਇੰਝ ਉੱਚੀ ਉੱਚੀ ਬੋਲਦਾ ਹੋਇਆ ਬਾਹਰ ਚਲਾ ਜਾਂਦਾ ਏ)
ਬੱਚਾ:- (ਓਹੀ ਜਿਹੜਾ ਪਹਿਲਾਂ ਕੁੱਤੇ ਦਾ ਮਖੌਟਾ ਪਹਿਨ ਕੇ ਆਇਆ ਸੀ, ਹੁਣ ਰੋਂਦਾ ਹੋਇਆ ਆਉਂਦਾ ਏ)
ਉ...ਹੂੰ....ਊਂ.....ਊਂ.! ਬੇਬੇ, ਕਾਵਾਂ ਦੇ ਘੋਲੇ ਨੇ ਮੇਰੀ ਖੁੱਦੋ ਪਾੜ ਤੀ।ਉ...ਹੂੰ....ਊਂ। ਮੇਰੀ ਖੂੰਡੀ ਲੈ ਕੇ ਆਪਣੇ ਵਾੜੇ ਨੂੰ ਦੌੜ ਗਿਐ। ਉ...ਹੂੰ ਮੈਨੂੰ ਨਵੀ ਖੁੱਦੋ ਚਾਹੀਦੀ ਏ..।
ਮਾਂ:- (ਦਿਲਾਸਾ ਦਿੰਦੀ ਤੇ ਗਲ਼ ਨਾਲ਼ ਲਾਉਂਦੀ ਹੋਈ)--- ਆ ਜਾਹ ਮੇਰਾ ਰਾਜਾ ਪੁੱਤ। ਘੋਲੇ ਦਾ ਤਾਂ ਮੈਂ ਖੜਗੰਤਰ ਕਰਨਾ ਹੀ ਕਰਨਾ ਏ। ਪੁੱਤ ਤੂੰ ਪਹਿਲਾਂ ਆਪਣੇ ਲੀੜੇ ਬਦਲ ਲੈ, ਫਿਰ ਰੋਟੀ ਖਾਹ, ਆਥਣ ਨੂੰ ਮੈਂ ਕਾਵਾਂ ਦੇ ਉਲਾਂਬਾ ਦੇਣ ਜਾਊਂ।
(ਮਾਂ ਤੇ ਬੱਚਾ ਬਾਹਰ ਚਲੇ ਜਾਂਦੇ ਹਨ)
ਵਿਲੀਅਮ:- (ਮਨ ਹੀ ਮਨ ਵਿੱਚ ਬੜਬੜਾਉਂਦਾ ਹੋਇਆ)--- ਕਾਵਾਂ ਡੇ ਘੋਲੇ ਨੇ! ਆਠਣ! ਖਿੱਡੋ ਪਾਰ ਟੀ! ਖੁੰਡੀ! ਖਡਗੰਟਰ! ਲੀਡੇ!
(ਰਿੱਕੀ ਦੇ ਮੋਬਾਇਲ ਫੋਨ ਦੀ ਘੰਟੀ ਵੱਜ ਜਾਂਦੀ ਏ। ਸਿਡਨੀ ਤੋਂ ਉਸਦੇ ਦੋਸਤ ਪਾਲੇ ਦਾ ਫੋਨ ਏ। ਰਿੱਕੀ ਫੋਨ ਉੱਚਾ ਕਰ ਦੇਂਦਾ ਏ।)
ਪਾਲਾ:- ਓਏ ਰਿੱਕੀ, ਕਿਵੇਂ ਐਂ ਅੰਗਰੇਜ਼ ਦਾ ਬੱਚਾ। ਮਾਰਦਾ ਪੰਜਾਬੀ ਨੂੰ ਮੂੰਹ? ਬੋਲਣ ਦਾ ਨਵਾਂ ਨਵਾਂ ਚਾਅ ਹੋਣਾ?
ਰਿੱਕੀ:- ਪਾਲਿਆ, ਚਾਅ ਤਾਂ ਇਹਨੂੰ ਬੜਾ ਏ ਪਰ ਇਹ ਕੁਝ ਸਮਝਦਾ ਹੀ ਨਹੀਂ। ਮੈਂ ਇਹਨੂੰ ਇੱਕ ਜੱਟ ਤੇ ਇੱਕ ਅਮਲੀ ਟਕਰਾਤੇ। ਨਿਹੰਗ ਸਿੰਘਾਂ ਬਾਰੇ ਮੈਂ ਇਹਦੇ ਨਾਲ਼ ਕੁਝ ਗੱਲਾਂ ਕੀਤੀਆਂ। ਇਹ ਤਾਂ ਬੋਲੀ ਨੂੰ ਅੱਧੀ ਪਚੱਧੀ ਹੀ ਸਮਝਦਾ ਏ। ਐਵੇਂ ਖੜ੍ਹਾ ਡੈਂਬਰਿਆਂ ਵਾਂਗ ਝਾਕਦਾ ਰਹਿੰਦਾ ਏ....। (ਪਾਲਾ ਫੋਨ ਵਿੱਚਹੀ ਹੱਸਦਾ ਏ)
ਵਿਲੀਅਮ:- (ਵਿੱਚ ਹੀ ਬੋਲਦਾ ਹੋਇਆ)--- ਇਹ 'ਡੈਂ...ਬ...ਡਿ...ਆ' ਕੀ ਹੁੰਦਾ ਏ, ਰਿੱਕੀ?
ਰਿੱਕੀ:- ਛੱਡ ਯਾਰ। ਮੈਂ ਤੈਨੂੰ ਹਰ ਸ਼ਬਦ ਦੇ ਅਰਥ ਨਹੀਂ ਸਮਝਾ ਸਕਦਾ। ਵਿਲੀਅਮ, ਤੈਨੂੰ ਤਾਂ ਠੇਠ ਪੰਜਾਬੀ ਦੇ ਸਾਰੇ ਸ਼ਬਦ ਨਵੇਂ ਹੀ ਲੱਗ ਰਹੇ ਨੇ, ਤੂੰ ਠੇਠ ਪੰਜਾਬੀ ਦੇ ਮੁਹਾਵਰੇ ਤੇ ਕਹਾਵਤਾਂ ਕਿਵੇਂ ਸਮਝਣੀਆਂ ਸ਼ੁਰੂ ਕਰੇਂਗਾ?
ਪਾਲਾ:- (ਮੋਬਾਇਲ ਫੋਨ ਤੇ ਹੀ)--- ਰਿੱਕੀ ਮੈਂ ਇੱਕ ਬੋਲੀ ਪਾਵਾਂ? ਦੇਖੀਏ ਤਾਂ ਇਹ ਸਮਝ ਲਊ?
ਰਿੱਕੀ:- ਜਦ ਇਹ ਹੋਰ ਬਹੁਤ ਸਾਰੇ ਠੇਠ ਸ਼ਬਦ ਨਹੀਂ ਸਮਝਦਾ ਤਾਂ ਇਹ ਪੰਜਾਬੀ ਦੀ ਬੋਲੀ ਕਿਵੇਂ ਸਮਝ ਲਊ?
ਪਾਲਾ:- ਜਰਾ ਟਰਾਈ ਕਰਕੇ ਤਾਂ ਦੇਖੀਏ। ਜੇ ਨਾ ਵੀ ਸਮਝੂ, ਥੋੜ੍ਹੀ entertainment ਤਾਂ ਹੋ ਹੀ ਜਾਊ। ਕਈ ਵਾਈ ਕੱਲੀ ਤਰਜ਼ ਵੀ ਮਨ ਪਰਚਾਵਾ ਕਰ ਦਿੰਦੀ ਏ। ਨਾਲ਼ੇ ਇਹਨੂੰ ਪੰਜਾਬੀ ਬੋਲੀਆਂ ਦੀ ਵੰਨਗੀ ਪਤਾ ਲੱਗਜੂ।
(ਪਾਲਾ ਬੋਲੀ ਪਾਉਂਦਾ ਏ)
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜ੍ਹਿਆਂ ਦਾ ਢਹਿ ਗਿਆ ਕੋਠਾ
ਛੜਿਓ ਨਾ ਰੋਵੋ ਥੋਡਾ ਭਰਿਆ ਜਹਾਜ ਖਲੋਤਾ
ਪਤਲੋ ਐਂ ਤੁਰਦੀ ਜਿਵੇਂ ਤੁਰਦਾ ਸੜਕ ਤੇ ਬੋਤਾ
ਸੁੱਚਿਆਂ ਰੁਮਾਲਾਂ ਨੂੰ ਲਾ ਦੇ ਧੰਨ ਕੁਰੇ ਗੋਟਾ
(ਪਹਿਲਾਂ ਬੋਲੀ ਦੀ ਤਰਜ਼ ਨੂੰ ਗੁਣਗਣਾਉਂਦਾ ਹੈ ਫਿਰ ਬੋਲਦਾ ਹੈ)
ਵਿਲੀਅਮ:- What a beautiful rhyme. Thanks, Pala dear!
ਰਿੱਕੀ:- Song ਤਾਂ beautiful ਹੋਇਆ। ਇਹਦਾ ਮਤਲਬ ਵੀ ਸਮਝਿਆ ਕਿ ਨਹੀਂ?
ਵਿਲੀਅਮ:- Little bit. I must listen it time and again.
ਰਿੱਕੀ:- ਜਦ ਮੈਂ ਤੈਨੂੰ ਸਿਡਨੀ ਵਿੱਚ ਕਹਿੰਦਾ ਹੁੰਦਾ ਸੀ ਕਿ ਕੋਈ ਗੱਲ ਦੋ ਵਾਰ ਬੋਲ ਤਾਂ ਤੂੰ ਮੈਨੂੰ ਅੰਗਰੇਜ਼ੀ ਬੋਲੀ ਵਿੱਚ ਮਾੜਾ ਸਮਝ ਕੇ ਮੇਰਾ ਮਜ਼ਾਕ ਉਡਾਉਂਦਾ ਹੁੰਦਾ ਸੀ।
ਵਿਲੀਅਮ:- My dear Ricky, Now I will never make mockery of any migrant. Please leave this topic now. ਹੁਣ ਟੂੰ ਛੇ ਸੱਟ ਮੁਹਾਵਡੇ ਤੇ ਕਹਾਵਟਾਂ ਬੋਲ। ਮੈਂ ਅੰਦਾਜਾ ਲਗਾਉਣਾ ਚਾਹੁੰਦਾ ਹਾਂ ਕਿ ਮੈਨੂੰ ਇਨ੍ਹਾਂ ਡਾ ਕਿੰਨਾ ਕੁ ਗਿਆਨ ਏ।
ਰਿੱਕੀ:-(ਪੈਂਦੇ ਸੱਟੇ ਕਹਾਵਤਾਂ ਬੋਲਦਾ ਹੈ)
1. ਜਿਹੋ ਜਿਹੀ ਨੰਦੋ ਬਾਮ੍ਹਣੀ ਉਹੋ ਜਿਹਾ ਘੁੱਦੂ ਜੇਠ।
2. ਬਾਬੇ ਦੇ ਯਾਰ ਗਿੱਦੜ ਤੇ ਬਘਿਆੜ।
3. ਜੇ ਹਲਵਾਈ ਕਰੀਏ ਤਾਂ ਖੁਸ਼ਕੀ ਨਾਲ਼ ਨਾ ਮਰੀਏ।
4. ਕੀੜੀ ਨੂੰ ਕੁੰਡਾ ਹੀ ਦਰਿਆ ਏ।
5. ਚੱਲ ਨੂੰਹੇ ਤੂੰ ਥੱਕੀ, ਮੈਂ ਚਰਖੇ ਨੂੰ ਚੱਕੀ।
6. ਪੁਲਿਸ ਦੇ ਕੁੱਟਿਓ ਦਾ, ਤਿਲਕ ਕੇ ਡਿਗਿਓ ਦਾ ਤੇ ਤੀਵੀਂ ਦੇ ਝਿੜਕਿਓ ਦਾ ਗੁੱਸਾ ਨਹੀਂ ਕਰੀਦਾ।
7. ਘੋੜਾ ਲਗਾਮ ਬਿਨ੍ਹਾਂ ਗਿਆ ਤੇ ਰਾਜ ਗੁਲਾਮ ਬਿਨ੍ਹਾਂ।
8. ਇੱਕੋ ਹੱਟੀ ਉਹੀ ਕੁਪੱਤੀ।
9. ਪੁੱਠਾ ਪੰਗਾ ਲੈ ਲਿਆ ਜੱਟੀਏ ਐਵੇਂ ਬੋਕ....।
ਵਿਲੀਅਮ:- (ਹੈਰਾਨ ਹੋ ਕੇ ਵਿੱਚ ਹੀ ਬੋਲ ਪਿਆ)--- ਬੱਸ, ਰਿੱਕੀ, ਬੱਸ। Stop it. ਮੈਂ ਤਾਂ ਇਨ੍ਹਾਂ ਵਿੱਚੋਂ ਪਹਿਲਾਂ ਕੋਈ ਵੀ ਨਹੀਂ ਪਰੀ।
(ਵਿਲੀਅਮ ਦੇ ਕੰਨਾਂ ਵਿੱਚ ਵਿੱਡੇ ਟਿਆਂਕਣ ਲੱਗ ਪੈਂਦੇ ਹਨ ਤੇ ਉਹ ਸੋਚਾਂ ਦੇ ਖੂਹ ਵਿੱਚ ਗੋਤੇ ਲਗਾਉਣ ਲੱਗ ਜਾਂਦਾ ਏ)
ਰਿੱਕੀ, ਕੀ ਇਨ੍ਹਾਂ ਕਹਾਵਟਾਂ ਦਾ  ਅੰਗਰੇਜ਼ੀ ਵਿੱਚ ਅਨੁਵਾਡ ਨਹੀਂ ਕੀਤਾ ਜਾ ਸਕਡਾ?
ਰਿੱਕੀ:- ਕੀਤਾ ਜਾ ਸਕਦਾ ਏ। ਤੈਨੂੰ ਪਤਾ ਏ ਅਨੁਵਾਦ ਕਰਨੇ ਕਿੰਨੇ ਔਖੇ ਹਨ? ਤੈਨੂੰ ਪਤਾ ਏ ਤੁਹਾਡੇ ਹੀ ਕਿਸੇ ਭਰਾ ਨੇ ਇੱਕ ਵਾਰ ਕਿਹਾ ਸੀ?
ਵਿਲੀਅਮ:- ਕੀ ਕਿਹਾ ਸੀ?
ਰਿੱਕੀ:- ਇੱਕ ਅੰਗਰੇਜ਼ ਨੇ ਇੱਕ ਵਾਰ ਕਿਹਾ ਸੀ ਕਿ Translators are the traitors of a language. (ਅਨੁਵਾਦਕ ਭਾਸ਼ਾ ਦੇ ਗਦਾਰ ਹਨ)
ਵਿਲੀਅਮ:- ਫਿਰ ਅਸੀਂ ਟਰਾਂਸਲੇਸ਼ਨ ਕਰਦੇ ਕਿਓ ਹਾਂ? What is the use of translators and interpreters ?
ਰਿੱਕੀ:- ਸਿਰਫ ਬੁੱਤਾ ਸਾਰਨ ਲਈ।
ਵਿਲੀਅਮ:- ਬੁੱਟਾ? ਇਹ ਕੀ ਹੁੰਡਾ ਏ?
ਰਿੱਕੀ:- ਵਿਲੀਅਮ ਡੀਅਰ, ਲੋਕਾਂ ਨੇ ਆਪਣਾ ਕੰਮ ਤਾਂ ਸਾਰਨਾ ਹੀ ਏ। ਅਗਰ ਦੁਨੀਆ ਦੇ ਲੋਕ ਚਲੰਤ ਭਾਸ਼ਾਵਾਂ ਤੇ ਬੋਲੀਆਂ ਦਾ ਅਨੁਵਾਦ ਕਰਨਗੇ ਤਾਂ ਹੀ ਉਹ ਇੱਕ ਦੂਜੇ ਨੂੰ ਸਮਝ ਸਕਣਗੇ। ਚਲੰਤ ਬੋਲੀ ਤੇ ਠੇਠ ਬੋਲੀ ਵਿੱਚ ਬੜਾ ਫਰਕ ਹੁੰਦਾ ਏ।
ਵਿਲੀਅਮ:- ਕੀ ਮਟਲਬ?
ਰਿੱਕੀ:- ਜੇ ਕੋਈ ਠੇਠ ਬੋਲੀ ਦਾ ਢੁੱਕਵਾਂ ਅਨੁਵਾਦ ਕਰ ਦੇਵੇ ਤਾਂ ਉਹ ਸੱਚਮੁੱਚ ਹੀ ਭਾਸ਼ਾ ਦਾ ਮਹਿਰ ਹੁੰਦਾ ਏ।
ਵਿਲੀਅਮ:- for example?
ਰਿੱਕੀ:- ਪੰਜਾਬੀ ਦਾ ਇੱਕ ਗੀਤ ਤੇ। ਤੂੰ ਜਾਣਦਾ ਹੀ ਏਂ ਕਿ ਗੀਤ ਦਾ ਮਤਲਬ song ਹੁੰਦਾ ਏ।
ਵਿਲੀਅਮ:- ਹਾਂ, ਮੈਂ ਜਾਣਦਾ ਹਾਂ।
ਰਿੱਕੀ:- ਗੀਤ ਦੇ ਬੋਲ ਹਨ-
ਸਾਡੀ ਲਗਦੀ ਕਿਸੇ ਨਾ ਦੇਖੀ
ਟੁੱਟਦੀ ਨੂੰ ਜੱਗ ਜਾਣਦਾ।
ਤੈਨੂੰ ਪਤਾ ਏ ਇਹਦਾ ਕਿਸੇ ਨੇ ਕੀ ਅਨੁਵਾਦ ਕੀਤਾ ਸੀ।
ਵਿਲੀਅਮ:- (ਸੋਚਦਾ ਹੋਇਆ)--- ਮੈਨੂੰ ਟਾਂ ਸਿਰਫ ਇਹ ਪਟਾ ਏ ਕਿ ਇਹ ਪਿਆਰ ਬਾਰੇ ਕਹੀ ਕੋਈ ਗੱਲ ਲਗਡੀ ਏ। ਪਿਆਰ ਚੋਰੀ ਚੋਰੀ ਸ਼ੁਰੂ ਹੋਨਾ ਤੇ ਫਿਰ ਅਚਾਨਕ ਟੁੱਟ ਜਾਨਾ ਤੇ ਜੱਗ ਜਾਹਰ ਹੋ ਜਾਨਾ।
ਰਿੱਕੀ:- ਵਿਲੀਅਮ, ਤੂੰ 'ਜੱਗ ਜਾਹਰ ਹੋ ਜਾਣਾ' ਸ਼ਬਦ ਬੜੇ ਵਧੀਆ ਬੋਲੇ ਹਨ। ਮਤਲਬ ਤਾਂ ਤੂੰ ਠੀਕ ਸਮਝਿਆ ਏ। ਇਸਦਾ ਟਰਾਂਸਲੇਸ਼ਨ ਕਿਵੇਂ ਕਰੇਂਗਾ?
ਵਿਲੀਅਮ:- ਤੂੰ ਹੀ ਦੱਸ ਦੇਹ, ਰਿੱਕੀ, ਮੈਂ ਐਨਾ ਐਕਸਪਰਟ (expert) ਕਿੱਥੇ ਹਾਂ ਅਜੇ।
ਰਿੱਕੀ:- ਇਸਦਾ ਅਨੁਵਾਦ ਕਿਸੇ ਨੇ ਇਵੇਂ ਕੀਤਾ ਏ--- Love comes through a chink and goes out of a door.
ਵਿਲੀਅਮ:- (ਖੁਸ਼ੀ ਵਿੱਚ ਝੂਮਦਾ ਹੋਇਆ)--- Beautiful! Fantastic!! ਪਰ ਇਹ ਪੋਇਟਰੀ ਨਹੀਂ ਬਣੀ।
ਰਿੱਕੀ:- ਮੈਂ ਮੰਨਦਾ ਹਾਂ ਕਿ ਇਹ ਕਵਿਤਾ ਨਹੀਂ ਬਣੀ। ਪਰ ਕਵਿਤਾ ਦਾ ਕਵਿਤਾ ਵਿੱਚ ਹੀ ਅਨੁਵਾਦ ਕਰਨਾ ਹੋਰ ਵੀ ਔਖਾ ਕੰਮ ਏ।
ਵਿਲੀਅਮ:- You are perfectly correct.
ਰਿੱਕੀ:- ਵਿਲੀਅਮ, ਤੂੰ ਹੁਣ ਟਰਾਂਸਲੇਸ਼ਨ (Translation) ਦੀ ਗੱਲ ਛੱਡ। ਤੂੰ ਹੁਣ ਇਹ ਦੱਸ ਕਿ ਤੂੰ ਪੰਜਾਬੀ ਦੀਆਂ ਕਿਹੜੀਆਂ-ਕਿਹੜੀਆਂ ਕਹਾਵਤਾਂ ਜਾਣਦਾ ਏਂ?
ਵਿਲੀਅਮ:- (ਸੋਚਦਾ ਹੋਇਆ)--- ਅੱਖਾਂ ਡਾ ਟਾਰਾ, ਅੰਗੂਰ ਖੱਟੇ ਹਨ,..... ਆਪਨਾ ਆਪਨਾ, ਪਰਾਇਆ ਪਰਾਇਆ.....
ਰਿੱਕੀ:- ਬੱਸ ਕਰ ਵਿਲੀਅਮ, ਇਹ ਤਾਂ ਕਿਤਾਬੀ ਕਹਾਵਤਾਂ ਹਨ। ਜਦ ਤੁਸੀਂ ਕਿਸੇ ਸਮਾਜ ਦੇ ਪੇਂਡੂ ਮਾਹੌਲ ਵਿੱਚ ਵਿਚਰਦੇ ਹੋ ਤਾਂ ਤੁਸੀਂ ਬੋਲੀ ਦੀਆਂ ਅਸਲੀ ਪਰਤਾਂ ਦੇ ਪੇਸ਼ ਆਉਂਦੇ ਹੋ। ਇਹ ਪਰਤਾਂ ਕਿਤਾਬੀ ਭਾਸ਼ਾ ਵਿੱਚ ਪੂਰਨ ਰੂਪ ਵਿੱਚ ਮੌਜੂਦ ਨਹੀਂ ਹੁੰਦੀਆਂ। ਅਜੇ ਤਾਂ ਤੂੰ ਕੁੱਝ ਗੰਦੀਆਂ ਕਹਾਵਤਾਂ ਨਹੀਂ ਸੁਣੀਆਂ।
ਵਿਲੀਅਮ:- ਗੰ-ਡੀ-ਆਂ,ਕ-ਹਾ-ਵ-ਟਾਂ? ਉਹ ਕੀ ਹੁੰਡੀਆਂ ਹਨ?
ਰਿੱਕੀ:- ਔਹ ਸਾਹਮਣੇ ਲੇਡੀਜ਼ ਬੈਠੀਆਂ ਹਨ। ਮੈਂ ਇਹ ਕਹਾਵਤਾਂ ਇਨ੍ਹਾਂ ਦੇ ਸਾਹਮਣੇ ਨਹੀਂ ਬੋਲ ਸਕਦਾ ਅਗਰ ਮੈਂ ਪਰਦੇ ਨਾਲ਼ ਬੋਲਾਂ ਵੀ ਤਾਂ ਤੂੰ ਪਤਾ ਨਹੀਂ ਕੋਈ ਉਨ੍ਹਾਂ ਦਾ ਉੱਚੀ ਦੇਣੀ ਕੀ ਉਚਾਰਣ ਕਰ ਦੇਵੇਂ। ਵਿਲੀਅਮ, ਤੂੰ ਕਹਿੰਦਾ ਏਂ ਕਿ ਤੈਨੂੰ ਪੰਜਾਬੀ ਬੋਲੀ ਬਹੁਤ ਆਉਣੀ ਸ਼ੁਰੂ ਹੋ ਗਈ ਏ। ਜੇ ਤੂੰ ਮੈਥੋਂ ਬਗੈਰ ਇੱਥੇ ਪਿੰਡ ਵਿੱਚ ਕੁੱਝ ਦਿਨ ਰਹਿ ਜਾਵੇਂ ਤਾਂ ਪਿੰਡ ਦੇ ਨਿਆਣੇ ਤਾਂ ਤੇਰੀ ਭੂਤਨੀ ਭੁਲਾ ਦੇਣਗੇ।
ਵਿਲੀਅਮ:- ਭੂਟਨੀ! ਉਹ ਕੀ ਹੁੰਡਾ ਏ?
ਰਿੱਕੀ:- ਵਿਲੀਅਮ, ਮੈਂ ਤੇਰੇ ਨਾਲ਼ ਜਿਆਦਾ ਮੱਥਾ ਨਹੀਂ ਮਾਰ ਸਕਦਾ। ਤੂੰ ਵਾਪਸ ਸਿਡਨੀ ਨੂੰ ਹੀ ਚੱਲ। ਏਥੇ ਪੰਜਾਬ ਵਿੱਚ ਤੇਰਾ ਗੁਜ਼ਾਰਾ ਨਹੀਂ ਹੈ, ਇੱਕ ਗੱਲ ਜਰੂਰ ਏ।
ਵਿਲੀਅਮ:- ਉਹ ਕੀ?
ਰਿੱਕੀ:- ਤੂੰ ਪੰਜਾਬ ਦੇ ਸ਼ਹਿਰਾਂ ਵਿੱਚ ਰਹਿ ਸਕਦਾ ਏ। ਉੱਥੇ ਲੋਕ ਤੇਰੀ ਅੰਗਰੇਜ਼ੀ ਰਲ਼ੀ ਪੰਜਾਬੀ ਨੂੰ ਸਮਝ ਸਕਦੇ ਹਨ। ਉੱਥੇ ਤਾਂ ਤੂੰ ਲੋਕਾਂ ਦੀ ਬੋਲੀ ਵੀ ਵੱਧ ਸਮਝ ਸਕਦਾ ਏਂ। ਉਹ ਲੋਕ ਕਿਤਾਬੀ ਬੋਲੀ ਜਿਆਦਾ ਬੋਲਦੇ ਹਨ ਤੇ ਠੇਠ ਪੇਂਡੂ ਮੁਹਾਵਰਾ ਘੱਟ ਵਰਤਦੇ ਹਨ।
ਵਿਲੀਅਮ:- ਰਿੱਕੀ ਡੀਅਰ, ਮੈਂ ਹੈਰਾਨ ਹਾਂ ਕਿ ਟੁਸੀਂ ਸਿਡਨੀ ਵਿੱਚ ਸਾਡੀ ਅੰਗਰੇਜ਼ੀ ਬੋਲਦੇ ਹੋ ਤਾਂ ਕਾਫੀ ਠੀਕ ਲਗਡੇ ਰਹਿੰਦੇ ਹੋ। I am cutting sorry figure here at every step.
ਰਿੱਕੀ:- ਮਾਈ ਡੀਅਰ ਫਰੈਂਡ, The Punjabis are very flexible, they mould themselves very easily and quickly to the new environments. They can speak four languages easily.
ਵਿਲੀਅਮ:- Four languages?
ਰਿੱਕੀ:- Yes.
ਵਿਲੀਅਮ:- ਕਿਹਰੀਆਂ, ਕਿਹਰੀਆਂ?
ਰਿੱਕੀ:- ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ।
ਵਿਲੀਅਮ:- They are really genius ਮੈਨੂੰ ਟਾਂ ਚਾਰ ਬੋਲੀਆਂ ਸਿੱਖਨ ਲਈ ਸਾਰੀ ਉਮਰ ਪਰਨਾ ਪਊ। It means I have to spend many years in Punjab.
ਰਿੱਕੀ:- ਵਿਲੀਅਮ, ਤੂੰ ਸੱਚ ਆਂਹਦਾ ਤੇਂ।
ਵਿਲੀਅਮ:- ਵਹੱਟ 'ਆਂਡਾ'? ਇਹ 'ਆਂਡਾਂ' ਕੀ ਹੁੰਡਾ ਏ?
ਰਿੱਕੀ:- ਇਹੀ ਕੁਝ ਜਾਨਣ ਲਈ ਤਾਂ ਤੈਨੂੰ ਇੱਥੇ ਕਈ ਸਾਲ ਰਹਿਣਾ ਪਵੇਗਾ। ਅਗਰ ਤੂੰ ਛੋਟੀ ਉਮਰ ਵਿੱਚ ਇੱਥੇ ਆ ਜਾਂਦਾ ਤਾਂ ਤੈਨੂੰ ਬੋਲੀ ਜਲਦੀ ਸਮਝ ਆਉਣ ਲੱਗ ਪੈਣੀ ਸੀ। ਫਿਰ ਤੂੰ ਬੋਲੀ ਬੋਲਣ ਵੀ ਵਧੀਆ ਲਗ ਜਾਣਾ ਸੀ। ਜਿਉਂ ਜਿਉਂ ਮਨੁੱਖ ਵੱਡਾ ਹੋ ਕੇ ਕਿਸੇ ਹਾਲਾਤ ਵਿੱਚੋਂ ਵਿਚਰਦਾ ਏ ਉਹਦੀ ਉਸ ਹਾਲਤ ਮੁਤਾਬਕ ਢਲਣ ਦੀ ਸਮਰਥਾ ਘਟਦੀ ਜਾਂਦੀ ਏ। ਤੂੰ ਦੱਸ, ਮੈਨੂੰ ਪੂਰੀ ਤਰ੍ਹਾਂ ਤੁਹਾਡੀ ਅੰਗਰੇਜੀ ਕਿਵੇਂ ਸਮਝ ਆਵੇਗੀ?
ਵਿਲੀਅਮ:- ਤੁਸੀਂ ਹੀ ਡੱਸੋ ਇਹ ਕਿਵੇਂ ਹੋ ਸਕਡਾ ਏ?
ਰਿੱਕੀ:- ਵਿਲੀਅਮ, ਜਦ ਮੈਂ ਤੁਹਾਡੇ ਦੇਸ਼ ਦੇ ਨਸ਼ਈਆਂ (druggies) ਦੀ ਤੇ ਤੁਹਾਡੇ ਬੱਚਿਆਂ ਦੀ ਬੋਲੀ ਸਮਝਣ ਲੱਗ ਜਾਵਾਂਗਾ ਤਾਂ ਮੈਂ ਸਮਝਾਂਗਾ ਕਿ ਮੈਨੂੰ ਤੁਹਾਡੀ ਬੋਲੀ ਸਮਝ ਆਉਣ ਲੱਗ ਪਈ ਏ। ਕਿਸੇ ਵੀ ਬੋਲੀ ਨੂੰ ਸਮਝਣ ਲਈ ਜਰੂਰੀ ਏ ਕਿ ਤੁਸੀਂ ਉਸ ਬੋਲੀ ਵਿੱਚ ਸੁਪਨੇ ਲੈ ਸਕੋ, ਉਸ ਬੋਲੀ ਵਿੱਚ ਖੁੱਲ੍ਹ ਕੇ ਗਾਲ਼ਾਂ ਕੱਢ ਸਕੋ, ਉਸ ਬੋਲੀ ਵਿੱਚ ਲੜ ਭਿੜ ਸਕੋ, ਛੋਟੇ ਬੱਚਿਆਂ ਨੂੰ ਬੋਲਦੇ ਸਮਝ ਸਕੋ, ਉਸ ਬੋਲੀ ਦੇ ਗੀਤ ਤੇ ਕਵਿਤਾਵਾਂ ਸਮਝ ਸਕੋ, ਉੱਥੋਂ ਦਾ ਸੰਗੀਤ ਸਮਝ ਸਕੋ।
ਵਿਲੀਅਮ:- ਕੀ ਭਾਸ਼ਾ ਡੀਆਂ ਡਿਗਰੀਆਂ ਪਾਸ ਕੜਨ ਨਾਲ਼ ਬੋਲੀ ਨਹੀਂ ਸਿੱਖੀ ਜਾ ਸਕਦੀ?
ਰਿੱਕੀ:- ਸਿੱਖੀ ਜਾ ਸਕਦੀ ਏ, ਜਰੂਰ ਸਿੱਖੀ ਜਾ ਸਕਦੀ ਏ ਪਰ ਪੇਂਡੂ ਮੁਹਾਵਰਾ ਤਾਂ ਲੋਕਾਂ ਵਿੱਚ ਵਿਚਰਨ ਨਾਲ਼ ਹੀ ਸਮਝ ਆ ਸਕਦਾ ਏ। ਜਦ ਤੱਕ ਪੇਂਡੂ ਮੁਹਾਵਰਾ ਨਹੀਂ ਆਉਂਦਾ ਉਦੋਂ ਤੱਕ ਬੋਲੀ ਦਾ ਗਿਆਨ ਹਮੇਸ਼ਾ ਹੀ ਅਧੂਰਾ ਹੁੰਦਾ ਏ।
ਵਿਲੀਅਮ:- I agree with you. ਮੈਂ ਹੁਣ ਹਰ ਸਾਲ ਤੇਰੇ ਨਾਲ਼ ਪੰਜਾਬ ਆਇਆ ਕਡਾਂਗਾ। ਪੇਂਡੂ ਲੋਕਾਂ ਨੂੰ ਮਿਲਿਆ ਕਡਾਂਗਾ। ਮੈਂ ਇਹ ਬੋਲੀ ਵੱਧ ਤੋਂ ਵੱਧ ਸਿੱਖਾਂਗਾ। I have passion for this language. Will you keep on guiding me?
ਰਿੱਕੀ:- O’ Sure, Don’t worry at all.
(ਪਰਦਾ ਗਿਰਦਾ ਹੈ)
ਸੂਤਰਧਾਰ:- ਇਸ ਪ੍ਰਕਾਰ ਵਿਲੀਅਮ ਇੱਕ ਮਹੀਨਾ ਪੰਜਾਬ ਵਿੱਚ ਬਿਤਾ ਕੇ ਵਾਪਸ ਸਿਡਨੀ ਆ ਗਿਆ। ਉਹ ਹੁਣ ਹਰ ਵਾਰੀ ਰਿੱਕੀ ਨਾਲ਼ ਪੰਜਾਬ ਗੇੜਾ ਮਾਰਨ ਜਾਇਆ ਕਰੇਗਾ। ਸ਼ਾਇਦ ਉਹ ਕੱਲ ਨੂੰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੀ ਆਪਣੇ ਨਾਲ਼ ਲੈ ਕੇ ਜਾਇਆ ਕਰੇ ਤਾਂ ਕਿ ਉਹ ਬੋਲੀ ਦੇ ਪੇਂਡੂ ਮੁਹਾਵਰੇ ਨੂੰ ਬਚਪਨ ਤੋਂ ਹੀ ਫੜ੍ਹਨਾ ਸ਼ੁਰੂ ਕਰ ਦੇਣ।

ਮੈਂ ਵਿਰਾਸਤ ਅਤੇ ਚੌਗਿਰਦੇ ਤੋਂ ਵੀ ਬਹੁਤ ਕੁੱਝ ਸਿੱਖਿਆ - ਅਵਤਾਰ ਐਸ. ਸੰਘਾ

(ਮੇਰੀ ਅਣਛਪੀ ਸਵੈਜੀਵਨੀ 'ਡੱਬਰੀ ਤੋਂ ਡਾਰਲਿੰਗ ਹਾਰਬਰ ਤੱਕ' ਵਿੱਚੋਂ)

ਮੈਂ ਪੰਜਾਬ ਦੇ ਇੱਕ ਪਿੰਡ ਵਿੱਚ ਐਸੀ ਅਨਪੜ੍ਹ ਪਿਛੋਕੜ ਤੋਂ ਪੰਜਾਬ ਯੂਨੀਵਰਸਿਟੀ ਵਿੱਚੋਂ ਦੂਜੇ ਨੰਬਰ ਤੇ ਰਹਿ ਕੇ 1972 ਵਿੱਚ ਬੀ.ਏ. ਆਨਰਜ ਅੰਗਰੇਜ਼ੀ ਪਾਸ ਕੀਤੀ ਕਿ ਜਦ ਮੈਂ ਚੰਡੀਗੜ੍ਹ ਜਾ ਕੇ ਐਮ.ਏ. ਅੰਗਰੇਜ਼ੀ ਵਿੱਚ ਦਾਖਲ ਹੋਇਆ ਤਾਂ ਚੰਦ ਮਹੀਨਿਆਂ ਵਿੱਚ ਹੀ ਮੇਰੀ ਬੋਲਚਾਲ ਵਿੱਚ ਇਨਕਲਾਬੀ ਤਬਦੀਲੀ ਆਉਣੀ ਸ਼ੁਰੂ ਹੋ ਗਈ। ਮੈਂ ਛੇ ਕੁ ਮਹੀਨੇ ਚੰਡੀਗੜ੍ਹ ਹੋਸਟਲ ਵਿੱਚ ਰਹਿ ਕੇ ਵਾਪਿਸ ਪਿੰਡ ਆਇਆ। ਮੈਂ ਇੰਨਾ ਸਮਾਂ ਇਸ ਲਈ ਲਗਾ ਦਿੱਤਾ ਕਿਉਂਕਿ ਨਾ ਤਾਂ ਪਿੰਡ ਵਿੱਚ ਬਿਜਲੀ ਸੀ, ਪਿੰਡ ਤੋਂ ਨਾਲ਼ ਦੇ ਸ਼ਹਿਰ ਦੀ ਸੜਕ (5 ਕਿ:ਮੀ:) ਵੀ ਕੱਚੀ ਸੀ ਤੇ ਉੱਥੇ ਬਸ ਸਰਵਿਸ ਵੀ ਨਹੀਂ ਸੀ। ਜਦ ਮੈਂ ਘਰ ਆਇਆ ਤਾਂ ਆਮ ਬੋਲ ਚਾਲ ਵਿੱਚ ਮੈਂ 'ਥੱਲੇ' ਨੂੰ 'ਨੀਚੇ', 'ਢੂਹੀ' ਨੂੰ 'ਪਿੱਠ', 'ਟੋਭੇ' ਨੂੰ 'ਛੱਪੜ', 'ਵਾਲ਼ ਕਟਾਉਣ' ਨੂੰ 'ਹੇਅਰ ਕੱਟ ਲੈਣਾ', 'ਜੰਗਲ ਪਾਣੀ ਜਾਣ' ਨੂੰ 'ਟਾਇਲਟ ਜਾਣਾ', 'ਪਰ' ਨੂੰ 'ਲੇਕਿਨ', ਲੌਢੇ ਵੇਲ਼ੇ' ਨੂੰ 'ਬਾਅਦ ਦੁਪਹਿਰ', 'ਸ਼ਾਹਵੇਲੇ' ਨੂੰ 'ਬਰੇਕਫਾਸਟ', 'ਭਾਈਆ' ਨੂੰ 'ਫਾਦਰ', 'ਬੇਬੇ' ਨੂੰ 'ਮਦਰ', 'ਲੀੜਿਆਂ' ਨੂੰ 'ਕੱਪੜੇ', 'ਕੋਟੀ' ਨੂੰ 'ਜਰਸੀ', 'ਰੁਆਹਾਂ' ਨੂੰ 'ਰਾਜਮਾਂਹ', 'ਮੀਟ ਦੀ ਤਰੀ' ਨੂੰ 'ਗਰੇਵੀ', 'ਮੈਂਸ' ਨੂੰ 'ਮੱਝ', 'ਬਜ਼ਾਰ ਜਾਣ' ਨੂੰ 'ਮਾਰਕੀਟ ਜਾਣਾ', 'ਫਿਲਮ ਦੇਖਣਾ' ਨੂੰ 'ਮੂਵੀ ਦੇਖਣਾ', 'ਮੰਜੇ' ਨੂੰ 'ਚਾਰਪਾਈ', 'ਮੀਂਹ' ਨੂੰ 'ਬਾਰਿਸ਼', 'ਹੁੱਟ' ਨੂੰ 'ਗਰਮੀ', 'ਸਿਆਲ਼' ਨੂੰ 'ਸਰਦੀ' ਤੇ 'ਗੱਠਿਆਂ' ਨੂੰ 'ਪਿਆਜ਼' ਕਹਾਂ।
ਇਸ ਪ੍ਰਕਾਰ ਮੈਂ ਹੋਰ ਕਿੰਨੇ ਸਾਰੇ ਪੇਂਡੂ ਸ਼ਬਦਾਂ ਨੂੰ ਸ਼ਹਿਰੀ ਰੰਗਤ ਦੇ ਕੇ ਬੋਲਾਂ। ਮੇਰੀ ਮਾਂ ਮੇਰੇ ਵਿੱਚ ਇਹ ਫਰਕ ਦੇਖ ਕੇ ਮੁਸਕਰਾਈ ਜਾਵੇ, ਕਹੇ ਕੁੱਝ ਨਾ। ਥੋੜ੍ਹਾ ਜਿਹਾ ਇਹੋ ਕੁੱਝ ਮੇਰੇ ਨਾਲ਼ ਮੇਰੇ ਵਿਆਹ ਤੋਂ ਬਾਅਦ ਵੀ ਹੋਇਆ ਸੀ। ਮੇਰੀ ਘਰਵਾਲ਼ੀ ਦੀ ਐਮ. ਏ. ਤੇ ਬੀ. ਐਡ. ਤੱਕ ਦੀ ਸਾਰੀ ਪੜ੍ਹਾਈ ਚੰਡੀਗੜ੍ਹ ਦੀ ਸੀ। ਵੈਸੇ ਉਹ ਪਿੱਛਿਓਂ ਲੁਧਿਆਣਾ ਨੇੜੇ ਇੱਕ ਪਿੰਡ ਦੀ ਹੈ।ਬਾਪ ਪਿੰਜੌਰ ਨੇੜੇ ਨੌਕਰੀ ਕਰਦਾ ਹੋਣ ਕਰਕੇ ਉਹ ਚੰਡੀਗੜ੍ਹ ਹੀ ਪੜ੍ਹੀ ਏ। ਜਦ ਮੇਰਾ ਵਿਆਹ ਹੋਇਆ ਤਾਂ ਉਹ ਦਾਜ ਵਿੱਚ ਕੁੱਝ ਅਜਿਹੀਆਂ ਚੀਜ਼ਾਂ ਲੈ ਆਈ ਜਿਨ੍ਹਾਂ ਦਾ ਨਾਮ ਮੈਂ ਪਹਿਲੀ ਵਾਰ ਸੁਣਿਆ ਸੀ। ਹੋਰ ਦੋ ਕੁ ਬਾਰੇ ਤਾਂ ਮੈਂ ਭੁੱਲ ਚੁੱਕਾ ਹਾਂ। ਹਾਂ ਇੱਕ ਚੀਜ਼ ਸੀ ਜਿਸਨੂੰ ਉਹ 'ਟਕੋਜ਼ੀ' ਕਹਿ ਕੇ ਬੋਲਦੀ ਸੀ। ਇਹ ਕੇਤਲੀ ਵਿੱਚ ਚਾਹ ਨੂੰ ਗਰਮ ਰੱਖਣ ਲਈ ਕੇਤਲੀ ਦੇ ਪਹਿਰਾਵੇ ਦੇ ਤੌਰ ਤੇ ਵਰਤਣ ਲਈ ਥੋੜ੍ਹੇ ਫੁੱਲਵੇਂ ਕੱਪੜੇ ਦੀ ਬਣੀ ਹੋਈ ਹੁੰਦੀ ਏ। ਕਈ ਵਾਰ ਇਸ ਤੇ ਖੂਬਸੂਰਤ ਕਢਾਈ ਵੀ ਕੀਤੀ ਗਈ ਹੁੰਦੀ ਏ। ਇਸ ਪ੍ਰਕਾਰ ਦੀਆਂ ਦੋ ਕੁ ਹੋਰ ਕਰੋਸ਼ੀਆ ਦੀਆਂ ਬਣਾਈਆਂ ਹੋਈਆਂ ਆਈਟਮਾਂ ਵੀ ਸਨ। ਕੁੱਝ ਪਹਿਰਾਵੇ (ਸਾੜੀ, ਮੈਕਸੀ ਆਦਿ) ਵੀ ਫੈਸ਼ਨੇਬਲ ਤੇ ਮਾਡਰਨ ਸਨ। ਘਰ ਵਿੱਚ ਦੋ ਸੱਭਿਆਚਾਰ ਇਕੱਠੇ ਹੋ ਗਏ, ਇੱਕ ਪੂਰਾ ਪੇਂਡੂ ਤੇ ਦੂਜਾ ਪੂਰਾ ਸ਼ਹਿਰੀ। ਮੈਂ ਸੋਚਾਂ ਕਿ ਇਹ ਦੋਵੇਂ ਭਿੜ ਨਾ ਜਾਣ। ਮੇਰੀ ਮਾਂ ਇੰਨੀ ਸਮਝਦਾਰ ਸੀ ਕਿ ਉਹ ਮੇਰੀ ਘਰਵਾਲ਼ੀ ਦੇ ਬਹੁਤੇ ਸ਼ਬਦ ਸੁਣਦੀ ਰਹਿੰਦੀ ਸੀ ਪਰ ਬੋਲਦੀ ਘੱਟ ਸੀ। ਜੇ ਬੋਲਦੀ ਤਾਂ ਉਹ ਸਹਿਮਤੀ ਤੇ ਪ੍ਰਸ਼ੰਸਾ ਦੇ ਸ਼ਬਦ ਹੀ ਬੋਲਦੀ ਸੀ। ਇਸੇ ਕਰਕੇ ਮੇਰੀ ਮਾਂ ਤੇ ਘਰਵਾਲ਼ੀ ਦਰਮਿਆਨ ਕਦੀ ਵੀ ਕੋਈ ਝਗੜਾ ਨਹੀਂ ਸੀ ਹੋਇਆ। ਮੇਰੀ ਘਰਵਾਲ਼ੀ ਨਿਰਸੰਦੇਹ ਅਗਾਂਹਵਧੂ ਅਤੇ ਆਧੁਨਿਕ (modern) ਵਾਲ਼ੀ ਸੀ ਤੇ ਮੇਰੀ ਮਾਂ ਪਰੰਪਰਾਵਾਦੀ ਤੇ ਪੱਛੜੀ ਹੁੰਦੀ ਹੋਈ ਵੀ ਆਧੁਨਿਕ ਅਤੇ ਉਸਾਰੂ ਸੋਚ (forwardly backward and backwardly forward) ਵਾਲ਼ੀ ਸੀ। ਮੇਰੀ ਮਾਂ ਨੇ ਮੇਰੀ ਘਰਵਾਲ਼ੀ ਦੇ ਫੈਸ਼ਨ ਤੋਂ ਕਦੀ ਈਰਖਾ ਤਾਂ ਕੀ ਕਰਨੀ, ਸਗੋਂ ਖੁਸ਼ ਹੁੰਦੀ ਸੀ। ਮੇਰੀ ਮਾਂ ਸਬਜੀਆਂ ਨੂੰ ਵੀ ਦਾਲਾਂ ਹੀ ਕਿਹਾ ਕਰਦੀ ਸੀ। ਜਦ ਪੁੱਛਣਾ -- ਅੱਜ ਕੀ ਚਾੜ੍ਹਿਆ ਏ ਤਾਂ ਉਸਦੇ ਮੂੰਹ ਚੋਂ ਸਹਿਜ ਸੁਭਾਅ ਨਿਕਲ ਜਾਣਾ -- ਗੋਭੀ ਦੀ ਦਾਲ਼, ਆਲੂ ਮਟਰਾਂ ਦੀ ਦਾਲ਼, ਅਰਬੀ ਦੀ ਦਾਲ਼ ਆਦਿ। ਮੇਰੀ ਘਰਵਾਲ਼ੀ ਨੇ ਮੇਰੀ ਮਾਂ ਦੇ ਇੰਝ ਕਹਿਣ ਤੇ ਬਸ ਮੁਸਕਰਾ ਦੇਣਾ, ਕਹਿਣਾ ਕੁੱਝ ਨਾ। ਮੈਨੂੰ ਇਹ ਵੀ ਡਰ ਰਹਿਣਾ ਕਿ ਮੇਰੀ ਮਾਂ ਕਿਤੇ ਮੀਟ ਨੂੰ ਮੀਟ ਦੀ ਦਾਲ਼ ਹੀ ਨਾ ਕਹਿ ਦੇਵੇ।ਮੈਂ ਖੁੱਦ ਪਿੰਡ ਵਿੱਚੋਂ ਜਾ ਕੇੇ ਤਿੰਨ ਕੁ ਸਾਲ ਚੰਡੀਗੜ੍ਹ ਬਿਤਾ ਆਇਆ ਸੀ। ਇਸ ਲਈ ਮੈਂ ਥੋੜ੍ਹਾ ਸੋਚ ਸਮਝ ਕੇ ਬੋਲਦਾ ਸਾਂ। ਜਦ ਮੇਰੀ ਨਵੀਂ ਨਵੀਂ ਆਈ ਘਰਵਾਲ਼ੀ ਨੇ ਮੀਟ ਦੀ ਤਰੀ ਨੂੰ ਗਰੇਵੀ ਕਿਹਾ ਤੇ 'ਆਲੂ ਗੁੰਨ੍ਹਣ' ਨੂੰ 'ਆਲੂ ਮੈਸ਼ ਕਰਨਾ' ਕਿਹਾ ਤਾਂ ਮੇਰੀ ਮਾਂ ਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਉਹ ਖੁੱਦ ਕਾਫੀ ਪਛੜੀ ਹੋਈ ਹੋਵੇ। ਜਦ ਮੇਰਾ ਬਾਪ ਬਲਦਾਂ ਨੂੰ 'ਢੱਗੇ' ਕਹਿੰਦਾ ਜਾਂ ਉਨ੍ਹਾਂ ਨੂੰ 'ਨਾਰਿਆ' ਤੇ 'ਸਾਵਿਆ' ਕਹਿ ਕੇ ਬੁਲਾਉਂਦਾ ਤੇ ਚਿਟਕਾਰੀ ਮਾਰਦਾ ਤੇ ਘਰ ਵਿੱਚ ਖੜ੍ਹੇ ਗੱਡੇ ਦੇ ਹਿੱਸਿਆਂ ਨੂੰ 'ਊਠਣਾ','ਜਾਤੂ','ਜੁੰਗਲਾ' ਆਦਿ ਕਹਿ ਕੇ ਬੁਲਾਉਂਦਾ ਤਾਂ ਵੀ ਮੇਰੀ ਘਰਵਾਲ਼ੀ ਨੂੰ ਉਹ ਅਜੀਬ ਅਜੀਬ ਲਗਦਾ। ਉਦੋਂ ਟਰੈਕਟਰ ਅਜੇ ਨਹੀਂ ਆਏ ਸਨ ਤੇ ਟਿਊਬਵੈੱਲ ਵੀ ਨਹੀਂ ਸਨ। ਜਦ ਅਸੀਂ ਹਲਟ ਚਲਦੇ ਨੂੰ ਦੇਖ ਕੇ ਇਸਦੇ ਹਿੱਸਿਆਂ ਦੇ ਨਾਮ ਜਿਵੇਂ  'ਕੁੱਤਾ', 'ਬੂੜੀਆ', 'ਚੱਠਾ/ਪਾੜਛਾ', 'ਚਲ੍ਹਾ', 'ਗਾਧੀ', 'ਜੁੰਗਲਾ', 'ਮੌਣ', 'ਟਿੰਡਾਂ', 'ਮਾਲ੍ਹ', ਆਦਿ ਲੈਣੇ ਤਾਂ ਮੇਰੀ ਘਰਵਾਲ਼ੀ ਨੇ ਨਵੇਂ ਨਾਮੇਨਕਲੇਚਰ ਤੇ ਹੱਸਣਾ ਵੀ ਤੇ ਮਜ਼ਾ ਵੀ ਲੈਣਾ। ਸੀਰੀ ਨੇ ਬਲਦਾਂ ਪਿੱਛੇ ਗਾਧੀ ਤੇ ਥੱਕ ਟੁੱਟ ਕੇ ਬੈਠਾ ਹੋਣਾ, ਮੇਰੀ ਘਰਵਾਲ਼ੀ ਨੇ ਕਹਿਣਾ-ਦੇਖੋ, ਕਿੰਨੇ ਮਜ਼ੇ ਨਾਲ਼ ਹੂਟੇ ਲੈ ਰਿਹਾ ਏ। ਉਸਨੇ ਇਹ ਕੁਝ ਆਪਣੇ ਬਚਪਨ ਵਿੱਚ ਪੰਚਕੂਲੇ ਪਾਸ ਕਦੀ ਦੇਖਿਆ ਹੀ ਨਹੀਂ ਸੀ। ਅਸੀਂ ਤਾਂ ਆਪਣੇ ਬਚਪਨ ਵਿੱਚ ਸੰਨ 60 ਦੇ ਕਰੀਬ ਕਣਕ ਗਾਹੁਣ ਲਈ ਫਲ੍ਹੇ ਵੀ ਹੱਕੇ ਸਨ। ਚਲਦੇ ਫਲ੍ਹਿਆਂ ਵਿੱਚ ਜੇ ਬਲਦ ਗੋਹਾ ਕਰ ਦੇਵੇ ਤਾਂ ਭੱਜ ਕੇ ਉਸਦਾ ਗੋਹਾ ਇੱਕ ਖੁੱਲ੍ਹੇ ਮੂੰਹ ਵਾਲ਼ੇ ਡੱਬੇ ਵਿੱਚ ਕਰਵਾਈਦਾ ਸੀ ਤਾਂ ਕਿ ਇਹ ਕਣਕ ਦੇ ਲਾਣ੍ਹ ਵਿੱਚ ਨਾ ਡਿੱਗੇ। ਜੇਕਰ ਅੱਜ ਦੇ ਕਿਸੇ ਸ਼ਹਿਰੀ ਮੁੰਡੇ ਕੁੜੀ ਨੂੰ ਕਣਕ ਦੇ ਲਾਣ੍ਹ ਬਾਰੇ ਪੁੱਛੋ ਤਾਂ ਉਹ ਨਹੀਂ ਦੱਸ ਸਕਦੇ। ਉਹ ਇਸਦੀ ਉਲਟੀ ਘੱਗਰੇ ਦੀ ਲੌਣ ਨਾਲ਼ ਤਸ਼ਰੀਹ ਦੇ ਦੇਣਗੇ। ਕਣਕ ਦੇ ਬੋਹਲ ਨੂੰ ਵੀ ਸ਼ਾਇਦ ਅੱਜ ਦੀ ਪਨੀਰੀ ਨਾ ਸਮਝੇ। ਜਦ ਬੋਹਲ ਹੱਥ ਵਾਲ਼ੀ ਤੱਕੜੀ ਨਾਲ਼ ਤੋਲਣ ਲੱਗਣਾ ਤਾਂ ਗਿਣਤੀ ਕਰਦੇ ਤੀਜੀ ਵਾਰ ਭਰ ਕੇ ਛਾਬੇ ਨੂੰ ਸੁੱਟਣ ਨੂੰ 'ਬਹੁਤੇ' ਕਹਿਣਾ ਤਾਂ ਕਿ ਤੋਲਣ ਨੂੰ ਨਜ਼ਰ ਨਾ ਲੱਗੇ। ਤਿੰਨ ਦਾ ਹਿਣਸਾ ਮੂੂਹੋਂ ਬੋਲਣਾ ਬਦਸ਼ਗਨਾ ਸਮਝਿਆ ਜਾਂਦਾ ਸੀ। ਕਮਾਦ ਨਾਲ਼ ਸੰਬੰਧਤ ਸ਼ਬਦਾਵਲੀ ਵੀ ਆਪਣੀ ਕਿਸਮ ਦੀ ਹੀ ਹਇਆ ਕਰਦੀ ਸੀ ਜਿਵੇਂ ਚੁੱਬ੍ਹਾ, ਗੰਡ, ਖੋਰੀ, ਖੜ, ਰਸ, ਪੀੜ, ਪਤਾਸ਼ਾ ਕਮਾਦ, ਆਰਾ, ਲਾਵਾ ਜਾਂ ਸੀਰੀ (ਝੋਕਣ ਲਈ ਰੱਖਿਆ ਹੋਇਆ ਚਮਾਰਾਂ ਦਾ ਮੁੰਡਾ) ਆਦਿ। ਲਾਵਾ ਤੜਕੇ ਚਾਰ ਵਜੇ ਆ ਜਾਂਦਾ ਸੀ ਤੇ ਰਾਤ ਨੂੰ ਨੌਂ ਵਜੇ ਆਪਣੇ ਘਰ ਜਾਇਆ ਕਰਦਾ ਸੀ। ਇਸ ਬਦਲੇ ਜ਼ਮੀਂਦਾਰ ਉਸਨੂੰ ਬਸ 4-5 ਕਿੱਲੋ ਗੁੜ੍ਹ ਹੀ ਦਿੰਦਾ ਹੁੰਦਾ ਸੀ। ਰੋਟੀ ਉਸਦੀ ਜ਼ਮੀਂਦਾਰ ਦੇ ਘਰ ਹੀ ਹੋਇਆ ਕਰਦੀ ਸੀ। ਇਸੀ ਪ੍ਰਕਾਰ ਮੱਝਾਂ ਚਾਰਨ ਦੀ ਸ਼ਬਦਾਵਲੀ ਸੀ ਜਿਵੇਂ ਮੱਝਾਂ ਦਾ ਭੇੜ, ਮੱਝ ਦਾ ਡਾਹਾ, ਮੱਝ ਲੁਆਣੀ, ਝੋਟੇ ਨੂੰ ਮਾਲੀ ਕਹਿਣਾ, ਖੁੰਢੀ ਮੱਝ, ਖੁੰਢੀਆਂ ਦੇ ਸਿੰਗ ਫਸ ਗਏ, ਝੋਟੇ ਨੂੰ ਮੈਹਾਂ ਕਹਿਣਾ, ਸੁਰਗਾ ਸੁਰਗੀ ਖੇਡ ਖੇਡਣੀ ਆਦਿ।
ਮੈਂ ਸੰਨ 64 ਤੋਂ 67 ਤੱਕ ਬੜਾ ਕਮਾਦ ਵੱਢਿਆ, ਗੰਨੇ ਘੜੇ, ਵੇਲਣਾ ਹੱਕਿਆ, ਰਸ ਪੀਤੀ, ਚੁੱਭਾ ਝੋਕਿਆ, ਕੜਾਹੇ ਚੋਂ ਰਸ ਵਿੱਚੋਂ ਮੈਲ਼ ਚੁੱਕੀ, ਗੁੜ ਬਣਾਇਆ, ਸ਼ੱਕਰ ਬਣਾਈ, ਗੰਨਾ ਮਿੱਲ ਨੂੰ ਬਲਦਾਂ ਵਾਲ਼ੇ ਗੱਡੇ ਤੇ ਗੰਨੇ ਢੋਏ, ਕਾਫੀ ਕਾਫੀ ਸਮਾਂ ਗੰਨਾਂ ਮਿੱਲ ਤੇ ਗੁਜ਼ਾਰਿਆ ਆਦਿ। ਗੁੱਗਾ ਨੌਵੀਂ ਦੇ ਸਮੇਂ ਪਿੰਡਾਂ ਵਿੱਚ ਵਿੱਚ ਛਿੰਝਾਂ ਹੋਇਆ ਕਰਦੀਆਂ ਸਨ। ਇਸ ਵਰਤਾਰੇ ਦੇ ਸ਼ਬਦ ਵੀ ਆਪਣੀ ਹੀ ਕਿਸਮ ਦੇ ਹੋਇਆ ਕਰਦੇ ਸਨ ਜਿਵੇਂ 'ਪਹਿਲਵਾਨ' ਨੂੰ 'ਮੱਲ','ਆਖਰੀ ਵੱਡੀ ਕੁਸ਼ਤੀ' ਨੂੰ 'ਪਟਕੇ ਦੀ ਕੁਸ਼ਤੀ', 'ਕਿਸੇ ਨੂੰ ਹਰਾਉਣ' ਨੂੰ 'ਚਿੱਤ ਕਰਨਾ', 'ਇੱਕ ਦਾਅ ਨੂੰ' 'ਧੋਬੀਪਟੜਾ' ਆਦਿ।
ਉਨ੍ਹਾਂ ਸਮਿਆਂ ਵਿੱਚ ਬੋਲੀ ਵਿੱਚ ਜ਼ਿਆਦਾ ਠੇਠਪੁਣਾ ਵੀ ਹੋਇਆ ਕਰਦਾ ਸੀ। ਇਹ ਠੇਠਪੁਣਾ ਕੁੱਝ ਪਿੰਡਾਂ ਦੇ ਕੁਝ ਬਸ਼ਿੰਦਿਆਂ ਵਿੱਚ ਅਜੇ ਵੀ ਮੌਜੂਦ ਹੈ। ਇਹ ਬਾਸ਼ਿੰਦੇ ਜਿਆਦਾਤਰ ਅਨਪੜ੍ਹ ਹਨ। ਪੜ੍ਹਾਈ ਬੋਲੀ ਵਿੱਚ ਕਾਫੀ ਤਬਦੀਲੀ ਲਿਆ ਦਿੰਦੀ ਏ। ਪੰਜਾਬ ਵਿੱਚ ਫਾਰਸੀ, ਉਰਦੂ ਤੇ ਅੰਗਰੇਜ਼ੀ ਦੇ ਆ ਜਾਣ ਨਾਲ਼ ਬਹੁਤ ਸਾਰੇ ਲੋਕਾਂ ਦੀ ਬੋਲਚਾਲ ਦੀ ਬੋਲੀ ਵਿੱਚ ਬਹੁਤ ਫਰਕ ਪੈ ਗਿਆ ਸੀ। ਸੰਨ 47 ਤੋਂ ਪਹਿਲਾਂ ਕਚਹਿਰੀਆਂ ਦਾ ਬਹੁਤਾ ਕੰਮ ਉਰਦੂੂ ਵਿੱਚ ਹੀ ਹੁੰਦਾ ਸੀ। ਹੁਣ ਤੱਕ ਵੀ ਉਹੀ ਉਰਦੂ ਦੇ ਸ਼ਬਦ ਗੁਰਮੁਖੀ ਲਿੱਪੀ ਵਿੱਚ ਲਿਖੇ ਜਾਂਦੇ ਹਨ ਜਿਵੇਂ 'ਫਰਦ', 'ਨਿਸ਼ਾਨਦੇਹੀ','ਅਰਜ਼ੀਨਵੀਸ', 'ਅਹਿਲਕਾਰ', 'ਨਕਸ਼ਾਨਵੀਸ਼', 'ਮੁਣਸ਼ੀ', 'ਇਕਰਾਰਨਾਮਾ' ਆਦਿ। ਇੱਕ ਨਾਵਲਕਾਰ ਤੇ ਕਹਾਣੀਕਾਰ ਨੇ ਹੇਠ ਲਿਖੇ ਪ੍ਰਗਟਾਵੇ ਆਪਣੇ ਬਿਰਤਾਂਤ ਵਿੱਚ ਵਰਤੇ ਹਨ-- ਡੰਡਾ ਲੈ ਕੇ ਉਸਨੇ ਫੌਜਣ ਦੀ ਤਹਿ ਲਗਾ ਦਿੱਤੀ, ਮੇਰੇ ਤਾਂ ਔਸਾਣ ਮਾਰੇ ਗਏ, ਧੂੰਆਂ ਰੋਲ ਹੋ ਗਿਐ (ਸਭ ਨੂੰ ਪਤਾ ਲੱਗ ਗਿਆ), ਦੇਬੋ ਨੇ ਘਰਾਟ ਰਾਗ ਸ਼ੁਰੂ ਕਰ ਦਿੱਤਾ, ਬੁੜੀ ਨੇ ਭਕਾਟ ਪਾ ਦਿੱਤਾ, ਬੁੜੀ ਦਾ ਗੁੱਗਾ ਪੂਜਿਆ ਗਿਆ, ਉਹ ਨਿੱਤ ਮੇਰੀ ਹਿੱਕ ਤੇ ਮੂੰਗ ਦਲ਼ਦਾ ਸੀ, ਉਸਦਾ ਸਿਰ ਖਰਬੂਜੇ ਵਾਂਗ ਖਿੱਲਰ ਗਿਆ, ਬਿੱਲੀ ਦੇ ਭਾਗੀਂ ਮਸਾਂ ਛਿੱਕਾ ਟੁੱਟਿਆ, ਭਾਬੋ ਦਾ ਸੂਤ ਦਿਓਰ ਦਲਾਲ, ਉਹ ਤੋਕੜ ਮੱਝ ਵਾਂਗ ਲੱਤ ਚੁੱਕ ਗਈ, ਗਲ਼ ਥਾਣੀ ਪਜਾਮਾ ਲਾਹੁਣਾ, ਕੋਠਾ ਉਸਰਿਆ ਤਖਾਣ ਵਿਸਰਿਆ, ਇਸ਼ਕ ਨਾ ਦੇਖੇ ਜਾਤ ਕੁਜਾਤ ਭੁੱਖ ਨਾ ਦੇਖੇ ਮਾਸ, ਲੀਡਰ ਵੋਟਾਂ ਵੇਲ਼ੇ ਗਧੇ ਨੂੰ ਬਾਪ ਆਖਦੇ ਨੇ ਤੇ ਜਿੱਤ ਜਾਣ ਤੋਂ ਬਾਅਦ ਬਾਪ ਨੂੰ ਗਧਾ, ਜਿਹੋ ਜਿਹੀ ਨੰਦੋ ਬਾਹਮਣੀ ਉਹੋ ਜਿਹਾ ਘੁੱਦੂ ਜੇਠ, ਪਾਉਣਾ ਦੂਜੇ ਦੇ ਸਿਰ ਤੇ ਮਧਾਣੀ ਚੀਰਾ ਤੇ ਦੱਸਣੀਆਂ ਝਰੀਟਾਂ, ਘੋੜਾ ਲਗਾਮ ਬਿਨ੍ਹਾਂ ਗਿਆ ਤੇ ਰਾਜ ਗੁਲਾਮ ਬਿਨਾਂ, ਟਾਟ ਦੀਆਂ ਜੁੱਲੀਆਂ ਨੂੰ ਰੇਸ਼ਮ ਦੇ ਬਖੀਏ, ਪਰਾਲ਼ੀ ਤੋਂ ਹੀ ਧਾਨਾਂ ਵਾਲ਼ੇ ਪਿੰਡ ਦੀ ਤਸਵੀਰ ਦਿਖਣ ਲੱਗ ਪੈਂਦੀ ਏ, ਬਾਂਦਰਾਂ ਨੂੰ ਬਨਾਰਸ ਦੀਆਂ ਟੋਪੀਆਂ, ਕਪਾਹ ਦੀ ਫੁੱਟੀ, ਜਿੱਥੇ ਪਈ ਉੱਥੇ ਲੁੱਟੀ, ਦਿਲ ਚੰਗਾ ਤੇ ਕਟੋਰੇ ਵਿੱਚ ਗੰਗਾ, ਗਿਰਝਾਂ ਗਾਲੜ੍ਹ ਦੇਵਣ ਦਾਦ, ਉੱਲੂ ਗਾਉਣ ਬਸੰਤ ਬਹਾਰ, ਕੀੜੀ ਨੂੰ ਕੂੰਡਾ ਹੀ ਦਰਿਆ ਏ, ਦੱਸੀ ਕਸਤੂਰੀ ਵੇਚੀ ਹਿੰਗ, ਜੇ ਫੱਟਾ ਸਾਹ ਦਊ ਤਾਂ ਹੀ ਬਾਜੀਗਰ ਛਾਲ ਮਾਰੂ, 20 ਗਜ ਦਾ ਘੱਗਰਾ 40 ਗਜ ਦੀ ਗੇੜੀ ਦੇਣ ਲੱਗ ਪਿਆ, ਬੁੱਢੀਆਂ ਗਾਈਆਂ ਦੇ ਵਗ 'ਚ ਤੁਰੀ ਜਾਂਦੀ ਵਹਿੜੀ ਵੀ ਮੌਲੀ ਦਿਖਣ ਲੱਗ ਪੈਂਦੀ ਏ, ਆਪਣੀਆਂ ਕੱਛ 'ਚ ਦੂਜੇ ਦੀਆਂ ਹੱਥ 'ਚ, ਤਿਲਕ ਕੇ ਡਿੱਗੇ ਦਾ, ਤੀਵੀਂ ਦੇ ਝਿੜਕੇ ਦਾ ਤੇ ਸਰਕਾਰ (ਪੁਲਿਸ) ਦੇ ਘੂਰੇ ਦਾ ਮਸੋਸ ਨਹੀਂ ਕਰਨਾ ਚਾਹੀਦਾ, ਚੱਲ ਨੂੰਹੇ ਤੂੰ ਥੱਕੀ ਮੈਂ ਚਰਖੇ ਤੂੰ ਚੱਕੀ, ਬੁੱਢੀ ਬੋਤੇ ਵਾਂਗ ਬੁੱਲ੍ਹ ਸੁੱਟੀ ਬੈਠੀ ਸੀ, ਲੰਡੇ ਨੂੰ ਮੀਣਾ ਸੌ ਕੋਹ ਦਾ ਵਲ ਪਾ ਕੇ ਵੀ ਮਿਲ ਹੀ ਪੈਂਦਾ ਏ, ਤੇਰੇ ਕੋਲ ਨਾ ਤੀਰ ਏ, ਨਾ ਕਮਾਨ, ਤੂੰ ਕਾਹਦਾ ਪਠਾਣ, ਲਮਹੋਂ ਨੇ ਖਤਾ ਕੀ, ਸਦੀਓਂ ਨੇ ਸਜਾ ਪਾਈ, ਇਸ ਹਲ ਦ੍ਹੇ ਜੰਦਰੇ ਢਿੱਲੋਂ ਨੇ, ਪਿੱਦੀਆਂ ਵੀ ਹੁਣ ਪੀਂਘਾਂ ਪਾਉਣ ਲੱਗੀਆਂ ਨੇ, ਜੇ ਮੇਖ ਕਮਜ਼ੋਰ ਹੋਵੇਗੀ ਤਾਂ ਉਹ ਮੱਖਣ 'ਚ ਵੀ ਮੋਰੀ ਨਹੀਂ ਕਰੇਗੀ, ਬੁੱਢਾ ਚੋਰ ਮਸੀਤੇ ਡੇਰਾ, ਨੱਚਣ  ਵਾਲੇ ਦਾ ਡਿਗਣਾ ਵੀ ਕਲਾਬਾਜ਼ੀ ਹੁੰਦਾ ਏ, ਅੱਖੀਆਂ ਵੀ ਮਾੜੇ ਮੋਟੇ ਨੂੰ ਹੀ ਤੰਗ ਕਰਦੀਆਂ ਹਨ, ਚੁੱਪ ਚੁਪੀਤਾ ਕੁੱਤਾ ਤੇ ਸ਼ਾਂਤ ਪਾਣੀ ਦੋਵੇਂ ਹੀ ਖਤਰਨਾਕ ਹੁੰਦੇ ਹਨ, ਸੰਗੀਤਕਾਰ, ਕਵੀ ਤੇ ਚਿੱਤਰਕਾਰ ਅੱਧੇ ਪਾਗਲ ਹੁੰਦੇ ਹਨ (ਸਪੇਨ) ਆਦਿ।
ਮੈਂ ਅੱਤ ਦੇ ਪੇਂਡੂ ਚੌਗਿਰਦੇ ਚੋਂ ਤੁਰ ਕੇ ਆਖਰ ਕਾਰ ਅੱਤ ਦੇ ਸ਼ਹਿਰੀ ਤੇ ਵਿਦੇਸ਼ੀ ਚੌਗਿਰਦੇ ਵਿੱਚ ਆਪਣਾ ਜੀਵਨ ਬਿਤਾ ਰਿਹਾ ਹਾਂ। ਮੈਂ ਕਦੀ ਪੇਂਡੂ ਤੇ ਕਦੀ ਸ਼ਹਿਰੀ ਵਾਤਾਵਰਣ ਵਿੱਚ ਵੀ ਗੁਜਰਦਾ ਰਿਹਾ ਹਾਂ। ਮੇਰਾ ਪਰਿਵਾਰ ਅਨਪੜ੍ਹ ਜਿਹਾ ਹੈ ਜਾਂ ਥੋੜ੍ਹਾ ਪੜ੍ਹਿਆ ਹੋਇਆ ਏ। ਉਸੇ ਨਾਲ਼ ਪੇਸ਼ ਆਉਂਦਾ ਹੋਇਆ ਮੈਂ ਓਹੀ ਪੇਂਡੂ ਸ਼ਬਦ ਵਰਤਦਾ ਆਇਆ ਹਾਂ।ਅਸੀਂ ਪਹਿਲਾਂ ਪਹਿਲ ਸਿਡਨੀ ਤੋਂ ਪੰਜਾਬ ਗਏ। ਇੱਕ ਛੋਟੇ ਜਿਹੇ ਸ਼ਹਿਰ ਤੋਂ ਕਿੱਲੋ ਲੱਡੂ ਲੈਣ ਲੱਗੇ। ਮੇਰੀ ਘਰਵਾਲ਼ੀ ਦੁਕਾਨਦਾਰ ਨੂੰ ਕਹਿੰਦੀ -- ਵੱਨ ਕੇ ਜੀ (One kg), ਉਹ ਮੂਹਰਿਓਂ ਕਹਿਣ ਲੱਗਾ ਬੰਨ੍ਹ ਕੇ ਹੀ ਦਿਆਂਗੇ ਜੀ। ਉਹ ਕਿੱਲੋ ਦੇ ਡੱਬੇ ਨੂੰ ਉੱਪਰੋਂ ਡੋਰ ਨਾਲ਼ ਬੰਨ੍ਹਣਾ ਇਸ ਦਾ ਮਤਲਬ ਕੱਢ ਗਿਆ। ਮੈਂ ਅਪਣੀ ਇੱਕ ਅਨਪੜ੍ਹ ਚਚੇਰੀ ਭੈਣ ਨੂੰ ਕਿਹਾ--ਇਸ ਪੁਸਤਕ ਦੀਆਂ 500 ਕਾਪੀਆਂ ਛਪਵਾਈਆਂ ਹਨ। ਉਹ ਕਾਪੀਆਂ ਦਾ ਅਰਥ ਉਹ ਕਾਪੀ (notebook) ਲਈ ਜਾਵੇ ਜਿਹਦੇ ਤੇ ਆਪਾਂ ਲਿਖਦੇ ਹਾਂ। ਉਹਨੂੰ ਇਹ ਪਤਾ ਹੀ ਨਾ ਲੱਗੇ ਕਿ ਕਾਪੀ ਦਾ ਮਤਲਬ ਪਰਤ ਵੀ ਹੁੰਦਾ ਏ। ਗੱਲ੍ਹ ਕਰਦੇ ਕਰਦੇ ਮੇਰੇ ਮੂੰਹ ਚੋਂ ਕਵਿਤਾ ਦੇ ਸੰਧਰਵ ਵਿੱਚ ਪ੍ਰਗਟਾਵਾ ਸਕੂਲ ਆਫ ਥੌਟ (school of thought) ਨਿਕਲ ਗਿਆ। ਮਾਂ ਕਹਿੰਦੀ ਸਕੂਲ ਤਾਂ ਤੂੰ ਛੋਟਾ ਹੁੰਦਾ ਜਾਂਦਾ ਹੁੰਦਾ ਸੀ। ਕਈ ਲੋਕ ਇਤਨੇ ਜਿਆਦਾ ਅਨਪੜ੍ਹ ਤੇ ਪਛੜੇ ਹੋਏ ਹੁੰਦੇ ਹਨ ਕਿ ਉਹ ਤੁਹਾਡੇ ਕਿਸੇ ਥੋੜ੍ਹੇ ਜਿਹੇ ਨਵੀਨ ਸ਼ਬਦ ਦਾ ਅਰਥ ਤੱਕ ਨਹੀਂ ਸਮਝਦੇ। ਮੈਂ ਪਿੱਛੇ ਜਿਹੇ ਆਰ.ਬੀ. ਬਰਨਜ਼ (R.B. Barns) ਦਾ ਅੰਗਰੇਜ਼ੀ ਦਾ ਲੇਖ ਵਿਰਾਸਤ ਤੇ ਚੌਗਿਰਦਾ (Heredity and Environment) ਪੜ੍ਹ ਰਿਹਾ ਸੀ। ਉਸ ਵਿੱਚ ਕੁੱਝ ਹਵਾਲੇ ਸਨ। ਸਮਾਜ ਸ਼ਾਸਤਰੀ MacIver ਲਿਖਦਾ ਹੈ :-- "Every phenomenon of life is the product of both heredity and environment, each is as necessary to the result as the other, neither can ever be eliminated and' neither can be isolated." Lumbley ਨੇ ਕਿਹਾ ਹੈ --"It is not heredity or environment, but heredity and environment."
ਆਪਣੀ ਸਾਰੀ ਜ਼ਿੰਦਗੀ ਦੇ ਤਜਰਬੇ ਤੋਂ ਮੈਂ ਇਹ ਵਿਚਾਰ ਬੜਾ ਨਿਧੜਕ ਹੋ ਕੇ ਦੇ ਸਕਦਾ ਹਾਂ ਕਿ ਵਿਰਾਸਤ ਤੇ ਚੌਗਿਰਦਾ ਸ਼ਾਇਦ ਮਨੁੱਖ ਨੂੰ ਸੰਵਰਨ ਵਿੱਚ ਉਸਦੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਤੋਂ ਵੀ ਵੱਧ ਯੋਗਦਾਨ ਪਾਉਂਦੇ ਹਨ। ਪਛੜਿਆ ਹੋਇਆ ਪਿਛੋਕੜ ਮਨੁੱਖ ਨਾਲ਼ ਉਸਦੇ ਮਰਨ ਤੱਕ ਜੁੜਿਆ ਰਹਿੰਦਾ ਏ। ਚੰਗਾ ਪਿਛੋਕੜ ਮਨੁੱਖ ਨੂੰ ਮਾਨਸਿਕ ਗੁੰਝਲਾਂ ਤੋਂ ਮੁਕਤ ਕਰਦਾ ਹੈ ਤੇ ਮਾੜਾ ਪਿਛੋਕੜ ਮਨੁੱਖ ਵਿੱਚ ਇਹ ਗੁੰਝਲਾਂ ਉਸਦੇ ਅੰਤ ਤੱਕ ਬਰਕਰਾਰ ਰੱਖਦਾ ਹੈ। ਡਿਗਰੀਆਂ ਪਾਸ ਕਰਨੀਆਂ ਹੋਰ ਗੱਲ ਏ ਤੇ ਮਾਨਸਿਕ ਗੁੰਝਲਾਂ ਤੋਂ ਨਿਜਾਤ ਪ੍ਰਾਪਤ ਕਰਨੀ ਹੋਰ। ਭਾਰਤ ਤੋਂ ਉੱਚ ਡਿਗਰੀਆਂ ਪ੍ਰਾਪਤ ਲੋਕ ਵਿਕਸਿਤ ਦੇਸਾਂ ਨੂੰ ਆਉਂਦੇ ਹਨ।ਬਹੁਤਿਆਂ ਨੂੰ ਅੰਗਰੇਜੀ ਦੀ ਬਿਨ ਝਿਜਕ ਗੱਲਬਾਤ ਤੇ ਕੰਪਿਊਟਰ ਵਿੱਚ ਮੁਹਾਰਤ ਦੀ ਘਾਟ ਹੀ ਲੈ ਬੈਠਦੀ ਹੈ। ਜੇ ਉਨ੍ਹਾਂ ਨੂੰ ਵਿਕਸਿਤ ਦੇਸਾਂ ਵਿੱਚ ਜਾਂਦੇ ਸਾਰ ਛੇ ਕੁ ਮਹੀਨੇ ਅੰਗਰੇਜ਼ੀ ਗੱਲਬਾਤ ਤੇ ਕੰਪਿਊਟਰ ਕਲਾ ਵਿੱਚ ਮਾਹਰ ਕੀਤਾ ਜਾਵੇ ਤਾਂ ਉਹ ਇਨ੍ਹਾਂ ਦੇਸ਼ਾਂ ਲਈ ਇੱਕ ਵੱਡਾ ਸਰਮਾਇਆ ਸਾਬਤ ਹੋ ਸਕਦੇ ਹਨ।
ਮਾੜੇ ਗਰੀਬ ਤੇ ਅਨਪੜ੍ਹ ਪਿਛੋਕੜ ਦਾ ਸਭ ਤੋਂ ਮਾੜਾ ਅਸਰ ਉਦੋਂ ਪੈਣਾ ਸ਼ੁਰੂ ਹੁੰਦਾ ਏ ਜਦ ਬੱਚਾ 16 ਕੁ ਸਾਲ ਦਾ ਹੋ ਕੇ ਪੇਂਡੂ ਕਾਲਜਾਂ ਵਿੱਚ ਪਹੁੰਚਦਾ ਹੈ। ਇਨ੍ਹਾਂ ਪੇਂਡੂ ਕਾਲਜਾਂ ਵਿੱਚ ਥੋੜ੍ਹੇ ਜਿਹੇ ਲੜਕੇ ਲੜਕੀਆਂ ਚੰਗੇ ਅਮੀਰ ਤੇ ਕੁਝ ਕੁ ਪੜ੍ਹੇ ਲਿਖੇ ਪਰਿਵਾਰਾਂ ਦੇ ਵੀ ਹੁੰਦੇ ਹਨ। ਉਨ੍ਹਾਂ ਦਾ ਇੱਥੇ ਸਰਦਾਰਵਾਦ ਹੁੰਦਾ ਏ। ਪਛੜੇ ਹੋਏ ਗਰੀਬ ਵਿਦਿਆਰਥੀ ਇੱਥੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਹਾਲਾਤ ਵਿੱਚ ਉਹ ਪੜ੍ਹਾਈ ਵਿੱਚ ਪੱਛੜ ਵੀ ਸਕਦੇ ਹਨ। ਕਈ ਵਾਰ ਮਾੜੇ ਅਦਾਰਿਆਂ 'ਚ ਪਹਿਲੀ ਡਿਵੀਜ਼ਨ ਲੈਣ ਵਾਲ਼ੇ ਗਰੀਬ ਵਿਦਿਆਰਥੀ ਕਾਲਜਾਂ ਵਿੱਚ ਆ ਕੇ ਤੀਸਰੀ ਡਿਵੀਜ਼ਨ ਲੈਣ ਲੱਗ ਪੈਂਦੇ ਹਨ। ਮੈਂ ਚੰਡੀਗੜ੍ਹ ਦੇ ਅੰਗਰੇਜ਼ੀ ਵਿਭਾਗ ਵਿੱਚ ਐਮ.ਏ ਪਹਿਲਾ ਭਾਗ ਵਿੱਚ ਜਾ ਕੇ ਪਹਿਲਾਂ ਬੌਂਦਲ ਗਿਆ ਸੀ। ਅਮੀਜਾਦਿਆਂ ਤੇ ਅਮੀਰਜ਼ਾਦੀਆਂ ਨਾਲ਼ ਆਪਣੇ ਆਪ ਨੂੰ ਘਿਰਿਆ ਦੇਖ ਕੇ ਮੈਂ ਪਹਿਲੇ ਛੇ ਕੁ ਮਹੀਨੇ ਉੱਥੇ ਬੜੇ ਤਣਾਅ ਭਰਪੂਰ ਮਾਹੌਲ ਵਿੱਚ ਬਿਤਾਏ। ਸਾਡਾ ਅੰਗਰੇਜ਼ੀ ਵਿਭਾਗ 60 ਫੀਸਦੀ ਤੋਂ ਜ਼ਿਆਦਾ ਕਾਨਵੈਂਟ ਸਕੂਲਾਂ ਵਿੱਚ ਪੜ੍ਹੇ ਅਮੀਜ਼ਾਦਿਆਂ ਨਾਲ਼ ਭਰਿਆ ਪਿਆ ਸੀ। ਉਹ ਅਧਿਆਪਕਾਂ ਦੇ ਬੜੇ ਜਲਦੀ ਨੇੜੇ ਆ ਜਾਂਦੇ ਸਨ। ਅਸੀਂ ਝਿਜਕਦੇ ਰਹਿੰਦੇ ਸਾਂ। ਅਸੀਂ ਲਿਖਣ ਤੇ ਯਾਦ ਕਰਨ ਵਿੱਚ ਉਨ੍ਹਾਂ ਤੋਂ ਜ਼ਿਆਦਾ ਵਧੀਆ ਸਾਂ। ਇਸੇ ਕਰਕੇ ਮੇਰੇ ਬੈਚ ਵਿੱਚ ਵੀ ਤੇ ਮੇਰੇ ਤੋਂ ਪਹਿਲੇ ਬੈਚ ਵਿੱਚ ਸਾਰੀ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਦੇ ਐਮ.ਏ. ਵਿੱਚ ਫਸਟ ਰਹਿਣ ਵਾਲ਼ੇ ਦੇਸੀ ਕਾਲਜਾਂ ਦੇ ਪੜ੍ਹੇ ਮਨਮੋਹਨ ਭਟਨਾਗਰ (ਜਾਟ ਕਾਲਜ ਹਿਸਾਰ) ਤੇ ਜਾਗਰ ਸਿੰਘ (ਕੋਈ ਕਾਲਜ ਸੰਗਰੂਰ) ਸਨ। ਕਾਨਵੈਂਟਾਂ ਤੋਂ ਪੜ੍ਹ ਕੇ ਆਉਣ ਵਾਲ਼ੇ ਬਹੁਤੇ ਤੀਸਰੇ ਦਰਜੇ ਵਿੱਚ ਰਹਿ ਕੇ ਐਮ.ਏ. ਕਰ ਸਕੇ ਸਨ। ਜੇ ਮੈਂ ਯੂਨੀਵਰਸਿਟੀ ਵਿੱਚ ਜਾਣ ਦੀ ਬਜਾਏ ਹੁਸ਼ਿਆਰਪੁਰ ਸਰਕਾਰੀ ਕਾਲਜ ਵਿੱਚ ਜਾਂ ਲੁਧਿਆਣੇ ਸਰਕਾਰੀ ਕਾਲਜ ਵਿੱਚ ਐਮ.ਏ. ਕਰਦਾ ਤਾਂ ਮੈਂ ਮਾਨਸਿਕ ਗੁੰਝਲ ਦਾ ਸ਼ਿਕਾਰ ਨਹੀਂ ਹੋਣਾ ਸੀ। ਹੋ ਸਕਦਾ ਇੱਥੇ ਮੈਂ ਉੱਥੇ ਨਾਲ਼ੋਂ ਵੱਧ ਨੰਬਰ ਪ੍ਰਾਪਤ ਕਰ ਲੈਂਦਾ। ਐਮ.ਏ. ਦੂਜੇ ਸਾਲ ਤੱਕ ਜਾਂਦੇ ਜਾਂਦੇ ਮੇਰੀ ਆਪਣੇ ਆਪ ਬਾਰੇ ਮਾਨਸਿਕ ਗੁੰਝਲ ਅਤੇ ਨੀਵਾਂਪਨ ਕਾਫੀ ਘਟ ਗਏ ਸਨ। ਇਸ ਲਈ ਦੂਜੇ ਸਾਲ ਮੇਰੇ ਨੰਬਰ ਪਹਿਲੇ ਸਾਲ ਨਾਲੋਂ ਜ਼ਿਆਦਾ ਆਏ ਸਨ। ਚੰਡੀਗੜ੍ਹਦੇ ਚਕਾਚੌਂਧ ਮਾਹੌਲ ਨੇ ਐਮ.ਏ. ਕਰਦੇ ਸਮੇਂ ਮੇਰੇ ਤੋਂ ਉਹ ਵਿਲੱਖਣ ਪ੍ਰਾਪਤੀ ਨਹੀਂ ਕਰਵਾਈ ਜਿਹੜੀ ਮੈਂ ਇੱਕ ਛੋਟੇ ਜਿਹੇ ਪੇਂਡੂ ਕਾਲਜ ਵਿੱਚ ਬੀ.ਏ. ਆਨਰਜ ਅੰਗਰੇਜ਼ੀ ਵਿੱਚ ਹਾਸਲ ਕਰ ਚੁੱਕਾ ਹਾਂ। ਚੌਗਿਰਦੇ ਨੇ ਆਪਣਾ ਅਸਰ ਸਪਸ਼ਟ ਪਾਇਆ ਸੀ।
ਇਸ ਲਈ ਵਿਰਾਸਤ ਅਤੇ ਚੌਗਿਰਦੇ ਨੂੰ ਬਾਕੀ ਕਿਤਾਬੀ ਪੜ੍ਹਾਈ ਤੋਂ ਕਦੀ ਵੀ ਨੀਵਾਂ ਨਾ ਸਮਝੋ। ਮਾੜਾ ਚੌਗਿਰਦਾ ਤੁਹਾਨੂੰ ਖਰ੍ਹਵਾ ਬਣਾਉਂਦਾ ਹੈ ਤੇ ਚੰਗਾ ਚੌੋਗਿਰਦਾ ਤੁਹਾਡੇ ਵਿਅਕਤੀਤਵ ਨੂੰ ਲਿਸ਼ਕਾ ਦਿੰਦਾ ਹੈ।

ਸਤਿ ਸ੍ਰੀ ਅਕਾਲ, ਸਰ! (ਕਹਾਣੀ) - ਅਵਤਾਰ ਐਸ. ਸੰਘਾ


ਪਿੱਛੇ ਜਿਹੇ ਮੈਂ ਪੰਜਾਬੋਂ ਆਏ ਦੋ ਵਾਕਫਕਾਰਾਂ ਨਾਲ਼ ਬਲਿਊ ਮਾਊਂਟੇਨ ਵਲ ਨੂੰ ਘੁੰਮਣ ਗਿਆ। ਇਹ ਵਾਕਫਕਾਰ ਆਪਣੇ ਬੱਚਿਆਂ ਨੂੰ ਮਿਲਣ ਸਿਡਨੀ ਆਏ ਹੋਏ ਸਨ। ਵਾਪਸ ਪੰਜਾਬ ਜਾਣੋ ਖੁੰਝ ਗਏ ਸਨ ਕਿਉਂਕਿ ਕਰੋਨਾ ਦਾ ਪ੍ਰਕੋਪ ਸਾਰੀ ਦੁਨੀਆ ਤੇ ਭਾਰੂ ਪੈ ਰਿਹਾ ਸੀ। ਪਹਿਲਾਂ ਇਹ ਮੇਰੇ ਨੇੜੇ ਆਏ ਤੇ ਫਿਰ ਇਹ ਦੋਸਤਾਂ ਵਾਂਗ ਹੀ ਬਣ ਗਏ। ਆਖਰ ਘੁੰਮਣ ਜਾਣ ਦਾ ਪ੍ਰੋਗਰਾਮ ਬਣ ਗਿਐ। ਇਹ ਘੁੰਮਣਾ ਇਕ ਪ੍ਰਕਾਰ ਨਾਲ਼ ਪਿਕਨਿਕ ਸੀ ਕਿਉਂਕਿ ਬਲਿਊ ਮਾਊਂਟੇਨ ਸਾਡੇ ਘਰਾਂ ਤੋਂ ਮਸਾਂ 50 ਕੁ ਕਿਲੋਮੀਟਰ ਹੀ ਦੂਰ ਸਨ। ਅਸਾਂ ਤਿੰਨਾਂ ਨੇ ਕੁਝ ਨਾ ਕੁਝ ਖਾਣ ਲਈ ਲੈ ਲਿਆ। ਪਹਾੜਾਂ ਵਿੱਚ ਜਾ ਕੇ ਦੋ ਤਿੰਨ ਜਗ੍ਹਾ ਬੈਠੇ। ਨਾਲੇ ਇਕੱਠੇ ਬੈਠ ਕੇ ਖਾਧਾ ਤੇ ਨਾਲ਼ੇ ਗੱਪਾਂ ਮਾਰੀਆਂ।
ਚੱਲਦੀਆਂ ਗੱਲਾਂ ਵਿੱਚ ਇੱਕ ਵਿਸ਼ਾ ਇਹ ਵੀ ਚੱਲਿਆ ਕਿ ਮੈਂ ਪੰਜਾਬ ਵਿੱਚ ਲੰਮਾ ਸਮਾਂ ਪ੍ਰੋਫੈਸਰੀ ਕੀਤੀ ਸੀ। ਮੇਰੀ ਘਰਵਾਲੀ ਨੇ ਸਕੂਲ ਚਲਾਇਆ ਸੀ। ਉਹ ਕਹਿਣ ਲੱਗੇ- ਸਕੂਲ ਦਾ ਥਾਂ ਆਪਣਾ ਸੀ ਜਾਂ ਸਭ ਕੁਝ ਕਿਰਾਏ ਤੇ ਸੀ? ਪੁੱਛਣ ਲੱਗੇ- 'ਆਪਣਾ ਸਭ ਕੁਝ ਕਿਵੇਂ ਬਣਾ ਲਿਆ?' ਮੈਂ ਆਪਣਾ ਬਣਾਉਣ ਦੀ ਕਹਾਣੀ ਦੱਸਣ ਲੱਗ ਪਿਆ!
ਇਹ 1987 ਦੀ ਗੱਲ ਏ। ਮੇਰੀ ਡਿਊਟੀ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਲੈਣ ਲਈ ਸੁਪਰਡੰਟ ਦੇ ਤੌਰ ਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਲੱਗੀ ਸੀ। ਸ਼ੁਰੂ ਸ਼ੁਰੂ ਵਿੱਚ ਪਰਚੇ ਸਵੇਰੇ ਸ਼ਾਮ ਦੋਨੋ ਵੇਲੇ ਸਨ। ਇਸ ਲਈ ਮੈਨੂੰ ਸ਼ੁਰੂ ਸ਼ੁਰੂ ਵਿੱਚ ਕੁਝ ਦਿਨ ਉਸੇ ਸ਼ਹਿਰ ਵਿੱਚ ਰਿਹਾਇਸ਼ ਕਰਨੀ ਪੈਣੀ ਸੀ। ਮੈਂ ਆਪਣੇ ਇੱਕ ਐਸੇ ਵਾਕਿਫ ਨਾਲ਼ ਸੰਪਰਕ ਕੀਤਾ ਜਿਸਦੀ ਕੋਠੀ ਹੁਸ਼ਿਆਰਪੁਰ ਵਿੱਚ ਸੀ। ਕੋਠੀ ਦਾ ਇੱਕ ਹਿੱਸਾ ਕਿਰਾਏ ਤੇ ਚੜ੍ਹਿਆ ਹੋਇਆ ਸੀ ਤੇ ਦੂਜੇ ਹਿੱਸੇ ਵਿੱਚੋਂ ਦੋ ਕੁ ਕਮਰੇ ਮਾਲਕ ਨੇ ਆਪਣੀ ਕਦੀ ਕਦਾਈਂ ਵਰਤੋਂ ਲਈ ਰੱਖੇ ਹੋਏ ਸਨ। ਮਾਲਕ ਨੇ ਮੈਨੂੰ ਇੱਕ ਕਮਰੇ ਦੀ ਚਾਬੀ ਦੇ ਦਿੱਤੀ ਤੇ ਕਹਿ ਦਿੱਤਾ ਜਿਸ ਦਿਨ ਮੈਨੂੰ ਲੋੜ ਹੋਵੇ ਮੈਂ ਉਸ ਕਮਰੇ ਵਿੱਚ ਰਹਿ ਸਕਦਾ ਸੀ। ਉੱਥੇ ਉਹਨਾਂ ਦਾ ਬੈੱਡ ਲੱਗਾ ਹੋਇਆ ਸੀ। ਪਰਚੇ ਸ਼ੁਰੂ ਹੋਏ।
ਪਹਿਲੇ ਦਿਨ ਤਾਂ ਮੈਂ ਘਰੋਂ ਹੀ ਚਲਾ ਗਿਆ। ਜਾ ਕੇ ਪਰਚਾ ਸ਼ੁਰੂ ਕਰਵਾ ਦਿੱਤਾ। ਸ਼ਾਮ ਦਾ ਪਰਚਾ ਵੀ ਹੋ ਗਿਆ। ਪਰਚੇ ਤੋਂ ਬਾਅਦ ਸਾਢੇ ਕੁ ਪੰਜ ਵਜੇ ਮੈਂ ਆਪਣੇ ਕਮਰੇ ਵਿੱਚ ਪਹੁੰਚਣ ਲਈ ਜਾ ਕੇ ਕੋਠੀ ਦੇ ਦਰਵਾਜੇ ਮੂਹਰੇ ਲੱਗੀ ਘੰਟੀ ਦਾ ਬਟਨ ਦਬਾ ਦਿੱਤਾ। ਗੇਟ ਇੱਕ ਵਿਆਹੁਤਾ ਲੜਕੀ ਨੇ ਖੋਲ੍ਹਿਆ ਤੇ ਖੋਲ੍ਹਦੇ ਸਾਰ ਹੀ ਮੁਸਕਰਾਹਟ ਭਰੀ ਅਵਾਜ਼ 'ਚ ਬੋਲੀ:
'ਸਤਿ ਸ੍ਰੀ ਅਕਾਲ, ਸਰ!'
ਉਸਦੇ ਮੈਨੂੰ ਸਰ ਕਹਿਣ ਤੇ ਮੈਨੂੰ ਹੈਰਾਨੀ ਜਿਹੀ ਹੋਈ। ਮੈਂ ਉਸਦੀ ਫਤਿਹ ਦਾ ਜਵਾਬ ਫਤਿਹ ਵਿੱਚ ਦੇ ਦਿੱਤਾ। ਮੈਂ ਹੈਰਾਨ ਜਿਹਾ ਹੋਇਆ ਅੱਗੇ ਨੂੰ ਵਧਣ ਲੱਗਾ ਹੀ ਸੀ ਕਿ ਉਹ ਬੋਲ ਪਈ,''ਸਰ, ਤੁਹਾਡੇ ਆਉਣ ਤੇ ਬੜੀ ਖੁਸ਼ੀ ਹੋਈ। ਆਓ, ਬੈਠੋ। ਕੀ ਕੋਈ ਕੰਮ ਏ? ਸਰ, ਮੈਂ ਤਾਂ ਤੁਹਾਨੂੰ ਤਕਰੀਬਨ ਸੱਤ ਸਾਲਾਂ ਬਾਅਦ ਦੇਖਿਆ ਏ।''
''ਕੀ ਤੁਸੀਂ ਮੈਨੂੰ ਜਾਣਦੇ ਹੋ?''
''ਸਰ, ਹੱਦ ਹੋ ਗਈ? ਅਸੀਂ ਕਦੀ ਭੁੱਲ ਸਕਦੇ ਹਾਂ?''
''ਮੈਂ ਤੁਹਾਨੂੰ ਪਹਿਚਾਣਿਆ ਨਹੀਂ?''
''ਸਰ, ਮੇਰਾ ਨਾਮ ਮੰਜੁਲਾ ਏ। ਮੈਂ ਤੁਹਾਡੀ ਸਟੂਡੈਂਟ ਸਾਂ।''
''ਆਈ ਸੀ! ਇਹਦਾ ਮਤਲਬ ਇਹ ਕਿ ਤੁਸੀਂ ਮੇਰੇ ਇਲਾਕੇ ਦੇ ਹੀ ਹੋ?''
''ਜੀ ਹਾਂ, ਸਰ ਮੇਰਾ ਪਿੰਡ ਨੂਰਪੁਰ ਏ। ਮੈਂ ਬਕਾਪੁਰ ਵਿਆਹੀ ਹੋਈ ਹਾਂ। ਮੇਰਾ ਘਰਵਾਲਾ ਇੱਥੇ ਬੈਂਕ ਵਿੱਚ ਲੋਨ ਅਫਸਰ ਏ। ਉਹ ਬੈਂਕ ਤੋਂ ਆਉਣ ਹੀ ਵਾਲੇ ਹਨ। ਉਹਨਾਂ ਦਾ ਨਾਮ ਰਾਜ ਕੁਮਾਰ ਏ। ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਣਗੇ। ਸਾਡੀ ਪੋਸਟਿੰਗ ਅੱਜ ਕੱਲ ਇੱਥੇ ਹੁਸ਼ਿਆਰਪੁਰ ਏ। ਅਸੀਂ ਇਸ ਕੋਠੀ ਵਿੱਚ ਅੱਜ ਕੱਲ ਕਿਰਾਏਦਾਰ ਹਾਂ। ਸਰ, ਤੁਹਾਡਾ ਇੱਥੇ ਆਉਣਾ ਕਿਵੇਂ ਹੋਇਆ? ਕੀ ਤੁਹਾਨੂੰ ਕੋਈ ਬੈਂਕ ਦਾ ਕੰਮ ਏ? ਮੈਨੂੰ ਹੈਰਾਨੀ ਏ ਕਿ ਏਨੀ ਦੂਰ ਤੁਹਾਨੂੰ ਬੈਂਕ ਦਾ ਕੰਮ ਵੀ ਕੀ ਹੋ ਸਕਦਾ ਏ?''
''ਅੱਛਾ ਤਾਂ ਇਹ ਗੱਲ ਏ। ਮੇਰੇ ਬਾਰੇ ਸੁਣ ਲੈ। ਮੇਰੀ ਡਿਊਟੀ ਬਤੌਰ ਸੈਂਟਰ ਸੁਪਡੰਟ ਸਰਕਾਰੀ ਕਾਲਜ ਵਿੱਚ ਲੱਗੀ ਹੋਈ ਏ। ਮੈਂ ਪਰਚਾ ਖਤਮ ਕਰਕੇ ਆਇਆ ਹਾਂ। ਇਹ ਕੋਠੀ ਤਲਵੰਡੀ ਵਾਲੇ ਬਖਤਾਵਰ ਸਿੰਘ ਸਹੋਤਾ ਦੀ ਏ। ਉਹਨਾਂ ਦੇ ਘਰਾਂ ਵਿੱਚ ਮੇਰੀ ਭੈਣ ਵਿਆਹੀ ਹੋਈ ਏ। ਉਹਨਾਂ ਨੇ ਮੈਨੂੰ ਇੱਕ ਕਮਰੇ ਦੀ ਇਹ ਚਾਬੀ ਦਿੱਤੀ ਹੈ ਤਾਂ ਕਿ ਲੋੜ ਪੈਣ ਤੇ ਮੈਂ ਇਨ੍ਹਾਂ ਯੂਨੀਵਰਸਿਟੀ ਦੇ ਇਮਤਿਹਾਨਾਂ ਦਰਮਿਆਨ ਇੱਥੇ ਕਦੀ ਕਦਾਈਂ ਰਾਤ ਰਹਿ ਸਕਾਂ। ਤੁਹਾਡੇ ਘਰਵਾਲੇ ਨੂੰ ਮਿਲਕੇ ਮੈਨੂੰ ਬੜੀ ਖੁਸ਼ੀ ਹੋਵੇਗੀ।''
-----------------
ਮੈਂ ਤੇ ਮੇਰੇ ਦੋਵੇਂ ਸਾਥੀ ਹੁਣ ਲਾਅਸਨ (Lawson) ਪਹੁੰਚ ਗਏ ਸਾਂ। ਉੱਥੇ ਕਾਰ ਪਾਰਕ ਕਰਕੇ ਅਸੀਂ ਬੈਂਚਾਂ ਤੇ ਬੈਠ ਗਏ। ਖਾਣਾ ਖਾਧਾ ਤੇ ਥਰਮਸ ਵਿੱਚੋਂ ਚਾਹ ਪਾ ਕੇ ਪੀ ਰਹੇ ਸਾਂ। ਇੰਨੇ ਨੂੰ ਸਾਡੇ ਨੇੜਿਓਂ ਲੰਘ ਰਹੇ ਇੱਕ 45 ਕੁ ਸਾਲਾ ਬੰਦੇ ਨੇ ਮੇਰੇ ਵਲ ਦੇਖਿਆ ਤੇ ਉੱਚੀ ਦੇਣੀ ਕਿਹਾ,'ਸਤਿ ਸ੍ਰੀ ਅਕਾਲ, ਸਰ!'
''ਭਾਈ ਸਾਹਿਬ, ਆਓ। ਆਓ ਚਾਹ ਪੀ ਕੇ ਜਾਇਓ।'' ਮੈਂ ਕਿਹਾ।
''ਸਰ, ਬਹੁਤ ਮਿਹਰਬਾਨੀ। ਚਾਹ ਤੁਸੀਂ ਪੀਓ। ਅੱਜ ਇੱਧਰ ਆਉਣਾ ਕਿਵੇਂ ਹੋਇਆ? ਸਰ, ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ।''
''ਬਹੁਤ ਮਿਹਰਬਾਨੀ, ਵੀਰ ਜੀ। ਵੈਸੇ ਮੈਂ ਤੁਹਾਨੂੰ ਪਹਿਚਾਣਿਆ ਨਹੀਂ।''
''ਸਰ ਜੀ, ਮੈਂ ਤੁਹਾਡੇ ਸਕੂਲ ਵਿੱਚ ਪੜ੍ਹਿਆ ਹਾਂ। ਤੁਸੀਂ ਕਾਲਜ ਪੜ੍ਹਾਉਂਦੇ ਸੀ ਤੇ ਮੈਡਮ ਸਕੂਲ ਚਲਾਉਂਦੇ ਸਨ। ਮੈਂ ਆਪਣੀ ਸਕੂਲ ਦੀ ਪੜ੍ਹਾਈ ਤੋਂ ਬਾਅਦ ਸਿਡਨੀ ਆ ਗਿਆ ਸੀ। ਹੁਣ ਤੋਂ 6 ਕੁ ਸਾਲ ਪਹਿਲਾਂ। ਫਿਰ ਮੈਂ ਇੱਧਰ ਬੈਂਕ ਵਿੱਚ ਟੈਲਰ ਦੀ ਨੌਕਰੀ ਕਰਨ ਲੱਗ ਪਿਆ। ਹੁਣ ਮੈਂ ਆਹ ਨੇੜੇ ਤੋਂ ਹੀ ਬੈਂਕ ਵਿੱਚੋਂ ਜਾਬ ਖਤਮ ਕਰਕੇ ਆਇਆ ਹਾਂ।''
''ਕੀ ਨਾਮ ਏ, ਬੇਟੇ, ਤੁਹਾਡਾ?''
''ਸਰ, ਹਰੀਸ਼। ਮੇਰੇ ਬਾਪ ਦੀ ਸ਼ਹਿਰ ਵਿੱਚ ਪੇਂਟ ਦੀ ਦੁਕਾਨ ਹੁੰਦੀ ਸੀ।''
''ਓਹ, ਮੈਂ ਹੁਣ ਸਮਝਿਆ। ਮੈਨੂੰ ਯਾਦ ਆ ਗਿਐ। ਤੂੰ ਤਾਂ ਬਹੁਤ ਬਦਲ ਗਿਆ ਏਂ, ਬੇਟੇ।''
''ਸਰ, ਬਦਲੇ ਹੋਏ ਤਾਂ ਤੁਸੀਂ ਵੀ ਹੋ ਪਰ ਮੈਂ ਫਿਰ ਵੀ ਤੁਹਾਨੂੰ ਪਹਿਚਾਣ ਲਿਆ। ਅੱਛਾ ਸਰ ਤੁਸੀਂ ਮਜੇ ਕਰੋ। ਮੈਂ ਹੁਣ ਟਰੇਨ ਫੜਨੀ ਏ।''
''ਚੰਗਾ ਬਈ।''
ਉਹ Lawson Station ਵਲ ਨੂੰ ਚਲਾ ਗਿਆ। ਅਸੀਂ ਚਾਹ ਪੀਣ ਲੱਗ ਪਏ।
''ਅੱਗੇ ਸੁਣਾਓ, ਫਿਰ ਉਨਹਾਂ ਬੈਂਕ ਵਾਲਿਆਂ ਨਾਲ਼ ਕਿਵੇ ਹੋਇਆ? ਅੱਜ ਤਾਂ ਸਾਰੇ ਬੈਂਕ ਵਾਲੇ ਹੀ 'ਸਰ' 'ਸਰ' ਕਹੀ ਜਾ ਰਹੇ ਨੇ। ਤੁਹਾਡੇ ਵਿਦਿਆਰਥੀ ਦੁਨੀਆ ਭਰ ਵਿੱਚ ਫੈਲੇ ਹੋਏ ਨੇ,'' ਸਾਥੀ ਹਰਚਰਨ ਕਹਿਣ ਲੱਗਾ।
''ਥੋੜ੍ਹੀ ਦੇਰ ਵਿੱਚ ਹੀ ਮੰਜੁਲਾ ਦਾ ਘਰਵਾਲਾ ਰਾਜ ਕੁਮਾਰ ਵੀ ਆ ਗਿਆ। ਮੈਨੂੰ ਮਿਲਕੇ ਉਹ ਵੀ ਬਹੁਤ ਖੁਸ਼ ਹੋਇਆ। ਹੋਰ ਸਰ, ਮੈਡਮ ਕੀ ਕਰਦੇ ਨੇ? ਉਹ ਵੀ ਕਿਧਰੇ ਪ੍ਰੋਫੈਸਰ ਨੇ?'' ਰਾਜ ਕੁਮਾਰ ਪੁੱਛਣ ਲੱਗਾ।
''ਨਹੀਂ, ਰਾਜ ਕੁਮਾਰ। ਉਹਨਾਂ ਨੇ ਦੋ ਕੁ ਸਾਲ ਪਹਿਲਾਂ ਆਪਣਾ ਸਕੂਲ ਖੋਲ੍ਹਿਆ ਸੀ। ਅਜੇ ਸੋਸਾਇਟੀ ਦੇ ਤੌਰ ਤੇ ਦਰਜ ਕਰਵਾਇਆ ਹੈ। ਅੱਗੇ ਜਾ ਕੇ ਮਾਨਤਾ ਪ੍ਰਾਪਤ ਕਰਵਾਵਾਂਗੇ। ਤੁਸੀਂ ਬੈਂਕ ਵਿੱਚ ਕਿਸ ਅਹੁਦੇ ਤੇ ਹੋ?''
''ਮੈਂ Loan Officer ਹਾਂ। ਸੱਚ ਇੱਕ ਗੱਲ ਦੱਸੋ ਕੀ ਕਿਸੇ ਨੂੰ ਕਰਜਾ ਤਾਂ ਨਹੀਂ ਚਾਹੀਦਾ? ਅਸੀਂ ਉਹਨਾਂ ਲੋਕਾਂ ਨੂੰ ਸਬਸਿਡੀ ਤੇ ਲੋਨ ਦਿੰਦੇ ਹਾਂ ਜਿਹੜੇ ਆਪਣਾ ਕੰਮ ਖੋਲ੍ਹਦੇ ਹਨ। ਮੈਡਮ ਨੇ ਆਪਣਾ ਕੰਮ ਖੋਲ੍ਹਿਆ ਏ। ਤੁਸੀਂ 25000 ਕਰਜ਼ਾ ਲੈ ਸਕਦੇ ਹੋ। ਲੋਕ ਤਾਂ ਇਸ ਸਕੀਮ ਦਾ ਲਾਭ ਉਠਾਉਣ ਲਈ ਸਾਡੇ ਮਗਰ ਮਗਰ ਫਿਰਦੇ ਹਨ। ਕੀ ਖਿਆਲ ਏ?''
''ਰਾਜ ਕੁਮਾਰ, ਮੈਨੂੰ ਬੈਂਕਿੰਗ ਅਤੇ ਫਾਇਨੈਂਸ ਬਾਰੇ ਬਹੁਤਾ ਪਤਾ ਨਹੀਂ। ਅਗਰ ਤੁਸੀਂ ਗਾਈਡ ਕਰੋ ਤਾਂ ਮੈਂ ਇੰਜ ਕਰ ਵੀ ਸਕਦਾ ਹਾਂ।''
''ਸਾਡੇ ਪਾਸ ਪੰਜ ਸੌ ਅਰਜੀ ਆ ਚੁੱਕੀ ਏ, ਸਰ। ਤੁਸੀਂ ਵੀ ਫਾਰਮ ਭਰ ਦਿਓ। ਤੁਹਾਨੂੰ ਸਭ ਤੋਂ ਪਹਿਲਾਂ ਦੇਵਾਂਗੇ। ਮੈਡਮ ਦੇ ਬਸ ਦਸਤਖਤ ਚਾਹੀਦੇ ਹਨ। ਤੁਸੀਂ ਇਹ ਕਰਵਾ ਲਓ। ਚੈੱਕ ਲੈਣ ਵਾਲੇ ਦਿਨ ਇਕੱਲੇ ਹੀ ਆ ਜਾਣਾ।''
''ਬੜੀ ਕਮਾਲ ਦੀ ਗੱਲ ਹੋਈ। ਇੱਕ ਬੰਦਾ ਕਰਜ਼ਾ ਲੈਣਾ ਵੀ ਨਹੀਂ ਚਾਹੁੰਦਾ। ਕਰਜ਼ਾ ਉਹਦੇ ਵਲ ਨੂੰ ਭੱਜ ਭੱਜ ਕੇ ਆ ਰਿਹਾ ਏ।''
ਹਰਸ਼ਰਨ ਕਹਿਣ ਲੱਗਾ,''ਫਿਰ ਕਿਵੇਂ ਹੋਇਆ?''
''ਮੈਂ ਫਾਰਮ ਭਰ ਦਿੱਤਾ। 15 ਕੁ ਦਿਨਾਂ ਬਾਅਦ ਸੂਚਨਾ ਮਿਲਣ ਤੇ ਚੈੱਕ ਲੈਣ ਚਲਾ ਗਿਆ। ਬੈਂਕ ਮੂਹਰੇ ਚਾਰ ਕੁ ਸੌ ਬੰਦਾ ਖੜ੍ਹਾ ਸੀ। ਆਪਣੀ ਵਾਰੀ ਉਡੀਕ ਰਹੇ ਸਨ। ਰਾਜ ਕੁਮਾਰ ਭੀੜ ਦੇ ਮੂਹਰੇ ਆ ਕੇ ਮੇਰੇ ਵਲ ਦੇਖ ਕੇ ਬੋਲਿਆ,'' ਸਤਿ ਸ੍ਰੀ ਅਕਾਲ, ਸਰ! ਅੰਦਰ ਆ ਜਾਓ।''
ਮੈਂ ਭੀੜ ਚੋਂ ਹੁੰਦਾ ਹੋਇਆ ਅੰਦਰ ਨੂੰ ਚਲਾ ਗਿਆ। ਲੋਕ ਮੇਰੇ ਵਲ ਦੇਖ ਰਹੇ ਸਨ। ਮੈਂ ਚੈੱਕ ਲਿਆ ਤੇ ਅਰਾਮ ਨਾਲ ਬਾਹਰ ਆ ਗਿਆ। ਘਰ ਪਹੁੰਚਿਆ। ਅਸੀਂ ਜਮੀਨ ਦਾ ਪਲਾਟ ਲੈਣ ਦੀ ਸਲਾਹ ਬਣਾ ਲਈ। 25000 ਵਿੱਚ ਕੁੱਝ ਹੋਰ ਪੈਸੇ ਪਾ ਕੇ ਇੱਕ ਕਨਾਲ਼ ਦਾ ਜਮੀਨ ਦਾ ਪਲਾਟ ਲੈ ਲਿਆ। ਇਸ ਪ੍ਰਕਾਰ ਮੇਰੀ ਘਰਵਾਲੀ ਦੇ ਆਪਣੀ ਮਾਲਕੀ ਵਾਲੇ ਸਕੂਲ ਦੀ ਸ਼ੁਰੂਆਤ ਹੋਈ। ਫਿਰ ਇਸ ਸਕੂਲ ਦੀ ਕਮੇਟੀ ਬਣ ਗਈ। 3 ਕੁ ਸਾਲਾਂ ਵਿੱਚ ਹੋਰ ਥਾਂ ਲੈ ਕੇ ਕੁਝ ਇਮਾਰਤ ਬਣਾ ਕੇ ਇਸਦੀ ਮਾਨਤਾ ਲੈ ਲਈ। ਮੈਂ ਐਸੇ ਕਬੀਲੇ 'ਚ ਪੈਦਾ ਹੋਇਆ ਹਾਂ ਜਿਹੜਾ ਖੇਤੀਬਾੜੀ ਕਰਨੀ ਤਾਂ ਜਾਣਦਾ ਸੀ ਪਰੰਤੂ ਕਾਰੋਬਾਰ ਜਾਂ ਬਿਜਨਸ ਕਰਨ ਤੋਂ ਬਿਲਕੁਲ ਅਣਜਾਣ ਸੀ। ਸਬੱਬ ਐਸਾ ਬਣਿਆ ਕਿ ਮੈਂ ਕਾਰੋਬਾਰ ਕਰਨ ਵੀ ਲੱਗ ਪਿਆ। ਇਸਦਾ ਇੱਕ ਕਾਰਨ ਤਾਂ ਅਚਾਨਕ ਬੈਂਕ ਦੀ ਮਦਦ ਸੀ ਤੇ ਦੂਜਾ ਕਾਰਨ ਇਹ ਸੀ ਕਿ ਅਸਾਂ ਪੰਜਾਬ ਛੱਡ ਕੇ ਕਿਤੇ ਵੀ ਨਹੀਂ ਸੀ ਜਾਣਾ।''
''ਇਸਦਾ ਕੀ ਭਾਵ? ਨਾਲੇ ਸਭ ਕੁਝ ਛੱਡ ਕੇ ਇੱਧਰ ਨੂੰ ਵੀ ਆ ਗਏ?'' ਹਰਚਰਨ ਬੋਲਿਆ।
''ਇੱਧਰ ਵਾਸਤੇ ਵੀ ਮੈਨੂੰ ਹਾਲਾਤ ਨੇ ਹੀ ਅਰਜੀ ਦੇਣ ਲਈ ਮਜਬੂਰ ਕੀਤਾ ਸੀ। ਜਿੰਨੀ ਵੱਡੀ ਉਮਰ 'ਚ ਮੈਂ ਇਹ ਅਰਜੀ ਪਾਈ ਓਨੀ ਵਿੱਚ ਕਿਸੇ ਦਾ ਬਾਹਰਲਾ ਘਟ ਹੀ ਬਣਦਾ ਏ। ਮੈਂ ਕਿਸੇ ਮਜਬੂਰੀ ਬਸ ਅਰਜੀ ਪਾ ਦਿੱਤੀ ਤੇ ਉਹ ਡੇਢ ਕੁ ਸਾਲ ਵਿੱਚ ਹੀ ਪਾਸ ਹੋ ਗਈ।''
ਇੰਨੀਆ ਕੁ ਗੱਲਾਂ ਕਰਕੇ ਅਸੀਂ ਅੱਗੇ ਕੁਟੰਭੇ ਵਲ ਨੂੰ ਚਲ ਪਏ। ਉੱਥੋਂ ਮੈਂ ਗੱਡੀ  Three Sisters ਵਲ ਨੂੰ ਮੋੜ ਲਈ। ਜਦ Three Sisters ਪਹੁੰਚੇ ਤਾਂ ਉੱਥੇ ਲੋਕਾਂ ਦਾ ਕਾਫੀ ਹਜੂਮ ਸੀ ਕਿਉਂਕਿ ਇਹ ਇਤਿਹਾਸਕ ਜਗ੍ਹਾ ਏ। ਉੱਥੇ ਜਾ ਕੇ ਅਸੀਂ ਇੱਕ ਖੋਖੇ ਅੱਗੇ ਖੜ੍ਹੇ ਕਾਫੀ ਪੀ ਰਹੇ ਸਾਂ। ਮੈਂ ਦੂਰ ਨਜ਼ਰ ਮਾਰੀ ਤਾਂ ਮੈਨੂੰ ਮੇਰਾ ਇੱਕ ਵਾਕਫ ਬੰਦਾ ਖੜ੍ਹਾ ਨਜ਼ਰ ਆ ਰਿਹਾ ਸੀ। ਮੈਂ ਇਸ ਬੰਦੇ ਨੂੰ ਦੇਖ ਲਿਆ ਲੇਕਿਨ ਮੈਂ ਇਹਦੇ ਬਾਰੇ ਆਪਣੇ ਦੋਹਾਂ ਸਾਥੀਆਂ ਨੂੰ ਅਜੇ ਦੱਸਿਆ ਕੁੱਝ ਨਾ। ਇੰਨੇ ਨੂੰ ਮਨਮੋਹਨ ਕਹਿਣ ਲੱਗਾ,''ਭਾਈ ਸਾਹਿਬ, ਤੁਹਾਨੂੰ ਥਾਂ ਥਾਂ ਤੇ ਤੁਹਾਡੇ ਵਿਦਿਆਰਥੀ ਮਿਲ ਪੈਂਦੇ ਹਨ। ਇੱਕ ਅਧਿਆਪਕ ਦੀ ਵੀ ਵਾਕਫੀਅਤ ਦਾ ਦਾਇਰਾ ਸੱਚਮੁੱਚ ਹੀ ਬੜਾ ਵਿਸ਼ਾਲ ਹੁੰਦਾ ਏ।''
''ਤੁਸੀਂ ਵੀ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵਕੀਲ ਰਹੇ ਹੋ। ਤੁਹਾਡਾ ਦਾਇਰਾ ਵੀ ਬਥੇਰਾ ਲੰਬਾ ਹੋਵੇਗਾ। ਕੀ ਤੁਸੀਂ ਅੱਜ ਮੈਨੂੰ ਇੱਥੇ ਆਪਣਾ ਕੋਈ ਵਾਕਫ ਬੰਦਾ ਮਿਲਾ ਸਕਦੇ ਹੋ?''
''ਤੁਸੀਂ ਤਾਂ ਮੈਨੂੰ ਚੈਲੰਜ ਕਰ ਦਿੱਤਾ। ਏਦਾਂ ਅਚਾਨਕ ਅਣਜਾਣ ਥਾਂ ਤੇ ਸੱਤ ਸਮੁੰਦਰੋਂ ਪਾਰ ਵੀ ਕਦੀ ਕੋਈ ਵਾਕਫ ਬੰਦਾ ਮਿਲਦਾ ਹੁੰਦਾ ਏ? ਅਸੰਭਵ! ਤੁਸੀਂ ਮੈਨੂੰ ਚੈਲੰਜ ਕਰ ਰਹੇ ਹੋ, ਮੰਨਦਾ ਹਾਂ ਕਿ ਤੁਹਾਨੂੰ ਲਾਅਸਨ (Lawson) ਵਿਖੇ ਇੱਕ ਵਿਦਿਆਰਥੀ ਮਿਲ ਗਿਆ। ਚਲੋ ਹੁਣ ਲੱਭ ਕੇ ਦੱਸੋ। ਜੇ ਲੱਭ ਲਓ ਤਾਂ ਫਿਰ ਤੁਹਾਨੂੰ ਮੰਨ ਜਾਵਾਂਗੇ। ਤੁਸੀਂ ਤਾਂ ਇੰਨੇ ਸ਼ੇਖੀ 'ਚ ਆ ਗਏ ਹੋ ਕਿ ਸਾਡੇ ਤੇ ਰੋਅਬ ਝਾੜਨ ਲਈ ਕਹੀ ਜਾ ਰਹੇ ਹੋ ਕਿ ਤੁਹਾਨੂੰ ਹਰ ਥਾਂ ਤੇ ਵਾਕਿਫ ਮਿਲ ਸਕਦਾ ਹੈ। ਤੁਸੀਂ ਪੂਰੀ ਸ਼ੇਖੀ ਵਿੱਚ ਆ ਗਏ ਹੋ ਤੇ ਸੋਚਦੇ ਹੋ ਕਿ ਇੱਕ ਅਧਿਆਪਕ ਦਾ ਜਾਣ ਪਛਾਣ ਦਾ ਦਾਇਰਾ ਬਹੁਤ ਵਿਸ਼ਾਲ ਹੁੰਦਾ ਏ। ਚਲੋ ਅੱਜ ਤੁਹਾਨੂੰ ਦੇਖਦੇ ਹਾਂ। ਇੱਕ ਹੋਰ ਰਿਆਇਤ ਵੀ ਦੇ ਦੇਂਦਾ ਹਾਂ। ਆਪਾਂ ਇੱਥੇ ਦੋ ਘੰਟੇ ਰਹਾਂਗੇ। ਲੋਕ ਆ ਵੀ ਰਹੇ ਹਨ ਤੇ ਜਾ ਵੀ ਰਹੇ ਹਨ। ਤੁਸੀਂ ਦੋ ਘੰਟਿਆਂ 'ਚ ਆਪਣਾ ਇੱਕ ਵਾਕਫ ਲੱਭ ਦਿਓ। ਮੰਨ ਜਾਵਾਂਗਾ। ਮੈਂ ਸ਼ਰਤ ਲਗਾਉਣ ਲਈ ਵੀ ਤਿਆਰ ਹਾਂ।''
''ਮਨਮੋਹਨ, ਮੈਨੂੰ ਦੋ ਕੁ ਮਿੰਟ ਸੋਚ ਲੈਣ ਦਿਓ।''
''ਚੱਲ ਸੋਚ ਲੈ।''
ਇੰਨੇ ਚਿਰ 'ਚ ਮੈਂ ਚੋਰੀ ਚੋਰੀ ਦੂਰ ਫਿਰ ਉਸ ਬੰਦੇ ਵਲ ਦੇਖਿਆ ਜਿਹੜਾ ਮੈਨੂੰ ਮੇਰਾ ਵਾਕਫ ਲਗਦਾ ਸੀ।
ਫਿਰ ਮੈਂ ਕਿਹਾ,''ਚੱਲ ਲਗਾ ਲੈ ਸ਼ਰਤ, ਮਨਮੋਹਨ। ਸਮਾਂ ਵੀ ਦੋ ਘੰਟੇ ਦਾ ਏ। ਤੁਸੀਂ ਆਪ ਹੀ ਮੰਨਿਆ ਏ।''
''ਭਾਜੀ, ਹੋਰ ਸੋਚ ਲਓ। ਨਮਾਜ਼ਾਂ ਬਖਸ਼ਾਉਂਦੇ ਬਖਸ਼ਾਉਂਦੇ ਕਿਤੇ ਰੋਜ਼ੇ ਗਲ਼ ਨਾ ਪਾ ਲਿਓ,'' ਹਰਚਰਨ ਨੇ ਮਨਮੋਹਨ ਨੂੰ ਚੁਕੰਨਾ ਕਰਨ ਦੀ ਕੋਸ਼ਿਸ਼ ਕੀਤੀ।
''ਲੱਗ ਗਈ ਸੌ ਡਾਲਰ ਦੀ ਸ਼ਰਤ,'' ਮਨਮੋਹਨ ਹੁੱਬ ਕੇ ਬੋਲਿਆ,''ਇਸ ਸ਼ੇਖੀਬਾਜ ਨੂੰ ਅੱਜ ਦੇਖ ਹੀ ਲੈਂਦੇ ਹਾਂ।''
''ਡੰਨ।'' ਮੈਂ ਕਿਹਾ,''ਆਓ, ਫਿਰੀਏ ਤੁਰੀਏ।''
ਅਸੀਂ Three Sisters ਵੱਲ ਨੂੰ ਚੱਲ ਪਏ। ਲੋਕ ਇੱਧਰ ਉੱਧਰ ਘੁੰਮ ਰਹੇ ਸਨ। ਮੈਂ ਜਿੱਧਰ ਨੂੰ ਵੀ ਜਾਂਦਾ ਸਾਂ ਉਹ ਮੇਰੇ ਨਾਲ਼ ਨਾਲ਼ ਹੀ ਸਨ। ਪਹਾੜਾਂ ਅਤੇ ਵਾਦੀਆਂ ਦਾ ਨਜ਼ਾਰਾ ਸੱਚਮੁੱਚ ਹੀ ਬੜਾ ਮਨਮੋਹਣਾ ਸੀ। ਮੌਸਮ ਵੀ ਬੜਾ ਸੁਹਾਵਣਾ ਸੀ। ਕਈ ਸਾਰੀਆਂ ਸੈਲਾਨੀ ਬੱਸਾਂ ਵੀ ਆਈਆਂ ਹੋਈਆਂ ਸਨ। ਅਸੀਂ ਅਜੇ 50 ਕੁ ਕਦਮ ਹੀ ਤੁਰੇ ਸਾਂ ਕਿ ਸਾਹਮਣਿਓਂ ਇੱਕ 35 ਕੁ ਸਾਲਾ ਪੰਜਾਬੀ ਮੁੰਡਾ ਮੇਰੇ ਵਲ ਨੂੰ ਤੇਜ ਤੇਜ ਆਇਆ ਤੇ ਬੋਲਿਆ,''ਸਤਿ ਸ੍ਰੀ ਅਕਾਲ, ਸਰ!''
''ਓਏ ਪਰਮਾਰ, ਅੱਜ ਇੱਥੇ ਕਿਵੇਂ?''
''ਜਿਵੇਂ ਤੁਸੀਂ ਸਰ, ਓਵੇਂ ਹੀ ਮੈਂ! ਮੈਂ ਟੂਰ ਨਾਲ ਆਇਆ ਸਾਂ ਘੁੰਮਣ ਫਿਰਨ।''
''ਤੁਸੀਂ ਮੈਨੂੰ ਪਹਿਲਾਂ ਵੀ ਇੱਕ ਵਾਰ ਗੁਰਦੁਆਰਾ  ਸਾਹਿਬ ਵਿਖੇ ਮਿਲੇ ਸੀ। ਤੁਸੀਂ ਕਿਹੜੇ ਸਾਲ ਕਾਲਜ ਵਿੱਚ ਪੜ੍ਹਦੇ ਹੁੰਦੇ ਸੀ?''
''ਸਰ, 1998 ਵਿੱਚ ਮੈਂ ਬੀ.ਐਸ.ਸੀ. ਕੀਤੀ ਸੀ।''
''ਓ, ਆਈ ਰੀਮੈਂਬਰ!''
''ਸਰ, ਉਸ ਸਾਲ ਤੁਸੀਂ ਕਾਲਜ ਵਿੱਚ ਯੁਵਕ ਮੇਲੇ ਲਈ ਸਫਦਰ ਹਾਸ਼ਮੀ ਦਾ ਲਿਖਿਆ ਨਾਟਕ 'ਹੱਲਾ ਬੋਲ!' ਖਿਡਾਇਆ ਸੀ।''
''ਪਰਮਾਰ ਹੁਣ ਕਿੱਥੇ ਰਹਿੰਦੇ ਹੋ?''
''ਸਿਡਨੀ ਦੇ ਓਰਾਨ ਪਾਰਕ ਵਿਖੇ।''
''ਬੜੀ ਖੁਸ਼ੀ ਹੋਈ ਮਿਲ ਕੇ! ਕਰੋ ਇਨਜੁਆਏ।''
ਪਰਮਾਰ ਚਲਾ ਗਿਆ। ਇੱਧਰ ਮਨਮੋਹਨ ਹੈਰਾਨ ਪਰੇਸ਼ਾਨ! ਉਹ ਸ਼ਰਤ ਹਾਰ ਗਿਆ ਸੀ।
''ਭਰਾਵਾ, ਇੱਕ ਅਧਿਆਪਕ, ਖਾਸ ਕਰਕੇ ਕਾਲਜ ਅਧਿਆਪਕ, ਦਾ ਜਾਣ ਪਛਾਣ ਦਾ ਦਾਇਰਾ ਸੱਚਮੁੱਚ ਹੀ ਬੜਾ ਵਿਸ਼ਾਲ ਹੁੰਦਾ ਏ। ਮੰਨ ਗਏ ਤੈਨੂੰ!! ਜਿਹਨੇ ਕਾਲਜ ਵਿੱਚ 30-35 ਸਾਲ ਪੜਾਇਆ ਹੋਵੇ ਉਹਨੂੰ ਉਹ ਵਿਦਿਆਰਥੀ ਵੀ ਪਹਿਚਾਣਦੇ ਹੁੰਦੇ ਨੇ ਜਿਹੜੇ ਉਹਦੀ ਜਮਾਤ ਵਿੱਚ ਨਹੀਂ ਪੜ੍ਹੇ ਹੁੰਦੇ। ਜਵਾਨ ਤਬਕੇ ਦੀ ਯਾਦਦਾਸ਼ਤ ਵੀ ਬੜ੍ਹੀ ਤੇਜ ਹੁੰਦੀ ਏ। ਆਹ ਫੜ ਸੌ ਦਾ ਨੋਟ। ਮੈਂ ਸ਼ਰਤ ਹਾਰ ਗਿਆ!''
''ਨਹੀਂ ਮਨਮੋਹਨ, ਮੈਂ ਪੈਸੇ ਨਹੀਂ ਲੈਣੇ। ਆਪਾਂ ਤਾਂ ਹੱਸਦੇ ਸੀ। ਤੁਹਾਨੂੰ ਇੱਕ ਸਲਾਹ ਦਿੰਦਾ ਹਾਂ। ਮੂਹਰੇ ਨਵਾਂ ਸਾਲ ਚੜ੍ਹ ਰਿਹਾ ਏ। ਆਪਾਂ ਇਕੱਠੇ ਬੈਠ ਕੇ ਕੁਝ ਖਾ ਪੀ ਲਵਾਂਗੇ। ਤੇਰੇ ਇਹ 100 ਵੀ ਵਿੱਚ ਹੀ ਖਰਚ ਕਰ ਲਵਾਂਗੇ।''
ਉਹ ਮੇਰੇ ਨਾਲ਼ ਸਹਿਮਤ ਹੋ ਗਏ। ਸਫਰ ਚੰਗਾ ਰਿਹਾ। ਮੇਰੀ ਚੋਰੀ ਚੋਰੀ ਆਪਣੇ ਵਿਦਿਆਰਥੀ ਨੂੰ ਪਛਾਨਣ ਦੀ ਸਕੀਮ ਕਾਮਯਾਬ ਰਹੀ। ਮੇਰੇ ਸਾਥੀਆਂ ਨੂੰ ਮੇਰੀ ਇਸ ਚਲਾਕੀ ਦਾ ਪਤਾ ਹੀ ਨਾ ਲੱਗਾ। ਫਿਰ ਅਸੀਂ ਆਪਣੀ ਕਾਰ ਵਲ ਨੂੰ ਆ ਗਏ ਤੇ ਮਜੇ ਕਰਦੇ ਕਰਦੇ ਸਿਡਨੀ ਵਾਪਸ ਪਹੁੰਚ ਗਏ। ਇੱਕ ਦੂਜੇ ਤੋਂ ਵਿਛੜਨ ਲੱਗਿਆਂ ਮਨਮੋਹਨ ਨੇ ਮੇਰੇ ਵਿਦਿਆਰਥੀਆਂ ਦੀ ਰੀਸ ਲਗਾਉਂਦਿਆਂ ਹੱਸਦੇ ਹੋਏ ਐਨ੍ਹ ਓਵੇਂ ਹੀ ਉੱਚੀ ਦੇਣੀ ਕਿਹਾ, ਜਿਵੇਂ ਵਿਦਿਆਰਥੀ ਅਕਸਰ ਮੁਖਾਤਿਬ ਹੁੰਦੇ ਹਨ:
'ਸਤਿ ਸ੍ਰੀ ਅਕਾਲ, ਸਰ!'