ਬਾਬਾ ਮੱਖਣ ਸ਼ਾਹ ਲੁਬਾਣਾ - ਰਵੇਲ ਸਿੰਘ ਇਟਲੀ
ਇੱਕ ਵਪਾਰੀ ਬੜਾ ਸਿਆਣਾ।
ਨਾਂ ਸੀ ਮੁੱਖਣ ਸ਼ਾਹ ਲੁਬਾਣਾ।
ਗੁਰੂ ਘਰ ਦਾ ਸੀ ਸੇਵਾਦਾਰ,
ਸਿੱਖੀ ਨੂੰ ਕਰਦਾ ਸੀ ਪਿਆਰ।
ਦੇਸ਼ ਵਿਦੇਸ਼ੀ ਜਦ ਵੀ ਜਾਵੇ,
ਬਾਹਰੋਂ ਭਰ ਕੇ ਮਾਲ ਲਿਆਵੇ,
ਦੱਸਾਂ ਨਹੂਆਂ ਦੀ ਕਿਰਤ ਕਮਾਵੇ।
ਗੁਰੂ ਘਰ ਵਿੱਚ ਦਸਵੰਧ ਚੜ੍ਹਾਵੇ।
ਇੱਕ ਵਾਰ ਜਦੋਂ ਵਿਦੇਸ਼ੋਂ ਆਇਆ,
ਬੇੜਾ ਭਰ ਕੇ ਮਾਲ ਲਿਆਇਆ।
ਸਾਗਰ ਵਿੱਚ ਆਇਆ ਤੂਫਾਨ,
ਸੱਭ ਦੀ ਸੀ ਮੁੱਠੀ ਵਿੱਚ ਜਾਨ।
ਮੱਖਣ ਸ਼ਾਹ ਨੂੰ ਸਮਝ ਨਾ ਆਵੇ,
ਬੇੜੇ ਨੂੰ ਕਿੰਝ ਬੰਨੇ ਲਾਵੇ।
ਜਦ ਮੁਕ ਗਈ ਹਰ ਪਾਸਿਉਂ ਆਸ,
ਮੁੱਖਣ ਸ਼ਾਹ ਕੀਤੀ ਅਰਦਾਸ,
ਸੱਚੇ ਸਤਿਗੁਰ ਨਾਨਕ ਪਾਸ।
ਮਨ ਚੋਂ ਹੋ ਕੇ ਬਹੁਤ ਨਿਰਾਸ ।
ਜੇ ਇੱਸ ਮੁਸ਼ਕਲ ਤੋਂ ਬੱਚ ਜਾਂਵਾਂ,
ਸਤਿਗੁਰ ਤੇਰੇ ਦਰ ਤੇ ਆਵਾਂ,
ਪੰਜ ਸੌ ਮੁਹਰਾਂ ਭੇਟ ਚੜ੍ਹਾਵਾਂ।
ਹੇ ਸਤਿਗੁਰ ਤੇਰੇ ਦਰਬਾਰ।
ਹੇ ਮੇਰੀ ਸੱਚੀ ਸਰਕਾਰ।
ਮੇਰੇ ਤੇ ਹੁਣ ਕਰ ਉਪਕਾਰ।
ਹੋਇਆ ਹਾਂ ਡਾਢਾ ਲਾਚਾਰ।
ਸਤਿਗੁਰ ਬੇੜਾ ਬੰਨੇ ਲਾਇਆ।
ਮੱਖਣ ਸ਼ਾਹ ਨੇ ਸ਼ੁਕਰ ਮਨਾਇਆ,
ਅੱਠਵੇਂ ਸਤਿਗੁਰੂ ਪ੍ਰੀਤਮ ਬਾਲਾ,
ਸੱਚ ਖੰਡ ਨੂੰ ਜਦ ਪਾ ਗਏ ਚਾਲਾ,
ਕਹਿ ਗਏ,ਸਤਿਗਰ ਮਿਹਰਾਂ ਵਾਲੇ,
ਗੁਰੂ ਬਾਬਾ ਹੈ ਵਿੱਚ ਬਕਾਲੇ,
ਮੱਖਣ ਸ਼ਾਹ ਨੇ ਸ਼ੁਕਰ ਮਨਾਇਆ।
ਸਿੱਧਾ ਚੱਲ ਬਕਾਲੇ ਆਇਆ।
ਜਿੱਥ ਬੈਠੇ ਗੱਦੀਆ ਲਾਈ,
ਗੂਰੂ ਬਣੇ ਸਨ ਝੂਠੇ ਬਾਈ।
ਮੱਖਣ ਸ਼ਾਹ ਨੂੰ ਸਮਝ ਨਾ ਆਵੇ।
ਕਿਹੜੇ ਗੁਰੂ ਦੇ ਭੇਟ ਚੜ੍ਹਾਵੇ।
ਫਿਰ ਉੱਸ ਨੂੰ ਸੁੱਝੀ ਤਰਕੀਬ,
ਖੋਲ੍ਹ ਗਏ ਉਸਦੇ ਅਸਲ ਨਸੀਬ,
ਪੰਜ ਪੰਜ ਮੋਹਰਾਂ ਮੱਥਾ ਟੇਕੇ,
ਕੌਣ ਗੁਰੂ ਹੈ ਅਸਲੀ ਵੇਖੇ।
ਮੁਹਰਾਂ ਵੇਖ ਕੇ ਖੁਸ਼ ਸੀ ਸਾਰੇ,
ਭੁੱਖੇ ਸੱਭ ਲਾਲਚ ਦੇ ਮਾਰੇ।
ਮੱਖਣ ਸ਼ਾਹ ਨੂੰ ਸਮਝ ਨਾ ਆਵੇ,
ਪੰਜ ਸੌ ਮੁਹਰਾਂ ਕਿਵੇਂ ਚੜ੍ਹਾਵੇ।
ਫਿਰ ਸੀ ਦੱਸ ਕਿਸੇ ਨੇ ਪਾਈ,
ਤੇਗਾ ਤੇਗਾ ਨਾਮ ਹੈ ਭਾਈ,
ਭੋਰੇ ਵਿੱਚ ਸਮਾਧੀ ਲਾਈ।
ਰਹਿੰਦਾ ਹੈ ਉਹ ਵਿੱਚ ਇਕਾਂਤ,
ਠੰਡਾ ਠਾਰ ਤੇ ਮਨ ਦਾ ਸ਼ਾਂਤ।
ਮੱਖਣ ਸ਼ਾਹ ਨੇ ਦਰਸ਼ਨ ਪਾਇਆ,
ਜਾ ਕੇ ਸੀ ਜਦ ਸੀਸ ਨਿਵਾਇਆ।
ਪੰਜ ਮੁਹਰਾਂ ਜਦ ਧਰੀਆਂ ਅੱਗੇ,
ਸੱਚੇ ਸਤਿ ਗੁਰ ਆਖਣ ਲੱਗੇ।
ਸਿੱਖਾ ਕੀਤਾ ਬਚਨ ਨਿਭਾ,
ਪੰਜ ਸੌ ਮੁਹਰਾਂ ਭੇਟ ਚੜ੍ਹਾ।
ਪੰਜ ਸੌ ਮੁਹਰਾਂ ਅੱਗੇ ਧਰਕੇ,
ਸਤਿਗੁਰ ਦਾ ਸ਼ੁਕਰਾਨਾ ਕਰਕੇ,
ਮੱਖਣ ਸ਼ਾਹ ਖੁਸ਼ੀ ਵਿੱਚ ਆਇਆ,
ਕੋਠੇ ਚੜ੍ਹ ਕੇ ਰੌਲਾ ਪਾਇਆ।
ਆ ਜਾਓ ਸੰਤੋ ਸਾਧੋ ਰੇ,
ਗੁਰ ਲਾਧੋ ਰੇ ਗੁਰ ਲਾਧੋ ਰੇ।
ਧੰਨ ਆਖੋ ਗੁਰੂ ਤੇਗ ਬਹਾਦਰ,
ਤੇਗ ਬਹਾਦਰ ਹਿੰਦ ਦੀ ਚਾਦਰ।
ਮੱਖਣ ਸ਼ਾਹ ਸੀ ਸ਼ਾਹ ਪੁਰਾਣਾ,
ਵਧੇ ਫੁਲੇ ਇਹ ਕੌਮ ਲੁਬਾਣਾ।
ਰਵੇਲ ਸਿੰਘ ਇਟਲੀ ਹਾਲ ਕੈਨੇਡਾ
29 Aug. 2018
ਭਗਵੰਤ ਮਾਨ ਨੂੰ - ਰਵੇਲ ਸਿੰਘ ਇਟਲੀ
ਖੌਰੇ ਕੀ ਹੋ ਗਿਆ ਹੈ ਭਗਵੰਤ ਮਾਨ ਨੂੰ।
ਸ਼ਬਦਾਂ ਦੀ ਖੇਡ ਚੰਗੀ ਖੇਡਦੇ ਇਨਸਾਨ ਨੂੰ।
ਕਿੱਦਾਂ ਖਿਲਾਰਿਆ ਹੈ ਝਾੜੂ ਦੀ ਪਾਰਟੀ ਨੂੰ,
ਕਿੱਦਾਂ ਹੈ ਲੀਕ ਲਾਈ,ਵੋਟਰ ਦੀ ਸ਼ਾਨ ਨੂੰ।
ਖੌਰੇ ਕੀ ਹੋ ਗਿਆ,ਇਸ ਹੁਕਮਰਾਨ ਨੂੰ,
ਕਹਿੰਦੇ ਸੀ ਕੇਜਰੀ ਵਾਲ,ਪੰਜਾਬ ਦੇ ਹੈ ਨਾਲ,
ਕਿੱਦਾਂ ਕਮਾਲ ਕੀਤੀ ਕਰਕੇ ਜ਼ੁਬਾਨ ਨੂੰ।
ਬਹੁਤਾ ਨਿਰਾਸ਼ ਕੀਤਾ, ਬਹੁਤਾ ਬੇਹਾਲ ਕੀਤਾ,
ਮਿਲਦਾ ਨਹੀਂ ਹੈ ਮੌਕਾ ਰੁੱਸੇ ਮਨਾਣ ਨੂੰ।
ਇਨਕਲਾਬ ਕਿੱਥੇ ਦਿੱਸਦਾ ਪੰਜਾਬ ਕਿੱਥੇ ਦਿਸਦਾ,
ਕਿਉਂ ਕੁਝ ਨਹੀਂ ਹੈ ਸੁਝਦਾ ,ਪਰਜਾ ਬਚਾਣ ਨੂੰ।
ਤੂੰ ਠੀਕ ਹੈਂ ਤਾਂ ਦੱਸ,ਆਪਾ ਟਟੋਲ ਕੇ,
ਕਿੱਥੇ ਰੱਖਾਂ ਮੈਂ ਦੱਸੋ ਇਸ ਕਲਮਦਾਨ ਨੂੰ।
ਪੰਜਾਬ ਦਾ ਭਵਿੱਖ ਹੁਣ ਖਤਰੇ ਚ ਜਾਪਦੈ,
ਪੰਜਾਬ ਨੂੰ ਸੰਭਾਲੋ, ਹੋਏ ਬੀਆ ਬਾਨ ਨੂੰ।
ਮੈਂ ਵਾਸਤਾ ਪੰਜਾਬ ਦਾ,ਪਾਉਂਦਾ ਹਾਂ ਮਾਨ ਜੀ,
ਹੁਣ ਫਿਰ ਬਾਲੋ ਅਕਲ ਦੇ ਬੁਝੇ ਸ਼ਮ੍ਹਾ ਦਾਨ ਨੂੰ।
ਖੁੱਡਾਂ ਚ ਵੜ ਗਏ ਜੇ ਚੂਹਿਆਂ ਦੇ ਵਾਂਗ ਸ਼ੇਰ,
ਫਿਰ ਕੀ ਕਹੋਗੇ ਮਿਤਰੋ ਭਾਰਤ ਮਹਾਨ ਨੂੰ।
ਸਮਝੋ ਇਹ ਰਾਜ ਨੀਤੀ,ਜੋ ਮਿਲਕੇ ਹੀ ਆਪ ਕੀਤੀ,
ਜ਼ਰਾ ਨਾਲ ਲੈਕੇ ਸੋਚੋ ਕਿਸੇ ਕਦਰ ਦਾਨ ਨੂੰ।
ਝਾੜੂ ਨੂੰ ਸਿਰ ਤੇ ਰੱਖਿਆ,ਦੱਸੋ ਤੁਸਾਂ ਕੀ ਖੱਟਿਆ,
ਐਵੇਂ ਨਾ ਦੂਰ ਸੁੱਟੋ ,ਸੇਵਾ ਦੇ ਇੱਸ ਨਿਸ਼ਾਨ ਨੂੰ,
ਖੌਰੇ ਕੀ ਹੋ ਗਿਆ ਹੈ ਭਗਵੰਤ ਮਾਨ ਨੂੰ।
16 Aug 2018
ਵਾਹ ਓ ਤਾਇਆ - ਰਵੇਲ ਸਿੰਘ ਇਟਲੀ
ਤਾਇਆ ਓ ਤਾਇਆ,
ਤੈਨੂੰ ਵਿਅੰਗ ਕਿਸ ਸਿਖਾਇਆ।
ਜਦੋਂ ਕੱਸਣੈਂ ਵਿਅੰਗ ,
ਉਦੋਂ ਲੱਗਣੈਂ ਨਿਹੰਗ ,
ਸੱਚ ਲਿਖਦੈਂ ਨਿਸੰਗ,
ਨਾ ਹੀ ਡਰ ਤੇ ਨਾ ਸੰਗ,
ਨਹੀਂ ਆਪਣਾ ਪਰਾਇਆ।
ਕਿਵੇਂ ਸੱਚੀਆਂ ਸੁਣਾਂਵੇਂ,
ਜਦੋਂ ਵਿਅੰਗ ਤੂੰ ਬਣਾਂਵੇਂ,
ਡੰਗ ਵਿਅੰਗ ਦੇ ਚਲਾਂਵੇਂ,
ਹੜ੍ਹ ਹਾਸੇ ਦੇ ਲਿਆਵੇਂ
ਜਾਵੇ ਕੁੱਝ ਨਾ ਲੁਕਾਇਆ;
ਤਾਇਆ ਓਏ ਤਾਇਆ।
ਤੈਨੂੰ ਵਿਅੰਗ ਕਿਸ ਸਿਖਾਇਆ।
ਜਦੋਂ ਬਕਰੀਆਂ ਚਰਾਂਵੇਂ,
ਚੁਣ ਖਬਰਾਂ ਲਿਆਂਵੇਂ,
ਛਿੱਲ ਖਬਰਾਂ ਦੀ ਲਾਹਵੇਂ,
ਝੜੀ ਹਾਸਿਆਂ ਦੀ ਲਾਂਵੇਂ।
ਨਹੀਂ ਲੁਕਦਾ ਲੁਕਾਇਆ,
ਤੈਨੂੰ ਵਿਅੰਗ ਸਿਖਾਇਆ,
ਤਾਇਆ ਓ ਤਾਇਆ।
ਤੇਰਾ ਕੌਣ ਉਸਤਾਦ,
ਜਿਹੜਾ ਏਨਾ ਸੀ ਆਜ਼ਾਦ,
ਸਦਾ ਰਹੇ ਉਹ ਆਬਾਦ,
ਹੋਣਾ ਵਾਂਗਰਾਂ ਫੌਲਾਦ,
ਤੈਨੂੰ ਵਿਅੰਗ ਜਿੱਸ ਸਿਖਾਇਆ
ਤਾਇਆ ਓ ਤਾਇਆ।
ਰਵੇਲ ਸਿੰਘ ਇਟਲੀ
ਹਾਲ. caledon ca
09 Aug. 2018
ਲੋਕ ਕਵੀ ਬਾਬਾ ਨਜਮੀ ਸ੍ਰੋਤਿਆਂ ਦੇ ਰੂਬਰੂ ਆਪਣੀਆਂ ਕਵਿਤਾਂਵਾਂ ਸੁਣਾਉਂਦੇ ਹੋਏ - ਰਵੇਲ ਸਿੰਘ ਇਟਲੀ
ਪ੍ਰਸਿੱਧ ਲੋਕ ਕਵੀ ਬਾਬਾ ਨਜਮੀ ਜੀ ਨੂੰ ਮੈਂ ਬਹੁਤ ਵਾਰੀ ਔਨ ਲਾਈਨ ਤੇ ਕਈ ਵੈੱਬ ਸਾਈਟਾਂ ਵੱਲੋਂ ਪਾਈਆਂ ਗਈਆਂ ਯੂ ਟਿਊਬਾਂ ਵਿੱਚ ਤਾਂ ਸੁਣਿਆ ਸੀ।ਪਰ ਉੱਸ ਨੂੰ ਕਿਸੇ ਸਟੇਜ ਤੇ ਸੁਣਨ ਦੀ ਤਾਂਘ ਚਿਰਾਂ ਤੋਂ ਸੀ ।ਜੋ ਅੱਜ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਆਫ ਕੈਨੇਡਾ ਦੇ ਉਪ੍ਰਾਲੇ ਸਦਕਾ ਮਿਤੀ 28 ਜੁਲਾਈ ਨੂੰ ਜਦੋਂ ਉਨ੍ਹਾਂ ਨੂੰ ਸ੍ਰੋਤਿਆਂ ਦੇ ਰੂਬਰੂ ਹੋ ਕੇ ਵੇਖਣ ਅਤੇ ਸੁਨਣ ਦਾ ਸੁਨਹਿਰੀ ਮੌਕਾ ਮਿਲਿਆ ।
ਇੱਸ ਦਾ ਸਬੱਬ ਮੇਰੇ ਇਟਲੀ ਤੋਂ ਕੈਨੇਡਾ ਆਉਣ ਤੇ ਇਸ ਤਰ੍ਹਾਂ ਬਣਿਆ ਕਿ ਇੱਕ ਦਿਨ ਸ਼ਾਮਾਂ ਨੂੰ ਸੜਕ ਕਿਨਾਰੇ ਬਜ਼ੁਰਗਾਂ ਦੇ ਬੈਠਣ ਤੇ ਗੱਪ ਸ਼ੱਪ ਕਰਨ ਲਈ ਬਣੀ ਝੌੰਪੜੀ ਹੇਠ ਕੁੱਝ ਸੱਜਣ ਬੈਠੇ ਹੋਏ ਸਨ। ਇੱਕ ਸਜਨ ਕੋਲੋਂ ਅਖਬਾਰ” ਖ਼ਬਰ ਨਾਮਾ” ਲੈ ਕੇ ਇਹ ਖ਼ਬਰ ਪੜ੍ਹੀ ਕਿ ਬਾਬਾ ਨਜਮੀ ਜੀ ਮਿਤੀ 28 ਜੁਲਾਈ ਨੂੰ ਇੰਡੋ ਕੈਨੇਡੀਅਨ ਵਰਕਰ ਅਸੋਸੀਏਸ਼ਨ ਆਫ ਕੈਨੇਡਾ ਵੱਲੋਂ ਬਾਬਾ ਨਜਮੀ ਜੀ ਨੂੰ ਇੱਥੇ ਇੱਕ ਸੰਮੇਲਣ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ।ਮੈਂ ਬੜੀ ਸ਼ਿੱਦਤ ਨਾਲ ਇੱਸ ਪ੍ਰੋਗ੍ਰਾਮ ਨੂੰ ਵੇਖਣਾ ਚਾਹੁੰਦਾ ਸਾਂ, ਪਰ ਇੱਥੇ ਨਵਾਂ ਆਇਆ ਹੋਣ ਕਰਕੇ ਮੇਰੀ ਵਾਕਫੀ ਨਾ ਹੋਣ ਕਰਕੇ ਇੱਸ ਪ੍ਰੋਗ੍ਰਾਮ ਨੂੰ ਵੇਖਣਾ ਮੇਰੇ ਲਈ ਬਹੁਤ ਮੁਸ਼ਕਲ ਜਾਪਦਾ ਸੀ। ਇੱਸੇ ਦੌਰਾਨ ਮੇਰੀ ਵਾਕਫੀ ਇੱਕ ਬੜੇ ਹੀ ਮਿਲਣ ਸਾਰ ਅਤੇ ਇੱਥੋਂ ਦੀ ਕਾਫੀ ਅਸਰ ਰਸੂਖ ਅਤੇ ਵਾਕਫੀ ਰੱਖਣ ਵਾਲੀ ਸ਼ਖਸੀਅਤ ਸ. ਟਹਿਲ ਸਿੰਘ ਬ੍ਰਾੜ ਨਾਲ ਹੋਈ। ਅਤੇ ਉਨ੍ਹਾਂ ਨੇ ਮੈਨੂੰ ਇਸ ਪ੍ਰੋਗ੍ਰਾਮ ਨੂੰ ਵੇਖਣ ਲਈ ਆਪਣੇ ਨਾਲ ਲੈ ਕੇ ਜਾਣ ਦੀ ਜ਼ਿਮੇਵਾਰੀ ਵੀ ਲੈ ਲਈ।
ਅਸੀਂ ਮਿਥੀ ਹੋਈ ਥਾਂ ਮਿਥੇ ਹੋਏ ਸਮੇਂ ਅਨੁਸਾਰ ਆਪਣੇ ਉਸ ਸੁਹਿਰਦ ਅਜ਼ੀਜ਼ ਮਿੱਤਰ ਨਾਲ ਪਹੁੰਚ ਗਏ। ਉਨ੍ਹਾਂ ਨੇ ਮੈਨੂੰ ਇੱਥੇ ਆਏ ਕਈ ਲੇਖਕਾਂ ਨਾਲ ਵਾਕਫੀ ਕਰਵਾਈ। ਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਸਾਹਿਤਕਾਰਾਂ ਦੀ ਬਹੁ ਗਿਣਤੀ ਵੇਖ ਕੇ ਕੈਨੇਡਾ ਦੀ ਇੱਸ ਸੁਹਣੀ ਧਰਤੀ ਨੂੰ ਸਲਾਮ ਕਰਨ ਨੂੰ ਮਨ ਕਰਦਾ ਹੈ। ਵੇਖਦੇ ਵੇਖਦੇ ਝੱਟ ਸਾਰਾ ਹਾਲ ਦਰਸ਼ਕਾਂ ਨਾਲ ਖਚਾ ਖਚ ਭਰ ਗਿਆ ਇਸ ਪ੍ਰਗ੍ਰਾਮ ਵਿੱਚ ਸ੍ਰੋਤਿਆਂ ਦੇ ਬੈਠਣ ਲਈ ਕੁਰਸੀਆਂ ਦੀ ਬਜਾਏ ਬੈਠਣ ਲਈ ਗੋਲ ਟੇਬਲਾਂ ਦੁਆਲੇ ਕੁਰਸੀਆਂ ਤੇ ਬੈਠ ਕੇ ਇਸ ਪ੍ਰੋਗਾਂਮ ਨੂੰ ਵੇਖਣ ਸੁਨਣ ਦਾ ਵਧੀਆਂ ਪ੍ਰਬੰਧ ਸੀ।ਸਟੇਜ ਤੇ ਬਹੁਤੇ ਮੁੱਖ ਮਹਿਮਾਨ ਨਹੀਂ ਸਨ। ਪ੍ਰੋਗ੍ਰਾਮ ਵੀ ਨੀਯਤ ਸਮੇਂ ਤੇ ਸ਼ੁਰੂ ਹੋ ਗਿਆ।
ਪ੍ਰੋਗ੍ਰਾਮ ਦਾ ਅਰੰਭ ਇੱਕ ਗਇਕ ਦੀ ਸੁਰੀਲੀ ਆਵਾਜ਼ ਨਾਲ ਹੋਇਆ। ਬਹੁਤ ਸਾਰੇ ਗਾਇਕਾਂ ਨੇ ਬਾਬਾ ਨਜਮੀ ਦੀਆਂ ਲਿਖੀਆਂ ਰਚਨਾਂਵਾਂ ਨੂੰ ਬੜੀ ਹੀ ਸੁੰਦਰ ਅਦਾ ਨਾਲ ਪੇਸ਼ ਕੀਤਾ। ਬਾਬਾ ਨਜਮੀ ਜੀ ਦੀ ਇੰਤਜ਼ਾਰ ਸਟੇਜ ਤੇ ਆਉਣ ਦੀ ਹੋ ਰਹੀ ਸੀ।ਇਵੇਂ ਲੱਗ ਰਿਹਾ ਸੀ ਜਿਵੇਂ ਸ੍ਰੋਤੇ ਉਨ੍ਹਾਂ ਵੇਖਣ ਤੇ ਸੁਨਣ ਲਈ ਬੜੇ ਉਤਾਵਲੇ ਹੋ ਰਹੇ ਹਨ ਜਿਨ੍ਹਾਂ ਵਿੱਚੋਂ ਹੱਥਲੇ ਲੇਖ ਦਾ ਲੇਖਕ ਤਾਂ ਸ਼ਾਇਦ ਸੱਭ ਤੋਂ ਵੱਧ ਨਜਮੀ ਜੀ ਨੂੰ ਵੇਖਣ ਲਈ ਉਤਾਵਲਾ ਸੀ।ਆਖਿਰ ਸਟੇਜ ਸਕੱਤਰ ਨੇ ਉਨ੍ਹਾਂ ਦੇ ਸਟੇਜ ਤੇ ਆਉਣ ਲਈ ਜਦੋਂ ਐਨਾਊਂਸ ਮੈਂਟ ਕੀਤੀ ਤਾਂ ਸਾਰਾ ਹਾਲ ਤਾਲੀਆਂ ਨਾਲ ਗੂੰਜ ਉਠਿਆ।
ਥੋੜ੍ਹੀ ਦੇਰ ਪਿੱਛੋਂ ਬਾਬਾ ਨਜਮੀ ਜੀ ਕੁੱਝ ਸਾਥੀਆਂ ਨਾਲ ਜਦ ਸਟੇਜ ਤੇ ਆਏ ਤਾਂ ਹਾਲ ਵਿੱਚ ਬੈਠੇ ਹੋਏ ਸ੍ਰੋਤੇ ਉਨ੍ਹਾਂ ਦੇ ਸੁਆਗਤ ਲਈ ਉੱਠ ਖੜੇ ਹੋਏ।ਸਾਰਾ ਹਾਲ ਇੱਕ ਵਾਰ ਫਿਰ ਤਾਲੀਆਂ ਨਾਲ ਗੂੰਜਿਆ ।ਸਾਰਿਆਂ ਦਾ ਸਤਿਕਾਰ ਕਰਦੇ ਹੋਏ ਉਹ ਆ ਕੇ ਆਪਣੀ ਥਾਂ ਤੇ ਬੈਠ ਗਏ। ਕਾਲੇ ਰੰਗ ਦਾ ਕੋਟ,ਪਜਾਮਾ, ਮੋਢਿਆ ਤੱਕ ਪਿੱਛੇ ਨੂੰ ਸੁੱਟੇ ਚਿੱਟੇ ਦੁੱਧ ਬਰਫ ਰੰਗੇ ਵਾਲ,ਕੱਦ ਮਧਰਾ ਪਰ ਫੁਰਤੀਲਾ ਸਰੀਰ, ਚਿਹਰੇ ਨਾਲ ਜੱਚਦੀਆਂ ਸਾਦੀਆਂ ਕਾਤਰਵੀਆਂ ਮੁੱਛਾਂ, ਪੈਰੀਂ ਲੰਮੀ ਨੋਕ ਵਾਲੀ ਦੇਸੀ ਜੁੱਤੀ ਤੋਂ ਉਨ੍ਹਾਂ ਦੀ ਸਾਦ ਮੁਰਾਦੇ ਪਹਿਰਾਵੇ ਦਾ ਪੂਰਾ ਪ੍ਰਭਾਵ ਦੇ ਰਹੀ ਜਾਪਦੀ ਸੀ।ਉਮਰ ਦੇ 75 ਵਰ੍ਹੇ ਦੇ ਹੋਣ ਤੇ ਵੀ ਉਹ ਪੂਰੀ ਤਰ੍ਹਾਂ ਸਿਹਤ ਪੱਖੋਂ ਠੀਕ ਤੇ ਚੁਸਤ ਲੱਗ ਰਹੇ ਸਨ।
ਛੇਤੀ ਉਨ੍ਹਾਂ ਦੀਆਂ ਕਵਿਤਾਂਵਾਂ ਪੜ੍ਹਨ ਦਾ ਦੌਰ ਸ਼ੁਰੂ ਹੋ ਗਿਆ,ਜਿਨ੍ਹਾਂ ਉਨ੍ਹਾਂ ਵਿੱਚੋਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਂਵਾਂ ਭਾਂਵੇਂ ਮੈਂ ਪਹਿਲਾਂ ਵੀ ਵੱਖ ਵੱਖ ਯੂ ਟਿਊਬਾਂ ਤੇ ਸੁਣੀਆਂ ਪਰ ਉਨ੍ਹਾਂ ਨੂੰ ਸਟੇਜ ਤੇ ਪਹਿਲੀ ਵਾਰ ਉਨ੍ਹਾਂ ਦੇ ਮੂਹੋਂ ਜਦੋਂ ਸੁਣੀਆਂ ਤਾਂ ਉਹ ਨਜ਼ਾਰਾ ਕੁੱਝ ਹੋਰ ਹੀ ਸੀ। ਉਨ੍ਹਾਂ ਦੀ ਆਵਾਜ਼ ਵਿੱਚ ਲੋਹੜੇ ਦਾ ਦਮ ਹੈ। ਬੜਾ ਹੀ ਨਿਧੜਕ ਹੋ ਕੇ ਗਰਜਵੀਂ ਆਵਾਜ਼ ਵਿੱਚ ਬੋਲਦੇ ਹਨ।ਸਮਾਜ ਦੀਆਂ ਡਿਗਦੀਆਂ ਕਦਰਾਂ ਕੀਮਤਾਂ ਨੂੰ ਆਪਣੇ ਵੱਖਰੇ ਅੰਦਾਜ਼ ਵਿੱਚ ਬਿਆਨ ਕਰਦੇ ਹਨ।ਕਾਮਿਆਂ ਮਜ਼ਦੂਰਾਂ,ਜ਼ਾਤ ਪਾਤ ਦੀਆਂ ਪਾਈਆਂ ਵੰਡੀਆਂ ਨੂੰ ਆਪਣੀ ਜੋਸ਼ੀਲੀ ਆਵਾਜ਼ ਵਿੱਚ ਆਪਣੀ ਕਵਿਤਾ ਰਾਹੀਂ ਜਦੋਂ ਝੰਜੋੜਦੇ ਹਨ ਤਾਂ ਕਦੇ ਤਾੜੀਆਂ ਦੀ ਆਵਾਜ਼ ਗੂੰਜਦੀ ਹੈ। ਕਦੇ ਸ਼੍ਰੋਤੇ ਸੁਣਦੇ ਸੁੰਨ ਜਿਹੇ ਹੋ ਜਾਂਦੇ ਹਨ। ਗਰੀਬ ਮਾਪਿਆਂ ਦੇ ਧੀਆਂ ਵਿਆਹੁਣ ਦੇ ਧੁੰਦਲੇ ਸੁਪਣੇ ਜਦੋਂ ਆਪਣੀ ਕਿਸੇ ਕਵਿਤਾ ਨੂੰ ਸੁਣਾ ਰਿਹਾ ਸੀ ਤਾਂ ਮੇਰੇ ਨਾਲ ਬੈਠਾ ਮੇਰਾ ਸਾਥੀ ਭਾਵੁਕ ਹੋ ਕੇ ਆਪਣੇ ਹੰਝੂ ਐਨਕ ਉਤਾਰ ਕੇ ਆਪਣੇ ਰੁਮਾਲ ਨਾਲ ਪੂੰਝ ਰਿਹਾ ਸੀ।ਸਰਬ ਸਾਂਝੀਵਾਲਤਾ ਦੀ ਨਜ਼ਮ ਪੜ੍ਹਦਿਆਂ ਉਹ ਜਦ ਉੰਗਲੀ ਦਾ ਇਸ਼ਾਰਾ ਕਰਦਿਆਂ ਜਿਵੇਂ ਉਹ ਸੱਭ ਨੂੰ ਸੁਵਾਲ ਕਰਦ ਜਾਪਦਾ ਸੀ,ਜਿਵੇਂ ਉਹ ਸੱਭ ਨੂੰ ਇੱਸ ਦਾ ਜੁਵਾਬ ਪੁੱਛ ਰਿਹਾ ਹੋਵੇ।
ਇੱਕੋ ਤੇਰਾ ਮੇਰਾ ਪਿਉ,
ਇੱਕੋ ਤੇਰੀ ਮੇਰੀ ਮਾਂ,
ਇੱਕੋ ਸਾਡੀ ਜੰਮਣ ਭੌਂ,
ਤੂੰ ਸਰਦਾਰ ਮੈਂ ਕੰਮੀ ਕਿੱਉਂ।
ਉਦੋਂ ਸ੍ਰੋਤੇ ਵੀ ਇੱਸ ਸੁਵਾਲ ਦਾ ਜੁਵਾਬ ਇਧਰ ਉਧਰ ਝਾਕ ਕੇ ਜਿਵੇਂ ਇਕ ਦੂਜੇ ਤੋਂ ਪੁੱਛਦੇ ਜਾਪਦੇ ਹਨ। ਭੈੜੀ ਸੋਚ ਵਾਲੇ ਰੀਜਨੀਤਕ ਨੀਯਤ ਵਾਲੇ ਆਗੂਆਂ ਤੇ ਧਰਮ ਦੇ ਠੇਕੇਦਾਰਾਂ ਨੂੰ ਉਹ ਮਿਲਕੇ ਲੈਂਦਾ ਹੈ। ਲੋਕਾਂ ਨੂੰ ਆਪਣੀ ਨਜ਼ਮ” ਗੰਦੇ ਅੰਡੇ ਇਧਰ ਵੀ ਨੇ ਉਧਰ ਵੀ ਨੇ” ਦੇਸ਼ ਦੀ ਵੰਡ ਤੋਂ ਬਾਅਦ ਦੋਹਾਂ ਦੇਸ਼ਾ ਦੀ ਤ੍ਰਾਸਦੀ ਦੀ ਗੱਲ ਉਹ ਆਪਣੀ ਇਸ ਨਜ਼ਮ ਰਾਹੀਂ ਜਦ ਬਿਆਨ ਕਰਦਾ ਹੈ ਤਾਂ ਦੋਹਾਂ ਪਾਸਿਆਂ ਦੀ ਸਿਆਸਤ ਦੀ ਬਦਤਰ ਹੋਈ ਹਾਲਤ ਬਿਆਨ ਕਰਨ ਵਿੱਚ ਉਹ ਸ੍ਰੋਤਿਆਂ ਦੇ ਮਨਾਂ ਅੰਦਰ ਧੁਰ ਤੱਕ ਲਹਿੰਦਾ ਜਾਪਦਾ ਹੈ।ਉਸ ਦੀਆਂ ਉੱਸ ਦਿਨ ਤੇ ਉੱਸ ਦੀਆਂ ਪੜ੍ਹ ਕੇ ਸੁਣਾਈਆਂ ਬਹੁਪੱਖੀ ਕਵਿਤਾਵਾਂ ਦਾ ਹਵਾਲਾ ਦੇਣ ਲੱਗਿਆਂ ਤਾਂ ਮੇਰਾ ਇਹ ਲੇਖ ਸੂਰਜ ਨੂੰ ਦੀਵਾ ਵਿਖਾਉਣ ਵਾਂਗ ਹੀ ਹੋਵੇਗਾ।
ਉੱਸ ਨੂੰ ਸੁਣ ਕੇ ਤੇ ਵੇਖ ਕੇ ਇਵੇਂ ਲੱਗਿਆ ਜਿਵੇਂ ਬਾਬੇ ਨਜਮੀ ਦਾ ਕੱਦ ਕਾਠ ਤਾਂ ਬੇਸ਼ੱਕ ਛੋਟਾ ਹੈ ਪਰ ਉੱਸ ਦਾ ਸਾਹਿਤਕ ਕੱਦ ਅਸਮਾਨ ਦੀਆਂ ਸਿਖਰਾਂ ਨੂੰ ਛੁਹੰਦਾ ਜਾਪਦਾ ਹੈ।ਬਾਬਾ ਨਜਮੀ ਵਾਕਈ ਲੋਕਾਂ ਦੀ ਹਰ ਵੇਦਨਾ,ਦੁੱਖਾਂ ਦਰਦਾਂ ਪੀੜਾਂ ਨੂੰ ਸਮਝਣ ਵਾਲਾ ਅਤੇ ਲੋਕਾਂ ਨੂੰ ਤੱਗੜੇ ਤੇ ਇੱਕ ਮੁੱਠ ਹੋ ਕੇ ਉਨ੍ਹਾਂ ਨਾਲ ਹਰ ਤਰ੍ਹਾਂ ਦੇ ਕੀਤੇ ਜਾਂਦੇ ਵਿਤਕਰਿਆਂ ਦੇ ਵਿਰੁਧ ਆਪ ਵੀ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੱਕ ਅਤੇ ਨਾ ਇਨਸਾਫ ਵਿਰੁਧ ਜੂਝਣ ਲਈ ਪ੍ਰੇਰਣਾ ਦੇਣ ਵਾਲਾ ਸਹੀ ਅਰਥਾਂ ਵਿੱਚ ਲੋਕ ਕਵੀ ਹੈ। ਉੱਸ ਦਾ ਜਿੰਨਾ ਵੀ ਮਾਣ ਸਤਿਕਾਰ ਕੀਤਾ ਜਵੇ ਥੋੜ੍ਹਾ ਹੈ।
ਆਖਰ ਆਪਣੇ ਸਮੇਂ ਸਿਰ ਅੱਜ ਦਾ ਬਾਬੇ ਨਜਮੀ ਜੀ ਦਾ ਇਹ ਯਾਦਗਾਰੀ ਸਾਹਿਤਕ ਸੰਮੇਲਣ ਖਤਮ ਹੋ ਗਿਆ।ਮੈਂ ਵੇਖਿਆ ਕਿ ਬਾਬਾ ਨਜਮੀ ਜੀ ਦੇ ਆਟੋ ਗ੍ਰਾਫ ਲੈਣ ਲਈ ਉੱਸ ਦੇ ਪ੍ਰਸ਼ੰਸਕਾਂ ਦੀ ਲੰਮੀ ਲਾਈਨ ਲੱਗੀ ਹੋਈ ਸੀ।ਅਤੇ ਮੈਂ ਸੋਚ ਰਿਹਾ ਸਾਂ ਕਿ ਮੇਰੀ ਇੱਟਲੀ ਤੋਂ ਕੈਨੇਡਾ ਆਉਣ ਦੀ ਯਾਤ੍ਰਾ ਵੀ ਅੱਜ ਦਾ ਇਹ ਪ੍ਰਗ੍ਰਾਮ ਵੇਖ ਕੇ ਸਫਲ ਹੋ ਗਈ ਹੈ। ਉਨ੍ਹਾਂ ਪ੍ਰਤੀ ਆਪਣੇ ਵਿਚਾਰਾਂ ਨੂੰ ਕਾਵਿਕ ਰੂਪ ਦੇ ਕੇ ਮੈਂ ਬਾਬਾ ਨਜਮੀ ਜੀ ਨੂੰ ਸੁਣ ਕੇ ਇਹ ਸਤਰਾਂ ਮੈਂ ਉਨ੍ਹਾਂ ਨੂੰ ਸਮ੍ਰਪਿਤ ਕਰ ਰਿਹਾ ਹਾਂ।
ਜਦ ਮੈਂ ਸੁਣਿਆ ਆਉਣਾ ਬਾਬੇ ਨਜਮੀ ਨੇ,
ਇਟਲੀ ਤੋਂ ਚੱਲ ਆਇਆ ਵਿੱਚ ਕੈਨੇਡਾ ਮੈਂ,
ਸੱਟੀਆਂ ਪਰ੍ਹਾਂ ਵਗਾਹ ਕੇ ਲੋੜਾਂ ਥੋੜਾਂ ਨੂੰ,
ਕਰਕੇ ਆਪਣਾ ਜੇਰਾ ਪਰਬਤ ਜੇਡਾ ਮੈਂ ।
ਵੇਖ ਲਿਆ ਤੇ ਸੁਣ ਲਿਆ ਬਾਬੇ ਨਜਮੀ ਨੂੰ,
ਯਾਰੋ ਸੱਚੀਂ ਕਿਸਮਤ ਵਾਲਾ ਕੇਡਾ ਮੈਂ
ਸੂਰਜ ਸਾਂਹਵੇਂ ਇੱਸ ਦੀਵੇ ਨੇ ਕੀ ਬਲਣਾ,
ਉੱਸ ਦੇ ਅੱਗੇ ਲੱਗਾਂ ਨਿਰਾ ਛਲੇਡਾ ਮੈਂ।
ਕਲਮ ਮੇਰੀ ਦੀ ਉਮਰ ਤਾਂ ਅਜੇ ਨਿਆਣੀ ਏਂ,
ਖਾ ਨਾ ਜਾਂਵਾ ਕਿਧਰੇ ਧੱਕਾ ਠੇਡਾ ਮੈਂ।
ਤੱਕ ਲਿਆ ਬੈਠ ਸਾਮ੍ਹਣੇ ਬਾਬੇ ਨਜਮੀਂ ਨੂੰ,
ਇਟਲੀ ਵਿੱਚੋਂ ਆਕੇ ਵਿੱਚ ਕੈਨੇਡਾ ਮੈਂ।
ਲੰਮੀ ਉਮਰ ਹੰਢਾਵੇ,ਬਾਬਾ ਨਜਮੀ ਜੀ,
ਕਦੇ ਨਾ ਤੁਰਦਾ ਵੇਖਾਂ ਵਿੰਗਾ ਟੇਢਾ ਮੈਂ।
ਰਵੇਲ ਸਿੰਘ ਇਟਲੀ
ਹਾਲ, caledon, canada
30 July 2018
ਗੁਰ ਦੁਆਰਾ ਖਾਲਸਾ ਦਰਬਾਰ ਡਿਕਸੀ ਰੋਡ ਮਿੱਸੀ ਸਾਉਗਾ ਦੇ ਦਰਸ਼ਨ - ਰਵੇਲ ਸਿੰਘ ਇਟਲੀ
॥ ਜਿਥੈ ਜਾਇ ਬਹੈ ਮੇਰਾ ਸਤਿ ਗੁਰੂ ਸੋ ਥਾਨ ਸੁਹਾਵਾ॥
ਗੁਰ ਸਿਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ॥
॥ ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮ ਧਿਅਵਾ॥
॥ ਜਿਨਾ ਨਾਨਕੁ ਸਤਿਗੁਰ ਪੂਜਿਆ ਤਿਨ ਹਰਿ ਪੂਜ ਕਰਾਵਾ॥
( ਗੁਰੂ ਗ੍ਰੰਥ ਸਾਹਿਬ ਪੰਨਾ 507 )
ਅੱਜ ਇੱਥੇ ਆਇਆਂ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਹੈ।ਪ੍ਰਿਵਾਰ ਦੇ ਹੋਰ ਕੰਮ੍ ਕਾਰਾਂ ਕਰਕੇ ਇਥੋਂ ਦੇ ਕਿਸੇ ਗੁਰਦੁਆਰੇ ਦਰਸ਼ਨ ਦੀਦਾਰੇ ਕਰਨ ਨਹੀਂ ਜਾ ਸਕਿਆ ਪਰ ਡਿਕਸੀ ਰੋਡ ਵਿਖੇ ਸਥਿਤ ਗੁਰਦੁਆਰਾ ਖਾਲਸਾ ਦਰਬਾਰ’ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਕੈਨੇਡਾ ਵਿੱਚ ਆਉਣ ਤੇ ਇੱਸ ਗੁਰਦੁਆਰੇ ਜਾਣ ਦਾ ਮੇਰੇ ਲਈ ਇਹ ਪਹਿਲਾ ਸੁਨਹਿਰੀ ਮੌਕਾ ਹੈ। ਇਟਲੀ ਵਿੱਚ ਵੀ ਬੇਸ਼ੱਕ ਵੀ ਗੁਰਦੁਆਰੇ ਹਨ। ਪਰ ਉੱਥੇ ਤੇ ਏਥੇ ਵਿੱਚ ਬੜਾ ਫਰਕ ਹੈ। ਇੱਟਲੀ ਵਿੱਚ ਅਜੇ ਸਿੱਖ ਧਰਮ ਦੀ ਪਛਾਣ ਵਜੋਂ ਕਈ ਪਾਬੰਦੀਆਂ ਹਨ। ਮਿਸਾਲ ਦੇ ਤੌਰ ਤੇ ਓਥੇ ਗੁਰਦੁਆਰਿਆਂ ਤੇ ਗੁੰਬਦ ਨਹੀਂ ਬਣਾਏ ਜਾ ਸਕਦੇ।ਬੇਸ਼ੱਕ ਉੱਥੋਂ ਦੇ ਹਰ ਕਸਬੇ ਵਿੱਚ ਇੱਕ ਚਰਚ ਉਨ੍ਹਾਂ ਦੇ ਧਰਮ ਅਨੁਸਾਰ ਬਣਾਇਆ ਹੋਇਆ ਹੈ।ਪਰ ਹੋਰ ਧਰਮਾਂ ਲਈ ਕਈ ਸਮੱਸਿਆਂਵਾਂ ਹਨ।ਇੱਸ ਕੰਮ ਲਈ ਇੱਥੋਂ ਦੇ ਸਿੱਖ ਪਤਵੰਤਿਆਂ ਵੱਲੋਂ ਭਰਪੂਰ ਯਤਨ ਵੀ ਕੀਤੇ ਜਾ ਰਹੇ ਹਨ। ਗੁਰਦੁਆਰੇ ਚਾਰ ਦੀਵਾਰੀਆਂ ਅੰਦਰ ਹੀ ਹਨ। ਹਾਂ ਖਾਸ ਇਤਹਾਸਿਕ ਮੌਕਿਆਂ ਤੇ ਨੱਗਰ ਕੀਰਤਨ ਕੱਢਣ ਲਈ ਉਥੋਂ ਦੀ ਮਿਉਂਸਪਲ ਕਮੇਟੀ ਜਿਸ ਨੂੰ ਉਥੋਂ ਦੀ ਬੋਲੀ ਵਿੱਚ ਕਮਿਊਨਾ ਕਿਹਾ ਜਾਂਦਾ ਹੈ ਪਹਿਲਾਂ ਮਨਜ਼ੂਰੀ ਲੈਣੀ ਪੈਂਦੀ ਹੈ।
ਪਰ ਡਿਕਸੀ ਰੋਡ ਦੇ ਗੁਰਦੁਆਰੇ ਤੇ ਬੜੇ ਆਲੀਸ਼ਾਨ ਚਾਰ ਸੁੰਦਰ ਗੁੰਬਦਾਂ ਵਾਲਾ ਅਤੇ ਅਰਸ਼ਾਂ ਨੂੰ ਛੁਹੰਦਾ ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਝੁੱਲਦਾ ਤੱਕ ਕੇ ਸਿੱਖ ਧਰਮ ਦੀ ਚੜ੍ਹਦੀ ਕਲਾ ਨੂੰ ਇੱਥੇ ਵੇਖ ਕੇ , ਮਨ ਨੂੰ ਬੜੀ ਖੁਸ਼ੀ ਹੋਈ।ਇੱਸ ਦੇਸ਼ ਵਿੱਚ ਲੱਗ ਪਗ ਅੱਧੀ ਸਦੀ ਤੌਂ ਵੀ ਘੱਟ ਦੇ ਸਮੇਂ ਵਿੱਚ ਛੋਟੇ ਜਿਹੇ ਸਮੇਂ ਵਿੱਚ ਇੱਨਾ ਵੱਡਾ ਗੁਰਦੁਆਰਾ ਉਸਾਰ ਲੈਣਾ ਸਿੱਖ ਧਰਮ ਦੀ ਸਿੱਖੀ ਪ੍ਰਤੀ ਸ਼ਰਧਾ ਅਤੇ ਸੇਵਾ ਦੀ ਜੀਉਂਦੀ ਜਾਗਦੀ ਮਿਸਾਲ ਇਥੇ ਆ ਕੇ ਵੇਖਣ ਨੂੰ ਮਿਲੀ। ਕੈਨੇਡਾ ਵਿੱਚ ਆਪਣੀ ਵੱਖਰੀ ਦਿੱਖ ਵਿੱਚ ਸੋਭਦਾ ਡਿਕਸੀ ਰੋਡ ਦਾ ਇਹ ਗੁਰਦੁਆਰਾ ਪੰਜਾਬ ਦੇ ਕਿਸੇ ਵੱਡੇ ਇਤਹਾਸਕ ਗੁਰਦੁਆਰੇ ਨਾਲੋਂ ਛੋਟਾ ਨਹੀਂ ਜਾਪਦਾ ਹੈ।ਇੱਥੇ ਆ ਕੇ ਲਗਦਾ ਹੈ ਜਿਵੇਂ ਪੰਜਾਬ ਦੇ ਕਿਸੇ ਇਤਹਾਸਕ ਗੁਰਦੁਆਰੇ ਦੇ ਦਰਸ਼ਨ ਕਰ ਰਹੀਏ ਹੋਈਏ।
ਅੰਦਰ ਜਾ ਕੇ ਜੋੜੇ ਰੈਕਾਂ ਵਿੱਚ ਟਿਕਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਕੁੱਝ ਸਮਾਂ ਬੈਠ ਕੇ ਇੱਕ ਬੜੇ ਵਧੀਆਂ ਵਿਦਵਾਨ ਕਥਾਕਾਰ ਦੀ ਕਥਾ ਸੁਣਨ ਦਾ ਮੌਕਾ ਮਿਲਿਆ ਉਨ੍ਹਾਂ ਦੀ ਇਹ ਕਥਾ ਸੁਣਦੇ ਉਥੋਂ ਉੱਠਣ ਨੂੰ ਮਨ ਨਹੀਂ ਸੀ ਕਰ ਰਿਹਾ। ਅਚਾਣਕ ਮੇਰਾ ਪੋਤਾ ਆਕਾਸ਼ ਦੀਪ ਆਇਆ ਤੇ ਕਹਿਣ ਲੱਗਾ ,ਆਈ ਜੀ ਆਓ ਹੁਣ ਚੱਲੀਏ, । ਇਹ ਦੋਵੇਂ ਭੈਣ ਭਰਾ ਜਿਨ੍ਹਾਂ ਵਿੱਚੋਂ ਮੇਰੀ ਵੱਡੀ ਪੋਤੀ , ਜਿੱਸ ਨੂੰ ਲਾਡ ਨਾਲ ਸਾਰੇ ਰਾਬੀਆ ਕਹਿ ਕੇ ਬੁਲਾਉਂਦੇ ਹਨ ਨਿੱਕੀ ਹੁੰਦੀ ਹੀ ਉਹ ਮੈਨੂੰ ਤੋਤਲੀ ਜ਼ੁਬਾਨ ਵਿੱਚ ਡੈਡੀ ਦੀ ਬਜਾਏ ਆਈ, ਜੀ ਹੀ ਕਹਿ ਕੇ ਬੁਲਾਇਆ ਕਰਦੀ ਸੀ ਹੁਣ ਵੀ ਇਹ ਦੋਵੇਂ ਭੈਣ ਭਰਾ ਭਾਂਵੇਂ ਵੱਡੇ ਹੋ ਗਏ ਹਨ ਪਰ ਅਜੇ ਵੀ ਮੈਨੂੰ, ਆਈ, ਜੀ’ ਕਹਿਕੇ ਹੀ ਬੁਲਾਉਂਦੇ ਹਨ।
ਮੈਂ ਉੱਥੋਂ ਉੱਠ ਕੇ ਕੜਾਹ ਪ੍ਰਸਾਦ ਲਿਆ ਤੇ ਫਿਰ ਅਸੀਂ ਸਾਰਾ ਪ੍ਰਿਵਾਰ ਗੁਰੂ ਕਾ ਲੰਗਰ ਛਕਣ ਲਈ ਗਏ। ਲੰਗਰ ਦਾ ਬਹੁਤ ਹੀ ਵਧੀਆ ਪ੍ਰਬੰਧ ਵੇਖ ਕੇ ਮਨ ਨੂੰ ਹੋਰ ਵੀ ਖੁਸ਼ੀ ਹੋਈ। ਉਹ ਗੁਰਸਿਖ ਜੋ ਬਿਰਧ ਹੋਣ ਕਰਕੇ ਜਾਂ ਕਿਸੇ ਕਾਰਣ ਗੋਡਿਆਂ ਦੀ ਤਕਲੀਫ ਹੋਣ ਕਰਕੇ ਬੈਠ ਕੇ ਲੰਗਰ ਨਹੀਂ ਛਕ ਸਕਦੇ, ਉਨ੍ਹਾਂ ਵਾਸਤੇ ਆਰਾਮ ਨਾਲ ਕੁਰਸੀ ਟੇਬਲਾਂ ਤੇ ਲੰਗਰ ਛਕਣ ਦਾ ਵੱਖਰਾ ਪ੍ਰਬੰਧ ਹੈ। ਲੰਗਰ ਛਕਣ ਵੇਲੇ ਦੀ ਇੱਕ ਬੜੀ ਨਾ ਭੁੱਲਣ ਯੋਗ ਗੱਲ ਵੀ ਮੈਂ ਆਪਣੇ ਪਾਠਕਾਂ ਨਾਲ ਸਾਂਝਾਂ ਕਰਨੀ ਜ਼ਰੂਰੀ ਸਮਝਦਾ ਹਾਂ।
ਲੰਗਰ ਹਾਲ ਵਿੱਚੌਂ ਥਾਲੀਆਂ ਵਿੱਚ ਲੰਗਰ ਛਕਣ ਦੇ ਸਾਰੇ ਸੁਆਦੀ ਭੋਜਨ ਜਦ ਮੈਂ ਇੱਕ ਹੱਥ ਵਿੱਚ ਭੋਜਣ ਵਾਲੀ ਥਾਲੀ ਅਤੇ ਦੂਜੇ ਹੱਥ ਵਿੱਚ ਜਲ ਦਾ ਭਰਿਆ ਗਲਾਸ ਜਦੋਂ ਜਲ ਵਰਤਾਂਉਂਦੇ ਸੇਵਾਦਾਰ ਤੋਂ ਫੜ ਤਾਂ ਲਿਆ ਪਰ ਮੇਰੇ ਕੋਲੋਂ ਇਹ ਸੱਭ ਕੁੱਝ ਨਾ ਸੰਭਲਣ ਕਰਕੇ ਪਾਣੀ ਵਾਲੇ ਗਿਲਾਸ ਵਾਲਾ ਹੱਥ ਕੰਬਣ ਕਰਕੇ ਕੁੱਝ ਜਲ ਭੋਜਨ ਦੀ ਥਾਲੀ ਵਿੱਚ ਪਏ ਫੁਲਕੇ ਤੇ ਡੁਲ੍ਹ ਜਾਣ ਕਰਕੇ ਗਿੱਲਾ ਹੋ ਗਿਆ।ਅਜੇ ਮੈਂ ਆਪਣੀ ਇੱਸ ਗਲਤੀ ਬਾਰੇ ਸੋਚ ਹੀ ਰਿਹਾ ਸਾਂ ਕਿ ਮੇਰੀ ਕੋਲ ਖੜੀ ਬੇਟੀ ਨੇ ਕਿਹਾ ਕਿ ਕੋਈ ਗੱਲ ਨਹੀਂ ਡੈਡੀ ਤੁਸੀਂ ਇਹ ਆਪਣੇ ਵਾਲੀ ਥਾਲੀ ਮੇਰੇ ਨਾਲ ਵਟਾ ਲਓ ਤੁਸੀਂ ਮੇਰੇ ਵਾਲੀ ਥਾਲੀ ਵਾਲਾ ਲੰਗਰ ਖਾ ਲਓ ਮੈਂ ਇਹ ਖਾ ਲੈਂਦੀ ਹਾਂ, ਤਾਂ ਧੀ ਦਾ ਆਪਣੇ ਬਜ਼ੁਰਗ ਪਿਤਾ ਦਾ ਖਿਆਲ ਅਤੇ ਪਿਆਰ ਵੇਖ ਕੇ ਮੇਰਾ ਦਿਲ ਪੰਘਰ ਗਿਆ।ਮੈਨੂੰ ਇਸਤ੍ਰਾਂ ਵੇਖ ਕੇ ਉਥੇ ਨਾਲ ਹੀ ਸੇਵਾ ਕਰਦੀ ਸਿੱਖ ਬੀਬੀ ਤਾਂ ਨਿਮ੍ਰਤਾ ਤੇ ਸੇਵਾ ਭਾਵ ਦੀ ਜਿਵੇਂ ਮਿਸਾਲ ਹੀ ਪੈਦਾ ਕਰ ਗਈ।ਬੜੇ ਹੀ ਆਦਰ ਭਰੇ ਅਤੇ ਨਿਮਰ ਲਹਿਜ਼ੇ ਵਿੱਚ ਉਹ ਬੋਲੀ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਇਹ ਥਾ ਇੱਥੇ ਰੱਖ ਦੇਵੋ ਤੇ ਭੋਜਨ ਲਈ ਹੋਰ ਥਾਲੀ ਲੈ ਆਓ।
ਇੱਸ ਤੋਂ ਬਾਅਦ ਦੀ ਗੱਲ ਘਰ ਆਉਣ ਮੇਰੇ ਨਾਲ ਗੱਲ ਕਰਦੀ ਮੇਰੀ ਬੇਟੀ ਕਹਿਣ ਲੱਗੀ ਕਿ ਮੈਂ ਸੋਚਿਆ ਕਿ ਗੁਰੂ ਕੇ ਲੰਗਰ ਨੂੰ ਸੁੱਟਣਾ ਚੰਗਾ ਨਹੀਂ , ਜਦ ਮੈਂ ਖਾਣ ਲੱਗੀ ਤਾਂ ਸੋਚਿਆ ਕਿ ਕਿਸੇ ਪੇਪਰ ਨਾਲ ਪਾਣੀ ਨੂੰ ਥੋੜ੍ਹਾ ਸੁਕਾ ਲੈਂਦੀ ਹਾਂ।ਮੇਰੇ ਕੋਲ ਖੜੀ ਉਹ ਗੁਰਮੁਖ ਸੇਵਾ ਕਰ ਰਹੀ ਬੀਬੀ ਮੈਨੂੰ ਕਾਗਜ਼ ਨਾਲ ਲੰਗਰ ਦਾ ਫੁਲਕਾ ਸੁਕਾਉਂਦੀ ਨੂੰ ਵੇਖ ਕੇ ਉਹ ਹੋਰ ਵਧੀਆ ਜਲ ਸੋਖਣ ਵਾਲਾ ਪੇਪਰ ਲੈ ਆਈ ਤੇ ਲੰਗਰ ਦੇ ਭੋਜਨ ਦੀ ਕਦਰ ਨੂੰ ਸਮਝਦਿਆਂ ਮੇਰੀ ਬੇਟੀ ਦੀ ਮਦਦ ਕੀਤੀ। ਇਹੋ ਗੁਰਮੁਖਾਂ ਨੂੰ ਜੋ ਗੁਰੂ ਕੇ ਲੰਗਰ ਦੀ ਕਦਰ ਕੀਮਤ ਨੂੰ ਸਮਝਦੇ ਹਨ, ਐਸੇ ਲੋਕ ਬੜੇ ਆਦਰ ਤੇ ਸਤਿਕਾਰ ਦੇ ਪਾਤ੍ਰ ਹਨ।
ਲੰਗਰ ਛਕਣ ਤੋਂ ਬਾਅਦ ਨਾਲ ਹੀ ਲਇਬ੍ਰੇਰੀ ਸੀ ਜਿਸ ਨੂੰ ਵੇਖੇ ਬਿਨਾਂ ਘਰ ਪਰਤ ਆਉਣਾ ਮੇਰੇ ਲਈ ਜ਼ਰੂਰੀ ਸੀ। ਖਾਲਸਾ ਦਰਬਾਰ ਦੀ ਲਾਇਬ੍ਰੇਰੀ ਵੇਖੀ ਜਿੱਸ ਵਿੱਚ ਬੜੇ ਹੀ ਸਲੀਕੇ ਨਾਲ ਸਜਾਈਆਂ ਗਈਆਂ ਬਹੁਤ ਹੀ ਗਿਆਨ ਭਰਪੂਰ ਪੜ੍ਹਨ ਯੋਗ ਪੁਸਤਕਾਂ ਹਨ।ਜਿਨ੍ਹਾਂ ਦੀ ਜਾਣਕਾਰੀ ਲੈਂਦੇ ਤੇ ਵੇਖਦੇ 2 ਲੋਕ ਅੱਗੇ ਤੁਰੇ ਜਾ ਰਹੇ ਸਨ।ਕੁੱਝ ਸਜਨ ਟੇਬਲਾਂ ਤੇ ਪਈਆਂ ਅਖਬਾਰਾਂ ਪੜ੍ਹਨ ਵਿੱਚ ਮਘਨ ਸਨ। ਕੋਈ ਸ਼ੋਰ ਨਹੀਂ ਸੀ।ਇਹ ਚੁੱਪ ਪਾਠਕਾਂ ਦੀ ਇਕਾਗ੍ਰਤਾ ਚ ਵਾਧਾ ਕਰ ਰਹੀ ਸੀ। ਇਵੇਂ ਲਗ ਹਿਹਾ ਸੀ ਜਿਵੇਂ ਫੁੱਲਾਂ ਦੀ ਗੁਲਜ਼ਾਰ ਵਿੱਚ ਫੁੱਲਾਂ ਤੇ ਬੈਠੇ ਕੁੱਝ ਭੌਰੇ ਅਦਬੀ ਫੁੱਲਾਂ ਦੀ ਮਹਿਕ ਤੇ ਰੱਸ ਮਾਣ ਰਹੇ ਹੋਣ। ਕੁੱਲ ਮਿਲਾ ਕੇ ਸੱਭ ਕੁੱਝ ਬੜਾ ਸੁਖਾਵਾਂ ਲੱਗ ਰਿਹਾ ਸੀ।
ਬਾਕੀ ਸਾਰੇ ਮੈਨੂੰ ਬਾਹਰ ਖੜੇ ਉਡੀਕ ਰਹੇ ਹਨ। ਮੈਂ ਵਾਪਸੀ ਤੇ ਆਪਣੀ ਇੱਸ ਪਿਆਰੀ ਜਿਹੀ ਪੋਤੀ ਰਾਬੀਆ ਦਾ ਹੱਥ ਫੜੀ ਪੌੜੀਆਂ ਉਤਰਦਾ ਹੈਠਾਂ ਆਉਂਦਾ ਸੋਚ ਰਿਹਾ ਸਾਂ ਕਿ ਸੁਣਿਆ ਹੈ ਕਿ ਬੰਦੀ ਛੋੜ ਇਤਹਾਸਕ ਦਿਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਨੱਗਰ ਕੀਰਤਨ ਦੇ ਰੂਪ ਵਿੱਚ ਇੱਥੇ ਰੌਣਕਾਂ ਵਿੱਚ ਸੰਗਤਾਂ ਦਾ ਨੱਗਰ ਕੀਰਤਨ ਇੱਥੇ ਵੇਖਣ ਨੂੰ ਮਿਲਦਾ ਹੈ।ਜੇ ਜ਼ਿੰਦਗੀ ਰਹੀ ਤਾਂ ਇੱਸ ਰੌਣਕਾਂ ਭਰੇ ਨੱਗਰ ਕੀਰਤਨ ਨੂੰ ਜ਼ਰੂਰ ਵੇਖਣ ਦਾ ਯਤਨ ਕਰਾਂਗਾ, ਪਰ ਅੱਜ ਦਾ ਖਾਲਸਾ ਦਰਬਾਰ ਗੁਰਦੁਆਰਾ ਡਿਸਕੀ ਦਾ ਬਿਤਾਇਆ ਸਮਾਂ ਜ਼ਰੂਰ ਮੇਰੇ ਜੀਵਣ ਦਾ ਇੱਕ ਇਤਹਾਸਕ ਦਿਨ ਬਣ ਕੇ ਯਾਦ ਆਉਂਦਾ ਰਹੇ ਗਾ।
ਰਵੇਲ ਸਿੰਘ ਇਟਲੀ. ਹਾਲ, CALDON ,CA
24 July 2018
ਘਿਉ ਦਾ ਘੜਾ - ਰਵੇਲ ਸਿੰਘ ਇਟਲੀ
ਪਹਿਲੇ ਸਮਿਆਂ ਦੇ ਲੋਕ ਅਜੇ ਵੀ ਘਰ ਵਿੱਚ ਕੋਈ ਮਾੜਾ ਮੋਟਾ ਨੁਕਸਾਨ ਹੋ ਜਾਣ ਤੇ ਕਹਿੰਦੇ ਸੁਣੇ ਜਾਂਦੇ ਹਨ, ਚਲੋ ਛੱਡੋ ਕਿਹੜਾ ਘਿਉ ਦਾ ਘੜਾ ਡੁਲ੍ਹ ਗਿਆ। ਇਹ ਜੋੜਿਆ ਹੋਇਆ ਘਿਉ ਪੁਰਾਣੇ ਸਮਿਆਂ ਵਿੱਚ ਜੋੜਨਾ ਆਮ ਜਿਹੀ ਗੱਲ ਸੀ । ਇੱਸ ਕੰਮ ਲਈ ਮਿੱਟੀ ਦੇ ਕੁੱਝੇ, ਚਾਟੀਆਂ, ਘਿਉ ਦੇ ਜੋੜੇ ਜਾਂਦੇ ਸਨ। ਜੋ ਆਮ ਕਰਕੇ ਵਿਆਹ ਸ਼ਾਦੀਆਂ ਵਿੱਚ ਵਰਤਣ ਲਈ ਜੋੜੇ ਜਾਂਦੇ ਸਨ। ਪਹਿਲੇ ਸਮਿਆਂ ਵਿੱਚ ਘਿਉ ਨਾਲ ਬਰਾਤ ਦੀ ਸੇਵਾ ਹੁੰਦੀ ਸੀ।ਇੱਸ ਕੰਮ ਲਈ ਘਰਾਂ ਵਿੱਚ ਲਵੇਰੀਆਂ ਬੜੇ ਸ਼ੌਕ ਨਾਲ ਰੱਖੀਆਂ ਜਾਂਦੀਆਂ ਸਨ।ਮੱਖਣ ਬਣਾਉਣ ਲਈ ਚਾਟੀਆਂ ਵਿੱਚ ਘੁੰਮਦੀ ਚਾਟੀਆਂ ਵਿੱਚ ਘੰਮ ਘੰਮ ਕਰਦੀ ,ਅਮ੍ਰਿਤ ਵੇਲੇ ਦੀ ਆਵਾਜ਼ ਘਰਾਂ ਵਿੱਚ ਨਰੋਈ ਸਿਹਤ ,ਅਤੇ ਸਾਦ ਮੁਰਾਦੇ ਰਹਿਣ ਸਹਿਣ ਦਾ ਘਰ 2 ਸੰਦੇਸ਼ ਦਿੰਦੀ ਹੁੰਦੀ ਸੀ।
ਹੁਣ ਤਾਂ ਤਾਂ ਲੋਕ ਪੱਛਮੀ ਸੱਭਿਅਤਾ ਦੀ ਰੀਸ ਕਰਦੇ ਸਵੇਰ ਦੇ ਖਾਣੇ ਨੂੰ ਛਾਹ ਵੇਲੇ ਦੀ ਥਾਂ ਬ੍ਰੇਕ ਫਾਸਟ ਕਹਿਣ ਲੱਗ ਪਏ ਹਨ ।ਛਾਹ ਦੇ ਅਰਥ ਲੱਸੀ ਭਾਵ ਲੱਸੀ ਵੇਲਾ ਹੀ ਹੈ। ਕਈ ਲੋਕ ਅਜੇ ਵੀ ਚਾਹ ਛਾਹ ਪੀ ਲਈਏ ਕਹਿੰਦੇ ਹਨ।ਪਰ ਲੱਸੀ ਤਾਂ ਹੁਣ ਬਾਜ਼ਾਰ ਵਿੱਚੋਂ ਹੀ ਜਾ ਕੇ ਪੀਣੀ ਪੈਂਦੀ ਹੈ।ਜੋ ਕਦੇ ਸਟੀਲ ਦੇ ਗਲਾਸਾਂ ਵਿੱਚ ਮਿਲਦੀ ਹੈ, ਇੱਸੇ ਤਰ੍ਹਾਂ ਹੀ ਦੁੱਧ ਦਹੀਂ ਲੱਸੀ ਅਤੇ ਮੱਖਣ ਤਾਂ ਅੱਜ ਕਲ ਪਲਾਸਟਿਕ ਦੇ ਲਿਫਾਫਿਆਂ ਵਿੱਚ ਕੈਦ ਹੋ ਚੁਕਾ ਹੈ।ਛੰਨਾ ਜਾਂ ਕਟੋਰਾ ਕੰਗਣੀ ਵਾਲੇ ਗਲਾਸ ਤਾਂ ਹੁਣ ਪੰਜਾਬੀ ਸੱਭਿਆਚਾਰ ਦੇ ਗੀਤਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਏ ਹਨ ।
ਘਰਾਂ ਵਿੱਚ ਹੱਥੀਂ ਕੰਮ ਕਾਰ ਕਰਨ ਦੀ ਘਾਟ ,ਦਿਨੋ ਦਿਨ ਵਧ ਰਹੇ ਪ੍ਰਦੂਸ਼ਣ , ਬਹੁਤੀਆਂ ਖਾਦਾਂ ਦਾ ਵਰਤੇ ਜਾਣਾ, ਕੀੜੇ ਮਾਰ ਦੁਵਾਈਆਂ ਵਰਤਣਾ ਅਤੇ ਨਸ਼ਿਆਂ ਦੀ ਵਧਦੀ ਭਰਮਾਰ ਕਰਕੇ ਘੱਟ ਉਮਰਾਂ ਦੋ ਲੋਕ ਵੀ ਅਨੇਕਾਂ ਰੋਗਾਂ ਨਾਲ ਘੇਰੇ ਪਏ ਹਨ।ਅੱਜ ਦੀ ਨੌਜੁਆਨੀ ਇੱਕ ਦੂਜੇ ਦੀ ਰੀਸੋ ਰੀਸੀ ਬਾਹਰ ਨੂੰ ਗਲਤ ਮਲਤ ਢੰਗਾਂ ਨਾਲ ਆਪਣੀਆਂ ਜਾਨਾਂ ਦੀ ਸਲਾਮਤੀ ਦੀ ਪ੍ਰਵਾਹ ਕੀਤੇ ਬਿਨਾਂ ਬਾਹਰਲੇ ਦੇਸ਼ਾਂ ਨੂੰ ਮੂੰਹ ਧਰੀ ਬੈਠੀ ਨਿਕਾਰੀ ਤੇ ਵਿਹਲੜ ਹੋ ਰਹੀ ਹੈ।
ਹੁਣ ਤਾਂ ਘਿਉ ਦੇ ਘੜੇ ਦੀ ਗੱਲ ਤਾਂ ਇੱਕ ਪਾਸੇ ਰਹੀ, ਬਹੁਤ ਸਾਰੇ ਰੋਗਾਂ ਵਿੱਚ ਤਾਂ ਘਿੳ ਖਾਣ ਦੀ ਡਾਟਰ ਮਨਾਹੀ ਵੀ ਕਰਦੇ ਹਨ।ਬਾਪੂ ਇੱਕ ਸੌ ਦੱਸ ਸਾਲ ਦੀ ਉਮਰ ਹੰਡਾ ਕੇ ਗਿਆ ਉਹ ਆਮ ਕਿਹਾ ਕਰਦਾ ਸੀ ਕਿ ਕਿਹੜਾ ਕਹਿੰਦਾ ਹੈ ਕਿ ਦੇਸੀ ਘਿਉ ਸਿਹਤ ਲਈ ਮਾੜਾ ਹੈ, ਲਿਆਓ ਮੈਨੂੰ ਦਿਓ ਮੈਂ ਪਾਈਆ ਦੇਸੀ ਘਿਉ ਇੱਕੋ ਝੀਕੇ ਪੀ ਕੇ ਦੱਸਾਂ ਗਾ। ਜੇ ਘਿਉ ਖਾ ਕੇ ਹੱਡ ਭੰਨਵੀ ਕਮਾਈ ਨਹੀਂ ਕਰਨੀ ਤਾਂ ਘਿੳ ਨੇ ਫਿਰ ਜ਼ਹਿਰ ਬਣ ਕੇ ਹੱਡਾਂ ਗੋਡਿਆਂ ਵਿੱਚ ਹੀ ਬਹਿਣਾ ਹੈ।
ਬੇਸ਼ੱਕ ਅੱਜ ਕੱਲ ਇੱਸ ਬਾਰੇ ਬਹੁਤ ਕੁੱਝ ਵੇਖਣ ਸੁਣਨ ਨੂੰ ਆਮ ਮਿਲਦਾ ਹੈ ਪਰ ਵਿਦੇਸ਼ ਜਾਣ ਦੀ ਹੋੜ ਦਾ ਭੂਤ ਨੌਜਵਾਨਾਂ ਦੇ ਸਿਰ ਤੇ ਬੁਰੀ ਤਰ੍ਹਾਂ ਸਵਾਰ ਹੈ। ਇਥੇ ਤਾਂ ਵਿਹਲੜ ਜੁਆਨੀ ਨੂੰ ਨਸ਼ੇ ਦੀ ਲੋੜ ਹੈ।ਦੇਸੀ ਘਿੳ ਨੂੰ ਕੌਣ ਪੁੱਛਦਾ ਹੈ। ਫਿਰ ਕੁਝ ਸਮਾਂ ਪਹਿਲਾਂ ਦੇਸੀ ਘਿਉ ਦੀ ਥਾਂ ਡਾਲਡਾ ਘਿਉਂ ਜਿੱਸ ਨੂੰ ਮਖੌਲ ਨਾਲ ਲੋਹੇ ਦੀ ਮੱਝ ਦਾ ਘਿਉ ਕਿਹਾ ਕਰਦੇ ਹੌਲੀ 2 ਦੁਕਾਨਾਂ ਤੇ ਆ ਗਿਆ। ਹੁਣ ਦੇਸੀ ਘਿਉ ਤੇ ਡਾਲਡਾ ਘਿਉ ਜਿਸ ਨੂੰ ਬਨਾਸਪਤੀ ਘਿਉ ਦੀ ਥਾਂ ਤਰ੍ਹਾਂ 2 ਤੇਲ ਖਾਣੇ ਬਨਾਉਣ ਲਈ ਦਿਨੋ ਦਿਨ ਵਾਧਾ ਕਰੀ ਜਾਂਦੇ ਹਨ।ਪਤਾ ਨਹੀਂ ਘਿਉ ਦੇ ਬਦਲੇ ਦੀ ਗੱਲ ਕਿੱਥੇ ਜਾ ਕੇ ਖਤਮ ਹੋਵੇ ਅਜੇ ਕੋਈ ਸਿਰਾ ਨਹੀਂ ਜਾਪਦਾ। ਪਰ ਫਿਰ ਦੇਸੀ ਘਿਉ ਦੀ ਕੋਈ ਰੀਸ ਨਹੀਂ ਜੇਕਰ ਇੱਸ ਦੀ ਵਰਤੋਂ ਦੇ ਨਾਲ 2 ਘਰ ਦੇ ਕੰਮ ਧੰਦਿਆਂ
ਵਿੱਚ ਆਪ ਵੀ ਹੱਥੀਂ ਕਰਨ ਦੀ ਆਦਤ ਪਾਈ ਜਾਵੇ।
ਇਹ ਲੇਖ ਲਿਖਦਿਆਂ ਵਿਦੇਸ਼ ਆਉਣ ਵੇਲੇ ਦੀ ਇੱਕ ਵਾਰ ਦੀ ਹਵਾਈ ਅੱਡੇ ਦੀ ਗੱਲ ਮੈਨੂੰ ਚੇਤੇ ਆ ਗਈ,ਜਦੋਂ ਕਿਸੇ ਵਿਦੇਸ਼ ਜਾਂਦੇ ਹੱਥ ਕਿਸੇ ਮਾਂ ਨੇ ਆਪਣੇ ਵਿਦੇਸ਼ ਰਹਿੰਦੇ ਪੁੱਤ ਲਈ ਆਪਣੇ ਹੱਥੀਂ ਤਿਆਰ ਕੀਤਾ ਦੇਸੀ ਘਿਓ ਦਾ ਡੱਬਾ ਭੇਜਿਆ, ਪਰ ਸਾਮਾਨ ਚੈਕਿੰਗ ਵੇਲੇ ਇਮੀਗ੍ਰੇਸ਼ਨ ਵਾਲਿਆਂ ਨੇ ਇੱਸ ਨੂੰ ਤਰਲ ਪਦਾਰਥ ਸਮਝ ਕੇ ਬਾਹਰ ਲਿਜਾਣ ਤੋਂ ਨਾਂਹ ਕਰਦੇ ਹੋਏ ਬਾਹਰ ਕੱਢ ਦਿੱਤਾ। ਵਾਪਸ ਮੋੜਕੇ ਕੋਈ ਲਿਜਾਣ ਵਾਲਾ ਨਹੀਂ ਸੀ।ਕੋਲ ਖੜਾ ਇੱਕ ਫੌਜੀ ਵਰਦੀ ਵਿੱਚ ਡਿਊਟੀ ਦਿੰਦਾ ਜੁਆਨ ਵੇਖ ਕੇ ਉੱਸ ਨੂੰ ਕਿਹਾ ਤੁਸੀਂ ਇੱਸ ਨੂੰ ਲੈ ਲਓ। ਉੱਸ ਨੇ ਇਹ ਦੇਸੀ ਘਿਓ ਦਾ ਡੱਬਾ ਉੱਸ ਫੌਜੀ ਨੂੰ ਦੇ ਦਿੱਤਾ। ਹਵਾਈ ਸਫਰ ਕਰਦ ਇਹ ਨੌਜੁਆਨ ਮੇਰਾ ਹੀ ਕੋਈ ਗ੍ਰਾਈਂ ਨਿਕਲਿਆ ਅਤੇ ਅਸੀ ਦੋਵੇਂ ਹੀ ਗੱਲਾਂ ਬਾਤਾਂ ਕਰਦਿਆਂ ਸਫਰ ਕੀਤਾ।
ਵਿਦੇਸ਼ ਪਰਤਣ ਤੇ ਇੱਕ ਦਿਨ ਉਹ ਮੈਨੂੰ ਮਿਲਿਆ ਉੱਸ ਦਿਨ ਦੀ ਘਿਉ ਵਾਲੀ ਗੱਲ ਪੁੱਛਣ ਤੇ ਕਹਿਣ ਲੱਗਾ ਜਿੱਸ ਭਰਾ ਲਈ ਮੈਂ ਉਹ ਘਿਉ ਦਾ ਡੱਬਾ ਲਿਆਇਆ ਸੀ, ਇੱਕ ਦਿਨ ਉੱਸ ਦੀ ਮਾਂ ਉਸ ਨੂੰ ਫੋਨ ਤੇ ਪੁੱਛਣ ਲੱਗੀ” ਵੇ ਮੀਕਿਆ” ਪੁੱਤ ਤੂੰ ਉਹ ਮੇਰੇ ਹੱਥਾਂ ਦਾ ਜੋੜਿਆ ਦੇਸੀ ਘਿਉ ਦਾ ਡੱਬਾ ਮੇਰੇ ਪੁੱਤ ਨੂੰ ਦੇ ਦਿੱਤਾ ਸੀ ਨਾ।ਮੈਂ ਇਹ ਸੁਣ ਕੇ ਉੱਸ ਦੀ ਮਾਂ ਨੂੰ ਕਿਹਾ ਨਹੀਂ ਮਾਂ ਜਹਾਜ਼ ਵਾਲੇ ਘਿਓ ਨਹੀਂ ਬਾਹਰ ਲਿਜਾਣ ਦਿੰਦੇ।ਉਨ੍ਹਾਂ ਮੇਰੇ ਸਾਮਾਨ ਵਿੱਚੋਂ ਘਿਉ ਵਾਲਾ ਡੱਬਾ ਬਾਹਰ ਕੱਢ ਦਿੱਤਾ। ਮਾਂ ਇਹ ਸੁਣ ਕੇ ਕਹਿਣ ਲੱਗੀ ਹੱਛਾ ਫਿਰ ਕੀ ਕੀਤਾ ਤੂੰ ਉੱਸ ਘਿਉ ਦਾ। ਮੈਂ ਕਿਹਾ ਕਸਟਮ ਵਾਲੇ ਤਾਂ ਡੈਣਾਂ ਵਾਂਗ ਦੇਸੀ ਘਿਉ ਦੇ ਡੱਬੇ ਵੱਲ ਝਾਕ ਰਹੇ ਸਨ।,ਪਰ ਮੈਂ ਇਹ ਘਿਉ ਇੱਕ ਫੌਜੀ ਵਰਦੀ ਵਾਲੇ ਉਥੇ ਡਿਉਟੀ ਦੇ ਰਹੇ ਜੁਆਨ ਨੂੰ ਦੇ ਦਿੱਤਾ। ਉਹ ਲਵੇ ਨਾ ਮੇਂ ਕਿਹਾ ਫੌਜੀ ਸਾਹਬ ਇਹ ਆਪਣੀ ਮਾਂ ਦਾ ਭੇਜਿਆ ਹੋਇਆ ਸਮਝ ਕੇ ਹੀ ਲੈ ਲਓ। ਇਹ ਸੁਣ ਕੇ ਉੱਸ ਫੌਜੀ ਨੇ ਬੜੇ ਸਤਿਕਾਰ ਨਾਲ ਮੇਰੇ ਹੱਥੋਂ ਡੱਬਾ ਫੜ ਲਿਆ।
ਮਾਈ ਬੜੀ ਤੱਸਲੀ ਨਾਲ ਬੋਲੀ ਚੰਗਾ ਕੀਤਾ ਪੁੱਤ ਜੋ ਤੂੰ ਇਹ ਦੇਸੀ ਘਿਉ ਦਾ ਡੱਬਾ ਕਿਸੇ ਫੌਜੀ ਨੂੰ ਦੇ ਦਿੱਤਾ। ਮੇਰਾ ਵੀ ਤਾਂ ਇੱਕ ਪੁੱਤ ਫੌਜੀ ਹੈ। ਮੈਂ ਸਮਝਾਂਗੀ ਉੱਸ ਨੂੰ ਮਿਲ ਗਿਆ। ਫੌਜੀ ਤਾਂ ਆਪਣੇ ਪ੍ਰਿਵਾਰ ਘਰਾਂ ਵਿੱਚ ਛੱਡ ਕੇ ਸੀਸ ਤਲੀ ਤੇ ਰੱਖ ਕੇ ਦੇਸ਼ ਦੀਆਂ ਹੱਦਾਂ ਸਰਹੱਦਾਂ ਤੇ ਰਹਿ ਕੇ ਦੇਸ਼ ਦੀ ਰਾਖੀ ਕਰਦੇ ਹਨ। ਮੇਰੇ ਵੱਸ ਚੱਲੇ ਤਾਂ ਮੈਂ ਘਿਉ ਦਾ ਡੱਬਾ ਤਾਂ ਕੀ ਘਿਉ ਦਾ ਘੜਾ ਰੋਜ਼ ਹੀ ਇਨ੍ਹਾਂ ਨੂੰ ਭੇਜਿਆ ਕਰਾਂ।
ਉਸ ਦੀ ਇਹ ਗੱਲ ਸੁਣ ਕੇ ਮੈਨੂੰ ਇਵੇਂ ਜਾਪਿਆ ਜਿਵੇ ਉਹ ਕਿਸੇ ਇੱਕ ਵਿਦੇਸ਼ੀ ਕਾਮੇ ਦੀ ਮਾਂ ਨਾ ਹੋ ਕੇ ਸਾਰੇ ਦੇਸ਼ ਦੇ ਰਾਖਿਆਂ ਦੀ ਮਾਂ ਵੀ ਹੋਵੇ।
ਰਵੇਲ ਸਿੰਘ ਇਟਲੀ
Rewail singh @gmil.com
Phone +3938842938
ਹਾਲ daugall ave, Caledon c,a
16 July 2018
ਚੋਰ ਤੇ ਕੁੱਤੀ - ਰਵੇਲ ਸਿੰਘ ਇਟਲੀ
ਚੋਰ ਤੇ ਕੁੱਤੀ ਹੱਥ ਮਿਲਾ ਗਏ।
ਜੋ ਵੀ ਮਿਲਿਆ ਰਲ ਕੇ ਖਾ ਗਏ।
ਚਿੱਟੇ ਉੱਤੇ ਲਾਈ ਜਵਾਨੀ,
ਲੋਕਾਂ ਦੇ ਨਾਲ ਕਹਿਰ ਕਮਾ ਗਏ।
ਕੁਰਸੀ ਖਾਤਰ ਦੀਨ ਗੁਆ ਗਏ,
ਝੂਠੇ ਵਾਅਦੇ ਕਸਮਾਂ ਖਾ ਗਏ।
ਸੱਭ ਨੂੰ ਫੋਕੇ ਲਾਰੇ ਲਾ ਗਏ।
ਸੱਭ ਦੇ ਅੱਖੀਂ ਘੱਟਾ ਪਾ ਗਏ।
ਕੁਰਸੀ ਖਾਤਰ ਦੀਨ ਗੁਆ ਗਏ।
ਲੋੜ ਪਈ ਤੇ ਠੁੱਠ ਵਿਖਾ ਗਏ।
ਵੋਟਰ ਮੁੜਕੇ ਧੌਖਾ ਖਾ ਗਏ,
ਫਿਰ ਨਹਿਲੇ ਤੇ ਦਹਿਲੇ ਆ ਗਏ।
4 July 2018