ਪਹਿਲੀ ਨਵੰਬਰ : ਪੰਜਾਬ ਦਿਵਸ 'ਤੇ ਵਿਸ਼ੇਸ਼ : ਪੰਜਾਬੀ ਸੂਬੇ ਦੀ ਦਾਸਤਾਨ - ਡਾ. ਗੁਰਵਿੰਦਰ ਸਿੰਘ
ਪੰਜਾਬੀ ਸੂਬੇ ਦੀ ਕਹਾਣੀ ਅਕ੍ਰਿਤਘਣਤਾ,ਧੋਖੇਬਾਜ਼ੀ, ਬੇਵਫ਼ਾਈ, ਬੇਇਨਸਾਫ਼ੀ,ਬੇਈਮਾਨੀ ਤੇ ਬੇਹਯਾਈ ਦੀ ਮੂੰਹ ਬੋਲਦੀ ਤਸਵੀਰ ਹੈ। ਅੱਜ ਤੋਂ 53 ਵਰ੍ਹੇ ਪਹਿਲਾਂ 1 ਨਵੰਬਰ 1966 ਈਸਵੀ ਨੂੰ ਪੰਜਾਬੀਆਂ ਨੂੰ ਕੱਟਿਆ- ਵੱਢਿਆ ਲੰਗੜਾ ਪੰਜਾਬ ਸੂਬਾ ਦੇ ਕੇ ਅਭੁੱਲ ਵਿਸ਼ਵਾਸਘਾਤ ਕੀਤਾ ਗਿਆ। ਜਿਸ ਦੇਸ਼ ਨੂੰ ਗੁਲਾਮੀ ਦੇ ਸ਼ਿਕੰਜੇ ਤੋਂ ਨਿਜਾਤ ਦਿਵਾਉਣ ਲਈ ਪੰਜਾਬੀਆਂ ਨੇ ਪਚਾਨਵੇਂ ਫੀਸਦੀ ਕੁਰਬਾਨੀਆਂ ਕੀਤੀਆਂ, ਉਸੇ ਮੁਲਕ ਦੀ ਅਖੌਤੀ ਧਰਮ-ਨਿਰਪੱਖ ਪ੍ਰਸ਼ਾਸਨ ਪ੍ਰਣਾਲੀ ਤੇ ਨਿਆਂ ਪਾਲਿਕਾ ਨੇ ਪੰਜਾਬੀਆਂ ਨਾਲ ਹਮੇਸ਼ਾ ਵਿਤਕਰਾ ਅਤੇ ਅਨਿਆਂ ਕੀਤਾ। ਪੰਜਾਬੀਆਂ ਦੇ ਪੱਲ੍ਹੇ ਹਮੇਸ਼ਾ ਤਬਾਹੀ ਤੇ ਖ਼ੁਆਰੀ ਹੀ ਆਈ। ਜਦ ਸੰਤਾਲੀ ਦੀ ਵੰਡ ਹੋਈ, ਪੰਜਾਬ ਦੇ ਦੋ ਟੁੱਕੜੇ ਹੋ ਗਏ। ਪੰਜਾਂ ਪਾਣੀਆਂ ਦੇ ਸੁਮੇਲ ਤੋਂ ਬਣਿਆ 'ਪੰਜ-ਆਬ' ਸਿਰਫ਼ 'ਢਾਈ-ਆਬ' ਹੀ ਰਹਿ ਗਿਆ। ਫਿਰ '66 ਦੀ ਵੰਡ ਹੋਈ, ਤਾਂ ਪੰਜਾਬ ਦਾ ਪੁਨਰਗਠਨ ਕਰਕੇ ਨਵਾਂ ਸੂਬਾ ਹਰਿਆਣਾ ਬਣਾ ਦਿੱਤਾ ਗਿਆ ਤੇ ਪੰਜਾਬ ਛੋਟੀ ਜਿਹੀ 'ਸੂਬੀ' ਬਣਕੇ ਰਹਿ ਗਿਆ। ਹਕੀਕਤ ਤਾਂ ਇਹ ਹੈ ਕਿ ਪੰਜਾਬੀਆਂ ਨੇ ਜਿੰਨ੍ਹਾਂ ਨਾਲ ਵੀ ਵਫ਼ਾ ਕੀਤੀ, ਉਨ੍ਹਾਂ ਨੇ ਹੀ ਪੰਜਾਬੀਆਂ ਨਾਲ ਬੇਵਫ਼ਾਈ ਕੀਤੀ। ਪੰਜਾਬੀਆਂ ਨੇ ਜਿੰਨ੍ਹਾਂ ਲਈ ਸ਼ਹਾਦਤਾਂ ਦਿੱਤੀਆਂ, ਉਨ੍ਹਾਂ ਨੇ ਹੀ ਇਨ੍ਹਾਂ 'ਤੇ ਸਿਤਮ ਢਾਹੇ। ਨਤੀਜੇ ਵਜੋਂ ਪੰਜਾਬੀਆਂ ਦੇ ਪੱਲੇ ਦਰਦ ਭਰੀ ਦਾਸਤਾਨ ਹੀ ਰਹਿ ਗਈ।
ਆਜ਼ਾਦੀ ਦੇ ਸੰਘਰਸ਼ ਤੋਂ ਦੌਰਾਨ ਜਦ ਫਾਂਸੀਆਂ ਦੇ ਰੱਸੇ ਚੁੰਮਣੇ ਸਨ, ਕਾਲੇ ਪਾਣੀਆਂ ਦੀ ਸਜ਼ਾ ਭੋਗਣੀ ਸੀ, ਉਮਰ ਕੈਦਾਂ ਦੀ ਸਜ਼ਾ ਕੱਟਣੀ ਸੀ, ਤਦ ਚਲਾਕ ਲੂੰਬੜਾਂ ਵਰਗੇ ਚਾਲਬਾਜ਼ ਮੋਮੋਠੱਗਣੇ ਰਾਸ਼ਟਰਵਾਦੀ ਲੀਡਰਾਂ ਨੇ ਸਿੱਖਾਂ ਨੂੰ ਆਪਣੀਆਂ ਝੂਠੀਆਂ ਕਸਮਾਂ ਤੇ ਵਾਅਦਿਆਂ ਦੇ ਸ਼ਬਦ-ਜਾਲ ਵਿੱਚ ਬੁਰੀ ਤਰ੍ਹਾਂ ਫਸਾਇਆ। ਇਸ ਸਬੰਧੀ 6 ਜੁਲਾਈ 1947 ਨੂੰ ਕਾਂਗਰਸ ਦੇ ਪ੍ਰਧਾਨ ਪੰਡਿਤ ਨਹਿਰੂ ਦੇ ਸ਼ਬਦ ਜ਼ਿਕਰਯੋਗ ਹਨ, ''ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਸਲੂਕ ਦੇ ਅਧਿਕਾਰੀ ਹਨ। ਮੈਨੂੰ ਇਸ ਵਿੱਚ ਕੋਈ ਔਖਿਆਈ ਨਹੀਂ ਦਿਸਦੀ ਕਿ ਹਿੰਦੁਸਤਾਨ ਦੇ ਉਤਰ ਵਿੱਚ ਇਕ ਅਜਿਹਾ ਇਲਾਕਾ ਵੱਖਰਾ ਕਰ ਦਿੱਤਾ ਜਾਏ, ਜਿਥੇ ਕਿ ਸੁਤੰਤਰਤਾ ਦਾ ਨਿੱਘ ਸਿੱਖਾਂ ਦੇ ਲਹੂ ਨੂੰ ਵੀ ਗਰਮਾਏ।'' ਪਰ ਸਿਤਮਜ਼ਰੀਫੀ ਵੇਖੋ ਕਿ ਨਹਿਰੂ ਦੀ ਹਰ ਠੀਕ -ਗਲਤ ਗੱਲ ਦੀ 'ਹਾਂ ਵਿੱਚ ਹਾਂ' ਮਿਲਾਉਣ ਵਾਲੇ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਨੇ ਜਦੋਂ ਪ੍ਰਧਾਨ ਮੰਤਰੀ ਬਣਨ 'ਤੇ ਪੰਡਿਤ ਜਵਾਹਰ ਲਾਲ ਨੂੰ ਆਪਣਾ ਵਾਅਦਾ ਯਾਦ ਕਰਵਾਇਆ, ਤਾਂ ਉਸਨੇ ਟਕੇ ਵਰਗਾ ਕੋਰਾ ਜੁਆਬ ਦਿੰਦਿਆ ਕਿਹਾ, ''ਹੁਣ ਸਮਾਂ ਬਦਲ ਗਿਆ ਹੈ।" ਇਥੇ ਹੀ ਬੱਸ ਨਹੀਂ , ਕੱਟੜ ਹਿੰਦੂਤਵੀ ਗ੍ਰਹਿ ਮੰਤਰੀ ਵਲਭ ਭਾਈ ਪਟੇਲ ਨੇ ਤਾਂ ਇਥੋਂ ਤੱਕ ਆਖ ਦਿੱਤਾ, ''ਹੁਣ ਸਿੱਖਾਂ ਦੀ ਭਲਾਈ ਇਸ ਵਿੱਚ ਹੈ ਕਿ ਉਹ ਆਪਣੀ ਵੱਖਰੀ ਹੋਂਦ ਨੂੰ ਭੁਲ ਕੇ, ਦੇਸ਼ ਦੀ ਗਣਤੰਤਰ ਪ੍ਰਣਾਲੀ ਵਿੱਚ ਆਪਣੇ ਆਪ ਨੂੰ ਸਮੋ ਲੈਣ"।ਮੁਲਕ ਦੀ ਆਜ਼ਾਦੀ ਦੀ ਲੜਾਈ ਵੇਲੇ ਕਾਂਗਰਸ ਵੱਲੋਂ ਕਈ ਵਾਰ ਅਜਿਹੇ ਮਤੇ ਪੇਸ਼ ਕੀਤੇ ਗਏ ਕਿ ਆਜ਼ਾਦੀ ਮਗਰੋਂ ਭਾਰਤ ਵਿੱਚ ਭਾਸ਼ਾ ਦੇ ਆਧਾਰ ਤੇ ਸੂਬਿਆਂ ਦਾ ਗਠਨ ਕੀਤਾ ਜਾਵੇਗਾ। 22 ਦਸੰਬਰ 1953 ਈ. ਨੂੰ ਪ੍ਰਾਂਤਾਂ ਦੀ ਨਵੀਂ ਹੱਦਬੰਦੀ ਤੇ ਪੁਨਰਗਠਨ ਲਈ ਕਮਿਸ਼ਨ ਬਣਾਇਆ ਗਿਆ ਤੇ ਲੋਕਾਂ ਤੋਂ ਇਸ ਸਬੰਧੀ ਸੁਝਾਅ ਮੰਗੇ ਗਏ। ਉਸ ਵੇਲੇ ਦੀ ਪੰਜਾਬ ਸਰਕਾਰ, ਜਨਸੰਘ (ਭਾਰਤੀ ਜਨਤਾ ਪਾਰਟੀ) ਤੇ ਆਰੀਆ ਸਮਾਜ ਨੇ 'ਪੰਜਾਬੀ ਭਾਸ਼ਾ' ਦੇ ਅਧਾਰ ਤੇ ਬਣ ਰਹੇ ਸੂਬੇ ਦਾ ਹੀ ਵਿਰੋਧ ਨਹੀਂ ਕੀਤਾ, ਬਲਕਿ ਹਿਮਾਚਲ ਪ੍ਰਦੇਸ਼ ਨੂੰ ਵੀ ਪੰਜਾਬ ਵਿੱਚ ਮਿਲਾਕੇ 'ਮਹਾਂ-ਪੰਜਾਬ' ਬਣਾਉਣ ਦਾ ਮੈਮੋਰੰਡਮ ਦਿੱਤਾ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਹੱਕ ਵਿਚ ਮੈਮੋਰੰਡਮ ਦਿੱਤਾ, ਜਿਸ ਅਨੁਸਾਰ ਭਾਸ਼ਾ ਦੇ ਆਧਾਰ ਤੇ ਪੰਜਾਬ ਸੂਬਾ 35458 ਵਰਗ ਮੀਲ ਖੇਤਰ ਵਾਲਾ ਤੇ ਇੱਕ ਕਰੋੜ ਉੱਨੀ ਲੱਖ ਦੀ ਆਬਾਦੀ ਵਾਲਾ ਬਣਦਾ ਸੀ, ਜਿਸ ਵਿੱਚ ਸਿੱਖਾਂ ਦੀ ਵਸੋਂ 40 ਫੀਸਦੀ ਸੀ। ਪਰ ਹੋਇਆ ਇਸ ਦੇ ਉਲਟ, ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ੈਸਲਾ ਕਰਦੇ ਹੋਏ ਪੈਪਸੂ ਨੂੰ ਵੀ 1 ਨਵੰਬਰ 1956 ਨੂੰ ਪੰਜਾਬ ਵਿੱਚ ਮਿਲਾ ਦਿੱਤਾ ਗਿਆ ਤੇ ਕੋਸ਼ਿਸ਼ ਹਿਮਾਚਲ ਨੂੰ ਵੀ ਇਸ ਨਾਲ ਰਲਾ ਕੇ 'ਮਹਾਂ- ਪੰਜਾਬ' ਬਣਾਉਣ ਦੀ ਵੀ ਹੋਈ,ਪਰ ਇਸ ਪਹਾੜੀ ਰਾਜ ਦੇ ਉਸ ਵੇਲੇ ਮੁੱਖ ਮੰਤਰੀ ਡਾਕਟਰ ਯਸ਼ਵੰਤ ਸਿੰਘ ਪਰਮਾਰ ਦੀ ਸਖ਼ਤ ਵਿਰੋਧਤਾ ਕਾਰਨ ਸਫ਼ਲ ਨਾ ਹੋ ਸਕੀ। ਪੰਜਾਬੀਆਂ ਵਾਸਤੇ ਇਨਸਾਫ ਮੰਗਣ ਲਈ ਮਾਸਟਰ ਤਾਰਾ ਸਿੰਘ ਫਿਰ ਨਹਿਰੂ ਦੁਆਰੇ ਪਹੁੰਚੇ, ਪਰ ਪੱਲੇ ਨਮੋਸ਼ੀ ਹੀ ਪਈ ।
ਪੰਜਾਬੀ ਭਾਈਚਾਰੇ ਵਿੱਚ ਰੋਸ ਵੀ ਦਿਨੋਂ ਦਿਨ ਵਧਦਾ ਗਿਆ ਤੇ 11 ਫਰਵਰੀ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੋਕ ਸ਼ਕਤੀ ਦਾ ਪ੍ਰਦਰਸ਼ਨ ਇੱਕ ਵਿਸ਼ਾਲ ਜਲੂਸ ਦੇ ਰੂਪ ਵਿੱਚ ਕੀਤਾ ਗਿਆ। ਇਸ ਇਤਿਹਾਸਕ 9 ਕਿਲੋਮੀਟਰ ਲੰਮੇ ਜਲੂਸ ਵਿੱਚ ਪੰਜ ਲੱਖ ਪੰਜਾਬੀਆਂ ਨੇ ਸ਼ਾਮਿਲ ਹੋ ਕੇ ਪੰਜਾਬੀ ਪ੍ਰਾਂਤ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ, ਪਰ ਕੋਈ ਨਤੀਜਾ ਨਾ ਨਿਕਲਿਆ। ਨਿਰਾਸ਼ਾ ਦੇ ਆਲਮ ਦੀ ਸ਼ਿਕਾਰ ਸਿੱਖ ਕੌਮ ਨੂੰ ਪੂਰੇ ਦੇਸ਼ ਦੀ ਅਜ਼ਾਦੀ ਵਾਸਤੇ ਸ਼ਹੀਦੀਆਂ ਦੇਣ ਮਗਰੋਂ , ਇਕ ਵਾਰ ਫਿਰ 'ਆਪਣੇ ਹੀ ਸਾਜਿਆਂ' ਹੱਥੋਂ ਮਿਲੇ ਗੁਲਾਮੀ ਦੇ ਤੋਹਫ਼ੇ ਤੋਂ ਖਲਾਸੀ ਪਾਉਣ ਲਈ ਸ਼ਹਾਦਤ ਦਾ ਰਾਹ ਅਪਨਾਉਣਾ ਪਿਆ। ਪੰਜਾਬੀ ਸੂਬੇ ਦਾ ਮੋਰਚਾ ਲਗਾਉਣ ਵਾਲੇ ਮਹਾਨ ਸ਼ਹੀਦਾਂ ਦੀ ਸੂਚੀ ਵਿੱਚ ਇੱਕ ਨਾਂ 10 ਸਾਲਾਂ ਦੇ ਬੱਚੇ ਦਾ ਵੀ ਆਉਂਦਾ ਹੈ, ਜੋ ਇਸ ਸੰਘਰਸ਼ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਹੈ। ਇਹ ਬਹਾਦਰ, ਮਾਂ ਬੋਲੀ ਪੰਜਾਬੀ ਦਾ ਸਪੂਤ ਸ਼ਹੀਦ ਕਾਕਾ ਇੰਦਰਜੀਤ ਸਿੰਘ ਕਰਨਾਲ ਸੀ, ਜਿਸ ਨੇ 'ਪੰਜਾਬੀ ਬੋਲੀ ਜ਼ਿੰਦਾਬਾਦ' ਦੇ ਨਾਅਰੇ ਬੁਲੰਦ ਕਰਦਿਆਂ ਸ਼ਹੀਦੀ ਪਾਈ। ਇਹ ਇਤਿਹਾਸਕ ਘਟਨਾ 21 ਸਤੰਬਰ 1960 ਦੀ ਹੈ। ਉਨੀਂ ਦਿਨੀਂ ਪੰਜਾਬੀ ਸੂਬੇ ਦਾ ਮੋਰਚਾ ਜ਼ੋਰਾਂ 'ਤੇ ਸੀ ਅਤੇ ਉਸ ਸਮੇਂ ਪੰਜਾਬੀ ਬੋਲੀ ਦੀ ਜੈ-ਜੈ ਕਾਰ ਦੇ ਬਣੇ ਨਾਅਰਿਆਂ ਅਤੇ ਖਾਲਸਾਈ ਚੜ੍ਹਦੀ ਕਲਾ ਦੇ ਜੈਕਾਰਿਆਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ।
ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਇਹ ਹੁਕਮ ਦਿੱਤੇ ਸਨ ਕਿ 'ਪੰਜਾਬੀ ਸੂਬਾ ਜ਼ਿੰਦਾਬਾਦ' ਦੇ ਨਾਅਰੇ ਲਾਉਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਏ ਜਾਂ ਮੌਕੇ 'ਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਏ। ਉਸ ਸਮੇਂ ਜਦੋਂ ਕਰਨਾਲ (ਮੌਜੂਦਾ ਹਰਿਆਣਾ) ਵੀ ਪੰਜਾਬ ਦਾ ਹਿੱਸਾ ਸੀ, ਉਦੋਂ ਮੋਗਾ ਸਥਿਤ ਸਿੱਖ ਪਰਿਵਾਰ ਦਾ ਬੱਚਾ ਆਪਣੀ ਰਿਸ਼ਤੇਦਾਰੀ ਵਿੱਚ ਕਰਨਾਲ ਗਿਆ ਹੋਇਆ ਸੀ। ਆਪਣੀ ਉਮਰ ਦੇ ਬੱਚਿਆਂ ਨਾਲ ਇੰਦਰਜੀਤ ਸਿੰਘ ਖੇਡਦੇ ਹੋਏ, 'ਪੰਜਾਬੀ ਬੋਲੀ ਜ਼ਿੰਦਾਬਾਦ' ਤੇ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰੇ ਛੱਡਣ ਲੱਗ ਪਿਆ। ਉਸ ਇਲਾਕੇ ਵਿੱਚ ਤਾਇਨਾਤ ਪੁਲਿਸ ਨੇ ਇਨ੍ਹਾਂ ਬੱਚਿਆਂ ਨੂੰ ਜ਼ਿੰਦਾਬਾਦ ਦੇ ਨਾਅਰੇ ਤੇ ਜੈਕਾਰੇ ਲਗਾਉਣ ਤੋਂ ਜਬਰੀ ਰੋਕਣਾ ਚਾਹਿਆ, ਪਰ ਬੱਚੇ ਨਿਡਰਤਾ ਨਾਲ ਹੋਰ ਜ਼ੋਰ-ਜ਼ੋਰ ਦੀ ਨਾਅਰੇ ਲਗਾਉਣ ਲੱਗੇ। ਇਨ੍ਹਾਂ ਬੱਚਿਆਂ ਵਿੱਚੋਂ ਕਾਕਾ ਇੰਦਰਜੀਤ ਸਿੰਘ ਹੱਦੋਂ ਵੱਧ ਜੋਸ਼ੀਲੇ ਰੂਪ ਵਿੱਚ ਪੁਲਿਸ ਵਾਲਿਆਂ ਨੂੰ ਕਹਿਣ ਲੱਗਿਆ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹਾਂ, ਡਰਨ ਵਾਲੇ ਨਹੀਂ। ਦਸ ਕੁ ਸਾਲ ਦੇ ਬੱਚੇ ਤੋਂ ਲਲਕਾਰ ਸੁਣਦਿਆਂ ਹੀ ਜ਼ਾਲਮ ਪੰਜਾਬ ਪੁਲਿਸ ਵਾਲੇ ਸ਼ੈਤਾਨ ਤੇ ਹੈਵਾਨ ਬਣ ਗਏ ਅਤੇ ਬੱਚੇ ਨੂੰ ਭਿਆਨਕ ਦਰਿੰਦਗੀ ਨਾਲ ਬੇਹਤਾਸ਼ਾ ਕੁੱਟਣ ਲੱਗੇ। ਇਹ ਕੋਈ ਅੰਦਰੋਂ ਸਿੱਖੀ ਦੇ ਬੁਲੰਦ ਜ਼ਜਬੇ ਦਾ ਅਸਰ ਹੀ ਸੀ ਕਿ ਕਾਕਾ ਇੰਦਰਜੀਤ ਸਿੰਘ ਕੁੱਟਮਾਰ ਮਗਰੋਂ, ਹੋਰ ਵੀ ਬੇਖੌਫ ਹੋ ਗਿਆ ਅਤੇ ਦਰਿੰਦੇ ਪੁਲਸੀਆਂ ਅੱਗੇ ਪੰਜਾਬੀ ਬੋਲੀ ਜ਼ਿੰਦਾਬਾਦ,ਪੰਜਾਬੀ ਸੂਬਾ ਜ਼ਿੰਦਾਬਾਦ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਹੋਰ ਗਜ -ਵਜ ਕੇ ਲਾਉਣ ਲੱਗਾ। ਇੱਕ ਪਾਸੇ ਦਸ ਸਾਲ ਦਾ ਬੱਚਾ ਤੇ ਦੂਜੇ ਪਾਸੇ ਜ਼ਾਲਮ ਪੰਜਾਬ ਪੁਲਸੀਆਂ ਦੀ ਧਾੜ। ਪਹਿਲਾਂ ਡਾਂਗਾਂ-ਸੋਟੀਆਂ ਦੀ ਕੁੱਟਮਾਰ, ਫਿਰ ਲੱਤਾਂ 'ਤੇ ਗੋਲੀਆਂ ਵਰ੍ਹਾਈਆਂ ਗਈਆਂ, ਪਰ ਜ਼ਖਮੀ ਜਿਸਮ ਵਿੱਚੋਂ ਵੀ ਪੰਜਾਬੀ ਬੋਲੀ ਜ਼ਿੰਦਾਬਾਦ ਦੇ ਨਾਅਰੇ ਅਤੇ ਗੁਰੂ ਦੇ ਜੈਕਾਰੇ ਗੂੰਜ ਰਹੇ ਸਨ। ਬੁੱਚੜ ਪੁਲਸ ਅਧਿਕਾਰੀਆਂ ਨੇ ਕਾਕਾ ਇੰਦਰਜੀਤ ਸਿੰਘ ਦੀਆਂ ਅੱਖਾਂ ਕਢ ਦਿਤੀਆਂ, ਬਾਂਹ ਵੱਢ ਦਿੱਤੀ ਗਈ, ਡਾਂਗਾਂ ਨਾਲ ਭੰਨਿਆ ਤੇ ਗੋਲੀਆਂ ਨਾਲ ਭੁੰਨਿਆ। ਪੰਜਾਬੀ ਬੋਲੀ ਤੇ ਪੰਜਾਬੀ ਸੂਬੇ ਦੇ ਦੁਸ਼ਮਣਾਂ ਨੇ ਉਸ ਨੂੰ ਅਧਮੋਇਆ ਕਰ ਖੂਹ ਵਿੱਚ ਸੁੱਟ ਦਿੱਤਾ, ਜਿੱਥੇ ਇਹ ਬੱਚਾ ਕੁਝ ਸਮੇਂ ਤੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਸ਼ਹੀਦੀ ਪਾ ਗਿਆ। ਸਮੁੱਚੀ ਕੌਮ ਨੂੰ ਇਸ ਦੀ ਮਹਾਨ ਸ਼ਹਾਦਤ 'ਤੇ ਫ਼ਖਰ ਹੈ।
ਪੰਜਾਬੀ ਸੂਬੇ ਦਾ ਮੋਰਚਾ ਲੰਬਾ ਸਮਾਂ ਚੱਲਿਆ ਅਤੇ ਇਸ ਵਿੱਚ ਹਜ਼ਾਰਾਂ ਹੀ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ, ਜੇਲ- ਯਾਤਰਾਵਾਂ ਕੀਤੀਆਂ ਤੇ ਤਸ਼ੱਦਦ ਝੱਲੇ । 9 ਅਕਤੂਬਰ 1960 ਨੂੰ ਬਠਿੰਡਾ ਦੀ ਜੇਲ੍ਹ ਵਿੱਚ, ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਸਿੱਖਾਂ 'ਤੇ ਲਾਠੀਚਾਰਜ ਕੀਤਾ ਗਿਆ ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ ਗਈ। ਪੰਜਾਬੀ ਸੂਬੇ ਖਿਲਾਫ ਸਰਕਾਰੀ ਹਿੰਸਾ ਦੀਆਂ ਇਨ੍ਹਾਂ ਵੱਖ ਵੱਖ ਘਟਨਾਵਾਂ ਵਿੱਚ ਬਹਾਦੁਰ ਪੰਜਾਬੀ ਸ਼ਹੀਦ ਵੀ ਹੋਏ ਤੇ ਵੱਡੀ ਗਿਣਤੀ ਵਿੱਚ ਜ਼ਖਮੀ ਵੀ ਹੋਏ। ਮੋਰਚੇ ਦੌਰਾਨ ਥਾਂ-ਥਾਂ ਜਲ੍ਹਿਆਂਵਾਲੇ ਬਾਗ ਵਰਗਾ ਖੂਨੀ ਸਾਕਾ ਦੁਹਰਾਇਆ ਗਿਆ, ਪਰ ਫਰਕ ਇਨ੍ਹਾਂ ਕੁ ਸੀ ਕਿ ਅੱਗੇ ਕਾਤਲ ਬਾਹਰੋਂ ਆਏ ਅੰਗਰੇਜ਼ ਸਨ, ਪਰੰਤੂ ਹੁਣ ਖੇਤ ਨੂੰ ਉਸਦੀ ਵਾੜ ਨੇ ਹੀ ਉਜਾੜਿਆ ਸੀ:
''ਦਿਲ ਕੇ ਫਫੋਲੇ ਜਲ ਉਠੇ , ਸੀਨੇ ਕੇ ਦਾਗ਼ ਸੇ।
ਇਸ ਘਰ ਕੋ ਆਗ ਲਗ ਗਈ , ਘਰ ਕੇ ਚਿਰਾਗ ਸੇ।''
ਸੰਘਰਸ਼ ਨਿਰੰਤਰ ਜਾਰੀ ਰਿਹਾ,ਖਿਡਾਰੀ ਬਦਲਦੇ ਰਹੇ। ਨਹਿਰੂ ਦੀ ਮੌਤ ਮਗਰੋਂ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣ ਗਿਆ ਤੇ ਮਾਸਟਰ ਤਾਰਾ ਸਿੰਘ ਦੀ ਥਾਂ ਅਕਾਲੀ ਦਲ ਦੀ ਪਰਧਾਨਗੀ ਸੰਤ ਫਤਹਿ ਸਿੰਘ ਨੇ ਸਾਂਭ ਲਈ। 16 ਅਗਸਤ 1965 ਨੂੰ ਸੰਤ ਫਤਹਿ ਸਿੰਘ ਨੇ ਪੰਜਾਬੀ ਸੂਬੇ ਲਈ ਪੰਜਾਬ ਸਰਕਾਰ ਨੂੰ 25 ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਤੇ ਨਾਂਹ- ਪੱਖੀ ਹੁੰਗਾਰੇ ਦੀ ਹਾਲਤ ਵਿੱਚ 10 ਸਤੰਬਰ ਨੂੰ ਮਰਨ ਵਰਤ ਸ਼ੁਰੂ ਕਰਨ ਤੇ 25 ਸਤੰਬਰ ਨੂੰ ਅਗਨ -ਭੇਂਟ ਹੋਣ ਦਾ ਐਲਾਨ ਵੀ ਕਰ ਦਿੱਤਾ, ਪਰ ਇਸ ਦੌਰਾਨ 6 ਸਤੰਬਰ 1965 ਨੂੰ ਭਾਰਤ - ਪਾਕਿ ਜੰਗ ਸ਼ੁਰੂ ਹੋ ਗਈ , ਜਿਸ ਦੇ ਬਹਾਨੇ ਸਦਕਾ ਮਰਨ- ਵਰਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਕ ਗਿਆ। ਜੰਗ ਖਤਮ ਹੋਣ ਮਗਰੋਂ ਕੇਂਦਰ ਨੇ ਪੰਜਾਬੀ ਸੂਬੇ ਦੀ ਮੰਗ 'ਤੇ ਪੁਰਨ ਵਿਚਾਰ ਲਈ ਦੋ ਕਮੇਟੀਆਂ ਬਣਾਈਆਂ। ਇਕ ਕਮੇਟੀ ਵਿੱਚ ਲੋਕ ਸਭਾ ਦੇ 22 ਐਮ.ਪੀਜ਼. ਸ਼ਾਮਿਲ ਸਨ। ਜਿਸ ਦੇ ਪ੍ਰਧਾਨ ਸੰਸਦ ਦੇ ਸਪੀਕਰ ਹੁਕਮ ਸਿੰਘ ਸਨ। ਦੂਸਰੀ ਸਬ- ਕਮੇਟੀ ਵਿੱਚ ਇੰਦਰਾ ਗਾਂਧੀ ਸਮੇਤ ਕੈਬਨਿਟ ਮੰਤਰੀ ਸ਼ਾਮਿਲ ਸਨ। 11 ਜਨਵਰੀ 1966 ਨੂੰ ਤਾਸ਼ਕੰਦ ਵਿਖੇ ਸ਼ਾਸਤਰੀ ਦੀ ਅਚਾਨਕ 'ਰਹੱਸਮਈ' ਮੌਤ ਮਗਰੋਂ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਬਣੀ। ਅਕਾਲੀ ਦਲ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਦਬਾਅ ਪਾਉਣ 'ਤੇ ਕੇਂਦਰ ਵੱਲੋਂ ਪੰਜਾਬ ਦੇ ਹਿੰਦੀ ਬੋਲਦਿਆਂ ਇਲਾਕਿਆਂ ਨੂੰ ਦਿੱਲੀ ਨਾਲ ਤੇ ਪਹਾੜੀ ਖੇਤਰ ਨੂੰ ਹਿਮਾਚਲ ਨਾਲ ਜੋੜਨ ਦਾ ਸੁਝਾਅ ਵਿਚਾਰ ਅਧੀਨ ਲਿਆਂਦਾ ਗਿਆ। ਅਜੋਕੇ ਸਮੇਂ ਅਕਾਲੀ ਦਾਲ ਬਾਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਤੇ ਉਸ ਵੇਲੇ ਦੀ ਜਨਸੰਘ ਦੇ ਸਕੱਤਰ ਯਗਦੱਤ ਸ਼ਰਮਾ ਨੇ ਪੰਜਾਬੀ ਸੂਬੇ ਬਣਾਉਣ ਦੇ ਵਿਰੁੱਧ ਮਰਨ ਵਰਤ ਸ਼ੁਰੂ ਕਰ ਦਿੱਤਾ।
ਸਥਿਤੀ ਨਿਰੰਤਰ ਵਿਗੜਦੀ ਵੇਖ ਕੇ 21 ਮਾਰਚ 1966 ਨੂੰ ਸੁਪਰੀਮ ਕੋਰਟ ਦੇ ਜੱਜ ਜਸਟਿਸ ਸ਼ਾਹ ਦੀ ਅਗਵਾਈ ਹੇਠ ਪੰਜਾਬ ਦੀ ਨਵੀਂ ਹੱਦ ਬੰਦੀ ਲਈ ਤਿੰਨ - ਮੈਂਬਰੀ ਕਮਿਸ਼ਨ ਬਣਾਇਆ ਗਿਆ ਤੇ ਇਸ ਪੁਰਨ ਗਠਨ ਦਾ ਆਧਾਰ 1961 ਦੀ ਦੋਸ਼ ਪੂਰਨ ਮਰਦਮ- ਸ਼ੁਮਾਰੀ ਨੂੰ ਬਣਾਇਆ ਗਿਆ। ਸ਼ਾਹ ਕਮਿਸ਼ਨ ਵੱਲੋਂ ਤਿਆਰ ਕੀਤੀ ਰਿਪੋਰਟ ਪੰਜਾਬੀਆਂ ਨਾਲ ਸ਼ਰੇਆਮ ਬੇਇਨਸਾਫ਼ੀ ਸੀ। ਭਾਰਤੀ ਸਾਂਸਦ ਵਿੱਚ 6 ਸਤੰਬਰ 1966 ਨੂੰ 'ਪੰਜਾਬ ਪੁਨਰਗਠਨ ਬਿੱਲ" ਉਤੇ ਬਹਿਸ ਹੋਈ, ਜਿਸ ਵਿੱਚ ਸਿੱਖ ਪੰਥ ਦੇ ਮਹਾਨ ਚਿੰਤਕ ਤੇ ਅਕਾਲੀ ਐਮ. ਪੀ. ਸਿਰਦਾਰ ਕਪੂਰ ਸਿੰਘ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ,''ਇਹ ਬਿੱਲ ਗੰਦਾ ਆਂਡਾ ਹੈ, ਜਿਸ ਦੇ ਕੁਝ ਭਾਗ ਭਾਵੇਂ ਵੇਖਣ ਨੂੰ ਠੀਕ ਹੀ ਲੱਗਣ, ਉਹ ਭੋਜਨ ਕਰਨ ਦੇ ਯੋਗ ਨਹੀਂ। ਤਿੰਨ ਕਾਰਨ ਇਸ ਨੂੰ ਨਾ ਕਬੂਲਣ ਦੇ ਹਨ। ਇਕ ਤਾਂ ਇਹ ਪਾਪ ਭਰੀ ਮਨਸ਼ਾ ਦੀ ਉਪਜ ਹੈ। ਦੂਜਾ ਇਸ ਨੂੰ ਜਮਾਉਣ ਵਾਲੀ ਕੁਚੱਜੀ ਹੈ। ਤੀਜਾ , ਇਹ ਦੇਸ਼ ਦੇ ਸਮੁੱਚੇ ਲਾਭਾਂ ਲਈ ਹਾਨੀਕਾਰਕ ਹੈ ਤੇ ਇਸ ਨਾਲ ਦੇਸ਼ 'ਤੇ ਰਾਜ ਕਰਨ ਵਾਲੀ ਜਾਤੀ ਤੋਂ ਲੋਕਾਂ ਦਾ ਵਿਸ਼ਵਾਸ ਉਠ ਜਾਏਗਾ। ਮੈਂ ਇਸ ਨੂੰ ਪਾਪ ਦੀ ਉਪਜ ਇਸ ਲਈ ਕਹਿੰਦਾ ਹਾਂ , ਕਿਉਂਕਿ ਸਿੱਖਾਂ ਨਾਲ ਜੋ ਵਿਸ਼ਵਾਸਘਾਤ , ਸੁਤੰਤਰ ਭਾਰਤ ਵਿੱਚ ਕੀਤਾ ਗਿਆ ਹੈ, ਇਹ ਉਸਦੀ ਆਖਰੀ ਕੜੀ ਹੈ। ਇਹ ਵਿਸ਼ਵਾਸਘਾਤ ਕਾਂਗਰਸੀ ਹਿੰਦੂ ਲੀਡਰਾਂ ਨੇ ਜਾਣ-ਬੁੱਝ ਕੇ ਉਸ ਸਿੱਖ ਕੌਮ ਨਾਲ ਕੀਤਾ ਹੈ, ਜਿਸ ਸਿੱਖ ਕੌਮ ਨੇ ਹਿੰਦੂ ਧਰਮ ਤੇ ਹਿੰਦੂ ਜਾਤੀ ਦੀ ਰੱਖਿਆ ਲਈ ਬੇਪਨਾਹ ਤੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ। ਇਹ ਧੋਖਾ ਉਹਨਾਂ ਸਿੱਖਾਂ ਨਾਲ ਹੋਇਆ ਹੈ, ਜਿਨ੍ਹਾਂ ਦਾ ਹੌਂਸਲਾ ਅਤੇ ਦੇਸ਼ ਭਗਤੀ ਸੰਸਾਰ ਪ੍ਰਸਿੱਧ ਹੈ" । ਪੰਜਾਬੀਆਂ ਨਾਲ ਅਕ੍ਰਿਤਘਣਤਾ ਦੀ ਮੂੰਹ ਬੋਲਦੀ ਤਸਵੀਰ ਪੂਰੇ ਵਿਸ਼ਵ ਸਾਹਮਣੇ ਪੇਸ਼ ਕਰਕੇ ਸਿਰਦਾਰ ਕਪੂਰ ਸਿੰਘ ਨੇ ਇਕ ਵਾਰ ਭਾਰਤੀ ਸਾਂਸਦ ਵਿੱਚ ਤਰਥੱਲੀ ਤਾਂ ਮਚਾ ਦਿੱਤੀ, ਪਰ ਕਾਂਗਰਸੀ ਐਮ.ਪੀਜ਼ ਦੀ ਬਹੁ - ਗਿਣਤੀ ਨਾਲ ਪੰਜਾਬ ਪੁਨਰਗਠਨ ਬਿੱਲ ਪਾਸ ਕਰ ਦਿੱਤਾ ਗਿਆ।
ਪਹਿਲੀ ਨਵੰਬਰ 1966 ਨੂੰ ਅਜੋਕਾ ਪੰਜਾਬ ਹੋਂਦ ਵਿੱਚ ਆਇਆ, ਜਿਸ ਵਿਚੋਂ ਚੰਡੀਗੜ੍ਹ, ਡਲਹੌਜ਼ੀ, ਊਨਾ, ਅੰਬਾਲਾ, ਕਰਨਾਲ, ਗੰਗਾਨਗਰ, ਸਰਸਾ ਵਰਗੇ ਪੰਜਾਬੀ ਬੋਲਦੇ ਇਲਾਕੇ ਦਵੈਤ- ਭਾਵਨਾ ਤੇ ਸਿਆਸੀ ਸਾਜਿਸ਼ਾਂ ਦੇ ਸਿੱਟੇ ਵਜੋਂ ਵੱਖਰੇ ਰੱਖੇ ਗਏ। ਨਵੇਂ ਬਣੇ ਪੰਜਾਬੀ ਸੂਬੇ ਦਾ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ 'ਮੁਸਾਫਰ' ਨੂੰ ਬਣਾਇਆ ਗਿਆ। ਉਨ੍ਹਾਂ ਤੋਂ ਮਗਰੋਂ ਪਹਿਲੇ ਗੈਰ- ਕਾਂਗਰਸੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਬਣੇ, ਜਿਨ੍ਹਾਂ ਨੂੰ ਅਕਾਲੀ ਦਲ ਵਿਧਾਇਕਾਂ ਦਾ ਲੀਡਰ ਚੁਣਿਆ ਗਿਆ। ਪੰਜਾਬੀ ਸੂਬੇ ਦੇ ਇਤਿਹਾਸ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਲਾਗੂ ਕਰਵਾਉਣ ਲਈ ਸਭ ਤੋਂ ਵੱਧ ਮਜ਼ਬੂਤ ਕਦਮ ਚੁੱਕਣ ਅਤੇ ਠੋਸ ਫੈਸਲੇ ਕਰਨ ਲਈ ਮੁੱਖ ਮੰਤਰੀ ਸਰਦਾਰ ਲੱਛਮਣ ਸਿੰਘ ਗਿੱਲ ਦਾ ਨਾਂ ਅੱਜ ਵੀ ਸਤਿਕਾਰ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਨੂੰ ਪੰਜਾਬੀ ਬੋਲੀ ਦੇ ਸੱਚੇ-ਸੁੱਚੇ ਸਪੁੱਤਰ ਵਜੋਂ ਸਦਾ ਹੀ ਯਾਦ ਕੀਤਾ ਜਾਂਦਾ ਰਹੇਗਾ। ਸਰਦਾਰ ਗਿੱਲ ਤੋਂ ਇਲਾਵਾ ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਲਈ ਸੰਘਰਸ਼ ਕਰਨ ਵਾਲੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਕੁਰਬਾਨੀ ਦਾ ਸਿੱਖ ਇਤਿਹਾਸ ਵਿੱਚ ਬੜਾ ਸਤਿਕਾਰ ਹੈ, ਜਿਨ੍ਹਾਂ ਸ੍ਰੀ ਅਕਾਲ ਤਖ਼ਤ ਤੋਂ ਅਰਦਾਸ ਕਰਕੇ 15 ਅਗਸਤ 1969 ਨੂੰ ਭਾਰਤ ਦੀ ਅਖੌਤੀ ਆਜ਼ਾਦੀ ਵਾਲੇ ਦਿਨ 'ਤੇ ਮਰਨ ਵਰਤ ਅਰੰਭਿਆ, ਪਰ ਪੰਜਾਬ ਵਿਰੋਧੀ ਸਰਕਾਰ ਦੇ ਕੰਨੀ ਜੂੰ ਨਾ ਸਰਕੀ। ਆਖਿਰਕਾਰ 74 ਦਿਨ ਭੁੱਖਾ ਰਹਿ ਕੇ 27 ਅਕਤੂਬਰ 1969 ਨੂੰ ਭਾਈ ਦਰਸ਼ਨ ਸਿੰਘ ਫੇਰੂਮਾਨ ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਲਈ ਸ਼ਹੀਦੀ ਪਾ ਗਏ।
ਸ਼ਹੀਦ ਫੇਰੂਮਾਨ ਦੀ ਕੁਰਬਾਨੀ ਨੂੰ ਪੰਜਾਹ ਸਾਲ ਗੁਜ਼ਰ ਗਏ ਹਨ, ਪਰ ਪੰਜਾਬੀ ਵਿਰੋਧੀ ਕੇਂਦਰੀ ਸਰਕਾਰਾਂ ਨੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਲਈ ਕੋਈ ਵੀ ਮੰਗ ਨਹੀਂ ਮੰਨੀ। ਆਪਣੇ ਆਪ ਨੂੰ ਸਿੱਖਾਂ ਦੀ ਪ੍ਰਤੀਨਿਧ ਜਥੇਬੰਦੀ ਅਖਵਾਉਣ ਵਾਲੇ ਅਕਾਲੀ ਦਲ ਦੀ ਸਰਕਾਰ ਨੇ ਵੀ ਆਪਣੇ ਸਮੇਂ ਦੌਰਾਨ ਭਾਈਵਾਲ ਭਾਜਪਾ ਦੀਆਂ ਕੇਂਦਰੀ ਸਰਕਾਰਾਂ ਤੋਂ ਇਹ ਇਲਾਕੇ ਵਾਪਸ ਲੈਣ ਲਈ ਕੋਈ ਸਾਰਥਕ ਯਤਨ ਨਹੀਂ ਕੀਤਾ। ਵਰਤਮਾਨ ਸਮੇਂ ਪੰਜਾਬ ਇਕ ਚੋਪੜਿਆ- ਲੇਪਿਆ ਜ਼ਿਲ੍ਹਾ- ਪਰੀਸ਼ਦ ਬਣ ਕੇ ਰਹਿ ਗਿਆ ਹੈ । ਪੰਜਾਬ ਤੋਂ ਪੰਜਾਬੀ ਬੋਲਦੇ ਇਲਾਕੇ ਖੋਹ ਕੇ ਕੀਤੀ ਗਈ ਕਾਣੀ- ਵੰਡ ਮਗਰੋਂ ਪੰਜਾਬ ਦੇ ਪਾਣੀਆਂ ਦੀ ਵੰਡ ਨੇ ਬਾਕੀ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਹੈ। ਪੰਜਾਬ ਦੇ ਦਰਿਆਵਾਂ ਦਾ 75 ਫੀਸਦੀ ਪਾਣੀ ਹਰਿਆਣਾ ਤੇ ਰਾਜਸਥਾਨ ਮੁਫ਼ਤ ਲੁੱਟ ਰਹੇ ਹਨ, ਜਦਕਿ ਪੰਜਾਬ ਦੀ 65 ਫੀਸਦੀ ਜ਼ਮੀਨ ਨੂੰ ਇਨ੍ਹਾਂ ਦਰਿਆਵਾਂ ਦਾ ਪਾਣੀ ਨਸੀਬ ਨਹੀਂ। ਪੰਜਾਬ ਦੀ ਧਰਤੀ 'ਤੇ ਪੰਜਾਬ ਦੇ ਪੈਸੇ ਨਾਲ ਬਣੇ ਡੈਮ ਦੀ ਬਿਜਲੀ ਲਈ ਪੰਜਾਬੀ ਤਰਸ ਰਹੇ ਹਨ, ਜਦਕਿ ਉਸਦਾ ਸੁਆਦ ਪੰਜਾਬੋਂ ਬਾਹਰਲੇ ਮਾਣ ਰਹੇ ਹਨ। ਦਰਅਸਲ ਇਹ ਸਾਰੀ ਕਹਾਣੀ 'ਆਜ਼ਾਦੀ ਦੇ ਨਾਂ ਹੇਠ ਮਿਲੀ ਗੁਲਾਮੀ ਦੀ ਦਾਸਤਾਨ' ਹੈ, ਜਿਸਦਾ ਦੋਜ਼ਖ਼ ਅੱਜ ਸਮੁੱਚਾ ਪੰਜਾਬੀ ਭਾਈਚਾਰਾ ਭੋਗ ਰਿਹਾ ਹੈ।
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ? - ਡਾ. ਗੁਰਵਿੰਦਰ ਸਿੰਘ
ਜਦ ਸੱਤਾ ਦੇ ਸਿੰਘਾਸਣ ਉੱਪਰ
ਬੈਠ ਜਾਣ ਆਦਮਖੋਰ
ਤੇ ਦਹਾੜ੍ਨ ਉਨ੍ਹਾਂ ਦੇ ਮੁਕੱਦਮ
ਨਾਲ ਆ ਰਲੇ ਕੁਤੀੜ੍ ਅਾਦਮ ਬੋ ਕਰਦੀ
ਸਾਰੇ ਟੁੱਟ ਪੈਣ ਬੇਗੁਨਾਹਾਂ 'ਤੇ
ਖੇਡਣ ਖੂਨ ਦੀ ਹੋਲੀ
ਮਾਸੂਮ ਬਾਲਾਂ, ਧੀਆਂ ਤੇ ਬਿਰਧਾਂ ਦੀ
ਧਰਤੀ ਹਰ ਥਾਂ ਹੋ ਜਾਏ ਲਹੂ-ਲੁਹਾਣ,
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਰੱਖਿਅਕ ਹੀ ਬਣ ਜਾਣ ਭੱਖਿਅਕ
ਤੇ ਮਿਥ ਕੇ ਕਰਨ ਨਿਸ਼ਾਨਦੇਹੀ ਮਜ਼ਲੂਮਾਂ ਦੀ
ਘੜਨ ਯੋਜਨਾ ਖੁਰਾ-ਖੋਜ ਮਿਟਾਉਣ ਦੀ
ਕਰਨ ਜਨੂੰਨੀਆਂ ਦੀ ਪੁਸ਼ਤ- ਪਨਾਹੀ
ਦੇਣ ਖੱਲ੍ਹ ਮੌਤ ਦੇ ਤਾਂਡਵ ਦੀ
ਦਿਸੇ ਜਿਥੇ ਵੀ 'ਖਾਸ' ਨਸਲ ਦਾ ਕੋਈ ਸ਼ਖਸ
ਜਿਉਂਦੇ ਜੀ ਜਲਾ ਦਿਤਾ ਜਾਵੇ ਸ਼ਰੇ- ਬਾਜ਼ਾਰ
ਤੇ ਪਿੱਛੇ ਬਚੇ ਨਾ ਉਸਦਾ ਘਰ ਪਰਿਵਾਰ
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਸਰਕਾਰੀ ਦਹਿਸ਼ਤਗਰਦੀ ਦਾ ਹੋਵੇ ਨੰਗਾ-ਨਾਚ
ਆਕਾਸ਼ ਨੂੰ ਛੂਹ ਜਾਣ ਜਨੂੰਨੀ ਨਾਹਰਿਆਂ ਦੇ ਭਾਂਬੜ
ਮਖੌਟਾਧਾਰੀ ਨਾਇਕ ਪਾਉਣ ਬਲਦੀ 'ਤੇ ਤੇਲ
ਤੇ ਚੀਖਣ ਪਏ 'ਖੂਨ ਦਾ ਬਦਲਾ ਖੂਨ'
ਇੱਕ ਨਹੀਂ ਸੈਂਕੜੇ -ਹਜ਼ਾਰਾਂ ਦਾ ਖੂਨ
ਹਰ ਇੱਕ ਦਾ ਖੂਨ ਹਰ 'ਸਿੱਖ' ਦਾ ਖੂਨ
ਬੁੱਢੀ ਮਾਂ ਦਾ ਖੂਨ ਬਿਰਧ ਬਾਪ ਦਾ ਖੂਨ
ਜਵਾਨ ਪੁੱਤ ਦਾ ਖੂਨ ਮੁਟਿਆਰ ਧੀ ਦਾ ਖੂਨ
ਅਣਜੰਮੇ ਜੀਅ ਦਾ ਖੂਨ....
ਇੱਕੋ ਸ਼ਕਲ ਦਾ ਖੂਨ, ਇਕੋ ਨਸਲ ਦਾ ਖੂਨ
ਮੈਨੂੰ ਦੱਸੋ ਤਾਂ ਸਹੀ
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਨਿਸ਼ਾਨਾ ਹੋਵੇ ਇੱਕ ਹੀ ਕੌਮ
ਰਤਾ ਵੀ ਰਹੇ ਨਾ ਫਰਕ ਕੋਈ
ਨਿਸ਼ਾਨਾ ਬਣੇ ਪੀੜ੍ਤ ਬਾਰੇ ਕਿ
ਕਿਹੜੀ ਹੈ ਉਸਦੀ ਸਿਆਸੀ ਜਮਾਤ?
ਕਿਹੜੀ ਹੈ ਉਸਦੀ ਵਿਚਾਰਧਾਰਾ?
ਕਿਹੜਾ ਹੈ ਉਸਦਾ ਵਪਾਰ-ਕਾਰੋਬਾਰ?
ਕੀ ਉਹ ਹੈ ਆਸਤਿਕ ਜਾਂ ਨਾਸਤਿਕ?
ਕੀ ਉਹ ਹੈ ਅਕਾਲੀ ਜਾਂ ਕਾਂਗਰਸੀ?
ਕੀ ਉਹ ਹੈ ਸੱਜੇਪੱਖੀ ਜਾਂ ਖੱਬੇਪੱਖੀ?
ਕੀ ਉਹ ਹੈ ਕਲੀਨਸ਼ੇਵ ਜਾਂ ਅੰਮ੍ਰਿਤਧਾਰੀ?
ਕੀ ਉਹ ਹੈ ਮਿਸ਼ਨਰੀ ਜਾਂ ਟਕਸਾਲੀ?
ਕੀ ਉਹ ਹੈ ਫੰਡਮੈਂਟਲਿਸਟ ਜਾਂ ਮਾਡਰੇਟ?
ਉਹ ਹੋਏ ਚਾਹੇ ਕਿਸੇ ਵੀ ਸੂਰਤ-ਮੂਰਤ 'ਚ
ਉਸ ਦੀ ਨਸਲ ਮਿਟਾਉਣ ਲਈ ਬੱਸ ਏਨਾ ਹੀ ਕਾਫੀ
ਕਿ ਉਹ ਹੈ ਸਰਬੱਤ ਦਾ ਭਲਾ ਮੰਗਣ ਵਾਲਾ 'ਸਿੱਖ'
ਉਸ ਦੀ ਅਲਖ ਮੁਕਾਉਣ ਲਈ ਬੱਸ ਏਨਾ ਹੀ ਬਹੁਤ ਕਿ
ਉਹ ਹੈ ਪੰਜਾਬਣ ਦਾ ਜਾਇਆ, ਗੁਰਮੁੱਖੀ ਦਾ ਪੁੱਤਰ
ਉਸ ਦੇ ਕਤਲ ਲਈ ਬੱਸ ਇਹੀ ਕਸੌਟੀ ਕਾਫੀ
ਕਿ ਉਸਦੇ ਹੱਥ 'ਚ ਨਜ਼ਰ ਆਉਂਦਾ ਹੈ 'ਕੜਾ',
ਜਿਸਨੂੰ ਲਹੂ ਨਾਲ ਕਰਕੇ ਲੱਥ-ਪੱਥ ਆਖਣ
'ਮਾਰੋ ਇਨ ਸਰਦਾਰੋਂ ਕੋ, ਦੇਸ਼ ਕੇ ਗੱਦਾਰੋਂ ਕੋ'
ਕੋਈ ਮੈਨੂੰ ਦੱਸੇ ਤਾਂ ਸਹੀ,
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਇੱਕ ਨਸਲ 'ਤੇ ਆ ਝਪਟਣ 'ਸਾਰੇ ਸ਼ੈਤਾਨ'
ਕਾਤਲ ਬਣ ਕੇ ਹੋਣ ਇਕੱਠੇ 'ਸਭ ਸਿਆਸੀ ਹੈਵਾਨ'
ਹੋਏ ਸਭ ਦਾ ਇਕ ਨਿਸ਼ਾਨਾ ਇੱਕੋ ਚੋਣ- ਐਲਾਨ
ਹੈ ਮਿਟਾਉਣਾ ਭਾਰਤ ਵਿੱਚੋਂ ਸਿੱਖ ਦਾ ਨਾਮੋ-ਨਿਸ਼ਾਨ
ਇਕ ਕਹੇ 'ਜਦ ਡਿਗਦਾ ਵੱਡਾ ਰੁੱਖ,
ਤਾਂ ਕੰਬਦੀ ਹੈ ਧਰਤੀ'
ਦੂਜਾ ਕਹੇ 'ਖੁਦ ਪੀੜ੍ਹਤ ਹੀ ਹੈ ਦੋਸ਼ੀ
ਤੇ ਉਸਨੂੰ ਮਿਲਿਆ ਹੈ 'ਸਬਕ' ਵੱਡਾ ਰੁੱਖ ਡਿੱਗਣ 'ਤੇ'
ਸ਼ਿਤਮਜਰੀਫੀ ਇਸ ਤੋਂ ਵੱਡੀ ਹੋ ਨਹੀਂ ਸਕਦੀ,
ਜਦ ਬਘਿਆੜਾਂ ਦੀ ਇੱਕ ਢਾਣੀ ਵਲੋਂ
ਧਰਤੀ ਕੰਬਣ ਦੀ ਤਸ਼ਬੀਹ ਵਾਲਾ
ਐਲਾਨ ਦਿੱਤਾ ਜਾਏ 'ਭਾਰਤ ਰਤਨ'
ਤੇ ਬਘਿਆੜਾਂ ਦੀ ਦੂਜੀ ਢਾਣੀ ਵਲੋਂ
ਕਤਲੇਆਮ ਦਾ ਹਮਾਇਤੀ ਵੀ
ਐਲਾਨ ਦਿੱਤਾ ਜਾਏ 'ਭਾਰਤ ਰਤਨ'
ਤੇ ਜਿਹੜੇ ਚੜ੍ਹ ਗਏ ਫਾਂਸੀਆਂ,
ਭੇਜੇ ਗਏ ਕਾਲੇਪਾਣੀਆਂ ਨੂੰ,
ਉਡਾਏ ਗਏ ਤੋਪਾਂ ਸਾਹਵੇਂ,
ਡੱਕੇ ਗਏ ਜੇਲ੍ਹਾਂ ਦੀਆਂ ਸਲਾਖਾਂ ਪਿਛੇ,
ਸ਼ਹੀਦ ਹੋਏ ਹੱਦਾ-ਸਰਹੱਦਾਂ ਦੀ ਰਾਖੀ ਕਰਦਿਆਂ,
ਉਨ੍ਹਾਂ ਦੀ ਦਿੱਤਾ ਜਾਏ ਇਹ ਇਨਾਮ:
ਨਸਲਕੁਸ਼ੀ! ਨਸਲਕੁਸ਼ੀ!! ਨਸਲਕੁਸ਼ੀ!!!
ਡਾ. ਗੁਰਵਿੰਦਰ ਸਿੰਘ
'ਕੈਨੇਡੀਅਨ ਚਾਰਟਰ ਆਫ਼ ਰਾਈਟਸ' ਦੇ ਜਨਮਦਾਤਾ : ਪੀਅਰੇ ਇਲੀਅਟ ਟਰੂਡੋ - ਡਾ. ਗੁਰਵਿੰਦਰ ਸਿੰਘ
ਜਨਮ ਸ਼ਤਾਬਦੀ 'ਤੇ ਵਿਸ਼ੇਸ਼ ( 18 ਅਕਤੂਬਰ 1919--18 ਅਕਤੂਬਰ 2019)
'ਕੈਨੇਡੀਅਨ ਚਾਰਟਰ ਆਫ਼ ਰਾਈਟਸ' ਦੇ ਜਨਮਦਾਤਾ : ਪੀਅਰੇ ਇਲੀਅਟ ਟਰੂਡੋ
ਡਾ. ਗੁਰਵਿੰਦਰ ਸਿੰਘ
ਵਿਸ਼ਵ ਇਤਿਹਾਸ ਵਿੱਚ ਕਈ ਅਜਿਹੇ ਸਿਆਸਤਦਾਨ ਹੋਏ ਹਨ, ਜਿੰਨਾਂ ਆਪਣੀ ਵਿਲੱਖਣ ਸ਼ਖ਼ਸੀਅਤ ,ਪ੍ਰੌੜ੍ਹ ਦ੍ਰਿਸ਼ਟੀ,ਮਹਾਨ ਨੀਤੀ ਤੇ ਸਵੱਛ ਰਾਜਨੀਤਕ ਪਹੁੰਚ ਨਾਲ ਦੁਨੀਆ 'ਚ ਨਵੇਂ ਦਿਸ-ਹੱਦੇ ਸਥਾਪਿਤ ਕੀਤੇ ਹਨ। 20ਵੀਂ ਸਦੀ ਦੇ ਕੈਨੇਡੀਅਨ ਇਤਿਹਾਸ ਵਿੱਚ ਪੀਅਰੇ ਇਲੀਅਟ ਟਰੂਡੋ ਅਜਿਹੇ ਹੀ ਪ੍ਰਤਿਭਾਵਾਨ ਰਾਜਨੇਤਾ ਹੋਏ ਹਨ, ਜਿਨ੍ਹਾਂ ਆਪਣੇ ਬਹੁਪੱਖੀ ਅਤੇ ਬਹੁਪਾਸਾਰੀ ਵਿਅਕਤੀਤਵ ਦੀ ਬਦੌਲਤ, ਇਸ ਭੂ-ਖੰਡ ਦਾ ਨਾਂ ਸੰਸਾਰ ਦੇ ਨਕਸ਼ੇ 'ਤੇ ਸ਼ਾਨਦਾਰ ਰੂਪ ਵਿੱਚ ਉਜਾਗਰ ਕੀਤਾ। ਘੱਟ ਗਿਣਤੀਆਂ ਦੇ ਰੱਖਿਅਕ ਅਤੇ ਸਮਾਜਿਕ ਸਮਾਨਤਾ ਦੇ ਪਹਿਰੇਦਾਰ ਟਰੂਡੋ ਨੇ ਜਿੱਥੇ ਕੈਨੇਡਾ ਦੇ ਮੂਲ ਵਸਨੀਕਾਂ ਦੇ ਸਭਿਆਚਾਰਕ ਵਿਕਾਸ ਦੇ ਪਰਿਪੇਖ ਵਿੱਚ ਅਹਿਮ ਭੂਮਿਕਾ ਨਿਭਾਈ, ਉੱਥੇ ਪ੍ਰਵਾਸੀਆਂ ਦੀ ਸਥਾਪਤੀ ਅਤੇ ਪਛਾਣ ਦੇ ਪ੍ਰਸੰਗ ਵਿੱਚ ਵੀ ਬੇਮਿਸਾਲ ਯੋਗਦਾਨ ਪਾਇਆ। ਪੀਅਰੇ ਇਲੀਅਟ ਟਰੂਡੋ ਵਲੋਂ ਕੈਨੇਡਾ ਵਸਦੇ ਪ੍ਰਵਾਸੀ ਸਿੱਖਾਂ ਦੀ ਬੇਮਿਸਾਲ ਸਹਾਇਤਾ ਦਾ ਹੀ ਇਹ ਨਤੀਜਾ ਹੈ ਕਿ ਅੱਜ ਸਿੱਖ ਭਾਈਚਾਰਾ ਟਰੂਡੋ ਦੇ ਵਡਮੁੱਲੇ ਮਾਪਦੰਡਾਂ ਨੂੰ ਆਪਣੇ ਵਿਕਾਸ ਲਈ ਚਾਨਣ ਮੁਨਾਰਾ ਮੰਨਦਾ ਹੈ।
'ਕੈਨੇਡੀਅਨ ਚਾਰਟਰ ਆਫ਼ ਰਾਈਟਸ' ਦੇ ਜਨਮਦਾਤਾ ਪੀਅਰੇ ਇਲੀਅਟ ਟਰੂਡੋ ਦਾ ਜਨਮ 18 ਅਕਤੂਬਰ 2919 ਈਸਵੀ ਨੂੰ ਪਿਤਾ ਚਾਰਸਲ ਟਰੂਡੋ ਦੇ ਘਰ, ਮਾਤਾ ਸਰੇਗ ਟਰੂਡੋ ਦੀ ਕੁੱਖੋਂ ਮੋਂਟਰੀਅਲ, ਕੈਨੇਡਾ ਵਿੱਚ ਹੋਇਆ। ਬਚਪਨ ਤੋਂ ਹੀ ਉਹਨਾਂ ਅੰਦਰ ਦੁਨੀਆਂ ਦਾ ਮਹਾਨ ਵਿਅਕਤੀ ਬਣਨ ਦਾ ਬੇਹੱਦ ਚਾਅ ਤੇ ਦ੍ਰਿੜ੍ਹ ਵਿਸ਼ਵਾਸ ਮੌਜੂਦ ਸੀ। ਇਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਪੀਅਰੇ ਟਰੂਡੋ ਨੇ ਅਣਥੱਕ ਮਿਹਨਤ ਕੀਤੀ ਤੇ ਤਾਲੀਮ ਦੇ ਚਿਰਾਗ ਤੋਂ ਪ੍ਰਕਾਸ਼ ਦੀਆਂ ਰਿਸ਼ਮਾਂ ਲੈ ਕੇ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ। ਪਹਿਲਾਂ ਤੋਂ ਬਣੀਆਂ ਪਗਡੰਡੀਆਂ ਦੇ ਪਾਂਧੀ ਬਣਨ ਦੀ ਥਾਂ ਬਿਖੜੇ ਪੈਂਡੇ ਤਹਿ ਕਰਕੇ, ਨਵੇਂ ਰਾਹ ਉਲੀਕਣ ਵਾਲੇ ਅਤੇ ਵਗਦੇ ਵਹਿਣਾਂ ਨਾਲ ਵਹਿ ਤੁਰਨ ਦੀ ਥਾਂ ਵਹਾਵਾਂ ਦੀ ਦਿਸ਼ਾ ਬਦਲਣ ਦੀ ਸਮਰੱਥਾ ਦੇ ਧਾਰਨੀ ਵਜੋਂ, ਉਹ ਹਮੇਸ਼ਾ ਇਨਕਲਾਬੀ ਨੌਜਵਾਨ ਦੇ ਰੂਪ ਵਿੱਚ ਉੱਭਰੇ । ਉਹਨਾਂ ਦੇ ਕਹੇ ਸ਼ਬਦ "ਮੈਂ ਇਰਾਦਾ ਬਣਾ ਲਿਆ ਹੈ ਕਿ ਸਦਾ ਧਾਰਾ ਦੇ ਉਲਟ ਹੀ ਤਰਾਂਗਾ " ਉਹਨਾਂ ਦੇ ਲੋਹ-ਪੁਰਖੀ ਕਿਰਦਾਰ ਦੀ ਗਵਾਹੀ ਭਰਦੇ ਹਨ। ਨਿਰੰਤਰ ਘਾਲਣਾ, ਆਤਮ ਵਿਸ਼ਵਾਸ ਅਤੇ ਸਿਆਸੀ ਸੂਝਬੂਝ ਦੇ ਸਿੱਟੇ ਵਜੋਂ ਪੀਅਰੇ ਇਲੀਅਟ ਟਰੂਡੋ ਕੈਨੇਡਾ ਦੀ ਲਿਬਰਲ ਪਾਰਟੀ ਰਾਂਹੀ ਚੋਣਾਂ ਜਿੱਤਣ ਮਗਰੋਂ ਸੰਨ 1968 ਈਸਵੀ 'ਚ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਗਏ। 7 ਅਪ੍ਰੈਲ 1968 ਨੂੰ ਰਾਜਧਾਨੀ 'ਚੋਂ ਉਹਨਾਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਇਹ ਯਕੀਨ ਦੁਆਇਆ ਕਿ ਉਹ ਆਪਣੀ ਸੰਪੂਰਨ ਸ਼ਕਤੀ ਕੈਨੇਡਾ ਨੂੰ ਸੰਸਾਰ ਦਾ ਸਿਰਮੌਰ ਦੇਸ਼ ਬਣਾਉਣ 'ਚ ਲਾ ਦੇਣਗੇ। ਸੱਚਮੁੱਚ ਉਹ ਆਪਣੇ ਸ਼ਬਦਾਂ 'ਤੇ ਪੂਰੇ ਉਤਰੇ ਤੇ ਕੈਨੇਡਾ ਦੇ ਵਿਕਾਸ ਲਈ ਯੁੱਗ-ਪੁਰਸ਼ ਸਾਬਤ ਹੋਏ। ਉਹ ਸੰਨ 1979 ਤੱਕ ਲਗਾਤਾਰ ਗਿਆਰਾਂ ਸਾਲ ਅਤੇ ਮਗਰੋਂ 1980 ਤੋਂ 1984 ਤੱਕ ਚਾਰ ਵਰ੍ਹੇ ਹੋਰ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ। ਇਸ ਡੇਢ ਦਹਾਕੇ ਵਿੱਚ ਪੀਅਰੇ ਇਲੀਅਟ ਟਰੂਡੋ ਨੇ ਅਜੋਕੇ ਕੈਨੇਡੀਅਨ ਸੰਵਿਧਾਨ ਦੀ ਸਥਾਪਨਾ ਤੋਂ ਲੈ ਕੇ ਮਾਨਵੀ ਹੱਕਾਂ ਦੀ ਪੈਰਵੀ ਤੱਕ, ਮਹਾਨ ਪ੍ਰਸ਼ਾਸ਼ਕ ਵਜੋਂ ਲੰਮਾ ਪੈਂਡਾ ਬੇਹੱਦ ਕਾਮਯਾਬੀ ਨਾਲ ਤਹਿ ਕੀਤਾ।
ਮਹਾਨ ਸਿਆਸੀ ਆਗੂ ਤੋਂ ਇਲਾਵਾ ਟਰੂਡੋ ਇਕ ਸੱਚੇ-ਸੁੱਚੇ ਤੇ ਨੇਕ-ਦਿਲ ਇਨਸਾਨ ਵਜੋਂ ਵੀ ਬਹੁ-ਚਰਚਿਤ ਰਹੇ। ਉਹਨਾਂ ਕੈਨੇਡਾ ਦੇ ਮੁਖੀ ਦੇ ਅਹੁੱਦੇ 'ਤੇ ਬਿਰਾਜੇ ਹੋਇਆਂ ਵੀ ਇਸ ਰੁਤਬੇ ਨੂੰ ਆਪਣੀ ਸਾਦੀ ਪਰਿਵਾਰਕ ਜ਼ਿੰਦਗੀ ਤੋਂ ਅਲਹਿਦਾ ਰੱਖਿਆ। ਇਸ ਮਹਾਨਤਾ ਸਦਕਾ ਵੀ ਉਹ ਲੋਕਾਂ ਦੇ ਮਹਿਬੂਬ ਆਗੂ ਬਣੇ। ਅਜਿਹੀ ਹੀ ਇਕ ਮਿਸਾਲ ਹੈ ਕਿ ਪੀਅਰੇ ਇਲੀਅਟ ਟਰੂਡੋ ਇਕ ਵਾਰ ਆਪਣੇ ਪਰਿਵਾਰ ਸਮੇਤ ਕਿਸੇ ਸੈਰ-ਗਾਹ 'ਤੇ ਘੁੰਮਣ- ਫਿਰਨ ਗਏ। ਜਦੋਂ ਉਹ ਆਪਣੇ ਬੱਚਿਆ ਨਾਲ ਆਨੰਦ ਲੈ ਰਹੇ ਸਨ, ਤਾਂ ਅਚਾਨਕ ਸਥਾਨਕ ਕਰਮਚਾਰੀਆਂ ਨੂੰ ਪ੍ਰਧਾਨ ਮੰਤਰੀ ਦੀ ਆਮਦ ਦਾ ਪਤਾ ਲੱਗ ਗਿਆ। ਇਕਦਮ ਹਫੜਾ-ਦਫੜੀ ਮੱਚ ਗਈ ਤੇ ਟਰੂਡੋ ਦੇ ਨੇੜੇ- ਤੇੜੇ ਸੁਰੱਖਿਆ ਘੇਰਾ ਬਣਾ ਦਿੱਤਾ ਗਿਆ। ਅਜਿਹੇ ਪ੍ਰਬੰਧ ਬਾਰੇ ਜਦੋਂ ਟਰੂਡੋ ਨੂੰ ਪਤਾ ਲੱਗਿਆ, ਤਾਂ ਉਹਨਾਂ ਕਾਰਨ ਬੇ -ਵਜ੍ਹਾ ਹੀ ਹੋਰਨਾਂ ਸੈਲਾਨੀਆਂ ਨੂੰ ਆਈ ਸਮੱਸਿਆ ਲਈ ਟਰੂਡੋ ਨੇ ਬੁਰਾ ਮਨਾਇਆ। ਉਹਨਾਂ ਸੁਰੱਖਿਆ ਅਮਲੇ ਨੂੰ ਸਾਫ ਸ਼ਬਦਾਂ 'ਚ ਕਿਹਾ ਕਿ ਇਥੇ ਕੇਵਲ ਇਕ ਪਿਤਾ ਆਪਣੇ ਬੱਚਿਆਂ ਨਾਲ ਸੈਰ ਕਰਨ ਆਇਆ ਹੈ, ਜਿਸਨੂੰ ਆਪਣੇ ਵਰਗੇ ਹੋਰਨਾਂ ਨਾਗਰਿਕਾਂ ਤੋਂ ਕੋਈ ਖਤਰਾ ਨਹੀਂ। ਇੱਥੇ ਪ੍ਰਧਾਨ ਮੰਤਰੀ ਨਹੀਂ ਆਇਆ ਤੇ ਜੇਕਰ ਉਸਨੂੰ ਵੇਖਣਾ ਹੈ, ਤਾਂ ਜਾ ਕੇ ਪਾਰਲੀਮੈਂਟ ਹਿੱਲ 'ਤੇ ਵੇਖਣ।' ਆਪਣੀ ਪਦਵੀ ਨੂੰ ਨਿੱਜੀ ਜੀਵਨ ਤੋਂ ਵੱਖ ਕਰਕੇ, ਸਾਧਾਰਨ ਜ਼ਿੰਦਗੀ ਬਸਰ ਕਰਨ ਵਾਲੇ ਅਜਿਹੇ ਵਿਅਕਤੀ ਵਰਤਮਾਨ ਸਿਆਸਤ ਵਿੱਚ ਵਿਰਲੇ ਹੀ ਮਿਲਦੇ ਹਨ।
ਪੀਅਰੇ ਇਲੀਅਟ ਟਰੂਡੋ ਜਿੱਥੇ ਬੇਹੱਦ ਮਿਲਣਸਾਰ, ਹੱਸਮੁੱਖ ਅਤੇ ਮਜ਼ਾਹੀਆ ਸੁਭਾਅ ਵਾਲੇ ਇਨਸਾਨ ਸਨ, ਉੱਥੇ ਬੜੇ ਪ੍ਰੇਮ ਤੇ ਜਜ਼ਬੇ- ਭਰਪੂਰ ਦ੍ਰਿਸ਼ਟੀ ਦੇ ਮਾਲਕ ਵੀ ਸਨ। ਉਹ ਤਰਕ ਦੇ ਤਲਵਾਰੀਏ ਸਨ। ਵਿਰੋਧੀ ਵੀ ਉਹਨਾਂ ਦੀ ਦਲੀਲ ਤੋਂ ਪ੍ਰਭਾਵਿਤ ਹੁੰਦੇ। ਇਕ ਕੋਮਲ ਹਿਰਦੇ ਵਾਲੇ ਇਨਸਾਨ ਵਜੋਂ ਉਹਨਾਂ ਦੀ ਉਦਾਹਰਣ, ਨੌਜਵਾਨ ਪੁੱਤਰ ਮਿਸ਼ੈਲ ਟਰੂਡੋ ਦੇ ਸੰਨ 1998 ਈਸਵੀ 'ਚ ਬੀ.ਸੀ. ਦੀ ਕੋਕਨੀ ਲੇਕ 'ਚ ਸਕੇਟਿੰਗ ਕਰਦਿਆਂ ਡੁੱਬ ਜਾਣ ਮਗਰੋਂ , ਪੈਦਾ ਹੋਈ ਅਤਿ ਜਜ਼ਬਾਤੀ ਤੇ ਦੁੱਖਾਂਤਮਈ ਹਾਲਤ ਤੋਂ ਮਿਲਦੀ ਹੈ। ਉਹ ਆਪਣੀ ਪਤਨੀ ਸਮੇਤ ਬਹੁਤ ਸਮਾਂ ਝੀਲ ਦੇ ਡੂੰਘੇ ਵਾਹਣਾਂ ਵਿੱਚ ਪੁੱਤਰ ਨੂੰ ਖੋਜਦੇ ਰਹੇ ਤੇ ਵਿਚਾਰਵਾਨਾਂ ਅਨੁਸਾਰ ਇਹ ਦੁਖ ਟਰੂਡੋ ਲਈ ਗਹਿਰੇ ਸਦਮੇ ਦਾ ਕਾਰਨ ਬਣਿਆ। ਦੋ ਸਾਲ ਇਸ ਹਿਦਰੇਵੇਦਕ ਪੀੜਾਂ ਨੂੰ ਭੋਗਣ ਮਗਰੋਂ ਇਹ ਨੇਕ ਦਿਲ ਇਨਸਾਨ 28 ਸਤੰਬਰ 2000 ਨੂੰ ਸਦੀਵੀ ਵਿਛੋੜਾ ਦੇ ਗਿਆ। ਮਹਿਰੂਮ ਨੇਤਾ ਪੀਅਰੇ ਇਲੀਅਟ ਟਰੂਡੋ ਦੀ ਅੰਤਿਮ ਵਿਦਾਇਗੀ ਸਮੇਂ ਪਾਰਲੀਮੈਂਟ 'ਤੇ ਹਜ਼ਾਰਾਂ ਲੋਕਾਂ ਨੇ ਸੇਜਲ ਨੇਤਰਾਂ ਨਾਲ ਸ਼ਰਧਾਂਜਲੀ ਅਰਪਿਤ ਕੀਤੀ। ਪੀਅਰੇ ਟਰੂਡੋ ਦੀ ਪੁੱਤਰ ਜਸਟਿਨ ਟਰੂਡੋ 4 ਨਵੰਬਰ 2015 ਨੂੰ ਲਿਬਰਲ ਪਾਰਟੀ ਵੱਲੋਂ ਕੈਨੇਡਾ ਦੀ ਪ੍ਰਧਾਨ ਮੰਤਰੀ ਬਣੇ ਤੇ ਹੁਣ ਵੀ ਇਸ ਅਹੁਦੇ ਲਈ ਮੁੜ ਮੈਦਾਨ ਵਿੱਚ ਹਨ। ਉਨ੍ਹਾਂ ਦੇ ਹੋਰਨਾਂ ਬੱਚਿਆਂ ਚ ਅਲੈਗਜੈਂਡਰ ਟਰੂਡੋ ਅਤੇ ਸਾਰਾਹ ਅਲਿਜ਼ਬੈਥ ਤੋਂ ਇਲਾਵਾ ਤੀਜੀ ਕੈਨੇਡਾ 'ਚ ਖੁਸ਼ਗਵਾਰ ਜ਼ਿੰਦਗੀ ਬਤੀਤ ਕਰ ਰਹੀ ਹੈ।
ਪੀਅਰੇ ਇਲੀਅਟ ਟਰੂਡੋ ਦੀ ਜਨਮ ਸ਼ਤਾਬਦੀ ਮੌਕੇ, ਉਨ੍ਹਾਂ ਵਲੋਂ ਕੈਨੇਡਾ ਵਸਦੇ ਪ੍ਰਵਾਸੀ ਭਾਈਚਾਰਿਆਂ ਲਈ ਕੀਤੀਆਂ ਅਣਥੱਕ ਸੇਵਾਵਾਂ ਤੇ 'ਚਾਰਟਰ ਆਫ ਰਾਇਟਸ' ਰਾਹੀਂ ਮਨੁੱਖੀ ਹੱਕਾਂ ਲਈ ਕੈਨੇਡਾ ਨੂੰ ਸੰਸਾਰ ਦੇ ਨਕਸ਼ੇ 'ਤੇ ਸਥਾਪਤ ਕਰਨ ਵਿੱਚ ਨਿਭਾਈ ਭੂਮਿਕਾ ਲਈ ਯਾਦ ਕੀਤਾ ਜਾਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਦੀ ਜਨਮ ਸ਼ਤਾਬਦੀ ਮੌਕੇ ਕੈਨੇਡਾ ਦੀਆਂ ਵੱਖ- ਵੱਖ ਥਾਵਾਂ ਵਿੱਚ ਕੀਤੇ ਜਾ ਰਹੇ ਸਮਾਗਮ 'ਚ ਸਾਰੀਆਂ ਕਮਿਊਨਟੀਜ਼ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ।ਮਾਨਵੀ ਅਧਿਕਾਰਾਂ ਦੇ ਅਲੰਬਰਦਾਰ ਇਲੀਅਟ ਟਰੂਡੋ ਦੀ ਮਨੁੱਖੀ ਸੇਵਾ ਨੂੰ ਬਿਆਨ ਕਰਨ ਲਈ ਭਾਈ ਵੀਰ ਸਿੰਘ ਦੇ ਸ਼ਬਦ ਬੜੇ ਢੁੱਕਵੇਂ ਹਨ:
"ਦੁਨੀਆਂ ਦਾ ਦੁੱਖ ਦੇਖ ਦੇਖ, ਦਿਲ ਦਬਦਾ ਦਬਦਾ ਜਾਂਦਾ।
ਅੰਦਰਲਾ ਪੰਗਰ ਵਗ ਤੁਰਦਾ ਨੈਣੋਂ ਨੀਰ ਵਹਾਂਦਾ।
ਫਿਰ ਵੀ ਦਰਦ ਨਾ ਘਟੇ ਜਗਤ ਦਾ ਚਾਹੇ ਆਪਾ ਵਾਰੋ,
ਪਰ ਪੱਥਰ ਨਹੀਂ ਬਣਿਆਂ ਜਾਂਦਾ, ਦਰਦ ਦੇਖ ਦੁੱਖ ਆਂਦਾ"
ਡਾ.ਗੁਰਵਿੰਦਰ ਸਿੰਘ
ਪ੍ਰਧਾਨ, ਪ੍ਰੈਸ ਕਲੱਬ ਆਫ ਬੀ ਸੀ, ਕੈਨੇਡਾ
singhnews@gmail.com
+1-604-825-1550
ਕੈਨੇਡਾ ਦੇ ਸਿਆਸੀ ਮੰਚ 'ਤੇ ਜਗਮੀਤ ਸਿੰਘ ਦੀ ਚੜ੍ਹਤ - ਡਾ. ਗੁਰਵਿੰਦਰ ਸਿੰਘ
ਇਹ ਗੱਲ ਉਸ ਵੇਲੇ ਦੀ ਹੈ, ਜਦੋਂ ਜਗਮੀਤ ਸਿੰਘ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਨਿਊ ਡੈਮੋਕਰੈਟਿਕ ਦਾ ਕੌਮੀ ਆਗੂ ਬਣਨ ਲਈ ਤਿਆਰੀ ਕਰ ਰਿਹਾ ਸੀ। ਉਸ ਨੇ ਸਿਆਸੀ ਪੱਧਰ ਤੇ ਕਾਮਯਾਬੀ ਲਈ 'ਗੁਰ ਲੈਣ ਵਾਸਤੇ' ਕਿਸੇ ਨਾਮਵਰ ਰਾਜਸੀ ਨੇਤਾ ਤੋਂ ਸਲਾਹ ਮੰਗੀ, ਜਗਮੀਤ ਸਿੰਘ ਦੇ ਦੱਸਣ ਅਨੁਸਾਰ ਉਸ ਸਲਾਹਕਾਰ ਨੇ ਕਿਹਾ ਕਿ ਜੇਕਰ ਕੈਨੇਡਾ ਦਾ ਰਾਸ਼ਟਰੀ ਪੱਧਰ ਦਾ ਆਗੂ ਬਣਨਾ ਹੈ ਤਾਂ, ਉਸਨੂੰ ਕੁਝ ਤਬਦੀਲੀਆਂ ਦੀ ਲੋੜ ਹੈ। ਪਹਿਲੀ ਗੱਲ ਇਹ ਹੈ ਆਪਣਾ ਪੂਰਾ ਨਾਂ ਜਗਮੀਤ ਸਿੰਘ ਲੈਣ ਦੀ ਬਜਾਏ 'ਜੈਗ' ਅਖਵਾਉਣਾ ਸ਼ੁਰੂ ਕਰ ਦੇਵੇ। ਦੂਜੀ ਉਪਨਾਮ 'ਸਿੰਘ' ਦੀ ਥਾਂ ਗੋਤ ਵਰਤੋਂ ਕਰੇ। ਤੀਜੀ ਦਾੜ੍ਹੀ ਖੁੱਲ੍ਹੀ ਰੱਖਣ ਦੀ ਬਜਾਏ ਬੰਨ੍ਹਣੀ ਸ਼ੁਰੂ ਕਰੇ ਅਤੇ ਚੌਥੀ ਗੱਲ ਆਪਣੀ ਪੱਗ ਦਾ ਸਟਾਈਲ ਗੋਲ ਤੇ ਦੁਮਾਲੇ ਵਾਲਾ ਛੱਡ ਕੇ, ਨੋਕਦਾਰ ਬਣਾਏ ਅਤੇ ਪੰਜਵੀਂ ਗੱਲ, ਕਿਰਪਾਨ ਉਪਰੋਂ ਪਹਿਨਣ ਦੀ ਥਾਂ ਕੱਪੜਿਆਂ ਦੇ ਹੇਠਾਂ ਦੀ ਪਹਿਨੇ। ਅਜਿਹਾ ਕਰਕੇ ਉਹ ਕੈਨੇਡੀਅਨ ਲੋਕਾਂ 'ਚ ਜੱਚ ਜਾਵੇਗਾ, ਨਹੀਂ ਤਾਂ ਉਸ ਲਈ ਕਾਮਯਾਬ ਹੋਣਾ ਔਖਾ ਹੈ। ਜਗਮੀਤ ਸਿੰਘ ਨੇ 'ਸਲਾਹਕਾਰ' ਨੂੰ ਬੜੇ ਅਦਬ ਨਾਲ ਕਿਹਾ ਕਿ ਉਹ ਨਹੀਂ ਸਮਝਦਾ ਕਿ ਕੈਨੇਡਾ ਦੇ ਬਹੁ-ਸਭਿਆਚਾਰਕ ਭਾਈਚਾਰੇ ਨੂੰ ਉਸਦੇ ਨਾਂ ਨਾਲ ਕੋਈ ਔਖ ਮਹਿਸੂਸ ਹੋਵੇਗੀ, ਜੋ ਨਾਂ ਬਦਲ ਕੇ ਠੀਕ ਹੋ ਜਾਏਗੀ। ਉਪਨਾਮ ਉਹ ਗੋਤ ਜਾਂ ਇਲਾਕੇ ਦਾ ਵਰਤਣ ਦੀ ਥਾਂ, ਸਿੰਘ ਹੀ ਲਿਖਣਾ ਚਾਹੇਗਾ, ਕਿਉਂਕਿ ਇਹ ਉਸਦੀ ਪਛਾਣ ਹੈ। ਰਹੀ ਗੱਲ ਦਾਹੜੀ ਬੰਨਣ ਦੀ, ਉਹ ਸ਼ੁਰੂ ਤੋਂ ਹੀ 'ਦਾਹੜਾ ਪ੍ਰਕਾਸ਼' ਕਰਦਾ ਹੈ, ਇਸ ਨੂੰ ਬੰਨ੍ਹਣਾ ਨਹੀਂ ਚਾਹੁੰਦਾ। ਬਾਕੀ ਦਸਤਾਰ ਬੰਨਣ ਦੇ ਤਰੀਕੇ ਸਾਰੇ ਹੀ ਚੰਗੇ ਹਨ, ਪਰ ਉਸਦੇ ਲੰਮੇ ਚਿਹਰੇ 'ਤੇ ਗੋਲ ਦਸਤਾਰ ਵਧੇਰੇ ਜਚਦੀ ਹੈ ਤੇ ਉਸਨੇ ਇਤਿਹਾਸ ਪੜ੍ਹਦਿਆਂ ਵੀ ਜਾਣਿਆ ਹੈ ਕਿ ਸਦੀਆਂ ਤੋਂ ਸਿੱਖ ਗੋਲ ਦਸਤਾਰ ਜਾਂ ਦੁਮਾਲਾ ਹੀ ਸਜਾਉਂਦੇ ਆ ਰਹੇ ਹਨ। ਹੋਰ ਅੰਮ੍ਰਿਤਧਾਰੀ ਸਿੱਖ ਹੋਣ ਕਰਕੇ ਕਿਰਪਾਨ ਉਹ ਕਮੀਜ਼ ਦੇ ਉਪਰੋਂ ਪਾਉਂਦਾ ਹੈ ਤੇ ਉਸ ਨੂੰ ਅਜਿਹਾ ਚੰਗਾ ਲੱਗਦਾ ਹੈ। ਇਸ ਤਰ੍ਹਾਂ ਆਪਣੀ ਪਛਾਣ ਨੂੰ ਬਦਲ ਕੇ ਉਹ ਕੈਨੇਡਾ ਦਾ ਰਾਸ਼ਟਰੀ ਨੇਤਾ ਨਹੀਂ ਬਣਨਾ ਚਾਹੇਗਾ। ਜੇਕਰ ਕੈਨੇਡਾ ਦੇ ਲੋਕ ਚਹੁੰਣਗੇ, ਤਾਂ ਉਸ ਨੂੰ ਇਉ ਹੀ ਸਵਿਕਾਰ ਕਰਨਗੇ। ਜਗਮੀਤ ਸਿੰਘ ਦੀ ਸੋਚ ਸਹੀ ਸਾਬਤ ਹੋਈ ਤੇ ਕੈਨੇਡਾ ਵਾਸੀਆਂ ਨੇ ਉਸਨੂੰ ਉਵੇਂ - ਜਿਵੇਂ ਨਾ ਸਿਰਫ਼ ਪ੍ਰਵਾਨ ਹੀ ਕੀਤਾ, ਸਗੋਂ ਕੈਨੇਡਾ ਦੇ ਇਤਿਹਾਸ ਵਿੱਚ ਕਿਸੇ ਨੈਸ਼ਨਲ ਪਾਰਟੀ ਦਾ ਕੌਮੀ ਨੇਤਾ ਵੀ ਬਣਾ ਦਿੱਤਾ। ਇਹ ਕੈਨੇਡਾ ਦੇ ਬਹੁ - ਸਭਿਆਚਾਰਕ ਢਾਂਚੇ 'ਚ ਵਸਦੇ ਲੋਕਾਂ ਦੀ ਮਹਾਨ ਸੋਚ ਦਾ ਨਤੀਜਾ ਹੀ ਸੀ ਕਿ ਜਿਥੇ ਵਿਅਕਤੀ ਦੇ ਪ੍ਰਵਾਸੀ ਪਿਛੋਕੜ, ਧਰਮ, ਪਹਿਰਾਵੇ ਅਤੇ ਬੋਲੀ ਦੇ ਵਖਰੇਵੇਂ ਕਾਰਨ ਉਸਨੂੰ ਨਕਾਰਨ ਦੀ ਥਾਂ, ਉਸ ਦੀ ਸੂਝ-ਬੂਝ , ਦੂਰ ਅੰਦੇਸ਼ੀ ਅਤੇ ਲੀਡਰਸ਼ਿਪ ਨਿਪੁੰਨਤਾ ਕਰਕੇ ਸਵਿਕਾਰ ਕੀਤਾ ਗਿਆ ਹੋਵੇ।
ਪੰਜਾਬ ਦੇ ਠੀਕਰੀਵਾਲੇ ਪਿੰਡ ਤੋਂ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਸਕਿਆਂ ਦੇ ਪਰਿਵਾਰ ਦੀ ਚੌਥੀ ਪੀੜ੍ਹੀ ਨਾਲ ਸਬੰਧਿਤ, 40 ਸਾਲਾ ਜਗਮੀਤ ਸਿੰਘ ਅੰਦਰ ਵੀ ਸਰਮਾਏਦਾਰੀ ਢਾਂਚੇ ਅਤੇ ਰਜਵਾੜਾ ਸ਼ਾਹੀ ਖ਼ਿਲਾਫ਼ ਬੇਬਕੀ ਨਾਲ ਲੜਨ ਦੀ ਭਾਵਨਾ ਝਲਕਦੀ ਹੈ। 2 ਜਨਵਰੀ 1979 ਨੂੰ ਜਗਤਰਨ ਸਿੰਘ ਅਤੇ ਹਰਮੀਤ ਕੌਰ ਧਾਲੀਵਾਲ ਦੇ ਘਰ ਸਕਾਰਬਰੋ ਸ਼ਹਿਰ 'ਚ ਜਨਮਿਆ ਜਗਮੀਤ ਸਿੰਘ ਬਚਪਨ ਤੋਂ ਲੈ ਕੇ ਸਕੂਲ ਕਾਲਜ ਤੱਕ ਨਸਲਵਾਦੀ ਵਤਕਰੇ ਦਾ ਸਾਹਮਣਾ ਕਰਦਾ ਰਿਹਾ ਹੈ। ਜਿਸ ਬਾਰੇ ਉਸ ਨੇ ਆਪਣੀ ਸਵੈ-ਜੀਵਨੀ 'ਲਵ ਐਂਡ ਕਰੇਜ' ਵਿੱਚ ਵਿਸਥਾਰ ਸਹਿਤ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਹੈ। ਉਸ ਨੇ ਆਪਣੇ ਨਾਲ ਹੋਏ ਜਿਸਮਾਨੀ ਸੋਸ਼ਣ ਤੋਂ ਲੈ ਕੇ ਘਰੇਲੂ ਹਾਲਤਾਂ ਬਾਰੇ ਬੇਬਾਕੀ ਅਤੇ ਨਿਰਪੱਖਤਾ ਨਾਲ ਲਿਖਣ ਦੀ ਹਿੰਮਤ ਦਿਖਾਈ ਜਿਸ ਦੀ ਪ੍ਰਸੰਸਾ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਵੀ ਸਿਆਸੀ ਹੱਦਾਂ ਤੋਂ ਉੱਪਰ ਉੱਠ ਕੇ ਕੀਤੀ।
ਪੇਸ਼ੇ ਵਜੋਂ ਵਕਾਲਤ 'ਚ ਸਫਲ ਰਹਿਣ ਵਾਲਾ ਇਹ ਨੌਜਵਾਨ ਸੰਨ 2011 ਵਿੱਚ ਪਹਿਲੀ ਵਾਰ ਉਂਟਾਰੀਓ ਵਿਧਾਨ ਸਭਾ 'ਚ ਵਿਧਾਇਕ ਬਣਿਆ ਅਤੇ ਮਗਰੋਂ ਸੂਬਾਈ ਨਿਊ ਡੈਮੋਕਰੈਟਿਕ ਪਾਰਟੀ ਦਾ ਉਪ- ਨੇਤਾ ਚੁਣਿਆ ਗਿਆ। ਉਸਦਾ ਅਗਾਂਹ-ਵਧੂ ਜਜ਼ਬਾ, ਸਖ਼ਤ ਚੁਣੌਤੀਆਂ ਨਾਲ ਟੱਕਰ ਲੈਣ ਦਾ ਦ੍ਰਿੜ ਇਰਾਦਾ ਅਤੇ ਸਿਆਸੀ ਨਿਪੁੰਨਤਾ ਨੇ 1 ਅਕਤੂਬਰ 2017 ਨੂੰ ਜਗਮੀਤ ਸਿੰਘ ਨੂੰ ਐਨ.ਡੀ.ਪੀ. ਦਾ ਕੌਮੀ ਆਗੂ ਬਣਾ ਦਿੱਤਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕਿਸੇ ਕੌਮੀ ਪਾਰਟੀ ਦਾ ਆਗੂ ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੁੰਦਾ ਹੈ ਤੇ ਚੋਣਾਂ ਵੇਲੇ ਕੌਮੀ ਪੱਧਰ ਦੀ ਬਹਿਸਾਂ 'ਚ ਸ਼ਾਮਿਲ ਹੁੰਦਾ ਹੈ। ਜਗਮੀਤ ਸਿੰਘ ਪਾਰਟੀ ਆਗੂ ਬਣਨ ਸਮੇਂ ਕੈਨੇਡਾ ਦੀ ਪਾਰਲੀਮੈਂਟ 'ਹਾਊਸ ਆਫ਼ ਕਾਮਨਜ਼' ਦਾ ਮੈਂਬਰ ਨਹੀਂ ਸੀ, ਜਿਸ ਕਾਰਨ ਉਸਨੇ ਬ੍ਰਿਟਿਸ਼ ਕੋਲੰਬੀਆਂ ਦੇ ਬਰਨਬੀ ਸਾਊਥ ਹਲਕੇ ਤੋਂ ਚੋਣ ਲੜੀ। ਚਾਹੇ ਕੈਨੇਡਾ 'ਚ ਸਮੇਂ- ਸਮੇਂ ਜ਼ਿਮਨੀ ਚੋਣਾਂ ਹੁੰਦੀਆਂ ਰਹਿੰਦੀਆਂ ਹਨ, ਪਰ 25 ਫਰਵਰੀ 2018 ਨੂੰ ਹੋਈ ਇਸ ਚੋਣ ਦਾ ਮਹੱਤਵ ਕੁਝ ਵੱਖਰਾ ਹੀ ਸੀ। ਇਕ ਪਾਸੇ ਕਿਸੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਉਮੀਦਵਾਰ, ਕੈਨੇਡਾ ਦੀਆਂ ਬਹੁ ਸਭਿਆਚਾਰਕ ਕਦਰਾਂ-ਕੀਮਤਾਂ ਦਾ ਸਤਿਕਾਰ ਕਰਦਾ ਹੋਇਆ, ਹਰ ਸ਼ਬਦ ਤੋਲ-ਤੋਲ ਕੇ ਬੋਲ ਰਿਹਾ ਸੀ, ਦੂਜੇ ਪਾਸੇ ਸੱਜੇ ਪੱਖੀ ਤਾਕਤਾਂ ਨੇ ਨਸਲੀ ਪੱਤਾ ਖੇਡਦਿਆਂ ਅਤੇ ਅਤਿ ਨੀਵੇਂ ਦਰਜੇ ਦੀ ਸਿਆਸਤ ਕਰਦਿਆਂ ਕੈਨੇਡਾ ਦੇ ਮਲਟੀ ਕਲਚਰਲਿਜ਼ਮ ਢਾਂਚੇ ਨੂੰ ਢਾਹ ਲਾ ਰਹੀਆਂ ਸਨ। ਚੋਣ ਪ੍ਰਚਾਰ ਸ਼ੁਰੂ ਹੁੰਦਿਆਂ ਸਾਰ ਲਿਬਰਲ ਉਮੀਦਵਾਰ ਕੈਰੇਨ ਵਾਂਗ ਨੇ ਬਿਆਨ ਦਾਗਿਆ ਕਿ ਬਰਨਬੀ ਹਲਕੇ 'ਚ ਵਸਦੇ ਚੀਨੀ ਮੂਲ ਦੇ ਲੋਕ ਉਸਨੂੰ ਹੀ ਜਿਤਾਉਣ, ਕਿਉਂਕਿ ਉਹ ਉਹਨਾਂ ਵਿੱਚੋਂ ਹੀ ਹੈ। ਇਸ ਕਾਰਨ ਹੀ ਉਸ ਉਮੀਦਵਾਰ ਨੂੰ ਮਗਰੋਂ ਅਸਤੀਫ਼ਾ ਦੇਣਾ ਪਿਆ। ਕੰਜ਼ਰਵਟਿਵ ਉਮੀਦਵਾਰ ਜੇ ਸ਼ਿਨ ਨੇ ਤਾਂ ਉਸ ਸਮੇਂ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਉਸਨੇ ਜਗਮੀਤ ਸਿੰਘ ਖ਼ਿਲਾਫ਼ ਭੱਦੇ ਪੋਸਟਰ ਛਾਪੇ ਤੇ ਲਿਖਿਆ ਕਿ ਜਗਮੀਤ ਸਿੰਘ ਨੂੰ ਹਰਾ ਕੇ ਐਨ.ਡੀ.ਪੀ. ਨੂੰ 'ਨਵਾਂ ਲੀਡਰ' ਦਿੱਤਾ ਜਾਵੇ । ਸੱਜੇ ਪੱਖੀ ਟੌਰੀ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ , ਉਸਦੇ ਕਿਸੇ ਵੀ ਭਾਰਤੀ ਮੂਲ ਦੇ ਮੈਂਬਰ ਜਾਂ ਅਗਲੀਆਂ ਫੈਡਰਲ ਚੋਣਾਂ ਦੇ ਬਣੇ ਉਮੀਦਵਾਰਾਂ ਨੇ ਅਜਿਹੇ ਪੋਸਟਰਾਂ ਦਾ ਵਿਰੋਧ ਨਾ ਕੀਤਾ। ਚਾਹੇ ਜਗਮੀਤ ਸਿੰਘ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਆਪਣਾ ਧਿਆਨ ਕੈਨੇਡਾ ਦੀਆਂ ਸਿਹਤ ਸੇਵਾਵਾਂ , ਆਰਥਿਕ ਢਾਂਚੇ, ਕਰ ਨੀਤੀ, ਵਿਦਿਅਕ ਪਾਸਾਰ ਅਤੇ ਪਿਛੜੇ ਲੋਕਾਂ ਦੀ ਬਰਾਬਰਤਾ ਆਦਿ ਮੁੱਦਿਆਂ 'ਤੇ ਰੱਖਿਆ, ਪਰ ਫਾਸੀਵਾਦੀ ਤੇ ਨਸਲਵਾਦੀ ਤਾਕਤਾਂ ਨੇ ਉਸਨੂੰ ਉਸਦੀ ਪਛਾਣ, ਪ੍ਰਵਾਸੀ ਪਿਛੋਕੜ ਅਤੇ ਧਰਮ- ਰੰਗ 'ਤੇ ਹਮਲਾ ਕਰਦਿਆਂ ਭੰਡਣ ਦੀ ਹਰ ਚਾਲ ਖੇਡੀ । ਟੋਰੀਆਂ ਨੇ ਤਾਂ ਸੀਰੀਆ ਦੇ ਰਫ਼ਿਊਜੀ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੂੰ ਵੀ ਨਾ ਸਿਰਫ ਨਿੰਦਿਆ, ਬਲਕਿ ਗੋਰਿਆਂ, ਚੀਨਿਆ, ਮੁਸਲਮਾਨਾਂ ਤੇ ਹੋਰਨਾਂ 'ਚ ਪਾੜਾ ਪਾਉਣ ਦਾ ਪੱਤਾ ਵੀ ਖੇਡਿਆ। ਜਗਮੀਤ ਸਿੰਘ ਦੀ ਚੋਣ ਮੁਹਿੰਮ ਨੂੰ ਤਾਰਪੀਡੋ ਕਰਨ ਲਈ ਉਸਦੀ ਆਲੋਚਨਾ ਕੈਨੇਡਾ ਦੀਆਂ ਸੱਜੇ ਪੱਖੀ ਤਾਕਤਾਂ ਤੋਂ ਇਲਾਵਾ, ਭਾਰਤ ਨਾਲ ਸਬੰਧਿਤ ਫਾਸੀਵਾਦੀ ਤਾਕਤਾਂ ਨੇ ਵੀ ਖੁੱਲ ਕੇ ਕੀਤੀ। ਇਸਦਾ ਮੁੱਖ ਕਾਰਨ ਇਹ ਸੀ ਕਿ ਜਗਮੀਤ ਸਿੰਘ ਨੇ 2011 ਤੋਂ ਹੀ 'ਸਿੱਖ ਨਸਲਕੁਸ਼ੀ' ਸਬੰਧੀ ਮਤੇ ਦੀ ਖੁੱਲ ਕੇ ਹਮਾਇਤ ਹੀ ਨਹੀਂ ਕੀਤੀ, ਸਗੋਂ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਸਨੇ ਮਨੁੱਖੀ ਅਧਿਕਾਰਾਂ ਦੇ ਮੱਦੇ 'ਤੇ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ 'ਤੇ ਹੁੰਦਾ ਜ਼ੁਲਮ ਦੀ ਵੀ ਨਿਖੇਧੀ ਕੀਤੀ। ਇਸ ਕਾਰਨ ਹੀ ਭਾਰਤ ਅਤੇ ਪੰਜਾਬ ਦੇ ਸੱਤਾਧਾਰੀ ਆਗੂਆਂ ਵੱਲੋਂ ਜਗਮੀਤ ਸਿੰਘ ਦਾ ਲਗਾਤਾਰ ਵਿਰੋਧ ਵੀ ਹੁੰਦਾ ਰਿਹਾ ਹੈ। ਸਿਤਮਜ਼ਰੀਫੀ ਦੀ ਗੱਲ ਇਹ ਹੈ ਕਿ ਇਕ ਪਾਸੇ ਕੈਨੇਡਾ ਨੇ ਪ੍ਰਵਾਸੀ ਮੂਲ ਦੇ ਪਿਛੋਕੜ ਵਾਲੇ ਨੌਜਵਾਨ ਨੂੰ ਰਾਸ਼ਟਰੀ ਪਾਰਟੀ ਦਾ ਨੇਤਾ ਚੁਣਿਆ, ਦੂਜੇ ਪਾਸੇ ਕੈਨੇਡਾ ਦੇ ਜੰਮਪਲ ਜਗਮੀਤ ਸਿੰਘ ਨੂੰ ਭਾਰਤ ਵਲੋਂ ਵੀਜ਼ਾ ਦੇਣ 'ਤੇ ਪਾਬੰਦੀ ਲਾ ਦਿੱਤੀ ਗਈ। ਅਜਿਹੀਆਂ ਹੋਰ ਵੀ ਕਈ ਅਜਿਹੀਆਂ ਘਟਨਾਵਾਂ ਹੋਈਆਂ, ਜਿਹੜੀਆਂ ਜਗਮੀਤ ਸਿੰਘ ਨੂੰ ਹਰ ਹਾਲ 'ਚ ਹਰਾਉਣ ਲਈ ਮਿਥ ਕੇ ਕੀਤੀਆਂ ਗਈਆਂ, ਪਰ ਅਖੀਰ ਨੂੰ ਜਿੱਤ ਕੈਨੇਡੀਅਨ ਕਦਰਾਂ, ਕੀਮਤਾਂ ਦੀ ਹੋਈ ਤੇ ਹਾਰ ਸੱਜੇ ਪੱਖੀ , ਫਿਰਕੂ ਤੇ ਫਾਸੀਵਾਦੀ ਤਾਕਤਾਂ ਦੀ, ਇਥੋਂ ਤੱਕ ਕਿ ਇਥੋਂ ਦੇ ਪ੍ਰਮੁੱਖ ਅੰਗਰੇਜ਼ੀ ਮੀਡੀਆ 'ਵੈਨਕੂਵਰ ਸੰਨ' ਸਮੇਤ ਸੱਜੇ ਪੱਖੀ ਪ੍ਰੈਸ ਨੇ ਵੀ ਜਗਜੀਤ ਸਿੰਘ ਨੂੰ ਹਰਾਉਣ ਦੀ ਹਰ ਵਾਹ ਲਾਈ, ਪਰ ਲੋਕਾਂ ਨੇ ਉਸਦੇ ਸਿਰ 'ਜਿੱਤ ਦਾ ਤਾਜ' ਸਜਾਇਆ।
ਜਗਮੀਤ ਸਿੰਘ ਦੀ ਕਾਮਯਾਬੀ ਅਸਲ ਵਿੱਚ ਕੈਨੇਡਾ ਦੀਆਂ ਬਹੁ- ਸਭਿਆਚਾਰਕ ਕਦਰਾਂ-ਕੀਮਤਾਂ ਦੀ ਹੀ ਜਿੱਤ ਹੈ। ਇਕ ਸਿੱਖ ਹੋਣ ਦੇ ਨਾਤੇ ਚਾਹੇ ਉਸਨੇ ਸਿੱਖੀ ਦੀ ਸ਼ਾਨ ਨੂੰ ਤਾਂ ਵਧਾਇਆ ਹੀ ਹੈ, ਪਰ ਕੈਨੇਡਾ ਦੇ ਸੰਦਰਭ 'ਚ ਉਸਦੀ ਜਿੱਤ ਇੰਮੀਗੈਰੰਟ ਲੋਕਾਂ ਤੇ ਘੱਟ ਗਿਣਤੀਆਂ ਲਈ ਨਵੀਆਂ ਸੰਭਾਵਨਾਵਾਂ ਦੀ ਪ੍ਰਤੀਕ ਹੈ।
ਨਿਊ ਡੈਮੋਕ੍ਰੇਟਿਵ ਪਾਰਟੀ ਦੇ ਆਗੂ ਵਜੋਂ ਜਗਮੀਤ ਸਿੰਘ ਲਈ ਵੱਡੀ ਚੁਣੌਤੀ ਹੈ ਕਿ 21 ਅਕਤੂਬਰ 2019 ਨੂੰ ਹੋ ਰਹੀਆਂ ਚੋਣਾਂ ਹਨ । ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਉਹ ਨਿਊ ਡੈਮੋਕਰੈਟਿਕ ਪਾਰਟੀ ਦੀ ਅਗਵਾਈ ਕਿੰਨੀ ਨਿਪੁੰਨਤਾ ਨਾਲ ਕਰ ਰਿਹਾ ਹੈ, ਇਸ ਦੀ ਮਿਸਾਲ ਉਸ ਨੇ 6 ਪਾਰਟੀਆਂ ਦੇ ਆਗੂਆਂ ਵਿਚਕਾਰ ਹੋਈ ਬਹਿਸ ਦੌਰਾਨ ਪੈਦਾ ਕਰ ਦਿੱਤੀ ਹੈ। ਕੈਨੇਡਾ ਭਰ ਦੇ ਨੈਸ਼ਨਲ ਮੀਡੀਏ ਨੇ ਡਿਬੇਟ ਵਿੱਚ ਜਗਮੀਤ ਸਿੰਘ ਦੀ ਹਾਜ਼ਰ-ਜੁਆਬੀ, ਨਾਪ-ਤੋਲ ਕੇ ਗੱਲ ਕਰਨ ਦੀ ਸਮਝ ਅਤੇ ਲੋੜ ਪੈਣ 'ਤੇ ਮਜ਼ਾਈਆ ਢੰਗ ਨਾਲ ਟਿਪਣੀ ਕਰਨ ਦਾ ਅੰਦਾਜ਼ ਨਾ ਸਿਰਫ਼ ਪੰਸਦ ਹੀ ਕੀਤਾ ਬਲਕਿ ਲੋਕਾਂ ਅੰਦਰ ਸਿਆਸੀ ਲੀਡਰਾਂ ਪ੍ਰਤੀ ਪੈਦਾ ਹੋ ਰਹੀ ਉਦਾਸੀਨਤਾ ਨੂੰ ਵੀ ਖਤਮ ਕਰਨ ਦਾ ਜ਼ਰੀਆ ਕਰਾਰ ਦਿੱਤਾ। ਜਗਮੀਤ ਸਿੰਘ ਵਲੋਂ ਇੰਮੀਗ੍ਰੇਸ਼ਨ ਵਿਰੋਧੀ ਪਾਰਟੀ ਦੇ ਆਗੂ ਮੈਕਸਿਮ ਬਰਨੀਏ ਨੂੰ ਉਸ ਦੀ ਨਸਲਵਾਦੀ ਪਹੁੰਚ ਲਈ ਖੁੱਲ੍ਹ ਕੇ ਨਿੰਦਣਾ ਅਤੇ ਡਿਬੇਟ 'ਚੋਂ ਬਾਹਰ ਹੋਣ ਤੱਕ ਦੀ ਗੱਲ ਕਹਿ ਦੇਣੀ ਉਸ ਦੀ ਨਿਡਰਤਾ ਅਤੇ ਪ੍ਰਭਾਵਸ਼ਾਲੀ ਪਹੁੰਚ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਨ ਵਾਲਾ ਪਹਿਲਾ ਗੈਰ-ਸਫੈਦ ਵਿਅਕਤੀ ਕੈਨੇਡਾ ਵਾਸੀਆਂ ਦੀਆਂ ਉਮੀਦਾਂ ਤੇ ਕਿੰਨਾ ਕੁ ਖਰਾ ਉੱਤਰੇਗਾ, ਇਸ ਦਾ ਪਤਾ ਤਾਂ 21 ਅਕਤੂਬਰ ਨੂੰ ਹੀ ਲੱਗੇਗਾ ਪਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜਗਮੀਤ ਸਿੰਘ ਨੇ ਉਨ੍ਹਾਂ ਸਿਆਸੀ ਪੰਡਤਾਂ ਨੂੰ ਝੂਠੇ ਕਰ ਦਿੱਤਾ ਹੈ ਜੋ ਇਹ ਕਹਿੰਦੇ ਸਨ ਕਿ ਉਸ ਅੰਦਰ ਚੰਗੀ ਲੀਡਰਸ਼ਿਪ ਅਤੇ ਅਨੁਭਵੀ ਪੱਖ ਦੇ ਗੁਣਾਂ ਦੀ ਘਾਟ ਹੈ। ਜਗਮੀਤ ਸਿੰਘ ਖਿਲਾਫ਼ ਗੋਰੇ ਵਿਅਕਤੀ ਵਲੋਂ ਕਿਊਬੈਕ 'ਚ ਕੀਤੀ ਗਈ ਇਹ ਟਿਪਣੀ ਕਿ ਉਹ ਆਪਣੀ ਪੱਗ ਉਤਾਰ ਦੇਵੇ ਅਤੇ 'ਜੇਹਾ ਦੇਸ ਤੇਹਾ ਭੇਸ' ਵਾਲਾ ਤਰੀਕਾ ਅਪਣਾਏ, ਦੀ ਜਵਾਬੀ ਟਿਪਣੀ ਜਗਮੀਤ ਸਿੰਘ ਵਲੋਂ ਬਹੁਤ ਸੁਲਝੇ ਢੰਗ ਨਾਲ ਦਿੱਤੀ ਗਈ। ਇਸ ਦੀ ਪ੍ਰਸੰਸਾ ਅਤੇ ਨਸਲੀ ਸੋਚ ਦੀ ਅਲੋਚਨਾ ਵਿਰੋਧੀ ਧਿਰ ਦੇ ਉਮੀਦਵਾਰਾਂ ਵਲੋਂ ਵੀ ਕੀਤੀ ਗਈ। ਇਸ ਦੌਰਾਨ ਫਾਸੀਵਾਦੀ ਸੋਚ ਵਾਲੇ ਮੋਦੀ ਭਗਤ ਅਤੇ ਆਰ. ਐਸ.ਐਸ. ਦੇ ਕੈਨੇਡਾ ਦੇ ਇੱਕ ਆਗੂ ਵਲੋਂ ਸਰੀ ਮੰਦਰ 'ਚ ਜਗਮੀਤ ਸਿੰਘ ਬਾਰੇ ਅਤਿ ਨੀਵੇਂ ਪੱਧਰ ਦੀਆਂ ਟਿਪਣੀਆਂ ਕੀਤੀਆਂ ਜਾਣਾ ਵੀ ਘਟੀਆਂ ਦੂਸ਼ਣਬਾਜ਼ੀ ਦਾ ਕੋਝਾ ਵਰਤਾਰਾ ਹੈ। ਪਰ ਦੁੱਖ ਇਸ ਗੱਲ ਦਾ ਹੈ ਕਿ ਨਾ ਕਿਸੇ ਐਨ.ਡੀ.ਪੀ. ਦੇ ਆਗੂ ਅਤੇ ਨਾ ਹੀ ਵਿਰੋਧੀ ਪਾਰਟੀ ਦੇ ਬੁਲਾਰੇ ਵਲੋਂ ਇਸ ਦੀ ਨਿਖੇਧੀ ਕੀਤੀ ਗਈ। ਜਗਮੀਤ ਸਿੰਘ ਨੇ ਕਸ਼ਮੀਰ 'ਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਸਮੇਤ ਦੁਨੀਆ ਦੇ ਹਰ ਮੁਲਕ ਦੀ ਫਾਸੀਵਾਦੀ ਨੀਤੀ ਦੀ ਅਲੋਚਨਾ ਕੀਤੀ ਹੈ, ਜੋ ਕਿ ਉਸ ਦੀ ਚੰਗੀ ਸੋਚ ਦਾ ਪ੍ਰਗਟਾਵਾ ਕਹੀ ਜਾ ਸਕਦੀ ਹੈ।
ਕੈਨੇਡਾ ਵਾਸੀਆਂ ਦੀ ਜਗਮੀਤ ਸਿੰਘ ਬਾਰੇ ਹੁਣ ਇਹ ਧਾਰਨਾ ਹੈ ਕਿ ਚਾਲੀ ਵਰ੍ਹਿਆਂ ਤੋਂ ਘੱਟ ਉਮਰ 'ਚ ਏਨਾ ਵੱਡਾ ਸਫ਼ਰ ਤੈਅ ਕਰਨਾ ਕੋਈ ਛੋਟੀ ਗੱਲ ਨਹੀਂ, ਪਰ ਅਜੇ ਉਸਨੇ ਲੰਮਾ ਪੈਂਡਾ ਤੈਅ ਕਰਨਾ ਹੈ। ਆਉਂਦੀਆਂ ਚੋਣਾਂ 'ਚ ਘੱਟ ਗਿਣਤੀ ਸਰਕਾਰ ਦੀ ਸੂਰਤ 'ਚ ਜਗਮੀਤ ਸਿੰਘ ਵਲੋਂ ਲਿਬਰਲ ਪਾਰਟੀ ਦੇ ਨੀਤੀ ਆਧਾਰ ਤੋਂ ਨਿਊ ਡੈਮੋਕ੍ਰੇਟਿਵ ਪਾਰਟੀ ਗਠਜੋੜ ਦੀ ਸੰਭਾਵਨਾ ਵੀ ਰੱਦ ਨਹੀਂ ਕੀਤੀ ਜਾ ਸਕਦੀ ਅਤੇ ਅਜਿਹੀ ਹਾਲਤ ਵਿੱਚ ਜਗਮੀਤ ਸਿੰਘ ਦੇ ਰੂਪ 'ਚ ਕੈਨੇਡਾ ਨੂੰ ਸਾਬਤ ਸੂਰਤ ਚੜ੍ਹਦੀ ਕਲਾ ਵਾਲਾ ਘੱਟ ਗਿਣਤੀਆਂ ਵਿੱਚੋਂ ਸੂਝਬੂਝ ਨਾਲ ਕਾਮਯਾਬ ਹੋਇਆ ਉੱਪ ਪ੍ਰਧਾਨ ਮੰਤਰੀ ਜਾਂ ਹੋਰ ਵੱਡੇ ਅਹੁੱਦੇ ਵਾਲਾ ਸਖਸ਼ ਮਿਲ ਸਕਦਾ ਹੈ। ਜਗਮੀਤ ਸਿੰਘ ਦਾ ਇਹ ਕਥਨ ਸਹੀ ਹੈ ਕਿ ਜਿਥੇ ਉਸਦੀ ਪਹਿਲ ਕੈਨੇਡਾ ਦੇ ਲੋਕਾਂ ਅਤੇ ਉਨ੍ਹਾਂ ਦੇ ਅੰਦਰੂਨੀ ਤੇ ਬਾਹਰੀ ਮਾਮਲਿਆਂ ਦੀ ਪ੍ਰਤਿਨਿਧਤਾ ਕਰਨੀ ਹੈ, ਉਥੇ ਦੁਨੀਆ ਦੇ ਹੋਰਨਾਂ ਸਾਰੇ ਦੇਸ਼ਾਂ ਪ੍ਰਤੀ ਉਸ ਦੀ ਪਾਰਟੀ ਦੀ ਨੀਤੀ ਇਕ ਬਰਾਬਰ ਹੈ, ਸਰਬੱਤ ਦੇ ਭਲੇ ਅਤੇ ਮਨੁੱਖੀ ਅਧਿਕਾਰਾਂ ਦੀ ਸੁਰਖਿਆ ਵਾਲੀ। ਸੱਚ ਤਾਂ ਇਹ ਹੈ ਕਿ ਜਗਜੀਤ ਸਿੰਘ ਨੂੰ ਜਿਵੇਂ - ਜਿਵੇਂ ਨਿੱਤ ਨਵੀਆਂ ਮੁਹਿੰਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਵੇਂ-ਉਵੇਂ ਉਹ ਮਜ਼ਬੂਤ ਆਗੂ ਬਣਕੇ ਸਾਹਮਣੇ ਆ ਰਿਹਾ ਹੈ। ਜਗਜੀਤ ਸਿੰਘ ਲਈ ਵੱਡੇ ਇਮਤਿਹਾਨ ਅਜੇ ਬਾਕੀ ਹਨ, ਜਿਨ੍ਹਾਂ 'ਚ ਉਸਦੀ ਕਾਬਲੀਅਤ ਪਰਖੀ ਜਾਣੀ ਹੈ ਤੇ ਦੁਨੀਆਂ ਨੇ ਉਸਦੀ ਸਮਰੱਥਾ ਨੂੰ ਅਜੇ ਜਾਨਣਾ ਹੈ।
Dr-Gurvinder-Singh-Dhaliwal-Canada
Vancouver Canada
President Punjabi press Club of BC
0016048251550