ਸੂਰਵੀਰਾਂ ਦਾ ਮਾਣਮੱਤਾ ਇਤਿਹਾਸ ਹੈ ਸੋਹਣ ਸਿੰਘ ਪੂੰਨੀ ਦੀ ਨਵੀਂ ਕਿਤਾਬ 'ਅਮਰੀਕਾ ਦੇ ਗਦਰੀ ਯੋਧੇ' - ਡਾ ਗੁਰਵਿੰਦਰ ਸਿੰਘ ਧਾਲੀਵਾਲ
"ਭੁਲੀਏ ਨਾ ਕੁਰਬਾਨੀਆਂ, ਰੱਖੀਏ ਹਿਰਦੇ ਧਾਰ।
ਅੱਜ ਜੋ ਮਿਲਣ ਸਹੂਲਤਾਂ, ਯੋਧਿਆਂ ਦੇ ਉਪਕਾਰ।"
ਇਤਿਹਾਸਕਾਰ ਅਤੇ ਲੇਖਕ ਸੋਹਣ ਸਿੰਘ ਪੂੰਨੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਪੰਜਾਬ ਦੇ ਨਵਾਂਸ਼ਹਿਰ ਜਿਲ੍ਹੇ ਦੇ ਬੰਗਿਆਂ ਨੇੜੇ ਪਿੰਡ ਜੀਂਦੋਵਾਲ 'ਚ ਜਨਮੇ ਸੋਹਣ ਸਿੰਘ ਪੂੰਨੀ ਨੇ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਬੀ.ਏ. ਕਰਨ ਮਗਰੋਂ, ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਤੋਂ ਇਤਿਹਾਸ ਦੀ ਐਮ.ਏ. ਕੀਤੀ। ਉਹਨਾਂ ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ, ਬਟਾਲਾ ਵਿਖੇ ਕੁਝ ਸਮਾਂ ਇਤਿਹਾਸ ਪੜਾਇਆ ਅਤੇ 1972 'ਚ ਕੈਨੇਡਾ ਆ ਗਏ। ਆਪ ਨੇ 2009 ਵਿੱਚ 'ਕਨੇਡਾ ਦੀ ਗਦਰੀ ਯੋਧੇ' ਕਿਤਾਬ ਲਿਖ ਕੇ ਗਦਰੀ ਯੋਧਿਆਂ ਦੇ ਇਤਿਹਾਸ ਬਾਰੇ ਵਡਮੁੱਲਾ ਕਾਰਜ ਕੀਤਾ। ਮੌਜੂਦਾ ਸਮੇਂ ਆਪ ਦੀ ਕਿਤਾਬ 'ਅਮਰੀਕਾ ਦੇ ਗਦਰੀ ਯੋਧੇ' 15 ਅਗਸਤ ਨੂੰ ਗ਼ਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਵੱਲੋਂ, ਖ਼ਾਲਸਾ ਲਾਇਬਰੇਰੀ, ਸਰੀ ਵਿੱਚ ਲੋਕ ਅਰਪਣ ਕੀਤੀ ਜਾ ਰਹੀ ਹੈ। ਇਸ ਮੌਕੇ 'ਤੇ ਖੋਜ ਭਰਪੂਰ ਲਿਖਤ ਬਾਰੇ ਵਿਚਾਰ-ਗੋਸ਼ਟੀ ਵੀ ਹੋਵੇਗੀ, ਜਿਸ 'ਚ ਸਭ ਨੂੰ ਸ਼ਾਮਿਲ ਹੋਣ ਲਈ ਖ਼ੁੱਲ੍ਹਾ ਸੱਦਾ ਹੈ। ਇਸ ਤੋਂ ਇਲਾਵਾ 16 ਅਗਸਤ ਨੂੰ, 'ਪੰਜਾਬੀ ਸਹਿਤ ਸਭਾ ਸਿਆਟਲ' ਵੱਲੋਂ ਇੱਕ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ ਇਹ ਕਿਤਾਬ, ਅਮਰੀਕਾ ਦੀ ਧਰਤੀ 'ਤੇ ਰਿਲੀਜ਼ ਹੋਵੇਗੀ।
25 ਆਜ਼ਾਦੀ ਘੁਲਾਟੀਆਂ ਦੀ ਜੀਵਨੀ 'ਤੇ ਆਧਾਰਤ ਇਸ ਕਿਤਾਬ ਦੀ ਭੂਮਿਕਾ ਵਿੱਚ ਸੋਹਣ ਸਿੰਘ ਪੂੰਨੀ ਵੱਲੋਂ ਲਿਖੇ ਸ਼ਬਦ ਡੂੰਘੇ ਅਰਥ ਰੱਖਦੇ ਹਨ, "15 ਅਗਸਤ 1947 ਦੀ ਕਾਰਵਾਈ ਸਿਰਫ ਸੱਤਾ ਦਾ ਪਰਿਵਰਤਨ ਸੀ, ਜਿਸ ਵਿੱਚ ਰਾਜ-ਪਾਠ ਗੋਰੇ ਲੁਟੇਰਿਆਂ ਦੇ ਹੱਥੋਂ ਨਿਕਲ ਕੇ 'ਦੇਸੀ ਅੰਗਰੇਜ਼ਾਂ' ਦੇ ਹੱਥ ਵਿੱਚ ਆ ਗਿਆ ਸੀ। ਗਦਰੀਆਂ ਦੀ ਸੋਚ ਵਾਲਾ ਕੌਮੀ ਤੇ ਜਮਹੂਰੀ ਇਨਕਲਾਬ ਅਧੂਰਾ ਪਿਆ ਹੈ।" ਮਾਨਸਿਕ ਗੁਲਾਮ ਲਿਖਾਰੀਆਂ ਵੱਲੋਂ ਘੜ੍ਹੇ ਝੂਠੇ, ਦੋਸ਼ ਪੂਰਨ ਤੇ ਪੱਖਪਾਤੀ ਇਤਿਹਾਸ ਬਾਰੇ ਸੋਹਣ ਸਿੰਘ ਪੂੰਨੀ ਦਾ ਕਹਿਣਾ ਹੈ ਕਿ ਰਾਜ ਸੱਤਾ 'ਤੇ ਕਾਬਜ਼ ਸਿਆਸਤਦਾਨਾਂ ਵੱਲੋਂ ਲਿਖਵਾਇਆ ਇਤਿਹਾਸ ਹੀ ਆਮ ਤੌਰ 'ਤੇ ਲੋਕਾਂ ਤੱਕ ਪੁੱਜਿਆ ਕਰਦਾ ਹੈ। 1947 'ਚ ਜਾਣ ਲੱਗਿਆਂ ਅੰਗਰੇਜ਼ ਭਾਰਤ ਦੀ ਵਾਗਡੋਰ ਜਿਨ੍ਹਾਂ ਕਾਂਗਰਸੀ ਸਿਆਸਤਦਾਨਾਂ ਦੇ ਹੱਥ ਦੇ ਗਏ, ਉਹਨਾਂ ਦਾ ਕਹਿਣਾ ਸੀ ਕੀ ਆਜ਼ਾਦੀ ਸਿਰਫ ਉਨਾਂ ਦੇ ਸ਼ਾਂਤਮਈ ਅੰਦੋਲਨ ਸਦਕਾ ਹੀ ਮਿਲੀ ਹੈ। ਇਨ੍ਹਾਂ ਹੁਕਮਰਾਨਾਂ ਦੇ ਇਸ਼ਾਰਿਆਂ 'ਤੇ ਲਿਖੇ ਇਤਿਹਾਸ ਵਿੱਚ, ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਕਰਨ ਵਾਲੇ ਗਦਰੀ ਯੋਧਿਆਂ ਲਈ ਕੋਈ ਥਾਂ ਨਹੀਂ ਸੀ ਹੋ ਸਕਦੀ।
ਲੇਖਕ ਦਾ ਮੰਨਣਾ ਹੈ ਕਿ ਹਾਕਮਾਂ ਦੇ ਇਸ਼ਾਰਿਆਂ ਤੇ ਵਿਕਾਊ ਅਤੇ ਡਰੂ ਇਤਿਹਾਸਕਾਰ ਇਹੀ ਲਿਖਦੇ ਰਹੇ ਹਨ ਕਿ ਕਾਂਗਰਸ ਤੇ ਗਾਂਧੀ ਨੇ ਖੂਨ ਦਾ ਇੱਕ ਵੀ ਖਤਰਾ ਵਹਾਏ ਬਿਨਾ ਆਜ਼ਾਦੀ ਸ਼ਾਂਤਮਾਈ ਤਰੀਕਿਆਂ ਨਾਲ ਲੈ ਕੇ ਦਿੱਤੀ ਸੀ। ਬਾਬਾ ਸੋਹਣ ਸਿੰਘ ਭਕਨਾ ਇਸ ਇਤਿਹਾਸ ਨੂੰ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਲੱਖਾਂ ਲੋਕਾਂ ਨਾਲ ਧ੍ਰੋਹ ਸਮਝਦੇ ਸਨ, ਦੇਸ਼ ਦੀ ਆਜ਼ਾਦੀ ਲਈ ਡੁੱਲੇ ਪਵਿੱਤਰ ਖੂਨ ਦੀ ਤੌਹੀਨ ਸਮਝਦੇ ਸਨ। ਲੇਖਕ ਵਿਕਾਊ ਅਤੇ ਮੌਕਾ ਪ੍ਰਸਤ ਲੇਖਕਾਂ ਤੋਂ ਅੱਕਿਆ ਇਥੋਂ ਤੱਕ ਆਖਦਾ ਹੈ , "ਦਿਲ ਕਰਦਾ ਹੈ ਅਜਿਹੇ ਇਤਿਹਾਸਕਾਰਾਂ ਨੂੰ ਗਿੱਚੀ ਤੋਂ ਫੜ ਕੇ, ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਖੂਨ ਚ ਡਬੋ ਦੇਵਾਂ।"
ਅਮਰੀਕਾ ਦੇ ਗਦਰੀ ਯੋਧਿਆਂ ਦੇ ਸੁਪਨੇ 1947 ਦੀ ਆਜ਼ਾਦੀ ਨਾਲ ਪੂਰੇ ਨਹੀਂ ਹੋਏ, ਬਲਕਿ ਉਹਨਾਂ ਦੇ ਦਿਲਾਂ ਨੂੰ ਭਾਰੀ ਸੱਟ ਵੱਜੀ। ਉਹ ਕਿਹੋ-ਜਿਹਾ ਰਾਜ ਸਿਰਜਣਾ ਚਾਹੁੰਦੇ ਸਨ, ਇਸ ਬਾਰੇ ਗਦਰੀ ਯੋਧੇ ਬਾਬਾ ਸੋਹਣ ਸਿੰਘ ਭਕਨਾ ਦੇ ਖਿਆਲ ਪ੍ਰਗਟਾਉਂਦੇ ਹੋਏ ਸੋਹਣ ਸਿੰਘ ਪੂੰਨੀ ਲਿਖਦੇ ਹਨ ਕਿ ਉਹਨਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾ ਕੇ, ਉਥੇ ਅਮਰੀਕਾ ਵਰਗਾ ਪੰਚਾਇਤੀ ਰਾਜ (ਸੈਕੂਲਰ ਡੈਮੋਕਰੇਟਿਕ ਰਿਪਬਲਿਕ) ਕਾਇਮ ਕਰਨਾ ਸੀ।ਉਹਨਾਂ ਸਿਰਫ ਮੁਲਕ ਆਜ਼ਾਦ ਨਹੀਂ ਸੀ ਕਰਾਉਣਾ, ਸਗੋਂ ਉਥੋਂ ਦੇ ਲੋਕਾਂ ਵਿੱਚ ਆਰਥਿਕ ਅਤੇ ਸਮਾਜਿਕ ਬਰਾਬਰੀ ਵੀ ਕਾਇਮ ਕਰਨੀ ਸੀ। ਉਹਨਾਂ ਤਾਂ 'ਸਤਯੁਗ' ਵਰਤਾਉਣਾ ਸੀ, 'ਸਤਯੁਗ' ਭਾਵ ਭਗਤ ਰਵਿਦਾਸ ਵਾਲਾ 'ਬੇਗਮਪੁਰਾ' ਬਣਾਉਣਾ ਸੀ ਸਾਰੇ ਦੇਸ਼ ਨੂੰ ਉਹਨਾਂ। ਗੁਰੂ ਨਾਨਕ ਦੀ ਸੋਚ ਵਾਲਾ 'ਸਾਂਝੀਵਾਲਤਾ ਦਾ ਨਿਜ਼ਾਮ' ਸਿਰਜਣਾ ਸੀ : "ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦੀਸੈ ਬਾਹਰਾ ਜੀਉ" ਸਚ ਕਰਕੇ ਵਿਖਾਉਣਾ ਸੀ ਉਹਨਾਂ। ਦਰਅਸਲ ਭਕਨੇ ਹੋਰਾਂ ਨੂੰ ਸਿਰਫ ਹਿੰਦੁਸਤਾਨ ਦਾ ਹੀ ਨਹੀਂ, ਸਗੋਂ ਸਾਰੀ ਦੁਨੀਆ ਦਾ ਫਿਕਰ ਸੀ। ਭਕਨਾ ਸਿੱਖ ਪਰਿਵਾਰ ਵਿੱਚ ਜੰਮਿਆ ਪਲਿਆ ਸੀ। ਗੁਰੂ ਨਾਨਕ ਦਾ ਸੱਚਾ ਸਿੱਖ ਸੀ ਉਹ। ਗੁਰੂ ਨਾਨਕ ਦੀ ਬਾਣੀ ਵੀ ਉਹਨਾਂ ਨੂੰ ਸਾਰੀ ਦੁਨੀਆ ਨਾਲ ਪਿਆਰ ਕਰਨਾ ਸਿਖਾਉਂਦੀ ਸੀ। ਸਾਰੀ ਦੁਨੀਆ ਦਾ ਫਿਕਰ ਸੀ ਉਨ੍ਹਾਂ ਨੂੰ ਵੀ ਗੁਰੂ ਨਾਨਕ ਵਾਂਗ। ਭਕਨੇ ਹੋਰੀਂ ਗੁਰੂ ਨਾਨਕ ਤੂੰ ਸੇਧ ਲੈਂਦਿਆਂ, ਸਾਰੀ ਦੁਨੀਆ ਚੋਂ ਹਨੇਰ ਖਤਮ ਕਰਨਾ ਚਾਹੁੰਦੇ ਸਨ, ਸਾਰੇ ਸੰਸਾਰ 'ਚੋਂ ਜ਼ੁਲਮ ਖਤਮ ਕਰਨਾ ਚਾਹੁੰਦੇ ਸਨ। ਭਕਨੇ ਹੋਰਾਂ ਦੀ ਇਹ ਸੋਚ ਗਦਰ ਅਖਬਾਰ ਵਿੱਚ ਛਪੇ ਲੇਖਾਂ ਤੋਂ ਦੇਖੀ ਜਾ ਸਕਦੀ ਹੈ।
'ਅਮਰੀਕਾ ਦੇ ਗਦਰੀ ਯੋਧੇ' ਕਿਤਾਬ 'ਚੋਂ ਇਹ ਪਤਾ ਲੱਗਦਾ ਹੈ ਕਿ 47 ਦੀ ਭਾਰਤ ਦੀ ਵੰਡ ਮਗਰੋਂ, ਗਦਰੀ ਬਾਬੇ ਕਿਵੇਂ ਜੇਲ੍ਹਾਂ ਵਿੱਚ ਬੰਦ ਕੀਤੇ ਗਏ। ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ 1948 ਵਿੱਚ ਧਰਮਸ਼ਾਲਾ ਨੇੜੇ ਯੋਲ ਕੈਂਪ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਭਾਰਤ ਵਿੱਚ 78 ਸਾਲ ਦੀ ਉਮਰ 'ਚ ਬਾਬਾ ਭਕਨਾ ਨੇ ਭੁੱਖ ਹੜਤਾਲ ਕੀਤੀ, ਜਿਸ ਕਾਰਨ ਉਹਨਾਂ ਦਾ ਲੱਕ ਕੁੱਬਾ ਹੋ ਗਿਆ। ਆਪਣੇ ਜੀਵਨ ਦੇ ਆਖਰੀ 20 ਸਾਲ, ਆਜ਼ਾਦ ਭਾਰਤ ਦੀ ਸਰਕਾਰ ਵੱਲੋਂ ਮਿਲੇ ਕੁਬੇ ਲੱਕ ਦੇ ਇਸ 'ਤੋਹਫੇ' ਨਾਲ ਹੀ ਉਹ ਜੀਵੇ ਸਨ ;
ਬਾਬੇ ਭਕਨੇ ਜੋ ਕਿਹਾ, ਸੁਣ ਕੇ ਨਿਕਲੇ ਭੁੱਬ।
"ਸਾਡੇ ਹਾਕਮ ਪਾ ਰਹੇ, ਸਾਡੇ ਪਿੱਠੀਂ ਕੁੱਬ"।
ਸੱਚੇ-ਸੁੱਚੇ ਇਤਿਹਾਸਕਾਰ ਵਜੋਂ ਸੋਹਣ ਸਿੰਘ ਪੂੰਨੀ ਨੇ ਬੇਬਾਕੀ ਨਾਲ, ਗਦਰੀ ਯੋਧਿਆਂ ਦੀਆਂ ਅਜਿਹੀਆਂ ਸਾਖੀਆਂ ਲਿਖੀਆਂ ਹਨ, ਜਿਹੜੀਆਂ ਫਾਸ਼ੀਵਾਦੀ ਭਾਰਤੀ ਹਕੂਮਤ ਦੀਆਂ ਧੱਕੇਸ਼ਾਹੀਆਂ ਪਾਠਕਾਂ ਸਾਹਮਣੇ ਪੇਸ਼ ਕਰਦੀਆਂ ਹਨ। ਗਦਰੀ ਯੋਧੇ ਬਾਬਾ ਭਗਵਾਨ ਸਿੰਘ 'ਪ੍ਰੀਤਮ' ਨੇ ਵੰਡ ਮਗਰੋਂ ਭਾਰਤ ਵਿੱਚ ਫੈਲੇ ਅਨਰਥ ਨੂੰ ਵੇਖਦਿਆਂ ਇੱਕ ਭਾਸ਼ਣ ਵਿੱਚ ਇੱਥੋਂ ਤੱਕ ਕਹਿ ਦਿੱਤਾ ਸੀ, "ਜੇ ਅੱਜ ਉਹਨਾਂ ਕੋਲ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਸਾਹਰੀ ਅਤੇ ਕਰਤਾਰ ਸਿੰਘ ਚੰਦ ਨਵਾਂ ਵਰਗੇ ਯੋਧੇ ਹੁੰਦੇ, ਤਾਂ ਉਹ ਗਦਰ ਪਾਰਟੀ ਬਣਾ ਲੈਂਦੇ।"ਲੇਖਕ ਨੇ '47 ਮਗਰੋਂ ਗਦਰੀਆਂ ਉੱਪਰ ਆਜ਼ਾਦ ਭਾਰਤ 'ਚ ਢਹੇ ਤਸ਼ੱਦਦ ਬਾਰੇ ਦਿਲ ਕੰਬਾਊ ਵੇਰਵੇ ਦਿੱਤੇ ਹਨ।
ਗਦਰੀ ਯੋਧੇ ਬਾਬਾ ਰੂੜ ਸਿੰਘ ਚੂਹੜ ਚੱਕ ਦੇ ਆਖਰੀ ਸਮੇਂ ਬਾਰੇਇਕਸ਼ਾਫ ਕਰਦਾ ਹੋਇਆ ਲੇਖਕ ਤੜਪ ਉੱਠਦਾ ਹੈ, "ਹਿੰਦੁਸਤਾਨ ਦੀ ਆਜ਼ਾਦੀ ਲਈ ਅਮਰੀਕਾ ਦੇ ਸੁੱਖਾਂ ਨੂੰ ਤਿਆਗ ਕੇ ਭਾਰਤ ਆਉਣ ਵਾਲੇ, ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ ਸਰਕਾਰ ਦੀਆਂ ਜੇਲ੍ਹਾਂ ਵਿੱਚ ਜ਼ਿੰਦਗੀ ਗਾਲਣ ਵਾਲੇ ਬਾਬਾ ਰੂੜ ਸਿੰਘ ਨੂੰ, ਆਜ਼ਾਦ ਭਾਰਤ ਵਿੱਚ 70 ਸਾਲ ਦੀ ਉਮਰੇ 'ਅੰਡਰਗਰਾਉਂਡ' ਹੋਣਾ ਪਿਆ।" ਰੂਪੋਸ਼ੀ ਦੇ ਦਿਨਾਂ ਵਿੱਚ ਹੀ ਬਾਬਾ ਜੀ ਦੀ ਮੌਤ ਹੋ ਗਈ ਸੀ। ਬਾਬਾ ਜੀ ਦੇ ਸਾਥੀਆਂ, ਰਾਤ ਦੇ ਹਨ੍ਹੇਰੇ ਵਿੱਚ, ਪੁਲਿਸ ਤੋਂ ਚੋਰੀ, ਉਹਨਾਂ ਦੀ ਲਾਸ਼ ਚੂਹੜ ਚੱਕ ਪਹੁੰਚਾ ਦਿੱਤੀ ਸੀ ਤੇ ਬਾਬਾ ਜੀ ਦਾ ਚੁੱਪ-ਚਾਪ ਸਸਕਾਰ ਕਰ ਦਿੱਤਾ ਗਿਆ।
'ਅਮਰੀਕਾ ਦੇ ਗਦਰੀ ਯੋਧੇ' ਕਿਤਾਬ ਕੇਵਲ ਇਤਿਹਾਸ ਨਹੀਂ, ਬਲਕਿ ਦਿਲ 'ਚੋਂ ਲਹੂ ਦੇ ਹੰਝੂ ਕੇਰਨ ਵਾਲੀ ਦਾਸਤਾਨ ਕਹੀ ਜਾ ਸਕਦੀ ਹੈ। ਅਮਰੀਕਾ ਤੋਂ ਭਾਰਤ ਜਾ ਕੇ ਸ਼ਹੀਦ ਹੋਣ ਵਾਲੇ ਯੋਧਿਆਂ ਦੀਆਂ ਕੁਰਬਾਨੀਆਂ ਦੇ ਉਲਟ, ਸਰਕਾਰੀ ਝੋਲੀ-ਚੁੱਕਾਂ ਨੂੰ ਆਜ਼ਾਦ ਭਾਰਤ ਵਿੱਚ ਮਿਲੀਆਂ ਸੁਖ-ਸਹੂਲਤਾਂ ਬਾਰੇ ਇਤਿਹਾਸਕਾਰ ਪੂੰਨੀ ਲਿਖਦੇ ਹਨ ਕਿ ਅੰਗਰੇਜ਼ਾਂ ਦੀ ਮਦਦ ਕਰਨ ਵਾਲੇ ਉਹ ਹਿੰਦੁਸਤਾਨੀ, ਜਿਹੜੇ ਕਿ ਆਜ਼ਾਦ ਭਾਰਤ ਦੀਆਂ ਜੇਲ੍ਹਾਂ 'ਚ ਬੰਦ ਹੋਣੇ ਚਾਹੀਦੇ ਸਨ, 1947 ਤੋਂ ਬਾਅਦ ਉਹ 'ਦੇਸੀ ਅੰਗਰੇਜ਼ਾਂ' ਦੀ ਸੇਵਾ ਕਰਨ ਲੱਗ ਪਏ ਸਨ। ਗਦਰੀ ਦੇਸ਼ ਭਗਤਾਂ ਨੂੰ ਫੜਾਉਣ ਵਾਲੇ ਟਾਊਟਾਂ ਨੂੰ ਅੰਗਰੇਜ਼ਾਂ ਵੱਲੋਂ ਮਿਲੇ ਮੁਰੱਬਿਆਂ 'ਤੇ ਉਨਾਂ ਦੇ ਪੁੱਤ-ਪੋਤੇ ਅੱਜ ਵੀ ਐਸ਼ਾਂ ਕਰ ਰਹੇ ਹਨ, ਪਰ ਅੰਗਰੇਜ਼ ਸਰਕਾਰ ਵੱਲੋਂ ਜ਼ਬਤ ਕੀਤੀਆਂ ਗਦਰੀਆਂ ਦੀਆਂ ਜਾਇਦਾਦਾਂ, ਹਾਲੇ ਵੀ ਉਹਨਾਂ ਦੇ ਵਾਰਸਾਂ ਨੂੰ ਵਾਪਸ ਨਹੀਂ ਮੋੜੀਆਂ ਗਈਆਂ।
ਸਰਕਾਰੀ ਲੇਖਕਾਂ ਵੱਲੋਂ ਛੁਪਾਏ ਤੱਥਾਂ ਨੂੰ ਜੱਗ ਜਾਹਰ ਕਰਦਿਆਂ, 'ਅਮਰੀਕਾ ਦੇ ਗਦਰੀ ਯੋਧੇ' ਸੱਚ ਦੀ ਗਵਾਹੀ ਕਹੀ ਜਾ ਸਕਦੀ ਹੈ। ਲੇਖਕ ਅਨੁਸਾਰ ਸੰਨ 1919 ਵਿੱਚ ਅਮਰੀਕਾ 'ਚੋਂ ਗਦਰੀਆਂ ਨੂੰ ਦੇਸ਼ ਨਿਕਾਲੇ ਦੇ ਹੁਕਮ ਹੋ ਗਏ ਸਨ। ਉਸ ਵੇਲੇ ਗਦਰੀਆਂ ਦੀ ਡਿਪੋਰਟਸ਼ਨ ਰੋਕਣ ਲਈ ਅਮਰੀਕਾ ਦੇ ਮਨੁੱਖਵਾਦੀਆਂ, ਬੁੱਧੀਜੀਵੀਆਂ, ਪ੍ਰੈਸ ਅਤੇ ਮਜ਼ਦੂਰ ਯੂਨੀਅਨਾਂ ਗਦਰੀਆਂ ਦੇ ਹੱਕ ਵਿੱਚ ਖੜੀਆਂ ਹੋ ਗਈਆਂ। ਅਮਰੀਕਾ ਭਰ 'ਚੋਂ ਗਦਰੀਆਂ ਦੇ ਦੇਸ਼ ਨਿਕਾਲੇ ਵਿਰੁੱਧ ਮਤੇ ਪਾਸ ਕਰਕੇ, ਅਮਰੀਕਾ ਦੇ ਡਿਪਾਰਟਮੈਂਟ ਆਫ ਲੇਬਰ ਨੂੰ ਭੇਜੇ ਗਏ, ਜਿਸ ਪਾਸ ਦੇਸ਼ ਨਿਕਾਲੇ ਦੇ ਇਹਨਾਂ ਹੁਕਮਾਂ ਦੀ ਸੁਣਵਾਈ ਹੋ ਰਹੀ ਸੀ, ਪਰ ਇਸ ਮੁਸ਼ਕਲ ਸਮੇਂ ਲਾਲਾ ਲਾਜਪਤ ਰਾਏ ਦੀ 'ਹੋਮ-ਰੂਲ ਲੀਗ' ਨੇ ਗਦਰੀਆਂ ਦੀਆਂ ਡਿਪੋਰਟੇਸ਼ਨਾਂ ਵਿਰੁੱਧ ਕੁਝ ਵੀ ਲਿਖਣ ਜਾਂ ਬੋਲਣ ਤੋਂ ਨਾਂਹ ਕਰ ਦਿੱਤੀ ਸੀ। ਇਥੋਂ ਸਪਸ਼ਟ ਹੁੰਦਾ ਹੈ ਕਿ ਅੱਜ ਦੇ ਭਾਰਤ ਵਿੱਚ ਜੋ 'ਪੰਜਾਬ ਕੇਸਰੀ' ਦਾ ਦਰਜਾ ਹਾਸਲ ਆਗੂ ਬਣੇ ਹੋਏ ਹਨ, ਉਹਨਾਂ ਅਮਰੀਕਾ ਵਿੱਚ ਵੀ ਅਤੇ ਭਾਰਤ ਵਿੱਚ ਵੀ, ਗਦਰੀਆਂ ਦੇ ਵਿਰੁੱਧ ਭੂਮਿਕਾ ਨਿਭਾਈ। ਇਹ ਸੱਚ ਇਤਿਹਾਸ ਵਿੱਚੋਂ ਜਾਣ-ਬੁਝ ਕੇ ਛੁਪਾਇਆ ਗਿਆ, ਜਿਸ ਨੂੰ ਸੋਹਣ ਸਿੰਘ ਪੂਨੀ ਨੇ ਸਾਹਮਣੇ ਲਿਆਉਂਦਿਆਂ, ਵੱਡਾ ਕਾਰਜ ਕੀਤਾ ਹੈ। ਦੂਜੇ ਪਾਸੇ ਮਹਾਨ ਗਦਰੀ ਯੋਧੇ ਬਾਬਾ ਹਰਨਾਮ ਸਿੰਘ ਟੁੰਡੀਲਾਟ ਦੀ ਜੀਵਨੀ ਹਲੂਣਾ ਦਿੰਦੀ ਹੈ ਕਿ ਉਹਨਾਂ ਦਾ ਇੱਕ ਹੱਥ ਹੋਣ ਦੇ ਬਾਵਜੂਦ, ਵੱਡੀ ਬਹਾਦਰੀ ਸੈਂਕੜੇ ਹੱਥਾਂ ਨੂੰ ਕੁਰਬਾਨੀਆਂ ਦੀ ਰਾਹ ਤੋਰ ਗਈ ;
"ਆਪਾ ਵਾਰ ਪੜ੍ਹਾ ਗਏ, ਆਜ਼ਾਦੀ ਦਾ ਪਾਠ।
ਸੈਆਂ ਹੱਥਾਂ ਸੰਗ ਲੜੇ, ਬਾਬਾ ਟੁੰਡੀਲਾਟ।"
ਅਮਰੀਕਾ ਦੇ ਗਦਰੀ ਯੋਧਿਆਂ 'ਚ ਸ਼ਹੀਦ ਕਾਂਸ਼ੀ ਰਾਮ ਮੜੌਲੀ, ਸ਼ਹੀਦ ਬੰਤਾ ਸਿੰਘ ਸੰਘਵਾਲ, ਪੰਡਤ ਜਗਤ ਰਾਮ ਹਰਿਆਣਾ, ਸ਼ਹੀਦ ਰਾਮ ਰੱਖਾ ਸਾਹਿਬਾ, ਭਾਈ ਰਤਨ ਸਿੰਘ ਰਾਏਪੁਰ ਡੱਬਾ, ਸ਼ਹੀਦ ਸੁਰਜਨ ਸਿੰਘ ਫਤਿਹਗੜ੍ਹ, ਭਾਈ ਨਿਧਾਨ ਸਿੰਘ ਚੁੱਘਾ, ਭਾਈ ਦਲੀਪ ਸਿੰਘ ਫਾਹਲਾ, ਸ਼ਹੀਦ ਊਧਮ ਸਿੰਘ ਕਸੇਲ, ਬਾਬਾ ਵਿਸਾਖਾ ਸਿੰਘ ਦਦੇਹਰ, ਬਾਬੂ ਤਾਰਕ ਨਾਥ ਦਾਸ, ਭਾਈ ਕੇਸਰ ਸਿੰਘ ਠੱਠਗੜ੍ਹ, ਸ਼ਹੀਦ ਗਾਂਧਾ ਸਿੰਘ ਕੱਚਰਭੰਨ, ਭਾਈ ਸ਼ਿਵ ਸਿੰਘ ਕੋਟਲਾ, ਭਾਈ ਨਿਰੰਜਨ ਸਿੰਘ ਪੰਡੋਰੀ, ਸ਼ਹੀਦ ਭਾਨ ਸਿੰਘ ਸੁਨੇਤ ਅਤੇ ਭਾਈ ਅਮਰ ਸਿੰਘ ਕੋਟਲਾ ਸਮੇਤ ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ ਬਾਰੇ ਖੋਜ ਭਰਪੂਰ ਜਾਣਕਾਰੀ ਅਤੇ ਸੰਘਰਸ਼ ਦਾ ਗਿਆਨ ਮਿਲਦਾ ਹੈ। ਸ਼ਹੀਦ ਭਾਈ ਅਰਜਨ ਸਿੰਘ ਖੁਖਰਾਣਾ ਦਾ ਹਵਾਲਾ ਦਿੰਦਿਆਂ ਇਤਿਹਾਸਕਾਰ ਪੂੰਨੀ ਲਿਖਦੇ ਹਨ,
"ਕੋਈ ਵੀ ਇਤਿਹਾਸਕਾਰ ਇਹ ਕਲੇਮ ਨਹੀਂ ਕਰ ਸਕਦਾ ਕਿ ਉਸ ਨੇ ਅੰਤਿਮ ਸੱਚ ਪਾ ਲਿਆ ਹੈ। ਅਸੀਂ ਵੀ ਇਹ ਕਲੇਮ ਨਹੀਂ ਕਰਦੇ।" ਇਥੇ ਉਨ੍ਹਾਂ ਇਤਿਹਾਸਿਕ ਹਵਾਲਿਆਂ ਨਾਲ ਦੱਸਿਆ ਕਿ ਭਾਈ ਅਰਜਨ ਸਿੰਘ ਖੁਖਰਾਣਾ ਦਾ ਅਸਲ ਵਿੱਚ ਨਾਂ 'ਭਾਈ ਸੱਜਣ ਸਿੰਘ' ਸੀ, ਪਰ ਗ਼ਦਰ ਦੇ ਸਾਹਿਤ ਵਿੱਚ ਉਹਨਾਂ ਦਾ ਨਾਂ ਗ਼ਲਤ ਲਿਖਿਆ ਮਿਲਦਾ ਹੈ, ਜਿਸ ਨੂੰ ਸੋਧ ਰਹੇ ਹਾਂ।"ਇਸੇ ਤਰ੍ਹਾਂ ਉਹਨਾਂ ਕਿਤਾਬ ਵਿਚ ਸ਼ਹੀਦ ਭਾਈ ਸੋਹਣ ਲਾਲ ਪਾਠਕ ਬਾਰੇ ਲਿਖਿਆ, ਗ਼ਦਰ ਲਹਿਰ ਨਾਲ ਸਬੰਧਤ ਕਿਤਾਬਾਂ ਵਿੱਚ, ਸੋਹਣ ਲਾਲ ਪਾਠਕ ਨੂੰ ਕੈਨੇਡਾ ਦਾ ਗਦਰੀ ਯੋਧਾ ਦਿਖਾਇਆ ਗਿਆ ਹੈ, ਇਥੋਂ ਤੱਕ ਕਿ ਉਹਨਾਂ (ਸੋਹਣ ਸਿੰਘ ਪੂੰਨੀ) ਨੇ ਵੀ 'ਸੰਘਰਸ਼ ਦੇ ਸੌ ਵਰ੍ਹੇ' ਵਿੱਚ ਸੋਹਣ ਲਾਲ ਪਾਠਕ ਨਾਂ ਹੀ ਲਿਖਿਆ ਹੈ, ਜਦ ਕਿ ਅਸਲ ਵਿੱਚ ਸੋਹਣ ਲਾਲ ਪਾਠਕ ਕੈਨੇਡਾ ਆਇਆ ਹੀ ਨਹੀਂ ਸੀ ਅਤੇ ਕਨੇਡਾ ਆਉਣ ਵਾਲਾ ਸੋਹਣ ਲਾਲ ਹੋਰ ਸੀ, ਜਿਸ ਦੀ ਇੰਗਲੈਂਡ ਰਹਿੰਦੀ ਧੀ ਕ੍ਰਿਸ਼ਨਾ ਕਮਾਰੀ ਨਾਲ ਗੱਲਬਾਤ ਕਰਕੇ ਇਸ ਤੱਥ ਦੀ ਖੋਜ ਮਿਲੀ ਅਤੇ ਉਹਨਾਂ ਆਪਣੀ ਲਿਖਤ ਨੂੰ ਵੀ ਸੁਧਾਰਿਆ ਅਤੇ ਇਹ ਸੋਧ ਪਾਠਕਾਂ ਨਾਲ ਸਾਂਝੀ ਕੀਤੀ। ਕਿਤਾਬ ਦੀ 'ਅੰਤਿਕਾ' ਵਿੱਚ ਗਦਰ ਪਾਰਟੀ ਦੀ ਸਥਾਪਨਾ ਦੇ ਦਿਹਾੜੇ ਬਾਰੇ ਵੀ ਭਰਪੂਰ ਖੋਜ ਪੇਸ਼ ਕਰਦਿਆਂ ਸੋਹਣ ਸਿੰਘ ਪੂੰਨੀ ਨੇ ਹਵਾਲਿਆਂ ਨਾਲ ਸਪਸ਼ਟ ਕੀਤਾ ਕਿ ਗਦਰ ਪਾਰਟੀ 21 ਅਪ੍ਰੈਲ 1913 ਨੂੰ ਨਹੀਂ, ਬਲਕਿ '2 ਜੂਨ 1913' ਨੂੰ ਸਥਾਪਤ ਹੋਈ ਸੀ।
ਲੇਖਕ ਸੋਹਣ ਸਿੰਘ ਪੂੰਨੀ ਨੇ ਇਤਿਹਾਸ ਦੀ ਖੋਜ ਨਾਲ ਨਾ ਸਿਰਫ ਪ੍ਰਚਲਤ ਗਲਤ ਧਾਰਨਾਵਾਂ ਨੂੰ ਹੀ ਠੀਕ ਕੀਤਾ ਹੈ, ਬਲਕਿ ਆਰੰਭਲੇ ਤੌਰ ਦੀਆਂ ਆਪਣੀਆਂ ਲਿਖਤਾਂ ਵਿੱਚ ਵੀ ਸੋਧ ਕਰਨ ਤੋਂ ਗੁਰੇਜ ਨਹੀਂ ਕੀਤਾ। ਇਹੀ ਚੰਗੇ ਇਤਿਹਾਸਕਾਰ ਦੀ ਪਛਾਣ ਕਹੀ ਜਾ ਸਕਦੀ ਹੈ। 'ਅਮਰੀਕਾ ਦੇ ਗਦਰੀ ਯੋਧੇ' ਵਿੱਚ ਉਹਨਾਂ ਗ਼ਦਰੀਆਂ ਦੀ ਅਦੁਤੀ ਕੁਰਬਾਨੀ ਨੂੰ, ਸਰੋਤਾਂ ਦੇ ਆਧਾਰ 'ਤੇ ਚਿਤਰਆ ਗਿਆ ਹੈ, ਜਿੰਨ੍ਹਾਂ ਦੇ ਸੰਘਰਸ਼ ਦਾ ਕੇਂਦਰ 'ਅਮਰੀਕਾ' ਰਿਹਾ ਹੈ। ਇਹਨਾਂ ਗਦਰੀ ਯੋਧਿਆਂ ਦੀਆਂ ਜੀਵਨੀਆਂ 'ਚੋਂ ਸ਼ਹੀਦ ਭਾਈ ਰਾਮ ਸਿੰਘ ਧੁਲੇਤਾ ਦਾ ਇਤਿਹਾਸ ਰੌਂਗਟੇ ਖੜੇ ਕਰਨ ਵਾਲਾ ਹੈ, ਜੋ ਕੈਨੇਡਾ ਅਤੇ ਅਮਰੀਕਾ 'ਚੋਂ ਸਭ ਤੋਂ ਵੱਡੇ ਧਨਵਾਨ ਸਿੱਖ ਤੇ ਪੰਜਾਬੀ ਹੁੰਦਿਆਂ ਹੋਇਆਂ, ਆਪਣੇ ਤਨ, ਮਨ, ਧਨ ਨੂੰ ਦੇਸ਼-ਕੌਮ ਤੋਂ ਕੁਰਬਾਨ ਕਰ ਗਏ ;
"ਦਾਨੀ, ਸਿਰੜੀ, ਸੂਰਮੇ, ਗ਼ੱਦਾਰਾਂ ਲਈ ਕਾਲ।
ਭਾਈ ਧੁਲੇਤਾ ਰਾਮ ਸਿੰਘ, ਉੱਤਮ ਬਣੇ ਮਿਸਾਲ।"
ਇਹ ਪੁਸਤਕ ਆਜ਼ਾਦੀ ਦੇ ਸੰਘਰਸ਼ ਦੇ ਉਹਨਾਂ ਨਾਇਕਾਂ ਪ੍ਰਤੀ ਸੱਚੀ-ਸੁੱਚੀ ਸ਼ਰਧਾਜਲੀ ਹੈ, ਜੋ ਸੌੜੀ ਅਤੇ ਸਵਾਰਥੀ ਸੋਚ ਕਾਰਨ, ਅੱਜ ਤੱਕ ਅਣਗੌਲੇ ਰਹੇ। ਅਜਿਹੇ ਉਪਰਾਲੇ ਲਈ ਪੂੰਨੀ ਸਾਹਿਬ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਇਹ ਕਿਤਾਬ ਮਿਹਨਤ, ਅਨੁਸ਼ਾਸਨ ਅਤੇ ਸਮਰਪਣ, ਇਤਿਹਾਸ ਨੂੰ ਖੋਜਣ, ਵਿਚਾਰਨ, ਰਿਕਾਰਡ ਕਰਨ ਅਤੇ ਸੰਭਾਲਣ ਦਾ ਧੀਰਜ ਵਾਲਾ ਕੰਮ ਕਰਨ ਦੀ ਮੂੰਹ ਬੋਲਦੀ ਤਸਵੀਰ ਹੈ। ਲੇਖਕ ਸੋਹਣ ਸਿੰਘ ਪੂੰਨੀ ਸਾਹਿਬ ਦੇ ਇਤਿਹਾਸਕਾਰ ਵਜੋਂ ਉੱਤਰੀ ਅਮਰੀਕਾ ਵਿੱਚ ਗਦਰ ਲਹਿਰ ਦੇ ਯੋਧਿਆਂ ਦੇ ਅਨੁਭਵਾਂ ਦੇ ਦਸਤਾਵੇਜ਼ੀਕਰਨ ਦੀ, ਉਨ੍ਹਾਂ ਦੀ ਵਚਨਬੱਧਤਾ ਲਈ ਪ੍ਰਸ਼ੰਸਾ ਕਰਨੀ ਬਣਦੀ ਹੈ।
ਗਦਰ ਲਹਿਰ ਦੇ ਇਤਿਹਾਸ ਪ੍ਰਤੀ ਦਿਲਚਸਪੀ ਰੱਖਣ ਵਾਲੇ ਪਾਠਕਾਂ ਅਤੇ ਖੋਜਾਰਥੀਆਂ ਲਈ ਇਹ ਕਿਤਾਬ ਲਾਹੇਬੰਦ ਸਾਬਤ ਹੋਏਗੀ। ਲੇਖਕ ਦਾ ਟੀਚਾ ਅਮਰੀਕਾ ਦੇ 100 ਗਦਰੀ ਯੋਧਿਆਂ ਦੀਆਂ ਜੀਵਨੀਆਂ ਲਿਖਣ ਦਾ ਹੈ ਤੇ ਪੂੰਨੀ ਸਾਹਿਬ ਦੀ 'ਚੜ੍ਹਦੀ ਕਲਾ' ਲਈ ਦੁਆ ਕਰਦੇ ਹਾਂ। ਇਸ ਦੇ ਨਾਲ ਹੀ ਉਹਨਾਂ ਯੋਧਿਆਂ ਨੂੰ ਸਿਰ ਝੁਕਾਉਂਦੇ ਹਾਂ, ਜਿਨ੍ਹਾਂ ਦੇ ਨਾਂ ਇਤਿਹਾਸ ਵਿੱਚ ਕਦੇ ਨਹੀਂ ਆਏ, ਪਰ ਉਹਨਾਂ ਦੀਆਂ ਕੁਰਬਾਨੀਆਂ ਮਹਾਨ ਅਤੇ ਬੇਮਿਸਾਲ ਹਨ ;
"ਹੋਰ ਅਨੇਕਾਂ ਸੂਰਮੇ, ਭਾਵੇਂ ਨੇ ਗੁੰਮਨਾਮ।
ਥੁੜ ਹੀ ਜਾਂਦਾ ਸ਼ੁਕਰੀਆ, ਕਰਦੇ ਹਾਂ ਪ੍ਰਨਾਮ!"
ਗ਼ਦਰ ਮੈਮੋਰੀਅਲ ਸੁਸਾਇਟੀ ਆਫ ਕੈਨੇਡਾ।
ਸ਼ਹੀਦ ਊਧਮ ਸਿੰਘ ਬਾਰੇ ਪ੍ਰਚੱਲਤ ਕਹਾਣੀਆਂ ਅਤੇ ਅਸਲੀਅਤ ਦਾ ਨਿਖੇੜਾ - ਡਾ. ਗੁਰਵਿੰਦਰ ਸਿੰਘ
ਸ਼ਹੀਦ ਊਧਮ ਸਿੰਘ ਇਤਿਹਾਸ ਦਾ ਅਜਿਹਾ ਮਹਾਨ ਯੋਧਾ ਹੋਇਆ ਹੈ, ਜਿਸ ਨੇ ਗ਼ੁਲਾਮੀ ਦੇ ਸੰਗਲ ਤੋੜਨ ਅਤੇ ਬੇਗੁਨਾਹ ਲੋਕਾਂ ਦੇ ਸਮੂਹਿਕ ਕਤਲੇਆਮ ਖਿਲਾਫ਼, ਹਥਿਆਰਬੰਦ ਸੰਘਰਸ਼ ਦਾ ਰਾਹ ਅਪਨਾਇਆ। ਸ਼ਹੀਦ ਊਧਮ ਸਿੰਘ ਦੇ ਜੀਵਨ 'ਤੇ ਪੰਛੀ ਝਾਤ ਮਾਰਦਿਆਂ ਪਤਾ ਲੱਗਦਾ ਹੈ ਕਿ ਉਸ ਬਾਰੇ ਪ੍ਰਚਲਤ ਝੂਠੀਆਂ ਧਾਰਨਾਵਾਂ ਤੋਂ ਕੋਹਾਂ ਦੂਰ, ਅਸਲੀਅਤ ਵਿੱਚ ਪ੍ਰਮਾਣਿਕ ਦਸਤਾਵੇਜ਼ ਕੁਝ ਹੋਰ ਬਿਆਨ ਕਰਦੇ ਹਨ। ਇਸ ਲਿਖਤ ਦਾ ਮਨੋਰਥ ਅਜਿਹੇ ਕੱਚ ਅਤੇ ਸੱਚ ਦਾ ਨਿਖੇੜਾ ਕਰਨਾ ਹੈ। ਇਥੋਂ ਤੱਕ ਕਿ ਲੰਡਨ ਵਿੱਚ ਊਧਮ ਸਿੰਘ ਨੇ ਅਦਾਲਤ ਵਿੱਚ ਜੋ ਬਿਆਨ ਦਿੱਤੇ, ਉਹਨਾਂ ਵਿੱਚ ਵੀ ਕਈ ਤਰ੍ਹਾਂ ਦੇ ਭੁਲੇਖੇ ਪੈਦਾ ਹੁੰਦੇ ਹਨ। ਹੋ ਸਕਦਾ ਹੈ ਕਿ ਕੇਸ ਮੁਤਾਬਕ ਅਦਾਲਤੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਲਈ ਊਧਮ ਸਿੰਘ ਨੇ ਅਦਾਲਤੀ ਬਿਆਨ ਬਦਲੇ ਹੋਣ। ਇਸ ਲੇਖ ਵਿੱਚ ਪ੍ਰਮਾਣਿਕ ਸੱਚ ਨੂੰ ਅੱਗੇ ਰੱਖਿਆ ਗਿਆ ਹੈ, ਫਿਰ ਵੀ ਕੋਈ ਦਾਅਵਾ ਨਹੀਂ ਕਿ ਇਹ ਅੰਤਿਮ ਸੱਚਾਈ ਹੈ, ਭਵਿੱਖ ਵਿੱਚ ਨਵੀਂ ਖੋਜ ਅਤੇ ਦਸਤਾਵੇਜ਼ਾਂ ਅਨਸਾਰ ਇਸ ਨੂੰ ਵੀ ਸੋਧਿਆ ਜਾ ਸਕਦਾ ਹੈ।
ਜਨਮ, ਮਾਤਾ-ਪਿਤਾ ਤੇ ਬਚਪਨ ਬਾਰੇ ਪ੍ਰਮਾਣਿਕ ਸੱਚ :26 ਦਸੰਬਰ 1899 ਵਿੱਚ ਪੰਜਾਬ ਦੇ ਸੁਨਾਮ ਨਗਰ ਦੇ ਮਿਹਨਤਕਸ਼ ਪਰਿਵਾਰ 'ਚ, ਮਾਤਾ ਹਰਨਾਮ ਕੌਰ ਅਤੇ ਪਿਤਾ ਟਹਿਲ ਸਿੰਘ ਦੇ ਘਰ ਜਨਮੇ ਊਧਮ ਸਿੰਘ ਦਾ ਪਹਿਲਾਂ ਨਾਂ 'ਸ਼ੇਰ ਸਿੰਘ' ਅਤੇ ਪੰਜ ਸਾਲ ਵੱਡੇ ਭਰਾ ਦਾ ਨਾਂ ਸਾਧੂ ਸਿੰਘ ਸੀ। 'ਇਨਕਲਾਬੀ ਸ਼ਹੀਦ ਊਧਮ ਸਿੰਘ' ਦੇ ਲਿਖਾਰੀ ਡਾ ਗੁਰਚਰਨ ਸਿੰਘ ਜ਼ੀਰਾ, ਕਿਤਾਬ ਦੇ ਪੰਨਾ 15 'ਤੇ ਲਿਖਦੇ ਹਨ ਕਿ ਊਧਮ ਸਿੰਘ ਦੇ ਮਾਤਾ-ਪਿਤਾ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਸ ਦੇ ਪਿਤਾ ਦਾ ਨਾਂ ਚੂਹੜ ਰਾਮ ਅਤੇ ਮਾਤਾ ਦਾ ਨਾਂ ਨਰਾਇਣੀ ਸੀ। ਮਗਰੋਂ ਦੋਹਾਂ ਨੇ ਕਪਤਾਨ ਰਾਮ ਸਿੰਘ ਦੇ ਪ੍ਰਚਾਰ ਦੇ ਪ੍ਰਭਾਵ ਅਧੀਨ 'ਅੰਮ੍ਰਿਤਪਾਨ' ਕੀਤਾ। ਅੰਮ੍ਰਿਤ ਛੱਕ ਕੇ ਚੂਹੜ ਰਾਮ ਦਾ ਨਾਂ ਟਹਿਲ ਸਿੰਘ ਰੱਖਿਆ ਗਿਆ ਅਤੇ ਨਰਾਇਣੀ ਦਾ ਨਵਾਂ ਨਾਂ ਹਰਨਾਮ ਕੌਰ ਰੱਖ ਦਿੱਤਾ ਗਿਆ। ਇਸ ਗਰੀਬ ਪਰਿਵਾਰ ਦੇ ਚਿਰਾਗ ਊਧਮ ਸਿੰਘ ਨੂੰ ਬਚਪਨ ਤੋਂ ਸਿੱਖੀ ਰਵਾਇਤਾਂ ਦੀ ਗੁੜਤੀ ਪ੍ਰਾਪਤ ਹੋਈ, ਜਿਸ ਕਰਕੇ ਉਸ ਨੇ ਅਣਖ ਦਾ ਪ੍ਰਮਾਣ ਦੇ ਕੇ ਇਤਿਹਾਸ 'ਤੇ ਅਮਿੱਟ ਛਾਪ ਛੱਡੀ। ਕਈ ਲੇਖਕਾਂ ਨੇ ਮਾਈਕਲ ਓਡਵਾਇਰ ਕਤਲ ਮੁਕਦਮੇ ਦੌਰਾਨ ਊਧਮ ਸਿੰਘ ਵੱਲੋਂ ਲਿਖਵਾਈ ਜਨਮ ਤਾਰੀਖ਼ ਮਾਰਚ 1903 ਜਾਂ ਫਿਰ 'ਨੈਸ਼ਨਲ ਰਜਿਸਟਰੇਸ਼ਨ ਕਾਰਡ' ਲੈਣ ਸਮੇਂ ਲੰਡਨ ਵਿੱਚ ਲਿਖਵਾਈ ਤਾਰੀਖ਼ 23 ਅਕਤੂਬਰ 1905 ਨੂੰ ਬਿਆਨ ਕੀਤਾ ਹੈ, ਜੋ ਕਿ ਸਹੀ ਨਹੀਂ। ਇਸੇ ਤਰ੍ਹਾਂ ਊਧਮ ਸਿੰਘ ਨੇ ਕੁਝ ਦਸਤਾਵੇਜ਼ਾਂ 'ਚ ਖ਼ੁਦ ਨੂੰ ਰਾਮਗੜੀਆ ਲਿਖਿਆ, ਇਸ ਗੱਲ ਨੂੰ ਕਈ ਲੇਖਕਾਂ ਨੇ ਵੀ ਆਧਾਰ ਬਣਾ ਲਿਆ, ਜਦ ਕਿ ਅਸਲੀਅਤ ਵਿੱਚ ਉਹ ਕੰਬੋਜ ਬਰਾਦਰੀ ਨਾਲ ਸੰਬੰਧਤ ਸਨ।
ਸੈਂਟਰਲ ਸਿੱਖ ਯਤੀਮਖਾਨੇ ਵਿੱਚ ਸ਼ੇਰ ਸਿੰਘ ਤੋਂ ਉਦੇ ਸਿੰਘ ਦਾ ਸਫ਼ਰ :
ਊਧਮ ਸਿੰਘ ਦਾ ਜੀਵਨ ਆਰੰਭ ਤੋਂ ਹੀ ਸੰਘਰਸ਼ਮਈ ਰਿਹਾ। ਬਚਪਨ ਵਿੱਚ ਪਿਤਾ ਦੇ ਦੇਹਾਂਤ ਮਗਰੋਂ 24 ਅਕਤੂਬਰ 1907 ਵਿੱਚ ਊਧਮ ਸਿੰਘ ਤੇ ਉਹਨਾਂ ਦਾ ਭਰਾ ਸਾਧੂ ਸਿੰਘ ਸੈਂਟਰਲ ਸਿੱਖ ਯਤੀਮਖਾਨਾ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ ਤੇ ਇਥੋਂ ਹੀ ਸਿੱਖੀ ਜੀਵਨ ਤੇ ਸੇਵਾ ਦੀ ਪ੍ਰੇਰਨਾ ਲੈ ਕੇ ਵੱਡੇ ਹੋਏ। ਲੇਖਕ ਪ੍ਰੋਫੈਸਰ ਸੂਬਾ ਸਿੰਘ ਕੰਬੋਜ 'ਇਨਕਲਾਬੀ ਯੋਧਾ ਊਧਮ ਸਿੰਘ' ਕਿਤਾਬ ਵਿੱਚ ਪੰਨਾ 12 ਉੱਪਰ ਲਿਖਦੇ ਹਨ ਕਿ ਸੈਂਟਰਲ ਸਿੱਖ ਯਤੀਮਖਾਨੇ ਵਿੱਚ ਰਹਿੰਦਿਆਂ ਉਹ ਬਿਨਾ-ਨਾਗਾ ਦਰਬਾਰ ਸਾਹਿਬ ਜਾਂਦੇ, ਨਿਤਨੇਮ ਦੀ ਬਾਣੀ ਪੜ੍ਹਦੇ। ਇਸੇ ਲਗਨ ਸਦਕਾ ਦੋਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ 'ਤੇ ਚਲਦਿਆਂ ਅੰਮ੍ਰਿਤ ਛਕਿਆ। ਸ਼ੇਰ ਸਿੰਘ ਦਾ ਨਾਂ ਅੰਮ੍ਰਿਤ ਛਕਣ ਮਗਰੋਂ ਉਦੈ ਸਿੰਘ ਰੱਖਿਆ ਗਿਆ ਅਤੇ ਸਾਧੂ ਸਿੰਘ ਦਾ ਸਿੰਘ ਸਜਣ ਉਪਰੰਤ, ਨਵਾਂ ਨਾਂ ਮੁਕਤਾ ਸਿੰਘ ਰੱਖਿਆ ਗਿਆ। ਇਸ ਦੀ ਪ੍ਰੋੜਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਤ ਡਾ. ਨਵਤੇਜ ਸਿੰਘ ਦੀ ਕਿਤਾਬ ਵਿੱਚ ਵੀ ਕੀਤੀ ਗਈ ਹੈ। ਸੈਂਟਰਲ ਸਿੱਖ ਯਤੀਮਖਾਨੇ ਦੇ ਪ੍ਰਬੰਧਕਾਂ ਨੇ ਦੋਹਾਂ ਭਰਾਵਾਂ ਨੂੰ ਖਾਲਸਾ ਸਕੂਲ ਵਿੱਚ ਦਾਖ਼ਲ ਕਰਾਇਆ। ਇਸ ਦੌਰਾਨ ਉਦੈ ਸਿੰਘ ਦੇ ਭਰਾ ਮੁਕਤਾ ਸਿੰਘ ਸਾਧੂ ਸਿੰਘ ਦਾ ਨਮੂਨੀਏ ਨਾਲ ਬਿਮਾਰ ਹੋ ਕੇ, ਦੇਹਾਂਤ ਹੋ ਗਿਆ। ਦਸਵੀਂ ਪਾਸ ਕਰਨ ਉਪਰੰਤ, ਊਧਮ ਸਿੰਘ ਨੇ 1917 ਵਿੱਚ ਸੈਂਟਰਲ ਸਿੱਖ ਯਤੀਮਖਾਨਾ ਛੱਡ ਦਿੱਤਾ।
ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਸਮੇਂ ਊਧਮ ਸਿੰਘ ਦੀ ਮੌਜੂਦਗੀ ਦਾ ਸੱਚ :
ਜਦੋਂ 13 ਅਪ੍ਰੈਲ 1919 ਨੂੰ ਵਿਸਾਖੀ ਮੌਕੇ ਜਲ੍ਹਿਆਂਵਾਲਾ ਬਾਗ ਦਾ ਸ਼ਹੀਦੀ ਸਾਕਾ ਵਾਪਰਿਆ, ਸ਼ਹੀਦ ਊਧਮ ਸਿੰਘ ਉਥੇ ਨਹੀਂ ਸੀ। ਜ਼ਿਆਦਾਤਰ ਇਤਿਹਾਸਕਾਰ ਨਾਟਕੀ ਢੰਗ ਨਾਲ ਊਧਮ ਸਿੰਘ ਨੂੰ ਉਥੇ ਦਿਖਾ ਕੇ, ਓਡਵਾਇਰ ਤੋਂ 'ਬਦਲਾ ਲੈਣ ਦੇ ਪ੍ਰਣ ਲੈਣ' ਦੀ ਗੱਲ ਲਿਖ ਕੇ, ਆਪਣੇ ਮੁਤਾਬਕ ਅਰਥ ਕਰਦੇ ਹਨ, ਜਦ ਕਿ 1918 ਵਿੱਚ ਊਧਮ ਸਿੰਘ ਪੂਰਬੀ ਅਫ਼ਰੀਕਾ ਦੇ ਸ਼ਹਿਰ ਮੁਮਬਾਸਾ ਜਾ ਚੁੱਕੇ ਸਨ ਅਤੇ 1919 ਦੇ ਜੂਨ ਮਹੀਨੇ ਵਾਪਸ ਪਰਤੇ। ਮਗਰੋਂ ਫੇਰ ਉਹ ਅਫ਼ਰੀਕਾ ਚਲੇ ਗਏ, ਜਿੱਥੇ 2 ਸਾਲ ਯੁਗਾਂਡਾ ਰੇਲਵੇ ਵਰਕਸ਼ਾਪ ’ਚ ਮਕੈਨਿਕ ਵਜੋਂ ਨੌਕਰੀ ਕੀਤੀ। ਓਡਵਾਇਰ ਕਤਲ ਮੁਕਦਮੇ ਦੌਰਾਨ ਊਧਮ ਸਿੰਘ ਦੇ ਇਹ ਬਿਆਨ ਕਿ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਸਮੇਂ 'ਉਸ ਦਾ ਭਰਾ ਅਤੇ ਭੈਣ ਮਾਰੇ ਗਏ', ਨੂੰ ਸਹੀ ਮੰਨ ਕੇ ਕਈ ਲੇਖਕਾਂ ਨੇ ਅਜਿਹਾ ਹੀ ਪ੍ਰਚਾਰ ਕਿਤਾਬਾਂ ਵਿੱਚ ਕੀਤਾ, ਜਦ ਕਿ ਇਹ ਸੱਚ ਨਹੀਂ। 'ਸ਼ਹੀਦ ਊਧਮ ਸਿੰਘ ਦੀ ਜੀਵਨੀ' ਦੇ ਲਿਖਾਰੀ ਅਤੇ ਖੋਜੀ ਵਿਦਵਾਨ ਡਾ. ਗੁਰਦੇਵ ਸਿੰਘ ਸਿੱਧੂ ਦਾ ਇਹ ਕਥਨ ਵਾਜਬ ਹੈ ਕਿ ਲੰਡਨ ਪੁਲਿਸ ਵੱਲੋਂ ਕੀਤੀ ਪੁੱਛ-ਪੜਤਾਲ ਦੇ ਉੱਤਰ ਵਿੱਚ ਕੀਤੇ ਪ੍ਰਗਟਾਵਿਆਂ ਨੂੰ ਸ਼ਬਦ-ਦਰ-ਸ਼ਬਦ ਮੰਨ ਲੈਣ ਨੇ ਵੀ ਬਹੁਤ ਸਾਰੀਆਂ ਭ੍ਰਾਂਤੀਆਂ ਨੂੰ ਜਨਮ ਦਿੱਤਾ ਅਤੇ ਕਈ ਜੀਵਨੀ ਲੇਖਕ ਭੁੱਲ ਗਏ ਕਿ ਮੁਕਦਮੇ ਦਾ ਸਾਹਮਣਾ ਕਰ ਰਿਹਾ ਵਿਅਕਤੀ, ਮੁਕਦਮੇ ਦੀ ਸਥਿਤੀ ਨੂੰ ਆਪਣੇ ਪੱਖ ਵਿੱਚ ਮੋੜਾ ਦੇਣ ਵਾਸਤੇ, ਬਿਆਨਾਂ ਵਿੱਚ ਕਈ ਗੱਲਾਂ ਲੁਕੋ ਜਾਂਦਾ ਹੈ ਅਤੇ ਬਹੁਤ ਕੁਝ ਹੋਰ ਮਨਘੜਤ ਬਿਆਨ ਕਰ ਦਿੰਦਾ ਹੈ।
ਊਧਮ ਸਿੰਘ ਦੇ ਵੱਖ-ਵੱਖ ਪਾਸਪੋਰਟਾਂ 'ਤੇ ਵੱਖ-ਵੱਖ ਨਾਵਾਂ ਦੀ ਸੱਚਾਈ :
ਊਧਮ ਸਿੰਘ ਘੁਮੱਕੜ ਸੁਭਾਅ ਦੇ ਮਾਲਕ ਸਨ। ਉਹਨਾਂ ਦੇ ਵੱਖ-ਵੱਖ ਨਾਂ ਚਰਚਾ ਵਿੱਚ ਆਉਂਦੇ ਹਨ, ਜਿਵੇਂ ਕਿ ਊਧਮ ਸਿੰਘ, ਸ਼ੇਰ ਸਿੰਘ, ਉਦੈ ਸਿੰਘ, ਫਰੈਂਕ ਬ੍ਰਾਜ਼ੀਲ, ਬਾਵਾ, ਉਡਾਨ ਸਿੰਘ, ਯੂਐਸ ਸਿੱਧੂ, ਮੋਹਣ ਸਿੰਘ, ਯੂਐਸ ਆਜ਼ਾਦ, ਮੁਹੰਮਦ ਸਿੰਘ ਆਜ਼ਾਦ, ਐਮ ਸਿੰਘ ਆਦਿ। ਇਸੇ ਤਰੀਕੇ ਨਾਲ ਵੱਖ-ਵੱਖ ਨਾਵਾਂ ਦੇ ਪਾਸਪੋਰਟ ਬਣਾ ਕੇ ਉਹ ਅਮਰੀਕਾ, ਇੰਗਲੈਂਡ, ਹੋਲੈਂਡ, ਯੂਕਰੇਨ, ਸੋਵੀਅਤ ਯੂਨੀਅਨ, ਆਸਟਰੀਆ, ਬ੍ਰਿਟਿਸ਼ ਅਫਰੀਕਾ, ਮੈਕਸੀਕੋ, ਸਵਿਟਜ਼ਰਲੈਂਡ, ਪੋਲੈਂਡ, ਹੰਗਰੀ, ਜਰਮਨੀ, ਬੈਲਜੀਅਮ, ਫ਼ਰਾਂਸ, ਇਟਲੀ, ਇਸਟੋਨੀਆ, ਮੈਸੋਪਟਾਮੀਆ, ਲੈਟਵੀਆ ਮਿਡਲ ਈਸਟ ਆਦਿ ਦੇਸ਼ਾਂ ਵਿੱਚ ਗਏ। ਪ੍ਰਮਾਣਿਕ ਦਸਤਾਵੇਜ਼ਾਂ ਅਨੁਸਾਰ ਪੂਰਬੀ ਅਫਰੀਕਾ ਤੋਂ ਭਾਰਤ ਆ ਕੇ, ਊਧਮ ਸਿੰਘ ਨਵਾਂ ਪਾਸਪੋਰਟ ਬਣਾ ਕੇ 1922 ’ਚ ਲੰਡਨ, ਫਿਰ ਮੈਕਸਿਕੋ ਗਏ। ਮੌਜੀ ਬਿਰਤੀ ਦੇ ਮਾਲਕ ਊਧਮ ਸਿੰਘ ਨੇ ਅਦਾਕਾਰੀ ਦੇ ਸ਼ੌਕ ਅਧੀਨ ਉਸ ਨੇ ਇੰਗਲੈਂਡ ਵਿੱਚ ਫ਼ਿਲਮਾਂ '; ਸਾਬੂ ਦਾ ਐਲੀਫੈਂਟ ਬੁਆਏ, ਦਾ ਡਰੱਮ, ਦਾ ਫੋਰ ਫਾਦਰਜ਼, ਦਾ ਥੀਫ ਆਫ ਬਗਦਾਦ ਆਦਿ ਵਿੱਚ ਵੀ ਕੰਮ ਕੀਤਾ।
ਊਧਮ ਸਿੰਘ ਦੇ ਗ਼ਦਰ ਲਹਿਰ ਨਾਲ ਜੁੜੇ ਹੋਣ ਦਾ ਸੱਚ :ਊਧਮ ਸਿੰਘ 1923-24 ਦੌਰਾਨ ਅਮਰੀਕਾ ਰਹੇ। 2 ਸਾਲ ਕੈਲੀਫੋਰਨੀਆ ਰਹਿੰਦਿਆਂ ਮਿਹਨਤਕਸ਼ ਵਜੋਂ ਕੰਮ-ਕਾਰ ਕੀਤਾ ਅਤੇ ਗ਼ਦਰੀਆਂ ਦੇ ਸੰਪਰਕ ਵਿੱਚ ਰਹੇ। ਅੱਗੇ ਜਾ ਕੇ ਊਧਮ ਸਿੰਘ ਦੀ ਗ੍ਰਿਫਤਾਰੀ ਸਮੇਂ ਉਹਨਾਂ ਕੋਲੋਂ ਫੜਿਆ ਗਿਆ 'ਗ਼ਦਰ ਲਿਟਰੇਚਰ' ਵੀ ਉਹਨਾਂ ਦੀ ਪੰਜ ਸਾਲ ਕੈਦ ਦਾ ਕਾਰਨ ਬਣਿਆ ਸੀ। ਕੈਲੀਫੋਰਨੀਆ ’ਚ ਉਹ ਗ਼ਦਰ ਪਾਰਟੀ ਦੇ ਮੈਂਬਰ ਬਣ ਗਏ ਅਤੇ ਸਰਗਰਮੀਆਂ ’ਚ ਹਿੱਸਾ ਲੈਣ ਲੱਗੇ। ਇੱਥੇ ਹੀ ਗੁਰਦੁਆਰਾ ਖਾਲਸਾ ਦੀਵਾਨ ਸਟਾਕਟਨ, ਕੈਲੀਫੋਰਨੀਆ ਵਿਖੇ ਊਧਮ ਸਿੰਘ ਦਾ ਆਉਣ-ਜਾਣ ਰਿਹਾ। ਜ਼ਿਕਰਯੋਗ ਹੈ ਕਿ ਮਗਰੋਂ ਊਧਮ ਸਿੰਘ ਦੇ ਮੁਕਦਮੇ ਦੌਰਾਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਵੱਲੋਂ ਕਾਨੂੰਨੀ ਮਦਦ ਲਈ ਮਾਇਆ ਭੇਜੀ ਸੀ।
ਊਧਮ ਸਿੰਘ ਦੇ ਬਬਰ ਅਕਾਲੀ ਲਹਿਰ ਨਾਲ ਜੁੜੇ ਹੋਣ ਦਾ ਸੱਚ :
ਕਈ ਇਤਿਹਾਸਕਾਰ ਲਿਖਦੇ ਹਨ ਕਿ ਵਿਦੇਸ਼ ਤੋਂ ਪੰਜਾਬ ਵਾਪਸੀ ਮਗਰੋਂ ਉਹਨਾਂ ਦੀ ਮਿਲਣੀ ਬਬਰ ਅਕਾਲੀ ਆਗੂਆਂ ਨਾਲ ਹੋਈ। ਪੰਜਾਬ ਆ ਕੇ ਊਧਮ ਸਿੰਘ ਫਿਰ ਸਰਗਰਮ ਹੋਏ ਅਤੇ ਇਸ ਦੌਰਾਨ ਅੰਮ੍ਰਿਤਸਰ ਇੱਕ ਦੁਕਾਨ ਵੀ ਚਲਾਈ, ਜੋ ਸਮੇਂ-ਸਮੇਂ ਇਨਕਲਾਬੀਆਂ ਦਾ ਤਾਲ-ਮੇਲ ਕੇਂਦਰ ਬਣੀ ਰਹੀ। ਇਤਿਹਾਸਕਾਰ ਗਿਆਨੀ ਨਾਹਰ ਸਿੰਘ ਦੀ ਰਚਿਤ 'ਆਜ਼ਾਦੀ ਦੀਆਂ ਲਹਿਰਾਂ' ਕਿਤਾਬ ਵਿੱਚ ਲਿਖਿਆ ਹੈ ਕਿ ਬਬਰ ਅਕਾਲੀ ਲਹਿਰ ਦੀ ਇੱਕ ਸਾਖ ਮਾਲਵੇ ਵਿੱਚ ਬਣ ਚੁੱਕੀ ਸੀ, ਜਿਨਾਂ ਵਿੱਚ 15-16 ਮੈਂਬਰਾਂ ਵਿੱਚੋਂ, ਚੌਧਰੀ ਸ਼ੇਰ ਜੰਗ ਅਤੇ ਊਧਮ ਸਿੰਘ ਵੀ ਸਨ। ਸੰਨ 1932 ਦੀਆਂ ਘਟਨਾਵਾਂ ਬਾਰੇ ਗਿਆਨੀ ਨਾਹਰ ਸਿੰਘ ਅੱਗੇ ਲਿਖਦੇ ਹਨ, "ਜਥੇ ਵਿੱਚੋਂ ਊਧਮ ਸਿੰਘ ਸੁਨਾਮ, ਕਰਤਾਰ ਸਿੰਘ ਛੀਨੀਵਾਲ, ਭੋਲਾ ਸਿੰਘ ਲੋਹਾ ਖੇੜਾ, ਬਚਨ ਸਿੰਘ ਲੋਹਾ ਖੇੜਾ, ਕੁੰਡਾ ਸਿੰਘ ਗਾਜੀਆਣਾ, ਫਜ਼ਲ ਘੁੰਮਣ ਵਾਲਾ, ਸੰਤ ਸਿੰਘ ਬੜੀ ਟਿੱਬਾ, ਘੁੰਮਣ ਸਿੰਘ ਮਿਸਤਰੀ ਅਤੇ ਸਉਣ ਸਿੰਘ ਟਿੱਬਾ ਨੇ ਰਲ ਕੇ ਸਲਾਹ ਕੀਤੀ ਕਿ 'ਗੁਰੂ ਕੇ ਬਾਗ' ਵਿੱਚ ਅਕਾਲੀ ਸਿੰਘਾਂ ਉੱਪਰ ਬੇਦਰਦ ਲਾਠੀ ਚਾਰਜ ਕਰਵਾਉਣ ਅਤੇ ਗੁਰੂ ਸਾਹਿਬਾਨਾਂ ਦੀ ਸ਼ਾਨ ਵਿਰੁੱਧ ਕੁ-ਬਚਨ ਬੋਲਣ ਵਾਲੇ ਨੀਚ ਬੀਟੀ ਸੁਪਰਡੈਂਟ ਪੁਲਿਸ ਨੂੰ ਪਾਰ ਬੁਲਾਉਣਾ ਚਾਹੀਦਾ ਹੈ। ਇਸ ਕਾਰਜ ਨੂੰ ਸਿਰੇ ਚੜਾਉਣ ਲਈ ਕਰਤਾਰ ਸਿੰਘ ਛੀਨੀਵਾਲ, ਭੋਲਾ ਸਿੰਘ ਲੋਹਾ ਖੇੜਾ ਅਤੇ ਫਜ਼ਲ ਘੁੰਮਣ ਵਾਲੇ ਦੀ ਡਿਊਟੀ ਲਾਈ ਗਈ। ਮਗਰੋਂ ਜਥੇ ਦਾ ਮੈਂਬਰ ਊਧਮ ਸਿੰਘ ਸੁਨਾਮ ਆਪ ਵਲੈਤ ਨੂੰ ਕਿਸੇ ਗੁਝੇ ਮਕਸਦ ਲਈ ਰਵਾਨਾ ਹੋ ਗਿਆ।
ਇਤਿਹਾਸਕਾਰ ਪ੍ਰਿੰਸੀਪਲ ਨਿਹਾਲ ਸਿੰਘ ਰਸ 'ਬੱਬਰ ਅਕਾਲੀ' ਕਿਤਾਬ ਦੇ ਪੰਨਾ 146-48 ਵਿੱਚ 'ਗੁਰੂ ਕੇ ਬਾਗ ਦੇ ਮੋਰਚੇ' ਅਤੇ 'ਜਲ੍ਹਿਆਂਵਾਲੇ ਬਾਗ' ਦੇ ਇਤਿਹਾਸ ਬਾਰੇ ਘਟਨਾਵਾਂ ਦਾ ਵੇਰਵਾ ਸਾਂਝਾ ਕਰਦਿਆਂ ਲਿਖਦੇ ਹਨ ਕਿ ਮਾਲਵੇ ਦੇ ਬਬਰ ਅਕਾਲੀਆਂ' ਵਿੱਚ ਭਾਈ ਊਧਮ ਸਿੰਘ ਸ਼ਾਮਿਲ ਸਨ। ਬਬਰ ਅਕਾਲੀ ਸੁੰਦਰ ਸਿੰਘ ਬਬਰ ਆਪਣੀ ਕਿਤਾਬ 'ਬੱਬਰ ਅਕਾਲੀ ਲਹਿਰ' ਦੇ ਪੰਨਾ 310-11 'ਤੇ ਲਿਖਦੇ ਹਨ ਕਿ ਗੁਰੂ ਕੇ ਬਾਗ ਮੋਰਚੇ ਦੌਰਾਨ ਜ਼ੁਲਮ ਕਰਨ ਵਾਲੇ ਪੁਲਿਸ ਸੁਪਰਡੈਂਟ ਬੀਟੀ ਦੇ ਕਤਲ ਵਿੱਚ ਜਿੱਥੇ ਬਬਰਾਂ ਨੇ ਅਹਿਮ ਭੂਮਿਕਾ ਨਿਭਾਈ, ਉਥੇ ਮਾਲਵੇ ਦੇ ਬਬਰਾਂ 'ਚੋਂ ਊਧਮ ਸਿੰਘ ਸੁਨਾਮ ਨੇ ਇੰਗਲੈਂਡ ਜਾ ਕੇ ਓਡਵਾਇਰ ਨੂੰ ਸੋਧਿਆ।
ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀਆਂ ਮੁਲਾਕਾਤਾਂ ਬਾਰੇ ਅਸਲੀਅਤ :
30 ਅਗਸਤ 1927 ਨੂੰ ਊਧਮ ਸਿੰਘ ਅੰਗਰੇਜ਼ੀ ਭੇਸ ਵਿੱਚ ਅਸਲੇ ਸਮੇਤ ਕਟੜਾ ਸ਼ੇਰ ਸਿੰਘ, ਅੰਮ੍ਰਿਤਸਰ ਤੋਂ ਫੜਿਆ ਗਿਆ ਅਤੇ 1928 ’ਚ ਊਧਮ ਸਿੰਘ ਨੂੰ 5 ਸਾਲ ਕੈਦ ਹੋਈ। 23 ਅਕਤੂਬਰ 1931 ਨੂੰ ਊਧਮ ਸਿੰਘ ਜੇਲ੍ਹ 'ਚੋਂ ਰਿਹਾਅ ਹੋਇਆ। ਕਈ ਲਿਖਾਰੀਆਂ ਨੇ ਊਧਮ ਸਿੰਘ ਤੇ ਭਗਤ ਸਿੰਘ ਦੀਆਂ ਮੁਲਾਕਾਤਾਂ ਦੇ ਵੇਰਵੇ ਦਿੱਤੇ ਹਨ। ਕਈਆਂ ਨੇ ਤਾਂ ਭਗਤ ਸਿੰਘ ਨੂੰ ਊਧਮ ਸਿੰਘ ਦਾ 'ਗੁਰੂ' ਕਹਿ ਕੇ ਵੀ ਸੰਬੋਧਨ ਕੀਤਾ ਤੇ ਮਾਨਾਂਵਾਲਾ ਥਾਂ 'ਤੇ ਭਗਤ ਸਿੰਘ ਅਤੇ ਊਧਮ ਸਿੰਘ ਵੱਲੋਂ ਰੇਲਵੇ ਲਾਈਨ 'ਤੇ 'ਕਰੰਸੀ ਅਤੇ ਪਿਸਤੌਲ ਬਰਾਮਦ ਕਰਨ ਦੀ ਕਹਾਣੀ' ਵੀ ਘੜ ਦਿੱਤੀ, ਜਦ ਕਿ ਅਸਲੀਅਤ ਵਿੱਚ ਇਹ ਮੁਲਾਕਾਤਾਂ ਕੋਰੀਆਂ ਕਲਪਨਾਵਾਂ ਹਨ। ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ 23 ਮਾਰਚ 1931 ਨੂੰ ਫਾਂਸੀ ਹੋ ਗਈ ਸੀ, ਜਦ ਕਿ ਊਧਮ ਸਿੰਘ 1927 ਤੋਂ ਅਕਤੂਬਰ 1931 ਤੱਕ ਜੇਲ੍ਹ ਵਿੱਚ ਸੀ। ਇਉ ਇਹਨਾਂ ਦੋਹਾਂ ਦੀ ਮੁਲਾਕਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 20 ਮਾਰਚ 1933 ਨੂੰ ਉਸ ਨੇ ਲਾਹੌਰ ਤੋਂ ਊਧਮ ਸਿੰਘ ਦੇ ਨਾਮ ’ਤੇ ਨਵਾਂ ਪਾਸਪੋਰਟ ਹਾਸਲ ਕਰ ਲਿਆ ਅਤੇ ਸੰਨ 1934 ’ਚ ਇੰਗਲੈਂਡ ਪਹੁੰਚ ਗਿਆ ਸੀ। ਇਸ ਦਾ ਅਰਥ ਇਹ ਨਹੀਂ ਕਿ ਊਧਮ ਸਿੰਘ ਉੱਪਰ ਭਗਤ ਸਿੰਘ ਦੀ ਸ਼ਹਾਦਤ ਦਾ ਅਸਰ ਨਹੀਂ ਸੀ। ਸ਼ਹੀਦ ਊਧਮ ਸਿੰਘ ਜਿੱਥੇ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਸੀ, ਉਥੇ ਉਸ ਨੇ ਗ਼ਦਰ ਲਹਿਰ ਅਤੇ ਬਬਰ ਅਕਾਲੀ ਲਹਿਰ ਤੋਂ ਵੀ ਪ੍ਰਭਾਵ ਕਬੂਲਿਆ। ਉਸ ਦੀ ਸ਼ਖ਼ਸੀਅਤ ਉਪਰ ਗਦਰੀ ਯੋਧੇ ਭਾਈ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦਾ ਗਹਿਰਾ ਅਸਰ ਸੀ। ਸ਼ਹੀਦ ਸਰਾਭਾ ਅਤੇ ਗਦਰ ਲਹਿਰ ਨਾਲ ਜੁੜੀ ਇਹ ਕਵਿਤਾ ਸ਼ਹੀਦ ਊਧਮ ਸਿੰਘ ਅਕਸਰ ਗੁਣਗੁਣਾਉਂਦੇ ਰਹਿੰਦੇ ;
"ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨਾਂ ਦੇਸ ਸੇਵਾ ਵਿੱਚ ਪੈਰ ਪਾਇਆ
ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।"
ਸ਼ਹੀਦ ਊਧਮ ਸਿੰਘ ਨੇ ਓਡਵਾਇਰ ਮਾਰਿਆ ਸੀ, ਨਾ ਕਿ ਡਾਇਰ :
ਜਲ੍ਹਿਆਂਵਾਲੇ ਬਾਗ਼ ਦੇ ਸ਼ਹੀਦੀ ਸਾਕੇ ਮੌਕੇ ਪੰਜਾਬ ਦਾ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਸੀ ਅਤੇ ਪੁਲਿਸ ਨੂੰ ਗੋਲ਼ੀਆਂ ਚਲਾਉਣ ਦਾ ਹੁਕਮ ਦੇਣ ਵਾਲਾ ਜਨਰਲ ਡਾਇਰ। ਇਹ ਤੱਥ ਜਗ ਜ਼ਾਹਰ ਹੈ ਕਿ ਸ਼ਹੀਦ ਊਧਮ ਸਿੰਘ ਨੇ ਡਾਇਰ ਨਹੀਂ, ਓਡਵਾਇਰ ਨੂੰ ਮਾਰਿਆ ਸੀ। ਮਾਇਕਲ ਓਡਵਾਇਰ ਜਦ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ, ਤਾਂ ਉਸ ਨੇ 42 ਇਨਕਲਾਬੀਆਂ ਨੂੰ ਮੌਤ ਦੀ ਸਜ਼ਾ,114 ਨੂੰ ਉਮਰ ਕੈਦ, ਅਨੇਕਾਂ ਹੋਰਾਂ ਨੂੰ ਵੱਖੋ-ਵੱਖ ਜੇਲ੍ਹ ਸਜ਼ਾਵਾਂ ਦਿੱਤੀਆਂ ਸਨ। ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦੀ ਅਗਵਾਈ ਵੀ, ਸਰਕਾਰ ਦੇ ਆਗੂ ਵਜੋਂ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਵੱਲੋਂ ਕੀਤੀ ਗਈ ਸੀ। ਇਸ ਖੂਨੀ ਸਾਕੇ ਦੌਰਾਨ ਮਨੁੱਖਤਾ ਦੇ ਡੁੱਲ੍ਹੇ ਲਹੂ ਦਾ ਹਿਸਾਬ ਊਧਮ ਸਿੰਘ ਨੇ 21 ਸਾਲ ਮਗਰੋਂ ਚੁਕਾਇਆ, ਪਰ ਕਈ ਲਿਖਾਰੀਆਂ ਨੇ ਟਪਲਾ ਖਾ ਕੇ 'ਡਾਇਰ' ਦਾ ਨਾਂ ਹੀ ਲਿਖ ਦਿੱਤਾ। ਇਥੋਂ ਤੱਕ ਕਿ ਅਮਰ ਸਿੰਘ ਤੇਗ ਨੇ ਪੱਤਰਕਾਰ ਹਰਭਜਨ ਹਲਵਾਰਵੀ ਨਾਲ 3 ਨਵੰਬਰ 1979 ਨੂੰ ਹੋਈ ਗੱਲਬਾਤ ਵਿੱਚ ਵੀ ਊਧਮ ਸਿੰਘ ਵੱਲੋਂ ਜਨਰਲ ਡਾਇਰ ਨੂੰ ਮਾਰਨ ਦਾ ਟਪਲਾ ਖਾਧਾ। ਅਸਲੀਅਤ ਇਹ ਹੈ ਕਿ ਜਰਨਲ ਡਾਇਰ ਦੀ ਮੌਤ, ਹੰਟਰ ਕਮਿਸ਼ਨ ਵੱਲੋਂ ਖੂਨੀ ਸਾਕੇ ਦਾ ਦੋਸ਼ੀ ਠਹਿਰਾਉਣ ਮਗਰੋਂ, ਜਬਰੀ ਸੇਵਾ ਮੁਕਤੀ ਦੌਰਾਨ 23 ਜੁਲਾਈ 1927 ਵਿੱਚ ਹੋ ਚੁੱਕੀ ਸੀ। ਇੱਥੋਂ ਤੱਕ ਕਿ ਅਗਾਂਹਵਧੂ ਕਵੀ ਹਰਭਜਨ ਸਿੰਘ 'ਹੁੰਦਲ' ਵੀ ਅਜਿਹਾ ਭੁਲੇਖਾ ਖਾਂਦੇ ਹੋਏ ਲਿਖਦੇ ਹਨ ;
"ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ,
ਜਾ ਕੇ ਪੁੱਛ ਲਓ ਮੁਗ਼ਲ ਦਰਬਾਰ ਕੋਲੋਂ।
ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ,
ਜਾ ਕੇ ਪੁੱਛ ਲਓ 'ਡਾਇਰ' ਪਰਿਵਾਰ ਕੋਲੋਂ।"
ਊਧਮ ਸਿੰਘ ਵੱਲੋਂ 'ਕਿਤਾਬ ਵਿੱਚ ਪਿਸਤੌਲ ਲੁਕਾ ਕੇ ਲਿਜਾਣ' ਦਾ ਸੱਚ :
ਸ਼ਹੀਦ ਊਧਮ ਸਿੰਘ 13 ਮਾਰਚ 1940 ਨੂੰ ਕਾਰਤੂਸਾਂ ਨਾਲ ਭਰਿਆ ਪਿਸਤੌਲ ਲੈ ਕੇ ਕੈਕਸਟਨ ਹਾਲ ਲੰਡਨ ਜਾ ਪੁੱਜਿਆ। ਕਈ ਲਿਖਾਰੀ ਆਖਦੇ ਹਨ ਕਿ ਉਸ ਨੇ ਪਿਸਤੌਲ ਕਿਤਾਬ ਵਿੱਚ ਲੁਕੋਇਆ ਹੋਇਆ ਸੀ, ਜਦ ਕਿ ਇਹ ਪਿਸਤੌਲ ਕਿਤਾਬ ਵਿੱਚ ਨਹੀਂ ਲੁਕੋਇਆ ਸੀ, ਬਲਕਿ ਊਧਮ ਸਿੰਘ ਦੇ ਕੋਟ ਦੀ ਜੇਬ ਵਿੱਚ ਸੀ। ਊਧਮ ਸਿੰਘ ਦੇ ਕੈਕਸਟਨ ਹਾਲ ਵਿੱਚ ਦਾਖਲ ਹੋਣ ਬਾਰੇ ਵੀ ਗਲਤ ਧਾਰਨਾ ਹੈ ਕਿ ਊਧਮ ਸਿੰਘ ਦੀ 'ਪ੍ਰੇਮਿਕਾ' ਉਸ ਨੂੰ ਨਾਲ ਲੈ ਕੇ ਗਈ। ਦਰਅਸਲ 13 ਮਾਰਚ 1940 ਦੀ ਮੀਟਿੰਗ 'ਈਸਟ ਇੰਡੀਆ ਐਸੋਸੀਏਸ਼ਨ' ਅਤੇ 'ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ' ਵੱਲੋਂ ਸੱਦੀ ਗਈ ਸੀ। ਮੀਟਿੰਗ ਵਿੱਚ ਦਾਖਲਾ ਕੇਵਲ ਪਾਸ ਰਾਹੀਂ ਹੋ ਸਕਦਾ ਸੀ ਤੇ ਇੱਕ ਪਾਸ 'ਤੇ ਦੋ ਵਿਅਕਤੀ ਜਾ ਸਕਦੇ ਸਨ। ਊਧਮ ਸਿੰਘ ਕੈਕਸਟਨ ਹਾਲ ਦੇ ਬਾਹਰ ਮੌਜੂਦ ਸੀ ਅਤੇ ਦਾਖਲ ਹੋਣ ਲਈ ਉਸ ਨੇ ਇੱਕ ਮਹਿਮਾਨ ਔਰਤ ਨੂੰ ਗੁਜ਼ਾਰਿਸ਼ ਕੀਤੀ, ਜਿਸ ਕੋਲ ਇੱਕ ਵਿਅਕਤੀ ਨਾਲ ਲਿਜਾਣ ਦੀ ਗੁੰਜਾਇਸ਼ ਸੀ। ਇਸ ਤਰ੍ਹਾਂ ਫ਼ੁਰਤੀ ਨਾਲ ਉਹ ਹਾਲ ਵਿੱਚ ਦਾਖਲ ਹੋਇਆ।
ਊਧਮ ਸਿੰਘ ਦਾ ਮਕਸਦ 'ਬ੍ਰਿਟਿਸ਼ ਬਸਤੀਵਾਦ' ਚੁਣੌਤੀ ਦੇਣਾ ਸੀ, ਨਾਕਿ ਇਕੱਲੇ ਓਡਵਾਇਰ ਨੂੰ ਮਾਰਨਾ :
ਜ਼ਿਆਦਾਤਰ ਲੇਖਕ ਊਧਮ ਸਿੰਘ ਦਾ ਮਕਸਦ ਲੰਡਨ ਵਿੱਚ ਓਡਵਾਇਰ ਨੂੰ ਮਾਰਨ ਤੱਕ ਸੀਮਤ ਕਰਦੇ ਹਨ, ਜਦ ਕਿ ਊਧਮ ਸਿੰਘ ਦਾ ਮਕਸਦ ਇਸ ਤੋਂ ਵੱਡਾ ਸੀ। ਮਾਈਕਲ ਓਡਵਾਇਰ ਨੂੰ ਊਧਮ ਸਿੰਘ ਲੰਡਨ ਵਿੱਚ ਕਈ ਮੌਕਿਆਂ 'ਤੇ ਮਿਲਦਾ ਰਿਹਾ, ਪਰ ਉਸ ਨੂੰ ਮਾਰ ਕੇ ਮਹਿਜ਼ ਬਦਲਾ ਲੈਣ ਤੱਕ ਊਧਮ ਸਿੰਘ ਦੀ ਸੋਚ ਸੀਮਤ ਨਹੀਂ ਸੀ। ਉਹ ਬ੍ਰਿਟਿਸ਼ ਬਸਤੀਵਾਦ ਨੂੰ ਚੁਣੌਤੀ ਦੇਣਾ ਚਾਹੁੰਦਾ ਸੀ। ਬੀਤੇ ਵਰ੍ਹਿਆਂ ਦੌਰਾਨ ਮੇਰੇ ਲਈ ਉਹ ਪਲ ਇਤਿਹਾਸਕ ਸਨ, ਜਦੋਂ ਲੰਡਨ ਦੇ ਕੈਕਸਟਨ ਹਾਲ ਦੀ ਜਗ੍ਹਾ 'ਤੇ ਜਾਣ ਦਾ ਸੁਭਾਗ ਮਿਲਿਆ, ਜਿੱਥੇ ਸ਼ਹੀਦ ਊਧਮ ਸਿੰਘ ਨੇ ਓਡਵਾਇਰ ਨੂੰ ਸੋਧਿਆ ਸੀ। ਚਾਹੇ ਉਸ ਜਗ੍ਹਾ 'ਤੇ ਸ਼ਹੀਦ ਊਧਮ ਸਿੰਘ ਦੀ ਕੋਈ ਯਾਦਗਾਰ ਸਥਾਪਤ ਨਹੀਂ, ਪਰ ਉੱਥੇ ਖੜਦਿਆਂ ਹੀ 'ਰੂਹ ਤੱਕ ਝਰਨਾਹਟ' ਛਿੜ ਜਾਂਦੀ ਹੈ।
13 ਮਾਰਚ 1940 ਕੈਕਸਟਨ ਹਾਲ ਵਿਖੇ ਭਾਸ਼ਣ ਦੇਣ ਵਾਲਿਆਂ ਵਿੱਚ ਸਾਬਕਾ ਵਜ਼ੀਰੇ-ਹਿੰਦ ਲਾਰਡ ਜੈਟਲੈਂਡ, ਲਾਰਡ ਲਮਿੰਗਟਨ ਅਤੇ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਸਰ ਲੁਈ ਡੇਨ ਤੇ ਮਾਈਕਲ ਓਡਵਾਇਰ ਸ਼ਾਮਿਲ ਸਨ। ਬ੍ਰਿਟਿਸ਼ ਇੰਡੀਅਨ ਸਟੇਟ ਦੇ ਇਹਨਾਂ ਮੁਖੀਆਂ ਉੱਪਰ ਊਧਮ ਸਿੰਘ ਨੇ 6 ਗੋਲ਼ੀਆਂ ਚਲਾਈਆਂ। ਓਡਵਾਇਰ ਦੀ ਪਿੱਠ 'ਤੇ ਦੋ ਗੋਲ਼ੀਆਂ ਲੱਗੀਆਂ ਤੇ ਉਹ ਮੌਕੇ ’ਤੇ ਹੀ ਮਾਰਿਆ ਗਿਆ। ਲਾਰਡ ਲਿਮਿੰਗਟਨ ਦੇ ਸੱਜੇ ਹੱਥ 'ਤੇ ਗੋਲ਼ੀ ਲੱਗੀ, ਸਰ ਲੂਈ ਡੇਨ ਦੇ ਬਾਂਹ 'ਤੇ ਗੋਲ਼ੀ ਲੱਗੀ ਅਤੇ ਲਾਰਡ ਜੈਟਲੈਂਡ ਫਰਸ਼ 'ਤੇ ਡਿੱਗ ਕੇ ਬਚਿਆ। ਉਧਮ ਸਿੰਘ ਦਾ ਰਿਵਾਲਵਰ ਪਹਿਲੇ ਵਿਸ਼ਵ ਯੁੱਧ ਵੇਲੇ ਦਾ ਸੀ, ਜੋ ਕਾਫੀ ਪੁਰਾਣਾ ਸੀ। ਰਿਵਾਲਵਰ ਤੇ ਗੋਲ਼ੀਆਂ 'ਚ ਕੁਝ ਨੁਕਸ ਹੋਣ ਕਾਰਨ ਕਈਆਂ ਦਾ ਬਚਾਅ ਹੋ ਗਿਆ। ਪਿਸਤੌਲ ਬਾਰੇ ਮਾਹਿਰ ਰੋਬਰਟ ਚਰਚਲ ਦੇ ਦੱਸਣ ਅਨੁਸਾਰ ਗੋਲ਼ੀਆਂ ਪਿਸਤੌਲ ਦੀ ਚੈਂਬਰ 'ਚ ਪੂਰੀਆਂ ਫਿਟ ਨਹੀਂ ਸਨ, ਜਿਸ ਕਾਰਨ ਨਿਸ਼ਾਨਾ ਠੀਕ ਨਹੀਂ ਬੈਠਿਆ। ਇਥੋਂ ਤੱਕ ਕਿ ਜਿਹੜੀਆਂ ਗੋਲ਼ੀਆਂ ਨਾਲ ਓਡਵਾਇਰ ਮਰਿਆ, ਉਹ ਵੀ 6 ਤੋਂ 8 ਇੰਚ ਦੇ ਫਾਸਲੇ ਤੋਂ ਲੱਗਣ ਕਾਰਨ ਹੀ ਸਹੀ ਨਿਸ਼ਾਨੇ 'ਤੇ ਲੱਗੀਆਂ ਸਨ।
ਡਾਕਟਰ ਜੇ.ਐਸ. ਗਰੇਵਾਲ 'ਲੈਟਰਜ਼ ਆਫ ਊਧਮ ਸਿੰਘ' ਵਿੱਚ ਪੰਨਾ 20 'ਤੇ ਲਿਖਦੇ ਹਨ ਕਿ ਊਧਮ ਸਿੰਘ ਨੇ ਸਾਰਜੈਂਟ ਸਿਡਨੀ ਜੋਨਜ਼ ਨੂੰ ਪੁੱਛਿਆ,"ਕੀ ਜੈਟਲੈਂਡ ਮਰ ਗਿਆ ਹੈ। ਉਸ ਨੂੰ ਮਰਨਾ ਚਾਹੀਦਾ ਸੀ। ਮੈਂ ਉਸ ਨੂੰ ਵੀ ਦੋ ਗੋਲ਼ੀਆਂ ਖੱਬੇ ਪਾਸੇ ਮਿਅਦੇ ਵਿੱਚ ਮਾਰੀਆਂ ਸਨ।" ਇਸ ਤੋਂ ਸਪਸ਼ਟ ਹੈ ਕਿ ਊਧਮ ਸਿੰਘ 'ਬ੍ਰਿਟਿਸ਼ ਬਸਤੀਵਾਦ' ਦੇ ਜ਼ੁਲਮ ਖਿਲਾਫ ਹਥਿਆਰਬੰਦ ਕਾਰਵਾਈ ਕਰ ਰਿਹਾ ਸੀ, ਨਾ ਕਿ 'ਇੱਕ ਵਿਅਕਤੀ ਵਿਸ਼ੇਸ਼' ਖਿਲਾਫ਼ ਬਦਲਾ-ਲਊ ਕਾਰਵਾਈ। 5 ਜੂਨ 1940 ਨੂੰ ਜੱਜ ਵੱਲੋਂ ਫਾਂਸੀ ਸੁਣਾਈ ਜਾਣ ਵੇਲੇ ਊਧਮ ਸਿੰਘ ਨੇ ਅੰਗਰੇਜ਼ੀ, ਗੁਰਮੁਖੀ ਅਤੇ ਉਰਦੂ ਵਿੱਚ 8 ਪੰਨਿਆਂ ਦੇ ਬਿਆਨ ਰਾਹੀਂ ਇਹ ਸੱਚਾਈ ਬਿਆਨ ਕੀਤੀ ਕਿ ਉਹ ਬ੍ਰਿਟਿਸ਼ ਸਾਮਰਾਜ ਖਿਲਾਫ਼ ਲੜਾਈ ਲੜ ਰਿਹਾ ਹੈ ਅਤੇ ਦੁਨੀਆ ਅੱਗੇ ਉਸ ਦੇ ਜ਼ੁਲਮ ਨੂੰ ਨੰਗਾ ਕਰਨਾ ਚਾਹੁੰਦਾ ਹੈ। ਸੱਚ ਤਾਂ ਇਹ ਹੈ ਕਿ ;
ਲੰਡਨ ਬਸਤੀਵਾਦ ਦਾ, ਜਦ ਹੁੰਦਾ ਸੀ ਗੜ੍ਹ।
ਊਧਮ ਸਿੰਘ ਸਰਦਾਰ ਨੇ, ਤਦ ਭੰਨੀ ਸੀ ਤੜ।
ਊਧਮ ਸਿੰਘ ਵੱਲੋਂ ਅਦਾਲਤ 'ਚ ਹੀਰ 'ਤੇ ਹੱਥ ਧਰ ਕੇ ਸਹੁੰ ਖਾਣ ਦਾ ਸੱਚ :
4 ਜੂਨ 1940 ਨੂੰ ਊਧਮ ਸਿੰਘ ਦੇ ਲੰਡਨ ਦੀ ਅਦਾਲਤ ਵਿੱਚ ਬਿਆਨ ਹੋਣ ਮੌਕੇ 'ਸੱਚ ਬੋਲਣ ਦੀ ਸਹੁੰ ਖਾਣ' ਲਈ 'ਹੀਰ ਦੀ ਕਿਤਾਬ 'ਤੇ ਹੱਥ ਰੱਖਣ' ਦੀ ਕਹਾਣੀ ਮਨਘੜਤ ਅਤੇ ਸੰਕੀਰਨ ਸੋਚ ਤੋਂ ਪ੍ਰੇਰਿਤ ਹੈ। ਅਸਲੀਅਤ ਇਹ ਹੈ ਕਿ ਜੱਜ ਨੇ ਕੈਦੀ ਊਧਮ ਸਿੰਘ ਨੂੰ ਜਦੋਂ ਬਾਈਬਲ ਉੱਪਰ ਹੱਥ ਰੱਖ ਕੇ ਸਹੁੰ ਖਾਣ ਦੀ ਗੱਲ ਕੀਤੀ, ਤਾਂ ਊਧਮ ਸਿੰਘ ਨੇ ਸਹੁੰ ਖਾਣ ਤੋਂ ਇਨਕਾਰ ਕਰ ਦਿੱਤਾ। ਅਜਿਹੀ ਹਾਲਤ ਵਿੱਚ 'ਹੱਥ ਉਤਾਹਾਂ ਚੁੱਕ ਕੇ ਸੱਚ ਬੋਲਣ ਦਾ ਪ੍ਰਣ ਲੈਣ ਦੀ ਵਿਧੀ' ਊਧਮ ਸਿੰਘ ਵੱਲੋਂ ਅਪਣਾਈ ਗਈ, ਜੋ ਕਿ ਅਦਾਲਤ ਵੱਲੋਂ ਪ੍ਰਵਾਨ ਕੀਤੀ ਗਈ। ਇਸ ਪ੍ਰਚਲਤ ਗ਼ਲਤ ਧਾਰਨਾ ਬਾਰੇ ਖੋਜਾਰਥੀ ਸੁਖਦੀਪ ਸਿੰਘ ਬਰਨਾਲਾ ਵੱਲੋਂ ਵਿਸ਼ੇਸ਼ ਡਾਕੂਮੈਂਟਰੀ ਰਾਹੀਂ ਸ਼ਹੀਦ ਊਧਮ ਸਿੰਘ ਬਾਰੇ ਪ੍ਰਮਾਣਿਕ ਦਸਤਾਵੇਜ਼ ਇਕੱਤਰ ਕਰਕੇ, ਹੀਰ ਦੀ ਸਹੁੰ ਖਾਣ ਬਾਰੇ ਸੱਚਾਈ ਉਜਾਗਰ ਕੀਤੀ ਗਈ ਹੈ। ਬੇਸ਼ੱਕ ਊਧਮ ਸਿੰਘ 'ਹੀਰ' ਦਾ ਪਾਠਕ ਸੀ ਅਤੇ ਇਸ ਕਿਤਾਬ ਉਸ ਨੇ ਆਪਣੇ ਮਿੱਤਰ ਨੂੰ ਸੌਂਪੀ ਸੀ, ਪਰ ਇਸ 'ਤੇ ਹੱਥ ਰੱਖ ਕੇ ਸਹੁੰ ਖਾਣ ਦਾ ਬਿਰਤਾਂਤ ਗੁਮਰਾਹਕੁਨ ਹੈ।
ਸ਼ਹੀਦ ਊਧਮ ਸਿੰਘ ਦੇ ਨਾਂ 'ਮੁਹੰਮਦ ਸਿੰਘ ਆਜ਼ਾਦ' ਬਾਰੇ ਅਸਲੀਅਤ :
ਸ਼ਹੀਦ ਊਧਮ ਸਿੰਘ ਦੇ ਅਨੇਕਾਂ ਨਾਵਾਂ 'ਚੋਂ ਇੱਕ ਖ਼ਾਸ ਨਾਮ 'ਮੁਹੰਮਦ ਸਿੰਘ ਆਜ਼ਾਦ' ਸੀ। ਲੇਖਕ ਰਾਕੇਸ਼ ਕੁਮਾਰ ਨੇ ਨਵੀਆਂ ਲਿਖਤਾਂ ਵਿੱਚ ਇਸ ਬਾਰੇ ਵਿਸਤਾਰਪੂਰਵਕ ਹਵਾਲੇ ਦਰਜ ਕੀਤੇ ਹਨ, ਪਰ ਕਈ ਫਿਲਮਕਾਰਾਂ, ਨਾਵਲਕਾਰਾਂ ਅਤੇ ਸਿਆਸਤਦਾਨਾਂ ਵਲੋਂ ਨਾਂ ਪ੍ਰਚੱਲਤ ਕਰ ਦਿੱਤਾ ਗਿਆ ਹੈ, 'ਰਾਮ ਮੁਹੰਮਦ ਸਿੰਘ ਆਜ਼ਾਦ'। ਦਰਅਸਲ ਸ਼ਹੀਦ ਊਧਮ ਸਿੰਘ ਦਾ ਮਿਥ ਕੇ ਸੰਘੀਕਰਣ ਕੀਤਾ ਜਾ ਰਿਹਾ ਹੈ। ਫਾਸ਼ੀਵਾਦੀ ਅਤੇ ਸੰਘੀ ਏਜੰਡੇ ਅਨੁਸਾਰ ਸ਼ਹੀਦ ਊਧਮ ਸਿੰਘ ਦਾ ਨਾਂ "ਰਾਮ ਮੁਹੰਮਦ ਸਿੰਘ ਆਜ਼ਾਦ" ਪ੍ਰਚਾਰਿਆ ਜਾ ਰਿਹਾ ਹੈ, ਜੋ ਕਿ ਮਨਘੜਤ ਹੈ। ਭਾਰਤੀ ਮੀਡੀਆ ਨੇ ਵੀ ਸੰਘੀ ਪ੍ਰਣਾਲੀ ਥੱਲੇ ਜਾਣ-ਬੁਝ ਕੇ ਊਧਮ ਸਿੰਘ ਦਾ ਨਾਂ ਵਿਗਾੜਿਆ ਹੈ। ਸ਼ਹੀਦ ਊਧਮ ਸਿੰਘ ਨੇ ਜਦ ਖ਼ੁਦ ਆਪਣਾ ਨਾਂ 'ਮੁਹੰਮਦ ਸਿੰਘ ਆਜ਼ਾਦ' ਲਿਖਿਆ ਹੈ, ਤਾਂ ਕਿਸੇ ਨੂੰ ਉਸ ਦਾ ਨਾਂ ਵਿਗਾੜਨ ਦਾ ਕੋਈ ਹੱਕ ਨਹੀਂ।
ਸ਼ਹੀਦ ਊਧਮ ਸਿੰਘ ਦੇ ਵਿਰੋਧ ਵਿੱਚ ਕੌਣ ਅਤੇ ਹੱਕ ਵਿੱਚ ਕੌਣ ਨਿਤਰੇ ?
ਸ਼ਹੀਦ ਊਧਮ ਸਿੰਘ ਵੱਲੋਂ ਓਡਵਾਇਰ ਨੂੰ ਸੋਧਣ ਦੀ ਕਾਰਵਾਈ ਮਗਰੋਂ 79, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿੰਕਲੇਅਰ ਰੋਡ ਸੈਫਰਡਜ਼ ਬੁਸ਼ ਲੰਡਨ ਦੇ ਪ੍ਰਬੰਧਕ ਸਾਹਿਬਾਨਾਂ ਅਤੇ ਖਾਲਸਾ ਜਥੇ ਨੇ ਸ਼ਹੀਦ ਊਧਮ ਸਿੰਘ ਦੀ ਫਾਂਸੀ ਵੇਲੇ, ਕਨੂੰਨੀ ਪੱਧਰ 'ਤੇ ਮਾਇਕ ਮਦਦ ਕੀਤੀ। ਗੁਰਦੁਆਰੇ ਦੇ ਸਕੱਤਰ ਭਾਈ ਸ਼ਿਵ ਸਿੰਘ ਜੌਹਲ, ਭਾਈ ਸੌਦਾਗਰ ਸਿੰਘ ਤੇ ਭਾਈ ਰਤਨ ਸਿੰਘ ਸਮੇਤ ਕਈ ਹਮਦਰਦ ਮੁਕਦਮੇ ਦੌਰਾਨ ਲਗਾਤਾਰ ਸਰਗਰਮ ਰਹੇ। ਦੂਜੇ ਪਾਸੇ ਲੰਡਨ ਰਹਿੰਦੇ ਅੰਗਰੇਜ਼ ਪੱਖੀ ਭਾਰਤੀਆਂ ਦੀਆਂ ਸੰਸਥਾਵਾਂ, ਭਾਰਤ ਵਿੱਚ ਅੰਗਰੇਜ਼-ਪ੍ਰਸਤ ਕਾਂਗਰਸੀਆਂ, ਮੋਹਨ ਦਾਸ ਕਰਮ ਚੰਦ ਗਾਂਧੀ ਦੇ ਅਖਬਾਰ 'ਹਰੀਜਨ' ਅਤੇ ਲਾਲਾ ਲਾਜਪਤ ਰਾਏ ਆਦ ਦੀਆਂ ਧਿਰਾਂ ਵੱਲੋਂ ਵੱਲੋਂ ਊਧਮ ਸਿੰਘ ਖਿਲਾਫ਼ ਬਿਆਨਬਾਜ਼ੀ ਕੀਤੀ। ਗਾਂਧੀ ਨੇ ਤਾਂ ਓਡਵਾਇਰ ਦੇ ਕਤਲ ਕਾਰਨ ਊਧਮ ਸਿੰਘ ਨੂੰ 'ਅੱਤਵਾਦੀ' ਵੀ ਗਰਦਾਨਿਆ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ 'ਤੇ ਅੱਜ ਕੱਲ ਰਸਮੀ ਤੌਰ ਤੇ ਸ਼ਹੀਦ ਦੇ ਬੁੱਤ 'ਤੇ ਹਾਰ ਪਾਉਣ ਵਾਲੇ ਰਾਸ਼ਟਰਵਾਦੀਆਂ ਦੀਆਂ ਸਿਆਸੀ ਪਾਰਟੀਆਂ ਊਧਮ ਸਿੰਘ ਵੱਲੋਂ ਓਡਵਾਇਰ ਨੂੰ ਸੋਧਣ ਦੇ ਖਿਲਾਫ਼ ਸਨ।
ਲੰਡਨ ਦੀ ਸਿੱਖ ਸੰਸਥਾ ਖਾਲਸਾ ਜੱਥਾ ਅਤੇ ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਸੇਵਾਦਾਰ ਊਧਮ ਸਿੰਘ ਲਈ ਨੰਗੇ ਧੜ ਖੜੇ ਸਨ। ਇਸ ਲੇਖਕ ਨੂੰ ਸ਼ਹੀਦ ਊਧਮ ਸਿੰਘ ਨਾਲ ਜੁੜੀਆਂ ਯਾਦਗਾਰਾਂ ਦੇ ਦਰਸ਼ਨ ਕਰਨ ਦੀ ਇੱਛਾ ਨਾਲ, ਲੰਡਨ ਵਿੱਚ ਸ੍ਰੀ ਗੁਰੂ ਸਿੰਘ ਸਭਾ ਸਿੰਕਲੇਅਰ ਰੋਡ ਸ਼ੈਫਰਡਜ਼ ਬੁਸ਼ ਵਿਖੇ ਜਾਣ ਦਾ ਮੌਕਾ ਮਿਲਿਆ। ਉਸ ਅਸਥਾਨ ਦੇ ਦਰਸ਼ਨ ਕੀਤੇ, ਜਿੱਥੇ ਸ਼ਹੀਦ ਊਧਮ ਸਿੰਘ ਕਿਤੇ ਲੰਗਰ ਵਿੱਚ ਸੇਵਾ ਕਰਦੇ ਅਤੇ ਕਿਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਅਤੇ ਸਕੱਤਰ ਨਾਲ ਵਿਚਾਰਾਂ ਕਰਦੇ। ਗੁਰਦੁਆਰਾ ਸਾਹਿਬ ਵਿਖੇ ਅਸੀਂ ਉਹ ਇਤਿਹਾਸਕ ਤਸਵੀਰ ਵੀ ਦੇਖੀ, ਜੋ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ 1937 ਵਿੱਚ ਗੁਰਦੁਆਰਾ ਸਾਹਿਬ ਦੀ ਸੰਗਤ ਨਾਲ ਉਧਮ ਸਿੰਘ ਨੇ ਫੋਟੋ ਖਿਚਵਾਈ ਸੀ। ਕੁਝ ਤਸਵੀਰਾਂ ਲੇਖ ਨਾਲ ਦਿੱਤੀਆਂ ਗਈਆਂ ਹਨ। ਇਤਿਹਾਸਿਕ ਦਸਤਾਵੇਜ਼ਾਂ ਅਨੁਸਾਰ ਸ਼ਹੀਦ ਊਧਮ ਸਿੰਘ ਨੇ ਜੇਲ੍ਹ 'ਚੋਂ ਆਪਣੇ ਕਈ ਪੱਤਰਾਂ ਦੇ ਆਰੰਭ ਵਿੱਚ ਇਕ ਓਂਕਾਰ ਅਤੇ ਬਾਣੀ ਦੀਆਂ ਤੁਕਾਂ ਵੀ ਅੰਕਿਤ ਕੀਤੀਆਂ। ਜੇਲ੍ਹ 'ਚੋਂ ਉਸ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਪੱਤਰ ਲਿਖਿਆ ਕਿ ਉਸ ਨੂੰ ਗੁਟਕਾ ਸਾਹਿਬ ਭੇਜੇ ਜਾਣ।
ਪੈਂਟਨਵਿਲੇ ਜੇਲ੍ਹ ਲੰਡਨ 'ਚ ਊਧਮ ਸਿੰਘ ਨੂੰ ਫਾਂਸੀ ਮਗਰੋਂ ਦਫ਼ਨਾਏ ਜਾਣ ਦੀ ਸਚਾਈ :
ਬ੍ਰਿਟਿਸ਼ ਬਸਤੀਵਾਦ ਦੀ ਜੜ੍ਹ ਪੁੱਟਣ ਵਾਲੇ ਯੋਧੇ ਸ਼ਹੀਦ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਪੈਂਟਨਵਿਲੇ ਜੇਲ੍ਹ ਲੰਡਨ ਵਿਖੇ ਸਵੇਰੇ 9 ਵਜੇ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਲੰਡਨ ਦੇ ਸਿੱਖਾਂ ਦੀ ਬੇਨਤੀ ਦੇ ਬਾਵਜੂਦ ਬ੍ਰਿਟਿਸ਼ ਸਰਕਾਰ ਨੇ ਵੱਡੇ ਵਿਰੋਧ ਦੇ ਡਰੋਂ, ਊਧਮ ਸਿੰਘ ਦੀ ਦੇਹ ਅੰਤਿਮ ਸਸਕਾਰ ਲਈ ਸਿੱਖਾਂ ਦੇ ਸਪੁਰਦ ਨਹੀਂ ਕੀਤੀ ਗਈ, ਬਲਕਿ ਜੇਲ੍ਹ ਅੰਦਰ ਹੀ ਦਫਨਾ ਦਿੱਤੀ ਗਈ। ਲੰਮਾ ਅਰਸਾ ਮਗਰੋਂ 31 ਜੁਲਾਈ 1974 ਨੂੰ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਲਿਆ ਕੇ, ਪੰਜਾਬ ਚ ਨਗਰ ਸੁਨਾਮ ਸਮੇਤ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਦਰਸ਼ਨ ਕਰਵਾਏ ਗਏ। ਊਧਮ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ 6 ਤੋਂ 8 ਅਗਸਤ, 2026 ਨੂੰ ਸ਼ਹੀਦ ਊਧਮ ਸਿੰਘ ਸੁਸਾਇਟੀ ਆਫ਼ ਕੈਨੇਡਾ ਵੱਲੋਂ ਗੁਰੂ ਨਾਨਕ ਸਿੱਖ ਗੁਰਦੁਆਰਾ, ਸਰੀ ਵਿਖੇ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ। 8 ਅਗਸਤ ਦਿਨ ਐਤਵਾਰ ਨੂੰ ਸਵੇਰ ਦੇ ਦੀਵਾਨਾਂ 'ਚ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਵਿਚਾਰਾਂ ਹੋਣਗੀਆਂ ਅਤੇ ਸੰਗਤਾਂ ਨੂੰ ਵੱਧ-ਚੜ੍ਹ ਕੇ ਸ਼ਾਮਿਲ ਹੋਣ ਲਈ ਸੱਦਾ ਹੈ। ਸ਼ਹੀਦ ਊਧਮ ਸਿੰਘ ਨੂੰ ਇਹ 'ਕਾਵਿ-ਬੰਦ' ਸਮਰਪਿਤ ਕਰ ਰਹੇ ਹਾਂ, ਜੋ ਮਹਾਨ ਯੋਧੇ ਵੱਲੋਂ ਲੰਡਨ ਦਾ ਕਿਲ੍ਹਾ ਢਾਹੁਣ ਦੀ ਗਵਾਹੀ ਭਰਦੇ ਹਨ ;
ਲੰਡਨ ਨੇ ਕੀਤੇ ਸਦਾ, ਹਮਲੇ ਤਾਬੜਤੋੜ।
ਲੰਡਨ ਜਾ ਕੇ ਸ਼ੇਰ ਨੇ, ਭਾਜੀ ਦਿੱਤੀ ਮੋੜ।
ਤਸਵੀਰਾਂ : ਸ਼ਹੀਦ ਊਧਮ ਤਸਵੀਰਾਂ ਰਾਹੀਂ ਜੀਵਨ ਸਫ਼ਰ।
10, ਕੈਕਸਟਨ ਹਾਲ ਰੋਡ, ਲੰਡਨ ਦੇ ਬਾਹਰ ਲੇਖਕ।
ਡਾ. ਗੁਰਵਿੰਦਰ ਸਿੰਘ
604 825 1550
'ਸਿੱਖ ਨੇਸ਼ਨ' ਦੇ ਅਣਥੱਕ ਸੇਵਾਦਾਰ ਭਾਈ ਸੁਨੀਲ ਕੁਮਾਰ ਦਾ ਗੁਰਪੁਰੀ ਪਿਆਨਾ - ਡਾ ਗੁਰਵਿੰਦਰ ਸਿੰਘ ਧਾਲੀਵਾਲ
ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿੰਸਟਰ ਵਿਖੇ 26 ਜੁਲਾਈ ਨੂੰ ਸ਼ਰਧਾਂਜਲੀ ਸਮਾਗਮ
(ਡਾ ਗੁਰਵਿੰਦਰ ਸਿੰਘ ਧਾਲੀਵਾਲ)
"ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਹਿ ਜਾਇ।। ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ।।" ਭਗਤ ਕਬੀਰ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਹ ਪਾਵਨ ਸਲੋਕ ਮਾਰਗ ਦਰਸ਼ਨ ਕਰਦਾ ਹੈ ਕਿ ਜਿਹੜੇ ਪਰਮ ਮਨੁੱਖ ਰੱਬੀ ਰੰਗ ਵਿੱਚ ਰੰਗੇ ਰਹਿੰਦੇ ਹਨ, ਉਹਨਾਂ ਦੇ ਸੰਸਾਰ ਤੋਂ ਜਾਣ 'ਤੇ ਰੋਣਾ ਸਹੀ ਨਹੀਂ। ਮਨੁੱਖੀ ਹੱਕਾਂ ਦੇ ਅਲੰਬਰਦਾਰ, 'ਸਿੱਖ ਨੇਸ਼ਨ' ਦੇ ਸੇਵਾਦਾਰ, ਖੂਨਦਾਨ ਮੁਹਿੰਮ ਦੀ ਜਿੰਦ ਜਾਨ, ਸੈਮੀਨਾਰਾਂ, ਇਕੱਠਾਂ, ਵਿਚਾਰ-ਚਰਚਾਵਾਂ ਅਤੇ ਪੰਥਕ ਮਸਲਿਆਂ 'ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਭਾਈ ਸੁਨੀਲ ਕੁਮਾਰ ਸ਼ਰਮਾ ,ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਐਸਾ ਮਹਾਨ ਮਨੁੱਖ ਕੋਈ ਵਿਰਲਾ ਹੀ ਹੁੰਦਾ ਹੈ, ਜਿਸ ਨੇ ਮੁਕੰਮਲ ਜੀਵਨ ਮਨੁੱਖੀ ਦਰਦ ਨੂੰ ਸਮਰਪਿਤ ਕੀਤਾ ਹੋਵੇ। ਭਾਈ ਸੁਨੀਲ ਇਸ ਦੀ ਪ੍ਰਤੱਖ ਮਿਸਾਲ ਸਨ, ਜਿਹਨਾਂ ਨੇ ਆਪਣੇ ਜੀਵਨ ਦਾ ਦਿਨ-ਰਾਤ ਮਨੁੱਖੀ ਹੱਕਾਂ ਅਤੇ 'ਸਿੱਖ ਨੇਸ਼ਨ' ਵਾਸਤੇ ਸਮਰਪਿਤ ਕੀਤਾ ਹੋਇਆ ਸੀ।
62 ਸਾਲ ਦੇ ਭਾਈ ਸੁਨੀਲ ਕੁਮਾਰ ਸ਼ਰਮਾ ਨੇ ਆਪਣੇ ਜ਼ਿੰਦਗੀ ਪੰਜਾਬ ਤੋਂ ਸ਼ੁਰੂ ਕਰਕੇ, ਕੈਨੇਡਾ ਤੱਕ, ਚੜ੍ਹਦੀ ਕਲਾ ਵਿੱਚ ਜੀਵੀ। ਉਹਨਾਂ ਦਾ ਜਨਮ 3 ਫਰਵਰੀ 1964 ਨੂੰ ਲੁਧਿਆਣਾ ਵਿਖੇ ਹੋਇਆ। ਛੋਟੀ ਉਮਰ ਚ ਪਿਤਾ ਦਾ ਦੇਹਾਂਤ ਹੋ ਗਿਆ। ਮਾਤਾ ਦੀ ਘਾਲਣਾ ਨਾਲ ਉਹਨਾਂ ਦਾ ਪਾਲਣ-ਪੋਸਣ, ਇੱਕ ਸਿੱਖ ਪਰਿਵਾਰ ਵਿੱਚ ਹੋਇਆ, ਜਿਸ ਕਾਰਨ ਸਿੱਖੀ ਦੀ ਗੁੜ੍ਹਤੀ ਉਹਨਾਂ ਨੂੰ ਬਚਪਨ ਤੋਂ ਹੀ ਮਿਲੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਉਹਨਾਂ ਦੀ ਮਿੱਤਰਤਾ ਦਾ ਘੇਰਾ ਵਿਸ਼ਾਲ ਹੋਇਆ ਅਤੇ ਮਨੁੱਖੀ ਚੇਤਨਾ ਵੱਧਦੀ ਗਈ।
ਕੈਨੇਡਾ ਆਉਣ ਮਗਰੋਂ, ਸਭ ਤੋਂ ਅਹਿਮ ਗੱਲ, ਨਵੰਬਰ 1984 ਵੇਲੇ ਭਾਰਤ ਵਿੱਚ ਸਰਕਾਰੀ ਸ਼ਹਿ 'ਤੇ ਹੋਈ ਸਿੱਖ ਨਸਲਕੁਸ਼ੀ ਦੇ ਮੁੱਦੇ 'ਤੇ, ਭਾਈ ਸੁਨੀਲ ਕੁਮਾਰ ਨੇ ਜੀਵਨ ਸਮਰਪਣ ਕਰ ਦਿੱਤਾ। 1999 ਤੋਂ ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਚੇਤੇ ਕਰਦਿਆਂ, ਕੈਨੇਡਾ ਦੀ ਧਰਤੀ ਤੋਂ 'ਖੂਨਦਾਨ ਮੁਹਿੰਮ' ਦੀ ਸ਼ੁਰੂਆਤ 'ਸਿੱਖ ਨੇਸ਼ਨ' ਵੱਲੋਂ ਕੀਤੀ ਗਈ, ਜਿਸ ਦੇ ਮੁੱਢ ਤੋਂ ਹੀ ਭਾਈ ਸੁਨੀਲ ਕਦਮ ਮਿਲਾ ਕੇ ਚੱਲੇ ਅਤੇ ਇਹ ਸਫਰ ਸ਼ੁਰੂ ਕਰਕੇ ਆਖਰੀ ਸਾਹਾਂ ਤੱਕ ਜਾਰੀ ਰੱਖਿਆ। ਕੈਨੇਡਾ, ਅਮਰੀਕਾ, ਆਸਟਰੇਲੀਆ ਤੋਂ ਲੈ ਕੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ 'ਚ ਸਿੱਖ ਨੇਸ਼ਨ ਦੇ ਖੂਨਦਾਨ ਮੁਹਿੰਮ ਵਿੱਚ, ਉਹ ਅਣਥਕ ਸੇਵਾਦਾਰ ਵਜੋਂ ਵਿਚਰਦੇ ਰਹੇ ਅਤੇ ਸਾਰਿਆਂ ਨੂੰ ਪ੍ਰੇਰਨਾ ਦਿੰਦੇ ਰਹੇ। ਉਹਨਾਂ ਦੇ ਸੁਭਾਅ ਦਾ ਹਿੱਸਾ ਸੀ ਕਿ ਉਹ 'ਸਭ ਨੂੰ ਜੋੜਨ' ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਅਜਿਹਾ ਕਰਦਿਆਂ ਉਹ 'ਸਿਧਾਂਤ' ਨੂੰ ਪਿੱਠ ਨਹੀਂ ਸੀ ਦਿਖਾਉਂਦੇ। ਸੰਘਰਸ਼ਸ਼ੀਲ ਆਗੂ ਵਜੋਂ ਉਹਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ 30ਵੀਂ ਸ਼ਹੀਦੀ ਸਮਾਗਮ ਆਪਣੀ ਨਿਗਰਾਨੀ ਹੇਠ ਕੀਤਾ ਅਤੇ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ 'ਇਕ-ਮੁਠ' ਹੋਣ ਦਾ ਸੱਦਾ ਦਿੱਤਾ। ਸਮਾਗਮ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਦੀ ਮੌਜੂਦਗੀ 'ਚ ਵੀਰ ਸੁਨੀਲ ਨੇ ਸਭ ਨੂੰ, ਪੰਥ ਕੌਮ ਦੀ ਚੜਦੀ ਕਲਾ ਲਈ ਇਕੱਠੇ ਹੋ ਕੇ, ਕਦਮ ਮਿਲਾ ਕੇ ਤੁਰਨ ਦਾ ਸੁਨੇਹਾ ਦਿੱਤਾ। ਇਹੀ ਉਹਨਾਂ ਦਾ 'ਆਖਰੀ ਪੰਥਕ ਪੈਗ਼ਾਮ' ਕਿਹਾ ਜਾ ਸਕਦਾ ਹੈ।
ਭਾਈ ਸੁਨੀਲ ਕੁਮਾਰ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਇਸ ਦੌਰਾਨ ਇਲਾਜ ਲਈ ਹੈਲੀਫੈਕਸ ਜਾਣ ਲੱਗਿਆਂ, ਉਹਨਾਂ ਮਿਲਣ ਦਾ ਸੁਨੇਹਾ ਭੇਜਿਆ। ਡੈਲਟਾ ਵਾਲੇ ਘਰ ਲੰਮੀ ਮੁਲਾਕਾਤ ਹੋਈ ਅਤੇ ਉਹਨਾਂ ਬੜੇ ਰਮਜ਼-ਭਰਪੂਰ ਵਲਵਲੇ ਸਾਂਝੇ ਕੀਤੇ। ਵੀਰ ਸੁਨੀਲ ਕੁਮਾਰ ਸ਼ਰਮਾ ਦੀ ਦਿਲੀ-ਪਸੰਦ ਕਿਤਾਬ 'Reduced to Ashes' ਦਾ ਪੰਜਾਬੀ ਅਨੁਵਾਦ "ਜੋ ਰਾਖ ਹੋ ਗਏ.." ਦਾ ਪਹਿਲਾ ਸੈਟ, ਉਹਨਾਂ ਨੂੰ ਦਿੱਤਾ, ਇਹ ਵਾਅਦਾ ਕਰਦਿਆਂ ਕਿ ਜਲਦੀ ਉਹ ਠੀਕ ਹੋ ਕੇ ਮੁੜਨਗੇ ਅਤੇ 'ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਗਵਾਹੀ ਵਾਲੀ' ਇਹ ਕਿਤਾਬ ਲੋਕ-ਅਰਪਣ ਕਰਾਂਗੇ।
ਫਤਿਹ ਬੁਲਾਉਣ ਤੋਂ ਪਹਿਲਾਂ, ਭਾਈ ਸੁਨੀਲ ਨੇ ਪਰਿਵਾਰ ਵਿੱਚ ਬੈਠ ਕੇ ਜੋ ਇੱਕ ਗੱਲ ਹੋਰ ਕਹੀ, ਉਹ ਸਦਾ ਹੀ ਉਹਨਾਂ ਦੀ ਰੂਹਾਨੀ ਪੱਧਰ 'ਤੇ ਪਾਵਨ ਸੋਚ ਚੇਤੇ ਕਰਾਉਂਦੀ ਰਹੇਗੀ। ਉਹਨਾਂ ਦੇ ਇਹ ਸ਼ਬਦ ; "ਮੇਰੀ ਇੱਛਾ ਹੈ ਕਿ ਮੈਂ "ਖੰਡੇ ਦਾ ਪਾਹੁਲ ਛਕਾਂ ਅਤੇ ਸਿੰਘ ਸਜਾਂ!" ਉਹਨਾਂ ਵਾਪਸ ਆਉਣ ਦੀ 10 ਜੁਲਾਈ ਦੀ ਟਿਕਟ ਵੀ ਲਈ ਹੋਈ ਸੀ, ਪਰ ਅਕਾਲ ਪੁਰਖ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿਸ ਦੀ ਰਜ਼ਾ ਤੇ ਭਾਣੇ ਵਿੱਚ ਸਦਾ ਰਹਿਣਾ ਬਣਦਾ ਹੈ। ਭਾਈ ਸੁਨੀਲ ਕੁਮਾਰ ਜੀ ਨੇ 16 ਜੁਲਾਈ 2026 ਨੂੰ ਆਖਰੀ ਸਵਾਸ ਲਏ। ਉਹ ਆਪਣੇ ਪਿੱਛੇ ਸਤਿਕਾਰਯੋਗ ਮਾਤਾ ਜੀ, ਪੁੱਤਰ, ਸੁਪਤਨੀ, ਭੈਣ ਦੇ ਪਰਿਵਾਰ ਸਮੇਤ ਸੱਜਣਾਂ, ਪਿਆਰਿਆਂ, ਮਿੱਤਰਾਂ, ਸਨੇਹੀਆਂ ਅਤੇ ਪੰਥ ਕੌਮ ਦੇ ਦਰਦੀਆਂ ਦਾ ਵਿਸ਼ਾਲ ਪਰਿਵਾਰ ਛੱਡ ਗਏ ਹਨ। ਸਤਿਗੁਰੂ 'ਸਿੱਖ ਨੇਸ਼ਨ' ਦੇ ਸੇਵਾਦਾਰ ਨੂੰ ਆਪਣੇ ਵਿੱਚ ਸਦੀਵੀ ਵਲੀਨਤਾ ਬਖਸ਼ਣ ਅਤੇ ਅਤੇ ਪਿੱਛੇ ਪਰਿਵਾਰ, ਪੰਥ-ਕੌਮ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਭਾਈ ਸੁਨੀਲ ਜੀ ਦਾ ਸਸਕਾਰ ਹੈਲੀਫੈਕਸ ਵਿਖੇ ਪਰਿਵਾਰ ਦੀ ਇੱਛਾ ਅਨੁਸਾਰ ਕਰ ਦਿੱਤਾ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਆਪ ਜੀ ਦੇ ਨਮਿੱਤ ਗੁਰਦੁਆਰਾ ਸੁੱਖ ਸਾਗਰ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿੰਸਟਰ ਵਿਖੇ 24 ਜੁਲਾਈ, ਸ਼ੁਕਰਵਾਰ ਨੂੰ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਅਖੰਡ ਪਾਠ ਆਰੰਭ ਹੋਣਗੇ, ਜਿਹਨਾਂ ਦੇ ਭੋਗ 26 ਜੁਲਾਈ ਨੂੰ ਪਾਏ ਜਾਣਗੇ। ਸਭ ਸੰਗਤਾਂ ਨੂੰ ਇਸ ਮੌਕੇ 'ਤੇ ਵੱਧ ਚੜ ਕੇ ਸ਼ਾਮਿਲ ਹੋਣ ਦਾ ਸੱਦਾ ਹੈ, ਤਾਂ ਕਿ ਮਹਾਨ ਸ਼ਖਸੀਅਤ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ ਅਤੇ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਸਕੀਏ। ਭਾਈ ਸੁਨੀਲ ਸ਼ਰਮਾ ਦੇ ਜਿਸਮਾਨੀ ਵਿਛੋੜੇ 'ਤੇ ਅਫਸੋਸ ਕਰਨ ਜਾਂ ਰੋਣ ਦੀ ਥਾਂ, ਸਾਨੂੰ ਚੜਦੀ ਕਲਾ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਉਹਨਾਂ ਦੀ ਸੇਵਾ ਆਪਣੇ ਦਰ ਪ੍ਰਵਾਨ ਕਰਨ। ਉਹਨਾਂ ਦੇ ਆਖ਼ਰੀ ਸਨੇਹੇ ਮੁਤਾਬਿਕ, ਸਮੂਹ ਪੰਥ "ਇੱਕ ਮੰਚ 'ਤੇ ਇਕੱਠਾ ਹੋ ਕੇ" ਇਨਸਾਫ ਦਾ ਸੰਘਰਸ਼ ਜਾਰੀ ਰੱਖੇ। ਭਾਈ ਸੁਨੀਲ ਜੀ ਵਿਚਾਰਾਂ ਅਤੇ ਪ੍ਰੇਰਨਾਵਾਂ ਦੇ ਰੂਪ ਵਿੱਚ, ਸਦਾ ਹੀ ਸਾਡੇ ਨਾਲ ਹਨ ਅਤੇ ਪਾਤਰ ਜੀ ਦੇ ਇਹਨਾਂ ਕਥਨਾਂ ਵਾਂਗ ਨਾਲ ਹੀ ਰਹਿਣਗੇ ;
"ਜਦੋਂ ਤੱਕ ਸ਼ਬਦ ਜਿਉਂਦੇ ਨੇ, ਸੁਖਨਵਰ ਜੀਣ ਮਰ ਕੇ ਵੀ,
ਉਹ ਕੇਵਲ ਜਿਸਮ ਹੁੰਦੇ ਨੇ, ਜੋ ਸਿਵਿਆਂ ਵਿੱਚ ਸੁਆਹ ਬਣਦੇ।
ਮੈ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ।"
ਮੂਲਵਾਸੀਆਂ ਦੀ ਨਸਲਕੁਸ਼ੀ ਤੋਂ ਕੈਨੇਡਾ ਦੀ ਸਥਾਪਨਾ ਤੱਕ ਦਾ ਸਫਰ - ਡਾ. ਗੁਰਵਿੰਦਰ ਸਿੰਘ
ਪਹਿਲੀ ਜੁਲਾਈ ਦਾ ਦਿਹਾੜਾ ਹਰ ਸਾਲ ਕੈਨੇਡਾ ਦੇ ਸਥਾਪਨਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। 1 ਜੁਲਾਈ 1867 ਈਸਵੀ ਨੂੰ ਕਾਨਫੈਡਰੇਸ਼ਨ ਰਾਹੀਂ ਕੈਨੇਡੀਅਨ ਪ੍ਰੋਵਿੰਸ ਇਕੱਠੇ ਹੋ ਕੇ, ਸੰਯੁਕਤ ਕੈਨੇਡਾ ਦੇ ਰੂਪ 'ਚ ਉੱਭਰੇ ਸਨ, ਜਿਸ ਵਿੱਚ ਮਗਰੋਂ ਹੋਰ ਪ੍ਰੋਵਿੰਸ ਵੀ ਜੁੜਦੇ ਗਏ, ਜਿਸ ਦੇ ਆਧਾਰ 'ਤੇ ਇਸ ਦਿਹਾੜੇ ਨੂੰ 'ਕੈਨੇਡਾ ਡੇਅ' ਵਜੋਂ ਮਨਾਏ ਜਾਣ ਦੀ ਪਿਰਤ ਪਈ। 'ਕੈਨੇਡਾ' ਸ਼ਬਦ ਮੂਲਵਾਸੀ ਅਰੋਕਵੀਨ ਭਾਈਚਾਰੇ ਦੇ ਲੋਕਾਂ ਦੀ ਬੋਲੀ ਤੋਂ ਆਇਆ ਹੈ, ਅਸਲ ਸ਼ਬਦ 'ਕਨਾਟਾ' ਹੈ, ਜਿਸ ਦਾ ਅਰਥ ਹੈ 'ਪਿੰਡ'। ਕਹਿਣ ਨੂੰ ਚਾਹੇ ਕੈਨੇਡਾ ਨੂੰ 'ਪਰਵਾਸੀਆਂ ਦੀ ਧਰਤੀ' ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਪਰ ਅਸਲ ਵਿੱਚ ਇਹ ਇੰਡਿਜਿਨਸ ਭਾਈਚਾਰਿਆਂ ਦੀ ਧਰਤੀ ਹੈ, ਜੋ ਕਿ ਇੱਥੋਂ ਦੇ ਮੂਲ ਵਸਨੀਕ ਹਨ। ਜਦੋਂ ਤੋਂ ਯੂਰਪੀਅਨ ਕੌਮਾਂ ਨੇ ਚਰਚ ਦੇ ਆਦੇਸ਼ 'ਤੇ ਕੈਨੇਡਾ ਆ ਕੇ ਇਨ੍ਹਾਂ ਮੂਲਵਾਸੀ ਲੋਕਾਂ 'ਤੇ ਜਬਰ ਢਾਹੁਣੇ ਸ਼ੁਰੂ ਕੀਤੇ, ਉਦੋਂ ਤੋਂ ਕੈਨੇਡੀਅਨ ਇਤਿਹਾਸ ਇੱਥੋਂ ਦੀਆਂ ਮੂਲ ਕੌਮਾਂ ਦੀ ਬੋਲੀ ਅਤੇ ਸੱਭਿਆਚਾਰ ਦੀ ਨਸਲਕੁਸ਼ੀ ਦਾ ਇਤਿਹਾਸ ਬਣ ਗਿਆ।
ਧਰਤ ਕਨੇਡਾ ਦਾ ਪੜ੍ਹੋ, ਦੁਖਦਾਈ ਇਤਿਹਾਸ
ਹਮਲਾਵਰ ਮਾਲਕ ਬਣੇ, ਮਾਲਕ ਬਣ ਗਏ ਦਾਸ
ਚਾਹੇ ਇਹ ਨਸਲਵਾਦ ਇੱਕ ਤੋਂ ਦੋ ਸਦੀਆਂ ਪਹਿਲਾਂ ਦੇ ਇਤਿਹਾਸ ਦਾ ਕਾਲਾ ਵਰਕਾ ਹੈ, ਪਰ ਅੱਜ ਵੀ ਇਸਦਾ ਕਲੰਕ ਕੈਨੇਡਾ ਨੂੰ ਸ਼ਰਮਸ਼ਾਰ ਕਰ ਰਿਹਾ ਹੈ। ਇਹ ਵੀ ਸੱਚ ਹੈ ਕਈ 'ਅਖੌਤੀ ਲੋਕਰਾਜੀ' ਦੇਸ਼ਾਂ 'ਚ ਮੌਜੂਦਾ ਸਮੇਂ ਇਹੋ-ਜਿਹੇ ਜ਼ੁਲਮ ਜਾਰੀ ਹਨ, ਪਰ ਫਾਸ਼ੀਵਾਦੀ ਸਰਕਾਰਾਂ ਸ਼ਰਮਸਾਰ ਹੋਣ ਦੀ ਥਾਂ ਦਿਨੋਂ-ਦਿਨ ਲੋਕਾਂ 'ਤੇ ਤਸ਼ੱਦਦ ਵਧਾ ਰਹੀਆਂ ਹਨ। ਕੈਨੇਡਾ ਦੇ ਇਤਿਹਾਸ ਦੇ ਕਾਲੇ ਅਧਿਆਇ ਬਾਰੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 22 ਸਤੰਬਰ 2017 ਨੂੰ ਸੰਯੁਕਤ ਰਾਸ਼ਟਰ ਵਿੱਚ ਬੋਲਦਿਆਂ ਕਿਹਾ ਸੀ ਕਿ ਕੈਨੇਡਾ ਅਜੂਬਿਆਂ ਦੀ ਧਰਤੀ ਨਹੀਂ, ਬਲਕਿ 12 ਲੱਖ ਮੂਲਵਾਸੀਆਂ ਸਬੰਧੀ ਨਾਕਾਮੀਆਂ, ਅਪਮਾਨ ਅਤੇ ਬਦਸਲੂਕੀ ਦੇ ਇਤਿਹਾਸ ਤੋਂ ਪ੍ਰਭਾਵਤ ਹੈ, ਜਿਸ ਨੂੰ ਕੌਮਾਂਤਰੀ ਭਾਈਚਾਰਾ ਮਨੁੱਖੀ ਅਧਿਕਾਰਾਂ ਦੇ ਮਾਪਦੰਡਾਂ ਅਨੁਸਾਰ ਸੁਧਾਰਨ ਦੀ ਆਸ ਕਰਦਾ ਹੈ। ਕੈਨੇਡਾ ਦਿਹਾੜਾ ਅਜਿਹੀਆਂ ਗ਼ਲਤੀਆਂ ਦੇ ਪਛਤਾਵੇ ਦਾ ਢੁਕਵਾਂ ਦਿਹਾੜਾ ਹੈ।
ਦਰਅਸਲ 17ਵੀਂ ਸਦੀ ਵਿੱਚ ਕੈਨੇਡਾ ‘ਚ ਫਰਾਂਸ ਬਸਤੀਵਾਦ ਦੇ ਨਾਲ ਹੀ ਮੂਲਵਾਸੀ ਲੋਕਾਂ ਦਾ ਤਬਾਹੀ ਦਾ ਮੁੱਢ ਬੰਨ੍ਹਿਆ ਜਾ ਚੁੱਕਿਆ ਸੀ। ਇੰਗਲੈਂਡ ਚਰਚ, ਰੋਮਨ ਕੈਥੋਲਿਕ ਅਤੇ ਯੂਨਾਈਟਿਡ ਚਰਚ ਸਮੇਤ ਕਈ ਬਸਤੀਵਾਦੀ ਤੇ ਨਸਲਵਾਦੀ ਤਾਕਤਾਂ ਨੇ ਕੈਨੇਡਾ ਦੇ ਨੇਟਿਵ ਲੋਕਾਂ ਨੂੰ ਨਿਸ਼ਾਨਾ ਬਣਾਇਆ।18 ਵੀਂ ਅਤੇ 19ਵੀਂ ਸਦੀ ਦੇ ਦੌਰ ‘ਚ ਇਨ੍ਹਾਂ ਈਸਾਈ ਚਰਚਾਂ ਨੇ ਮੂਲਵਾਸੀਆਂ ਦੀ ਵਿਰਾਸਤ , ਬੋਲੀ ਤੇ ਪਛਾਣ ਖਤਮ ਕਰਨ ਲਈ ਰੈਜ਼ੀਡੈਂਸ਼ੀਅਲ ਅਤੇ ਬੋਰਡਿੰਗ ਸਕੂਲਾਂ ਦਾ ਪੱਤਾ ਖੇਡਿਆ, ਜਿਥੇ ਕਿ ਮੂਲਵਾਸੀਆਂ ਦੇ ਬੱਚਿਆਂ ਨੂੰ ਗ਼ੁਲਾਮ ਬਣਾ ਕੇ ਉਨ੍ਹਾਂ ਦਾ ਹਰ ਪੱਖੋਂ ਸ਼ੋਸ਼ਣ ਕੀਤਾ ਜਾਂਦਾ ਸੀ।
ਓਟਾਰੀਓ ‘ਚ ਫਰੈਂਟਫੋਰਡ ਦੇ ਸਿਕਸ ਨੇਸ਼ਨ ਆਫ਼ ਗੋਲਡਨ ਰਿਵਰ ਦੇ ਮੂਲਵਾਸੀਆਂ ਨੂੰ 1834 ਵਿੱਚ ਮੋਹਾਵਕ ਇਨਸਟੀਟਿਊਟ ਆਫ਼ ਰੈਜ਼ੀਡੈਂਸ਼ੀਅਲ ਸਕੂਲ ਰਾਹੀਂ , ਬੜੇ ਸ਼ਾਤੁਰਾਨਾ ਢੰਗ ਨਾਲ ਕਾਬੂ ਕੀਤਾ ਗਿਆ ਸੀ। ਤਰਕ ਇਹ ਦਿੱਤਾ ਗਿਆ ਕਿ 'ਪਿਛੜੇ ਲੋਕਾਂ ਦੇ ਬੱਚਿਆਂ ਨੂੰ ਸਭਿਅਕ’ ਬਣਾਉਣ ਲਈ ਇਹ ਸਕੂਲ ਖੋਲੇ ਗਏ ਹਨ, ਪਰ ਅਸਲ ਵਿੱਚ ਮੂਲਵਾਸੀਆਂ ਦੀ ਬੋਲੀ ਤੇ ਸਭਿਆਚਾਰ ਦਾ 'ਬੀ ਨਾਸ਼' ਕਰਨ ਦੀ ਇਹ ਨਸਲਵਾਦੀ ਸਾਜ਼ਿਸ਼ ਸੀ। ਅਠਾਰਵੀਂ ਸਦੀ ਤੋਂ ਲੈ ਕੇ ਵੀਹਵੀਂ ਸਦੀ ਤੱਕ ਇਹ ਸਿਲਸਿਲਾ ਚਲਦਾ ਰਿਹਾ। ਇਨ੍ਹਾਂ ਰੈਜ਼ੀਡੈਂਸ਼ੀਅਲ ਅਤੇ ਬੋਰਡਿੰਗ ਸਕੂਲਾਂ ਵਿੱਚ ਬੱਚਿਆਂ ਦੇ ਲਿੰਗਕ ਸ਼ੋਸ਼ਣ ਤੋਂ ਲੈ ਕੇ ਹੱਤਿਆਵਾਂ ਤੱਕ ਦੀਆਂ ਜਾਬਰਾਨਾਂ ਘਟਨਾਵਾਂ ਦੇ ਵੇਰਵੇ ਮਿਲਦੇ ਹਨ। ਇਕ ਖੋਜ ਅਨੁਸਾਰ ਰੋਮਨ ਕੈਥੋਲਿਕ ਚਰਚ ਵੱਲੋਂ 44, ਇੰਗਲੈਂਡ ਚਰਚ ਵੱਲੋਂ 21, ਯੂਨਾਈਟਿਡ ਚਰਚ ਵੱਲੋਂ 13 ਅਤੇ ਕਈ ਹੋਰਨਾਂ ਵੱਲੋਂ ਵੀ ਅਜਿਹੇ ਕਰੀਬ 139 ਸਕੂਲ ਖੋਲੇ ਗਏ ਸਨ, ਜੋ ਕਿ 20ਵੀਂ ਸਦੀ ਤੱਕ ਚਲਦੇ ਰਹੇ। ਮੂਲਵਾਸੀ ਲੋਕਾਂ ਦੇ ਡੇਢ ਲੱਖ ਬੱਚਿਆਂ ਨੂੰ ਇਨ੍ਹਾਂ ‘ਚ ਬੰਦ ਰੱਖਿਆ ਗਿਆ, ਜਿਨ੍ਹਾਂ ‘ਚ 3200 ਤੋਂ ਲੈ ਕੇ 6000 ਤੋਂ ਵੱਧ ਮੌਤਾਂ ਜਾਂ ਹਤਿਆਵਾਂ ਹੋਈਆਂ।
ਚਾਹੇ ਕੈਨੇਡਾ ਦੇ ਮੂਲਵਾਸੀ ਲੰਮੇ ਸਮੇਂ ਤੋਂ ਇਹ ਆਖਦੇ ਆ ਰਹੇ ਹਨ ਕਿ ਉਨ੍ਹਾਂ ਦੇ ਹਜ਼ਾਰਾਂ ਬੱਚੇ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਧਰਤੀ 'ਚ ਦਫਨ ਕਰ ਦਿੱਤੇ ਗਏ ਸਨ, ਪਰ ਹਰ ਵਾਰ ਇਸ ਹਕੀਕਤ ਨੂੰ ਹਮੇਸ਼ਾ ਦਬਾਉਣ ਦੀ ਹੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੰਨ 2021 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਵਿੱਚ ਕੈਥਲਿਕ ਚਰਚ ਅਤੇ ਡੋਮੀਨੀਅਨ ਕੈਨੇਡਾ ਦੀ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ 215 ਬੱਚਿਆਂ ਦੀ ਸਰੀਰਕ ਅੰਗ ਮਿਲਣ ਨਾਲ ਇੰਡਿਜਨਸ ਭਾਈਚਾਰੇ ਅੰਦਰ ਗੁੱਸੇ ਦੀ ਲਹਿਰ ਫੈਲ ਗਈ ਸੀ। ਕਿਹਾ ਜਾਂਦਾ ਹੈ ਕਿ ਇਸ ਸਕੂਲ ਵਿੱਚ ਪੰਜ ਸੌ ਤੋਂ ਵੱਧ ਮੂਲਵਾਸੀ ਬੱਚੇ ਸਨ, ਜਿੱਥੇ ਉਨ੍ਹਾਂ ਨੂੰ ਆਪਣੇ ਵਿਰਸੇ, ਬੋਲੀ ਅਤੇ ਪਛਾਣ ਭੁਲਾ ਕੇ, ਜਬਰੀ ਇਸਾਈ ਬਣਾਇਆ ਜਾਂਦਾ ਸੀ ਅਤੇ ਇੰਗਲਿਸ਼ ਪੜ੍ਹਾਈ ਜਾਂਦੀ ਸੀ। ਇਸ ਸਕੂਲ 1890 ਤੋਂ 1969 ਤੱਕ ਚਲਦਾ ਰਿਹਾ, ਜਿਸ ਵਿਚ ਮੂਲਵਾਸੀ ਬੱਚਿਆਂ ਦੇ ਜਿਸਮਾਨੀ ਸੋਸ਼ਣ ਤੋਂ ਲੈ ਕੇ ਹੱਤਿਆਵਾਂ ਤੱਕ, ਹਰ ਤਰ੍ਹਾਂ ਦਾ ਘਿਨਾਉਣਾ ਅਪਰਾਧ ਹੋਇਆ। ਇਸ ਤੋਂ ਇਲਾਵਾ ਕੈਮਲੂਪਸ ਤੋਂ 215 ਬੱਚਿਆਂ ਦੇ ਸਰੀਰਕ ਅੰਗ ਅਤੇ ਪਿੰਜਰ ਮਿਲਣ 'ਤੇ ਪਛਤਾਵੇ ਵਜੋਂ ਕੈਨੇਡਾ ਦਾ ਝੰਡਾ ਨੀਵਾਂ ਕੀਤਾ ਗਿਆ।
ਕੈਨੇਡਾ ਵਸਦੇ ਸਿੱਖ ਭਾਈਚਾਰੇ ਨੇ 'ਸਿੱਖ ਰਾਈਡਰਜ਼' ਦੀ ਨਾਂ ਹੇਠ ਮੋਟਰਸਾਈਕਲਾਂ ਤੇ ਸਵਾਰ ਹੋ ਕੇ, ਕੈਮਲੂਪਸ ਪਹੁੰਚ ਕੇ ਇਨ੍ਹਾਂ ਪੀੜਤ ਲੋਕਾਂ ਨਾਲ ਹਮਦਰਦੀ ਜਿਤਾਈ, ਜਿਸ ਲਈ ਇੰਡਿਜਨਸ ਵੱਲੋਂ ਸਿੱਖਾਂ ਨੂੰ ਆਪਣੇ ਹਮਦਰਦ ਜਾਣਦਿਆਂ ਧੰਨਵਾਦ ਕੀਤਾ ਗਿਆ ਅਤੇ ਦੁੱਖ ਵਿੱਚ ਸ਼ਰੀਕ ਮੰਨਿਆ ਗਿਆ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਪ੍ਰਧਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੇ ਆਪਣੀ ਸੰਸਥਾ ਵੱਲੋਂ ਮੂਲ ਨਿਵਾਸੀਆਂ ਲਈ ਹਾਅ ਦਾ ਨਾਅਰਾ ਮਾਰਿਆ, ਜਿਸ ਕਰਕੇ ਉਹਨਾਂ ਨੂੰ ਮੂਲ ਨਿਵਾਸੀ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ ਗਿਆ। ਹੋਰਨਾ ਸ਼ਹਿਰਾਂ ਵਿੱਚੋਂ ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਰਿਜਾਈਨਾ ਸ਼ਹਿਰ ਦੇ ਨੇੜਿਓਂ ਇਕ ਹੋਰ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ 751 ਮੂਲਵਾਸੀ ਬੱਚਿਆਂ ਦੇ ਸਰੀਰਕ ਅੰਗ ਮਿਲਣ ਕਾਰਨ ਰੋਹ ਸਿਖਰ 'ਤੇ ਪਹੁੰਚਿਆ। ਪੜਤਾਲ ਅਨੁਸਾਰ ਇਨ੍ਹਾਂ ਮ੍ਰਿਤਕ ਬੱਚਿਆਂ ਦੀ ਘੱਟ ਤੋਂ ਘੱਟ ਉਮਰ, ਤਿੰਨ ਸਾਲ ਤੱਕ ਦੀ ਸੀ, ਜੋ ਕਿ ਹਿਰਦਾ ਵਲੂੰਧਰਨ ਵਾਲਾ ਸੱਚ ਸੀ।
ਇਹ ਰੈਜ਼ੀਡੈਂਸ਼ੀਅਲ ਸਕੂਲ 1899 ਤੋਂ ਲੈ ਕੇ 1997 ਤਕ ਚੱਲਿਆ, ਜਿਸ ਦੇ ਜ਼ੁਲਮ ਦੀ ਦਾਸਤਾਨ ਬੜੀ ਲੰਮੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਕਰਿੱਨਬਰੁਕ ਸ਼ਹਿਰ ਦੇ ਰੈਜ਼ੀਡੈਂਸ਼ੀਅਲ ਸਕੂਲ ਤੋਂ 182 ਬੱਚਿਆਂ ਦੇ ਅੰਗ ਮਿਲਣ ਨਾਲ ਮਾਤਮ ਹੋਰ ਵੀ ਡੂੰਘਾ ਹੋ ਗਿਆ।ਇਹ ਸ਼ਹਿਰ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੀ ਸਰਹੱਦ 'ਤੇ ਕੈਲਗਰੀ ਤੋਂ ਥੋੜ੍ਹੀ ਦੂਰ ਤੇ ਪੈਂਦਾ ਹੈ, ਜਿੱਥੇ ਇਸ ਰੈਜ਼ੀਡੈਂਸ਼ੀਅਲ ਸਕੂਲ ਵਿਚ ਮੂਲ ਨਿਵਾਸੀ ਬਚਿਆ ਦਾ ਅੰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਅਤੇ ਬੱਚਿਆਂ ਦੀਆਂ ਹੱਤਿਆਵਾਂ ਉੱਘੀਆਂ ਹਸਤੀਆਂ ਵੱਲੋਂ ਕੀਤੀਆਂ ਜਾਂਦੀਆਂ ਸਨ। ਅਜਿਹੇ ਹੋਰ ਅਨੇਕਾਂ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ ਕਬਰਾਂ ਪੁੱਟਣ ਨਾਲ ਹੋਰ ਤਲਖ ਹਕੀਕਤਾਂ ਸਾਹਮਣੇ ਆਉਣ ਦੇ ਆਸਾਰ ਹਨ।
ਫੈਡਰੇਸ਼ਨ ਆਫ ਸੋਵੇਰੀਅਨ ਇੰਡਿਜਨਸ ਫਰਸਟ ਨੇਸ਼ਨਜ਼, ਕਾਓਐਸਿਸ ਫਸਟ ਨੇਸ਼ਨ ਅਤੇ ਹੋਰਨਾਂ ਵੱਲੋਂ ਮੂਲਵਾਸੀ ਭਾਈਚਾਰਿਆਂ ਨੇ ਨਿਸ਼ਚਾ ਕੀਤਾ ਹੈ ਕਿ ਜਦੋਂ ਤਕ ਉਹ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਥਾਵਾਂ 'ਤੇ ਸਮੂਹ ਕਬਰਾਂ ਪੁੱਟ ਕੇ ਬੱਚਿਆਂ ਦੀਆਂ ਸਾਰੀਆਂ ਲਾਸ਼ਾਂ ਨਹੀਂ ਕਢਵਾ ਲੈਂਦੇ, ਓਦੋਂ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ। ਮੂਲ ਨਿਵਾਸੀ ਭਾਈਚਾਰੇ ਦੇ ਨਸਲਵਾਦ ਵਿੱਚ ਸ਼ਾਮਿਲ ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਸਕੂਲਾਂ ‘ਚ ਭਰਤੀ ਕਰਨ ਲਈ ਮੂਲਵਾਸੀਆਂ ਦੇ ਬੱਚੇ ਜਬਰੀ ਚੁੱਕੇ ਜਾਂਦੇ ਸਨ। ਪੁਲਿਸ ਦੀਆਂ ਨਸਲਵਾਦੀ ਤੇ ਧੱਕੇਸ਼ਾਹੀ ਦੀਆਂ ਰੌਂਗਟੇ ਖੜੇ ਕਰਨ ਵਾਲੀ ਦਰਦਨਾਕ ਕਹਾਣੀਆਂ ਕੈਨੇਡਾ ਦੀ ਆਰ.ਸੀ. ਐਮ. ਪੀ. ਦਾ ਕਾਲਾ ਇਤਿਹਾਸ ਹਨ। ਇੱਕ ਹੋਰ ਜ਼ਿਕਰਯੋਗ ਗੱਲ ਹੈ ਕਿ ਆਰ ਸੀ ਐੱਮ ਪੀ ਦੇ ਮੂਲ ਵਾਸੀਆਂ ‘ਤੇ ਤਸ਼ੱਦਦ ਦੀ ਬ੍ਰਿਟਿਸ਼ ਕੋਲੰਬੀਆ ਚ ਵਾਪਰੀ ‘ਗਸਟੈਫਸਨ ਲੇਕ’ ਵਾਲੀ ਜ਼ਾਲਮਾਨਾ ਘਟਨਾ ਇਤਿਹਾਸ ਦੇ ਪੰਨਿਆਂ ਤੋਂ ਕਦੀ ਵੀ ਮਿਟ ਨਹੀਂ ਸਕੇਗੀ, ਜਿਸ ਵਿੱਚ ਕੈਨੇਡਾ ਦੇ ਮੂਲਵਾਸੀ ਭਾਈਚਾਰੇ ਦੇ ਲੋਕਾਂ ਉਪਰ ਹਜ਼ਾਰਾਂ ਗੋਲੀਆਂ ਚਲਾ ਕੇ ਉਨ੍ਹਾਂ ਦੀ ਜੱਦੀ-ਪੁਸ਼ਤੀ ਜ਼ਮੀਨ 'ਤੇ ਉਨ੍ਹਾਂ ਦੇ ਰਵਾਇਤੀ ਤਿਉਹਾਰ ਰੋਕਣ ਦੀ ਸਾਜ਼ਿਸ਼ ਰਚੀ ਗਈ ਅਤੇ ਪੂੰਜੀਪਤੀਆਂ ਦਾ ਪੱਖ ਪੂਰਿਆ ਗਿਆ। ਬੀ.ਸੀ. ਦੇ ਤਤਕਾਲੀ ਅਟਾਰਨੀ ਜਨਰਲ ਉੱਜਲ ਦੁਸਾਂਝ ਦੀ ਅਗਵਾਈ ਵਿੱਚ ਹੋਇਆ ਇਹ ‘ਆਰ ਸੀ ਐੱਮ ਪੀ ਦਾ ਪੁਲਿਸ ਅਪ੍ਰੇਸ਼ਨ’ ਕੈਨੇਡਾ ਦੇ ਇਤਿਹਾਸ ਵਿੱਚ, ਕਿਸੇ ਛੋਟੇ ਜਿਹੇ ਮੂਲਵਾਸੀ ਸਮੂਹ ‘ਤੇ ਹੋਈ, ਹੁਣ ਤੱਕ ਦੀ ਸਭ ਤੋਂ ਵੱਡੀ ਹਥਿਆਰਬੰਦ ਪੁਲਿਸ ਕਾਰਵਾਈ ਮੰਨੀ ਜਾਂਦੀ ਹੈ।
ਵੈਨਕੂਵਰ ਦੇ ਉਤਰ ਪੂਰਬ ਵਾਲੇ ਪਾਸੇ 450 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਮੂਲਵਾਸੀ ਲੋਕਾਂ ਦੀ ਜਗ੍ਹਾ ਗਸਟੈਫਸਨ ਲੇਕ ‘ਤੇ ਛੋਟੇ ਜਿਹੇ ਮੂਲਵਾਸੀ ਵਿਅਕਤੀਆਂ ਦੇ ਗਰੁੱਪ ਉੱਪਰ ਮੌਕੇ ਦੇ ਅਟਾਰਨੀ ਜਰਨਲ ਉਜੱਲ ਦੁਸਾਂਝ ਦੇ ਹੁਕਮ ਅਧੀਨ, 15 ਸਤੰਬਰ 1995 ਨੂੰ ਵੱਡੀ ਹਥਿਆਰਬੰਦ ਕਾਰਵਾਈ ਹੋਈ ਸੀ। ਦੁਸਾਂਝ ਨੇ ਖ਼ੁਦ ਮੰਨਿਆ ਕਿ ਛੋਟੇ ਜਿਹੇ 'ਮਿਲੀਟੈਂਟ ਗਰੁਪ' ਨੂੰ ਖਿਦੇਣਨ ਲਈ ਇਹ ਕਾਰਵਾਈ ਅਤਿ ਜ਼ਰੂਰੀ ਸੀ, ਪਰ ਮੂਲਵਾਸੀਆਂ ‘ਤੇ ਏਡੀ ਵੱਡੀ ਫੌਜੀ ਤਾਕਤ ਨੂੰ ਵਰਤਣ ਦੀ ਕਾਰਵਾਈ ਦੀ ਕੈਨੇਡਾ ਭਰ ਦੀਆਂ ਸਮੂਹ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਇੰਡੀਜੀਨੀਅਸ ਸੰਸਥਾਵਾਂ ਸਦਾ ਹੀ ਨਿੰਦਾ ਕਰਦੀਆਂ ਹਨ।
ਇਹ ਗੱਲ ਹੋਰ ਵੀ ਦੁਖਾਂਤਕ ਹੈ ਕਿ ਇੱਕ ਰੰਗਦਾਰ ਭਾਈਚਾਰੇ ਦੇ ਵਿਅਕਤੀ ਦੀ ਅਗਵਾਈ ਵਿੱਚ ਆਰਸੀਐਮਪੀ ਦੀ ਇਹ ਨਸਲਵਾਦੀ ਅਤੇ ਨਫਰਤ ਭਰੀ ਕਾਰਵਾਈ ਹੋਈ, ਜਿਸ ਦੀ ਅਜੇ ਤੱਕ ਉੱਜਲ ਦੁਸਾਂਝ ਨੇ ਮਾਫ਼ੀ ਮੰਗ ਕੇ ਕਲੰਕ ਨੂੰ ਮਿਟਾਉਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਕੈਨੇਡਾ ਵਿਚ ਮੂਲ ਵਾਸੀਆਂ ਪ੍ਰਤੀ ਨਸਲਵਾਦ ਦੀਆਂ ਹੋਰ ਵੀ ਅਨੇਕਾਂ ਘਟਨਾਵਾਂ ਹਨ, ਜਿਨ੍ਹਾਂ ਵਿੱਚ ਆਰਸੀਐਮਪੀ ਨੇ ਵਿਤਕਰੇ ਵਾਲੀ ਪਹੁੰਚ ਦੀ ਵਰਤੋਂ ਕੀਤੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੂਲਵਾਸੀਆਂ ਨਾਲ ਕੈਨੇਡਾ ਦੀ ਧਰਤੀ 'ਤੇ ਹੋਈ ਨਸਲਕੁਸ਼ੀ ਦਾ ਦੁਖਾਂਤ ਨਾ-ਭੁੱਲਣਯੋਗ ਅਤੇ ਨਾ-ਬਖ਼ਸ਼ਣਯੋਗ ਹੈ।
ਅੱਜ ਦੀ ਤਾਰੀਖ਼ ਵਿੱਚ ਵੀ ਇਹ ਨਸਲਵਾਦ ਜਾਰੀ ਹੈ। ਅਸੀਂ ਭੁੱਲੀਏ ਨਾ ਕਿ ਸਾਡੇ ਵੱਡਿਆਂ-ਵਡੇਰਿਆਂ 'ਗ਼ਦਰੀ ਬਾਬਿਆਂ' ਨੇ ਕੈਨੇਡਾ ਦੀ ਧਰਤੀ 'ਤੇ ਮੂਲਵਾਸੀਆਂ ਨੂੰ 'ਵੱਡਿਆਂ' ਵਜੋਂ ਸਤਿਕਾਰ ਦਿੱਤਾ ਸੀ। ਅੱਜ ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਇਨ੍ਹਾਂ ਦੇ ਦੁੱਖ ਵੰਡਾਓਣ ਲਈ ਵਧ- ਚੜ੍ਹ ਕੇ ਅੱਗੇ ਆਈਏ। 'ਲਾਲ ਭਾਰਤੀ' (ਰੈੱਡ ਇੰਡੀਅਨ) ਵਰਗੇ ਅਪਮਾਨਜਨਕ ਸ਼ਬਦਾਂ ਨਾਲ ਸੰਬੋਧਨ ਕਰਨ ਵਾਲੀ ਨਸਲਵਾਦੀ ਅਤੇ ਜਾਤੀਵਾਦੀ ਵਿਤਕਰੇ ਵਾਲੀ ਸੋਚ ਤਿਆਗ ਕੇ, ਇੰਡਿਜਨਸ ਭਾਈਚਾਰੇ ਦਾ ਸਤਿਕਾਰ ਕਰੀਏ ਕਿਉਂਕਿ :
ਰੰਗ ਨਸਲ ਦਾ ਵਿਤਕਰਾ, ਮਾਨਵਵਾਦ ਖਿਲਾਫ਼
ਭਿੰਨ-ਭੇਦ ਦੇ ਲੱਛਣੀ, ਜੀਵਨ ਬਣੇ ਸਰਾਪ
ਪਹਿਲੀ ਜੁਲਾਈ, ਕੈਨੇਡਾ ਦਿਹਾੜੇ 'ਤੇ ਮੂਲ ਵਾਸੀ ਲੋਕਾਂ ਦਾ ਹਾਰਦਿਕ ਧੰਨਵਾਦ ਹੈ, ਜਿਨ੍ਹਾਂ ਦੀ ਧਰਤੀ 'ਤੇ ਅੱਜ ਦੁਨੀਆਂ ਭਰ ਦੇ ਲੋਕ ਬਹੁ-ਸੱਭਿਆਚਾਰਕ, ਬਹੁ- ਧਰਮੀ, ਬਹੁ-ਰੰਗੀ ਢਾਂਚੇ ਅਤੇ ਮਨੁੱਖੀ ਅਧਿਕਾਰਾਂ ਦਾ ਆਨੰਦ ਮਾਣ ਰਹੇ ਹਨ।
ਕੈਨੇਡਾ ਦਿਹਾੜੇ 'ਤੇ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਦੇ ਇਤਿਹਾਸਕ ਸਫ਼ਰ ਬਾਰੇ ਸੰਖੇਪ ਰੂਪ ਵਿੱਚ ਵਿਚਾਰ ਕਰਨਾ ਲਾਹੇਵੰਦ ਹੋਏਗਾ। ਇਹ ਜਾਨਣਾ ਵੀ ਜ਼ਰੂਰੀ ਹੈ ਕਿਹੜੇ ਕਾਰਨਾਂ ਕਰਕੇ ਆਪਣੀ ਜੰਮਣ ਭੋਇੰ ਛੱਡ ਕੇ ਪੰਜਾਬੀ, ਕੈਨੇਡਾ ਆ ਵਸੇ। ਪੰਜਾਬ ਤੋਂ ਕੈਨੇਡਾ ਸਣੇ ਉੱਤਰੀ ਅਮਰੀਕਾ 'ਚ ‘ਪੰਜਾਬੀ ਡਾਇਸਪੋਰਾ' ਦੀ ਵਿਸ਼ਾਲ ਪੱਧਰ ਤੇ ਪਛਾਣ 1897 ਤੋਂ ਬਾਅਦ ਬਣਨੀ ਸ਼ੁਰੂ ਹੁੰਦੀ ਹੈ, ਜਦੋਂ ਬ੍ਰਿਟਿਸ਼ ਫ਼ੌਜ ਦੇ ਸਾਬਕਾ ਸਿੱਖ ਸਿਪਾਹੀ ਪ੍ਰਸ਼ਾਂਤ ਮਹਾਂਸਾਗਰ ਦੇ ਕਿਨਾਰੇ 'ਤੇ ਵਸਦੀ ਖ਼ੂਬਸੂਰਤ ਧਰਤੀ ਨੂੰ ਆਪਣਾ ਟਿਕਾਣਾ ਬਣਾਉਂਦੇ ਹਨ। ਸਭਿਆਚਾਰਕ ਪਛਾਣ ਅਤੇ ਭਾਸ਼ਾ ਨੂੰ, ਹਰ ਥਾਂ ਨਾਲ ਲਿਜਾਉਣ ਵਾਲੇ ਸਿੱਖਾਂ ਦੇ ਕੈਨੇਡਾ ਅਤੇ ਅਮਰੀਕਾ 'ਚ ਪਹਿਲਾਂ ਵਸੇ ਬਜ਼ੁਰਗਾਂ ਨੂੰ, ਚਾਹੇ ਬੇਗਾਨੀ ਧਰਤੀ 'ਤੇ ਅਨੇਕਾਂ ਨਸਲੀ ਹਮਲਿਆਂ ਅਤੇ ਭਾਸ਼ਾਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਹ ਆਪਣੀ ਜ਼ੁਬਾਨ ਤੇ ਪਛਾਣ ਕਾਇਮ ਰੱਖਦੇ ਹਨ। ਅਸਲ ਵਿਚ ਗ਼ੁਲਾਮੀ ਦਾ ਅਹਿਸਾਸ ਇਨ੍ਹਾਂ ਲੋਕਾਂ ਨੂੰ ਉਸ ਵੇਲੇ ਹੁੰਦਾ ਹੈ, ਜਦੋਂ 30 ਕਰੋੜ ਆਬਾਦੀ ਵਾਲੇ ਦੇਸ਼ ਦੇ ਵਾਸੀਆਂ ਨੂੰ ਮੁੱਠੀ ਭਰ ਅੰਗਰੇਜ਼ਾਂ ਵੱਲੋਂ ਗ਼ੁਲਾਮ ਬਣਾਏ ਜਾਣ ਦੇ ਕਿੱਸੇ ਮਿਹਣੇ ਤੇ ਤਾਅਨੇ ਬਣ ਕੇ ਪੰਜਾਬੀਆਂ ਦੇ ਸੀਨੇ ਚੀਰਦੇ ਹਨ, ਤਦ ਉਨ੍ਹਾਂ ਦੇ ਵਲੂੰਧਰੇ ਮਨਾਂ 'ਚੋਂ ਇਹ ਬੋਲ ਵਾਰ-ਵਾਰ ਨਿਕਲਦੇ ਹਨ,
‘ਦੇਸ ਪੈਣ ਧੱਕੇ, ਬਾਹਰ ਮਿਲੇ ਢੋਈ ਨਾ,
ਸਾਡਾ ਪਰਦੇਸੀਆਂ ਦਾ, ਦੇਸ ਕੋਈ ਨਾ'
ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੇ ਸੰਦਰਭ ਵਿਚ 20ਵੀਂ ਸਦੀ ਦੇ ਆਰੰਭ ਵਿਚ ਉੱਠੀ ਗ਼ਦਰ ਲਹਿਰ ਖਾਸ ਮਹੱਤਵ ਰੱਖਦੀ ਹੈ, ਕਿਉਂਕਿ ਇਹ ਪਹਿਲੀ ਅਜਿਹੀ ਤਹਿਰੀਕ ਸੀ, ਜਿਸ ਨੇ ਕੈਨੇਡਾ ਤੇ ਅਮਰੀਕਾ ਵਿਚ ਹੀ ਨਹੀਂ, ਬਲਕਿ ਦੁਨੀਆਂ ਭਰ ਵਿਚ ਖਿੰਡੇ ਪੰਜਾਬੀਆਂ ਨੂੰ ਜੱਥੇਬੰਦ ਕਰਨ 'ਚ ਇਤਿਹਾਸਕ ਭੂਮਿਕਾ ਨਿਭਾਈ। ਇਸ ਸਬੰਧ ਵਿਚ 1909 ਵਿਚ ਕੈਨੇਡਾ ਦੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੇ ਪਹਿਲੇ ਸਥਾਨ, ਤੇ ਸਾਬਕਾ ਸਿੱਖ ਫ਼ੌਜੀਆਂ ਨੇ ਇਕੱਠਿਆਂ ਹੋ ਕੇ ਅੰਗਰੇਜ਼ਾਂ ਵੱਲੋਂ ਦਿੱਤੇ ਮੈਡਲ, ਇਨਸਿਗਨੀਏ ਅਤੇ ਵਰਦੀਆਂ ਸਾੜਦਿਆਂ, ਇਕ ਵਾਰ ਫੇਰ ਗ਼ੁਲਾਮੀ ਦਾ ਜੂਲ ਗਲ਼ੋਂ ਲਾਹੁਣ ਲਈ ਐਲਾਨੇ-ਏ-ਜੰਗ ਕੀਤਾ।
ਗੁਰੂ ਨਾਨਕ ਜਹਾਜ਼ ਨੂੰ ਕੈਨੇਡਾ ਦੀ ਧਰਤੀ ਤੋਂ ਮੋੜਨਾ ਨਸਲਵਾਦ ਦਾ ਇੱਕ ਨਸਲਵਾਦ ਦਾ ਇੱਕ ਭਿਆਨਕ ਵਰਤਾਰਾ ਸੀ। ਕੈਨੇਡਾ ਦੀ ਧਰਤੀ 'ਤੇ ਆਣ ਵਸੇ ਪੰਜਾਬੀ ਅਜ਼ਾਦੀ ਦੀ ਲਹਿਰ ਵਿਚ ਕੁੱਦਣ ਵਾਸਤੇ, ਕਰੜੀ ਮਿਹਨਤ ਸਦਕਾ ਕਾਇਮ ਕੀਤੀਆਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਅਤੇ ਡਾਲਰਾਂ ਨੂੰ ਤਿਆਗਦੇ ਹੋਏ, ਫ਼ਾਂਸੀਆਂ ਦੇ ਹਾਰ ਆਪਣੇ ਗਲਾਂ ਵਿਚ ਪਵਾ ਗਏ। ਜਿਹੜੇ ਇਹ ਆਖਦੇ ਹਨ ਕਿ ਪੰਜਾਬੀਆਂ ਦੇ ਵਿਦੇਸ਼ਾਂ ਵਿਚ ਵਸਣ ਲਈ ਰੋਜ਼ੀ-ਰੋਟੀ ਲਈ ਅਤੇ ਆਰਥਿਕਤਾ ਹੀ ਮੁੱਖ ਕਾਰਨ ਹਨ, ਉਹ ਇਹ ਵਿਸਾਰ ਦਿੰਦੇ ਹਨ ਕਿ ਪੰਜਾਬੀਆਂ ਦੇ ਘਰੋਂ ਬੇਘਰ ਹੋ ਕੇ ਮੁੜ ਬੇਗਾਨੀ ਧਰਤੀ ਤੋਂ ਉੱਜੜਨ ਅਤੇ ਦੇਸ਼ ਵਾਸੀਆਂ ਲਈ ਘਰ ਵਸਾਉਣ ਪਿੱਛੇ, ਧਨ ਦੌਲਤ ਨੂੰ ਤਿਆਗਣ ਅਤੇ ਸ਼ਹੀਦੀਆਂ ਪਾਉਣ ਦੀ ਮੂਲ ਭਾਵਨਾ ਹੀ ਕੰਮ ਕਰਦੀ ਹੈ।
ਕੈਨੇਡਾ ਵਿਚ ਭਾਰਤ ਦੀ ਵੰਡ ਤੋਂ ਬਾਅਦ ਪੰਜਾਬ ਦੀ ਧਰਤੀ ਤੋਂ ਆ ਵਸੇ ਪੰਜਾਬੀਆਂ ਲਈ ਅਜਿਹੇ ਕਾਰਨ ਨਜ਼ਰ ਆਉਂਦੇ ਹਨ, ਜਿਨ੍ਹਾਂ ਵਿਚ ਦੇਸ਼ ਅੰਦਰ ਨਵੀਂ ਸਾਮਰਾਜਵਾਦ ਨੀਤੀ ਅਧੀਨ ਪੈਦਾ ਹੋਏ ਬੁਰਜ਼ੂਆ ਢਾਂਚੇ ਦੀ ਧੱਕੇਸ਼ਾਹੀ, ਗ਼ੁਲਾਮੀ ਦੇ ਬਦਲਵੇਂ ਰੂਪ ਵਿਚ ਭਾਰੂ ਹੋਈ ਮਿਲਦੀ ਹੈ। ਪੰਜਾਬ ਛੱਡ ਕੇ ਕੈਨੇਡਾ ਆ ਵਸੇ ਪੰਜਾਬੀਆਂ ਦੇ ਤੁਲਨਾਤਮਕ ਜੀਵਨ ਸੰਘਰਸ਼, ਸਰਕਾਰੀ ਜਬਰ ਅਤੇ ਧੱਕੇਸ਼ਾਹੀਆਂ ਬਾਰੇ ਗੰਭੀਰ ਪ੍ਰਗਟਾਵੇ ਕਰਦਿਆਂ ਲੋਕ ਗਾਇਕ ਗਿੱਲ ਹਰਦੀਪ ਦੀਆਂ ਗਾਈਆਂ ਤੇ ਗੀਤਕਾਰ ਸੁਤਵਿੰਦਰ ਸਿੱਧੂ ਦੀਆਂ ਲਿਖੀਆਂ ਇਹ ਸਤਰਾਂ 'ਕੁੱਜੇ ਵਿੱਚ ਸਮੁੰਦਰ' ਬੰਦ ਕਰਨ ਦੇ ਤੁਲ ਕਹੀਆਂ ਜਾ ਸਕਦੀਆਂ ਹਨ :
"ਵੇ ਪੁੱਤਾ ਕੰਮ ਕਰਨਾ ਤਾਂ ਉਂਝ ਔਖਾ ਈ ਹੋਣਾ ਏ
ਪਰ ਠਾਣਿਆਂ ਵਿੱਚ ਕੁੱਟ ਖਾਵਣ ਤੋਂ ਤਾਂ ਸੌਖਾ ਈ ਹੋਣਾ ਏ
ਔਖੇ ਝਲਣੇ ਪਟੇ ਘੋਟਣੇ ਮਾਸਪੇਸ਼ੀਆਂ ਲਈ
ਵਸਦਾ ਰਹੇ ਕੈਨੇਡਾ ਮੇਰੇ ਪੁੱਤ ਪਰਦੇਸੀਆਂ ਲਈ"
70ਵਿਆਂ ਤੋਂ ਪੰਜਾਬ ਦੀ ਧਰਤੀ ਤੋਂ ਕੈਨੇਡਾ ਵਸੇ ਪੰਜਾਬੀਆਂ ਲਈ ਇਸ ਖਿੱਤੇ ਦੀ ਚੋਣ ਆਰਜ਼ੀ ਰੂਪ ਵਿਚ ਨਹੀਂ ਹੁੰਦੀ, ਸਗੋਂ ਪੱਕੇ ਵਾਸੀਆ ਵਜੋਂ ਉਹ ਇੱਥੇ ਆ ਕੇ ਆਪਣਾ ‘ਨਵਾਂ ਘਰ' ਵਸਾਉਂਦੇ ਹਨ। ਪੰਜਾਬੀ ਆਪਣੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪਰਿਪੇਖ 'ਚ ਪਛਾਣ ਕਾਇਮ ਕਰਨ ਲਈ 1971 ਦੀ ਕੈਨੇਡਾ ਦੀ ਸਭਿਆਚਾਰਕ ਨੀਤੀ ਦਾ ਭਰਪੂਰ ਫਾਇਦਾ ਉਠਾਉਂਦੇ ਹੋਏ, ਨਵੇਂ ਸੰਘਰਸ਼ ਦੇ ਰਾਹ ਤੁਰਦੇ ਹਨ। ਪਿਛਲੇ ਸਵਾ ਸੌ ਸਾਲ ਵਿਚ ਕੈਨੇਡਾ ਵਸਦੇ ਪੰਜਾਬੀਆਂ ਨੇ ਵਪਾਰ, ਕਾਰੋਬਾਰ ਅਤੇ ਖੇਤੀ ਖੇਤਰ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਅੱਜ ਜਿੱਥੇ ਟਰੱਕ ਅਤੇ ਟੈਕਸੀ ਸਨਅਤ ਵਿਚ ਪੰਜਾਬੀਆਂ ਦੀ ਚੜ੍ਹਤ ਹੈ, ਉੱਥੇ ਕੈਨੇਡਾ ਦੇ ਹਜ਼ਾਰਾਂ ਏਕੜਾਂ 'ਚ ਲੱਖਾਂ ਟਨ ਬਲਿਊਬੇਰੀ, ਰਸਬੇਰੀ ਅਤੇ ਸਟਰਾਬੇਰੀ ਸਮੇਤ ਅਨੇਕਾਂ ਫਸਲਾਂ ਉਗਾ ਕੇ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਦੇ ਰਹੇ ਹਨ।
ਅਹਿਮ ਗੱਲ ਇਹ ਹੈ ਕਿ ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੀ ਦੇਣ ਮੂਲ ਪੰਜਾਬ ਲਈ ਵੀ ਜ਼ਿਕਰਯੋਗ ਹੈ, ਕਿਉਂਕਿ ਬਹੁਤਾਤ ਕੈਨੇਡੀਅਨ ਪੰਜਾਬੀ ਇੱਥੇ ਆ ਕੇ ਨਾ ਸਿਰਫ਼ ਘਰ, ਕੋਠੀਆਂ ਅਤੇ ਜ਼ਮੀਨ ਜਾਇਦਾਦਾਂ ਤੇ ਹੀ ਲੱਖਾਂ ਡਾਲਰ ਖਰਚਦੇ ਹਨ, ਬਲਕਿ ਸਕੂਲਾਂ, ਹਸਪਤਾਲਾਂ, ਸਟੇਡੀਅਮਾਂ, ਖੇਡ ਮੇਲਿਆਂ ਅਤੇ ਮੈਡੀਕਲ ਕੈਂਪਾਂ ਵਿਚ ਵੀ ਆਪਣਾ ਵਿੱਤੋਂ ਵੱਧ ਹਿੱਸਾ ਪਾਉਂਦੇ ਹਨ। ਇਹ ਗੱਲ ਵੱਖਰੀ ਹੈ ਕਿ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਇੱਥੇ ਆ ਕੇ ਵਿਆਹਾਂ-ਸ਼ਾਦੀਆਂ ਅਤੇ ਹੋਰ ਜਸ਼ਨਾਂ ਵਿਚ ਸ਼ੋਹਰਤ ਦੀ ਭੁੱਖ ਕਰਕੇ, ਲੱਖਾਂ ਡਾਲਰ ਨਸ਼ਿਆਂ ਤੇ ਰੋੜ੍ਹ ਕੇ ਹੋਰਨਾਂ ਨੂੰ ਵੀ ਕਲੰਕਿਤ ਕਰਦੇ ਹਨ।
ਕੈਨੇਡਾ ਦਿਹਾੜਾ ਮਨਾਉਂਦੇ ਹੋਏ ਇਹ ਨਾ ਭੁੱਲੀਏ ਕਿ ਇਸ ਧਰਤੀ ਦੇ ਅਸਲੀ ਮਾਲਕ ਮੂਲ ਨਿਵਾਸੀ ਹਨ ਅਤੇ ਇਥੇ ਆ ਕੇ ਵਸੀਆਂ ਕੌਮਾਂ ਸਦਾ ਹੀ ਉਹਨਾਂ ਦੀਆਂ ਦੇਣਦਾਰ ਹਨ!
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ
23 ਜੂਨ 1985 : ਏਅਰ ਇੰਡੀਆ ਦੁਖਾਂਤ ਬਾਰੇ ਲਿਖਤਾਂ 'ਚ ਸਨਸਨੀਖ਼ੇਜ਼ ਖ਼ੁਲਾਸੇ - ਡਾ. ਗੁਰਵਿੰਦਰ ਸਿੰਘ
ਏ
ਅਰ ਇੰਡੀਆ ਬੰਬ ਧਮਾਕੇ ਦਾ ਦੁਖਾਂਤ ਵਾਪਰਿਆਂ 41 ਵਰ੍ਹੇ ਹੋ ਗਏ ਹਨ, ਪਰ ਅਜੇ ਤੱਕ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ਅਜੇ ਵੀ ਇਹ ਸਵਾਲ ਹਵਾ ਵਿੱਚ ਲਟਕ ਰਿਹਾ ਹੈ ਕਿ ਇਸ ਦੁਖਾਂਤ ਦਾ ਮੁੱਖ ਸਾਜਿਸ਼-ਘਾੜਾ ਕੌਣ ਹੈ। 23 ਜੂਨ, 1985 ਦੇ ਦਿਨ, ਮੌਂਟਰੀਅਲ-ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਕਨਿਸ਼ਕ ਉਡਾਣ 182 ਵਿੱਚ ਬਰਤਾਨੀਆ ਦੇ ਹੀਥਰੋ ਹਵਾਈ ਅੱਡੇ ’ਤੇ ਉਤਰਨ ਤੋਂ 45 ਮਿੰਟ ਪਹਿਲਾਂ, ਆਇਰਲੈਂਡ 'ਚ ਬੰਬ ਧਮਾਕਾ ਹੋਇਆ ਸੀ, ਜਿਸ ’ਚ ਜਹਾਜ਼ ਵਿੱਚ ਸਵਾਰ ਸਾਰੇ 329 ਵਿਅਕਤੀ ਮਾਰੇ ਗਏ ਸਨ। ਇਨ੍ਹਾਂ ’ਚ ਘੱਟੋ-ਘੱਟ 268 ਕੈਨੇਡੀਅਨ ਨਾਗਰਿਕ ਸਨ, ਜਿਨ੍ਹਾਂ ’ਚੋਂ ਵਧੇਰੇ ਭਾਰਤੀ ਮੂਲ ਦੇ ਸਨ। ਇਹ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਦਰਦਨਾਕ ਦਹਿਸ਼ਤਗਰਦੀ ਹਮਲਾ ਅਤੇ ਅਣਮਨੁੱਖੀ ਕਾਰਾ ਸੀ। ਦੁਖਦਾਇਕ ਗੱਲ ਇਹ ਹੈ ਕਿ 41 ਸਾਲ ਬੀਤਣ ਦੇ ਬਾਵਜੂਦ ਨਾ ਤਾਂ ਭਾਰਤ ਨੇ ਕਦੇ ਏਅਰ ਇੰਡੀਆ ਬੰਬ ਧਮਾਕੇ ਦੇ ਦੁਖਾਂਤ ਦੀ ਮੁਕੰਮਲ ਜਾਂਚ ਦਾ ਜ਼ੋਰ ਪਾਇਆ ਅਤੇ ਨਾ ਹੀ ਕੈਨੇਡਾ ਨੇ ਸੁਹਿਰਦਤਾ ਨਾਲ ਇਹ ਜਾਂਚ ਕੀਤੀ। ਰੋਇਲ ਕੈਨੇਡੀਅਨ ਮੋਂਟੇਡ ਪੁਲਿਸ ਵੱਲੋਂ ਸੰਨ 2000 ਵਿੱਚ ਏਅਰ ਇੰਡੀਆ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਰਿਪਦਮਨ ਸਿੰਘ ਮਲਿਕ ਅਤੇ ਅਜੈਬ ਸਿੰਘ ਬਾਗੜੀ ਨੂੰ ਕੈਨੇਡਾ ਦੀ ਅਦਾਲਤ ਨੇ ਬਰੀ ਕਰ ਦਿੱਤਾ ਸੀ, ਜਦ ਕਿ ਇੱਕੋ ਇੱਕ ਵਿਅਕਤੀ ਇੰਦਰਜੀਤ ਸਿੰਘ ਰਿਆਤ ਨੂੰ ਸਜ਼ਾ ਸੁਣਾਈ ਸੀ। ਬੰਬ ਧਮਾਕੇ ਦੇ ਮਾਮਲੇ ਦੇ ਸ਼ੁਰੂਆਤੀ ਦੌਰ ਵਿੱਚ ਬੱਬਰ ਖਾਲਸਾ ਆਗੂ ਤਲਵਿੰਦਰ ਸਿੰਘ ਬਬਰ ਨੂੰ ਕੈਨੇਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ, ਪਰ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ। ਬਾਅਦ ਵਿਚ ਜਦੋਂ ਤਲਵਿੰਦਰ ਸਿੰਘ ਬਬਰ ਕੈਨੇਡਾ ਤੋਂ ਪਾਕਿਸਤਾਨ ਅਤੇ ਕਾਠਮੰਡੂ ਹੁੰਦਾ ਹੋਇਆ, ਭਾਰਤ ਪਹੁੰਚਿਆ, ਤਾਂ 7 ਅਕਤੂਬਰ 1992 ’ਚ ਭਾਰਤੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ, ਉਸ ਉੱਪਰ ਸੱਤ ਦਿਨ ਤਸ਼ਦਦ ਕਰਨ ਮਗਰੋਂ 14 ਅਕਤੂਬਰ 1992 ਨੂੰ ਉਸ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਖ਼ਤਮ ਕਰ ਦਿੱਤਾ। ਸਵਾਲ ਇਹ ਹੈ ਕਿ ਤਲਵਿੰਦਰ ਸਿੰਘ ਬਬਰ ਕੈਨੇਡਾ ਦਾ ਨਾਗਰਿਕ ਸੀ, ਪਰ ਭਾਰਤ ਨੇ ਉਸ ਨੂੰ ਕੈਨੇਡਾ ਦੇ ਹਵਾਲੇ ਕਿਉਂ ਨਹੀਂ ਕੀਤਾ ਅਤੇ ਕੈਨੇਡਾ ਨੇ ਵੀ ਆਪਣੇ ਨਾਗਰਿਕ ਦੇ ਭਾਰਤੀ ਪੁਲਿਸ ਵੱਲੋਂ ਝੂਠੇ ਮੁਕਾਬਲੇ ਦੇ ਮਸਲੇ ਨੂੰ ਕਿਉਂ ਨਹੀਂ ਉਠਾਇਆ?
ਜੇਕਰ ਤਲਵਿੰਦਰ ਸਿੰਘ ਬਬਰ ਏਅਰ ਇੰਡੀਆ ਦੁਖਾਂਤ ਦਾ ਮੁਖ ਸਾਜਿਸ਼ ਘਾੜਾ ਸੀ, ਤਾਂ ਫਿਰ ਉਸਨੂੰ ਖਤਮ ਕਿਉਂ ਕੀਤਾ ਗਿਆ, ਪੜਤਾਲ ਕਿਉਂ ਨਹੀਂ ਕਰਵਾਈ ਗਈ? ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੀ ਸਰਕਾਰ ਅਤੇ ਪੁਲਿਸ ਇਸ ਘਿਣਾਉਣੇ ਕਾਰੇ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਸੀ, ਕਿਉਂਕਿ ਏਅਰ ਇੰਡੀਆ ਬੰਬ ਧਮਾਕੇ ਦਾ 'ਅਸਲ ਸਾਜਿਸ਼ ਘਾੜਾ ਕੋਈ ਹੋਰ' ਸੀ, ਜੋ ਭਾਰਤੀ ਖੁਫੀਆ ਤੰਤਰ ਨੂੰ ਦਿਸ਼ਾ- ਨਿਰਦੇਸ਼ ਦੇ ਰਿਹਾ ਸੀ। ਹਕੀਕਤ ਇਹ ਹੈ ਕਿ ਜੂਨ 1984 ਵਿੱਚ ਦਰਬਾਰ ਸਾਹਿਬ ਉੱਪਰ ਭਾਰਤ ਸਰਕਾਰ ਵੱਲੋਂ ਆਪਣੀਆਂ ਫੌਜਾਂ ਰਾਹੀਂ ਕੀਤੇ ਹਮਲੇ ਮਗਰੋਂ, ਦੁਨੀਆਂ ਭਰ ਵਿੱਚ ਸਿੱਖ ਕੌਮ ਨੂੰ 'ਪੀੜਤ' ਮੰਨਿਆ ਜਾ ਰਿਹਾ ਸੀ, ਪਰ ਇੱਕ ਸਾਲ ਦੇ ਵਿਚ-ਵਿਚ ਹੀ ਸਿੱਖਾਂ ਦਾ ਬਿਰਤਾਂਤ ਬਦਲਣਾ ਅਤੇ ਸਾਜਿਸ਼ੀ ਢੰਗ ਨਾਲ ਏਜੰਸੀਆਂ ਵੱਲੋਂ ਏਅਰ ਇੰਡੀਆ ਬੰਬ ਧਮਾਕਾ ਕੀਤਾ ਜਾਣਾ, ਸਿੱਖਾਂ ਨੂੰ ਬਦਨਾਮ ਕਰਨ ਦੀ ਕੋਝ੍ਹੀ ਸਾਜਿਸ਼ ਸੀ। ਸਿਤਮਜ਼ਰੀਫੀ ਇਹ ਹੈ ਕਿ ਇਸ ਧਮਾਕੇ ਵਿਚ ਮਾਰੇ ਜਾਣ ਵਾਲੇ ਬਹੁਤਾਤ ਕੈਨੇਡੀਅਨ ਹੋਣ ਦੇ ਬਾਵਜੂਦ, ਕੈਨੇਡਾ ਨੇ ਵੀ ਇਸ ਨੂੰ 'ਕੈਨੇਡੀਅਨ ਦੁਖਾਂਤ' ਨਹੀਂ ਸਮਝਿਆ ਤੇ ਮੁਕੰਮਲ ਸੱਚਾਈ ਸਾਹਮਣੇ ਨਹੀਂ ਲਿਆਂਦੀ। ਬੇਸ਼ੱਕ ਇਸ ਮਾਮਲੇ ਵਿੱਚ ਕੈਨੇਡਾ ਦੇ ਰਿਟਾਇਰਡ ਜੱਜ ਜੌਹਨ ਮੇਜਰ ਦੀ ਅਗਵਾਈ ਵਿੱਚ ਲੰਮਾ ਮੁਕਦਮਾ ਚੱਲਿਆ, ਪਰ ਬਹੁਤ ਸਾਰੇ ਪੱਖਾਂ ਤੋਂ ਘੋਖ ਪੜਤਾਲ ਮਗਰੋਂ ਪਤਾ ਲੱਗਦਾ ਹੈ ਕਿ ਜਸਟਿਸ ਮੇਜਰ ਦੀ ਜਾਂਚ ਮੁਕੰਮਲ ਨਹੀਂ ਕਹੀ ਜਾ ਸਕਦੀ। ਇਸ ਲੇਖ ਰਾਹੀਂ ਵੱਖ-ਵੱਖ ਲੇਖਕਾਂ ਦੀਆਂ ਏਅਰ ਇੰਡੀਆ ਦੁਖਾਂਤ ਬਾਰੇ ਚਰਚਿਤ ਕਿਤਾਬਾਂ ਅਤੇ ਅਖਬਾਰੀ ਲਿਖਤਾਂ ਨੂੰ ਧਿਆਨ ਵਿੱਚ ਰੱਖਦਿਆਂ, ਉਹਨਾਂ ਵਿਚਲੇ ਸਨਸਨੀਖ਼ੇਜ਼ ਖ਼ੁਲਾਸੇ ਸਾਂਝੇ ਕਰਨ ਦਾ ਯਤਨ ਕੀਤਾ ਗਿਆ ਹੈ।
ਲੇਖਕ ਜ਼ੁਹੈਰ ਕਸ਼ਮੀਰੀ ਤੇ ਬਰਾਇਨ ਮੈਕ ਐਂਡਰਿਊ ਦੀ ਕਿਤਾਬ 'ਸੋਫਟ ਟਾਰਗਟ: ਹਓ ਦਾ ਇੰਡੀਅਨ ਇੰਟੈਲੀਜੈਂਸ ਸਰਵਸਿਸ ਪੈਨੀਟਰੇਟਿਡ ਕੈਨੇਡਾ' 'Soft Target: How the Indian Intelligence Service Penetrated Canada' Zuhair Kashmeri (The Globe and Mail) & Brian McAndrew The Toronto Star, Authors ) ਏਅਰ ਇੰਡੀਆ ਬੰਬ ਧਮਾਕੇ ਦੇ ਦੁਖਾਂਤ ਬਾਰੇ ਲੇਖਕ ਤੇ ਪੱਤਰਕਾਰ ਜ਼ੁਹੈਰ ਕਸ਼ਮੀਰੀ ਦੀ ਕਿਤਾਬ 'ਸਾਫਟ ਟਾਰਗੇਟ' ਖੋਜ ਭਰਪੂਰ ਹੈ, ਇਸ ਰਾਹੀਂ ਪੱਤਰਕਾਰ ਨੇ ਗੁੱਝੇ ਭੇਦ ਅਤੇ ਲੁਕਵੇਂ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਜ਼ੁਹੈਰ ਕਸ਼ਮੀਰੀ ਨੇ ਆਪਣੀਆਂ ਖਬਰਾਂ ਤੇ ਲੇਖਾਂ ਰਾਹੀਂ ਇਹ ਗੱਲ ਸਾਹਮਣੇ ਲਿਆਂਦੀ ਕਿ ਭਾਰਤ ਸਰਕਾਰ ਕੈਨੇਡਾ ਵਿਚ ਇਕ ਖੁਫ਼ੀਆ ਮੁਹਿੰਮ ਚਲਾ ਕੇ, ਸਿੱਖਾਂ ਨੂੰ ਬਦਨਾਮ ਕਰਨ ਦੀਆਂ ਚਾਲਾਂ ਚਲ ਰਹੀ ਸੀ। 23 ਜੂਨ 1985 ਨੂੰ ਹੋਏ ਇੰਡੀਆ ਬੰਬ ਧਮਾਕੇ ਤੋਂ ਚਾਰ ਸਾਲ ਬਾਅਦ ਉਸ ਨੇ ਆਪਣੇ ਸਾਥੀ ਪੱਤਰਕਾਰ ਨਾਲ ਮਿਲ ਕੇ 'ਸੁਖਾਲਾ ਨਿਸ਼ਾਨਾ: ਭਾਰਤੀ ਖੂਫੀਆ ਏਜੰਸੀਆਂ ਦੀ ਕੈਨੇਡਾ ਵਿਚ ਦਖਲ ਅੰਦਾਜ਼ੀ' ਨਾਂ ਦੀ ਕਿਤਾਬ ਲਿਖੀ, ਜਿਸ ਵਿਚ ਇਹ ਗੱਲ ਸਾਹਮਣੇ ਲਿਆਂਦੀ ਗਈ ਕਿ ਕਿਵੇਂ ਕੈਨੇਡਾ ਵਿਚ, ਭਾਰਤੀ ਜਾਸੂਸ ਸਾਲਾਂ ਤੋਂ ਸ਼ੱਕੀ ਤੇ ਖਤਰਨਾਕ ਕਾਰਵਾਈਆਂ ਕਰਕੇ, ਕੈਨੇਡਾ ਦੇ ਸਿੱਖਾਂ ਵਿਚ ਦਖਲ-ਅੰਦਾਜ਼ੀ ਕਰ ਰਹੇ ਸਨ ਤੇ ਉਹਨ੍ਹਾਂ ਨੂੰ ਪੈਰੋਂ ਉਖੇੜਨ ਦੀਆਂ ਕਾਰਵਾਈਆਂ ਕਰ ਰਹੇ ਸਨ। ਇਹ ਕਿਤਾਬ ਦੂਜੀ ਵਾਰ 2005 ਵਿਚ ਛਪੀ ਤੇ ਇਸ ਕਿਤਾਬ ਦਾ ਉੱਪ-ਸਿਰਲੇਖ “ਦਾ ਰੀਅਲ ਸਟੋਰੀ ਬਿਹਾਈਂਡ ਦਾ ਏਅਰ ਇੰਡੀਆ ਡਿਜ਼ਾਸਟਰ” (ਏਅਰ ਇੰਡੀਆ ਧਮਾਕੇ ਦੀ ਅਸਲ ਕਹਾਣੀ) ਰੱਖਿਆ ਗਿਆ। ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਉਣ ਤੋਂ ਕੁਝ ਘੰਟਿਆਂ ਬਾਅਦ, 'ਦ ਗਲੋਬ ਐਂਡ ਮੇਲ' ਨੂੰ ਟੋਰਾਂਟੋ ਦੇ ਭਾਰਤੀ ਕੌਂਸਲ ਜਨਰਲ ਸੁਰਿੰਦਰ ਮਲਿਕ ਦਾ ਇੱਕ ਫੋਨ ਆਉਂਦਾ ਹੈ, ਜਿਸ ਵਿੱਚ ਬੰਬ ਧਮਾਕੇ ਦੇ ਵਿਸਤ੍ਰਿਤ ਵੇਰਵਾ ਅਤੇ ਉਨ੍ਹਾਂ ਲੋਕਾਂ ਦੇ ਨਾਂ ਸਨ, ਜਿਨ੍ਹਾਂ ਬਾਰੇ ਉਸ ਨੇ ਕਿਹਾ ਸੀ ਕਿ ਉਹ ਬੰਬ ਧਮਾਕੇ ਵਿੱਚ ਸ਼ਾਮਲ ਸਨ। ਮਲਿਕ ਨੇ ਦਾਅਵਾ ਕੀਤਾ ਕਿ ਉਸ ਦਾ ਸਰੋਤ ਭਾਰਤੀ ਖ਼ੁਫ਼ੀਆ ਨੈੱਟਵਰਕ ਸੀ, ਜਿਸ ਨੇ ਬੰਬ ਫਿੱਟ ਦੇ ਤਰੀਕਿਆਂ ਅਤੇ ਦੋਸ਼ੀਆਂ ਦੀ ਪਛਾਣ ਦਾ ਪਤਾ ਲਗਾਇਆ ਸੀ।ਭਾਰਤ ਸਰਕਾਰ ਨੇ ਇਸ ਕਿਤਾਬ ਨੂੰ ਬੈਨ ਕਰ ਦਿੱਤਾ ਸੀ ਅਤੇ ਕੈਨੇਡਾ ਨੂੰ ਇਸ ਕਿਤਾਬ ਤੇ ਬੈਨ ਲਾਉਣ ਲਈ ਕਿਹਾ ਸੀ, ਪਰ ਕੈਨੇਡਾ ਸਰਕਾਰ ਨੇ ਕਿਤਾਬ ਤੇ ਬੈਨ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਕੈਨੇਡਾ ਦੇ ਰਿਟਾਇਰਡ ਜੱਜ ਜੌਹਨ ਮੇਜਰ ਦੁਆਰਾ ਚਲਾਏ ਗਏ ਇੰਡੀਆ ਮੁਕਦਮੇ ਦੀ ਸੁਣਵਾਈ ਦੌਰਾਨ, ਸਰਕਾਰੀ ਪੱਖ ਦੀ ਉਲਥਾਕਾਰ ਸੁਰਜੀਤ ਕਲਸੀ ਵੱਲੋਂ ਗੁਰਬਾਣੀ ਅਤੇ ਸਿੱਖ ਰਵਾਇਤਾਂ ਦੇ ਅਰਥਾਂ ਦੇ ਅਨਰਥਾਂ ਦਾ ਮਾਮਲਾ ਵੀ ਗੰਭੀਰ ਹੈ। "ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥" ਗੁਰਬਾਣੀ ਦੀ ਪੰਕਤੀ ਨੂੰ 'ਜਨ' ਦੀ ਥਾਂ 'ਤੇ 'ਜੰਗ' ਦੀ ਅਰਦਾਸ ਕਰਾਰ ਦੇ ਕੇ, ਉਸ ਦਾ ਅਰਥ ਵਿਗਾੜਿਆ ਗਿਆ, ਜੋ ਕਿ ਬਾਅਦ ਵਿੱਚ ਝੂਠਾ ਸਾਬਤ ਹੋਇਆ। ਇਸ ਤਰੀਕੇ ਨਾਲ ਹੀ 'ਇੰਦਰਾ ਗਾਂਧੀ ਮੁਰਦਾਬਾਦ' ਨੂੰ ਇੰਦਰਾ ਗਾਂਧੀ ਨੂੰ ਮਾਰਨਾ ਦੱਸਿਆ ਗਿਆ, ਜਦਕਿ ਮਾਰਨਾ, ਮੁਰਦਾਬਾਦ ਦਾ ਸਮਅਰਥੀ ਸ਼ਬਦ ਨਹੀਂ। 'ਬੋਲੇ ਸੋ ਨਿਹਾਲ' ਦੇ ਜੈਕਾਰੇ ਨੂੰ ਜੰਗੀ ਨਾਅਰੇ ਵਜੋਂ ਪੇਸ਼ ਕਰਕੇ ਵੀ ਅਨਰਥ ਕੀਤੇ ਗਏ ਅਤੇ ਅਜਿਹੇ ਅਨੇਕਾਂ ਹੋਰ ਸਿੱਖ ਵਿਰਾਸਤੀ ਸ਼ਬਦਾਂ ਪ੍ਰਤੀ ਅਦਾਲਤ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਗਿਆ, ਜਿਸ ਨੂੰ ਬਚਾਓ ਪੱਖ ਦੇ ਉਲਥਾਕਾਰ ਪ੍ਰਿੰਸੀਪਲ ਗਿਆਨ ਸਿੰਘ ਕੋਟਲੀ ਨੇ ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਅਰਥ ਕੋਸ਼ਾਂ ਅਤੇ ਇਤਿਹਾਸਿਕ ਹਵਾਲਿਆਂ ਨਾਲ ਪੂਰੀ ਤਰ੍ਹਾਂ ਝੁਠਲਾਇਆ। ਉਹਨਾਂ ਪਾਸ ਹੁਣ ਵੀ ਵਿਸਥਾਰ ਪੂਰਵਕ ਦਸਤਾਵੇਜ਼ ਦੀ ਰੂਪ ਚ ਮੌਜੂਦ ਹਨ, ਜਿਹਨਾਂ ਨੂੰ ਕਿਤਾਬੀ ਰੂਪ ਦੇਣ ਬਾਰੇ ਵਿਚਾਰ ਕੀਤੀ ਜਾ ਰਹੀ ਹੈ, ਤਾਂ ਕਿ ਪੰਜਾਬੀ ਸਾਹਿਤ ਅਤੇ ਵਿਆਕਰਨ ਦੇ ਮਾਹਿਰ ਹੋਣ ਦਾ ਦਾਅਵਾ ਕਰਨ ਵਾਲੇ ਅਜਿਹੇ ਅਨੁਵਾਦਕਾਂ ਦੀ ਅਸਲੀਅਤ ਤੋਂ ਲੋਕ ਜਾਣੂ ਹੋ ਸਕਣ।
ਡਾ. ਗੁਰਵਿੰਦਰ ਸਿੰਘ
604-825-1550
'ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ' 14 ਜੂਨ ਨੂੰ ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ - ਡਾ ਗੁਰਵਿੰਦਰ ਸਿੰਘ
ਸਿੱਖ ਜਗਤ ਵਿੱਚ ਬੇਹਦ ਸਤਿਕਾਰਯੋਗ ਮੁਸਲਿਮ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ ਨੇ ਬੀਤੇ ਦਿਨੀਂ ਪੁਸਤਕ 'ਦਸ਼ਮੇਸ਼ ਪਿਤਾ ਬਖਸ਼ਿਸ਼ ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ ਸੰਭਾਲ' ਸਤਿਕਾਰ ਸਹਿਤ ਬਖਸ਼ੀ, ਤਾਂ ਬੇਅੰਤ ਪ੍ਰਸੰਨਤਾ ਮਹਿਸੂਸ ਹੋਈ। ਰਾਏ ਸਾਹਿਬ ਇਸ ਸਮੇਂ ਪਵਿੱਤਰ ਗੰਗਾ ਸਾਗਰ ਦੀ ਸੇਵਾ ਸੰਭਾਲ ਕਰ ਰਹੇ ਹਨ। ਰਾਏ ਸਾਹਿਬ ਦੇ ਗ੍ਰਹਿ ਵਿਖੇ ਮੁਲਾਕਾਤ ਦੌਰਾਨ ਉਹਨਾਂ ਦੱਸਿਆ ਕਿ ਇਸ ਕਿਤਾਬ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਅਤੇ ਰਾਏ ਕਲ੍ਹਾ ਸਾਹਿਬ ਦੀ ਪਿਆਰ-ਸਤਿਕਾਰ ਅਤੇ ਹੱਕ-ਸੱਚ ਤੇ ਇਨਸਾਫ਼ ਲਈ ਉਠਾਈ ਗਈ ਆਵਾਜ਼ ਨੂੰ ਪਵਿੱਤਰ ਜਜ਼ਬੇ ਨਾਲ ਬਿਆਨ ਕੀਤਾ ਗਿਆ ਹੈ।
ਇਹ ਕਿਤਾਬ ਉੱਘੇ ਵਿਦਵਾਨ ਡਾਕਟਰ ਗੁਰਦੇਵ ਸਿੰਘ ਸਿੱਧੂ ਵੱਲੋਂ ਸੰਪਾਦਿਤ ਕੀਤੀ ਗਈ ਹੈ, ਜੋ 14 ਜੂਨ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਤਾਜ ਪਾਰਕ ਕਨਵੈਂਸ਼ਨ ਸੈਂਟਰ ਸਰੀ ਵਿਖੇ ਰਾਇਕੋਟ ਵਾਸੀਆਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਸਮੇਤ, ਸਮੂਹ ਪ੍ਰੇਮੀਆਂ ਵੱਲੋਂ ਲੋਕ ਅਰਪਣ ਅਰਪਣ ਕੀਤੀ ਜਾਵੇਗੀ। ਹੋਰ ਵੀ ਖੁਸ਼ੀ ਵਾਲੀ ਗੱਲ ਹੈ ਕਿ 20 ਜੂਨ ਨੂੰ ਇਹ ਕਿਤਾਬ ਯੂਰਪ ਵਿੱਚ ਨਾਰਵੇ ਵਿਖੇ ਲੋਕ ਅਰਪਣ ਕੀਤੇ ਜਾਣ ਦੇ ਸਮਾਗਮ ਉਲੀਕੇ ਗਏ ਹਨ ਅਤੇ ਸੰਗਤਾਂ ਨੂੰ ਗੰਗਾ ਸਾਗਰ ਦੇ ਦਰਸ਼ਨ 20 ਜੂਨ ਦੇ ਦਿਨ ਓਸਲੋ ਵਿਚ, ਓਕਰਨ ਸੈਂਟਰ ਵਿਚ ਕਰਵਾਏ ਜਾਣਗੇ। ਗੰਗਾ ਸਾਗਰ ਦੀ ਸੇਵਾ ਸੰਭਾਲ ਕਰਮ ਵਾਲੇ ਰਾਏ ਪਰਿਵਾਰ ਦੀ ਤਵਾਰੀਖ਼ ਸਬੰਧੀ ਡਾ. ਗੁਰਦੇਵ ਸਿੰਘ ਲਿਖਤ ਕਿਤਾਬ ਵੀ ਰਲੀਜ਼ ਕੀਤੀ ਜਾਏਗੀ। ਇਸ ਮੌਕੇ 'ਤੇ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ਵੀ ਕਰਵਾਈ ਜਾਏਗੀ, ਜਿਸ ਵਿਚ ਭਾਰਤ, ਪਾਕਿਸਤਾਨ, ਕਨੇਡਾ, ਅਮਰੀਕਾ, ਇੰਗਲੈਂਡ, ਮਲੇਸ਼ੀਆ, ਸਵੀਡਨ ਆਦਿ ਤੋਂ ਵਿਦਵਾਨ ਸੰਗਤਾਂ ਨੂੰ ਪੰਜਾਬ ਦੇ ਇਤਿਹਾਸ ਸਬੰਧੀ ਅਹਿਮ ਜਾਣਕਾਰੀ ਦੇਣਗੇ। ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਵੱਲੋਂ ਇਸ ਕਿਤਾਬ ਬਾਰੇ ਲਿਖੇ ਸ਼ਬਦ ਵਿਸ਼ੇਸ਼ ਧਿਆਨ ਮੰਗਦੇ ਹਨ : "ਕੁਝ ਹਫ਼ਤੇ ਪਹਿਲਾਂ ਹੀ ਛਪੀ ਇਹ ਕਿਤਾਬ ਇਕ ਕਮਾਲ ਦਾ ਖ਼ਜ਼ਾਨਾ ਹੈ। ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਰਾਏ ਕਲ੍ਹਾ ਨੂੰ ਦਸੰਬਰ 1705 ਵਿਚ ਬਖ਼ਸ਼ਿਸ਼ ਕੀਤੇ "ਗੰਗਾ ਸਾਗਰ" ਦੀ ਤਵਾਰੀਖ਼ ਹੀ ਨਹੀਂ, ਬਲਕਿ ਰਾਏਕੋਟ ਰਿਆਸਤ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਅਤੇ ਲੋਕਾਂ ਸਬੰਧੀ ਬੇਮਸਾਲ ਜਾਣਕਾਰੀ ਦਿੱਤੀ ਹੋਈ ਹੈ। ਮੈਂ ਖ਼ੁਦ ਤਵਾਰੀਖ਼ ਦਾ ਤਾਲਿਬ ਹਾਂ। ਮੈਨੂੰ ਪਤਾ ਹੈ ਕਿ ਖੋਜ ਕਿੰਨਾ ਔਖਾ ਕੰਮ ਹੈ। ਸਹੀ ਤਵਾਰੀਖ਼ ਕਲਮਬੰਦ ਕਰਨ ਵਾਸਤੇ ਕਿੰਨੀ ਜਾਨ ਮਾਰਨੀ ਪੈਂਦੀ ਹੈ; ਕਿੰਨੇ ਸੋਮਿਆਂ ਨੂੰ ਖੰਗਾਲਣਾ ਪੈਂਦਾ ਹੈ; ਕਿੰਨਾ ਸਮਾਂ ਲਗਦਾ ਹੈ; ਕਿੰਨੀ ਐਨਰਜੀ ਖ਼ਰਚ ਕਰਨੀ ਪੈਂਦੀ ਹੈ। ਡਾ ਗੁਰਦੇਵ ਸਿੰਘ ਸਿੱਧੂ ਦੀ ਇਸ ਰਚਨਾ ਦੀ ਤਾਰੀਫ਼ ਕਰਨ ਵਾਸਤੇ ਮੇਰੇ ਕੋਲ ਲਫ਼ਜ਼ ਨਹੀਂ ਹਨ। ਬਸ ਏਨਾ ਹੀ ਕਹਿ ਸਕਦਾ ਹਾਂ ਕਿ ਇਸ ਮੌਜ਼ੂਅ ਬਾਰੇ ਇਸ ਤੋਂ ਵਧ ਕੁਝ ਨਹੀਂ ਸੀ ਲਿਖਿਆ ਜਾ ਸਕਦਾ। ਡਾ ਸਿੱਧੂ ਜੀ ਦਾ ਸਿਰਫ਼ ਸ਼ੁਕਰੀਆ ਕਰਨਾ ਹੀ ਨਹੀਂ ਬਣਦਾ, ਬਲਕਿ ਉਨ੍ਹਾਂ ਦੀ ਮਿਹਨਤ ਨੂੰ ਸਲਾਮ ਕਰਨਾ ਬਣਦਾ ਹੈ। ਮੇਰੀ ਜਾਚੇ ਇਹ ਖ਼ਜ਼ਾਨਾ ਹਰ ਇਕ ਲਾਇਬਰੇਰੀ ਹੀ ਨਹੀਂ ਬਲਕਿ ਘਰ ਵਿਚ ਹੋਣਾ ਚਾਹੀਦਾ ਹੈ।"
ਇਸ ਕਿਤਾਬ ਸਬੰਧੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਵੱਲੋਂ ਲਿਖੇ ਭਾਵਪੂਰਨ ਸ਼ਬਦ : "ਔਕੜ ਭਰੇ ਸਮੇਂ ਵਿੱਚ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਜੀ ਦੀ ਦਲੇਰਾਨਾ ਅਤੇ ਸ਼ਾਹੀ ਸੇਵਾ! ਉਹਨਾਂ ਬਿੱਖੜੇ ਸਮਿਆਂ ਵਿਚ ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਨ ਦਾ ਵੈਰੀ ਬਣਿਆ ਹੋਇਆ ਸੀ ਅਤੇ ਉਸ ਦੇ ਜ਼ੁਲਮ ਕਾਰਨ ਗੁਰੂ ਜੀ ਦੇ ਕਈ ਸ਼ਰਧਾਲੂ ਵੀ ਉਨ੍ਹਾਂ ਦਾ ਸਾਥ ਦੇਣ ਤੋਂ ਝਿਜਕਦੇ ਸਨ,ਉਸ ਵਕਤ ਜਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਰਿਆਸਤ (ਹੁਣ ਜ਼ਿਲ੍ਹਾ ਲੁਧਿਆਣਾ) ਵਿਚ ਪਹੁੰਚੇ ਤਾਂ ਉੱਥੋਂ ਦੇ ਮੁਸਲਮਾਨ ਰਾਜਪੂਤ ਹਾਕਮ ਰਾਏ ਕੱਲ੍ਹਾ ਤੀਜਾ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਖ਼ਤਰੇ ਵਿਚ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਜਿੰਨੀ ਦੇਰ ਗੁਰੂ ਜੀ ਨੇ ਠਹਿਰਨਾ ਚਾਹਿਆ, ਓਨੀ ਦੇਰ ਮਹਿਮਾਨ ਵਜੋਂ ਉਨ੍ਹਾਂ ਦੀ ਸੇਵਾ ਕਰਨ ਨੂੰ ਧੰਨਭਾਗ ਸਮਝਿਆ। ਰਾਏਕੋਟ ਤੋਂ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਜੀ ਨੇ ਰਾਏ ਕੱਲ੍ਹਾ ਜੀ ਦੀ ਸਿਦਕਦਿਲੀ ਅਤੇ ਪ੍ਰਾਹੁਣਚਾਰੀ ਤੋਂ ਖੁਸ਼ ਹੋ ਕੇ ਉਸ ਨੂੰ ਗੰਗਾ ਸਾਗਰ, ਰੇਹਲ ਅਤੇ ਇੱਕ ਕ੍ਰਿਪਾਨ ਦੀ ਬਖਸ਼ਸ਼ ਕੀਤੀ। ਰੇਹਲ ਨੂੰ ਸਮੇਂ ਦੀ ਧੂੜ ਖਾ ਗਈ ਅਤੇ ਕ੍ਰਿਪਾਨ ਨੂੰ ਅੰਗਰੇਜ਼ ਹਾਕਮਾਂ ਨੇ ਹਥਿਆ ਲਿਆ ਪਰ ਗੰਗਾ ਸਾਗਰ ਨੂੰ ਰਾਏ ਪਰਿਵਾਰ ਨੇ ਲਗਪਗ ਸਵਾ ਤਿੰਨ ਸੌ ਸਾਲ ਤੋਂ ਹੁਣ ਤੀਕ ਸੰਭਾਲ ਕੇ ਰੱਖਿਆ ਹੋਇਆ ਹੈ। ਰਾਏ ਕੱਲ੍ਹਾ ਖਾਨਦਾਨ ਦੀ ਨੌਵੀਂ ਪੀੜ੍ਹੀ ਦੇ ਵਰਤਮਾਨ ਨੁਮਾਇੰਦੇ ਜਨਾਬ ਰਾਏ ਅਜ਼ੀਜ਼ ਉੱਲਾ ਖਾਨ ਦਾ ਕਹਿਣਾ ਹੈ:
“ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਖਸ਼ਿਸ਼ ‘ਗੰਗਾ ਸਾਗਰ’ ਦਾ ਸੇਵਕ ਹੋਣਾ ਮੇਰੇ ਵਾਸਤੇ ਵੱਡੀ ਇੱਜ਼ਤ ਵਾਲੀ ਗੱਲ ਹੈ।ਆਪਣੇ ਵਡੇਰੇ ਰਾਇ ਕੱਲਾ ਜੀ ਵੱਲੋਂ ਨਿੱਡਰ ਹੋ ਕੇ ਦਲੇਰਾਨਾ ਅਤੇ ਖਾਨਦਾਨੀ ਕਦਮ ਚੁੱਕਦਿਆਂ ਗੁਰੂ ਜੀ ਪ੍ਰਤਿ ਪਿਆਰ ਸਤਿਕਾਰ ਵਿਖਾਏ ਜਾਣ ਉੱਤੇ ਮੈਨੂੰ ਮਾਣ ਹੈ। ਔਰੰਗਜ਼ੇਬ ਦੇ ਰਾਜ ਸਮੇਂ ਗੁਰੂ ਜੀ ਨਾਲ ਬੇਇਨਸਾਫੀ ਅਤੇ ਜ਼ੁਲਮ ਹੋਣ ਮੌਕੇ ਰਾਏ ਕੱਲ੍ਹਾ ਨੇ ਸੱਚੇ ਮੁਸਲਮਾਨ ਵਾਂਗ ਉਹਨਾਂ ਦੀ ਸੇਵਾ ਅਤੇ ਮਹਿਮਾਨ ਨਿਵਾਜ਼ੀ ਕੀਤੀ।ਗੁਰੂ ਜੀ ਨੇ ਰਾਏ ਕੱਲ੍ਹਾ ਦੀ ਕਦਰਦਾਨੀ ਅਤੇ ਕ੍ਰਿਤੱਗਤਾ ਤੋਂ ਖੁਸ਼ ਹੋ ਕੇ ਗੰਗਾ ਸਾਗਰ ਉਸ ਨੂੰ ਬਖਸ਼ਿਆ। ਅਜੋਕੇ ਸਮੇਂ ਇਹ ਗੰਗਾ ਸਾਗਰ ਜਾਤ,ਨਸਲ ਅਤੇ ਮਜ਼੍ਹਬ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਮਾਨਵਤਾ ਵਿਚ ਪਿਆਰ ਅਤੇ ਇਕ ਦੂਜੇ ਦਾ ਸਤਿਕਾਰ ਕਰਨ ਦਾ ਪ੍ਰਤੀਕ ਹੈ।” ਹੁਣ “ਗੰਗਾ ਸਾਗਰ” ਦੀ ਪਵਿੱਤਰ ਸੇਵਾ ਸੰਭਾਲ ਲਈ ਰਾਏ ਅਜ਼ੀਜ਼ ਉਲਾ ਖਾਨ ਸਾਹਿਬ ਦਾ ਫ਼ਰਜ਼ੰਦ ਰਾਏ ਮੁਹੰਮਦ ਅਲੀ ਖ਼ਾਨ ਸਾਥ ਦੇ ਰਿਹਾ ਹੈ। ਇਸ ਪਵਿੱਤਰ ਬਖਸ਼ਿਸ਼ ਤੇ ਰਾਏ ਕੱਲ੍ਹਾ ਪਰਿਵਾਰ ਬਾਰੇ ਡਾ. ਗੁਰਦੇਵ ਸਿੰਘ ਸਿੱਧੂ ਜੀ ਨੇ ਬਹੁਤ ਖੋਜ ਭਰਪੂਰ ਪੁਸਤਕ ਲਿਖੀ ਹੈ।"
ਕਿਤਾਬ ਦੇ ਲੋਕ ਅਰਪਣ ਸਮਾਗਮ ਸਬੰਧੀ ਗੀਤਕਾਰ ਅਤੇ ਰਾਏਕੋਟ ਨਿਵਾਸੀ ਇੰਦਾ ਰਾਏਕੋਟੀ ਹੁਰਾਂ ਪਿਆਰੇ ਸ਼ਬਦ ਦਰਜ ਕੀਤੇ ਹਨ ;
"ਰਾਏਕੋਟ ਹੈ ਓਸ ਗਰਾਂ ਦਾ ਨਾਮ ਯਾਰੋ, ਜਿੱਥੇ ਅਸੀਂ ਜਨਮ ਮਨੁੱਖਾ ਪਾਇਆ
ਜੋ ਗਰਾਂ ਹੈ ਰਾਇ ਕੱਲ੍ਹਾ ਦਾ ਵਰਸੋਇਆ, ਜਿਸਨੇ ਜੀਵਨ ਹੈ ਗੁਰਾਂ ਦੇ ਨਾਂ ਲਾਇਆ
ਜਦੋਂ ਮੁਗਲ ਹਕੂਮਤ ਜ਼ੁਲਮ ਦੀ ਹੱਦ ਪਾਰ ਕਰ ਚੁੱਕੀ ਸੀ, ਤਾਂ ਉਸ ਵੇਲੇ ਰਾਏਕੋਟ ਦੇ ਰਾਜਪੂਤ ਸਰਦਾਰ ਰਾਇ ਕੱਲਾ ਜੋ ਮੁਸਲਮਾਨ ਹੋਣ ਦੇ ਬਾਵਜੂਦ ਗੁਰੂ ਵਿੱਚ ਅਥਾਹ ਸ਼ਰਧਾ ਰੱਖਦੇ ਸਨ । ਰਾਇ ਕੱਲ੍ਹਾ ਸਾਹਿਬ ਦੀ ਦਲੇਰੀ ਤੇ ਗੁਰੂ ਵਿੱਚ ਸ਼ਰਧਾ ਲਾ ਮਿਸਾਲ ਹੈ। ਉਸ ਵੇਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਇ ਕੱਲਾ ਸਾਹਿਬ ਨੂੰ ਭੇਂਟ ਕੀਤਾ ਗੰਗਾ ਸਾਗਰ ਅੱਜ ਰਾਇ ਸਾਹਿਬ ਦੇ ਨੌਵੇਂ ਵਾਰਿਸ ਰਾਇ ਅਜ਼ੀਜ਼ੁੱਲਾ ਖ਼ਾਨ ਖਾਨ ਕੋਲ ਹੈ। ਰਾਇ ਅਜ਼ੀਜ਼ ਉੱਲਾ ਖਾਨ ਸਾਡੇ ਕੋਲ ਗੁਰੂ ਪ੍ਰਤੀ ਸ਼ਰਧਾ ਦੇ ਪ੍ਰਤੀਕ ਹਨ। ਗੰਗਾ ਸਾਗਰ ਤੇ ਰਾਇ ਪ੍ਰੀਵਾਰ ਦੀ ਪੂਰੀ ਗਾਥਾ ਇਕ ਕਿਤਾਬ ਦੇ ਰੂਪ ਵਿੱਚ ਤੁਹਾਡੇ ਸਨਮੁੱਖ ਕਰਨ ਦਾ ਉਪਰਾਲਾ ਕਰ ਰਹੇ ਹਾਂ। ਤੁਹਾਡੇ ਕਦਮਾਂ ਦੀ ਆਹਟ ਰਾਇ ਪ੍ਰੀਵਾਰ ਲਈ, ਸ਼ਰਧਾ ਦੀ ਪ੍ਰਤੀਕ ਹੋਵੇਗੀ। ਮਿਤੀ 14 ਜੂਨ 2026 ਦਿਨ ਐਤਵਾਰ ਸਮਾਂ ਬਾਅਦ ਦੁਪਹਿਰ ਇਕ ਵਜੇ ਤੋਂ ਤਿੰਨ ਵਜੇ ਤੱਕ। ਸਥਾਨ ਤਾਜ ਪਾਰਕ ਬੈਂਕਿਟ ਹਾਲ 8580 132 ਸਟਰੀਟ ਸਰੀ ਬਿਖੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਭਨਾਂ ਨੂੰ ਖੁੱਲਾ ਸੱਦਾ ਹੈ। ਹੋਰ ਜਾਣਕਾਰੀ ਲਈ ਹਰਦੇਵ ਸਿੰਘ ਗਰੇਵਾਲ ਨਾਲ 604 807 8044 ਜਾਂ ਸੁਰਜੀਤ ਸਿੰਘ ਮਾਧੋਪੁਰੀ ਨਾਲ 604 377 4171 'ਤੇ ਸੰਪਰਕ ਕੀਤਾ ਜਾ ਸਕਦਾ ਹੈ, ਆਓ ਵਿਰਸੇ ਦੀ ਸਾਂਝ ਅਤੇ ਗੁਰੂ ਸਾਹਿਬ ਵੱਲੋਂ ਪਿਆਰੀ ਮੁਸਲਿਮ ਸ਼ਖਸੀਅਤ ਰਾਏ ਕੱਲਾ ਸਾਹਿਬ 'ਤੇ ਹੋਈ ਬਖਸ਼ਿਸ਼ ਤੋਂ ਜਾਣੂ ਹੋਈਏ ਅਤੇ ਮਾਨਵੀ ਸਾਂਝ ਦੀਆਂ ਇਹਨਾਂ ਕਦਰਾਂ ਕੀਮਤਾਂ ਨੂੰ ਵਰਤਮਾਨ ਸਮੇਂ ਵਿੱਚ ਲਾਗੂ ਕਰਦਿਆਂ, ਭਵਿੱਖ ਲਈ ਚਾਨਣ ਮੁਨਾਰਾ ਬਣਾਈਏ!
4 ਜੂਨ: ਜਨਮ ਦਿਨ 'ਤੇ ਵਿਸ਼ੇਸ਼ - ਡਾ. ਗੁਰਵਿੰਦਰ ਸਿੰਘ
ਸਰਬੱਤ ਦੇ ਸੇਵਾਦਾਰ, ਮਹਾਨ ਵਾਤਾਵਰਣ ਪ੍ਰੇਮੀ, ਸਿੱਖ ਚਿੰਤਕ
ਅਤੇ ਜ਼ੁਲਮ ਵਿਰੋਧੀ : ਭਗਤ ਪੂਰਨ ਸਿੰਘ ਜੀ
___________________________________
ਡਾ. ਗੁਰਵਿੰਦਰ ਸਿੰਘ
604-825-1550
ਸਰਬੱਤ ਦੇ ਭਲੇ ਅਤੇ ਸੇਵਾ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਜੀ ਦਾ ਜਨਮ ਦਿੱਤਾ 4 ਜੂਨ 1904 ਨੂੰ ਜ਼ਿਲ੍ਹਾ ਲੁਧਿਆਣਾ 'ਚ ਪੈਂਦੇ ਪਿੰਡ ਰਾਜੇਵਾਲ ਤਹਿਸੀਲ ਸਮਰਾਲਾ ਵਿਖੇ, ਮਾਤਾ ਮਹਿਤਾਬ ਕੌਰ ਜੀ ਦੀ ਕੁੱਖੋਂ ਭਾਈ ਛਿੱਬੂ ਮੱਲ ਦੇ ਘਰ ਹੋਇਆ। ਸਿੱਖੀ ਸੇਵਾ ਨੂੰ ਪ੍ਰੇਰਿਤ ਮਾਤਾ ਜੀ ਦੀ ਸੇਵਾ ਭਾਵਨਾ ਅਤੇ ਗੁਰਬਾਣੀ ਪ੍ਰੇਮ ਨੇ ਜੀਵਨ ਵਿੱਚ ਵੱਡੀ ਤਬਦੀਲੀ ਲਿਆਂਦੀ ਅਤੇ ਰਾਮ ਜੀ ਦਾਸ ਅੰਮ੍ਰਿਤ ਛਕ ਕੇ 'ਪੂਰਨ ਸਿੰਘ' ਬਣੇ। ਆਪ ਜੀ ਨੇ ਗੁਰਦੁਆਰਾ ਡੇਹਰਾ ਲਾਹੌਰ ਅਣਥੱਕ ਸੇਵਾ ਕੀਤੀ। ਦੇਸ਼ ਦੀ ਵੰਡ ਸਮੇਂ ਰੰਗ ਨਸਲ ਧਰਮ ਜਾਤ ਤੋਂ ਉੱਪਰ ਉੱਠ ਕੇ, ਪੀੜਤਾਂ ਦਾ ਆਸਰਾ ਬਣੇ। ਆਪ ਪੰਜਾਬੀ ਤੇ ਅੰਗਰੇਜ਼ੀ ਸਮੇਤ ਵੱਖ- ਵੱਖ ਭਾਸ਼ਾਵਾਂ ਦੇ ਮਾਹਰ ਸਨ ਅਤੇ ਕੁਦਰਤ ਦੀ ਸੇਵਾ ਸੰਭਾਲ, ਪ੍ਰਦੂਸ਼ਣ ਦੇ ਖਾਤਮੇ, ਗਰੀਬੀ, ਭੁੱਖਮਰੀ ਅਤੇ ਅਨਪੜ੍ਹਤਾ ਵਰਗੇ ਗੰਭੀਰ ਮਸਲਿਆਂ 'ਤੇ ਲਗਾਤਾਰ ਲਿਖਦੇ ਰਹਿੰਦੇ ਸਨ। ਆਪਣੇ ਜੀਵਨ ਦੇ ਆਖਰੀ ਪਲ ਤੱਕ ਸਰਬੱਤ ਦੀ ਸੇਵਾ ਨੂੰ ਹੀ ਪ੍ਰਚਾਰਿਆ।
ਭਗਤ ਜੀ ਨੇ ਪਿੰਗਲਵਾੜਾ ਸੰਸਥਾ ਸੰਨ 1958 ਵਿੱਚ ਆਰੰਭ ਕੀਤੀ ਸੀ ਤੇ ਅੱਜਕਲ ਡਾਕਟਰ ਇੰਦਰਜੀਤ ਕੌਰ ਇਸ ਦੀ ਅਗਵਾਈ ਕਰ ਰਹੇ ਹਨ। ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਸਥਿਤ ਪਿੰਗਲਵਾੜਾ ਅੰਮ੍ਰਿਤਸਰ ਤੋਂ ਇਲਾਵਾ ਮਾਨਾਂਵਾਲਾ, ਗੋਇੰਦਵਾਲ, ਪਲਸੌਰਾ, ਸੰਗਰੂਰ ਜਲੰਧਰ ਅਤੇ ਵੱਖ- ਵੱਖ ਹਿੱਸਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲਾਵਾਰਸ ਬੱਚਿਆਂ, ਔਰਤਾਂ- ਮਰਦਾਂ ਦੀ ਸੇਵਾ ਕੀਤੀ ਜਾਂਦੀ ਹੈ। ਭਗਤ ਪੂਰਨ ਸਿੰਘ ਦੀ ਦੇਣ ਨੋਬਲ ਪੁਰਸਕਾਰ ਨਾਲ ਸਨਮਾਨਿਤ ਮਦਰ ਟਰੇਸਾ ਤੋਂ ਵੀ ਵਧੇਰੇ ਰਹੀ ਹੈ। ਉਨ੍ਹਾਂ ਯਤੀਮ ਬੱਚਿਆਂ ਨੂੰ ਉਨ੍ਹਾਂ ਦੇ ਹੀ ਧਰਮ ਅਤੇ ਅਕੀਦੇ ਅਨੁਸਾਰ ਪਾਲਿਆ- ਪਲੋਸਿਆ। ਭਗਤ ਜੀ ਅਕਸਰ ਕਿਹਾ ਜਾ ਕਰਦੇ ਸਨ ਕਿ ਦਰਬਾਰ ਸਾਹਿਬ ਵਿੱਚ ਸੰਗਤਾਂ ਦੀ ਚਰਨ-ਧੂੜ ਉਨ੍ਹਾਂ ਨੂੰ ਅਨੇਕਾਂ ਨੋਬਲ ਪੁਰਸਕਾਰਾਂ ਤੋਂ ਉੱਤਮ ਜਾਪਦੀ ਹੈ। ਮਨੁੱਖੀ ਸੇਵਾ ਸਰਬੱਤ ਦੇ ਭਲੇ ਅਤੇ ਪ੍ਰਕਿਰਤੀ ਦੀ ਸੰਭਾਲ ਨੂੰ ਸਮਰਪਿਤ ਹੁੰਦੇ ਹੋਏ 5 ਅਗਸਤ 1992 ਨੂੰ ਆਪ ਸਦੀਵੀ ਵਿਛੋੜਾ ਦੇ ਗਏ।
ਸੰਨ 1981 ਵਿੱਚ ਭਾਰਤ ਸਰਕਾਰ ਵੱਲੋਂ ਆਪ ਨੂੰ ਪਦਮ ਸ੍ਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ, ਪਰ ਇਹ ਪੁਰਸਕਾਰ ਉਨ੍ਹਾਂ ਜੋ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਦੇ ਰੋਸ ਵਜੋਂ ਵਾਪਸ ਮੋੜ ਦਿੱਤਾ ਸੀ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਬੇਹੱਦ ਰੋਸ ਭਰਪੂਰ ਖਤ ਲਿਖ ਕੇ, ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਸਨ। ਅਜਿਹਾ ਕਰਨ 'ਚ ਉਨ੍ਹਾਂ ਕੋਈ ਜਲਦਬਾਜ਼ੀ ਨਹੀਂ ਸੀ ਕੀਤੀ ਅਤੇ ਜੂਨ 1984 ਤੋਂ ਲੈ ਕੇ ਸਤੰਬਰ 1984 ਤੱਕ ਸਾਰੀਆਂ ਧਿਰਾਂ, ਸਾਰੀਆਂ ਅਫ਼ਵਾਹਾਂ ਅਤੇ ਸਾਰੇ ਤੱਥਾਂ 'ਤੇ ਖ਼ੁਦ ਖੋਜ ਕਰਕੇ ਮਨ ਬਣਾਇਆ ਸੀ। ਭਗਤ ਪੂਰਨ ਸਿੰਘ ਉਹ ਵਿਅਕਤੀ ਸਨ, ਜੋ ਲਗਾਤਾਰ ਦਰਬਾਰ ਸਾਹਿਬ ਜਾਂਦੇ ਸਨ ਅਤੇ ਉੱਥੇ ਹੋਏ ਫ਼ੌਜੀ ਹਮਲੇ ਦੇ ਬਾਰੇ ਦਰਦ ਕਹਾਣੀਆਂ ਸੁਣ ਕੇ ਪਸੀਜੇ ਜਾਇਆ ਕਰਦੇ ਸਨ। ਜੂਨ 1984 ਦੇ ਸ਼ਹੀਦੀ ਘੱਲੂਘਾਰੇ ਵੇਲੇ ਭਾਰਤ ਸਰਕਾਰ ਦੇ ਜ਼ੁਲਮ- ਸਿਤਮ ਬਾਰੇ ਜੋ ਖਤ ਆਪ ਨੇ ਰਾਸ਼ਟਰਪਤੀ ਨੂੰ ਲਿਖਿਆ ਉਹ ਇਤਿਹਾਸਕ ਦਸਤਾਵੇਜ਼ ਹੈ। ਹੇਠਾਂ ਅੰਗਰੇਜ਼ੀ ਤੇ ਪੰਜਾਬੀ 'ਚ ਚਿੱਠੀ ਪੜ੍ਹੀ ਜਾ ਸਕਦੀ ਹੈ।
‘ਪਦਮ ਸ਼੍ਰੀ’ ਦੀ ਵਾਪਸੀ
ਸੇਵਾ ਵਿਖੇ
ਰਾਸ਼ਟਰਪਤੀ ਭਾਰਤ,
ਰਾਸ਼ਟਰਪਤੀ ਭਵਨ,
ਦਿੱਲੀ।
ਵਿਸ਼ਾ: ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ’ਤੇ ਹੋਈ ਇਨਸਾਨੀਅਤ ਤੋਂ ਗਿਰੀ ਫੌਜੀ ਕਾਰਵਾਈ ਵਿਰੁਧ ਰੋਸ ਵਜੋਂ “ਪਦਮ ਸ਼੍ਰੀ” ਐਵਾਰਡ ਦਾ ਮੋੜਿਆ ਜਾਣਾ।
ਸ੍ਰੀ ਮਾਨ ਜੀ,
ਬੇਨਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੌਜ ਨੂੰ ਕਾਰਵਾਈ ਲਈ ਭੇਜਿਆ ਜਾਣਾ ਕਿੰਨੇ ਹੀ ਦੁਖਦਾਈ ਨਤੀਜੇ ਪੈਦਾ ਕਰ ਚੁੱਕਾ ਹੈ। ਉਸ ਫੌਜੀ ਕਾਰਵਾਈ ਦੇ ਨਤੀਜਿਆਂ ਤੋਂ ਸਿੱਖ ਜਗਤ ਤੜਫ ਉਠਿਆ ਹੈ। ਇਸ ਘਟਨਾ ਦਾ ਜੋ ਦੁਖਦਾਈ ਅਸਰ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ’ਤੇ ਪਿਆ ਹੈ ਉਹ ਆਪ ਨੇ ਦੇਖ ਹੀ ਲਿਆ ਹੈ। ਫੌਜੀਆਂ ਹੱਥੋਂ ਬਹੁਤ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਪਤਾ ਨਹੀਂ ਹੋ ਸਕਦਾ ਜੋ ਮੈਨੂੰ ਲੋਕਾਂ ਨੇ ਸੁਣਾਈਆਂ ਹਨ ਤੇ ਮੈਂ ਉਹਨਾਂ ਦੀ ਪੜਤਾਲ ਮਿਤੀ 9-9-84 ਤਕ ਕਰਦਾ ਰਿਹਾ ਹਾਂ। ਮੈਂ ਜਲਦੀ ਨਹੀਂ ਕੀਤੀ ਅਤੇ ਬੜੇ ਧੀਰਜ ਤੋਂ ਕੰਮ ਲਿਆ ਹੈ। ਉਹਨਾਂ ਵਿਚੋਂ ਮੈਂ ਕੁਝ ਘਟਨਾਵਾਂ ਬਿਆਨ ਕਰਦਾ ਹਾਂ:
1. ਸ੍ਰੀ ਦਰਬਾਰ ਸਾਹਿਬ ਦੇ ਇਕ ਗ੍ਰੰਥੀ ਨੂੰ ਫੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲੈ ਗਏ ਅਤੇ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ। ਗ੍ਰੰਥੀ ਸਿੰਘ ਦੇ ਹੱਥਾਂ ’ਤੇ ਬੰਦੂਕ ਦੇ ਬੱਟ ਮਾਰ ਕੇ ਫੌਜੀਆਂ ਨੇ ਉਸ ਦੀ ਮਾਰ-ਕੁਟਾਈ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਇਕ ਹੋਰ ਗ੍ਰੰਥੀ ਦੇ ਬੱਟ ਮਾਰੇ ਅਤੇ ਉਸ ਦੇ ਹੱਥਾਂ ਨੂੰ ਸੋਜਾਂ ਚਾੜ੍ਹੀਆਂ।
2. ਦਰਬਾਰ ਸਾਹਿਬ ਸਮੂਹ ਵਿਚ ਆਈਆਂ ਸੰਗਤਾਂ, ਇਸਤਰੀਆਂ ਮਰਦਾਂ ਤੇ ਬੱਚਿਆਂ ’ਤੇ ਇਸ ਤਰ੍ਹਾਂ ਗੋਲੀ ਚਲਾਈ ਜਾਂਦੀ ਰਹੀ ਹੈ ਜਿਸ ਤਰ੍ਹਾਂ ਜ਼ਹਰਿਲੀ ਦਵਾਈ ਦੀ ਪਿਚਕਾਰੀ ਨਾਲ ਮੱਛਰ ਮਾਰੀਦਾ ਹੈ।
3. ਜਿਹੜੇ ਯਾਤਰੂ ਸ੍ਰੀ ਦਰਬਾਰ ਸਾਹਿਬ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੰਗਲਵਾਰ ਨੂੰ 12 ਵਜੇ ਕੈਦ ਕੀਤੇ ਗਏ ਸਨ, ਉਹਨਾਂ ਨੂੰ ਪਾਣੀ ਨਾ ਦਿੱਤਾ ਗਿਆ, ਉਹਨਾਂ ਨੂੰ ਬੁੱਧਵਾਰ 30 ਘੰਟਿਆਂ ਪਿਛੋਂ ਸਿੱਖ ਫੌਜੀਆਂ ਨੇ ਪਾਣੀ ਦਿੱਤਾ। ਬੱਚਿਆਂ ਦੀਆਂ ਪਿਆਸ ਨਾਲ ਅੱਖਾਂ ਬਾਹਰ ਨਿਕਲ ਰਹੀਆਂ ਸਨ। ਬੀਬੀਆਂ ਨੇ ਪਸੀਨੇ ਪੂੰਝ ਕੇ ਬੱਚੀਆਂ ਦੇ ਮੂੰਹ ਗਿੱਲੇ ਕੀਤੇ। ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸਨ ਤਾਂ ਫੌਜੀ ਕਹਿੰਦੇ ਸਨ ਕਿ ਇਹ ਵੱਡੇ ਹੋ ਕੇ ਸਾਨੂੰ ਜਾਨੋਂ ਮਾਰਨਗੇ, ਇਸ ਲਈ ਅਸੀਂ ਇਹਨਾਂ ਨੂੰ ਪਾਣੀ ਕਿਉਂ ਦੇਈਏ। ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜ੍ਹਾ ਜਿਹਾ ਪਾਣੀ ਫੌਜੀਆਂ ਨੇ ਦਿੱਤਾ ਸੀ ਉਸ ਵਿਚ ਉਹਨਾਂ ਨੇ ਸਿਗਰਟਾਂ ਦਾ ਪਾਣੀ ਘੋਲ ਕੇ ਕਿਹਾ ਕਿ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਫੌਜੀਆਂ ਨੇ ਸਿਗਰਟਾਂ ਪੀਤੀਆਂ ਅਤੇ ਸਿਗਰਟਾਂ ਦਾ ਧੂੰਆਂ ਸਿੱਖਾਂ ਵੱਲ ਛੱਡਦੇ ਰਹੇ। ਜਿਹੜਾ ਸਲੂਕ ਫੌਜੀ ਕਾਰਵਾਈ ਦੇ ਨਾਮ ’ਤੇ ਸਿੱਖਾਂ ਨਾਲ ਹੋਇਆ ਉਸ ਨੇ ਸਿੱਖ ਜਗਤ ਦੇ ਹਿਰਦਿਆਂ ’ਤੇ ਭਾਰੀ ਸੱਟ ਮਾਰੀ ਹੈ। ਦਰਬਾਰ ਸਾਹਿਬ ਵਿਚੋਂ ਫੜੇ ਯਾਤਰੂ ਜਵਾਨ ਮੁੰਡਿਆਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੰਨ੍ਹੇ ਗਏ ਅਤੇ ਉਹਨਾਂ ਦੇ ਕੇਸ ਖੋਲ੍ਹ ਕੇ ਉਹਨਾਂ ਦੀਆਂ ਅੱਖਾਂ ਦਵਾਲੇ ਲਪੇਟ ਕੇ ਉਹਨਾਂ ਨੂੰ ਗਰਮ ਫਰਸ਼ ਤੇ ਗੋਡਿਆਂ ਭਾਰ ਚੱਲਣ ਲਈ ਮਜਬੂਰ ਕਤਿਾ ਗਿਆ। ਮੁੰਡਿਆਂ ਨੂੰ ਪਿਛੋਂ ਬੰਨ੍ਹ ਕੇ ਮੱਥੇ ਵਿਚ ਗੋਲੀਆਂ ਮਾਰ ਕੇ ਮਾਰਿਆ ਗਿਆ।
4. ਪਹਿਲੀ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉਤੇ ਸੀ. ਆਰ. ਪੀ. ਨੇ ਗੋਲੀ ਚਲਾਣੀ ਆਰੰਭ ਕਰ ਦਿੱਤੀ ਸੀ। ਪਹਿਲੀ ਜੂਨ ਫੌਜਾਂ ਦੇ ਆਉਣ ਤੋਂ ਪਹਿਲਾਂ ਸੀ. ਆਰ. ਪੀ. ਵਲੋਂ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਬੈਠੇ ਗ੍ਰੰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਸਾਰੀਆਂ ਵਾਰਦਾਤਾਂ ਹੋਣ ਦੇ ਪਿਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਭਾਵਨਾ ਨਾਲ ਸਾੜ ਦਿੱਤੇ। 3 ਜੂਨ 1984 ਵਾਲੇ ਦਿਨ ਪੀਲੀਆਂ ਪੱਗਾਂ ਅਤੇ ਕ੍ਰਿਪਾਨਾਂ ਵਾਲੇ ਦੋ ਸਿੰਘ ਬਟਾਲੇ ਦੇ ਬੱਸ ਅੱਡੇ ਤੋਂ ਉਤਰੇ ਤਾਂ ਉਹਨਾਂ ਨੂੰ ਫੌਜੀਆਂ ਨੇ ਕ੍ਰਿਪਾਨਾਂ ਲਾਹੁਣ ਲਈ ਕਿਹਾ ਪਰ ਉਹਨਾਂ ਕ੍ਰਿਪਾਨਾਂ ਲਾਹੁਣ ਤੋਂ ਇਨਕਾਰ ਕਰ ਦਿੱਤਾ। ਉਸੇ ਵੇਲੇ ਫੌਜੀਆਂ ਨੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ। ਇਕ ਨਿਹੰਗ ਸਿੰਘ ਨੂੰ ਗੁਮਟਾਲਾ ਜੇਲ੍ਹ ਦੇ ਲਾਗੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਗਿਆ ਕਿਉਂਕਿ ਉਸ ਨੇ ਕ੍ਰਿਪਾਨ ਦੇਣ ਤੋਂ ਇਨਕਾਰ ਕੀਤਾ ਸੀ। ਇਕ ਤਿਆਰ ਬਰ ਤਿਆਰ ਸਿੰਘ ਕਿੱਤਿਆਂ (ਸ੍ਰੀ ਅੰਮ੍ਰਿਤਸਰ ਦਾ ਇਕ ਇਲਾਕਾ) ਵਿਚ ਆਪਣੇ ਮਕਾਨ ਦੀ ਛੱਤ ਦੇ ਖੜ੍ਹਾ ਸੀ। ਉਸ ਨੂੰ ਫੌਜੀਆਂ ਨੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਕਿਉਂਕਿ ਉਸ ਨੇ ਪੀਲੀ ਪੱਗ ਬੰਨ੍ਹੀ ਹੋਈ ਸੀ।
5. ਤਿੰਨ ਜੁਲਾਈ ਵਾਲੇ ਦਿਨ ਜ਼ਿਲ੍ਹਾ ਕਚਿਹਰੀ ਸ੍ਰੀ ਅੰਮ੍ਰਿਤਸਰ ਦੇ ਡਾਕਟਰ ਕਿਚਲੂ ਵਾਲੇ ਗੋਲ ਚੱਕਰ ਦੇ ਲਾਗੇ ਇਕ ਕਾਲੀ ਪੱਗ ਤੇ ਕ੍ਰਿਪਾਨ ਵਾਲਾ 25 ਕੁ ਸਾਲਾਂ ਦੀ ਉਮਰ ਦਾ ਸਿੰਘ ਜਾ ਰਿਹਾ ਸੀ ਇਸ ਪਾਸੇ ਤੋਂ ਫੌਜੀਆਂ ਦੀ ਜੀਪ ਆ ਗਈ ਉਸ ਸਿੰਘ ਨੂੰ ਹੱਥਕੜੀ ਲਾ ਕੇ ਲੈ ਗਏ, ਉਸ ਪਾਸ ਕੁਝ ਨਹੀਂ ਨਿਕਲਿਆ ਸੀ। ਜਿਸ ਵੇਲੇ ਫੌਜੀ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੋਹੜਾ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚੋਂ ਗ੍ਰਿਫਤਾਰ ਕਰਨ ਗਏ ਤਾਂ ਇਕ ਫੌਜੀ ਸਿਗਰਟ ਪੀ ਰਿਹਾ ਸੀ। ਸਰਦਾਰ ਟੌਹੜਾ ਨੇ ਉਸ ਨੂੰ ਕਿਹਾ ਕਿ ਤੂੰ ਸਿਗਰਟ ਨਾ ਪੀ ਤਾਂ ਉਸ ਫੌਜੀ ਨੇ ਕਿਹਾ ਕਿ ਚਲ ਉਏ ਬੁੱਢੇ, ਚੁੱਪ ਕਰ ਨਹੀਂ ਤਾਂ ਗੋਲੀ ਮਾਰ ਦਿਆਂਗਾ। ਸਰਦਾਰ ਟੌਹੜਾ ਨੇ ਕਿਹਾ ਕਿ ਮੈਂ ਇਥੋਂ ਦਾ ਪ੍ਰਧਾਨ ਹਾਂ ਤਾਂ ਫੌਜੀ ਚੁੱਪ ਕਰ ਗਏ।
6. ਸ੍ਰੀ ਦਰਬਾਰ ਸਾਹਿਬ ਮੁਕਤਸਰ ਵਿਚ ਸਾਰੇ ਸੇਵਾਦਾਰ ਕੱਢ ਕੇ ਸਰੋਵਰ ਦੀ ਪਰਕਰਮਾ ਵਿਚ ਧੁੱਪ ਵਿਚ ਮੂਧੇ ਲੰਮੇ ਪਾਏ ਗਏ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੁਟਿਆ ਗਿਆ। ਉਹਨਾਂ ਵਿਚੋਂ ਇਕ ਮਰ ਗਿਆ। ਪਿੰਡਾਂ ਵਿਚੋਂ ਉਹ ਮੁੰਡੇ ਕੱਢ ਕੇ ਬਾਹਰ ਲਿਆਂਦੇ ਗਏ ਜਿਨ੍ਹਾਂ ਨੇ ਅੰਮ੍ਰਿਤ ਛੱਕਿਆ ਹੋਇਆ ਸੀ ਤੇ ਉਨ੍ਹਾਂ ਨੂੰ ਬਹੁਤ ਕੁੱਟਿਆ ਗਿਆ।
7. ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਫੌਜ ਨੇ ਇਖਲਾਕੀ ਗਿਰਾਵਟ ਦਾ ਸਬੂਤ ਦਿੱਤਾ ਹੈ ਤੇ ਵੈਰ ਭਾਵਨਾ ਨਾਲ ਇਸ ਤਰ੍ਹਾਂ ਕਾਰਵਾਈ ਕੀਤੀ ਹੈ ਕਿ ਜਿਸ ਤਰ੍ਹਾਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਹੋਵੇ। ਫੌਜੀ ਐਕਸ਼ਨ ਤੋਂ ਪਿਛੋਂ ਪਿੰਡਾਂ ਵਿਚ ਨੌਜਵਾਨਾਂ ਨੂੰ ਤੰਗ ਕੀਤਾ ਜਾਂਦਾ ਰਿਹਾ ਹੈ। ਉਪਰੋਕਤ ਅਸਲੀਅਤ ਤੋਂ ਇਲਾਵਾ ਕੁਝ ਐਸੀਆਂ ਸ਼ਰਮਨਾਕ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਲਿਖਣ ਲਈ ਤਹਿਜ਼ੀਬ ਆਗਿਆ ਨਹੀਂ ਦਿੰਦੀ।
ਮੈਂ ਅਜਿਹੇ ਹਾਲਾਤ ਦੇਖ ਸੁਣ ਕੇ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਨ ਲਈ ਆਪਣਾ “ਪਦਮ-ਸ੍ਰੀ” ਦਾ ਐਵਾਰਡ ਵਾਪਸ ਕਰਦਾ ਹਾਂ।
ਪੂਰਨ ਸਿੰਘ, ਭਗਤ।
"ਹਰਿਮੰਦਿਰ 'ਤੇ ਚਾੜ੍ਹੀਆਂ, ਫੌਜਾਂ ਹਿੰਦੁਸਤਾਨ।
ਪੂਰਨ ਸਿੰਘ ਠੁਕਰਾ ਗਏ, ਪਦਮ-ਸ੍ਰੀ ਸਨਮਾਨ।"
ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਦਾ ਸੱਚ ਘੱਲੂਘਾਰਿਆਂ ਬਾਰੇ ਸਟੇਟ ਦੀ ਫ਼ਰੇਬੀ ਸ਼ਬਦਾਵਲੀ ਦੇ ਜਾਲ਼ 'ਚ ਨਾ ਫਸੀਏ - ਡਾ. ਗੁਰਵਿੰਦਰ ਸਿੰਘ
ਸ਼ਬਦ ਦੀ ਅਸੀਮ ਸ਼ਕਤੀ ਹੈ। ਨੇਕ ਸੋਚ ਰਾਹੀਂ ਸ਼ਬਦ ਦੀ ਸਹੀ ਵਰਤੋਂ ਬਿਰਤਾਂਤ ਦੀ ਸੱਚਾਈ ਉਜਾਗਰ ਕਰਦੀ ਹੈ, ਜਦਕਿ ਕਪਟੀ ਸੋਚ ਰਾਹੀਂ ਸ਼ਬਦ ਦੀ ਕੀਤੀ ਸਾਜਿਸ਼ੀ ਵਰਤੋਂ ਬਿਰਤਾਂਤ ਵਿਗਾੜਦੀ ਹੈ। ਸੱਤਾ ਵੱਲੋਂ ਬਾਗ਼ੀਆਂ ਨੂੰ ਕੁਚਲਣ ਦਾ ਆਸਾਵੀਂ ਜੰਗ ਦਾ ਵੱਡਾ ਹਥਿਆਰ, 'ਸ਼ਬਦ ਬਿਰਤਾਂਤ' ਨੂੰ ਵਿਗਾੜਨਾ ਹੁੰਦਾ ਹੈ। ਸਟੇਟ ਵੱਲੋਂ ਲੋਕਾਂ ਅੰਦਰ ਬਾਗ਼ੀਆਂ ਪ੍ਰਤੀ ਨਫ਼ਰਤ ਪੈਦਾ ਕਰਕੇ, ਕਪਟੀ ਸ਼ਬਦ ਮਾਨਸਿਕਤਾ ਵਿੱਚ ਭਰ ਦਿੱਤੇ ਜਾਂਦੇ ਹਨ। 'ਹਕੂਮਤ ਦੀ ਫਰੇਬੀ ਸ਼ਬਦਾਵਲੀ' ਦਾ ਸ਼ਿਕਾਰ ਸਿਰਫ਼ ਭੋਲ਼ੇ-ਭਾਲੇ਼ ਲੋਕ ਹੀ ਨਹੀਂ ਹੁੰਦੇ, ਬਲਕਿ ਇਤਿਹਾਸਕਾਰ ਵੀ ਹੋ ਜਾਂਦੇ ਹਨ, ਜਿਸ ਦੇ ਅਧੀਨ ਉਹ 'ਆਪਣਾ ਬਿਰਤਾਂਤ' ਛੱਡ ਕੇ ਅਤੇ 'ਸਟੇਟ ਦੇ ਬਿਰਤਾਂਤ' ਦੇ ਮੋਹਰੇ ਬਣ ਕੇ, ਕੌਮੀ ਇਤਿਹਾਸ ਨੂੰ ਵਿਗਾੜਨ ਦੇ ਦੋਸ਼ੀ ਬਣ ਜਾਂਦੇ ਹਨ।
ਇਸ ਪ੍ਰਸੰਗ ਨੂੰ ਹੋਰ ਸਪਸ਼ਟ ਕਰਨ ਲਈ ਗਾਥਾ ਸਾਂਝੀ ਕਰਦੇ ਹਾਂ। ਵੈਨਕੂਵਰ ਦੇ ਸਮੁੰਦਰੀ ਤੱਟ 'ਤੇ ਬੀਤੇ ਦਿਨੀਂ ਗੁਰੂ ਨਾਨਕ ਜਹਾਜ਼ ਦੀ ਵਰੇਗੰਢ 'ਤੇ ਸਮਾਗਮ ਹੋਏ। ਇਥੋਂ ਹੀ ਗੁਰੂ ਨਾਨਕ ਜਹਾਜ਼ 'ਕੈਨੇਡਾ ਦੀ ਨਸਲਵਾਦੀ ਸਰਕਾਰ' ਨੇ ਵਾਪਸ ਮੋੜਿਆ ਸੀ। ਸਮਾਗਮਾਂ ਵਿੱਚ ਬਜ਼ੁਰਗਾਂ, ਨੌਜਵਾਨਾਂ ਬੱਚਿਆਂ ਨੇ ਵੱਧ-ਚੜ ਕੇ ਹਿੱਸਾ ਲਿਆ। ਇਸ ਦੌਰਾਨ ਲਕੀਰ ਦੇ ਫ਼ਕੀਰ ਆਪੋ ਬਣੇ ਆਗੂ ਨੇ ਸਵਾਲ ਖੜ੍ਹਾ ਕਰ ਦਿੱਤਾ ਕਿ "ਗੁਰੂ ਨਾਨਕ ਜਹਾਜ਼' ਨਾਂ ਹੀ ਕਿਉ?, ਕਾਮਾਗਾਟਾ ਮਾਰੂ ਨਾਂ ਕਿਉਂ ਨਹੀਂ? ਅਖੇ ਇਹੀ ਨਾਂ ਪਹਿਲਾਂ ਤੋਂ ਵਰਤਿਆ ਜਾਂਦਾ ਰਿਹਾ ਹੈ ਤੇ ਇਹੀ ਨਾਂ ਕਿਤਾਬਾਂ ਵਿੱਚ ਵੀ ਹੈ।" ਸੱਚ ਇਹ ਹੈ ਕਿ 'ਕਾਮਾਗਾਟਾ ਮਾਰੂ' ਕਰਾਏ 'ਤੇ ਲਏ ਜਹਾਜ਼ ਨਾਂ ਸੀ, ਜੋ 'ਬ੍ਰਿਟਿਸ਼ ਇੰਡੀਅਨ ਸਟੇਟ' ਨੇ ਸਾਡੇ ਮੂੰਹਾਂ ਅਤੇ ਦਿਮਾਗਾਂ ਵਿੱਚ ਪਾ ਦਿੱਤਾ, ਜਦ ਕਿ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਰਾਹੀਂ ਇਹ ਜਹਾਜ਼ ਬਾਬਾ ਗੁਰਦਿੱਤ ਸਿੰਘ ਨੇ 66 ਹਜ਼ਾਰ ਡਾਲਰ ਭਾੜਾ ਦੇ ਕੇ, ਛੇ ਮਹੀਨੇ ਲਈ ਕਿਰਾਏ 'ਤੇ ਲਿਆ ਸੀ। ਦੇਸ ਪੰਜਾਬ ਦੇ ਵਿਰਸੇ, ਬੋਲੀ ਅਤੇ ਸੱਭਿਆਚਾਰ ਮੁਤਾਬਕ ''ਗੁਰੂ ਨਾਨਕ ਜਹਾਜ਼'' ਨਾਂ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ, ਭਾਵ ਸਮੂਹ ਮੁਸਾਫਰਾਂ ਨੇ ਸਾਂਝੇ ਤੌਰ 'ਤੇ ਰੱਖਿਆ ਸੀ, ਜੋ ਸਾਜਿਸ਼ੀ ਢੰਗ ਨਾਲ ਦਿਮਾਗ਼ਾਂ ਵਿੱਚੋਂ ਮਿਟਾ ਦਿੱਤਾ ਗਿਆ। ਦੁੱਖਦਾਈ ਗੱਲ ਇਹ ਹੈ ਕਿ ਬ੍ਰਿਟਿਸ਼ ਇੰਡੀਅਨ ਅਤੇ ਬਸਤੀਵਾਦੀ ਕੈਨੇਡੀਅਨ ਡੋਮੇਨੀਅਨ ਸਟੇਟ' ਦੀ ਸੋਚ ਵਾਲਿਆਂ ਵੱਲੋਂ ਦਿੱਤਾ ਗਿਆ 'ਕਾਮਾਗਾਟਾਮਾਰੂ' ਨਾਂ, ਪੰਜਾਬੀ ਇਤਿਹਾਸਕਾਰਾਂ ਅਤੇ ਜਥੇਬੰਦੀਆਂ ਨੇ ਵੀ ਅਪਨਾ ਲਿਆ, ਜਦ ਕਿ ਆਪਣੀ ਬੋਲੀ ਅਤੇ ਵਿਰਸੇ 'ਚੋਂ ਪੈਦਾ ਹੋਇਆ 'ਗੁਰੂ ਨਾਨਕ ਜਹਾਜ਼' ਨਾਂ ਖ਼ੁਦ ਹੀ ਭੁਲਾ ਦਿੱਤਾ। ਚੰਗੀ ਗੱਲ ਹੈ ਕਿ ਹੁਣ ਆਵਾਜ਼ ਉੱਠਣ ਮਗਰੋਂ ਇਤਿਹਾਸਿਕ ਸੋਧ ਹੋ ਰਹੀ ਹੈ ਅਤੇ ਸਹੀ ਨਾਂ ਅਤੇ ਬਿਰਤਾਂਤ ਮੁੜ ਅਪਣਾਇਆ ਜਾ ਰਿਹਾ ਹੈ।
ਚੇਤਨਾ ਤੋਂ ਸੱਖਣੇ ਜਿਹੜੇ ਦਕੀਆਨੂਸ ਲੋਕ ਆਖਦੇ ਹਨ ਕਿ ਨਾਂ 'ਚ ਕੀ ਪਿਆ ਹੈ, ਉਹ ਮਾਨਸਿਕ ਦਿਵਾਲੀਏਪਣ ਦਾ ਸ਼ਿਕਾਰ ਹਨ। ਜੇ ਤੁਸੀਂ ਆਪਣੀ ਸ਼ਬਦਾਵਲੀ ਅਤੇ ਆਪਣੇ ਬਿਰਤਾਂਤ ਤੋਂ ਮੂੰਹ ਮੋੜ ਲੈਂਦੇ ਹੋ, ਤਾਂ ਤੁਹਾਡੀ ਪਛਾਣ ਕਾਇਮ ਨਹੀਂ ਰਹੀ ਸਕਦੀ। ਰਸੂਲ ਹਮਜ਼ਾਤੋਵ ਆਪਣੀ ਕਿਤਾਬ 'ਮੇਰਾ ਦਾਗਿਸਤਾਨ' ਵਿੱਚ ਲਿਖਦਾ ਹੈ ਜੇ ਬੀਤੇ 'ਤੇ ਪਿਸਤੌਲ ਨਾਲ ਗੋਲ਼ੀ ਚਲਾਉਗੇ, ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਇਸ ਦੀ ਪ੍ਰਤੱਖ ਮਿਸਾਲ 42 ਸਾਲ ਪਹਿਲਾਂ, ਜੂਨ 84 ਨੂੰ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਲਈ, ਸਟੇਟ ਵੱਲੋਂ ਸਾਕਾ ਨੀਲਾ ਤਾਰਾ (ਆਪਰੇਸ਼ਨ ਬਲੂ ਸਟਾਰ) ਸ਼ਬਦ ਵਰਤਣਾ ਫ਼ਰੇਬੀ ਭਾਸ਼ਾ ਦਾ ਸਿਖਰ ਕਿਹਾ ਜਾ ਸਕਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਨਾ ਕੇਵਲ ਸਟੇਟ ਦੇ ਸੰਦ ਬਣ ਕੇ ਵਿਚਰਨ ਵਾਲੇ ਲਿਖਾਰੀਆਂ ਅਤੇ ਇਤਿਹਾਸਕਾਰਾਂ ਵੱਲੋਂ ਹੀ, ਬਲਕਿ ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਵੱਲੋਂ ਵੀ, ਦਰਬਾਰ ਸਾਹਿਬ 'ਤੇ ਹਮਲੇ ਨੂੰ 'ਸਾਕਾ ਨੀਲਾ ਤਾਰਾ' (ਆਪਰੇਸ਼ਨ ਬਲੂ ਸਟਾਰ) ਕਹਿਣਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਉਹ ਕਿਸ ਹੱਦ ਤੱਕ ਸਟੇਟ ਦੇ ਛਲ-ਕਪਟ ਦਾ ਸ਼ਿਕਾਰ ਹੋ ਕੇ, ਆਪਣੇ ਹੀ ਇਤਿਹਾਸ ਦੇ ਉਲਟ ਭੁਗਤ ਰਹੇ ਹਨ।
ਸਿੱਖ ਕੌਮ ਦੇ ਤੀਜੇ ਘੱਲੂਘਾਰੇ ਦੀ 42ਵੇਂ ਸ਼ਹੀਦੀ ਯਾਦ ਮੌਕੇ 'ਸਾਕਾ ਨੀਲਾ ਤਾਰਾ' ਸ਼ਬਦ ਦੀ ਵਰਤੋਂ ਸਬੰਧੀ ਆਪਣੀਆਂ ਗ਼ਲਤੀਆਂ ਨੂੰ ਦਰੁਸਤ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਦੀ ਲੋੜ ਕਿਉਂ ਹੈ ਅਤੇ ਇਸ ਸੋਧ ਨਾਲ ਕੀ ਫਰਕ ਪਏਗਾ? ਆਓ ਇਹਨਾਂ ਮੁੱਦਿਆਂ 'ਤੇ ਗ਼ੌਰ ਫ਼ਰਮਾਈਏ! ਸਿੱਖ ਵਿਦਵਾਨ ਡਾ. ਸੇਵਕ ਸਿੰਘ ਦੀ ਕਿਤਾਬ 'ਸ਼ਬਦ ਜੰਗ' ਇਸ ਸਿਧਾਂਤਕ ਪ੍ਰਸੰਗ ਨੂੰ ਸਮਝਣ ਵਿੱਚ ਸਹਾਈ ਸਿੱਧ ਹੋਏਗੀ। ਇਸ ਅਨੁਸਾਰ ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸਵਾਲਾਂ ਦੀ ਜੰਗਬਾਜੀ ਅਤੇ ਨਿਖੇਧਕਾਰੀ ਨੂੰ ਸਟੇਟ ਹਥਿਆਰ ਵਜੋਂ ਵਰਤਦੀ ਹੈ। 'ਸ਼ਬਦ ਜੰਗ' ਹਥਿਆਰਬੰਦ ਜੰਗ ਨਾਲੋਂ ਨਾ ਸਿਰਫ ਵੱਡੀ ਹੁੰਦੀ ਹੈ, ਸਗੋਂ ਹਥਿਆਰਬੰਦ ਜੰਗ ਸ਼ਬਦ ਜੰਗ ਦਾ ਇੱਕ ਛੋਟਾ ਹਿੱਸਾ ਹੈ। ਸ਼ਬਦ ਜੰਗ ਲੋਕਾਂ ਦੇ ਮਨਾਂ ਉੱਤੇ ਕਬਜ਼ੇ ਦੀ ਜੰਗ ਹੈ। ਸੱਤਾਹੀਣ ਧਿਰ ਜੰਗਜੂ ਹੋਣ ਦੇ ਬਾਵਜੂਦ ਹਕੂਮਤੀ ਜਾਂ ਭਾਰੂ ਧਿਰ ਦੀ ਕਿੰਨੀ ਗ਼ੁਲਾਮੀ ਕਬੂਲਦੀ ਹੈ, ਇਸ ਦਾ ਪਤਾ ਉਹਦੀ ਬੋਲੀ ਦੇ ਸ਼ਬਦਾਂ ਵਿੱਚ ਆਉਂਦੇ ਬਦਲਾਅ ਤੋਂ ਲੱਗਦਾ ਹੈ। ਸੱਤਾ ਸਦਾ ਹੀ ਬਗ਼ਾਵਤੀ ਧਿਰਾਂ ਨੂੰ ਬਹੁਭਾਂਤ ਦੀ ਕਪਟੀ ਅਤੇ ਉਲਝਾਊ ਸ਼ਬਦਾਵਲੀ ਨਾਲ ਘੇਰਦੀ ਹੈ। ਸ਼ਬਦ ਜੰਗ ਹੀ ਇਹ ਉਜਾਗਰ ਕਰਦੀ ਹੈ ਕਿ ਕਿਵੇਂ ਸ਼ਬਦਾਂ ਦੀ ਚੋਣ ਮਾਅਨੇ ਰੱਖਦੀ ਹੈ ਅਤੇ ਸ਼ਬਦ ਤੋਂ ਲੈ ਕੇ ਨਿਖੇਧ ਤੱਕ ਦੇ ਸਾਰੇ ਵਰਤਾਰੇ, ਕਿਵੇਂ ਜੰਗ ਲਈ ਵਰਤੇ ਜਾਂਦੇ ਹਨ। ਸ਼ਬਦ ਜੰਗ ਪ੍ਰਤੀ ਸੁਚੇਤ ਨਾ ਹੋਣ ਕਾਰਨ ਹਕੂਮਤ ਦੇ ਜਬਰ ਤੋਂ ਬਾਅਦ, ਜੰਗਜੂ ਧਿਰਾਂ ਅੰਦਰਲੇ ਵਿਰੋਧਾਂ ਅਤੇ ਬਾਹਰਲੇ ਹਮਲਿਆਂ ਦਾ ਦੁਵੱਲਾ ਸ਼ਿਕਾਰ ਹੋ ਜਾਂਦੀਆਂ ਹਨ। ਸਿਧਾਂਤਕ ਘੇਰਾਬੰਦੀ ਤੋਂ ਬਚਣ ਲਈ ਜੰਗਜੂ ਧਿਰਾਂ ਸ਼ਬਦ ਜੰਗ ਤੋਂ ਕਿਨਾਰਾ ਨਹੀਂ ਕਰ ਸਕਦੀਆਂ, ਬਲਕਿ ਉਹਨਾਂ ਕੋਲ ਇੱਕੋ ਇੱਕ ਰਾਹ, ਇਸ ਨੂੰ ਸਮਝਣ ਦਾ ਹੈ।
ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਦੇ ਹਮਲੇ ਨੂੰ 'ਸਾਕਾ ਨੀਲਾ ਤਾਰਾ' ਨਾਂ ਦੇਣਾ ਦਰਅਸਲ ਇੰਡੀਅਨ ਸਟੇਟ ਦੀ ਅਸਾਵੀਂ ਸ਼ਬਦ ਜੰਗ, ਇਸ ਦੀ ਵਿਆਖਿਆ ਜੰਗ, ਪ੍ਰਚਾਰ ਜੰਗ ਅਤੇ ਸਵਾਲਾਂ ਦੀ ਜੰਗਬਾਜੀ ਦਾ ਪ੍ਰਤੱਖ ਰੂਪ ਹੈ। ਅਸੀਂ ਇਹ ਵੇਖਦੇ ਹਾਂ ਕਿ 'ਨੀਲਾ' ਸ਼ਬਦ ਦੀ ਵਰਤੋਂ ਸਿੱਖਾਂ ਦੇ ਨਿਸ਼ਾਨ ਸਾਹਿਬ ਨੂੰ ਅਤੇ ਦਸਤਾਰਾਂ ਨੂੰ ਨਿਸ਼ਾਨਾ ਬਣਾ ਕੇ, ਭਾਰਤੀ ਸਟੇਟ ਵੱਲੋਂ ਕੀਤੀ ਗਈ ਹੈ। ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਨੂੰ 'ਸਾਕਾ ਨੀਲਾ ਤਾਰਾ' ਦਾ ਸਰਕਾਰੀ ਨਾਂ ਦੇਣ ਦੀ ਦੁਸ਼ਟ-ਸੋਚ ਨੂੰ ਸਮਝਣ ਲਈ ਛਲ-ਕਪਟ ਦੀ ਸ਼ਬਦਾਵਲੀ ਦੇ ਕੁਝ ਅਹਿਮ ਨਮੂਨੇ ਧਿਆਨ ਮੰਗਦੇ ਹਨ। ਇਹ ਸੱਚ ਹੈ ਕਿ ਬੁੱਧ ਧਰਮ ਮਨੂਵਾਦ ਅਤੇ ਬ੍ਰਾਹਮਣਵਾਦ ਦਾ ਵੱਡਾ ਦੁਸ਼ਮਣ ਰਿਹਾ ਹੈ, ਜਿਸ ਪ੍ਰਤੀ ਮਨੂਵਾਦੀਆਂ ਦੀ ਨਫ਼ਰਤ ਲਗਾਤਾਰ ਸਦੀਆਂ ਤੱਕ ਕਾਇਮ ਰਹੀ। ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਦਾ ਬੁੱਧ ਧਰਮ ਪ੍ਰਤੀ, ਫ਼ਰੇਬੀ ਸੋਚ ਦਾ ਮਖੋਟਾ ਉਸ ਵੇਲੇ ਲਹਿ ਜਾਂਦਾ ਹੈ, ਜਦੋਂ ਭਾਰਤ ਵੱਲੋਂ 18 ਮਈ 1974 ਨੂੰ ਪੋਖਰਨ, ਰਾਜਸਥਾਨ ਵਿਖੇ ਨਿਊਕਲੀਅਰ ਟੈਸਟ ਕੀਤਾ ਜਾਂਦਾ ਹੈ ਤੇ ਉਸਦਾ ਨਾਂ ਫ਼ਰੇਬੀ ਸ਼ਬਦਾਵਲੀ ਵਿੱਚ 'ਸਮਾਈਲਿੰਗ ਬੁੱਧਾ' ਭਾਵ ਮਹਾਤਮਾ ਬੁੱਧ ਦਾ ਮੁਸਕਰਾਉਣਾ ਰੱਖਿਆ ਜਾਂਦਾ ਹੈ।
ਸਿਤਮਜ਼ਰੀਫੀ ਦੇਖੋ ਕਿ ਜਿਸ ਮਹਾਤਮਾ ਬੁੱਧ ਨੂੰ 'ਅਹਿੰਸਾ ਪਰਮੋ ਧਰਮਾ' ਕਰਕੇ ਜਾਣਿਆ ਜਾਂਦਾ ਹੈ, ਉਸ ਦੇ ਨਾਂ 'ਤੇ ਹੀ ਇਹ ਨਿਊਕਲੀਅਰ ਟੈਸਟ ਕੀਤੇ ਗਏ ਅਤੇ ਦੁਨੀਆ ਸਾਹਮਣੇ ਇਸ ਦਾ ਸੰਕੇਤਕ ਨਾਂ 'ਮੁਸਕਰਾਉਂਦਾ ਬੁੱਧ' ਦਿੱਤਾ ਗਿਆ। ਅਫ਼ਸੋਸ ਇਸ ਗੱਲ ਦਾ ਹੈ ਕਿ ਪੀੜਤ ਧਿਰ ਭਾਵ ਬੁੱਧ ਧਰਮ ਦੇ ਪੈਰੋਕਾਰਾਂ ਵੱਲੋਂ ਇਸ ਤੇ ਨਾ ਕੋਈ ਇਤਰਾਜ਼ ਕੀਤਾ ਗਿਆ ਅਤੇ ਨਾ ਹੀ ਇਸ ਸਬਦ ਜੰਗ ਅਤੇ ਵਿਆਖਿਆ ਜੰਗ ਵਿੱਚ ਆਪਣਾ ਬਿਰਤਾਂਤ ਦੱਸਣ ਦੀ ਖੇਚਲ ਕੀਤੀ ਗਈ। ਕੌਮਾਂਤਰੀ ਮੰਚ 'ਤੇ ਦੇਖੀਏ, ਤਾਂ ਛਲ-ਕਪਟ ਵਾਲੀ ਸ਼ਬਦਾਵਲੀ ਦੀ ਵਰਤੋਂ ਵਿਸ਼ਵ ਜੰਗਾਂ ਦੌਰਾਨ ਵੀ ਸਾਹਮਣੇ ਆਈ। ਅਮਰੀਕਾ ਨੇ 6 ਅਗਸਤ 1945 ਨੂੰ ਦੂਜੇ ਮਹਾਂ-ਯੁੱਧ ਦੌਰਾਨ ਜਪਾਨ 'ਤੇ 9700 ਪੌਂਡ ਦਾ ਐਟਮੀ ਬੰਬ ਸੁੱਟਦਿਆਂ, ਉਸ ਦਾ ਨਾਂ 'ਲਿਟਲ ਬੁਆਏ' ਭਾਵ 'ਨੰਨਾ ਮੁੰਨਾ' ਰੱਖ ਕੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ। ਇੱਥੇ ਹੀ ਵੱਸ ਨਹੀਂ, ਤਿੰਨ ਦਿਨਾਂ ਬਾਅਦ ਅਮਰੀਕਾ ਨੇ ਫ਼ਰੇਬ ਦਾ ਸਹਾਰਾ ਲੈ ਕੇ, ਦੂਜੇ ਸ਼ਹਿਰ ਨਾਗਾਸਾਕੀ 'ਤੇ 10,300 ਪੌਂਡ ਦਾ ਨਿਊਕਲੀਅਰ ਬੰਬ ਸੁੱਟਿਆ, ਜਿਸ ਦਾ ਨਾਂ 'ਫੈਟ ਮੈਨ' ਭਾਵ 'ਮੋਟਾ ਬੰਦਾ' ਰੱਖਿਆ। ਇਹਨਾਂ ਬੰਬਾਂ ਨਾਲ ਲੱਖ ਤੋਂ ਵੱਧ ਮਨੁੱਖ, ਜਿੰਨਾਂ 'ਚ ਵੱਡੀ ਗਿਣਤੀ ਬੱਚਿਆਂ ਤੇ ਔਰਤਾਂ ਦੀ ਸੀ, ਖਤਮ ਹੋ ਗਏ।
ਘੱਲੂਘਾਰਿਆਂ ਦੀ ਗੱਲ ਕਰਦਿਆਂ ਫ਼ਰੇਬੀ ਸ਼ਬਦਾਵਲੀ ਦੀ ਸਭ ਤੋਂ ਘਿਨਾਉਣੀ ਮਿਸਾਲ ਨਾਜ਼ੀਵਾਦੀਆਂ ਵੱਲੋਂ ਯਹੂਦੀਆਂ ਦੇ ਘੱਲੂਘਾਰੇ ਨੂੰ 'ਫਾਈਨਲ ਸਲੂਸ਼ਨ' ('ਅੰਤਿਮ ਹੱਲ') ਦਾ ਸੰਕੇਤਕ ਨਾਂ ਦੇਣਾ ਹੈ। ਇਹ ਕਤਲੇਆਮ 1941 ਤੋਂ 1945 ਤੱਕ ਹੋਇਆ, ਜਿਸ ਵਿੱਚ ਲੱਖਾਂ ਯਹੂਦੀਆਂ ਨੂੰ ਅੰਤਾਂ ਦੇ ਤਸ਼ੱਦਦ ਨਾਲ ਮਾਰਿਆ ਗਿਆ। ਇਸ ਦੌਰਾਨ ਇੱਕ ਹੋਰ ਦਿਲ ਕੰਬਾਊ ਸੰਕੇਤਕ ਸ਼ਬਦਾਵਲੀ ਅਨੁਸਾਰ ਨਾਜ਼ੀਆਂ ਵੱਲੋਂ ਯਹੂਦੀਆਂ ਨੂੰ ਗੈਸ ਭੱਠੀਆਂ ਵਿੱਚ ਜਿਉਂਦਿਆਂ ਸਮੂਹਿਕ ਤੌਰ 'ਤੇ ਸਾੜਨ ਨੂੰ 'ਸ਼ਾਵਰ ਬਾਥ' ('ਫੁਹਾਰਾ ਇਸ਼ਨਾਨ') ਕਰਵਾਉਣਾ ਕਹਿਣਾ ਹੈ। ਨਾਜ਼ੀਆਂ ਦੀ ਤਰਜ਼ 'ਤੇ ਹੀ ਹਿਟਲਰ ਦੀ ਪੈਰੋਕਾਰ ਮਨੂਵਾਦੀ ਇੰਡੀਅਨ ਸਟੇਟ ਵੱਲੋਂ ਨੀਲੇ ਨਿਸ਼ਾਨ ਸਾਹਿਬ ਅਤੇ ਨੀਲੀਆਂ ਦਸਤਾਰਾਂ ਵਾਲੇ ਸਿੱਖਾਂ ਨੂੰ ਸਬਕ ਸਿਖਾਉਣ ਲਈ 1 ਜੂਨ 1984 ਤੋਂ 10 ਜੂਨ 1984 ਤੱਕ, ਮਿਲਟਰੀ 'ਆਪਰੇਸ਼ਨ ਬਲੂ ਸਟਾਰ' ('ਸਾਕਾ ਨੀਲਾ ਤਾਰਾ') ਦੇ ਸਰਕਾਰੀ ਨਾਂ ਹੇਠ ਕੀਤਾ ਗਿਆ। ਉਸ ਵੇਲੇ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਇਹ ਹਮਲਾ ਅਚਨਚੇਤ ਨਹੀਂ, ਬਲਕਿਵਿਰੋਧੀ ਧਿਰਾਂ ਦੀ ਸਮੂਹਿਕ ਸਹਿਮਤੀ ਲੈ ਕੇ, ਬਹੁ-ਗਿਣਤੀ ਨੂੰ ਭਰਮਾਉਣ, ਵੋਟਾਂ ਦੇ ਧਰੁਵੀਕਰਨ, ਐਮਰਜੈਂਸੀ ਦੌਰਾਨ ਸਿੱਖਾਂ ਨੂੰ ਤਿੱਖੇ ਵਿਰੋਧ ਲਈ ਸਬਕ ਸਿਖਾਉਣ ਤੇ ਘੱਟ-ਗਿਣਤੀ ਕੌਮ ਦਾ ਸ਼ਿਕਾਰ ਕਰਨ ਲਈ, ਯੋਜਨਾਬੱਧ ਢੰਗ ਨਾਲ ਕੀਤਾ ਗਿਆ।
ਕੌਮਾਂਤਰੀ ਪੱਧਰ 'ਤੇ ਬਰਤਾਨੀਆ ਅਤੇ ਰੂਸ ਦੀ ਭਾਈਵਾਲੀ ਨਾਲ, ਫੌਜੀ ਹਮਲਾ 'ਸਾਕਾ ਨੀਲਾ ਤਾਰਾ' ਦੇ ਸਰਕਾਰੀ ਨਾਂ ਹੇਠ, ਕੇਵਲ ਦਰਬਾਰ ਸਾਹਿਬ ਅੰਮ੍ਰਿਤਸਰ ਨਹੀਂ, ਬਲਕਿ ਪੰਜਾਬ ਦੇ 37 ਹੋਰ ਗੁਰਦੁਆਰਿਆਂ ਸਮੇਤ, ਸਮੂਹ ਪੰਜਾਬ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਸਿੱਖਾਂ ਨੂੰ ਜ਼ਲੀਲ ਕਰਨ ਲਈ ਛਲ-ਕਪਟ ਦੀ ਸ਼ਬਦਾਵਲੀ ਹੇਠ ਦਰਬਾਰ ਸਾਹਿਬ 'ਤੇ ਹਮਲੇ ਲਈ ਵਰਤੇ ਜਾਂਦੇ ਸਰਕਾਰੀ ਫੌਜੀ ਨਾਂ 'ਅਪਰੇਸ਼ਨ ਬਲੂ ਸਟਾਰ' ਦੇ ਅੱਗੇ ਹੋਰ ਵੀ ਵੱਖਰੇ ਸਰਕਾਰੀ ਸੰਕੇਤਕ ਫੌਜੀ ਨਾਂ ਰੱਖੇ ਗਏ, ਜਿਨਾਂ ਦਾ ਵਰਗੀਕਰਨ ਇਉ ਕੀਤਾ ਗਿਆ ; ਪਹਿਲਾ 'ਆਪਰੇਸ਼ਨ ਮੈਟਲ', ਜਿਸ ਦਾ ਮਕਸਦ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ ਤੇ ਹੋਰਨਾਂ ਇਮਾਰਤਾਂ ਉੱਪਰ ਹਮਲਾ ਕਰਨਾ ਅਤੇ ਉੱਥੇ ਮੌਜੂਦ ਸਿੱਖਾਂ ਨੂੰ ਖਤਮ ਕਰਨਾ ਸੀ। ਦੂਜਾ 'ਆਪਰੇਸ਼ਨ ਸ਼ਾਪ' ਸੀ, ਜਿਸ ਵਿੱਚ ਦਰਬਾਰ ਸਾਹਿਬ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਗੁਰਦੁਆਰਿਆਂ ਨੂੰ 'ਸ਼ੱਕੀ ਅਸਥਾਨ' ਕਰਾਰ ਦੇ ਕੇ ਨਿਸ਼ਾਨਾ ਬਣਾਉਣਾ ਅਤੇ ਸਿੱਖਾਂ ਦਾ ਕਤਲੇਆਮ ਕਰਨਾ ਸੀ। ਤੀਜਾ ਪੜਾਓ ਸੀ 'ਆਪਰੇਸ਼ਨ ਵੁਡਰੋਜ਼', ਜਿਸ ਵਿੱਚ ਇੰਡੀਅਨ ਆਰਮੀ ਅਤੇ ਨੈਸ਼ਨਲ ਸਿਕਿਉਰਟੀ ਗਾਰਡ ਨੇ, ਮਿਲ ਕੇ 9 ਮਈ 1988 ਨੂੰ 'ਆਪਰੇਸ਼ਨ ਬਲੂ ਸਟਾਰ' ਦੀ ਦੂਜੀ ਕੜੀ ਨੂੰ ਅੱਗੇ ਤੋਰਿਆ ਅਤੇ ਦਰਬਾਰ ਸਾਹਿਬ 'ਤੇ ਮੁੜ ਹਮਲਾ ਕੀਤਾ।
'ਅਪਰੇਸ਼ਨ ਬਲੂ ਸਟਾਰ', 'ਆਪਰੇਸ਼ਨ ਮੈਟਲ', 'ਆਪਰੇਸ਼ਨ ਸ਼ਾਪ', 'ਆਪਰੇਸ਼ਨ ਵੁਡਰੋਜ਼' ਅਤੇ 'ਆਪਰੇਸ਼ਨ ਬਲੈਕ ਥੰਡਰ ਆਦਿ 'ਸਰਕਾਰੀ ਨਾਂ' ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਲਈ ਵਰਤੇ ਗਏ। ਅਫ਼ਸੋਸ਼ ਕਿ ਸਿੱਖ ਵਿਦਵਾਨ ਅਤੇ ਸਿੱਖ ਸੰਸਥਾਵਾਂ ਆਪਣੇ ਅਦਾਰਿਆਂ ਵਿੱਚ ਇਹਨਾਂ ਨਾਵਾਂ ਦਾ ਇਸਤੇਮਾਲ ਕਰਕੇ ਬੌਧਿਕ ਅਗਿਆਨਤਾ ਦੀ ਮਿਸਾਲ ਪੇਸ਼ ਕਰਦੀਆਂ ਹਨ, ਜਿਵੇਂ ਕਿ 'ਅਪਰੇਸ਼ਨ ਬਲੂ ਸਟਾਰ ਨੂੰ ਯਾਦ ਕਰਦਿਆਂ', 'ਸਾਕਾ ਨੀਲਾ ਤਾਰਾ ਦੀ 42ਵੀਂ ਵਰੇ-ਗੰਢ 'ਤੇ', 'ਸਾਕਾ ਨੀਲਾ ਤਾਰਾ ਤੋਂ ਬਾਅਦ' ਆਦਿ ਸ਼ਬਦ ਗੁਰਦੁਆਰਿਆਂ ਅਤੇ ਮੀਡੀਆ ਅਦਾਰਿਆਂ ਰਾਹੀਂ ਵਰਤੇ ਜਾ ਰਹੇ ਹਨ। ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਕਿਰਪਾਲ ਸਿੰਘ ਦੀ ਕਿਤਾਬ 'ਅੱਖੀਂ ਡਿੱਠਾ ਸਾਕਾ ਨੀਲਾ ਤਾਰਾ' ਅਤੇ ਕਈ ਹੋਰ ਸਿੱਖ ਇਤਿਹਾਸਕਾਰਾਂ ਦੀਆਂ ਅਜਿਹੀਆਂ ਲਿਖਤਾਂ ਇਸ ਦੀ ਪ੍ਰਤੱਖ ਮਿਸਾਲ ਹਨ। ਵਿਦਵਾਨ ਡਾ. ਸਿਕੰਦਰ ਸਿੰਘ ਦਾ ਕਥਨ ਹੈ ਕਿ ਸ਼ਬਦ ਜੰਗ ਹੁੰਦੀ ਇਹ ਹੈ ਕਿ ਸੱਤਾ ਵੱਲੋਂ ਆਪਣੇ ਵਿਰੋਧੀ ਦੀ ਧਰਤੀ ਨੂੰ, ਧਰਮ ਨੂੰ, ਕਿੱਤੇ ਨੂੰ, ਦੇਹ ਨੂੰ, ਇਤਿਹਾਸ ਨੂੰ, ਬੋਲੀ ਨੂੰ, ਸੱਭਿਆਚਾਰ ਨੂੰ, ਸਭ ਨੂੰ ਹੀਣਾ ਅਤੇ ਨੀਵਾਂ ਕਰ ਦੇਣਾ, ਉਹਨਾਂ ਦੇ ਅੱਖਰਾਂ ਤੱਕ ਘਟਾ ਦੇਣਾ। 42 ਸਾਲ ਪਹਿਲਾਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਮੇਤ ਪੰਜਾਬ ਉੱਪਰ ਭਾਰਤੀ ਸਟੇਟ ਦਾ ਫੌਜੀ ਹਮਲਾ ਸਿੱਖੀ ਨੂੰ, ਪੰਜਾਬੀਆਂ ਨੂੰ, ਪੰਜਾਬੀ ਬੋਲੀ ਨੂੰ, ਸੱਭਿਆਚਾਰ ਨੂੰ ਅਤੇ ਇਤਿਹਾਸ ਨੂੰ ਖਤਮ ਕਰਨ ਦਾ ਖ਼ੂਨੀ ਵਰਤਾਰਾ ਸੀ, ਜਿਸ ਨੂੰ 'ਅਪਰੇਸ਼ਨ ਬਲੂ ਸਟਾਰ' ਕਹਿ ਕੇ, ਸੰਸਾਰ ਭਰ ਵਿੱਚ, ਸਿੱਖਾਂ ਨੂੰ ਭੰਡਿਆ ਗਿਆ।
ਪੰਜਵੇਂ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ 'ਤੇ ਮਿਥ ਕੇ ਕੀਤੇ ਗਏ ਇਸ ਫੌਜੀ ਹਮਲੇ ਨੇ, ਸਿੱਖ ਨਸਲਕੁਸ਼ੀ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਪੰਜਾਬ ਅੱਜ ਵੀ ਜੂਝ ਰਿਹਾ ਹੈ। ਦਿੱਲੀ ਸਮੇਤ ਭਾਰਤ ਦੇ ਕੋਨੇ-ਕੋਨੇ ਵਿੱਚ ਨਵੰਬਰ 84 ਨੂੰ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਭਾਰਤੀ ਫੌਜੀ ਹਮਲੇ ਦਾ ਹੀ ਅਗਲਾ ਪੜਾਓ ਸੀ। ਸਿੱਖ ਬਿਰਤਾਂਤ ਅਨੁਸਾਰ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਨੂੰ ਸਿੱਖਾਂ ਦਾ ਤੀਜਾ ਘੱਲੂਘਾਰਾ ਹੀ ਕਹਿਣਾ ਉਚਿਤ ਹੈ। ਇਸ ਬਿਰਤਾਂਤ ਨੂੰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ 'ਝਨਾਂ ਦੀ ਰਾਤ' ਵਿੱਚ ਢੁਕਵੀਂ ਸ਼ਬਦਾਵਲੀ ਰਾਹੀਂ ਪੇਸ਼ ਕਰਦੇ ਬਿਆਨ ਕਰਦੇ ਹਨ ;
"ਕਟਕ ਅਕ੍ਰਿਤਘਣਾਂ ਦੇ ਧਮਕੇ ਹਰਿਮੰਦਰ ਦੇ ਬੂਹੇ
ਮੀਆਂ ਮੀਰ ਦਾ ਖ਼ੂਨ ਵੀਟ ਕੇ ਕਰੇ ਸਰੋਵਰ ਸੂਹੇ
ਦੂਰ ਸਮੇਂ ਦੇ ਗਰਭ ’ਚ ਸੁੱਤੇ ਬੀਜ ਮਾਸੂਮ ਵਣਾਂ ਦੇ,
ਲੂਣ-ਹਰਾਮ ਦੀ ਨਜ਼ਰ ਪੈਂਦਿਆਂ ਗਏ ਪਲਾਂ ਵਿਚ ਲੂਹੇ
ਨਾਰ ਸਰਾਲ ਸਰਕਦਾ ਘੇਰਾ ਹਰਿਮੰਦਰ ਨੂੰ ਪਾਇਆ
ਰਿਜ਼ਕ ਫ਼ਕੀਰਾਂ ਵਾਲਾ ਸੁੱਚਾ ਆ ਤਕਦੀਰ ਜਲਾਇਆ
ਬੁੱਤ-ਪੂਜਾਂ ਦੇ ਸੀਨੇ ਦੇ ਵਿਚ ਫੱਫੇਕੁੱਟਨੀ ਸੁੱਤੀ,
ਜਿਸ ਦੀ ਵਿਸ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਆਇਆ
ਘਾਇਲ ਹੋਏ ਹਰਿਮੰਦਰ ਕੋਲੇ ਕਿੜਾਂ ਬੇਅੰਤ ਨੂੰ ਪਈਆਂ
ਤੱਤੀ ਤਵੀ ਦੇ ਵਾਂਗ ਦੁਪਹਿਰਾਂ ਨਾਲ਼ ਨਾਲ਼ ਬਲ ਰਹੀਆਂ
ਮੀਆਂ ਮੀਰ ਦੇ ਸੁਪਨੇ ਦੇ ਵਿੱਚ ਵਗੇ ਵਗੇ ਪਈ ਰਾਵੀ,
ਵਹਿਣ ’ਚ ਹੱਥ ਉਠੇ, ਸਭ ਲਹਿਰਾਂ ਉਲਰ ਬੇਅੰਤ ਤੇ ਪਈਆਂ"
ਜੂਨ 84 ਵਿੱਚ ਦਰਬਾਰ ਸਾਹਿਬ ਦੇ ਫੌਜੀ ਹਮਲੇ ਦਾ 42ਵਾਂ ਸ਼ਹੀਦੀ ਸਾਲ ਚੇਤੇ ਕਰਦਿਆਂ, ਅੱਜ ਤੋਂ ਇਹ ਪ੍ਰਣ ਕਰਨਾ ਬਣਦਾ ਹੈ ਕਿ ਜਾਣੇ-ਅਣਜਾਣੇ ਵਿੱਚ ਸਟੇਟ ਦੇ ਬਿਰਤਾਂਤ ਅਤੇ ਕਪਟੀ ਸ਼ਬਦਾਵਲੀ ਆਪਰੇਸ਼ਨ ਬਲੂ ਸਟਾਰ (ਸਾਕਾ ਨੀਲਾ ਤਾਰਾ) ਨੂੰ ਆਪਣੇ ਬਿਰਤਾਂਤ ਬਿਆਨ ਕਰਨ ਲਈ ਨਾ ਵਰਤਿਆ ਜਾਵੇ। ਹਾਂ, ਜਿੱਥੇ ਸਰਕਾਰੀ ਜਬਰ ਅਤੇ ਫ਼ੌਜ ਦੇ ਕਹਿਰ ਨੂੰ ਦੱਸਣਾ ਹੋਵੇ, ਉਥੇ ਭਾਰਤ ਸਰਕਾਰ ਦੇ ਛਲ-ਕਪਟੀ ਸ਼ਬਦਾਂ ਦੇ ਰੂਪ ਵਿੱਚ, ਇਸ ਨੂੰ ਜ਼ਾਲਮਾਨਾ ਕਾਰਵਾਈ ਵਜੋਂ ਬਿਆਨ ਕਰਨਾ ਠੀਕ ਹੋਏਗਾ। ਇਸ ਤੋਂ ਇਲਾਵਾ ਇਹ ਗੱਲ ਵੀ ਗ਼ੌਰ ਕਰਨ ਵਾਲੀ ਹੈ ਕਿ ਜੂਨ 84 ਦਾ ਤੀਜਾ ਸ਼ਹੀਦੀ ਘੱਲੂਘਾਰਾ, ਸਿੱਖ ਕੌਮ ਲਈ ਇੱਕ ਯੁਗ ਪਲਟਾਊ ਵਰਤਾਰਾ ਹੈ, ਜਿਸ ਨੇ ਦੇਸ਼ ਵਿਦੇਸ਼ ਵਿੱਚ ਲੱਖਾਂ ਸਿੱਖਾਂ ਦਾ ਜੀਵਨ ਬਦਲ ਦਿੱਤਾ। ਅਜਿਹੇ ਜੀਵਨ ਪਲਟਾਊ ਬਿਰਤਾਂਤ ਨੂੰ ਡਾ. ਹਰਭਜਨ ਸਿੰਘ ਨੇ ਭਾਵਪੂਰਤ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ ;
"ਦਿੱਲੀ ਨੇ ਜਦ ਅੰਮ੍ਰਿਤਸਰ ’ਤੇ ਜਮ ਕਰ ਮੁਗ਼ਲ ਚੜ੍ਹਾਇਆ
ਹੈਵਰ ਗੈਵਰ ਤੋਂ ਵੀ ਤਕੜਾ ਜਦ ਲੌਹੇਯਾਨ ਦੁੜਾਇਆ
ਫੌਜਾਂ ਨੇ ਜਦ ਸੋਨਕਲਸ਼ ’ਤੇ ਤੁਪਕ ਤਾਨ ਚਲਾਇਆ
ਖਖੜੀ ਖਖੜੀ ਹੋ ਕੇ ਡਿੱਗਾ ਜਦ ਮੇਰੇ ਸਿਰ ਦਾ ਸਾਇਆ
ਸੱਚਾ ਤਖ਼ਤ ਜਿਨ੍ਹੇ ਸੀ ਢਾਇਆ ਉਸੇ ਜਦੋਂ ਬਣਾਇਆ
ਤਾਂ ਅਪਰਾਧੀ ਦੂਣਾ ਨਿਵਦਾ ਮੈਨੂੰ ਨਜ਼ਰੀਂ ਆਇਆ
ਸਤਿਗੁਰ ਇਹ ਕੀ ਕਲਾ ਵਿਖਾਈ, ਤੂੰ ਕੀ ਭਾਣਾ ਵਰਤਾਇਆ
'ਮੈਂ ਪਾਪੀ ਦੀ ਸੋਧ ਲਈ ਤੂੰ' ਆਪਣਾ ਘਰ ਢਠਾਇਆ
ਮੈਂ ਰੱਬ ਨੂੰ ਬਹੁਤ ਧਿਆਇਆ"
ਗੁਰੂ ਨਾਨਕ ਜਹਾਜ਼ : ਨਸਲਵਾਦ 'ਤੇ ਜਿੱਤ - ਡਾ. ਗੁਰਵਿੰਦਰ ਸਿੰਘ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ 'ਤੇ ਵਿਸ਼ੇਸ਼ਗੁਰੂ ਨਾ
ਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ ਵਿਰਸਾ ਹੈ। ਇਹ ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ ਹੈ। ਗੁਰੂ ਨਾਨਕ ਜਹਾਜ਼' ਦਾ ਸਫ਼ਰ ਬਸਤੀਵਾਦ ਅਤੇ ਨਸਲਵਾਦ ਦਾ, ਚੜ੍ਹਦੀ ਕਲਾ ਅਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ ਮੁਸਾਫਿਰਾਂ ਦੀ, ਨਿੱਡਰ ਅਤੇ ਸੁਤੰਤਰ ਹਸਤੀ ਦਾ ਗੌਰਵਮਈ ਅਧਿਆਇ ਹੈ। 23 ਮਈ ਨੂੰ ਗੁਰੂ ਨਾਨਕ ਜਹਾਜ਼ ਦੇ, ਵੈਨਕੂਵਰ ਦੀ ਸਮੁੰਦਰੀ ਧਰਤੀ 'ਤੇ ਪੁੱਜਣ ਦੇ ਇਤਿਹਾਸਿਕ ਵਰਤਾਰੇ ਨੂੰ 112 ਸਾਲ ਹੋ। ਰਹੇ ਹਨ। ਮਹਾਨ ਲਿਖਾਰੀ ਜਾਰਜ ਓਰਵੈਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਤਬਾਹ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਕਿ ਲੋਕਾਂ ਦੀ ਆਪਣੇ ਇਤਿਹਾਸ ਬਾਰੇ ਸਮਝ ਨੂੰ ਨਕਾਰਨਾ ਅਤੇ ਮਿਟਾ ਦੇਣਾ। ਲੋਕਾਂ ਨੂੰ ਤਬਾਹੀ ਤੋਂ ਬਚਾਉਣ ਲਈ ਆਪਣੇ ਇਤਿਹਾਸ ਬਾਰੇ ਸਮਝਾਉਣ ਅਤੇ ਉਸ 'ਤੇ ਫ਼ਖਰ ਮਹਿਸੂਸ ਕਰਨ ਲਈ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਅਤੇ ਪ੍ਰਸੰਗ ਨੂੰ ਸਮਝਣਾ ਲਾਹੇਬੰਦ ਹੋਏਗਾ।
ਕੈਨੇਡਾ ਸਰਕਾਰ ਦੇ 'ਨਸਲੀ ਵਿਤਕਰੇ ਵਾਲੇ ਕਾਨੂੰਨ ਨੂੰ ਚੁਣੌਤੀ ਲਈ 'ਗੁਰੂ ਨਾਨਕ ਸਟੀਮਸ਼ਿਪ ਕੰਪਨੀ' ਦਾ ਗਠਨ :
ਵੀਹਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ ਵਿੱਚ ਨਸਲਵਾਦੀ ਸਰਕਾਰ ਸੀ, ਜਿਸ ਨੇ 1907 ਵਿੱਚ ਪਹਿਲਾਂ ਭਾਰਤੀਆਂ ਤੋਂ ਵੋਟ ਦਾ ਹੱਕ ਖੋਹਿਆ ਤੇ ਉਸ ਤੋਂ ਬਾਅਦ ਕੈਨੇਡਾ ਆਉਣ ਲਈ ਆਪਣੇ ਮੁਲਕ ਤੋਂ ਸਿੱਧੇ ਸਫ਼ਰ ਦੀ ਸ਼ਰਤ ਲਾ ਦਿੱਤੀ। 'ਸਿੱਧਾ ਸਫਰ' ਕੈਨੇਡਾ ਦਾਖਲ ਹੋਣ ਤੋਂ ਰੋਕਣ ਵਾਲਾ 'ਕਾਲਾ ਕਾਨੂੰਨ' ਸੀ, ਜਿਸ ਨੂੰ ਪ੍ਰਭਾਵਹੀਣ ਕਰਨ ਲਈ ਕੈਨੇਡਾ ਦੇ ਮੋਢੀ ਸਿੱਖਾਂ ; ਸ਼ਹੀਦ ਭਾਈ ਭਾਗ ਸਿੰਘ ਜੀ ਭਿਖੀਵਿੰਡ, ਪ੍ਰਧਾਨ ਅਤੇ ਸ਼ਹੀਦ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਮੁੱਖ ਗ੍ਰੰਥੀ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਸਲਾਹ 'ਤੇ ਮਾਝੇ ਦੇ ਨਾਮਵਰ ਸਿੱਖ ਆਗੂ ਅਤੇ ਕਾਰੋਬਾਰੀ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਦੂਰ-ਅੰਦੇਸ਼ੀ ਨਾਲ ਵਿਉਂਤ ਸੋਚੀ। 'ਨਸਲੀ ਵਿਤਕਰੇ ਵਾਲੇ ਕਾਨੂੰਨ ਨਿਰੰਤਰ ਸਿੱਧੇ ਸਫਰ' ਨੂੰ ਚੁਣੌਤੀ ਦੇਣ ਲਈ ਜਨਵਰੀ 1914 ਵਿੱਚ ਬਾਬਾ ਜੀ ਵੱਲੋਂ ਕਲਕੱਤੇ (ਬ੍ਰਿਟਿਸ਼ ਭਾਰਤ) ਜਾ ਕੇ 'ਗੁਰੂ ਨਾਨਕ ਸਟੀਮਸ਼ਿਪ ਕੰਪਨੀ' ਕਾਇਮ ਕੀਤੀ ਗਈ, ਜਿਸ ਅਧੀਨ 'ਗੁਰੂ ਨਾਨਕ ਸਾਹਿਬ' ਦੇ ਨਾਂ 'ਤੇ ਜਹਾਜ਼ ਕਿਰਾਏ 'ਤੇ ਲੈਣ ਦਾ ਫੈਸਲਾ ਕੀਤਾ ਗਿਆ। ਉਨਾਂ ਸਮੁੰਦਰੀ ਬੇੜੇ ਦੀ ਭਾਲ ਕਰਦਿਆਂ ਸਭ ਤੋਂ ਪਹਿਲਾਂ 'ਸਿੰਗਾਪੁਰ ਸਟੀਮਸ਼ਿਪ ਕੰਪਨੀ' ਦੇ ਮੈਨੇਜਰ ਰਾਹੀਂ 'ਲਿਥੋ ਐਂਡ ਕੰਪਨੀ' ਨੂੰ ਸੰਪਰਕ ਕੀਤਾ, ਪਰ ਉਹਨਾਂ ਦਾ ਜਹਾਜ਼ ਪੁਰਾਣਾ ਹੋਣ ਕਾਰਨ ਪੈਸੇਫ਼ਿਕ ਸਮੁੰਦਰ ਵਿੱਚ ਉਤਾਰੇ ਜਾਣ ਦੇ ਸਮਰੱਥ ਨਹੀਂ ਸੀ। ਇਉਂ ਹੀ ਕਈ ਹੋਰ ਬੇੜਿਆਂ ਦੀ ਪੜਤਾਲ ਕੀਤੀ ਗਈ। ਆਖ਼ਰਕਾਰ ਜਰਮਨ ਦੇ ਏਜੰਟ ਯੂਨੇ ਰਾਹੀਂ ਜਪਾਨੀ ਕੰਪਨੀ 'ਕਾਮਾਗਾਟਾ' ਨਾਲ ਸੰਪਰਕ ਕੀਤਾ ਅਤੇ ਉਹਨਾਂ ਦਾ ਜਹਾਜ਼ ਲੈਣ ਦਾ ਫੈਸਲਾ ਕੀਤਾ। ਕਾਮਾਗਾਟਾਮਾਰੂ ਨਾਂ ਦਾ ਸਮੁੰਦਰੀ ਬੇੜਾ, ਜਾਪਾਨ ਤੋਂ 11 ਹਜ਼ਾਰ ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ, 6 ਮਹੀਨਿਆਂ ਲਈ 66 ਹਜ਼ਾਰ ਡਾਲਰ 'ਤੇ ਭਾੜੇ 'ਤੇ ਲਿਆ। ਇਸ ਦਾ ਆਕਾਰ 392.2 ਫੁੱਟ ਸੀ ਅਤੇ 3 ਹਜ਼ਾਰ ਟਨ ਮਾਲ ਢੋਣ ਦੀ ਸਮਰੱਥਾ ਸੀ, ਜਦ ਕਿ ਇੱਕ ਘੰਟੇ ਵਿੱਚ 20 ਕਿਲੋਮੀਟਰ ਦਾ ਸਫਰ ਤੈਅ ਕਰ ਸਕਦਾ ਸੀ। ਮਾਰਚ 1914 ਨੂੰ ਬਾਬਾ ਗੁਰਦਿੱਤ ਸਿੰਘ ਨੇ ਜਪਾਨੀ ਕੰਪਨੀ ਤੋਂ ਇਹ ਜਹਾਜ਼ ਭਾੜੇ 'ਤੇ ਲਿਆ। ਇਹ ਜਹਾਜ਼ ਕੋਲਾ ਢੋਣ ਵਾਲਾ ਸੀ ਤੇ ਇਸ ਨੂੰ ਯਾਤਰੂ ਜਹਾਜ਼ ਦੇ ਰੂਪ ਵਿੱਚ ਬਦਲਣ ਲਈ ਬਾਬਾ ਗੁਰਦਿੱਤ ਸਿੰਘ ਨੇ ਅੰਦਰੋਂ ਕਾਫੀ ਤਬਦੀਲੀ ਕੀਤੀ ਅਤੇ 2500 ਡਾਲਰ ਖਰਚੇ 'ਤੇ ਯਾਤਰੂਆਂ ਲਈ ਸਫਰ ਕਰਨ ਯੋਗ ਬਣਾਇਆ। ਭਾਰੀ ਖਰਚਾ ਕਰਕੇ ਜਹਾਜ਼ ਦੀ ਮੁਰੰਮਤ ਕਰਵਾਉਂਦਿਆਂ, ਪੂਰੀ ਤਿਆਰੀ ਨਾਲ ਜਹਾਜ਼ ਮੁਸਾਫਿਰ ਲਿਜਾਣ ਵਾਲਾ ਬੇੜਾ ਬਣ ਗਿਆ।
'ਗੁਰੂ ਨਾਨਕ ਜਹਾਜ਼' ਦੇ ਨਾਮਕਰਨ ਦਾ ਇਤਿਹਾਸ :
ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਮਾਰਚ 1914 ਨੂੰ ਹਾਂਗਕਾਂਗ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਕਰਵਾਏ ਗਏ ਅਤੇ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਦਾ ਨਾਮਕਰਨ 'ਗੁਰੂ ਨਾਨਕ ਜਹਾਜ਼' ਕੀਤਾ ਗਿਆ। ਸਫਰ ਦੇ ਅਹਿਮ ਪਹਿਲੂ ਵਿਚਾਰਦਿਆਂ ਜਹਾਜ਼ ਦੀਆਂ ਟਿਕਟਾਂ 'ਗੁਰੂ ਨਾਨਕ ਨੈਵੀਗੇਸ਼ਨ ਕੰਪਨੀ' ਵੱਲੋਂ ਪ੍ਰਕਾਸ਼ਿਤ ਹੋਈਆਂ ਅਤੇ ਟਿਕਟਾਂ ਉੱਪਰ ਜਹਾਜ਼ ਦਾ ਨਾਂ 'ਗੁਰੂ ਨਾਨਕ ਸਟੀਮਰ' ਲਿਖਿਆ ਗਿਆ। ਗੁਰੂ ਨਾਨਕ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਜਿੱਥੇ ਦੀਵਾਨ ਜੁੜਦੇ, ਢਾਡੀ ਵਾਰਾਂ ਗਾਉਂਦੇ ਅਤੇ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ। ਗੁਰੂ ਨਾਨਕ ਜਹਾਜ਼ ਦੇ ਸਫ਼ਰ ਦੌਰਾਨ ਪੰਜ ਅਖੰਡ ਪਾਠ ਅਤੇ ਦੋ ਸਹਿਜ ਪਾਠ ਸੰਪੂਰਨ ਕੀਤੇ ਗਏ। ਸਾਂਝੇ ਪੰਜਾਬ (ਅਜੋਕੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼) ਦੇ ਸਭ ਯਾਤਰੂ ਜਾਣਦੇ ਸਨ ਕਿ 'ਗੁਰੂ ਨਾਨਕ ਜਹਾਜ਼' ਨਾਂ 'ਤੇ ਹੀ ਸਭ ਨੂੰ 'ਸਾਂਝੀ ਗੋਦ' ਵਿੱਚ ਲਿਆ ਜਾ ਸਕਦਾ ਸੀ। ਇਤਿਹਾਸਿਕ ਤੱਥਾਂ 'ਤੇ ਅਧਾਰਤ ਇਸ ਜਾਣਕਾਰੀ ਤੋਂ ਬਾਅਦ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਇਸ ਸਮੁੰਦਰੀ ਬੇੜੇ ਦਾ ਨਾਂ ਗੁਰੂ ਨਾਨਕ ਜਹਾਜ਼ ਹੈ ਅਤੇ ਇਤਿਹਾਸਕਾਰਾਂ ਲਈ ਗੁਰੂ ਨਾਨਕ ਜਹਾਜ਼ ਸ਼ਬਦ ਹੀ ਵਰਤਣਾ ਉਚਿਤ ਹੈ। ਕਈਆਂ ਵੱਲੋਂ ਅੱਜ ਵੀ ਜਾਣੇ-ਅਣਜਾਣੇ ਵਿੱਚ ਗੁਰੂ ਨਾਨਕ ਜਹਾਜ਼ ਨੂੰ, ਜਾਪਾਨੀ ਨਾਂ ਕਾਮਾਗਾਟਾਮਾਰੂ ਨਾਲ ਹੀ ਬਿਆਨਿਆ ਜਾਂਦਾ ਹੈ, ਜੋ ਕਿ ਸਹੀ ਨਹੀਂ। ਜਹਾਜ਼ ਦੇ ਸਹੀ ਨਾਂ ਪ੍ਰਤੀ ਬੇਸਮਝੀ ਹੋਣ ਕਾਰਨ, ਕੈਨੇਡਾ ਵਿੱਚ ਕਈ ਸੰਸਥਾਵਾਂ ਦੇ ਨੁਮਾਇਦੇ ਕਾਹਲੀ ਨਾਲ ਸੜਕਾਂ, ਪਾਰਕਾਂ ਅਤੇ ਇਮਾਰਤਾਂ ਆਦਿ ਦੇ ਨਾਂ 'ਕਾਮਾਗਾਟਾਮਾਰੂ' ਰਖਵਾਈ ਜਾ ਰਹੇ ਹਨ, ਜੋ ਕਿ ਆਪਣੇ ਆਪ ਵਿੱਚ ਗਲਤ ਪਿਰਤ ਹੈ।ਅਜਿਹੀਆਂ ਸੰਸਥਾਵਾਂ ਦੇ ਆਗੂਆਂ ਲਈ ਇਤਿਹਾਸਿਕ ਖੋਜ ਪ੍ਰਤੀ ਸੂਝ-ਬੂਝ ਰੱਖਣੀ ਜ਼ਰੂਰੀ ਹੈ।
ਕੌਮਾਂਤਰੀ ਮੰਚ 'ਤੇ ਪੰਜਾਬੀ ਸ਼ਬਦ 'ਜਹਾਜ਼' ਨੂੰ ਮਾਨਤਾ:
ਨਿਰੰਤਰ ਸਿੱਧੇ ਸਫਰ ਦੇ ਕਾਨੂੰਨੀ ਪੱਖ ਨੂੰ ਧਿਆਨ ਵਿੱਚ ਰੱਖਦਿਆਂ, ਜਹਾਜ਼ ਦੇ ਮੁਸਾਫਿਰਾਂ ਨੂੰ ਹਰ ਬੰਦਰਗਾਹ 'ਤੇ, 'ਗੁਰੂ ਨਾਨਕ ਸਟੀਮਸ਼ਿਪ ਕੰਪਨੀ' ਅਧੀਨ, ਗੁਰੂ ਨਾਨਕ ਜਹਾਜ਼ ਦੀਆਂ ਟਿਕਟਾਂ 'ਤੇ ਹੀ ਦਾਖਲ ਕੀਤਾ ਜਾਂਦਾ ਅਤੇ ਤੋਰਿਆ ਜਾਂਦਾ ਸੀ। ਆਪਣੇ ਇਤਿਹਾਸ ਅਤੇ ਵਿਰਾਸਤ 'ਤੇ ਪਹਿਰਾ ਦਿੰਦੇ ਹੋਏ, ਜਾਪਾਨੀ ਸ਼ਬਦ 'ਮਾਰੂ' ਜਾਂ ਅੰਗਰੇਜ਼ੀ ਸ਼ਬਦ 'ਸ਼ਿਪ' ਦੀ ਥਾਂ 'ਤੇ, 'ਜਹਾਜ਼' ਸ਼ਬਦ ਵਰਤਣਾ, ਪੰਜਾਬੀ ਮਾਂ ਬੋਲੀ ਤੇ ਗੁਰਮੁਖੀ ਦਾ ਸਤਿਕਾਰ ਅਤੇ ਪੰਜਾਬੀ ਸੱਭਿਆਚਾਰ ਦਾ ਗਿਆਨ ਵਧਾਉਣ ਤੋਂ ਇਲਾਵਾ ਦੁਨੀਆ ਨੂੰ ਦੱਸਣਾ ਸੀ ਕਿ 'ਪੰਜਾਬੀ ਸ਼ਬਦ ਕੋਸ਼' ਕਿੰਨੀ ਅਹਿਮੀਅਤ ਰੱਖਦਾ ਹੈ। ਇਤਿਹਾਸਿਕ ਦਸਤਾਵੇਜ਼ਾਂ ਮੁਤਾਬਕ ਜਪਾਨੀ ਸਮੁੰਦਰੀ ਬੇੜੇ ਨੂੰ ਕਿਰਾਏ 'ਤੇ ਲੈ ਕੇ, ਉਸ ਦੇ ਪੁਨਰ ਨਾਮਕਰਨ ਦੇ ਆਧਾਰ 'ਤੇ, ਉਸ ਨੂੰ ਗੁਰੂ ਨਾਨਕ ਜਹਾਜ਼ ਹੀ ਕਿਹਾ ਜਾ ਸਕਦਾ ਹੈ, ਨਾ ਕਿ ਕਿਸੇ ਵੀ ਹੋਰ ਨਾਂ ਨਾਲ ਸੰਬੋਧਨ ਕਰਨਾ ਠੀਕ ਹੈ। ਅਜਿਹੇ ਸੁਚੱਜੇ ਵਰਤਾਰੇ ਨੇ ਕੌਮਾਂਤਰੀ ਮੰਚ 'ਤੇ ਪੰਜਾਬੀ ਸ਼ਬਦ 'ਜਹਾਜ਼' ਨੂੰ ਮਕਬੂਲ ਕੀਤਾ ਹੈ।
'ਗੁਰੂ ਨਾਨਕ ਜਹਾਜ਼' ਨਾਂ ਤੋਂ ਪਹਿਲਾਂ ਤੇ ਮਗਰੋਂ ਬਦਲਦੇ ਰਹੇ ਨੇ ਸਮੁੰਦਰੀ ਬੇੜੇ ਦੇ ਨਾਂ :
ਬਾਬਾ ਗੁਰਦਿੱਤ ਸਿੰਘ ਵੱਲੋਂ ਭਾੜੇ 'ਤੇ ਲਏ ਗਏ ਜਹਾਜ਼ ਦੇ ਨਾਂ ਸਮੇਂ-ਸਮੇਂ ਬਦਲਦੇ ਰਹੇ ਹਨ। 'ਕਾਮਾਗਾਟਾਮਾਰੂ ਨਾਂ ਦੀ ਕੰਪਨੀ ਵੱਲੋਂ ਖਰੀਦੇ ਜਾਣ ਤੋਂ ਪਹਿਲਾਂ, ਇਸ ਜਹਾਜ਼ ਦੇ ਕਈ ਹੋਰ ਨਾਂ ਸਨ। ਮੂਲ ਰੂਪ ਵਿੱਚ ਇਹ ਜਪਾਨੀ ਸਟੀਮ ਲਾਈਨਰ ਜਹਾਜ਼ ਕੋਲਾ ਢੋਣ ਵਾਲਾ ਸੀ, ਜਿਸ ਨੂੰ 'ਚਾਰਲਸ ਕੋਨੇਲ ਐਂਡ ਕੰਪਨੀ' ਨੇ 13 ਅਗਸਤ 1890 ਨੂੰ ਪਹਿਲੀ ਵਾਰ ਸਮੁੰਦਰ ਵਿੱਚ ਉਤਾਰਿਆ ਸੀ ਅਤੇ ਉਦੋਂ ਇਸ ਦਾ ਨਾਂ ਓਪਰੋਕਤ ਕੰਪਨੀ ਦੇ ਨਾਂ 'ਤੇ ਹੀ ਆਧਾਰਿਤ ਸੀ। ਫਿਰ ਇਸ ਦੀ ਮਾਲਕੀ 'ਸਿਨਿਆਈ ਕਾਈਸਨ ਗੋਸ਼ੀ ਕੈਸੀਆ' ਜਪਾਨੀ ਕੰਪਨੀ ਕੋਲ ਆ ਗਈ ਅਤੇ ਇਸ ਨੂੰ ਇਸ ਕੰਪਨੀ ਦੇ ਨਾਂ ਨਾਲ ਜਾਣਿਆਂ ਜਾਂਦਾ ਰਿਹਾ। ਸੰਨ 1894 ਵਿੱਚ ਦੋ ਜਰਮਨ ਐਸ ਐਸ ਸ਼ਟਿਊਬਨਹੁਕ ਤੇ ਐਸ ਐਸ ਸੀਸੀਲੀਆ ਇਸਦੇ ਮਾਲਕ ਬਣੇ ਤੇ ਇਸਦਾ ਨਾਂ 'ਸੀਸੀਲੀਆ ਜਹਾਜ਼' ਹੋ ਗਿਆ। ਇਸ ਤੋਂ ਬਾਅਦ ਇਹ ਜਹਾਜ਼ ਕਾਫੀ ਸਮਾਂ 'ਹੈਮਬਰਗ ਅਤੇ ਅਮਰੀਕਨ ਲਾਈਨ' ਕੋਲ ਰਿਹਾ ਅਤੇ ਉਹਨਾਂ ਦੇ ਨਾਂ ਨਾਲ ਹੀ ਸੰਬੋਧਨ ਕੀਤਾ ਜਾਂਦਾ ਰਿਹਾ।1913 ਵਿੱਚ ਜਪਾਨ ਦੀ ਕੰਪਨੀ ਨੇ ਇਹ ਸਮੁੰਦਰੀ ਬੇੜਾ ਖਰੀਦ ਲਿਆ ਅਤੇ ਉਸ ਸਮੇਂ ਤੋਂ ਇਸ ਜਹਾਜ਼ ਦਾ ਨਾਂ 'ਕਾਮਾਗਾਟਾ ਮਾਰੂ' ਹੋ ਗਿਆ।ਸੰਨ 1914 ਵਿੱਚ ਬਾਬਾ ਗੁਰਦਿੱਤ ਸਿੰਘ ਵੱਲੋਂ ਭਾੜੇ ਤੇ ਲੈਣ 'ਤੇ ਇਸ ਦਾ ਨਾਂ 'ਗੁਰੂ ਨਾਨਕ ਜਹਾਜ਼' ਰੱਖਿਆ ਗਿਆ। 23 ਜੁਲਾਈ 1914 ਨੂੰ ਕੈਨੇਡਾ ਤੋਂ ਜਬਰੀ ਵਾਪਸ ਮੋੜਨ 'ਤੇ, 29 ਸਤੰਬਰ 1914 ਨੂੰ ਕਲਕੱਤਾ ਵਿਖੇ ਬਜ-ਬਜ ਘਾਟ 'ਤੇ ਪੁੱਜਣ ਮਗਰੋਂ, ਇਹ ਜਹਾਜ਼ 'ਕਾਮਾਗਾਟਾਮਾਰੂ ਕੰਪਨੀ' ਵਾਪਸ ਲੈ ਗਈ। 1924 ਵਿੱਚ ਇਹ ਜਹਾਜ਼ ਹੋਰ ਕੰਪਨੀ ਨੇ ਖਰੀਦ ਲਿਆ ਅਤੇ ਇਸ ਦਾ ਨਾਂ 'ਹੀਏਨ ਮਾਰੂ' ਰੱਖ ਦਿੱਤਾ। ਸੰਨ 1926 ਵਿੱਚ ਹੀਏਨ ਮਾਰੂ ਜਹਾਜ਼ ਨੂੰ ਸਮੁੰਦਰੀ ਸਫਰ ਦੇ ਯੋਗ ਨਾ ਹੋਣ ਦੀ ਹਾਲਤ ਵਿੱਚ ਨਕਾਰਾ ਕਰ ਦਿੱਤਾ ਗਿਆ। ਇਉਂ ਇਸ ਸਮੁੰਦਰੀ ਬੇੜੇ ਦੇ ਨਾਂ ਕਈ ਵਾਰ ਬਦਲੇ, ਪਰ ਇਸ ਗੱਲ ਨਾਲ ਆਪਣਾ ਕੋਈ ਲੈਣਾ-ਦੇਣਾ ਨਹੀਂ ਅਤੇ ਨਾ ਹੀ ਇਹ ਮੁੱਦਾ ਅਹਿਮ ਹੈ ਕਿ ਸਾਡੇ ਬਜ਼ੁਰਗਾਂ ਨੇ ਕਿਸ ਕੰਪਨੀ ਤੋਂ ਇਹ ਜਹਾਜ ਭਾੜੇ ਤੇ ਲਿਆ। ਸਾਡਾ ਅਸਲ ਮਕਸਦ ਤਾਂ ਉਹ ਇਤਿਹਾਸ ਸਾਂਭਣਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦੀ ਸਾਜੀ-ਵਾਜੀ ਖਲਕਤ ਵੱਲੋਂ ਨਸਲਵਾਦ ਖਿਲਾਫ ਜਾਨ ਦੀ ਬਾਜ਼ੀ ਖੇਡ ਕੇ ਸੰਘਰਸ਼ ਰੂਪ ਵਿੱਚ ਕਾਇਮ ਕੀਤਾ ਗਿਆ।
'ਗੁਰੂ ਨਾਨਕ ਜਹਾਜ਼' ਦੇ ਕੈਨੇਡਾ ਰਵਾਨਾ ਹੋਣ ਦਾ ਬਿਰਤਾਂਤ
ਦਰਅਸਲ ਸਾਡਾ ਸਬੰਧ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੇ ਉਸ ਬਿਰਤਾਂਤ ਨਾਲ ਹੈ, ਜਿਸ ਰਾਹੀਂ ਕੈਨੇਡਾ ਵਿੱਚ ਮਨੁੱਖੀ ਹੱਕਾਂ ਲਈ ਘੋਲ ਕੀਤਾ ਗਿਆ ਅਤੇ ਡੋਮੀਨੀਅਨ ਕੈਨੇਡਾ ਦੀ ਸਰਕਾਰ ਦੇ ਨਸਲਵਾਦ ਨੂੰ ਚੁਣੌਤੀ ਦਿੱਤੀ ਗਈ। ਬਾਬਾ ਗੁਰਦਿੱਤ ਸਿੰਘ ਨੇ 'ਗੁਰੂ ਨਾਨਕ ਸਟੀਮਸ਼ਿਪ ਕੰਪਨੀ ਵੱਲੋਂ ਜਹਾਜ਼ ਦੇ ਕੈਨੇਡਾ ਰਵਾਨਾ ਹੋਣ ਲਈ ਅਖਬਾਰਾਂ 'ਚ ਇਸ਼ਤਿਹਾਰ ਦੇ ਦਿੱਤਾ। ਭਾਰੀ ਉਤਸ਼ਾਹ ਨਾਲ ਪੰਜ ਸੌ ਮੁਸਾਫਰ ਕੈਨੇਡਾ ਜਾਣ ਲਈ ਤਿਆਰ ਹੋ ਗਏ। 30 ਮਾਰਚ 1914 ਨੂੰ ਜਹਾਜ਼ ਹਾਂਗਕਾਂਗ ਤੋਂ ਰਵਾਨਾ ਹੋਣਾ ਸੀ, ਪਰ 25 ਮਾਰਚ ਨੂੰ ਬ੍ਰਿਟਿਸ਼ ਹਕੂਮਤ ਦੇ ਇਸ਼ਾਰੇ 'ਤੇ ਬਾਬਾ ਗੁਰਦਿੱਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਕਾਰਨ ਬਹੁਤ ਸਾਰੇ ਮੁਸਾਫਿਰ ਸਹਿਮ ਦੇ ਮਾਰੇ ਖਿੰਡ-ਪੁੰਡ ਗਏ। ਕੁਝ ਦਿਨਾਂ ਬਾਅਦ ਬਾਬਾ ਜੀ ਦੀ ਰਿਹਾਈ ਮਗਰੋਂ, ਗੁਰੂ ਨਾਨਕ ਜਹਾਜ਼ 4 ਅਪ੍ਰੈਲ 1914 ਨੂੰ 135 ਮੁਸਾਫਿਰਾਂ ਨੂੰ ਲੈ ਕੇ ਹਾਂਗਕਾਂਗ ਤੋਂ ਰਵਾਨਾ ਹੋਇਆ। ਰਸਤੇ ਵਿੱਚ ਹੋਰ ਮੁਸਾਫਿਰ ਸਵਾਰ ਹੁੰਦੇ ਗਏ ਅਤੇ ਇਹ 23 ਮਈ 2014 ਨੂੰ ਵੈਨਕੂਵਰ ਪਹੁੰਚਿਆ। ਜਹਾਜ਼ ਵਿੱਚ 377 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 341 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਨ, ਜੋ ਜ਼ਿਆਦਾਤਰ ਸਾਂਝੇ ਪੰਜਾਬ ਖੇਤਰ ਦੇ ਸਨ। ਉਹ ਇੱਥੇ ਕੈਨੇਡਾ ਵਿੱਚ ਚੰਗੇ ਮੌਕਿਆਂ ਨਾਲ ਭਰਪੂਰ ਜ਼ਿੰਦਗੀ ਦੀ ਉਮੀਦ ਵਿੱਚ ਆਏ ਸਨ।
ਨਸਲੀ ਵਿਤਕਰੇ ਅਧੀਨ ਕੈਨੇਡਾ 'ਚ ਗੁਰੂ ਨਾਨਕ ਜਹਾਜ਼ ਦੇ ਦਾਖਲੇ 'ਤੇ ਰੋਕ :
ਨਿਰੰਤਰ ਸਿੱਧੇ ਸਫਰ ਰਾਹੀਂ ਆਉਣ ਅਤੇ ਬ੍ਰਿਟਿਸ਼ ਪਰਜਾ ਹੋਣ ਦੇ ਬਾਵਜੂਦ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨੂੰ ਭੇਦਭਾਵ ਅਤੇ ਨਸਲਵਾਦੀ ਨੀਤੀਆਂ ਦੇ ਅਧਾਰ 'ਤੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਯਾਤਰੀਆਂ ਨੂੰ ਡਾਕਟਰੀ ਸਹਾਇਤਾ, ਭੋਜਨ ਅਤੇ ਪਾਣੀ ਦੀ ਲੋੜੀਂਦੀ ਪਹੁੰਚ ਤੋਂ ਬਿਨਾਂ ਹੀ ਜਹਾਜ਼ ਦੇ ਬੋਰਡ 'ਤੇ ਰਹਿਣ ਲਈ ਮਜਬੂਰ ਕੀਤਾ ਗਿਆ। ਕਾਨੂੰਨੀ ਪੱਖੋਂ ਸਹੀ ਯਾਤਰਾ ਦਸਤਾਵੇਜ਼ ਰੱਖਣ ਅਤੇ ਭੇਦ-ਭਾਵ ਵਾਲੇ $200 ਹੈੱਡ ਟੈਕਸ ਦੀ ਵਧੀਕੀ ਦੀ ਪਾਲਣਾ ਕਰਨ ਦੇ ਬਾਵਜੂਦ, ਮੁਸਾਫਿਰਾਂ ਦੇ ਕੈਨੇਡਾ 'ਚ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ। ਡੋਮੇਨੀਅਨ ਕੈਨੇਡਾ ਦੀ ਹਕੂਮਤ ਦੇ ਵਿਤਕਰੇ ਦੇ ਰੂਪ ਵਿੱਚ ਵੈਨਕੂਵਰ ਦੇ ਮੇਅਰ ਬੈਕਸਟਰ ਵੱਲੋਂ 23 ਜੂਨ,1914 ਨੂੰ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਖਿਲਾਫ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਵੈਨਕੂਵਰ ਸਿਟੀ ਕੌਂਸਲ ਇਸ ਦੇਸ਼ ਵਿੱਚ 'ਹਿੰਦੂਆਂ' ਅਤੇ 'ਹੋਰ ਏਸ਼ੀਆਈ ਨਸਲਾਂ' (ਨਸਲਵਾਦੀ ਸ਼ਬਦ) ਦੇ ਦਾਖਲੇ ਦੇ ਅਟੱਲ ਤੌਰ 'ਤੇ ਵਿਰੋਧ ਨੂੰ ਰਿਕਾਰਡ 'ਤੇ ਰੱਖਣਾ ਚਾਹੁੰਦੀ ਹੈ ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਰੌਬਰਟ ਬੋਰਡਨ ਨੂੰ ਇੱਕ ਤਾਰ ਭੇਜਣ ਦਾ ਅਧਿਕਾਰ ਦਿੱਤਾ ਜਾਂਦਾ ਹੈ, ਤਾਂ ਕਿ ਮੁਸਾਫਿਰ ਕੈਨੇਡਾ ਦੀ ਧਰਤੀ 'ਤੇ ਉਤਰ ਨਾ ਸਕਣ। ਇਹ ਮਤਾ ਸਰਬ ਸੰਮਤੀ ਨਾਲ ਪਾਸ ਹੋਇਆ ਅਤੇ ਬੀਸੀ ਅਤੇ ਕੈਨੇਡਾ ਦੀਆਂ ਸਰਕਾਰਾਂ ਨੇ ਇਸ 'ਤੇ ਮੋਹਰ ਲਗਾਈ।
ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨਾਲ 'ਕਾਮਾਗਾਟਾਮਾਰੂ ਕੰਪਨੀ' ਵੱਲੋਂ ਵੀ ਧੱਕੇਸ਼ਾਹੀ :
ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨੇ ਦੋਹਰਾ ਸੰਤਾਪ ਹੰਡਾਇਆ, ਇੱਕ ਪਾਸੇ ਕੈਨੇਡਾ ਦੀ ਨਸਲਵਾਦੀ ਸਰਕਾਰ ਦਾ ਅਤੇ ਦੂਜੇ ਪਾਸੇ ਕਾਮਾਗਾਟਾਮਾਰੂ ਸਟੀਮਸ਼ਿਪ ਕੰਪਨੀ ਦਾ। ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਗੁਰੂ ਨਾਨਕ ਜਹਾਜ਼ ਲਈ ਕੰਮ ਕਰਨ ਵਾਲੇ, 'ਕਾਮਾਗਾਟਾਮਾਰੂ ਕੰਪਨੀ' ਦੇ ਇੰਸਪੈਕਟਰ ਰੀਡ ਐਚ ਐਸ ਸਟੀਵਨ ਅਤੇ ਕੈਪਟਨ ਵਾਲਟਰ ਹੇਜ਼ ਵੀ, ਨਸਲਵਾਦੀ ਗੋਰਿਆਂ ਦੀ ਡੋਮੀਨੀਅਨ' ਕੈਨੇਡੀਅਨ ਸਰਕਾਰ ਨਾਲ ਮਿਲ' ਗਏ ਅਤੇ ਮੁਸਾਫਿਰਾਂ ਵਿਰੁੱਧ ਭੁਗਤਣਾ ਸ਼ੁਰੂ ਕਰ ਦਿੱਤਾ। ਸਿਤਮਜ਼ਰੀਫੀ ਇਹ ਹੈ ਕਿ ਜਿਸ ਕਾਮਾਗਾਟਾਮਾਰੂ ਕੰਪਨੀ ਦਾ ਨਾਂ ਅੱਜਕੱਲ 'ਨਸਲੀ ਵਿਤਕਰੇ ਦੀ ਪੀੜਤ' ਵਜੋਂ ਚਮਕਾਇਆ ਜਾਂਦਾ ਹੈ, ਵਾਸਤਵ ਵਿੱਚ ਇਸ ਕਾਮਾਗਾਟਾਮਾਰੂ ਕੰਪਨੀ ਨੇ ਵੀ 'ਮੁਸਾਫਿਰਾਂ ਨਾਲ ਵਿਤਕਰਾ' ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਕੈਨੇਡਾ ਦੇ ਮੋਢੀ ਸਿੱਖਾਂ 'ਚੋਂ ਇੱਕ ਲਿਖਾਰੀ ਭਾਈ ਅਰਜਨ ਸਿੰਘ 'ਚੰਦ ਨਵਾਂ' ਕੈਨੇਡਾ ਦੀ ਮੁਖਤਸਰ ਡਾਇਰੀ ਦੇ ਪੰਨਾ 19 'ਤੇ ਲਿਖਦੇ ਹਨ ਕਿ 13 ਜੂਨ 1914 ਨੂੰ 'ਕਾਮਾਗਾਟਾਮਾਰੂ ਕੰਪਨੀ' ਦੀ ਤਾਰ ਆਈ ਕਿ ਚਾਰਟਰਡ ਦੀ ਮਾਇਆ ਕਿਸ਼ਤ ਦੇਵੋ, ਨਹੀਂ ਤਾਂ ਜਹਾਜ਼ ਵਾਪਸ ਕੀਤਾ ਜਾਵੇ। ਅਜਿਹੀ ਹਾਲਤ ਵਿੱਚ ਡੋਮੇਨੀਅਨ ਹਾਲ ਵਿੱਚ ਸੰਗਤਾਂ ਨੇ ਇਕੱਠਿਆਂ ਹੋ ਕੇ ਮਾਇਆ ਇਕੱਤਰ ਕੀਤੀ। ਬਾਬਾ ਗੁਰਦਿੱਤ ਸਿੰਘ ਸਵੈ-ਜੀਵਨੀ 'ਗੁਰੂ ਨਾਨਕ ਜਹਾਜ਼' ਵਿੱਚ 'ਮੇਰਾ ਬਿਯਾਨ' ਸਿਰਲੇਖ ਹੇਠ ਲਿਖਦੇ ਹਨ, ''ਲੋਭੀ ਜਪਾਨੀਆਂ ਨੇ ਹੁਣ ਹਿੰਦੀ ਮੁਸਾਫਿਰਾਂ ਨੂੰ ਦੁੱਖ ਦੇਣੇ ਭੀ ਆਰੰਭ ਕਰ ਦਿੱਤੇ, ਜੈਸਾ ਕਿ ਜਹਾਜ਼ ਵਿੱਚ ਰੌਸ਼ਨੀ ਬੰਦ ਕਰ ਦਿੱਤੀ ਤੇ ਰਾਤ ਸਮੇਂ ਮੁਸਾਫਿਰਾਂ ਨੂੰ ਸਖਤ ਠੋਕਰਾਂ ਲੱਗੀਆਂ। ਨਾਲ ਹੀ ਰੋਟੀ ਪਕਵਾਣ ਅਤੇ ਵਰਤਾਣ ਵਿੱਚ ਹੱਦ ਦਰਜੇ ਦੀ ਤਕਲੀਫ ਹੋਈ। ਹੋਰ, ਪੂਰਾ ਪਾਣੀ ਮੁਸਾਫਿਰਾਂ ਨੂੰ ਨਾ ਦੇਣ ਇਤਆਦਿਕ ਬਹੁਤ ਸਾਰੇ ਕਸ਼ਟ ਦਿੱਤੇ।'' ਕਾਮਾਗਾਟਾਮਾਰੂ ਕੰਪਨੀ ਦੇ ਕਪਤਾਨ ਯਾਮਾ ਮੋਟੋ ਵੱਲੋਂ ਇੰਸਪੈਕਟਰ ਐਚ ਐਸ ਸਟੀਵਨ ਅਤੇ ਵਾਲਟਰ ਹੇਜ਼ ਨਾਲ ਮਿਲ ਕੇ ਮੁਸਾਫਿਰਾਂ ਨਾਲ ਵਿਤਕਰਾ ਕਰਨ ਦੀਆਂ ਵਧੀਕੀਆਂ, ਜਹਾਜ਼ 'ਚੋਂ ਮੁਸਾਫਰਾਂ ਨੂੰ ਉਤਾਰ ਕੇ ਜਹਾਜ਼ ਜਬਰੀ ਵਾਪਸ ਲਿਜਾਣ ਦੇ ਡਰਾਵੇ, ਕੰਪਨੀ ਵੱਲੋਂ ਝੂਠੀਆਂ ਤੋਹਮਤਾਂ ਰਾਹੀਂ ਜਪਾਨੀ ਸਰਕਾਰ ਤੋਂ ਮੁਸਾਫਿਰਾ ਉੱਤੇ ਹਮਲੇ ਦੀਆਂ ਸਾਜਿਸ਼ਾਂ ਆਦਿ ਰੂਪੀ ਧੱਕੇਸ਼ਾਹੀਆਂ ਬਾਬਾ ਗੁਰਦਿੱਤ ਸਿੰਘ ਦੇ ਬਿਆਨ ਰਾਹੀਂ ਸਾਹਮਣੇ ਆਉਂਦੀਆਂ ਹਨ। ਇਤਿਹਾਸਿਕ ਤੱਥ ਜਾਨਣ ਮਗਰੋਂ ਸਾਡੀ ਹਮਦਰਦੀ ਕਾਮਾਗਾਟਾਮਾਰੂ ਜਹਾਜ਼ ਦੀ ਕੰਪਨੀ ਦੇ ਨਾਲ ਨਹੀਂ, ਬਲਕਿ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਨਾਲ ਹੋਣੀ ਚਾਹੀਦੀ ਹੈ, ਜਿਹਨਾਂ ਦੋਹਾਂ ਪਾਸਿਆਂ ਤੋਂ ਵਿਤਕਰਾ ਅਤੇ ਧੱਕੇਸ਼ਾਹੀ ਹੱਡੀਂ ਹੰਢਾਏ।
ਗੁਰੂ ਨਾਨਕ ਜਹਾਜ਼ ਦੀ ਕੈਨੇਡਾ ਤੋਂ ਜਬਰੀ ਵਾਪਸੀ :
ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਖਿਲਾਫ 6 ਜੁਲਾਈ 1914 ਦੇ ਬੋਰਡ ਆਫ ਅਪੀਲ ਦੇ ਨਿਰਾਸ਼ਾਵਾਦੀ ਫੈਸਲੇ ਤੋਂ ਬਾਅਦ ਹਾਲਾਤ ਹੋਰ ਵੀ ਵਿਗੜ ਗਏ। 19 ਜੁਲਾਈ,1914 ਨੂੰ ਤੜਕੇ, 35 ਡਿਪੂਟਾਈਜ਼ਡ ਅਫਸਰਾਂ ਅਤੇ 125 ਸਿਟੀ ਪੁਲਿਸ ਅਧਿਕਾਰੀਆਂ ਨਾਲ, ਛੋਟਾ ਸਰਕਾਰੀ ਸਮੁੰਦਰੀ ਜਹਾਜ਼, ਹਥਿਆਰਬੰਦ ਹਮਲਾਵਰਾਂ ਨੂੰ ਨਾਲ ਲੈ ਕੇ ਗੁਰੂ ਨਾਨਕ ਜਹਾਜ਼ ਨੂੰ ਬੰਦਰਗਾਹ ਤੋਂ ਬਾਹਰ ਕੱਢਣ ਦੇ ਇਰਾਦੇ ਨਾਲ ਆਣ ਪਹੁੰਚਿਆ। ਗੁਰੂ ਨਾਨਕ ਜਹਾਜ਼ ਦੇ ਮੁਸਾਫਿਰ ਜਾਗ ਰਹੇ ਸਨ ਅਤੇ ਧੱਕੇਸ਼ਾਹੀ ਦਾ ਵਿਰੋਧ ਕਰ ਰਹੇ ਸਨ, ਕਿਉਂਕਿ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸੀ ਦੀ ਲੰਬੀ ਯਾਤਰਾ ਲਈ ਭੋਜਨ ਅਤੇ ਪਾਣੀ ਨਹੀਂ ਮਿਲਿਆ। ਸਰਕਾਰੀ ਹਮਲੇ ਦੇ ਜਵਾਬ ਵਿੱਚ ਮੁਸਾਫਿਰਾਂ ਨੇ ਜੈਕਾਰੇ ਲਾਉਂਦਿਆਂ ਹੋਇਆਂ ਇੱਟਾਂ ਆਦਿ ਨਾਲ ਮੋੜਵਾਂ ਪ੍ਰਤਿਕਰਮ ਦਿੱਤਾ। ਯਾਤਰੀਆਂ ਨੇ ਫੈਸਲਾ ਕੀਤਾ ਕਿ ਉਹ 'ਜਬਰ ਦਾ ਮੁਕਾਬਲਾ ਚੜ੍ਹਦੀ ਕਲਾ' ਨਾਲ ਕਰਨਗੇ। ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਰੋਹ ਦੇਖਦਿਆਂ ਹੋਇਆਂ, ਸਰਕਾਰ ਨੇ ਆਪਣਾ ਹਮਲਾਵਰ ਜਹਾਜ਼ ਵਾਪਸ ਮੋੜ ਲਿਆ। ਮਹਾਨ ਗੱਲ ਇਹ ਹੈ ਕਿ ਦੋ ਮਹੀਨੇ 'ਚ ਖੁੱਲੇ ਅੰਬਰਾਂ ਹੇਠ ਸਮੁੰਦਰਾਂ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਤ ਰਿਹਾ, ਜੋ ਕਿ ਰੂਹਾਨੀਅਤ ਦਾ ਸ਼ਾਨਦਾਰ ਪ੍ਰਤੀਕ ਹੈ ;
ਸ਼ਾਂਤ ਸਮੁੰਦਰ ਬਣ ਗਿਆ, ਸੰਗਤ ਲਈ ਬਵਾਣ।
ਅੰਬਰ ਤਾਣੀ ਚਾਨਣੀ, 'ਪਾਵਨ ਸ਼ਬਦ' ਦੀਵਾਣ।
ਇਸ ਦੌਰਾਨ ਨਸਲਵਾਦੀ ਵੈਨਕੂਵਰ ਪੁਲਿਸ, ਮੇਅਰ ਬੈਕਸਟਰ ਅਤੇ ਸਿਟੀ ਕਾਉਂਸਲਰਾਂ ਤੋਂ ਇਲਾਵਾ ਸਾਰੀਆਂ ਹਾਕਮੀ ਤਾਕਤਾਂ ਨੇ ਜਹਾਜ਼ ਦੇ ਮੁਸਾਫਰਾਂ ਉੱਪਰ ਦੇਸ਼ ਨਿਕਾਲੇ ਦੇ ਹੁਕਮ ਲਾਗੂ ਕੀਤੇ।
ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ :
ਡੋਮੀਨੀਅਨ ਕੈਨੇਡਾ ਦੀ ਨਸਲਵਾਦੀ ਸਰਕਾਰ ਦੀਆਂ ਪੱਖਪਾਤੀ ਕਾਰਵਾਈਆਂ ਦੇ ਬਾਵਜੂਦ, ਵੈਨਕੂਵਰ ਵਿੱਚ ਰਹਿ ਰਹੇ ਸਥਾਨਕ ਸੁਹਿਰਦ ਭਾਈਚਾਰਿਆਂ ਨੇ ਯਾਤਰੀਆਂ ਦੀ ਵਕਾਲਤ ਕੀਤੀ। ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਮੇਤ ਸਿੱਖਾਂ ਨੇ ਮੁਸਾਫਿਰਾਂ ਦੇ ਸਮਰਥਨ ਵਿੱਚ, ਪ੍ਰਬੰਧਾਂ ਅਤੇ ਕਾਨੂੰਨੀ ਯਤਨਾਂ ਦੇ ਖਰਚਿਆਂ ਦਾ ਭੁਗਤਾਨ ਕਰਨ ਲਈ ਫੰਡ ਇਕੱਠੇ ਕੀਤੇ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਸਹਿਯੋਗੀ ਹਸਨ ਰਹੀਮ ਦੇ ਨਾਂ 'ਤੇ ਜਹਾਜ਼ ਦੀ ਲੀਜ਼ ਤਬਦੀਲ ਕਰਨ ਮਗਰੋਂ, ਸਥਾਨਕ ਸਿੱਖ ਸੰਗਤਾਂ ਨੇ ਯਾਤਰੀਆਂ ਦੀਆਂ ਮਹਿੰਗੀਆਂ ਕਾਨੂੰਨੀ ਫੀਸਾਂ ਲਈ ਮਹਿੰਗੇ ਵਕੀਲਾਂ ਲਈ ਵੀ ਆਰਥਿਕ ਪ੍ਰਬੰਧ ਕੀਤੇ, ਜੋ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੇ ਦੇਸ਼ ਨਿਕਾਲੇ ਦੇ ਆਦੇਸ਼ਾਂ ਖਿਲਾਫ ਲੜ ਰਹੇ ਸਨ। ਭੋਜਨ, ਪਾਣੀ ਅਤੇ ਦਵਾਈਆਂ ਯਾਤਰੀਆਂ ਤੱਕ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਦੇਸ਼ ਨਿਕਾਲੇ ਦੇ ਹੁਕਮ ਨੂੰ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੇ ਵਕੀਲ ਜੋਸੇਫ ਐਡਵਰਡ ਬਰਡ ਕਾਨੂੰਨੀ ਚੁਣੌਤੀ ਜ਼ਰੂਰ ਦਿੱਤੀ, ਪਰ ਉਹ ਅਸਫਲ ਰਿਹਾ। ਆਖਿਰਕਾਰ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਨੂੰ ਕੈਨੇਡੀਅਨ ਫੌਜ ਅਤੇ ਹਕੂਮਤ ਵੱਲੋਂ ਕੈਨੇਡੀਅਨ ਪਾਣੀਆਂ 'ਚੋਂ ਵਿਤਕਰਿਆਂ ਅਤੇ ਧੱਕੇਸ਼ਾਹੀਆਂ ਨਾਲ ਬਾਹਰ ਕਰ ਦਿੱਤਾ ਗਿਆ।
ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸ਼ਹੀਦੀ ਸਾਕਾ :
ਦੋ ਮਹੀਨੇ ਦੀ ਭਾਰੀ ਖੱਜਲ-ਖੁਆਰੀ ਤੋਂ ਬਾਅਦ 29 ਸਤੰਬਰ 1914 ਨੂੰ ਗੁਰੂ ਨਾਨਕ ਜਹਾਜ਼ ਕਲਕਤੇ (ਬ੍ਰਿਟਿਸ਼ ਭਾਰਤ) ਵਿੱਚ ਵਾਪਸ ਪਰਤਿਆ, ਜਿੱਥੇ ਜਹਾਜ਼ 'ਤੇ ਸਵਾਰ ਲੋਕਾਂ ਨੂੰ ਰਾਜਨੀਤਿਕ ਵਿਘਨ ਪਾਉਣ ਵਾਲੇ ਬਾਗੀ ਕਰਾਰ ਦਿੱਤਾ ਗਿਆ। ਇਥੇ ਵਰਨਣਯੋਗ ਨੁਕਤਾ ਇਹ ਹੈ ਕਿ ਸਿੱਖ ਮੁਸਾਫਿਰ ਗ੍ਰਿਫਤਾਰੀ ਤੋਂ ਪਹਿਲਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਲਕੱਤੇ ਦੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰਨਾ ਚਾਹੁੰਦੇ ਸਨ, ਪਰ ਇਸ ਦਾ ਵਿਰੋਧ ਕਰਦਿਆਂ ਹੋਇਆਂ, ਬ੍ਰਿਟਿਸ਼ ਪੁਲਿਸ ਨੇ ਉਹਨਾਂ ਉੱਪਰ ਗੋਲੀਆਂ ਚਲਾਈਆਂ ਗਈਆਂ।
ਇਸ ਦੁਖਦਾਈ ਘਟਨਾ ਦੇ ਨਤੀਜੇ ਵਜੋਂ 19 ਯਾਤਰੀ ਸ਼ਹੀਦ ਹੋ ਗਏ, ਬਹੁਤ ਸਾਰੇ ਜ਼ਖਮੀ ਹੋਏ। ਕੈਨੇਡਾ ਤੋ ਧੱਕੇ ਨਾਲ ਗੁਰੂ ਨਾਨਕ ਜਹਾਜ਼ ਮਗਰੋਂ ਭਾਰਤ ਵਿੱਚ ਨਸਲਵਾਦੀ ਸਰਕਾਰ ਦੇ ਜਬਰ-ਜ਼ੁਲਮ ਦਾ ਇਹ ਦਿਲ-ਕੰਬਾਊ ਅਧਿਆਇ ਸੀ।
ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੱਚਾ ਇਤਿਹਾਸ ਲਿਖਣ ਦਾ ਫੈਸਲਾ :
ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੱਚਾ-ਸੁੱਚਾ ਇਤਿਹਾਸ ਲਿਖਣ ਦਾ ਫੈਸਲਾ ਬਾਬਾ ਗੁਰਦਿੱਤ ਸਿੰਘ ਸਰਹਾਲੀ ਵਲੋਂ ਰੂਪੋਸ਼ੀ ਦੇ ਜੀਵਨ ਦੌਰਾਨ ਕੀਤਾ ਗਿਆ। ਬਾਬਾ ਗੁਰਦਿੱਤ ਸਿੰਘ ਨੇ ਇਸ ਸਬੰਧ ਵਿੱਚ ਸਵੈ-ਜੀਵਨੀ 'ਗੁਰੂ ਨਾਨਕ ਜਹਾਜ਼' ਲਿਖੀ। ਇਸ ਕਿਤਾਬ ਰਾਹੀਂ ਬਾਬਾ ਗੁਰਦਿੱਤ ਸਿੰਘ ਨੇ ਥਾਂ-ਥਾਂ 'ਤੇ ਜਹਾਜ਼ ਦਾ ਨਾਂ 'ਗੁਰੂ ਨਾਨਕ ਜਹਾਜ਼ ਹੀ ਲਿਖਿਆ ਹੈ, ਜਦਕਿ ਸਥਿਤੀ ਨੂੰ ਸਪਸ਼ਟ ਕਰਨ ਲਈ ਲੋੜ ਵੇਲੇ, 'ਕਾਮਾਗਾਟਾਮਾਰੂ' ਸ਼ਬਦ, ਗੁਰੂ ਨਾਨਕ ਜਹਾਜ਼ ਦੇ ਮਗਰੋਂ ਲਿਖਿਆ ਹੈ। ਸੰਨ 1921 ਵਿੱਚ ਲਿਖੀ ਗਈ ਇਹ ਕਿਤਾਬ ਸਮਕਾਲੀ ਪੰਜਾਬ ਸਰਕਾਰ ਵੱਲੋਂ ਜ਼ਬਤ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਕਿਤਾਬ ਦੇ ਪਹਿਲੇ ਭਾਗ 'ਗੁਰੂ ਨਾਨਕ ਜਹਾਜ਼' ਅਤੇ ਦੂਜੇ ਭਾਗ 'ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦੁੱਖ ਭਰੀ ਕਹਾਣੀ' 'ਤੇ ਸਮਕਾਲੀ ਪੰਜਾਬ ਸਰਕਾਰ ਨੇ ਪਾਬੰਦੀ ਲਗਾ ਦਿੱਤੀ। ਲੰਮਾ ਸਮਾਂ ਮਗਰੋਂ ਜਾ ਕੇ ਇਹ ਕਿਤਾਬ ਪਾਠਕਾਂ ਤੱਕ ਪਹੁੰਚਣ ਵਿੱਚ ਸੰਭਵ ਹੋ ਸਕੀ।
ਸੱਚ ਤਾਂ ਇਹ ਹੈ ਕਿ 'ਗੁਰੂ ਨਾਨਕ ਜਹਾਜ਼' ਸਾਂਝੀਵਾਲਤਾ ਦਾ ਮੰਚ ਬਣਿਆ ਅਤੇ ਗੁਰੂ ਨਾਨਕ ਸਾਹਿਬ ਦੀ ਪ੍ਰੇਰਨਾ ਅਨੁਸਾਰ ਸਰਬੱਤ ਨੂੰ ਕਲਾਵੇ ਵਿੱਚ ਲੈਣ ਵਾਲੀ ਸੋਚ ਉਜਾਗਰ ਹੋਈ। ਅਫਸੋਸ ਇਹ ਹੈ ਕਿ ਕਈ ਲੇਖਕਾਂ, ਸਿਆਸਤਦਾਨਾਂ ਅਤੇ ਮੀਡੀਆਕਾਰਾਂ ਨੇ ਗੁਰੂ ਨਾਨਕ ਜਹਾਜ਼ ਨਾਂ ਅੱਖੋਂ ਪਰੋਖੇ ਕਰਕੇ ਅਤੇ ਕਾਮਾਗਾਟਾਮਾਰੂ ਨਾਂ ਪ੍ਰਚੱਲਤ ਕਰਕੇ, ਨਾ ਸਿਰਫ ਇਤਿਹਾਸ ਹੀ ਵਿਗਾੜਿਆ ਹੈ, ਬਲਕਿ ਗੁਰੂ ਨਾਨਕ ਸਾਹਿਬ ਦੇ ਬ੍ਰਹਿਮੰਡੀ ਫਲਸਫੇ ਨੂੰ ਵੀ ਪਿੱਠ ਦਿੱਤੀ ਹੈ। ਇਸ ਵਰਤਾਰੇ ਵਿੱਚ ਸਿੱਖੀ ਪ੍ਰਤੀ ਸੰਕੀਰਣਤਾ ਝਲਕਦੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਇੱਕ ਪਾਸੇ 'ਕਾਮਾਗਾਟਾਮਾਰੂ ਦੁਖਾਂਤ' ਨਸਲਵਾਦ ਵਿਰੋਧੀ ਸੰਘਰਸ਼ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ 'ਗੁਰੂ ਨਾਨਕ ਜਹਾਜ਼' ਨਾਂ ਮਿਟਾ ਕੇ, ਆਪਣੇ ਆਪ ਵਿੱਚ ਉਲਟਾ ਨਸਲਵਾਦ ਪੈਦਾ ਕੀਤਾ ਜਾ ਰਿਹਾ ਹੈ।
ਕੈਨੇਡਾ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਮੁਆਫੀਨਾਮਾ:
ਕੈਨੇਡਾ ਦੀ ਮੌਜੂਦਾ ਲਿਬਰਲ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਮਈ, 2016 ਦੇ ਦਿਨ ਮੁਆਫੀਨਾਮਾ ਜਾਰੀ ਕਰਕੇ ਨਵਾਂ ਅਧਿਆਇ ਸਿਰਜ ਦਿੱਤਾ। ਕੈਨੇਡਾ ਦੀ ਪਾਰਲੀਮੈਂਟ 'ਚ ਪ੍ਰਵਾਸੀਆਂ ਨੂੰ ਕਾਲੇ ਕਾਨੂੰਨਾਂ ਰਾਹੀਂ ਧੱਕੇ ਨਾਲ ਵਾਪਸ ਮੋੜਨ ਦੀਆਂ ਇਤਿਹਾਸਕ ਗ਼ਲਤੀਆਂ 'ਤੇ ਮੁਆਫ਼ੀ ਮੰਗਣ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਦਾ ਇਹ ਕਦਮ, ਪ੍ਰਵਾਸੀਆਂ ਨੂੰ ਮਾਨਤਾ ਦੇਣ ਦੇ ਸੰਦਰਭ 'ਚ ਖ਼ਾਸ ਮਹੱਤਵ ਰੱਖਦਾ ਹੈ। ਬੇਸ਼ਕ ਇਹ ਵੱਖਰੀ ਗੱਲ ਹੈ ਕਿ ਜ਼ਿਆਦਾਤਰ ਮੁਆਫੀਨਾਮਿਆਂ ਵਿੱਚ, 'ਗੁਰੂ ਨਾਨਕ ਜਹਾਜ਼' ਸ਼ਬਦ ਨਹੀਂ ਵਰਤਿਆ ਗਿਆ, ਬਲਕਿ ਪ੍ਰੋਕਲੇਮੇਸ਼ਨਾਂ ਵਿੱਚ 'ਕਾਮਾਗਾਟਾਮਾਰੂ' ਸ਼ਬਦ ਹੀ ਵਰਤਿਆ ਹੈ, ਜੋ ਕਿ ਇਤਿਹਾਸਿਕ ਤੌਰ 'ਤੇ ਠੀਕ ਨਹੀਂ।
ਇਤਿਹਾਸਿਕ ਸੱਚਾਈ ਦਾ ਗਿਆਨ ਹੋਣ ਮਗਰੋਂ ਹੁਣ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਮੁਆਫੀਨਾਮਿਆਂ ਦੀ ਸੋਧ ਕਰਵਾ ਕੇ, ਸਹੀ ਨਾਂ 'ਗੁਰੂ ਨਾਨਕ ਜਹਾਜ਼' ਸ਼ਬਦ ਲਿਖਵਾਇਆ ਜਾਵੇ। ਕੈਨੇਡਾ ਤੋਂ ਸੇਧ ਲੈ ਕੇ ਭਾਰਤ ਦੀ ਸੰਸਦ 'ਚ ਵੀ ਗੁਰੂ ਨਾਨਕ ਜਹਾਜ਼ ਦੇ ਦੁਖਾਂਤ ਸਬੰਧੀ ਮਤਾ ਪੇਸ਼ ਕੀਤਾ ਜਾਣਾ ਬਣਦਾ ਸੀ ਤੇ ਇਸ ਦੇ ਮੁਸਾਫਿਰਾਂ ਦੀ ਕੁਰਬਾਨੀ ਨੂੰ ਚੇਤੇ ਕੀਤਾ ਜਾਣਾ ਚਾਹੀਦਾ ਸੀ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਾਂਗ ਪੰਜਾਬ ਦੀ ਵਿਧਾਨ ਸਭਾ 'ਚ ਵੀ ਅਜਿਹਾ ਕਦਮ ਚੁੱਕਿਆ ਜਾਣਾ ਚਾਹੀਦਾ ਸੀ, ਕਿਉਂਕਿ ਗੁਰੂ ਨਾਨਕ ਜਹਾਜ਼ ਦੇ ਲਗਪਗ ਸਾਰੇ ਮੁਸਾਫ਼ਿਰ ਸਾਂਝੇ ਪੰਜਾਬ ਨਾਲ ਸਬੰਧਤ ਸਨ, ਪਰ ਦੁੱਖ ਦੀ ਗੱਲ ਇਹ ਹੈ ਕਿ ਨਾ ਕਦੇ ਭਾਰਤ ਦੀ ਕੇਂਦਰੀ ਸਰਕਾਰ ਤੇ ਨਾ ਹੀ ਕਦੇ ਪੰਜਾਬ ਦੀ ਸਰਕਾਰ ਨੇ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨੂੰ ਯਾਦ ਕੀਤਾ ਹੈ। ਕੈਨੇਡਾ ਵੱਸਦੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਪੰਜਾਬ ਅਤੇ ਭਾਰਤ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਹੀ ਕੈਨੇਡਾ ਦੇ ਮੋਢੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ ਇਤਿਹਾਸ ਨੂੰ ਦਰੁਸਤ ਕਰਾਉਣਾ ਜ਼ਰੂਰੀ ਹੈ ਕਿ ਉਹ ਕੈਨੇਡਾ ਦੇ ਸ਼ਹੀਦ ਸਨ, ਨਾ ਕਿ ਕਾਤਲ। ਉਨਾਂ ਦੇ ਨਾਂ 'ਤੇ ਵਿਦਿਅਕ ਸੰਸਥਾ ਦਾ ਨਾਮਕਰਨ ਕਰਨਾ ਅਤੇ ਸਿਲੇਬਸ ਨੂੰ ਦਰੁਸਤ ਕਰਨਾ ਅਹਿਮ ਮੁੱਦਾ ਹੈ। ਗੁਰੂ ਨਾਨਕ ਜਹਾਜ਼ ਦਾ ਇਹ ਸਫਰ ਚੜ੍ਹਦੀ ਕਲਾ ਦਾ ਪ੍ਰਤੀਕ ਸੀ, ਨਾ ਕਿ ਢਹਿੰਦੀ ਕਲਾ ਦਾ।
ਗੁਰੂ ਨਾਨਕ ਜਹਾਜ਼ ਦੀ 112ਵੀਂ ਯਾਦਗਾਰੀ ਵਰ੍ਹੇ-ਗੰਢ 'ਤੇ 23 ਮਈ ਨੂੰ ਸਮਾਗਮ :
ਗੁਰੂ ਨਾਨਕ ਜਹਾਜ਼ ਦੇ ਚੜ੍ਹਦੀ' ਕਲਾ ਦੇ ਸਫ਼ਰ ਦੇ 112ਵੇਂ ਸਾਲ 'ਤੇ, ਕੈਨੇਡਾ ਦੀ ਧਰਤੀ 'ਤੇ ਵੈਨਕੂਵਰ ਦੇ ਸਮੁੰਦਰੀ ਤੱਟ 'ਤੇ 1199 ਵੈਸਟ ਕਾਰਡੋਵਾ ਸਟਰੀਟ, ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ ਵਿਖੇ 23 ਮਈ ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਵਿਸ਼ੇਸ਼ ਪ੍ਰੋਗਰਾਮ ਬੀਸੀ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵੈਨਕੂਵਰ ਦੇ ਸਹਿਯੋਗ ਨਾਲ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿੱਚ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੇ ਇਤਿਹਾਸ ਤੋਂ ਇਲਾਵਾ, ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਬਾਰੇ ਵਿਸ਼ੇਸ਼ ਵਿਚਾਰਾਂ ਹੋਣਗੀਆਂ। ਇਸ ਤੋਂ ਇਲਾਵਾ ਗੱਤਕਾ, ਵਾਰਾਂ ਅਤੇ ਪ੍ਰੋਕਲੇਮੇਸ਼ਨ ਵੀ ਹੋਣਗੇ। ਅਪਾਰ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਯਾਦਗਾਰੀ ਅਸਥਾਨ ਦਾ ਮੁੱਖ ਨਾਂ ਗੁਰੂ ਨਾਨਕ ਜਹਾਜ਼ 'ਤੇ ਅੰਕਿਤ ਕਰਦਿਆਂ ਬਹੁਤ ਪ੍ਰਸ਼ੰਸਾਯੋਗ ਕਾਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਰੇ ਫੇਰ ਵੈਨਕੂਵਰ ਸਿਟੀ ਵੱਲੋਂ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ 'ਤੇ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਗੁਰੂ ਨਾਨਕ ਜਹਾਜ਼ ਦਾ ਨਾਂ ਬਹਾਲ ਕਰਨ ਦੇ ਇਹ ਉਦਮ ਸ਼ਲਾਘਾਯੋਗ ਹਨ। ਸੱਚ ਤਾਂ ਇਹ ਹੈ ਕਿ ;
ਸਾਗਰ ਵੀ ਨਾ ਕਰ ਸਕੇ, ਹੌਸਲਿਆਂ ਨੂੰ ਚਿੱਤ।
ਗੁਰੂ ਨਾਨਕ ਜਹਾਜ਼ ਹੈ, ਨਸਲਵਾਦ 'ਤੇ ਜਿੱਤ।
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ, ਕੈਨੇਡਾ
ਡਾ. ਗੁਰਵਿੰਦਰ ਸਿੰਘ
604-825-1550
ਕੈਨੇਡਾ ਦੀ 2026 ਦੀ ਮਰਦਮਸ਼ੁਮਾਰੀ : ਆਪਣੀ ਬੋਲੀ ਅਤੇ ਪਛਾਣ ਦੀ ਅਹਿਮੀਅਤ - ਡਾ. ਗੁਰਵਿੰਦਰ ਸਿੰਘ