ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ - ਪੰਜਵੇਂ ਗੁਰੂ ਨਾਨਕ - ਭਾਈ ਹਰਪਾਲ ਸਿੰਘ ਲੱਖਾ
ਗੋਵਿੰਦਵਾਲ ਸਿੱਖੀ ਦਾ ਕੇਂਦਰ, ਰਚਿਆ ਨਦੀ ਕਿਨਾਰੇ॥
ਤੀਜੇ ਸਤਿਗੁਰ ਅਮਰ ਦਾਸ ਜੀ, ਸੱਭੇ ਕਾਜ ਸਵਾਰੇ॥
ਚੌਥੇ ਸਤਿਗੁਰ ਰਾਮਦਾਸ ਜੀ, ਗੁਰਗੱਦੀ ਬਖਸ਼ਾਏ॥
ਗੁਰ ਅਰਜਨ ਦਾ ਰੂਪ ਧਾਰ ਕੇ, ਪੰਜਵੇਂ ਨਾਨਕ ਆਏ॥
ਬਾਣੀ ਦਾ ਹੈ ਬੋਹਿਥਾ ਦੋਹਤਾ, ਨਾਨਾ ਜੀ ਵਰ ਦਿਤਾ॥
ਬੀਬੀ ਭਾਨੀ ਦਾ ਏ ਪੁੱਤਰ, ਪ੍ਰੇਮ ਨਾਲ ਭਰ ਦਿਤਾ॥
ਬਾਬਾ ਮੋਹਨ ਤੇ ਮੋਹਰੀ ਜੀ ਨੇ, ਆਪਣੀ ਗੋਦ ਖਿਡਾਏ॥
ਗੁਰ ਅਰਜਨ ਦਾ ਰੂਪ ਧਾਰ ਕੇ, ਪੰਜਵੇਂ ਨਾਨਕ ਆਏ॥
ਚੱਕ ਰਾਮਦਾਸਪੁਰੇ ਦੇ ਅੰਦਰ , ਸੱਚਖੰਡ ਰਚਿਆ ਸੋਹਣਾ॥
ਅੰਮ੍ਰਿਤਸਰ ਦੇ ਵਿੱਚ ਸਰੋਵਰ, ਪਾਵਨ ਤੇ ਮਨ ਮੋਹਣਾ॥
ਤਨ ਮਨ ਦੇ ਦੁਖ ਦੂਰ ਹੋਂਵਦੇ, ਜੋ ਸ਼ਰਧਾ ਕਰ ਨਾਇ॥
ਗੁਰ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਸਾਰੀ ਬਾਣੀ ਇਕ ਥਾਂ ਕਰਕੇ, ਗੁਰੂ ਗਰੰਥ ਬਣਾਏ॥
ਰੱਬੀ ਰੰਗ 'ਚ ਰੰਗੇ ਭਗਤ ਜੋ, ਓਹ ਵੀ ਨਾਲ ਬੈਠਾਏ॥
ਪੜੇ ਸੁਣੇ ਜੋ ਗਾਵੈ ਬਾਣੀ, ਜੀਵਨ ਮੁਕਤ ਕਰਾਏ॥
ਗੁਰ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਤਰਨ ਤਾਰਨ ਗੁਰਧਾਮ ਸਰੋਵਰ ਪੰਜਵੇਂ ਗੁਰਾਂ ਵਸਾਇਆ॥
ਦੁਖੀਆਂ ਦੇ ਇਲਾਜ ਕਰਨ ਲਈ, ਸੇਵਾ ਲੰਗਰ ਲਾਇਆ॥
ਰੋਗੀ ਸੋਗੀ ਭੋਗੀ ਦੁਖੀਏ, ਬੇੜੇ ਪਾਰ ਲੰਘਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਪਿੰਡ ਵਡਾਲੀ ਜਾਕੇ ਸਤਿਗੁਰ, ਮਿੱਠਾ ਖੂਹ ਲਗਾਇਆ॥
ਹਰਿਗੋਬਿੰਦ ਜੀ ਪ੍ਰਗਟ ਹੋਏ, ਸੀ ਆਲਮ ਰੁਸ਼ਨਾਇਆ॥
ਦਲ ਭੰਜਨ ਉਪਕਾਰੀ ਸੂਰਾ , ਜ਼ਾਲਮ ਨਾਸ਼ ਕਰਾਏ॥
ਗੁਰ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਪੜੀ-ਸੁਣੀ ਜਿਨਾਂ ਨੇ ਬਾਣੀ, ਪੀਰ ਮਨਾਉਣੋ ਹਟਗੇ॥
ਬਿਪਰਾਂ ਵਾਲੀ ਸੋਚ ਤਿਆਗੀ, ਰੋਟ ਪਕਾਉਣੋ ਹਟਗੇ॥
ਜੋ ਵੀ ਸਰਣ ਗੁਰਾਂ ਦੀ ਆਏ, ਬੰਧਨ ਤੇ ਛੁਟਕਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਕੱਟੜ ਕਾਜੀ ਮਨੂਵਾਦੀ , ਕੱਠੇ ਹੋ ਗਏ ਸਾਰੇ॥
ਨਾਲ ਮਿਲਾਏ ਬਾਹਮਣ ਚੰਦੂ, ਪੁੱਜੇ ਰਾਜ ਦੁਆਰੇ॥
ਬੀੜ ਸਾਹਿਬ ਦੇ ਬਰਖਿਲਾਫ ਹੋ ਝੂਠੇ ਦੋਸ਼ ਲਗਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਜਹਾਂਗੀਰ ਨਫਰਤ ਸੀ ਕਰਦਾ, ਭੇਜ ਦਿਤਾ ਹਰਕਾਰਾ॥
ਸਿੱਖੀ ਤਾਈਂ ਖਤਮ ਕਰਾਂਗਾ, ਬੰਦ ਕਰੂੰ ਗੁਰਦੁਆਰਾ॥
ਬਾਗੀ ਖੁਸਰੋ ਕੰਠ ਲਗਾਏ, ਜੋ ਆਇ ਸ਼ਰਣਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਸੰਗਤ ਨੂੰ ਫਰਮਾਇਆ ਸਤਿਗੁਰ, ਅਸਾਂ ਸ਼ਹੀਦੀ ਪਾਣਾ॥
ਹਰਿਗੋਬਿੰਦ ਜੀ ਗੁਰੂ ਹੋਣਗੇ, ਸਭ ਨੇ ਮੰਨਣਾ ਭਾਣਾ॥
ਮੀਰੀ ਪੀਰੀ ਬਖ਼ਸ਼ਿਸ ਕਰਕੇ, ਸੱਚੇ ਤਖਤ ਬੈਠਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਛੱਡੋ ਧਰਮ ਜਾਂ ਪਾਓ ਸ਼ਹੀਦੀ, ਰਾਜੇ ਹੁਕਮ ਸੁਣਾਇਆ॥
ਚੰਦੂ ਪਿਰਥੀ ਦੁਸ਼ਟ ਚੌਕੜੀ, ਰਲ ਕੇ ਕਹਿਰ ਕਮਾਇਆ
'ਯਾਸਾਂ' ਰਾਹੀਸ਼ ਕਸ਼ਟ ਦਵਾਏ, ਤੱਤੀ ਤਵੀ ਬਿਠਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਤੱਤਾ ਕਰਕੇ ਰੇਤਾ ਦੁਸ਼ਟਾਂ, ਸੀਸ ਗੁਰਾਂ ਦੇ ਪਾਇਆ॥
ਫੇਰ ਉਬੱਲਦੇ ਪਾਣੀ ਦੇ ਵਿਚ, ਸਤਿਗੁਰ ਤਾਈਂ ਬੈਠਾਇਆ॥
ਹਰਪਾਲ ਸਿੰਘਾ ਸ਼ਹੀਦੀ ਪਾਕੇ, ਹਾਕਮ ਦੁਸ਼ਟ ਹਰਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ (ਸ਼ਹੀਦੀ-ਪ੍ਰਸੰਗ) - ਭਾਈ ਹਰਪਾਲ ਸਿੰਘ ਲੱਖਾ
ਕੈਨੇਡਾ 'ਚ ਪੰਜਾਬੀਆਂ ਦੀ ਚੜਦੀ ਕਲਾ
ਮੰਗਦੇ ਪੰਜਾਬੀ ਸਰਬੱਤ ਦਾ ਭਲਾ
ਜਿੱਤਦੇ ਨੇ ਚੋਣਾਂ ਮਾਣਦੇ ਵਜ਼ੀਰੀਆਂ
ਵੱਧ ਫੁਲ ਰਹੀਆਂ ਸਾਡੀਆਂ ਪਨੀਰੀਆਂ
ਬਣੀਆਂ ਨੇ ਜੱਜ ਗੁਰਸਿੱਖ ਬੀਬੀਆਂ
ਹਰ ਪਾਸੇ ਹੈਣ ਚੰਗੀਆਂ ਨਸੀਬੀਆਂ
ਪਰ ਫੁੱਲ ਖੁਸ਼ੀਆਂ ਦੇ ਐਵੇਂ ਨੀ ਖਿਲੇ
ਥਾਲੀ 'ਚ ਪਰੋਸ ਕੇ ਮੁਕਾਮ ਨੀਂ ਮਿਲੇ
ਜਾਨ ਦੇ ਕੇ ਹੱਕ ਲਏ ਜਿਹੜੇ ਸਿੰਘ ਜੀ
ਉਹਦਾ ਨਾਂ ਸ਼ਹੀਦ ਭਾਈ ਮੇਵਾ ਸਿੰਘ ਸੀ
ਉਸ ਸੱਚੇ ਸੂਰਮੇ ਦੀ ਸਾਖੀ ਸੁਣਿਓਂ
ਆਪਾ ਵਾਰ ਕੀਤੀ ਕਿਵੇਂ ਰਾਖੀ ਸੁਣਿਓਂ
ਪਿੰਡ ਲੋਪੋਕੇ ਤੇ ਪਿਤਾ ਨੰਦ ਸਿੰਘ ਸੀ
ਔਲਖਾਂ ਦੇ ਘਰ ਜੰਮੇ ਮੇਵਾ ਸਿੰਘ ਜੀ
'ਠਾਰਾਂ ਸੌ ਤੇ ਅੱਸੀ ਵਿਚ ਜਨਮ ਲਿਆ
ਇੱਕੀ ਸਾਲ ਮਗਰੋਂ ਕੈਨੇਡਾ ਮੱਲਿਆ
ਜਦੋਂ ਬੰਦੇ ਦੇਸ ਦੁੱਖ ਨੇ ਹੰਢਾਂਵਦੇ
ਹੋਕੇ ਮਜਬੂਰ ਪਰਦੇਸ ਆਂਵਦੇ
ਮੇਵਾ ਸਿੰਘ ਵੀ ਪੰਜਾਬੋਂ ਚਾਲੇ ਪਾਏ ਸੀ
ਸਾਡੇ ਵਾਂਗਰਾਂ ਹੀ ਉਹ ਕੈਨੇਡਾ ਆਏ ਸੀ
ਪਰ ਇਥੇ ਜਦੋਂ ਵਿਤਕਰਾ ਤੱਕਿਆ
ਦਿਲ ਤੇ ਨਾ ਉਦੋਂ ਕਾਬੂ ਗਿਆ ਰੱਖਿਆ ਗੋਰੀ ਸਰਕਾਰ ਦੀਆਂ ਧੱਕੇ-ਸ਼ਾਹੀਆਂ
ਭਾਈ ਮੇਵਾ ਸਿੰਘ ਦੇ ਨਾ ਰਾਸ ਆਈਆਂ
ਨਸਲੀ ਵਧੀਕੀਆਂ ਸਿਖਰ ਛੋਹਿਆ
ਹੱਕ ਵੋਟ ਵਾਲਾ ਵੀ ਸੀ ਗਿਆ ਖੋਹਿਆ
ਭਾਰਤੀ ਕੈਨੇਡਾ ਅਖੇ ਨਹੀਂ ਰੱਖਣੇ
ਹੌਂਡੂਰਸ ਮੱਛਰਾਂ ਦੇ ਅੱਗੇ ਧੱਕਣੇ
ਜ਼ੁਲਮ ਦਾ ਉਦੋਂ ਹੱਦ ਬੰਨਾ ਤੋੜਿਆ
ਜਦ 'ਗੁਰੂ ਨਾਨਕ ਜਹਾਜ਼' ਮੁੜਿਆ
ਕਾਲੇ ਦਿਲ ਵਾਲੀ ਚਿੱਟੀ ਸਰਕਾਰ ਨੇ
ਸ਼ੁਰੂ ਕਰ ਦਿੱਤੇ ਸਿੱਖ ਆਗੂ ਮਾਰਨੇ
ਭਾਈ ਭਾਗ ਸਿੰਘ ਤੇ ਬਦਨ ਸਿੰਘ ਜੋ
ਗੁਰੂ ਦੀ ਹਜ਼ੂਰੀ ਮਾਰੇ ਮੋਢੀ ਸਿੰਘ ਦੋ
ਮੇਵਾ ਸਿੰਘ ਜਦੋਂ ਅੱਖੀਂ ਕਹਿਰ ਤੱਕਿਆ
ਰੋਸ ਦਿਲ ਅੰਦਰ ਗਿਆ ਨਾ ਡੱਕਿਆ
ਡਿੱਗੀ ਪੱਗ ਸਿਰ 'ਤੇ ਟਿਕਾਈ ਸਿੰਘ ਨੇ
ਹਾਪਕਿਨਸਨ ਸੋਧ ਦਿੱਤਾ ਸਿੰਘ ਨੇ
ਕਰਕੇ ਕਤਲ ਯੋਧਾ ਨਹੀਂ ਭੱਜਿਆ
ਖਿੜੇ ਮੱਥੇ ਮੇਵਾ ਸਿੰਘ ਫਾਂਸੀ ਲੱਗਿਆ
ਜੇ ਨਾ ਭਾਈ ਮੇਵਾ ਸਿੰਘ ਜਾਨ ਵਾਰਦੇ
ਨਸਲੀ ਜਬਰ ਨ ਕਦੇ ਵੀ ਹਾਰਦੇ
ਹਾਪਕਿਨਸਨ ਨੂੰ ਜੇ ਸੋਧਾ ਲਾਉਂਦੇ ਨਾ
ਭਾਰਤੀ ਕੈਨੇਡਾ 'ਚ ਕਦੇ ਵੀ ਆਉਂਦੇ ਨਾ
ਜੇ ਨਾ ਮੇਵਾ ਸਿੰਘ ਜੀ ਸ਼ਹੀਦ ਗੱਜਦੇ
ਹਰਪਾਲ ਸਿੰਘਾ ਫੇਰ ਨਾ ਜੈਕਾਰੇ ਵੱਜਦੇ
ਵਾਰਦੇ ਨਾ ਉਹ ਜੇ ਸਾਹਾਂ ਦੀਆਂ ਡੋਰੀਆਂ
ਕੈਨੇਡਾ 'ਚ ਪੰਜਾਬੀ ਨਾ ਮਨਾਉਂਦੇ ਲੋਹੜੀਆਂ
ਗੁਰੂ ਅੰਗਦ ਸਾਹਿਬ (ਜੀਵਨ ਲੀਲਾ 'ਚੋਂ ਕਾਵਿ-ਗਾਥਾ) - ਭਾਈ ਹਰਪਾਲ ਸਿੰਘ ਲੱਖਾ
ਹਰੀ ਕੇ ਪੱਤਣ ਕੋਲ ਹਰੀ ਕੇ ਪਿੰਡ ਹੈ। ਗੁਰੂ ਅੰਗਦ ਸਾਹਿਬ ਨੇ ਆਰੰਭਿਕ ਜੀਵਨ ਵਿੱਚ, ਬਾਬਾ ਲੈਹਣਾ ਜੀ ਦੇ ਰੂਪ ਵਿੱਚ ਕੁਝ ਸਮਾਂ ਇੱਥੇ ਆਪਣੇ ਪਿਤਾ ਨਾਲ ਦੁਕਾਨਦਾਰੀ ਕੀਤੀ ਸੀ। ਉਥੋਂ ਦੇ ਸਿੱਖਾਂ ਨੇ ਗੁਰ ਅੰਗਦ ਜੀ ਦੇ ਗੁਰਗੱਦੀ 'ਤੇ ਬਿਰਾਜਮਾਨ ਹੋਣ ਮਗਰੋਂ, ਉਹਨਾਂ ਕੋਲ ਆ ਕੇ, ਪਿੰਡ ਵਿਚ ਚਰਨ ਪਾਉਣ ਦੀ ਬੇਨਤੀ ਕੀਤੀ। ਉਥੋਂ ਦੇ ਕਈ ਪਿੰਡਾਂ ਦਾ ਚੌਧਰੀ 'ਬਖਤਾਵਰ' ਸੀ, ਜਿਸ ਦਾ ਹਾਲ ਦਵਈਆ ਛੰਦ ਵਿੱਚ ਲਿਖੀ ਇਸ ਕਵਿਤਾ ਵਿਚ ਹੈ :
ਹਰੀ ਕੇ ਪੱਤਣ ਕੋਲ ਹਰੀ ਕੇ, ਉਥੇ ਜੋ ਸਤਸੰਗੀ॥
ਪਾਸ ਗੁਰੂ ਅੰਗਦ ਦੇ ਆ ਕੇ, ਉਹਨਾਂ ਤੋਂ ਮੰਗ ਮੰਗੀ॥
ਪਿੰਡ ਅਸਾਡੇ ਦਰਸਨ ਦੇਵੋ, ਹਰ ਇੱਕ ਸਿੱਖ ਹੈ ਚਾਹੁੰਦਾ॥
ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥
ਗੁਰੂ ਅੰਗਦ ਜੀ ਸੁਣੀ ਬੇਨਤੀ, ਸਤਿ ਕਰਤਾਰ ਪਿਆਰੇ॥
ਸਾਰੇ ਪਿੰਡ ਦੇ ਜੋ ਸਤਸੰਗੀ, ਮਿਲਕੇ ਕਰੋ ਤਿਆਰੇ॥
ਜਾਤ -ਪਾਤ ਦਾ ਫਰਕ ਨਾ ਰੱਖਣਾ, ਮੈਨੂੰ ਏਹੋ ਭਾਉਂਦਾ॥
ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥
ਉੱਦਮ ਕਰਕੇ ਪਿੰਡ ਵਾਸੀਆਂ, ਇੱਕ ਪੰਡਾਲ ਬਣਾਇਆ॥
ਪੱਟੀਆਂ ਦਰੀਆਂ ਖੇਸ ਲਿਆਕੇ, ਸੋਹਣਾ ਫਰਸ਼ ਸਜਾਇਆ॥
ਗੁਰੂ ਅੰਗਦ ਲਈ ਸਿੱਖ ਸ਼ਰਧਾਲੂ, ਸੋਹਣਾ ਆਸਣ ਲਾਉਂਦਾ॥
ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥
ਸੋਹਣੇ ਬੈਲ ਜੋੜ ਕੇ ਰੱਥ ਨੂੰ, ਲੈਣ ਗੁਰਾਂ ਨੂੰ ਆਏ॥
ਬੇਨਤੀ ਕਰਕੇ ਗੁਰੂ ਅੰਗਦ ਜੀ, ਰੱਥ ਦੇ ਵਿਚ ਬੈਠਾਏ॥
ਹਰੀ ਕੇ ਪਿੰਡ ਵਿਚ ਪਹੁੰਚੇ ਸਤਿਗੁਰ, ਹਰ ਕੋਈ ਸੀਸ ਨਿਵਾਉਂਦਾ॥
ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥
ਇਕ ਸਿੱਖ ਨੇ ਕਿਹਾ ਚੌਧਰੀ ਬਖਤਾਵਰ ਨੇ ਆਉਂਦੇ॥
ਸੁਣ ਕੇ ਸਿੱਖ ਸਤਿਕਾਰ ਵਾਸਤੇ, ਮੂੜਾ ਇਕ ਡੁਹਾਉਂਦੇ॥
ਚੌਧਰ ਦਾ ਹੰਕਾਰ ਉਸ ਦੀ ਮੱਤ ਕਿਵੇਂ ਮਰਵਾਉਂਦਾ॥
ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥
ਇੱਕ ਸਿੱਖ ਨੇ ਕਿਹਾ ਚੌਧਰੀ, ਮੂੜਾ ਤੈਨੂੰ ਡਾਹਿਆ॥
ਉਸਦੀ ਗੱਲ 'ਤੇ ਬਖਤਾਵਰ ਨੂੰ ਡਾਹਢਾ ਗੁੱਸਾ ਆਇਆ॥
ਕੋਲੇ ਆਕੇ ਸਤਿਗੁਰ ਜੀ ਦੇ, ਆਕੜ ਫਿਰੇ ਦਿਖਾਉਂਦਾ॥
ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥
ਗੁਰੂ ਸਾਹਿਬ ਦੇ ਪਲੰਗ ਦੇ ਲਾਗੇ ਖੜਾ ਚੌਧਰੀ ਆ ਕੇ॥
ਕਰੀ ਅਦਬ ਦੀ ਹੇਠੀ ਉਸ ਨੇ, ਬੈਠ ਸਿਰਾਹਣੇ ਜਾ ਕੇ॥
ਰੁਤਬੇ ਦਾ ਹੰਕਾਰ ਬੰਦੇ ਤੋਂ ਪੁੱਠੇ ਕੰਮ ਕਰਵਾਉਂਦਾ॥
ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥
ਮਨ ਤੇ ਚਿੱਤ ਕਠੋਰ ਜਿਨਾਂ ਦੇ, ਸਤਿਗੁਰ ਪਾਸ ਨਾ ਟਿਕਦੇ॥
ਦੌਲਤ ਤੇ ਸ਼ੋਹਰਤ ਦੇ ਲੋਭੀ ਟਕੇ ਟਕੇ 'ਤੇ ਵਿਕਦੇ॥
ਸਤਿਗੁਰ ਸਦਾ ਦਇਆਲ ਹੈ ਭਾਈ, ਸਭ ਦਾ ਭਲਾ ਮਨਾਉਂਦਾ॥
ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥
ਸਾਰੀ ਸੰਗਤ ਦੇਖ ਰਹੀ ਸੀ, ਜੋ ਬਖਤਾਵਰ ਕਰਿਆ॥
ਕੰਮ ਮੂਰਖਾਂ ਵਾਲਾ ਕੀਤਾ, ਪੈਰ ਕੁਹਾੜਾ ਜੜਿਆ॥
ਜਿਤਨੇ ਮਾਈ ਭਾਈ ਬੈਠੇ, ਹਰ ਕੋਈ ਬੁਰਾ ਮਨਾਉਂਦਾ॥
ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥
ਮੂੜਾ ਬੈਠਣ ਨੂੰ ਸੀ ਦਿਤਾ, ਪਰ ਨਾ ਬੈਠਾ ਮੂੜਾ॥
ਆਕੜ ਖਾਂ ਤੇ ਜਾਤ-ਭਿਮਾਨੀ, ਕੂੜ ਦਾ ਭਰਿਆ ਕੂੜਾ॥
ਸਾਰਾ ਨਗਰ ਓਸ ਦੀ ਗਲਤੀ, ਹੱਥ ਜੋੜ ਬਖ਼ਸ਼ਾਉਂਦਾ॥
ਜੋ ਸ਼ਰਧਾ ਧਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ
ਸਿੱਖ ਸੰਗਤ ਸੀ ਮੋੜਾ ਦਿੱਤਾ, ਫੇਰ ਕਿਸੇ ਨਾਂ ਡੌਹਣਾ॥
ਗੁਰ ਸਿੱਖਾਂ ਦਾ ਕਿਹਾ ਨਾ ਮੰਨਿਆ, ਹੁਣ ਪੈਣਾ ਪਛਤਾਉਣਾ॥
ਸਤਿਗੁਰ ਦੀ ਜੋ ਕਰੇ ਬੇਅਦਬੀ, ਰੱਬ ਨੂੰ ਓਹ ਨਾ ਭਾਉਂਦਾ॥
ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥
ਅਹੰਕਾਰ ਨੇ ਮੱਤ ਸੀ ਮਾਰੀ, ਹਉਮੈ ਅੱਗ ਵਿੱਚ ਸੜਦਾ॥
ਲੜਦਾ ਲੜਦਾ ਪਾਗਲ ਹੋਇਆ, ਕੋਲ ਕੋਈ ਨਾ ਖੜਦਾ॥
ਗੁਰੂ ਅੰਗਦ ਦੇ ਫਿਟਕਾਰੇ ਨੂੰ, ਮੂੰਹ ਕੋਈ ਨਾ ਲਾਉਂਦਾ॥
ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥
ਅਹੁਦੇ, ਜਾਤ ਅਤੇ ਦੌਲਤ ਦੇ, ਹਉਮੈ ਬੰਧਨ ਤੋੜੋ॥
ਗੁਰਮਤਿ ਦੇ ਵਿੱਚ ਸੁੱਖ ਨੇ ਬਹੁਤੇ, ਮਨਮਤਿ ਤੋਂ ਮੂੰਹ ਮੋੜੋ॥
ਹਰਪਾਲ ਸਿੰਘ ਗੁਰੂ ਅੰਗਦ ਦੇ, ਚਰਨੀ ਸੀਸ ਨਿਵਾਉਂਦਾ॥
ਜੋ ਸ਼ਰਧਾ ਕਰ ਆਵੇ ਦਰ 'ਤੇ, ਮਨ ਇੱਛੇ ਫਲ਼ ਪਾਉਂਦਾ॥
ਭਾਈ ਹਰਪਾਲ ਸਿੰਘ ਲੱਖਾ