Ravinder-Singh-Kundra

ਪ੍ਰਤਿੱਗਿਆ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਮਜ਼ਲੂਮਾਂ ਦੀ ਕਹਾਣੀ, ਮੈਂ ਲਿਖਦਾ ਰਹਾਂਗਾ,
ਜਦ ਤੱਕ ਹੈ ਜ਼ਿੰਦਗਾਨੀ, ਮੈਂ ਲਿਖਦਾ ਰਹਾਂਗਾ।

ਕੋਈ ਚਾਹੇ ਕਿੰਨਾ ਵੀ, ਨਿੱਤ ਪਿਆ ਮੈਨੂੰ ਕੋਸੇ,
ਪਰ ਮਾਸੂਮਾਂ ਦੀ ਪ੍ਰੇਸ਼ਾਨੀ, ਮੈਂ ਲਿਖਦਾ ਰਹਾਂਗਾ।

ਸਫੇਦ ਸੂਰਤਾਂ ਵਿੱਚ, ਸਿਆਹ ਛੁਪੇ ਹਿਰਦੇ,
ਨਕਲੀ ਇਹ ਮਖੌਟੇ, ਮੈਂ ਖਿੱਚਦਾ ਰਹਾਂਗਾ।

ਚੱਲਣ ਹਨੇਰੀਆਂ ਜਾਂ, ਝੱਲਾਂ ਹੜ੍ਹਾਂ ਦੀਆਂ ਮਾਰਾਂ,
ਮੈਂ ਡੁੱਬ ਕੇ ਵੀ ਤਰਨਾ, ਫੇਰ ਸਿੱਖਦਾ ਰਹਾਂਗਾ।

ਕੋਈ ਚਾਹੇ ਜੇ ਬਣਨਾ, ਮੇਰਾ ਸੱਚਾ ਹਮਸਫਰ,
ਮੈਂ ਉਨ੍ਹਾਂ ਦੀਆਂ ਰਾਹਾਂ 'ਚ, ਵਿਛਦਾ ਰਹਾਂਗਾ।

ਨਿੱਜੀ ਸੋਚਾਂ 'ਤੇ ਜਜ਼ਬਿਆਂ, ਉੱਤੇ ਅਮਲ ਕਰਕੇ,
ਮੈਂ ਹਰ ਕਦਮ ਉੱਤੇ, ਬੱਸ ਥਿਰਕਦਾ ਰਹਾਂਗਾ।

ਥਿੜਕਿਆ ਕਿਤੇ ਜੇ ਮੈਂ, ਜ਼ਮੀਰ ਤੋਂ ਆਪਣੀ,
ਤਾਂ ਮਲੀਨ ਆਤਮਾ ਨੂੰ, ਪਟਿਰਕਦਾ ਰਹਾਂਗਾ।

ਮੈਨੂੰ ਯਕੀਨ ਹੈ ਪੂਰਾ, 'ਤੇ ਇਰਾਦੇ ਮੇਰੇ ਪੱਕੇ,
ਕੱਚਿਆਂ ਤੋਂ ਕਰ ਕਿਨਾਰਾ, ਮੈਂ ਖਿਸਕਦਾ ਰਹਾਂਗਾ।

ਸ਼ਾਲਾ ਰਹੇ ਮੈਨੂੰ ਸਦਾ, ਸਹਾਰਾ ਮੇਰੇ ਗੁਰੂ ਦਾ,
ਉਹਦੇ ਨਕਸ਼ੇ ਕਦਮਾਂ 'ਤੇ, ਮੈਂ ਨਿਵਦਾ ਰਹਾਂਗਾ।

ਮਜ਼ਲੂਮਾਂ ਦੀ ਕਹਾਣੀ, ਮੈਂ ਲਿਖਦਾ ਰਹਾਂਗਾ,
ਜਦ ਤੱਕ ਹੈ ਜ਼ਿੰਦਗਾਨੀ, ਮੈਂ ਲਿਖਦਾ ਰਹਾਂਗਾ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਨਿਗਾਹਾਂ ਕਿਤੇ ਨਿਸ਼ਾਨੇ ਕਿਤੇ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਕੀ ਕੀ ਨੇ ਜ਼ਮਾਨੇ ਦੀਆਂ, ਸੈਨਤਾਂ ਅਤੇ ਅਦਾਵਾਂ,
ਨਿਸ਼ਾਨੇ 'ਤੇ ਕੋਈ ਹੋਰ ਨੇ, ਪਰ ਕਿਸੇ ਹੋਰ 'ਤੇ ਨਿਗਾਹਾਂ।

ਰਸਤੇ ਕਈ ਹੋ ਸਕਦੇ ਨੇ, ਮੰਜ਼ਿਲ ਸਿਰਫ ਇੱਕ ਦੇ,
ਭਟਕਾਈਆਂ ਜਾ ਰਹੀਆਂ ਨੇ, ਰਾਹੀਆਂ ਦੀਆਂ ਰਾਹਵਾਂ।

ਦੌਰ ਹੈ ਜ਼ਿੰਦਗੀ ਦਾ, ਕਿਸ਼ਤੀਆਂ ਜਿਵੇਂ ਮੰਝਧਾਰ ਵਿੱਚ,
ਡੁੱਬਦੇ ਨੂੰ ਬਚਾਉਣ ਲਈ, ਨਾ ਉਠਦੀਆਂ ਕੋਈ ਬਾਹਵਾਂ।

ਜੋੜ ਅਤੇ ਤੋੜ ਨਿੱਤ ਨਵੇਂ, ਹੀ ਬਣਦੇ ਅਤੇ ਵਿਗੜਦੇ,
ਹਰ ਵਕਤੀ ਗੱਠਜੋੜ ਦਾ, ਨਿਚੋੜ ਹੈ ਨਕਦ ਨਾਮਾ।

ਫੋਕੇ ਨੇ ਦਾਅਵੇ ਦੁਨੀ ਦੇ, ਝੂਠੇ ਨੇ ਵਾਅਦੇ ਮੁਨੀ ਦੇ,
ਤੁਲੇ ਹੋਏ ਸਭ ਮੁੰਨਣ 'ਤੇ, ਇੱਕ ਦੂਜੇ ਦੀਆਂ ਜਟਾਵਾਂ।

ਦੱਸਦੇ ਜੋ ਮਾਇਆ ਨਾਗਣੀ, ਆਪਣੇ ਹੀ ਸੇਵਕਾਂ ਨੂੰ,
ਆਪਣੀਆਂ ਹੀ ਭਰੀ ਬੈਠੇ ਨੇ, ਗੋਲ੍ਹਕਾਂ ਅਤੇ ਗੁਫਾਵਾਂ।

ਗੁਲਾਮਾਂ ਦੀਆਂ ਮੁਸ਼ੱਕਤਾਂ 'ਤੇ, ਸੰਸਥਾਵਾਂ ਚੱਲਦੀਆਂ,
ਮਾਲਕਾਂ ਦੀਆਂ ਵੱਧ ਰਹੀਆਂ, ਨਿੱਤ ਮੋਟੀਆਂ ਤਨਖਾਹਾਂ।

ਸੱਚ ਨੂੰ ਤੁੜਕਾ ਝੂਠ ਦਾ, ਅਤੇ ਝੂਠ ਨੂੰ ਟੀਕਾ ਸੱਚ ਦਾ,
ਬੇਚਾਰੇ ਬੀਮਾਰ ਈਮਾਨ ਦੀ, ਮੈਂ ਜਾਨ ਕਿਵੇਂ ਬਚਾਵਾਂ।

ਅੱਖੋਂ ਪਰੋਖੇ ਨਹੀਂ ਹੁੰਦਾ, ਜੋ ਧੋਖਾ ਨਿੱਤ ਹੁੰਦਾ ਦਿਸਦਾ,
ਬੇਵੱਸ ਅੱਖਾਂ ਨੂੰ ਮੁੰਦ ਕੇ, ਮੈਂ ਝੱਟ ਕਿਵੇਂ ਲੰਘਾਵਾਂ।

ਟੀਰੀ ਅੱਖ ਦੇ ਨਾਲ ਕਦੀ, ਨਿਸ਼ਾਨੇ ਨਹੀਂ ਫੁੰਡ ਹੋਣਗੇ,
ਫੁੱਟੇਗੀ ਕੈਰ੍ਹੀ ਅੱਖ ਜੋ ਲੋਚੇ, ਸਦਾ ਪੁੱਠਾ ਕਾਰਨਾਮਾ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਕਿਸਾਨੀ ਫੁੱਟ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਅੰਨ ਦਾਤਾ ਦੇ ਅੰਨ੍ਹੇ ਲੀਡਰ,
ਅੰਧਰਾਤੇ ਦਾ ਸ਼ਿਕਾਰ ਹੋ ਗਏ।
ਇਨ੍ਹਾਂ ਦੇ ਪਿੱਛੇ ਲੱਗ ਕੇ ਭੋਲ਼ੇ,
ਮਜ਼ਦੂਰ, ਕਿਸਾਨ ਖੁਆਰ ਹੋ ਗਏ।

ਚੌਧਰਾਂ ਅਤੇ ਪੈਸੇ ਦੀ ਖ਼ਾਤਰ,
ਪੈਰ ਪੈਰ 'ਤੇ ਵਿਕਦੇ ਜਾਵਣ,
ਪਾਟੋਧਾੜ ਧੜਾ ਧੜ ਹੋਵਣ,
ਇੱਕ ਦੂਜੇ 'ਤੇ ਲੂਤੀਆਂ ਲਾਵਣ।

ਕਿਸਾਨ ਲੀਡਰਾਂ ਦੀ ਸੋਚ ਦਾ ਦਾਇਰਾ,
ਦਿਨ ਬਦਿਨ ਹੁੰਦਾ ਜਾਵੇ ਸੌੜ੍ਹਾ,
ਸਮੇਂ ਦੇ ਹਾਣੀ ਬਣਨ ਤੋਂ ਸੱਖਣੇ,
ਕਰਨਗੇ ਝੁੱਗਾ ਸਭ ਦਾ ਚੌੜਾ।

ਪਰੌਂਠੇ ਖਾ ਮਰਨ ਵਰਤ ਨ੍ਹੀਂ ਪੁੱਗਦੇ,
ਡਰਾਮੇ ਬਹੁਤੇ ਦਿਨ ਨ੍ਹੀਂ ਚੱਲਦੇ,
ਸੱਚ ਤਾਂ ਸਾਹਮਣੇ ਆ ਹੀ ਜਾਂਦਾ,
ਝੂਠ ਦੇ ਪੈਰ ਕਿਤੇ ਨ੍ਹੀਂ ਖੱਲ੍ਹਦੇ।

ਆਪਣੀ ਜ਼ਾਤ ਦੇ ਆਪੇ ਦੁਸ਼ਮਣ,
ਹੋਰ ਨੂੰ ਫਿਰ ਕੀ ਦੋਸ਼ ਦੇਣਗੇ,
ਖੁਦ ਨੂੰ ਸ਼ੀਸ਼ੇ ਵਿੱਚ ਦੇਖ ਕੇ,
ਆਪਣੀ ਹੀ ਜ਼ਮੀਰ ਕੋਹਣਗੇ।

ਅੰਨ ਦਾਤਾ ਦੀ ਪਰਿਭਾਸ਼ਾ ਹੁਣ,
ਬਦਲਦੀ ਜਾਂਦੀ ਨਿੱਤ ਨਵੀਂ,
ਫਸਲਾਂ ਹੁਣ ਜੱਟ ਨਹੀਂ ਬੀਜੇਗਾ,
ਏ ਆਈ ਦੀ ਹੁਣ ਨਹੀਂ ਕਮੀ।

ਅੰਨ ਤਾਂ ਧਰਤੀ ਵਿੱਚੋਂ ਉੱਗੂ,
ਪਰ ਤਤਾ ਤਤਾ ਕੋਈ ਕਰੂ ਅਡਾਣੀ,
ਧਨਾਢ ਦੇ ਹੱਥ ਹੀ ਕੋਠੀ ਹੋਊ,
'ਤੇ ਹਰ ਕੋਠੀ ਦਾ ਦਾਣਾ ਪਾਣੀ।

ਮਰੋੜ ਮਰੋੜ ਸੰਢਿਆਂ ਦੀਆਂ ਪੂਛਾਂ,
ਜੱਟ ਮਿੱਟੀ ਵਿੱਚ ਮਿੱਟੀ ਹੋ ਗਿਆ,
ਜੱਟ ਦੀ ਜ਼ਾਤ ਹੀ ਖਤਮ ਹੋਣ ਦਾ,
ਸਿਲਸਿਲਾ ਸਮਝੋ ਸ਼ੁਰੂ ਹੋ ਗਿਆ।

ਨਾ ਹੁਣ ਆਕੜਾਂ ਨਾ ਹੁਣ ਬੱਕਰੇ,
ਨਾ ਮੁੱਛਾਂ ਦੇ ਤਾਅ ਹੁਣ ਰਹਿਣੇ,
ਰਹਿੰਦੀਆਂ ਖੂੰਹਦੀਆਂ ਜ਼ਮੀਨਾਂ ਵੀ,
ਜਦੋਂ ਵਿਕ ਗਈਆਂ, ਜਾਂ ਪਈਆਂ ਗਹਿਣੇ।

ਹਰ ਜੱਟ ਹੁਣ ਮਜ਼ਦੂਰ ਬਣੇਗਾ,
ਹੱਥ ਅੱਡਣ ਲਈ ਹੋਊ ਮਜਬੂਰ,
ਅੰਨ ਦਾਤਾ ਹੁਣ ਠੂਠਾ ਚੁੱਕ ਕੇ,
ਦਾਨ ਦਾ ਪਾਤਰ ਬਣੂ ਜ਼ਰੂਰ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਖੁਸ਼ੀਆਂ ਦੇ ਢੋਲ ਵੱਜ ਗਏ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਖੁਸ਼ੀਆਂ ਦੇ ਢੋਲ ਵੱਜ ਗਏ,
ਸਾਲ ਬਾਅਦ ਫਿਰ ਆਈ ਏ ਵਿਸਾਖੀ।
ਮੇਲੇ ਅਤੇ ਖਾੜੇ ਲੱਗ ਗਏ,
ਪਾ ਲੈ ਭੰਗੜੇ 'ਤੇ ਗਾ ਲੈ ਗੀਤ ਸਾਥੀ।
ਸੋਨੇ ਰੰਗੇ ਖੇਤਾਂ ਉੱਤੇ ਨਵਾਂ ਰੂਪ ਆਇਆ ਏ,
ਦੇਖ ਦੇਖ ਜਿਹਨੂੰ ਹਰ ਦਿਲ ਨਸ਼ਿਆਇਆ ਏ,
ਭਾਰੀਆਂ ਮੁਸ਼ੱਕਤਾਂ ਦਾ ਮੁੱਲ ਰੱਬ ਪਾਇਆ ਏ।
ਹੱਥ ਫੜ ਲੈ ਤੂੰ ਯਾਰਾ ਹੁਣ ਦਾਤੀ,
ਖੁਸ਼ੀਆਂ ਦੇ ਢੋਲ ਵੱਜ ਗਏ,
ਸਾਲ ਬਾਅਦ ਫਿਰ ਆਈ ਏ ਵਿਸਾਖੀ।
ਮੇਲੇ ਅਤੇ ਖਾੜੇ ਲੱਗ ਗਏ,
ਪਾ ਲੈ ਭੰਗੜੇ ਤੇ ਗਾ ਲੈ ਗੀਤ ਸਾਥੀ।
ਕੀਤੀਆਂ ਮੁਸ਼ੱਕਤਾਂ ਦਾ ਮੁੱਲ ਤਾਹੀਉਂ ਪਵੇਗਾ,
ਸਾਂਭੇਂਗਾ ਕਮਾਈ ਤਾਂ ਸਿਫਤ ਜੱਗ ਕਰੇਗਾ,
ਸਿਆਣਪਾਂ ਦੇ ਨਾਲ ਜੇ ਤੂੰ ਪੈਰ ਅੱਗੇ ਧਰੇਂਗਾ।
ਚੰਗੀ ਲੰਘ ਜਾਵੇ ਤੇਰੀ ਇਹ ਹਿਆਤੀ,
ਖੁਸ਼ੀਆਂ ਦੇ ਢੋਲ ਵੱਜ ਗਏ,
ਸਾਲ ਬਾਅਦ ਫਿਰ ਆਈ ਏ ਵਿਸਾਖੀ।
ਮੇਲੇ ਅਤੇ ਖਾੜੇ ਲੱਗ ਗਏ,
ਪਾ ਲੈ ਭੰਗੜੇ ਤੇ ਗਾ ਲੈ ਗੀਤ ਸਾਥੀ।
ਸਿੱਖੀ ਨੂੰ ਬਚਾਉਣ ਦੀ ਵੀ ਜ਼ਿੰਮੇਦਾਰੀ ਤੇਰੀ ਐ,
ਚੱਲਦੀਆਂ ਚਾਲਾਂ ਕੀਤੀ ਕਾਫੀ ਹੇਰਾਫੇਰੀ ਐ,
ਖ਼ਾਲਸੇ ਦੀ ਸਾਖ ਅੱਜ ਮੂਰਖਾਂ ਨੇ ਘੇਰੀ ਐ।
ਪੜ੍ਹ ਮੁੜ ਕੇ ਤੂੰ ਗੁਰੂਆਂ ਦੀ ਸਾਖੀ,
ਖੁਸ਼ੀਆਂ ਦੇ ਢੋਲ ਵੱਜ ਗਏ,
ਸਾਲ ਬਾਅਦ ਫਿਰ ਆਈ ਏ ਵਿਸਾਖੀ।
ਮੇਲੇ ਅਤੇ ਖਾੜੇ ਲੱਗ ਗਏ,
ਪਾ ਲੈ ਭੰਗੜੇ ਤੇ ਗਾ ਲੈ ਗੀਤ ਸਾਥੀ।
ਅਜ਼ਾਦੀ ਲਈ ਸ਼ਹਾਦਤਾਂ ਦੀ ਯਾਦ ਤੂੰ ਭੁਲਾਈਂ ਨਾ,
ਇਸ ਦਿਨ ਗਵਾਚੇ ਕਿੰਨੇ ਵੀਰ ਤੂੰ ਗਵਾਈਂ ਨਾ,
ਦੇਖੀਂ ਕਿਤੇ ਭੁੱਲ ਕੇ ਵੀ ਲਾਜ ਤੂੰ ਲਵਾਈਂ ਨਾ,
ਹੈ ਜ਼ਰੂਰੀ ਸਦਾ ਵਿਰਸੇ ਦੀ ਰਾਖੀ,
ਖੁਸ਼ੀਆਂ ਦੇ ਢੋਲ ਵੱਜ ਗਏ,
ਸਾਲ ਬਾਅਦ ਫਿਰ ਆਈ ਏ ਵਿਸਾਖੀ।
ਮੇਲੇ ਅਤੇ ਖਾੜੇ ਲੱਗ ਗਏ,
ਪਾ ਲੈ ਭੰਗੜੇ ਤੇ ਗਾ ਲੈ ਗੀਤ ਸਾਥੀ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਜ਼ੰਗਾਲੀ ਦਲ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਧਾਮੀ ਨੇ ਭਰ ਦਿੱਤੀ ਹਾਮੀ,
ਫੇਰ ਮੱਲੀ ਕੁਰਸੀ ਪਰਧਾਨੀ ਦੀ,
ਥੁੱਕ ਕੇ ਚੱਟਣਾ, ਚੱਟ ਕੇ ਥੁੱਕਣਾ,
ਕਿਆ ਬਾਤ ਹੈ ਇਸ ਕੁਰਬਾਨੀ ਦੀ।

ਬਾਦਲ, ਭੂੰਦੜ, ਚੀਮਾ, ਵਲਟੋਹਾ,
ਚੰਡਾਲ ਚੌਂਕੜੀ ਜੁੜ ਜੁੜ ਬਹਿੰਦੀ,
ਪੈਰ ਪੈਰ 'ਤੇ ਜ਼ਮੀਰਾਂ ਹਰਦੀਆਂ,
ਨਿੱਤ ਹੁੰਦੀ ਜਿੱਤ ਸ਼ੈਤਾਨੀ ਦੀ।

ਜ਼ੰਗ ਬੜਾ ਹੀ ਨਾ ਮੁਰਾਦ ਹੈ,
ਜਿਸ ਵੀ ਪੁਰਜ਼ੇ ਨੂੰ ਲੱਗ ਜਾਵੇ,
ਨਹੀਂ ਰਹਿੰਦੀ ਕੋਈ ਹੋਂਦ ਫਿਰ ਬਾਕੀ,
ਨਹੀਂ ਬਚਦੀ ਸਾਖ ਨਿਸ਼ਾਨੀ ਦੀ।

ਕੈਂਸਰਾਂ ਵਰਗੇ ਭੈੜੇ ਰੋਗਾਂ 'ਚੋਂ
ਕੈਂਸਰ ਖੂਨ ਦਾ ਮੰਨਿਆ ਜਾਂਦਾ,
ਇੱਕ ਵਾਰੀ ਜੇ ਲੱਗ ਜਾਵੇ,
ਫਿਰ ਆਸ ਨਹੀਂ ਜ਼ਿੰਦਗਾਨੀ ਦੀ।

ਦਲ ਚੋਂ ਨਿਕਲ ਦਲ ਕਈ ਬਣਕੇ,
ਦਲਦਲ ਦੇ ਵਿੱਚ ਧਸਦੇ ਜਾਵਣ,
ਪਾਟੋ ਧਾੜੀ ਕਰਤੂਤਾਂ ਰਾਹੀਂ,
ਗੱਲ ਕਰਦੇ ਪੰਚ ਪਰਧਾਨੀ ਦੀ।

ਬਾਗ਼ੀ ਦਾਗ਼ੀ 'ਤੇ ਗ਼ਰਮ ਖ਼ਿਆਲੀ,
ਇੱਕੋ ਰੱਸੇ ਬੰਨ੍ਹਣ ਵਾਲ਼ੇ,
ਇੱਕ ਦੂਜੇ ਦੀ ਪਿੱਠ ਲਾਉਣ ਲਈ,
ਤੁਰਦੇ ਤੋਰ ਭਲਵਾਨੀ ਦੀ।

ਕਹਿਣ ਪੰਥ ਦੁਸ਼ਮਣਾਂ ਵਿੱਚ ਘਿਰਿਆ,
ਖ਼ਤਰਾ ਹਰ ਪਾਸੇ ਹੀ ਦੱਸਣ,
ਪਰ ਦੁਸ਼ਮਣ ਨੇ ਆਪਣੇ ਹੀ ਆਪੇ,
ਨਿਖੇਧੀ ਪਾਰਟੀ ਬੇਗਾਨੀ ਦੀ।

ਗੰਦੇ ਖੂਨ ਨਿੱਤ ਲਾਉਂਦੇ ਲੂਤੀਆਂ,
ਮਾਨਾ ਮੱਤੇ ਇਤਿਹਾਸ ਗਵਾ ਕੇ,
ਗੁਰੂਆਂ ਦੀਆਂ ਕੁਰਬਾਨੀਆਂ ਦੀ,
ਕਦਰ ਨਾ ਪਾਈ ਦੋਆਨੀ ਦੀ।

ਈਮਾਨਦਾਰੀ ਦੀ ਘਾਟ ਹਰ ਪਾਸੇ,
ਹਰ ਕਾੱਲੀ ਦਿਲੋਂ ਕਾਲ ਕਲੂਟਾ,
ਉੱਤੋਂ ਉੱਤਮ ਬਣ ਬਣ ਬਹਿੰਦੇ,
ਨੀਅਤ ਨਾ ਬਦਲੇ ਬੇਈਮਾਨੀ ਦੀ।

ਜ਼ੰਗ ਲੱਗੇ ਜ਼ੰਗਾਲੀ ਦਲ ਨੂੰ,
ਹੁਣ ਨਹੀਂ ਕੋਈ ਬਚਾ ਹੈ ਸਕਦਾ,
ਮਰਨਾਊ ਮਰੀਜ਼ ਨੂੰ ਹੁਣ ਕੋਈ,
ਲੋੜ ਨ੍ਹੀਂ ਹੋਰ ਨਿਗਰਾਨੀ ਦੀ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਅਭੁੱਲ ਯਾਦ - ਰਾਵਿੰਦਰ ਕੁੰਦਰਾ ਜੀ ਦਾ ਏਅਰਪੋਰਟ ਤੇ ਆਉਣਾ ਹੀ ਵੱਡੀ ਗੱਲ ਸੀ - ਚਰਨਜੀਤ ਕੌਰ ਧਾਲੀਵਾਲ

ਕੌਣ ਕਿਸੇ ਲਈ ਸਮਾਂ ਕੱਢਦੈ! ਕੌਣ ਕਿਸੇ ਲਈ ਸਫ਼ਰ ਕਰਦੈ! ਤੁਹਾਨੂੰ ਖੁਸ਼ ਕਰਨ ਲਈ ਸਰਪ੍ਰਾਈਜ਼ ਬਣਾ ਕੇ ਬਿਨਾ ਦੱਸਿਆ ਕੋਈ ਏਅਰਪੋਰਟ ਤੇ ਆਇਆ ਹੋਵੇ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਜ਼ਿੰਦਗੀ ਦੀ ਅਭੁੱਲ ਯਾਦ ਬਣ ਜਾਂਦੀ ਹੈ। ਏਸੇ ਤਰ੍ਹਾਂ ਦੀ ਹੀ ਮੇਰੀ ਜ਼ਿੰਦਗੀ ਵਿਚ ਅਭੁੱਲ ਯਾਦ ਬਣੀ ਰਾਵਿੰਦਰ ਕੁੰਦਰਾ ਜੀ ਦਾ ਏਅਰਪੋਰਟ ਤੇ ਆਉਣਾ।
ਮੈਂ ਬਰਮਿੰਘਮ-ਯੂ ਕੇ ਵਿਚ ਗਈ ਹੋਈ ਸੀ, ਸਤਿਕਾਰਯੋਗ ਪਿਆਰੇ ਵੱਡੇ ਵੀਰ ਰਾਵਿੰਦਰ ਕੁੰਦਰਾ ਜੀ ਮੈਨੂੰ ਸਮਾਂ ਕੱਢ ਕੇ ਘਰ ਮਿਲਣ ਆਏ। ਜਦੋਂ ਜਰਮਨੀ ਵਿਖੇ ਪੰਜਾਬੀ ਸੱਥ ਦਾ ਸਮਾਗਮ ਸੀ ਉਸ ਸਮੇਂ ਵੀ ਸਾਰਿਆਂ ਸਮੇਤ ਮੇਰੇ ਘਰ ਹੀ ਰੁਕੇ ਸੀ (ਜਿਵੇਂ ਕੀੜੀ ਦੇ ਘਰ ਭਗਵਾਨ)। ਮੇਰੀ ਪੁਸਤਕ ਦਾ ਸਿਰਲੇਖ ਵਿਲਕਦੇ ਵਲਵਲੇ ਵੀ ਇਹਨਾਂ ਦੀ ਹੀ ਦੇਣ ਹੈ।
ਬਰਮਿੰਘਮ ਵਾਪਸ ਆਉਣ ਤੋਂ ਪਹਿਲਾਂ ਰਾਵਿੰਦਰ ਕੁੰਦਰਾ ਜੀ ਨੇ ਦੁੱਖ ਸੁੱਖ ਪੁੱਛਣ ਦੇ ਨਾਲ-ਨਾਲ ਮੇਰੀ ਵਾਪਸੀ ਫਲਾਈਟ ਬਾਰੇ ਸਾਰਾ ਹਵਾਲਾ ਵੈਸੇ ਹੀ ਗੱਲਾਂ-ਗੱਲਾਂ ਵਿਚ ਪੁੱਛ ਲਿਆ ਪਰ ਮੈਂ ਇਹ ਤਾਂ ਬਿਲਕੁਲ ਵੀ ਨਹੀਂ ਸੋਚਿਆ ਸੀ, ਜੋ ਉਹ ਸੋਚੀ ਬੈਠੇ ਸੀ।
ਜਦੋਂ ਮੈਂ ਆਪਣੀ ਫਲਾਈਟ ਦੇ ਸਮੇਂ ਮੁਤਾਬਕ ਏਅਰਪੋਰਟ ਤੇ ਪਹੁੰਚੀ ਤਾਂ ਦੂਰੋਂ ਪਰਛਾਈ ਵਾਂਗ ਇਕ ਛਿਨ ਲਈ ਅੱਖ ਝਪਕਣ ਵਾਂਗ ਬੇਧਿਆਨੀ ਜੇਹੀ ਨਾਲ ਮਨ ਨੇ ਕਿਹਾ ਕਿ ਔਹ ਭਾਈ ਤਾਂ ਰਾਵਿੰਦਰ ਕੁੰਦਰਾ ਜੀ ਵਰਗਾ ਲੱਗਦੈ!
ਪਰ ਜਦੋਂ ਮੈਂ ਹੋਰ ਅੱਗੇ ਜਾ ਕੇ ਆਪਣੇ ਕਾਉਂਟਰ ਵੱਲ ਨੂੰ ਜਾਣ ਲੱਗੀ ਤਾਂ ਰਾਵਿੰਦਰ ਕੁੰਦਰਾ ਜੀ ਹੱਸ ਪਏ ਤੇ ਕਿਹਾ ਕਿ ਕੀ ਗੱਲ ਸਰਪ੍ਰਾਈਜ਼ ਸਿਰਫ਼ ਤੁਸੀਂ ਹੀ ਦੇ ਸਕਦੇ ਹੋ? ਮੈਂ ਨਹੀਂ ਸਰਪ੍ਰਾਈਜ਼ ਦੇ ਸਕਦਾ!
ਮੈਨੂੰ ਇਹ ਸਮਝ ਨਾ ਲੱਗੇ ਕਿ ਮੈਂ ਕੀ ਕਹਾਂ! ਓ ਮਾਈ ਗੌਡ!
ਵੀਰ ਜੀ, ਤੁਸੀਂ!
ਖੋਏ ਦੀਆਂ ਪਿੰਨੀਆਂ ਦਾ ਡੱਬਾ ਹੱਥ ਵਿਚ ਫੜ੍ਹਾ ਕੇ ਕਹਿੰਦੇ-
ਆਹ ਲਉ ਜੀ! ਖੋਏ ਦੀਆਂ ਪਿੰਨੀਆਂ, ਤੁਹਾਡੇ ਲਈ ਲੈ ਕੇ ਆਇਆ, ਜਰਮਨੀ ਜਾ ਕੇ ਖਾ ਲਿਉ!
     ਅਜੇਹਾ ਸਰਪ੍ਰਾਈਜ਼ ਜ਼ਿੰਦਗੀ ਵਿਚ ਪਹਿਲਾਂ ਕਦੇ ਵੀ ਨਹੀਂ ਮਿਲਿਆ। ਇਹ ਪਹਿਲਕਦਮੀ ਰਾਵਿੰਦਰ ਕੁੰਦਰਾ ਜੀ ਨੇ ਮੇਰੀ ਜ਼ਿੰਦਗੀ ਦੇ ਯਾਦਗਰ ਪੰਨਿਆਂ ਲਈ ਛੱਪਣਯੋਗ ਬਣਾ ਦਿਤੀ। ਇਕ ਮੋਹ ਭਰੀ ਰੂਹ ਜੋ ਤੁਹਾਡੇ ਲਈ ਖੋਏ ਦੀਆਂ ਪਿੰਨੀਆਂ ਦਾ ਡੱਬਾ ਫੜ੍ਹੀ ਏਅਰਪੋਰਟ ਸਰਪ੍ਰਾਈਜ਼ ਦੇ ਬਹਾਨੇ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਸਫ਼ਰ ਨੂੰ ਤਹਿ ਕਰਕੇ ਉਡੀਕ ਕਰ ਰਹੀ ਹੋਵੇ ਤਾਂ ਤੁਸੀੰਂ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਅਜੇਹੇ ਮਨ ਵਿਚ ਰੂਹ ਕਿੰਨੀ ਪਵਿਤਰ ਆਪਣੇਪਣ ਅਤੇ ਪਿਆਰ ਨਾਲ ਗੜੁੱਚ ਹੋਵੇਗੀ। ਜ਼ਿੰਦਗੀ ਦੇ ਔਖੇ ਸੌਖੇ ਰਸਤਿਆਂ ਨੂੰ ਤਹਿ ਕਰਦਿਆਂ ਅਜੇਹੇ ਸਰਪ੍ਰਾਈਜ਼ਾਂ ਦੀ ਲੋੜ ਹੁੰਦੀ ਹੈ ਜੋ ਤੁਹਾਨੂੰ ਤਾਜ਼ਾਂ ਮਹਿਸੂਸ ਕਰਵਾ ਦਿੰਦੀ ਹੈ। ਥੱਕੇ ਹੋਏ ਮੋਢੇ ਵੀ ਆਰਾਮ ਮਹਿਸੂਸ ਕਰਦੇ ਹਨ। ਉਸ ਸਮੇਂ ਮਨ ਇਹ ਮਹਿਸੂਸ ਕਰਦਾ ਹੈ ਕਿ ਜੇ ਪੰਜਾਹਾਂ ਵਿਚੋਂ ਨਹੀਂ ਤਾਂ ਪੰਜਾਂ ਵਿਚੋਂ ਹੀ ਸਹੀ। ਕੋਈ ਤਾਂ ਹੈ ਜਿਸ ਕੋਲ ਸਲਾਵਾਂ, ਦੁਆਵਾਂ, ਝਿੜਕਾਂ ਸਭ ਆਪਣੀ ਝੋਲੀ ਵਿਚ ਪਵਾ ਸਕਦੀ ਹਾਂ ਅਤੇ ਥਿੜਕਦੇ ਕਦਮਾਂ ਨੂੰ ਸਹੀ ਰਸਤਿਆਂ ਤੇ ਰੱਖਣ ਲਈ ਕਾਮਯਾਬੀਆਂ ਮਾਣ ਸਕਦੀ ਹਾਂ। ਖਰਾ ਤੇ ਸੱਚ ਬੋਲਣ ਵਾਲੇ ਲੋਕ ਬਹੁਤੇ ਜ਼ਿਆਦਾ ਨਹੀਂ ਹੁੰਦੇ, ਟਾਵੇਂ-ਟਾਂਵੇਂ ਲੋਕ ਅਜੇਹੇ ਮਿਲਦੇ ਹਨ। ਪਰ ਜ਼ਿਆਦਾਤਰ ਲੋਕ ਰੌਲਾ ਤਾਂ ਬਹੁਤਾ ਪਾ ਦਿੰਦੇ ਹਨ ਪਰ ਛੋੋਪ ਵਿਚੋਂ ਇਕ ਪੂਣੀ ਕੱਤਣ ਯੋਗੇ ਵੀ ਨਹੀਂ ਹੁੰਦੇ।
ਰਾਵਿੰਦਰ ਕੁੰਦਰਾ ਜੀ ਦੇ ਵੱਡਮੁੱਲੇ ਸ਼ਬਦੀ ਖਜ਼ਾਨੇ ਵਿਚੋਂ ਜਿਨੇ ਵੀ ਸ਼ਬਦ ਵਰਤ ਲਈਏ ਫਾਈਦੇਮੰਦ ਹੀ ਸਿੱਧ ਹੋਣਗੇ। ਮੇਰੀ ਖੁਸ਼ਨਸੀਬੀ ਰਹੀ ਹੈ ਕਿ ਮੈਂ ਇਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਹੈ। ਏਹੋ ਜੇਹੀਆ ਰੂਹਾਂ ਦੇ ਨਾਲ ਜ਼ਿੰਦਗੀ ਵਿਚ ਬਹੁਤ ਕੁਝ ਸਿੱਖਦੀ ਹੋਈ ਆਪਣੀ ਝੋਲੀ ਵਿਚ ਇਹਨਾਂ ਦੇ ਪਿਆਰ ਨੂੰ ਸੰਭਾਲ ਕੇ ਜ਼ਿੰਦਗੀ ਦੇ ਸਫ਼ਰ ਵਿਚ ਹਮੇਸ਼ਾਂ ਅੱਗੇ ਵੱਧਦੀ ਏਹੀ ਸੋਚਦੀ ਹਾਂ ਕਿ ਪੰਜਾਬੀ ਬੋਲੀ ਦੇ ਦੁਆਰਾ ਬਣਿਆ ਹੋਇਆ ਸਾਥ ਹਮੇਸ਼ਾ ਕਾਇਮ ਰਹੇ ਅਤੇ ਅਗਲੇ ਸਮਾਗਮ ਵਿਚ ਜ਼ਰੂਰ ਇਕੱਠੇ ਹੋਈਏ। ਸਦਕੇ ਜਾਵਾਂ ਰੂਹਾਂ ਦੇ- ਚਰਨਜੀਤ ਕੌਰ ਧਾਲੀਵਾਲ

ਉਹ ਦੇਸ਼ ਭਗਤਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਆਮ ਲੋਕਾਂ ਨੇ ਹੰਝੂ ਸੀ ਕੇਰੇ,
ਫ਼ਾਂਸੀ ਜਦੋਂ ਚੜ੍ਹਾਇਆ ਸੀ ਤੈਨੂੰ।
ਦੇਸ਼ ਲਈ ਮਰ ਜਾਣ ਦਾ ਰਸਤਾ,
ਤੂਹੀਉਂ ਦਿਖਲਾਇਆ ਸੀ ਸਾਨੂੰ।
ਉਸ ਸਮੇਂ ਦੇ ਹਰ ਨੇਤਾ ਨੇ,
ਰਹਿਬਰ ਜਤਲਾਇਆ ਸੀ ਤੈਨੂੰ।
ਝੂਠ ਮੂਠ ਦੇ ਝਾਂਸੇ ਦੇ ਕੇ,
ਸਬਜ਼ ਬਾਗ ਦਿਖਲਾਇਆ ਸੀ ਸਾਨੂੰ।
 
ਅੱਜ ਵੀ ਉਹ ਨੇਤਾ ਦੇਸ਼ ਦੇ ਦੁਸ਼ਮਣ,
ਤੇਰੀ ਫ਼ਰਜ਼ੀ ਪੂਜਾ ਕਰਦੇ।
ਤੇਰੀ ਫ਼ੋਕੀ ਉਪਮਾ ਕਰ ਕਰ,
ਆਪਣੀਆਂ ਖ਼ੂਬ ਤਿਜੋਰੀਆਂ ਭਰਦੇ।
ਤੇਰੀ ਪਵਿੱਤਰ ਕੁਰਬਾਨੀ ਦਾ,
ਬੋੱਲੀ ਲਾ ਲਾ ਮੁੱਲ ਨੇ ਕਰਦੇ।
ਤੈਨੂੰ ਮਹਾਨ ਯੋਧਾ ਦੱਸਣ ਲਈ,
ਇੱਕ ਦੂਜੇ ਤੋਂ ਅੱਗੇ ਖੜ੍ਹਦੇ।
 
ਤੂੰ ਤੇ ਜਨਮ ਤੋਂ ਭਗਤ ਸੀ ਜੰਮਿਆ,
ਦੇਸ਼ ਭਗਤੀ ਦੀ ਗੁੜ੍ਹਤੀ ਲੈ ਕੇ।
ਗੁਰ ਪੀਰਾਂ ਤੋਂ ਸ਼ਕਤੀ ਲੈ ਕੇ,
ਮਾਪਿਆਂ ਕੋਲੋਂ ਫ਼ੁਰਤੀ ਲੈ ਕੇ।
 
ਤੈਨੂੰ ਸ਼ੋਹਰਤ ਦੀ ਲੋੜ ਨਹੀਂ ਸੀ,
ਤੈਨੂੰ ਪੈਸੇ ਦੀ ਹੋੜ੍ਹ ਨਹੀਂ ਸੀ।
ਤੂੰ ਤੇ ਬੱਸ ਇੱਕ ਸੱਚ ਮੰਗਿਆ ਸੀ,
ਆਜ਼ਾਦੀ ਦਾ ਬੱਸ ਹੱਕ ਮੰਗਿਆ ਸੀ।
 
ਦੇਖ ਇਹ ਹੱਕ ਅੱਜ ਕਿਸ ਨੂੰ ਮਿਲਿਆ,
ਕਿਸ ਦੇ ਵਿਹੜੇ ਫ਼ੁੱਲ ਇਹ ਖਿੜਿਆ।
ਕਿਸ ਨੇ ਦੋਹੀਂ ਹੱਥੀਂ ਲੁੱਟ ਲੁੱਟ,
ਆਪਣਾ ਸਾਰਾ ਘਰ ਹੈ ਭਰਿਆ।
 
ਪੂੰਜੀਵਾਦੀ ਭਾਰਤ ਅੰਦਰ,
ਅੱਜ ਵੀ ਲੋਕ ਗ਼ੁਲਾਮੀ ਕਰਦੇ।
ਅੱਜ ਵੀ ਕਰੋੜਾਂ ਭਾਰਤਵਾਸੀ,
ਧਨਵਾਨਾਂ ਦੇ ਤਲਵੇ ਚੱਟਦੇ।
ਅੱਜ ਵੀ ਗ਼ਰੀਬ ਆਜ਼ਾਦੀ ਖ਼ਾਤਰ,
ਹਰ ਦਿਨ ਭੁੱਖ ਦੀ ਸੂਲ਼ੀ ਚੜ੍ਹਦੇ।
 
ਕਾਸ਼ ਤੇਰੀ ਦਿੱਤੀ ਕੁਰਬਾਨੀ,
ਤੇਰਾ ਸੁਪਨਾ ਸੱਚਾ ਕਰਦੀ।
ਕਾਸ਼ ਸੁਤੰਤਰ ਭਾਰਤ ਅੰਦਰ,
ਗਰੀਬਾਂ ਦਾ ਕੋਈ ਹੁੰਦਾ ਦਰਦੀ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਮੰਡੀ ਜੰਗ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਠੰਢੀ ਜੰਗ ਤੋਂ ਮੰਡੀ ਜੰਗ ਦਾ,
ਬਦਲਿਆ ਖੇਲ੍ਹ ਅਨੋਖਾ ਹੈ,
ਕੀ ਇਹ ਬਿਲਕੁਲ ਸੱਚ ਹੋ ਰਿਹੈ,
ਜਾਂ ਫਿਰ ਨਜ਼ਰ ਦਾ ਧੋਖਾ ਹੈ?

ਅੱਸੀ ਸਾਲ ਦੀ ਠੰਢੀ ਦੁਸ਼ਮਣੀ,
ਕਰੋੜਾਂ ਜਾਨਾਂ ਹੜੱਪ ਗਈ,
ਮੰਦਹਾਲੀ ਦੀ ਹਾਲਤ 'ਚ ਰਹਿ ਕੇ,
ਕਿੰਨੀ ਜਨਤਾ ਤੜਪ ਗਈ।

ਹਥਿਆਰਾਂ ਦੇ ਪਹਾੜਾਂ ਨੇ ਮਿਲ ਕੇ,
ਲੋਕਾਂ ਦਾ ਪੈਸਾ ਡਕਾਰ ਲਿਆ,
ਧਰਤੀ 'ਤੇ ਸਵਰਗ ਦਾ ਸੁਪਨਾ,
ਲੋਕਾਂ ਮਨਾਂ ਤੋਂ ਵਿਸਾਰ ਲਿਆ।

ਸਮਾਜਵਾਦ ਤੇ ਸਾਮਰਾਜ ਦੇ,
ਮਖੌਟੇ ਪਲਾਂ ਵਿੱਚ ਉਤਰ ਗਏ,
ਇੱਕ ਦੂਜੇ ਦੀ ਪਿੱਠ ਲਾਉਣ ਦੇ,
ਨਾਹਰੇ ਪਤਾ ਨਹੀਂ ਕਿੱਧਰ ਗਏ।

ਕੋਈ ਕਿਸ ਕਿਸ ਦਾ ਦੋਸਤ ਏ,
ਕੌਣ ਅੱਜ ਕਿਸ ਦਾ ਦੁਸ਼ਮਣ ਏ,
ਅੱਜ ਸੁਰਜਨ ਸਭ ਦਾ ਪੈਸਾ ਏ,
ਤੇ ਪੈਸਾ ਹੀ ਬੱਸ ਦੁਰਜਨ ਏ।

ਟੈਕਸਾਂ ਦੀ ਲੁੱਟ ਖਸੁੱਟ ਦੇ ਵਿੱਚ,
ਆਮ ਆਦਮੀ ਲੁੱਟਿਆ ਗਿਆ,
ਗਰੀਬੀ ਦੇ ਤਾਬੂਤ 'ਚ ਸਮਝੋ,
ਆਖਰੀ ਕਿੱਲ ਵੀ ਠੁਕਿਆ ਗਿਆ।

ਸਿਰ ਫਿਰੇ ਸਿਰਫ ਇੱਕ ਬੰਦੇ ਨੇ,
ਦੁਨੀਆ ਸਾਰੀ ਹਿਲਾ ਦਿੱਤੀ,
ਅਰਥ ਸ਼ਾਸਤਰ ਦੀ ਹਰੇਕ ਯੂਨੀਵਰਸਿਟੀ,
ਮੁੜ ਤੋਂ ਪੜ੍ਹਨੇ ਪਾ ਦਿੱਤੀ।

ਠੰਢੀ ਜੰਗ ਤੋਂ ਮੰਡੀ ਜੰਗ ਹੁਣ,
ਕਿੱਥੇ ਜਾ ਕੇ ਰੁਕਦੀ ਹੈ?
ਹਰ ਜ਼ੁਬਾਨ ਤੇ ਚੱਲਦੀ ਹਰ ਗੱਲ,
ਇਸ ਸਵਾਲ 'ਤੇ ਮੁੱਕਦੀ ਹੈ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਮੁੱਕਾ ਲਾਤ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਮਿੰਟਾਂ ਵਿੱਚ ਮੁਲਾਕਾਤ ਦੁਵੱਲੀ,
ਮੁੱਕਾ ਲਾਤ ਵਿੱਚ ਵਟ ਗਈ,
ਜਦੋਂ ਹਰ ਧਿਰ ਝਗੜਣ ਦੇ ਲਈ,
ਮੋਰਚਿਆਂ ਉੱਤੇ ਡਟ ਗਈ।

ਸੁੰਦਰ ਸੁੰਦਰ ਚਿਹਰਿਆਂ ਦੇ,
ਰੂਪ ਫਿਰ ਦਿਸੇ ਘਿਨਾਉਣੇ,
ਘੁਰ ਘੁਰ ਕਰਕੇ ਕੁੱਤਿਆਂ ਵਾਂਗੂੰ,
ਜਦੋਂ ਨਿੱਕਲੇ ਦੰਦ ਡਰਾਉਣੇ।

ਬੇਗਾਨੀ ਗਲੀ 'ਚ ਫਸਿਆ ਕੁੱਤਾ,
ਲੱਗਿਆ ਇਵੇਂ ਘਬਰਾਇਆ,
ਦੋਂਹ ਬੁਲੀਆਂ ਦੇ ਵਿੱਚ ਸੀ ਘਿਰਿਆ,
ਜ਼ੈਲੰਸਕੀ ਭੀਤਾ ਭਰਾਇਆ।

ਆਪਣੀ ਗਲੀ ਵਿੱਚ ਕੁੱਤੇ ਵੀ ਨੇ,
ਸ਼ੇਰ ਖੁਦ ਸਦਾ ਕਹਾਉਂਦੇ।
ਬੇਗਾਨੇ ਕੁੱਤੇ 'ਤੇ ਝਪਟਾਂ ਮਾਰ ਕੇ,
ਤਰਲੇ ਖੂਬ ਕਢਵਾਉਂਦੇ।

ਚੱਲਣ ਨਾ ਦਿੱਤੀ ਇੱਕ ਵੀ ਉਸਦੀ,
ਜਦੋਂ ਵਾਰ ਵਾਰ ਦੋ ਭੌਂਕੇ,
ਚਮੜੀ ਉਧੇੜਨ ਲਈ ਤਿਆਰ ਸਨ,
ਮਾਰ ਉਹ ਚੁੰਝਾਂ ਪੌਂਹਚੇ।

ਕੋਠੇ ਚਾੜ੍ਹ ਕੇ ਪੌੜੀ ਚੁੱਕ ਗਏ,
ਦੋਸਤ ਬੜੇ ਪੁਰਾਣੇ,
ਮਤਲਬ ਪ੍ਰਸਤੀ ਰੰਗ ਲਿਆਈ,
ਗਰੀਬ ਮਾਰਿਆ ਗਿਆ ਧਿੰਗਾਣੇ।

ਜ਼ੋਰਾਵਰਾਂ ਦਾ ਸੱਤੀਂ ਵੀਹੀਂ ਸੌ,
ਹੁੰਦਾ ਸੰਸਾਰ ਨੇ ਤੱਕਿਆ,
ਆਪਣੀ ਮਾਇਆ ਖਰੀ ਕਰਨ ਤੋਂ,
ਕੋਈ ਸ਼ਾਹ ਕਦੀ ਨਹੀਂ ਉੱਕਿਆ।

ਮਾੜੀ ਧਿਰ ਨੂੰ ਲੁੱਟਣ ਦੇ ਲਈ,
ਦੁਸ਼ਮਣ ਦੋਸਤ ਬਣ ਗਏ,
ਲੁੱਟ ਦਾ ਮਾਲ ਮਾਪਣ ਦੇ ਲਈ,
ਡਾਂਗਾਂ ਦੇ ਗਜ਼ ਤਣ ਗਏ।

ਮੁਰਦਾ ਲਾਸ਼ ਨੂੰ ਖਾਵਣ ਦੇ ਲਈ,
ਹੁਣ ਰਲ ਕੇ ਪਾਉਣਗੇ ਵੰਡੀਆਂ,
ਹੈਰਾਨ ਨਾ ਹੋਇਓ ਇਸ ਕੰਮ 'ਤੇ,
ਜੇ ਮੁੱਕੇ ਲੱਤਾਂ ਫੇਰ ਚੱਲੀਆਂ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਜੁੱਤੀ ਹਾਂ ਮੈਂ ਜੁੱਤੀ  - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ 

ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ,
ਸਦੀਆਂ ਤੋਂ ਰਹੀ ਮੇਰੀ ਕਿਸਮਤ, ਸੁੱਸਰੀ ਵਾਂਗੂੰ ਸੁੱਤੀ।
 
ਹੁਣ ਤੱਕ ਮੈਨੂੰ ਆਪਣੇ ਪੈਰੀਂ, ਰੋਲ਼ਿਆ ਤੂੰ ਰੱਜ ਰੱਜ ਕੇ,
ਰਹੀ ਮੈਂ ਤੇਰੀ ਦਾਸੀ ਬਣ ਕੇ, ਮਾਣ ਤਾਣ ਸਭ ਤੱਜ ਕੇ,
ਲੱਖਾਂ ਠੋਕਰਾਂ ਨਿੱਤ ਖਾਧੀਆਂ, ਤੇਰੇ ਹੁਕਮੀਂ ਲੱਗ ਕੇ।
ਕਦੀ ਵੀ ਮੂੰਹੋਂ ਸੀਅ ਨਾ ਕੀਤੀ, ਹਰ ਇੱਕ ਪੀੜ ਮੈਂ ਘੁੱਟੀ,
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
 
ਕੰਡੇ, ਪੱਥਰ, ਬਿਖੜੇ ਪੈਂਡੇ, ਮੇਰੇ ਹਿੱਸੇ ਆਏ,
ਉੱਚੇ, ਨੀਵੇਂ, ਖਿੰਘਰ, ਪਰਬਤ, ਆਪਣੇ ਸੰਗ ਹੰਢਾਏ,
ਤੇਰੇ ਵਰਗੇ ਕਿੰਨੇ ਜ਼ਾਲਮਾਂ, ਕਿੰਨੇ ਜ਼ੁਲਮ ਕਮਾਏ।
ਜ਼ੁਲਮ, ਕਰਮ ਦੇ ਪੁੜਾਂ ਵਿਚਾਲ਼ੇ, ਪਿਸਦੀ ਰਹੀ ਮੈਂ ਸੁੱਕੀ,
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
 
ਆਪਣਾ ਰੋਅਬ ‘ਤੇ ਦਾਬ ਰੱਖਣ ਲਈ, ਤੂੰ ਚਲਾਇਆ ਮੈਨੂੰ,
ਨਾ ਚਾਹਿਆਂ ਵੀ ਹੁਕਮ ਵਜਾਇਆ, ਕਹਿ ਨਾ ਸਕੀ ਕੁੱਛ ਤੈਨੂੰ,
ਤੂੰ ਹਰ ਘਾਟ ‘ਤੇ ਹਰ ਤਲਵੇ ਦਾ, ਮਜ਼ਾ ਚਖਾਇਆ ਮੈਨੂੰ।
ਲੱਖ ਆਹਾਂ ‘ਤੇ ਹੌਕੇ ਦੱਬ ਕੇ, ਚੱਲਦੀ ਰਹੀ ਸਿਰ ਸੁੱਟੀ,
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
 
ਬੀਤ ਗਿਆ ਉਹ ਵੇਲਾ ਸੱਜਣਾ, ਹੁਣ ਤੇਰੇ ਸਿਰ ਵਰ੍ਹਨਾ,
ਤੇਰੀਆਂ ਪੁਠੀਆਂ ਮਨ ਆਈਆਂ ਦਾ, ਲੇਖਾ ਜੋਖਾ ਕਰਨਾ,
ਚੰਮ ਦੀਆਂ ਚੱਲੀਆਂ ਤੇਰੀਆਂ ਦਾ ਡੰਨ, ਤੇਰੇ ਚੰਮ ਨੇ ਭਰਨਾ।
ਏਸੇ ਲਈ ਹੁਣ ਚੱਲਣ ਲੱਗੀ ਹਾਂ, ਤੇਰੇ ਉੱਤੇ ਪੁੱਠੀ,
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
 
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
ਸਦੀਆਂ ਤੋਂ ਰਹੀ ਮੇਰੀ ਕਿਸਮਤ ਸੁੱਸਰੀ ਵਾਂਗੂੰ ਸੁੱਤੀ।
ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ