ਜ਼ਮਾਨਾ ਭੈੜਾ ਹੈ/ ਗ਼ਜ਼ਲ - ਮਹਿੰਦਰ ਸਿੰਘ ਮਾਨ
ਤੂੰ ਸੋਚ ਸਮਝ ਕੇ ਬੋਲ, ਜ਼ਮਾਨਾ ਭੈੜਾ ਹੈ,
ਨਾ ਭੇਤ ਕਿਸੇ ਦੇ ਖੋਲ੍ਹ, ਜ਼ਮਾਨਾ ਭੈੜਾ ਹੈ।
ਅੱਜ ਕੱਲ੍ਹ ਹਰ ਕੋਈ ਗਲ਼ ਪੈਣੇ ਨੂੰ
ਫਿਰਦਾ ਹੈ,
ਮੂੰਹੋਂ ਕੌੜਾ ਨਾ ਬੋਲ, ਜ਼ਮਾਨਾ ਭੈੜਾ ਹੈ।
ਮੰਨਿਆਂ ਤੇਰੇ ਵਿੱਚ ਸੱਚ ਬੋਲਣ ਦੀ ਹਿੰਮਤ ਹੈ,
ਪਰ ਬਹੁਤਾ ਸੱਚ ਨਾ ਬੋਲ, ਜ਼ਮਾਨਾ ਭੈੜਾ ਹੈ।
ਤੂੰ ਸਾਰਾ ਪੈਸਾ ਪੁੱਤਾਂ ਨੂੰ ਨਾ ਦੇ ਦੇਵੀਂ,
ਰੱਖ ਲਵੀਂ ਥੋੜ੍ਹਾ ਕੋਲ, ਜ਼ਮਾਨਾ ਭੈੜਾ ਹੈ।
ਕਾਮਾ ਵੀ ਇਕ ਦਿਨ ਪੈਸੇ ਵਾਲਾ ਬਣ ਸਕਦਾ ਹੈ,
ਐਵੇਂ ਨਾ ਉਸ ਨੂੰ ਰੋਲ, ਜ਼ਮਾਨਾ ਭੈੜਾ ਹੈ।
ਪੈਸੇ ਲੈ ਕੇ ਗਾਹਕ ਨੂੰ ਪੂਰੀ ਵਸਤੂ ਦੇਹ,
ਐਵੇਂ ਨਾ ਤੂੰ ਘੱਟ ਤੋਲ, ਜ਼ਮਾਨਾ ਭੈੜਾ ਹੈ।
ਜੋ ਕੁਝ ਵੀ ਕਰਨਾ, ਤੂੰ ਚੁੱਪ ਕਰਕੇ ਕਰਦਾ ਜਾਹ,
ਨਾ ਦੱਸ ਵਜਾ ਕੇ ਢੋਲ, ਜ਼ਮਾਨਾ ਭੈੜਾ ਹੈ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554
ਚੱਜਦਾ ਮੀਤ/ਗ਼ਜ਼ਲ - ਮਹਿੰਦਰ ਸਿੰਘ ਮਾਨ
ਜੇ ਕੋਈ ਚੱਜਦਾ ਮੀਤ ਬਣਾ ਲੈਂਦੇ ਤਾਂ ਚੰਗਾ ਸੀ,
ਉਸ ਨੂੰ ਆਪਣਾ ਦੁੱਖ-ਸੁੱਖ ਸੁਣਾ ਲੈਂਦੇ ਤਾਂ ਚੰਗਾ ਸੀ।
ਪੈਸਾ ਆਉਂਦਾ-ਜਾਂਦਾ ਰਹਿੰਦਾ, ਉਹ ਮਾਣ ਨਾ ਇਸ ਤੇ ਕਰਨ,
ਧਨਵਾਨਾਂ ਨੂੰ ਇਹ ਗੱਲ ਸਮਝਾ ਲੈਂਦੇ ਤਾਂ ਚੰਗਾ ਸੀ।
ਐਵੇਂ ਸਾਰਾ ਪੈਸਾ ਖਰਚ ਲਿਆ ਬੇਸਮਝੀ ਵਿੱਚ ਹੀ,
ਔਖੇ ਸਮੇਂ ਲਈ ਵੀ ਥੋੜ੍ਹਾ ਬਚਾ ਲੈਂਦੇ ਤਾਂ ਚੰਗਾ ਸੀ।
ਐਵੇਂ ਗ਼ਮ ਆਪਣੇ ਦਿਲ 'ਚ ਉਮਰ ਭਰ ਲੈ ਕੇ ਫਿਰਦੇ ਰਹੇ,
ਆਪਣੇ ਨੈਣਾਂ ਚੋਂ ਨੀਰ ਵਹਾ ਲੈਂਦੇ ਤਾਂ ਚੰਗਾ ਸੀ।
ਕੰਮ ਕਰਕੇ ਬੰਦੇ ਦਾ ਕਿਹੜਾ ਕੁਝ ਘੱਟਦਾ ਹੈ ਯਾਰੋ,
ਆਪਣੇ ਦਿਲ ਨੂੰ ਇਹ ਗੱਲ ਸਮਝਾ ਲੈਂਦੇ ਤਾਂ ਚੰਗਾ ਸੀ।
ਨੋਟ ਕਮਾਉਣ ਲਈ ਜੋ ਬਦੇਸ਼ਾਂ ਵਿੱਚ ਧੱਕੇ ਖਾਂਦੇ ਨੇ,
ਉਹ ਆਪਣੇ ਦੇਸ਼ 'ਚ ਰੋਟੀ ਖਾ ਲੈਂਦੇ ਤਾਂ ਚੰਗਾ ਸੀ।
ਕੁਰਸੀ ਤੇ ਬੈਠਣ ਲਈ ਉਹ ਨਿੱਤ ਲੜਾਂਦੇ ਨੇ ਸਾਨੂੰ,
ਨੇਤਾਵਾਂ ਦਾ ਭੇਤ ਅਸੀਂ ਪਾ ਲੈਂਦੇ ਤਾਂ ਚੰਗਾ ਸੀ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554
ਟੱਪੇ - ਮਹਿੰਦਰ ਸਿੰਘ ਮਾਨ
ਧੀਆਂ ਕੋਮਲ ਕਲੀਆਂ ਹੁੰਦੀਆਂ ਨੇ,
ਉਹ ਘਰ ਨਰਕ ਬਣ ਜਾਂਦੇ ਨੇ
ਜਿਨ੍ਹਾਂ 'ਚ ਧੀਆਂ ਰੋਂਦੀਆਂ ਨੇ।
ਮੰਨਿਆਂ ਪੁੱਤ ਮਿੱਠੇ ਮੇਵੇ ਹੁੰਦੇ ਨੇ,
ਪਰ ਧੀਆਂ ਤੋਂ ਬਿਨਾਂ ਮਿੱਤਰੋ
ਵੰਸ਼ ਅੱਗੇ ਨਾ ਚੱਲਦੇ ਨੇ।
ਖੁਦਕੁਸ਼ੀ ਮਸਲੇ ਦਾ ਹੱਲ ਨਹੀਂ,
ਇਹ ਹੋਰ ਗੁੰਝਲਦਾਰ ਹੋ ਜਾਣਾ
ਜੇ ਬੈਠ ਕੇ ਕੀਤੀ ਗੱਲ ਨਹੀਂ।
ਜ਼ਿੰਦਗੀ ਕੋਈ ਫਿਲਮ ਨਹੀਂ,
ਇਸ ਵਿੱਚ ਅੱਗੇ ਕੀ ਹੋਣਾ
ਕਿਸੇ ਨੂੰ ਕੋਈ ਇਲਮ ਨਹੀਂ।
ਕਿਤਾਬਾਂ ਦਿਲ ਲਾ ਕੇ ਪੜ੍ਹੋ ਤਾਂ ਸਹੀ,
ਜਿਨ੍ਹਾਂ ਦਿਲ ਲਾ ਕੇ ਪੜ੍ਹੀਆਂ ਇਹ
ਉਨ੍ਹਾਂ ਦੇ ਰੁਕੇ ਕੰਮ ਹੋ ਗਏ ਕਈ।
ਚਿੜੀਆਂ ਦਿਸੀਆਂ ਨੇ ਚਿਰ ਪਿੱਛੋਂ,
ਜੇ ਨਾ ਇਨ੍ਹਾਂ ਦਾ ਖਿਆਲ ਰੱਖਿਆ
ਫਿਰ ਇਨ੍ਹਾਂ ਨੂੰ ਭਾਲੋਗੇ ਕਿੱਥੋਂ?
ਮਾੜਾ ਆਖੋ ਨਾ ਕੰਡਿਆਂ ਨੂੰ,
ਇਹ ਪਹਿਰੇਦਾਰ ਬਣ ਕੇ
ਸੁਰੱਖਿਅਤ ਰੱਖਦੇ ਨੇ ਫੁੱਲਾਂ ਨੂੰ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554
ਤੁਸੀਂ ਖੇਤਾਂ ਦੇ ਮਾਲਕ - ਮਹਿੰਦਰ ਸਿੰਘ ਮਾਨ
ਜੋ ਕਿਸਾਨ ਖੇਤਾਂ 'ਚ ਪਰਾਲੀ ਨੂੰ ਅੱਗ ਲਾਉਂਦੇ ਨੇ,
ਉਹ ਆਪਣਾ ਤੇ ਹੋਰਾਂ ਦਾ ਨੁਕਸਾਨ ਕਰਾਉਂਦੇ ਨੇ।
ਅੱਗ ਨਾਲ ਜ਼ਮੀਨ ਦੇ ਕੀਮਤੀ ਤੱਤ ਨਸ਼ਟ ਹੋ ਜਾਣ,
ਉਨ੍ਹਾਂ ਦੇ ਮਿੱਤਰ ਜੀਵ ਮਰਿਆਂ ਵਾਂਗ ਹੋ ਜਾਣ।
ਨਾਲ ਦੀਆਂ ਫਸਲਾਂ ਦਾ ਚੋਖਾ ਨੁਕਸਾਨ ਹੋ ਜਾਵੇ,
ਖੇਤਾਂ 'ਚ ਪਹਿਲਾਂ ਵਰਗੀ ਚੰਗੀ ਫਸਲ ਨਾ ਹੋਵੇ।
ਧੂੰਏਂ ਨਾਲ ਰਾਹੀਆਂ ਨੂੰ ਸਾਹ ਲੈਣਾ ਔਖਾ ਹੋ ਜਾਵੇ,
ਇਹ ਉਨ੍ਹਾਂ ਦੀਆਂ ਅੱਖਾਂ ਤੇ ਵੀ ਮਾੜਾ ਅਸਰ ਪਾਵੇ।
ਇਹ ਉੱਤੇ ਚੜ੍ਹ ਕੇ ਵਾਤਾਵਰਣ ਪ੍ਰਦੂਸ਼ਿਤ ਕਰ ਜਾਵੇ,
ਵਾਤਾਵਰਣ ਠੀਕ ਹੋਣ ਨੂੰ ਕਾਫੀ ਸਮਾਂ ਲੱਗ ਜਾਵੇ।
ਪਰਾਲੀ ਨੂੰ ਮਿੱਟੀ 'ਚ ਰਲਾਉਣ ਲਈ ਹੰਭਲਾ ਮਾਰੋ,
ਆਪਣਾ ਤੇ ਹੋਰਾਂ ਦਾ ਨੁਕਸਾਨ ਹੋਣ ਤੋਂ ਰੋਕ ਲਉ।
ਤੁਸੀਂ ਖੇਤਾਂ ਦੇ ਮਾਲਕ, ਇਹ ਤੁਹਾਡੇ ਹੀ ਰਹਿਣੇ,
ਤੁਹਾਨੂੰ ਇਹ ਚੱਜ ਨਾਲ 'ਮਾਨਾ' ਸੰਭਾਲਣੇ ਹੀ ਪੈਣੇ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਜੋ ਤੂੰ ਕੀਤਾ - ਮਹਿੰਦਰ ਸਿੰਘ ਮਾਨ
ਜੋ ਤੂੰ ਕੀਤਾ ਮੇਰੇ ਨਾਲ,
ਕਰ ਨ੍ਹੀ ਸਕਦਾ ਤੇਰੇ ਨਾਲ।
ਇਹ ਮੈਨੂੰ ਹੀ ਖਾ ਨਾ ਜਾਵੇ,
ਤਾਂ ਹੀ ਲੜਦਾਂ ਨ੍ਹੇਰੇ ਨਾਲ।
ਪਹਿਲਾਂ ਕੱਲੇ ਤੁਰਨਾ ਪੈਂਦਾ,
ਫਿਰ ਰਲ ਜਾਣ ਬਥੇਰੇ ਨਾਲ।
ਯਾਰਾਂ ਛੱਡੀ ਕਸਰ ਕੋਈ ਨਾ,
ਸੱਟਾਂ ਜਰੀਆਂ ਜੇਰੇ ਨਾਲ।
ਬਾਬੇ ਨੇ ਅਕਲ ਆਪਣੀ ਨਾਲ,
ਲੋਕੀਂ ਜੋੜੇ ਡੇਰੇ ਨਾਲ।
ਮਾਂ ਦੇ ਮੂੰਹ ਤੇ ਰੌਣਕ ਆਈ,
ਪੁੱਤ ਦੇ ਇੱਕੋ ਫੇਰੇ ਨਾਲ।
ਦਿਲ ਮਿਲਦਾ ਹੁੰਦਾ ਇਕ ਨਾਲ,
ਬੰਦੇ ਤੁਰਨ ਬਥੇਰੇ ਨਾਲ।
ਤੇਰੇ ਦਰ ਤੇ ਆਇਆ 'ਮਾਨ',
ਛੱਡ ਕੇ ਰੋਸਾ ਤੇਰੇ ਨਾਲ।
ਮਹਿੰਦਰ ਸਿੰਘ ਮਾਨ
ਕਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਪੈਸਿਆਂ ਦੇ ਭੁੱਖੇ - ਮਹਿੰਦਰ ਸਿੰਘ ਮਾਨ
ਵੀਰੇ ਤੂੰ, ਡੈਡੀ ਤੇ ਮੰਮੀ ਨੇ ਰਲ ਕੇ
ਜਿਹੜਾ ਮੇਰੇ ਲਈ ਸੀ ਵਰ ਟੋਲਿਆ,
ਮੈਂ ਉਸ ਨਾਲ ਲਾਵਾਂ ਲੈ ਲਈਆਂ ਸਨ
ਮੂੰਹੋਂ ਇਕ ਸ਼ਬਦ ਨਹੀਂ ਸੀ ਬੋਲਿਆ।
ਅੱਜ ਮੈਨੂੰ ਸਹੁਰੇ ਘਰ ਰਹਿੰਦੀ ਨੂੰ
ਹੋ ਗਏ ਨੇ ਪੂਰੇ ਛੇ ਮਹੀਨੇ ਵੇ,
ਭੁੱਖਿਆਂ, ਨੰਗਿਆਂ ਦੀ ਧੀ ਕਹਿ ਕੇ
ਸਭ ਮਾਰਨ ਤੀਰ ਮੇਰੇ ਸੀਨੇ ਵੇ।
ਮੈਂ ਹਰ ਸਾਲ ਤੇਰੇ ਰੱਖੜੀ ਬੰਨ੍ਹੀ
ਪੇਕੀਂ ਰਹਿ ਕੇ ਤੇਰੇ ਕੋਲ ਵੇ,
ਅੱਜ ਮੈਂ ਨ੍ਹੀ ਆਣਾ ਪੇਕੇ
ਰੱਖੜੀ ਬੰਨ੍ਹਾ ਲੈ ਆ ਕੇ ਮੇਰੇ ਕੋਲ ਵੇ।
ਅੱਜ ਮੇਰੇ ਸਹੁਰੇ ਘਰ ਆ ਕੇ
ਦੇਖ ਲੈ ਆਪਣੀ ਭੈਣ ਦਾ ਹਾਲ ਵੇ,
ਮੇਰਾ ਕਹਿਣਾ ਮੰਨ ਛੇਤੀ ਆ ਜਾ
ਮੇਰੀ ਇੱਜ਼ਤ ਦਾ ਹੈ ਸਵਾਲ ਵੇ।
ਪੈਸਿਆਂ ਦੇ ਭੁੱਖੇ ਸਹੁਰਿਆਂ ਨੂੰ
ਆ ਕੇ ਲੁਆ ਦੇ ਕੰਨਾਂ ਨੂੰ ਹੱਥ ਵੇ,
ਜੇ ਸਿੱਧੇ ਰਾਹ ਉਨ੍ਹਾਂ ਨੂੰ ਪਾ ਦੇਵੇਂ
ਸਾਰੀ ਉਮਰ ਗਾਵਾਂਗੀ ਤੇਰਾ ਜੱਸ ਵੇ।
ਮਹਿੰਦਰ ਸਿੰਘ ਮਾਨ
ਕਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਨਫਰਤ ਦੀ ਅੱਗ - ਮਹਿੰਦਰ ਸਿੰਘ ਮਾਨ
ਨਫਰਤ ਦੀ ਅੱਗ
ਤੇਰੀ ਨਫਰਤ ਦੀ ਅੱਗ ਨੇ
ਮੈਨੂੰ ਦਿੱਤੀ ਹੈ ਉਹ ਤਾਕਤ
ਜਿਹੜੀ ਸ਼ਾਇਦ ਦੇ ਨਾ ਸਕਦਾ
ਮੈਨੂੰ ਤੇਰਾ ਪਿਆਰ ਵੀ।
ਇਸ ਤਾਕਤ ਨੇ ਮੈਨੂੰ
ਆਪਣੇ ਦੁੱਖ ਭੁੱਲ ਕੇ
ਦੱਬੇ, ਕੁੱਚਲੇ ਲੋਕਾਂ ਦੇ ਦੁੱਖ
ਯਾਦ ਕਰਾਏ ਨੇ।
ਦਰਿੰਦਿਆਂ ਹੱਥੋਂ ਨਾਰਾਂ ਦੀ
ਲੁੱਟ ਹੁੰਦੀ ਇੱਜ਼ਤ ਯਾਦ ਕਰਾਈ ਹੈ,
ਅਮੀਰਾਂ ਵੱਲੋਂ ਗਰੀਬਾਂ ਦਾ
ਹੁੰਦਾ ਸੋਸ਼ਣ ਯਾਦ ਕਰਾਇਆ ਹੈ,
ਆਪੇ ਬਣੇ ਬਾਬਿਆਂ ਵੱਲੋਂ
ਭੋਲੇ ਭਾਲੇ ਲੋਕਾਂ ਦੀਆਂ ਜੇਬਾਂ
ਖਾਲੀ ਕਰਵਾਉਣ ਲਈ
ਵਰਤੇ ਗਏ ਹੱਥ ਕੰਡੇ ਯਾਦ ਕਰਵਾਏ ਨੇ,
ਨੇਤਾਵਾਂ ਵੱਲੋਂ ਲੋਕਾਂ ਨੂੰ
ਆਪਸ ਵਿੱਚ ਵੰਡ ਕੇ
ਰਾਜ ਕਰਨ ਦੀਆਂ ਕੋਝੀਆਂ ਚਾਲਾਂ
ਯਾਦ ਕਰਵਾਈਆਂ ਨੇ।
ਮੈਨੂੰ ਨਫਰਤ ਦੀ ਅੱਗ ਵਿੱਚ
ਜਲਾਉਣ ਦੀ ਕੋਸ਼ਿਸ਼ ਕਰਨ ਵਾਲਿਆ
ਤੇਰਾ ਬਹੁਤ, ਬਹੁਤ ਸ਼ੁਕਰੀਆ।
ਮਹਿੰਦਰ ਸਿੰਘ ਮਾਨ
ਕਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਇਹੋ ਜਹੀ ਆਜ਼ਾਦੀ - ਮਹਿੰਦਰ ਸਿੰਘ ਮਾਨ
ਕਾਮੇ ਸਾਰਾ ਦਿਨ ਕੰਮ ਕਰਦੇ ਕਾਰਖਾਨਿਆਂ ਦੇ ਵਿੱਚ,
ਥੋੜ੍ਹਾ ਕੰਮ ਹੋਇਆ ਵੇਖ ਮਾਲਕ ਜਾਂਦਾ ਏ ਖਿੱਝ,
ਜਦ ਮੰਗਣ ਮਜ਼ਦੂਰੀ, ਉਹ ਅੱਖਾਂ ਲਾਲ ਕਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਪਿੰਡ, ਪਿੰਡ ਖੁੱਲ੍ਹ ਗਏ ਨੇ ਸ਼ਰਾਬ ਦੇ ਠੇਕੇ,
ਸ਼ਰਾਬੀ ਪਤੀਆਂ ਤੋਂ ਅੱਕ ਪਤਨੀਆਂ ਤੁਰੀ ਜਾਣ ਪੇਕੇ,
ਸੁਪਨੇ ਪੜ੍ਹਨ ਦੇ ਬੱਚਿਆਂ ਦੇ ਪੂਰੇ ਕੌਣ ਕਰੇ?
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਮੁੱਠੀ ਭਰ ਪਰਿਵਾਰਾਂ ਦਾ ਇੱਥੇ ਰੱਖਿਆ ਜਾਏ ਖਿਆਲ,
ਉਨ੍ਹਾਂ ਨੂੰ ਮਿਲੇ ਸਭ ਕੁੱਝ, ਬਾਕੀ ਵਜਾਣ ਖਾਲੀ ਥਾਲ,
ਅੱਕੀ ਜਨਤਾ ਪਤਾ ਨਹੀਂ ਕਿਹੜੇ ਰਾਹ ਤੁਰ ਪਵੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਹਰ ਮਹਿਕਮੇ ਚੋਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ,
ਪਹਿਲਾਂ ਲੱਗਿਆਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ,
ਬੇਰੁਜ਼ਗਾਰ ਮੁੰਡੇ, ਕੁੜੀਆਂ ਤੇ ਕੋਈ ਤਰਸ ਨਾ ਕਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਪੂਰੀ ਮਿਹਨਤ ਕਰਕੇ ਕਿਸਾਨ ਫਸਲ ਉਗਾਵੇ,
ਔਖਾ ਹੋ ਕੇ ਉਹ ਮੰਡੀ 'ਚ ਫਸਲ ਲੈ ਕੇ ਜਾਵੇ,
ਹੋਵੇ ਡਾਢਾ ਨਿਰਾਸ਼, ਜਦ ਉੱਥੇ ਪੂਰਾ ਮੁੱਲ ਨਾ ਮਿਲੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਕਹਿੰਦੇ ਆਇਆ ਪੰਦਰਾਂ ਅਗਸਤ, ਖੁਸ਼ੀਆਂ ਮਨਾਓ,
ਸਭ ਕੁੱਝ ਭੁੱਲ ਕੇ, ਸਾਰੇ ਰਲ ਭੰਗੜੇ ਪਾਓ,
ਢਿੱਡੋਂ ਭੁੱਖੇ ਢਿੱਡ ਭਰਨ ਲਈ ਜਾਣ ਕਿਸ ਦੇ ਘਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
ਚੰਗਾ ਹੈ - ਮਹਿੰਦਰ ਸਿੰਘ ਮਾਨ
ਝੂਠ ਬੋਲਣ ਤੋਂ ਤੋਬਾ ਕਰ ਲਵੇਂ, ਤਾਂ ਚੰਗਾ ਹੈ।
ਈਰਖਾ ਦਾ ਦਰਿਆ ਤਰ ਲਵੇਂ,ਤਾਂ ਚੰਗਾ ਹੈ।
ਮਾਂ-ਪਿਉ ਸਦਾ ਬੱਚਿਆਂ ਦਾ ਭਲਾ ਚਾਹੁੰਦੇ ਨੇ,
ਉਨ੍ਹਾਂ ਦੇ ਕੌੜੇ ਬੋਲ ਜਰ ਲਵੇਂ,ਤਾਂ ਚੰਗਾ ਹੈ।
ਠੀਕ ਥਾਂ ਤੇ ਰੱਖੀ ਚੀਜ਼ ਛੇਤੀ ਲੱਭ ਪੈਂਦੀ ਹੈ,
ਹਰ ਚੀਜ਼ ਠੀਕ ਥਾਂ ਤੇ ਧਰ ਲਵੇਂ, ਤਾਂ ਚੰਗਾ ਹੈ।
ਚੰਗੇ ਕੰਮ ਕਰਨ ਵਾਲਿਆਂ ਦੀ ਲੋਕ ਇੱਜ਼ਤ ਕਰਦੇ ਨੇ,
ਤੂੰ ਜੇਕਰ ਚੰਗੇ ਕੰਮ ਕਰ ਲਵੇਂ, ਤਾਂ ਚੰਗਾ ਹੈ।
ਹੱਕ ਪਰਾਇਆ ਖਾਣਾ ਚੰਗਾ ਨਹੀਂ ਹੁੰਦਾ,
ਦਸਾਂ ਨਹੁੰਆਂ ਦੀ ਕਿਰਤ ਕਰ ਲਵੇਂ, ਤਾਂ ਚੰਗਾ ਹੈ।
ਇਹ ਨਾ ਹੋਵੇ ਲੋੜ ਪੈਣ ਤੇ ਕੋਈ ਆਵੇ ਹੀ ਨਾ,
ਦੋਸਤਾਂ ਦੀ ਪਹਿਲਾਂ ਹੀ ਪਰਖ ਕਰ ਲਵੇਂ, ਤਾਂ ਚੰਗਾ ਹੈ।
ਬੁਰੇ ਦਿਨ ਕਿਸੇ ਨੂੰ ਪੁੱਛ ਕੇ ਨ੍ਹੀ ਆਉਂਦੇ,
ਬੁਰੇ ਦਿਨਾਂ ਲਈ ਖੀਸਾ ਭਰ ਲਵੇਂ, ਤਾਂ ਚੰਗਾ ਹੈ।
ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554
ਟੱਪੇ - ਮਹਿੰਦਰ ਸਿੰਘ ਮਾਨ
ਨਵੇਂ ਪੱਤੇ ਲੱਗ ਗਏ ਨੇ ਰੁੱਖਾਂ ਨੂੰ,
ਕੋਈ ਨਾ ਵੰਡਾਵੇ ਆ ਕੇ
ਦੱਬੇ, ਕੁੱਚਲੇ ਲੋਕਾਂ ਦੇ ਦੁੱਖਾਂ ਨੂੰ।
ਮੇਜ਼ ਤੇ ਪਾਣੀ ਦਾ ਗਲਾਸ ਪਿਆ,
ਚੋਣਾਂ 'ਚ ਵੱਡੇ, ਵੱਡੇ ਲੀਡਰ ਹਰਾ ਕੇ
ਲੋਕਾਂ ਨੇ ਖਬਰੇ ਕਾਹਦਾ ਬਦਲਾ ਲਿਆ।
ਸਹੀ ਸਮਾਂ ਨਾ ਦੱਸੇ ਕਲਾਕ ਘਰ ਦਾ,
ਉਸ ਅਫਸਰ ਨੇ ਲੋਕਾਂ ਦੇ ਕੰਮ ਕੀ ਕਰਨੇ
ਜਿਸ ਕੋਲ ਕੋਈ ਵੀ ਜਾਵੇ ਨਾ ਡਰਦਾ।
ਆਕਾਸ਼ ਤੇ ਬੱਦਲ ਛਾਏ ਹੋਏ ਨੇ,
ਜਿਹੜੇ ਬੈਂਕਾਂ ਨਾਲ ਧੋਖਾ ਕਰ ਗਏ
ਉਨ੍ਹਾਂ ਦੇ ਚੰਗੇ ਦਿਨ ਆਏ ਹੋਏ ਨੇ।
ਕੱਟ ਬਿਜਲੀ ਦੇ ਲੱਗਣੇ ਘੱਟ ਗਏ ਨੇ,
ਤਾਂ ਹੀ ਸਾਰੇ ਲੋਕ ਰਾਤ ਦੀ ਰੋਟੀ
ਲਾਈਟ ਵਿੱਚ ਬੈਠ ਕੇ ਖਾਣ ਲੱਗ ਪਏ ਨੇ ।
ਦਰਿਆ ਦਾ ਪਾਣੀ ਸ਼ਾਂਤ ਵਹਿ ਰਿਹਾ,
"ਮੈਂ ਹਮੇਸ਼ਾ ਨ੍ਹੀ ਆਪਣੇ ਕੰਢੇ ਤੋੜਦਾ,"
ਉਹ ਸਾਰੇ ਲੋਕਾਂ ਨੂੰ ਸੁਨੇਹਾ ਇਹ ਦੇ ਰਿਹਾ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554