Gurcharan Singh Jiwanwala

ਪਿਛਲੇ ਜਨਮ ਦੀ ਸਜਾ ਕਰਕੇ ਸਿੱਖ ਸ਼ਹੀਦਾਂ ਦਾ ਕੀ ਕਰੀਏ - ਗੁਰਚਰਨ ਸਿੰਘ ਜਿਉਣ ਵਾਲਾ 

ਬਹੁਤੇ ਪ੍ਰਚਾਰਕ ਇਹ ਕਹਿੰਦੇ ਹਨ: ਬੰਦਾ ਪਿਛਲੇ ਜਨਮ ਦੀ ਸਜਾ ਭੁਗਤਣ ਆਉਂਦਾ ਹੈ। ਕਈ ਵਾਰੀ ਸਜਾ ਭੁਗਤਣੀ ਬਾਕੀ ਬੱਚ ਜਾਂਦੀ ਹੈ ਤੇ ਮਨੁੱਖ ਨੂੰ ਫਿਰ ਜਨਮ ਲੈਣਾ ਪੈਂਦਾ ਹੈ। ਫਿਰ ਸਜਾ ਭੁਗਤਦਾ ਹੈ ਤੇ ਫਿਰ ਜਨਮ ਲੈਂਦਾ ਹੈ। ਬਹੁਤ ਵਾਰੀ ਰੂਹਾਂ ਅਸਮਾਨ ਵਿੱਚ ਉਡਦੀਆਂ ਫਿਰਦੀਆਂ ਰਹਿੰਦੀਆਂ ਹਨ ਤੇ ਚੰਗੀ ਮਾੜੀ ਕੁੱਖ ਦੀ ਉਡੀਕ ਕਰਦੀਆਂ ਹਨ। ਇਸਦਾ ਮਤਲਬ ਤਾਂ ਇਹ ਹੋਇਆ ਕਿ ਸਜਾ ਭੁਗਤਣੀ ਤੇ ਜਨਮ ਲੈਣਾ ਬੰਦੇ ਦੇ ਆਪਣੇ ਹੱਥ ਵਿੱਚ ਹੈ? 13-14 ਫਰਵਰੀ 1994 ‘ਚ ਮਸਕੀਨ ਜੀ ਨੂੰ ਜਦੋਂ ਇਹ ਪੁਛਿਆ ਗਿਆ ਕਿ ਕੀ ਤੁਸੀਂ ਮਾਤਾ ਭਾਨੀ ਨੂੰ ਜਾਣਦੇ ਹੋ? ਉਹ ਤਾਂ ਮੇਰੇ ਗਲ ਹੀ ਪੈ ਗਿਆ। ਫਿਰ ਮੈਂ ਆਪਣਾ ਸਵਾਲ ਫਿਰ ਦੁਹਰਾਇਆ ਤੇ ਪੁਛਿਆ ਕਿ ਇੱਕੋ ਕੁੱਖ ਵਿਚੋਂ ਤਿੰਨ ਬੱਚੇ ਪੈਦਾ ਹੋਏ ਤੇ ਤਿੰਨੇ ਹੀ ਵੱਖੋ ਵੱਖਰੇ ਹਨ, ਇਕ ਸਰਕਾਰੀਆ “ਪਿਰਥੀ ਚੰਦ”, ਦੂਜਾ ਜਿਸਨੂੰ ਦੁਨੀਆਂ ਬਾਰੇ ਕੋਈ ਪਤਾ ਹੀ ਨਹੀਂ, “ਮਹਾਂਦੇਵ” ਤੇ ਤੀਸਰਾ ਜਿਸਨੇ ਗੁਰੂ ਪਿਤਾ ਦੀ ਸੋਚ ਨੂੰ ਅਪਣਾਇਆ ਤੇ ਗੁਰੂ ਪੱਦਵੀ ਪ੍ਰਾਪੱਤ ਕੀਤੀ, “ਗੁਰੂ ਅਰਜਨ ਪਾਤਸ਼ਾਹ”? ਇਹ ਸਵਾਲ ਸੰਤ ਸਿੰਘ ਮਸਕੀਨ ਨੂੰ ਪਾਏ ਸਨ ਜਦੋਂ ਉਹ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੀ ਬਰਸੀ ਰਕਾਬ ਗੰਜ ਗੁਰਦਵਾਰੇ ਦੇ ਵੱਡੇ ਖੁਲ੍ਹੇ ਹਾਲ ਵਿੱਚ ਮਨਾਉਣ ਸਮੇਂ, ਕਥਾ ਕਰਨ ਤੋਂ ਬਾਅਦ, ਬਾਹਰ ਆਏ ਤੇ ਉਨ੍ਹਾਂ ਕੋਲ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਸਿੱਖ ਕੌਮ ਨੂੰ ਜਗਾਉਣਾ ਕੋਈ ਮੁਸ਼ਕਲ ਨਹੀਂ। ਜੇ ਕਰ ਇਸਦੇ ਪ੍ਰਚਾਰਕ ਸੁਧਰ ਜਾਣ ਤਾਂ ਕੌਮ ਆਪਣੇ ਆਪ ਸਿੱਧੇ ਰਾਹੇ ਪੈ ਜਾਵੇਗੀ।
ਪਿਛਲੇ ਜਨਮ ਦੇ ਕਰਮਾਂ ਦੀ ਸਜਾ ਇਸ ਜਨਮ ਵਿੱਚ ਦਵਾਉਣ ਵਾਲਿਓ! ਹੁਣ ਤੁਹਾਡੇ ਨਾਮ ਕੁੱਝ ਸਵਾਲ ਹਨ। ਜੇ ਕਰ ਮਨੁੱਖ ਇਸ ਜਨਮ ਵਿੱਚ ਆਪਣੇ ਪਿਛਲੇ ਜਨਮ ਦੀ ਸਜਾ ਭੁਗਤਣ ਆਉਂਦਾ ਹੈ ਤਾਂ:
1. ਗੁਰੂ ਅਰਜਨ ਪਿਤਾ ਜੀ ਦੀ ਸ਼ਹਾਦਤ ਬਾਰੇ ਤੁਹਾਡੇ ਕੀ ਵੀਚਾਰ ਹਨ? ਤੁਹਾਡੇ ਸਿਧਾਂਤ/ਬ੍ਰਾਹਮਣੀ ਸੋਚ ਮੁਤਾਬਕ ਤਾਂ ਗੁਰੂ ਪਿਤਾ ਨੂੰ ਪਿਛਲੇ ਜਨਮ ਦੀ ਸਜਾ ਦਿੱਤੀ ਗਈ। ਫਿਰ ਗੁਰੂ ਅਰਜਨ ਪਾਤਸ਼ਾਹ, ਜਿਨ੍ਹਾਂ ਨੂੰ ਅਸੀਂ ਸਤਿਕਾਰ ਸਹਿਤ ਸਿੱਖਾਂ ਦੇ ਪਹਿਲੇ ਸ਼ਹੀਦ ਦੇ ਨਾਮ ਨਾਲ ਯਾਦ ਕਰਦੇ ਹਾਂ, ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
2. ਸੱਤਵੇਂ, ਅੱਠਵੇਂ, ਨੌਵੇਂ ਤੇ ਦਸਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ? ਸੱਤਵੇਂ ਗੁਰੂ ਜੀ ਨੂੰ ਜ਼ਹਿਰ ਦੇ ਕੇ ਮਾਰਨ ਦਾ ਖੁਲਾਸਾ ਡਾ.ਸੰਗਤ ਸਿੰਘ ਜੀ ਆਪਣੀ ਕਿਤਾਬ, “ ਸਿੱਖ ਇਤਹਾਸ ਵਿੱਚ” ਕਰਦੇ ਹਨ।
3. ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
4. ਚਾਰਾਂ ਸਾਹਿਬ ਜ਼ਾਦਿਆਂ ਦੀ ਸ਼ਹਾਦਤ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
5. ਪੰਜਾਂ ਪਿਆਰਿਆਂ ਦੀ ਸ਼ਹਾਦਤ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
6. ਲੱਖਾਂ ਸਿੰਘਾਂ ਤੇ ਸਿੰਘਣੀਆਂ, ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰੇ, ਦੀ ਸ਼ਹਾਦਤ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
7. ਜਿਹੜੇ ਦੇਗਾਂ ਵਿੱਚ ਉਬਾਲੇ ਗਏ, ਆਰਿਆਂ ਨਾਲ ਚੀਰੇ ਗਏ, ਜਿਨ੍ਹਾਂ ਦੇ ਖੋਪਰ ਰੰਬੀਆਂ ਨਾਲ ਉਤਾਰੇ ਗਏ, ਜਿਨ੍ਹਾਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਆਪਣੇ ਗਲਾਂ ਵਿੱਚ ਹਾਰ ਪੁਆਏ, ਉਨ੍ਹਾਂ ਦੀਆਂ ਸ਼ਹੀਦੀਆਂ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
8. 180 ਦੇ ਕਰੀਬ, ਜਿਨ੍ਹਾਂ ਵਿਚੋਂ ਸਾਡੇ ਕੋਲ 150-55ਕੁ ਦੇ ਨਾਮ ਹੀ ਉਪਲੱਭਤ ਹਨ, ਜਿਹੜੇ ਸਿੰਘ ਨਨਕਾਣੇ ਵਿੱਚ ਜੰਡ ਨਾਲ ਬੰਨ ਕੇ ਯਾ ਉਂਞ ਗੋਲੀਆਂ ਮਾਰ ਕੇ ਯਾ ਵੱਡ-ਟੁੱਕ ਕੇ ਸ਼ਹੀਦ ਕੀਤੇ ਗਏ ਸਨ, ਉਨ੍ਹਾਂ ਨੂੰ ਹੁਣ ਆਪਾਂ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
9. ਗੁਰੂ ਕੇ ਬਾਗ ਦੇ ਮੋਰਚੇ ਦੀਆਂ ਸ਼ਹੀਦੀਆਂ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
10. ਜੈਤੋ ਗੰਗਸਰ ਦੇ ਮੋਰਚੇ ਵਾਲਿਆਂ ਸ਼ਹੀਦਾਂ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
11. ਬਾਬਾ ਬੰਦਾ ਸਿੰਘ ਬਹਾਦਰ, ਉਨ੍ਹਾਂ ਦਾ ਪੁਤਰ ਅਜੇ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਤੇ ਹੋਰ ਸਾਰੇ ਸਾਥੀ ਸਿੰਘ ਜਿਨ੍ਹਾਂ ਨੇ ਪਹਿਲੇ ਖਾਲਸਾ ਰਾਜ ਦੀ ਨੀਂਹ ਆਪਣੀਆਂ ਖੋਪਰੀਆਂ ਤੇ ਰੱਖਵਾਈ, ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਵਰਗੇ ਸ਼ਹੀਦਾਂ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ।
ਜੇ ਕਰ ਉਪਰਲੀ ਲਿਖਤ ਵਿੱਚ ਵਰਣਤ ਸਾਰੇ ਸ਼ਹੀਦਾਂ ਨੂੰ ਉਨ੍ਹਾਂ ਦੇ ਪਿਛਲੇ ਜਨਮ ਦੀ ਸਜਾ ਹੀ ਮਿਲੀ ਹੈ ਤਾਂ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਕਿ ਤੁਹਾਡੀ ਕੌਮ ਕੋਲ ਕੋਈ ਸ਼ਹੀਦ ਵੀ ਹੈ?  ਜੇ ਹੈ ਤਾਂ ਕਿਉਂ?
ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਇਤਹਾਸ ਵਿਚੋਂ ਮਿਲ ਸਕਦੀਆਂ ਹਨ ਪਰ ਲੇਖ ਨੂੰ ਬਹੁਤਾ ਲੰਬਾ ਖਿਚਣ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸ ਕਰਕੇ ਬਾਕੀ ਦੀਆਂ ਸ਼ਹਾਦਤਾਂ ਬਾਰੇ ਵੀ ਕੁੱਝ ਸੋਚ ਲੈਣਾ?
ਹੁਣ ਕੁੱਝ ਹੋਰ ਸਵਾਲ ਜਿਹੜੇ ਜਨਤਾ ਵਲੋਂ ਅਕਸਰ ਕੀਤੇ ਹੀ ਜਾਂਦੇ ਹਨ। ਜਿਵੇਂ:
ਤਿੰਨ ਚਾਰ ਸਾਲ ਦੀ ਬੱਚੀ ਦਾ ਰੇਪ। ਇਹ ਕਿਸੇ ਅਯਾਸ਼ ਦਿਮਾਗ ਦੀ ਉਤਪਤੀ ਹੈ ਨਾ ਕਿ ਕਿਸੇ ਪਿਛੇਲੇ ਜਨਮ ਦੇ ਕਰਮਾਂ ਦਾ ਫਲ। ਜੇ ਇਹ ਪਿਛਲੇ ਜਨਮ ਦੀ ਸਜਾ ਹੈ ਤਾਂ ਇਸ ਸੰਸਾਰ ਵਿੱਚ, ਕਿਸੇ ਵੀ ਦੇਸ਼ ਵਿੱਚ, ਕਿਸੇ ਵੀ ਕਾਨੂੰਨ ਦੀ ਲੋੜ ਨਹੀਂ। ਕਚਿਹਰੀਆਂ, ਪੁਲੀਸ, ਜੱਜਾਂ ਅਤੇ ਡੀ.ਸੀਆਂ ਦੀ ਲੋੜ ਨਹੀਂ। ਕਿਉਂਕਿ ਜੇ ਕਰ ਕੋਈ ਕਿਸੇ ਦਾ ਪਰਸ ਖੋਹ ਕੇ ਨੱਠਦਾ ਹੈ ਤਾਂ ਸਾਨੂੰ ਆਪ ਜਾ ਕੇ ਉਸ ਨੂੰ ਵਧਾਈ ਦੇਣੀ ਬਣਦੀ ਹੈ ਕਿ ਭਾਈ ਜੀ, ਵੀਰ ਜੀਓ! ਪਰਸ ਤਾਂ ਤੁਸੀਂ ਲੈ ਹੀ ਲਿਆ ਹੈ, ਆਹ ਲਓ ਮੇਰਾ ਕੋਟ ਕਿਉਂਕਿ ਪਿਛਲੇ ਜਨਮ ਵਿੱਚ ਮੈਂ ਤੁਹਾਡਾ ਕੋਟ ਵੀ ਲੈ ਗਿਆ ਸੀ ਤੇ ਅਰਾਮ ਨਾਲ ਜਾਓ ਤੇ ਅਨੰਦ ਮਾਣੋ।
ਬੱਚਿਆਂ ਦਾ ਗਰੀਬ ਤੇ ਅਮੀਰ ਘਰ ਵਿੱਚ ਪੈਦਾ ਹੋਣਾ। ਇਹ ਗਰੀਬੀ ਅਸੀਂ ਬਣਾਈ ਹੈ। ਇਹ ਵੰਡੀਆਂ ਵੀ ਅਸੀਂ ਹੀ ਪਾਈਆਂ ਹੋਈਆਂ ਹਨ। ਰੱਬ ਜੀ ਨੇ ਇਕ ਧਰਤੀ ਬਣਾਈ ਸੀ ਸਾਰੀ ਮਨੁੱਖਤਾ ਦੇ ਰਹਿਣ ਲਈ। ਇਹ ਹੱਦਾਂ ਬੰਨੇ ਅਸੀਂ ਬਣਾਏ ਹਨ ਤੇ ਅਸੀਂ ਹੀ ਢਾਹੁਉਂਦੇ ਹਾਂ। ਬੰਗਲਾ ਦੇਸ਼, ਬਰਮਾ ਜਿਸਨੂੰ ਅੱਜ ਮੀਆਮੀਰ ਕਿਹਾ ਜਾਂਦਾ ਹੈ, ਪਾਕਿਸਤਾਨ, ਉਤਰੀ ਅਤੇ ਦੱਖਣੀ ਕੋਰੀਆ ਸਾਡੀਆਂ ਪਾਈਆਂ ਹੋਈਆਂ ਵੰਡੀਆਂ ਕਾਰਣ ਬਣੇ ਹਨ। ਜੇ ਦੋਵੇਂ ਜਰਮਨ ਫਿਰ ਤੋਂ ਇਕ ਹੋਏ ਹਨ ਤਾਂ ਵੀ ਮਨੁੱਖੀ ਸੋਚ ਕਰਕੇ। ਇਹ ਅਸੀਂ ਬਾਣਾਏ ਹਨ ਕਿਸੇ ਰੱਬ ਜੀ ਨੇ ਨਹੀਂ ਬਣਾਏ। ਅਮੀਰੀ ਤੇ ਗਰੀਬੀ ਵੀ ਬੰਦੇ ਦੀ ਪਦਾਇਸ਼ ਹੈ ਰੱਬ ਜੀ ਦੀ ਨਹੀਂ।
ਇਸ ਸੰਸਾਰ ਵਿੱਚ ਵੱਡਾ-ਟੁੱਕੀ ਵੀ ਬੰਦੇ ਦੀ ਨੀਤੀ ਮੁਤਾਬਕ ਹੋ ਰਹੀ ਹੈ। ਜੇ ਕਰ ਹਿੰਦੋਸਤਾਨ ਤੇ ਪਾਕਿਸਤਾਨ ਦੀ ਵੰਡ ਸਮੇਂ 10 ਲੱਖ ਲੋਕਾਂ ਦੀ ਜਾਨ ਲਈ ਗਈ ਹੈ ਤਾਂ ਵੀ ਕਿਸੇ ਜੀਵ ਦੇ ਪਿਛਲੇ ਜਨਮ ਦੇ ਕਰਮਾਂ ਦੇ ਫਲ ਕਰਕੇ ਨਹੀਂ ਸਗੋਂ ਨਹਿਰੂ, ਗਾਂਧੀ ਤੇ ਜਿਨਹਾ ਦੀ ਨੀਅਤ ਕਰਕੇ ਲੋਕਾਂ ਦੀ ਬੇਪਤੀ ਹੋਈ, ਲੋਕਾਂ ਦੀਆਂ ਜਾਨਾਂ ਗਈਆਂ, ਘਰ-ਘਾਟ ਤਬਾਹ ਹੋਏ। ਬਹੁਤ ਸਾਰੇ ਮਾਪਿਆਂ ਨੇ ਇਹ ਸੋਚ ਕੇ ਆਪਣੀਆਂ ਲੜਕੀਆਂ ਦੀ ਆਪਣੇ ਹੱਥੀਂ ਜਾਨ ਲਈ ਕਿ ਕਿਤੇ ਮੇਰੀਆਂ ਇਨ੍ਹਾਂ ਧੀਆਂ ਨੂੰ ਮੁਸਲਮਾਨ ਨਾ ਲੈ ਜਾਣ। ਜੇ ਕਰ ਹਿਟਲਰ ਜਾਂ ਸਟਾਲਨ ਦੀ ਗੱਲ ਵੀ ਕਰਨੀ ਹੈ ਤਾਂ ਵੀ ਸਿੱਖ ਸਿਧਾਂਤ ਮੁਤਾਬਕ ਮਨੁੱਖੀ ਕਸੂਰ ਨੂੰ ਰੱਬ ਜੀ ਦੇ ਨਾਮ ਨਾਲ ਨਹੀਂ ਮੜਿਆ ਜਾ ਸਕਦਾ।
ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥ ਪੰਨਾ 795, ਮ: 1॥
‘ਭਗਤਿ ਹੀਣੁ’ ਜੇ ਮਨੁੱਖ ਮਾੜਾ ਹੈ ‘ਤਾ ਖਸਮੈ ਨਾਉ ਨ ਜਾਈ’ ਤਾਂ ਇਸਦਾ ਦੋਸ਼ ਖਸਮ ਜੀ, ਰੱਬ ਜੀ ਨੂੰ ਨਹੀਂ ਦਿੱਤਾ ਜਾ ਸਕਦਾ।
ਅਸੀਂ ਤਾਂ ਇਤਨੇ ਬੇਸਮਝ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਵੀ ਇਹ ਕਹਿ ਕੇ,
“ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥2॥ ਪੰਨਾ 394, ਮ:5॥
ਰੱਬ ਦੇ ਨਾਮ ਮੜ੍ਹ ਦਿੱਤਾ ਜਦੋਂ ਕਿ ਜਹਾਂਗੀਰ ਆਪਣੀ ਕਿਤਾਬ, ‘ਤੁਜਕੇ ਜਹਾਂਗੀਰ’ ਵਿੱਚ ਸਾਫ ਲਿਖਦਾ ਹੈ ਕਿ ਬਹੁਤ ਚਿਰਾਂ ਤੋਂ ਮੈਂ ਇਹ ਸੋਚ ਰਿਹਾ ਸੀ ਕਿ ਇਸ (ਸਿੱਖ ਲਹਿਰ) ਝੂਠ ਦੀ ਦੁਕਾਨ ਨੂੰ ਕਿਵੇਂ ਬੰਦ ਕੀਤਾ ਜਾਵੇ। ਕਿਉਂਕਿ ਇਹ ਕੰਮ ਪ੍ਰਮਾਤਮਾ ਦਾ ਨਹੀਂ ਕੀਤਾ ਹੋਇਆ ਇਸ ਕਰਕੇ ਸਾਨੂੰ ਇਹ ਪੰਗਤੀ ਇਸ ਸ਼ਹਾਦਤ ਨਾਲ ਨਹੀਂ ਜੋੜਨੀ ਚਾਹੀਦੀ ਕਿਉਂਕਿ ਇਹ ਕੰਮ ਤਾਂ ਜਹਾਂਗੀਰ ਦਾ ਕੀਤਾ ਹੋਇਆ ਹੈ। ‘ਤੇਰਾ ਕੀਆ’ ਰੱਬ ਜੀ ਦਾ ਨਹੀਂ ਇਥੇ ਜਹਾਂਗੀਰ ਦਾ ਹੈ। ਹੁਣ ਕੁੱਝ ਵੀਰ ਇਹ ਵੀ ਕਹਿ ਸਕਦੇ ਹਨ ਕਿ ਜਹਾਂਗੀਰ ਵਿੱਚ ਵੀ ਰੱਬ ਹੀ ਵੱਸਦਾ ਹੈ। ਇਸਦਾ ਉਤਰ ਹੈ ਕਿ ਰੱਬ ਜੀ ਕਿਸੇ ਨੂੰ ਮਾੜਾ ਕੰਮ ਕਰਨ ਦੀ ਪ੍ਰੇਰਨਾ ਇਸ ਕਰਕੇ ਨਹੀਂ ਕਰਦੇ ਕਿਉਂਕਿ ਰੱਬ ਜੀ ਆਪ ਚੰਗੇ ਹਨ ਤੇ ਚੰਗੇ ਗੁਣਾਂ ਦੇ ਮੁਜੱਸਮੇ ਨੂੰ ਹੀ ਰੱਬ ਜੀ ਕਿਹਾ ਜਾ ਸਕਦਾ ਹੈ ਇਸ ਕਰਕੇ ਇਹ ਹੁਕਮ ਜਹਾਂਗੀਰ ਦਾ ਹੈ ਨਾ ਕਿ ਰੱਬ ਜੀ ਦਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1647966 3132

ਕਿਉ ਕਰਿ ਕੰਤ ਮਿਲਾਵਾ ਹੋਈ - ਗੁਰਚਰਨ ਸਿੰਘ ਜਿਉਣ ਵਾਲਾ

ਅੱਜ ਸੁਭਾਹ ਸੇਵੇਰੇ ਅੱਖ ਖੁੱਲ੍ਹੀ ਤਾਂ ਉੱਪਰ ਲਿਖੀ ਪੰਗਤੀ ਦਿਮਾਗ ਵਿੱਚ ਘੁੰਮਣ ਲੱਗੀ। ਸੈਲ ਫੂੰਨ ਖੋਲ੍ਹ ਕੇ ਰਾਗ ਸੂਹੀ ਵਿੱਚ ਦਰਜ ਗੁਰੂ ਨਾਨਕ ਪਾਤਸ਼ਾਹ ਦੀ ਇਹ ਸਾਰੀ ਅਸਟਪਦੀ ਪੜ੍ਹੀ। ਇੱਕ ਵਾਰ ਨਹੀਂ ਦੋ ਵਾਰ ਪੜ੍ਹੀ ਤਾਂ ਭੁਚੋ ਆਲੇ ਬਾਬੇ, ਜਿਸਨੂੰ ਗਡੀਰੇ ਤੇ ਬਿਠਾ ਕੇ, ਅੱਗੇ ਬਲਦ ਜੋੜ ਕੇ ਖਿੱਚ ਕੇ ਲਿਜਾਂਦੇ ਹਨ, ਸੁਖਦੇਵ ਸਿੰਘ ਦੇ ਪ੍ਰਵਚਨ ਕੁੱਝ ਦਿਨ ਪਹਿਲਾਂ ਸੁਣੇ ਸਨ, ਓਹ ਯਾਦ ਆ ਗਏ ਜੋ ਸਾਨੂੰ ਰੱਬ ਨਾਲ ਮਿਲਾਉਣ ਬਾਰੇ ਕਹਿ ਰਿਹਾ ਸੀ। 
“ਲੀਡਰ ਤੁਹਾਡੇ ਨਾਲ ਵਾਹਦੇ ਕਰਦੇ ਹਨ ਕਿ ਅਸੀਂ ਤੁਹਾਨੂੰ ਆਹ ਦੇਵਾਂਗੇ, ਅਸੀਂ ਤੁਹਾਨੂੰ ਆਹ ਦੇ ਸਕਦੇ ਹਾਂ, ਪਰ ਰੱਬ ਨਾਲ ਮਿਲਾਉਣ ਦਾ ਵਾਹਦਾ ਕੋਈ ਲੀਡਰ ਨਹੀਂ ਕਰਦਾ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ ਕਿਸੇ ਨੂੰ ਰੱਬ ਨਾਲ ਮਿਲਾ ਹੀ ਨਹੀਂ ਸਕਦੇ। ਕੁੱਝ ਵਾਹਦੇ ਓਹ ਪੂਰੇ ਕਰਦੇ ਹਨ ਤੇ ਕੁੱਝ ਨਹੀਂ। ਇਸੇ ਹੀ ਤਰ੍ਹਾਂ ਇਕ ਹੋਰ ਉਦਾਹਰਣ ਦਿੱਤੀ ਸਕੂਲੀ ਮਾਸਟਰਾਂ ਦੀ। ਸਕੂਲ ਮਾਸਟਰ ਤੁਹਾਨੂੰ ਕਿਤਾਬਾਂ ਪੜ੍ਹਾ ਸਕਦੇ ਹਨ, ਨਕਸ਼ੇ ਤੇ ਦੁਨੀਆਂ ਭਰ ਦੇ ਮੁਲਕ ਦਿਖਾ ਸਕਦੇ ਹਨ, ਪਰ ਪ੍ਰਮਾਰਥ ਦਾ ਰਸਤਾ ਨਹੀਂ ਦਿਖਾ ਸਕਦੇ। ਆਖਰ ਨੂੰ ਇਹ ਸੁਖਦੇਵ ਸਿੰਘ ਕਹਿਣ ਲੱਗਾ ਕਿ ਸਾਧੂ ਲੋਕ ਹੀ ਹਨ ਜੋ ਤੁਹਾਨੂੰ ਰੱਬ ਨਾਲ ਮਿਲਾ ਸਕਦੇ ਹਨ”। ਸੁਖਦੇਵ ਸਿੰਘ ਸਿੰਘ ਜੀ ਤੁਸੀਂ ਭੁੱਲ ਤਾਂ ਨਹੀਂ ਗਏ,ਅੱਜ ਤੋਂ ਕੋਈ 15-20 ਸਾਲ ਪਹਿਲਾਂ ਬਠਿੰਡੇ ਸ਼ਹਿਰ ਵਿੱਚ ਜਦੋਂ ਤੁਸੀਂ ਅਮਰ ਹੋਣ ਵਾਲੀ ਕਹਾਣੀ, ਜੋ ਸ਼ਿਵਜੀ ਨੇ ਪਾਰਬਤੀ ਨੂੰ ਸੁਣਾਈ ਸੀ, ਅਤੇ ਕੋਲ ਬੈਠਾ ਤੋਤਾ ਵੀ ਸੁਣ ਰਿਹਾ ਸੀ ਤਾਂ ਸ਼ਿਵਜੀ ਤੋਤੇ ਨੂੰ ਮਾਰਨ ਲਈ ਪਿੱਛੇ ਉਡਿਆ ਕਿ ਤੋਤਾ ਅਮਰ ਨਾ ਹੋ ਜਾਏ ਤੇ ਤੋਤਾ ਕਿਸੇ ਜ਼ਨਾਨੀ ਦੇ ਪੇਟ ਵਿੱਚ ਵੜ ਗਿਆ ਅਤੇ ਬਾਰਾਂ ਸਾਲ ਜ਼ਨਾਨੀ ਦੇ ਪੇਟ ਵਿੱਚ ਹੀ ਬੈਠਾ ਰਿਹਾ। ਤੁਹਾਨੂੰ ਸਟੇਜ ਤੋਂ ਥੱਲੇ ਉਤਰਦਿਆਂ ਸਾਰ ਹੀ ਅਸੀਂ ਇਹ ਸਵਾਲ ਕੀਤਾ ਸੀ ਕਿ ਸੁਖਦੇਵ ਸਿੰਘ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਤੋਤਾ ਜ਼ਨਾਨੀ ਦੇ ਮੂੰਹ ਰਾਹੀਂ ਬਾਹਰ ਨਿਕਲਿਆ ਯਾ ਥੱਲੇ ਵਾਲੇ ਦੋ ਰਸਤਿਆਂ ਰਾਹੀਂ? ਤੁਸੀਂ ਇਹ ਕਹਿ ਕਿ ਚਲੇ ਗਏ ਕਿ ਮੈਂ ਤਾਂ ਜਿਤਨਾ ਸੁਣਿਆ ਸੀ ਸੁਣਾ ਦਿੱਤਾ ਇਸ ਤੋਂ ਹੋਰ ਜ਼ਿਆਦਾ ਮੈਨੂੰ ਕੋਈ ਪਤਾ ਨਹੀਂ। ਅਗਲੇ ਦਿਨ ਤੋਂ ਤੁਸੀਂ ਕਥਾ ਕਰਨ ਆਏ ਹੀ ਨਹੀਂ। ਹੁਣ ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਰੱਬ ਨੂੰ ਮਿਲਾਉਣ ਵਾਲਾ ਕਿਹੜਾ ਗਿਆਨ ਯਾ ਰਸਤਾ ਹੈ?
ਅਮਰ ਸਿੰਘ ਬੜੂੰਦੀ ਵਾਲਿਆਂ ਦਾ ਸਾਰਾ ਰੀਕਾਰਡ ਮਲੇਸ਼ੀਆ ਦੀ ਅਦਾਲਤ ਵਿੱਚੋਂ ਫੀਸ ਭਰ ਕੇ ਅਸੀਂ ਕੱਢਵਾਇਆ ਹੋਇਆ ਹੈ, ਜੋ ਅੱਜ ਵੀ ਮੇਰੇ ਕੋਲ ਹੈ, ਸ਼ੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੀਆਂ ਕੁਆਰੀਆਂ ਕੁੜੀਆਂ ਨੂੰ ਲਿਖੀਆਂ ਹੋਈਆਂ ਚਿੱਠੀਆਂ ਅਤੇ ਜੋ ਕੁੜੀਆਂ ਨਾਲ ਗੰਦ-ਮੰਦ ਇਸ ਨੇ ਕੀਤਾ ਤੇ ਕਿਵੇਂ ਗ਼ੱਬਰਦਸਤੀ ਯਾ ਜ਼ਬਰਦਸਤੀ ਕੀਤੀ ਗਈ ਇਹ ਸਾਰਾ ਰੀਕਾਰਡ ਅਤੇ ਕੁੜੀਆਂ ਦੀਆਂ ਲਿਖੀਆਂ ਹੋਈਆਂ ਚਿੱਠੀਆਂ ਜਿਸ ਵਿੱਚ ਉਨ੍ਹਾਂ ਆਪਣੀ ਹੱਡ ਬੀਤੀ ਵੀ ਬਿਆਨ ਕੀਤੀ ਹੋਈ ਹੈ, ਕਿਹੜੇ ਕਿਹੜੇ ਕੁਕਰਮ ਇਸ ਵਹਿਸ਼ੀ ਸ਼ੰਤ ਅਮਰ ਸਿੰਘ ਬੜੂੰਦੀ ਵਾਲੇ ਨੇ ਉਨ੍ਹਾਂ ਨਾਲ ਕੀਤੇ, ਕਿਹੜੇ ਕਿਹੜੇ ਲਾਰੇ ਲਾਏ ਗਏ ਕਿਸੇ ਨੂੰ ਕੈਨੇਡਾ ਭੇਜਣ ਤੇ ਕਿਸੇ ਨੂੰ ਅਸਟਰੇਲੀਆ ਯਾ ਇੰਗਲੈਂਡ ਦਾ ਵੀਜ਼ਾ ਲਵਾਕੇ, ਕਿਸੇ ਨਾਲ ਵਿਆਹ ਕਰਕੇ ਉਥੋਂ ਦੇ ਬਸ਼ਿੰਦੇ ਬਣਾਉਣ ਦਾ ਝਾਂਸਾ ਦੇ ਕੇ ਕਿਵੇ ਕਿਵੇਂ ਉਨ੍ਹਾਂ ਨਾਲ ਵਹਿਸ਼ੀ ਪੁਣਾ ਕੀਤਾ ਗਿਆ, ਇਹ ਸਾਰਾ ਕੁੱਝ ਅਸੀਂ ਸਾਂਭ ਕੇ ਰੱਖਿਆ ਹੋਇਆ ਹੈ। ਇਸ ਰੀਕਾਰਡ ਮੁਤਾਬਕ ਹੀ ਅਮਰ ਸਿੰਘ ਬੜੂੰਦੀ ਨੂੰ ਮਲੇਸ਼ੀਆ ਵਿੱਚ ਵੜਨ ਲਈ ਸਰਕਾਰ ਨੇ ਮਨਾਹ ਕੀਤਾ ਹੋਇਆ ਸੀ ਪਰ ਚੋਰ ਚੋਰ-ਮੋਰੀਆਂ ਲੱਭ ਲੈਂਦੇ ਹਨ ਤੇ ਇਸ ਨੇ ਕਿਸੇ ਨਾ ਕਿਸੇ ਨੂੰ ਰਿਸ਼ਵਤ ਵਗੈਰਾ ਯਾ ਇਨ੍ਹਾਂ ਕੁੜੀਆਂ, ਜੋ ਇਸ ਨੇ ਬੰਦੀ ਬਣਾਈਆਂ ਹੋਈਆਂ ਸਨ, ਨੂੰ ਵਰਤ ਕੇ ਓਹ ਬੰਦਸ਼ ਹਟਵਾ ਲਈ ਤੇ ਮਲੇਸ਼ੀਆ ਜਾਣ-ਆਉਣ ਦਾ ਰਾਹ ਮੁੜ ਤੋਂ ਪੱਧਰਾ ਕਰਾ ਲਿਆ।
ਪਿੰਡ ਭਦੌੜ ਵਿੱਚ ਜ਼ਮੀਨ ਦੇ ਚਾਰ-ਛੇ ਕਿਲਿਆਂ ਪਿੱਛੇ ਗੋਲੀ ਚੱਲੀ, ਤੁਹਾਡੇ ਮਹਾਂਪੁਰਸ਼ਾਂ ਦੀ ਮਹਾਂਪੁਰਸ਼ਾਂ ਨਾਲ ਲੜਾਈ, ਕੁੱਲ ਮਿਲਾ ਕੇ ਕਿਤਨੇ ਗਰੀਬ ਇਸ ਲੜਾਈ ਵਿੱਚ ਮਾਰੇ ਗਏ, ਇਸ ਬਾਰੇ ਤਾਂ ਸੁਖਦੇਵ ਸਿੰਘ ਜੀ ਹੋਰੀਂ ਜ਼ਿਆਦਾ ਜਾਣਕਾਰੀ ਰੱਖਦੇ ਹਨ ਕਿਉਂਕਿ ਇਹ ਸੁਖਦੇਵ ਸਿੰਘ ਦੀ ਹੱਡਬੀਤੀ ਦਾ ਹਿੱਸਾ ਹੈ, ਪਰ ਲਧਾਈ ਪਿੰਡ ਦਾ ਗਰੀਬ ਮਜ਼ਬੀ ਸਿੱਖ ਮਾਰਿਆ ਗਿਆ ਜੋ ਮੇਰੀ ਜਾਣ ਪਹਿਚਾਣ ਵਾਲਾ ਸੀ। ਕੇਸ ਚੱਲਿਆ, ਚਾਰ ਕੁ ਸਾਲ “ਬਾਬਾ ਘਾਲਾ ਸਲਾਖਾਂ ਪਿੱਛੇ” ਕਨੇਡੀਅਨ ਅਖਬਾਰ ਦੀ ਕੱਟਿੰਗ ਮੈਂ ਅੱਜ ਵੀ ਸਾਂਭੀ ਬੈਠਾ ਹਾਂ।
ਹਰੀਕੇ ਪੱਤਣ ਤੇ ਕਰੋਨਾ ਦੇ ਆਉਣ ਤੋਂ ਪਹਿਲਾਂ ਮਤਲਬ 2018-19 ਦੇ ਆਸ ਪਾਸ ਇੱਕ ਨਵੇਂ ਵਿਆਹੇ ਜੋੜੇ ਦਾ ਇਨ੍ਹਾਂ ਕਤਲ ਕੀਤਾ ਸੀ, ਆਪਣੀ ਹਵਸ ਪੂਰੀ ਕਰਨ ਤੋਂ ਬਾਅਦ। ਨਵੇਂ ਵਿਆਹੇ ਜੋੜੇ ਦਾ ਮੋਟਰ ਸਾਈਕਲ ਹਰੀਕੇ ਪੁੱਲ ਤੇ ਆ ਕੇ ਖਰਾਬ ਹੋ ਗਿਆ ਸੀ ਤੇ ਰਾਤ ਕੱਟਣ ਗਏ ਨਵੇਂ ਵਿਆਹੇ ਜੋੜੇ ਨੇ ਇਨ੍ਹਾਂ ਚਿੱਟ-ਕਪੜੀਆਂ ਨੂੰ ਪ੍ਰਮਾਰਥ ਦਾ ਰਸਤਾ ਦਿਖਾਉਣ ਵਾਲੇ ਸਮਝ ਕੇ ਸਮੇਤ ਆਪਣੇ ਗਹਿਣਿਆਂ ਅਤੇ ਨਕਦੀ ਦੇ, ਆਪਣੇ ਸਵਾਸ ਵੀ ਇਨ੍ਹਾਂ ਦੀ ਠਾਠ ਵਿਚ ਭੰਗ ਦੇ ਭਾਣੇ ਗੁਆ ਲਏ। ਪੁਲੀਸ ਦਾ ਡੰਡਾ ਫਿਰਨ ਤੋਂ ਬਾਅਦ ਮੁਲਜ਼ਮ ਨੇ 47 ਖੂੰਨ ਕਬੂਲ ਕੀਤੇ ਸਨ ਪਰ ਦਿੱਲੀਓ ਤਾਰਾਂ ਖਟਕਣ ਤੋਂ ਬਾਅਦ ਇਨ੍ਹਾਂ ਕਤਲ ਕੇਸਾਂ ਦਾ ਕੀ ਬਣਿਆ ਇਹ ਨਾਨਕਸਰੀਏ ਮਹਾਂਪੁਰਸ਼ ਹੀ ਜਾਣਨ। ਐਗਰੀਕਲਚਰ ਯੂਨੀਵਰਿਸਿਟੀ ਲੁਧਿਆਣੇ ਦੇ ਸਾਹਮਣੇ ਵਾਲੀ ਠਾਠ ਵਿੱਚੋਂ ਪੁਲੀਸ ਦੀ ਮੱਦਦ ਨਾਲ ਇੱਕ ਲੜਕੀ, ਜੋ ਇਨ੍ਹਾਂ ਮਹਾਂਪੁਰਸ਼ਾਂ ਨੇ ਬੰਦੀ ਬਣਾਈ ਹੋਈ ਸੀ, ਨੂੰ ਅਜ਼ਾਦ ਕਰਵਾਇਆ ਗਿਆ। ਇਹ ਲੋਕ ਕਹਿੰਦੇ ਹਨ ਕਿ ਅਸੀਂ ਔਰਤ ਦੇ ਨੇੜੇ ਵੀ ਨਹੀਂ ਜਾਂਦੇ, ਲੁੱਕ-ਛਿੱਪ ਕੇ ਪਤਾ ਨਹੀਂ ਕਿੰਨੀ ਵਾਰੀ ਰਾਤੋ ਰਾਤ ਇਹ ਲੋਕ ਰੇਪ ਕਰਦੇ ਰਹੇ, ਬੰਦੀ ਬਣਾਈਆਂ ਕੁੜੀਆਂ ਯਾ ਔਰਤਾਂ ਦਾ। ਗੁਰਮੀਤ ਰਾਮ ਰਹੀਮ ਅਤੇ ਢੱਢਰੀਆਂ ਵਾਲੇ ਬੂਬਨੇ ਸਾਧ ਬਾਰੇ ਤਾਂ ਸਾਰੇ ਲੋਕ ਜਣਦੇ ਹੀ ਹਨ ਪਰ ਪੰਜਾਬੀਆਂ ਦੇ ਨੱਕ, ਕੰਨ ਤੇ ਅੱਖਾਂ ਸਮੇਤ ਦਿਮਾਗ ਦੇ ਦਰਵਾਜ਼ੇ ਬੰਦ ਹੋਣ ਕਰਕੇ ਆਪਣੀਆਂ ਜਵਾਨ ਕੁੜੀਆਂ ਦੇ ਰੇਪ ਹੁੰਦੇ ਇਨ੍ਹਾਂ ਨੂੰ ਦਿਸਦੇ ਹੀ ਨਹੀਂ, ਸਮੇਤ ਗੰਦਗੀ ਭਰੇ ਜੀਵਨ ਦੇ। ਜੇਕਰ ਕਿਸੇ ਕੁੜੀ ਨੇ ਬਗਾਵਤ ਵੀ ਕੀਤੀ ਤਾਂ ਮਾਪਿਆਂ ਨੂੰ ਲਾਏ ਸਾਧ ਦੇ ਸਵਰਗ ਦੇ ਲਾਰਿਆਂ ਨੇ ਮਾਪਿਆਂ ਨੂੰ ਡੇਰੇ, ਠਾਠ ਯਾ ਗੁਫਾ ਵਿਚ ਹੁੰਦੇ ਕੁਕਰਮ ਦਿਸੇ ਹੀ ਨਹੀਂ ਸਗੋਂ ਆਪਣੀ ਗੈਰਤ ਨੂੰ ਛਿੱਕੇ ਟੰਗਦਿਆਂ ਹੋਇਆਂ ਅਪਣੀ ਕੁਆਰੀ ਕੁੜੀ ਦੀ ਇੱਜ਼ਤ ਲੁੱਟਣ ਵਾਲੇ ਦੇ ਸਾਹਮਣੇ ਸਗੋਂ ਗੋਡੇ ਵੀ ਟੇਕ ਦਿੱਤੇ। ਕੁੜੀ ਨੂੰ ਸਾਧ ਦੇ ਸਪੁਰਦ ਕਰਕੇ ਖੁਸ਼ੀਆਂ ਮਨਾਉਂਦੇ ਘਰ ਨੂੰ ਚਲੇ ਆਏ। ਨਾ ਇਨ੍ਹਾਂ ਸਾਧਾਂ ਨੇ ਮੁੰਡੇ ਛੱਡੇ ਤੇ ਹੀ ਕੁੜੀਆਂ।
ਸੁਖਦੇਵ ਸਿੰਘ ਜੀ ਹੋਰ ਗਿਣਾਵਾਂ? ਤੁਹਾਡੇ ਮਹਾਂਪੁਰਸ਼ਾ ਦੇ ਹੋਰ ਗਿਣਾਵਾਂ ਨਾਮ ਯਾ ਅੱਜ ਇਤਨਾ ਹੀ ਕਾਫੀ ਹੈ? ਤੁਸੀਂ ਕਿਹੜਾ ਗੁਰਬਾਣੀ ਪੜ੍ਹਨ ਜਾਣਦੇ ਹੋ, ਆਓ ਹੁਣ ਪੁੱਛਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿ ਸਾਧ ਕੌਣ ਹੁੰਦਾ ਹੈ? ਬ੍ਰਹਮ ਗਿਆਨੀ ਕੌਣ ਹੁੰਦਾ ਹੈ?
ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥੧॥ ਪੰਨਾ 274॥
ਅਪਰਸ ਮਤਲਬ ਬਹੰਗਮ ਯਾਨੀ ਜੋ ਕਿਸੇ ਨੂੰ ਛੂੰਹਦਾ ਵੀ ਨਹੀਂ। ਸੁਖਦੇਵ ਸਿੰਘ ਜੀ ਹੁਣ ਤੁਸੀਂ ਇਹ ਦੱਸੋ ਤੁਸੀਂ ਝੂਠੇ ਹੋ ਯਾ ਗੁਰਬਾਣੀ? ਗੁਰਬਾਣੀ ਝੂਠੀ ਨਹੀਂ ਇਸ ਕਰਕੇ ਸਭ ਡੇਰੇਦਾਰ ਝੂਠੇ ਹਨ।
ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥
ਡੇਰੇਦਾਰ ਲੋਕ ਬੜਾ ਸੰਘ ਪਾੜ ਪਾੜ ਕੇ ਕਹਿੰਦੇ ਹਨ ਕਿ ਫਲਾਣਾ ਬ੍ਰਹਿਮ ਗਿਆਨੀ, ਫਲਾਣਾ ਪੂਰਨ ਬ੍ਰਹਮ ਗਿਆਨੀ। ਜੇਕਰ ਕੋਈ ਪੂਰਨ ਬ੍ਰਹਮ ਗਿਆਨੀ ਹੈ ਤਾਂ ਕੋਈ ਅੱਧ-ਪਚੱਧਾ ਬ੍ਰਹਮ ਗਿਆਨੀ ਵੀ ਹੋਵੇਗਾ। ਪਰ ਗੁਰਬਾਣੀ ਦੀ ਉੱਪਰ ਲਿਖੀ ਪੰਗਤੀ ਤਾਂ ਇਹ ਦੱਸਦੀ ਹੈ ਕਿ ਬ੍ਰਹਮ ਗਿਆਨੀ ਦੀ ਪਹਿਚਾਣ ਵੀ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ। ਫਿਰ ਤੁਸੀਂ ਤਾਂ ਕਿਸੇ ਨੂੰ ਬ੍ਰਹਮ ਗਿਆਨੀ ਕਹਿ ਹੀ ਨਹੀਂ ਸਕਦੇ? 
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ ਪੰਨਾ 273॥  
ਡੇਰੇਦਾਰੋ! ਹੁਣ ਇਹ ਦੱਸੋ ਕਿ ਜਿਸ ਜਿਸ ਨੂੰ ਵੀ ਤੁਸੀਂ ਬ੍ਰਹਮ ਗਿਆਨੀ ਦਾ ਖਿਤਾਬ ਦਿੱਤਾ ਯਾ ਬ੍ਰਹਮ ਗਿਆਨੀ ਪਦ ਨਾਲ ਨਿਵਾਜਿਆ, ਓਹ ਕਿੱਥੇ ਹੈ? ਕੀ ਤੁਹਾਡਾ ਬ੍ਰਹਮ ਗਿਆਨੀ “ਸਭ ਸ੍ਰਿਸਟਿ ਕਾ ਕਰਤਾ” ਸੀ ਤੇ ਉਹ ਹੁਣ ਜਿਉਂਦਾ ਵੀ ਹੈ ਯਾ ਨਰਕਾਂ ਵਿੱਚ ਨਿਵਾਸ ਕਰ ਚੁੱਕਿਆ ਹੈ।
ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ 
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥ਪੰਨਾ 273-274॥
ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥ ਪੰਨਾ 273॥
ਉੱਪਰ ਲਿਖੀਆਂ ਪੰਗਤੀਆਂ ਤਾਂ ਕਿਸੇ ਵੀ ਮਨੁੱਖ ਦੇ ਢਕੌਂਸਲੇ ਨੂੰ, ਜਿਸ ਨੇ ਵੀ ਮਾਂ ਪਿਓ ਦੇ ਮੇਲ ਤੋਂ ਜਨਮ ਲਿਆ ਹੈ, ਬ੍ਰਹਮ ਗਿਆਨੀ ਬਣਨ ਨੂੰ ਯਾ ਬ੍ਰਹਮ ਗਿਆਨੀ ਹੋਣ ਦੇ ਦਾਹਵੇ ਨੂੰ ਨਿਕਾਰਦੀਆਂ ਹਨ।
ਪਾਰਬ੍ਰਹਮੁ ਸਾਧ ਰਿਦ ਬਸੈ ॥ ਨਾਨਕ ਉਧਰੈ ਸਾਧ ਸੁਨਿ ਰਸੈ ॥੬॥ ਪੰਨਾ 272॥
ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥ ਪੰਨਾ 272॥
ਜਦੋਂ ਕਿਸੇ ਵੀ ਮਨੁੱਖੀ ਜੀਵ ਦੇ ਅੰਦਰ, ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਗੁਣ ਵਸ ਜਾਂਦੇ ਹਨ ਤਾਂ ਉਸ ਜੀਵ ਅਤੇ ਪ੍ਰਮਾਤਮਾ ਵਿਚ ਕੋਈ ਭੇਦ ਨਹੀਂ ਰਹਿ ਜਾਂਦਾ। ਪਰ ਤੁਸੀਂ ਤਾਂ ਉਹ ਲੋਕ ਹੋ ਜੋ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁਟਦੇ ਹੋ, ਜ਼ਮੀਨ ਜ਼ਾਇਦਾਦ ਪਿੱਛੇ ਗੋਲੀਆਂ ਨਾਲ ਬੰਦੇ ਭੁੰਨਦੇ ਹੋ, ਕਤਲ ਕਰਦੇ ਹੋ, ਗੁਰਬਾਣੀ ਦਾ ਸਰੂਪ ਵੀ ਵਿਗਾੜਦੇ ਹੋ। ਹੁਣ ਦੱਸੋ ਤੁਸੀਂ ਪ੍ਰਮਾਰਥ ਦਾ ਰਸਤਾ ਦਿਖਾਉਣ ਵਾਲੇ ਹੋ ਯਾ ਚੋਰ ਠੱਗ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ +1 647 966 3132

 ਪੰਜਾਬੀ ਹਾਲੋਂ ਬੇਹਾਲ - ਗੁਰਚਰਨ ਸਿੰਘ ਜਿਉਣ ਵਾਲਾ

23, 24, 25, 26 ਦਸੰਬਰ 2025 ਨੂੰ ਸਰਹੰਦ/ਸਰਹਿੰਦ ਪਟਿਆਲਾ, ਚਮਕੌਰ ਸਾਹਿਬ, ਮੋਹਾਲੀ, ਮੋਗਾ, ਫਿਰ ਲੁਧਿਆਣਾ, ਸਰਹਿੰਦ ਅਤੇ ਦਿੱਲੀ ਵੱਲ  ਜਾਣ ਦਾ ਮੌਕਾ ਹਾਸਲ ਹੋਇਆ। ਮੋਗਾ, ਲੁਧਿਆਣਾ ਤੋਂ ਸਰਹਿੰਦ ਅਤੇ ਪਟਿਆਲਾ ਤੋਂ ਸਰਹਿੰਦ ਅੱਗੇ ਫਤਿਹਗੜ੍ਹ ਸਾਹਿਬ/ਚਮਕੌਰ ਸਾਹਿਬ ਵੱਲ ਨੂੰ ਪੰਜਾਬੀ ਭਾਈ ਵਹੀਰਾਂ ਘੱਤੀ ਟਰੈਕਟਰਾਂ ਤੇ ਜਾ ਰਹੇ ਸਨ। ਦੋ ਚਾਰ ਟਰੈਕਟਰ ਜੀ. ਟੀ. ਰੋਡ ਦੇ ਅੱਧ ਵਿੱਚਕਾਰ ਖਰਾਬ ਹੋਏ ਖੜੇ ਵੀ ਦਿਸੇ ਪਰ ਖਾਣਾ ਖਾਣ ਵਾਲਿਆਂ ਦਾ ਧਿਆਨ ਖਾਣੇ ਵਿੱਚ ਸੀ ਤੇ ਟਰੈਕਟਰਾਂ ਨੂੰ ਵੱਲ ਕਰਨ ਵਾਲਿਆਂ ਦਾ ਆਪਣਾ ਸਾਰਾ ਜ਼ੋਰ ਟਰੈਕਟਰਾਂ ਨੂੰ ਵੱਲ ਕਰਨ ਤੇ ਲੱਗਾ ਹੋਇਆ ਸੀ। ਟਰਾਲੀਆਂ ਵਿੱਚ ਬੈਠਿਆਂ ਦਾ ਜ਼ੋਰ ਵੀ ਅਜਾਈਂ ਨਹੀਂ ਸੀ ਜਾ ਰਿਹਾ ਉਹ ਵੀ ਜੁਲੜਾਂ ਨੂੰ ਗਰਮ ਕਰਨ ਤੇ ਆਪਣਾ ਸਾਰਾ ਜ਼ੋਰ ਲਾ ਰਹੇ ਸਨ। ਇਨ੍ਹਾਂ ਰਾਹਗੀਰਾਂ ਤੇ ਸ਼ਰਧਾਲੂਆਂ ਨੂੰ ਗਰਮ ਕਰਨ ਵਾਸਤੇ ਥਾਂ ਥਾਂ ਚਾਹ ਪਾਣੀ ਅਤੇ ਗਰਮ ਜੋਸ਼ੀ ਨਾਲ ਖਾਣਾ ਖਵਾਉਣ ਵਾਲਿਆਂ ਦਾ ਆਪਣਾ ਸਾਰਾ ਜ਼ੋਰ ਲੱਗਿਆ ਹੋਇਆ ਸੀ। ਜੀ.ਟੀ. ਰੋਡ ਭਾਵੇਂ ਬੰਦ ਹੋ ਜਾਵੇ, ਆਪਾਂ ਨੂੰ ਕੋਈ ਪ੍ਰਵਾਹ ਨਹੀਂ, ਚਾਹੇ ਰੁੱਕਦੇ ਰੁੱਕਦੇ ਇੱਕ ਦੁਜੇ ਨੂੰ ਟੱਕਰ ਵੀ ਮਾਰ ਦੇਣ, ਕੋਈ ਮਰ ਵੀ ਜਾਵੇ ਯਾ ਕੋਈ ਫੱਟੜ ਵੀ ਹੋ ਜਾਵੇ, ਅਸੀਂ ਲੋਕਾਂ ਨੂੰ ਧਕੇ ਨਾਲ ਰੋਕਣੋਂ ਨਹੀਂ ਟਲਣਾ। 
ਬਹੁਤੇ ਸ਼ਰਧਾਲੂ ਪੇਂਡੂ ਹੋਣ ਕਰਕੇ ਇਤਹਾਸ ਤੋਂ ਨਾਵਾਕਿਫ ਹੀ ਸਨ। ਬਸ ਉਨ੍ਹਾਂ ਨੂੰ ਏਹੀ ਪਤਾ ਸੀ ਕਿ ਅਸੀਂ ਤਾਂ ਸਾਹਿਬ ਜਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਚੱਲੇ ਹਾਂ। ਸ਼ਰਧਾਂਜਲੀ ਕਿਵੇਂ ਭੇਟ ਕਰਨੀ ਹੈ? ਸ਼ਰਧਾਂਜਲੀ ਦਾ ਕੀ ਮਤਲਬ ਹੁੰਦਾ ਹੈ? ਸਾਹਿਬ ਜਾਦਿਆਂ ਨੂੰ ਯਾਦ ਕਰਨਾ ਕੀ ਹੈ? ਇਸ ਵਾਕੇ ਤੋਂ ਅਸੀਂ ਕੀ ਸਿੱਖਿਆ ਲੈਣੀ ਹੈ? ਕੀ ਸਬਕ ਸਿੱਖਣਾ ਹੈ? ਕੀ ਅਸੀਂ ਘਰ ਬੈਠ ਕੇ ਵੀ ਸਾਹਿਬ ਜਾਦਿਆਂ ਨੂੰ ਯਾਦ ਕਰ ਸਕਦੇ ਹਾਂ? ਐਹੋ ਜਿਹੇ ਸਵਾਲਾਂ ਦੇ ਜਵਾਬ ਕਿਸੇ ਕੋਲ ਨਹੀਂ ਸਨ। ਇਨ੍ਹਾਂ ਚੋਹਾਂ ਦਿਨਾਂ ਵਿੱਚ ਮੈਂ ਕਈਆਂ ਨੂੰ ਇੱਕੜ-ਦੁੱਕੜ ਸਵਾਲ ਕਰਕੇ ਦੇਖੇ ਕਿਉਂਕਿ ਮੈਂ ਵੀ ਚਾਹ ਪੀਣ ਦੇ ਬਹਾਨੇ ਇਨ੍ਹਾਂ ਸ਼ਰਧਾਲੂਆਂ ਨਾਲ ਗੱਲ ਬਾਤ ਕਰਨ ਲਈ ਰੁਕਿਆ ਸਾਂ, ਹਾਲਾਂ ਕੇ ਮੈਂ ਚਾਹ ਪੀਦਾ ਹੀ ਨਹੀਂ। ਇਹ ਮੇਰਾ ਆਪਣਾ ਵਿਚਾਰ ਹੈ ਕਿ ‘ਦੇਖਾ ਦੇਖੀ ਸਭ ਕਰੈ’ ਦੇ ਮੁਤਾਬਕ ਸ਼ਹਿਰੀ ਲੋਕਾਂ ਵਾਂਗਰ ਪੇਂਡੂਆਂ ਕੋਲ ਪੈਸਾ ਬਹੁਤਾ ਨਹੀਂ ਹੁੰਦਾ ਇਸ ਕਰਕੇ ਉਨ੍ਹਾਂ ਨੇ ਘਰੋਂ ਬਾਹਰ ਨਿਕਲਣ ਦੇ ਅਨੰਦ ਨੂੰ ਮਾਨਣ ਲਈ ਇਹ ਰਾਹ ਲੱਭਿਆ ਲੱਗਦਾ ਹੈ।
ਜੇਕਰ ਇਹ ਲੋਕ ਇਤਹਾਸ ਤੋਂ ਕੋਰੇ ਹਨ ਤਾਂ ਇਨ੍ਹਾਂ ਦਾ ਕੀ ਕਸੂਰ। ਜਦੋਂ ਕਿ ਹਰਨਾਮ ਸਿੰਘ ਧੁੰਮੇ ਵਰਗੇ ਲੋਕ ਕੋਈ ਦਿੱਨ  ਅਜਾਈਂ ਜਾਣ ਹੀ ਨਹੀਂ ਦਿੰਦੇ, ਇਨ੍ਹਾਂ ਸਿੱਖੀ ਭਾਵਨਾਂ ਦੇ ਮੁਰੀਦਾਂ ਨੂੰ ਸਿੱਖ ਸਿਧਾਂਤ ਦੇ ਉਲਟ ਸਿੱਖਿਆ ਦੇਣ ਤੋਂ। ਕੁੱਝ ਦਿੱਨ ਪਹਿਲਾਂ ਹਰਨਾਮ ਸਿੰਘ ਧੁੰਮਾ ਦੀ ਵੀਡੀਓ ਫੇਸਬੁੱਕ ਤੇ ਘੁੰਮ ਰਹੀ ਸੀ ਤੇ ਧੁੰਮਾ ਬਾਣੀ ‘ਕੀਰਤਨ ਸੋਹਲਾ’ ਦੇ ਕੁਵੇਲੇ ਪੜ੍ਹਨ ਦੇ ਔਗਣ ਸੁਣਾ ਰਿਹਾ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਧੁੰਮਾ ਜੀਓ ਬਾਣੀ ਦਾ ਨਾਮ ‘ਕੀਰਤਨ ਸੋਹਿਲਾ’ ਨਹੀਂ ਸਗੋਂ ਸਿਰਫ ‘ਸੋਹਿਲਾ’। ਤੁਸੀਂ ਆਪਣੀਆਂ ਕਿਤਾਬਾਂ ਵਿੱਚ ਵੀ ਇਸ ਬਾਣੀ ਦਾ ਨਾਮ ਵਿਗਾੜ ਕੇ ‘ਕੀਰਤਨ ਸੋਹਿਲਾ’ ਹੀ ਲਿਖ ਦਿੱਤਾ ਹੈ ਜਿਸ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ। ਪਰ ਕੀ ਕਰੀਏ ਜਦੋਂ ਅਕਾਲ ਤਖਤ ਦਾ ਜੱਥੇਦਾਰ ਹੀ ਖੱਸੀ ਹੈ ਤੇ ਕੁੱਝ ਕਰਨ ਜੋਗਰਾ ਹੀ ਨਹੀਂ ਤਾਂ ਐਰੇ ਗੈਰੇ ਨੱਥੂ ਖੈਰੇ ਬਾਣੀ ਦਾ ਸਰੂਪ ਤਾਂ ਵਿਗਾੜਨਗੇ ਹੀ। ਜਦੋਂ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਤਰ੍ਹਾਂ ਹੈ; ਸੋਹਿਲਾ ਰਾਗੁ ਗਉੜੀ ਦੀਪਕੀ ਮਹਿਲਾ 1॥ ਧੁੰਮਾ ਜੀ ਜਦੋਂ ਗੁਰਸਿੱਖ ਪਿਆਰੇ ਦਸ ਵਜੇ ਸਵੇਰੇ ਅਖੰਡ-ਪਾਠ ਅਰੰਭ ਕਰਦੇ ਹਨ ਤਾਂ ਸੋਹਲਾ ਬਾਣੀ ਦਾ ਪਾਠ ਕਿਤਨੇ ਵਜੇ ਪੜ੍ਹਿਆ ਜਾਦਾ ਹੈ? ਅਖੰਡ ਪਾਠ ਸ਼ੁਰੂ ਕਰਨ ਤੋਂ ਤਕਰੀਬਨ 25-30 ਕੁ ਮਿੰਟ ਬਾਅਦ ਹੀ ਸੋਹਿਲਾ ਬਾਣੀ ਦਾ ਪਾਠ, ਜੋ ਪੰਨਾ ਨੰਬਰ 12 ਤੋਂ ਸ਼ੁਰੂ ਹੁੰਦਾ ਹੈ, ਪਾਠੀ ਪੜ੍ਹ ਦਿੰਦਾ ਹੈ। ਧੁੰਮਾ ਜੀ ਅੱਜ ਹਜ਼ਾਰਾਂ ਅਖੰਡ ਪਾਠਾਂ ਦੇ ਭੋਗ ਸਾਰੀ ਦੁਨੀਆਂ ਵਿੱਚ ਪਾਏ ਜਾਂਦੇ ਹਨ, ਇਸ ਤਰ੍ਹਾਂ ਕਰਕੇ ਧੁੰਮਾ ਜੀ ਸਾਰੇ ਗੁਰੂ ਸਹਿਬਾਨ ਤਾਂ ਆਪਣੇ ਪੈਰਾਂ ਯਾ ਲੱਤਾਂ ਵਿੱਚੋਂ ਕੰਢੇ ਹੀ ਕੱਢ ਰਹੇ ਹੋਣਗੇ? ਧੁੰਮਾ ਜੀ ਉਪਦੇਸ਼ ਦੇ ਰਹੇ ਸਨ ਕਿ ਕੋਈ  ਗੁਰਸਿੱਖ ‘ਕੀਰਤਨ ਸੋਹਲੇ’ ਦਾ ਪਾਠ ਦੁਪਿਹਰੇ ਕਰ ਰਿਹਾ ਸੀ ਤੇ ਓਧਰ ਗੁਰੂ ਦੀਆਂ ਲੱਤਾਂ ਤੇ ਝਰੀਟਾਂ ਵੱਜ ਰਹੀਆਂ ਸਨ। ਪੁੱਛਣ ਤੇ ਗੁਰੂ ਜੀ ਨੇ ਜਵਾਬ ਦਿੱਤਾ ਕਿ ਕੋਈ ਗੁਰਸਿੱਖ ਕੀਰਤਨ ਸੋਹਿਲੇ ਦਾ ਪਾਠ ਕੁਵੇਲੇ ਕਰ ਰਿਹਾ ਹੈ। ਧੁੰਮਾ ਜੀਓ! ਗੁਰਬਾਣੀ ਦਾ ਕੋਈ ਵੀ ਸਲੋਕ ਕਿਸੇ ਵੇਲੇ ਮਰਜੀ ਪੜ੍ਹੋ। ਗੁਰਬਾਣੀ ਦਾ ਫੁਰਮਾਣ ਹੈ:
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਏ॥ ਮ:3 ਪੰਨਾ 35॥
ਬਾਣੀ ਪੜ੍ਹ ਕੇ ਹੀ ਚੰਗੇ ਇਨਸਾਨ ਬਣਨ ਦੀ ਸਿੱਖਿਆ ਮਿਲਦੀ ਹੈ। ਸ਼ੁੱਭ ਗੁਣਾਂ ਵਾਲੇ ਇਨਸਾਨ ਹੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਯਾਦ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਤੋਂ  ਮਹਾਂਰਾਜੇ ਰਣਜੀਤ ਸਿੰਘ ਦਾ ਵੇਲਾ। ਤਕਰੀਬਨ 1947 ਦੇ ਸਮੇਂ ਦੇ ਉਜੜ ਕੇ ਗਏ ਗਰੀਬ ਮੁਸਲਮਾਨ ਜਿਹੜੇ ਅੱਜ ਵੀ ਜਿਉਂਦੇ ਹਨ। ਉਨ੍ਹਾਂ ਦੀਆਂ ਗੱਲ੍ਹਾਂ ਫੇਸਬੁੱਕ ਤੇ ਸੁਣਨ ਨੂੰ ਮਿਲਦੀਆਂ ਹਨ ਤੇ ਸੁਣ ਕੇ ਰੋਣ ਨਿਕਲ ਜਾਂਦਾ ਹੈ ਜਦੋਂ ਉਹ ਕਹਿੰਦੇ ਹਨ ਕਿ ਸਾਡੀ ਧੀ ਭੈਣ ਨੂੰ ਉਹ ਆਪਣੀ ਧੀ ਭੈਣ ਸਮਝਦੇ, ਵਿਆਹ ਸ਼ਾਦੀ ਸਮੇਂ, ਜਿਸ ਕੋਲੋਂ,ਜਿਤਨੀ ਮੱਦਦ ਹੋ ਸਕਦੀ, ਉਹ ਕਰਦੇ। 
ਕਿਉਂਕਿ ਗੁਰੂ ਜੀ ਸਰੀਰਕ ਤੋਰ ਤੇ ਇਸ ਸੰਸਾਰ ਵਿੱਚ ਨਹੀਂ ਹਨ, ਉਹ ਸ਼ਬਦ ਰੂਪ ਵਿੱਚ ਸਾਡੇ ਕੋਲ ਹਨ ਤੇ ਸ਼ਬਦ ਨੂੰ ਝਰੀਟਾਂ ਨਹੀਂ ਵੱਜ ਸਕਦੀਆਂ। ਧੁੰਮੇ ਨੇ ਇਹ ਕਹਾਣੀ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜੋੜ ਕੇ ਸੁਣਾਈ ਹੈ, ਜਦੋਂ ਕਿ ਸੋਹਿਲਾ ਬਾਣੀ ਵਿੱਚ ਮਹਿਲੇ ਚੌਥੇ ਅਤੇ ਪੰਜਵੇਂ ਦਾ ਇੱਕ ਇੱਕ ਸ਼ਬਦ ਵੀ ਹੈ। ਗੁਰਬਾਣੀ ਦਾ ਸਰੂਪ ਵਿਗਾੜਨ ਵਿੱਚ ਅਖੌਤੀ ਨਾਨਕਸਰੀਆਂ ਨੇ ਵੀ ਘੱਟ ਨਹੀਂ ਕੀਤੀ। ਇਨ੍ਹਾਂ ਦੇ ਛਾਪੇ ਗੁਟਕਿਆਂ ਵਿੱਚ ਬਾਣੀ ‘ਸੁਖਮਨੀ’ ਦਾ ਸਰੂਪ ਦੇਖੋ। ਇਨ੍ਹਾਂ ਇਹ ਵੀ ਸਾਬਤ ਕਰ ਦਿੱਤਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਬਾਣੀ ‘ਸੁਖਮਨੀ’ ਨਹੀਂ ਲਿਖਣੀ ਆਈ, ਇਸ ਕਰਕੇ ਹੀ ਅਸੀਂ ਇਹ ਵਾਧ ਘਾਟ ਕਰ ਰਹੇ ਹਾਂ।
ਜਦੋਂ ਸਿੱਖੀ ਦਾ ਕੇਂਦਰ ਅੰਮ੍ਰਿਤਸਰ ‘ਦਰਬਾਰ ਸਾਹਿਬ’ ਆਪ ਹੀ ਸਿਖ ਵਿਚਾਰਧਾਰਾ ਦੀਆਂ ਧੱਜੀਆਂ ਉਡਾ ਰਿਹਾ ਹੈ ਤਾਂ ਮੈਂ ਇਨ੍ਹਾਂ ਵਿਚਾਰੇ ਪੇਂਡੂ ਲੋਕਾਂ ਨੂੰ ਕੀ ਦੋਸ਼ ਦੇਵਾਂ। ਜਦੋ ਹਰ ਰੋਜ ਸਵੇਰੇ ਅਕਾਲ ਤਖਤ ਤੋਂ ਗੁਰੂ ਮਹਾਂਰਾਜ ਦਾ ਸਰੂਪ ਦਰਬਾਰ ਸਾਹਿਬ ਵੱਲ ਨੂੰ  ਲੈ ਕੇ ਜਾਂਦੇ ਹਨ ਤਾਂ ਵੇਖੋ ਫੁੱਲਾਂ ਦੀ ਕਿਵੇਂ ਵਰਖਾ ਕੀਤੀ ਜਾਂਦੀ ਹੈ। ਗੁਰਬਾਣੀ ਦਾ ਫੁਰਮਾਨ ਹੈ: 
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਓ॥ 
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥1॥ ਭਗਤ ਕਬੀਰ ਜੀ,ਪੰਨਾ 479॥ 
ਅੱਜ ਸਿੱਖ ਸਿੱਖੀ ਦੇ ਸਿਧਾਤਾਂ ਤੋਂ ਬਗੈਰ ਵਿਖਾਵੇ ਦਾ ਜੀਵਨ ਜਿਉ ਰਹੇ ਹਨ ਇਸ ਕਰਕੇ “ਨਾਨਕ ਦੁਖੀਆ ਸਭੁ ਸੰਸਾਰੁ” । 
ਸ਼ੋਸ਼ਲ ਮੀਡੀਆ ਕਰਕੇ ਇਸ ਕੁਕਰਮ ਦੀ ਨਕਲ ਅੱਜ ਹਰ ਪਿੰਡ ਹਰ ਘਰ ਵਿੱਚ ਕੀਤੀ ਜਾ ਰਹੀ ਹੈ। ਗੁਰਬਾਣੀ ਕਿਸ ਨੇ ਪੜ੍ਹਨੀ ਅਤੇ ਕਿਸ ਨੇ ਸਮਝਾਉਣੀ ਹੈ ਇਸ ਬਾਰੇ ਕਿਸੇ ਨੂੰ ਸੁਪਨਾ ਵੀ ਨਹੀਂ ਆਉਂਦਾ। ਦੋ ਚਾਰ ਸਾਲ ਪਿਛਾਹਾਂ ਨੂੰ ਧਿਆਨ ਮਾਰੀਏ ਤਾਂ ਗੁਰੂ ਗ੍ਰੰਥ ਪ੍ਰਕਾਸ਼ ਉੱਤਸਵ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਾਹਰਲੇ ਮੁਲਕਾਂ ਤੋਂ ਚਾਰ ਕਰੋੜ ਰੁਪੈ ਦੇ ਫੁੱਲ ਮੰਗਵਾ ਕੇ ਦਰਬਾਰ ਸਾਹਿਬ ਸਜਾਇਆ ਤੇ ਚਾਰ ਕੁ ਦਿੱਨਾਂ ਬਾਅਦ ਓਹ ਚਾਰ ਕਰੋੜ ਕੂੜੇ ਦਾ ਢੇਰ ਬਣ ਗਿਆ। ਜਦੋਂ ਕਿ ਇਸ ਚਾਰ ਕਰੋੜ ਰੁਪੈ ਨਾਲ ਕਿਸੇ ਇੱਕ ਪਿੰਡ ਦੇ ਗਰੀਬਾਂ ਯਾ ਇੱਕ ਪਿੰਡ ਦੀ ਹਾਲਤ ਸੁਧਾਰੀ ਜਾ ਸਕਦੀ ਸੀ। ਇਸ ਸਜਾਵਟ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਫਰਕ ਨਹੀਂ ਪਿਆ ਪਰ ਅੰਮ੍ਰਿਤਸਰ ਸ਼ਹਿਰ ਦੇ ਆਲੇ ਦੁਆਲੇ ਬਣ ਰਹੇ ਚੌਲ ਕਰਿਸਚੀਅਨਾਂ ਨੂੰ ਜ਼ਰੂਰ ਰੋਕਿਆ ਜਾ ਸਕਦਾ ਸੀ। 
‘ਭੁੱਖਾ ਮਰਦਾ ਕੀ ਨਹੀਂ ਕਰਦਾ’  ਇਸ ਮੁਹਾਵਰੇ ਨੂੰ ਜੇਕਰ ਸ਼੍ਰੋਮਣੀ ਕਮੇਟੀ ਦੇ ਕਰੰਦੇ ਆਪ ਯਾਦ ਰੱਖਣਗੇ ਤਾਂ ਉਨ੍ਹਾਂ ਦੇ ਆਪਣੇ ਢਿੱਡ ਕਿਵੇਂ ਭਰਨਗੇ? ਧੰਨਵਾਦ ਜੀਓ!
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132

 ਗੁਰੂ ਨਾਨਕ ਦਾ ਅਸਲੀ ਗੁਰਪੁਰਬ ਦਿਹਾੜਾ ਕਿਹੜਾ? - ਗੁਰਚਰਨ ਸਿੰਘ ਜਿਉਣ ਵਾਲਾ 

ਸਾਰੇ ਸਿੱਖ ਸਮਾਜ ਨੇ, ਦਿੱਲੀ,ਪਾਕਿਸਤਾਨ ਅਤੇ ਅੰਮ੍ਰਿਤਸਰ ਕਮੇਟੀ ਨੇ, ਟੀ.ਵੀ ਅਤੇ ਰੇਡੀਓ ਵਾਲਿਆਂ ਨੇ, ਬਾਹਰਲੇ ਮੁਲਕਾਂ ਵਾਲੇ ਗੁਰਦਵਾਰਿਆਂ ਤੇ ਸੱਜਣਾਂ ਮਿਤਰਾਂ ਅਤੇ ਨਾ-ਵਾਕਫ ਲੋਕਾਂ ਨੇ ਵੀ ਇਕ ਦੂਜੇ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਅਤਸ਼ਬਾਜ਼ੀ ਚਲਾਈ ਗਈ, ਵਾਤਾਵਰਣ ਪ੍ਰਦੂਸ਼ਤ ਕੀਤਾ ਗਿਆ, ਅਖੰਡ-ਪਾਠ ਖੋਲ੍ਹੇ ਗਏ, ਕੀਤੇ ਗਏ ਅਤੇ ਕਰਾਏ ਗਏ, ਹੋਰ ਲੁੱਟ ਲਈ ਸੰਪਟ-ਪਾਠ ਵੀ ਕੀਤੇ ਗਏ, ਪ੍ਰਸ਼ਾਦ ਵੰਡਿਆ ਗਿਆ ਤੇ ਖਾਧਾ ਗਿਆ, ਲੰਗਰ ਲਾਏ ਗਏ ਤੇ ਖਾਧੇ ਗਏ, ਟਕਸਾਲੀਆਂ ਨੇ 18-18 ਮੀਟਰ ਦੇ ਕਛਿਹਰੇ ਸਿਵਾਏ ਤੇ ਵੰਡੇ, ਨਾਨਕਸਰੀਆਂ ਦੀ ਝੂਠ ਦੀ ਦੁਕਾਨ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਬਾਬੇ ਨੰਦ ਸਿੰਘ ਦੀ ਆਦਮ ਕੱਦ ਦੀ ਫੋਟੋ ਦੀ ਪੂਜਾ ਕੀਤੀ ਗਈ, ਕਵਿਤਾਵਾਂ ਤੇ ਲੇਖ ਵੀ ਪੜ੍ਹੇ ਗਏ ਪਰ ਕੀ ਕਿਸੇ ਨੇ ਹੌਂਸਲੇ ਨਾਲ ਇਹ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਅੱਜ ਬਾਬਾ ਜੀ ਦਾ ਜਨਮ ਦਿਨ ਨਹੀਂ? ਰਸਮੋ ਰਸਮੀ ਮੇਰੇ ਇਕ ਜਾਣਕਾਰ ਮਿੱਤਰ ਰੇਡੀਓ ਵਾਲੇ ਨੇ ਵੀ ‘ਸਿਰੀ ਅਖੰਡ-ਪਾਠ ਸਾਹਿਬ ਜੀ’ ਦਾ ਰੇਡੀਓ ਤੋਂ ਸਿੱਧਾ ਪ੍ਰਸਾਰਣ ਕੀਤਾ, ਕਿਉਂਕਿ ਇਹ ਉਸਦਾ ਵਪਾਰ ਹੈ। ਪਰ ਕੀ ਖੱਟਿਆ ਕੀ ਕਮਾਇਆ ਇਸ ਬਾਰੇ ਸ਼ਾਇਦ ਹੀ ਕਿਸੇ ਸਿਆਣੇ ਵਿਅਕਤੀ ਨੇ ਸੋਚਿਆ ਹੋਵੇ। ਕਿਉਂਕਿ ‘ਜਸਵੰਤ ਜਫਰ’ ਜੀ ਦੀ ਕਵਿਤਾ ਮੁਤਾਬਕ ਤਾਂ ਅਸੀਂ ਅਸਲੀ ਨਾਨਕ ਦਾ ਧਿਆਨ ਧਰਨ ਤੋਂ ਵੀ ਡਰਦੇ ਹਾਂ, ਨਾਨਕ ਤੋਂ ਸਿੱਖਿਆ ਲੈਣੀ ਤਾਂ ਦੂਰ ਦੀ ਗੱਲ ਹੈ।
 
ਜਸਵੰਤ ਜਫਰ ਜੀ ਲਿਖਦੇ ਹਨ, “ ਲੰਬੇ ਪੈਂਡੇ ਦੀ ਧੂੜ ਨਾਲ ਲੱਥ-ਪੱਥ ਪਿੰਜਣੀਆਂ, ਲੰਮੇ ਸਫਰ ਕਰਕੇ ਪਾਟੀਆਂ ਅੱਡੀਆਂ, ਹਨੇਰੀਆਂ ਨਾਲ ਉਲਝੀ ਹੋਈ ਖੁਸ਼ਕ ਦਾਹੜੀ, ਬਰਫੀਲੀਆਂ ਹਵਾਵਾਂ ਨਾਲ ਝੰਬੀ ਹੋਈ ਚਿਹਰੇ ਦੀ ਪਕਰੋੜ ਚਮੜੀ ’ਤੇ ਪਕਰੋੜ ਚਮੜੀ ਵਿਚ ਉਭਰੀਆਂ ਹੋਈਆਂ ਦੋ ਉੱਚੀਆਂ ਹੱਡੀਆਂ, ਉੱਚੀਆਂ ਹੱਡੀਆਂ ਵਿਚ ਬੇਖੌਫ ਚਮਕਦੀਆਂ ਦੋ ਅੱਖਾਂ ਜੋ ਸਮਾਜ ਨੂੰ, ਸਰਕਾਰ ਨੂੰ ’ਤੇ ਹਰ ਕਿਸਮ ਦੇ ਰੀਤੀ ਰਵਾਜ ਨੂੰ ਟਿੱਚ ਕਰਕੇ ਜਾਣਦੀਆਂ ਹਨ। ਇਨ੍ਹਾਂ ਖਤਰਨਾਕ ਅੱਖਾਂ ਦਾ ਧਿਆਨ ਧਰਨਾ ਸਾਨੂੰ ਮਾਫਕ ਨਹੀਂ। ਸਾਨੂੰ ਤਾਂ ਸੋਭਾ ਸਿੰਘੀ ਬਾਬਾ, ਜਿਸਦੇ ਲਕਸ਼ਮੀ ਦੇਵੀ ਵਾਂਗੂ ਲਾਲ ਸੁਰਖ ਟਿਪਸੀ ਹੋਂਠ, ਗੋਲ ਮਟੋਲ ਮੁਲਾਇਮ ਗੱਲ੍ਹਾਂ, ਰੇਸ਼ਮੀ ਬਸਤਰ ਤੇ ਬਖਸ਼ਿਸਾਂ ਦਿੰਦਾ ਅਰਸ਼ੀ ਹੱਥ ਹੀ ਪਸੰਦ ਹੈ। ਸਾਨੂੰ ਤਾਂ ਚਾਹੀਦੀਆਂ ਹਨ ਦਾਤਾਂ ਤੇ ਵੱਧਦੀਆਂ ਵੇਲਾਂ, ਸੁੱਖ ਸ਼ਾਂਤੀ ਤੇ ਪੈਸਾ।
 
ਅਸਲੀ ਨਾਨਕ ਸਾਡੇ ਵਾਸਤੇ ਖ਼ਤਰਨਾਕ ਸਿੱਧ ਹੋ ਸਕਦਾ ਹੈ। ਸਾਡੇ ਘਰ ਢੁਆ ਸਕਦਾ ਹੈ ਅਤੇ ਨਾਲੇ ਪੁੱਤ ਮਰਵਾ ਸਕਦਾ ਹੈ”। ਕੱਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਇਹ ਸਾਬਤ ਕਰਦਾ ਹੈ ਕਿ ਗੁਰੂ ਨਾਨਕ ਦੇ ਅਕਾਲ ਚਲਾਣਾ ਕਰਨ ਤੋਂ 120 ਸਾਲ ਬਾਅਦ ਭਾਈ ਬਾਲੇ ਵਾਲੀ ਸਾਖੀ ਲਿਖੀ ਗਈ। ਇਸ ਨੂੰ ਮਲੇਰ ਕੋਟਲੇ ਵਾਲੇ ਐਸ. ਐਸ. ਪਦਮ ਜੀ, “ਬਾਲਾ ਬਲੱਫ” ਦਾ ਨਾਮ ਦਿੰਦੇ ਹਨ। ਵਿੱਚ ਵਿਚਾਲੇ ਫਸੇ ਹੋਏ ਅਸੀਂ ਧੰਦਾ ਪੱਟ ਰਹੇ ਹਾਂ। ਗੁਰੂ ਨਾਨਕ ਵਾਕ:
“ਧੰਦਾ ਪਿਟਿਹੋ ਭਾਈਹੋ ਤੁਮ੍ਹ ਕੂੜ ਕਮਾਵੋਹ੍ਹ”।।
‘ਜੰਡਿਆਲਾ ਗੁਰੂ ਕਾ’ ਦਾ ਮਸੰਦ ਹੰਦਾਲ, ਜਿਸ ਦਾ ਜਨਮ ਵੈਸਾਖ ਪੂਰਨਮਾਸ਼ੀ ਸੰਮਤ 1630 ਹੈ, ਦੀ ਮੌਤ ਤੋਂ ਬਾਅਦ ਉਸ ਦੀ ਔਲਾਦ ਬਾਲ ਚੰਦ ਅਤੇ ਬਿਧੀ ਚੰਦ ਹੀ ਇਸ ਕੂੜ ਦੇ ਪੋਥੇ ਦੇ ਘੜਨਹਾਰੇ ਹਨ। ਬਾਲ ਚੰਦ ਦੀ ਮੌਤ ਤੋਂ ਬਾਅਦ ਛੋਟੇ ਭਾਈ ਬਿਧੀ ਚੰਦ ਨੇ ਹੀ ਅਸਲ ਵਿੱਚ ਆਪਣੇ ਵੱਡੇ ਭਰਾ ਬਾਲ ਚੰਦ ਨੂੰ ‘ਭਾਈ ਬਾਲਾ’ ਬਣਾ ਕੇ ਗੁਰੂ ਨਾਨਕ ਦਾ ਸਮਕਾਲੀ ਅਤੇ ਹਮਸਫਰ ਬਣਾ ਕੇ ਸਾਰਾ ਕਾਰਾ ਕੀਤਾ। ਲਿਖਾਰੀ ਗੋਰਖ ਦਾਸ ਅਤੇ ਉਸ ਦਾ ਸਲਾਹਕਾਰ ਹੈ ਲਾਲਾ ਪੁੰਨੂੰ, ਜਿਨ੍ਹਾਂ ਨੇ ਰੜੇ ਲਹੌਰ ਵਿੱਚ ਇਹ ਜਨਮ ਸਾਖੀ ਤਿਆਰ ਕੀਤੀ ਅਤੇ ਉਸ ਵੇਲੇ ਕਰੋੜਾਂ ਰੁਪਏ ਦੀ ਲਾਗਤ ਨਾਲ ਸਾਰੇ ਮਹੱਤਵਪੂਰਨ ਸਿੱਖ ਅਸਥਾਨਾਂ ਉੱਤੇ 28 -28 ਰੰਗੀਨ ਚਿੱਤਰਾਂ ਨਾਲ ਸ਼ਿੰਗਾਰ ਕੇ, “ਜਨਮ ਸਾਖੀ ਭਾਈ ਬਾਲਾ” ਦੇ ਨਾਮ ਹੇਠ ਭੇਜੀ ਗਈ, ਅਤੇ ਜੋ ਵੀ ਪੁਰਾਣੀਆਂ ਜਨਮ ਸਾਖੀਆਂ ਉਪਲਬਧ ਹੋਈਆਂ, ਨੂੰ ਨਸ਼ਟ ਕਰਨ ਦਾ ਜ਼ਿੰਮਾ ਅਪਣੇ ਸਿਰ ਲੈ ਲਿਆ।  
 
ਅਸਲ ਨੂੰ ਨਸ਼ਟ ਕਰਨ ਨਾਲ ਹੀ ਨਕਲ ਟਿਕ ਸਕਦਾ ਹੈ। ਬਾਲਾ-2 ਰੂਪਾਂਤਰ ਵਾਲੇ ਖਰੜੇ ਦੇ ਅਖੀਰ ਤੇ ਦਰਜ ਹੈ: ਸਮੰਤੁ॥ 1715॥ਮਾਘ ਸੁਦੀ॥6 ਪੋਥੀ ਲਿਖੀ ਗੁਰ ਪ੍ਰਸਾਦਿ ਗੋਰਖ ਦਾਸ ਸੰਗਤ ਗੁਰੂ ਕਾ ਜਾਚਕ॥ ਵਾਹਗੁਰੂ ਸਤਿਗੁਰੂ ਜੀ॥ ਜੇ ਕਿਸੇ ਨੇ ਇਸ ਗੱਲ ਦੀ ਪੁਸ਼ਟੀ ਕਰਨੀ ਹੋਵੇ ਤਾਂ ਸੈਂਟਰਲ ਸਟੇਟ ਲਾਇਬਰੇਰੀ ਪਟਿਆਲਾ ਵਿਚ, ਜਨਮ ਸਾਖੀ ਭਾਈ ਬਾਲਾ, ਪਟਿਆਲਾ 1987, ਪੰਨਾ 151॥ ਅਤੇ ਹਾਸਲ ਬਹੁਤ ਖਰਚ ਕਛੁ ਨਾਹੀ ਕਰੇ ਤਗੀਰ ਨ ਕੋਈ॥ ਨਾਨਕ ਐਸੀ ਉਮਦੀ ਖਿਜਮਤਿ ਬਿਨਾ ਭਾਗ ਕਿਉਂ ਹੋਈ॥4॥ ਓਹੀ ਪੰਨਾ 463॥ ਤੋਂ ਕਰ ਸਕਦਾ ਹੈ। ਸਭ ਤੋਂ ਪਹਿਲਾਂ ਇਹ ਦੇਖੀਏ ਕਿ ਅਵਤਾਰ ਧਾਰਣਾ ਦਾ ਕੀ ਮਤਲਬ ਹੈ। ਜੇਕਰ ਇਹ ਲਿਖ ਦਿੱਤਾ ਜਾਵੇ ਕਿ ਬਾਬਾ ਜੀ ਦਾ ਜਨਮ ਦਿਨ ਵੈਸਾਖ ਦਾ ਹੈ ਤਾਂ ਕਈ ਮੂੜ੍ਹ ਮੱਤੀਏ ਗਲ਼ ਨੂੰ ਆਉਂਦੇ ਹਨ। ਮਹਾਨ ਕੋਸ਼ ਦੇ ਪੰਨਾ 88 ਮੁਤਾਬਕ: ਅਵਤਾਰ ਧਾਰਣਾ ਦੇ ਕਈ ਸਾਰੇ ਮਤਲਬ ਹਨ। ਸੰਗਯਾ- ਜਨਮ, ਜਨਮ ਗ੍ਰਿਹਣ, ਜਨਮ ਧਾਰਣਾ, ਉਤਰਨਾ, ਹੇਠ ਆਉਣ ਦੀ ਕ੍ਰਿਆ, ਪੁਰਾਣਮੱਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿਚ ਪ੍ਰਗਟ ਹੋਣਾ, ਚੌਬੀਸ ਅਵਤਾਰ ਅਤੇ ਦਸ ਅਵਤਾਰ;
ਅਵਤਾਰ ਨ ਜਾਨਹਿ ਅੰਤ॥
ਪਰਮੇਸਰ ਪਾਰਬ੍ਰਹਮ ਬੇਅੰਤ॥
ਗੁਰਬਾਣੀ ਦੇ ਕਰਤਿਆਂ ਨੇ ਆਪਣੀ ਬਾਣੀ ਵਿਚ ਦੇਵਤਾ-ਵਾਦ ਦਾ ਖੰਡਨ ਕੀਤਾ, ਪਰ ਅਸੀਂ ਤਾਂ ਗੁਰੂਆਂ ਨੂੰ ਵੀ ਦੇਵਤੇ ਬਣਾ ਕੇ ਹੀ ਛੱਡਣਾ ਹੈ। ਜੇਕਰ ‘ਦੇਵਤਾ’ ਦੇ ਜਨਮ ਨੂੰ ਅਵਤਾਰ ਧਾਰਣਾ ਪੁਰਾਣਾਂ ਮੁਤਾਬਕ ਠੀਕ ਹੈ ਤਾਂ ਸਾਨੂੰ ਇਹ ਬੋੱਲੀ ਬਦਲਣ ਦੀ ਲੋੜ ਹੈ। ਹੁਣ ਆਪਾਂ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਮੁਤਾਬਕ ਗੁਰੂ ਨਾਨਕ ਸਾਹਿਬ ਦੇ ਅਸਲੀ ਜਨਮ ਦਿਨ ਬਾਰੇ ਵਿਚਾਰ ਕਰਦੇ ਹਾਂ। ਉਹ ਗੁਰਪੁਰਬ ਨਿਰਣਯ ਦੇ ਪੰਨਾ 69 ਇਉਂ ਲਿਖਦੇ ਹਨ। (2) ਹੁਣ ਮੈਂ ਵਸਾਖ ਸੁਦੀ ਤਿੰਨ ਸੰਮਤ 1526 ਦੇ ਟਾਕਰੇ ਦੀਆਂ ਈਸਵੀ, ਪਰਵਿਸ਼ਟਾ ਅਤੇ ਹਿਜਰੀ ਤ੍ਰੀਕਾਂ ਲੱਭਦਾ ਹਾਂ: 14 ਮਾਰਚ ਮੰਗਲਵਾਰ ਨੂੰ ਚੇਤ ਸੁਦੀ ਪਹਿਲੀ ਹੈ: “ਗਿਣਤੀਆਂ ਮਿਣਤੀਆਂ ਨੂੰ ਇਸ ਕਰਕੇ ਲਿਖ ਨਹੀਂ ਰਿਹਾ ਕਿ ਲੇਖ ਕਾਫੀ ਲੰਬਾ ਹੋ ਜਾਏਗਾ ਅਤੇ ਮੇਰੇ ਵਰਗੇ ਸਧਾਰਣ ਮਨੁੱਖ ਦੀ ਸਮਝ ਤੋਂ ਵੀ ਪਰੇ ਦੀ ਗੱਲ ਹੈ”। ਅੱਗੇ ਲਿਖਦੇ ਹਨ : ਅਰਥਾਤ ਵਿਸਾਖ ਸੁਦੀ ਤਿੰਨ ਸੰਮਤ 1526 ਨੂੰ ਸ਼ਨਿਚਰਵਾਰ 15 ਅਪ੍ਰੈਲ ਸੰਨ 1469 ਈ: ਸੀ। ‘ਕੱਤਕ ਕਿ ਵਿਸਾਖ’ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਪਹਿਲੇ ਪਹਿਲ 1912 ਵਿਚ ਛਪੀ ਸੀ ਤੇ ਸਿਰਦਾਰ ਹੀਰਾ ਸਿੰਘ ਦਰਦ ਹੋਣਾ ਦੀ ਮਿਹਨਤ ਸਦਕਾ 1932 ਵਿੱਚ ਏਹੋ ਕਿਤਾਬ ਮੁੜ ਛਾਪੀ ਗਈ। ਭਾਈ ਵੀਰ ਸਿੰਘ ਨੇ ਸਟੇਜ ਤੋਂ ਇਹ ਐਲਾਨ ਕੀਤਾ, “ਕੱਤਕ ਕਿ ਵਿਸਾਖ ਸਿੱਖ ਕੌਮ ਲਈ ਅਤੀਅੰਤ ਕੀਮਤੀ ਸੌਗਾਤ ਹੈ” ਪਰ ਨਾਲ ਦੀ ਨਾਲ ਨਾਟਕੀ ਢੰਗ ਨਾਲ ਇਸ ਕਿਤਾਬ ਦੀ ਵਿਕਰੀ ਬੰਦ ਕਰਵਾ ਦਿੱਤੀ ਤੇ ਜੋ ਵੀ ਕਿਤਾਬ ਮਿਲੀ ਉਸ ਨੂੰ ਜ਼ਬਤ ਕਰ ਲਿਆ ਗਿਆ।
 
ਧੰਨਵਾਦੀ ਹਾਂ ਹੀਰਾ ਸਿੰਘ ਦਰਦ ਜੀ ਦੇ ਜਿਸ ਨੇ ਸਿਰਦਾਰ ਗੁਰਬਖਸ਼ ਸਿੰਘ ਬਾਗਬਾਨਪੁਰਾ ਦੀ ਲਾਇਬਰੇਰੀ ਵਿਚੋਂ ਇਕ ਕਾਪੀ ਪ੍ਰਾਪਤ ਕਰਕੇ 1932 ਵਿਚ ਇਸੇ ਕਿਤਾਬ ਨੂੰ ਮੁੜ ਤੋਂ ਪ੍ਰਕਾਸ਼ਤ ਕਰਕੇ ਸਿੱਖ ਕੌਮ ਨੂੰ ਵੱਡਮੁੱਲੀ ‘ਸੌਗਾਤ’ ਪ੍ਰਾਪਤ ਕਰਵਾਈ। ਇਸ ਕਿਤਾਬ ਦੇ ਪੰਨਾ 122 ਤੇ ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਹਨ ਕਿ “ਕੱਤਕ ਦਾ ਰਿਵਾਜ (ਮੈਕਾਲਿਫ ਸਾਹਿਬ ਦੇ ਕਥਨ ਅਨੁਸਾਰ) ਗਿਆਨੀ ਸੰਤ ਸਿੰਘ ਜੀ ਨੇ ਪਾਇਆ। ਮਿਸਟਰ ਮੈਕਾਲਿਫ ਕਾਰਨ ਦੱਸਦੇ ਹਨ ਕਿ ਕੱਤਕ ਪੂਰਨਮਾਸ਼ੀ ਨੂੰ ਰਾਮ ਤੀਰਥ ਦਾ ਮੇਲਾ ਹੋਣ ਕਰਕੇ ਸਾਰੇ ਸਿੱਖ ਓਧਰ ਚਲੇ ਜਾਂਦੇ ਸਨ। ਸੋ ਓਧਰੋਂ ਹਟਾੳਣ ਵਾਸਤੇ ਗਿਆਨੀ ਜੀ ਨੇ ਕੱਤਕ ਪੂਰਨਮਾਸ਼ੀ ਨੂੰ ਆਦਿ ਸਤਿਗੁਰੂ ਜੀ ਦੇ ਪ੍ਰਗਟ ਹੋਣ ਦਾ ਗੁਰਪੁਰਬ ਮਨਾਉਣਾ ਅਰੰਭ ਦਿੱਤਾ। ਬੱਸ ਫੇਰ ਕੀ ਸੀ, ਓਦੋਂ ਤਾਂ ਰਾਜ ਦੇ ਜ਼ੋਰ ਇਹ ਰਿਵਾਜ ਪਾ ਲਿਆ ਪਰ ਅੱਜ ਇਹ ਪੁਰਾਣਾ ਨਜ਼ਰ ਆ ਰਿਹਾ ਹੈ। 1925 ਦੀ ਹੀ ਗੱਲ ਹੈ ਕਿ ਸ੍ਰੀ ਨਨਕਾਣਾ ਸਾਹਿਬ ਕੱਤਕ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਅਰੰਭ ਹੋਇਆ, ਉਸ ਤੋਂ ਪਹਿਲਾਂ ਇਸ ਦਿਨ ਨੂੰ ਉਥੇ ਕੋਈ ਜਾਣਦਾ ਵੀ ਨਹੀਂ ਸੀ। ਸੱਠ ਕੁ ਵਰ੍ਹੇ ਏਸੇ ਤਰ੍ਹਾਂ ਹੋਰ ਲੰਘ ਗਏ ਤਾਂ ਲੋਕੀਂ ਆਖਣ ਲੱਗ ਪੈਣਗੇ ਜੋ ਇਹ ਗੁਰਪੁਰਬ ਮੁੱਢ ਤੋਂ ਹੀ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣੇ ਸਾਹਿਬ ਮਨਾਇਆ ਜਾਂਦਾ ਰਿਹਾ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਗਿਆਨੀ ਸੰਤ ਸਿੰਘ ਜੀ ਦੇ ਚਲਾਏ ਹੋਏ ਗੁਰਪੁਰਬ ਨੂੰ ਸਭ ਪੁਰਾਤਨ ਹੀ ਮੰਨ ਰਹੇ ਹਨ। ਮੇਰਾ ਆਪਣਾ ਵਿਚਾਰ ਹੈ ਕਿ ‘ਦਰਬਾਰ ਸਾਹਿਬ’ ਦਾ ਮੁੱਖ ਗ੍ਰੰਥੀ ਭਾਈ ਸੂਰਤ ਸਿੰਘ, ਜੋ ‘ਸਿੱਖਾਂ ਦੀ ਭਗਤਮਾਲਾ’ ਦਾ ਕਰਤਾ ਹੈ ’ਤੇ ਇਸ ਕਿਤਾਬ ਨੂੰ ਭਾਈ ਮਨੀ ਸਿੰਘ ਜੀ ਦੀ ਕ੍ਰਿਤ ਦੱਸਦਾ ਹੈ, ਦਾ ਪੁੱਤਰ ਗਿਆਨੀ ਸੰਤ ਸਿੰਘ ਹੈ ਜੋ ਨਿਰਮਲੇ ਸੰਪ੍ਰਦਾਇ ਨਾਲ ਸੰਬੰਧ ਰੱਖਦੇ ਸਨ ’ਤੇ ਵੀ ਅਸਰ ‘ਬਾਲਾ ਬਲੱਫ’ ਦਾ ਹੋਇਆ। ਜੰਡਿਆਲਾ ਗੁਰੂ ਕਿਆਂ ਵਾਲਿਆਂ ਨੇ ‘ਬਾਲਾ ਬਲੱਫ’ ਨੂੰ ਆਪਣੇ ਸਰਕਾਰੀ ਅਸਰ ਰਸੂਖ ਤੇ ਪੈਸੇ ਦੇ ਜ਼ੋਰ ਨਾਲ ਹਰ ਥਾਂ ਲਾਗੂ ਕਰਵਾਇਆ। ਜਨਮ ਸਾਖੀ ਬਾਲਾ ਨੂੰ ਛੱਡ ਕੇ ਹੋਰ ਕਿਸੇ ਵੀ ਜਨਮ ਸਾਖੀ ਵਿਚ ‘ਕੱਤਕ ਦੀ ਪੂਰਨਮਾਸ਼ੀ’ ਨੂੰ ਬਾਬੇ ਦਾ ਅਵਤਾਰ ਪੁਰਬ ਨਹੀਂ ਸਗੋਂ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਬੀ-40 ਜਨਮ ਸਾਖੀ: ਦਾ ਹੱਥ ਲਿਖਤ ਖਰੜਾ ਜੋ ਪਹਿਲਾਂ ਇੰਡੀਆ ਆਫਿਸ ਲਾਇਬਰੇਰੀ, (ਹੁਣ ਫਾਰਨ ਐਂਡ ਕਾਮਨਵੈਲਥ ਆਫਿਸ) ਲੰਡਨ ਵਿਚ ਸੁਰੱਖਿਅਤ ਹੈ ਭਾਈ ਬਾਲੇ ਦਾ ਨਾਮ ਨਿਸ਼ਾਨ ਹੀ ਨਹੀਂ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਵਸ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਇਸੇ ਦੀ ਕਾਪੀ ਜਦੋਂ ਭਾਈ ਵੀਰ ਸਿੰਘ ਨੂੰ ਪ੍ਰਾਪਤ ਹੋਈ ਤਾਂ ਉਸ ਨੇ ਇਸ ਨੂੰ ‘ਪੁਰਾਤਨ ਜਨਮ ਸਾਖੀ’ ਦਾ ਨਾਮ ਦਿੱਤਾ, ਹਾਫਜ਼ਾਬਾਦ ਵਾਲੀ ਜਨਮ ਸਾਖੀ, ਮਿਹਰਬਾਨ ਨੇ ਆਪਣੇ ਹੱਥੀਂ ‘ਪੋਥੀ ਸੱਚੁ ਖੰਡ’ 1619 ਈ: ਦੇ ਨੇੜੇ ਤੇੜੇ ਮੁਕੰਮਲ ਕਰਵਾਈ ਜੋ ਗੁਰੂ ਅਰਜਨ ਪਾਤਸ਼ਾਹ ਦਾ ਪਿਆਰਾ ਭਤੀਜਾ ਅਤੇ ਗੁਰੂ ਰਾਮਦਾਸ ਦਾ ਹੋਣਹਾਰ ਪੋਤਰਾ ਸੀ, ਨੇ ਵੀ ਜਨਮ ਅਸਥਾਨ ਦੇ ਵੇਰਵੇ ਸਮੇਤ ਜਨਮ ਦਿਵਸ ਵੈਸਾਖ ਸੁਦੀ 3 ਲਿਖਿਆ ਹੈ। ਇਕ ਹੋਰ ਮਹੱਤਵ ਪੂਰਣ ‘ਜਨਮ ਪਤ੍ਰੀ ਬਾਬੇ ਜੀ ਕੀ’ ਜਿਸਦਾ ਲੇਖਕ ਹੈ ਭਾਈ ਬੂਲਾ ਪਾਧਾ, ਗੁਰੂ ਅਮਰਦਾਸ ਦਾ ਸਿੱਖ ਤੇ ਭਾਈ ਗੁਰਦਾਸ ਦਾ ਨਿਕਟਵਰਤੀ, ਡੱਲੇ ਨਗਰ ਦਾ ਨਿਵਾਸੀ, ਜਿਸਨੇ ‘ਸਾਖੀ ਮਹਲੁ ਪਹਿਲੇ ਕੀ’ ਦੀ ਰਹਿੰਦੀ ਖੂੰਹਦੀ ਘਾਟ ਨੂੰ ਪੂਰਾ ਕੀਤਾ, ਇਸ ਲਿਖਤ ਵਿਚ ਵੀ ਜਨਮ ਦਿਵਸ ਵੈਸਾਖ ਸੁਦੀ 3 ਦਰਜ ਹੈ, ਜੋ 1598-99 ਈ: ਵਿਚ ਮੁਕੰਮਲ ਕੀਤੀ। ਮੁਜੰਗਾਂ, ਲਹੌਰ ਨਿਵਾਸੀ ਸੈਦੋ ਜੱਟ ਜੋ ਪਿਸ਼ਾਵਰ ਦੇ ਇਲਾਕੇ ਵਿਚ ਪ੍ਰਚਾਰਕ ਸੀ, ਨੇ 1657-58 ਵਿਚ ਇਕ ਜਨਮ ਸਾਖੀ ਦਾ ਨਿਰਮਾਣ ਕੀਤਾ ਜਿਸ ਨੂੰ ‘ਪੁਰਾਤਨ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਸਲੀਅਤ ਤੋਂ ਵਾਕਫ ਸੈਦੋ ਨੇ ਬਾਲੇ ਵਾਲੀ ਮਿਤੀ ਰੱਦ ਕਰਕੇ ਸੀਹੋਂ ਦੀ ‘ਸਾਖੀ ਮਹਲੁ ਪਹਿਲੇ ਕੀ’ ਵਾਲੀ ਪਰਮਾਣਕ ਮਿਤੀ ਨੂੰ ਅਧਾਰ ਬਣਾ ਕੇ ਆਪਣੀ ਲਾਜਵਾਬ ਸਾਖੀ ਦੀ ਸਿਰਜਣਾ ਕੀਤੀ। ਗੁਰੂ ਅਮਰਦਾਸ ਦੇ ਵੰਸਜ ਸਰੂਪ ਦਾਸ ਭੱਲਾ ਨੇ 1776 ਈ: ਵਿਚ ਮਹਿਮਾ ਪ੍ਰਕਾਸ਼ ਕਵਿਤਾ ਅਤੇ ਇਸੇ ਖਾਨਦਾਨ ਦੇ ਕਿਸੇ ਅਗਿਆਤ ਵਿਅਕਤੀ ਨੇ 19ਵੀਂ ਸਦੀ ਦੇ ਦੂਜੇ ਅੱਧ ਵਿਚ ਮਹਿਮਾ ਪ੍ਰਕਾਸ਼ ਵਾਰਤਕ ਨਾਮ ਦੀਆਂ ਰਚਨਾਵਾਂ ਵਿਚ ਜਨਮ ਦਿਵਸ ਵੈਸਾਖ ਸੁਦੀ 3 ਦਾ ਹੀ ਦਿੱਤਾ ਹੈ, ਕਿਉਂਕਿ ਇਹ ਗੁਰੂ ਕੀ ਲਹਿਰ ਦਾ ਪਰੰਪ੍ਰਾਗਤ ਅਸਰ ਸੀ। ਡੀ.ਏ.ਵੀ ਕੌਲਿਜ ਦਾ ਖਰੜਾ 2000 ਮਸਲਨ ਇਹ ਸਾਰੀਆਂ ਲਿਖਤਾਂ ਗੁਰੂ ਬਾਬਾ ਜੀ ਦਾ ਜਨਮ ਦਿਵਸ ਵਿਸਾਖ ਦਾ ਹੀ ਮੰਨਦੀਆਂ ਹਨ। ਜਨਮ ਪੱਤ੍ਰੀ ਦੀ ਪਹਿਲੀ ਪਰਤ, ਜੋ ਗੁਰੂ ਕੇ ਜੰਡਿਆਲੇ ਵਾਲੇ ਹੰਦਾਲਕਿਆਂ ਨੇ 1656-57 ਈ. ਦੇ ਲਾਗੇ ਚਾਗੇ ਤਿਆਰ ਕਰਵਾਈ ਕੁੱਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਜਨਮ ਪਤ੍ਰੀ ਨਾਨਕ ਵੇਦੀ ਦੀ॥ ਸੰਮਤ 1626॥ ਮਿਤੀ ਕਤਕ ਸੁਦੀ ਪੂਰਨਮਾਸੀ॥ ਨਾਨਕ ਜਨਮ ਲੀਤਾ॥ ਅਧੀ ਰਾਤ ਘੜੀ ਉਪਰਿ ਕਾਲੂ ਵੇਦੀ ਦੇ ਘਰਿ॥ ਕਾਲੂ ਦਾ ਪਰੋਹਿਤ ਹਰਿਦਿਆਲ ਬ੍ਰਹਮਣੁ ਆਹਾ ਅਤੇ ਨਾਲੇ ਗੁਰਦੇਵ ਆਹਾ॥ ਵਡੀ ਵੇਲਾ ਕਾਲੂ ਹਰਿਦਿਆਲ ਦੇ ਘਰਿ ਗਇਆ॥……….॥ ਤਾ ਬਾਲੇ ਵਿਦਾ ਲੀਤੀ ਤਲਵੰਡੀ ਗਇਆ॥ ਇਸ ਤੋਂ ਅੱਗੇ ਬਾਲਾ ਰੂਪਾਂਤਰ ‘ਇਕ’ ਜਨਮ ਸਾਖੀ ਤਿਆਰ ਕੀਤੀ ਗਈ। ਫਿਰ ਇਸ ਵਿਚ ਗੁਰੂ ਨਾਨਕ ਪਿਤਾ ਦੇ ਚਾਲ-ਚੱਲਣ/ਚਰਿਤ੍ਰ ਦਾ ਘਾਤ ਕਰਨ ਲਈ ਰੰਘੜੀ ਵਾਲੀ ਸਾਖੀ ਅਤੇ ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਨੂੰ ਇਹ ਕਹਿਣਾ ਕਿ ਰਾਤੀ ਆਪਣੀ ਲੜਕੀ ਨੂੰ ਬਣਾਏ ਕੇ ਲਈ ਆਵਣਾ(ਸਹਿਜ-ਕੁਸਹਿਜ ਵਾਲੀ ਸਾਖੀ) ਅਤੇ ਹੋਰ ਬਹੁਤ ਕੁੱਝ ਘੜ-ਘੜਾ ਕੇ ਬਾਲਾ ਰੂਪਾਂਤਰ 2 ਤਿਆਰ ਕਰਕੇ 28- 28 ਸੁਚਿਤਰਾਂ ਨਾਲ ਸ਼ੰਗਾਰ ਕੇ, ਕਈ ਦਹਾਕਿਆਂ ਬੱਧੀ ਇਹ ਕੰਮ ਚੱਲਦਾ ਰਿਹਾ, ਸਾਰੇ ਪਰਮੁੱਖ ਸਿੱਖ ਧਾਰਮਿਕ ਅਸਥਾਨਾਂ ਤੇ ਪਹੁੰਚਾਈ ਗਈ। ਬਾਲਾ ਰੂਪਾਂਤਰ 2 ਦੇ ਹੱਥ ਲਿਖਤ ਖਰੜੇ ਵਿਚ ਇਹ ਲਿਖ ਦਿੱਤਾ ਕਿ ਇਹ ਜਨਮ ਸਾਖੀ 1582 ਸੰਮਤ ਵਿਚ ਗੁਰੂ ਅੰਗਦ ਦੀ ਹਜ਼ੂਰੀ ਵਿਚ ਭਾਈ ਬਾਲੇ ਨੇ ਪੈੜੇ ਮੋਖੇ ਕੋਲੋਂ ਲਿਖਵਾਈ।
 
ਜਦੋਂ ਕਿ ਸੱਚ ਇਹ ਹੈ ਕਿ ਸੰਮਤ 1582/1525 ਈ. ਵਿਚ ਤਾਂ ਭਾਈ ਲਹਿਣਾ ਜੀ ਗੁਰੂ ਨਾਨਕ ਪਿਤਾ ਜੀ ਨੂੰ ਮਿਲੇ ਵੀ ਨਹੀਂ ਸਨ। ਪਿਆਰੇ ਲਾਲ ਬੇਦੀ, ਐਫ-17, ਜੰਗਪੁਰਾ ਭੋਗਲ, ਨਵੀ ਦਿਲੀ, ਨੂੰ ਪੁੱਜਿਆ ਸੰਮਤ 1770 (1713ਈ.) ਵਾਲਾ ਖਰੜਾ ਆਪ ਉਚੀ ਉਚੀ ਬੋਲ ਕੇ ਖੁਲਾਸਾ ਕਰਦਾ ਹੈ: “ ਜਨਮ ਪਤ੍ਰੀ ਬਾਬੇ ਨਾਨਕ ਕੀ ਸੰਪੂਰਨ ਹੋਈ॥ ਵੀਰਵਾਰ ਪਹਿਰ ਦਿਨ ਚੜੇ॥ ਸੰਮਤ 1770 ਦੇ ਬੀਤੇ ਹੋਇ ਮੁੱਕੀ। ਲਿਖਵਾਈ ਸੰਗਤ ਸਿੰਘ ਸੂਦ॥ ਲਿਖੀ ਆਤਮਾ ਸਿੰਘ ਸੂਦ॥ ਕੀਰਤਨਏ॥ ਵਿਚ ਰੜੇ ਲਹੌਰ ਦੇ ਅਗੇ ਲਾਗਤ ਪੋਥੀ ਲਿਖੀ 330 ਰੁਪਏ॥ ਜੋ ਅੱਜ ਦੀ ਕੀਮਤ ਅਨੁਸਾਰ ਤਿੰਨ ਲੱਖ ਤੀਹ ਹਜ਼ਾਰ ਰੁਪੈ ਬਣਦੀ ਹੈ। ਹੰਦਾਲਕਿਆਂ ਨੇ ਵੱਡੇ ਤਰੱਦਦ ਨਾਲ ਇਸ ਨੂੰ ਸਿੱਖ ਚਿੰਤਨ ਤੇ ਚੇਤਨਾ ਨੂੰ ਸੁੰਨ ਕਰਨਹਾਰੇ ਜ਼ਹਿਰ ਦੇ ਟੀਕੇ ਵਾਂਗ ਵਰਤਿਆ; ਸਦੀਆਂ ਲੰਘ ਗਈਆਂ; ਮੂਰਛਾ ਦੀ ਸ਼ਿਕਾਰ ਹੋਈ ਸਿੱਖ ਚੇਤਨਾ ਅਜੇ ਅੱਖ ਪੱਟ ਕੇ ਝਾਕਣ ਦਾ ਹੀਆ ਨਹੀਂ ਕਰ ਸਕੀ; ਪਰ ਇਹ ਮਰੀ ਨਹੀਂ, ਜਾਗੇਗੀ ਕਿਉਂਕਿ ਜਿਉਣ ਦਾ ਹੱਠ ਇਸ ਦਾ ਵਿਸ਼ੇਸ਼ ਖਾਸਾ ਹੈ। “ਸਾਖੀ ਪਰੰਪਰਾ ਵਿਚੋਂ ਕੇਵਲ ਜਨਮ ਸਾਖੀ ਬਾਲਾ ਹੀ ਸਾਨੂੰ ਗੁਰੂ ਨਾਨਕ ਪਿਤਾ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਦਾ ਦੱਸਦੀ ਹੈ ਅਤੇ ਸਾਨੂੰ ਇਸ ਅਣਹੋਏ ਸੱਚ ਨੂੰ ਸਵੀਕਾਰ ਕਰਨ ਨੂੰ ਮਜਬੂਰ ਕਰਦੀ ਹੈ। ਇਸ ਧਰਮ ਸੰਕਟ ਦਾ ਹੱਲ, ਪੂਰਨਮਾਸ਼ੀ ਵਾਲੀ ਮਿਤੀ ਨੂੰ ਕਿਸੇ ਇਕ, ਪਿਉ ਜਾਂ ਪੁੱਤਰ ਨਾਲ ਜੋੜ ਕੇ ਹੀ ਸੰਭਵ ਹੋ ਸਕਦਾ ਹੈ, ਦੋਵਾਂ ਨਾਲ ਨਹੀਂ। ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਚੰਦ ਦੀ ਜਨਮ ਮਿਤੀ ਮੰਨਣ ਲਈ ਸਾਡੇ ਕੋਲ ਬਹੁਤ ਹੀ ਪਰਮਾਣਕ ਸਬੂਤ ਹਨ ਜੋ ਭਰੋਸੇਯੋਗ ਸਰੋਤ ਤੋਂ ਆਏ ਹੋਣ ਕਰਕੇ ਅਕੱਟ ਹਨ। ਗੁਰੂ ਨਾਨਕ ਦੇ ਬੰਸ, ਦਸਵੀਂ ਪੀੜ੍ਹੀ, ਬਾਬਾ ਸੁਖਬਾਸੀ ਨੇ ਆਪਣੇ ਖਾਨਦਾਨ ਸਬੰਧੀ ਇਕ ਗਰੰਥ ‘ਨਾਨਕ ਬੰਸ ਪ੍ਰਕਾਸ਼’ ਸੰਮਤ 1872 (1815 ਈ:) ਵਿਚ ਰਚਨਾ ਕੀਤੀ।
 
ਜਿਸ ਵਿਚ ਸਪੱਸ਼ਟ ਲਿਖਿਆ ਹੈ: ਸੁਭ ਨਖਯਤ੍ਰ ਸੁਭ ਲਗਨ ਬਰ ਕਾਤਕ ਮਾਸ ਪੁਨੀਤ॥ ਸ੍ਰੀ ਚੰਦ ਸਤਿਗੁਰ ਪ੍ਰਗਟੇ ਅਦਭੁਤ ਨਿਰਮਲ ਚੀਤ॥ ਮਤਲਬ ਸ੍ਰੀ ਚੰਦ ਕਤਕ ਦੇ ਮਹੀਨੇ ਪੂਰਨਮਾਸ਼ੀ ਨੂੰ ਪੈਦਾ ਹੋਇਆ। ਇਸੇ ਗਰੰਥ ਵਿਚ ਗੁਰੂ ਨਾਨਕ ਦਾ ਜਨਮ ਵਿਸਾਖ ਸੁਦੀ 3 ਦਾ ਦੱਸਿਆ ਹੈ: ਸੰਬਤ ਬਿਕ੍ਰਮ ਨ੍ਰਿਪਤ ਕੇ ਪੰਦ੍ਰਹ ਸਤਿ ਖਟਿ ਬੀਸ॥ ਅਖਯ-(ਸੁਦੀ) ਤੀਜ ਤਿਥਿ ਮਾਸ ਬਰ ਮਾਧਵਿ(ਵੈਸਾਖ) ਪ੍ਰਗਟੇ ਈਸ॥ ਬਾਬਾ ਸੁਖਬੰਸੀ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਕੱਤਕ ਦੀ ਪੂਰਨਮਾਸ਼ੀ ਦੀ ਤਰੀਕ ਨੂੰ ਕੱਟ ਕੇ ਅਸਲੀ ਜਨਮ ਤਰੀਖ ਦੇਣ ਵਿਚ ਗੁਰੇਜ਼ ਨਹੀਂ ਕਰਦਾ”। ਇਹ ਸਾਰੀ ਸੂਚਨਾ ‘ਸਾਖੀ ਮਹਿਲ ਪਹਿਲੇ ਕੀ ਸਾਖੀਕਾਰ ਸੀਹਾਂ ਉਪਲ ਸੰਪਾਦਕ ਸ. ਸ. ਪਦਮ’ ਦੀ ਕਿਤਾਬ ਦੇ ਪੰਨਾ 102-103 ਤੇ ਦਰਜ ਹੈ।
 
ਜਦੋਂ ਇਹ ਸਾਰਾ ਕੁੱਝ ਵਾਪਰ ਰਿਹਾ ਸੀ ਤਾਂ ਵਿਸਨ ਸਿੰਘ ਨਾਂ ਦਾ ਇਕ ਪਰਬੁੱਧ ਇਨਸਾਨ ਵੀ ਕਾਰਜਸ਼ੀਲ ਸੀ, ਜਿਸ ਨੇ 1828 ਈ. ਵਿਚ ‘ਗਿਆਨ ਰਤਨਾਵਲੀ’ ਕ੍ਰਿਤ ਸੂਰਤ ਸਿੰਘ ਨੂੰ ਅਨਕੂਲ ਕੇ ਆਪਣੇ ‘ਗਿਆਨ ਰਤਨਾਗਰ ਕਾਵਿ ਗਰੰਥ’ ਦੀ ਰਚਨਾ ਕੀਤੀ। ਇਹ ਗਿਆਨੀ ਸੰਤ ਸਿੰਘ ਦਾ ਚੇਲਾ ਤੇ ‘ਗੁਰਪ੍ਰਤਾਪ ਸੂਰਜ ਗ੍ਰੰਥ’ ਵਾਲੇ ਰਾਜ ਕਵੀ ਸੰਤੋਖ ਸਿੰਘ ਦਾ ਗੁਰਭਾਈ ਸੀ, ਪਰ ਆਪਣੇ ਆਪ ਨੂੰ ਸੂਰਤ ਸਿੰਘ ਦਾ ਪੋਤਰਾ ਚੇਲਾ ਦੱਸਣ ਵਿਚ ਵਧੇਰੇ ਮਾਣ ਮਹਿਸੂਸ ਕਰਦਾ ਸੀ। 
 
ਉਸ ਦੀ ਵੀ ਸੁਣੋ, ਸੰਤੋਖ ਸਿੰਘ ਅਤੇ ਉਸ ਦੇ ਪੁਰਾਣੇ ਜਾਂ ਅਧੁਨਿਕ ਪਾਛੂਆਂ ਨੇ ਭਾਵੇਂ ਨਹੀਂ ਸੁਣੀ:
 
“ਜਬ ਹੰਦਾਲ ਸੁਰ ਲੋਕ ਪਧਾਰਾ। ਬਿਧੀ ਚੰਦ ਸੁਤ ਸਕਤੀਵਾਰਾ।
ਲਈ ਮਹੰਤੀ ਸਿਖ ਬਣਾਏ।ਤੁਰਕਨ ਕੀ ਗਨਕਾ ਇਕ ਗਾਇ।
ਸੋ ਆਪਣੇ ਗ੍ਰਹ ਆਨ ਵਸਾਈ। ਤਬ ਵਰਤਨ ਤਜ ਦੀਨ ਲੁਕਾਈ।
ਬਿਧੀ ਚੰਦ ਮਞੋਤ ਪ੍ਰਸੰਗਾ। ਲਿਖੇ ਗੁਰ ਧਾਰੀ ਹਿਤ ਸੰਗਾ।
ਆਗੇ ਗੁਰ ਕੀ ਸਾਖੀ ਨਾਹੀ। ਰਚੀ ਨਿੰਦਾ ਬਿਧ ਬਹੁਤ ਬਨਾਈ।
ਬਾਲੇ ਅੰਗਦ ਕੋ ਧਰ ਨਾਮਾ। ਪ੍ਰਥਮੇ ਹੀ ਝੂਠਾ ਕੀਓ ਕਾਮਾ।
ਪੰਦ੍ਰਹ ਸਹਸ ਪਚਾਸੀ ਮਾਹੀ। ਪੰਚਮ ਥਿਤ ਬੈਸਾਖ ਕੀ ਆਹੀ।
ਪੈੜੇ ਮੋਖੇ ਲਿਖੀ ਬਨਾਈ। ਗੁਰ ਅੰਗਦ ਗੁਰ ਮਿਲੇ ਨ ਭਾਈ”।
ਜੋ ਕੂੜ ਰਾਜ ਕਵੀ ਸੰਤੋਖ ਸਿੰਘ ਨੇ ਆਪਣੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ‘ਬਾਲਾ ਬਲੱਫ’ ਤੋਂ ਪ੍ਰਭਾਵਤ ਹੋ ਕੇ ਵਾੜਿਆ ਜਾਂ ਵਾੜਿਆ ਗਿਆ ਉਸ ਦਾ ਅਤੇ ਭਾਈ ਬਿਧੀ ਚੰਦ ਵਲੋਂ ਆਪਣੀ ਬੁਰਿਆਈ ਨੂੰ ਛਪਾਉਣ ਲਈ ਜੋ ਗੁਰੂ ਨਾਨਕ ਸਾਹਿਬ ਦਾ ਚ੍ਰਿਤਰ-ਘਾਤ ਕੀਤਾ ਗਿਆ ਹੈ ਉਸ ਨੂੰ ਭਾਈ ਵਿਸਨ ਸਿੰਘ ਨੇ ਆਪਣੀ ਉਪਰਲੀ ਕਵਿਤਾ ਵਿਚ ਨੰਗਾ ਕੀਤਾ ਹੈ। 
 
ਹੁਣ ਫੈਸਲਾ ਸਿੱਖ ਕੌਮ ਨੇ ਕਰਨਾ ਹੈ ਕਿ ਉਹ ਗੁਰੂ ਦਾ ਗੁਰਪੁਰਬ ਅਸਲੀ ਤਰੀਕ, ਵੈਸਾਖ ਸੁਦੀ ਤੀਜ, ਨੂੰ ਮਨਾਉਣਾ ਚਾਹੁੰਦੀ ਹੈ ਜਾਂ ਫਿਰ ‘ਬਾਲਾ ਬਲੱਫ’ ਦੀ ਵਰਤਾਈ ਹੋਈ ਨਕਲੀ ਤਰੀਕ, “ਕੱਤਕ ਦੀ ਪੂਰਨਮਾਸੀ” ਨੂੰ ਹੀ ਕੜ੍ਹੀ ਘੋਲਣਾ ਚਾਹੁੰਦੀ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 1647 966 3231

ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਜਾਕੀ ਚਾਦਰ - ਗੁਰਚਰਨ ਸਿੰਘ ਜਿਉਣ ਵਾਲਾ

ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਅਤੇ ਗੁਰੂ ਹਰਿ ਰਾਇ ਸਾਹਿਬ ਜੀ ਦੀ ਗੱਦੀ ਨਸ਼ੀਨੀ ਇਹ ਦੱਸਦੀ ਹੈ ਕਿ ਸਿੱਖ ਕੌਮ ਦੇ ਸਿਰਜਣਹਾਰੇ ਕਿੰਨੇ ਦੂਰ ਅੰਦੇਸ਼ ਸਨ। ਕੀ ਗੁਰੂ ਤੇਗ ਬਹਾਦਰ ਸਾਹਿਬ ਉਮਰ ਵਿਚ ਅਤੇ ਪੀੜ੍ਹੀ ਦਰ ਪੀੜ੍ਹੀ ਗੁਰੂ ਹਰਿ ਰਾਇ ਸਾਹਿਬ ਜੀ ਨਾਲੋਂ ਵੱਡੇ ਨਹੀਂ ਸਨ, ਜਦੋਂ ਗੁਰੂ ਹਰਿ ਰਾਇ ਜੀ ਨੂੰ ਗੁਰ-ਗੱਦੀ ਸੌਂਪੀ ਗਈ ਸੀ? ਕੀ ਉਦੋਂ ‘ਤਿਆਗ ਮੱਲ’ 12 ਸਾਲ ਦੀ ਉਮਰੇ ਅੰਮ੍ਰਿਤਸਰ, ਅੱਜ-ਕੱਲ੍ਹ ਖਾਲਸਾ ਕੌਲਿਜ ਵਾਲੀ ਥਾਂ, ਦੀ ਲੜਾਈ  ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾ ਕੇ ‘ਤੇਗ ਬਹਾਦਰ’ ਨਹੀਂ ਸੀ ਬਣ ਗਏ? ਕੀ ਉਸ ਵਕਤ ਤੇਗ ਬਹਾਦਰ ਗੁਰੂ ਬਣਨ ਦੇ ਯੋਗ ਨਹੀਂ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ-ਲੱਭਦਾ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਯਕੀਨੀ ਬਣ ਗਿਆ ਸੀ ਕਿ ਜੋ ਵੀ ਗੁਰੂ ਪਦਵੀ ਧਾਰਣ ਕਰੇਗਾ ਉਸ ਨੂੰ ਸਰਕਾਰ ਵਲੋਂ ਮੌਤ ਦਾ ਫਤਵਾ ਦਿੱਤਾ ਜਾਣਾ ਅਵੱਸ਼ ਹੈ। ਇਸੇ ਕਰਕੇ ਹੀ ਤਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕਿਸੇ ਨੇ ਗੁਰੂ ਬਣਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਵਿਰੋਧ ਨਹੀਂ ਕੀਤਾ। ਛੇਵੇਂ ਪਾਤਸ਼ਾਹ ਜੀ ਨੇ ਤੇਗ ਬਹਾਦਰ ਨੂੰ ਯੋਗ ਅਤੇ ਯੁੱਗ-ਪੁਰਸ਼ ਜਾਣ ਕੇ, ਦਿੱਲੀ ਸਰਕਾਰ ਦੀਆਂ ਨਜ਼ਰਾਂ ਤੋਂ ਦੂਰ, ਪ੍ਰਚਾਰ ਦੌਰਿਆਂ ਤੇ ਰਹਿਣ ਦੀ ਹਿਦਾਇਤ ਕੀਤੀ। ਆਪਣੇ ਪਿਤਾ, ਹਰਿ ਗੋਬਿੰਦ ਸਾਹਿਬ ਜੀ, ਦੇ ਜਿਉਂਦਿਆਂ-ਜਿਉਂਦਿਆਂ ਹੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ, ਕਰਤਾਰਪੁਰ, ਗੁਰੂ ਕਾ ਚੱਕ ਅਤੇ ਬਾਬਾ ਬਕਾਲਾ ਵਿਚ ਕਥਾ-ਵਾਰਤਾ ਕਰਦੇ ਰਹੇ ਹਨ। ਛੇਵੇਂ ਪਿਤਾ ਆਪਣੇ ਪੋਤਰੇ ਹਰਿ ਰਾਇ ਸਾਹਿਬ ਜੀ ਨੂੰ ਗੁਰ-ਗੱਦੀ ਸੌਂਪ ਕੇ, ਸ਼ਾਂਤ ਰਹਿਣ ਯਾ ਮੁਗਲੀਆ ਸਲਤਨਤ ਨਾਲ ਲੜਾਈਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦੇ ਕੇ, ਅਕਾਲ ਚਲਾਣਾ ਕਰ ਗਏ।
ਪਰ ਸਾਡੇ ਸਾਖੀਕਾਰਾਂ ਨੇ ਗੁਰੂ ਸਹਿਬਾਨ ਪ੍ਰਤੀ ਸਾਖੀਆਂ ਘੜ ਕੇ ਉਪਮਾ ਕਰਨ ਦੀ ਬਜਾਏ ਨਿੰਦਾ ਕੀਤੀ। ਲੋਕਾਂ ਨੂੰ ਖੰਡ ਵਿਚ ਲਪੇਟ ਕੇ ਜ਼ਹਿਰ ਦਿੱਤੀ, ਲੋਕਾਂ ਨੂੰ ਪਤਾ ਨਹੀਂ ਲੱਗਿਆ, ਪਰ ਉਹ ਨਿਗਲ ਗਏ, ਮਰੇ ਨਹੀਂ ਪਰ ਮਰਿਆਂ ਨਾਲੋਂ ਵੱਧ ਮੂਰਛਤ ਕਰ ਦਿੱਤੇ ਗਏ ਅਤੇ ਅੱਜ ਵੀ ਬੇਹੋਸ਼ੀ ਅਤੇ ਬੇਸਮਝੀ ਦੀ ਹਾਲਤ ਵਿਚ ਸਿੱਖ ਕੌਮ ਸਿਰ ਸੁੱਟੀ ਜ਼ਿੰਦਗੀ ਬਸਰ ਕਰ ਰਹੀ ਹੈ। ਬੀਬੀ ਭਾਨੀ ਜੀ ਆਪਣੇ ਪਿਤਾ, ਤੀਸਰੇ ਪਾਤਸ਼ਾਹ ਜੀ, ਤੋਂ ਗੁਰ ਗੱਦੀ ਨੂੰ ਆਪਣੇ ਘਰ ਰੱਖਣ ਲਈ ਵਰ ਮੰਗਦੀ ਦਿਖਾ ਕੇ ਸਿੱਖ ਸਿਧਾਂਤ ਨੂੰ ਘੱਟੇ ਰੋਲਿਆ ਹੈ। ਜਦੋਂ ਕਿ ਸਿੱਖੀ ਵਿਚ ਨਾ ਵਰ ਨਾ ਸਰਾਪ। ਗੁਰੂ ਨਾਨਕ ਪਿਤਾ ਜੀ ਬਾਬਾ ਲਹਿਣਾ ਜੀ ਨੂੰ ਨਿਰਖ-ਪਰਖ ਕਰਕੇ ਗੁਰੂ-ਗੱਦੀ ਸੌਂਪਦੇ ਹਨ ਅਤੇ ਇਹ ਪ੍ਰੰਪਰਾ ਅੱਗੇ ਤੋਂ ਅੱਗੇ ਕਿਸੇ ਗੁਰੂ ਵਿਅਕਤੀ ਨੇ ਨਹੀਂ ਤੋੜੀ।
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥
ਸਹਿ ਟਿਕਾ ਦਿਤੋਸੁ ਜੀਵਦੈ ॥੧॥ ਪੰਨਾ 966॥
ਅਤੇ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥ ਪੰਨਾ 967॥
ਬਾਬਾ ਬੁੱਢਾ ਜੀ ਮਾਤਾ ਗੰਗਾ ਨੂੰ ਵਰ ਦਿੰਦੇ ਹਨ ਕਿ ਮੁਗਲਾਂ ਦੇ ਸਿਰ ਭੰਨਣ ਵਾਲਾ ਯੋਧਾ ਤੁਹਾਡੇ ਘਰ ਪੈਦਾ ਹੋਵੇਗਾ ਜਦੋਂ ਕਿ ਇਹ ਵਰ-ਸਰਾਪ ਦੀ ਕਹਾਣੀ, ਗੁਰਬਾਣੀ ਮੁਤਾਬਕ:
ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥
ਵੀ ਝੂਠੀ ਹੈ। ਗੁਰੂ ਹਰਿ ਰਾਇ ਸਾਹਿਬ ਤੇਗ ਬਹਾਦਰ ਨੂੰ ਪ੍ਰਚਾਰ ਦੇ ਯੋਗ ਸਮਝ ਕੇ ਸਿੱਖੀ ਦੇ ਮੁੱਖ ਕੇਂਦਰ ਤੋਂ ਦੂਰ ਅਤੇ ਮੁਗਲ ਸਾਮਰਾਜ ਦੀਆਂ ਨਜ਼ਰਾਂ ਤੋਂ ਵੀ ਦੂਰ ਰਹਿਣ ਦਾ ਉਪਦੇਸ਼ ਦੇ ਕੇ ਪੂਰਬ ਵੱਲ ਨੂੰ ਤੋਰ ਦਿੰਦੇ ਹਨ। ਇਸਦੇ ਸਬੂਤ ‘ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ’ ਵਿਚੋਂ ਮਿਲਦੇ ਹਨ ਜਿਸ ਦੀ ਬਦੌਲਤ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਦੀ ਤੈਦਾਦ ਵਿਚ ਲੋਕ ਹਥਿਆਰ-ਬੰਦ ਹੋ ਕੇ ਅਨੰਦਪੁਰ ਵੱਲ ਵਹੀਰਾਂ ਘੱਤ ਕੇ ਆਏ। ਇਸ ਕਰਕੇ ਹੀ ਦਸਵੇਂ ਪਾਤਸ਼ਾਹ, ਬਾਈਧਾਰ ਦੇ ਪਹਾੜੀ ਰਾਜਿਆਂ ਨਾਲ, ਜੋ ਸਿੱਖ ਲਹਿਰ ਤੋਂ ਖਫਾ ਸਨ, ਅਨੰਦਪੁਰ ਅਤੇ ਆਸ-ਪਾਸ ਦੀਆਂ ਜੰਗਾਂ ਲੜ ਸਕੇ। 
ਜਿਸ ਸਿੱਖ-ਲਹਿਰ ਦੇ ਬਾਨੀਆਂ ਨੇ ਖੁੱਡਾਂ ਵਿਚ ਵੜੇ ਸਿੱਧਾਂ, ਜੋਗੀਆਂ ਅਤੇ ਪੀਰਾਂ ਫਕੀਰਾਂ, ਡਾਕੂਆਂ ਅਤੇ ਲੁਟੇਰਿਆਂ ਨੂੰ ਬਾਹਰ ਕੱਢਕੇ ਲੋਕ-ਭਲਾਈ ਦੇ ਕੰਮ ਲਾਇਆ, ਅੱਜ ਅਸੀਂ ਉਸੇ ਲਹਿਰ ਦੇ ਮੋਢੀਆਂ ਨੂੰ ਭੋਰਿਆਂ ਵਿਚ ਤਪ ਕਰਦੇ ਦਿਖਾ ਕੇ ਫਖਰ ਮਹਿਸੂਸ ਕਰਦੇ ਹਾਂ, ਜਦੋਂ ਕਿ ‘ਜਪ ਅਤੇ ਤਪ’ ਨੂੰ ਸਿੱਖੀ ਵਿਚ ਕੋਈ ਥਾਂ ਹੀ ਨਹੀਂ। ਜਿਵੇ:
ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ॥
ਜਾ ਕੈ ਰਿਦੈ ਭਾਉ ਹੈ ਦੂਜਾ ॥੧॥ ਪੰਨਾ 324, ਭਗਤ ਕਬੀਰ ਜੀ ॥
ਕਿਸੇ ਲਿਖਾਰੀ ਨੇ 22 ਸਾਲ ਅਤੇ ਕਿਸੇ 25-26 ਸਾਲ ਗੁਰੂ ਤੇਗ ਬਹਾਦਰ ਜੀ ਨੂੰ ਭੋਰੇ ਵਿਚ ਤਪ ਕਰਨ ਲਈ ਵਾੜ ਦਿੱਤਾ। ਜੋ ਸਰਾ-ਸਰ ਗਲਤ ਅਤੇ ਮਨਘੜਤ ਹੈ। ਭੋਰਿਆਂ ਵਿਚ ਬੈਠਣ ਵਾਲੇ ਕੌਮਾਂ ਨਹੀਂ ਸਿਰਜ ਸਕਦੇ, ਸਮਾਜ ਸੁਧਾਰ ਲਈ ਆਪਣੀ ਚੀਚੀ ਦੇ ਨਹੁੰ ਤੇ ਝਰੀਟ ਵੀ ਨਹੀਂ ਸਹਾਰ ਸਕਦੇ, ਕੌਮ ਦੀ ਖਾਤਰ ਅਤੇ ਲੋਕਾਂ  ਦੇ ਜਮੂਹਰੀ ਹੱਕਾਂ ਲਈ ਬਲੀਦਾਨ ਦੇਣਾ ਤਾਂ ਦੂਰ ਦੀ ਗੱਲ। ਅੱਜ ਦੇ ਕਿਸੇ ਸਾਧੜੇ ਨੂੰ ਦੇਖ ਲਓ। ਇਸ ਦੀ ਮਿਸਾਲ ਅੱਜ ਢੱਢਰੀਆਂ ਵਾਲਾ ਹੈ, ਜਿਹੜਾ ਹਰ ਰੋਜ਼ ਲੱਖ ਕੁ ਰੁਪੈ ਦੀ ਵਰਦੀ ਬਦਲਦਾ ਹੈ ਆਪਣੇ ਮੂਰਖ ਚੇਲਿਆਂ ਨੂੰ 500-500 ਡਾਲਰ ਮੱਥਾ ਟੇਕਣ ਲਈ ਕਹਿੰਦਾ ਹੈ। ਲੋਕ ਸਰਕਾਰੀ ਅੱਤਿਆਚਾਰ ਕਰਕੇ ਤੜਫ ਰਹੇ ਹੁੰਦੇ ਹਨ, ਪਰ ਬਾਬਾ ਜੀ ‘ਵਾਹਿ ਗੁਰੂ’ ਦਾ ਜਾਪ ਕਰਨ ਦੀ ਗੱਲ ਕਰਕੇ ਪੱਲਾ ਝਾੜ ਕੇ ਤੁਰਦੇ ਬਣਦੇ ਹਨ। ਲੋਕੋ! ਚਾਹੇ ਤੁਸੀਂ ਗੱਲ 1984 ਦੀ ਕਰੋ ਤੇ ਚਾਹੇ ਅੱਜ ਦੀ, “ਕਰੋਨਾ ਵਾਇਰਸ” ਦੀ, ਲੋਕਾਂ ਦਿਆਂ ਟੁਕੜਿਆਂ ਤੇ ਪਲਣ ਵਾਲਿਆਂ ਕਦੀ ਕਿਸੇ ਦੀ ਕੋਈ ਮੱਦਦ ਨਹੀਂ ਕੀਤੀ। ਢੱਢਰੀਆਂ ਵਾਲਾ ਤਾਂ ਸਗੋਂ ਕਿਸਾਨ ਅੰਦੋਲਨ ਦੇ ਉਲਟ ਹੀ ਭੁਗਤ ਰਿਹਾ ਸੀ। ਕੀ ਇਸ ਨੇ ਕਿਸੇ ਨੂੰ ਇਕ ਕੱਪ ਚਾਹ ਦਾ ਪਿਲਾਇਆ ਹੈ? ਨਹੀਂ।
ਦੂਸਰੇ ਪਾਸੇ ਗੁਰੂ ਤੇਗ ਬਹਾਦਰ ਜੀ ਲੋਕਾਂ ਨੂੰ ਸ਼ਿਕਾਰ ਕਰਨਾ ਸਿਖਾਉਂਦੇ ਹਨ ਜਦੋਂ ਕਿ ਸਰਕਾਰ ਨੇ ਹਥਿਆਰ ਰੱਖਣੇ ਅਤੇ ਸ਼ਿਕਾਰ ਕਰਨ ਦੀ ਮਨਾਹੀ ਕੀਤੀ ਹੋਈ ਹੈ। ਇਸੇ ਵਜ੍ਹਾ ਕਰਕੇ 1665 ਈ: ਵਿੱਚ ਗੁਰੂ ਜੀ ਧਮਧਾਨ ਦੇ ਅਸਥਾਨ ਤੋਂ ਗ੍ਰਿਫਤਾਰ ਕੀਤੇ ਗਏ। ਪਰ ਜੈਪੁਰੀਏ ਰਾਜੇ, ਰਾਮ ਸਿੰਹ, ਦੀ ਸਿਫਾਰਸ਼ ਕਰਨ ਉਪਰੰਤ ਗੁਰੂ ਜੀ ਨੂੰ ਛੱਡ ਦਿਤਾ ਗਿਆ। ਇਸ ਤੋਂ ਬਾਅਦ 1670 ਵਿਚ ਜਦੋਂ ਗੁਰੂ ਜੀ ਪੂਰਬੀ ਇਲਾਕਿਆਂ ਵਿਚ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ ਤਾਂ ਆਗਰੇ ਤੋਂ ਗ੍ਰਿਫਤਾਰ ਕਰ ਲਏ ਗਏ ਇਸ ਵਾਰ ਵੀ ਜੈਪੁਰੀਆਂ ਦੀ ਮੱਦਦ ਨਾਲ ਗੁਰੂ ਜੀ ਨੂੰ ਰਿਹਾ ਕਰ ਦਿੱਤਾ ਗਿਆ। ਪਰ 1675 ਈ: ਵਿਚ ਜਦੋਂ ਔਰੰਗਜ਼ੇਬ ਜ਼ਬਰਨ ਲੋਕਾਂ ਨੂੰ ਮੁਸਲਮਾਨ ਬਣਾ ਰਿਹਾ ਸੀ ਤਾਂ ਕਸ਼ਮੀਰੀ ਪੰਡਿਤਾਂ ਨੇ ਗੁਰੂ ਜੀ ਕੋਲ 25 ਮਈ 1675 ਈ: ਨੂੰ ਅਨੰਦਪੁਰ ਆ ਕੇ ਫਰਿਯਾਦ, “ਸਾਨੂੰ ਬਚਾਓ, ਸਾਡੀ ਮੱਦਦ ਕਰੋ, ਸਾਡੀ ਬਾਂਹ ਪਕੜੋ” ਕੀਤੀ। ਇਸ ਵਕਤ ਔਰੰਗਜ਼ੇਬ ਦੱਖਣ ਦੀ ਮੁਹਿੰਮ ਤੇ ਗਿਆ ਹੋਇਆ ਸੀ। ਪਰ ਕਸ਼ਮੀਰ ਦੇ ਸੂਬੇਦਾਰ ਨੇ ਸੂਹੀਏ ਰਾਹੀਂ ਇਹ ਖਬਰ ਦਿੱਲੀ ਦਰਬਾਰ ਪਹੁੰਚਦੀ ਕਰ ਦਿੱਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਵੀ ਜਾਰੀ ਹੋ ਗਏ। ਇਹ ਕਹਾਣੀ ਸੱਚੀ ਹੈ ਯਾ ਝੂਠੀ,ਇਸ ਬਾਰੇ ਹੋਰ ਖੋਜ ਦੀ ਲੋੜ ਹੈ। ਪਰ ਗੁਰੂ ਜੀ ਗੁਰੂ ਬਾਬੇ ਨਾਨਕ ਜੀ ਦੇ ਨਿਰਮਲ ਪੰਥ ਨੂੰ ਨਿਰਾਲਾ ਤੇ ਹੋਰ ਤਕੜਾ ਕਰਨ ਹਿਤ ਪੂਰਬੀ ਦੌਰਿਆਂ ਤੋਂ ਵਾਪਸ ਆਉਂਦਿਆਂ ਨੂੰ ਹੀ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ।
ਇਸ ਤੋਂ ਪਹਿਲਾਂ ਕਿ ਮੁਗਲ ਹਕੂਮਤ ਦੇ ਕਰਿੰਦੇ ਗੁਰੂ ਜੀ ਨੂੰ ਆ ਕੇ ਪਕੜਦੇ ਗੁਰੂ ਜੀ ਆਪ ਹੀ 10 ਜੁਲਾਈ 1675 ਈ: ਨੂੰ ਦਿੱਲੀ ਵੱਲ ਨੂੰ ਚੱਲ ਪਏ ਅਤੇ ਅਗਲੇ ਦਿਨ ਗੁਰੂ ਜੀ ਨੂੰ ਮਲਕਪੁਰ ਰੰਘੜਾਂ ਤੋਂ ਮੋਰਿੰਡੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮੋਰਿੰਡੇ ਦੇ ਥਾਣੇਦਾਰ ਨੂਰ ਮੁਹੰਮਦ ਹਸਨ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਮੇਤ ਗੁਰੂ ਜੀ ਨੂੰ ਗ੍ਰਿਫਦਾਰ ਕਰਕੇ ਸੂਬਾ ਸਰਹਿੰਦ ਦੇ ਹੁਕਮ ਅਨੁਸਾਰ ਬੱਸੀ ਪਠਾਣਾਂ ਦੇ ਕਿਲੇ ਵਿਚ ਬੰਦ ਕਰ ਦਿੱਤਾ। ਨਕਸ਼ਬੰਦੀ ਫਿਰਕੇ ਦੇ ਸਰਹਿੰਦ ਦੇ ਕਾਜ਼ੀ, “ਸ਼ੈਖ ਸੈਫ-ਉਦ-ਦੀਨ” ਵਾਰਤਾਲਾਪ ਕਰਕੇ ਗੁਰੂ ਜੀ ਨੂੰ ਮੁਸਲਮਾਨ ਬਣਾਉਣ ਵਿਚ ਜਦੋਂ ਨਾਕਾਮਯਾਬ ਰਹੇ ਤਾਂ ਉਸ ਨੇ ਦਿੱਲੀ ਦਰਬਾਰ ਨੂੰ ਲਿਖ ਭੇਜਿਆ ਕਿ ਗੁਰੂ ਜੀ ਗੱਲਾਂ-ਬਾਤਾਂ ਨਾਲ ਮੁਸਲਮਾਨ ਧਰਮ ਕਬੂਲ ਨਹੀਂ ਕਰਨਗੇ। ਸ਼ਾਇਦ ਤਲਵਾਰ ਦੇ ਡਰ ਨਾਲ ਮਨਾਏ ਜਾ ਸਕਣ। ਕਾਫੀ ਲੰਮੀ ਚਰਚਾ-ਵਾਰਤਾ ਅਤੇ ਤਸੀਹੇ ਦੇਣ ਤੋਂ ਬਾਅਦ 3 ਨਵੰਬਰ 1675 ਈ: ਗੁਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਦਿੱਲੀ ਕੋਤਵਾਲੀ ਵਿਚ ਬੰਦ ਕਰ ਦਿਤਾ ਗਿਆ। 11 ਨਵੰਬਰ ਨੂੰ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਕ ਵਿਚ, ਪਾਣੀ ਨਾਲ ਭਰੀ ਵੱਡੀ ਦੇਗ ਵਿਚ ਬੰਨ੍ਹ ਕੇ, ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਮਗਰੋਂ ਭਾਈ ਮਤੀ ਦਾਸ ਨੂੰ ਦੋ ਲੱਕੜਾਂ ਦੇ ਸ਼ਿਕੰਜੇ ਵਿਚ ਬੰਨ੍ਹ ਕੇ ਆਰੇ ਨਾਲ ਚੀਰ ਦਿੱਤਾ ਅਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ,ਅੱਗ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸ਼ਾਮ ਦੇ ਵਕਤ ਕਾਜ਼ੀ ਦੇ ਆਖਰੀ ਫਤਵੇ ਮਗਰੋਂ ਜੱਲਾਦ, ਜਲਾਲ-ਉਦ-ਦੀਨ, (ਸਮਾਣੇ ਵਾਲੇ)  ਨੇ ਗੁਰੂ ਜੀ ਨੂੰ ਤਲਵਾਰ ਦੇ ਇਕੋ ਝਟਕੇ ਨਾਲ ਸ਼ਹੀਦ ਕਰ ਦਿਤਾ।
ਗੁਰੂ ਸਾਹਿਬ ਦੀ ਸ਼ਹਾਦਤ ਨੂੰ ‘ਸਿਰੀ ਗੁਰੂ ਸੋਭਾ’ ਗ੍ਰੰਥ ਦਾ ਲਿਖਾਰੀ, ਕਵੀ ਸੈਨਾਪਤਿ ਯਾ ਸੈਣਾ ਸਿੰਘ ਆਪਣੇ ਲਫਜਾਂ ਵਿਚ ਇੰਜ ਬਿਆਨ ਕਰਦਾ ਹੈ: 
ਪ੍ਰਗਟ ਭਏ ਗੁਰੂ ਤੇਗ ਬਹਾਦਰ।
ਸਗਲ ਸ੍ਰਿਸਟ ਪੈ ਜਾਕੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ।
ਅਟਲ ਕਰੀ ਕਲਿਯੁਗ ਮੈਂ ਸਾਖੀ॥ 14॥ ਪੰਨਾ 10, ਸਿਰੀ ਗੁਰੂ ਸੋਭਾ (ਕਵਿ ਸੈਨਾਪਤਿ ਰਚਿਤ ॥
ਅਤੇ ਗੁਰੂ ਪੰਥ ਪ੍ਰਕਾਸ਼ ਦਾ ਲਿਖਾਰੀ ਇਉਂ ਲਿਖਦਾ ਹੈ:
ਤੇਗ ਬਹਾਦਰ ਫਿਰ ਗੁਰ ਭਯੋ॥
ਪਰਸਵਾਰਥ ਹਿਤਿ ਜਿਨਿ ਸਿਰ ਦਯੋ॥
ਕਲਯੁਗ ਮੈ ਬਡ ਸਾਕਾ ਕੀਯਾ॥
ਧਰਮ ਕਰਮ ਰਖ ਹਿੰਦੂ ਲੀਯਾ॥
ਇਹ ਬਿਆਨ ਬਾਜ਼ੀ ਗਲਤ ਹੈ। ਸਿਰਫ ਹਿੰਦੂ ਧਰਮ ਲਈ ਸ਼ਹਾਦਤ ਦੇਣੀ, ਗੁਰੂ ਜੀ ਦੀ ਸ਼ਹਾਦਤ ਨੂੰ ਛੁਟਿਆਉਣਾ ਹੈ। ਇਹ ਨਿਰਮਲੇ ਕਵੀਆਂ ਦੀ ਚਾਲ ਹੈ ਜਿਸ ਨੂੰ ਅਸੀਂ ਸਮਝ ਨਹੀਂ ਸਕੇ।
ਪਰ ਬਚਿਤ੍ਰ ਨਾਟਕ ਦੇ ਲਿਖਾਰੀ ਕਵੀ ਸਿਯਾਮ ਨੇ ਤਾਂ ਗੁਰੂ ਜੀ ਦੀ ਸ਼ਹਾਦਤ ਨੂੰ ਮਿੱਟੀ-ਘੱਟੇ ਹੀ ਰੋਲ ਦਿਤਾ। ਜਿਵੇਂ:
ਤਿਲਕ ਜੰਞੂ ਰਾਖਾ ਪ੍ਰਭ ਤਾਕਾ॥
ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥
ਸੀਸੁ ਦੀਆਂ ਪਰੁ ਸੀ ਨ ਉਚਰੀ॥ ਦ. ਗ੍ਰ. ਪੰਨਾ 54॥
ਜਿਸ ਤਿਲਕ-ਜੰਞੂ ਨਾਲ ਸਿੱਖ ਲਹਿਰ ਦਾ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਕੋਈ ਸਬੰਧ ਹੀ ਨਹੀਂ, ਉਸ ਦੀ ਖਾਤਰ ਗੁਰੂ ਜੀ ਅਤੇ ਬਾਕੀ ਸਿੱਖਾਂ ਨੇ ਕੁਰਬਾਨੀਆਂ ਕਿਉਂ ਦੇਣੀਆਂ ਸਨ? ਸਭ ਲੋਕਾਂ ਦੇ ਹੱਕਾਂ ਲਈ ਲੜਨ ਮਰਨ ਵਾਲੀ ਸਿੱਖ-ਲਹਿਰ ਨੂੰ ਕਿਸੇ ਇਕ ਧਰਮ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਦਿਆਂ ਦਿਖਾਉਣਾ ਮਹਿਜ਼ ਇਕ ਸਾਜ਼ਿਸ਼ ਹੈ। ਸਿੱਖ-ਲਹਿਰ ਦੀਆਂ ਲੱਖਾਂ ਸ਼ਹਾਦਤਾਂ ਲੋਕਾਂ ਦੇ ਹੱਕਾਂ ਅਤੇ ‘ਸੱਚ ਧਰਮ’ ਨੂੰ ਬਹਾਲ ਕਰਾਉਣ ਲਈ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਅਸੀਂ ਅੱਜ ਭੁੱਲ ਚੁੱਕੇ ਹਾਂ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਪੰਨਾ 1427, ਮ:9॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # = 1647 966 3132

ਗੁਰੂ ਨਾਨਕ ਦਾ ਅਸਲੀ ਗੁਰਪੁਰਬ ਦਿਹਾੜਾ ਕਿਹੜਾ? - ਗੁਰਚਰਨ ਸਿੰਘ ਜਿਉਣ ਵਾਲਾ

ਸਾਰੇ ਸਿੱਖ ਸਮਾਜ ਨੇ, ਦਿੱਲੀ,ਪਾਕਿਸਤਾਨ ਅਤੇ ਅੰਮ੍ਰਿਤਸਰ ਕਮੇਟੀ ਨੇ, ਟੀ.ਵੀ ਅਤੇ ਰੇਡੀਓ ਵਾਲਿਆਂ ਨੇ, ਬਾਹਰਲੇ ਮੁਲਕਾਂ ਵਾਲੇ ਗੁਰਦਵਾਰਿਆਂ ਤੇ ਸੱਜਣਾਂ ਮਿਤਰਾਂ ਅਤੇ ਨਾ-ਵਾਕਫ ਲੋਕਾਂ ਨੇ ਵੀ ਇਕ ਦੂਜੇ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਅਤਸ਼ਬਾਜ਼ੀ ਚਲਾਈ ਗਈ, ਵਾਤਾਵਰਣ ਪ੍ਰਦੂਸ਼ਤ ਕੀਤਾ ਗਿਆ, ਅਖੰਡ-ਪਾਠ ਖੋਲ੍ਹੇ ਗਏ, ਕੀਤੇ ਗਏ ਅਤੇ ਕਰਾਏ ਗਏ, ਹੋਰ ਲੁੱਟ ਲਈ ਸੰਪਟ-ਪਾਠ ਵੀ ਕੀਤੇ ਗਏ, ਪ੍ਰਸ਼ਾਦ ਵੰਡਿਆ ਗਿਆ ਤੇ ਖਾਧਾ ਗਿਆ, ਲੰਗਰ ਲਾਏ ਗਏ ਤੇ ਖਾਧੇ ਗਏ, ਟਕਸਾਲੀਆਂ ਨੇ 18-18 ਮੀਟਰ ਦੇ ਕਛਿਹਰੇ ਸਿਵਾਏ ਤੇ ਵੰਡੇ, ਨਾਨਕਸਰੀਆਂ ਦੀ ਝੂਠ ਦੀ ਦੁਕਾਨ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਬਾਬੇ ਨੰਦ ਸਿੰਘ ਦੀ ਆਦਮ ਕੱਦ ਦੀ ਫੋਟੋ ਦੀ ਪੂਜਾ ਕੀਤੀ ਗਈ, ਕਵਿਤਾਵਾਂ ਤੇ ਲੇਖ ਵੀ ਪੜ੍ਹੇ ਗਏ ਪਰ ਕੀ ਕਿਸੇ ਨੇ ਹੌਂਸਲੇ ਨਾਲ ਇਹ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਅੱਜ ਬਾਬਾ ਜੀ ਦਾ ਜਨਮ ਦਿਨ ਨਹੀਂ? ਰਸਮੋ ਰਸਮੀ ਮੇਰੇ ਇਕ ਜਾਣਕਾਰ ਮਿੱਤਰ ਰੇਡੀਓ ਵਾਲੇ ਨੇ ਵੀ ‘ਸਿਰੀ ਅਖੰਡ-ਪਾਠ ਸਾਹਿਬ ਜੀ’ ਦਾ ਰੇਡੀਓ ਤੋਂ ਸਿੱਧਾ ਪ੍ਰਸਾਰਣ ਕੀਤਾ, ਕਿਉਂਕਿ ਇਹ ਉਸਦਾ ਵਪਾਰ ਹੈ। ਪਰ ਕੀ ਖੱਟਿਆ ਕੀ ਕਮਾਇਆ ਇਸ ਬਾਰੇ ਸ਼ਾਇਦ ਹੀ ਕਿਸੇ ਸਿਆਣੇ ਵਿਅਕਤੀ ਨੇ ਸੋਚਿਆ ਹੋਵੇ। ਕਿਉਂਕਿ ‘ਜਸਵੰਤ ਜਫਰ’ ਜੀ ਦੀ ਕਵਿਤਾ ਮੁਤਾਬਕ ਤਾਂ ਅਸੀਂ ਅਸਲੀ ਨਾਨਕ ਦਾ ਧਿਆਨ ਧਰਨ ਤੋਂ ਵੀ ਡਰਦੇ ਹਾਂ, ਨਾਨਕ ਤੋਂ ਸਿੱਖਿਆ ਲੈਣੀ ਤਾਂ ਦੂਰ ਦੀ ਗੱਲ ਹੈ।
 
ਜਸਵੰਤ ਜਫਰ ਜੀ ਲਿਖਦੇ ਹਨ, “ ਲੰਬੇ ਪੈਂਡੇ ਦੀ ਧੂੜ ਨਾਲ ਲੱਥ-ਪੱਥ ਪਿੰਜਣੀਆਂ, ਲੰਮੇ ਸਫਰ ਕਰਕੇ ਪਾਟੀਆਂ ਅੱਡੀਆਂ, ਹਨੇਰੀਆਂ ਨਾਲ ਉਲਝੀ ਹੋਈ ਖੁਸ਼ਕ ਦਾਹੜੀ, ਬਰਫੀਲੀਆਂ ਹਵਾਵਾਂ ਨਾਲ ਝੰਬੀ ਹੋਈ ਚਿਹਰੇ ਦੀ ਪਕਰੋੜ ਚਮੜੀ ’ਤੇ ਪਕਰੋੜ ਚਮੜੀ ਵਿਚ ਉਭਰੀਆਂ ਹੋਈਆਂ ਦੋ ਉੱਚੀਆਂ ਹੱਡੀਆਂ, ਉੱਚੀਆਂ ਹੱਡੀਆਂ ਵਿਚ ਬੇਖੌਫ ਚਮਕਦੀਆਂ ਦੋ ਅੱਖਾਂ ਜੋ ਸਮਾਜ ਨੂੰ, ਸਰਕਾਰ ਨੂੰ ’ਤੇ ਹਰ ਕਿਸਮ ਦੇ ਰੀਤੀ ਰਵਾਜ ਨੂੰ ਟਿੱਚ ਕਰਕੇ ਜਾਣਦੀਆਂ ਹਨ। ਇਨ੍ਹਾਂ ਖਤਰਨਾਕ ਅੱਖਾਂ ਦਾ ਧਿਆਨ ਧਰਨਾ ਸਾਨੂੰ ਮਾਫਕ ਨਹੀਂ। ਸਾਨੂੰ ਤਾਂ ਸੋਭਾ ਸਿੰਘੀ ਬਾਬਾ, ਜਿਸਦੇ ਲਕਸ਼ਮੀ ਦੇਵੀ ਵਾਂਗੂ ਲਾਲ ਸੁਰਖ ਟਿਪਸੀ ਹੋਂਠ, ਗੋਲ ਮਟੋਲ ਮੁਲਾਇਮ ਗੱਲ੍ਹਾਂ, ਰੇਸ਼ਮੀ ਬਸਤਰ ਤੇ ਬਖਸ਼ਿਸਾਂ ਦਿੰਦਾ ਅਰਸ਼ੀ ਹੱਥ ਹੀ ਪਸੰਦ ਹੈ। ਸਾਨੂੰ ਤਾਂ ਚਾਹੀਦੀਆਂ ਹਨ ਦਾਤਾਂ ਤੇ ਵੱਧਦੀਆਂ ਵੇਲਾਂ, ਸੁੱਖ ਸ਼ਾਂਤੀ ਤੇ ਪੈਸਾ।
 
ਅਸਲੀ ਨਾਨਕ ਸਾਡੇ ਵਾਸਤੇ ਖ਼ਤਰਨਾਕ ਸਿੱਧ ਹੋ ਸਕਦਾ ਹੈ। ਸਾਡੇ ਘਰ ਢੁਆ ਸਕਦਾ ਹੈ ਅਤੇ ਨਾਲੇ ਪੁੱਤ ਮਰਵਾ ਸਕਦਾ ਹੈ”। ਕੱਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਇਹ ਸਾਬਤ ਕਰਦਾ ਹੈ ਕਿ ਗੁਰੂ ਨਾਨਕ ਦੇ ਅਕਾਲ ਚਲਾਣਾ ਕਰਨ ਤੋਂ 120 ਸਾਲ ਬਾਅਦ ਭਾਈ ਬਾਲੇ ਵਾਲੀ ਸਾਖੀ ਲਿਖੀ ਗਈ। ਇਸ ਨੂੰ ਮਲੇਰ ਕੋਟਲੇ ਵਾਲੇ ਐਸ. ਐਸ. ਪਦਮ ਜੀ, “ਬਾਲਾ ਬਲੱਫ” ਦਾ ਨਾਮ ਦਿੰਦੇ ਹਨ। ਵਿੱਚ ਵਿਚਾਲੇ ਫਸੇ ਹੋਏ ਅਸੀਂ ਧੰਦਾ ਪੱਟ ਰਹੇ ਹਾਂ। ਗੁਰੂ ਨਾਨਕ ਵਾਕ:
“ਧੰਦਾ ਪਿਟਿਹੋ ਭਾਈਹੋ ਤੁਮ੍ਹ ਕੂੜ ਕਮਾਵੋਹ੍ਹ”।।
‘ਜੰਡਿਆਲਾ ਗੁਰੂ ਕਾ’ ਦਾ ਮਸੰਦ ਹੰਦਾਲ, ਜਿਸ ਦਾ ਜਨਮ ਵੈਸਾਖ ਪੂਰਨਮਾਸ਼ੀ ਸੰਮਤ 1630 ਹੈ, ਦੀ ਮੌਤ ਤੋਂ ਬਾਅਦ ਉਸ ਦੀ ਔਲਾਦ ਬਾਲ ਚੰਦ ਅਤੇ ਬਿਧੀ ਚੰਦ ਹੀ ਇਸ ਕੂੜ ਦੇ ਪੋਥੇ ਦੇ ਘੜਨਹਾਰੇ ਹਨ। ਬਾਲ ਚੰਦ ਦੀ ਮੌਤ ਤੋਂ ਬਾਅਦ ਛੋਟੇ ਭਾਈ ਬਿਧੀ ਚੰਦ ਨੇ ਹੀ ਅਸਲ ਵਿੱਚ ਆਪਣੇ ਵੱਡੇ ਭਰਾ ਬਾਲ ਚੰਦ ਨੂੰ ‘ਭਾਈ ਬਾਲਾ’ ਬਣਾ ਕੇ ਗੁਰੂ ਨਾਨਕ ਦਾ ਸਮਕਾਲੀ ਅਤੇ ਹਮਸਫਰ ਬਣਾ ਕੇ ਸਾਰਾ ਕਾਰਾ ਕੀਤਾ। ਲਿਖਾਰੀ ਗੋਰਖ ਦਾਸ ਅਤੇ ਉਸ ਦਾ ਸਲਾਹਕਾਰ ਹੈ ਲਾਲਾ ਪੁੰਨੂੰ, ਜਿਨ੍ਹਾਂ ਨੇ ਰੜੇ ਲਹੌਰ ਵਿੱਚ ਇਹ ਜਨਮ ਸਾਖੀ ਤਿਆਰ ਕੀਤੀ ਅਤੇ ਉਸ ਵੇਲੇ ਕਰੋੜਾਂ ਰੁਪਏ ਦੀ ਲਾਗਤ ਨਾਲ ਸਾਰੇ ਮਹੱਤਵਪੂਰਨ ਸਿੱਖ ਅਸਥਾਨਾਂ ਉੱਤੇ 28 -28 ਰੰਗੀਨ ਚਿੱਤਰਾਂ ਨਾਲ ਸ਼ਿੰਗਾਰ ਕੇ, “ਜਨਮ ਸਾਖੀ ਭਾਈ ਬਾਲਾ” ਦੇ ਨਾਮ ਹੇਠ ਭੇਜੀ ਗਈ, ਅਤੇ ਜੋ ਵੀ ਪੁਰਾਣੀਆਂ ਜਨਮ ਸਾਖੀਆਂ ਉਪਲਬਧ ਹੋਈਆਂ, ਨੂੰ ਨਸ਼ਟ ਕਰਨ ਦਾ ਜ਼ਿੰਮਾ ਅਪਣੇ ਸਿਰ ਲੈ ਲਿਆ।  
 
ਅਸਲ ਨੂੰ ਨਸ਼ਟ ਕਰਨ ਨਾਲ ਹੀ ਨਕਲ ਟਿਕ ਸਕਦਾ ਹੈ। ਬਾਲਾ-2 ਰੂਪਾਂਤਰ ਵਾਲੇ ਖਰੜੇ ਦੇ ਅਖੀਰ ਤੇ ਦਰਜ ਹੈ: ਸਮੰਤੁ॥ 1715॥ਮਾਘ ਸੁਦੀ॥6 ਪੋਥੀ ਲਿਖੀ ਗੁਰ ਪ੍ਰਸਾਦਿ ਗੋਰਖ ਦਾਸ ਸੰਗਤ ਗੁਰੂ ਕਾ ਜਾਚਕ॥ ਵਾਹਗੁਰੂ ਸਤਿਗੁਰੂ ਜੀ॥ ਜੇ ਕਿਸੇ ਨੇ ਇਸ ਗੱਲ ਦੀ ਪੁਸ਼ਟੀ ਕਰਨੀ ਹੋਵੇ ਤਾਂ ਸੈਂਟਰਲ ਸਟੇਟ ਲਾਇਬਰੇਰੀ ਪਟਿਆਲਾ ਵਿਚ, ਜਨਮ ਸਾਖੀ ਭਾਈ ਬਾਲਾ, ਪਟਿਆਲਾ 1987, ਪੰਨਾ 151॥ ਅਤੇ ਹਾਸਲ ਬਹੁਤ ਖਰਚ ਕਛੁ ਨਾਹੀ ਕਰੇ ਤਗੀਰ ਨ ਕੋਈ॥ ਨਾਨਕ ਐਸੀ ਉਮਦੀ ਖਿਜਮਤਿ ਬਿਨਾ ਭਾਗ ਕਿਉਂ ਹੋਈ॥4॥ ਓਹੀ ਪੰਨਾ 463॥ ਤੋਂ ਕਰ ਸਕਦਾ ਹੈ। ਸਭ ਤੋਂ ਪਹਿਲਾਂ ਇਹ ਦੇਖੀਏ ਕਿ ਅਵਤਾਰ ਧਾਰਣਾ ਦਾ ਕੀ ਮਤਲਬ ਹੈ। ਜੇਕਰ ਇਹ ਲਿਖ ਦਿੱਤਾ ਜਾਵੇ ਕਿ ਬਾਬਾ ਜੀ ਦਾ ਜਨਮ ਦਿਨ ਵੈਸਾਖ ਦਾ ਹੈ ਤਾਂ ਕਈ ਮੂੜ੍ਹ ਮੱਤੀਏ ਗਲ਼ ਨੂੰ ਆਉਂਦੇ ਹਨ। ਮਹਾਨ ਕੋਸ਼ ਦੇ ਪੰਨਾ 88 ਮੁਤਾਬਕ: ਅਵਤਾਰ ਧਾਰਣਾ ਦੇ ਕਈ ਸਾਰੇ ਮਤਲਬ ਹਨ। ਸੰਗਯਾ- ਜਨਮ, ਜਨਮ ਗ੍ਰਿਹਣ, ਜਨਮ ਧਾਰਣਾ, ਉਤਰਨਾ, ਹੇਠ ਆਉਣ ਦੀ ਕ੍ਰਿਆ, ਪੁਰਾਣਮੱਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿਚ ਪ੍ਰਗਟ ਹੋਣਾ, ਚੌਬੀਸ ਅਵਤਾਰ ਅਤੇ ਦਸ ਅਵਤਾਰ;
ਅਵਤਾਰ ਨ ਜਾਨਹਿ ਅੰਤ॥
ਪਰਮੇਸਰ ਪਾਰਬ੍ਰਹਮ ਬੇਅੰਤ॥
ਗੁਰਬਾਣੀ ਦੇ ਕਰਤਿਆਂ ਨੇ ਆਪਣੀ ਬਾਣੀ ਵਿਚ ਦੇਵਤਾ-ਵਾਦ ਦਾ ਖੰਡਨ ਕੀਤਾ, ਪਰ ਅਸੀਂ ਤਾਂ ਗੁਰੂਆਂ ਨੂੰ ਵੀ ਦੇਵਤੇ ਬਣਾ ਕੇ ਹੀ ਛੱਡਣਾ ਹੈ। ਜੇਕਰ ‘ਦੇਵਤਾ’ ਦੇ ਜਨਮ ਨੂੰ ਅਵਤਾਰ ਧਾਰਣਾ ਪੁਰਾਣਾਂ ਮੁਤਾਬਕ ਠੀਕ ਹੈ ਤਾਂ ਸਾਨੂੰ ਇਹ ਬੋੱਲੀ ਬਦਲਣ ਦੀ ਲੋੜ ਹੈ। ਹੁਣ ਆਪਾਂ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਮੁਤਾਬਕ ਗੁਰੂ ਨਾਨਕ ਸਾਹਿਬ ਦੇ ਅਸਲੀ ਜਨਮ ਦਿਨ ਬਾਰੇ ਵਿਚਾਰ ਕਰਦੇ ਹਾਂ। ਉਹ ਗੁਰਪੁਰਬ ਨਿਰਣਯ ਦੇ ਪੰਨਾ 69 ਇਉਂ ਲਿਖਦੇ ਹਨ। (2) ਹੁਣ ਮੈਂ ਵਸਾਖ ਸੁਦੀ ਤਿੰਨ ਸੰਮਤ 1526 ਦੇ ਟਾਕਰੇ ਦੀਆਂ ਈਸਵੀ, ਪਰਵਿਸ਼ਟਾ ਅਤੇ ਹਿਜਰੀ ਤ੍ਰੀਕਾਂ ਲੱਭਦਾ ਹਾਂ: 14 ਮਾਰਚ ਮੰਗਲਵਾਰ ਨੂੰ ਚੇਤ ਸੁਦੀ ਪਹਿਲੀ ਹੈ: “ਗਿਣਤੀਆਂ ਮਿਣਤੀਆਂ ਨੂੰ ਇਸ ਕਰਕੇ ਲਿਖ ਨਹੀਂ ਰਿਹਾ ਕਿ ਲੇਖ ਕਾਫੀ ਲੰਬਾ ਹੋ ਜਾਏਗਾ ਅਤੇ ਮੇਰੇ ਵਰਗੇ ਸਧਾਰਣ ਮਨੁੱਖ ਦੀ ਸਮਝ ਤੋਂ ਵੀ ਪਰੇ ਦੀ ਗੱਲ ਹੈ”। ਅੱਗੇ ਲਿਖਦੇ ਹਨ : ਅਰਥਾਤ ਵਿਸਾਖ ਸੁਦੀ ਤਿੰਨ ਸੰਮਤ 1526 ਨੂੰ ਸ਼ਨਿਚਰਵਾਰ 15 ਅਪ੍ਰੈਲ ਸੰਨ 1469 ਈ: ਸੀ। ‘ਕੱਤਕ ਕਿ ਵਿਸਾਖ’ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਪਹਿਲੇ ਪਹਿਲ 1912 ਵਿਚ ਛਪੀ ਸੀ ਤੇ ਸਿਰਦਾਰ ਹੀਰਾ ਸਿੰਘ ਦਰਦ ਹੋਣਾ ਦੀ ਮਿਹਨਤ ਸਦਕਾ 1932 ਵਿੱਚ ਏਹੋ ਕਿਤਾਬ ਮੁੜ ਛਾਪੀ ਗਈ। ਭਾਈ ਵੀਰ ਸਿੰਘ ਨੇ ਸਟੇਜ ਤੋਂ ਇਹ ਐਲਾਨ ਕੀਤਾ, “ਕੱਤਕ ਕਿ ਵਿਸਾਖ ਸਿੱਖ ਕੌਮ ਲਈ ਅਤੀਅੰਤ ਕੀਮਤੀ ਸੌਗਾਤ ਹੈ” ਪਰ ਨਾਲ ਦੀ ਨਾਲ ਨਾਟਕੀ ਢੰਗ ਨਾਲ ਇਸ ਕਿਤਾਬ ਦੀ ਵਿਕਰੀ ਬੰਦ ਕਰਵਾ ਦਿੱਤੀ ਤੇ ਜੋ ਵੀ ਕਿਤਾਬ ਮਿਲੀ ਉਸ ਨੂੰ ਜ਼ਬਤ ਕਰ ਲਿਆ ਗਿਆ।
 
ਧੰਨਵਾਦੀ ਹਾਂ ਹੀਰਾ ਸਿੰਘ ਦਰਦ ਜੀ ਦੇ ਜਿਸ ਨੇ ਸਿਰਦਾਰ ਗੁਰਬਖਸ਼ ਸਿੰਘ ਬਾਗਬਾਨਪੁਰਾ ਦੀ ਲਾਇਬਰੇਰੀ ਵਿਚੋਂ ਇਕ ਕਾਪੀ ਪ੍ਰਾਪਤ ਕਰਕੇ 1932 ਵਿਚ ਇਸੇ ਕਿਤਾਬ ਨੂੰ ਮੁੜ ਤੋਂ ਪ੍ਰਕਾਸ਼ਤ ਕਰਕੇ ਸਿੱਖ ਕੌਮ ਨੂੰ ਵੱਡਮੁੱਲੀ ‘ਸੌਗਾਤ’ ਪ੍ਰਾਪਤ ਕਰਵਾਈ। ਇਸ ਕਿਤਾਬ ਦੇ ਪੰਨਾ 122 ਤੇ ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਹਨ ਕਿ “ਕੱਤਕ ਦਾ ਰਿਵਾਜ (ਮੈਕਾਲਿਫ ਸਾਹਿਬ ਦੇ ਕਥਨ ਅਨੁਸਾਰ) ਗਿਆਨੀ ਸੰਤ ਸਿੰਘ ਜੀ ਨੇ ਪਾਇਆ। ਮਿਸਟਰ ਮੈਕਾਲਿਫ ਕਾਰਨ ਦੱਸਦੇ ਹਨ ਕਿ ਕੱਤਕ ਪੂਰਨਮਾਸ਼ੀ ਨੂੰ ਰਾਮ ਤੀਰਥ ਦਾ ਮੇਲਾ ਹੋਣ ਕਰਕੇ ਸਾਰੇ ਸਿੱਖ ਓਧਰ ਚਲੇ ਜਾਂਦੇ ਸਨ। ਸੋ ਓਧਰੋਂ ਹਟਾੳਣ ਵਾਸਤੇ ਗਿਆਨੀ ਜੀ ਨੇ ਕੱਤਕ ਪੂਰਨਮਾਸ਼ੀ ਨੂੰ ਆਦਿ ਸਤਿਗੁਰੂ ਜੀ ਦੇ ਪ੍ਰਗਟ ਹੋਣ ਦਾ ਗੁਰਪੁਰਬ ਮਨਾਉਣਾ ਅਰੰਭ ਦਿੱਤਾ। ਬੱਸ ਫੇਰ ਕੀ ਸੀ, ਓਦੋਂ ਤਾਂ ਰਾਜ ਦੇ ਜ਼ੋਰ ਇਹ ਰਿਵਾਜ ਪਾ ਲਿਆ ਪਰ ਅੱਜ ਇਹ ਪੁਰਾਣਾ ਨਜ਼ਰ ਆ ਰਿਹਾ ਹੈ। 1925 ਦੀ ਹੀ ਗੱਲ ਹੈ ਕਿ ਸ੍ਰੀ ਨਨਕਾਣਾ ਸਾਹਿਬ ਕੱਤਕ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਅਰੰਭ ਹੋਇਆ, ਉਸ ਤੋਂ ਪਹਿਲਾਂ ਇਸ ਦਿਨ ਨੂੰ ਉਥੇ ਕੋਈ ਜਾਣਦਾ ਵੀ ਨਹੀਂ ਸੀ। ਸੱਠ ਕੁ ਵਰ੍ਹੇ ਏਸੇ ਤਰ੍ਹਾਂ ਹੋਰ ਲੰਘ ਗਏ ਤਾਂ ਲੋਕੀਂ ਆਖਣ ਲੱਗ ਪੈਣਗੇ ਜੋ ਇਹ ਗੁਰਪੁਰਬ ਮੁੱਢ ਤੋਂ ਹੀ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣੇ ਸਾਹਿਬ ਮਨਾਇਆ ਜਾਂਦਾ ਰਿਹਾ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਗਿਆਨੀ ਸੰਤ ਸਿੰਘ ਜੀ ਦੇ ਚਲਾਏ ਹੋਏ ਗੁਰਪੁਰਬ ਨੂੰ ਸਭ ਪੁਰਾਤਨ ਹੀ ਮੰਨ ਰਹੇ ਹਨ। ਮੇਰਾ ਆਪਣਾ ਵਿਚਾਰ ਹੈ ਕਿ ‘ਦਰਬਾਰ ਸਾਹਿਬ’ ਦਾ ਮੁੱਖ ਗ੍ਰੰਥੀ ਭਾਈ ਸੂਰਤ ਸਿੰਘ, ਜੋ ‘ਸਿੱਖਾਂ ਦੀ ਭਗਤਮਾਲਾ’ ਦਾ ਕਰਤਾ ਹੈ ’ਤੇ ਇਸ ਕਿਤਾਬ ਨੂੰ ਭਾਈ ਮਨੀ ਸਿੰਘ ਜੀ ਦੀ ਕ੍ਰਿਤ ਦੱਸਦਾ ਹੈ, ਦਾ ਪੁੱਤਰ ਗਿਆਨੀ ਸੰਤ ਸਿੰਘ ਹੈ ਜੋ ਨਿਰਮਲੇ ਸੰਪ੍ਰਦਾਇ ਨਾਲ ਸੰਬੰਧ ਰੱਖਦੇ ਸਨ ’ਤੇ ਵੀ ਅਸਰ ‘ਬਾਲਾ ਬਲੱਫ’ ਦਾ ਹੋਇਆ। ਜੰਡਿਆਲਾ ਗੁਰੂ ਕਿਆਂ ਵਾਲਿਆਂ ਨੇ ‘ਬਾਲਾ ਬਲੱਫ’ ਨੂੰ ਆਪਣੇ ਸਰਕਾਰੀ ਅਸਰ ਰਸੂਖ ਤੇ ਪੈਸੇ ਦੇ ਜ਼ੋਰ ਨਾਲ ਹਰ ਥਾਂ ਲਾਗੂ ਕਰਵਾਇਆ। ਜਨਮ ਸਾਖੀ ਬਾਲਾ ਨੂੰ ਛੱਡ ਕੇ ਹੋਰ ਕਿਸੇ ਵੀ ਜਨਮ ਸਾਖੀ ਵਿਚ ‘ਕੱਤਕ ਦੀ ਪੂਰਨਮਾਸ਼ੀ’ ਨੂੰ ਬਾਬੇ ਦਾ ਅਵਤਾਰ ਪੁਰਬ ਨਹੀਂ ਸਗੋਂ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਬੀ-40 ਜਨਮ ਸਾਖੀ: ਦਾ ਹੱਥ ਲਿਖਤ ਖਰੜਾ ਜੋ ਪਹਿਲਾਂ ਇੰਡੀਆ ਆਫਿਸ ਲਾਇਬਰੇਰੀ, (ਹੁਣ ਫਾਰਨ ਐਂਡ ਕਾਮਨਵੈਲਥ ਆਫਿਸ) ਲੰਡਨ ਵਿਚ ਸੁਰੱਖਿਅਤ ਹੈ ਭਾਈ ਬਾਲੇ ਦਾ ਨਾਮ ਨਿਸ਼ਾਨ ਹੀ ਨਹੀਂ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਵਸ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਇਸੇ ਦੀ ਕਾਪੀ ਜਦੋਂ ਭਾਈ ਵੀਰ ਸਿੰਘ ਨੂੰ ਪ੍ਰਾਪਤ ਹੋਈ ਤਾਂ ਉਸ ਨੇ ਇਸ ਨੂੰ ‘ਪੁਰਾਤਨ ਜਨਮ ਸਾਖੀ’ ਦਾ ਨਾਮ ਦਿੱਤਾ, ਹਾਫਜ਼ਾਬਾਦ ਵਾਲੀ ਜਨਮ ਸਾਖੀ, ਮਿਹਰਬਾਨ ਨੇ ਆਪਣੇ ਹੱਥੀਂ ‘ਪੋਥੀ ਸੱਚੁ ਖੰਡ’ 1619 ਈ: ਦੇ ਨੇੜੇ ਤੇੜੇ ਮੁਕੰਮਲ ਕਰਵਾਈ ਜੋ ਗੁਰੂ ਅਰਜਨ ਪਾਤਸ਼ਾਹ ਦਾ ਪਿਆਰਾ ਭਤੀਜਾ ਅਤੇ ਗੁਰੂ ਰਾਮਦਾਸ ਦਾ ਹੋਣਹਾਰ ਪੋਤਰਾ ਸੀ, ਨੇ ਵੀ ਜਨਮ ਅਸਥਾਨ ਦੇ ਵੇਰਵੇ ਸਮੇਤ ਜਨਮ ਦਿਵਸ ਵੈਸਾਖ ਸੁਦੀ 3 ਲਿਖਿਆ ਹੈ। ਇਕ ਹੋਰ ਮਹੱਤਵ ਪੂਰਣ ‘ਜਨਮ ਪਤ੍ਰੀ ਬਾਬੇ ਜੀ ਕੀ’ ਜਿਸਦਾ ਲੇਖਕ ਹੈ ਭਾਈ ਬੂਲਾ ਪਾਧਾ, ਗੁਰੂ ਅਮਰਦਾਸ ਦਾ ਸਿੱਖ ਤੇ ਭਾਈ ਗੁਰਦਾਸ ਦਾ ਨਿਕਟਵਰਤੀ, ਡੱਲੇ ਨਗਰ ਦਾ ਨਿਵਾਸੀ, ਜਿਸਨੇ ‘ਸਾਖੀ ਮਹਲੁ ਪਹਿਲੇ ਕੀ’ ਦੀ ਰਹਿੰਦੀ ਖੂੰਹਦੀ ਘਾਟ ਨੂੰ ਪੂਰਾ ਕੀਤਾ, ਇਸ ਲਿਖਤ ਵਿਚ ਵੀ ਜਨਮ ਦਿਵਸ ਵੈਸਾਖ ਸੁਦੀ 3 ਦਰਜ ਹੈ, ਜੋ 1598-99 ਈ: ਵਿਚ ਮੁਕੰਮਲ ਕੀਤੀ। ਮੁਜੰਗਾਂ, ਲਹੌਰ ਨਿਵਾਸੀ ਸੈਦੋ ਜੱਟ ਜੋ ਪਿਸ਼ਾਵਰ ਦੇ ਇਲਾਕੇ ਵਿਚ ਪ੍ਰਚਾਰਕ ਸੀ, ਨੇ 1657-58 ਵਿਚ ਇਕ ਜਨਮ ਸਾਖੀ ਦਾ ਨਿਰਮਾਣ ਕੀਤਾ ਜਿਸ ਨੂੰ ‘ਪੁਰਾਤਨ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਸਲੀਅਤ ਤੋਂ ਵਾਕਫ ਸੈਦੋ ਨੇ ਬਾਲੇ ਵਾਲੀ ਮਿਤੀ ਰੱਦ ਕਰਕੇ ਸੀਹੋਂ ਦੀ ‘ਸਾਖੀ ਮਹਲੁ ਪਹਿਲੇ ਕੀ’ ਵਾਲੀ ਪਰਮਾਣਕ ਮਿਤੀ ਨੂੰ ਅਧਾਰ ਬਣਾ ਕੇ ਆਪਣੀ ਲਾਜਵਾਬ ਸਾਖੀ ਦੀ ਸਿਰਜਣਾ ਕੀਤੀ। ਗੁਰੂ ਅਮਰਦਾਸ ਦੇ ਵੰਸਜ ਸਰੂਪ ਦਾਸ ਭੱਲਾ ਨੇ 1776 ਈ: ਵਿਚ ਮਹਿਮਾ ਪ੍ਰਕਾਸ਼ ਕਵਿਤਾ ਅਤੇ ਇਸੇ ਖਾਨਦਾਨ ਦੇ ਕਿਸੇ ਅਗਿਆਤ ਵਿਅਕਤੀ ਨੇ 19ਵੀਂ ਸਦੀ ਦੇ ਦੂਜੇ ਅੱਧ ਵਿਚ ਮਹਿਮਾ ਪ੍ਰਕਾਸ਼ ਵਾਰਤਕ ਨਾਮ ਦੀਆਂ ਰਚਨਾਵਾਂ ਵਿਚ ਜਨਮ ਦਿਵਸ ਵੈਸਾਖ ਸੁਦੀ 3 ਦਾ ਹੀ ਦਿੱਤਾ ਹੈ, ਕਿਉਂਕਿ ਇਹ ਗੁਰੂ ਕੀ ਲਹਿਰ ਦਾ ਪਰੰਪ੍ਰਾਗਤ ਅਸਰ ਸੀ। ਡੀ.ਏ.ਵੀ ਕੌਲਿਜ ਦਾ ਖਰੜਾ 2000 ਮਸਲਨ ਇਹ ਸਾਰੀਆਂ ਲਿਖਤਾਂ ਗੁਰੂ ਬਾਬਾ ਜੀ ਦਾ ਜਨਮ ਦਿਵਸ ਵਿਸਾਖ ਦਾ ਹੀ ਮੰਨਦੀਆਂ ਹਨ। ਜਨਮ ਪੱਤ੍ਰੀ ਦੀ ਪਹਿਲੀ ਪਰਤ, ਜੋ ਗੁਰੂ ਕੇ ਜੰਡਿਆਲੇ ਵਾਲੇ ਹੰਦਾਲਕਿਆਂ ਨੇ 1656-57 ਈ. ਦੇ ਲਾਗੇ ਚਾਗੇ ਤਿਆਰ ਕਰਵਾਈ ਕੁੱਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਜਨਮ ਪਤ੍ਰੀ ਨਾਨਕ ਵੇਦੀ ਦੀ॥ ਸੰਮਤ 1626॥ ਮਿਤੀ ਕਤਕ ਸੁਦੀ ਪੂਰਨਮਾਸੀ॥ ਨਾਨਕ ਜਨਮ ਲੀਤਾ॥ ਅਧੀ ਰਾਤ ਘੜੀ ਉਪਰਿ ਕਾਲੂ ਵੇਦੀ ਦੇ ਘਰਿ॥ ਕਾਲੂ ਦਾ ਪਰੋਹਿਤ ਹਰਿਦਿਆਲ ਬ੍ਰਹਮਣੁ ਆਹਾ ਅਤੇ ਨਾਲੇ ਗੁਰਦੇਵ ਆਹਾ॥ ਵਡੀ ਵੇਲਾ ਕਾਲੂ ਹਰਿਦਿਆਲ ਦੇ ਘਰਿ ਗਇਆ॥……….॥ ਤਾ ਬਾਲੇ ਵਿਦਾ ਲੀਤੀ ਤਲਵੰਡੀ ਗਇਆ॥ ਇਸ ਤੋਂ ਅੱਗੇ ਬਾਲਾ ਰੂਪਾਂਤਰ ‘ਇਕ’ ਜਨਮ ਸਾਖੀ ਤਿਆਰ ਕੀਤੀ ਗਈ। ਫਿਰ ਇਸ ਵਿਚ ਗੁਰੂ ਨਾਨਕ ਪਿਤਾ ਦੇ ਚਾਲ-ਚੱਲਣ/ਚਰਿਤ੍ਰ ਦਾ ਘਾਤ ਕਰਨ ਲਈ ਰੰਘੜੀ ਵਾਲੀ ਸਾਖੀ ਅਤੇ ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਨੂੰ ਇਹ ਕਹਿਣਾ ਕਿ ਰਾਤੀ ਆਪਣੀ ਲੜਕੀ ਨੂੰ ਬਣਾਏ ਕੇ ਲਈ ਆਵਣਾ(ਸਹਿਜ-ਕੁਸਹਿਜ ਵਾਲੀ ਸਾਖੀ) ਅਤੇ ਹੋਰ ਬਹੁਤ ਕੁੱਝ ਘੜ-ਘੜਾ ਕੇ ਬਾਲਾ ਰੂਪਾਂਤਰ 2 ਤਿਆਰ ਕਰਕੇ 28- 28 ਸੁਚਿਤਰਾਂ ਨਾਲ ਸ਼ੰਗਾਰ ਕੇ, ਕਈ ਦਹਾਕਿਆਂ ਬੱਧੀ ਇਹ ਕੰਮ ਚੱਲਦਾ ਰਿਹਾ, ਸਾਰੇ ਪਰਮੁੱਖ ਸਿੱਖ ਧਾਰਮਿਕ ਅਸਥਾਨਾਂ ਤੇ ਪਹੁੰਚਾਈ ਗਈ। ਬਾਲਾ ਰੂਪਾਂਤਰ 2 ਦੇ ਹੱਥ ਲਿਖਤ ਖਰੜੇ ਵਿਚ ਇਹ ਲਿਖ ਦਿੱਤਾ ਕਿ ਇਹ ਜਨਮ ਸਾਖੀ 1582 ਸੰਮਤ ਵਿਚ ਗੁਰੂ ਅੰਗਦ ਦੀ ਹਜ਼ੂਰੀ ਵਿਚ ਭਾਈ ਬਾਲੇ ਨੇ ਪੈੜੇ ਮੋਖੇ ਕੋਲੋਂ ਲਿਖਵਾਈ।
 
ਜਦੋਂ ਕਿ ਸੱਚ ਇਹ ਹੈ ਕਿ ਸੰਮਤ 1582/1525 ਈ. ਵਿਚ ਤਾਂ ਭਾਈ ਲਹਿਣਾ ਜੀ ਗੁਰੂ ਨਾਨਕ ਪਿਤਾ ਜੀ ਨੂੰ ਮਿਲੇ ਵੀ ਨਹੀਂ ਸਨ। ਪਿਆਰੇ ਲਾਲ ਬੇਦੀ, ਐਫ-17, ਜੰਗਪੁਰਾ ਭੋਗਲ, ਨਵੀ ਦਿਲੀ, ਨੂੰ ਪੁੱਜਿਆ ਸੰਮਤ 1770 (1713ਈ.) ਵਾਲਾ ਖਰੜਾ ਆਪ ਉਚੀ ਉਚੀ ਬੋਲ ਕੇ ਖੁਲਾਸਾ ਕਰਦਾ ਹੈ: “ ਜਨਮ ਪਤ੍ਰੀ ਬਾਬੇ ਨਾਨਕ ਕੀ ਸੰਪੂਰਨ ਹੋਈ॥ ਵੀਰਵਾਰ ਪਹਿਰ ਦਿਨ ਚੜੇ॥ ਸੰਮਤ 1770 ਦੇ ਬੀਤੇ ਹੋਇ ਮੁੱਕੀ। ਲਿਖਵਾਈ ਸੰਗਤ ਸਿੰਘ ਸੂਦ॥ ਲਿਖੀ ਆਤਮਾ ਸਿੰਘ ਸੂਦ॥ ਕੀਰਤਨਏ॥ ਵਿਚ ਰੜੇ ਲਹੌਰ ਦੇ ਅਗੇ ਲਾਗਤ ਪੋਥੀ ਲਿਖੀ 330 ਰੁਪਏ॥ ਜੋ ਅੱਜ ਦੀ ਕੀਮਤ ਅਨੁਸਾਰ ਤਿੰਨ ਲੱਖ ਤੀਹ ਹਜ਼ਾਰ ਰੁਪੈ ਬਣਦੀ ਹੈ। ਹੰਦਾਲਕਿਆਂ ਨੇ ਵੱਡੇ ਤਰੱਦਦ ਨਾਲ ਇਸ ਨੂੰ ਸਿੱਖ ਚਿੰਤਨ ਤੇ ਚੇਤਨਾ ਨੂੰ ਸੁੰਨ ਕਰਨਹਾਰੇ ਜ਼ਹਿਰ ਦੇ ਟੀਕੇ ਵਾਂਗ ਵਰਤਿਆ; ਸਦੀਆਂ ਲੰਘ ਗਈਆਂ; ਮੂਰਛਾ ਦੀ ਸ਼ਿਕਾਰ ਹੋਈ ਸਿੱਖ ਚੇਤਨਾ ਅਜੇ ਅੱਖ ਪੱਟ ਕੇ ਝਾਕਣ ਦਾ ਹੀਆ ਨਹੀਂ ਕਰ ਸਕੀ; ਪਰ ਇਹ ਮਰੀ ਨਹੀਂ, ਜਾਗੇਗੀ ਕਿਉਂਕਿ ਜਿਉਣ ਦਾ ਹੱਠ ਇਸ ਦਾ ਵਿਸ਼ੇਸ਼ ਖਾਸਾ ਹੈ। “ਸਾਖੀ ਪਰੰਪਰਾ ਵਿਚੋਂ ਕੇਵਲ ਜਨਮ ਸਾਖੀ ਬਾਲਾ ਹੀ ਸਾਨੂੰ ਗੁਰੂ ਨਾਨਕ ਪਿਤਾ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਦਾ ਦੱਸਦੀ ਹੈ ਅਤੇ ਸਾਨੂੰ ਇਸ ਅਣਹੋਏ ਸੱਚ ਨੂੰ ਸਵੀਕਾਰ ਕਰਨ ਨੂੰ ਮਜਬੂਰ ਕਰਦੀ ਹੈ। ਇਸ ਧਰਮ ਸੰਕਟ ਦਾ ਹੱਲ, ਪੂਰਨਮਾਸ਼ੀ ਵਾਲੀ ਮਿਤੀ ਨੂੰ ਕਿਸੇ ਇਕ, ਪਿਉ ਜਾਂ ਪੁੱਤਰ ਨਾਲ ਜੋੜ ਕੇ ਹੀ ਸੰਭਵ ਹੋ ਸਕਦਾ ਹੈ, ਦੋਵਾਂ ਨਾਲ ਨਹੀਂ। ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਚੰਦ ਦੀ ਜਨਮ ਮਿਤੀ ਮੰਨਣ ਲਈ ਸਾਡੇ ਕੋਲ ਬਹੁਤ ਹੀ ਪਰਮਾਣਕ ਸਬੂਤ ਹਨ ਜੋ ਭਰੋਸੇਯੋਗ ਸਰੋਤ ਤੋਂ ਆਏ ਹੋਣ ਕਰਕੇ ਅਕੱਟ ਹਨ। ਗੁਰੂ ਨਾਨਕ ਦੇ ਬੰਸ, ਦਸਵੀਂ ਪੀੜ੍ਹੀ, ਬਾਬਾ ਸੁਖਬਾਸੀ ਨੇ ਆਪਣੇ ਖਾਨਦਾਨ ਸਬੰਧੀ ਇਕ ਗਰੰਥ ‘ਨਾਨਕ ਬੰਸ ਪ੍ਰਕਾਸ਼’ ਸੰਮਤ 1872 (1815 ਈ:) ਵਿਚ ਰਚਨਾ ਕੀਤੀ।
 
ਜਿਸ ਵਿਚ ਸਪੱਸ਼ਟ ਲਿਖਿਆ ਹੈ: ਸੁਭ ਨਖਯਤ੍ਰ ਸੁਭ ਲਗਨ ਬਰ ਕਾਤਕ ਮਾਸ ਪੁਨੀਤ॥ ਸ੍ਰੀ ਚੰਦ ਸਤਿਗੁਰ ਪ੍ਰਗਟੇ ਅਦਭੁਤ ਨਿਰਮਲ ਚੀਤ॥ ਮਤਲਬ ਸ੍ਰੀ ਚੰਦ ਕਤਕ ਦੇ ਮਹੀਨੇ ਪੂਰਨਮਾਸ਼ੀ ਨੂੰ ਪੈਦਾ ਹੋਇਆ। ਇਸੇ ਗਰੰਥ ਵਿਚ ਗੁਰੂ ਨਾਨਕ ਦਾ ਜਨਮ ਵਿਸਾਖ ਸੁਦੀ 3 ਦਾ ਦੱਸਿਆ ਹੈ: ਸੰਬਤ ਬਿਕ੍ਰਮ ਨ੍ਰਿਪਤ ਕੇ ਪੰਦ੍ਰਹ ਸਤਿ ਖਟਿ ਬੀਸ॥ ਅਖਯ-(ਸੁਦੀ) ਤੀਜ ਤਿਥਿ ਮਾਸ ਬਰ ਮਾਧਵਿ(ਵੈਸਾਖ) ਪ੍ਰਗਟੇ ਈਸ॥ ਬਾਬਾ ਸੁਖਬੰਸੀ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਕੱਤਕ ਦੀ ਪੂਰਨਮਾਸ਼ੀ ਦੀ ਤਰੀਕ ਨੂੰ ਕੱਟ ਕੇ ਅਸਲੀ ਜਨਮ ਤਰੀਖ ਦੇਣ ਵਿਚ ਗੁਰੇਜ਼ ਨਹੀਂ ਕਰਦਾ”। ਇਹ ਸਾਰੀ ਸੂਚਨਾ ‘ਸਾਖੀ ਮਹਿਲ ਪਹਿਲੇ ਕੀ ਸਾਖੀਕਾਰ ਸੀਹਾਂ ਉਪਲ ਸੰਪਾਦਕ ਸ. ਸ. ਪਦਮ’ ਦੀ ਕਿਤਾਬ ਦੇ ਪੰਨਾ 102-103 ਤੇ ਦਰਜ ਹੈ।
 
ਜਦੋਂ ਇਹ ਸਾਰਾ ਕੁੱਝ ਵਾਪਰ ਰਿਹਾ ਸੀ ਤਾਂ ਵਿਸਨ ਸਿੰਘ ਨਾਂ ਦਾ ਇਕ ਪਰਬੁੱਧ ਇਨਸਾਨ ਵੀ ਕਾਰਜਸ਼ੀਲ ਸੀ, ਜਿਸ ਨੇ 1828 ਈ. ਵਿਚ ‘ਗਿਆਨ ਰਤਨਾਵਲੀ’ ਕ੍ਰਿਤ ਸੂਰਤ ਸਿੰਘ ਨੂੰ ਅਨਕੂਲ ਕੇ ਆਪਣੇ ‘ਗਿਆਨ ਰਤਨਾਗਰ ਕਾਵਿ ਗਰੰਥ’ ਦੀ ਰਚਨਾ ਕੀਤੀ। ਇਹ ਗਿਆਨੀ ਸੰਤ ਸਿੰਘ ਦਾ ਚੇਲਾ ਤੇ ‘ਗੁਰਪ੍ਰਤਾਪ ਸੂਰਜ ਗ੍ਰੰਥ’ ਵਾਲੇ ਰਾਜ ਕਵੀ ਸੰਤੋਖ ਸਿੰਘ ਦਾ ਗੁਰਭਾਈ ਸੀ, ਪਰ ਆਪਣੇ ਆਪ ਨੂੰ ਸੂਰਤ ਸਿੰਘ ਦਾ ਪੋਤਰਾ ਚੇਲਾ ਦੱਸਣ ਵਿਚ ਵਧੇਰੇ ਮਾਣ ਮਹਿਸੂਸ ਕਰਦਾ ਸੀ। 
 
ਉਸ ਦੀ ਵੀ ਸੁਣੋ, ਸੰਤੋਖ ਸਿੰਘ ਅਤੇ ਉਸ ਦੇ ਪੁਰਾਣੇ ਜਾਂ ਅਧੁਨਿਕ ਪਾਛੂਆਂ ਨੇ ਭਾਵੇਂ ਨਹੀਂ ਸੁਣੀ:
 
“ਜਬ ਹੰਦਾਲ ਸੁਰ ਲੋਕ ਪਧਾਰਾ। ਬਿਧੀ ਚੰਦ ਸੁਤ ਸਕਤੀਵਾਰਾ।
ਲਈ ਮਹੰਤੀ ਸਿਖ ਬਣਾਏ।ਤੁਰਕਨ ਕੀ ਗਨਕਾ ਇਕ ਗਾਇ।
ਸੋ ਆਪਣੇ ਗ੍ਰਹ ਆਨ ਵਸਾਈ। ਤਬ ਵਰਤਨ ਤਜ ਦੀਨ ਲੁਕਾਈ।
ਬਿਧੀ ਚੰਦ ਮਞੋਤ ਪ੍ਰਸੰਗਾ। ਲਿਖੇ ਗੁਰ ਧਾਰੀ ਹਿਤ ਸੰਗਾ।
ਆਗੇ ਗੁਰ ਕੀ ਸਾਖੀ ਨਾਹੀ। ਰਚੀ ਨਿੰਦਾ ਬਿਧ ਬਹੁਤ ਬਨਾਈ।
ਬਾਲੇ ਅੰਗਦ ਕੋ ਧਰ ਨਾਮਾ। ਪ੍ਰਥਮੇ ਹੀ ਝੂਠਾ ਕੀਓ ਕਾਮਾ।
ਪੰਦ੍ਰਹ ਸਹਸ ਪਚਾਸੀ ਮਾਹੀ। ਪੰਚਮ ਥਿਤ ਬੈਸਾਖ ਕੀ ਆਹੀ।
ਪੈੜੇ ਮੋਖੇ ਲਿਖੀ ਬਨਾਈ। ਗੁਰ ਅੰਗਦ ਗੁਰ ਮਿਲੇ ਨ ਭਾਈ”।
ਜੋ ਕੂੜ ਰਾਜ ਕਵੀ ਸੰਤੋਖ ਸਿੰਘ ਨੇ ਆਪਣੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ‘ਬਾਲਾ ਬਲੱਫ’ ਤੋਂ ਪ੍ਰਭਾਵਤ ਹੋ ਕੇ ਵਾੜਿਆ ਜਾਂ ਵਾੜਿਆ ਗਿਆ ਉਸ ਦਾ ਅਤੇ ਭਾਈ ਬਿਧੀ ਚੰਦ ਵਲੋਂ ਆਪਣੀ ਬੁਰਿਆਈ ਨੂੰ ਛਪਾਉਣ ਲਈ ਜੋ ਗੁਰੂ ਨਾਨਕ ਸਾਹਿਬ ਦਾ ਚ੍ਰਿਤਰ-ਘਾਤ ਕੀਤਾ ਗਿਆ ਹੈ ਉਸ ਨੂੰ ਭਾਈ ਵਿਸਨ ਸਿੰਘ ਨੇ ਆਪਣੀ ਉਪਰਲੀ ਕਵਿਤਾ ਵਿਚ ਨੰਗਾ ਕੀਤਾ ਹੈ। 
 
ਹੁਣ ਫੈਸਲਾ ਸਿੱਖ ਕੌਮ ਨੇ ਕਰਨਾ ਹੈ ਕਿ ਉਹ ਗੁਰੂ ਦਾ ਗੁਰਪੁਰਬ ਅਸਲੀ ਤਰੀਕ, ਵੈਸਾਖ ਸੁਦੀ ਤੀਜ, ਨੂੰ ਮਨਾਉਣਾ ਚਾਹੁੰਦੀ ਹੈ ਜਾਂ ਫਿਰ ‘ਬਾਲਾ ਬਲੱਫ’ ਦੀ ਵਰਤਾਈ ਹੋਈ ਨਕਲੀ ਤਰੀਕ, “ਕੱਤਕ ਦੀ ਪੂਰਨਮਾਸੀ” ਨੂੰ ਹੀ ਕੜ੍ਹੀ ਘੋਲਣਾ ਚਾਹੁੰਦੀ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 1647 966 3132

ਕੀ  ਰਾਮ ਰਾਮ ਵਿੱਚ ਅੰਤਰ ਹੈ? - ਗੁਰਚਰਨ ਸਿੰਘ ਜਿਉਣ ਵਾਲਾ

ਬਹੁਤੇ ਸਿੱਖ, ਸਿੱਖ ਧਰਮ ਦੇ ਦੋਖੀ ਤੇ ਬ੍ਰਾਹਮਣ ਜਮਾਤ ਦੇ ਹਾਮੀ ਅਕਸਰ ਏਹੀ ਕਹਿੰਦੇ ਸੁਣੇ ਗਏ ਹਨ ਕਿ , “ਦੇਖੋ ਜੀ ਇਹ ਤਾਂ ਐਂਵੇ ਸਿੱਖਾਂ ਤੇ ਹਿੰਦੂਆਂ ਵਿੱਚ ਪਾੜਾ ਪਾਉਣ ਲਈ ਭਾਸ਼ਨ ਦੇਈ ਜਾਂਦੇ ਹਨ ਕਿ ਸਿੱਖ ਧਰਮ ਦਾ ਹਿੰਦੂ ਧਰਮ ਨਾਲ ਕੋਈ ਵਾਸਤਾ ਨਹੀਂ। ਸਾਰੇ ਸਿੱਖ ਗੁਰੂਆਂ ਨੇ ਕਿੰਨੀ ਵਾਰੀ ਲਫਜ਼ ‘ਰਾਮ’ ਗੁਰਬਾਣੀ ਵਿੱਚ ਵਰਤਿਆ ਹੈ”। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਮ ਲਫਜ਼ ਵੱਖਰੇ ਵੱਖਰੇ ਰੂਪਾਂ ਵਿੱਚ ਕੁੱਲ ਮਿਲਾ ਕੇ 2048 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਰਾਮ 1758 ਵਾਰੀ, ਰਾਮੁ 254, ਰਾਮਿ 8 ਵਾਰੀ, ਰਾਮੈ 19 ਵਾਰੀ ਤੇ ਰਾਮਹਿ 9 ਵਾਰੀ।
ਇਸ ਕਰਕੇ ਇਸ ਲੇਖ ਵਿੱਚ ਦੋ ਤਿੰਨ ਪੱਖਾਂ ਤੇ ਵਿਚਾਰਾਂ ਕਰਨੀਆਂ ਜ਼ਰੂਰੀ ਹਨ। ਕੀ ਰਾਜਾ ਦਸ਼ਰਥ ਦੇ ਪੁੱਤਰ ਰਾਮ ਚੰਦਰ ਤੋਂ ਪਹਿਲਾਂ ਵੀ ਰਾਮ ਲਫਜ਼ ਇਸ ਜਗਤ ਵਿੱਚ ਪ੍ਰੱਚਲਤ ਸੀ?
ਕੀ ਗੁਰਬਾਣੀ ਦਾ ਰਾਮ ਤੇ ਹਿੰਦੂ ਜਗਤ ਦਾ ਭਗਵਾਨ ਰਾਮ ਇੱਕ ਹੀ ਹਨ?
ਕੀ ਜਿਵੇਂ ਅੱਜ ਸਿੱਖ ਕਰ ਰਹੇ ਹਨ, ਰਾਮ ਮੁੱਲ ਖਰੀਦਿਆ ਜਾ ਸਕਦਾ ਹੈ?
ਕੀ ਰਾਮ ਵਿਕਾਊ ਮਾਲ ਹੈ?
ਅਥਰਵੇਦ ਦਾ ਉਪਨਿਸ਼ਦ ਤੇ ਰਾਮਤਪਨੀ ਉਪਨਿਸ਼ਦ ਵਿੱਚ ਜੋ ਰਾਮ ਸ਼ਬਦ ਦੀ ਵਿਆਖਿਆ ਕੀਤੀ ਗਈ ਹੈ ਉਹ ਇਸ ਤਰ੍ਹਾਂ ਹੈ। “ਰਾਮ ਉਹ ਪਾਰਬ੍ਰਹਮ ਹੈ ਜੋ ਸਰਬ-ਥਾਈਂ ਰਮਣ ਕਰ ਰਿਹਾ ਹੈ ਜਿਸ ਵਿੱਚ ਜੋਗੀ ਜਨ ਰਮਣ ਕਰਦੇ ਹਨ” ਇਸ ਤੋਂ ਇਲਾਵਾ ਜੋਗਿ-ਵਸ਼ਿਸ਼ਟ ਵਿੱਚ ਵੀ ਰਾਮ ਸ਼ਬਦ ਦੀ ਵਿਆਖਿਆ ਏਹੀ ਕੀਤੀ ਗਈ ਹੈ। ਏਥੋਂ ਤੱਕ ਕਿ ਬਾਲਮੀਕ ਰਮਾਇਣ ਵਿੱਚ ਵੀ ਰਾਮ ਚੰਦਰ ਨੂੰ ਪਰਸ਼ੋਤਮ ਪੁਰਖ ਨਹੀਂ ਮੰਨਿਆ ਗਿਆ। ਪ੍ਰਾਚੀਨ ਕਾਲ ਤੋਂ ਸ਼ਬਦ ਰਾਮ ਪਾਰਬ੍ਰਹਮ ਵਾਸਤੇ ਵਰਤਿਆ ਜਾਂਦਾ ਰਿਹਾ ਹੈ ਤੇ ਰਾਜੇ ਦਸ਼ਰਥ ਨੇ ਆਪਣੇ ਪੁੱਤਰ ਲਈ ਨਾਂ ਇਨ੍ਹਾਂ ਗ੍ਰੰਥਾਂ ਦੇ ਅਧਾਰ ਤੇ ਹੀ ਚੁਣਿਆ ਸੀ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਵਾਸਤੇ ਗੁਰੂ ਗ੍ਰੰਥ ਦੀ ਬਾਣੀ ਦਾ ਆਸਰਾ ਲਿਆ ਹੋਵੇ। ਗੁਰੂ ਤੇਗ ਬਹਾਦਰ ਜੀ ਨੂੰ ਅਸਾਮ ਵਿੱਚ ਜਦੋਂ ਨਵ-ਜਨਮੇ ਬੱਚੇ ਦੀ ਖਬਰ ਮਿਲਦੀ ਹੈ, ਤਾਂ ਗੁਰੂ ਜੀ ਵਧਾਈ ਨੂੰ ਮੰਨ ਕੇ ਖਬਰ ਦੇਣ ਵਾਲੇ ਵਿਅਕਤੀ ਦੇ ਹੱਥ ਵਾਪਸੀ ਸੁਨੇਹਾ ਏਹੀ ਭੇਜਦੇ ਹਨ, ਕਿ ਬਾਲਕ ਦਾ ਨਾਮ ਗੋਬਿੰਦ ਰੱਖਣਾ। ਜੇ ਕਰ ਅੱਜ-ਕੱਲ੍ਹ ਕੋਈ ਆਪਣਾ ਨਾਮ ਗੋਬਿੰਦ ਰੱਖ ਲਵੇ, ਤਾਂ ਉਹ ਸ਼ਖਸ ਸਿੱਖਾਂ ਦਾ ਦਸਵਾਂ ਗੁਰੂ ਤਾਂ ਨਹੀਂ ਬਣ ਜਾਂਦਾ? ਇਸੇ ਤਰ੍ਹਾਂ ਜੋ ਰਾਮ ਸ਼ਬਦ ਗੁਰਬਾਣੀ ਵਿੱਚ ਵਰਤਿਆ ਗਿਆ ਹੈ ਅਤੇ ਬਾਕੀ ਦੇ ਹੋਰ ਨਾਮ, ਜਿਨ੍ਹਾਂ ਦਾ ਮਤਲਬ ਰਾਮ ਨਿਕਲਦਾ ਹੈ, ਦਾ ਰਾਜੇ ਦਸ਼ਰਥ ਦੇ ਪੁੱਤਰ ਨਾਲ ਕੋਈ ਸੰਬੰਧ ਨਹੀਂ ਤੇ ਜਿੱਥੇ ਰਾਜੇ ਦਸ਼ਰਥ ਦੇ ਪੁੱਤਰ ਨਾਲ ਕੋਈ ਸੰਬੰਧ ਹੈ, ਉੱਥੇ ਬਕਾਇਦਾ ਵੇਰਵਾ ਪਾਇਆ ਗਿਆ ਹੈ, ਇਸ ਲੇਖ ਵਿੱਚ ਅੱਗੇ ਚੱਲ ਕੇ ਲਿਖਾਂਗਾ।
ਗੁਰਬਾਣੀ ਦਾ ਰਾਮ ਜੰਮਦਾ ਮਰਦਾ ਨਹੀਂ।
ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥
ਜਨਮਿ ਮਰਣਿ ਨਹੀਂ ਧੰਧਾ ਧੈਰੁ ॥
ਜੋ ਦੀਸੈ ਸੋ ਆਪੇ ਆਪਿ ॥
ਆਪਿ ਉਪਾਇ ਆਪੇ ਘਟ ਥਾਪਿ ॥
ਆਪਿ ਅਗੋਚਰੁ ਧੰਧੈ ਲੋਈ ॥
ਜੋਗ ਜੁਗਤਿ ਜਗ ਜੀਵਨੁ ਸੋਈ ॥
ਕਰਿ ਆਚਾਰੁ ਸਚੁ ਸੁਖੁ ਹੋਈ ॥
ਨਾਮ ਵਿਹੂਣਾ ਮੁਕਤਿ ਕਿਵ ਹੋਈ ॥15॥ ਪੰਨਾ 931, ਮ:1 ॥
(ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ) ਜੋ ਸਦਾ ਹੀ (ਬਹੁ-ਰੰਗੀ ਦੁਨੀਆ) ਪੈਦਾ ਕਰ ਕੇ ਆਪ ਨਿਰਵੈਰ ਰਹਿੰਦਾ ਹੈ, ਜੋ ਜਨਮ ਮਰਨ ਵਿੱਚ ਨਹੀਂ ਹੈ ਤੇ (ਜਿਸ ਦੇ ਅੰਦਰ ਜਗਤ ਦਾ ਕੋਈ) ਧੰਦਾ ਭਟਕਣਾ ਪੈਦਾ ਨਹੀਂ ਕਰ ਸਕਦਾ। ਉਹ ਗੋਪਾਲ ਆਪ ਹੀ (ਸ੍ਰਿਸ਼ਟੀ) ਪੈਦਾ ਕਰ ਕੇ ਆਪ ਹੀ ਸਾਰੇ ਜੀਵ ਬਣਾਂਦਾ ਹੈ, ਜੋ ਕੁੱਝ (ਜਗਤ ਵਿੱਚ) ਦਿੱਸ ਰਿਹਾ ਹੈ ਉਹ ਗੋਪਾਲ ਆਪ ਹੀ ਆਪ ਹੈ (ਭਾਵ, ਉਸ ਗੋਪਾਲ ਦਾ ਹੀ ਸਰੂਪ ਹੈ)।
ਸਗਲੀ ਥੀਤਿ ਪਾਸਿ ਡਾਰਿ ਰਾਖੀ ॥
ਅਸਟਮ ਥੀਤਿ ਗੋਵਿੰਦ ਜਨਮਾਸੀ ॥1॥
ਭਰਮਿ ਭੂਲੇ ਨਰ ਕਰਤ ਕਚਰਾਇਣ ॥
ਜਨਮ ਮਰਣ ਤੇ ਰਹਤ ਨਾਰਾਇਣ ॥1॥ ਰਹਾਉ ॥…….॥
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥3॥
ਜਨਮਿ ਨ ਮਰੈ ਨ ਆਵੈ ਨ ਜਾਇ ॥
ਨਾਨਕ ਕਾ ਪ੍ਰਭੁ ਰਹਿਓ ਸਮਾਇ ॥4॥1॥ ਪੰਨਾ 1136, ਮ:5 ॥
ਸਾਰੀਆਂ ਥਿਤਾਂ ਨੂੰ ਪਾਸੇ ਰੱਖ ਕੇ ਇਹ ਕਹਿ ਦਿੱਤਾ ਕਿ ਅਸ਼ਟਮੀ ਨੂੰ ਸ਼੍ਰੀ ਕ੍ਰਿਸਨ ਜੀ ਜਨਮੇ ਸੀ। ਭਰਮ ਵਿੱਚ ਪਏ ਹੋਏ ਲੋਕ ਆਪ ਹੀ ਪਹਿਲਾਂ ਕ੍ਰਿਸ਼ਨ ਦੀ ਮੂਰਤੀ ਨੂੰ ਖਰਬੂਜੇ ਵਿੱਚ ਰੱਖਦੇ ਹਨ ਤੇ ਆਪ ਹੀ ਉਸ ਖਰਬੂਜੇ ਨੂੰ ਕੱਟ ਕੇ ਭਗਵਾਨ ਨੂੰ ਉਸ ਵਿਚੋਂ ਬਾਹਰ ਕੱਢਦੇ ਹਨ। ਪਰ ਸਾਡਾ ‘ਨਾਰਾਇਣ’ ਤਾਂ ਨਾ ਜੰਮਦਾ ਹੈ ਤੇ ਨਾ ਹੀ ਮਰਦਾ ਹੈ।
ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ॥
ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ॥
ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ॥
ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ॥ ਪੰਨਾ 1095, ਮ:5 ॥
ਗੁਰਬਾਣੀ ਦੇ ਰੱਬ ਦਾ ਕੋਈ ਰੂਪ ਨਹੀਂ, ਉਹ ਕਿਸੇ ਜੂਨੀ ਵਿੱਚ ਨਹੀਂ ਆਉਂਦਾ ਅਤੇ ਉਹ ਇਹ ਸ੍ਰਿਸ਼ਟੀ ਪੈਦਾ ਕਰਕੇ ਉਸ ਵਿੱਚ ਹੀ ਸਮਾਇਆ ਹੋਇਆ ਹੈ ਤੇ ਉਸ ਵਿਚੋਂ ਹੀ ਸਾਨੂੰ ਉਹ ਦਿੱਸਣਾ ਚਾਹੀਦਾ ਹੈ। ਇਨ੍ਹਾਂ ਸਲੋਕਾਂ ਦੀ ਵਿਸਥਾਰ ਸਹਿਤ ਵਿਆਖਿਆ ਵੇਖਣ ਲਈ gurugrantdarpan.net ਤੇ ਜਾਓ ਜੀ।
ਹੁਣ ਇਹ ਗੱਲ ਸਾਫ ਹੋਈ ਕਿ ਰੱਬ, ਰਾਮ, ਭਗਵਾਨ, ਅਕਾਲ ਪੁਰਖ ਯਾ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੋਈ ਹੈ ਜਨਮ ਮਰਣ ਤੋਂ ਰਹਿਤ ਹੈ, ਸਾਰਿਆਂ ਵਿੱਚ ਰਮਿਆ ਹੋਇਆ ਹੈ ਤੇ ਗੁਰੂ ਅਰਜਨ ਦੇਵ ਜੀ ਤਾਂ ਇਹ ਵੀ ਲਿਖਦੇ ਹਨ ਕਿ ਉਹ ਮੁੱਖ ਹੀ ਸੜ ਜਾਏ ਜੋ ਇਹ ਆਖਦਾ ਹੈ ਕਿ ਠਾਕਰ, ਭਗਵਾਨ, ਅਕਾਲ ਪੁਰਖ ਯਾ ਪ੍ਰਮਾਤਮਾ ਫਲਾਣੀ ਤਾਰੀਖ ਨੂੰ ਪੈਦਾ ਹੋਇਆ ਸੀ। ਪਾਰਬ੍ਰਹਮ ਦੀ ਕੀਮਤ ਨਹੀਂ ਪਾਈ ਜਾ ਸਕਦੀ। ਸਭ ਥਾਂਈਂ ਰਮਿਆ ਰਾਮ ਗੁਰਬਾਣੀ ਦਾ ਰਾਮ ਹੈ।
ਜਪਿ ਮਨ ਸਿਰੀ ਰਾਮੁ॥
ਰਾਮ ਰਮਤ ਰਾਮੁ॥
ਸਤਿ ਸਤਿ ਰਾਮੁ ॥
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥1॥ ਪੰਨਾ1202, ਮ: 4 ॥
ਹੇ (ਮੇਰੇ) ਮਨ ! ਸਿਰੀ ਰਾਮ (ਦਾ ਨਾਮ) ਜਪਿਆ ਕਰ, (ਉਸ ਰਾਮ ਦਾ) ਜਿਹੜਾ ਸਭ ਥਾਈਂ ਵਿਆਪਕ ਹੈ, ਜਿਹੜਾ ਸਦਾ ਹੀ ਕਾਇਮ ਰਹਿਣ ਵਾਲਾ ਹੈ। ਹੇ ਭਾਈ ! ਸਦਾ ਰਾਮ ਦਾ ਨਾਮ ਬੋਲਿਆ ਕਰੋ, ਉਹ ਸਭ ਥਾਵਾਂ ਵਿੱਚ ਮੌਜੂਦ ਹੈ, ਉਹ ਸਭ ਕੁੱਝ ਜਾਣਨ ਵਾਲਾ ਹੈ ।1।
ਰਾਮ ਰਾਮ ਸੰਗਿ ਕਰਿ ਬਿਉਹਾਰ॥
ਰਾਮ ਰਾਮ ਰਾਮ ਪ੍ਰਾਨ ਅਧਾਰ॥
ਰਾਮ ਰਾਮ ਰਾਮ ਕੀਰਤਨੁ ਗਾਇ॥
ਰਮਤ ਰਾਮੁ ਸਭ ਰਹਿਓ ਸਮਾਇ॥1॥ ਪੰਨਾ 865, ਮ:5 ॥
ਸਭ ਥਾਂਈ ਰਮੇ ਰਾਮ ਦੀ ਗੱਲ ਹੈ।
ਸਾਧੋ ਇਹੁ ਤਨੁ ਮਿਥਿਆ ਜਾਨਉ॥
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ॥1॥ ਰਹਾਉ ॥ ਪੰਨਾ 1186, ਮ:9 ॥
ਗੁਰੂ ਤੇਗ ਬਹਾਦਰ ਜੀ ਤਾਂ ਕੋਈ ਕਸਰ ਹੀ ਨਹੀਂ ਛੱਡਦੇ ਕਿ ਉਹ ਕਿਹੜੇ ਰਾਮ ਦੀ ਗੱਲ ਕਰਦੇ ਹਨ। ਸਰੀਰ ਤਾਂ ਨਾਸਵੰਤ ਹੈ ਤੇ ਜਿਹੜਾ ਰਾਮ ਇਸ ਦੇ ਅੰਦਰ ਵਸਦਾ ਹੈ ਉਸ ਨੂੰ ਸੱਚ ਕਰਕੇ ਜਾਣੋ। ਉਹ ਹੀ ਸਦਾ ਰਹਿਣ ਵਾਲਾ ਹੈ। ਹਿੰਦੂ ਧਰਮ ਵਾਲਾ ਰਾਮ ਚੰਦਰ ਤਾਂ ਮਰ ਗਿਆ, ਮਰ ਹੀ ਨਹੀਂ ਗਿਆ ਬਲਕਿ ਉਹ ਤਾਂ ਆਤਮ ਘਾਤੀ ਹੈ ਜਿਸ ਨੂੰ ਗੁਰਬਾਣੀ ਵਿੱਚ “ਆਤਮ ਘਾਤੀ ਹੈ ਜਗਤ ਕਸਾਈ” ਕਿਹਾ ਗਿਆ ਹੈ ਤਾਂ ਫਿਰ ਇਹ ਸਨਾਤਨੀ ਧਰਮ ਵਾਲਾ ਰਾਮ ਨਹੀਂ ਜਿਸ ਦਾ ਗੁਰਬਾਣੀ ਵਿੱਚ ਜ਼ਿਕਰ ਹੈ।
ਸੰਕਟਿ ਨਹੀਂ ਪਰੈ ਜੋਨਿ ਨਹੀਂ ਆਵੈ ਨਾਮੁ ਨਿਰੰਜਨ ਜਾ ਕੋ ਰੇ॥
ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥2॥ ਪੰਨਾ 338, ਭਗਤ ਕਬੀਰ ਜੀ ॥
ਕਬੀਰ ਜੀ ਵੀ ਕੋਈ ਭੁਲੇਖਾ ਹੀ ਨਹੀਂ ਛੱਡਦੇ ਕਿ ਉਨ੍ਹਾਂ ਦਾ ਠਾਕੁਰ ਕੌਣ ਹੈ? ਕਬੀਰ ਦਾ ਸੁਆਮੀ/ਠਾਕੁਰ ਉਹ ਹੈ ਜਿਸ ਦੀ ਨਾ ਕੋਈ ਮਾਂ ਹੈ ਤੇ ਨਾ ਪਿਉ। ਪਰ ਰਾਮ ਚੰਦਰ ਦੇ ਬਾਪ ਦਾ ਨਾਮ ਤਾਂ ਦਸ਼ਰਥ ਹੈ।
ਰਾਜੇ ਦਸ਼ਰਥ ਦੇ ਪੁੱਤਰ ਰਾਮ ਚੰਦਰ ਦਾ ਬਾਣੀ ਵਿੱਚ ਜ਼ਿਕਰ।
ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ॥
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ॥
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥25॥ ਪੰਨਾ 1412, ਮ:1 ॥ 
ਜਦੋਂ ਸੀਤਾ ਨੂੰ ਰਾਵਣ ਲੈ ਗਿਆ ਤੇ ਲਛਮਣ ਸਰਾਪ ਨਾਲ ਮਰ ਗਿਆ ਯਾ ਮੂਰਛਤ ਹੋ ਗਿਆ ਤਾਂ ਰਾਮ ਚੰਦਰ ਝੂਰਦਾ ਹੈ ਪਿਆ ਤੇ ਬਾਂਦਰਾਂ ਦੀ ਅਤੇ ਆਪਣੀ ਸੈਨਾ ਰਾਹੀਂ ਸੇਵਾ ਕਰ ਰਿਹਾ ਹੈ, ਅਗੇਰੇ ਮੱਦਦ ਲੈਣ ਲਈ।
ਪਾਂਡੇ ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ॥
ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ॥3॥ ਪੰਨਾ 874, ਭਗਤ ਨਾਮਦੇਵ ਜੀ॥
ਪਾਂਡੇ ਤੂੰ ਓਸ ਰਾਮ ਚੰਦਰ ਦੀ ਗੱਲ ਕਰਦਾ ਹੈਂ ਜਿਸਨੇ ਰਾਵਣ ਨਾਲ ਲੜਾਈ ਕਰਕੇ ਆਪਣੀ ਘਰ ਵਾਲੀ ਹੀ ਗਵਾ ਲਈ ਸੀ?
ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ॥
ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ॥1॥ ਰਹਾਉ ॥
ਗੁਰੁ ਪੂਰਾ ਹਰਿ ਜਾਪੀਐ ਨਿਤ ਕੀਚੈ ਭੋਗੁ ॥
ਸਾਧ ਸੰਗਤਿ ਕੈ ਵਾਰਣੈ ਮਿਲਿਆ ਸੰਜੋਗੁ ॥1॥ ਪੰਨਾ 817, ਮ:5 ॥
ਹੇ ਭਾਈ ! ਸਦਾ ਹੀ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ ਵਿਕਾਰ ਆਦਿਕ) ਰੋਗਾਂ ਤੋਂ ਰਹਿਤ ਹੋ ਜਾਈਦਾ ਹੈ। ਇਹ ਸਿਮਰਨ ਹੀ ਸ੍ਰੀ ਰਾਮਚੰਦ੍ਰ ਜੀ ਦੀ ਸੋਟੀ ਹੈ (ਜਿਸ ਸੋਟੀ ਦੇ ਡਰ ਕਰਕੇ ਕੋਈ ਦੁਸ਼ਟ ਸਿਰ ਨਹੀਂ ਚੁੱਕ ਸਕਦਾ ਸੀ)। ਇਸ (ਸਿਮਰਨ) ਨੇ (ਹਰੇਕ ਸਿਮਰਨ ਕਰਨ ਵਾਲੇ ਦੇ ਅੰਦਰੋਂ ਹਰੇਕ) ਰੋਗ ਦੂਰ ਕਰ ਦਿੱਤਾ ਹੈ।
ਗੁਰਮੁਖਿ ਬਾਂਧਿਓ ਸੇਤੁ ਬਿਧਾਤੈ॥
ਲੰਕਾ ਲੂਟੀ ਦੈਤ ਸੰਤਾਪੈ॥
ਰਾਮਚੰਦਿ ਮਾਰਿਓ ਅਹਿ ਰਾਵਣੁ॥
ਭੇਦੁ ਬਭੀਖਣ, ਗੁਰਮੁਖਿ ਪਰਚਾਇਣੁ ॥
ਗੁਰਮੁਖਿ ਸਾਇਰਿ ਪਾਹਣ ਤਾਰੇ ॥
ਗੁਰਮੁਖਿ ਕੋਟਿ ਤੇਤੀਸ ਉਧਾਰੇ ॥40॥ ਪੰਨਾ 942, ਮ:1 ॥
ਤੁਸੀਂ ਇਹ ਕਹਿੰਦੇ ਹੋ ਕਿ ਰਾਮ ਚੰਦਰ ਨੇ ‘ਰਾਮ ਸੇਤੂ’ ਪੁਲ ਬਣਾਇਆ ਇਸ ਕਰਕੇ ਤੁਸੀਂ ਰਾਮ ਨੂੰ ਬਿਧਾਤਾ, ਭਗਵਾਨ ਕਹਿੰਦੇ ਹੋ ਯਾ ਨਾਲ ਤੁੱਲਣਾ ਕਰਦੇ ਹੋ? ਪਰ ਵੇਖੋ ਪੁੱਲ ਬਣਾ ਕੇ(ਰਾਮਚੰਦ੍ਰ ਜੀ ਨੇ) ਲੰਕਾ ਲੁੱਟੀ ਤੇ ਰਾਖਸ਼ ਮਾਰੇ। ਲੰਕਾ ਲੁੱਟਣ ਵਾਲੇ ਨੂੰ ਤੁਸੀਂ ਕੀ ਕਹੋਗੇ, ਲੁਟੇਰਾ ? ਰਾਮਚੰਦਰ (ਜੀ) ਨੇ ਰਾਵਣ ਨੂੰ ਮਾਰਿਆ, ਜਦੋਂ ਕਿ ਇਹ ਕੰਮ ਰਾਮ ਤੋਂ ਹੋ ਹੀ ਨਹੀਂ ਰਿਹਾ ਸੀ ਪਰ ਰਾਵਣ ਦੇ ਭਰਾ ਨੇ ਰਾਮ ਚੰਦਰ ਨੂੰ ਭੇਤ ਦਿੱਤਾ ਤਾਂ ਹੀ ਉਹ ਰਾਵਣ ਨੂੰ ਮਾਰ ਸਕਿਆ। ਕੀ ਇਹ ਕਿਸੇ ਦੇ ਭਗਵਾਨ ਹੋਣ ਦੀ ਨਿਸ਼ਾਨੀ ਹੈ? ਨਹੀਂ, ਇਹ ਮੁਖਬਰੀ ਹੈ।
ਹੁਣ ਕਿਸੇ ਨੂੰ ਤੇ ਖਾਸ ਕਰਕੇ ਅੱਜ-ਕੱਲ੍ਹ ਦੇ ਐਕਟਰ ਅਕਸ਼ੇ ਕੁਮਾਰ, ਯੂ.ਪੀ.ਦਾ ਤੱਤਕਾਲੀਨ ਮੁੱਖ ਮੰਤਰੀ, ਹੇਮਵਤੀ ਨੰਦਨ ਬਹੁਗੁਣਾਂ ਅਤੇ ਇੱਕ ਦਿੱਲੀ ਦਾ ਵਪਾਰੀ, ਓਂਕਾਰ ਸਿੰਘ ਥਾਪਰ, ਜਿਹੜਾ ਇਹ ਕਹਿੰਦਾ ਨਹੀਂ ਸੀ ਥੱਕਦਾ ਕਿ ਗੁਰਬਾਣੀ ਵਿੱਚ ਭਗਵਾਨ ਰਾਮ ਦਾ ਨਾਮ ਤਾਂ 2500 ਵਾਰੀ ਆਇਆ ਹੈ ਤੇ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰਾਮ ਦਾ ਸ਼ਬਦ ਕੱਢ ਦਿੱਤਾ ਜਾਵੇ ਤਾਂ ਬਾਕੀ ਕੁੱਝ ਵੀ ਨਹੀਂ ਬੱਚਦਾ, ਨੂੰ ਕੋਈ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਕਿ ਗੁਰਬਾਣੀ ਵਿੱਚ ਕਿਧਰੇ ਵੀ ਕਿਸੇ ਦਸ਼ਰਥ ਦੇ ਪੁੱਤਰ ਰਾਮਚੰਦ ਦੀ ਕੋਈ ਸ਼ਲਾਘਾ ਨਹੀਂ ਕੀਤੀ ਗਈ।
ਰਾਮ ਰਾਮ ਵਿੱਚ ਅੰਤਰ, ਰਾਮ ਮੁੱਲ ਨਹੀਂ ਖਰੀਦਿਆ ਜਾ ਸਕਦਾ।
ਕਬੀਰ ਰਾਮ ਕਹਨ ਮਹਿ ਭੇਦੁ ਹੈ, ਤਾ ਮਹਿ ਏਕੁ ਬਿਚਾਰੁ॥
ਸੋਈ ਰਾਮੁ ਸਭੈ ਕਹਹਿ, ਸੋਈ ਕਉਤਕਹਾਰ॥190॥
ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ ॥
ਏਕੁ ਅਨੇਕਹਿ ਮਿਲਿ ਗਇਆ, ਏਕ ਸਮਾਨਾ ਏਕ ॥191॥ ਪੰਨਾ1374, ਭਗਤ ਕਬੀਰ ਜੀ॥
ਭਗਤ ਕਬੀਰ ਜੀ ਤਾਂ ਕੋਈ ਭੁਲੇਖਾ ਰਹਿਣ ਹੀ ਨਹੀਂ ਦਿੰਦੇ ਜਦੋਂ ਉਹ ਇਹ ਕਹਿੰਦੇ ਹਨ ਕਿ ਰਾਮ ਕਹਿਣ ਵੇਲੇ ਸੋਚੋ! ਇੱਕ ਰਾਮ ਤਾਂ ਉਹ ਹੈ ਜੋ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਤੇ ਇੱਕ ਰਾਮ ਦਾ ਨਾਮ ਰਾਸਧਾਰੀਏ ਭੀ (ਰਾਸਾਂ ਵਿੱਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸ਼ਰਥ ਦਾ ਪੁੱਤਰ ਹੈ, ਉਹ ਇਹਦੀ ਮੂਰਤੀ-ਪੂਜਾ ਕਰਦੇ ਹਨ ਜੋ ਵਿਅਰਥ ਹੈ) ॥190-191॥
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ॥
ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥1॥ ਰਹਾਉ ॥ ਪੰਨਾ 14, ਮ:1 ॥
ਇਸ ਸਾਰੇ ਸਲੋਕ ਵਿੱਚ ਏਹੀ ਜ਼ਿਕਰ ਹੈ ਕਿ ਜੇ ਸਰੀਰ ਨੂੰ ਰੱਤੀ ਰੱਤੀ ਕਰਕੇ ਅੱਗ ਵਿੱਚ ਜਾਲ ਵੀ ਦੇਈਏ, ਜੇ ਮੇਰੀ ਬਹੁਤ ਲੰਮੀ ਉਮਰ ਹੋ ਜਾਏ ਤੇ ਜੇ ਮੈਂ ਲੱਖਾਂ ਮਣ ਕਾਗਜ਼ਾਂ ਤੇ ਦਾਤੇ ਦੀ ਉਸਤਤ ਲਿਖ ਵੀ ਦੇਵਾਂ, ਜੇ ਪੰਖੀ ਬਣ ਕੇ ਸੈਂਕੜੇ ਅਸਮਾਨਾਂ ਵਿੱਚ ਉੱਡਦਾ ਹੀ ਰਹਾਂ, ਮਤਲਬ ਕਿਸੇ ਵੀ ਤਰੀਕੇ ਨਾਲ ਪ੍ਰਮਾਤਮਾ ਦੀ ਕੀਮਤ ਨਹੀਂ ਪਾਈ ਜਾ ਸਕਦੀ।
ਕੰਚਨ ਸਿਉ ਪਾਈਐ ਨਹੀਂ ਤੋਲਿ ॥
ਮਨੁ ਦੇ, ਰਾਮੁ ਲੀਆ ਹੈ ਮੋਲਿ ॥1॥
ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥
ਸਹਜ ਸੁਭਾਇ ਮੇਰਾ ਮਨੁ ਮਾਨਿਆ ॥ ਪੰਨਾ 327, ਭਗਤ ਕਬੀਰ ਜੀ॥
ਸੋਨਾ ਸਾਵਾਂ ਤੋਲ ਕੇ ਵੱਟੇ ਵਿੱਚ ਦਿੱਤਿਆਂ ਰੱਬ ਨਹੀਂ ਮਿਲਦਾ, ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ।1। ਹੁਣ ਤਾਂ ਮੈਨੂੰ ਯਕੀਨ ਆ ਗਿਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ; ਸੁਤੇ ਸਿੱਧ ਹੀ ਮੇਰੇ ਮਨ ਵਿੱਚ ਇਹ ਗੰਢ ਬੱਝ ਗਈ ਹੋਈ ਹੈ।
ਅੱਜ ਦਾ ਸਿੱਖ ਤਾਂ ਹਰ ਅਡੰਬਰ ਕਰਕੇ ਪ੍ਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ। ਅਖੰਡ ਪਾਠਾਂ ਦੀਆਂ ਲੜੀਆਂ ਤੇ ਝੜੀਆਂ ਲੱਗੀਆਂ ਹੋਈਆਂ ਹਨ। ਕੀ ਏਹੀ ਸਿੱਖੀ ਹੈ? ਜਿਸ ਗ੍ਰੰਥ ਦੇ ਸਿੱਖ ਅਖੰਡ ਪਾਠ ਕਰਵਾਉਂਦੇ ਹਨ ਓਹੀ ਗ੍ਰੰਥ ਇਸ ਸਾਰੇ ਅਡੰਬਰ ਦੇ ਉਲਟ ਸਿੱਖਿਆ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਅਖੰਡ ਪਾਠ ਕਰਨ/ਕਰਵਾਉਣ ਨੂੰ ਨਹੀਂ ਕਹਿੰਦੇ;
ਪੜੀਐ ਨਾਹੀ ਭੇਦੁ ਬੁਝਿਐ ਪਾਵਣਾ॥ ਪੰਨਾ 148॥
 ਪਰ ਗੁਰਬਾਣੀ ਨੂੰ ਪੜ੍ਹ ਕੇ, ਸਮਝ ਕੇ, ਜ਼ਿੰਦਗੀ ਵਿੱਚ ਗੁਰੂ ਦੇ ਦਿੱਤੇ ਹੋਏ ਨਿਰਮਲ ਸਿਧਾਂਤ ਨੂੰ ਲਾਗੂ ਕਰਨ ਲਈ ਗੁਰਬਾਣੀ ਸਾਨੂੰ ਉਪਦੇਸ਼ ਦਿੰਦੀ ਹੈ ਪਰ ਅਸੀਂ ਨਿਰਮਲ ਸਿਧਾਂਤ ਨੂੰ ਗੰਧਲਾ ਕਰਨ ਤੋਂ ਵੀ ਪਿਛਾਂਹ ਨਹੀਂ ਹਟਦੇ। ਰਾਮ ਮੁੱਲ ਨਹੀਂ ਖਰੀਦਿਆ ਜਾ ਸਕਦਾ। ਪਰ ਹੁਣੇ ਹੁਣੇ ਨੌਂ ਕਰੋੜ ਦਾ ਲੈਂਪ ਕਿਸੇ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਚੜ੍ਹਾ ਕੇ ਸ਼ਾਇਦ ਰੱਬ ਮੁੱਲ ਲੈ ਵੀ ਲਿਆ ਹੋਵੇ? ਅਸੀਂ ਲੰਬੀਆਂ ਲੰਬੀਆਂ ਅਰਦਾਸਾਂ ਭਾਈਆਂ ਕੋਲੋਂ ਕਰਵਾ ਕਰਵਾ ਕੇ ਆਪਣੇ ਮਨ ਦੀ ਝੂਠੀ ਖੁਸ਼ੀ ਲਈ ਰਾਮ ਨੂੰ ਆਪਣੀ ਜੇਬ ਵਿੱਚ ਹੀ ਪਾ ਲੈਂਦੇ ਹਾਂ।
ਜਹਾਂਗੀਰ ਤੇ ਔਰੰਗਜ਼ੇਬ ਨੇ ਗੁਰੂ ਸਾਹਿਬਾਨ ਨੂੰ ਕਤਲ ਕੀਤਾ ਯਾ ਕਰਵਾਇਆ, ਬੱਚਿਆਂ ਨੂੰ ਵੀ ਨਹੀਂ ਬਖਸ਼ਿਆ, ਮਾਤਾ ਪਿਤਾ ਨੂੰ ਵੀ ਨਹੀਂ ਛੱਡਿਆ ਤੇ ਹੋਰ ਲੱਖਾਂ ਸਿੱਖਾਂ ਨੂੰ ਸ਼ਹੀਦ ਕਰਨ ਦੇ ਬਾਵਜੂਦ ਵੀ ਉਹ ਸਿੱਖੀ ਦਾ ਓਨਾ ਨੁਕਸਾਨ ਨਹੀਂ ਕਰ ਸਕੇ ਜਿਤਨਾ ਅੱਜ ਦੇ ਸਿੱਖਾਂ ਨੇ ‘ਸਿੱਖੀ ਬਾਣਾ’ ਪਾ ਕੇ ਸਿੱਖੀ ਦਾ ਨੁਕਸਾਨ ਕੀਤਾ ਹੈ। ਗਿਆਨੀ ਪਿੰਦਰਪਾਲ ਸਿੰਘ ਜੋ ਕਿੱਕਰਾਂ ਤੋਂ ਮਠਿਆਈਆਂ ਝੜਨ ਦੇ ਅੰਬਾਰ ਲਾਉਂਦਾ ਹੈ ਅਤੇ ਸੰਤ ਸਿੰਘ ਮਸਕੀਨ ਵੀ ਇੱਕ ਉਦਾਹਰਣ ਹਨ “ਸਿੱਖ ਬਾਣੇ ਵਿੱਚ ਬ੍ਰਾਹਮਣ”।
ਸਿੱਖ ਭਰਾਵੋ! ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਗੁਰੂ ਦਾ ਹੁਕਮ ਕੀ ਹੈ ਤੇ ਅਸੀਂ ਕੀ ਕਰੀ ਜਾਂਦੇ ਹਾਂ। ਇਸ ਗੱਲ ਦੀ ਸਮਝ ਉਦੋਂ ਹੀ ਪੈਣੀ ਹੈ ਜਦੋਂ ਅਸੀਂ ਆਪ ਸਾਰੀ ਗੁਰਬਾਣੀ ਪੜ੍ਹਾਂਗੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132

ਸਿੱਖਾਂ ਦੀ ਅਰਦਾਸ ਬਾਰੇ ਵਿਚਾਰ ਵਿਟਾਂਦਰਾ - ਗੁਰਚਰਨ ਸਿੰਘ ਜਿਉਣਵਾਲਾ

ਕੁੱਝ ਸੱਜਣ ਐਸੇ ਹਨ ਜੋ ਨਿਰਮਲਿਆਂ ਦੀ ਪਿਛਲੇ 300 ਸਾਲਾਂ ਦੀ ਪ੍ਰਚਾਰੀ ਹੋਈ ਸਿੱਖੀ ਨੂੰ ਹੀ ਗੁਰੂ ਸਹਿਬਾਨ ਦੀ ਸਿੱਖੀ ਮੰਨੀ ਬੈਠੇ ਹਨ ਤੇ ਇੰਚ ਭਰ ਵੀ ਇੱਧਰ ਉੱਧਰ ਹਿਲਣਾ ਵੀ ਨਹੀਂ ਚਾਹੁੰਦੇ। ਜਿਵੇਂ ਰਣਜੀਤ ਸਿੰਘ ਅਜਨਾਲਾ ਨੇ ਨੁਕਤਾਚੀਨੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਹਿੰਦੂ ਦੇਵੀ ਦੇਵਤਿਆਂ ਤੋਂ ਬਹੁਤ ਪ੍ਰਭਾਵਤ ਸਨ। ਮਤਲਬ ਇਹ ਨਿਕਲਦਾ ਹੈ ਕਿ ਰਣਜੀਤ ਸਿੰਘ ਅਜਨਾਲਾ ਨੂੰ ਸਿੱਖੀ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਬਾਰੇ ਭੋਰਾ ਭਰ ਵੀ ਗਿਆਨ ਨਹੀਂ। ਗੁਰਬਾਣੀ ਦੇਵੀ ਦੇਵਤਿਆਂ ਨੂੰ ਨਿਕਾਰਦੀ ਹੋਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇਵਤਿਆ ਤੋਂ ਕਿਵੇਂ ਪ੍ਰਭਾਵਤ ਹੋ ਸਕਦੇ ਹਨ, ਅਜਨਾਲਾ ਜੀ, ਜ਼ਰਾ ਸੋਚੋ?ਜਿਵੇਂ:

ਦੇਵੀਆ ਨਹੀ ਜਾਨੈ ਮਰਮ।

ਸਭ ਊਪਰਿ ਅਲਖ ਪਾਰਬ੍ਰਹਮ॥2ਪੰਨਾ894, ਮ:5॥

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪੰਨਾ 637, ਮ:1॥

ਇਸੇ ਹੀ ਤਰ੍ਹਾਂ ਹਨ ਬਲਜਿੰਦਰ ਸਿੰਘ ਪਟਿਆਲਾ ਤੋਂ। ਉਹ ਦਸਮ ਗ੍ਰੰਥ ਦੇ ਉਪਾਸ਼ਕ ਹਨ। ਜੇਕਰ ਅਸੀਂ ਆਪਣੀ ਅਰਦਾਸ ਵਿੱਚੋਂ ਪਹਿਲੀ ਪਉੜੀ ਕੱਢਦੇ ਹਾਂ, ਜੋ ਤੀਜੇ ਚੰਡੀ ਚ੍ਰਿਤਰ ਵਿਚੋਂ ਲਈ ਗਈ ਹੈ ਤੇ ਉਹ ਦੁਰਗਾ ਦੀ ਵਾਰ ਦੀ ਪਹਿਲੀ ਪਉੜੀ ਹੈ, ਤਾਂ ਦਸਮ ਗ੍ਰੰਥ ਤੇ ਸੱਟ ਵੱਜਦੀ ਹੈ। ਇਸ ਤੀਜੀ ਚੰਡੀ ਚ੍ਰਿਤਰ ਦਾ ਪੁਰਾਣੀਆਂ ਹੱਥ ਲਿਖਤ ਬੀੜਾਂ ਮੁਤਾਬਕ ਨਾਮ ਹੈ “ਵਾਰ ਦੁਰਗਾ ਕੀ” (ਹਵਾਲਾ ਪੀ.ਐਚ.ਡੀ ਥੀਸਿਸ ਰਤਨ ਸਿੰਘ ਜੱਗੀ 1960 ਈ:) ਅਤੇ 1902 ਵੇਲੇ ਜਦੋਂ ਅੱਜ ਵਾਲਾ ਦਸਮ ਗ੍ਰੰਥ ਤਿਆਰ ਕੀਤਾ ਗਿਆ ਤਾਂ ਨਾਮ ਬਦਲ ਕੇ ‘ਸ੍ਰੀ ਭਗਾਉਤੀ ਜੀ ਸਹਾਇ’ ਕਰ ਦਿੱਤਾ ਗਿਆ। ਏਸੇ ਹੀ ਵਾਰ ਦੀਆਂ ਅਖੀਰਲੀਆਂ ਸਤਰਾਂ ਸ਼ਾਹਦੀ ਭਰਦੀਆਂ ਹਨ ਕਿ ਇਹ ਵਾਰ ਦੁਰਗਾ ਕੀ ਹੀ ਹੈ। ਦਸਮ ਗ੍ਰੰਥ ਦੇ ਬਾਹਰਲੇ ਪੰਨੇ ਤੇ ਲਿਖਿਆ ਹੈ: “ਗੁਰਬਣੀ ਦੇ ਲਾਸਾਨੀ ਸੋਧਕ ਗਿਯਾਨੀ ਮਹਿੰਦਰ ਸਿੰਘ ਰਤਨ”। ਜੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੈ ਤਾਂ ਇਸ ਨੂੰ ਗਿਯਾਨੀ ਮਹਿੰਦਰ ਸਿੰਘ ਰਤਨ ਸੋਧੇਗਾ?ਕੀ ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਗਲਤ ਲਿਖ ਕੇ ਗਏ ਹਨ?ਜਿਵੇਂ:-

ਸਿਰ ਪਰ ਛੱਤ੍ਰ ਫਿਰਾਇਆ ਰਾਜੇ ਇੰਦ੍ਰ ਦੈ॥ ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥55

ਬਲਜਿੰਦਰ ਸਿੰਘ ਜੀ ਇਸ ਦੁਰਗਾ ਦੀ ਵਾਰ ਦਾ ਹਿੰਦੀ ਸਰੋਤ ਕੀ ਹੈ। ਇਸ ਵਾਰ ਨੂੰ ਕਿਸੇ ਨੇ, ਕਿਹੜੇ ਗ੍ਰੰਥ ਵਿੱਚੋਂ, ਕਿੱਥੋਂ ਚੁੱਕ ਕੇ ਦਸਮ ਗ੍ਰੰਥ ਵਿੱਚ ਸ਼ਾਮਲ ਕੀਤਾ?

ਇੱਥੇ ਮੈਂ ਪ੍ਰੋ. ਯਾ ਪ੍ਰਿੰ. ਤੇਜਾ ਸਿੰਘ ਅੰਮ੍ਰਿਤਸਰ ਵਾਲਿਆਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਵਾਂਗਾ। ਉਹ ਲਿਖਦੇ ਹਨ: ਸਿੱਖਾਂ ਵਿਚ ਸਿੱਖੀ ਪ੍ਰਤੀ ਭਾਵਨਾ ਦੀ ਘਾਟ ਨਹੀਂ। ਸਿੱਖ ਅੱਜ ਜੋ ਕੁੱਝ ਬਣ ਚੁੱਕਿਆ ਹੈ ਉਹ ਅਠਾਹਰਵੀਂ ਤੇ ਉਨੀਵੀਂ ਸਦੀ ਦੇ ਪ੍ਰਚਾਰ ਕਰਕੇ ਬਣਿਆ ਹੈ। ਸਿੱਖ ਨੂੰ ਅੱਜ ਇਹ ਦੱਸਣ ਦੀ ਲੋੜ ਨਹੀਂ ਕਿ ਸਿੱਖੀ ਕੀ ਹੈ ਸਗੋਂ ਇਹ ਦੱਸਣ ਦੀ ਲੋੜ ਹੈ ਕਿ ਸਿੱਖੀ ਕੀ ਨਹੀਂ ਹੈ। ਪ੍ਰੋ ਤੇਜਾ ਸਿੰਘ ਹੋਰਾਂ ਦੇ ਅਕਾਲ ਚਲਾਣਾ ਕੀਤੇ ਨੂੰ ਵੀ 70-75 ਸਾਲ ਹੋ ਗਏ ਹਨ ਤੇ ਹੁਣ ਸਾਨੂੰ ਵੀਹਵੀਂ ਸਦੀ ਦੇ ਪ੍ਰਚਾਰ ਨੂੰ ਵੀ ਨਾਲ ਹੀ ਜੋੜ ਲੈਣਾ ਚਾਹੀਦਾ ਹੈ। ਜਿਵੇਂ ਪਿੰਦਰਪਾਲ ਸਿੰਘ ਜਦੋਂ ਕਥਾ ਕਰਦਾ ਇਹ ਕਹਿੰਦਾ ਹੈ, “ਜੇ ਮੇਰਾ ਗੁਰੂ ਕਹੇ ਕਿ ਦਰਖਤਾਂ ਨਾਲੋਂ ਮਠਿਆਈਆਂ ਤੋੜ ਲਵੋ ਤਾਂ ਜ਼ਰੂਰ ਹੀ ਦਰਖਤਾਂ ਨੂੰ ਮਠਿਆਈਆਂ ਲੱਗ ਸਕਦੀਆਂ ਹਨ”। ਭਾਈ ਪਿੰਦਰਪਾਲ ਸਿੰਘ ਜੀ ਤੁਸੀਂ ਤਾਂਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿਦੇ ਅਰਥ ਵੀ ਨਹੀਂ ਸਮਝੇਕਿਸੇ ਵੀ ਗੁਰੂ ਸਹਿਬਾਨ ਨੇ ਕੁਦਰਤੀ ਨਿਯਮਾਂ ਦੇ ਉਲਟ ਜਾ ਕੇ ਕੁੱਝ ਨਹੀਂ ਕੀਤਾ

ਅਠਾਹਰਵੀਂ ਸਦੀ ਵਿਚ ਬੰਦਾ ਸਿੰਘ ਬਹਾਦਰ ਦੇ ਵੇਲੇ ਤੋਂ ਬਾਅਦ ਜਦੋਂ ਨਿਰਮਲਿਆਂ ਨੇ ਮੁਕੰਮਲ ਤੌਰ ਤੇ ਗੁਰਧਾਮਾਂ ਤੇ ਕਬਜ਼ਾ ਕਰ ਲਿਆ ਤਾਂ ਸਿੱਖੀ ਸਿਧਾਂਤਾਂ ਵਿਚ ਰਲਾ ਪਾਉਣ ਵਾਸਤੇ ਯਾ ਸਿੱਖੀ ਨੂੰ ਖਤਮ ਕਰਨ ਵਾਸਤੇ ਜੋ ਉਨ੍ਹਾਂ ਨੂੰ ਗੁਰੂ ਨਾਨਕ ਪਾਤਸਾਹ ਦੇ ਵੇਲੇ ਤੋਂ ਹੀ ਚੁੱਭਦੀ ਪਈ ਸੀ ਤਾਂ ਰਮਾਇਣਾਂ, ਮਹਾਂਭਾਰਤ ਗ੍ਰੰਥਾਂ ਦਾ ਉਲੱਥਾ ਕਰਨਾ ਸ਼ੁਰੂ ਕੀਤਾ। ਉਸੇ ਵੇਲੇ ਹੀ ਗੁਰਬਿਲਾਸ ਪਾਤਸ਼ਾਹੀ ਛੇਵੀਂ, ਸਿੱਖਾਂ ਦੀ ਭਗਤਮਾਲਾ, ਦਸਵੇਂ ਪਾਤਸ਼ਾਹ ਕਾ ਗ੍ਰੰਥ/ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਗੋਬਿੰਦ ਗੀਤਾ, ਸਹੰਸਰ ਨਾਮਾ, ਮਾਲਕੌਸ ਦੀ ਵਾਰ ਅਤੇ ਹੋਰ ਬਹੁਤ ਸਾਰੇ ਗ੍ਰੰਥ ਜਿਨ੍ਹਾਂ ਦਾ ਮੂਲ ਪਾਠ ਸੰਸਕ੍ਰਿਤ ਯਾ ਕਿਸੇ ਹੋਰ ਭਾਸ਼ਾ ਵਿਚ ਸੀ ਗੁਰਮੁੱਖੀ ਵਿਚ ਉਲੱਥਾ ਕਰਕੇ ਕੋਈ ਭਾਈ ਮਨੀ ਸਿੰਘ, ਕੋਈ ਬਾਬਾ ਦੀਪ ਸਿੰਘ ਤੇ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਚਮੇੜ ਦਿੱਤੇ ਜਿਸ ਦੇ ਅਸੀਂ ਅੱਜ ਐਨੇ ਸ਼ਿਕਾਰ ਹੋ ਚੁੱਕੇ ਹਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਚਿੱਤ ਚੇਤਾ ਵੀ ਨਹੀਂ ਆਉਂਦਾ। ਜਦੋਂ ਮੈਂ ਇੰਡੋਨੇਸ਼ੀਆ ਗਿਆ ਤਾਂ ਉਹ ਮਲਾਈ ਭਾਸ਼ਾ ਵਿਚ ਰਮਾਇਣ ਦੀਆਂ ਝਾਕੀਆਂ ਕੱਢ ਰਹੇ ਸਨ ਅਤੇ ਥਾਈਲੈਂਡ ਵਾਲੇ ਥਾਈ ਭਾਸ਼ਾ ਵਿਚ ਰਮਾਇਣ ਮਹਾਂਭਾਰਤ ਗਾਉਂਦੇ, ਪੜ੍ਹਦੇ ਹਨ। ਦਰਅਸਲ ਸਨਾਤਨ ਧਰਮ ਦੇ ਚਾਰ ਕੇਂਦਰ, ਜਿਵੇਂ ਮਥਰਾ ਬਿੰਦਰਾ ਬਨ, ਹਰੀਦੁਆਰ ਰਿਸ਼ੀਕੇਸ਼, ਬਨਾਰਸ ਅਤੇ ਬੰਗਾਲ ਵਿੱਚ ਪਟਨਾਦੱਖਣੀ ਭਾਰਤ ਵਿਚ ਕੋਈ ਵੀ ਗ੍ਰੰਥ ਹਿੰਦੀ ਯਾ ਸੰਸਕ੍ਰਿਤ ਵਿਚ ਨਹੀਂ ਭੇਜਿਆ ਜਾਂਦਾ ਸਗੋਂ ਉਹ ਤਾਮਿਲ ਯਾ ਕੰਨੜ ਭਾਸ਼ਾ ਵਿਚ ਹੀ ਮਿਲਦਾ ਹੈ ਯਾ ਜਿਹੜਾ ਸੂਬਾ ਜਿਹੜੀ ਭਾਸ਼ਾ ਬੋਲਦਾ ਹੈ ਉਸੇ ਵਿਚ ਹੀ ਅਨੁਵਾਦ ਮਿਲੇਗਾਬਹੁਤੇ ਲੋਕ ਇਹੀ ਮੰਨਦੇ ਹਨ ਕਿ ਬਾਈਬਲ ਅੰਗਰੇਜ਼ੀ ਵਿਚ ਲਿਖੀ ਗਈ ਹੈਨਹੀਂ ਇਹ ਅਨੁਵਾਦ ਹੈਜਰਮਨ ਵਿਚ ਰਹਿੰਦਿਆਂ ਮੈਂ ਆਪ ਉਹ ਬਾਈਬਲ ਵੇਖੀ ਸੀ ਜਿਹੜੀ ਜ਼ੁਬਾਨ ਵਿੱਚ ਉਹ ਪਹਿਲਾਂ ਲਿਖੀ ਗਈ ਸੀ ਉਹ ਹੈ ਹਿਬਰੂਨਾ ਉਸ ਨੂੰ ਜਰਮਨ ਲੋਕ ਪੜ੍ਹ ਸਕਦੇ ਹਨ ਤੇ ਨਾ ਹੀ ਅੰਗਰੇਜ਼ ਲੋਕ।

ਅੱਜ ਸਾਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਇਸ ਗ੍ਰੰਥ ਯਾ ਇਸ ਕਵਿਤਾ ਦਾ ਸਰੋਤ ਕੀ ਹੈ ਸਗੋਂ ਇਹ ਸੋਚਣ ਦੀ ਲੋੜ ਹੈ ਕਿ ਕੀ ਇਹ ਗ੍ਰੰਥ ਯਾ ਕੋਈ ਕਵਿਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਖਾਂਦੀ ਹੈ। ਜੇਕਰ ਸਿਧਾਂਤ ਇੱਕ ਹੈ ਤਾਂ ਵੀ ਗ੍ਰੰਥ ਸਾਹਿਬ ਵਿੱਚ ਜੋ ਵੀ ਦਰਜ ਹੈ ਉਹ ਸਵੀਕਾਰ ਕਰ ਲਓ ਤੇ ਬਾਕੀ ਸਭ ਨਿਕਾਰ ਦਿਓ। ਲਓ ਜੀ ਹੁਣ ਆਪਾਂ ਆਪਣੀ ਅਰਦਾਸ ਦੀ ਪਹਿਲੀ ਪਉੜੀ ਦੀ ਚੀਰ ਫਾੜ ਕਰਦੇ ਹਾਂ:

ਪ੍ਰਿਥਮ ਭਗਾਉਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ॥ ਪਹਿਲਾਂ ਭਗਾਉਤੀ ਨੂੰ ਸਿਮਰਦੇ ਹਾਂ ਜਿਸ ਨੂੰ ਗੁਰੂ ਨਾਨਕ ਜੀ ਨੇ ਵੀ ਧਿਆਇਆ। ‘ਲਈਂ’ ਲਫਜ਼ ਦੱਸਦਾ ਹੈ ਕਿ ਭਗਾਉਤੀ ਕੋਈ ਇਸਤ੍ਰੀ ਲਿੰਗ ਹੈ। ਕੀ ਗੁਰੂ ਨਾਨਕ ਪਾਤਸ਼ਾਹ ਦੇਵੀ ਪੂਜਣਗੇ?

ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ॥ ‘ਹੋਈ’ ਲਫਜ਼ ਫਿਰ ਤੋਂ ਭਗਾਉਤੀ ਯਾ ਦੁਰਗਾ ਦਾ ਇਸਤ੍ਰੀ ਲਿੰਗ ਹੋਣ ਦਾ ਸੰਕੇਤ ਦੇ ਰਿਹਾ ਹੈ। ਕੀ ਇਨ੍ਹਾਂ ਤਿੰਨਾਂ ਗੁਰੂ ਸਾਹਿਬਾਨ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਕਿਸੇ ਭਗਾਉਤੀ/ਦੁਰਗਾ ਨੇ ਸਹਾਇਤਾ ਕੀਤੀ ਸੀ?

ਅਗਲੀ ਇੱਕ ਪੰਗਤੀ ਨੂੰ ਛੱਡ ਕੇ ਅਗਲੀਆਂ ਦੋਵੇਂ ਪੰਗਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਟਕਰਾਉਂਦੀਆਂ ਹਨ। ਕਿਵੇਂ?

ਜੇਕਰ ਦੁੱਖ ਦੂਰ ਕਰਨੇ ਹਨ ਤਾਂ:

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿੱਠੇ ਸਭ ਦੁਖ ਜਾਇ॥ ਪਰ ਹੋਰ ਵੀ ਧਿਆਨ ਨਾਲ ਪੜ੍ਹੀਏ ਤਾਂ ਅਸਲੀਅਤ ਦੀ ਸਮਝ ਪੈਂਦੀ ਹੈ। ਧਿਆਈਐ ਲਫਜ਼ ਨੂੰ ਪਦਸ਼ੇਦ ਕਰੋ। ਧਿਆਈ ਐ ਕਿ ਸ੍ਰੀ ਹਰਿਕ੍ਰਿਸ਼ਨ ਨੇ ਵੀ ਉਸ ਦੇਵੀ ਨੂੰ ਧਿਆਇਆ ਜਿਸ ਨੂੰ ਦੇਖਣ ਨਾਲ ਦੁੱਖ ਦੂਰ ਹੁੰਦੇ ਹਨ। ਓਹ ਹੈ ਸੀਤਲਾ ਦੇਵੀ। ਹਿੰਦੂ ਗ੍ਰੰਥਾਂ ਮੁਤਾਬਕ ਦੇਵੀ ਇੱਕੋ ਹੀ ਹੈ ਪਰ ਮੋਟੇ ਮੋਟੇ ਨਾਮ 14 ਹਨ ਤੇ ਜੇਕਰ ਥੋੜੀ ਢਿੱਲ ਹੋਰ ਦਿੱਤੀ ਜਾਵੇ ਤਾਂ ਉਸੇ ਦੇਵੀ ਦੇ 41 ਨਾਮ ਲਿਖੇ ਮਿਲਦੇ ਹਨ। ਇਹ ਨਾਮ ਦਸਮ ਗ੍ਰੰਥ ਵਿੱਚ ਵੀ ਮਿਲਦੇ ਹਨ।

ਤੇਗ ਬਹਾਦਰ ਸਿਮਰੀਐ ਘਰ ਨਉਨਿਧਿ ਆਵੈ ਧਾਇ॥ ਇੱਥੇ ਵੀ ਸਿਮਰੀਐ ਦਾ ਪਦਸ਼ੇਦ ਕਰੋ। ਸਿਮਰੀ ਐ, ਮਤਲਬ ਗੁਰੂ ਤੇਗ ਬਹਾਦਰ ਜੀ ਨੇ ਵੀ ਉਸ ਦੇਵੀ ਨੂੰ ਪੂਜਿਆ ਹੈ ਜਿਸ ਦੀ ਪੂਜਾ ਕਰਨ ਨਾਲ ਨਉਨਿਧਿ (ਧਨ ਦੌਲਤ, ਨੌਂ ਨਿਧਾਂ ਤੇ ਬਾਰਾਂ ਸਿਧਾਂ) ਪ੍ਰਾਪਤ ਹੁੰਦੀਆਂ ਹਨ ਤੇ ਓਹ ਹੈ ਲੱਛਮੀ ਦੇਵੀ। ਸਿਮਰੀਐ, ਧਿਆਈਐ ਇਹ ਲੋਕ ਬੋਲੀ ਹੈ ਜਿਵੇਂ ਲੋਕ ਬੋਲਦੇ ਹਨ। ਜਿਵੇਂ ਮੈਂ ਰੋਟੀ ਖਾਧੀਐ(ਮੈਂ ਰੋਟੀ ਖਾਧੀ ਹੈ ਕਿਤਾਬੀ ਬੋਲੀ)। ਉਪਰਲੀਆਂ ਪੰਗਤੀਆਂ ਵਿਚ ਨਾ ਸ੍ਰੀ ਹਰਿਕ੍ਰਿਸ਼ਨ ਜੀ ਤੇ ਨਾ ਹੀ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਨ ਦੀ ਗੱਲ ਹੈ ਪਰ ਜੇ ਹੈ ਵੀ ਤਾਂ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਉਲਟ ਹੈ। ਕਿਉਂਕਿ ਸਿੱਖ ਨੇ ਤਾਂ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਨਾਲ ਜੁੜਨ ਹੈ ਤੇ ਮੰਗ ਕੋਈ ਨਹੀਂ ਕਰਨੀ ਕਿਉਂਕਿ ਉਹ:

ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥ ਪੰਨਾ 1420॥

ਅਰਦਾਸ ਦੀ ਪਹਿਲੀ ਪਉੜੀ ਬਾਰੇ ਬੰਤਾ ਸਿੰਘ ਜੀ ਇਹ ਕਹਿੰਦੇ ਹਨ ਕਿ ਇਹ ਗੁਰਬਾਣੀ ਹੈ? ਸਾਬਤ ਕਰੋ ਬੰਤਾ ਸਿੰਘ ਜੀ ਕਿ ਇਹ ਗੁਰਬਾਣੀ ਹੈ? ਸਰੋਤਾਂ ਦੀਆਂ ਫੋਟੋ ਵੀ ਲੱਭ ਗਈਆਂ ਹਨ, ਪੰਨਾ 295।

ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ ਜਿਉਣਵਾਲਾ # +1 647 966 3132

ਸਿੱਖਾਂ ਦੀ ਅਰਦਾਸ ਦਾ ਮੂਲ-ਮੁੱਢ ਕਿੱਥੋਂ ਆਇਆ - ਗੁਰਚਰਨ ਸਿੰਘ ਜਿਉਣਵਾਲਾ

ਸਿੱਖਾਂ ਦੀ ਅਰਦਾਸ ‘ਦਸਮ ਗ੍ਰੰਥ’ ਦੇ ਪੰਨਾ 119 ਤੇ ਲਿਖੀ ਵਾਰ ਸ੍ਰੀ ਭਗਾਉਤੀ ਜੀ ਕੀ ਦੀ ਪਹਿਲੀ ਪਉੜੀ ਨਾਲ ਸ਼ੁਰੂ ਹੁੰਦੀ ਹੈ। ਅਸਲ ਵਿੱਚ ਇਹ ‘ਦਸਮ ਗ੍ਰੰਥ’ ਬਣਾਇਆ ਯਾ ਲਿਖਿਆ ਹੀ ‘ਬਚਿਤ੍ਰ ਨਾਟਕ ਗ੍ਰੰਥ’ ਨੂੰ ਸਾਹਮਣੇ ਰੱਖ ਕੇ ਹੈ। ਸਾਰੇ ‘ਦਸਮ ਗ੍ਰੰਥ’ ਵਿੱਚ ‘ਬਚਿਤ੍ਰ ਨਾਟਕ ਗ੍ਰੰਥ’ ਦਾ 141-42 ਵਾਰ ਵਰਨਣ ਮਿਲਦਾ ਹੈ ਜੋ ਇਹ ਸਾਬਤ ਕਰਦਾ ਹੈ ਕਿ ਇਹ-ਇਹ ਹਿੱਸਾ “ਬਚਿਤ੍ਰ ਨਾਟਕ ਗ੍ਰੰਥ’ ਵਿਚੋਂ ਲਿਆ ਹੈ। ਤਕਰੀਬਨ 80% ਦਸਮ ਗ੍ਰੰਥ ਦਾ ਹਿਸਾ ਹੂ-ਬ-ਹੂ ਬਚਿਤ੍ਰ ਨਾਟਕ ਹੀ ਹੈ। ਜਿਸ ਨੂੰ 1892 ਵਿੱਚ ਬਣੀ ਸੋਧਕ ਕਮੇਟੀ ਨੇ ਬਦਲ ਕੇ 1897 ਵਿੱਚ ‘ਦਸਮ ਸ੍ਰੀ ਗੁਰੂ ਗ੍ਰੰਥ” ਬਣਾ ਧਰਿਆ। 1902 ਵਿੱਚ ਇਸ ਨਵੇਂ ਛਪੇ ‘ਦਸਮ ਗ੍ਰੰਥ’ ਵਿੱਚ ‘ਵਾਰ ਸ੍ਰੀ ਦੁਰਗਾ ਜੀ ਕੀ’ ਦਾ ਨਾਮ ਬਦਲ ਕੇ ‘ਵਾਰ ਸ੍ਰੀ ਭਗਉਤੀ ਜੀ ਕੀ’ ਕਰ ਦਿੱਤਾ ਗਿਆ ਹੈ ਜਦੋਂ ਕਿ ਪੁਰਾਣੀਆਂ ਹੱਥ ਲਿਖਤ ਬੀੜਾਂ ਵਿੱਚ ਇਸ ਦਾ ਨਾਮ ‘ਵਾਰ ਸ੍ਰੀ ਦੁਰਗਾ ਜੀ ਕੀ” ਹੀ ਹੈ। ਹਵਾਲਾ ਪੀ.ਐਚ.ਡੀ ਦਾ ਥੀਸਿਸ ਪੰਨਾ 210 ਡਾ. ਰਤਨ ਸਿੰਘ ਜੱਗੀ ਡੀ.ਲਿਟ.। ਇਸ ਦਸਮ ਗ੍ਰੰਥ ਦੇ ਬਾਹਰਲੇ ਪੰਨੇ ਤੇ ਇਹ ਲਿਖਿਆ ਹੋਇਆ ਹੈ,  “ਗੁਰਬਾਣੀ ਦੇ ਲਾਸਾਨੀ ਸੋਧਕ ਗਿਯਾਨੀ ਮਹਿੰਦਰ ਸਿੰਘ ਰਤਨ”। ਜਿਹੜੇ ਦਸਮ ਗ੍ਰੰਥ ਨੂੰ ਗੁਰਬਾਣੀ ਮੰਨਦੇ ਹਨ ਉਹ ਇਹ ਦੱਸਣ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਬਾਣੀ ਗਲਤ ਲਿਖ ਕੇ ਗਏ ਹਨ ? ਇਸੇ ਕਰਕੇ ਤਾਂ ਗਿਯਾਨੀ ਮਹਿੰਦਰ ਸਿੰਘ ਰਤਨ ਦਸਮ ਗ੍ਰੰਥ ਦੇ ਲਾਸਾਨੀ ਸੋਧਕ ਬਣੇ ਹਨ?
 ਬੜੇ ਚਿਰਾਂ ਤੋਂ ਮੈਂ ਇਹ ਸੋਚਦਾ ਸੀ ਕਿ ਹੋਰ ਪੁੱਛ-ਪੜਤਾਲ ਕੀਤੀ ਜਾਵੇ ਤੇ ਇਸ ਤੋਂ ਵੀ ਕੋਈ ਹੋਰ ਪੁਰਾਣੇ ਗ੍ਰੰਥ ਦਾ ਹਵਾਲਾ ਮਿਲ ਜਾਵੇ ਜਿਸ ਨਾਲ ਸਾਨੂੰ ਹੋਰ ਸੌਖ ਹੋ ਜਾਵੇ, ਇਹ ਕਹਿਣ ਵਿੱਚ ਕਿ ਸਾਡੀ ਅਰਦਾਸ ਦੀ ਪਹਿਲੀ ਪਉੜੀ ਹੀ ਸਾਡੀ ਨਹੀਂ ਬਲਕਿ ਨਿਰਮਲਿਆਂ ਨੇ ਸਾਨੂੰ “ਗੁਰੂ ਗ੍ਰੰਥ ਸਾਹਿਬ ਜੀ” ਨਾਲੋਂ ਤੋੜਨ ਲਈ ਇਹ ਸਾਜਿਸ ਫਲਾਣੇ ਗ੍ਰੰਥ ਦੇ ਅਧਾਰ ਤੇ ਰਚੀ ਸੀ । ਜੁਲਾਈ ਦੇ ਦੂਜੇ ਹਫਤੇ ਜਦੋਂ ਮੈਨੂੰ “ ਸਿੱਖ ਬੁਲਿਟਨ ” ਦੀ ਡਿਜ਼ੀਟਲ ਕਾਪੀ ਮਿਲੀ ਤਾਂ ਡਾ. ਕਰਮਿੰਦਰ ਸਿੰਘ ਜੀ ਦਾ ਅੰਗਰੇਜ਼ੀ ਵਿੱਚ ਲਿਖਿਆ ਲੇਖ ਪੜ੍ਹ ਕੇ ਮਨ ਗਦ-ਗਦ ਹੋ ਗਿਆ। ਉਨ੍ਹਾਂ ਨੇ ਰਮਾਇਣ ਤੁਸਲੀ ਦਾਸ ਅਤੇ ਰਮਾਇਣ ਬਾਲਮੀਕ ਦਾ ਹਵਾਲਾ ਦੇ ਕੇ ਇਹ ਸਾਬਤ ਕੀਤਾ ਹੈ ਕਿ ‘ਦਸਮ ਗ੍ਰੰਥ’ ਵਿੱਚਲੀ ਚੰਡੀ ਚਰਿਤ੍ਰ ਤੀਜਾ ਦੀ ਇਹ ਪਹਿਲੀ ਪਉੜੀ ਵੀ ਹੇਠਾਂ ਵਰਣਤ ਦੋਹਾਂ ਰਮਾਇਣਾਂ ਦੇ ਅਧਾਰ ਤੇ ਹੀ ਲਿਖੀ ਗਈ ਹੈ।
ਆਓ ਹੁਣ ਦੇਖਦੇ ਹਾਂ ਕਿ ਇਹ ਦੋਵੇਂ ਰਮਾਇਣਾਂ ਕੀ ਬੋਲਦੀਆਂ ਨੇ। ਰਮਾਇਣ ਤੁਲਸੀ ਦਾਸ ਵਿੱਚ ਇਉਂ ਲਿਖਿਆ ਮਿਲਦਾ ਹੈ;
ਪਾਰਬ੍ਰਹਮ ਸਿਮਰ ਕੈ ਸ੍ਰੀ ਵਿਸ਼ਨੂੰ ਲਈਂ ਧਿਆਇ ।
 ਸ੍ਰੀ ਰਾਮ ਕ੍ਰਿਸ਼ਨ ਅਵਤਾਰ ਹਰੀ ਸੰਕਰ ਹੋਇ ਸਹਾਇ ।
 ਮਾਤ ਭਗਵਤੀ ਸਿਮਰੀਐ ਨਵ ਨਿਧ ਆਵੈ ਕਰ ਧਾਇ ।
 ਸ੍ਰੀ ਪ੍ਰਭੂ ਪ੍ਰਮਾਤਮਾ ਸਭ ਥਾਂਈ ਹੋਇ ਸਹਾਇ ।
  ਬਾਲਮੀਕ ਜੀ ਦੀ ਰਮਾਇਣ ਵਿੱਚ ਵੀ ਇਸ ਤਰ੍ਹਾਂ ਦੇ ਅਰਦਾਸ ਦੇ ਪ੍ਰਸੰਗ ਮਿਲਦੇ ਹਨ।
ਪ੍ਰਿਥਮ ਭਗਵਾਨ ਕੋ ਸਿਮਰੀਐ ਵਰਾਹ ਜੀ ਕਰੇ ਸਹਾਇ ।
ਯੱਗ ਪੁਰਸ਼ ਨਰ ਨਰਾਇਣ ਕੋ ਧਿਆਇ, ਜਿਸ ਡਿਠਿਆਂ  ਸਭ ਦੁਖ ਜਾਏ।
ਸਭ
Page from the Valmiki Ramayan
 ਮੱਛ ਕੱਛ ਕੋ ਸਿਮਰੀਐ ਨਰ ਸੰਗ ਰੂਪ ਬਸਾਏ ।
ਸ੍ਰੀ ਬਾਵਨ ਹਰ ਕਾ ਨਾਮ ਲੇ ਘਰ ਆਵੈ ਨਵ ਨਿਧ ਧਾਇ ।
ਸ੍ਰੀ ਰਾਮਚੰਦ੍ਰ ਕੋ ਸਿਮਰੀਐ ਜੋ ਪ੍ਰਗਟ ਕਰੇ ਸਹਾਇ ।
ਮੁਖ ਪਨੀਤ ਰਸਨਾ ਪਵਿਤ੍ਰ ਘਟ ਘਟ ਰਹੇਂ ਸਮਾਏ।
ਦਸਮ ਅਵਤਾਰ ਸ੍ਰੀ ਕ੍ਰਿਸ਼ਨ ਚੰਦਰ ਭਗਵਾਨ ਤਿਰਲੋਕੀ ਆਤਮਾਇ । ..........।
ਸਭ ਥਾਂਈ ਹੋਤ ਸਹਾਇ ।
‘ਦਸਮ ਗ੍ਰੰਥ’ ਪੰਨਾ 119॥ ੴ ਸ੍ਰੀ ਵਾਹਿ ਗੁਰੂ ਜੀ ਕੀ ਫਤਹ॥ ਸ੍ਰੀ ਭਗਉਤੀ ਜੀ ਸਹਾਇ॥ ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸ਼ਾਹੀ 10॥ ਪ੍ਰਿਥਮ ਭਗਉਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ॥ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ॥ ਅਰਜਨ ਹਰਿਗੋਬਿੰਦ ਨੂੰ ਸਿਮਰੌ ਸ੍ਰੀ ਹਰਿਰਾਇ॥ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ॥ ਤੇਗ ਬਹਾਦਰ ਸਿਮਰੀਐ ਘਰ ਨਉਨਿਧਿ ਆਵੇ ਧਾਇ॥ ਸਭ ਥਾਈਂ ਹੋਇ ਸਹਾਇ ॥1॥
ਸਭ ਤੋਂ ਪਹਿਲਾਂ ਆਪਾਂ ਲਿਖਣ ਤਰੀਕੇ ਨੂੰ ਦੇਖੀਏ ਤਾਂ ਪਤਾ ਚੱਲਦਾ ਹੈ ਕਿ ‘ਦਸਮ ਗ੍ਰੰਥ’ ਦੇ ਲਿਖਾਰੀ ਨੇ ਇਨ੍ਹਾਂ ਰਮਾਇਣਾਂ ਨੂੰ ‘ਚੰਡੀ ਦੀ ਵਾਰ’ ਯਾ ‘ਵਾਰ ਭਗਉਤੀ ਜੀ ਕੀ’ ਯਾ ‘ਵਾਰ ਦੁਰਗਾ ਕੀ’, ਇਹ ਸਾਰੇ ਨਾਮ ਇਕੋ ਹੀ ਦੇਵੀ ਦੇ ਹਨ, ਲਿਖਣ ਲਈ ਵਰਤਿਆ ਹੈ। “ਮਾਤ ਭਗਵਤੀ” ਨੂੰ ਸਿਮਰਨ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ “ਨਰ ਨਾਰਾਇਣ” ਨੂੰ ਸਿਮਰਨ ਨਾਲ, ਡਿਠਿਆਂ ਸਭ ਦੁਖ ਜਾਇ, ਦੁੱਖ ਚਲੇ ਜਾਂਦੇ ਹਨ, ਭਾਵ ਦੁੱਖ ਦੂਰ ਹੋ ਜਾਂਦੇ ਹਨ। ਏਹੋ ਕੁੱਝ ਹੀ ਤਾਂ ‘ਦਸਮ ਗ੍ਰੰਥ’ ਵਾਲੀ “ਵਾਰ ਸ੍ਰੀ ਦੁਰਗਾ ਜੀ ਕੀ” ਦੀ ਪਹਿਲੀ ਪਉੜੀ ਸਾਨੂੰ ਸਿਖਾਉਂਦੀ ਹੈ ਕਿ ਜੇ ਹਰਿ ਕ੍ਰਿਸ਼ਨ ਜੀ ਨੂੰ ਧਿਆਓਗੇ ਤਾਂ ਸਭ ਦੁੱਖ ਜਾਇ, ਦੁੱਖ ਚਲੇ ਜਾਣਗੇ ਅਤੇ ਜੇਕਰ ਗੁਰੂ ਤੇਗ ਬਹਾਦਰ ਜੀ ਨੂੰ ਸਿਮਰੋਗੇ ਤਾਂ ਤੁਹਾਨੂੰ ਨਉਨਿਧਿ, ਸਾਰੇ ਧਨ ਦੌਲਤ, ਪ੍ਰਾਪਤ ਹੋ ਜਾਣਗੇ। ਪਰ ਇਹ ਤਾਂ ਸਿੱਖੀ ਸਿਧਾਂਤਾਂ ਦੇ ਹੈ ਹੀ ਉਲਟ। ਸਿੱਖੀ ਦੇ ਸਿਧਾਂਤ ਜੋ “ਗੁਰੂ ਗ੍ਰੰਥ ਸਾਹਿਬ” ਵਿੱਚ ਦਰਜ ਹਨ ਉਹ ਤਾਂ ਸਾਨੂੰ “ਇਕ” ਦੇ ਲੜ ਲਾਉਂਦੇ ਹਨ। ਜਿਵੇਂ;
ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ॥ ਪੰਨਾ 521, ਮ:5 ॥,
ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ॥ ਪੰਨਾ 679, ਮ:5 ॥
ਏਕੰਕਾਰ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ॥ ਪੰਨਾ 916, ਮ:5 ॥
ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪ੍ਰਮਾਣ “ਗੁਰੂ ਗ੍ਰੰਥ ਸਾਹਿਬ” ਵਿੱਚ ਦਰਜ ਹਨ। ਸਾਨੂੰ ਤਾਂ ਸਿਖਿਆ ਹੀ ਇੱਕ ਨਾਲ ਇੱਕ-ਮਿੱਕ ਹੋਣ ਦੀ ਦਿੱਤੀ ਗਈ ਹੈ। ਜਿਵੇਂ:
ਸਾਹਿਬੁ ਮੇਰਾ ਏਕੋ ਹੈ॥
ਏਕੋ ਹੈ ਭਾਈ ਏਕੋ ਹੈ”॥1॥ ਰਹਾਉ॥ ਪੰਨਾ 350, ਮ:1॥
ਤਾਂ ਅਸੀਂ ਕਿਸੇ ਵੀ ਤਰ੍ਹਾਂ ਦੇ ਪਦਾਰਥਾਂ ਦੀ ਪ੍ਰਾਪਤੀ ਲਈ “ਇਕੁ” ਨੂੰ ਛੱਡ ਕੇ ਦੂਸਰੇ ਦੇ ਦਰ ਤੇ ਨਹੀਂ ਜਾਣਾ ਅਤੇ ਅਸੀਂ ਜੁੜਨਾ ਹੀ “ਏਕੋ” ਨਾਲ ਹੈ।
‘ਦਸਮ ਗ੍ਰੰਥ’ ਪੰਨਾ 119 ਤੋਂ 127 ਤਕ ਇਸ ਵਾਰ ਵਿੱਚ, ਤੈਂ ਹੀ ਦੁਰਗਾ ਸਾਜਿ ਕੈ, ਨ੍ਹਾਵਣ ਆਈ ਦੁਰਗਸ਼ਾਹ,  23 ਵਾਰੀਂ ‘ਦੁਰਗਾ’ 6 ਵਾਰੀ ਦੁਰਗਸ਼ਾਹ, ਜਗਮਾਤ, ਕਾਲਕਾ ਅਤੇ ਦੇਵੀ ਲਫਜ਼ ਦੁਰਗਾ ਦੀ ਉਸਤੱਤ ਲਈ ਆਇਆ ਹੈ ਅਤੇ ਅਖੀਰਲੀ ਪਉੜੀ ਤਾਂ ਕੋਈ ਕਸਰ ਰਹਿਣ ਹੀ ਨਹੀਂ ਦਿੰਦੀ ਕਿ ਇਹ ਵਾਰ ਦੁਰਗਾ ਕੀ ਨਹੀਂ ਹੈ।
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ”॥55॥ ਦ.ਗ੍ਰੰ. ਪੰਨਾ 127॥
ਜਿਹੜੇ ਵੀਰ ਭਗਉਤੀ ਦਾ ਅਰਥ ਕਿਰਪਾਨ, ਕ੍ਰਿਪਾਨ, ਯਾ ਸ਼ਕਤੀ ਯਾ ਪ੍ਰਮਾਤਮਾ ਕਰਦੇ ਹਨ ਉਨ੍ਹਾਂ ਵਾਸਤੇ “ ਸ੍ਰੀ ਸ਼ੱਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ” ਜੋ ‘ਦਸਮ ਗ੍ਰੰਥ’ ਦੇ ਪੰਨਾ 717 ਤੋਂ ਸ਼ੁਰੂ ਹੁੰਦੀ ਹੈ ਅਤੇ ਇਸੇ ਪੰਨੇ ਦੇ ਹੇਠ ਭਗਉਤੀ ਦੇ ਮਤਲਬ ‘ਤਲਵਾਰ’ ਕੀਤੇ ਹਨ ਉਨ੍ਹਾਂ ਅਕਲ ਦੇ ਅੰਨਿਆਂ ਨੂੰ ਇਸੇ ਗ੍ਰੰਥ ਦਾ ਪੰਨਾ 718, ਮਤਲਬ ਸ਼ੱਸਤ੍ਰ ਨਾਮ ਮਾਲਾ ਦਾ ਦੂਜਾ ਪੰਨਾ, ਪੜ੍ਹਨਾ ਚਾਹੀਦਾ ਹੈ ਜਿਸਦਾ ਬੰਦ ਨੰਬਰ 21 ਸਾਫ ਕਰਦਾ ਹੈ ਕਿ ਭਗਉਤੀ ਦਾ ਮਤਲਬ ਤਲਵਾਰ ਯਾ ਕ੍ਰਿਪਾਨ ਨਹੀਂ ਸਗੋਂ ਕ੍ਰਿਪਾਨ ਵਾਸਤੇ ਕ੍ਰਿਪਾਨ ਹੀ ਆਇਆ ਹੈ। ਜਿਵੇਂ;
ਤੁਮ ਬੈਰਣ ਪ੍ਰਥਮੈ ਹਨੋ ਬਹੁਰ ਬਜੈ ਕ੍ਰਿਪਾਨ॥21॥ ਦ. ਗ੍ਰੰ.ਪੰਨਾ 718॥
ਤੁਮ ਭਗਉਤੀ ਵਾਸਤੇ ਅਤੇ ਭਗਉਤੀ ਦਾ ਮਤਲਬ ਦੇਵੀ ਅਤੇ ਕ੍ਰਿਪਾਨ ਵਾਸਤੇ ਲਫਜ਼ ਕ੍ਰਿਪਾਨ ਹੀ ਆਇਆ ਹੈ। ਸਾਰੇ ‘ਦਸਮ ਗ੍ਰੰਥ’ ਵਿੱਚ ਭਗਉਤੀ ਦੀ ਹੀ ਉਸਤੱਤ ਕੀਤੀ ਗਈ ਹੈ। ਜੇ ਅਸਪਾਨ, ਅਸਕੇਤ, ਅਸਧੁਜਿ, ਖੜਗਕੇਤ,  ਕਾਲ ਅਤੇ ਮਹਾਂਕਾਲ ਦੀ ਉਸਤੱਤ ਕੀਤੀ ਗਈ ਹੈ ਤਾਂ ਲਾਜ਼ਮੀ ਹੀ ਇੱਕ ਦੋ ਬੰਦਾਂ ਬਾਅਦ ਕਾਲ ਯਾ ਮਹਾਂਕਲ ਅਤੇ ਦੇਵੀ, ਦੋਹਾਂ ਇਕੱਠਿਆਂ ਦੀ ਉਸਤੱਤ ਵੀ ਕੀਤੀ ਗਈ ਹੈ, ਜੋ ਹਿੰਦੂ ਸਿਧਾਂਤ ਹੈ ਜਿਵੇਂ ਸੀਤਾ-ਰਾਮ, ਰਾਧੇ ਸ਼ਿਆਮ, ਵਿਸ਼ਨੂੰ ਤੇ ਲੱਛਮੀ, ਸ਼ਿਵ ਜੀ ਤੇ ਪਾਰਬਤੀ ਆਦਿ, ਜੋ “ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤ ਨਾਲ ਟਕਰਾਉਂਦਾ ਹੈ।
ਪਰ ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਸਲੋਕ ਦਰਜ ਹਨ ਜੋ ਅਰਦਾਸ ਲਈ ਵਰਤੇ ਜਾ ਸਕਦੇ ਹਨ। ਜਿਵੇਂ;
ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥ ਪੰਨਾ 268, ਮ:5॥
ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥ ਪੰਨਾ 383, ਮ:5॥
ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥ ਕਰਿ ਕਿਰਪਾ ਡੁਬਦਾ ਪਥਰੁ ਲੀਜੈ ॥
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ॥ ਪੰਨਾ 103,ਮ: 5॥
ਅਰਦਾਸ ਸਮੇਂ ਸਮੇਂ ਸਿਰ ਬਦਲਦੀ ਰਹੀ ਹੈ। 1947 ਤੋਂ ਬਾਅਦ ਅਰਦਾਸ ਵਿੱਚ ਸ਼ਾਮਲ ਕੀਤਾ ਗਿਆ; ਜਿਨ੍ਹਾਂ ਗੁਰਦਿਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਬਖਸ਼ੋ। ਇਸੇ ਹੀ ਤਰ੍ਹਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦੀ ਵੰਡ ਤੋਂ ਬਾਅਦ ਸੰਤ ਫਤਿਹ ਸਿੰਘ ਨੇ ਦਮ-ਦਮਾ, ਗੁਰੂ ਕੀ ਕਾਸ਼ੀ, ਸਾਬੋ ਕੀ ਤਲਵੰਡੀ ਨੂੰ ਪੰਜਵਾਂ ਤਖਤ ਬਣਾ ਦਿੱਤਾ ਨਹੀਂ ਤਾਂ ਪਹਿਲੇ ਪੁਰਾਣੇ ਗੁਟਕਿਆਂ ਵਿੱਚ, ਜੋ 1964 ਤੋਂ ਪਹਿਲਾਂ ਛਪੇ ਹਨ, ‘ਚੌਹਾਂ ਤਖਤਾਂ ਸਰਬੱਤ ਗੁਰਦਵਾਰਿਆਂ ਗੁਰਧਾਮਾਂ’ ਲਿਖਿਆ ਹੀ ਮਿਲਦਾ ਹੈ।
ਸਿੱਖ ਸੰਗਤ ਜੀ ਜਾਗੋ! ਹੰਭਲਾ ਮਾਰੋ ਆਪਣੇ ਗੁਰਦਵਾਰਿਆਂ ਗੁਰਧਾਮਾਂ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿੱਚ ਲਓ, ਠੱਗਾਂ ਨੂੰ ਲਾਂਭੇ ਕਰੋ, ਗੁਰੂ ਕੀ ਗੋਲਕ ਗਰੀਬ ਦਾ ਮੂੰਹ ਬਣਾਓ। ਤਾਂਕਿ ਭੂੱਖੇ ਅਤੇ ਨੰਗੇ ਮਰ ਰਹੇ ਸਿੱਖਾਂ ਦੀ ਬਾਂਹ ਫੜੀ ਜਾ ਸਕੇ। ਉਹ ਕਿਸੇ ਹੋਰ ਧਰਮ ਨੂੰ ਅਪਨਾਉਣ ਤੋਂ ਬਚਾਏ ਜਾ ਸਕਣ। ਨੰਗਿਆਂ ਦਾ ਨੰਗ ਢੱਕਣਾ ਅਤੇ ਭੁੱਖਿਆਂ ਦਾ ਢਿੱਡ ਭਰਨਾ ਹੀ ਸਿੱਖੀ ਦਾ ਮੁੱਢਲਾ ਅਸੂਲ ਹੈ। ਇਸ ਅਸੂਲ ਨੂੰ ਸਿੱਖ ਹਰ ਰੋਜ ਆਪਣੀ ਅਰਦਾਸ ਵਿੱਚ ਬੇਨਤੀ ਦੇ ਤੌਰ ਤੇ ਲੱਖਾਂ ਵਾਰੀ ਦੁਹਰਾਉਂਦਾ ਹੈ। ਜਿਵੇਂ;  ਨਿਮਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਪਿਤਾ ਬੇਨਤੀ ਪ੍ਰੀਵਾਨ ਕਰਨਾ ਜੀ। ਬਸ ਅਸੀਂ ਇਹ ਸਭ ਕੁੱਝ ਬੋਲੀ ਹੀ ਜਾਵਾਂਗੇ ਯਾ ਕੁੱਝ ਕਰਾਂਗੇ ਵੀ। ਕੀ ਇਨ੍ਹਾਂ ਅਰਦਾਸਾਂ ਵੱਲ ਕਦੇ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਨੇ ਧਿਆਨ ਦਿੱਤਾ ਹੈ ਯਾ ਫਿਰ ਗੋਲਕਾਂ ‘ਚ ਪੈਂਦੇ ਅਰਬਾਂ ਰੁਪਿਆਂ ਨੂੰ ਆਪਣੀਆਂ ਕੁਰਸੀਆਂ ਤੇ ਪ੍ਰਧਾਨਗੀਆਂ ਦੀ ਸਾਂਭ ਸੰਭਾਲ ਕਰਨ ਵਾਸਤੇ ਹੀ ਖਰਚ ਕਰਨ ਵੱਲ ਧਿਆਨ ਦੇਣਾ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ #+1 647 966 31332

ਸਿੱਖਾਂ ਦੀ ਅਰਦਾਸ ਬਾਰੇ ਵਿਚਾਰ ਵਿਟਾਂਦਰਾ - ਗੁਰਚਰਨ ਸਿੰਘ ਜਿਉਣਵਾਲਾ 

ਕੁੱਝ ਸੱਜਣ ਐਸੇ ਹਨ ਜੋ ਨਿਰਮਲਿਆਂ ਦੀ ਪਿਛਲੇ 300 ਸਾਲਾਂ ਦੀ ਪ੍ਰਚਾਰੀ ਹੋਈ ਸਿੱਖੀ ਨੂੰ ਹੀ ਗੁਰੂ ਸਹਿਬਾਨ ਦੀ ਸਿੱਖੀ ਮੰਨੀ ਬੈਠੇ ਹਨ ਤੇ ਇੰਚ ਭਰ ਵੀ ਇੱਧਰ ਉੱਧਰ ਹਿਲਣਾ ਵੀ ਨਹੀਂ ਚਾਹੁੰਦੇ। ਜਿਵੇਂ ਰਣਜੀਤ ਸਿੰਘ ਅਜਨਾਲਾ ਨੇ ਨੁਕਤਾਚੀਨੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਹਿੰਦੂ ਦੇਵੀ ਦੇਵਤਿਆਂ ਤੋਂ ਬਹੁਤ ਪ੍ਰਭਾਵਤ ਸਨ। ਮਤਲਬ ਇਹ ਨਿਕਲਦਾ ਹੈ ਕਿ ਰਣਜੀਤ ਸਿੰਘ ਅਜਨਾਲਾ ਨੂੰ ਸਿੱਖੀ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਬਾਰੇ ਭੋਰਾ ਭਰ ਵੀ ਗਿਆਨ ਨਹੀਂ। ਗੁਰਬਾਣੀ ਦੇਵੀ ਦੇਵਤਿਆਂ ਨੂੰ ਨਿਕਾਰਦੀ ਹੋਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇਵਤਿਆ ਤੋਂ ਕਿਵੇਂ ਪ੍ਰਭਾਵਤ ਹੋ ਸਕਦੇ ਹਨ, ਅਜਨਾਲਾ ਜੀ, ਜ਼ਰਾ ਸੋਚੋ?ਜਿਵੇਂ:
ਦੇਵੀਆ ਨਹੀ ਜਾਨੈ ਮਰਮ।
ਸਭ ਊਪਰਿ ਅਲਖ ਪਾਰਬ੍ਰਹਮ॥2॥ ਪੰਨਾ894, ਮ:5॥
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪੰਨਾ 637, ਮ:1॥
ਇਸੇ ਹੀ ਤਰ੍ਹਾਂ ਹਨ ਬਲਜਿੰਦਰ ਸਿੰਘ ਪਟਿਆਲਾ ਤੋਂ। ਉਹ ਦਸਮ ਗ੍ਰੰਥ ਦੇ ਉਪਾਸ਼ਕ ਹਨ। ਜੇਕਰ ਅਸੀਂ ਆਪਣੀ ਅਰਦਾਸ ਵਿੱਚੋਂ ਪਹਿਲੀ ਪਉੜੀ ਕੱਢਦੇ ਹਾਂ, ਜੋ ਤੀਜੇ ਚੰਡੀ ਚ੍ਰਿਤਰ ਵਿਚੋਂ ਲਈ ਗਈ ਹੈ ਤੇ ਉਹ ਦੁਰਗਾ ਦੀ ਵਾਰ ਦੀ ਪਹਿਲੀ ਪਉੜੀ ਹੈ, ਤਾਂ ਦਸਮ ਗ੍ਰੰਥ ਤੇ ਸੱਟ ਵੱਜਦੀ ਹੈ। ਇਸ ਤੀਜੀ ਚੰਡੀ ਚ੍ਰਿਤਰ ਦਾ ਪੁਰਾਣੀਆਂ ਹੱਥ ਲਿਖਤ ਬੀੜਾਂ ਮੁਤਾਬਕ ਨਾਮ ਹੈ “ਵਾਰ ਦੁਰਗਾ ਕੀ” (ਹਵਾਲਾ ਪੀ.ਐਚ.ਡੀ ਥੀਸਿਸ ਰਤਨ ਸਿੰਘ ਜੱਗੀ 1960 ਈ:) ਅਤੇ 1902 ਵੇਲੇ ਜਦੋਂ ਅੱਜ ਵਾਲਾ ਦਸਮ ਗ੍ਰੰਥ ਤਿਆਰ ਕੀਤਾ ਗਿਆ ਤਾਂ ਨਾਮ ਬਦਲ ਕੇ ‘ਸ੍ਰੀ ਭਗਾਉਤੀ ਜੀ ਸਹਾਇ’ ਕਰ ਦਿੱਤਾ ਗਿਆ। ਏਸੇ ਹੀ ਵਾਰ ਦੀਆਂ ਅਖੀਰਲੀਆਂ ਸਤਰਾਂ ਸ਼ਾਹਦੀ ਭਰਦੀਆਂ ਹਨ ਕਿ ਇਹ ਵਾਰ ਦੁਰਗਾ ਕੀ ਹੀ ਹੈ। ਦਸਮ ਗ੍ਰੰਥ ਦੇ ਬਾਹਰਲੇ ਪੰਨੇ ਤੇ ਲਿਖਿਆ ਹੈ: “ਗੁਰਬਣੀ ਦੇ ਲਾਸਾਨੀ ਸੋਧਕ ਗਿਯਾਨੀ ਮਹਿੰਦਰ ਸਿੰਘ ਰਤਨ”। ਜੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੈ ਤਾਂ ਇਸ ਨੂੰ ਗਿਯਾਨੀ ਮਹਿੰਦਰ ਸਿੰਘ ਰਤਨ ਸੋਧੇਗਾ?ਕੀ ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਗਲਤ ਲਿਖ ਕੇ ਗਏ ਹਨ?ਜਿਵੇਂ:-
ਸਿਰ ਪਰ ਛੱਤ੍ਰ ਫਿਰਾਇਆ ਰਾਜੇ ਇੰਦ੍ਰ ਦੈ॥ ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥55॥
ਬਲਜਿੰਦਰ ਸਿੰਘ ਜੀ ਇਸ ਦੁਰਗਾ ਦੀ ਵਾਰ ਦਾ ਹਿੰਦੀ ਸਰੋਤ ਕੀ ਹੈ। ਇਸ ਵਾਰ ਨੂੰ ਕਿਸੇ ਨੇ, ਕਿਹੜੇ ਗ੍ਰੰਥ ਵਿੱਚੋਂ, ਕਿੱਥੋਂ ਚੁੱਕ ਕੇ ਦਸਮ ਗ੍ਰੰਥ ਵਿੱਚ ਸ਼ਾਮਲ ਕੀਤਾ?
ਇੱਥੇ ਮੈਂ ਪ੍ਰੋ. ਯਾ ਪ੍ਰਿੰ. ਤੇਜਾ ਸਿੰਘ ਅੰਮ੍ਰਿਤਸਰ ਵਾਲਿਆਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਵਾਂਗਾ। ਉਹ ਲਿਖਦੇ ਹਨ: ਸਿੱਖਾਂ ਵਿਚ ਸਿੱਖੀ ਪ੍ਰਤੀ ਭਾਵਨਾ ਦੀ ਘਾਟ ਨਹੀਂ। ਸਿੱਖ ਅੱਜ ਜੋ ਕੁੱਝ ਬਣ ਚੁੱਕਿਆ ਹੈ ਉਹ ਅਠਾਹਰਵੀਂ ਤੇ ਉਨੀਵੀਂ ਸਦੀ ਦੇ ਪ੍ਰਚਾਰ ਕਰਕੇ ਬਣਿਆ ਹੈ। ਸਿੱਖ ਨੂੰ ਅੱਜ ਇਹ ਦੱਸਣ ਦੀ ਲੋੜ ਨਹੀਂ ਕਿ ਸਿੱਖੀ ਕੀ ਹੈ ਸਗੋਂ ਇਹ ਦੱਸਣ ਦੀ ਲੋੜ ਹੈ ਕਿ ਸਿੱਖੀ ਕੀ ਨਹੀਂ ਹੈ। ਪ੍ਰੋ ਤੇਜਾ ਸਿੰਘ ਹੋਰਾਂ ਦੇ ਅਕਾਲ ਚਲਾਣਾ ਕੀਤੇ ਨੂੰ ਵੀ 70-75 ਸਾਲ ਹੋ ਗਏ ਹਨ ਤੇ ਹੁਣ ਸਾਨੂੰ ਵੀਹਵੀਂ ਸਦੀ ਦੇ ਪ੍ਰਚਾਰ ਨੂੰ ਵੀ ਨਾਲ ਹੀ ਜੋੜ ਲੈਣਾ ਚਾਹੀਦਾ ਹੈ। ਜਿਵੇਂ ਪਿੰਦਰਪਾਲ ਸਿੰਘ ਜਦੋਂ ਕਥਾ ਕਰਦਾ ਇਹ ਕਹਿੰਦਾ ਹੈ, “ਜੇ ਮੇਰਾ ਗੁਰੂ ਕਹੇ ਕਿ ਦਰਖਤਾਂ ਨਾਲੋਂ ਮਠਿਆਈਆਂ ਤੋੜ ਲਵੋ ਤਾਂ ਜ਼ਰੂਰ ਹੀ ਦਰਖਤਾਂ ਨੂੰ ਮਠਿਆਈਆਂ ਲੱਗ ਸਕਦੀਆਂ ਹਨ”। ਭਾਈ ਪਿੰਦਰਪਾਲ ਸਿੰਘ ਜੀ ਤੁਸੀਂ ਤਾਂ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਦੇ ਅਰਥ ਵੀ ਨਹੀਂ ਸਮਝੇ। ਕਿਸੇ ਵੀ ਗੁਰੂ ਸਹਿਬਾਨ ਨੇ ਕੁਦਰਤੀ ਨਿਯਮਾਂ ਦੇ ਉਲਟ ਜਾ ਕੇ ਕੁੱਝ ਨਹੀਂ ਕੀਤਾ।
ਅਠਾਹਰਵੀਂ ਸਦੀ ਵਿਚ ਬੰਦਾ ਸਿੰਘ ਬਹਾਦਰ ਦੇ ਵੇਲੇ ਤੋਂ ਬਾਅਦ ਜਦੋਂ ਨਿਰਮਲਿਆਂ ਨੇ ਮੁਕੰਮਲ ਤੌਰ ਤੇ ਗੁਰਧਾਮਾਂ ਤੇ ਕਬਜ਼ਾ ਕਰ ਲਿਆ ਤਾਂ ਸਿੱਖੀ ਸਿਧਾਂਤਾਂ ਵਿਚ ਰਲਾ ਪਾਉਣ ਵਾਸਤੇ ਯਾ ਸਿੱਖੀ ਨੂੰ ਖਤਮ ਕਰਨ ਵਾਸਤੇ ਜੋ ਉਨ੍ਹਾਂ ਨੂੰ ਗੁਰੂ ਨਾਨਕ ਪਾਤਸਾਹ ਦੇ ਵੇਲੇ ਤੋਂ ਹੀ ਚੁੱਭਦੀ ਪਈ ਸੀ ਤਾਂ ਰਮਾਇਣਾਂ, ਮਹਾਂਭਾਰਤ ਗ੍ਰੰਥਾਂ ਦਾ ਉਲੱਥਾ ਕਰਨਾ ਸ਼ੁਰੂ ਕੀਤਾ। ਉਸੇ ਵੇਲੇ ਹੀ ਗੁਰਬਿਲਾਸ ਪਾਤਸ਼ਾਹੀ ਛੇਵੀਂ, ਸਿੱਖਾਂ ਦੀ ਭਗਤਮਾਲਾ, ਦਸਵੇਂ ਪਾਤਸ਼ਾਹ ਕਾ ਗ੍ਰੰਥ/ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਗੋਬਿੰਦ ਗੀਤਾ, ਸਹੰਸਰ ਨਾਮਾ, ਮਾਲਕੌਸ ਦੀ ਵਾਰ ਅਤੇ ਹੋਰ ਬਹੁਤ ਸਾਰੇ ਗ੍ਰੰਥ ਜਿਨ੍ਹਾਂ ਦਾ ਮੂਲ ਪਾਠ ਸੰਸਕ੍ਰਿਤ ਯਾ ਕਿਸੇ ਹੋਰ ਭਾਸ਼ਾ ਵਿਚ ਸੀ ਗੁਰਮੁੱਖੀ ਵਿਚ ਉਲੱਥਾ ਕਰਕੇ ਕੋਈ ਭਾਈ ਮਨੀ ਸਿੰਘ, ਕੋਈ ਬਾਬਾ ਦੀਪ ਸਿੰਘ ਤੇ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਚਮੇੜ ਦਿੱਤੇ ਜਿਸ ਦੇ ਅਸੀਂ ਅੱਜ ਐਨੇ ਸ਼ਿਕਾਰ ਹੋ ਚੁੱਕੇ ਹਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਚਿੱਤ ਚੇਤਾ ਵੀ ਨਹੀਂ ਆਉਂਦਾ। ਜਦੋਂ ਮੈਂ ਇੰਡੋਨੇਸ਼ੀਆ ਗਿਆ ਤਾਂ ਉਹ ਮਲਾਈ ਭਾਸ਼ਾ ਵਿਚ ਰਮਾਇਣ ਦੀਆਂ ਝਾਕੀਆਂ ਕੱਢ ਰਹੇ ਸਨ ਅਤੇ ਥਾਈਲੈਂਡ ਵਾਲੇ ਥਾਈ ਭਾਸ਼ਾ ਵਿਚ ਰਮਾਇਣ ਮਹਾਂਭਾਰਤ ਗਾਉਂਦੇ, ਪੜ੍ਹਦੇ ਹਨ। ਦਰਅਸਲ ਸਨਾਤਨ ਧਰਮ ਦੇ ਚਾਰ ਕੇਂਦਰ, ਜਿਵੇਂ ਮਥਰਾ ਬਿੰਦਰਾ ਬਨ, ਹਰੀਦੁਆਰ ਰਿਸ਼ੀਕੇਸ਼, ਬਨਾਰਸ ਅਤੇ ਬੰਗਾਲ ਵਿੱਚ ਪਟਨਾ। ਦੱਖਣੀ ਭਾਰਤ ਵਿਚ ਕੋਈ ਵੀ ਗ੍ਰੰਥ ਹਿੰਦੀ ਯਾ ਸੰਸਕ੍ਰਿਤ ਵਿਚ ਨਹੀਂ ਭੇਜਿਆ ਜਾਂਦਾ ਸਗੋਂ ਉਹ ਤਾਮਿਲ ਯਾ ਕੰਨੜ ਭਾਸ਼ਾ ਵਿਚ ਹੀ ਮਿਲਦਾ ਹੈ ਯਾ ਜਿਹੜਾ ਸੂਬਾ ਜਿਹੜੀ ਭਾਸ਼ਾ ਬੋਲਦਾ ਹੈ ਉਸੇ ਵਿਚ ਹੀ ਅਨੁਵਾਦ ਮਿਲੇਗਾ। ਬਹੁਤੇ ਲੋਕ ਇਹੀ ਮੰਨਦੇ ਹਨ ਕਿ ਬਾਈਬਲ ਅੰਗਰੇਜ਼ੀ ਵਿਚ ਲਿਖੀ ਗਈ ਹੈ। ਨਹੀਂ ਇਹ ਅਨੁਵਾਦ ਹੈ। ਜਰਮਨ ਵਿਚ ਰਹਿੰਦਿਆਂ ਮੈਂ ਆਪ ਉਹ ਬਾਈਬਲ ਵੇਖੀ ਸੀ ਜਿਹੜੀ ਜ਼ੁਬਾਨ ਵਿੱਚ ਉਹ ਪਹਿਲਾਂ ਲਿਖੀ ਗਈ ਸੀ ਉਹ ਹੈ ਹਿਬਰੂ। ਨਾ ਉਸ ਨੂੰ ਜਰਮਨ ਲੋਕ ਪੜ੍ਹ ਸਕਦੇ ਹਨ ਤੇ ਨਾ ਹੀ ਅੰਗਰੇਜ਼ ਲੋਕ।